43 Tracks
  • ---

    1. ਹੈ ਕਯਾ ਹੀ ਮੁਬਾਰਿਕ ਉਹੋ ਆਦਮੀ,
    ਸਲਾਹ ’ਤੇ ਸ਼ਰੀਰਾਂ ਦੀ ਚੱਲਦਾ ਨਹੀਂ।

    2. ਨਾ ਬੁਰਿਆਂ ਦੇ ਰਾਹ ਉੱਤੇ ਰਹਿੰਦਾ ਖੜ੍ਹਾ,
    ਮਖ਼ੌਲੀਆਂ ਦੀ ਝੁੰਡੀ ਵਿੱਚ ਨਾ ਬੈਠਦਾ।

    3 ਖ਼ੁਦਾ ਦੀ ਸ਼ਰੀਅਤ ਦੇ ਵਿੱਚ ਹੈ ਮਗਨ,
    ਹੈ ਦਿਨ ਰਾਤ ਓਸੇ ਦੀ ਉਹਨੂੰ ਲਗਨ।

    4. ਉਹ ਉਸ ਬੂਟੇ ਵਾਂਗਰ ਹੈ ਰਹਿੰਦਾ ਹਰਾ,
    ਜੋ ਨਹਿਰ ਦੇ ਉੱਤੇ ਹੈ ਲੱਗਿਆ ਹੋਇਆ।

    5. ਉਹ ਫਲ਼ ਦਿੰਦਾ ਹੈ ਆਪਣੇ ਵੇਲੇ ਸੇਤੀ,
    ਨਾ ਸੁੱਕਦਾ ਕੋਈ ਉਹਦਾ ਪੱਤਰ ਕਦੀ।

    6. ਉਹ ਸਭ ਆਪਣੇ ਕੰਮਾਂ ਦੇ ਵਿੱਚ ਹੈ ਭਲਾ,
    ਤੇ ਰਹਿੰਦਾ ਏ ਫੁੱਲਦਾ ਤੇ ਫਲ਼ਦਾ ਸਦਾ।

    7. ਅਜਿਹਾ ਨਹੀਂ ਪਰ ਸ਼ਰੀਰਾਂ ਦਾ ਹਾਲ,
    ਉਹ ਉੱਡ ਜਾਂਦੇ ਭੋਹ ਉੱਡਦਾ ਜਿਉਂ ਵਾਅ ਦੇ ਨਾਲ।

    8. ਅਦਾਲਤ ਦੇ ਥਾਂ ਨਾ ਖਲੋਵਣ ਬਦਕਾਰ,
    ਨਾ ਬਦ ਉੱਥੇ ਠਹਿਰਨ ਜਿੱਥੇ ਹੋਣ ਸਚਿਆਰ।

    9. ਖ਼ੁਦਾ ਸੱਚਿਆਂ ਦਾ ਹੈ ਰਾਹ ਜਾਣਦਾ,
    ਸ਼ਰੀਰਾਂ ਦਾ ਰਾਹ ਨਾਸ਼ ਹੋ ਜਾਵੇਗਾ।

  • ---

    9. ਹੁਕਮ ਜੋ ਹੈ ਮੈਂ ਉਹ ਸੁਣਾਵਾਂਗਾ,
    ਮੇਰੀ ਬਾਬਤ ਖ਼ੁਦਾ ਨੇ ਫ਼ਰਮਾਇਆ।

    10. ਮੇਰਾ ਬੇਟਾ ਹੈਂ ਤੂੰ ਮੇਰਾ ਬੇਟਾ,
    ਅੱਜ ਦੇ ਦਿਨ ਤੋਂ ਮੈਂ ਤੇਰਾ ਬਾਪ ਹੋਇਆ।

    11. ਮੰਗ ਮੈਥੋਂ ਕਿ ਸਭਨਾਂ ਕੌਮਾਂ ਦਾ,
    ਤੈਨੂੰ ਮਾਲਿਕ ਮੈਂ ਹੁਣ ਬਣਾਵਾਂਗਾ।

    12. ਤੈਨੂੰ ਮੈਂ ਦੇ ਦਿਆਂ ਜ਼ਮੀਨ ਸਾਰੀ,
    ਤੋੜੇਂਗਾ ਲੈ ਕੇ ਲੋਹੇ ਦੀ ਲਾਠੀ।

    13. ਭਾਂਡੇ ਘੁਮਿਆਰ ਦੇ ਜਿਵੇਂ ਟੁੱਟਦੇ,
    ਐਸੇ ਉਹ ਚਕਨਾਚੂਰ ਹੋਵਣਗੇ।

    14. ਬਾਦਸ਼ਾਹੋ, ਤੁਸੀਂ ਹੋ ਹੁਣ ਹੁਸ਼ਿਆਰ,
    ਮੁਨਸਿਫ਼ੋ, ਸਿੱਖਣ ਨੂੰ ਹੋ ਤਿਆਰ।

    15. ਡਰਦਿਆਂ ਬੰਦਗੀ ਕਰੋ ਰੱਬ ਦੀ,
    ਕੰਬਦਿਆਂ–ਕੰਬਦਿਆਂ ਕਰੋ ਵੀ ਖ਼ੁਸ਼ੀ।

    16. ਬੇਟੇ ਨੂੰ ਚੁੰਮੋ ਤਾਂ ਨਾ ਹੋਵੇ ਖ਼ਫ਼ਾ,
    ਰਸਤੇ ਦੇ ਵਿੱਚ ਤੁਸੀਂ ਨਾ ਹੋਵੋ ਫ਼ਨਾਹ।

    17. ਜਦ ਅਚਾਨਕ ਉਹ ਹੋਵੇ ਗੁੱਸੇਵਾਰ,
    ਉਹਦੇ ਗੁੱਸੇ ਦੇ ਬਲ਼ਣਗੇ ਭਾਂਬੜ।

    18. ਹੈ ਮੁਬਾਰਿਕ ਮਨੁੱਖ ਉਹ ਸਦਾ,
    ਜਿਹੜਾ ਉਸ ਉੱਤੇ ਆਸਰਾ ਰੱਖਦਾ।

  • ---

    1. ਹੈ ਕਿਹਾ ਤੇਰਾ ਨਾਮ ਬਜ਼ੁਰਗ,
    ਯਾ ਰੱਬ, ਜ਼ਮੀਨ ਉੱਤੇ,
    ਵਿਖਾਇਆ ਆਪਣਾ ਤੂੰ ਜਲਾਲ
    ਸਭਨਾਂ ਅਸਮਾਨਾਂ ’ਤੇ।

    2. ਦੁੱਧ ਪੀਣ ਵਾਲਿਆਂ ਦੇ ਤੂੰ,
    ਬੱਚਿਆਂ ਦੇ ਮੂੰਹੋਂ, ਰੱਬ,
    ਜ਼ੋਰ ਪੈਦਾ ਕੀਤਾ ਤੂੰ ਏ
    ਆਪ ਹੁਣ ਦੂਤਾਂ ਦੇ ਸਬੱਬ।

    3. ਜੋ ਆਪਣੇ ਵੈਰੀਆਂ ਦਾ ਮੂੰਹ
    ਹੁਣ ਬੰਦ ਤੂੰ ਕਰੇਂਗਾ,
    ਤੇ ਬਦਲਾ ਲੈਣ ਵਾਲੇ
    ਸਭ ਤੂੰ ਚੁੱਪ ਕਰਾਵੇਂਗਾ।

    4. ਅਸਮਾਨ ’ਤੇ ਧਿਆਨ ਜਦ ਕਰਨਾ ਹਾਂ,
    ਜੋ ਕੰਮ ਹੱਥ ਤੇਰੇ ਦਾ,
    ਤੇ ਤਾਰੇ ਚੰਨ ਜੋ ਤੂੰਏਂ ਸਭ
    ਬਣਾਏ ਹਨ, ਖ਼ੁਦਾ।

    5. ਕੀ ਚੀਜ਼ ਮਨੁੱਖ ਹੈ ਯਾ ਰੱਬਾ?
    ਤੂੰ ਉਸ ਨੂੰ ਕਰੇਂ ਯਾਦ,
    ਤੇ ਉਸ ਦੀ ਖ਼ਬਰ ਲਵੇਂ ਤੂੰ,
    ਇਹ ਕੀ ਹੈ ਆਦਮਜਾਤ?

    6. ਫਰਿਸ਼ਤਿਆਂ ਤੋਂ ਉਸ ਨੂੰ ਤੂੰ
    ਕੁਝ ਘੱਟ ਬਣਾਇਆ ਹੈ,
    ਤੇ ਉਹਦੇ ਸਿਰ ’ਤੇ ਇੱਜ਼ਤ ਦਾ
    ਤੂੰ ਤਾਜ ਰਖਾਇਆ ਹੈ।

    7. ਬਣਾਇਆ ਉਸ ਨੂੰ ਤੂੰ ਸਰਦਾਰ
    ਸਭ ਆਪਣਿਆਂ ਕੰਮਾਂ ’ਤੇ,
    ਹਾਂ ਸਭ ਕੁਝ ਤੂੰ ਏਂ ਕੀਤਾ ਏ,
    ਹੇਠ ਉਹਦਿਆਂ ਪੈਰਾਂ ਦੇ।

    8. ਭੇਡ ਬੱਕਰੀਆਂ ਤੇ ਗਾਂਵਾਂ ਬਲਦ
    ਤੇ ਜੰਗਲੀ ਚੌਖਰ ਵੀ,
    ਅਸਮਾਨ ਵਿੱਚ ਉੱਡਣ ਵਾਲੇ ਸਭ,
    ਮੱਛੀ ਦਰਿਆਵਾਂ ਦੀ।

    9. ਤੇ ਸਭ ਕੁਝ ਜੋ ਰਹਿੰਦੇ ਹਨ
    ਹੁਣ ਵਿੱਚ ਸਮੁੰਦਰ ਦੇ,
    ਹੈ ਕਿਹਾ ਤੇਰਾ ਨਾਮ ਬਜ਼ੁਰਗ,
    ਯਾ ਰੱਬ, ਜ਼ਮੀਨ ਉੱਤੇ।

  • ---

    44. ਹੈ ਚਟਾਨ ਮੇਰੀ ਮੁਬਾਰਿਕ, ਮੇਰਾ ਜ਼ਿੰਦਾ ਹੈ ਖ਼ੁਦਾ,
    ਮੈਨੂੰ ਜੋ ਦਿੰਦਾ ਖ਼ਲਾਸੀ, ਉਹ ਤੇ ਵੱਡਾ ਹੈ ਸਦਾ।

    45. ਕਰਦਾ ਹੈ ਕੌਮਾਂ ਨੂੰ ਹੇਠਾਂ ਉਹ ਮੇਰੇ ਪੈਰਾਂ ਦੇ,
    ਉਹਦੀ ਕੁਦਰਤ ਹੈ ਬੜੀ, ਲੈਂਦਾ ਜੋ ਬਦਲਾ ਹੈ ਮੇਰਾ।

    46. ਮੇਰੀ ਇੱਜ਼ਤ ਨੂੰ ਵਧਾਉਂਦਾ ਹੈ ਮੇਰੇ ਦੂਤੀਆਂ ’ਤੇ,
    ਜ਼ਾਲਿਮਾਂ ਵੈਰੀਆਂ ਤੋਂ ਮੈਨੂੰ ਤੂੰ ਲੈਂਦਾ ਹੈਂ ਛੁਡਾ।

    47. ਕੌਮਾਂ ਦੇ ਅੱਗੇ ਤੇਰਾ ਸ਼ੁਕਰ ਕਰਾਂ ਦਿਲ ਦੇ ਨਾਲ,
    ਨਾਮ ਤੇਰੇ ਦੀ, ਖ਼ੁਦਾਵੰਦਾ, ਮੈਂ ਗਾਵਾਂਗਾ ਸਨਾ।

    48. ਸ਼ਾਹ ਨੂੰ ਦਿੰਦਾ ਤੂੰ ਨਜਾਤਾਂ, ਤੇਰੇ ਮਮਸੂਹ ਦਾਊਦ,
    ਉਹਦੀ ਔਲਾਦ ’ਤੇ ਵੀ ਰਹਿਮ ਹਮੇਸ਼ਾ ਹੈ ਤੇਰਾ।

  • ---

    7. ਹੁਣ ਚੰਗੀ ਤਰ੍ਹਾਂ ਜਾਣੀ ਮੈਂ ਇਹ ਗੱਲ, ਕਿ ਰੱਬ ਨੇ ਆਪ,
    ਜ਼ੋਰ ਆਪਣੇ ਸੱਜੇ ਹੱਥ ਦਾ ਦਿੱਤਾ ਅਜਬ ਵਿਖਾ।

    8. ਉਹ ਪਾਕ ਅਸਮਾਨਾਂ ’ਤੇ ਬੈਠਾ ਹੈ ਤਖ਼ਤ ’ਤੇ,
    ਉੱਥੋਂ ਸੁਣੇਗਾ ਆਪਣੇ ਮਸੀਹਾ ਦੀ ਉਹ ਦੁਆ ।

    9. ਇਹ ਗੱਡੀਆਂ ਉਹ ਘੋੜਿਆਂ ਦਾ ਚਰਚਾ ਕਰਨਗੇ,
    ਚਰਚਾ ਪਰ ਆਪਣੇ ਰੱਬ ਦਾ ਕਰਾਂਗੇ ਅਸੀਂ ਸਦਾ।

    10. ਉਹ ਝੁੱਕ ਗਏ ਤੇ ਝੁੱਕਦਿਆਂ ਛੇਤੀ ਹੀ ਡਿੱਗ ਪਏ,
    ਉੱਠੇ ਅਸੀਂ ਤੇ ਸਿੱਧੇ ਖਲੋਤੇ ਰਹੇ ਬਜਾਅ।

    11. ਤੂੰ ਹੀ ਬਚਾ ਖ਼ੁਦਾਇਆ, ਤੂੰ ਹੀ ਬਖ਼ਸ਼ ਦੇ ਨਜਾਤ,
    ਅਰਜ਼ਾਂ ਦੁਆਵਾਂ ਆਪ ਸੁਣੇ ਸਾਡਾ ਬਾਦਸ਼ਾਹ।

  • ---

    8. ਹੈ ਸਿੱਧਾ ਸੱਚਾ ਮਿਹਰਬਾਨ,
    ਖ਼ੁਦਾਵੰਦ ਪਾਕ ਖ਼ੁਦਾ,
    ਇਸ ਵਾਸਤੇ ਗ਼ੁਨਾਹਗਾਰਾਂ ਨੂੰ
    ਉਹ ਰਾਹ ਵਿਖਾਵੇਗਾ।

    9. ਹਲੀਮਾਂ ਨੂੰ ਅਦਾਲਤ ਦਾ,
    ਉਹ ਰਾਹ ਵਿਖਾਉਂਦਾ ਹੈ,
    ਮਸਕੀਨਾਂ ਨੂੰ ਉਹ ਆਪਣਾ ਰਾਹ,
    ਹਾਂ ਆਪ ਸਿਖਾਉਂਦਾ ਹੈ।

    10. ਸਭ ਰਹਿਮਤ ਤੇ ਸੱਚਿਆਈ ਹਨ,
    ਖ਼ੁਦਾ ਦੇ ਸਭੋ ਰਾਹ,
    ਜੋ ਉਹਦੇ ਕੌਲ ਕਰਾਰਾਂ ’ਤੇ
    ਸਾਫ਼ ਰੱਖਦੇ ਹਨ ਨਿਗਾਹ।

    11. ਬਖ਼ਸ਼ ਆਪਣੇ ਨਾਂ ਦੇ ਵਾਸਤੇ ਤੂੰ,
    ਮੈਂ ਬੰਦਾ ਹਾਂ ਲਾਚਾਰ,
    ਬੁਰਿਆਈ ਮੇਰੀ ਭਾਰੀ ਹੈ,
    ਤੂੰ ਡਾਢਾ ਬਖ਼ਸ਼ਣਹਾਰ।

    12. ਜੋ ਆਪਣੇ ਦਿਲ ਵਿੱਚ ਰੱਖਦਾ ਹੈ,
    ਡਰ ਖੌਫ਼ ਖ਼ੁਦਾਵੰਦ ਦਾ,
    ਖ਼ੁਦਾਵੰਦ ਚੰਗੀਆਂ ਰਾਹਾਂ
    ਆਪ ਉਹਨੂੰ ਵਿਖਾਵੇਗਾ।

    13. ਹਾਂ ਚੈਨ ਦੇ ਵਿੱਚ ਆਰਾਮ ਦੇ ਨਾਲ,
    ਜਾਨ ਉਹਦੀ ਰਹੇਗੀ,
    ਤੇ ਉਹਦੀ ਨਸਲ ਵਿਰਸੇ ਵਿੱਚ
    ਜ਼ਮੀਨ ਨੂੰ ਪਾਵੇਗੀ।

    14. ਖ਼ੁਦਾ ਦਾ ਭੇਦ ਹੈ ਉਹਨਾਂ ਕੋਲ,
    ਜੋ ਖੌਫ਼ ਖ਼ੁਦਾ ਦਾ ਖਾਣ,
    ਉਹ ਆਪਣੇ ਅਹਿਦ ਦੀ ਬਖ਼ਸ਼ੇਗਾ,
    ਅਜਿਹਿਆਂ ਨੂੰ ਪਛਾਣ।

  • ---

    6. ਹਲੀਮ ਜਦ ਕਰਦੇ ਮੁਨਸਫ਼ੀ,
    ਖ਼ੁਦਾਵੰਦ ਹੁੰਦਾ ਸਲਾਹਕਾਰ,
    ਤੇ ਉਹਨੂੰ ਰਾਹ ਸਿਖਲਾਵੇਗਾ,
    ਕਿ ਉਹ ਹੈ ਸਿੱਖਣ ਨੂੰ ਤਿਆਰ।

    7. ਜੋ ਰੱਬ ਦੇ ਅਹਿਦ ਨੂੰ ਰੱਖਦਾ ਯਾਦ,
    ਤੇ ਮੰਨਦਾ ਹੈ ਸ਼ਹਾਦਤ ਵੀ,
    ਉਹ ਰੱਬ ਦੇ ਰਾਹ ਨੂੰ ਲੱਭਦਾ ਹੈ,
    ਸੱਚਿਆਈ ਤੇ ਮਿਹਰਬਾਨੀ ਵੀ।

    8. ਯਾ ਰੱਬ, ਨਾਂ ਆਪਣੇ ਦੇ ਸਬੱਬ,
    ਬਖ਼ਸ਼ ਮੈਨੂੰ, ਵੱਡਾ ਗ਼ੁਨਾਹਗਾਰ,
    ਰੱਬ ਉਸਨੂੰ ਰਾਹ ਸਿਖਲਾਵੇਗਾ,
    ਜੋ ਉਹਦੇ ਖੌਫ਼ ਦਾ ਵਾਕਿਫ਼ਕਾਰ।

    9. ਜਾਨ ਉਹਦੀ ਹੋਗੀ ਵਿੱਚ ਆਰਾਮ,
    ਤੇ ਰਿਹਾ ਕਰੇਗੀ ਆਨੰਦ,
    ਜ਼ਮੀਨ ਵੀ ਆਪਣੀ ਵਿਰਸੇ ਵਿੱਚ,
    ਸੋ ਪਾਵਣਗੇ ਉਹਦੇ ਫ਼ਰਜ਼ੰਦ।

    10. ਜੋ ਰੱਖਦਾ ਖੌਫ਼ ਖ਼ੁਦਾਵੰਦ ਦਾ,
    ਭੇਦ ਰੱਬ ਦਾ ਰੱਖਦਾ ਜ਼ਾਹਿਰੀ,
    ਤੇ ਉਹਨਾਂ ਨੂੰ ਸਾਫ਼ ਦੱਸਦਾ ਹੈ,
    ਉਹ ਆਪਣਾ ਅਹਿਦ–ਏ–ਜ਼ਿੰਦਗੀ।

  • ---

    1. ਹੈ ਡਰ ਮੈਨੂੰ ਕਿਸ ਦਾ, ਜੋ ਮਾਲਿਕ ਖ਼ੁਦਾ,
    ਖ਼ਲਾਸੀ ਹੈ ਮੇਰੀ ਤੇ ਚਾਨਣ ਸਦਾ।

    2. ਖ਼ੁਦਾ ਹੈ ਮੇਰੀ ਜ਼ਿੰਦਗੀ ਦੀ ਚਟਾਨ,
    ਮੈਂ ਕਿਉਂ ਖੌਫ਼ ਖਾਵਾਂ ਤੇ ਹੋਵਾਂ ਹੈਰਾਨ?

    3. ਜਦੋਂ ਮੇਰੇ ਦੁਸ਼ਮਣ ਤੇ ਵੈਰੀ ਬਦਕਾਰ,
    ਮੇਰੇ ਤੇ ਚੜ੍ਹ ਆਏ ਮਾਰ ਕੇ ਲਲਕਾਰ।

    4. ਖਾ ਜਾਵਾਂਗੇ ਉਸਦਾ ਕੱਚਾ ਹੀ ਮਾਸ,
    ਸੋ ਢਹਿ ਕਰਕੇ ਡਿੱਗੇ ਨਾ ਉੱਠਣ ਦੀ ਆਸ।

    5. ਮੇਰੇ ਉੱਤੇ ਇੱਕ ਫੌਜ ਆਵੇ ਜੋ ਚੜ੍ਹ,
    ਨਾ ਤਾਂ ਵੀ ਮੇਰੇ ਦਿਲ ਨੂੰ ਹੋਵੇਗਾ ਡਰ।

    6. ਜੇ ਜਿੰਦ ਮੇਰੀ ਵਿੱਚ ਕੋਈ ਛੇੜ ਜਾਵੇ ਜੰਗ,
    ਮੇਰੀ ਆਸ ਰੱਬ ’ਤੇ ਰਹੇਗੀ ਨਿਸੰਗ।

  • ---

    ਹੈ ਤੇਰੇ ਉੱਤੇ ਹੁਣ ਆਸ ਮੇਰੀ,
    ਤੂੰ ਹੀ ਮੇਰਾ ਹੈਂ ਖ਼ੁਦਾ।

    17. ਵੇਲਾ ਮੇਰਾ ਤੇਰੇ ਹੱਥ ਦੇ ਵਿੱਚ ਹੈ,
    ਵੈਰੀਆਂ ਤੋਂ ਤੂੰ ਛੁਡਾ।

    18. ਆਪਣੇ ਰਹਿਮ ਨਾਲ ਮੈਨੂੰ ਬਚਾ ਤੂੰ,
    ਚਿਹਰਾ ਮੇਰੇ ’ਤੇ ਚਮਕਾ।

    19. ਮੈਨੂੰ ਨਾ ਮੂਲੋਂ ਸ਼ਰਮਿੰਦਾ ਤੂੰ ਹੋਣ ਦੇ,
    ਤੈਨੂੰ ਪੁਕਾਰਾਂ, ਐ ਖ਼ੁਦਾ।

    20. ਪਰ ਬਦਕਾਰ ਸਭ ਹੋਣ ਸ਼ਰਮਿੰਦੇ,
    ਕਬਰਾਂ ਦੇ ਵਿੱਚ ਉਹ ਫ਼ਨਾਹ।

    21. ਸੱਚਿਆਂ ਦੇ ਹੱਕ ਵਿੱਚ ਝੂਠ ਜੋ ਬੋਲਦੇ,
    ਉਹਨਾਂ ਨੂੰ ਚੁੱਪ ਤੂੰ ਕਰਾ।

    22. ਨਾਲ ਗੁਸਤਾਖ਼ੀ ਦੇ ਉਹ ਬੋਲਦੇ ਰਹਿੰਦੇ,
    ਆਕੜਦੇ ਸ਼ੇਖੀ ਵਿਖਾ।

  • ---

    5. ਹੈ ਕਸਰਤ ਨਾਲ, ਖ਼ੁਦਾਵੰਦਾ,
    ਅਜੂਬਾ ਤੇਰੀ ਕੁਦਰਤ ਦਾ,
    ਤਦਬੀਰਾਂ ਤੇਰੀਆਂ ਮੇਰੇ ਰੱਬ,
    ਜੋ ਹਨ ਅਸਾਡੇ ਵਾਸਤੇ ਸਭ।

    6. ਨਾ ਐਸਾ ਕੋਈ ਹੈ ਇਨਸਾਨ,
    ਜੋ ਕਰੇ ਵੱਖੋ–ਵੱਖ ਬਿਆਨ,
    ਮੈਂ ਕੀਕਰ ਕਰਾਂ ਸਭ ਇਜ਼ਹਾਰ?
    ਕਿ ਉਹ ਬੇਹੱਦ ਹਨ, ਬੇ–ਸ਼ੁਮਾਰ।

    7. ਕੁਰਬਾਨੀ ਨੂੰ ਤੇ ਹੱਡੀਆਂ ਨੂੰ,
    ਖ਼ਤੀਆਤ ਦੇ ਚੜ੍ਹਾਵੇ ਨੂੰ,
    ਨਾ ਮੰਗਦਾ ਹੈਂ ਤੂੰ ਐ ਰਹਿਮਾਨ,
    ਪਰ ਤੂੰ ਹਨ ਖੋਲ੍ਹੇ ਮੇਰੇ ਕੰਨ।

    8. ਮੈਂ ਆਉਂਦਾ ਹਾਂ, ਇਹ ਆਖਿਆ ਹੈ,
    ਤੇ ਮੇਰੇ ਹੱਕ ਵਿੱਚ ਲਿਖਿਆ ਹੈ,
    ਨਵਿਸ਼ਤੇ ਦੇ ਵਿੱਚ, ਰੱਬ ਰਹਿਮਾਨ,
    ਕਿ ਪੂਰਾ ਕਰਾਂ ਸਭ ਫ਼ਰਮਾਨ।

    9. ਸੋ ਤੇਰੀ ਮਰਜ਼ੀ ਮੇਰੇ ਰੱਬ,
    ਖ਼ੁਸ਼ ਹਾਂ ਕਿ ਪੂਰੀ ਕਰਾਂ ਸਭ,
    ਮਜ਼ਮੂਨ ਸ਼ਰੀਅਤ ਤੇਰੀ ਦਾ,
    ਹੈ ਮੇਰੇ ਦਿਲ ਵਿੱਚ, ਐ ਖ਼ੁਦਾ।

    10. ਸੱਚਿਆਈ ਰਹਿਮਤ ਤੇਰੀ ਵੀ,
    ਮੈਂ ਵੱਡੀ ਭੀੜ ਨੂੰ ਦੱਸੀ ਸੀ,
    ਵੇਖ ਜਾਣਦਾ ਹੈਂ ਤੂੰ, ਐ ਖ਼ੁਦਾ,
    ਮੂੰਹ ਆਪਣਾ ਬੰਦ ਨਾ ਰੱਖਾਂਗਾ।

  • ---

    9. ਹੁਣ ਤੇ ਮੈਂ ਖ਼ੁਦਾਵੰਦ ਅੱਗੇ, ਦੇਵਾਂਗਾ ਦੁਹਾਈ।
    ਮੈਨੂੰ ਆਪੇ ਰਹਿਮ ਕਰਕੇ ਬਖ਼ਸ਼ੇਗਾ ਰਿਹਾਈ।

    10. ਸ਼ਾਮ, ਸੁਬਾਹ ਦੁਪਿਹਰਾਂ ਨੂੰ, ਮੈਂ ਫਰਿਆਦਾਂ ਗੁਜ਼ਾਰਾਂ,
    ਸੁਣੇਗਾ ਰੱਬ ਰੋਣਾ ਮੇਰਾ, ਨਾਲੇ ਸਭ ਪੁਕਾਰਾਂ।

    11. ਉਹਨਾਂ ਦੇ ਜੰਗ ਵਿੱਚੋਂ ਰੱਬ ਨੇ, ਮੇਰੀ ਜਾਨ ਬਚਾਈ,
    ਕਿਉਂਕਿ ਉੱਥੇ ਸਨ ਬਥੇਰੇ, ਮੇਰੇ ਵੀ ਹਮਰਾਹੀ।

    12. ਦੁਸ਼ਮਣਾਂ ਦੇ ਤਾਹਨੇ ਸੁਣ ਕੇ, ਰੱਬ ਜਵਾਬ ਸੁਣਾਵੇ,
    ਮੁੱਢ ਕਦੀਮੋਂ ਬੈਠਾ ਹੈ ਉਹ, ਤਖ਼ਤ ਨਿਆਂ ਦੇ ਉੱਤੇ।

    13. ਉਹ ਨਾ ਡਰਦੇ ਹਨ ਖ਼ੁਦਾ ਤੋਂ, ਨਾ ਦੇਖੀ ਤਬਦੀਲੀ,
    ਆਪਣੇ ਸੱਜਣਾਂ ਮਿੱਤਰਾਂ ਦੇ ਨਾਲ, ਉਹਨਾਂ ਨੇ ਜ਼ਿੱਦ ਕੀਤੀ।

    14. ਕੌਲ ਕਰਾਰ ਬਥੇਰੇ ਕੀਤੇ, ਪਰ ਨਾ ਪੂਰੀ ਪਾਈ,
    ਮੱਖਣ ਨਾਲੋਂ ਮੂੰਹ ਹੈ ਕੂਲਾ, ਦਿਲ ਵਿੱਚ ਭਰੀ ਲੜਾਈ।

    15. ਤੇਲ ਤੋਂ ਵੱਧਕੇ ਨਰਮ ਮੁਲਾਇਮ, ਉਹਦੇ ਮੂੰਹ ਦੀਆਂ ਬਾਤਾਂ,
    ਪਰ ਨੰਗੀ ਤਲਵਾਰ ਦੇ ਵਾਂਗਰ ਤੇਜ਼ ਨੇ ਉਹਦੀਆਂ ਘਾਤਾਂ।

    16. ਆਪਣਾ ਭਾਰ ਤੂੰ ਸੁੱਟ ਰੱਬ ਉੱਤੇ, ਆਪੇ ਉਹ ਸੰਭਾਲੇ,
    ਸੱਚੇ ਨੂੰ ਹਮੇਸ਼ਾ ਤੀਕਰ ਕਦੀ ਨਾ ਤਿਲਕਣ ਦੇਵੇ।

    17. ਪਰ ਸਭਨਾਂ ਬਦਕਾਰਾਂ ਨੂੰ ਤੂੰ, ਯਾ ਰੱਬ ਮੇਰੇ ਸਾਈਂ,
    ਮੌਤ ਦੇ ਡੂੰਗੇ ਟੋਏ ਦੇ ਵਿੱਚ, ਆਪੀਂ ਮਾਰ ਮੁਕਾਈਂ।

    18. ਦਗ਼ਾਬਾਜ਼ ਤੇ ਖੂਨੀ ਕਦੀ, ਅੱਧੀ ਉਮਰ ਨਾ ਪਾਵੇ,
    ਪਰ ਹੈ ਮੇਰੀ ਆਸ ਹਮੇਸ਼ਾ, ਯਾ ਰੱਬ, ਤੇਰੇ ਉੱਤੇ।

  • ---

    8. ਹੈ ਤੂੰ ਏ ਜੋ ਲੱਕ ਬੱਧਾ,
    ਸਭ ਜ਼ੋਰ ਤੇ ਕੁੱਵਤ ਨਾਲ,
    ਪਹਾੜ ਹਨ ਸਭ ਖਲੋਤੇ,
    ਸਿਰਫ਼ ਤੇਰੀ ਕੁਦਰਤ ਨਾਲ।

    9. ਸਮੁੰਦਰ ਦਾ ਸਭ ਜੋਸ਼ ਵੀ,
    ਤੇ ਜ਼ੋਰ ਸਭ ਠਾਠਾਂ ਦਾ,
    ਮੌਕੂਫ਼ ਕਰਾਉਂਦਾ ਤੂੰ ਏ,
    ਸ਼ੋਰ ਗੁੱਲ ਵੀ ਕੌਮਾਂ ਦਾ।

    10. ਜ਼ਮੀਨ ਦਿਆਂ ਕੰਢਿਆ ਤੀਕਰ,
    ਜੋ ਕੌਮਾਂ ਹਨ ਅਬਾਦ,
    ਅਜਾਇਬ ਕੰਮ ਸਭ ਤੇਰੇ,
    ਨਾਲ ਖੌਫ਼ ਦੇ ਰੱਖਾਂ ਯਾਦ।

    11. ਜਿਸ ਜਾ ਤੋਂ ਲਾਲੀ ਧੂੰਮਦੀ,
    ਤੇ ਸ਼ਾਮ ਪੈ ਜਾਂਦੀ ਹੈ,
    ਉਹ ਜਗ੍ਹਾ ਤੁਦ ਵਿੱਚ,
    ਯਾ ਰੱਬ, ਖ਼ੁਸ਼ੀਆਂ ਮਨਾਂਦੀ ਹੈ।

    12. ਜ਼ਮੀਨ ਤਿਹਾਈ ਵੇਖਕੇ,
    ਰਜਾਂਦਾ ਪਾਣੀ ਨਾਲ,
    ਖ਼ੁਦਾ ਦੀ ਵੱਡੀ ਨਹਿਰ ਤੋਂ,
    ਤੂੰ ਕਰਦਾ ਮਾਲਾਮਾਲ।

    13. ਰੇਘਾੜੀਆਂ ਵੀ ਉਹਦੀਆਂ,
    ਤੂੰ ਸਭ ਤਰ ਕਰਦਾ ਹੈਂ,
    ਤੇ ਉਹਦੇ ਸਾਰੇ ਢੇਲੇ,
    ਬਰਾਬਰ ਕਰਦਾ ਹੈਂ।

    14. ਬਰਸਾਤਾਂ ਦਾ ਮੀਂਹ ਘੱਲਕੇ,
    ਨਰਮ ਉਹਨੂੰ ਕਰਨਾ ਹੈਂ,
    ਤੂੰ ਉੱਗਣ ਦੇ ਵਿੱਚ ਉਸ ਦੇ,
    ਤੂੰ ਬਰਕਤ ਦੇਨਾ ਹੈਂ।

    15. ਤੂੰ ਰਹਿਮਤ ਨਾਲ ਸਾਲ ਉੱਤੇ,
    ਇੱਕ ਤਾਜ ਰਖਾਂਦਾ ਹੈਂ,
    ਜਿਸ ਰਾਹ ਤੋਂ ਤੂੰ ਲੰਘ ਜਾਵੇਂ,
    ਤੇਲ ਵੱਗਦਾ ਜਾਂਦਾ ਹੈ।

    16. ਜੰਗਲਾਂ ਦੀ ਚਰਗਾਹ ’ਤੇ,
    ਕਿਆ ਬੂੰਦਾਂ ਪੈਂਦੀਆਂ ਹਨ,
    ਪਹਾੜੀਆਂ ਸਭ ਵੱਲੋਂ,
    ਖ਼ੁਸ਼ੀਆਂ ਮਨਾਉਂਦੀਆਂ ਹਨ।

  • ---

    29. ਹਮੇਸ਼ਾ ਤੀਕਰ ਉਹਦੀ ਨਸਲ ਮੈਂ ਕਾਇਮ ਰੱਖਾਂਗਾ,
    ਜਦ ਤੀਕਰ ਕਾਇਮ ਹੈ ਅਸਮਾਨ ਤਖ਼ਤ ਉਹਦਾ ਰਹੇਗਾ।

    30. ਜੇ ਉਹਦੇ ਪੁੱਤਰ ਮੇਰੀ ਇਹ ਸ਼ਰੀਅਤ ਛੱਡਣਗੇ,
    ਜਾਂ ਜੇ ਉਹ ਮੇਰੇ ਹੁਕਮਾਂ ਤੋਂ, ਮੂੰਹ ਆਪਣਾ ਮੋੜਣਗੇ।

    31. ਜਾਂ ਜੇ ਉਹ ਮੇਰੇ ਸਾਰੇ ਹੱਕ ਨਾ ਕਰਨਗੇ ਅਦਾ,
    ਜਾਂ ਮੇਰੇ ਸਾਰੇ ਹੁਕਮਾਂ ਦੀ ਨਾ ਰੱਖਣਗੇ ਪ੍ਰਵਾਹ।

    32. ਤਦ ਛੜੀ ਨਾਲ ਗ਼ੁਨਾਹਾਂ ਦੀ ਮੈਂ ਦੇਵਾਂਗਾ ਸਜ਼ਾ,
    ਬੁਰਿਆਈ ਕੀਤੀ ਉਹਨਾਂ ਨੇ ਸੋ ਕੋੜੇ ਮਾਰਾਂਗਾ।

    33. ਪਰ ਆਪਣੀ ਰਹਿਮਤ ਉਹਦੇ ਤੋਂ ਨਾ ਮੈਂ ਹਟਾਵਾਂਗਾ,
    ਆਪਣੀ ਸੱਚਿਆਈ ਨੂੰ ਕਦੀ ਨਾ ਮੈਂ ਝੁਠਲਾਵਾਂਗਾ।

    34. ਨਾ ਹਰਗਿਜ਼–ਹਰਗਿਜ਼ ਟਾਲਾਂਗਾ, ਜੋ ਮੈਂ ਫਰਮਾਇਆ ਹੈ,
    ਨਾ ਬਦਲਾਂਗਾ ਮੈਂ ਕਦੀ ਵੀ ਜੋ ਆਖ ਸੁਣਾਇਆ ਹੈ।

    35. ਇੱਕ ਕਸਮ ਮੈਂ ਤੇ ਖਾਧੀ ਹੈ, ਪਾਕੀਜ਼ਗੀ ਆਪਣੀ ਦੀ,
    ਕਿ ਮੈਂ ਤੇ ਝੂਠ ਨਾ ਬੋਲਾਂਗਾ ਦਾਊਦ ਨਾਲ ਕਦੀ ਵੀ।

    36. ਕਿ ਨਸਲ ਉਹਦੀ ਰਹੇਗੀ, ਹਾਂ ਬਰਕਰਾਰ ਸਦਾ,
    ਤੇ ਮੇਰੇ ਸਾਹਮਣੇ ਉਹਦਾ ਤਖ਼ਤ, ਜਿਉਂ ਸੂਰਜ ਚਮਕੇਗਾ।

    37. ਉਹ ਚੰਨ ਦੇ ਵਾਂਗਰ ਰਹੇਗਾ, ਹਮੇਸ਼ਾ ਪਾਏਦਾਰ,
    ਅਸਮਾਨ ਦੇ ਉੱਤੇ ਠੀਕ ਗਵਾਹ ਹੈ ਜਿਹਾ ਬਰਕਰਾਰ।

  • ---

    17. ਹਾਂ, ਵਾਸਤੇ ਅਗਲੀ ਪੀੜ੍ਹੀ ਦੇ, ਇਹ ਲਿਖਿਆ ਜਾਵੇਗਾ,
    ਕਿ ਅਗਲੀ ਪੀੜ੍ਹੀ ਕਰੇਗੀ, ਖ਼ੁਦਾਵੰਦ ਦੀ ਸਨਾ।

    18. ਖ਼ੁਦਾਵੰਦ ਨੇ ਅਸਮਾਨਾਂ ਤੋਂ, ਜ਼ਮੀਨ ਵੱਲ ਤੱਕਿਆ ਸੀ,
    ਬੁਲੰਦ ਤੇ ਪਾਕ ਮਕਾਨਾਂ ਤੋਂ, ਉਸ ਨਜ਼ਰ ਕੀਤੀ ਵੀ।

    19. ਤਾਂ ਆਪੇ ਸੁਣੇ ਕੈਦੀ ਦਾ, ਕਰਾਹਣਾ ਤੇ ਫਰਿਆਦ,
    ਹੋ ਜਿਸ ਨੂੰ ਹੁਕਮ ਕਤਲ ਦਾ, ਉਹ ਕਰੇ ਸਭ ਆਜ਼ਾਦ।

    20. ਕਿ ਤਦ ਸਿਓਨ ਵਿੱਚ ਹੋਵੇਗਾ, ਖ਼ੁਦਾ ਦਾ ਨਾਂ ਬਿਆਨ,
    ਯਰੂਸ਼ਲਮ ਵਿੱਚ ਸਾਰੇ ਲੋਕ, ਹੋਣ ਉਹਦੇ ਸਨਾਖ਼ਵਾਂ।

    21. ਜਦ ਉੱਮਤਾਂ ਸਭ ਜਮ੍ਹਾਂ ਹੋਣ, ਤਦ ਸਭੋ ਕੌਮਾਂ ਵੀ,
    ਤਦ ਮਿਲਕੇ ਸਭੋ ਕਰਨਗੇ, ਖ਼ੁਦਾ ਦੀ ਬੰਦਗੀ।

  • ---

    39. ਹਮੇਸ਼ਾ ਖ਼ੁਦਾਵੰਦ ਹੀ ਦਾ ਹੈ ਜਲਾਲ,
    ਉਹ ਹੈ ਆਪਣੀ ਕਾਰੀਗਰੀ ਵਿੱਚ ਕਮਾਲ।

    40. ਉਹ ਕੰਬ ਉੱਠਦੀ ਜਦ ਵੇਖੇ ਰੱਬ ਧਰਤੀ ਨੂੰ,
    ਪਹਾੜਾਂ ਨੂੰ ਛੂੰਹਦਾ ਤੇ ਉੱਠਦਾ ਹੈ ਧੂੰ।

    41. ਮੈਂ ਜੀਵਾਂਗਾ ਜਦ ਤੀਕ ਗਾਵਾਂ ਸਨਾ,
    ਖ਼ੁਦਾਵੰਦ ਦੀ ਤਾਰੀਫ਼ ਮੈਂ ਗਾਵਾਂਗਾ।

    42. ਮੇਰੀ ਸੋਚ ਹੋਵੇਗੀ ਹੁਣ ਰੱਬ ਨੂੰ ਪਸੰਦ,
    ਹਾਂ ਉਸ ਵਿੱਚ ਰਹੇਗਾ ਮੇਰਾ ਮਨ ਆਨੰਦ।

    43. ਹਾਂ ਬੁਰਿਆਂ ਦਾ ਨਾਂ ਇਸ ਜ਼ਮੀਨ ਤੋਂ ਮਿਟੇ,
    ਸ਼ਰੀਰਾਂ ਦਾ ਕੁਝ ਵੀ ਨਾ ਬਾਕੀ ਰਹੇ।

    44. ਖ਼ੁਦਾ ਨੂੰ ਮੁਬਾਰਿਕ ਤੂੰ ਕਹਿ ਮੇਰੀ ਜਾਨ,
    ਖ਼ੁਦਾਵੰਦ ਦੀ ਤਾਰੀਫ਼ ਗਾਓ ਹਰ ਆਨ।

  • ---

    1. ਹਾਲ ਮੁਬਾਰਿਕ ਉਸ ਮਨੁੱਖ ਦਾ,
    ਜਿਹੜਾ ਰੱਬ ਤੋਂ ਡਰਦਾ ਹੈ,
    ਉਹਦਿਆਂ ਰਾਹਾਂ ਉੱਤੇ ਸਦਾ,
    ਖ਼ੁਸ਼ ਹੋ ਕੇ ਉਹ ਚੱਲਦਾ ਹੈ।

    2. ਆਪਣੇ ਹੱਥਾਂ ਦੀ ਕਮਾਈ,
    ਤੂੰ ਤੇ ਆਪ ਖਾਵੇਂਗਾ,
    ਤੇਰੇ ਨਾਲ ਰਹੇਗੀ ਖ਼ੁਸ਼ੀ,
    ਤੂੰ ਖ਼ੁਸ਼ ਰਹੇਂਗਾ ਸਦਾ।

    3. ਓਸ ਅੰਗੂਰ ਦੇ ਵਾਂਗਰ ਤੇਰੀ,
    ਵਹੁਟੀ ਹੋਵੇਗੀ ਖ਼ੁਸ਼ਹਾਲ,
    ਘਰ ਦੇ ਆਲੇ ਦੁਆਲੇ ਲੱਗਾ,
    ਲੱਦਿਆ ਹੋਇਆ ਮੇਵੇ ਨਾਲ।

    4. ਹਰੇ ਭਰੇ ਤੇ ਸੋਹਣੇ ਲੱਗਦੇ,
    ਵਾਂਗ ਜੈਤੂਨ ਦੇ ਬੂਟੇ ਦੇ,
    ਤੇਰੀ ਮੇਜ਼ ਦੇ ਆਲੇ ਦੁਆਲੇ,
    ਤੇਰੇ ਬੱਚੇ ਹੋਵਣਗੇ।

    5. ਇਸ ਤਰ੍ਹਾਂ ਉਹ ਮਨੁੱਖ ਵੀ,
    ਜਿਸ ਵਿੱਚ ਖੌਫ਼ ਖ਼ੁਦਾਵੰਦ ਦਾ,
    ਹੋਵੇਗਾ ਉਹ ਬਰਕਤ ਵਾਲਾ,
    ਸਦਾ ਮੁਬਾਰਿਕ ਰਹੇਗਾ।

    6. ਰੱਬ ਸਿਓਨ ਕਰਦਾ ਤੈਨੂੰ,
    ਬਰਕਤ ਦੇ ਨਾਲ ਮਾਲਾ–ਮਾਲ,
    ਸਾਰੀ ਉਮਰ ਵੇਖੇਂਗਾ ਤੂੰ,
    ਯਰੂਸ਼ਲਮ ਨੂੰ ਖ਼ੁਸ਼ਹਾਲ।

    7. ਆਪਣੇ ਬੱਚਿਆਂ ਦੇ ਬੱਚੇ,
    ਤੂੰ ਫਿਰ ਆਪ ਵੇਖੇਂਗਾ,
    ਇਸਰਾਇਲ ਪਰ ਰੱਬ ਦੀ ਰਹਿਮਤ,
    ਸਦਾ ਮੁਬਾਰਿਕ ਰਹੇਗਾ।

  • ---

    1. ਹਾਲੇਲੂਯਾਹ ਪਾਕ ਖ਼ੁਦਾ ਦਾ,
    ਨਵਾਂ ਗੀਤ ਇੱਕ ਗਾਓ ਵੀ,
    ਉਹਦੀ ਹੁਣ ਤਾਰੀਫ਼ ਸੁਣਾਓ,
    ਮਜਲਿਸ ਵਿੱਚ ਪਾਕ ਲੋਕਾਂ ਦੀ।

    2. ਇਸਰਾਏਲ ਮਨਾਵੇ ਖ਼ੁਸ਼ੀ,
    ਆਪਣੇ ਖਾਲਿਕ ਦੇ ਸਬੱਬ,
    ਆਪਣੇ ਸ਼ਾਹ ਦੀ ਖ਼ੁਸ਼ੀ ਮਨਾਵਣ,
    ਹਾਂ, ਸਿਓਨ ਦੇ ਬੇਟੇ ਸਭ।

    3. ਉਹਦੇ ਨਾਮ ਦੀ ਸਿਫ਼ਤਾਂ ਗਾਵਣ,
    ਨੱਚਣ-ਟੱਪਣ ਖ਼ੁਸ਼ੀ ਨਾਲ,
    ਤਬਲਾ, ਬਰਬਤ, ਸਾਜ ਵਜਾ ਕੇ,
    ਗਾਵਣ ਸਿਫ਼ਤਾਂ ਹੋਣ ਨਿਹਾਲ।

    4. ਕਿਉਂ ਜੋ ਆਪਣੇ ਲੋਕਾਂ ਦੇ ਨਾਲ,
    ਪਾਕ ਖ਼ੁਦਾ ਖ਼ੁਸ਼ ਰਹਿੰਦਾ ਹੈ,
    ਉਹ ਹਲੀਮਾਂ ਨੂੰ ਨਜਾਤ ਦਾ,
    ਗਹਿਣਾ ਆਪੇ ਦੇਂਦਾ ਹੈ।

    5. ਸਭ ਮੁਕੱਦਸ ਫਖ਼ਰ ਕਰਨ,
    ਆਪਣੀ ਸ਼ਾਨ ਤੇ ਇੱਜ਼ਤ ਦਾ,
    ਬਿਸਤਰ ਉੱਤੇ ਉੱਚੀ ਦਿੱਤੀ,
    ਗਾਵਣ ਉਸੇ ਦੀ ਸਨਾ।

  • ---

    1. ਹਾਲੇਲੂਯਾਹ, ਸਨਾ ਗਾਓ,
    ਉਸਦੀ ਹੈਕਲ ਵਿੱਚ ਸਦਾ,
    ਉਹਦੀ ਕੁਦਰਤ ਦੀ ਫਜ਼ਾ ਵਿੱਚ
    ਗਾਓ ਉਸੇ ਦੀ ਸਨਾ।

    2. ਉਹਦੀ ਕੁਦਰਤ ਦੇ ਮੁਆਫ਼ਿਕ
    ਗਾਓ ਸਿਫ਼ਤਾਂ ਖ਼ੁਸ਼ੀ ਨਾਲ,
    ਜੈਸੀ ਉਹਦੀ ਹੈ ਵਡਿਆਈ
    ਸਿਫ਼ਤਾਂ ਗਾਓ, ਹੋ ਨਿਹਾਲ।

    3. ਤੁਸੀਂ ਫੂਕੋ ਹੁਣ ਕਰਨਾਈ,
    ਉਹਦੀਆਂ ਸਿਫ਼ਤਾਂ ਗਾਓ ਵੀ,
    ਛੇੜ ਕੇ ਬਰਬਤ, ਵਾਜੇ ਆਪਣੇ,
    ਰੱਬ ਦੀ ਹਮਦ ਸੁਣਾਓ ਵੀ।

    4. ਤਬਲੇ ਦੇ ਨਾਲ ਨੱਚਦੇ ਹੋਏ,
    ਰੱਬ ਦੀ ਗਾਓ ਸਭ ਤਾਰੀਫ਼,
    ਤਾਰ ਦੇ ਸਾਜ਼ ਤੇ ਬਾਂਸੁਰੀ ਲੈ ਕੇ,
    ਰੱਬ ਦੀ ਗਾਓ ਸਭ ਤਾਰੀਫ਼।

    5. ਛੈਣਿਆਂ ਦੇ ਨਾਲ ਸਨਾ ਗਾਓ,
    ਜਿਹਦੀ ਹੋ ਆਵਾਜ਼ ਬੁਲੰਦ,
    ਮਿੱਠੀ ਸੁਰ ਨਾਲ ਸਾਜ਼ ਵਜਾਓ,
    ਉਸਤਤ ਗਾਓ ਹੋ ਆਨੰਦ।

    6. ਹਰ ਇੱਕ ਸ਼ੈ ਜੋ ਸਾਹ ਹੈ ਲੈਂਦੀ,
    ਗਾਵੇ ਹਮਦ ਖ਼ੁਦਾਵੰਦ ਦੀ,
    ਹਮਦ ਖ਼ੁਦਾਵੰਦ ਦੀ ਉਹ ਗਾਵੇ,
    ਗਾਵੇ ਹਮਦ ਖ਼ੁਦਾਵੰਦ ਦੀ।

  • ---

    ਹਾਲੇਲੂਯਾਹ, ਹਾਲੇਲੂਯਾਹ,
    ਹਾਲੇਲੂਯਾਹ, ਹਾਲੇਲੂਯਾਹ।
    ਘਰ–ਘਰ ਜਾਓ, ਅੰਜੀਲ ਸੁਣਾਓ,
    ਕੌਮਾਂ ਦੇ ਵਿੱਚ ਉਹਦਾ ਨਾਮ ਫੈਲਾਓ।

  • ---

    ਹਾਲੇਲੂਯਾਹ, ਹਾਲੇਲੂਯਾਹ,
    ਹਾਲੇਲੂਯਾਹ, ਹਾਲੇਲੂਯਾਹ।
    ਸਾਰੀਓ ਕੌਮੋ ਤਾਲੀਆਂ ਵਜਾਓ,
    ਜੈ–ਜੈ ਕਾਰ ਨਾਲ ਰੱਬ ਨੂੰ ਪੁਕਾਰੋ।
    ਕਿਉਂ ਜੋ ਖ਼ੁਦਾ ਹੈ ਭਲਾ,
    ਉਹ ਹੀ ਸਾਡੀ ਹੈ ਪਨਾਹ,
    ਸਭ ਨੂੰ ਸੁਣਾਓ, ਸਭ ਨੂੰ ਸੁਣਾਓ।

  • ---

    ਹਾਲੇਲੂਯਾਹ, ਹਾਲੇਲੂਯਾਹ,
    ਹਾਲੇਲੂਯਾਹ, ਹਾਲੇਲੂਯਾਹ।
    ਬੋਲ, ਐ ਪ੍ਰਭੂ, ਬੋਲ ਹੁਣ ਤੂੰ,
    ਸੁਣ ਰਿਹਾ ਹਾਂ ਦਾਸ ਮੈਂ ਤੇਰਾ,
    ਹਾਲੇਲੂਯਾਹ, ਹਾਲੇਲੂਯਾਹ,
    ਹਾਲੇਲੂਯਾਹ, ਹਾਲੇਲੂਯਾਹ।

  • ---

    ਹਾਲੇਲੂਯਾਹ, ਹਾਲੇਲੂਯਾਹ,
    ਹਾਲੇਲੂਯਾਹ, ਹਾਲੇਲੂਯਾਹ
    ਸਾਰੀਆਂ ਕੌਮਾਂ ਨੂੰ ਚੇਲੇ ਬਣਾਓ,
    ਰੱਬ ਨਾਲ ਸਭ ਦਾ ਮੇਲ ਕਰਾਓ।
    ਜਾਓ, ਜਾਓ, ਸਭ ਜਾਓ, ਸਭ ਜਾਓ।
    ਹਾਲੇਲੂਯਾਹ, ਹਾਲੇਲੂਯਾਹ,
    ਹਾਲੇਲੂਯਾਹ, ਹਾਲੇਲੂਯਾਹ।

  • ---

    ਹਾਲੇਲੂਯਾਹ, ਹਾਲੇਲੂਯਾਹ, ਹਾਲੇਲੂਯਾਹ,
    ਜੇ ਤੂੰ ਪਾਉਣੀ ਏ ਸ਼ਿਫ਼ਾ,
    ਨਾਅਰਾ ਹਾਲੇਲੂਯਾਹ ਲਾ,
    ਨਵੀਂ ਜ਼ਿੰਦਗੀ ਦੇਵੇਗਾ ਤੈਨੂੰ, ਯਿਸੂ ਬਾਦਸ਼ਾਹ,
    ਹਾਲੇਲੂਯਾਹ, ਹਾਲੇਲੂਯਾਹ, ਹਾਲੇਲੂਯਾਹ।

  • ---

    ਹਾਲੇਲੂਯਾਹ, ਹਾਲੇਲੂਯਾਹ।
    ਕਲਾਮ ਖ਼ੁਦਾ ਦਾ ਪੈਰਾਂ ਦੇ ਲਈ ਬਲ਼ਦਾ ਦੀਪਕ ਹੈ,
    ਕਲਾਮ ਖ਼ੁਦਾ ਦਾ ਸਭ ਦੀ ਰਾਹ ਲਈ ਦਿੰਦਾ ਚਾਨਣ ਹੈ।

  • ---

    ਹਾਲੇਲੂਯਾਹ, ਹਾਲੇਲੂਯਾਹ,
    ਹਾਲੇਲੂਯਾਹ, ਹਾਲੇਲੂਯਾਹ।
    ਤੂੰ ਮਾਲਿਕ ਬਖ਼ਸ਼ਣਹਾਰ ਪ੍ਰਭੂ,
    ਇਸ ਜੱਗ ’ਤੇ ਲਿਆ ਅਵਤਾਰ ਪ੍ਰਭੂ,
    ਤੇਰੇ ਪਿਆਰ ਦੀ ਚਰਚਾ ਗਲੀ-ਗਲੀ,
    ਤੇਰਾ ਨਾਂ ਹੀ ਯਿਸੂ ਪਿਆਰਾ ਹੈ।

  • ---

    ਹੋਸਾਨਾ, ਸਦਾ ਤੀਕਰ ਪ੍ਰਭੂ ਜੀ,
    ਹੋਸਾਨਾ, ਹੋਸਾਨਾ, ਹੋਸਾਨਾ।

    1. ਸਵਰਗ ਅਤੇ ਧਰਤੀ ਤੇਰੇ ਜਲਾਲ ਨਾਲ,
    ਤੇਰੇ ਹੀ ਜਲਾਲ ਨਾਲ ਭਰਪੂਰ ਹਨ,
    ਉੱਚਿਆਈਆਂ ਵਿੱਚ ਹੋਸਾਨਾ,
    ਸਦਾ ਤੀਕਰ ਪ੍ਰਭੂ ਦੀ ਹੋਸਾਨਾ,
    ਹੋਸਾਨਾ, ਹੋਸਾਨਾ, ਸਦਾ ਤੀਕਰ
    ਪ੍ਰਭੂ ਜੀ, ਹੋਸਾਨਾ।

    2. ਧੰਨ ਹੈ ਉਹ ਜੋ ਆਉਂਦਾ ਹੈ,
    ਰੱਬ ਦੇ ਨਾਂ ਉੱਤੇ ਆਉਂਦਾ ਹੈ,
    ਉੱਚਿਆਈਆਂ ਵਿੱਚ ਹੋਸਾਨਾ,
    ਸਦਾ ਤੀਕਰ ਪ੍ਰਭੂ ਦੀ ਹੋਸਾਨਾ,
    ਹੋਸਾਨਾ, ਹੋਸਾਨਾ, ਸਦਾ ਤੀਕਰ
    ਪ੍ਰਭੂ ਜੀ, ਹੋਸਾਨਾ।

  • ---

    ਹੱਥਾਂ ਪੈਰਾਂ ਵਿੱਚੋਂ ਖੂਨ ਦੀਆਂ
    ਵਗ ਪਈਆਂ ਧਾਰਾਂ, ਸੁਣੇ ਕੌਣ ਪੁਕਾਰਾਂ।

    1. ਉਹਦੇ ਤਾਜ ਦੇ ਕੰਡਿਆਲੀ ਦੀ
    ਇੱਕ ਸ਼ਕਲ ਨਿਰਾਲੀ, ਦੇਂਦੇ ਤੀਰ ਵਿਖਾਲੀ,
    ਸਿਰ ਵਿੰਨ੍ਹਿਆ ਗਿਆ ਪੂਰਾ ਤੇ ਰਿਹਾ
    ਥਾਂ ਨਾ ਕੋਈ ਖਾਲੀ, ਹੋਈ ਸਖ਼ਤ ਹਵਾਲੀ,
    ਰੱਤ ਚੂਸ ਲਈ ਬਦਨ ਦੀ ਕੋੜੇ
    ਦੀਆਂ ਮਾਰਾਂ, ਸੁਣੇ ਕੌਣ ਪੁਕਾਰਾਂ।

    2. ਤਾਕਤ ਨਾ ਰਹੀ ਤੁਰਨ ਦੀ ਇੱਕ ਕਦਮ
    ਉਹਨਾਂ ਦੀ, ਹਾਏ ਸੂਲੀ ਨੂੰ ਚਾ ਕੇ,
    ਸ਼ਮਾਊਨ ਕੁਰੀਨੀ ਨੂੰ ਲਿਆਉਂਦੇ
    ਨੇ ਬੁਲਾ ਕੇ, ਤੁਰੇ ਨਾਲ ਉਠਾ ਕੇ,
    ਕਹਿੰਦਾ ਬਣ ਗਿਆ ਪੰਧ ਸੂਲੀ
    ਸਣੇ ਹਜ਼ਾਰਾਂ, ਸੁਣੇ ਕੌਣ ਪੁਕਾਰਾਂ।

    3. ਸੂਲੀ ’ਤੇ ਬੇ-ਤਰਸਾਂ ਨੇ ਮਸੀਹ ਨੂੰ
    ਲਟਕਾਇਆ, ਹਾਏ ਤਰਸ ਨਾ ਆਇਆ,
    ਹੱਥਾਂ ਪੈਰਾਂ ਵਿੱਚ ਠੋਕ ਕੇ ਕਿੱਲ
    ਹਾਏ ਦਰਦ ਵਧਾਇਆ, ਉਹਦਾ ਖੂਨ ਵਗਾਇਆ,
    ਉਹਦੀ ਸੂਲੀ ਖੜ੍ਹੀ ਕੀਤੀ ਵਿੱਚ
    ਦੋ ਬਦਕਾਰਾਂ, ਸੁਣੇ ਕੌਣ ਪੁਕਾਰਾਂ।

    4. ਅੱਜ ਸਿਰ ਉੱਤੇ ਮਰੀਅਮ ਦੇ ਘਟਾ
    ਗ਼ਮ ਦੀਆਂ ਆਈਆਂ, ਹਰ ਪਾਸਿਓਂ ਛਾਈਆਂ,
    ਉਹਨੂੰ ਗਸ਼ਾਂ ਉੱਤੇ ਗਸ਼ਾਂ ਪੈਣ,
    ਗਸ਼ਾਂ ਸੁਰਤਾਂ ਭੁਲਾਈਆਂ, ਬਣੀ ਵਾਂਗ ਸ਼ੁਦਾਈਆਂ,
    ਗਈਆਂ ਦਿਲ ਵਿੱਚੋਂ ਲੰਘ
    ਗ਼ਮ ਦੀਆਂ ਤਿੱਖੀਆਂ ਤਲਵਾਰਾਂ, ਸੁਣੇ ਕੌਣ ਪੁਕਾਰਾਂ।

    5. ਦਿੱਤੀ ਜਾਨ ਜਦੋਂ ਉਸਨੇ ਜ਼ਮੀਂ
    ਕੰਬ ਗਈ ਸਾਰੀ, ਹੋਈ ਦਹਿਸ਼ਤ ਭਾਰੀ,
    ਸੂਰਜ ਵੀ ਗਿਆ ਛੁੱਪ ਤੇ ਪਈ ਧੁੰਦ
    ਗੁਬਾਰੀ, ਕੰਬੀ ਖ਼ਲਕਤ ਸਾਰੀ,
    ਉਹਦੇ ਮਰਨ ਦੀਆਂ ਛਿੜ ਗਈਆਂ
    ਘਰ–ਘਰ ਵਿਚਾਰਾਂ, ਸੁਣੇ ਕੌਣ ਪੁਕਾਰਾਂ।

  • ---

    ਹੱਥਾਂ ਵਿੱਚ ਕਿੱਲਾਂ ਦੇ ਨਿਸ਼ਾਨ ਵੇਖ ਲਓ,
    ਯਿਸੂ ਵਾਰੀ ਸਾਡੇ ਲਈ ਹੈ ਜਾਨ ਵੇਖ ਲਓ।

    1. ਸਾਡਿਆਂ ਗੁਨਾਹਾਂ ਉਸ ਨੂੰ ਸੀ ਮਾਰਿਆ,
    ਜਾਨ ਦਿੱਤੀ ਉਸ ਸਿਦਕੋਂ ਨਾ ਹਾਰਿਆ,
    ਪਿਆਰ ਉਹਦਾ ਕਿੰਨਾ ਹੈ ਮਹਾਨ ਵੇਖ ਲਓ,
    ਯਿਸੂ ਵਾਰੀ ਸਾਡੇ ਲਈ ਹੈ ਜਾਨ ਵੇਖ ਲਓ।

    2. ਪਸਲੀ ਦਾ ਲਹੂ ਪਿਆ ਵਾਜਾਂ ਮਾਰਦਾ,
    ਗੁਨਾਹਗਾਰਾਂ ਨੂੰ ਹੈ ਸ਼ਾਫ਼ੀ ਪੁਕਾਰਦਾ,
    ਕਿੰਨਾ ਵੱਡਾ ਉਹ ਹੈ ਮਿਹਰਬਾਨ ਵੇਖ ਲਓ,
    ਯਿਸੂ ਵਾਰੀ ਸਾਡੇ ਲਈ ਹੈ ਜਾਨ ਵੇਖ ਲਓ।

    3. ਕੈਸੇ–ਕੈਸੇ ਯਿਸੂ ਆ ਕੇ ਦੁੱਖ ਸਹਿ ਗਿਆ,
    ਗ਼ਮ ਕਿਹੜਾ ਉਸ ਲਈ ਸੀ ਬਾਕੀ ਰਹਿ ਗਿਆ,
    ਕਿੰਨਾ ਵੱਡਾ ਉਸਦਾ ਅਹਿਸਾਨ ਵੇਖ ਲਓ,
    ਯਿਸੂ ਵਾਰੀ ਸਾਡੇ ਲਈ ਹੈ ਜਾਨ ਵੇਖ ਲਓ।

  • ---

    ਹੱਥ ਫੜ੍ਹ ਕੇ ਕਲਮ ਸਲੀਬ ਦੀ,
    ਇਹ ਕੌਣ ਹਵਾ ਵਿੱਚ ਲਿਖਦਾ ਏ,
    ਪੁੱਤਰ ਦੇ ਲਹੂ ਵਿੱਚ ਡੁੱਬ ਕੇ,
    ਖ਼ੁਦਾ ਪਾਕ ਜ਼ਮੀਨ ’ਤੇ ਲਿਖਦਾ ਏ।

    1. ਉਹ ਆਪਣਾ ਅਰਸ਼ ਆਦਮੀ ਦੇ ਲਈ ਛੱਡ ਆਇਆ,
    ਤੇ ਇਸ਼ਕ ਆਦਮੀ ਦੇ ਦਰ–ਦਰ ’ਤੇ ਫਿਰਵਾਇਆ,
    ਗੁਆਚੇ ਨਾਲੇ ਰੁੱਸੇ ਨੂੰ ਉਹ ਮਨਾਵਣ ਆਇਆ,
    ਹਰ ਆਦਮੀ ਦੇ ਉਹਨੂੰ ਥਾਂ–ਥਾਂ ’ਤੇ ਤੜਪਾਇਆ,
    ਕਿਸੇ ਨੇ ਉਹਦੀਆਂ ਗੱਲਾਂ ਤੇ ਕੋਈ ਨਾ ਕੰਨ ਲਾਇਆ,
    ਤੇ ਕਹਿੰਦੀ ਸਾਰੀ ਦੁਨੀਆ ਇਹ ਪਰ ਨਵੀਂ ਹੋਈ ਗੱਲ।

    2. ਜਦ ਸਿਰਕਾ ਪੀ ਕੇ ਕਿਹਾ ਯਿਸੂ,
    ਨਬੂਵਤਾਂ ਦਾ ਪੂਰਾ ਵਾਕ ਹੋਇਆ,
    ਪਸਲੀ ਵਿੱਚ ਨੇਜ਼ਾ ਲਾਇਆ,
    ਉਹਦੇ ਤੇ ਸਭ ਲੇਖਾ ਬੇਬਾਕ ਹੋਇਆ,
    ਅਸਮਾਨੋਂ ਅੱਥਰੂ ਡਿੱਗਦੇ ਸਨ,
    ਜਦੋਂ ਉਹ ਦੁਨੀਆ ’ਤੇ ਆਪ ਰੋਇਆ,
    ਘੋਰ ਹਨੇਰੀਆਂ ਛੁੱਟ ਪਈਆਂ,
    ਹੈਕਲ ਦਾ ਪਰਦਾ ਚਾਕ ਹੋਇਆ,
    ਹਿੱਲ ਗਈ ਜ਼ਮੀਨ ਭੁਚਾਲਾਂ ਨਾਲ,
    ਬਿਜਲੀ ਡਿੱਗਣ ਜਿਹਾ ਖੜਾਕ ਹੋਇਆ,
    ਦਿਵਾਨੇ ਵਾਂਗੂੰ ਮਸੀਹਾ ਨੇ ਸੜ
    ਸ਼ਮ੍ਹਾ ’ਤੇ ਦੱਸੀ ਪਿਆਰ ਦੀ ਗੱਲ।

  • ---

    ਹੱਥਾਂ ਪੈਰਾਂ ਵਿੱਚ ਕਿੱਲ,
    ਨੇਜ਼ਾ ਵਿਨ੍ਹਿਆ ਏ ਦਿਲ,
    ਯਿਸੂ ਪਿਆਰੇ,
    ਹਾਏ ਹਾਏ ਤੇਰੇ ਦੁੱਖ ਨੇ ਭਾਰੇ।

    1. ਤਾਜ ਕੰਡਿਆਂ ਦਾ ਸਿਰ ਉੱਤੇ ਧਰਿਆ,
    ਮਾਰਾਂ ਖਾਵਣ ਦਾ ਵੀ ਦੁੱਖ ਤੂੰ ਜਰਿਆ,
    ਦੁਸ਼ਮਣ ਬਣ–ਬਣ ਜਥੇ,
    ਮੂੰਹ ’ਤੇ ਮਾਰਨ ਧੱਫੇ ਤੈਨੂੰ ਸਾਰੇ,
    ਹਾਏ–ਹਾਏ ਤੇਰੇ ਦੁੱਖ ਨੇ ਭਾਰੇ।

    2. ਪੇਸ਼ੀ ਕੀਤੀ ਪਿਲਾਤੂਸ ਅੱਗੇ,
    ਝੂਠ ’ਤੇ ਝੂਠ ਮਾਰਨ ਲੱਗੇ,
    ਬੇਟਾ ਰੱਬ ਦਾ ਬਣਿਆ,
    ਕੰਨੀਂ ਆਪਣੀ ਸੁਣਿਆ ਕਹਿੰਦੇ ਸਾਰੇ,
    ਹਾਏ–ਹਾਏ ਤੇਰੇ ਦੁੱਖ ਨੇ ਭਾਰੇ।

    3. ਨਾਲ ਰੱਸੀਆਂ ਦੇ ਥੰਮ੍ਹ ਨਾਲ ਬੰਨ੍ਹਕੇ,
    ਕੱਪੜਾ ਅੱਖੀਆਂ ਦੋਵਾਂ ਉੱਤੇ ਬੰਨ੍ਹਕੇ,
    ਉਹ ਹੋ ਆਏ ਇਕੱਠੇ,
    ਤੈਨੂੰ ਕਰਨ ਠੱਠੇ, ਮਾਰਨ ਨਾਅਰੇ,
    ਹਾਏ–ਹਾਏ ਤੇਰੇ ਦੁੱਖ ਨੇ ਭਾਰੇ।

    4. ਭਾਰੀ ਸੂਲੀ ਮੋਢੇ ’ਤੇ ਚੁਕਾਂਦੇ,
    ਜ਼ਾਲਮ ਤਰਸ ਜ਼ਰਾ ਵੀ ਨਾ ਖਾਂਦੇ,
    ਸੂਲੀ ਚੁੱਕ ਕੇ ਜਾਵਣ,
    ਰਾਹ ਵਿੱਚ ਠੇਡੇ ਖਾਵਣ, ਗ਼ਮ ਦੇ ਮਾਰੇ,
    ਹਾਏ–ਹਾਏ ਤੇਰੇ ਦੁੱਖ ਨੇ ਭਾਰੇ।

  • ---

    ਹੱਥੀਂ ਕਾਨਾ ਜ਼ਾਲਮਾਂ ਦਿੱਤਾ,
    ਤਾਜ ਕੰਡਿਆਂ ਦਾ ਯਿਸੂ ਪਾਇਆ,
    ਖ਼ੂਨ ਪਸੀਨਾ ਬਣ-ਬਣ ਡਿੱਗਦਾ।

    1. ਸੂਲੀ ਚੁੱਕ ਮੋਢੇ ’ਤੇ,
    ਯਿਸੂ ਵੱਲ ਕਲਵਰੀ ਚੱਲਿਆ,
    ਮੂੰਹ ’ਤੇ ਥੁੱਕਦੇ ਨੇ,
    ਵਸ ਮਾਂ ਦਾ ਨਾ ਕੋਈ ਚੱਲਿਆ,
    ਡਿੱਗਦੇ ਨੂੰ ਕੋੜੇ ਮਾਰਦੇ,
    ਡਾਹਢਾ ਵੈਰੀਆਂ ਜ਼ੁਲਮ ਕਮਾਇਆ।

    2. ਅੱਖਾਂ ਭਰ ਹੰਝੂਆਂ ਨਾਲ,
    ਉਹਦੀ ਮਾਂ ਪਈ ਧਾਹਾਂ ਮਾਰੇ,
    ਚੰਡਾਂ ਮਾਰਦੇ ਨੇ ਉਹਨੂੰ
    ਦੇਣ ਸਲਾਮੀਆਂ ਸਾਰੇ,
    ਸਿਰ ਉੱਤੇ ਕਾਨੇ ਮਾਰਦੇ,
    ਦੁੱਖ ਮਾਂ ਨੇ ਝੋਲੀ ਵਿੱਚ ਪਾਇਆ।

    3. ਅਰਸ਼ਾਂ ’ਤੇ ਬਾਪ ਰੋ ਪਿਆ,
    ਜਦੋਂ ਰੋਈ ਧਰਤੀ ਉੱਤੇ ਮਾਈ,
    ਬੇਟਾ ਮੈਥੋਂ ਜੁਦਾ ਹੋ ਗਿਆ,
    ਕੰਬ ਗਈ ਹੈ ਸਾਰੀ ਖ਼ੁਦਾਈ,
    ਕਿੰਨਾ ਵੱਡਾ ਦੁੱਖ ਝੱਲ ਕੇ,
    ਜਿੱਤ ਮੌਤ ਸ਼ੈਤਾਨ ਉੱਤੇ ਪਾਈ।

  • ---

    ਹਾਲੇਲੂਯਾਹ ਬੋਲੋ ਯਿਸੂ ਜ਼ਿੰਦਾ ਹੋ ਗਿਆ,
    ਤੇ ਦੁਨੀਆ ਦਾ ਨਜਾਤ ਦਹਿੰਦਾ ਹੋ ਗਿਆ।

    1. ਪਾਪਾਂ ਤੋਂ ਬਚਾਉਣ ਯਿਸੂ ਆਇਆ ਜੱਗ ’ਤੇ,
    ਤੇ ਆਣ ਕੇ ਉਠਾਏ ਉਸਨੇ ਪਾਪ ਸਭ ਦੇ।

    2. ਕੋੜੇ ਖਾਧੇ, ਤਾਜ ਕੰਡਿਆਂ ਦਾ ਪਾ ਲਿਆ,
    ਤੇ ਸੂਲੀ ਉੱਤੇ ਮਰਦੇ ਡਾਕੂ ਨੂੰ ਬਚਾ ਲਿਆ।

    3. ਨੇਜ਼ਾ ਡਾਢਾ ਉਹਦੀ ਪਸਲੀ ਵਿੱਚ ਵੱਜਿਆ,
    ਤੇ ਪਾਪ ਧੋਵਣ ਵਾਲਾ ਉਸ ਤੋਂ ਚਸ਼ਮਾ ਵਗਿਆ।

    4. ਉਹ ਜ਼ਿੰਦਾ ਹੋਇਆ ਮੌਤ ਤੇ ਕਬਰ ਨੂੰ ਜਿੱਤ ਕੇ,
    ਤੇ ਚੜ੍ਹ ਗਿਆ ਅਸਮਾਨ ਬੈਠਾ ਸੱਜੇ ਹੱਥ ’ਤੇ।

    5. ਜੈ–ਜੈ ਬੋਲੋ ਮੋਮਨੋ ਮਨਾਓ ਈਦ ਨੂੰ,
    ਤੇ ਦਿਲ ਵਿੱਚ ਰੱਖਿਓ ਯਿਸੂ ਦੀ ਦੀਦ ਨੂੰ।

  • ---

    ਹੋ ਗਿਆ ਹੈਰਾਨ ਸਾਰਾ ਜੱਗ ਜਾਣਕੇ,
    ਮੌਤ ਉੱਤੇ ਫਤਹਿ ਪਾਈ ਕਿਸ ਆਣਕੇ।

    1. ਮਰੀਅਮ ਮਗਦਲੀਨੀ ਜਦ ਗਈ ਦੀਦ ਨੂੰ,
    ਜੀ ਪਿਆ ਹੈ ਯਿਸੂ ਗੱਲ ਦੱਸੀ ਆਣ ਕੇ।

    2. ਜੈ–ਜੈ ਬੋਲੋ ਯਿਸੂ ਅੱਜ ਜ਼ਿੰਦਾ ਹੋ ਗਿਆ,
    ਕਰੋ ਵਡਿਆਈ ਓਹਦੀ ਸਭੇ ਆਣਕੇ।

    3. ਯਿਸੂ ਜਿਹਾ ਹੋਰ ਕੋਈ ਮਿਹਰਬਾਨ ਨਾ,
    ਵੇਖ ਲਿਆ ਅਸੀਂ ਸਾਰਾ ਜੱਗ ਛਾਣਕੇ।

    4. ਆਓ ਸਾਰੇ ਰਲ ਯਿਸੂ ਦਰ ਚੱਲੀਏ,
    ਕੀ ਲੈਣਾ ਪਾਪਾਂ ਵਾਲੀ ਖ਼ਾਕ ਛਾਣ ਕੇ।

  • ---

    ਹਾਲੇਲੂਯਾਹ ਹਾਲੇਲੂਯਾਹ
    ਆਖੋ ਸਾਰੇ ਜੀ, ਆਖੋ ਸਾਰੇ ਜੀ,
    ਜ਼ਿੰਦਾ ਹੋਇਆ ਸਾਡਾ ਤੇ ਸ਼ਾਫ਼ੀ,
    ਮਾਰੋ ਖ਼ੁਸ਼ੀਆਂ ਦੇ ਨਾਅਰੇ,
    ਆਖੋ ਸਾਰੇ ਜੀ, ਆਖੋ ਸਾਰੇ ਜੀ।

    1. ਜੀ ਉੱਠਿਆ ਏ ਦੁਨੀਆ ਦਾ ਵਾਲੀ,
    ਕਬਰ ਦਿਸੇ ਅੱਜ ਖ਼ਾਲਮ-ਖ਼ਾਲੀ,
    ਡਲ੍ਹਕਾਂ ਮਰਨ ਤਾਰੇ,
    ਆਖੋ ਸਾਰੇ ਜੀ, ਆਖੋ ਸਾਰੇ ਜੀ।

    2. ਮੌਤ ’ਤੇ ਯਿਸੂ ਨੇ ਫਤਹਿ ਹੈ ਪਾਈ,
    ਦੱਸ ਦਿੱਤੀ ਉਸ ਆਪਣੀ ਖ਼ੁਦਾਈ,
    ਵਿਗੜੇ ਕਾਜ ਸਵਾਰੇ,
    ਆਖੋ ਸਾਰੇ ਜੀ, ਆਖੋ ਸਾਰੇ ਜੀ।

    3. ਖੁੱਲ੍ਹ ਗਏ ਬੂਹੇ ਬਹਿਸ਼ਤਾਂ ਵਾਲੇ,
    ਲੋਕ ਜਲਾਲੀਆਂ ਸੀਸ ਨਿਵਾ ਲਏ,
    ਸੂਰਜ ਲਾਟਾਂ ਮਾਰੇ,
    ਆਖੋ ਸਾਰੇ ਜੀ, ਆਖੋ ਸਾਰੇ ਜੀ।

  • ---

    ਹਾਲੇਲੂਯਾਹ, ਹਾਲੇਲੂਯਾਹ,
    ਹਾਲੇਲੂਯਾਹ, ਹਾਲੇਲੂਯਾਹ।
    ਰੂਹ-ਏ-ਪਾਕ ਚੱਟਾਨਾਂ ਨੂੰ
    ਹਿੱਲਾ ਦਿੰਦਾ ਏ,
    ਦਰਿਆਵਾਂ ਦੇ ਰੁਖ
    ਪਰਤਾ ਦਿੰਦਾ ਏ,
    ਹਾਲੇਲੂਯਾਹ, ਹਾਲੇਲੂਯਾਹ,
    ਹਾਲੇਲੂਯਾਹ, ਹਾਲੇਲੂਯਾਹ।

    1. ਅਬਲੀਸ ਦੀਆਂ ਹੁੰਦੀਆਂ
    ਨੇ ਨੀਹਾਂ ਕੱਚੀਆਂ,
    ਭਾਵੇਂ ਲੈ ਜਾਵੇ
    ਕਿੰਨੀਆਂ ਵੀ ਕੰਧਾਂ ਉੱਚੀਆਂ,
    ਰੂਹ-ਏ-ਪਾਕ ਇਹਨਾਂ ਕੰਧਾਂ ਨੂੰ
    ਵੀ ਢਾਹ ਦਿੰਦਾ ਏ,
    ਦਰਿਆਵਾਂ ਦੇ ਰੁਖ
    ਪਰਤਾ ਦਿੰਦਾ ਏ।
    ਹਾਲੇਲੂਯਾਹ, ਹਾਲੇਲੂਯਾਹ,
    ਹਾਲੇਲੂਯਾਹ, ਹਾਲੇਲੂਯਾਹ।

    2. ਪਾਕ ਰੂਹ ਦਾ ਨਾ ਸਾਹਮਣਾ
    ਕੋਈ ਕਰ ਸਕਿਆ,
    ਇਹਦੇ ਨਾਲ ਨਾ
    ਕੋਈ ਵੀ ਲੜ ਸਕਿਆ,
    ਵੱਡੇ-ਵੱਡੇ ਸਰੀਰਾਂ ਨੂੰ
    ਨਠਾ ਦਿੰਦਾ ਹੈ,
    ਦਰਿਆਵਾਂ ਦੇ ਰੁਖ ਪਰਤਾ ਦਿੰਦਾ ਏ।
    ਹਾਲੇਲੂਯਾਹ, ਹਾਲੇਲੂਯਾਹ,
    ਹਾਲੇਲੂਯਾਹ, ਹਾਲੇਲੂਯਾਹ।

    3. ਭਾਵੇਂ ਦੁਸ਼ਮਣ ਦੇ
    ਰੱਬ ਨੇ ਬਹੁਤ ਸਾਰੇ,
    ਰੂਹ ਦੀ ਅੱਗ ਨਾਲ
    ਸੜ ਜਾਂਦੇ ਸਭ ਸਾਰੇ,
    ਸਾੜ-ਸੂੜ ਕੇ ਕਰ
    ਉਹ ਤਬਾਹ ਦਿੰਦਾ ਏ,
    ਦਰਿਆਵਾਂ ਦੇ ਰੁਖ
    ਪਰਤਾ ਦਿੰਦਾ ਏ।
    ਹਾਲੇਲੂਯਾਹ, ਹਾਲੇਲੂਯਾਹ,
    ਹਾਲੇਲੂਯਾਹ, ਹਾਲੇਲੂਯਾਹ।

  • ---

    ਹਾਲੇਲੂਯਾਹ, ਹਾਲੇਲੂਯਾਹ,
    ਪਾਕ ਰੂਹ ਦਾ ਦੇ ਦਓ ਮੱਸਾਹ,
    ਹਾਲੇਲੂਯਾਹ।
    ਪਾਕ ਰੂਹ ਦਾ ਦੇ ਦਓ ਮੱਸਾਹ,
    ਚੱਖਾਂ ਤੇਰੇ ਪਿਆਰ ਦਾ ਮਜ਼ਾ।
    ਪਾਕ ਰੂਹ ਦਾ ਦੇ ਦਓ ਮੱਸਾਹ
    ਯਿਸੂ ਜੀ, ਮੈਨੂੰ ਪਾਕ ਰੂਹ ਦਾ
    ਦੇ ਦਓ ਮੱਸਾਹ।
    ਹਾਲੇਲੂਯਾਹ, ਹਾਲੇਲੂਯਾਹ

    1. ਬਦਲ ਦਓ ਜੀ
    ਮੇਰੀਆਂ ਸੋਚਾਂ… ਹਾਲੇਲੂਯਾਹ,
    ਬਦਲ ਦਓ ਜੀ ਮੇਰੀਆਂ ਸੋਚਾਂ,
    ਮੈਂ ਸਭਨਾਂ ਦੀਆਂ ਖੈਰਾਂ ਲੋਚਾਂ,
    ਵੈਰੀਆਂ ਲਈ ਕਰਾਂ ਮੈਂ ਦੁਆ,
    ਪਾਕ ਰੂਹ ਦਾ ਦੇ ਦਓ ਮੱਸਾਹ।

    2. ਬੇਟਾ ਤੂੰ ਏਂ, ਦਾਸ ਵੀ ਤੂੰ ਏਂ
    … ਹਾਲੇਲੂਯਾਹ,
    ਬੇਟਾ ਤੂੰ ਏਂ, ਦਾਸ ਵੀ ਤੂੰ ਏਂ,
    ਯਿਸੂ ਸ਼ਾਫ਼ੀ ਪਾਕ ਵੀ ਤੂੰ ਏਂ,
    ਤੂੰ ਹੀ ਸੱਚ, ਜ਼ਿੰਦਗੀ ਤੇ ਰਾਹ,
    ਪਾਕ ਰੂਹ ਦਾ ਦੇ ਦਓ ਮੱਸਾਹ।

    3. ‘ਮੈਂ’ ‘ਚੋਂ ਮਰ ਜਾਏ ਹਾਂ,
    ‘ਮੈਂ’ ਮੇਰੀ… ਹਾਲੇਲੂਯਾਹ,
    ‘ਮੈਂ’ ‘ਚੋਂ ਮਰ ਜਾਏ ਹਾਂ,
    ‘ਮੈਂ’ ਮੇਰੀ, ਪੂਰੀ ਕਰਾਂ ਮੈਂ ਮਰਜ਼ੀ ਤੇਰੀ,
    ਜਿਵੇਂ ਚਾਹੇ ਮੈਨੂੰ ਤੂੰ ਚਲਾ,
    ਪਾਕ ਰੂਹ ਦਾ ਦੇ ਦਓ ਮੱਸਾਹ।

  • ---

    ਹੋਵੇ ਤੈਨੂੰ ਸਲਾਮ ਰਾਣੀ ਅਸਮਾਨਾਂ ਦੀਏ।

    1. ਤੈਨੂੰ ਕਰਨ ਸਲਾਮ, ਸਲਾਮਾਂ-ਲਾਇਕ ਸਲਾਮਾਂ,
    ਕੁਲ ਨਸਲਾਂ ਆ ਖ਼ਾਸ ਤੇ ਆਮਾ-ਖ਼ਾਸ ਤੇ ਆਮਾ ।
    ਵਿੱਚ ਜਗਤ ਤਮਾਮ, ਰਾਣੀ ਅਸਮਾਨਾਂ ਦੀਏ।

    2. ਤੂੰ ਬੇਦਾਗ਼ ਹਮਲ ਵਿੱਚ ਪਇਉਂ-ਹਮਲ ਵਿੱਚ ਪਇਉਂ,
    ਖ਼ਾਲੀ ਅਸਲੀ ਗ਼ੁਨਾਹ ਤੋਂ ਰਹੀਓਂ-ਗ਼ੁਨਾਹ ਤੋਂ ਰਹੀਓਂ,
    ਤੂੰ ਏਂ ਪਾਕ ਮੁਦਾਮ ਰਾਣੀ ਅਸਮਾਨਾਂ ਦੀਏ।

    3. ਤੂੰ ਹੈਂ ਸਾਡੀ ਮਾਂ ਪਿਆਰੀ-ਮਾਂ ਪਿਆਰੀ,
    ਗ਼ਮਾਂ ਵਿੱਚ ਤਸੱਲੀ ਭਾਰੀ-ਤਸੱਲੀ ਭਾਰੀ,
    ਧੰਨ ਤੇਰਾ ਹੈ ਨਾਮ, ਰਾਣੀ ਅਸਮਾਨਾਂ ਦੀਏ।

    4. ਤੈਨੂੰ ਕਬਰੋਂ ਰੱਬ ਜਵਾਇਆ-ਰੱਬ ਜਵਾਇਆ,
    ਰੂਹ ਬਦਨ ਸਮੇਤ ਉਠਾਇਆ-ਸਮੇਤ ਉਠਾਇਆ,
    ਕੀਤਾ ਅਰਸ਼ ਮੁਕਾਮ, ਰਾਣੀ ਅਸਮਾਨਾਂ ਦੀਏ।

  • ---

    ਹਰ ਸਾਹ ਦੇ ਨਾਲ ਯਿਸੂ ਸਿਮਰਾਂ, ਮੈਂ ਤੇਰਾ ਨਾਮ,
    ਤੇਰਾ ਨਾਮ-ਤੇਰਾ ਨਾਮ ਸਿਮਰਾਂ, ਮੈਂ ਤੇਰਾ ਨਾਮ।

    1. ਮਿੱਟੀ ਦਾ ਜਿਸਮ ਮੇਰਾ, ਰੂਹ ਵਿੱਚ ਤੇਰੀ ਏ,
    ਸਭ ਕੁਝ ਤੇਰਾ ਯਿਸੂ, ਕਿਹੜੀ ਸ਼ੈਅ ਮੇਰੀ ਏ,
    ਸੁਬਾਹ ਸ਼ਾਮ ਕਰਾਂ, ਮੈਂ ਦੁਆਵਾਂ ਲੈ ਕੇ ਤੇਰਾ ਨਾਮ।

    2. ਤੇਰੇ ਸਿਵਾ ਮੇਰਾ ਕੋਈ ਬਣਿਐ ਸਹਾਰਾ ਨਾ,
    ਤੇਰੇ ਤੋਂ ਇਲਾਵਾ ਯਿਸੂ, ਮਿਲਿਆ ਕਿਨਾਰਾ ਨਾ,
    ਸੁਬਾਹ ਸ਼ਾਮ ਕਰਾਂ ਮੈਂ, ਦੁਆਵਾਂ ਲੈ ਕੇ ਤੇਰਾ ਨਾਮ।

    3. ਆਪਣੇ ਲਹੂ ਦੇ ਨਾਲ ਮੈਨੂੰ ਸਾਫ਼ ਕਰ ਦੇ,
    ਪਾਕ ਰੂਹ ਦੇ ਨਾਲ ਮੇਰੀ ਜ਼ਿੰਦਗੀ ਨੂੰ ਭਰਦੇ,
    ਤੂੰ ਹੀ ਮੇਰੀ ਜ਼ਿੰਦਗੀ, ਤੂੰ ਮੇਰੀ ਜਾਨ,
    ਸੁਬਾਹ ਸ਼ਾਮ ਕਰਾਂ ਮੈਂ, ਦੁਆਵਾਂ ਲੈ ਕੇ ਤੇਰਾ ਨਾਮ।

  • ---

    ਹਾਲੇਲੂਯਾਹ, ਹਾਲੇਲੂਯਾਹ,
    ਹਾਲੇਲੂਯਾਹ ਕਰ, ਹਾਲੇਲੂਯਾਹ ਕਰ।
    ਹਰ ਦਮ ਹਰ ਵੇਲੇ, ਹਾਲੇਲੂਯਾਹ ਕਰ,
    ਆਪਣੇ ਯਿਸੂ ਨੂੰ ਦਿਲ ’ਚ ਵਸਾ ਲੈ,
    ਉਹਦੇ ਨਾਮ ਦਾ ਹਰ ਦੁੱਖ ਜਰ।

    1. ਵੱਖਰੀ ਏ ਜੱਗ ’ਤੇ ਪਛਾਣ ਮੇਰੇ ਯਿਸੂ ਦੀ,
    ਮੇਰਾ ਤਨ ਸਾਰਾ ਮੇਰੀ ਜਾਨ ਮੇਰੇ ਯਿਸੂ ਦੀ,
    ਨਬੀਆਂ ਦਾ ਰੱਬੀ ਵੇਖੋ ਸ਼ਾਨ ਮੇਰੇ ਯਿਸੂ ਦੀ,
    ਪੂਰੀ ਹੁੰਦੀ ਜੱਗ ’ਤੇ ਜ਼ੁਬਾਨ ਮੇਰੇ ਯਿਸੂ ਦੀ,
    ਜੋ ਯਕੀਨ ਨਾ ਤੈਨੂੰ ਆਵੇ,
    ਲਿਖਿਆ ਵਿੱਚ ਕਲਾਮ ਦੇ ਪੜ੍ਹ।

    2. ਪਾਣੀਆਂ ਦੇ ਉੱਤੇ ਉਹਨੇ ਤੁਰ ਕੇ ਵਿਖਾਇਆ ਏ,
    ਅੱਥਰਾ ਤੂਫ਼ਾਨ ਉਹਨੇ ਝਿੜਕ ਹਟਾਇਆ ਏ,
    ਮੁਰਦੇ ਨੂੰ ਜਾ ਕੇ ਜਦੋਂ ਕਬਰੋਂ ਬੁਲਾਇਆ ਏ,
    ਕੀਤਾ ਸੀ ਹੈਰਾਨ ਜਦ ਮੌਜਜ਼ਾ ਵਿਖਾਇਆ ਏ,
    ਉਹਦੇ ਹੁਕਮ ਨੂੰ ਮੰਨਦੇ ਸਾਰੇ,
    ਕੀ ਇਨਸਾਨ ਕੀ ਬਹਿਰ।

    3. ਫੌਜੀਆਂ ਫ਼ਰੀਸੀਆਂ ਨੇ ਯਿਸੂ ਨੂੰ ਸਤਾਇਆ ਏ,
    ਝੂਠਾ ਇਲਜ਼ਾਮ ਲਾ ਕੇ ਸੂਲੀ ’ਤੇ ਚੜ੍ਹਾਇਆ ਏ,
    ਸਾਡਿਆਂ ਗੁਨਾਹਾਂ ਪਿਆਰੇ ਯਿਸੂ ਨੂੰ ਰੁਲਾਇਆ ਏ,
    ਮੁੱਲ ਉਹਦੇ ਪਿਆਰ ਦਾ ਕਿਸੇ ਵੀ ਨਾ ਪਾਇਆ ਏ,
    ਚੜ੍ਹ ਕੇ ਸੂਲੀ ’ਤੇ ਯਿਸੂ ਨੇ
    ਲਾਹ ਦਿੱਤੇ ਨੇ ਸਭ ਦੇ ਡਰ।

    4. ਤੀਜੇ ਦਿਨ ਤੜਕੇ ਸੀ ਨੂਰੋ–ਨੂਰ ਹੋ ਗਿਆ,
    ਰੱਖਿਆ ਕਬਰ ’ਤੇ ਪੱਥਰ ਦੂਰ ਹੋ ਗਿਆ,
    ਮੌਤ ਦਾ ਗ਼ਰੂਰ ਵੇਖੋ ਚੂਰ–ਚੂਰ ਹੋ ਗਿਆ,
    ਮੌਜਜ਼ਾ ਇਹ ਜੱਗ ਉੱਤੇ ਮਸ਼ਹੂਰ ਹੋ ਗਿਆ,
    ਜ਼ਿੰਦਾ ਹੋਇਆ ਮੌਤ ਨੂੰ ਜਿੱਤ ਕੇ,
    ਕੰਬ ਗਏ ਧਰਤੀ ਅੰਬਰ।

    5. ਮੇਰੇ ਜਿਹੇ ਰੋਗੀਆਂ ਦਾ ਚਾਰਾ ਹੋਰ ਕੋਈ ਨਹੀਂ,
    ਯਿਸੂ ਜਿਹਾ ਲੱਭਣਾ ਸਹਾਰਾ ਹੋਰ ਕੋਈ ਨਹੀਂ,
    ਦੁਨੀਆ ਦੀ ਬੇੜੀ ਦਾ ਕਿਨਾਰਾ ਹੋਰ ਕੋਈ ਨਹੀਂ,
    ਲੈ ਕੇ ਆਇਆ ਪਾਪਾਂ ਦਾ ਕਫ਼ਾਰਾ ਹੋਰ ਕੋਈ ਨਹੀਂ,
    ਜਿਸ ’ਤੇ ਕਰਮ ਯਿਸੂ ਦਾ ਹੋਵੇ,
    ਡੁੱਬਦਾ–ਡੁੱਬਦਾ ਜਾਂਦਾ ਤਰ।

  • ---

    ਹੋਸਾਨਾ ਹੋਸਾਨਾ ਯਿਸੂ ਪਿਆਉਂਦਾ ਹੈ,
    ਮੁਬਾਰਿਕ ਮੁਬਾਰਿਕ ਉਹ ਛੇਤੀ ਆਉਂਦਾ ਹੈ।

    1. ਖੂਨ ਦੇ ਖਰੀਦੇ ਉਹਦੇ ਸੱਜੇ ਹੱਥ ਬਹਿਣਗੇ,
    ਖ਼ੁਸ਼ੀਆਂ ਤੇ ਸਦਰਾਂ ਦੇ ਫੁੱਲ ਖਿੜ ਪੈਣਗੇ,
    ਨਾਮ ਲੈ ਕੇ ਜਦੋਂ ਯਿਸੂ, ਸਾਨੂੰ ਬੁਲਾਵੇਗਾ।

    2. ਜਿੱਥੇ ਯਿਸੂ ਆਪ ਰਹਿੰਦਾ, ਉੱਥੇ ਅਸੀਂ ਰਹਾਂਗੇ,
    ਇਕੱਠੇ ਗੱਲਾਂ ਕਰਾਂਗੇ ਤੇ ਇਕੱਠੇ ਅਸੀਂ ਬਹਾਂਗੇ,
    ਸੋਨੇ ਦੀਆਂ ਸੜਕਾਂ ’ਤੇ ਸਾਨੂੰ ਉਹ ਤੁਰਾਵੇਗਾ।

    3. ਅਰਸ਼ਾਂ ’ਤੇ ਜਾਣ ਦੀਆਂ ਕਰ ਲਉ ਤਿਆਰੀਆਂ,
    ਇਹਨਾਂ ਦੁੱਖਾਂ ਨਾਲੋਂ ਉੱਥੇ ਖ਼ੁਸ਼ੀਆਂ ਨੇ ਭਾਰੀਆਂ,
    ਜੰਨਤਾਂ ਦੇ ਮਿੱਠੇ ਮੇਵੇ, ਸਾਨੂੰ ਉਹ ਖਿਲਾਵੇਗਾ।

  • ---

    ਹਾਲੇਲੂਯਾਹ, ਹਾਲੇਲੂਯਾਹ
    ਯਾਰਾਂ ਦਾ ਯਾਰ ਮੇਰਾ ਯਿਸੂ,
    ਮੇਰਾ ਹੱਕਦਾਰ ਮੇਰਾ ਯਿਸੂ,
    ਸੱਚੀ ਸਰਕਾਰ ਮੇਰਾ ਯਿਸੂ,
    ਮੇਰਾ ਦਿਲਦਾਰ ਯਿਸੂ, ਹਾਲੇਲੂਯਾਹ,
    ਯਿਸੂ ਮੇਰਾ ਯਾਰ ਹੈ, ਹਾਲੇਲੂਯਾਹ,
    ਯਿਸੂ ਮੇਰਾ ਦਿਲਦਾਰ ਹੈ।

    1. ਕਰਮ ਕਮਾਏ ਜਿਨ੍ਹੇ, ਲੰਗੜੇ ਚਲਾਏ ਜਿਨ੍ਹੇ,
    ਰੋਂਦੇ ਹਸਾਏ ਜਿਨ੍ਹੇ, ਮੁਰਦੇ ਜਿਵਾਏ ਜਿਨ੍ਹੇ,
    ਬਖ਼ਸ਼ਣਹਾਰ ਮੇਰਾ ਯਿਸੂ,
    ਤਾਰਨਹਾਰ ਮੇਰਾ ਯਿਸੂ।

    2. ਗੀਤ ਤੇਰੇ ਗਾਵਾਂ ਮੈਂ, ਸਭ ਨੂੰ ਸੁਣਾਵਾਂ ਮੈਂ,
    ਜਗਤ ਦੇ ਅੰਦਰ ਤੇਰੇ, ਝੰਡੇ ਲਹਿਰਾਵਾਂ ਮੈਂ,
    ਮੇਰਾ ਸੁਰਤਾਲ ਮੇਰਾ ਯਿਸੂ,
    ਮੇਰੀ ਆਵਾਜ਼ ਮੇਰਾ ਯਿਸੂ।

    3. ਦਿਲ ਤੋਂ ਤੇਰਾ ਸ਼ੁਕਰ ਕਰਾਂ, ਤੇਰੇ ਸ਼ੁਕਰਾਨੇ ਭਰਾਂ,
    ਤੇਰੇ ਮੈਂ ਘਰ ’ਚ ਰਹਾਂ, ਤੇਰੇ ਲਈ ਜੀਵਾਂ ਮਰਾਂ,
    ਮੇਰਾ ਸਾਹਿਬਾਨ ਮੇਰਾ ਯਿਸੂ,
    ਮੇਰੀ ਦਿਲਜਾਨ ਮੇਰਾ ਯਿਸੂ।

  • ---

    ਹਰ ਮੁਸ਼ਕਿਲ ਦੇ ਵਿੱਚ,
    ਮੇਰਾ ਯਿਸੂ ਮੇਰੇ ਨਾਲ-ਨਾਲ ਹੈ,
    ਬਾਪ ਵਾਂਗੂੰ ਕਰਦਾ ਫਿਕਰ,
    ਤੇ ਮਾਂ ਵਾਂਗੂੰ ਰੱਖਦਾ ਖਿਆਲ ਹੈ।

    1. ਮੇਰੀ ਰਾਖੀ ਲਈ ਸਦਾ ਦੂਤਾਂ ਨੂੰ ਉਹ ਘੱਲਦਾ,
    ਉਸਦਾ ਫ਼ਜ਼ਲ ਕਦੇ ਮੇਰੇ ਤੋਂ ਨਹੀਂ ਟਲਦਾ।
    ਨਾਮ ਉਹਦਾ ਮੇਰੀ ਏ ਪਨਾਹ,
    ਨਿਹਚਾ ਵਾਲੀ ਮੇਰੇ ਕੋਲ ਢਾਲ ਹੈ।

    2. ਰੋਵਾਂ ਜਦੋਂ ਕਦੇ ਮੇਰੇ ਹੰਝੂ ਸਾਫ਼ ਕਰਦਾ,
    ਸੀਨੇ ਨਾਲ ਲਾਉਂਦਾ ਹੱਥ ਸਿਰ ਉੱਤੇ ਧਰਦਾ।
    ਜਦੋਂ ਮੈਨੂੰ ਕੋਈ ਨਾ ਪੁੱਛੇ,
    ਖੁਦ ਪੁੱਛਦਾ, ਉਹ ਆ ਕੇ ਮੇਰਾ ਹਾਲ ਹੈ।

    3. ਮੇਰੀ ਕਮਜ਼ੋਰੀਆਂ ’ਚ ਕੁੱਵਤ ਉਹ ਮੇਰੀ ਏ,
    ਉਹਦਾ ਰੂਹ-ਏ-ਪਾਕ ਮੇਰੀ ਬਣਦਾ ਦਲੇਰੀ ਏ।
    ਜੰਗ ਮੇਰੀ ਆਪੇ ਲੜਦਾ,
    ਵਿੰਗਾ ਹੋਣ ਨਹੀਂਉਂ ਦਿੰਦਾ ਮੇਰਾ ਵਾਲ ਹੈ।

  • ---

    ਹੱਥ ਜੋੜੋ ਮੰਗੋ ਮਾਫ਼ੀ
    ਜਗਤ ਵਿੱਚ ਆਇਆ ਹੈ ਸ਼ਾਫ਼ੀ।

    1. ਯਿਸੂ ਹੈ ਅਯਾਲੀ
    ਸਾਰੀ ਦੁਨੀਆ ਦਾ ਵਾਲੀ,
    ਸਾਰੇ ਜੱਗ ਵਿੱਚ
    ਉਹਦੀ ਸ਼ਾਨ ਨਿਰਾਲੀ।

    2. ਗ਼ੁਨਾਹਗਾਰ ਚੱਲੋ ਸਾਰੇ
    ਯਿਸੂ ਦੇ ਦੁਆਰੇ,
    ਸਭਨਾਂ ਲਈ ਖੁੱਲ੍ਹੇ ਹੋਏ
    ਯਿਸੂ ਦੇ ਦੁਆਰੇ।

    3. ਯਿਸੂ ਅਵਤਾਰ ਦਿੰਦਾ
    ਸਭਨਾਂ ਨੂੰ ਤਾਰ,
    ਸਭਨਾਂ ਦੇ ਬੇੜੇ ਯਿਸੂ
    ਕਰ ਦਿੰਦਾ ਪਾਰ।