62 Tracks
  • ---

    1. ਖ਼ੁਦਾਇਆ, ਆਪਣੇ ਤਾਈਂ ਤੂੰ ਸਾਥੋਂ ਕਿਉਂ ਛੁਪਾਇਆ ਏ?
    ਖਲੋਤਾ ਦੂਰ ਕਿਉਂ ਰਹਿੰਦਾ,
    ਜਦੋਂ ਦੁੱਖ ਸਿਰ ’ਤੇ ਆਇਆ ਏ?

    2. ਕਲੇਜਾ ਜਲਦਾ ਆਜਿਜ਼ ਦਾ,
    ਹੰਕਾਰਾਂ ਤੋਂ ਸ਼ਰੀਰਾਂ ਦੇ,
    ਜੋ ਮਨਸੂਬੇ ਉਹ ਬੰਨ੍ਹਦੇ ਹਨ,
    ਉਹ ਆਪੇ ਉਹਨਾਂ ਵਿੱਚ ਫਸਦੇ।

    3. ਤੇ ਆਪਣੇ ਦਿਲ ਦੀ ਸ਼ਾਹਵਤ ’ਤੇ,
    ਸ਼ਰੀਰ ਹੰਕਾਰਦਾ ਰਹਿੰਦਾ,
    ਲੁਟੇਰੇ ਨੂੰ ਭਲਾ ਕਹਿੰਦਾ ਨਾ
    ਰੱਬ ਦੀ ਰੱਖਦਾ ਕੁਝ ਪਰਵਾਹ।

    4. ਸ਼ਰੀਰ ਆਪਣੇ ਤਕੱਬਰ ਵਿੱਚ,
    ਖ਼ੁਦਾ ਨੂੰ ਨਹੀਂ ਲੱਭਦਾ ਏ,
    ਉਹ ਕਹਿੰਦਾ ਏ, ਖ਼ੁਦਾ ਨਹੀਂ,
    ਨਾ ਉਸ ਨੂੰ ਖੌਫ਼ ਰੱਬ ਦਾ ਏ।

    5. ਤੇ ਉਹਦੀਆਂ ਆਦਤਾਂ ਬੁਰੀਆਂ,
    ਬਰਾਬਰ ਰਹਿੰਦੀਆਂ ਕਾਇਮ,
    ਨਿਆਂ ਤੇਰੇ, ਖ਼ੁਦਾਵੰਦਾ,
    ਛੁਪੇ ਹਨ ਉਸ ਤੋਂ ਦਾਇਮ।

    6. ਉਹ ਆਪਣੇ ਵੈਰੀਆਂ ਅੱਗੇ,
    ਹੈ ਆਕੜਦਾ ਤੇ ਇਹ ਕਹਿੰਦਾ,
    ਨਾ ਦੁੱਖ ਮੇਰੇ ’ਤੇ ਆਵੇਗਾ,
    ਕਦੀ ਵੀ ਮੈ ਨਾ ਡਿੱਗਾਂਗਾ।

  • ---

    19. ਖ਼ੁਦਾਇਆ ਆਪਣੇ ਭਾਈਆਂ ਨੂੰ ਮੈਂ ਤੇਰਾ ਨਾਂ ਸੁਣਾਵਾਂਗਾ,
    ਹਾਂ ਤੇਰੇ ਨਾਂ ਦੀਆਂ ਸਿਫ਼ਤਾਂ ਮੈਂ ਮਜਲਸ ਵਿੱਚ ਬਤਾਵਾਂਗਾ।

    20. ਤੁਸੀਂ ਜੋ ਰੱਬ ਦਾ ਡਰ ਮੰਨਦੇ ਤੇ ਉਸ ਦਾ ਖੌਫ਼ ਰੱਖਦੇ ਹੋ,
    ਸਨਾਵਾਂ ਉਹਦੀਆਂ ਗਾਓ, ਤੇ ਗਾਓ ਗੀਤ ਸਿਫ਼ਤਾਂ ਦਾ।

    21. ਖ਼ੁਦਾਵੰਦ ਦੀ ਬਜ਼ੁਰਗੀ ਕਰ ਤੂੰ, ਐ ਯਾਕੂਬ ਦੀ ਔਲਾਦ,
    ਐ ਇਸਰਾਏਲ ਦੀ ਪੀੜ੍ਹੀ, ਤੂੰ ਡਰ ਰੱਖੀਂ ਖ਼ੁਦਾਵੰਦ ਦਾ।

    22. ਨਾ ਦੁੱਖ ਆਜਿਜ਼ ਦਾ ਤੁੱਛ ਜਾਤਾ, ਨਾ ਉਸ ਤੋਂ ਮੂੰਹ ਲੁਕਾਉੁਂਦਾ ਹੈ,
    ਜਦੋਂ ਦਿੰਦਾ ਦੁਹਾਈ ਉਹ, ਖ਼ੁਦਾਵੰਦ ਝੱਟ ਉਹਦੀ ਸੁਣਦਾ।

    23. ਮੈਂ ਸਿਫ਼ਤਾਂ ਤੇਰੀਆਂ ਗਾਵਾਂ, ਜਮਾਤ ਵੱਡੀ ਦੇ ਅੱਗੇ,
    ਖ਼ੁਦਾ ਤਰਸਾਂ ਦੇ ਅੱਗੇ ਤੈਨੂੰ ਨਜ਼ਰਾਂ ਮੈਂ ਚੜ੍ਹਾਵਾਂਗਾ।

    24. ਹਲੀਮ ਹੁਣ ਖਾ ਕੇ ਰੱਜਣਗੇ, ਖ਼ੁਦਾ ਦੀ ਸਿਫ਼ਤ ਗਾਵਣਗੇ,
    ਤੁਹਾਡਾ ਦਿਲ ਸਦਾ ਤੀਕਰ ਖ਼ੁਸ਼ੀ ਦੇ ਨਾਲ ਜੀਵੇਗਾ।

  • ---

    1. ਖ਼ੁਦਾਵੰਦ ਆਪ ਹੈ ਮੇਰਾ ਅਯਾਲੀ,
    ਕਿਸੇ ਸ਼ੈਅ ਦੀ ਨਹੀਂ ਮੈਨੂੰ ਕਮੀ ਵੀ।

    2. ਹਰੇ ਮੈਦਾਨਾਂ ਵਿੱਚ ਮੈਨੂੰ ਬਿਠਾਦਾਂ,
    ਤੇ ਮਿੱਠੇ ਚਸ਼ਮਿਆਂ ਉੱਤੇ ਲੈ ਜਾਂਦਾ।

    3. ਖ਼ੁਦਾ ਵਾਸਤੇ ਆਪਣੇ ਹੀ ਨਾਂ ਦੇ,
    ਚਲਾਂਦਾ ਮੈਨੂੰ ਸੱਚਿਆਈ ਦੇ ਰਸਤਿਆਂ ’ਤੇ।

    4. ਹੈ ਜੰਗਲ ਮੌਤ ਦੇ ਸਾਏ ਦਾ ਜਿਹੜਾ,
    ਕਦੀ ਉਸ ਵਿੱਚ ਗੁਜ਼ਰ ਹੋਵੇ ਜੇ ਮੇਰਾ।

    5. ਨਾ ਮੈਨੂੰ ਹੋਵੇਗਾ ਕੁਝ ਖੌਫ਼ ਡਰ ਵੀ,
    ਕਿ ਤੂੰ ਹੋਵੇਂਗਾ ਆਪੇ ਮੇਰਾ ਸਾਥੀ।

    6. ਤੇਰੀ ਲਾਠੀ, ਛੜੀ ਤੇਰੀ ਖ਼ੁਦਾਇਆ,
    ਹੈ ਇਹਨਾਂ ਤੋਂ ਮੇਰੀ ਡਾਢੀ ਤਸੱਲੀ।

    7. ਖ਼ੁਦਾਇਆ, ਸਾਹਮਣੇ ਸਭ ਦੁਸ਼ਮਣਾਂ ਦੇ,
    ਵਿਛਾਉਂਦਾ ਖਾਚਾ ਤੂੰ ਮੇਰੇ ਅੱਗੇ।

    8. ਤੂੰ ਮੇਰੇ ਸਿਰ ਦੇ ਉੱਤੇ ਤੇਲ ਮਲਦਾ,
    ਪਿਆਲਾ ਮੇਰਾ ਭਰ ਕੇ ਹੈ ਛਲਕਦਾ।

    9. ਯਕੀਨ ਤੇਰਾ ਰਹਿਮ ਮਿਹਰ ਤੇਰੀ,
    ਰਹੇਗੀ ਨਾਲ ਮੇਰੀ ਉਮਰ ਭਰ ਵੀ।

    10. ਮੁਕੱਦਸ ਘਰ ਜੋ ਹੈ ਮੇਰੇ ਖ਼ੁਦਾ ਦਾ,
    ਮੈਂ ਉਸ ਘਰ ਵਿੱਚ ਸਦਾ ਰਹਾਂਗਾ।

  • ---

    ਖ਼ੁਦਾਵੰਦ ਆਪ ਹੈ ਮੇਰਾ ਅਯਾਲੀ,
    ਕਿਸੇ ਚੀਜ਼ ਦੀ ਮੈਨੂੰ ਥੁੜ ਨਾ ਹੁੰਦੀ।

    1. ਹਰੀਆਂ ਹਰੀਆਂ ਚਰਗਾਹਾਂ ਵਿੱਚ,
    ਮੈਨੂੰ ਉਹ ਬਿਠਾਉਂਦਾ,
    ਮਿੱਠੇ–ਮਿੱਠੇ ਪਾਣੀ ਦੇ ਕੋਲ,
    ਮੈਨੂੰ ਉਹ ਲੈ ਜਾਂਦਾ।

    2. ਮੇਰੀ ਜਾਨ ਨੂੰ ਆਪ ਖ਼ੁਦਾਵੰਦ,
    ਜੀਵਨ ਹੈ ਨਵਾਂ ਦੇਂਦਾ,
    ਆਪਣੇ ਨਾਂ ਦੀ ਖ਼ਾਤਿਰ ਮੈਨੂੰ,
    ਸੱਚ ਦੇ ਵੱਲ ਲੈ ਜਾਂਦਾ।

    3. ਜੇ ਮੈਂ ਮੌਤ ਦੇ ਰਾਹ ’ਚੋਂ ਜਾਵਾਂ,
    ਮੈਂ ਨਹੀਂ ਡਰਾਂਗਾ,
    ਤੇਰੀ ਸੋਟੀ, ਤੇਰੀ ਲਾਠੀ,
    ਦਿੰਦੇ ਮੈਨੂੰ ਸਹਾਰਾ।

    4. ਵੈਰੀਆਂ ਦੇ ਅੱਗੇ ਖ਼ੁਦਾਇਆ,
    ਮੇਰੇ ਲਈ ਮੇਜ਼ ਵਿਛਾਇਆ,
    ਤੇਲ ਵੀ ਮੇਰੇ ਸਿਰ ’ਤੇ ਮਲਿਆ,
    ਪਿਆਲਾ ਮੇਰਾ ਤੂੰ ਭਰਿਆ।

    5. ਤੇਰੀ ਦਇਆ, ਤੇਰੀ ਰਹਿਮਤ,
    ਸਦਾ ਨਾਲ ਰਹੇਗੀ,
    ਤੇਰਾ ਘਰ ਹੈ ਪਾਕ ਹਮੇਸ਼ਾ,
    ਉਸ ’ਚ ਸਦਾ ਰਹਾਂਗਾ।

  • ---

    15. ਖ਼ੁਦਾ ਵੱਲ ਲਾਈ ਰੱਖਦਾ ਹਾਂ ਮੈਂ ਆਪਣੀ ਅੱਖ ਸਦਾ,
    ਜਾਲ ਵਿੱਚੋਂ ਮੇਰੇ ਪੈਰਾਂ ਨੂੰ ਉਹ ਆਪ ਛੁਡਾਵੇਗਾ।

    16. ਤੂੰ ਮੇਰੇ ਉੱਤੇ ਰਹਿਮਤ ਕਰ, ਕਰ ਮੇਰੇ ਵੱਲ ਧਿਆਨ,
    ਦੁੱਖਾਂ ਦੇ ਵਿੱਚ ਪਈਏ ਇਕੱਲੀ ਮੇਰੀ ਜਾਨ।

    17. ਮੁਸੀਬਤ ਗ਼ਮ ਦਿਲ ਮੇਰੇ ਦੇ ਵੱਧ ਗਏ, ਐ ਖ਼ੁਦਾ,
    ਮੁਸੀਬਤ ਤੋਂ ਤੇ ਤੰਗੀ ਤੋਂ ਜਾਨ ਮੇਰੀ ਨੂੰ ਬਚਾ।

    18. ਖ਼ੁਦਾਇਆ, ਨਜ਼ਰ ਕਰੀਂ ਤੂੰ, ਇਸ ਦੁੱਖ ਮੁਸੀਬਤ ’ਤੇ,
    ਮੇਰੇ ਸਭ ਗ਼ੁਨਾਹਾਂ ਦੀ ਮਾਫ਼ੀ ਮੈਨੂੰ ਦੇ।

    19. ਯਾ ਰੱਬਾ, ਮੇਰੇ ਵੈਰੀ ਵੇਖ, ਕਿ ਉਹ ਬਥੇਰੇ ਹਨ,
    ਵੈਰ ਰੱਖਦੇ ਡਾਢਾ ਮੇਰੇ ਨਾਲ ਤੇ ਵੈਰ ਕਮਾਂਦੇ ਹਨ।

    20. ਰਖਵਾਲੀ ਕਰ ਖ਼ਲਾਸੀ ਦੇ, ਜਾਨ ਮੇਰੀ ਹੈ ਲਾਚਾਰ,
    ਆਸ ਮੇਰੀ ਤੇਰੇ ਉੱਤੇ ਹੈ ਨਾ ਮੈਨੂੰ ਹੋਣ ਦੇ ਖੁਆਰ।

    21. ਸੱਚਿਆਈ ਤੇ ਸਫ਼ਾਈ ਵੀ, ਹੋਣ ਮੇਰੇ ਨਿਗਾਹਬਾਨ,
    ਕਿ ਤੈਨੂੰ ਹੁਣ ਉਡੀਕਦੀ ਹੈ ਖ਼ੁਦਾਇਆ, ਮੇਰੀ ਜਾਨ।

    22. ਯਾ ਰੱਬਾ, ਇਸਰਾਏਲ ਨੂੰ ਤੂੰ, ਸਭ ਦੁੱਖਾਂ ਤੋਂ ਛੁਡਾ,
    ਨਜਾਤ ਦੇ, ਆਪਣੇ ਫ਼ਜ਼ਲ ਨਾਲ ਤੂੰ ਉਸਨੂੰ ਆਪ ਬਚਾ।

  • ---

    23. ਖੂਬੀਆਂ ਆਪਣੀ ਅਜਾਇਬ ਤੂੰ ਤੇ ਰੱਖੀਆਂ ਹਨ ਛੁਪਾ,
    ਵਾਸਤੇ ਉਹਨਾਂ ਦੇ ਜੋ ਡਰਦੇ ਹਨ ਤੇਥੋਂ, ਐ ਖ਼ੁਦਾ।

    24. ਸਾਹਮਣੇ ਲੋਕਾਂ ਦੇ ਉਹਨਾਂ ਉੱਤੇ ਕੀਤਾ ਰਹਿਮ ਤੂੰ,
    ਯਾ ਰੱਬਾ, ਜੋ ਤੇਰੇ ਉੱਤੇ ਰੱਖਦੇ ਆਪਣਾ ਆਸਰਾ।

    25. ਪਰਦੇ ਵਿੱਚ ਆਪਣੀ ਹਜ਼ੂਰੀ ਦੇ ਛੁਪਾਉਂਦਾ ਉਹਨਾਂ ਨੂੰ,
    ਲੋਕਾਂ ਦੇ ਮਨਸੂਬਿਆਂ ਤੇ ਸਾਜ਼ਿਸ਼ਾਂ ਤੋਂ, ਐ ਖ਼ੁਦਾ।

    26. ਤੂੰ ਛੁਪਾਉਂਦਾ ਰਹਿਮ ਕਰਕੇ ਝਗੜਿਆਂ ਤੋਂ ਉਹਨਾਂ ਨੂੰ,
    ਆਪਣੇ ਤੰਬੂ ਹੀ ਦੇ ਅੰਦਰ ਜਿੱਥੇ ਰਹਿੰਦਾ ਤੂੰ ਸਦਾ।

    27. ਸ਼ਹਿਰ ਜੋ ਮੁਹਕਮ ਹੈ, ਉਸ ਵਿੱਚ ਰੱਬ ਨੇ ਆਪਣੀ ਖੂਬੀਆਂ,
    ਮੈਨੂੰ ਵਿਖਾਲੀਆਂ ਬਹੁਤ, ਮੇਰਾ ਮੁਬਾਰਿਕ ਹੈ ਖ਼ੁਦਾ।

    28. ਵੇਖਿਆ ਜਦ ਹਾਲ ਆਪਣਾ ਬੋਲਿਆ ਘਬਰਾ ਕੇ ਮੈਂ,
    ਤੇਰੀ ਅੱਖੀਆਂ ਤੋਂ, ਖ਼ੁਦਾਇਆ, ਦੂਰ ਹੁਣ ਸੁੱਟਿਆ ਗਿਆ।

    29. ਪਰ ਜਦੋਂ ਦਿੱਤੀ ਦੁਹਾਈ ਤੇਰੇ ਵੱਡੇ ਨਾਂ ਦੀ,
    ਸੁਣ ਲਈਂ ਤੂੰ ਉਸੇ ਵੇਲੇ, ਮੇਰੀ ਮਿੰਨਤ ਦੀ ਸਦਾ।

    30. ਮੋਮਨੋ, ਰੱਖੋ ਮੁਹੱਬਤ ਸਭ ਖ਼ੁਦਾਵੰਦ ਪਾਕ ਨਾਲ,
    ਰਾਖਾ ਦੀਨਦਾਰਾਂ ਦਾ ਹੈ, ਮਗ਼ਰੂਰਾਂ ਨੂੰ ਦਿੰਦਾ ਸਜ਼ਾ।

    31. ਜ਼ੋਰ ਪਕੜੋ, ਜੋ ਖ਼ੁਦਾਵੰਦ ਕੋਲੋਂ ਰੱਖਦੇ ਹੋ ਉਮੀਦ,
    ਬਖ਼ਸ਼ੇਗਾ ਦਿਲ ਨੂੰ ਤੁਹਾਡੇ ਖੂਬ ਮਜ਼ਬੂਤੀ ਖ਼ੁਦਾ।

  • ---

    ਖ਼ੁਦਾ ਆਪਣੇ ਨਿਆਂ ਨੇਕੀ ਅਤੇ ਸੱਚਿਆਈ,
    ਦੇ ਸਬੱਬ ਤਾਰੀਫ਼ ਦੇ ਲਾਇਕ ਹੈ।

    1. ਤੁਸੀਂ, ਐ ਸਾਦਿਕੋ ਖ਼ੁਸ਼ੀਆਂ ਮਨਾਓ,
    ਖ਼ੁਦਾ ਦੇ ਇਸ਼ਕ ਵਿੱਚ ਇੱਕ ਗੀਤ ਗਾਓ।

    2. ਕਿ ਇਹ ਸਿੱਧੇ ਦਿਲਾਂ ਨੂੰ ਖੂਬ ਸੱਜਦਾ,
    ਖ਼ੁਦਾ ਦੀ ਕਰਨੀ ਵਡਿਆਈ ਹਮੇਸ਼ਾ ।

    3. ਖ਼ੁਦਾ ਦੀ ਹਮਦ ਵਾਜੇ ਨਾਲ ਗਾਓ,
    ਵਜਾ ਕੇ ਬੀਨ ਉਸਦਾ ਨਾਂ ਸਰ੍ਹਾਓ।

    4. ਨਵਾਂ ਇੱਕ ਗੀਤ ਗਾਓ ਹੁਣ ਖ਼ੁਦਾ ਦਾ,
    ਵਜਾਓ ਗਾਓ ਖ਼ੁਸ਼ੀਆਂ ਨਾਲ ਵਾਜਾ।

    5. ਖ਼ੁਦਾ ਦੇ ਬੋਲ ਹਨ ਸਿੱਧੇ ਪਿਆਰੇ,
    ਅਮਾਨਤ ਨਾਲ ਉਹਦੇ ਕੰਮ ਸਾਰੇ।

    6. ਸਿਧਾਈ ਤੇ ਅਦਾਲਤ ਉਸ ਨੂੰ ਪਿਆਰੀ,
    ਜ਼ਮੀਨ ਉੱਤੇ ਹੈ ਉਸਦੀ ਮਿਹਰ ਸਾਰੀ।

  • ---

    7. ਖੜ੍ਹਾ ਕਰਕੇ ਤੰਬੂ ਫਰਿਸ਼ਤਾ ਖ਼ੁਦਾ ਦਾ,
    ਖ਼ੁਦਾ-ਤਰਸਾਂ ਦੀ ਜਾਨ ਹੈ ਉਹ ਬਚਾਂਦਾ।

    8. ਜ਼ਰਾ ਆਓ, ਚੱਖੋ ਤੇ ਵੇਖੋ, ਤੁਸੀਂ ਵੀ,
    ਖ਼ੁਦਾਵੰਦ ਖ਼ੁਦਾ ਦੀ ਅਜਬ ਮਿਹਰਬਾਨੀ।

    9. ਮੁਬਾਰਿਕ ਹੈ ਕਿਆ ਹਾਲ ਉਸ ਆਦਮੀ ਦਾ,
    ਜੋ ਆਪਣਾ ਭਰੋਸਾ ਖ਼ੁਦਾ ਉੱਤੇ ਰੱਖਦਾ।

    10. ਰਹੋ, ਪਾਕ ਲੋਕੋ, ਖ਼ੁਦਾਵੰਦ ਤੋਂ ਡਰਦੇ,
    ਨਾ ਘਾਟਾ ਹੋ ਉਹਨਾਂ ਨੂੰ ਜੋ ਖੌਫ਼ ਕਰਦੇ ।

    11. ਰਹੇ ਸ਼ੇਰ ਦਾ ਬੱਚਾ ਜੇਕਰ ਵੀ ਭੁੱਖਾ,
    ਕਦੀ ਰੱਬ ਦਾ ਤਾਲਿਬ ਨਾ ਭੁੱਖਾ ਰਹੇਗਾ।

  • ---

    18. ਖ਼ੁਦਾਵੰਦ ਸੱਚਿਆਂ ਲੋਕਾਂ ’ਤੇ, ਆਪ ਨਜ਼ਰ ਕਰਦਾ ਹੈ।
    ਫਰਿਆਦਾਂ ਉੱਤੇ ਉਹਨਾਂ ਦੀ, ਕੰਨ ਆਪਣਾ ਧਰਦਾ ਹੈ।

    19. ਬਦਕਾਰਾਂ ਉੱਤੇ ਗੁੱਸੇ ਹੈ ਚਿਹਰਾ ਖ਼ੁਦਾਵੰਦ ਦਾ,
    ਇਸ ਧਰਤੀ ਉੱਤੋਂ ਉਹਨਾਂ ਦੀ ਬੁਨਿਆਦ ਮਿਟਾਵੇਗਾ।

    20. ਜਦ ਸਾਦਿਕ ਲੋਕ ਚਿੱਲਾਂਦੇ ਹਨ, ਖ਼ੁਦਾਵੰਦ ਸੁਣਦਾ ਹੈ,
    ਮੁਸੀਬਤ ਵਿੱਚੋਂ ਉਹਨਾਂ ਨੂੰ ਉਹ ਕੱਢ ਲਿਆਉਂਦਾ ਹੈ।

    21. ਜੋ ਟੁੱਟੇ ਦਿਲ ਹਨ ਉਹਨਾਂ ਕੋਲ, ਆਪ ਰਹਿੰਦਾ ਹੈ ਖ਼ੁਦਾ,
    ਤੇ ਟੁੱਟੀ ਜਾਨ ਨੂੰ ਰਹਿਮਤ ਨਾਲ, ਸਾਫ਼ ਲੈਂਦਾ ਹੈ ਬਚਾ।

    22. ਸੱਚਿਆਰਾਂ ਉੱਤੇ ਆਉਂਦੇ ਹਨ, ਦੁੱਖ ਤੇ ਮੁਸੀਬਤ ਵੀ,
    ਰੱਬ ਉਹਨਾਂ ਤੋਂ ਕਰਾਂਦਾ ਹੈ ਖ਼ਲਾਸੀ ਉਹਨਾਂ ਦੀ।

    23. ਉਹ ਉਹਨਾਂ ਦੀ ਸਭ ਹੱਡੀਆਂ ਦੀ, ਆਪ ਖ਼ਬਰ ਲੈਂਦਾ ਹੈ,
    ਤੇ ਉਹਨਾਂ ਵਿੱਚੋਂ ਇੱਕ ਨੂੰ ਵੀ ਨਾ ਟੁੱਟਣ ਦੇਂਦਾ ਹੈ।

    24. ਬੁਰਿਆਈ ਆਪ ਬਦਕਾਰਾਂ ਦਾ, ਨਾਸ਼ ਕਰੇਗੀ ਤਮਾਮ,
    ਤੇ ਸਾਦਿਕਾਂ ਦੇ ਦੁਸ਼ਮਣ ਨੂੰ ਹੁਣ ਲੱਗੇਗਾ ਇਲਜ਼ਾਮ ।

    25. ਜਾਨ ਆਪਣੇ ਬੰਦਿਆਂ ਦੀ ਖ਼ੁਦਾ, ਦੁੱਖ ਤੋਂ ਬਚਾਂਦਾ ਹੈ,
    ਨਾ ਕਦੀ ਆਪਣੇ ਬੰਦਿਆਂ ਨੂੰ ਮੁਲਜ਼ਿਮ ਠਹਿਰਾਉਂਦਾ ਹੈ।

  • ---

    20. ਖ਼ੁਸ਼ ਨਾ ਰਹਿਣ ਜੋ ਮੇਰੇ ਨਾਲ,
    ਨਾਹੱਕ ਵੈਰ ਕਮਾਉਂਦੇ ਹਨ,
    ਮੇਰੇ ਵੱਲੋਂ ਅੱਖੀਆਂ ਮਾਰ,
    ਗੱਲਾਂ ਕਰਦੇ ਜਾਂਦੇ ਹਨ।

    21. ਮੇਰੇ ਵੈਰੀ ਸੁਲਾਹ ਦੀ,
    ਕੁਝ ਵੀ ਗੱਲ ਨਾ ਕਰਦੇ ਹਨ,
    ਦੁਨੀਆ ਦੇ ਸਲੀਮਾਂ ਪਰ,
    ਝੂਠੀ ਬੰਦਿਸ਼ ਬੰਨ੍ਹਦੇ ਹਨ।

    22. ਆਪਣਾ ਮੂੰਹ ਪਸਾਰਦੇ ਹਨ,
    ਵੇਖਦੇ ਨੇ ਜਦ ਮੇਰਾ ਹਾਲ,
    ਕਹਿੰਦੇ ਹਨ, ‘‘ਆਹਾ, ਆਹਾ,
    ਵੇਖਿਆ ਹੈ ਅਸਾਂ ਅੱਖੀਆਂ ਨਾਲ’’।

    23. ਸਭੋ ਕੁਝ ਤੂੰ ਵੇਖਿਆ ਹੈ,
    ਚੁੱਪ ਨਾ ਰਹਿ ਹੁਣ ਐ ਗਫ਼ੂਰ,
    ਐ ਖ਼ੁਦਾਵੰਦ, ਮੇਰੇ ਰੱਬ,
    ਮੈਥੋਂ ਤੂੰ ਨਾ ਰਹੀਂ ਦੂਰ।

    24. ਉੱਠ ਤੇ ਮੇਰਾ ਕਰ ਇਨਸਾਫ਼,
    ਮੇਰੇ ਰੱਬ, ਖ਼ੁਦਾਵੰਦਾ,
    ਜੱਗ ’ਤੇ ਆਪਣੀ ਰਹਿਮਤ ਨਾਲ,
    ਮੇਰਾ ਝਗੜਾ ਤੂੰ ਮੁਕਾ।

  • ---

    5. ਖ਼ੁਦਾਇਆ ਅਸਮਾਨਾਂ ’ਤੇ
    ਤੇਰੀ ਰਹਿਮਤ ਭਾਰੀ ਹੈ,
    ਤੇ ਬਦਲਾਂ ਤੀਕਰ ਆ ਪਹੁੰਚੀ
    ਤੇਰੀ ਇਹ ਵਫ਼ਾਦਾਰੀ ਹੈ।

    6. ਖ਼ੁਦਾਇਆ, ਤੇਰੀ ਸੱਚਿਆਈ ਹੈ,
    ਪਰਬਤ ਵਾਂਗ ਜੋ ਭਾਰਾ ਹੈ,
    ਨਿਆਂ ਤੇਰਾ ਹੈ ਅਤਿ ਡੂੰਘਾ,
    ਤੂੰ ਸਭ ਦਾ ਪਾਲਣਹਾਰਾ ਹੈਂ।

    7. ਤੇਰੀ ਰਹਿਮਤ ਹੈ ਕਿਆ ਹੀ,
    ਬੇਸ਼ਕੀਮਤ ਅਤਿ, ਖ਼ੁਦਾਵੰਦਾ,
    ਜੋ ਤੇਰੇ ਪਰ ਦਾ ਸਾਇਆ ਹੈ,
    ਉਹ ਲੋਕਾਂ ਨੂੰ ਪਨਾਹ ਦੇਂਦਾ।

    8. ਤੇਰੇ ਹੀ ਘਰ ਦੇ ਥਿੰਦੇ ਨਾਲ,
    ਉਹ ਸਭ ਖ਼ੁਸ਼ਹਾਲ ਹੋਵਣਗੇ,
    ਤੇਰੇ ਦਰਿਆਈ ਇਸ਼ਰਤ ਤੋਂ,
    ਉਹ ਰੱਜ ਕੇ ਪਾਣੀ ਪੀਵਣਗੇ।

    9. ਖ਼ੁਦਾਵੰਦਾ, ਹੈ ਤੇਰੇ ਕੋਲ,
    ਇੱਕ ਚਸ਼ਮਾ ਜ਼ਿੰਦਗਾਨੀ ਦਾ,
    ਅਸੀਂ ਲੋਕੀ ਤੇਰੇ ਚਾਨਣ ਤੋਂ
    ਚਾਨਣ ਪਾਵਾਂਗੇ ਬਹੁਤਾ।

    10. ਜੋ ਤੇਰੇ ਨਾਮ ਨੂੰ ਜਾਨਣ,
    ਵਧਾ ਮਿਹਰ ਆਪਣੀ ਉਹਨਾਂ ਪਰ,
    ਸੱਚਾਈ ਨਾਲ ਆਪਣੀ ਤੂੰ,
    ਖ਼ੁਦਾਇਆ ਸਿੱਧੇ ਦਿਲ ਨੂੰ ਭਰ।

    11. ਘੁਮੰਡੀ ਦੇ ਨਾ ਪੈਰਾਂ ਵਿੱਚ,
    ਤੂੰ ਮੇਰੇ ਸਿਰ ਨੂੰ ਟੁੱਟਣ ਦੇ,
    ਤੇ ਬਦਕਾਰਾਂ ਦੇ ਹੱਥਾਂ ਤੋਂ,
    ਤੂੰ ਮੈਨੂੰ ਰੱਦ ਨਾ ਹੋਵਣ ਦੇ।

    12. ਬਦੀ ਦੇ ਕਰਨ ਵਾਲੇ ਸਭ ਤੇ
    ਉੱਥੇ ਡਿੱਗੇ ਹੋਏ ਹਨ,
    ਧਕੇਲੇ ਗਏ ਹੁਣ ਉਹ ਸਭ,
    ਕਦੀ ਵੀ ਉੱਠ ਨਾ ਸਕਦੇ ਹਨ।

  • ---

    13. ਖ਼ੁਦਾ ਗੋਰ ਦੇ ਕਾਬੂ ਤੋਂ ਮੇਰੀ ਜਾਨ,
    ਛੁਡਾਵੇਗਾ, ਉਹ ਹੈ ਬੜ੍ਹਾ ਮਿਹਰਬਾਨ।

    14. ਪਤਾਲੋਂ ਮੇਰੀ ਜਾਨ ਕੱਢ ਲੈ ਆਵੇਗਾ,
    ਤੇ ਕੋਲ ਆਪਣੇ ਚੰਗੀ ਤਰ੍ਹਾਂ ਰੱਖੇਗਾ।

    15. ਨਾ ਡਰ ਉਸ ਮਨੁੱਖ ਤੋਂ ਜੋ ਹੋਵੇ ਧਨੀ,
    ਤੇ ਸ਼ਾਨ ਉਹਦੇ ਮਹਿਲਾਂ ਦੀ ਹੋਵੇ ਬੜ੍ਹੀ।

    16. ਤੇ ਓੜਕ ਨੂੰ ਹੱਥ ਖ਼ਾਲੀ ਮਰ ਜਾਵੇਗਾ,
    ਤੇ ਨਾ ਮਾਲ ਕੁਝ ਨਾਲ ਲੈ ਜਾਵੇਗਾ।

    17. ਸਾਡਾ ਕਰਦਾ ਰਹਿੰਦਾ ਸੀ ਉਹ ਇਹ ਬਖ਼ਾਨ,
    ਤੂੰ ਧੰਨ ਹੈਂ, ਤੂੰ ਧੰਨ ਹੈਂ, ਤੂੰ ਧੰਨ ਮੇਰੀ ਜਾਨ।

    18. ਤੂੰ ਸਭ ਕੀਤੀ ਭਲਾਈ ਆਪਣੇ ਲਈ,
    ਖ਼ੁਸ਼ਾਮਦ ਤੇਰੀ ਕਰਦੇ ਸਨ ਲੋਕ ਵੀ।

    19. ਉਹ ਪਿਓ ਦਾਦਿਆਂ ਨਾਲ ਰਲ ਜਾਵੇਗਾ,
    ਕਦੀ ਵੀ ਨਾ ਵੇਖੇਗਾ ਚਾਨਣ ਸਦਾ।

    20. ਜੋ ਰੱਖਦਾ ਹੈ ਸਿਰਫ਼ ਆਪਣੀ ਦੌਲਤ ’ਤੇ ਆਸ,
    ਤੇ ਉਹ ਡੰਗਰਾਂ ਵਾਂਗ ਹੋਵੇਗਾ ਨਾਸ਼।

  • ---

    1. ਖ਼ੁਦਾਵੰਦ ਕੁਦਰਤ ਵਾਲੇ ਨੇ
    ਉਹ ਗੱਲ ਫਰਮਾਈ ਹੈ,
    ਲਈ ਚੜ੍ਹਦੇ ਤੋਂ ਤਾਂ ਲਹਿੰਦੇ ਤੀਕ,
    ਜ਼ਮੀਨ ਸਦਾਈ ਹੈ।

    2. ਸਿਓਨ ਵਿੱਚ ਡਾਢੇ ਹੁਸਨ ਨਾਲ,
    ਹੈ ਜਲਵਾਗਾਰ ਖ਼ੁਦਾ,
    ਖ਼ੁਦਾ ਅਸਾਡਾ ਆਵੇਗਾ,
    ਤੇ ਚੁੱਪ ਨਾ ਰਹੇਗਾ।

    3. ਅੱਗ ਉਹਦੇ ਅੱਗੇ ਜਾਵੇਗੀ,
    ਤੇ ਕਰੇਗੀ ਵਿਰਾਨ,
    ਹਾਂ, ਉਹਦੇ ਆਸ-ਪਾਸ ਚੱਲੇਗਾ,
    ਅਤਿ ਡਾਢਾ ਇੱਕ ਤੂਫ਼ਾਨ।

    4. ਬੁਲਾਵੇਗਾ ਉਹ ਉਪਰ ਤਦ
    ਅਸਮਾਨ ਜ਼ਮੀਨ ਨੂੰ ਵੀ,
    ਕਿ ਤਾਂ ਅਦਾਲਤ ਕਰੇ ਆਪ,
    ਸਭ ਆਪਣੇ ਲੋਕਾਂ ਦੀ।

    5. ਇਕੱਠੇ ਕਰੋ ਮੇਰੇ ਕੋਲ
    ਸਭ ਮੇਰੇ ਇਮਾਨਦਾਰ,
    ਕੁਰਬਾਨੀ ਤੇ ਜੋ ਕਰਦੇ ਹਨ,
    ਨਾਲ ਮੇਰੇ ਕੌਲ ਕਰਾਰ।

    6. ਅਸਮਾਨ ਤਦ ਕਰਨਗੇ ਬਿਆਨ,
    ਉਹਦੀ ਸੱਚਿਆਈ ਦਾ,
    ਕਿ ਕਰਦਾ ਹੈ ਅਦਾਲਤ ਆਪ,
    ਖ਼ੁਦਾਵੰਦ ਪਾਕ ਖ਼ੁਦਾ।

  • ---

    ਖ਼ੁਦਾਵੰਦਾ ਤੂੰ ਰਹਿਮ ਫਰਮਾ,
    ਲੋਕ ਚਾਹੁੰਦੇ ਨੇ ਮੈਨੂੰ ਖਾ ਜਾਣਾ।

    1. ਐ ਮੇਰੇ ਖ਼ੁਦਾ, ਤੂੰ ਰਹਿਮ ਫਰਮਾ,
    ਲੋਕ ਚਾਹੁੰਦੇ ਨੇ ਮੈਨੂੰ ਮੂੰਹ ਪਾਉਣਾ,
    ਲੜਦੇ ਮੇਰੇ ਨਾਲ ਰਹਿਣ ਸਦਾ,
    ਕੰਮ ਉਹਨਾਂ ਦਾ ਮੈਨੂੰ ਸਤਾਣਾ।

    2. ਵੈਰੀ ਮੇਰੇ ਹਰ ਰੋਜ਼ ਜਿਹੜੇ,
    ਦਿਲੋਂ ਚਾਹੁੰਦੇ ਨੇ ਮੈਨੂੰ ਮੁਕਾਣਾ,
    ਨਹੀਂ ਥੋੜ੍ਹੇ ਪਰ ਬਥੇਰੇ ਹਨ,
    ਸ਼ੋਖ ਲੜਦੇ ਨੇ ਕਰਕੇ ਬਹਾਨਾ।

    3. ਜਦੋਂ ਡਰਦਾ ਮੈਂ ਆਸ ਧਰਦਾ,
    ਤੇਰੇ ਉੱਤੇ, ਮੇਰੇ ਮਿਹਰਬਾਨਾ,
    ਮੇਰਾ ਮਨ ਹੈ ਤੇਰੇ ਕੌਲ ਉੱਤੇ,
    ਕੀ ਮੈਨੂੰ ਮਨੁੱਖ ਨੇ ਡਰਾਨਾ?

    4. ਗੱਲਬਾਤ ਮੇਰੀ ਹਰ ਰੋਜ਼ ਜਿਹੜੀ,
    ਉਹਦੇ ਰੋਕਣ ਦਾ ਕਾਰਨ ਸਮਯਾਨਾ,
    ਫਿਕਰ ਉਹਨਾਂ ਦੀ ਹੈ ਸਾਰੀ ਇਹ,
    ਬਦੀ ਮੇਰੇ ਨਾਲ ਚਾਹੁਣ ਕੁਮਾਣਾ।

    5. ਉਹ ਰਲ ਸਾਰੇ ਢਾਲਣ ਭਰੇ,
    ਖੁਰਾ ਪੈਂਤਰਾ ਮੇਰਾ ਦਬਾਣਾ,
    ਮੇਰੀ ਜਾਨ ਦੀ ਕਰਨ ਉਡੀਕ ਉਹ,
    ਮੈਨੂੰ ਚਾਹੁੰਦੇ ਉਹ ਮਾਰ ਮੁਕਾਣਾ।

  • ---

    6. ਖ਼ੁਦਾਇਆ, ਤੋੜ ਦੇ ਉਹਨਾਂ ਦੇ,
    ਦੰਦ ਸਭੋ ਜ਼ੋਰ ਦੇ ਨਾਲ,
    ਤੇ ਦਾੜ੍ਹਾਂ ਵੀ ਸ਼ੇਰ ਬੱਚਿਆਂ ਦੀ,
    ਤੂੰ ਖਿੱਚ ਕੇ ਲੈ ਨਿਕਾਲ।

    7. ਜਿਉਂ ਪਾਣੀ ਰੁੜ੍ਹਦਾ ਜਾਂਦਾ ਹੈ,
    ਰੁੜ੍ਹ ਜਾਵਣ ਇਉਂ ਸ਼ਰੀਰ,
    ਚੜ੍ਹਾਵਣ ਜਦ ਉਹ ਚਿੱਲੇ ਵਿੱਚ,
    ਕੱਟ ਜਾਣ ਉਹਨਾਂ ਦੇ ਤੀਰ।

    8. ਜਿਉਂ ਘੋਗਾ ਗਲਦਾ ਜਾਂਦਾ ਹੈ,
    ਜੋ ਜਾਵਣ ਇਉਂ ਫ਼ਨਾਹ,
    ਨਾ ਵੇਖਣ ਕਦੀ ਸੂਰਜ ਨੂੰ,
    ਜਿਉਂ ਸਕਤਾ ਤੀਮੀਂ ਦਾ।

    9. ਤੁਹਾਡੀ ਦੇਗਾਂ ਨੂੰ ਜਦ ਸੇਕ,
    ਕੰਡਿਆਂ ਦਾ ਲੱਗੇਗਾ,
    ਖਵਾਹ ਕੱਚਾ ਹੋ, ਖਵਾਹ ਪੱਕਾ ਹੋ,
    ਪਹਿਲਾਂ ਉਡਾਵੇਗਾ।

    10. ਤਦ ਸਾਦਿਕ ਖ਼ੁਸ਼ੀ ਕਰੇਗਾ,
    ਜਦ ਬਦਲਾ ਵੇਖੇਗਾ,
    ਉਹ ਲਹੂ ਵਿੱਚ ਸ਼ਰੀਰਾਂ ਦੇ,
    ਪੈਰ ਆਪਣੇ ਡੋਬੇਗਾ।

    11. ਤਦ ਆਖੇਗਾ, ਇਹ ਆਦਮਜਾਤ,
    ਹੈ ਸਾਦਿਕ ਨੂੰ ਇਨਾਮ,
    ਇਸ ਧਰਤੀ ਉੱਤੇ ਕਰਦਾ ਹੈ,
    ਹੁਣ ਆਪ ਇਨਸਾਫ਼ ਤਮਾਮ।

  • ---

    10. ਖ਼ੁਦਾਵੰਦ ਆਪਣੀ ਰਹਿਮਤ ਨਾਲ,
    ਪੇਸ਼ ਮੇਰੇ ਆਵੇਗਾ,
    ਤੇ ਦੁਸ਼ਮਣਾਂ ਦੇ ਉੱਤੇ ਉਹ,
    ਫਤਹਿ ਵਧਾਵੇਗਾ।

    11. ਕਰ ਪਸਤ ਅਵਾਰਾ ਉਹਨਾਂ ਨੂੰ,
    ਪਰ ਜਾਨ ਤੋਂ ਨਾ ਮੁਕਾ,
    ਨਾ ਹੋ ਕਿ ਭੁੱਲਣ ਮੇਰੇ ਲੋਕ,
    ਤੂੰ ਸਾਡੀ ਢਾਲ, ਖ਼ੁਦਾ।

    12. ਉਹ ਆਪਣੇ ਮੂੰਹ ਦੀਆਂ ਗੱਲਾਂ ਨਾਲ,
    ਝੂਠ ਬੋਲਣ ਦੇ ਸਬੱਬ,
    ਉਹ ਤਾਹਨੇ ਮਾਰਦੇ ਸ਼ੇਖੀ ਨਾਲ,
    ਸੋ ਉਸ ਵਿੱਚ ਫਸਣ ਸਭ।

    13. ਕਰ ਫ਼ਨਾਹ ਸਭੋ ਕਹਿਰ ਦੇ ਨਾਲ,
    ਕਰ ਸਭਨਾਂ ਨੂੰ ਫ਼ਨਾਹ,
    ਨਾ ਬਾਕੀ ਰਹੇ ਕੋਈ ਵੀ,
    ਪਰ ਨਾਸ ਹੋ ਸਭਨਾਂ ਦਾ।

    14. ਕਿ ਤਾਂ ਧਰਤੀ ਦੇ ਕੰਢਿਆਂ ਤੀਕ,
    ਇਹ ਲੋਕੀ ਜਾਨਣ ਸਭ,
    ਕਿ ਇਸਰਾਏਲ ਵਿੱਚ ਕਰਦਾ ਹੈ,
    ਹਕੂਮਤ ਆਪੇ ਰੱਬ।

    15. ਉਹ ਮੁੜਕੇ ਆਉਂਦੇ ਸ਼ਾਮਾਂ ਨੂੰ,
    ਤੇ ਸ਼ੋਰ ਮਚਾਉਂਦੇ ਹਨ,
    ਤੇ ਭੌਂਕਦੇ ਫਿਰਦੇ ਕੁੱਤੇ ਵਾਂਗ,
    ਸਭ ਸ਼ਹਿਰ ਘੁੰਮ ਜਾਂਦੇ ਹਨ।

    16. ਉਹ ਫਿਰਦੇ ਰਹਿੰਦੇ ਖਾਣੇ ਦੀ,
    ਤਲਾਸ਼ ਵਿੱਚ ਖੱਜਲ ਖਵਾਰ,
    ਜਦ ਲੱਭੇ ਨਾ, ਤਦ ਭੁੱਖਿਆਂ ਹੀ,
    ਰਾਤ ਲੈਂਦੇ ਹਨ ਗੁਜ਼ਾਰ।

    17. ਮੈਂ ਸਨਾ ਤੇਰੀ ਕੁਦਰਤ ਦੀ,
    ਗੀਤ ਤੇਰੀ ਰਹਿਮਤ ਦਾ,
    ਮੈਂ ਉੱਚੀ ਦਿੱਤੀ ਫਜਰ ਨੂੰ,
    ਹੁਣ ਗਾਇਆ ਕਰਾਂਗਾ।

    18. ਕਿ ਤੂੰਏ ਮੇਰਾ ਕਿਲ੍ਹਾ ਹੈ,
    ਤੂੰਏ ਮਜ਼ਬੂਤ ਚਟਾਨ,
    ਹੈਂ ਤੂੰਏ ਮੇਰੀ ਪਨਾਹਗਾਰ,
    ਮੁਸੀਬਤ ਦੁੱਖ ਦੀ ਆਨ।

    19. ਐ ਮੇਰੀ ਕੁੱਵਤ, ਤੇਰੀ ਮੈਂ, ਤਾਰੀਫ਼ਾਂ ਗਾਵਾਂਗਾ,
    ਕਿ ਰੱਬ ਹੈ ਮੇਰੀ ਪਨਾਹਗਾਰ,
    ਹੈ ਮਿਹਰਬਾਨ ਖ਼ੁਦਾ।

  • ---

    1. ਖ਼ੁਦਾਵੰਦ ਨੂੰ ਉਡੀਕਦੀ ਰਹਿ,
    ਆਰਾਮ ਨਾਲ ਮੇਰੀ ਜਾਨ,
    ਕਿ ਉਸ ਤੋਂ ਮੇਰੀ ਹੈ ਨਜਾਤ,
    ਉਹ ਮੇਰੀ ਹੈ ਚਟਾਨ।

    2. ਉਹ ਮੇਰੀ ਜਾਨ ਦਾ ਕਿਲ੍ਹਾ ਹੈ,
    ਨਜਾਤ ਤੇ ਪਨਾਹਗਾਹ,
    ਸੋ ਮੈਂ ਤੇ ਆਪਣੀ ਜਗ੍ਹਾ ਤੋਂ,
    ਨਾ ਕਦੀ ਟਲਾਂਗਾ।

    3. ਕਦ ਤੀਕਰ ਹਮਲਾ ਕਰੋਗੇ,
    ਇੱਕ ਮਰਦ ਵਿਚਾਰੇ ’ਤੇ?
    ਕਦ ਤੀਕਰ ਪਿੱਛੇ ਰਹੋਗੇ,
    ਹਾਂ ਉਸਦੀ ਜਾਨ ਹੀ ਦੇ?

    4. ਤੇ ਉਹਦਾ ਹਾਲ ਅਜਿਹਾ ਹੈ,
    ਜਿਉਂ ਉੱਲਰੀ ਹੋਈ ਦਿਵਾਰ,
    ਹਾਲ ਉਹਦਾ ਹੈ ਉਸ ਵਾੜ ਦੇ ਵਾਂਗ,
    ਜੋ ਡਿੱਗਣ ਨੂੰ ਤਿਆਰ।

    5. ਮਨਸੂਬੇ ਮਿਲਕੇ ਬੰਨ੍ਹਦੇ ਹਨ,
    ਸਭ ਆਪੋ ਵਿੱਚ ਬਦਕਾਰ,
    ਕਿ ਉਹਨੂੰ ਉਹਦੇ ਦਰਜੇ ਤੋਂ,
    ਹੁਣ ਦੇਈਏ ਹੇਠ ਉਤਾਰ।

    6. ਉਹ ਝੂਠੀ–ਮੂਠੀ ਮੂੰਹ ਦੇ ਨਾਲ,
    ਹੁਣ ਬਰਕਤ ਘੱਲਦੇ ਹਨ,
    ਪਰ ਆਪਣੇ ਦਿਲ ਦੇ ਅੰਦਰ ਉਹ,
    ਸਾਫ਼ ਲਾਹਨਤ ਕਰਦੇ ਹਨ।

  • ---

    7. ਖ਼ੁਦਾਵੰਦ ਨੂੰ ਉਡੀਕਦੀ ਰਹਿ
    ਆਰਾਮ ਨਾਲ ਮੇਰੀ ਜਾਨ,
    ਕਿ ਉਸ ਤੋਂ ਮੇਰੀ ਹੈ ਉਮੀਦ,
    ਉਹ ਮੇਰੀ ਹੈ ਚਟਾਨ।

    8. ਉਹ ਮੇਰੀ ਜਾਨ ਦਾ ਕਿਲ੍ਹਾ ਹੈ,
    ਨਜਾਤ ਤੇ ਪਨਾਹਗਾਹ,
    ਸੋ ਮੈਂ ਤੇ ਆਪਣੀ ਜਗ੍ਹਾ ਤੋਂ
    ਨਾ ਕਦੀ ਟਲਾਂਗਾ।

    9. ਖ਼ੁਦਾ ਤੋਂ ਮੇਰੀ ਹੈ ਨਜਾਤ,
    ਹੈ ਉਸ ਤੋਂ ਮੇਰੀ ਸ਼ਾਨ,
    ਖ਼ੁਦਾਵੰਦ ਮੇਰੀ ਪਨਾਹ ਹੈ,
    ਜ਼ੋਰ ਮੇਰੇ ਦੀ ਚਟਾਨ।

    10. ਆਸ ਉਹਦੇ ਉੱਤੇ ਰੱਖੋ ਸਭ,
    ਐ ਉੱਮਤੋ, ਸਦਾ
    ਝੁਕਾਓ ਉਹਦੇ ਅੱਗੇ ਦਿਲ,
    ਕਿ ਉਹੋ ਹੈ ਖ਼ੁਦਾ।

  • ---

    1. ਖ਼ੁਦਾਵੰਦ ਦੇ ਵੱਲ ਕੁੱਲ ਜ਼ਮੀਨ,
    ਲਲਕਾਰੇ ਖ਼ੁਸ਼ੀਆਂ ਨਾਲ,
    ਬਜ਼ੁਰਗੀ ਉਹਦੀ ਗਾਵੇ ਵੀ,
    ਹਮਦ ਉਹਦੀ ਲਹਿਰਾਂ ਨਾਲ।

    2. ਤਾਰੀਫ਼ ਓਹਦੀ ਹੁਣ ਗਾਓ,
    ਤੇ ਬੋਲੋ ਜੈ ਜੈ ਕਾਰ,
    ਖ਼ੁਦਾ ਨੂੰ ਆਖੋ ਕਿਆ ਹੀ ਹਨ,
    ਸਭ ਤੇਰੇ ਕੰਮ ਸ਼ਾਨਦਾਰ।

    3. ਹੈ ਤੇਰੀ ਕੁਦਰਤ ਬੇਸ਼ੁਮਾਰ,
    ਹਨ ਤੇਰੇ ਦੁਸ਼ਮਣ ਸਭ,
    ਖ਼ੁਸ਼ਾਮਦ ਤੇਰੀ ਕਰਨਗੇ,
    ਦੱਬ ਜਾਣਗੇ ਤੇਥੋਂ, ਰੱਬ।

    4. ਕਰੇਗੀ ਸਿਜਦਾ ਕੁੱਲ ਜ਼ਮੀਨ,
    ਤੇ ਸਿਰ ਝੁਕਾਵੇਗੀ।
    ਤੇ ਹਾਰ ਇੱਕ ਜਾਨ ਜੋ ਉਸ ਵਿੱਚ ਹੈ,
    ਤਾਰੀਫ਼ਾਂ ਗਾਵੇਗੀ।

    5. ਹੁਣ ਆਓ, ਵੇਖੋ ਕਰਦਾ ਹੈ,
    ਕੀ ਕੰਮ ਖ਼ੁਦਾਵੰਦ ਪਾਕ,
    ਕੰਮ ਉਹਦੇ ਬਨੀ ਆਦਮ ’ਤੇ,
    ਹਨ ਡਾਢੇ ਹੈਬਤਨਾਕ।

    6. ਸਮੁੰਦਰ ਬਦਲਿਆ ਖੁਸ਼ਕੀ ਨਾਲ,
    ਰਾਹ ਕੀਤਾ ਉਸ ਤਿਆਰ,
    ਤੇ ਪੈਦਲ ਅਗਾਹ ਲੰਘਦੇ ਉਹ,
    ਸਲਾਮਤ ਦਰਿਆ ਪਾਰ।

    7. ਦਿਲ ਸਾਡਾ ਓਥੇ ਹੋਇਆ ਸੀ,
    ਉਸ ਰੱਬ ਤੋਂ ਖੂਬ ਨਿਹਾਲ,
    ਜੋ ਸਦਾ ਤੀਕਰ ਕਰਦਾ ਰਾਜ,
    ਹੈ ਆਪਣੀ ਕੁਦਰਤ ਨਾਲ।

    8. ਖ਼ੁਦਾਵੰਦ ਸਭਨਾਂ ਕੌਮਾਂ ਨੂੰ, ਹਾਂ ਆਪੇ ਦਿੰਦਾ ਹੈ,
    ਮਨੁੱਖ ਜੋ ਉਸ ਤੋਂ ਬਾਗੀ ਹੈ, ਕਿਉਂ ਉੱਚਾ ਹੁੰਦਾ ਹੈ?

  • ---

    17. ਖ਼ੁਦਾ ਤਰਸੋ ਆਓ, ਸੁਣੋ ਇਹ ਬਿਆਨ,
    ਮੇਰੇ ਉੱਤੇ ਰੱਬ ਨੇ ਜੋ ਕੀਤੇ ਅਹਿਸਾਨ।

    18. ਮੈਂ ਚਿੱਲਾਇਆ ਮੂੰਹ ਨਾਲ ਰੱਬ ਦੇ ਹਜ਼ੂਰ,
    ਤੇ ਉਹਦੀ ਸਿਤਾਇਸ਼ ਦੇ ਗਾਏ ਜ਼ਬੂਰ।

    19. ਬਦੀ ਮੇਰੇ ਦਿਲ ਵਿੱਚ ਜੇ ਹੋਵੇ ਜ਼ਰਾ,
    ਕਦੀ ਵੀ ਨਾ ਮੇਰੀ ਸੁਣੇਗਾ ਖ਼ੁਦਾ।

    20. ਸੁਣੀ ਪਰ ਖ਼ੁਦਾ ਨੇ ਮੇਰੀ ਬਾਰ ਬਾਰ,
    ਸੁਣੀ ਧਰਕੇ ਕੰਨ, ਉਸਨੇ ਮੇਰੀ ਪੁਕਾਰ।

    21. ਮੁਬਾਰਿਕ ਖ਼ੁਦਾ ਹੈ, ਮੁਬਾਰਿਕ ਖ਼ੁਦਾ,
    ਦੁਆ ਸੁਣਦਾ ਕਰਦਾ ਹੈ ਰਹਿਮਤ ਸਦਾ।

  • ---

    10. ਖ਼ੁਦਾਵੰਦ, ਲਸ਼ਕਰਾਂ ਦੇ ਰੱਬ,
    ਜੋ ਤੈਨੂੰ ਹਨ ਉਡੀਕਦੇ ਸਭ,
    ਸੋ ਮੇਰੇ ਲਈ ਉਹਨਾਂ ਦੀ,
    ਨਾ ਹੋਵੇ ਕੁਝ ਬੇ-ਇੱਜ਼ਤੀ।

    11. ਕਿ ਤੇਰੇ ਵਾਸਤੇ, ਐ ਖ਼ੁਦਾ,
    ਦੁੱਖ ਸਿਹਾ ਮੈਂ ਮਲਾਮਤ ਦਾ,
    ਸ਼ਰਮਿੰਦਗੀ ਨੇ, ਮੇਰੇ ਰੱਬ,
    ਛੁਪਾਇਆ ਮੇਰੇ ਮੂੰਹ ਨੂੰ ਸਭ।

    12. ਹੈ ਆਪਣੇ ਭਾਈਆਂ ਵਿੱਚ ਇਹ ਹਾਲ,
    ਮੈਂ ਹਾਂ ਪਰਦੇਸੀ ਦੀ ਮਿਸਾਲ,
    ਮੈਂ ਆਪਣੀ ਮਾਂ ਦੇ ਘਰ ਵਿੱਚ ਵੀ,
    ਹਾਂ ਓਪਰਾ ਤੇ ਇੱਕ ਅਜਨਬੀ।

    13. ਜੋਸ਼ ਤੇਰੇ ਘਰ ਦੀ ਗ਼ੈਰਤ ਦਾ,
    ਖਾ ਗਿਆ ਮੈਨੂੰ, ਐ ਖ਼ੁਦਾ,
    ਜੋ ਤਾਹਨੇ ਤੈਨੂੰ ਮਾਰਦੇ ਹਨ,
    ਉਹ ਮੇਰਾ ਈ ਜੀ ਸਾੜਦੇ ਹਨ।

    14. ਮੈਂ ਰੋਇਆ, ਰੱਖੇ ਰੋਜ਼ੇ ਵੀ,
    ਦੁੱਖ ਆਪਣੀ ਜਾਨ ਨੂੰ ਦਿੱਤਾ ਸੀ,
    ਸੋ ਇਹ ਵੀ ਮੇਰੇ ਵਾਸਤੇ ਸਭ,
    ਇੱਕ ਹੋਇਆ ਖ਼ਵਾਰੀ ਦਾ ਸਬੱਬ।

    15. ਜਦ ਪਹਿਨਿਆ ਲਿਬਾਸ ਤਰਪੜ ਦਾ,
    ਮੈਂ ਆਜਿਜ਼ ਹੋਇਆ, ਐ ਖ਼ੁਦਾ
    ਤਦ ਉਹਨਾਂ ਨੇ ਮਖ਼ੌਲਾਂ ਨਾਲ,
    ਬਣਾਇਆ ਮੈਨੂੰ ਇੱਕ ਮਿਸਾਲ।

    16. ਜੋ ਫਾਟਕ ਉੱਤੇ ਬੈਠੇ ਹਨ,
    ਉਹ ਮੇਰੇ ਉੱਤੇ ਬਕਦੇ ਹਨ,
    ਤੇ ਮੇਰੇ ਹੱਕ ਵਿੱਚ ਨਸ਼ੇਬਾਜ਼,
    ਸੁਣਾਉਂਦੇ ਠੱਠੇ ਦੀ ਆਵਾਜ਼।

  • ---

    1. ਖ਼ੁਦਾਵੰਦ ਦੇ ਵੱਲ ਜ਼ੋਰ ਦੇ ਨਾਲ ਆਵਾਜ਼ ਉਠਾਵਾਂਗਾ,
    ਕੰਨ ਧਰ ਕੇ ਮੇਰੀ ਸੁਣੇਗਾ, ਉਹਨੂੰ ਪੁਕਾਰਾਂਗਾ।

    2. ਜਿਨ੍ਹਾਂ ਦਿਨਾਂ ਵਿੱਚ ਮੇਰੇ ’ਤੇ ਮੁਸੀਬਤ ਤੰਗੀ ਸੀ,
    ਖ਼ੁਦਾ ਦੀ ਸੱਚੇ ਦਿਲ ਦੇ ਨਾਲ ਤਦ ਢੂੰਡ ਮੈਂ ਕੀਤੀ ਸੀ।

    3. ਦੁਆ ਵਿੱਚ ਹੱਥ ਉਠਾਏ ਸਨ ਨਾ ਥੱਕੇ ਸਾਰੀ ਰਾਤ,
    ਨਾ ਮੇਰੀ ਜਾਨ ਨੂੰ ਲੱਭਦੀ ਸੀ, ਤਸੱਲੀ ਦੀ ਕੁਝ ਬਾਤ।

    4. ਮੈਂ ਯਾਦ ਖ਼ੁਦਾ ਨੂੰ ਕਰਦਾ ਹਾਂ, ਤੇ ਸ਼ੋਰ ਮਚਾਂਦਾ ਹਾਂ,
    ਮੈਂ ਸੋਚਦਾ ਹਾਂ ਤੇ ਹਾਂ ਬੇਹਾਲ, ਗਸ਼ ਖਾਂਦਾ ਜਾਂਦਾ ਹਾਂ।

    5. ਤੂੰ ਮੇਰੀਆਂ ਅੱਖੀਆਂ ਐ ਖ਼ੁਦਾ, ਆਪ ਖੁੱਲ੍ਹੀਆਂ ਰੱਖੀਆਂ ਸਨ,
    ਮੈਂ ਕੁਝ ਵੀ ਬੋਲ ਨਾ ਸਕਦਾ ਹਾਂ ਤੇ ਹੋਇਆ ਹੈਰਾਨ।

  • ---

    34. ਖ਼ੁਦਾ ਨੇ ਪੂਰੀ ਕੀਤੀ, ਫੇਰ ਖਵਾਇਸ਼ ਉਹਨਾਂ ਦੀ,
    ਪਰ ਤਦ ਵੀ ਕੁਝ ਨਾ ਭਰੀ,
    ਫੇਰ ਨੀਯਤ ਉਹਨਾਂ ਦੀ।

    35. ਇਹ ਚੰਗਾ ਖਾਣਾ ਅਜੇ, ਉਹ ਖਾਂਦੇ ਪਏ ਸੀ,
    ਤਦ ਰੱਬ ਨੇ ਆਪਣਾ ਕਹਿਰ,
    ਵਿਖਾਇਆ ਉਹਨਾਂ ’ਤੇ।

    36. ਤਦ ਇਸਰਾਏਲ ਦੇ ਵਿੱਚੋਂ ਮਾਰ ਸੁੱਟੇ ਸਭ ਪਹਿਲਵਾਨ,
    ਡਿਗਾਏ ਉਹਨਾਂ ਵਿੱਚੋਂ ਜ਼ੋਰਵਾਲੇ ਸਭ ਜਵਾਨ।

    37. ਇਹ ਸਭ ਕੁਝ ਉਹਨਾਂ ਵੇਖਿਆ,
    ਪਰ ਕੀਤਾ ਫੇਰ ਗ਼ੁਨਾਹ,
    ਉਹ ਦੇ ਅਜਾਇਬ ਕੰਮ ਦੀ,
    ਨਾ ਰੱਖੀ ਕੁਝ ਪਰਵਾਹ।

    38. ਮੁਸੀਬਤ ਦੇ ਦਿਨ ਘੱਲੇ, ਖ਼ੁਦਾ ਨੇ ਉਹਨਾਂ ’ਤੇ,
    ਹੈਰਾਨੀ ਦੇ ਵਿੱਚ ਗੁਜ਼ਰੇ, ਸਭ ਵਰ੍ਹੇ ਉਹਨਾਂ ਦੇ।

    39. ਜਦ ਰੱਬ ਨੇ ਉਹਨਾਂ ਵਿੱਚੋਂ ਕੁਝ ਕਤਲ ਕੀਤਾ ਸੀ,
    ਖ਼ੁਦਾ ਨੂੰ ਢੂੰਡਣ ਲੱਗੇ, ਫਿਰ ਸਭੋ ਮਿਲਕੇ ਵੀ।

    40. ਖ਼ੁਦਾ ਦੇ ਅੱਗੇ ਕੀਤਾ,
    ਫੇਰ ਤੌਬਾ ਦਾ ਇਕਰਾਰ,
    ਫੇਰ ਰੱਬ ਨੂੰ ਢੂੰਡਣ ਲੱਗੇ,
    ਉਹ ਹੋ ਕੇ ਅਤਿ ਲਾਚਾਰ।

    41. ਤਦ ਉਹਨਾਂ ਨੂੰ ਯਾਦ ਆਇਆ,
    ਰੱਬ ਸਾਡਾ ਸੀ ਚਟਾਨ,
    ਛੁਡਾਵਣ ਵਾਲਾ ਸਾਡਾ, ਖ਼ੁਦਾਵੰਦ ਪਾਕ ਰਹਿਮਾਨ।

    42. ਪਰ ਰੱਬ ਦੇ ਨਾਲ ਫਿਰ ਓਹਨਾਂ,
    ਗੱਲ ਕੀਤੀ ਮਕਰ ਦੀ,
    ਖ਼ੁਦਾਵੰਦ ਦੇ ਹਜ਼ੂਰ ਵਿੱਚ, ਉਹ ਸਭ ਝੂਠ ਬੋਲੇ ਵੀ।

    43. ਦਿਲ ਕੁਝ ਵੀ ਨਾਲ ਖ਼ੁਦਾ ਦੇ, ਨਾ ਲੱਗਾ ਉਹਨਾਂ ਦਾ,
    ਇਕਰਾਰ ਜੋ ਉਹਨਾਂ ਕੀਤਾ, ਨਾ ਪੂਰਾ ਕੀਤਾ ਸਾ।

  • ---

    44. ਖ਼ੁਦਾਵੰਦ ਨੇ ਬਖ਼ਸ਼ ਦਿੱਤੀ,
    ਸ਼ਰਾਰਤ ਉਹਨਾਂ ਦੀ,
    ਰਹਿਮ ਕਰਕੇ ਫਿਰ ਨਾ ਚਾਹੀ,
    ਹਲਾਕਤ ਉਹਨਾਂ ਦੀ।

    45. ਹਾਂ ਓਸ ਨੇ ਕਹਿਰ ਆਪਣਾ,
    ਬਾਰ–ਬਾਰ ਥੰਮ੍ਹਿਆ ਸੀ,
    ਤੇ ਆਪਣਾ ਗ਼ਜ਼ਬ, ਗੁੱਸਾ ਨਾ
    ਸਭ ਭੜਕਾਇਆ ਸੀ।

    46. ਕਿ ਉਸ ਨੇ ਯਾਦ ਇਹ ਕੀਤਾ,
    ਇਹ ਫਾਨੀ ਹਨ ਇਨਸਾਨ,
    ਵਾਅ ਵਗਕੇ ਜੀਉਂ ਲੰਘ ਜਾਂਦੀ,
    ਨਾ ਪਿੱਛੇ ਕੁਝ ਨਿਸ਼ਾਨ।

    47. ਬਗ਼ਾਵਤ ਰੱਬ ਨਾਲ ਕੀਤੀ,
    ਵਿੱਚ ਜੰਗਲ ਦੇ ਬਾਰ-ਬਾਰ,
    ਵਿਰਾਨੇ ਵਿੱਚ ਸਤਾਇਆ,
    ਤੇ ਕੀਤਾ ਅਤਿ ਬੇਜ਼ਾਰ।

    48. ਤੇ ਉਹਨਾਂ ਨੇ ਖ਼ੁਦਾ ਨੂੰ,
    ਫਿਰ ਵੀ ਅਜ਼ਮਾਇਆ ਸੀ,
    ਤੇ ਇਸਰਾਏਲ ਦੇ ਪਾਕ ਨੂੰ,
    ਇੱਕ ਦਾਗ਼ ਲਗਾਇਆ ਸੀ।

  • ---

    49. ਖ਼ੁਦਾ ਦੇ ਹੱਥ ਨੂੰ ਉਹਨਾਂ,
    ਨਾ ਰੱਖਿਆ ਕੁਝ ਵੀ ਯਾਦ,
    ਨਾ ਉਹ ਦਿਨ ਜਦੋਂ ਕੀਤੇ,
    ਉਹ ਦੁਸ਼ਮਣ ਤੋਂ ਆਜ਼ਾਦ।

    50. ਕਿ ਮਿਸਰ ਵਿੱਚ ਵਿਖਾਏ,
    ਰੱਬ ਨੇ ਅਚਰਜ ਨਿਸ਼ਾਨ,
    ਆਪਣੇ ਅਜਾਇਬ ਕੰਮ ਸਭ,
    ਜ਼ੋਆਨ ਦੇ ਦਰਮਿਆਨ।

    51. ਫਿਰ ਨਹਿਰਾਂ ਦੇ ਸਭ ਪਾਣੀ,
    ਲਹੂ ਬਣਾਇਆ ਸੀ,
    ਤਾਂ ਉਹਨਾਂ ਨਹਿਰਾਂ ਵਿੱਚੋਂ,
    ਨਾ ਸਕਣ ਪਾਣੀ ਪੀ।

    52. ਜ਼ਹਿਰਵਾਲੀ ਮੱਖੀ ਘੱਲੀ,
    ਤਾਂ ਖਾਵੇ ਉਹਨਾਂ ਨੂੰ,
    ਫਿਰ ਡੱਡੂਆਂ ਦਾ ਲਸ਼ਕਰ,
    ਮੁਕਾਵੇ ਉਹਨਾਂ ਨੂੰ।

    53. ਤਦ ਕੀੜਿਆਂ ਨੇ ਖਾਧੇ,
    ਸਭ ਮੇਵੇ ਉਹਨਾਂ ਦੇ,
    ਚੱਟ ਕੀਤੇ ਟਿੱਡੀਆਂ ਨੇ,
    ਸਭ ਫਲ ਦਰਖ਼ਤਾਂ ਦੇ।

    54. ਵਰ੍ਹਾਕੇ ਗੜੇ ਓਸ ਨੇ,
    ਅੰਗੂਰ ਉਜਾੜੇ ਸਨ,
    ਤੇ ਪਾਲੇ ਦੇ ਨਾਲ ਹੋਈਆਂ,
    ਅੰਜੀਰਾਂ ਸਭ ਵਿਰਾਨ।

    55. ਸਭ ਗੜਿਆਂ ਦੇ ਨਾਲ ਮੋਇਆ,
    ਮਾਲ ਡੰਗਰ ਉਹਨਾਂ ਦਾ,
    ਤੇ ਬਿਜਲੀ ਨੇ ਸਭ ਉਜਾੜ,
    ਫਿਰ ਕੀਤੇ ਸਨ ਫ਼ਨਾਹ।

    56. ਇੱਕ ਆਫ਼ਤ ਦਾ ਫਰਿਸ਼ਤਾ,
    ਫਿਰ ਘੱਲਿਆ ਓਹਨਾਂ ’ਤੇ,
    ਹਾਂ ਗ਼ਜ਼ਬ ਗੁੱਸੇ, ਤੰਗੀ,
    ਤੇ ਦਿਨ ਮੁਸੀਬਤ ਦੇ।

    57. ਤੇ ਆਪਣੇ ਗੁੱਸੇ ਲਈ,
    ਇੱਕ ਕੱਢਿਆ ਰੱਬ ਨੇ ਰਾਹ,
    ਨਾ ਦਿੱਤੀ ਮੌਤ ਦੇ ਹੱਥੋਂ,
    ਕੁਝ ਉਹਨਾਂ ਨੂੰ ਪਨਾਹ।

    58. ਫਿਰ ਵਬਾਅ ਦੇ ਹਵਾਲੇ,
    ਜਾਨ ਕੀਤੀ ਉਹਨਾਂ ਦੀ,
    ਮਾਰ ਸੁੱਟੇ ਮਿਸਰੀ ਸਾਰੇ,
    ਪਹਿਲੌਠੇ ਰੱਬ ਨੇ ਵੀ।

    59. ਤੇ ਹਾਮ ਦੇ ਡੇਰਿਆਂ ਵਿੱਚ ਕਰ ਸੁੱਟੇ ਸਭ ਫ਼ਨਾਹ,
    ਖ਼ੁਦਾ ਨੇ ਮਾਰ ਮੁਕਾਇਆ, ਸਭ ਫਲ਼ ਜਵਾਨੀ ਦਾ।

  • ---

    1. ਖ਼ੁਦਾਇਆ ਮੇਰੇ, ਚੁੱਪ ਨਾ ਹੋ,
    ਨਾ ਚੁੱਪ ਰਹਿ ਤੂੰ ਮੁਦਾਮ,
    ਖ਼ੁਦਾਵੰਦ, ਕੁਦਰਤਵਾਲੇ ਰੱਬ,
    ਨਾ ਹੁਣ ਤੂੰ ਕਰ ਅਰਾਮ।

    2. ਵੇਖ ਤੇਰੇ ਦੁਸ਼ਮਣਾਂ ਨੇ ਹੁਣ,
    ਕੀ ਸ਼ੋਰ ਮਚਾਇਆ ਹੈ,
    ਤੇ ਤੇਰੇ ਵੈਰੀਆਂ ਨੇ ਵੀ,
    ਹੁਣ ਸਿਰ ਉਠਾਇਆ ਹੈ।

    3. ਫ਼ਰੇਬ ਨਾਲ ਤੇਰੇ ਲੋਕਾਂ ’ਤੇ,
    ਮਨਸੂਬੇ ਘੜਦੇ ਹਨ,
    ਤੇਰੇ ਲੋਕਾਏ ਹੋਇਆਂ ’ਤੇ,
    ਸਲਾਹਾਂ ਕਰਦੇ ਹਨ।

    4. ਪੁੱਟ ਸੁੱਟੇ ਜੜ੍ਹੋਂ ਮੁੱਢੋਂ ਮੂਲ,
    ਇਹ ਕੌਮ ਜੋ ਹੈ ਤਮਾਮ,
    ਕਿ ਇਸਰਾਏਲ ਦਾ ਅੱਗੇ ਨੂੰ,
    ਨਾ ਲਵੇ ਕੋਈ ਨਾਮ।

    5. ਕਿ ਉਹਨਾਂ ਮਿਲਕੇ ਆਪੋ ਵਿੱਚ,
    ਇੱਕ ਕੀਤੀ ਹੈ ਸਲਾਹ,
    ਹਾਂ ਉਹਨਾਂ ਤੇਰੇ ਬਰਖਿਲਾਫ਼,
    ਅਹਿਦ ਕੀਤਾ, ਐ ਖ਼ੁਦਾ।

    6. ਅਦੂਮ ਦੇ ਡੇਰੇ ਤੇ ਮੋਆਬ,
    ਹਾਂ, ਇਸਰਾਏਲੀ ਵੀ,
    ਗੇਬਾਲ, ਅਮੂਨ ਤੇ ਅਮਾਲੀਕ,
    ਤੇ ਸਾਰੇ ਹਾਜ਼ਿਰੀ।

    7. ਫਲਿਸਤ ਤੇ ਤਾਇਰ ਦੇ ਸਾਰੇ ਲੋਕ,
    ਅਸੂਰ ਵੀ ਉਹਨਾਂ ਨਾਲ,
    ਇਹ ਬਨੀ ਲੋਤ ਦੀ ਮਦਦ ਨੂੰ,
    ਤਿਆਰ ਹਨ ਬਣਕੇ ਢਾਲ।

  • ---

    1. ਖ਼ੁਦਾਵੰਦਾ, ਤੂੰ ਲਸ਼ਕਰਾਂ ਦਾ ਖ਼ੁਦਾ ਹੈਂ,
    ਟਿਕਾਣਾ ਤੇਰਾ ਮੈਨੂੰ ਚੰਗਾ ਲੱਗਾ ਹੈ।

    2. ਮੇਰੀ ਜਾਨ ਚਾਹੁੰਦੀ ਤੇਰੀ ਬਾਰਗ਼ਾਹ ਨੂੰ,
    ਮੇਰਾ ਮਨ ਮੇਰਾ ਤਨ ਵੀ ਕਰਦਾ ਸਨਾ ਹੈ।

    3. ਅਟੇਰਾਂ ’ਤੇ ਚਿੜੀਆਂ ਨੇ ਆਲ੍ਹਣਾ ਪਾਇਆ,
    ਬਣਾਈ ਉਹਨਾਂ ਬੋਟਾਂ ਦੇ ਰਹਿਣੇ ਦੀ ਥਾਂ ਹੈ।

    4. ਹਾਂ ਇਸੇ ਤਰ੍ਹਾਂ ਐ ਮੇਰੇ ਬਾਦਸ਼ਾਹ,
    ਤੇਰਾ ਮਜ਼ਬਾ ਮੇਰੇ ਲਈ ਇੱਕ ਪਨਾਹ ਹੈ।

    5. ਮੁਬਾਰਿਕ ਤੇਰੇ ਘਰ ਦੇ ਸਭ ਰਹਿਣ ਵਾਲੇ,
    ਸਨਾ ਤੇਰੀ ਉਹਨਾਂ ਦੇ ਮੂੰਹ ਵਿੱਚ ਸਦਾ ਹੈ।

    6. ਮੁਬਾਰਿਕ ਹੈ ਉਹ ਜਿਸ ਦਾ ਹੈ ਜ਼ੋਰ ਤੇਥੋਂ,
    ਉਹਨਾਂ ਦੇ ਦਿਲਾਂ ਵਿੱਚ ਤੇਰਾ ਹੀ ਰਾਹ ਹੈ।

    7. ਉਹ ਤੁਰਦੇ ਨੇ ਰੋਣੇ ਦੇ ਜੰਗਲ ਵਿੱਚ ਦੀ,
    ਤੇ ਲੈਂਦੇ ਉਹ ਉੱਥੇ ਹੀ ਚਸ਼ਮਾ ਬਣਾ ਹੈ।

    8. ਜਦੋਂ ਹੁੰਦੀ ਹੈ ਪਹਿਲ ਛੱਲੇ ਦੀ ਬਾਰਿਸ਼,
    ਉਹਨੂੰ ਬਰਕਤਾਂ ਨਾਲ ਲੈਂਦੀ ਛੁਪਾ ਹੈ।

    9. ਉਹ ਇੱਕ ਜ਼ੋਰ ਤੋਂ ਜ਼ੋਰ ਤਕ ਵੱਧਦੇ ਜਾਂਦੇ,
    ਤੇ ਘਰ ਪਹੁੰਚ ਜਾਂਦੇ ਖ਼ੁਦਾਵੰਦ ਖ਼ੁਦਾ ਹੈ।

    10. ਮੇਰੀ ਗੱਲ ’ਤੇ ਕੰਨ ਧਰ ਤੂੰ, ਯਾਕੂਬ ਦੇ ਰੱਬ,
    ਤੇ ਸੁਣ ਲਈਂ ਤੂੰ ਆਪੇ ਮੇਰੀ ਜੋ ਦੁਆ ਹੈ।

  • ---

    1. ਖ਼ੁਦਾਇਆ ਤੂੰ ਕੰਨ ਧਰਕੇ ਸੁਣ,
    ਹੁਣ ਮੈਨੂੰ ਦੇ ਜਵਾਬ,
    ਕਿ ਮੈਂ ਦੁੱਖਾਂ ਦਾ ਮਾਰਿਆ ਹਾਂ,
    ਲਾਚਾਰ, ਹੈ ਹਾਲ ਖ਼ਰਾਬ।

    2. ਕਿ ਮੈਂ ਹਾਂ ਤੇਰਾ ਇਮਾਨਦਾਰ,
    ਜਾਨ ਮੇਰੀ ਤੂੰ ਬਚਾ,
    ਆਸ ਮੇਰੀ ਤੇਰੇ ਉੱਤੇ ਹੈ,
    ਤੂੰ ਬੰਦੇ ਨੂੰ ਛੁਡਾ।

    3. ਮੈਂ ਤੇਰੇ ਸਾਹਮਣੇ, ਐ ਖ਼ੁਦਾ,
    ਹੁਣ ਰੋਂਦਾ ਰਹਿੰਦਾ ਹਾਂ,
    ਤੂੰ ਮੇਰੇ ਉੱਤੇ ਰਹਿਮਤ ਕਰ,
    ਮੈਂ ਆਜਿਜ਼ ਬੰਦਾ ਹਾਂ।

    4. ਤੂੰ ਜਾਨ ਨੂੰ ਆਪਣੇ ਬੰਦੇ ਦੀ,
    ਦੇ ਖ਼ੁਸ਼ੀ ਤੇ ਅਰਮਾਨ,
    ਮੈਂ ਤੇਰੇ ਵੱਲ, ਖ਼ੁਦਾਵੰਦਾ,
    ਉਠਾਵਾਂ ਆਪਣੀ ਜਾਨ।

    5. ਯਾ ਰੱਬ, ਤੂੰ ਏ ਭਲਾ ਹੈਂ,
    ਹੈਂ ਤੂੰ ਹੀ ਬਖ਼ਸ਼ਣਹਾਰ,
    ਰਹਿਮ ਤੇਰਾ ਬਹੁਤਾ ਉਹਨਾਂ ’ਤੇ,
    ਜੋ ਤੈਨੂੰ ਕਰਦੇ ਪਿਆਰ।

  • ---

    6. ਖ਼ੁਦਾਵੰਦਾ, ਕੰਨ ਧਰਕੇ ਸੁਣ,
    ਹੁਣ ਮੇਰੀ ਤੂੰ ਦੁਆ,
    ਤੇ ਮੇਰੀਆਂ ਮੁਨਾਜਾਤਾਂ ਦੀ,
    ਆਵਾਜ਼ ’ਤੇ ਕੰਨ ਤੂੰ ਲਾ।

    7. ਮੈਂ ਆਪਣੇ ਦੁੱਖ ਤੇ ਤੰਗੀ ਵਿੱਚ,
    ਪੁਕਾਰਾਂਗਾ ਸ਼ਤਾਬ,
    ਫਿਰ ਸੱਚਮੁੱਚ ਆਪਣੇ ਬੰਦੇ ਨੂੰ,
    ਤੂੰ ਦੇਵੇਂਗਾ ਜਵਾਬ।

    8. ਨਾ ਤੇਰੇ ਜਿਹਾ ਦੇਵਤਿਆਂ ਵਿੱਚ,
    ਹੈ ਕੋਈ ਵੀ, ਖ਼ੁਦਾ,
    ਨਾ ਤੇਰੇ ਜਿਹਾ ਕਿਸੇ ਵਿੱਚ,
    ਹੈ ਕਾਰਜ ਕਿਸੇ ਦਾ।

    9. ਜੋ ਲੋਕ ਤੂੰ ਪੈਦਾ ਕੀਤੇ ਹਨ,
    ਕੋਲ ਤੇਰੇ ਆਵਣਗੇ,
    ਤੇ ਤੇਰੇ ਸਾਹਮਣੇ, ਐ ਖ਼ੁਦਾ,
    ਸਭ ਸਿਰ ਝੁਕਾਵਣਗੇ।

    10. ਉਹ ਤੇਰੀ ਗਾਵਣਗੇ ਤਾਰੀਫ਼,
    ਤੂੰ ਵੱਡਾ ਹੈਂ ਸਦਾ,
    ਸਭ ਤੇਰੇ ਕੰਮ ਅਜੀਬ ਹਨ,
    ਹੈਂ ਤੂੰ ਇੱਕ ਖ਼ੁਦਾ।

  • ---

    15. ਖ਼ੁਦਾਇਆ, ਕਿਉਂ ਜਾਨ ਮੇਰੀ, ਮਰਦੂਦ ਠਹਿਰਾਂਦਾ ਹੈਂ,
    ਤੇ ਆਪਣਾ ਚਿਹਰਾ ਮੈਥੋਂ, ਤੂੰ ਕਿਉਂ ਲੁਕਾਂਦਾ ਹੈਂ?

    16. ਮੈਂ ਬਚਪਨ ਤੋਂ ਹਾਂ ਦੁਖੀਆ, ਤੇ ਮਰਨੇ ਨੂੰ ਤਿਆਰ,
    ਮੈਂ ਤੇਰੇ ਡਰ ਹਾਂ ਸਹਿੰਦਾ, ਹੈਰਾਨ ਤੇ ਬੇ–ਕਰਾਰ।

    17. ਹੈ ਲੰਘਿਆ ਮੇਰੇ ਸਿਰ ਤੋਂ, ਕਹਿਰ ਤੇਰਾ ਸ਼ਿੱਦਤ ਦਾ,
    ਤੇ ਤੇਰੀ ਦਹਿਸ਼ਤਾਂ ਨੇ ਕਰ ਸੁੱਟਿਆ ਹੈ ਫ਼ਨਾਹ।

    18. ਉਹ ਮੇਰੇ ਦੁਆਲੇ ਹਨ ਵੀ, ਜਿਉਂ ਪਾਣੀ ਦਾ ਤੂਫ਼ਾਨ,
    ਹਾਂ, ਉਹਨਾਂ ਨੇ ਅਚਾਨਕ, ਹੈ ਘੇਰੀ ਮੇਰੀ ਜਾਨ।

    19. ਦੂਰ ਤੂੰ ਏਂ ਕੀਤੇ ਮੈਥੋਂ, ਸਭ ਮੇਰੇ ਯਾਰ ਰਫ਼ੀਕ,
    ਘੁੱਪ ਘੇਰ ਤੇ ਅਤਿ ਹਨੇਰੇ, ਹੁਣ ਮੇਰੇ ਹਨ ਰਫ਼ੀਕ।

  • ---

    1. ਖ਼ੁਦਾ ਦੀਆਂ ਰਹਿਮਤਾਂ ਦੇ ਗੀਤ, ਮੈਂ ਸਦਾ ਗਾਵਾਂਗਾ,
    ਸਭ ਪੁਸ਼ਤਾਂ ਨੂੰ ਸੱਚਿਆਈ ਦਾ ਬਿਆਨ ਸੁਣਾਵਾਂਗਾ।

    2. ਮੈਂ ਬੋਲਿਆ ਰਹਿਮਤ ਸਦਾ ਤੀਕ ਵਧਾਈ ਜਾਵੇਗੀ,
    ਅਸਮਾਨਾਂ ਦੇ ਵਿੱਚ ਰੱਖੇਂਗਾ
    ਸੱਚਿਆਈ ਕਾਇਮ ਵੀ।

    3. ਸਹੁੰ ਖਾ ਕੇ, ਮੈਂ ਦਾਊਦ ਦੇ ਨਾਲ
    ਉਹ ਕੀਤਾ ਸੀ ਇਕਰਾਰ,
    ਉਹ ਮੇਰਾ ਚੁਣਿਆ ਹੋਇਆ ਹੈ
    ਇੱਕ ਖ਼ਾਦਮ ਤਾਬਿਆਦਾਰ।

    4. ਤੇ ਤੇਰੀ ਨਸਲ ਸਦਾ ਤੀਕ
    ਮੈਂ ਕਾਇਮ ਰੱਖਾਂਗਾ,
    ਤੇ ਤੇਰੇ ਤਖ਼ਤ ਨੂੰ ਬਰਕਰਾਰ
    ਮੈਂ ਦਾਇਮ ਰੱਖਾਂਗਾ।

    5. ਤੇਰੇ ਅਜਾਇਬ ਕੰਮਾਂ ਦੀ
    ਹਮਦ ਕਰਨਗੇ ਅਸਮਾਨ,
    ਪਾਕ ਲੋਕ ਸੱਚਿਆਈ ਤੇਰੀ ਦਾ
    ਸਾਫ਼ ਕਰਨਗੇ ਹੁਣ ਬਿਆਨ।

    6. ਅਸਮਾਨ ’ਤੇ ਕੌਣ ਹੋ ਸਕਦਾ ਹੈ,
    ਮਿਸਾਲ ਖ਼ੁਦਾਵੰਦ ਦੀ,
    ਮਨੁੱਖਾਂ ਦੇ ਵਿੱਚ ਕਿਹੜਾ ਹੈ
    ਖ਼ੁਦਾ ਦੇ ਵਾਂਗਰ ਵੀ?

    7. ਤੂੰ ਹੈਬਤਨਾਕ ਹੈਂ ਉਹਨਾਂ ਵਿੱਚ
    ਪਾਕ ਲੋਕ ਜੋ ਤੇਰੇ ਹਨ,
    ਅਤਿ ਇੱਜ਼ਤ ਵਾਲਾ ਉਹਨਾਂ ਵਿੱਚ
    ਜੋ ਤੇਰੇ ਨੇੜੇ ਹਨ।

  • ---

    46. ਖ਼ੁਦਾਵੰਦਾ ਕਦ ਤੀਕ ਤੂੰ ਆਪਣਾ ਚਿਹਰਾ,
    ਸਦਾ ਤੀਕ ਮੈਥੋਂ ਲੁਕਾਈ ਰੱਖੇਂਗਾ?

    47. ਰਹੇਂਗਾ, ਖ਼ੁਦਾਵੰਦਾ, ਕਦ ਤੀਕ ਗੁੱਸੇ,
    ਤੂੰ ਕਹਿਰ ਆਪਣੇ ਦੀ ਅੱਗ ਮਚਾਈ ਰੱਖੇਂਗਾ?

    48. ਤੂੰ ਕਰ ਯਾਦ ਦਿਨ ਉਮਰ ਮੇਰੀ ਦੇ ਸਾਰੇ,
    ਕਿ ਹਨ ਕਿਸ ਕਦਰ ਥੋੜ੍ਹੇ ਜਿਹੇ ਖ਼ੁਦਾਇਆ।

    49. ਤੂੰ ਕਿਉਂ ਆਦਮਜਾਤ ਸਭੋ ਬਣਾਏ,
    ਤੂੰ ਬੇਫ਼ਾਇਦਾ ਉਹਨਾਂ ਨੂੰ ਪੈਦਾ ਕੀਤਾ?

    50. ਉਹ ਇਨਸਾਨ ਕਿਹੜਾ ਹੈ ਜੋ ਜ਼ਿੰਦਾ ਰਹੇ,
    ਕੀ ਉਹ ਮੌਤ ਦੇ ਸੁਆਦ ਨੂੰ ਨਾ ਚੱਖੇਗਾ?

    51. ਉਹ ਕਿਹੜਾ ਹੈ ਜੋ ਮੌਤ ਦੇ ਜ਼ੋਰ ਹੱਥੋਂ,
    ਹਾਂ ਜਿੰਦੜੀ ਨੂੰ ਆਪਣੀ ਬਚਾਈ ਰੱਖੇਗਾ?

    52. ਉਹ ਕਿੱਥੇ ਗਈ ਸਭ ਤੇਰੀ ਮਿਹਰਬਾਨੀ,
    ਤੇ ਉਹ ਅਗਲੀਆਂ ਰਹਿਮਤਾਂ ਵੀ ਖ਼ੁਦਾਇਆ?

    53. ਕਿ ਤੂੰ ਬੱਧਾ ਸੀ ਅਹਿਦ ਦਾਊਦ ਦੇ ਨਾਲ,
    ਖ਼ੁਦਾਇਆ ਕਸਮ ਖਾ ਕੇ ਆਪਣੀ ਵਫ਼ਾ ਦਾ।

    54. ਤੂੰ ਕਰ ਯਾਦ ਕੌਮ ਆਪਣੀ ਦੀ ਸਭ ਖਵਾਰੀ,
    ਮਲਾਮਤ ਮੇਰੀ ਗੋਦੀ ਵਿੱਚ ਹੈ ਖ਼ੁਦਾਇਆ।

    55. ਮਸੀਹ ਤੇਰੇ ਦੇ ਪੈਰਾਂ ਨਕਸ਼ਿਆਂ ਨੂੰ,
    ਤੇਰੇ ਦੁਸ਼ਮਣਾਂ ਨੇ ਹੈ ਨਾਚੀਜ਼ ਜਾਤਾ।

    56. ਮੁਬਾਰਿਕ, ਮੁਬਾਰਿਕ ਸਦਾ ਤੀਕ ਹੈਂ ਤੂੰ
    ਹਾਂ, ਆਮੀਨ–ਆਮੀਨ, ਮੇਰੇ ਖ਼ੁਦਾਇਆ।

  • ---

    1. ਖ਼ੁਦਾ ਦੇ ਪਰ ਦੇ ਹੇਠਾਂ
    ਜੋ ਕੋਈ ਇਨਸਾਨ ਰਹਿੰਦਾ ਹੈ,
    ਖ਼ੁਦਾ ਦੇ ਖੰਭ ਦੀ ਛਾਂ ਹੇਠਾਂ
    ਤੇ ਉਹ ਆਰਾਮ ਪਾਉਂਦਾ ਹੈ।

    2. ਪਨਾਹ ਮੇਰੀ ਖ਼ੁਦਾਵੰਦ ਹੈ
    ਮੈਂ ਇਹੋ ਸਭ ਨੂੰ ਆਖਾਂਗਾ,
    ਕਿਲ੍ਹਾ ਮੇਰਾ ਖ਼ੁਦਾਵੰਦ ਹੈ
    ਮੈਂ ਆਸਰਾ ਉਸ ’ਤੇ ਰੱਖਾਂਗਾ।

    3. ਸ਼ਿਕਾਰੀ ਦੀਆਂ ਫਾਹੀਆਂ ਤੋਂ
    ਖ਼ੁਦਾ ਤੈਨੂੰ ਛੁਡਾਵੇਗਾ,
    ਵਬਾਓ ਤੇ ਮਰੀ ਭਾਰੀ ਤੋਂ
    ਉਹ ਤਦ ਤੈਨੂੰ ਬਚਾਵੇਗਾ।

    4. ਤੇ ਆਪਣੇ ਖੰਭ ਦੇ ਹੇਠਾਂ ਲੁਕਾਵੇਗਾ ਖ਼ੁਦਾ ਤੈਨੂੰ,
    ਉਹ ਆਪਣੇ ਪਰ ਦੀ ਛਾਂ ਹੇਠਾਂ
    ਸੋ ਦੇਵੇਗਾ ਪਨਾਹ ਤੈਨੂੰ।

    5. ਤੇਰੇ ਹਥਿਆਰ ਹੋਵਣਗੇ
    ਖ਼ੁਦਾਵੰਦ ਦੀ ਵਫ਼ਾਦਾਰੀ,
    ਡਰਾਵੇਗਾ ਨਾ ਦਿਨ ਦਾ ਤੀਰ
    ਨਾ ਤੈਨੂੰ ਰਾਤ ਅੰਧਿਆਰੀ।

    6. ਨਾ ਕੁਝ ਨੁਕਸਾਨ ਦੇਵੇਗੀ
    ਹਨੇਰੇ ਦੀ ਵਬਾਅ ਤੈਨੂੰ,
    ਤਪਾਲੀ ਜਿਹੜੀ ਚਟ ਕਰਦੀ ਹੈ
    ਮੁਲਕਾਂ ਨੂੰ ਦੁਪਹਿਰਾਂ ਨੂੰ।

    7. ਤਪਾਲੀ ਤੇਰੇ ਸੱਜੇ ਹੱਥ
    ਹਜ਼ਾਰਾਂ ਨੂੰ ਲੈ ਜਾਵੇਗੀ,
    ਕਦੀ ਵੀ ਕੋਲ ਤੇਰੇ ਇਹ
    ਤਪਾਲੀ ਫੇਰ ਨਾ ਆਵੇਗੀ।

    8. ਤੂੰ ਆਪਣੀ ਅੱਖੀਆਂ ਤੋਂ ਹਾਲ,
    ਵੇਖੇਂਗਾ ਸ਼ਰੀਰਾਂ ਦਾ,
    ਖ਼ੁਦਾਵੰਦ ਬਦਲਾ ਦੇਂਦਾ ਹੈ
    ਆਪ ਉਹਨਾਂ ਦੀ ਸ਼ਰਾਰਤ ਦਾ।

  • ---

    15. ਖੁਰਮੇ ਦੇ ਦਰਖ਼ਤ ਦੇ ਵਾਂਗਰ,
    ਸਾਦਿਕ ਲਹਿਲਿਹਾਵੇਗਾ,
    ਜਿਉਂ ਲੁਬਨਾਨ ਦਾ ਸਰੂ ਵੱਧਦਾ,
    ਉਹ ਵੀ ਵੱਧਦਾ ਜਾਵੇਗਾ।

    16. ਉਹ ਸਭ ਜੋ ਲਗਾਏ ਗਏ,
    ਘਰ ਦੇ ਵਿੱਚ ਖ਼ੁਦਾਵੰਦ ਦੇ,
    ਉਹ ਦਰਗਾਹਾਂ ਵਿੱਚ ਖ਼ੁਦਾ ਦੀ
    ਫੁੱਲਦੇ ਫਲ਼ਦੇ ਰਹਿਣਗੇ।

    17. ਬੁੱਢੇ ਵੇਲੇ ਵੀ ਸਭ ਸਾਦਿਕ
    ਮੇਵਾ ਦਿੰਦੇ ਰਹਿਣਗੇ,
    ਹਰੇ ਭਰੇ ਤੇ ਵੱਧਦੇ ਫਲ਼ਦੇ,
    ਤਰੋ–ਤਾਜ਼ਾ ਹੋਵਣਗੇ।

    18. ਰਾਸਤ ਤੇ ਸੱਚਾ ਹੈ ਖ਼ੁਦਾਵੰਦ ਤਾਂ
    ਉਹ ਕਰਨਗੇ ਇਹ ਬਿਆਨ,
    ਉਹਦੇ ਵਿੱਚ ਨਾ ਕੁਝ ਵੀ ਝੂਠ ਹੈ
    ਉਹੋ ਮੇਰੀ ਹੈ ਚਟਾਨ।

  • ---

    1. ਖ਼ੁਦਾਵੰਦ ਦੇ ਵਾਸਤੇ ਇੱਕ ਨਵਾਂ ਗੀਤ ਗਾਓ,
    ਕਿ ਉਸਨੇ ਹਨ ਕੀਤੇ ਅਜਾਇਬ ਸਭ ਕੰਮ।

    2. ਹਾਂ ਉਹਦੇ ਹੱਥ ਸੱਜੇ, ਪਾਕ ਬਾਜੂ ਨੇ ਉਹਦੇ ,
    ਹੈ ਬਖ਼ਸ਼ੀ ਖੁਦ ਉਸੇ ਨੂੰ ਫਤਹਿ ਤਮਾਮ।

    3. ਖ਼ੁਦਾਵੰਦ ਨੇ ਆਪਣੀ ਨਜਾਤ ਹੈ ਵਿਖਾਈ,
    ਸੱਚਿਆਈ ਆਪਣੀ ਕੌਮਾਂ ਵਿੱਚ ਕੀਤੀ ਮਸ਼ਹੂਰ।

    4. ਯਾਕੂਬ ਦੇ ਘਰਾਣੇ ਦੀ ਬਾਬਤ ਫਰਮਾਈ,
    ਯਾਦ ਆਪਣੀ ਇਮਾਨਤ ਤੇ ਰਹਿਮਤ ਜ਼ਰੂਰ।

    5. ਜ਼ਮੀਨ ਦੀਆਂ ਹੱਦਾਂ ਨੇ ਵੇਖੀ ਅਜਾਇਬ,
    ਖ਼ੁਦਾਵੰਦ ਅਸਾਡੇ ਖ਼ੁਦਾ ਦੀ ਨਜਾਤ।

    6. ਲਲਕਾਰ ਹੁਣ ਖ਼ੁਦਾਵੰਦ ਦੇ ਵਾਸਤੇ ਜ਼ਮੀਨ ਸਭ,
    ਨਾਲ ਖ਼ੁਸ਼ੀ ਦੇ ਗਾ ਉਹਦੀ ਸਿਫ਼ਤਾਂ ਦਿਨ ਰਾਤ।

  • ---

    7. ਖ਼ੁਦਾਵੰਦ ਦੇ ਵਾਸਤੇ ਨਾਲ ਬਰਬਤ ਦੇ ਗਾਓ,
    ਹਾਂ, ਸੁਰ ਬੰਨ੍ਹਕੇ ਬਰਬਤ ਵਜਾਓ ਸਦਾ।

    8. ਖ਼ੁਦਾਵੰਦ ਬਾਦਸ਼ਾਹ ਦੀ ਹਜ਼ੂਰੀ ਵਿੱਚ ਆਓ,
    ਤੇ ਫੂਕੋ ਨਰਸਿੰਗਾ ਤੇ ਨਾਲੇ ਕਰਨਾ।

    9. ਸਮੁੰਦਰ ’ਤੇ ਉਹਦੀ ਭਰਪੂਰੀ ਸ਼ੋਰ ਕਰੇ,
    ਸਭ ਦੁਨੀਆ ’ਤੇ ਜੋ ਕੁਝ ਹੈ ਉਸ ਵਿੱਚ ਮੌਜੂਦ।

    10. ਸਭ ਨਹਿਰਾਂ ਤਾਲ ਦੇਵਣ, ਪਹਾੜ ਤੇ ਸਭ ਟਿੱਲੇ,
    ਹਨ ਆਪੋ ਵਿੱਚ ਮਿਲਕੇ ਸਭ ਹੋਵਣ ਖ਼ੁਸ਼ਨੂਦ।

    11. ਖ਼ੁਦਾਵੰਦ ਦੇ ਵਾਸਤੇ ਕਿ ਉਹ ਤੇ ਹੈ ਆਉਂਦਾ,
    ਤਾਂ ਕਰੇ ਜ਼ਮੀਨ ਦੀ ਅਦਾਲਤ ਤਮਾਮ।

    12. ਸੱਚਿਆਈ ਨਾਲ ਦੁਨੀਆ ਦਾ ਮੁਨਸਿਫ਼ ਉਹ ਹੋਇਆ,
    ਤੇ ਰਾਸਤੀ ਨਾਲ ਆਪਣੀ ਉਹ ਕੌਮ ਦਾ ਮੁਦਾਮ।

  • ---

    1. ਖ਼ੁਦਾਵੰਦ ਰਾਜ ਕਰਦਾ ਹੈ,
    ਕੁੱਲ ਲੋਕ ਮਨਾਵਣ ਡਰ,
    ਉਹ ਕੈਰੂਬੀਮ ’ਤੇ ਬੈਠਾ ਹੈ,
    ਕੰਬੇ ਜ਼ਮੀਨ ਥਰ-ਥਰ।

    2. ਸਿਓਨ ਵਿੱਚ ਹੈ ਬਜ਼ੁਰਗ ਖ਼ੁਦਾ,
    ਬੁਲੰਦ ਸਭ ਕੌਮਾਂ ’ਤੇ,
    ਉਹ ਪਾਕ ਨਾਂ ਵੱਡੇ ਤੇਰੇ ਦੀ,
    ਸਿਤਾਇਸ਼ ਕਰਨਗੇ।

    3. ਬਾਦਸ਼ਾਹ ਦਾ ਜ਼ੋਰ ਤੇ ਇਖ਼ਤਿਆਰ,
    ਹੈ ਦੋਸਤ ਅਦਾਲਤ ਦਾ,
    ਸੱਚਿਆਈ ਕਾਇਮ ਕੀਤੀ
    ਹੈ ਤੂੰ ਹੀ ਖ਼ੁਦਾਵੰਦਾ।

    4. ਯਾਕੂਬ ਵਿੱਚ ਪੂਰਾ ਕੀਤਾ
    ਤੂੰ ਸੱਚਿਆਈ ਤੇ ਨਿਆਂ,
    ਖ਼ੁਦਾਵੰਦ ਰੱਬ ਅਸਾਡੇ ਨੂੰ
    ਹੁਣ ਜਾਣੋ ਆਲੀਸ਼ਾਨ।

    5. ਤੇ ਉਹਦੇ ਪੈਰ ਦੀ ਚੌਂਕੀ ਕੋਲ,
    ਆ ਮੱਥਾ ਟੇਕੋ ਸਭ,
    ਕਿ ਓਹੋ ਪਾਕ ਖ਼ੁਦਾਵੰਦ ਹੈ
    ਇਕੱਲਾ ਸਾਡਾ ਰੱਬ।

  • ---

    6. ਖ਼ੁਦਾ ਦੇ ਕਾਹਿਨਾਂ ਦੇ ਨਾਲ, ਮੂਸਾ, ਹਾਰੂਨ, ਤਮਾਮ,
    ਤੇ ਸੈਮੂਏਲ ਵੀ ਉਹਨਾਂ ਨਾਲ ਜੋ ਲੈਂਦੇ ਉਹਦਾ ਨਾਮ।

    7. ਪੁਕਾਰਦੇ ਸਨ ਖ਼ੁਦਾ ਨੂੰ ਜਦ, ਉਹ ਸੁਣਦਾ ਉਹਨਾਂ ਦੀ,
    ਤੇ ਬੱਦਲੀ ਦੇ ਵਿੱਚ ਉਹਨਾਂ ਨਾਲ ਉਹ ਗੱਲਾਂ ਕਰਦਾ ਸੀ।

    8. ਸਭ ਸਾਖੀਆਂ ਤੇ ਹੁਕਮ ਵੀ ਜੋ ਰੱਬ ਨੇ ਦਿੱਤੇ ਸਨ ,
    ਯਾਦ ਰੱਖੇ ਉਹਨਾਂ ਦਿਲ ਦੇ ਨਾਲ, ਤੇ ਮੰਨੇ ਸਭ ਫਰਮਾਨ।

    9. ਅਸਾਡੇ ਰੱਬ ਖ਼ੁਦਾਵੰਦਾ ਤੂੰ ਸੁਣਦਾ ਉਹਨਾਂ ਦੀ ,
    ਤੂੰ ਬਖ਼ਸ਼ਣ ਵਾਲਾ ਉਹਨਾਂ ਦਾ ਤੇ ਪਨਾਹ ਉਹਨਾਂ ਦੀ।

    10. ਪਰ ਬਦਲਾ ਲੈਂਦਾ ਉਹਨਾਂ ਤੋਂ ਜਦ ਬਦੀ ਕਰਦੇ ਸਨ,
    ਅਸਾਡੇ ਰੱਬ ਖ਼ੁਦਾਵੰਦ ਦੀ ਸਭ ਜਾਨਣ ਵੱਡੀ ਸ਼ਾਨ।

    11. ਤੇ ਉਹਦੇ ਪਾਕ ਪਹਾੜ ਦੇ ਵੱਲ, ਸਭ ਸਿਰ ਝੁਕਾਓ,
    ਖ਼ੁਦਾਵੰਦ ਸਾਡਾ ਪਾਕ ਖ਼ੁਦਾ, ਉਹਨੂੰ ਸਰ੍ਹਾਓ।

  • ---

    7. ਖ਼ੁਦਾ ਉਸ ਅਹਿਦ ਨੂੰ, ਜਦ ਆਪਣੀ ਯਾਦ ਵਿੱਚ ਲੈ ਆਇਆ,
    ਹਜ਼ਾਰਾਂ ਪੀੜ੍ਹੀਆਂ ਦੇ ਵਾਸਤੇ ਜੋ ਫਰਮਾਇਆ।

    8. ਜੋ ਅਬਰਾਹਾਮ ਦੇ ਨਾਲ ਉਸਨੇ ਅਹਿਦ ਕੀਤਾ ਸੀ,
    ਕਿ ਜਿਸਦੇ ਵਾਸਤੇ ਇਸਹਾਕ ਨਾਲ ਸਹੁੰ ਖਾਧੀ।

    9. ਇੱਕ ਅਹਿਦ ਵਾਸਤੇ ਯਾਕੂਬ ਦੇ ਸੀ ਠਹਿਰਾਇਆ,
    ਹਾਂ ਇਸਰਾਏਲ ਲਈ ਅਹਿਦ ਸੀ ਹਮੇਸ਼ਾ ਦਾ।

    10. ਕਿ ਤੈਨੂੰ ਦਿੰਦਾ ਹਾਂ ਕਨਾਨ ਦੀ ਜ਼ਮੀਨ ਸਾਰੀ,
    ਇਹ ਧਰਤੀ ਤੇਰਾ ਹੀ ਮੌਰੂਸੀ ਹਿੱਸਾ ਹੋਵੇਗੀ।

    11. ਜਦੋਂ ਸ਼ੁਮਾਰ ਦੇ ਵਿੱਚ ਘੱਟ ਉਹ ਸਨ ਤੇ ਥੋੜ੍ਹੇ ਜਿਹੇ,
    ਤੇ ਉਸ ਧਰਤੀ ਦੇ ਵਿੱਚ ਓਪਰੇ ਮੁਸਾਫ਼ਿਰ ਸੀ।

    12. ਉਹ ਕੌਮ ਕੌਮ ਰਹੇ ਫਿਰਦੇ ਮੁਲਕੀਂ–ਮੁਲਕੀਂ ਵੀ,
    ਖ਼ੁਦਾ ਨੇ ਆਪੇ ਰਖਵਾਲੀ ਉਹਨਾਂ ਦੀ ਕੀਤੀ।

    13. ਤੇ ਉਹਨਾਂ ਵਾਸਤੇ ਧਮਕਾਇਆ ਉਸਨੇ ਸ਼ਾਹਾਂ ਨੂੰ,
    ਨਾ ਲੋਕ ਮੇਰੇ ਛੂਹੋ, ਨਾ ਸਤਾਓ ਨਬੀਆਂ ਨੂੰ।

    14. ਤੇ ਉਸਨੇ ਸੱਦਿਆ ਉਸ ਧਰਤੀ ਉੱਤੇ ਕਾਲ ਨੂੰ ਵੀ,
    ਕੀ ਜਿਸਨੇ ਰੋਟੀ ਦੀ ਸਭ ਆਸ ਤੋੜ ਸੁੱਟੀ ਸੀ।

  • ---

    1. ਖ਼ੁਦਾਵੰਦ ਨੇ ਫਰਮਾਇਆ ਹੈ, ਖ਼ੁਦਾਵੰਦ ਮੇਰੇ ਨੂੰ,
    ਕਿ ਮੇਰੇ ਸੱਜੇ ਹੱਥ ਹੀ ਬੈਠ ਹੁਣ ਤਖ਼ਤ ਦੇ ਉੱਤੇ ਤੂੰ।

    2. ਜਦ ਤੀਕਰ ਉਹਨਾਂ ਸਭਨਾਂ ਨੂੰ, ਜੋ ਰੱਖਦੇ ਦੁਸ਼ਮਣੀ,
    ਬਣਾ ਲਵਾਂ ਨਾ ਚੌਂਕੀ ਮੈਂ, ਹਾਂ ਤੇਰੇ ਪੈਰਾਂ ਦੀ।

    3. ਸਿਓਨ ਤੋਂ ਸੋਤਾ ਘੱਲੇਂਗਾ, ਰੱਬ ਤੇਰੀ ਕੁੱਵਤ ਦਾ,
    ਤੂੰ ਆਪੇ ਵੈਰੀਆਂ ’ਤੇ ਤਦ, ਹਕੂਮਤ ਕਰੇਂਗਾ।

    4. ਤਦ ਤੇਰੇ ਜ਼ੋਰ ਦੇ ਵੇਲੇ ਰੱਬ, ਦਿਲ ਦੀ ਸਫ਼ਾਈ ਨਾਲ,
    ਲੋਕ ਤੇਰੇ ਆਪਣੇ ਆਪ ਨੂੰ ਹੀ, ਗੁਜ਼ਾਰਨ ਹੋ ਖ਼ੁਸ਼ਹਾਲ।

    5. ਤ੍ਰੇਲ ਜਵਾਨੀ ਤੇਰੀ ਦੀ ਬਥੇਰੀ ਹੋਵੇਗੀ,
    ਜੋ ਫਜਰ ਵੇਲੇ ਪੈਂਦੀ ਹੈ, ਹਾਂ ਉਸ ਤੋਂ ਵੱਧ ਕੇ ਵੀ।

  • ---

    1. ਖ਼ੁਦਾਵੰਦ ਦੀਆਂ ਤਾਰੀਫ਼ਾਂ ਹਰ ਦਮ ਸੁਣਾਓ,
    ਤੁਸੀਂ ਬੰਦਿਓ, ਰੱਬ ਦੀਆਂ ਤਾਰੀਫ਼ਾਂ ਗਾਓ।

    2. ਖ਼ੁਦਾਵੰਦ ਦਾ ਨਾਂ ਹੁਣ ਮੁਬਾਰਿਕ ਸਦਾ ਹੋ,
    ਹਾਂ ਚੜ੍ਹਦੇ ਤੋਂ ਲਹਿੰਦੇ ਤਕ ਉਹਦੀ ਸਨਾ ਹੋ।

    3. ਹੈ ਸਭ ਉੱਮਤਾਂ ਉੱਤੇ ਉੱਚਿਆਈ ਰੱਬ ਦੀ,
    ਹੈ ਸਭ ਅਸਮਾਨਾਂ ਉੱਤੇ ਖ਼ੁਦਾ ਦੀ ਬਜ਼ੁਰਗੀ।

    4. ਅਸਾਡੇ ਖ਼ੁਦਾ ਦੇ ਬਰਾਬਰ ਹੈ ਕਿਹੜਾ,
    ਜ਼ਮੀਨ ਅਸਮਾਨ ਉੱਤੇ ਜੋ ਹੈ ਵਡੇਰਾ?

    5. ਉਹ ਮਸਕੀਨ ਨੂੰ ਖ਼ਾਕ ਤੋਂ ਹੈ ਉਠਾਂਦਾ,
    ਤੇ ਆਜਿਜ਼ ਨੂੰ ਰੂੜੀ ਤੋਂ ਉੱਚਾ ਬਿਠਾਂਦਾ।

    6. ਕਿ ਤਾਂ ਵੱਡਿਆਂ ਨਾਲ ਉਹਨੂੰ ਬਿਠਾਵੇ,
    ਤੇ ਕੌਮ ਆਪਣੀ ਦੇ ਵੱਡਿਆਂ ਨਾਲ ਰਲਾਵੇ।

    7. ਉਹ ਅਫਲ਼ ਨੂੰ ਖ਼ੁਸ਼ੀ ਦਿੰਦਾ ਬੱਚਿਆਂ ਦੀ,
    ਤੁਸੀਂ ਸਭ ਕਰੋ ਮਿਲਕੇ ਰੱਬ ਦੀ ਬਜ਼ੁਰਗੀ।

  • ---

    9. ਖ਼ੁਦਾਵੰਦ ਨੇ ਯਾਦ ਕੀਤਾ ਉਹ ਬਰਕਤ ਬਖ਼ਸ਼ੇਗਾ,
    ਹਾਰੂਨ ਤੇ ਇਸਰਾਏਲ ਨੂੰ ਵੀ ਉਹ ਬਰਕਤ ਬਖ਼ਸ਼ੇਗਾ।

    10. ਉਹ ਸਭੋ ਜੋ ਹਨ ਰੱਖਦੇ ਡਰ ਪਾਕ ਖ਼ੁਦਾਵੰਦ ਦਾ,
    ਸਭ ਨਿੱਕਿਆਂ ਨੂੰ, ਨਾਲ ਵੱਡਿਆਂ, ਆਪ ਬਰਕਤ ਬਖ਼ਸ਼ੇਗਾ।

    11. ਵਧਾਵੇ ਰੱਬ ਤੁਹਾਨੂੰ ਔਲਾਦ ਤੁਹਾਡੀ ਵੀ,
    ਖ਼ੁਦਾਵੰਦ ਦੇ ਹਜ਼ੂਰ ਵਿੱਚ ਮੁਬਾਰਿਕ ਹੋਵੇ ਵੀ।

    12. ਖ਼ੁਦਾਵੰਦ ਦੇ ਅਸਮਾਨ ਹਨ ਹਾਂ ਸਭੋ ਨਾਲ ਯਕੀਨ,
    ਪਰ ਬਨੀ–ਆਦਮ ਨੂੰ ਵੀ ਇਹ ਬਖ਼ਸ਼ੀ ਹੈ ਜ਼ਮੀਨ।

    13. ਜੋ ਮਰਦੇ ਤੇ ਜਾਂ ਰਹਿੰਦੇ ਵਿੱਚ ਸ਼ਹਿਰ ਖਾਮੋਸ਼ਾਂ ਦੇ,
    ਖ਼ੁਦਾਵੰਦ ਦੀ ਤਾਰੀਫ਼ ਵਿੱਚ ਉਹ ਮੂੰਹ ਕੀ ਖੋਲ੍ਹਣਗੇ।

    14. ਪਰ ਅਸੀਂ ਮਿਲਕੇ ਗਾਈਏ ਉਸ ਲਈ ਹੁਣ ਤੋਂ ਤਾ ਸਦਾ,
    ਮੁਬਾਰਿਕਬਾਦੀ ਰੱਬ ਦੀ, ਹੋ ਉਸੇ ਦੀ ਸਨਾ।

  • ---

    1. ਖ਼ੁਦਾ ਦੇ ਨਾਲ ਮੁਹੱਬਤ ਮੈਂ ਦਿਲ ਤੋਂ ਰੱਖਦਾ ਹਾਂ,
    ਦੁਆਵਾਂ, ਮਿੰਨਤਾਂ ਸਭ ਉਸਨੇ ਮੇਰੀਆਂ ਸੁਣੀਆਂ।

    2. ਜੋ ਉਸਨੇ ਕੰਨ ਰੱਖੇ ਆਪਣੇ ਮੇਰੀ ਅਰਜ਼ਾਂ ’ਤੇ,
    ਮੈਂ ਉਹਦਾ ਨਾਂ ਲਵਾਂ, ਜਦ ਤੀਕਰ ਜੀਉਂਦਾ ਹਾਂ।

    3. ਚਵਲ਼ੀ ਮੌਤ ਦੇ ਦੁੱਖਾਂ ਨੇ ਮੈਨੂੰ ਘੇਰ ਲਿਆ,
    ਹਾਂ, ਗ਼ਮ ਤੇ ਰੰਜ ਵਿੱਚ ਲੱਗੀਆਂ ਪੀੜਾਂ ਕਬਰ ਦੀਆਂ।

    4. ਮੈਂ ਨਾਮ ਰੱਬ ਦਾ ਲਿਆ ਤਦ, ਕਿ ਰੱਬਾ ਮੈਨੂੰ ਬਚਾ,
    ਰਹੀਮ, ਸੱਚਾ, ਅਸਾਡਾ ਖ਼ੁਦਾ ਹੈ ਮਿਹਰਬਾਨ।

    5. ਖ਼ੁਦਾ ਹੈ ਸਿੱਧਿਆਂ ਲੋਕਾਂ ਦਾ ਆਪ ਰਖਵਾਲਾ,
    ਮੈਂ ਅਤਿ ਲਾਚਾਰ ਸਾਂ, ਉਸਨੇ ਬਚਾਈ ਮੇਰੀ ਜਾਨ।

    6. ਐ ਮੇਰੀ ਜਾਨ ਤੂੰ ਬੇ-ਫਿਕਰ ਹੋ, ਤਸੱਲੀ ਰੱਖ,
    ਕਿ ਤੇਰੇ ਉੱਤੇ ਖ਼ੁਦਾਵੰਦ ਨੇ ਕੀਤੇ ਹਨ ਅਹਿਸਾਨ।

    7. ਬਚਾਇਆ ਮੌਤ ਤੋਂ, ਡਿੱਗਣ ਤੋਂ ਮੇਰੇ ਪੈਰਾਂ ਨੂੰ,
    ਬਚਾਈਆਂ ਹੰਝੂਆਂ ਤੋਂ ਤੂੰ ਏ ਮੇਰੀਆਂ ਅੱਖੀਆਂ ਨੂੰ।

    8. ਮੈਂ ਜ਼ਿੰਦਗੀ ਦੀ ਜ਼ਮੀਨ ਉੱਤੇ ਆਪਣੇ ਰੱਬ ਦੇ ਹਜ਼ੂਰ,
    ਚੱਲਾਂ ਫਿਰਾਂਗਾ ਤੇ ਗਾਵਾਂਗਾ ਉਹਦੀਆਂ ਸਿਫ਼ਤਾਂ।

    9. ਯਕੀਨ ਕੀਤਾ ਤੇ ਕਿਹਾ ਕਿ ਮੈਂ ਸਾਂ ਬਿਪਤਾ ਵਿੱਚ,
    ਮੈਂ ਇਹ ਵੀ ਕਿਹਾ ਸੀ ਘਾਬਰ ਕੇ ‘ਝੂਠੇ ਹਨ ਇਨਸਾਨ’।

  • ---

    1. ਖ਼ੁਦਾ ਨੇ ਬਖ਼ਸ਼ੀਆਂ ਹਨ ਮੈਨੂੰ ਨਿਆਮਤਾਂ ਸਭੋ,
    ਸੋ ਬਦਲੇ ਉਹਨਾਂ ਦੇ ਉਹਨੂੰ ਮੈਂ ਕੀ ਹਾਂ ਦੇ ਸਕਦਾ?

    2. ਪਿਆਲਾ ਆਪਣੀ ਨਜਾਤ ਹੀ ਦਾ ਮੈਂ ਤੇ ਚੁੱਕ-ਚੁੱਕ ਕੇ,
    ਖ਼ੁਦਾਵੰਦ ਆਪਣੇ ਖ਼ੁਦਾ ਦਾ ਮੈਂ ਨਾਂ ਪੁਕਾਰਾਂਗਾ।

    3. ਖ਼ੁਦਾ ਦੇ ਸਾਰਿਆਂ ਲੋਕਾਂ ਦੇ ਰੂ-ਬਰੂ ਮੈਂ ਹੂੰ,
    ਖ਼ੁਦਾ ਦੇ ਵਾਸਤੇ ਸਭੋ ਕਰਾਂਗਾ ਨਜ਼ਰਾਂ ਅਤਾ।

    4. ਖ਼ੁਦਾ ਦੀਆਂ ਨਜ਼ਰਾਂ ਦੇ ਵਿੱਚ ਪਾਕ ਲੋਕਾਂ ਦਾ ਮਰਨਾ,
    ਹੈ ਭਾਰਾ ਕਦਰ, ਤੇ ਇੱਜ਼ਤ ਦੇ ਨਾਲ ਦਿੱਸਦਾ ਸਦਾ।

    5. ਮੈਂ ਬੰਦਾ ਹਾਂ ਤੇਰਾ, ਬੰਦਾ ਤੇ ਕਰਦਾ ਹਾਂ ਮਿੰਨਤ,
    ਮੈਂ ਤੇਰੀ ਕਾਮੀ ਦਾ ਪੁੱਤ ਹਾਂ, ਤੂੰ ਮੈਨੂੰ ਕੀਤਾ ਰਿਹਾਅ।

    6. ਚੜ੍ਹਾਵਾਂ ਸ਼ੁਕਰ ਦੀਆਂ ਕੁਰਬਾਨੀਆਂ ਮੈਂ ਤੇਰੇ ਹਜ਼ੂਰ,
    ਤੇ ਆਪਣੇ ਪਾਕ ਖ਼ੁਦਾਵੰਦ ਦਾ ਨਾਮ ਪੁਕਾਰਾਂਗਾ।

    7. ਖ਼ੁਦਾ ਦੇ ਘਰ ਦੀਆਂ ਦਰਗਾਹਾਂ ਵਿੱਚ, ਐ ਯਰੂਸ਼ਲਮ,
    ਹਾਂ ਤੇਰੇ ਵਿੱਚ ਉਹ ਕਰਨ ਮਿਲ ਕੇ ਸਭੋ ਰੱਬ ਦੀ ਸਨਾ।

  • ---

    1. ਖ਼ੁਦਾਵੰਦ ਦੇ ਸਾਹਮਣੇ ਮੈਂ ਚਿੱਲਾਇਆ,
    ਜਦੋਂ ਮੇਰੀ ਜਿੰਦੜੀ ’ਤੇ ਦੁੱਖ ਆਇਆ।

    2. ਦੁਆ ਉਸਨੇ ਮੇਰੀ ਕੰਨ ਧਰ ਕੇ ਸੁਣੀ,
    ਮੇਰੀ ਜਾਨ ਨੂੰ ਆਜ਼ਾਦ ਫਰਮਾਇਆ।

    3. ਮਨੁੱਖ ਦੀ ਕੀ ਤਾਕਤ ਜੋ ਉਸ ਤੋਂ ਡਰਾਂ?
    ਹੈ ਰੱਬ ਮੇਰੇ ਦਾ, ਮੇਰੇ ’ਤੇ ਸਾਇਆ।

    4. ਹੈ ਰੱਬ ਮੇਰੀ ਮਦਦ, ਸੰਭਲਾਂਗਾ ਮੈਂ,
    ਜਿਨ੍ਹਾਂ ਮੇਰੇ ਨਾਲ ਵੈਰ ਹੈ ਚਾਹਿਆ।

    5. ਹੈ ਰੱਬ ਉੱਤੇ ਆਸ ਆਪਣੀ ਰੱਖਣੀ ਭਲੀ,
    ਤੇ ਢੂੰਡਣਾਂ ਮਨੁੱਖਾਂ ਦਾ ਕੀ ਸਾਇਆ।

    6. ਹੈ ਰੱਬ ਉੱਤੇ ਆਸ ਆਪਣੀ ਰੱਖਣੀ ਭਲੀ,
    ਕੀ ਢੂੰਡਣਾਂ ਅਮੀਰ ਲੋਕਾਂ ਦਾ ਸਾਇਆ।

    7. ਨਾਮ ਰੱਬ ਦੇ ਨਾਲ ਕਰਾਂਗਾ ਇਹਨਾਂ ਦਾ ਨਾਸ਼,
    ਕਿ ਸਭ ਕੌਮਾਂ ਨੇ ਮੈਨੂੰ ਘੇਰਾ ਪਾਇਆ।

    8. ਜੋ ਘੇਰਦੇ ਨੇ ਮੈਨੂੰ ਸਭ ਹੋਣਗੇ ਫ਼ਨਾਹ,
    ਜਦੋਂ ਆਪਣੇ ਰੱਬ ਦਾ ਮੈਂ ਨਾਮ ਤਿਹਾਇਆ।

    9. ਉਹ ਬੁੱਝ ਗਏ ਕੰਡਿਆਂ ਦੀ ਅੱਗ ਵਾਂਗ ਸਭ,
    ਜਿਨ੍ਹਾਂ ਮੱਖੀਆਂ ਵਾਂਗ ਘੇਰਾ ਪਾਇਆ।

    10. ਮੈਂ ਉਹਨਾਂ ਦਾ ਸੱਚਮੁੱਚ ਹੁਣ ਕਰਾਂਗਾ ਨਾਸ਼,
    ਜਦੋਂ ਆਪਣੇ ਰੱਬ ਦਾ ਮੈਂ ਨਾਮ ਤਿਹਾਇਆ।

    11. ਤੂੰ ਜ਼ੋਰ ਨਾਲ ਧੱਕਿਆ ਤਾਂ ਦੇਵਣ ਡਿੱਗਾ,
    ਪਰ ਰੱਬ ਮੇਰੀ ਮਦਦ ਨੂੰ ਆਪ ਆਇਆ।

    12. ਜ਼ੋਰ ਮੇਰਾ ਹੈ ਰੱਬ ਓਹੋ ਮੇਰਾ ਹੈ ਮਾਣ,
    ਓਹੋ ਮੇਰੇ ਛੁਡਾਵਣ ਨੂੰ ਆਪ ਆਇਆ।

  • ---

    1. ਖ਼ੁਦਾਵੰਦ ਦੇ ਐ ਬੰਦਿਓ,
    ਜੋ ਰਾਤੀਂ ਖੜ੍ਹੇ ਰਹਿੰਦੇ ਹੋ,
    ਖ਼ੁਦਾਵੰਦ ਦੇ ਘਰ ਵਿੱਚ ਸਦਾ,
    ਕਹੋ ਮੁਬਾਰਿਕ ਹੈ ਖ਼ੁਦਾ।

    2. ਹੱਥ ਹੈਕਲ ਵੱਲ ਉਠਾਓ ਵੀ,
    ਮੁਬਾਰਿਕਬਾਦੀ ਗਾਓ ਵੀ,
    ਸਭ ਬਰਕਤ ਤੈਨੂੰ ਬਖ਼ਸ਼ੇਗਾ,
    ਸਿਓਨ ਦੇ ਵਿੱਚੋਂ ਪਾਕ ਖ਼ੁਦਾ।

  • ---

    1. ਖ਼ੁਦਾ ਦੀ ਕਰੋ ਹੁਣ ਸਨਾ,
    ਸਲਾਹੋ ਨਾਮ ਖ਼ੁਦਾਵੰਦ ਦਾ,
    ਹਾਂ ਉਹਦੇ ਸਾਰੇ ਨੌਕਰ ਵੀ,
    ਗਾਵਣ ਤਾਰੀਫ਼ ਖ਼ੁਦਾਵੰਦ ਦੀ।

    2. ਖ਼ੁਦਾ ਦੇ ਘਰ ਵਿੱਚ ਰਹਿੰਦੇ ਜੋ,
    ਬਾਰਗਾਹ ਦੇ ਵਿੱਚ ਖਲੋਤੇ ਹੋ,
    ਹਮਦ ਗਾਓ, ਰੱਬ ਹੈ ਮਿਹਰਬਾਨ,
    ਸਲਾਹੋ ਉਹਦਾ ਪਿਆਰਾ ਨਾਮ।

    3. ਯਾਕੂਬ ਨੂੰ ਆਪਣੇ ਵਾਸਤੇ ਹੀ,
    ਖ਼ੁਦਾਵੰਦ ਨੇ ਚੁਣ ਲਿਆ ਸੀ,
    ਹਾਂ ਚੁਣਿਆ ਇਸਰਾਏਲ ਹੈ ਜੋ,
    ਤਾਂ ਰੱਬ ਦਾ ਖ਼ਾਸ ਖ਼ਜ਼ਾਨਾ ਹੋ।

  • ---

    12. ਖ਼ੁਦਾਵੰਦਾ ਕਾਦਿਰ, ਮੇਰੇ ਰੱਬ ਖ਼ੁਦਾਇਆ,
    ਕਾਇਮ ਸਦਾ ਤੀਕ ਹੈ ਬੱਸ ਨਾਮ ਤੇਰਾ।

    13. ਕਰੇਗਾ ਨਿਆਂ ਆਪਣੇ ਲੋਕਾਂ ਦਾ, ਕਾਦਿਰ,
    ਪਛਤਾਏਗਾ ਨਿਆਂ ਆਪਣੇ ਲੋਕਾਂ ਦੀ ਖ਼ਾਤਿਰ।

  • ---

    6. ਖ਼ੁਦਾਇਆ, ਤੇਰੀ ਰੂਹ ਤੋਂ ਮੈਂ,
    ਭਲਾ ਨੱਸ ਕੇ ਕਿੱਧਰ ਜਾਵਾਂ,
    ਹਜ਼ੂਰੀ ਤੇਰੀ ਤੋਂ ਛੁੱਪ ਕੇ,
    ਮੈਂ ਕਿਹੜੀ ਤਰਫ਼ ਨੂੰ ਨੱਸਾਂ?

    7. ਮੈਂ ਚੜ੍ਹ ਜਾਵਾਂ ਜੇ ਅਸਮਾਨਾਂ ਦੇ ਉੱਤੇ,
    ਉੱਥੇ ਹੈਂ ਤੂੰ ਹੀ,
    ਵਿਛਾਵਾਂ ਬਿਸਤਰਾ ਪਾਤਾਲ਼ ਦੇ ਵਿੱਚ
    ਉੱਥੇ ਹੈਂ ਤੂੰ ਹੀ।

    8. ਸਮੁੰਦਰੋਂ ਪਾਰ ਜਾ ਉੱਤਰਾਂ,
    ਸੁਬਾਹ ਦੇ ਪੰਖਾਂ ਨੂੰ ਫੈਲਾਅ,
    ਤੇ ਉੱਥੇ ਵੀ ਤੇਰਾ ਹੱਥ ਮੈਨੂੰ,
    ਯਾ ਰੱਬ ਰਾਹ ਵਿਖਾਵੇਗਾ।

    9. ਖ਼ੁਦਾਇਆ, ਤੂੰ ਕਰੇਂਗਾ ਦਸਤਗੀਰੀ
    ਮੇਰੇ ਉੱਤੇ ਵੀ,
    ਤੇਰਾ ਹੱਥ ਸੱਜਾ ਉਸ ਪਾਤਾਲ਼ ਵਿੱਚ
    ਹੋਵੇ ਮਦਦ ਮੇਰੀ।

    10. ਜੇ ਮੈਂ ਆਖਾਂ ਕਿ ਮੈਨੂੰ ਘੁੱਪ
    ਹਨੇਰਾ ਹੁਣ ਛੁਪਾਵੇਗਾ,
    ਮੇਰੇ ਗਿਰਦੇ ਹਨੇਰਾ ਵੀ
    ਤਦੋਂ ਚਾਨਣ ਹੋ ਜਾਵੇਗਾ।

    11. ਨਹੀਂ ਹੈ ਸਾਹਮਣੇ ਤੇਰੇ ਹਨੇਰਾ,
    ਘੁੱਪ ਹਨੇਰਾ ਵੀ,
    ਹਨੇਰੀ ਰਾਤ ਤੇਰੇ ਸਾਹਮਣੇ ਹੈ
    ਵਾਂਗ ਚਾਨਣ ਵੀ।

  • ---

    1. ਖ਼ੁਦਾਇਆ, ਸ਼ਰੀਰਾਂ ਤੋਂ ਮੈਨੂੰ ਛੁਡਾ,
    ਤੇ ਜ਼ੋਰਾਵਰਾਂ ਕੋਲੋਂ ਮੈਨੂੰ ਬਚਾ।

    2. ਉਹ ਦਿਲ ਵਿੱਚ ਬਦੀ ਸੋਚਦੇ ਰਹਿੰਦੇ ਹਨ,
    ਲੜਾਈ ਦੀ ਖ਼ਾਤਿਰ ਜਮ੍ਹਾ ਹੁੰਦੇ ਹਨ।

    3. ਹੈ ਸੱਪ ਵਾਂਗ ਤਿੱਖੀ ਜ਼ੁਬਾਨ ਉਹਨਾਂ ਦੀ,
    ਤੇ ਹੋਠਾਂ ਦੇ ਵਿੱਚ ਨਾਗ ਦਾ ਜ਼ਹਿਰ ਵੀ।

    4. ਖ਼ੁਦਾਇਆ, ਸ਼ਰੀਰਾਂ ਤੋਂ ਮੈਨੂੰ ਛੁਡਾ,
    ਤੇ ਜ਼ੋਰਾਵਰਾਂ ਕੋਲੋਂ ਮੈਨੂੰ ਬਚਾ।

    5. ਹੈ ਸੋਚ ਉਹਨਾਂ ਦੀ ਰਾਤ ਦਿਨ, ਐ ਖ਼ੁਦਾ,
    ਕਿ ਮੈਨੂੰ ਕਿਸੇ ਤਰ੍ਹਾਂ ਦੇਵਣ ਡਿਗਾ।

    6. ਕੀ ਉਹਨਾਂ ਨੇ ਤਿਆਰ ਹੈ ਕੀਤੀਆਂ,
    ਮੇਰੇ ਵਾਸਤੇ ਫ਼ਾਹੀਆਂ ਤੇ ਰੱਸੀਆਂ।

    7. ਕੀ ਲਾਉਂਦੇ ਨੇ ਛੁੱਪ-ਛੁੱਪ ਕੇ ਹੰਕਾਰੀਏ,
    ਮੇਰੇ ਰਾਹ ਦੇ ਵਿੱਚ ਜਾਲ, ਤਾਂ ਮਾਰੀਏ।

  • ---

    10. ਖ਼ੁਦਾਇਆ, ਤੂੰ ਸੁਣ ਮੇਰੀ ਛੇਤੀ ਦੁਆ,
    ਕਿ ਹੈ ਖਾਤਿਮਾ ਨੇੜੇ ਮੇਰੀ ਰੂਹ ਦਾ।

    11. ਤੂੰ ਮੂੰਹ ਆਪਣਾ ਬੰਦੇ ਤੋਂ ਨਾ ਫੇਰ ਲੈ,
    ਕਿ ਤਾਂ ਡਿੱਗ ਪਵਾਂ ਮੈਂ ਨਾ ਵਿੱਚ ਗੋਰ ਦੇ।

    12. ਮੁਹੱਬਤ ਦੀ ਆਵਾਜ਼ ਫਜਰੇ ਸੁਣਾ,
    ਕਿ ਹੈ ਤੇਰੇ ਉੱਤੇ ਮੇਰਾ ਆਸਰਾ।

    13. ਤੂੰ ਹੁਣ ਆਪਣੀ ਰਾਹ ਉੱਤੇ ਮੈਨੂੰ ਚਲਾ,
    ਤੇਰੇ ਵੱਲ ਮੇਰੀ ਜਾਨ ਤੱਕਦੀ ਸਦਾ।

    14. ਮੇਰੇ ਵੈਰੀਆਂ ਕੋਲੋਂ ਮੈਨੂੰ ਛੁਡਾ,
    ਤੇਰੇ ਕੋਲ ਆ ਕੇ ਮੈਂ ਲੈਂਦਾ ਪਨਾਹ।

    15. ਤੂੰ ਆਪਣੀ ਹੀ ਮਰਜ਼ੀ ’ਤੇ ਚੱਲਣਾ ਸਿਖਾ,
    ਕਿ ਤੂੰ ਹੀ ਹੈਂ ਮੇਰਾ ਖ਼ੁਦਾਵੰਦ ਖ਼ੁਦਾ।

    16. ਵਿਖਾਵੇ ਤੇਰੀ ਨੇਕ ਰੂਹ ਮੈਨੂੰ ਰਾਹ,
    ਤਾਂ ਸੱਚਿਆਈ ਦੇ ਮੁਲਕ ਜਾ ਪਹੁੰਚਾਂਗਾ।

    17. ਤੂੰ ਨਾਮ ਆਪਣੇ ਦੇ ਵਾਸਤੇ ਐ ਖ਼ੁਦਾ,
    ਮੇਰੀ ਜਾਨ ਨੂੰ ਜ਼ਿੰਦਗੀ ਕਰ ਅਤਾ।

    18. ਤੂੰ ਆਪਣੀ ਸਦਾਕਤ ਦੀ ਖਾਤਿਰ ਖ਼ੁਦਾ,
    ਮੇਰੀ ਜਾਨ ਡਾਢੇ ਦੁੱਖਾਂ ਤੋਂ ਛੁਡਾ।

    19. ਮੇਰੇ ਉੱਤੇ ਕਰ ਰਹਿਮ ਮੇਰੇ ਖ਼ੁਦਾ,
    ਮੇਰੇ ਵੈਰੀਆਂ ਨੂੰ ਤੂੰ ਛੇਤੀ ਮੁਕਾ।

    20. ਤੂੰ ਕਰ ਨਾਸ਼ ਹੁਣ ਮੁਜ਼ੀ ਤਮਾਮ ਖ਼ੁਦਾਵੰਦਾ,
    ਤੇਰਾ ਹੀ ਮੈਂ ਹਾਂ ਗੁਲਾਮ।

  • ---

    12. ਖ਼ੁਦਾਵੰਦ ਡਿੱਗਿਆਂ ਹੋਇਆਂ ਨੂੰ ਬਚਾਂਦਾ,
    ਤੇ ਝੁੱਕਿਆਂ ਹੋਇਆਂ ਨੂੰ ਆਪ ਉਠਾਂਦਾ।

    13. ਲੱਗੀ ਹੈ ਤੇਰੇ ਹੀ ਵੱਲ ਆਸ ਸਭਨਾਂ ਦੀ,
    ਤੂੰ ਦੇਂਦਾ ਉਹਨਾਂ ਨੂੰ ਵੇਲੇ ’ਤੇ ਰੋਜ਼ੀ।

    14. ਖ਼ੁਦਾ ਜਦ ਖੋਲ੍ਹਦਾ ਹੈ ਆਪਣੀ ਮੁੱਠੀ,
    ਤਦੋਂ ਪੇਟ ਆਪਣਾ ਭਰਦਾ ਹੈ ਹਰ ਇੱਕ ਜੀ।

    15. ਖ਼ੁਦਾਵੰਦ ਆਪਣੇ ਰਾਹਾਂ ਵਿੱਚ ਹੈ ਸੱਚਾ,
    ਤੇ ਆਪਣੇ ਕੰਮਾਂ ਵਿੱਚ ਹੈ ਰਹਿਮ ਕਰਦਾ।

    16. ਖ਼ੁਦਾਵੰਦ ਹੈ ਸਦਾ ਉਨ੍ਹਾਂ ਦੇ ਨੇੜੇ,
    ਜੋ ਸੱਚੇ ਦਿਲ ਤੋਂ ਉਹਦੇ ਕੋਲੋਂ ਮੰਗਦੇ।

    17. ਖ਼ੁਦਾਵੰਦ ਆਪਣੇ ਡਰਨ ਵਾਲਿਆਂ ਦੇ,
    ਮਤਲਬ ਸਭ ਕਰੇਗਾ ਆਪ ਪੂਰੇ।

    18. ਸੁਣੇਗਾ ਉਨ੍ਹਾਂ ਦੀ ਕੰਨ ਲਾ ਕੇ ਫਰਿਆਦ,
    ਕਰੇਗਾ ਉਨ੍ਹਾਂ ਨੂੰ ਦੁੱਖਾਂ ਤੋਂ ਆਜ਼ਾਦ।

    19. ਖ਼ੁਦਾਵੰਦ ਰਹਿੰਦਾ ਆਪਣੇ ਲੋਕਾਂ ਦੇ ਪਾਸ,
    ਖਬੀਸਾਂ ਦਾ ਕਰੇਗਾ ਸੱਤਿਆਨਾਸ।

    20. ਖ਼ੁਦਾ ਦੀ ਹਮਦ ਗਾਵੇਗਾ ਮੇਰਾ ਮੂੰਹ,
    ਸਦਾ ਧੰਨ ਆਖੋ ਰੱਬ ਦੇ ਪਾਕ ਨਾਂ ਨੂੰ।

  • ---

    13. ਖ਼ੁਦਾਵੰਦ ਦੀ ਯਰੂਸ਼ਲਮ
    ਦਿਲ ਨਾਲ ਸਿਤਾਇਸ਼ ਕਰ,
    ਹਾਂ ਆਪਣੇ ਰੱਬ ਦੀ ਐ ਸਿਓਨ,
    ਦਿਲ ਤੋਂ ਸਿਤਾਇਸ਼ ਕਰ।

    14. ਕਿ ਉਸਨੇ ਤੇਰੇ ਬੂਹਿਆਂ ਨੂੰ
    ਮਜ਼ਬੂਤੀ ਬਖ਼ਸ਼ੀ ਹੈ,
    ਤੇ ਤੇਰੇ ਸਾਰਿਆਂ ਬੱਚਿਆਂ ਨੂੰ,
    ਉਸ ਬਰਕਤ ਦਿੱਤੀ ਹੇ।

    15. ਕਿ ਉਹ ਤੇ ਤੇਰੀਆਂ ਹੱਦਾਂ ਨੂੰ
    ਸਲਾਮਤ ਰੱਖਦਾ ਹੈ,
    ਹਾਂ ਤੈਨੂੰ ਤੰਗੀ ਕਣਕ ਨਾਲ,
    ਅਸੂਦਾ ਕਰਦਾ ਹੈ।

    16. ਉਹ ਆਪਣੇ ਸੱਚੇ ਹੁਕਮਾਂ ਨੂੰ,
    ਜ਼ਮੀਨ ’ਤੇ ਘੱਲਦਾ ਹੈ,
    ਜੋ ਉਹਦੇ ਮੂੰਹ ਦਾ ਹੈ ਕਲਾਮ,
    ਉਹ ਛੇਤੀ ਚੱਲਦਾ ਹੈ।

    17. ਬਰਫ਼ ਉੱਨ ਦੇ ਵਾਂਗਰ ਪਾਉਂਦਾ ਹੈ,
    ਤੇ ਪਾਲ਼ਾ ਵਾਂਗ ਸੁਆਹ,
    ਉਹ ਸੁੱਟਦਾ ਟੁਕੜੇ ਕੱਕਰ ਦੇ,
    ਠੰਡ ਕੌਣ ਸਹਿ ਸਕੇਗਾ?

    18. ਉਹ ਆਪਣਾ ਹੁਕਮ ਘੱਲਦਾ ਹੈ,
    ਸਭ ਕੁਝ ਗਲ਼ ਜਾਂਦਾ ਹੈ,
    ਤੇ ਪਾਣੀ ਸਭ ਵਗ ਜਾਂਦਾ ਹੈ,
    ਜਦ ਵਾਅ ਚਲਾਉਂਦਾ ਹੈ।

    19. ਯਾਕੂਬ ਉੱਤੇ ਜ਼ਾਹਿਰ ਕਰਦਾ ਹੈ,
    ਉਹ ਆਪਣਾ ਪਾਕ ਕਲਾਮ,
    ਹੱਕ ਸਭੋ ਉਹ ਇਸਰਾਏਲ ਉੱਤੇ,
    ਅਦਾਲਤਾਂ ਤਮਾਮ।

    20. ਨਾ ਕਿਸੇ ਕੌਮ ’ਤੇ ਕੀਤਾ ਹੈ,
    ਖ਼ੁਦਾ ਨੇ ਇਹ ਅਹਿਸਾਨ,
    ਨਾ ਸਮਝਣ ਉਹਦਾ ਉਹ ਇਨਸਾਫ਼,
    ਹਮਦ ਉਹਦੀ ਹੋ ਹਰਾਨ।

  • ---

    ਖਿੱਚ ਲੈਂਦੀਆਂ ਨੇ ਰੱਬ ਦੇ ਕਲਾਮ ਦੀਆਂ ਗੱਲਾਂ,
    ਕਰ ਦੇਂਦੀਆਂ ਹਲੀਮ ਇਲਹਾਮ ਦੀਆਂ ਗੱਲਾਂ।

    1. ਨੇਕਾਂ ਬੰਦਿਆਂ ਨੂੰ ਦੇਵੇਗਾ ਹਜ਼ੂਰ ਸੱਦ ਕੇ,
    ਉਸ ਕੀਤੀਆਂ ਨੇ ਜਿਹੜੀਆਂ ਇਨਾਮ ਦੀਆਂ ਗੱਲਾਂ।

    2. ਸਿਰੇ ਕਲਵਰੀ ’ਤੇ ਪਹੁੰਚਣਾ ਸਲੀਬ ਚੁੱਕ ਕੇ,
    ਹੁਣ ਛੱਡ ਦੇ ਜਹਾਨ ਦੇ ਆਰਾਮ ਦੀਆਂ ਗੱਲਾਂ।

    3. ਅੱਜ ਰੌਸ਼ਨ ਜਹਾਨ ਉੱਤੇ ਹੋਈਆਂ ਸਾਰੀਆਂ,
    ਉਸ ਪਾਕ ਜਬਰਾਏਲ ਦੇ ਪੈਗ਼ਾਮ ਦੀਆਂ ਗੱਲਾਂ।

    4. ਕੋਈ ਗੁੱਠ ਨਹੀਂ ਜਹਾਨ ਉੱਤੇ ਖਾਲੀ ਦਿਸਦੀ,
    ਜਿੱਥੇ ਹੁੰਦੀਆਂ ਨਹੀਂ, ਯਿਸੂ ਵਾਲੇ ਨਾਮ ਦੀਆਂ ਗੱਲਾਂ।

    5. ਨਿੱਤ ਲਿਖੀਆਂ ਅਮਾਲਨਾਮੇ ਵਿੱਚ ਜਾਂਦੀਆਂ,
    ਸਭੇ ਤੇਰੀਆਂ ਸਵੇਰ, ਨਾਲੇ ਸ਼ਾਮ ਦੀਆਂ ਗੱਲਾਂ।

  • ---

    ਖ਼ੁਸ਼ ਹੋ ਖ਼ੁਦਾਵੰਦ ਆਇਆ ਹੈ,
    ਉਸ ਨੂੰ ਕਰ ਕਬੂਲ,
    ਉਹ ਕੁੱਲ ਜਹਾਨ ਦਾ ਮਾਲਿਕ ਹੈ,
    ਉਸ ਨੂੰ ਕਰ ਕਬੂਲ।

    1. ਉਹ ਬਾਦਸ਼ਾਹਾਂ ਦਾ ਬਾਦਸ਼ਾਹ ਹੈ,
    ਉਹਦਾ ਨਾਮ ਮੁਬਾਰਿਕ ਹੈ,
    ਉਸ ਕੋਲੋਂ ਬਰਕਤ ਮਿਲਦੀ ਹੈ,
    ਉਸ ਨੂੰ ਕਰ ਕਬੂਲ।

    2. ਦੁੱਖ ਦਰਦ ਜਹਾਨ ਦੇ ਚੁੱਕਣ ਲਈ,
    ਉਹ ਧਰਤੀ ’ਤੇ ਆਇਆ ਹੈ,
    ਉਹਦੀ ਸ਼ਾਨ ਜਹਾਨ ਤੋਂ ਉੱਚੀ ਹੈ,
    ਉਸ ਨੂੰ ਕਰ ਕਬੂਲ।

    3. ਉਹ ਰਾਸਤਬਾਜ਼ਾਂ ਦੇ ਲਈ,
    ਆਪਣਾ ਤਖ਼ਤ ਲਗਾਵੇਗਾ,
    ਤੂੰ ਵੀ ਡਿੱਗ ਪਓ ਜਾ ਕੇ ਕਦਮਾਂ ਦੇ ਵਿੱਚ,
    ਉਸ ਨੂੰ ਕਰ ਕਬੂਲ।

  • ---

    ਖ਼ੁਦਾਇਆ ਆਪਣੇ ਆਪ ਨੂੰ ਤੈਨੂੰ ਚੜ੍ਹਾਵਾਂ,
    ਦੁਆ ਇਹ ਆਪਣੀ ਐ ਖ਼ੁਦਾ ਤੈਨੂੰ ਸੁਣਾਵਾਂ।

    1. ਮੈਥੋਂ ਮੇਰਾ ਕੁਝ ਵੀ ਨਹੀਂ ਹੈ,
    ਜੋ ਕੁਝ ਹੈ ਸੋ ਤੇਰਾ ਹੈ,
    ਮੇਰੀ ਇਸ ਰੂਹ ਦਾ ਤੂੰ ਹੈ ਮਾਲਿਕ,
    ਇਹ ਤਨ-ਮਨ ਵੀ ਤੇਰਾ ਹੈ।

    2. ਰੋਟੀ ਤੇ ਦਾਖਰਸ ਤੈਨੂੰ ਚੜ੍ਹਾਈਏ,
    ਜਿਸ ਵਿੱਚ ਵਾਸ ਹੋ ਤੇਰਾ,
    ਆ ਮੇਰੇ ਦਿਲ ਵਿੱਚ ਆਜਾ ਖ਼ੁਦਾਇਆ,
    ਪਾ ਮੇਰੇ ਦਿਲ ਵਿੱਚ ਫੇਰਾ।

  • ---

    1. ਖਿਆਲ ਕਰੋ ਯਹੂਦੀਆਂ ਨੇ,
    ਯਿਸੂ ਨੂੰ ਫੜ੍ਹ ਲਿਆ,
    ਤੇ ਫ਼ਤਵਾ ਮੌਤ ਦਾ ਦੇ ਦਿੱਤਾ,
    ਮਹਿਬੂਬ ਸ਼ਾਫ਼ੀ ਗ਼ਮਖ਼ਾਰ।
    ਯਿਸੂ ਨੇ ਸਾਡੇ ਵਾਸਤੇ,
    ਹਰ ਦਰਦ ਸਹਿ ਲਿਆ,
    ਤੇ ਡਰਿਆ ਮੌਤ ਤੋਂ ਵੀ ਨਾ,
    ਮਹਿਬੂਬ ਸ਼ਾਫ਼ੀ ਗ਼ਮਖ਼ਾਰ।

    2. ਖਿਆਲ ਕਰੋ ਸਲੀਬ ਨੂੰ,
    ਉਹ ਚੁੱਕ ਕੇ ਤੁਰ ਪਿਆ,
    ਤੇ ਰਾਹ ਵਿੱਚ ਸੋਚਦਾ ਜਾਂਦਾ ਹੈ,
    ਮਹਿਬੂਬ ਸ਼ਾਫ਼ੀ ਗ਼ਮਖ਼ਾਰ।
    ਸਾਡੇ ਗੁਨਾਹ ਯਿਸੂ ਨੇ,
    ਮੋਢੇ ’ਤੇ ਚੁੱਕ ਲਏ,
    ਸਾਨੂੰ ਬਚਾਉਣ ਉਹ ਤੁਰ ਪਿਆ,
    ਮਹਿਬੂਬ ਸ਼ਾਫ਼ੀ ਗ਼ਮਖ਼ਾਰ।

    3. ਸਲੀਬ ਦੇ ਭਾਰ ਦੇ ਨਾਲ ਉਹ,
    ਡਾਢਾ ਕਮਜ਼ੋਰ ਹੋਇਆ,
    ਤੇ ਪਹਿਲੀ ਵਾਰੀ ਡਿੱਗ ਪਿਆ,
    ਮਹਿਬੂਬ ਸ਼ਾਫ਼ੀ ਗ਼ਮਖ਼ਾਰ।
    ਸਾਨੂੰ ਖਲਾਸੀ ਦਿੱਤੀ ਤੂੰ,
    ਸੂਲੀ ਨੂੰ ਚੁੱਕ ਲਿਆ,
    ਤੇ ਬਣ ਗਿਆ ਮਸੀਹਾ ਤੂੰ,
    ਮਹਿਬੂਬ ਸ਼ਾਫ਼ੀ ਗ਼ਮਖ਼ਾਰ।

    4. ਸਲੀਬ ਦੇ ਰਾਹ ਵਿੱਚ ਮਿਲਦੀ ਹੈ,
    ਯਿਸੂ ਦੀ ਪਿਆਰੀ ਮਾਂ,
    ਤੇ ਮਾਂ ਦੇ ਵੱਲ ਉਹ ਵੇਖਦਾ ਹੈ,
    ਮਹਿਬੂਬ ਸ਼ਾਫ਼ੀ ਗ਼ਮਖ਼ਾਰ।
    ਕਿੰਨੀ ਮਹਾਨ ਪਿਆਰੀ ਮਾਂ,
    ਜੋ ਧੰਨ ਹੈ ਸਦਾ,
    ਹੈ ਜਿਸਨੇ ਬੇਟਾ ਵਾਰਿਆ,
    ਮਹਿਬੂਬ ਸ਼ਾਫ਼ੀ ਗ਼ਮਖ਼ਾਰ।

    5. ਸਿਪਾਹੀਆਂ ਨੇ ਸ਼ਮਾਊਨ ਨੂੰ,
    ਵਗਾਰ ਫੜ੍ਹ ਲਿਆ,
    ਸਹਾਰਾ ਦੇਂਦਾ ਜਾਂਦਾ ਹੈ,
    ਮਹਿਬੂਬ ਸ਼ਾਫ਼ੀ ਗ਼ਮਖ਼ਾਰ।
    ਅਸੀਂ ਸਲੀਬ ਉਠਾਵਾਂਗੇ,
    ਯਿਸੂ ਦੇ ਵਾਂਗ ਹੀ,
    ਸਹਾਰਾ ਦੇਵੇਗਾ ਮਸੀਹ,
    ਮਹਿਬੂਬ ਸ਼ਾਫ਼ੀ ਗ਼ਮਖ਼ਾਰ।

    6. ਇੱਕ ਨੇਕ ਔਰਤ ਨੇ ਯਿਸੂ ਨੂੰ,
    ਰੁਮਾਲ ਦੇ ਦਿੱਤਾ,
    ਤੇ ਮੂੰਹ ਨੂੰ ਪੂੰਝਦਾ ਜਾਂਦਾ ਹੈ,
    ਮਹਿਬੂਬ ਸ਼ਾਫ਼ੀ ਗ਼ਮਖ਼ਾਰ,
    ਵੇਖੋ ਤਸਵੀਰ ਯਿਸੂ ਦੀ,
    ਰੁਮਾਲ ’ਤੇ ਛੱਪ ਗਈ,
    ਨੇਕੀ ਦਾ ਬਦਲਾ ਦੇਂਦਾ ਹੈ,
    ਮਹਿਬੂਬ ਸ਼ਾਫ਼ੀ ਗ਼ਮਖ਼ਾਰ।

    7. ਸਲੀਬ ਦੇ ਭਾਰ ਦੇ ਨਾਲ ਉਹ,
    ਡਾਢਾ ਕਮਜ਼ੋਰ ਹੋਇਆ,
    ਤੇ ਦੂਸਰੀ ਵਾਰੀ ਡਿੱਗ ਪਿਆ,
    ਮਹਿਬੂਬ ਸ਼ਾਫ਼ੀ ਗ਼ਮਖ਼ਾਰ।
    ਸਾਡੇ ਗੁਨਾਹਾਂ ਦੀ ਸਲੀਬ,
    ਯਿਸੂ ਨੇ ਚੁੱਕ ਲਈ,
    ਤੇ ਸਾਡੇ ਬਦਲੇ ਡਿੱਗ ਪਿਆ,
    ਮਹਿਬੂਬ ਸ਼ਾਫ਼ੀ ਗ਼ਮਖ਼ਾਰ।

    8. ਮਾਤਮ ਉਹਦੇ ਲਈ ਕਰਦੀਆਂ,
    ਕੁਝ ਨੇਕ ਔਰਤਾਂ,
    ਤਸੱਲੀ ਦਿੰਦਾ ਜਾਂਦਾ ਉਹ,
    ਮਹਿਬੂਬ ਸ਼ਾਫ਼ੀ ਗ਼ਮਖ਼ਾਰ।
    ਮਾਤਮ ਅਸੀਂ ਵੀ ਕਰਦੇ ਹਾਂ,
    ਯਿਸੂ ਦੇ ਵਾਸਤੇ,
    ਤਸੱਲੀ ਸਾਨੂੰ ਦੇਵੇਗਾ,
    ਮਹਿਬੂਬ ਸ਼ਾਫੀ ਗ਼ਮਖ਼ਾਰ।

    9. ਸਲੀਬ ਦੇ ਭਾਰ ਦੇ ਨਾਲ ਉਹ,
    ਡਾਢਾ ਕਮਜ਼ੋਰ ਹੋਇਆ,
    ਤੇ ਤੀਸਰੀ ਵਾਰੀ ਡਿੱਗ ਪਿਆ,
    ਮਹਿਬੂਬ ਸ਼ਾਫ਼ੀ ਗ਼ਮਖ਼ਾਰ।
    ਸਲੀਬ ਹੀ ਨਹੀਂ ਗ਼ਮ ਓਸਨੇ,
    ਸਭ ਦੇ ਉਠਾ ਲਏ,
    ਤੇ ਸਾਨੂੰ ਉਹ ਬਚਾਂਦਾ ਹੈ,
    ਮਹਿਬੂਬ ਸ਼ਾਫ਼ੀ ਗ਼ਮਖ਼ਾਰ।

    10. ਸਿਪਾਹੀਆਂ ਨੇ ਬੇਰਹਿਮੀ ਨਾਲ,
    ਕੱਪੜੇ ਲਏ ਉਤਾਰ,
    ਤੇ ਚਮੜਾ ਖਿੱਚਿਆ ਜਾਂਦਾ ਹੈ,
    ਮਹਿਬੂਬ ਸ਼ਾਫ਼ੀ ਗ਼ਮਖ਼ਾਰ।
    ਬੇਦਰਦੀ ਨਾਲ ਓਸ ਦਾ,
    ਰਹੇ ਨੇ ਖੂਨ ਬਹਾ,
    ਤੇ ਸਾਰੇ ਦੁੱਖ ਉਹ ਜਰਦਾ ਹੈ,
    ਮਹਿਬੂਬ ਸ਼ਾਫ਼ੀ ਗ਼ਮਖ਼ਾਰ।

    11. ਸਿਪਾਹੀਆਂ ਨੇ ਬੇਰਹਿਮੀ ਨਾਲ,
    ਸਲੀਬ ’ਤੇ ਡੇਗ ਕੇ,
    ਤੇ ਨਾਲ ਕਿੱਲਾਂ ਦੇ ਜੜਿਆ ਹੈ,
    ਮਹਿਬੂਬ ਸ਼ਾਫੀ ਗ਼ਮਖ਼ਾਰ।
    ਚਸ਼ਮਾ ਦਇਆ ਦਾ ਵਗ ਰਿਹਾ,
    ਜ਼ਖ਼ਮਾਂ ’ਚੋਂ ਓਸਦੇ,
    ਤੇ ਸਾਨੂੰ ਮੁਕਤੀ ਦੇਂਦਾ ਹੈ,
    ਮਹਿਬੂਬ ਸ਼ਾਫ਼ੀ ਗ਼ਮਖ਼ਾਰ।

    12. ਸਲੀਬ ਦੇ ਥੱਲੇ ਖੜ੍ਹੀ ਹੈ,
    ਯਿਸੂ ਦੀ ਪਿਆਰੀ ਮਾਂ,
    ਸਲੀਬ ਉੱਤੇ ਉਹ ਜਾਨ ਦਿੰਦਾ,
    ਮਹਿਬੂਬ ਸ਼ਾਫ਼ੀ ਗ਼ਮਖ਼ਾਰ।
    ਸਾਡੀ ਨਜਾਤ ਵਾਸਤੇ,
    ਯਿਸੂ ਕੁਰਬਾਨ ਹੋਇਆ,
    ਤੇ ਬਾਪ ਦੀ ਮਰਜ਼ੀ ਮੰਨਦਾ ਹੈ,
    ਮਹਿਬੂਬ ਸ਼ਾਫ਼ੀ ਗ਼ਮਖ਼ਾਰ।

    13. ਸਲੀਬ ਦੇ ਉੱਤੋਂ ਲਾਹ ਲਿਆ,
    ਦੋ ਨੇਕ ਸ਼ਗਿਰਦਾਂ ਨੇ,
    ਤੇ ਮਾਂ ਦੀ ਗੋਦ ਵਿੱਚ ਰੱਖਿਆ ਹੈ,
    ਮਹਿਬੂਬ ਸ਼ਾਫ਼ੀ ਗ਼ਮਖ਼ਾਰ।
    ਗ਼ਮਖ਼ਾਰ ਨੇਕ ਪਿਆਰੀ ਮਾਂ,
    ਤੂੰ ਧੰਨ ਹੈਂ ਸਦਾ,
    ਸਾਡੇ ਲਈ ਬੇਟਾ ਵਾਰਿਆ,
    ਮਹਿਬੂਬ ਸ਼ਾਫ਼ੀ ਗ਼ਮਖ਼ਾਰ।

    14. ਕਬਰ ਦੇ ਵਿੱਚ ਰੱਖ ਕੇ,
    ਪੱਥਰ ’ਤੇ ਲਾਈ ਮੋਹਰ,
    ਤੇ ਤੀਸਰੇ ਦਿਨ ਉਹ ਜੀ ਉੱਠਿਆ,
    ਮਹਿਬੂਬ ਸ਼ਾਫ਼ੀ ਗ਼ਮਖ਼ਾਰ।
    ਸਾਡੇ ਲਈ ਸੀ ਮਰ ਗਿਆ,
    ਸਾਡੇ ਲਈ ਜੀ ਪਿਆ,
    ਸਹਾਰਾ ਸਭ ਦਾ ਹੋ ਗਿਆ,
    ਮਹਿਬੂਬ ਸ਼ਾਫ਼ੀ ਗ਼ਮਖ਼ਾਰ।

    15. ਮਰੀਏ ਮੁਬਾਰਿਕ ਮੌਤ ਅਸੀਂ,
    ਮਾਂ ਮਰੀਅਮ ਮਦਦਗਾਰ,
    ਸਦਾ ਸਵਰਗਾਂ ਵਿੱਚ ਖ਼ੁਸ਼ ਰਹੀਏ,
    ਮਹਿਬੂਬ ਸ਼ਾਫ਼ੀ ਗ਼ਮਖ਼ਾਰ।
    ਕਹਾਣੀ ਕਲਵਰੀ ਦੀ ਇਹ,
    ਅਸੀਂ ਯਾਦ ਰੱਖੀਏ,
    ਤੇ ਪੂਜੀਏ ਸਲੀਬ ਨੂੰ,
    ਮਹਿਬੂਬ ਸ਼ਾਫ਼ੀ ਗ਼ਮਖ਼ਾਰ।

  • ---

    ਫਰਿਸ਼ਤੇ ਦਾ ਸੁਨੇਹਾ ਖ਼ੁਸ਼ੀ ਦਾ ਪਹਿਲਾ ਭੇਦ

    ਮਹਾਂ ਫ਼ਰਿਸ਼ਤੇ ਜਬਰਾਏਲ,
    ਆਣ ਸਲਾਮ ਬੁਲਾਇਆ।
    ਡਰ ਗਈ ਮਰੀਅਮ, ਸੋਚਿਆ ਇੱਕਦਮ,
    ਇਹ ਕੀ ਖ਼ਬਰ ਲਿਆਇਆ।
    “ਨਾ ਡਰ ਮਰੀਅਮ, ਫ਼ਜ਼ਲ ਨਾਲ ਭਰੀ ਤੂੰ,
    ਪ੍ਰਭੂ ਹੈ ਤੇਰੇ ਨਾਲ ਸਦਾ।
    ਮਾਂ ਤੂੰ ਬਣੇਂਗੀ, ਪੁੱਤਰ ਜਣੇਂਗੀ,
    ਨਾਮ ਉਸਦਾ ਯਿਸੂ ਰੱਖਣਾ।
    ਉਹ ਅਤਿ ਮਹਾਨ ਹੋਵੇਗਾ,
    ਖ਼ੁਦਾ ਦਾ ਪੁੱਤ ਅਖਵਾਵੇਗਾ।
    ਉਹ ਦੁਨੀਆ ’ਤੇ, ਰਾਜ ਕਰੇਗਾ,
    ਰਾਜ ਦਾ ਅੰਤ ਨਾ ਹੋਵੇਗਾ।”
    “ਇਹ ਕਿਵੇਂ ਮੇਰੇ ਲਈ ਹੋ ਸਕਦਾ ਹੈ?”,
    ਕਿਹਾ ਮਰੀਅਮ “ਮੈਂ ਕੁਆਰੀ ਹਾਂ”।
    “ਇਹ ਸੁਣ ਮਰੀਅਮ, ਰੂਹ ਪਾਕ ਤੇਰੇ,
    ਉੱਤੇ ਉੱਤਰ ਆਵੇਗਾ”।
    ਇਹ ਰੋਜ਼ਰੀ ਦਾ ਭੇਦ ਹੈ,

    ਇਹ ਖ਼ੁਸ਼ੀ ਦਾ ਭੇਦ ਹੈ, ਇਹ ਪਹਿਲਾ ਭੇਦ ਹੈ।

    ਧੰਨ ਕੁਆਰੀ ਮਰੀਅਮ ਦਾ ਅਲੀਜ਼ਬਤ ਨੂੰ ਮਿਲਣਾ
    ਖ਼ੁਸ਼ੀ ਦਾ ਦੂਸਰਾ ਭੇਦ

    ਫਰਿਸ਼ਤੇ ਮਰੀਅਮ ਨੂੰ ਦੱਸਿਆ,
    “ਅਲਿਸਬਾ ਮਾਂ ਬਣੀ ਹੈ।
    ਉਸਦਾ ਇਹ ਹੈ, ਛੇਵਾਂ ਮਹੀਨਾ,
    ਹੋਵੇਗਾ ਉਹਦਾ ਨਾਮ ਯੂਹੰਨਾਹ।
    ਅਸੰਭਵ ਹੈ ਜੋ ਸਾਡੇ ਲਈ,
    ਸੰਭਵ ਹੁੰਦਾ ਖ਼ੁਦਾ ਦੇ ਲਈ”।
    ਰਹਿਮ ਉਸ ਕੀਤਾ, ਮਾਣ ਉਸ ਦਿੱਤਾ,
    ਸ਼ਰਮ ਉਸਦੀ ਦੂਰ ਕੀਤੀ।
    ਗਈ ਯਹੂਦੀਯਾ ਮਰੀਅਮ ਛੇਤੀ,
    ਮਿਲੀ ਅਲਿਸਬਾ ਨੂੰ ਵਾਂਗ ਸਾਥੀ।
    ਜਿਵੇਂ ਮਰੀਅਮ ਦਾ, ਸਲਾਮ ਉਸ ਸੁਣਿਆ,
    ਬੱਚਾ ਕੁੱਖ ਵਿੱਚ ਉੱਛਲ ਪਿਆ।
    ਖ਼ੁਦਾ ਦਾ ਧੰਨਵਾਦ ਕਰਨ ਲੱਗੀ,
    ਰੂਹਪਾਕ ਦੇ ਨਾਲ ਭਰ ਗਈ।
    ਉਹ ਉੱਚੀ ਬੋਲੀ, “ਮਰੀਅਮ ਤੂੰ ਧੰਨ,
    ਕੁੱਖ ਤੇਰੇ ਦਾ ਫਲ਼ ਵੀ ਧੰਨ”।

    ਇਹ ਰੋਜ਼ਰੀ ਦਾ ਭੇਦ ਹੈ,
    ਇਹ ਖ਼ੁਸ਼ੀ ਦਾ ਭੇਦ ਹੈ, ਇਹ ਦੂਸਰਾ ਭੇਦ ਹੈ।

    ਯਿਸੂ ਮਸੀਹ ਦਾ ਜਨਮ ਲੈਣਾ ਖ਼ੁਸ਼ੀ ਦਾ ਤੀਸਰਾ ਭੇਦ

    ਰੋਮੀ ਰਾਜੇ ਦੀ ਆਗਿਆ,
    “ਲੋਕੋ ਆਪਣੇ ਨਗਰਾਂ ਨੂੰ ਜਾਓ”।
    ਨਾਸਰੀ ਯੂਸਫ਼, ਮਰੀਅਮ ਦੇ ਨਾਲ,
    ਨਗਰ ਬੈਤਲਹਮ ਆਇਆ।
    ਪੈਰ ਮਰੀਅਮ ਦਾ ਭਾਰੀ ਸੀ,
    ਸਮਾਂ ਜਣਨ ਦਾ ਪੂਰਾ ਸੀ।
    ਥਾਂ-ਥਾਂ ਫਿਰਿਆ, ਸਭ ਤੋਂ ਹਾਰਿਆ,
    ਸਰਾਂ ਬਸੇਰਾ ਨਾ ਬਣਿਆ।
    ਚਮਕੇ ਸਿਤਾਰਾ ਅੱਧੀ ਰਾਤੀਂ,
    ਜਨਮ ਲਿਆ ਯਿਸੂ ਇਸ ਧਰਤੀ।
    ਕੱਪੜੇ ’ਚ ਢੱਕਿਆ, ਖੁਰਲੀ ’ਚ ਰੱਖਿਆ,
    ਉਸਨੂੰ ਪਿਆਰ ਨਾਲ ਚੁੰਮਿਆ।
    “ਹੋਵੇ ਰੱਬ ਦੀ ਵਡਿਆਈ,
    ਮਿਲੇ ਲੋਕਾਂ ਨੂੰ ਸਦਾ ਸ਼ਾਂਤੀ”।
    ਦੂਤਾਂ ਨੇ ਗਾਇਆ, ਨੱਚੇ ਚਰਵਾਹੇ,
    ਰਾਜਿਆਂ ਦਰਸ਼ਨ ਪਾਏ।

    ਇਹ ਰੋਜ਼ਰੀ ਦਾ ਭੇਦ,
    ਇਹ ਖ਼ੁਸ਼ੀ ਦਾ ਭੇਦ ਹੈ, ਇਹ ਤੀਸਰਾ ਭੇਦ ਹੈ।

    ਯਿਸੂ ਮਸੀਹ ਦਾ ਹੈਕਲ ਵਿੱਚ ਭੇਟ ਚੜ੍ਹਾਇਆ ਜਾਣਾ
    ਖ਼ੁਸ਼ੀ ਦਾ ਚੌਥਾ ਭੇਦ

    ਸ਼ੁੱਧੀਕਰਨ ਦਾ ਦਿਨ ਆਇਆ,
    ਯਿਸੂ ਨੂੰ ਹੈਕਲ ਲੈ ਆਂਦਾ।
    ਦਰ ’ਤੇ ਖ਼ੁਦਾ ਦੇ, ਆ ਕੇ ਮਰੀਅਮ,
    ਸਭ ਕੁਝ ਆਪਣਾ ਲੁਟਾਇਆ।
    ਘੁੱਗੀਆਂ ਦਾ ਜੋੜਾ, ਬਲੀ ਚੜ੍ਹਾਇਆ,
    ਉਹ ਦਿਨ ਪਾਕ ਮਨਾਇਆ।
    ਉਸਦਾ ਨਾਂ ਉਹਨਾਂ, ਯਿਸੂ ਰੱਖਿਆ,
    ਰੱਬ ਲਈ ਭੇਟ ਚੜ੍ਹਾਇਆ।
    ਨਬੀ ਸ਼ਮਾਊਨ ਹੈਕਲ ਆਇਆ,
    ਆਤਮਾ ਨਾਲ ਭਰਪੂਰ ਆਇਆ।
    ਗੋਦ ’ਚ ਆਪਣੀ, ਯਿਸੂ ਨੂੰ ਰੱਖਿਆ,
    ਜੱਗ ਦੀ ਮੁਕਤੀ ਨੂੰ ਵੇਖਿਆ।
    “ਇਹ ਚਾਨਣ ਹੈ, ਸਭ ਲਈ ਮਾਣ ਹੈ”,
    ਯਿਸੂ ਨੂੰ ਵੇਖ ਕੇ ਬੋਲਿਆ।
    “ਹੇ ਮਾਲਿਕ ਆਪਣੇ, ਦਾਸ ਨੂੰ ਹੁਣ ਤੂੰ,
    ਸ਼ਾਂਤੀ ਨਾਲ ਵਿਦਾ ਕਰਨਾ”।

    ਇਹ ਰੋਜ਼ਰੀ ਦਾ ਭੇਦ ਹੈ,
    ਇਹ ਖ਼ੁਸ਼ੀ ਦਾ ਭੇਦ ਹੈ, ਇਹ ਚੌਥਾ ਭੇਦ ਹੈ।

    ਯਿਸੂ ਮਸੀਹ ਦਾ ਹੈਕਲ ਵਿੱਚੋਂ ਫਿਰ ਲੱਭ ਪੈਣਾ
    ਖ਼ੁਸ਼ੀ ਦਾ ਪੰਜਵਾਂ ਭੇਦ

    ਪਸਾਹ ਮਨਾ ਕੇ, ਯੂਸਫ਼ ਮਰੀਅਮ,
    ਯਰੂਸ਼ਲਮ ਤੋਂ ਮੁੜ ਗਏ।
    ਬਾਰ੍ਹਾਂ ਸਾਲ ਦੇ, ਬਾਲਕ ਯਿਸੂ,
    ਹੈਕਲ ਦੇ ਵਿੱਚ ਰਹਿ ਗਏ।
    ਬਹਿਕੇ ਬਹਿਸ ਕੇ, ਗੁਰੂਆਂ ਦੇ ਨਾਲ,
    ਤਿੰਨ ਦਿਨ ਛੇਤੀ ਬੀਤੇ।
    ਯਿਸੂ ਦੀਆਂ ਗੱਲਾਂ, ਸੁਣ ਕੇ ਗੁਰੂ ਤੇ,
    ਲੋਕ ਵੀ ਹੈਰਾਨ ਹੋਏ।
    ਲੱਭਦੇ ਰਹੇ ਯੂਸਫ਼ ਮਰੀਅਮ, ਬੇਚੈਨੀ,
    ਦਿਲ ਵਿੱਚ ਲੈ ਕੇ ਗ਼ਮ।
    ਤਿੰਨਾਂ ਦਿਨਾਂ ਬਾਅਦ, ਹੈਕਲ ਦੇ ਵਿੱਚ,
    ਬੇਟਾ ਉਹਨਾਂ ਨੂੰ ਮਿਲਿਆ।
    “ਇੰਝ ਕਿਉਂ ਕੀਤਾ ਸਾਡੇ ਨਾਲ ਤੂੰ”?,
    ਦੁਖੀ ਮਾਂ ਬੇਟੇ ਨੂੰ ਪੁੱਛਿਆ।
    “ਜ਼ਰੂਰੀ ਸੀ ਮੇਰਾ, ਇੱਥੇ ਰਹਿਣਾ”,
    ਬੇਟੇ ਨੇ ਮਾਂ-ਪਿਓ ਨੂੰ ਦੱਸਿਆ।

    ਇਹ ਰੋਜ਼ਰੀ ਦਾ ਭੇਦ ਹੈ,
    ਇਹ ਖ਼ੁਸ਼ੀ ਦਾ ਭੇਦ ਹੈ, ਇਹ ਪੰਜਵਾਂ ਭੇਦ ਹੈ।

  • ---

    ਖ਼ੁਸ਼ੀਆਂ ਕਰੇ ਜਹਾਨ,
    ਨੱਚਣ ਧਰਤੀ ਤੇ ਅਸਮਾਨ,
    ਪੈਦਾ ਹੋਇਆ ਯਿਸੂ ਪਿਆਰਾ,
    ਸ਼ੁਕਰ ਕਰੇ ਇਨਸਾਨ।

    1. ਇੱਕ ਸਿਤਾਰਾ ਅਜਬ ਨੂਰਾਨੀ,
    ਚੜ੍ਹਿਆ ਵਿੱਚ ਅਸਮਾਨ,
    ਯਿਸੂ ਦੇ ਪੈਦਾ ਹੋਵਣ ਦਾ,
    ਦੱਸੇ ਪਿਆ ਨਿਸ਼ਾਨ।

    2. ਪੂਰਬ ਦੇਸ਼ੋਂ ਲਿਆਏ ਮਜੂਸੀ,
    ਸੋਨਾ, ਮੁਰ੍ਹ ਤੇ ਲੋਬਾਨ,
    ਸਿਜਦਾ ਕਰਕੇ ਤੁਰ ਗਏ ਵਾਪਿਸ,
    ਦਰਸ਼ਨ ਦੇ ਚਾਹਵਾਨ।

    3. ਪਾਪਾਂ ਦੇ ਸਾਗਰ ਵਿੱਚ ਡੁੱਬਿਆ,
    ਹੋਇਆ ਸੀ ਇਨਸਾਨ,
    ਪਾਕ ਮਸੀਹ ਨੇ ਦਿੱਤਾ ਸਭ ਨੂੰ,
    ਆ ਮੁਕਤੀ ਦਾ ਦਾਨ।

  • ---

    ਖਾ ਕੇ ਤਰਸ ਖ਼ੁਦਾਵੰਦ ਨੇ
    ਕੀਤਾ ਰਹਿਮ ਜੋ ਸਾਡੇ ਉੱਤੇ,
    ਘੱਲਿਆ ਯਿਸੂ ਬਣਾ ਕਫ਼ਾਰਾ,
    ਜਿਨ ਭਾਗ ਜਗਾਏ ਸੁੱਤੇ।
    ਉਹਨੇ ਬਦਲੇ ਜੱਗ ਦੇ,
    ਪਾਪ ਚੁੱਕਣ ਲਈ ਸਭ ਦੇ
    ਪੁੱਤਰ ਆਪਣਾ ਵਾਰ ਦਿੱਤਾ,
    ਐਸਾ ਰੱਬ ਨੇ ਨਾਲ
    ਜਗਤ ਦੇ ਪਿਆਰ ਕੀਤਾ।

    1. ਪਾਪਾਂ ਕਰਕੇ ਚਿਰਾਂ ਤੋਂ
    ਰੱਬ ਤੋਂ ਵੱਖ ਅਸੀਂ ਸਾ ਹੋਏ,
    ਆਪਣੇ ਹੱਥੀਂ ਆਪੇ ਪੁੱਟ ਲਏ
    ਬਦੀਆਂ ਵਾਲੇ ਟੋਏ,
    ਘੱਲ ਕੇ ਉਸਨੇ ਯਿਸੂ ਜੱਗ ’ਤੇ
    ਰਾਹਾਂ ਨੂੰ ਸਵਾਰ ਦਿੱਤਾ,
    ਐਸਾ ਰੱਬ ਨੇ ਨਾਲ
    ਜਗਤ ਦੇ ਪਿਆਰ ਕੀਤਾ।

    2. ਦੂਰ–ਦੂਰ ਤਕ ਦਿਸਿਆ
    ਨਾ ਕੋਈ ਜਦੋਂ ਕਿਨਾਰਾ,
    ਘੱਲਿਆ ਉਸਨੇ ਪਾਪ ’ਚ
    ਡੁੱਬਦੇ ਲੋਕਾਂ ਲਈ ਸਹਾਰਾ,
    ਵਿੱਚ ਪਾਪਾਂ ਜੋ ਡੁੱਬੀ ਸੀ ਜਾਂਦੇ,
    ਲਾ ਉਹਨਾਂ ਨੂੰ ਪਾਰ ਦਿੱਤਾ,
    ਐਸਾ ਰੱਬ ਨੇ ਨਾਲ
    ਜਗਤ ਦੇ ਪਿਆਰ ਕੀਤਾ।

    3. ਪਾ ਲਿਆ ਸ਼ੈਤਾਨ ਨੇ
    ਸਭ ਨੂੰ ਬਦੀਆਂ ਵਾਲਾ ਘੇਰਾ,
    ਛਾ ਗਿਆ ਉਦੋਂ ਜਗ ਵਿੱਚ
    ਸਾਰੇ ਪਾਪਾਂ ਦਾ ਹਨੇਰਾ,
    ਕੱਢ ਕੇ ਉਸ ਹਨੇਰਿਓਂ ਸਾਨੂੰ,
    ਚਾਨਣ ਵਿੱਚ ਖਲ੍ਹਾਰ ਦਿੱਤਾ,
    ਐਸਾ ਰੱਬ ਨੇ ਨਾਲ
    ਜਗਤ ਦੇ ਪਿਆਰ ਕੀਤਾ।

  • ---

    ਖੁੱਲ੍ਹੇ ਅਸਮਾਨਾਂ ਵਿੱਚ ਦੂਤ ਗਾਉਂਦੇ ਨੇ,
    ਖ਼ੁਸ਼ਖ਼ਬਰੀ ਉਹ ਮਿਲ ਸਭ ਨੂੰ ਸੁਣਾਉਂਦੇ ਨੇ।

    1. ਆਇਆ ਇੱਕ ਰਾਜਾ ਜੱਗ ਨੂੰ ਛੁਡਾਏਗਾ,
    ਪੁੱਤਰ ਖ਼ੁਦਾ ਦਾ ਉਹ ਨਾਸਰੀ ਕਹਾਵੇਗਾ,
    ਪਾਪੀਆਂ ਨੂੰ ਪਾਪ ਦੀ ਗੁਲਾਮੀ ਤੋਂ ਛੁਡਾਏਗਾ,
    ਇਹੋ ਖ਼ੁਸ਼ਖ਼ਬਰੀ ਉਹ ਲੋਕਾਂ ਨੂੰ ਸੁਣਾਉਂਦੇ ਨੇ।

    2. ਨਜਾਤ ਦਾ ਦਾਤਾ ਉਹ ਨਜਾਤ ਦੇਣ ਆਇਆ ਹੈ,
    ਥੱਕੇ, ਮਾਂਦੇ, ਭੁੱਲਿਆਂ ਨੂੰ ਰਾਹੇ ਪਾਉਣ ਆਇਆ ਹੈ,
    ਰਾਜਿਆਂ ਦਾ ਰਾਜਾ ਉਹ ਮਹਾਨ ਬਣ ਆਇਆ ਹੈ,
    ਟੋਲੀਆਂ ’ਚ ਗਾਉਂਦੇ ਨਾਲੇ ਲੋਕਾਂ ਨੂੰ ਸੁਣਾਉਂਦੇ ਨੇ।

    3. ਛੱਡ ਅਸਮਾਨ ਆਇਆ ਜੱਗ ਦਾ ਉਹ ਨੂਰ ਹੈ,
    ਜ਼ਿੰਦਗੀ ਦਾ ਪਾਣੀ ਨਾਲੇ ਰੂਹ ਦਾ ਸਰੂਰ ਹੈ,
    ਕਾਮਿਲ ਇਨਸਾਨ ਨਾਲੇ ਰੱਬ ਭਰਪੂਰ ਹੈ,
    ਅੰਬਰਾਂ ’ਚ ਗਾਉਂਦੇ ਨਾਲੇ ਧੁੰਮਾਂ ਉਹ ਮਚਾਉਂਦੇ ਨੇ।

  • ---

    ਖ਼ੁਦਾ ਖ਼ਾਲਿਕ ਬਣ ਇਨਸਾਨ ਆ ਗਿਆ,
    ਚਰਨੀ ਲਾ ਲਏ ਡੇਰੇ,
    ਦੁੱਖਾਂ ਦੀਆਂ ਰਾਤਾਂ ਮੁੱਕ ਚੱਲੀਆਂ,
    ਖ਼ੁਸ਼ੀਆਂ ਦੇ ਚੜ੍ਹੇ ਸਵੇਰੇ,
    ਖ਼ੁਦਾ ਖ਼ਾਲਿਕ ਬਣ ਇਨਸਾਨ।

    1. ਬੈਤਲਹਮ ਦਾਊਦ ਘਰਾਣੇ ’ਚੋਂ,
    ਉਹਨੇ ਚੁਣਿਆ ਇੱਕ ਕੁਆਰੀ ਨੂੰ,
    ਬਿੰਨ ਬਾਪ ਦੇ ਪੈਦਾ ਹੋਇਆ ਜੋ,
    ਧੰਨ ਉਹਦੀ ਕਾਰਗੁਜ਼ਾਰੀ ਨੂੰ,
    ਇਨਸਾਨ ’ਤੇ ਰੱਬ ਦੇ ਜੰਮਣ ਦੇ,
    ਇੰਝ ਕੀਤੇ ਆਪ ਨਵੇਰੇ।

    2. ਉਹਨੇ ਰੱਖਿਆ ਯਿਸੂ ਨਾਂ ਉਸਦਾ,
    ਜਿਹਦਾ ਮਤਲਬ ਰੱਬ ਬਚਾਉਣ ਵਾਲਾ,
    ਪਾਪਾਂ ਦੀਆਂ ਦੁੱਖ ਬਿਮਾਰੀਆਂ ਤੋਂ,
    ਕਬਰਾਂ ਦੇ ਵਿੱਚੋਂ ਉਠਾਉਣ ਵਾਲਾ,
    ਇਹ ਤਾਂ ਕੰਮ ਉਹਦੇ ਲਈ ਕੁਝ ਵੀ ਨਹੀਂ,
    ਉਹ ਤਾਂ ਕਰਦਾ ਏ ਕੰਮ ਬਥੇਰੇ।