41 Tracks
  • ---

    1. ਦੇ ਮੁਕਤੀ ਸਾਨੂੰ, ਰੱਬ ਹਮਾਰੇ,
    ਦੀਨਦਾਰ ਜਾਂਦੇ ਰਹੇ ਹਨ ਸਾਰੇ।

    2. ਬਨੀ ਆਦਮ ਵਿੱਚੋਂ ਜੋ ਭਲੇ ਲੋਕ ਹਨ,
    ਉਹ ਵੀ ਸਭ ਹਨ ਚੱਲਣ ਹਾਰੇ।

    3. ਝੂਠ ਬੋਲਦੇ ਰਹਿੰਦੇ ਗੁਆਂਢੀਆਂ ਦੇ ਨਾਲ ਉਹ,
    ਦੋ ਦਿਲੇ ਰਹਿੰਦੇ ਤੇ ਖ਼ੁਸ਼ਾਮਦ ਕਰਦੇ ਸਾਰੇ।

    4. ਇਹੋ ਜਿਹੀ ਜੀਭ, ਨਾਲੇ ਇਹੋ ਜਿਹੇ ਹੋਂਠ ਵੀ,
    ਕੱਟ ਸੁੱਟੇ ਰੱਬ ਇੱਕ ਦਮ ਦੇ ਵਿੱਚ ਸਾਰੇ।

    5. ਜੋ ਕਹਿੰਦੇ, ‘‘ਆਪਣੀ ਜੀਭ ਨਾਲ ਜਿੱਤਾਂਗੇ,
    ਮਾਲਿਕ ਹੁਣ ਹੈ ਕਿਹੜਾ? ਸਾਡੇ ਹੋਂਠ ਹਨ ਹਮਾਰੇ।’’

  • ---

    1. ਦੁੱਖਾਂ ਦੇ ਵੇਲੇ ਤੇਰੀ ਖ਼ੁਦਾਵੰਦ ਸੁਣੇ ਦੁਆ,
    ਇੱਜ਼ਤ ਤੇਰੀ ਵਧਾਵੇਗਾ ਯਾਕੂਬ ਦਾ ਖ਼ੁਦਾ।

    2. ਹੈਕਲ ਤੋਂ ਆਪਣੀ ਘੱਲੇ ਤੇਰੇ ਵਾਸਤੇ ਮਦਦ,
    ਸਿਓਨ ਵਿੱਚੋਂ ਆਪੀਂ ਸੰਭਾਲੇ ਤੈਨੂੰ ਸਦਾ।

    3. ਕੁਰਬਾਨੀ ਤੇਰੀ ਸਾਰੀ ਕਰੇ ਆਪ ਉਹ ਕਬੂਲ,
    ਤੇ ਨਜ਼ਰਾਂ ਤੇਰੀਆਂ ਨੂੰ ਵੀ ਉਹ ਯਾਦ ਕਰੇਗਾ।

    4. ਬਖ਼ਸ਼ੇਗਾ ਤੈਨੂੰ ਸਭ ਜੋ ਤੇਰੇ ਦਿਲ ਦੀ ਹੈ ਮੁਰਾਦ,
    ਪੂਰਾ ਕਰੇਗਾ ਉਹ ਤੇਰਾ ਮਤਲਬ ਜ਼ਰਾ-ਜ਼ਰਾ।

    5. ਗਾਵਾਂਗਾ ਗੀਤ ਯਾ ਰੱਬਾ ਤੇਰੀ ਨਜਾਤ ਦੇ,
    ਝੰਡਾ ਕਰਾਂਗੇ ਆਪਣੇ ਖ਼ੁਦਾਵੰਦ ਹੀ ਦਾ ਖੜ੍ਹਾ।

    6. ਦਰਖਾਸਤਾਂ ਉਹ ਤੇਰੀਆਂ ਪੂਰੀ ਕਰੇਗਾ ਆਪ,
    ਆਪਣੀ ਜਨਾਬ-ਏ-ਪਾਕ ਤੋਂ ਯਾਕੂਬ ਦਾ ਖ਼ੁਦਾ।

  • ---

    1. ਦੁੱਖ ਬੁਰਿਆਂ ਲੋਕਾਂ ਦੇ ਨਾ ਕਰੀਏ,
    ਬਦਕਾਰਾਂ ਤੋਂ ਨਾ ਸੜੀਏ।

    2. ਇੱਕ ਦਮ ਦੇ ਵਿੱਚ ਘਾਹ ਦੇ ਵਾਂਗਰ
    ਉਹ ਸਭ ਵੱਢੇ ਜਾਵਣ,
    ਵਾਂਗ ਹਰੇ ਭਰੇ ਸਬਜ਼ੇ ਦੇ,
    ਛੇਤੀ ਉਹ ਕੁਮਲਾਵਣ।

    3. ਰੱਬ ਦੇ ਉੱਤੇ ਰੱਖ ਭਰੋਸਾ,
    ਤੂੰ ਹੁਣ ਨੇਕੀ ਕਰ ਲੈ,
    ਧਰਤੀ ਉੱਤੇ ਉਮਰ ਗੁਜ਼ਾਰੀਂ,
    ਨਾਲ ਇਮਾਨੇ ਚਰ ਲੈ।

    4. ਖ਼ੁਸ਼ ਰਹਿ ਯਾਦ ਖ਼ੁਦਾ ਦੀ ਅੰਦਰ,
    ਹੋਵਣ ਮਤਲਬ ਪੂਰੇ,
    ਛੱਡ ਰੱਬ ਉੱਤੇ ਆਪ ਬਣਾਵੇ,
    ਤੇਰੇ ਕੰਮ ਅਧੂਰੇ।

    5. ਨੂਰ ਵਾਂਗਰ ਸੱਚਿਆਈ ਤੇਰੀ,
    ਆਪੇ ਉਹ ਚਮਕਾਵੇ,
    ਵਾਂਗ ਦੁਪਹਿਰ ਅਦਾਲਤ ਤੇਰੀ,
    ਰੌਸ਼ਨ ਕਰ ਦਿਖਲਾਵੇ।

    6. ਚੁੱਪ, ਰਜੂਹ ਹੋ ਤਰਫ਼ ਖ਼ੁਦਾ ਦੀ,
    ਠਹਿਰ, ਉਡੀਕ ਰੱਬ ਨੂੰ,
    ਬਦ ਮਨਸੂਬੇ ਬੰਨ੍ਹ ਜੋ ਜਿੱਤਦਾ,
    ਉਸ ਵੱਲੋਂ ਨਾ ਕੁੜ ਤੂੰ।

    7. ਬਦ-ਕਿਰਦਾਰਾਂ ਵੱਲੋਂ ਤੱਕ ਕੇ,
    ਦੁੱਖ ਕਰੀਂ ਤੂੰ ਚੇਤਾ,
    ਛੱਡ ਗ਼ਜ਼ਬ ਨੂੰ, ਆਪ ਨਾ ਭੜਕੀਂ
    ਗੁੱਸਾ ਕਰਨ ਤੋਂ ਮੁੜ ਜਾ।

    8. ਐਸਾ ਨਾ ਹੋ ਤੂੰ ਇਹ ਕਰਕੇ,
    ਵਿੱਚ ਸ਼ਰਾਰਤ ਡਿੱਗੇਂ,
    ਬਦਕਾਰਾਂ ਦਾ ਹਾਲ ਤੂੰ ਵੇਖੀਂ,
    ਆਪ ਜਾਵਣਗੇ ਵੱਢੇ।

    9. ਵਿਰਸੇ ਵਿੱਚ ਜ਼ਮੀਨ ਉਹ ਲੈਂਦੇ,
    ਜਿਨ੍ਹਾਂ ਭਰੋਸਾ ਰੱਬ ਦਾ,
    ਪਰ ਬੁਰਿਆਂ ਦਾ ਵੇਲਾ ਥੋੜ੍ਹਾ
    ਢੂੰਡਿਆਂ ਵੀ ਨਾ ਲੱਭਦਾ।

    10. ਜਿਨ੍ਹਾਂ ਵਿੱਚ ਹਲੀਮੀ ਵੱਸੇ,
    ਉਹੋ ਜ਼ਮੀਨਾਂ ਪਾਵਣ,
    ਬਹੁਤੀਆਂ ਖ਼ੁਸ਼ੀਆਂ ਕਰਦੇ ਹਾਸਲ
    ਦਿਲ ਵਿੱਚ ਖ਼ੁਸ਼ੀ ਮਨਾਵਣ।

  • ---

    17. ਦੀਨਦਾਰਾਂ ਦੇ ਦਿਨ ਜਾਣਦਾ ਹੈ,
    ਖ਼ੁਦਾਵੰਦ ਪਾਕ ਖ਼ੁਦਾ,
    ਜੋ ਹੈ ਦੀਨਦਾਰਾਂ ਦੀ ਮਿਰਾਸ,
    ਉਹ ਰਹੇਗੀ ਸਦਾ।

    18. ਮੁਸੀਬਤ ਦੁੱਖ ਦੇ ਵੇਲੇ ਉਹ,
    ਨਾ ਸ਼ਰਮ ਉਠਾਵਣਗੇ,
    ਉਹ ਅਕਾਲ ਤੇ ਔੜ ਦੇ ਸਮੇਂ ਵਿੱਚ,
    ਰਜਾਏ ਜਾਵਣਗੇ।

    19. ਸ਼ਰੀਰ ਹਲਾਕ ਹੋ ਜਾਵਣਗੇ,
    ਸਭ ਵੈਰੀ ਰੱਬ ਦੇ ਵੀ,
    ਉਹ ਧੂੰ ਵਾਂਗ ਉੱਡਣ ਪਿਘਲਣਗੇ,
    ਜਿਉਂ ਚਰਬੀ ਲੇਲੇ ਦੀ।

    20. ਅਦਾ ਨਾ ਕਰਦਾ ਹੈ ਸ਼ਰੀਰ,
    ਜਦ ਕਰਜ਼ ਲੈਂਦਾ ਹੈ,
    ਪਰ ਸਾਦਿਕ ਰਹਿਮ ਕਰਦਾ ਹੈ,
    ਖ਼ੁਸ਼ੀ ਨਾਲ ਦਿੰਦਾ ਹੈ।

  • ---

    1. ਦੁਆ ਮੇਰੀ ਤੂੰ ਸੁਣ ਲੈ ਹੁਣ,
    ਤੇ ਰੋਣਾਂ, ਵੀ ਖ਼ੁਦਾਵੰਦਾ,
    ਕਿ ਮੈਂ ਆਪਣੀ ਉਦਾਸੀ ਵਿੱਚ ਵੀ
    ਤੈਨੂੰ ਯਾਦ ਕਰਾਂਗਾ।

    2. ਚਟਾਨ ਉੱਚੀ ਜੋ ਮੈਥੋਂ ਹੋ,
    ਪਚਾ ਦੇ ਮੈਨੂੰ ਉਹਦੇ ’ਤੇ,
    ਪਨਾਹ ਮੇਰੀ ਤੇ ਪੱਕਾ ਬੁਰਜ
    ਤੂੰ ਹੀ ਏਂ ਹੋ ਵੈਰੀਆਂ ਅੱਗੇ।

    3. ਮੈਂ ਤੇਰੇ ਪਾਕ ਘਰ ਦੇ ਵਿੱਚ,
    ਰਹਾਂਗਾ ਹੁਣ, ਖ਼ੁਦਾਵੰਦਾ,
    ਪਰਾਂ ਤੇਰਿਆਂ ਦੀ ਛਾਂ ਹੇਠਾਂ,
    ਪਨਾਹ, ਯਾ ਰੱਬ, ਮੈਂ ਪਾਵਾਂਗਾ।

    4. ਖ਼ੁਦਾਇਆ, ਮੇਰੀਆਂ ਨਜ਼ਰਾਂ ਤੂੰ
    ਖ਼ੁਸ਼ ਹੋ ਲੈ ਲਈਆਂ ਸਭੋ,
    ਤੂੰ ਉਹਨਾਂ ਵਾਂਗ ਵਿਰਸਾ ਵੀ
    ਦਿੱਤਾ ਜੋ ਰੱਖਦੇ ਤੇਰਾ ਭੌ।

    5. ਵਧਾਵੇਂਗਾ ਉਮਰ ਸ਼ਾਹ ਦੀ
    ਤੂੰ ਪੁਸ਼ਤਾਂ ਤੀਕ, ਯਾ ਰੱਬਾ,
    ਤੂੰ ਰਹਿਮਤ ਤੇ ਸੱਚਿਆਈ ਨਾਲ
    ਆਪ ਰਾਖਾ ਉਹਦਾ ਹੋਵੇਂਗਾ।

    6. ਸਦਾ ਤੀਕਰ ਤੇਰੇ ਨਾਂ ਦੀ
    ਅਸੀਂ ਤਾਰੀਫ਼ ਗਾਵਾਂਗੇ,
    ਤੇ ਤੇਰੇ ਸਾਹਮਣੇ ਹਰ ਰੋਜ਼
    ਨਜ਼ਰਾਨਾਂ ਆ ਚੜ੍ਹਾਵਾਂਗੇ।

  • ---

    11. ਦਿਨ ਸਾਡੀ ਉਮਰ ਦੇ ਸਭ ਤੂੰ ਗਿਣਨਾ ਹੁਣ ਸਿਖਲਾਈਂ,
    ਤੇ ਦਿਲ ਦਨਾਈਵਾਲਾ ਤੂੰ ਬਖ਼ਸ਼ੀਂ ਸਾਨੂੰ ਸਾਈਂ।

    12. ਯਾ ਰੱਬ, ਤੂੰ ਮੁੜ ਆ ਛੇਤੀ, ਕਦ ਤੀਕਰ ਗੁੱਸੇ ਰਹਿਸੀ?
    ਤੂੰ ਆਪਣੇ ਬੰਦਿਆਂ ਨੂੰ ਰਹਿਮ ਆਪਣਾ ਹੁਣ ਵਿਖਾਈਂ।

    13. ਕੱਟ ਜਾਵੇ ਵਿੱਚ ਖ਼ੁਸ਼ੀ ਦੇ ਹੁਣ ਬਾਕੀ ਉਮਰ ਸਾਡੀ,
    ਨਾਲ ਆਪਣੀ ਰਹਿਮਤਾਂ ਦੇ ਸਵੇਰੇ ਤੂੰ ਰਜਾਈਂ।

    14. ਤੂੰ ਜਿਤਨੇ ਦਿਨ ਹੈ ਰੱਖਿਆ ਦੁੱਖਾਂ ਵਿੱਚ ਅਸਾਨੂੰ,
    ਸੋ ਉਤਨੇ ਸਾਲ, ਯਾ ਰੱਬ, ਹੁਣ ਖ਼ੁਸ਼ੀ ਤੂੰ ਵਿਖਾਈਂ।

    15. ਕੰਮ ਆਪਣੇ ਜ਼ਾਹਿਰ ਕਰੀਂ ਤੂੰ ਆਪਣੇ ਲੋਕਾਂ ਉੱਤੇ,
    ਇੱਜ਼ਤ, ਬਜ਼ੁਰਗੀ ਦੱਸੀਂ ਉਹਨਾਂ ਦੇ ਬੱਚਿਆਂ ਤਾਈਂ।

    16. ਖ਼ੁਦਾਵੰਦ ਪਾਕ ਖ਼ੁਦਾ ਦੀ ਹੈ ਜਿਹੜਾ ਰੱਬ ਅਸਾਡਾ,
    ਅਸਾਡੇ ਉੱਤੇ ਬਰਕਤ ਹੋਵੇ ਹਮੇਸ਼ਾ ਤਾਈਂ।

    17. ਜੋ ਕੰਮ ਅਸਾਡੇ ਹੱਥ ਦਾ, ਯਾ ਰੱਬ ਤੂੰ ਕਾਇਮ ਕਰੀਂ,
    ਹਾਂ, ਕੰਮ ਅਸਾਡੇ ਹੱਥ ਦਾ ਤੂੰ ਕਾਇਮ ਕਰ ਵਿਖਾਈਂ।

  • ---

    7. ਦੁਆ ਮੰਗੋ ਇਹ ਮਿਲਕੇ ਸਭ ਦਮ-ਬ-ਦਮ,
    ਸਲਾਮਤ ਰਹੇ ਸ਼ਹਿਰ–ਏ–ਯਰੂਸ਼ਲਮ।

    8. ਤੇਰੇ ਦੋਸਤ ਹਨ ਸਭ ਤੇਰੇ ਖ਼ੈਰ ਖਵਾਹ,
    ਸਲਾਮਤ ਰਹਿਣ, ਹਾਂ ਸਲਾਮਤ ਸਦਾ।

    9. ਤੇਰੇ ਸਾਰੇ ਵਲਗਾਨ, ਤੇਰੇ ਸਭ ਚੌਗਾਨ,
    ਤੇਰੇ ਮਹਿਲਾਂ ਵਿੱਚ ਹੋਵੇ ਅਮਨ–ਓ–ਅਮਾਨ।

    10. ਮੈਂ ਆਪਣੇ ਭਰਾਵਾਂ ਅਜ਼ੀਜ਼ਾਂ ਲਈ,
    ਦੁਆ ਮੰਗਦਾ ਰਹਿੰਦਾ ਤੇਰੀ ਖ਼ੈਰ ਦੀ।

    11. ਖ਼ੁਦਾਵੰਦ ਦੇ ਘਰ ਲਈ, ਜੋ ਸਾਡਾ ਖ਼ੁਦਾ,
    ਤੇਰੀ ਖੈਰ ਸਲਾਹ ਮੈਂ ਮੰਗਦਾ ਸਦਾ।

  • ---

    1. ਦਿਲ ਮੇਰਾ ਨਹੀਂ ਹੈ ਮਗ਼ਰੂਰ, ਨਾ ਉੱਚਾ ਤੱਕਦਾ ਹੈ,
    ਅਚਰਜ ਤੇ ਵੱਡੀਆਂ ਗੱਲਾਂ ਵਿੱਚ ਨਾ ਰੁੱਝਾ ਰਹਿੰਦਾ ਹੈ।

    2. ਹਾਂ ਸੱਚਮੁੱਚ ਆਪਣੀ ਜਾਨ ਨੂੰ ਮੈਂ ਚੁੱਪ ਕੀਤੀ ਰੱਖਿਆ ਹੈ,
    ਜਿਉਂ ਮਾਂ ਦੇ ਕੋਲ ਉਹ ਬੱਚਾ ਹੋ ਕਿ ਜਿਸ ਦੁੱਧ ਛੱਡਿਆ ਹੈ।

    3. ਜਿਉਂ ਦੁੱਧ ਛਡਾਇਆ ਬੱਚਾ ਹੋ, ਹੈ ਐਸੀ ਮੇਰੀ ਜਾਨ,
    ਐ ਇਸਰਾਏਲ ਭਰੋਸਾ ਰੱਖ ਰੱਬ ਉੱਤੇ ਤੂੰ ਹਰ ਆਨ।

  • ---

    ਦਾਊਦ ਦੇ ਖ਼ੁਦਾਇਆ ਤੂੰ ਕਰ ਯਾਦ ਮਿੰਨਤਾਂ।

    1. ਉਸ ਖਾਧੀ ਸਹੁੰ ਖ਼ੁਦਾਵੰਦ ਦੀ, ਤੇ ਮੰਨਤ ਮੰਨੀ ਇਹ,
    ਡੇਰੇ ਵਿੱਚ ਨਾ ਰਹਾਂਗਾ, ਬਿਸਤਰ ’ਤੇ ਨਾ ਚੜ੍ਹਾਂ।

    2. ਨਾ ਨੀਂਦਰ ਅੱਖੀਆਂ ਵਿੱਚ ਹੈ, ਨਾ ਪਲਕਾਂ ਮਿਲਦੀਆਂ,
    ਮੈਂ ਆਪਣੇ ਰੱਬ ਦੇ ਘਰ ਨੂੰ, ਜਦ ਤੋੜੀ ਨਾ ਬਣਾਂ।

    3. ਖ਼ਬਰ ਓਹਦੀ ਸੀ ਇਫ਼ਰਾਤੇ, ਜੰਗਲਾਂ ਵਿੱਚ ਲੱਭਾ ਜਾ,
    ਜਾਵਾਂਗੇ ਉਹਦੇ ਘਰ ਨੂੰ, ਮੱਥਾ ਟੇਕਾਂਗੇ ਪੈਰਾਂ ਦੀ ਥਾਂ।

    4. ਉੱਠ ਐ ਖ਼ੁਦਾ, ਹੋ ਦਾਖ਼ਲ ਤੂੰ, ਵਿੱਚ ਆਪਣੀ ਆਰਾਮਗਾਹ,
    ਤੂੰ ਵੀ ਤੇ ਨਾਲੇ ਸੰਦੂਕ ਵੀ, ਜਿਸ ਵਿੱਚ ਤੇਰਾ ਨਾਂ।

    5. ਸਭ ਪਹਿਨਣ ਤੇਰੇ ਕਾਹਿਨ, ਸੱਚਿਆਈ ਦਾ ਲਿਬਾਸ,
    ਨਾਲੇ ਜੋ ਲੋਕੀ ਪਾਕ ਹਨ, ਹੋਣ ਦਿਲ ਤੋਂ ਸ਼ਾਦਮਾਨ।

  • ---

    ਦਿਲ ਯਿਸੂ ਦੇ ਪ੍ਰੇਮ ਨਾਲ,
    ਕਿਉਂ ਨਹੀਂ ਰੰਗਦਾ,
    ਪੀ ਲੈ ਜ਼ਿੰਦਗੀ ਦਾ ਪਾਣੀ,
    ਨਸ਼ਾ ਛੱਡ ਭੰਗ ਦਾ।

    1. ਕੰਢੇ ਉੱਤੇ ਨਾ ਖਲੋ,
    ਛੱਡ ਖੁਦੀ ਵਾਲੀ ਬੋ,
    ਤੈਨੂੰ ਯਿਸੂ ਵਾਜਾਂ ਮਾਰੇ,
    ਕਿਉਂ ਨਹੀਂ ਪਾਰ ਲੰਘਦਾ।

    2. ਕਾਹਨੂੰ ਹੋਇਆ ਏਂ ਪਰੇਸ਼ਾਨ,
    ਦਸ ਖੋਲ੍ਹ ਕੇ ਬਿਆਨ
    ਓਹਦੀ ਜ਼ਿੰਦਗੀ ਫਜ਼ੂਲ,
    ਜਿਹੜਾ ਰਿਹਾ ਸੰਗਦਾ।

    3. ਵੱਲ ਵੇਖ ਲੈ ਸਲੀਬ,
    ਉੱਤੋਂ ਰੱਬ ਦਾ ਹਬੀਬ
    ਕਿੱਲ੍ਹਾਂ ਵਾਲੇ ਹੱਥਾਂ ਨਾਲ,
    ਸਾਥੋਂ ਦਿਲ ਮੰਗਦਾ।

    4. ਤੇਰੇ ਨਾਲ ਨਿੱਤ ਲਾਈ,
    ਅਬਲੀਸ ਨੇ ਲੜਾਈ,
    ਯਿਸੂ ਕੋਲੋਂ ਕਿਉਂ ਨਹੀਂ ਮੰਗਦਾ,
    ਸਮਾਨ ਜੰਗ ਦਾ।

    5. ਅਬਲੀਸ ਵਾਲੇ ਡੰਗ,
    ਜਿਹਨੂੰ ਕੀਤਾ ਹੋਵੇ ਤੰਗ,
    ਆਵੇ ਯਿਸੂ ਦੇ ਦੁਆਰੇ,
    ਯਿਸੂ ਵੈਦ ਡੰਗ ਦਾ।

  • ---

    ਦਿਲ ਯਿਸੂ ਦੇ ਪ੍ਰੇਮ ਵਿੱਚ ਜਗਦਾ ਰਹੇ,
    ਯਾਦ ਹੱਕ ਵਿੱਚ ਦਮ–ਦਮ ਚੱਲਦਾ ਰਹੇ।

    1. ਅਜ਼ਮਾਇਸ਼ ਦੇ ਸਮੁੰਦਰ ਉਹ ਪਾਰ ਹੋ ਗਿਆ,
    ਪਾਕ ਲੋਕਾਂ ਵਿੱਚ ਉਸਦਾ ਸ਼ੁਮਾਰ ਹੋ ਗਿਆ,
    ਜਿਹੜਾ ਰੱਬ ਲਈ ਦੁੱਖ ਕੁਝ ਝੱਲਦਾ ਰਹੇ।

    2. ਦਮ-ਦਮ ਨਾਲ ਰੱਬ ਤੋਂ ਦੁਆ ਮੰਗੀਏ,
    ਮਾਫ਼ੀ ਉਸ ਕੋਲੋਂ ਕਦੀ ਮੰਗਣੋਂ ਨਾ ਸੰਗੀਏ,
    ਗੁੱਸਾ ਰੱਬ ਵਾਲਾ ਸਿਰ ਉੱਤੋਂ ਟਲਦਾ ਰਹੇ।

    3. ਦੀਵਾ ਬਾਲ਼ ਕੇ ਨਹੀਂ ਲੋਕ ਟੋਪ ਹੇਠ ਰੱਖਦੇ,
    ਹੁਣ ਖੋਲ੍ਹ ਕੇ ਜਹਾਨ ਨੂੰ ਸੱਚਿਆਈ ਦੱਸਦੇ,
    ਭੇਦ ਛੁਪਿਆ ਕਿਉਂ ਕਿਸੇ ਸੱਚੀ ਗੱਲ ਦਾ ਰਹੇ।

    4. ਬਣ ਰੱਬ ਦਾ, ਰੱਬ ਨੂੰ ਬਣਾ ਲੈ ਆਪਣਾ,
    ਮੰਨ ਰੱਬ, ਛੱਡ ਸਭ ਐਵੇਂ ਪਿਆ ਖੱਪ ਨਾ,
    ਬੱਚ ਜਾਵੇਂਗਾ ਜੇ ਯਿਸੂ ਤੇਰੇ ਵੱਲ ਦਾ ਰਹੇ।

    5. ਵੱਧ ਡੰਗਰਾਂ ਦੇ ਨਾਲੋਂ ਰੱਬ ਤੈਨੂੰ ਜਾਣਦਾ,
    ਉਹਨੂੰ ਫਿਕਰ ਹੈ ਸਾਰਾ ਤੇਰੇ ਪੀਣ-ਖਾਣ ਦਾ,
    ਨੇਕ ਬੰਦਿਆਂ ਨੂੰ ਰਿਜ਼ਕ ਵੀ ਉਹ ਘੱਲਦਾ ਰਹੇ।

  • ---

    ਦੇਵੇਗਾ ਯਿਸੂ ਹਾਂ ਨਜਾਤ, ਤੂੰ ਪਾਪੀ ਬੰਦੇ,
    ਸੁਣ ਕੇ ਆ ਯਿਸੂ ਦੀ ਅਵਾਜ਼।

    1. ਲੈ ਕੇ ਆ ਜਾ ਬੋਝ, ਨਾਲੇ ਲੈ ਕੇ ਰੋਗ,
    ਤੇਰੀ ਉਡੀਕ ਲਈ ਖੜ੍ਹਾ,
    ਕਰਕੇ ਸ਼ਮਾਂ ਉਹ ਦੇਵੇਗਾ ਆਰਾਮ,
    ਵਕਤ ਸੁਨਹਿਰੀ ਨਾ ਗਵਾ।

    2. ਸੁਣ ਲੈ ਯਿਸੂ ਦਾ ਇਹ ਫਰਮਾਨ,
    ਅੰਮ੍ਰਿਤ ਜਲ ਆ ਕੇ ਲੈ,
    ਪਿਆਸ ਕਦੀ ਨਾ ਹੋਵੇਗੀ ਐਸੀ,
    ਵਗਦਾ ਰਹੇਗਾ ਦਰਿਆ।

    3. ਮਿਲੇਗਾ ਨਹੀਂ ਫਿਰ ਸੱਚਾ ਕਲਾਮ,
    ਭਾਵੇਂ ਤੂੰ ਲੱਭਦਾ ਫਿਰੇਂ,
    ਨਾ ਵਿੱਚ ਜਹਾਨ, ਨਾ ਥੱਲੇ ਅਸਮਾਨ,
    ਬਾਣੀ ਦਾ ਪੈ ਜਾਏਗਾ ਕਾਲ।

    4. ਫੁੱਲਾਂ ਦੇ ਵਾਂਗਰ ਹੈ ਤੇਰੀ ਸ਼ਾਨ,
    ਮਿਟ ਜਾਏਗੀ ਘਾਹ ਦੀ ਤਰ੍ਹਾਂ,
    ਫਿਰ ਦਿਨ ਸੁੱਖ ਦੇ ਨਾ ਆਵਣਗੇ,
    ਸਦਾ ਰਹੇਂਗਾ ਲਾਚਾਰ।

    5. ਯਿਸੂ ਮੁਕੱਦਸਾਂ ਨੂੰ ਲਏਗਾ ਉਠਾ,
    ਤਾਂ ਕਿ ਉਹ ਰਾਜ ਕਰੇ,
    ਕਰੇਗਾ ਸ਼ੈਤਾਨ ਉਹ ਔਖੀ ਤੇਰੀ ਜਾਨ,
    ਪਾਵੇਂਗਾ ਅਬਦੀ ਸਜ਼ਾ।

  • ---

    ਦਰ ਮਸੀਹਾ ਦੇ ਇੱਕ ਦਿਨ ਆਉਣਾ ਪੈਣਾ,
    ਇੱਕ ਦਿਨ ਛੱਡ ਕੇ ਫਾਨੀ ਦੁਨੀਆ,
    ਰਾਹ ਦਰਗਾਹ ਦੇ ਪੈਣਾ।

    1. ਛੱਡ ਦੇ ਪੁੱਠੇ ਚਾਲੇ ਬੰਦਿਆ,
    ਜੇ ਤੂੰ ਜਾਨ ਬਚਾਉਣੀ,
    ਇਸ ਰੂਹ ਨੇ ਹੈ ਤੈਨੂੰ ਛੱਡਣਾ,
    ਚਾਰ ਦਿਨਾਂ ਦੀ ਪ੍ਰਾਹੁਣੀ,
    ਸੁਬ੍ਹਾ ਸ਼ਾਮ ਨੂੰ ਉਸ ਮਾਲਿਕ ਦਾ,
    ਨਾਮ ਹੈ ਜੱਪਣਾ ਪੈਣਾ।

    2. ਭਜਨ ਖ਼ੁਦਾ ਦੇ ਗਾਉਣ ਵਾਸਤੇ,
    ਤੈਨੂੰ ਉਸ ਬਣਾਇਆ,
    ਰੂਪ ਵਿਗਾੜ ਲਿਆ ਖੁਦ ਆਪਣਾ,
    ਫਿਰ ਵੀ ਨਾ ਪਛਤਾਇਆ,
    ਸੱਚੀ ਸੰਗਤ ਹੈ ਯਿਸੂ ਮਸੀਹ ਦੀ,
    ਸਿੱਖ ਲੈ ਆ ਕੇ ਬਹਿਣਾ।

    3. ਧਰਤੀ ਉੱਤੇ ਰੂਪ ਵਟਾ ਕੇ,
    ਆਈ ਪਾਕ ਖ਼ੁਦਾਈ,
    ਬਾਪ ਬੇਟੇ ਰੂਹਪਾਕ ਦੀ ਬੰਦਿਆ,
    ਕਰਦਾ ਰਹਿ ਵਡਿਆਈ,
    ਇੱਕ ਦਿਨ ਕੂਚ ਨਗਾਰਾ ਵੱਜਣਾ,
    ਇੱਥੋਂ ਨੱਸਣਾ ਪੈਣਾ।

  • ---

    ਦਰਸ਼ਨ ਦਓ, ਦਰਸ਼ਨ ਦਓ ਇੱਕ ਵਾਰ,
    ਯਿਸੂ ਜੀ ਸਾਨੂੰ ਦਰਸ਼ਨ ਦਓ।

    1. ਤੇਰੇ ਹੀ ਜਹਾਨ ਵਿੱਚ ਫੁੱਲ ਰੰਗ-ਰੰਗ ਦੇ,
    ਹਜ਼ਾਰਾਂ ਤੇਰੇ ਦੁੱਖ ਨੇ ਤੇ ਲੱਖਾਂ ਤੇਰੇ ਸੁੱਖ ਨੇ,
    ਭਰ ਦੋ ਆਸ਼ੀਸ਼ ਨਾਲ,
    ਯਿਸੂ ਜੀ ਸਾਨੂੰ ਦਰਸ਼ਨ ਦਓ।

    2. ਭੁੱਲੇ ਅਤੇ ਭਟਕੇ ਹੋਏ ਜਿਹੜੇ ਪਾਪੀ ਲੋਕ ਨੇ,
    ਸਿੱਧੇ ਰਾਹ ’ਤੇ ਪਾ ਜਿਹੜੇ ਕਰਦੇ ਕਲੋਲ ਨੇ,
    ਭਰ ਦੇ ਬਰਕਤਾਂ ਨਾਲ,
    ਯਿਸੂ ਜੀ ਸਾਨੂੰ ਦਰਸ਼ਨ ਦਓ।

    3. ਨਾਮ ਤੇਰੇ ਵਿੱਚ ਕਿੰਨਾਂ ਸਾਰਾ ਸੁੱਖ ਹੈ,
    ਲਵੇ ਜਿਹੜਾ ਨਾਮ ਤੇਰਾ
    ਉਹਨੂੰ ਕਾਹਦੀ ਭੁੱਖ ਹੈ,
    ਭਰ ਦੇ ਚੰਗਾਈ ਨਾਲ,
    ਯਿਸੂ ਜੀ ਸਾਨੂੰ ਦਰਸ਼ਨ ਦਓ।

    4. ਯਿਸੂ ਨਾਲ ਪਿਆਰ ਜਿਹੜਾ, ਕਰੇ ਇੱਕ ਵਾਰ ਜੀ,
    ਯਿਸੂ ਉਹਨੂੰ ਆਪਣਾ ਬਣਾਉਂਦਾ,
    ਪਿਆਰਾ ਯਾਰ ਜੀ,
    ਭਰ ਦੇ ਪਾਕ ਰੂਹ ਨਾਲ,
    ਯਿਸੂ ਜੀ ਸਾਨੂੰ ਦਰਸ਼ਨ ਦਓ।

  • ---

    ਦਰ ਤੇਰੇ ਆਈ ਹਾਂ, ਪਾਪਣ ਔਗੁਣਹਾਰ,
    ਮੇਰੀ ਸੁਣ ਲੈ ਆ ਦੁੱਖਾਂ ਭਰੀ ਪੁਕਾਰ।

    1. ਦੁਨੀਆ ਦੇ ਵਿੱਚ ਨਹੀਂ ਮੈਨੂੰ
    ਮਿਲਿਆ ਤੇਰੇ ਵਰਗਾ ਕੋਈ,
    ਠੇਡੇ ਖਾਂਦੀ ਦਰ ’ਤੇ ਪਹੁੰਚੀ ਨੈਣ ਹੰਝੂ ਭਰ ਰੋਈ,
    ਮੇਰੇ ਸ਼ਾਫ਼ੀ ਜੀ, ਕਰ ਦਿਓ ਬੇੜਾ ਪਾਰ।

    2. ਅੰਨ੍ਹਿਆਂ ਨੂੰ ਤੂੰ ਅੱਖੀਆਂ ਦਿੱਤੀਆਂ,
    ਗੂੰਗਿਆਂ ਤੋਂ ਬੋਲ ਬੁਲਾਏ,
    ਕੋੜ੍ਹੀਆਂ ਦੇ ਤੂੰ ਕੋੜ੍ਹ ਹਟਾਏ, ਪਾਪੀ ਰਾਹੇ ਪਾਏ,
    ਮੈਨੂੰ ਮਾਫ਼ੀ ਦੇ, ਤੂੰ ਏਂ ਬਖ਼ਸ਼ਣਹਾਰ।

    3. ਮੇਰੀ ਖ਼ਾਤਿਰ ਜੱਗ ’ਤੇ ਆ ਕੇ,
    ਆਪਣਾ ਖੂਨ ਵਹਾਇਆ,
    ਭਾਰ ਹੇਠਾਂ ਦੱਬਿਆਂ ਹੋਇਆਂ ਦਾ,
    ਆ ਕੇ ਬੋਝ ਉਠਾਇਆ,
    ਤੇਰੇ ਬਿਨਾਂ ਲੈਂਦਾ ਨਾ ਮੇਰੀ ਕੋਈ ਸਾਰ।

  • ---

    ਦੁਖੀਆਂ ਬਿਮਾਰਾਂ ਦਾ ਉਹ ਵੈਦ ਹੈ ਕਮਾਲ ਦਾ,
    ਸ਼ਿਫ਼ਾ ਵਾਲੇ ਚਸ਼ਮੇ ’ਚੋਂ ਯਿਸੂ ਹੈ ਪਿਆਲਦਾ।

    1. ਮੁਰਦੇ ਵੀ ਉੱਠ ਬਹਿੰਦੇ ਬੋਲ ਉਹਦੇ ਸੁਣਕੇ,
    ਜ਼ਿੰਦਗੀ ਦੀ ਜੋਤ ਐਸੀ ਨਾਸਰੀ ਹੈ ਬਾਲ਼ਦਾ।

    2. ਦੋਵਾਂ ਹੀ ਜਹਾਨਾਂ ’ਤੇ ਹੈ ਸ਼ਾਨ ਉਹਦੀ ਵੱਖਰੀ,
    ਦਿੱਸਦਾ ਨਾ ਸਾਨੀ ਕੋਈ ਯਿਸੂ ਦੇ ਜਮਾਲ ਦਾ।

    3. ਉਹ ਕਰਦਾ ਹੈ ਭੁੱਲਾਂ ਚੁੱਕਾਂ ਮਾਫ਼ ਸਭ ਸਾਡੀਆਂ,
    ਤੇ ਰੱਖਦਾ ਖਿਆਲ ਸ਼ਾਫ਼ੀ ਸਾਡੇ ਸਭ ਹਾਲ ਦਾ।

  • ---

    ਦਇਆ ਕਰੋ, ਦਇਆ ਕਰੋ, ਐ ਪ੍ਰਭੂ
    ਦਇਆ ਕਰੋ, ਦਇਆ ਕਰੋ, ਐ ਮਸੀਹ
    ਦਇਆ ਕਰੋ, ਦਇਆ ਕਰੋ, ਐ ਪ੍ਰਭੂ

  • ---

    ਦੁਨੀਆ ਦੇ ਪਾਪਾਂ ਨੂੰ,
    ਚੁੱਕ ਲੈਣ ਵਾਲੇ, ਐ ਲੇਲੇ ਖ਼ੁਦਾ ਦੇ,

    1. ਸਾਡੇ ਉੱਤੇ ਦਇਆ ਕਰੋ।

    2. ਸਾਡੇ ਉੱਤੇ ਦਇਆ ਕਰੋ।

    3. ਸਾਨੂੰ ਸ਼ਾਂਤੀ ਪ੍ਰਦਾਨ ਕਰੋ।

  • ---

    ਦਿਲ ਨਜ਼ਰਾਨਾ ਪ੍ਰਭੂ ਨੂੰ ਭੇਟ ਚੜ੍ਹਾਈਏ,
    ਆਪਣੀ ਨੇਕ ਕਮਾਈ ਵਿੱਚੋਂ
    ਕੁਝ ਤਾਂ ਹਿੱਸਾ ਪਾਈਏ।

    1. ਸੱਚੇ ਦਿਲ ਨਾਲ ਮੰਗ ਦੁਆਵਾਂ,
    ਪ੍ਰਭੂ ਦਾ ਸ਼ੁਕਰ ਮਨਾਵਾਂ,
    ਜੈ–ਜੈ ਕਾਰ ਬੁਲਾਈਏ।

    2. ਮਾਂ ਮਰੀਅਮ ਦੀ ਕਰੋ ਗੁਜ਼ਾਰਿਸ਼,
    ਪ੍ਰਭੂ ਯਿਸੂ ਨੂੰ ਕਰੋ ਸਿਫ਼ਾਰਿਸ਼,
    ਸਾਰੇ ਸੀਸ ਨਿਵਾਈਏ।

    3. ਕ੍ਰਿਪਾ ਵਾਲਾ ਕ੍ਰਿਪਾ ਕਰਦਾ,
    ਸਤਿਸੰਗ ਦੇ ਵਿੱਚ ਦੁਖੜੇ ਹਰਦਾ,
    ਹਾਲੇਲੂਯਾਹ, ਹਾਲੇਲੂਯਾਹ ਗਾਈਏ।

    4. ਦਿਲ ਦੀ ਹੈਕਲ ਸਾਫ਼ ਕਰ ਦਿਓ,
    ਸਭ ਕੁਝ ਪ੍ਰਭੂ ਜੀ ਮਾਫ਼ ਕਰ ਦਿਓ,
    ਸਾਰੇ ਸ਼ੁਕਰ ਮਨਾਈਏ।

  • ---

    ਦਾਖਰਸ, ਰੋਟੀ ਲਿਆਇਆ ਹਾਂ,
    ਦਾਨ ਤੇਰਾ ਕਬੂਲ ਕਰੋ,
    ਤਨ–ਮਨ ਮੇਰਾ ਲਿਆਇਆ ਹਾਂ,
    ਜੀਵਨ ਮੇਰਾ ਸਵੀਕਾਰ ਕਰੋ।

    1. ਜੀਵਨ ਮੇਰਾ ਦਾਨ ਹੈ,
    ਤੇਰਾ ਵਰਦਾਨ ਹੈ,
    ਇਕੱਲਾ ਤੂੰ ਮੇਰਾ ਭਗਵਾਨ ਹੈ,
    ਖ਼ਾਲੀ ਮੈਨੂੰ ਨਾ ਮੋੜ ਦੇ,
    ਪਿਆਰ ਨਾਲ ਮੈਨੂੰ ਤੋਰ ਦੇ,
    ਵੱਲ ਮੇਰੇ ਵੇਖ ਲੈ,
    ਝੋਲੀ ਮੇਰੀ ਤੂੰ ਭਰ ਦੇ,
    ਸੁੱਖ–ਦੁੱਖ ਜੀਵਨ ਲਿਆਇਆ ਹਾਂ,
    ਨਜ਼ਰਾਨਾ ਮੇਰਾ ਕਬੂਲ ਕਰੋ।
    ਕੰਮ–ਕਾਜ ਸਭ ਲਿਆਇਆ ਹਾਂ,
    ਚੜ੍ਹਾਵਾ ਮੇਰਾ ਸਵੀਕਾਰ ਕਰੋ।

    2. ਕੋਲ ਮੇਰੇ ਕੁਝ ਨਹੀਂ,
    ਨਾਲ ਮੇਰੇ ਕੋਈ ਨਹੀਂ,
    ਮੈਂ ਤਾਂ ਇੱਕ ਪਾਪੀ ਇਨਸਾਨ ਹਾਂ,
    ਪੁਕਾਰ ਤੂੰ ਮੇਰੀ ਸੁਣ ਲੈ,
    ਆਪਣਾ ਮੈਨੂੰ ਬਣਾ ਲੈ,
    ਹੱਥ ਤੂੰ ਮੇਰਾ ਫੜ੍ਹ ਲੈ,
    ਨਾ ਕਦੇ ਮੈਨੂੰ ਛੱਡ ਲੈ,
    ਆਸ਼ਾ ਨਿਰਾਸ਼ਾ ਲਿਆਇਆ ਹਾਂ,
    ਸਪਨਾ ਮੇਰਾ ਪੂਰਾ ਕਰੋ।
    ਖ਼ਾਲੀ ਦਿਲ ਮੇਰਾ ਲਿਆਇਆ ਹਾਂ,
    ਹਨੇਰਾ ਮੇਰਾ ਦੂਰ ਕਰੋ।

    3. ਦੁਨੀਆ ਤੂਫ਼ਾਨ ਹੈ,
    ਡਾਵਾਂ–ਡੋਲ ਬੇੜੀ ਹੈ,
    ਡੁੱਬਦਿਆਂ ਦਾ ਤੂੰ ਕਿਨਾਰਾ ਹੈਂ,
    ਰਹਿਬਰ ਮੇਰਾ ਬਣ ਕੇ,
    ਨਿਗ਼ਾਹ ਮੇਰੇ ’ਤੇ ਰੱਖ ਲੈ,
    ਸ਼ੈਤਾਨ ਨੂੰ ਤੂੰ ਰੋਕ ਲੈ,
    ਬੁਰਾਈਆਂ ਤੋਂ ਬਚਾ ਲੈ,
    ਬਿਮਾਰ ਮੈਂ ਪਰੇਸ਼ਾਨ ਹਾਂ,
    ਸ਼ਾਂਤੀ ਮੈਨੂੰ ਪ੍ਰਦਾਨ ਕਰੋ।
    ਪਾਪਾਂ ਦੇ ਭਾਰ ਨਾਲ ਦੱਬਿਆ ਹਾਂ,
    ਗ਼ੁਨਾਹ ਮੇਰੇ ਮਾਫ਼ ਕਰੋ।

  • ---

    ਦਿਲ ਦਾ ਬੂਹਾ ਖੋਲ ਕੇ ਯਿਸੂ ਆਵੇਗਾ,
    ਆ ਕੇ ਤੇਰੇ ਉੱਜੜੇ ਘਰ ਨੂੰ ਵਸਾਵੇਗਾ।

    1. ਆਪਣੀ ਸੂਲੀ ਮੋਢੇ ਉੱਤੇ ਰੱਖ ਲੈ ਤੂੰ,
    ਉਹਦੇ ਪਿੱਛੇ-ਪਿੱਛੇ ਰਾਹੀਆ ਚੱਲ ਪੈ ਤੂੰ,
    ਔਖੀ ਰਾਹ ’ਤੇ ਚੱਲਣਾ ਉਹ ਸਿਖਾਵੇਗਾ,
    ਆ ਕੇ ਤੇਰੇ ਉੱਜੜੇ ਘਰ ਨੂੰ ਵਸਾਵੇਗਾ।

    2. ਗਲੀਆ ਦੇ ਵਿੱਚ ਯਿਸੂ ਦਾ ਪ੍ਰਚਾਰ ਤੂੰ ਕਰ,
    ਨਾਲੇ ਆਪਣੇ ਦੁਸ਼ਮਣ ਦੇ ਨਾਲ ਪਿਆਰ ਤੂੰ ਕਰ,
    ਯਿਸੂ ਕਰਨਾ ਪਿਆਰ ਤੈਨੂੰ ਸਮਝਾਵੇਗਾ,
    ਆ ਕੇ ਤੇਰੇ ਉਜੜੇ ਘਰ ਨੂੰ ਵਸਾਵੇਗਾ।

    3. ਹਸ਼ਮਤ ਮਾੜੀ ਵੇਲੇ ਹਿੰਮਤ ਹਾਰੀਂ ਨਾ,
    ਉਹਦੇ ਪਿਆਰ ਦੀ ਜਿੱਤੀ ਬਾਜ਼ੀ ਹਾਰੀਂ ਨਾ,
    ਯਿਸੂ ਤੈਨੂੰ ਹਰ ਦਮ ਆਪ ਬਚਾਵੇਗਾ,
    ਆ ਕੇ ਤੇਰੇ ਉੱਜੜੇ ਘਰ ਨੂੰ ਵਸਾਵੇਗਾ।

  • ---

    ਦੁਖੀਆਂ ਨੂੰ ਐ ਮਸੀਹਾ ਸੀਨੇ ਲਗਾ ਲਵੋ,
    ਇੱਕ ਵਾਰ ਫੇਰ ਆਣ ਕੇ ਸਾਨੂੰ ਬਚਾ ਲਵੋ।

    1. ਗੁਨਾਹਾਂ ਦੇ ਕੰਡਿਆਂ ਹੈ ਪੈਰਾਂ ਨੂੰ ਪੱਛਿਆ,
    ਰਾਹੀਂ ਨੇ ਭੁੱਲ ਗਏ ਇਹ ਰਸਤਾ ਵਿਖਾ ਦੇਵੋ।

    2. ਸੌਂ ਗਈਆਂ ਨੇ ਜ਼ਮੀਰਾਂ ਛਾਈ ਹੈ ਕਾਲੀ ਰਾਤ,
    ਸ਼ਾਫ਼ੀ ਜੀ ਨੂਰ ਬਣਕੇ ਚਾਨਣ ਵਿਛਾ ਦੇਵੋ।

    3. ਲੋ ਮੇਰੇ ਵਿੱਚ ਹੋਵੇ ਸਦਾ ਤੇਰੇ ਨਾਮ ਦੀ,
    ਯਿਸੂ ਜੀ ਦਿਲ ’ਚ ਐਸੀ ਸ਼ਮ੍ਹਾ ਜਗਾ ਦੇਵੋ।

  • ---

    ਦੁੱਖਾਂ ਵਾਲੀ ਮਾਂ ਵੇਖੋ, ਕਲਵਰੀ ’ਤੇ ਰੋਂਦੀ ਏ,
    ਗ਼ਮ ਦੀਆਂ ਛਮਕਾਂ ’ਤੇ, ਅੱਥਰੂ ਪਰੋਂਦੀ ਏ।

    1. ਤੁਰ ਗਏ ਨੇ ਲੋਕੀ ਉਹਨੂੰ ਮਿੱਟੀ ਵਿੱਚ ਦੱਬ ਕੇ,
    ਲੁਕ ਗਏ ਤੂਫ਼ਾਨ ਕਿਵੇਂ ਜਿਵੇਂ ਵੱਜ–ਵੱਜ ਕੇ,
    ਵੱਖਰੀ ਇਹ ਰਾਤ ਪਰ ਜਿੰਦੜੀ ਲੁਕਾਈ ਏ,
    ਗ਼ਮ ਦੀਆਂ ਛਮਕਾਂ ’ਤੇ ਅੱਥਰੂ ਪਰੋਂਦੀ ਏ।

    2. ਕੁਝ ਮਾਤਾ ਹੋਸ਼ ਕਰ, ਚੱਲ ਘਰ ਚੱਲੀਏ,
    ਨੂਰ ਦੀ ਉਡੀਕ ਵਿੱਚ, ਬੈਠੀਏਂ ਇਕੱਲੀਏ,
    ਸੱਜਰੀਆਂ ਸ਼ਾਮਾਂ ਨੂੰ ਸਵੇਰ ਕਦੋਂ ਆਉਂਦੀ ਏ,
    ਗ਼ਮ ਦੀਆਂ ਛਮਕਾਂ ’ਤੇ ਅੱਥਰੂ ਪਰੋਂਦੀ ਏ।

  • ---

    ਗਤਸਮਨੀ ਬਾਗ਼ ਦੇ ਵਿੱਚ ਯਿਸੂ ਮਸੀਹ ਦੀ ਜਾਨ ਕੰਦਨੀ
    ਦੁੱਖ ਦਾ ਪਹਿਲਾ ਭੇਦ

    ਵਿੱਚ ਬਾਗ਼ ਗਤਸਮਨੀ,
    ਹੋਈ ਯਿਸੂ ਦੀ ਜਾਨ ਕੰਦਨੀ।
    ਗੋਡੇ ਟੇਕ ਕੇ, ਮੂੰਹ ਪਰਨੇ ਡਿੱਗਕੇ,
    ਬਾਪ ਅੱਗੇ ਫਰਿਆਦ ਕੀਤੀ।
    “ਜੇਕਰ ਅੱਬਾ, ਹੋ ਸਕਦਾ ਤਾਂ,
    ਪਿਆਲਾ ਦੁੱਖ ਦਾ ਦੂਰ ਹੋਵੇ।
    ਫਿਰ ਵੀ ਨਹੀਂ, ਮਰਜ਼ੀ ਮੇਰੀ,
    ਮਰਜ਼ੀ ਤੇਰੀ ਪੂਰੀ ਹੋਵੇ”।
    “ਪ੍ਰਾਰਥਨਾ ਜਾਗਕੇ ਇੱਥੇ ਕਰੋ,
    ਅਜ਼ਮਾਇਸ਼ ਤੋਂ ਬਚ ਕੇ ਰਹੋ”।
    ਸੁੱਤੇ ਪਏ ਚੇਲਿਆਂ ਨੂੰ ਯਿਸੂ,
    ਆਖਿਆ, “ਸਦਾ ਤਿਆਰ ਰਹੋ”।
    ਮੁੜ੍ਹਕਾ ਯਿਸੂ ਦਾ ਲਹੂ ਬਣ ਵਗਿਆ,
    ਸਭਨਾਂ ਲਈ ਦੁੱਖ ਉਸ ਚੁੱਕਿਆ।
    ਗ਼ੱਦਾਰ ਯਹੂਦਾਹ, ਇਸਕਰਉਤੀ,
    ਲੈ ਕੇ ਸਿਪਾਹੀ ਉੱਥੇ ਪੁੱਜਿਆ।

    ਇਹ ਰੋਜ਼ਰੀ ਦਾ ਭੇਦ ਹੈ,
    ਇਹ ਦੁੱਖ ਦਾ ਭੇਦ ਹੈ, ਇਹ ਪਹਿਲਾ ਭੇਦ ਹੈ।

    ਯਿਸੂ ਮਸੀਹ ਦਾ ਕੋੜਿਆਂ ਦੇ ਨਾਲ ਮਾਰਿਆ ਜਾਣਾ
    ਦੁੱਖ ਦਾ ਦੂਸਰਾ ਭੇਦ

    ਰੋਮੀ ਰਾਜਪਾਲ ਪਿਲਾਤੂਸ,
    ਯਿਸੂ ਨੂੰ ਸਜ਼ਾ ਸੁਣਾਈ।
    ਦੋਸ਼ੀ ਬਣਾ ਕੇ, ਥੰਮ੍ਹ ਨਾਲ ਬੰਨ੍ਹ ਕੇ,
    ਉਸ ਨੂੰ ਕੋੜੇ ਮਰਵਾਏ।
    ਪਿੰਡਾ ਉਹਦਾ ਹੋਇਆ ਲਾਲ,
    ਖੂਨ ਸੀ ਵਗਦਾ ਹਾਲੋ ਬੇਹਾਲ।
    ਬੇਗੁਨਾਹ ਬਦਲੇ, ਡਾਕੂ ਬਰੱਅਬਾ,
    ਪਿਲਾਤੂਸ ਨੇ ਛੱਡ ਦਿੱਤਾ।
    “ਹਾਏ-ਹਾਏ ਸਹਿੰਦਾ ਰਿਹਾ! ਯਿਸੂ ਨੂੰ ਦਿਓ ਸਲੀਬ”,
    ਪਾਉਂਦੇ ਰੌਲਾ ਲੋਕ ਰਕੀਬ।
    “ਜੁਰਮ ਇਹਦਾ ਕਿਹੜਾ” ਪੁੱਛਿਆ ਰਾਜੇ,
    “ਬੇਗ਼ੁਨਾਹ ਨੂੰ ਕਿਵੇਂ ਦੇਵਾਂ ਸਲੀਬ”।
    ਯਿਸੂ ਚੁੱਪ-ਚਾਪ ਸਹਿੰਦਾ ਰਿਹਾ,
    ਦੇਖ ਕੇ ਰਾਜਾ ਹੈਰਾਨ ਰਿਹਾ।
    ਯਿਸੂ ਗਲੀਲੀ, ਜਾਣਕੇ ਉਸਨੇ,
    ਹੈਰੋਦੀਸ ਕੋਲ ਘੱਲ ਦਿੱਤਾ।

    ਇਹ ਰੋਜ਼ਰੀ ਦਾ ਭੇਦ ਹੈ,
    ਇਹ ਦੁੱਖ ਦਾ ਭੇਦ ਹੈ, ਇਹ ਦੂਸਰਾ ਭੇਦ ਹੈ।

    ਯਿਸੂ ਮਸੀਹ ਦੇ ਸਿਰ ’ਤੇ ਕੰਡਿਆਂ ਦਾ ਤਾਜ ਰੱਖਿਆ ਜਾਣਾ
    ਦੁੱਖ ਦਾ ਤੀਸਰਾ ਭੇਦ

    ਰਾਜਪਾਲ ਸਾਹਮਣੇ ਲੈ ਆਏ,
    ਚੋਗਾ ਵੈਂਗਣੀ ਪਹਿਨਾਏ।
    ਕੰਡਿਆਂ ਦਾ, ਤਾਜ ਬਣਾ ਕੇ,
    ਸਿਰ ਯਿਸੂ ਦੇ ਰੱਖ ਦਿੱਤਾ।
    ਨਿੰਦਾ ਉਸਦੀ ਕਰਨ ਲੱਗੇ,
    “ਯਹੂਦੀ ਰਾਜੇ ਦੀ ਜੈ ਹੋਵੇ”।
    ਮਾਰਿਆ ਸਿਰ ’ਤੇ, ਥੁੱਕਿਆ ਮੂੰਹ ’ਤੇ,
    ਠੱਠੇ ਮਿਲ ਸਭ ਕਰਨ ਲੱਗੇ।
    “ਵੇਖੋ ਤੁਹਾਡਾ ਇਹ ਰਾਜਾ”,
    ਪਿਲਾਤੂਸ ਨੇ ਫਰਮਾਇਆ।
    “ਖੂਨ ਇਸਦੇ ਵਿੱਚ, ਮੇਰਾ ਨਾ ਹਿੱਸਾ,
    ਜੋ ਚਾਹੋ, ਉਹ ਕਰ ਲੈਣਾ”।
    ਹੈਰੋਦੀਸ, ਪਿਲਾਤੂਸ ਮਿੱਤਰ ਬਣੇ,
    ਯਿਸੂ ਉਹਨਾਂ ਦਾ ਵਿਚੋਲਾ ਬਣੇ।
    ਭੀੜ ਤੋਂ ਡਰ ਕੇ, ਹੱਥ ਸਾਫ਼ ਕਰਕੇ,
    ਲੋਕਾਂ ਹੱਥੀਂ ਦੇ ਦਿੱਤਾ।

    ਇਹ ਰੋਜ਼ਰੀ ਦਾ ਭੇਦ ਹੈ,
    ਇਹ ਦੁੱਖ ਦਾ ਭੇਦ ਹੈ, ਇਹ ਤੀਸਰਾ ਭੇਦ ਹੈ।

    ਯਿਸੂ ਮਸੀਹ ਦਾ ਸਲੀਬ ਨੂੰ ਚੁੱਕ ਲੈਣਾ
    ਦੁੱਖ ਦਾ ਚੌਥਾ ਭੇਦ

    ਮੌਤ ਦੀ ਸਜ਼ਾ ਦਿੱਤੀ ਗਈ,
    ਮੋਢੇ ’ਤੇ ਸਲੀਬ ਰੱਖੀ ਗਈ।
    ਥੱਕ ਕੇ ਟੁੱਟ ਕੇ, ਡਿੱਗਦਾ-ਉੱਠਦਾ,
    ਗੋਲਗੋਥਾ ਨੂੰ ਤੁਰ ਉਹ ਪਏ।
    ਸ਼ਮਾਊਨ ਕੁਰੀਨੀ ਦਾ ਭਾਗ ਜਾਗਿਆ,
    ਯਿਸੂ ਦੇ ਉਹ ਕੰਮ ਆਇਆ।
    ਸਲੀਬ ਨੂੰ ਚੁੱਕ ਕੇ, ਮੋਢੇ ’ਤੇ ਰੱਖਕੇ,
    ਯਿਸੂ ਦੇ ਪਿੱਛੇ-ਪਿੱਛੇ ਚੱਲਦਾ ਗਿਆ।
    “ਐ ਯਰੂਸ਼ਲਮ ਦੀਓ ਧੀਓ,
    ਮੇਰੇ ਲਈ ਨਾ ਵੈਣ ਪਾਓ।
    ਆਪਣੇ ਲਈ ਤੇ, ਬੱਚਿਆਂ ਦੇ ਲਈ,
    ਰੋਂਦਿਆਂ ਹੰਝੂ ਬਹਾਓ।
    ਉਹ ਦਿਨ ਛੇਤੀ ਆਵੇਗਾ,
    ਪਹਾੜ ਨਾ ਤੈਨੂੰ ਲੁਕਾਵੇਗਾ।
    ਰੁੱਖ ਹਰੇ ਨਾਲ, ਇਹ ਹੋਏ ਤਾਂ,
    ਸੁੱਕੇ ਨਾਲ ਕੀ ਹੋਵੇਗਾ?”।

    ਇਹ ਰੋਜ਼ਰੀ ਦਾ ਭੇਦ ਹੈ, ਇਹ ਦੁੱਖ ਦਾ ਭੇਦ ਹੈ,
    ਇਹ ਚੌਥਾ ਭੇਦ ਹੈ।

    ਯਿਸੂ ਮਸੀਹ ਦਾ ਸਲੀਬ ਉੱਤੇ ਮਰ ਜਾਣਾ
    ਦੁੱਖ ਦਾ ਪੰਜਵਾਂ ਭੇਦ

    ਕਲਵਰੀ ਪਹਾੜ ਪਹੁੰਚ ਗਏ,
    ਯਿਸੂ ਦੇ ਕੱਪੜੇ ਲਾਹ ਦਿੱਤੇ।
    ਸਲੀਬ ’ਤੇ ਲਿਟਾਕੇ, ਹੱਥਾਂ-ਪੈਰਾਂ ’ਚ,
    ਤਿੰਨੋਂ ਪਾਸੇ ਕਿੱਲ ਲਾ ਦਿੱਤੇ।
    ਯਿਸੂ ਦੇ ਨਾਲ ਦੋ ਅਪਰਾਧੀ,
    ਇੱਕ ਸੀ ਬਣਿਆ ਪਛਤਾਪੀ।
    ਇੱਕ ਸੱਜੇ ’ਤੇ, ਦੂਜਾ ਖੱਬੇ,
    ਉੱਤੇ ਸਲੀਬਾਂ ਚੜ੍ਹਾ ਦਿੱਤੇ।
    ਸਲੀਬ ਤੋਂ ਕਲਮਾ ਮਾਫ਼ੀ ਦਾ,
    “ਅੱਬਾ! ਇਹਨਾਂ ਨੂੰ ਮਾਫ਼ ਕਰਦੇ।
    ਇਹ ਨਹੀਂ ਜਾਣਦੇ, ਇਹ ਕੀ ਕਰਦੇ,
    ਇਹਨਾਂ ਦੇ ਦਿਲ ਬਦਲਾਦੇ”।
    ਸਲੀਬ ਦੇ ਥੱਲੇ ਖੜ੍ਹੀ ਮਾਂ,
    ਹਨੇਰੇ ਦੇ ਨਾਲ ਭਰੀ ਉਹ ਥਾਂ।
    ਪਿਤਾ ਨੂੰ ਪੁਕਾਰ ਕੇ, ਆਤਮਾ ਨੂੰ ਸੌਂਪ ਕੇ,
    ਪ੍ਰਾਣ ਆਪਣੇ ਯਿਸੂ ਤਿਆਗ ਦਿੱਤੇ।

    ਇਹ ਰੋਜ਼ਰੀ ਦਾ ਭੇਦ ਹੈ,
    ਇਹ ਦੁੱਖ ਦਾ ਭੇਦ ਹੈ, ਇਹ ਪੰਜਵਾਂ ਭੇਦ ਹੈ।

  • ---

    ਦਮ–ਦਮ ਨਾਲ, ਤੇਰੇ ਲਾਲ,
    ਦਰ ਤੇਰੇ ’ਤੇ ਪਾਉਣ ਧਮਾਲ,
    ਓ… ਮਾਂ ਮਰੀਅਮ ਦੇ ਦਰ ’ਤੇ,
    ਅਸੀਂ ਨੱਚਦੇ ਗਾਉਂਦੇ ਆਉਨੇ ਆਂ,
    ਆਬਾਦ ਰਹੇ ਇਹ ਵਿਹੜਾ,
    ਦਮ ਨਾਲ ਧਮਾਲਾਂ ਪਾਉਨੇ ਆਂ।

    1. ਤੇਰੀ ਜਾਤ ਨਿਰਾਲੀ ਵੇਖੀ, ਤੂੰ ਨੂਰਾਨੀ ਨਾਰੀ,
    ਤੂੰ ਮਾਂ ਪਾਕ ਖ਼ੁਦਾਵੰਦ ਦੀ,
    ਤੈਨੂੰ ਜਾਣੇ ਦੁਨੀਆ ਸਾਰੀ,
    ਕੁਲ ਨਬੀਆਂ ਦੇ… ਸਰਦਾਰ ਦੀ ਮਾਂ
    ਇਹ ਕਲਮਾ–ਏ–ਹੱਕ ਸੁਣਾਉਨੇ ਆਂ।

    2. ਤੇਰੇ ਨਾਂ ਦੇ ਨਾਅਰੇ ਵੱਜਣ, ਜ਼ੱਰਾ–ਜ਼ੱਰਾ ਗੂੰਜੇ,
    ਜੈ ਮਾਂ ਮਰੀਅਮ ਆਖੋ ਸਾਰੇ, ਜੈ ਦਾ ਨਾਅਰਾ ਗੂੰਜੇ,
    ਤੂੰ ਵੱਸਦੀ ਰਵੇਂ… ਹਰ ਦਿਲ ਅੰਦਰ
    ਤੇਰੀ ਅਰਜ਼ ਦੀ ਬੇਨਤੀ ਚਾਹੁਨੇ ਆਂ।

    3. ਸੱਚੇ–ਸੁੱਚੇ ਦਰ ਤੇਰੇ ’ਤੇ ਆਉਂਦੇ ਲੱਖ ਸੁਆਲੀ,
    ਦਿਲ ਦੀ ਆਸ ਮੁਰਾਦਾਂ ਲੈ ਕੇ ਜਾਂਦੇ ਕਦੀ ਨਾ ਖਾਲੀ,
    ਅੱਜ ਸਾਡੀ ਵੀ ਸੁਣ ਲੈ ਮਾਤਾ ਹੋਵੇ
    ਕਰਮ ਤੇਰਾ ਇਹ ਚਾਹੁਨੇ ਆਂ।

  • ---

    ਦਰ ’ਤੇ ਆਈ ਹਾਂ, ਪਾਪਣ ਔਗੁਣਹਾਰ,
    ਮੇਰੀ ਸੁਣ ਲੈ ਆ, ਦੁੱਖਾਂ ਭਰੀ ਪੁਕਾਰ।

    1. ਦੁਨੀਆ ਦੇ ਵਿੱਚ ਨਹੀਂ ਮੈਨੂੰ ਮਿਲਿਆ
    ਤੇਰੇ ਵਰਗਾ ਕੋਈ,
    ਅਰਜ਼ਾਂ ਮਿੰਨਤਾਂ ਲੈ ਕੇ ਆਈ ਨੈਣ ਹੰਝੂ ਭਰ ਰੋਈ,
    ਮੇਰੀ ਪਿਆਰੀ ਮਾਂ ਕਰਾਦੇ ਬੇੜਾ ਪਾਰ।

    2. ਤੂੰ ਏਂ ਸਾਡੀ ਮਾਂ ਪਿਆਰੀ, ਤੇਰੀ ਸ਼ਾਨ ਨਿਆਰੀ,
    ਧੰਨ ਹੈਂ ਤੂੰ ਜੋ ਬੇਟਾ ਜਾਇਆ, ਤੂੰ ਏਂ ਪਾਕ ਕੁਆਰੀ,
    ਮੈਨੂੰ ਮਾਫ਼ੀ ਦਵਾ, ਜ਼ਿੰਦਗੀ ਦੇ ਸਵਾਰ।

    3. ਤੇਰਾ ਪਿਆਰ ਨਿਰਾਲਾ ਸਭ ਤੋਂ,
    ਤੂੰ ਏਂ ਜੱਗ ਦੀ ਰਾਣੀ,
    ਤੇਰੇ ਦਰ ’ਤੇ ਆ ਕੇ ਮਾਂ ਮੈਂ, ਛਾਂ ਮਮਤਾ ਦੀ ਮਾਣੀ,
    ਤੇਰੇ ਬਿਨਾਂ ਲੈਂਦਾ ਨਾ, ਮੇਰੀ ਕੋਈ ਸਾਰ।

  • ---

    ਦੁਖੀਆਂ ਦਾ ਦਿਲਾਸਾ ਪ੍ਰਭੂ ਯਿਸੂ ਦੀ ਮਾਂ ਏ,
    ਲਾਚਾਰਾਂ ਦੀ ਪਨਾਹ ਮਾਂ ਪ੍ਰਭੂ ਯਿਸੂ ਦੀ ਮਾਂ ਏ।

    1. ਅੰਨ੍ਹੇ ਉਹਦੇ ਦਰ ’ਤੇ ਆ ਕੇ ਨੈਣ ਵੇਖੋ ਪਾਂਵਦੇ,
    ਦੁਖੀ ਤੇ ਬਿਮਾਰ ਆ ਕੇ ਚੈਨ ਇੱਥੋਂ ਪਾਂਵਦੇ,
    ਪਾਪੀਆਂ ਨੇ ਆ ਕੇ ਇੱਥੋਂ ਸ਼ਿਫ਼ਾ ਲਈ ਪਾ ਏ।

    2. ਟੁੱਟੇ ਦਿਲਾਂ ਵਾਲੇ ਆ ਕੇ ਦੁਖੜਾ ਸੁਣਾਂਵਦੇ,
    ਦਰ ਸੱਚੀ ਮਾਂ ਦੇ ਤੋਂ ਖਾਲੀ ਨਹੀਂ ਜਾਂਵਦੇ,
    ਪਾਪ ਬਖ਼ਸ਼ਾ ਕੇ ਉਨ੍ਹਾਂ ਮਾਫ਼ੀ ਲਈ ਪਾ ਏ।

    3. ਜ਼ਿੰਦਗੀ ਦੇ ਦੁੱਖਾਂ ਨਾਲ ਹੋ ਗਏ ਬੇਹਾਲ ਜੋ,
    ਕਰਕੇ ਦੁਆਵਾਂ ਹੋ ਜਾਂਦੇ ਉਹ ਨਿਹਾਲ ਜੋ,
    ਮਾਂ ਦਾ ਪਿਆਰ ਲੈ ਕੇ ਖ਼ੁਸ਼ੀ ਲਈ ਪਾ ਏ।

    4. ਸਾਡੀਆਂ ਸਿਫਾਰਿਸ਼ਾਂ ਉਹ ਯਿਸੂ ਨੂੰ ਸੁਣਾਂਵਦੀ,
    ਦੁੱਖ ਸੁੱਖ ਵਿੱਚ ਸਾਡਾ ਉਹ ਸਾਥ ਨਿਭਾਉਂਦੀ,
    ਹਰ ਇੱਕ ਪੀੜ੍ਹੀ ਉਹਦੇ ਗੁਣ ਰਹੀ ਗਾ ਏ।

  • ---

    ਦਸ ਕੁਆਰੀਆਂ, ਨਿਕਲੀਆਂ ਘਰ ਤੋਂ,
    ਯਿਸੂ ਦੇ ਮਿਲਨੇ ਨੂੰ ਨੀ ਸਈਓ, ਲਾੜੇ ਦੇ ਮਿਲਣੇ ਨੂੰ,
    ਦਸਾਂ ਨੇ ਹੱਥ ਫੜ੍ਹੀਆਂ ਮਸ਼ਾਲਾਂ, ਯਿਸੂ ਦੇ ਮਿਲਣੇ ਨੂੰ।

    1. ਪੰਜਾਂ ਨੇ ਤੇਲ ਜਮ੍ਹਾਂ ਮਸ਼ਕਾਂ ’ਚ ਰੱਖਿਆ,
    ਪੰਜਾਂ ਨਾ ਕੀਤੀ ਪਰਵਾਹ,
    ਨੀ ਸਈਓ ਪੰਜਾਂ ਨਾ ਕੀਤੀ ਪਰਵਾਹ।

    2. ਲਾੜੇ ਦੇ ਆਉਣ ਵਿੱਚ ਦੇਰ ਜਦ ਹੋਈ,
    ਉਹ ਦਸੇ ਗਈਆਂ ਉਂਗ੍ਹਲਾ,
    ਨੀ ਸਈਓ, ਉਹ ਦਸੇ ਗਈ ਉਂਗ੍ਹਲਾ।

    3. ਲਾੜਾ ਜਦ ਆਇਆ ਪੰਜ ਜਾਗੀਆਂ ਮਸ਼ਾਲਾਂ,
    ਪੰਜ ਪਈਆਂ ਹੱਟੀਆਂ ਦੇ ਰਾਹ,
    ਨੀ ਸਈਓ ਪੰਜ ਪਈਆਂ ਹੱਟੀਆਂ ਦੇ ਰਾਹ।

    4. ਲੰਘ ਸਿਆਣੀਆਂ ਅੰਦਰ ਸੀ ਗਈਆਂ,
    ਮੂਰਖਾਂ ਦੀ ਚੱਲੀ ਨਾ ਕੋਈ ਵਾਹ,
    ਨੀ ਸਈਓ ਮੂਰਖਾਂ ਦੀ ਚੱਲੀ ਨਾ ਕੋਈ ਵਾਹ।

  • ---

    ਦਿਲ ਦਾ ਮੈਂ ਕਮਜ਼ੋਰ, ਯਿਸੂ ਮੈਨੂੰ ਸਾਂਭ ਕੇ ਰੱਖੀਂ,
    ਸਾਂਭ ਕੇ ਰੱਖੀਂ,
    ਦਿਲ ਦਾ ਮੈਂ ਕਮਜ਼ੋਰ ਯਿਸੂ ਮੈਨੂੰ ਸਾਂਭ ਕੇ ਰੱਖੀਂ।

    1. ਇਸ ਦੁਨੀਆ ਵਿੱਚ ਚਾਰ ਦਿਹਾੜੇ,
    ਨਾ ਕਰ ਬੰਦਿਆ ਕੰਮ ਤੂੰ ਮਾੜੇ,
    ਚੱਲਣਾ ਨਹੀਂ ਤੇਰਾ ਕੋਈ ਜ਼ੋਰ,
    ਯਿਸੂ ਮੈਨੂੰ ਸਾਂਭ ਕੇ ਰੱਖੀਂ।

    2. ਸਾਰੀ ਦੁਨੀਆ ਫਿਰ ਫਿਰ ਵੇਖੀ,
    ਕੀਤੀ ਨਾ ਮੈਂ ਕੋਈ ਨੇਕੀ,
    ਮਿਲਿਆ ਨਾ ਤੇਰੇ ਜਿਹਾ ਹੋਰ,
    ਯਿਸੂ ਮੈਨੂੰ ਸਾਂਭ ਕੇ ਰੱਖੀਂ।

  • ---

    ਦਿਲ ਦਾ ਮੈਂ ਕਮਜ਼ੋਰ, ਯਿਸੂ ਮੈਨੂੰ ਸਾਂਭ ਕੇ ਰੱਖੀਂ,
    ਸਾਂਭ ਕੇ ਰੱਖੀਂ,
    ਦਿਲ ਦਾ ਮੈਂ ਕਮਜ਼ੋਰ ਯਿਸੂ ਮੈਨੂੰ ਸਾਂਭ ਕੇ ਰੱਖੀਂ।

    1. ਅੰਨ੍ਹਿਆਂ ਨੂੰ ਤੂੰ ਅੱਖੀਆਂ ਦੇਵੇਂ,
    ਲੰਗੜੇ ਦੇਵੇਂ ਤੋਰ,
    ਯਿਸੂ ਮੈਨੂੰ ਸਾਂਭ ਕੇ ਰੱਖੀਂ।

    2. ਮੈਂ ਪਾਪੀ ਤੂੰ ਜ਼ੋਰਾਵਰ ਸ਼ਾਫ਼ੀ,
    ਤੇਰੇ ਹੱਥ ਮੇਰੀ ਡੋਰ,
    ਯਿਸੂ ਮੈਨੂੰ ਸਾਂਭ ਕੇ ਰੱਖੀਂ।

    3. ਮਿੱਟੀ ਦਾ ਤੂੰ ਬੁੱਤ ਬਣਾ ਕੇ,
    ਹੱਡੀਆਂ ਦਿੱਤੀਆਂ ਜੋੜ,
    ਯਿਸੂ ਮੈਨੂੰ ਸਾਂਭ ਕੇ ਰੱਖੀਂ।

    4. ਉਂਝ ਦੁਨੀਆ ’ਤੇ ਬਹੁਤ ਸਾਰੇ ਆਏ,
    ਤੇਰੇ ਜਿਹਾ ਨਾ ਕੋਈ ਹੋਰ,
    ਯਿਸੂ ਮੈਨੂੰ ਸਾਂਭ ਕੇ ਰੱਖੀਂ।

  • ---

    ਦੁੱਖ ਤਸੀਹੇ ਸਹਿ ਕੇ, ਪੱਕੇ ਇਮਾਨ ’ਤੇ ਰਹਿ ਕੇ,
    ਸੰਤ ਸੇਬਾਸਟਿਅਨ ਹੋਇਆ ਕੁਰਬਾਨ,
    ਕੌਮ ਦੇ ਸ਼ਹੀਦਾਂ ਵਿੱਚ ਪਾਕ ਉਹਦਾ ਨਾਂ।

    1. ਜ਼ਾਲਮਾਂ ਨੇ ਤੀਰਾਂ ਨਾਲ ਵਿੰਨਿ੍ਹਆਂ ਜ਼ਰੂਰ ਸੀ,
    ਪਰ ਉਹਦੀ ਲਗਨ, ਸੱਚੇ ਰੱਬ ਦੇ ਹਜ਼ੂਰ ਸੀ।
    ਰੱਬ ਨੇ ਸਬਰ ਦਿੱਤਾ, ਨਾਲੇ ਬਖ਼ਸ਼ੀ ਜਾਨ,
    ਕੌਮ ਦੇ ਸ਼ਹੀਦਾਂ ਵਿੱਚ ਪਾਕ ਉਹਦਾ ਨਾਂ।

    2. ਅਸੀਂ ਤੇਰੇ ਰਾਹਾਂ ਉੱਤੇ, ਚੱਲ ਕੇ ਵਿਖਾਵਾਂਗੇ,
    ਕੌਮ ਉੱਤੋਂ ਹੱਸ, ਕੁਰਬਾਨ ਹੋ ਜਾਵਾਂਗੇ।
    ਕਾਇਮ ਹੈ ਰੱਖਣੀ, ਸ਼ਹੀਦੀਆਂ ਦੀ ਸ਼ਾਨ,
    ਕੌਮ ਦੇ ਸ਼ਹੀਦਾਂ ਵਿੱਚ ਪਾਕ ਉਹਦਾ ਨਾਂ।

    3. ਜੀਵਨ ਬਚਾਏ ਰਾਹ, ਯਿਸੂ ਦਾ ਵਿਖਾ ਕੇ,
    ਬਣੇ ਵਿਸ਼ਵਾਸੀ ਕਈ, ਪਾਪ ਬਖ਼ਸ਼ਾ ਕੇ।
    ਆਓ ਉਹਦੇ ਵਰਗਾ, ਬਣਾਈਏ ਇਮਾਨ,
    ਕੌਮ ਦੇ ਸ਼ਹੀਦਾਂ ਵਿੱਚ ਪਾਕ ਉਹਦਾ ਨਾਂ।

  • ---

    ਦਇਆ ਕਰੋ ਮੇਰੇ ਉੱਤੇ ਪ੍ਰਭੂ ਯਿਸੂ ਦਇਆ ਕਰੋ।

    1. ਐ ਪ੍ਰਭੂ ਸਾਨੂੰ ਅਨਾਥ ਨਾ ਛੱਡੀਂ,
    ਤੂੰ ਸਦਾ ਸਾਡੇ ਦਿਲ ਵਿੱਚ ਹੀ ਰਹੀਂ।

    2. ਐ ਪ੍ਰਭੂ ਅਸੀਂ ਪਾਪੀ ਪਾਪ ਕਰਦੇ,
    ਤੂੰ ਸਾਨੂੰ ਬਰਫ਼ ਨਾਲੋਂ ਚਿੱਟਾ ਕਰ ਦੇ।

    3. ਮੇਰੇ ਗੁੱਸੇ ਲਾਲਚ ਹੰਕਾਰ ਨੂੰ ਪ੍ਰਭੂ,
    ਮਾਫ਼ੀ ਦੇ ਦੇ, ਚੰਗਾ ਕਰ, ਮੈਨੂੰ ਪ੍ਰਭੂ।

    4. ਪਾਕ ਲਹੂ ਨਾਲ ਮੈਨੂੰ ਧੋ ਦੇ ਪ੍ਰਭੂ,
    ਧੋ ਦੇ ਪ੍ਰਭੂ ਮੈਨੂੰ ਧੋ ਦੇ ਪ੍ਰਭੂ।

    5. ਹੱਨਾ ਵਾਂਗੂੰ ਰੋ–ਰੋ ਕੇ ਆਇਆ ਪ੍ਰਭੂ,
    ਦੁਖੀ ਹੋ ਕੇ ਤੇਰੇ ਕੋਲ ਆਇਆ ਪ੍ਰਭੂ।

    6. ਪਾਪੀ ਹਿਰਦਾ ਲੈ ਕੇ ਆਇਆ ਪ੍ਰਭੂ,
    ਮੇਰੇ ਸਾਰੇ ਪਾਪਾਂ ਨੂੰ ਮਾਫ਼ ਕਰ ਪ੍ਰਭੂ।

  • ---

    ਦੁਨੀਆ ਦਾ ਵਾਲੀ, ਯਿਸੂ ਚਰਨੀ ’ਚ ਆਇਆ,
    ਚਾਰੇ ਪਾਸੇ ਵੇਖੋ ਕਿਵੇਂ ਚਾਨਣ ਹੈ ਛਾਇਆ।

    1. ਅਰਸ਼ ਫਰਸ਼ ਪਏ ਖ਼ੁਸ਼ੀਆਂ ਮਨਾਂਵਦੇ,
    ਦਰਸ਼ਨ ਕਰ ਪਾਪੀ ਸ਼ਿਫ਼ਾ ਪਏ ਪਾਂਵਦੇ,
    ਦੁਖੀ ਤੇ ਲਾਚਾਰਾਂ ਦਾ ਸਹਾਰਾ ਯਿਸੂ ਆਇਆ।

    2. ਸਵਰਗੀ ਫਰਿਸ਼ਤੇ ਪਏ ਸਿਰਾਂ ਨੂੰ ਝੁਕਾਂਵਦੇ,
    ਤਿੰਨ ਮਜੂਸੀ ਪਏ ਭੇਟਾਂ ਨੇ ਚੜ੍ਹਾਂਵਦੇ,
    ਚਰਵਾਹਿਆਂ ਨੇ ਗੀਤ ਖ਼ੁਸ਼ੀਆਂ ਦਾ ਗਾਇਆ।

    3. ਚਰਨੀ ’ਚ ਬਾਲ ਯਿਸੂ ਚਮਕਾਂ ਪਿਆ ਮਾਰਦਾ,
    ਸਾਰਾ ਜੱਗ ਸ਼ੁਕਰ ਪਿਆ ਰੱਬ ਦਾ ਮਨਾਂਵਦਾ,
    ਬੈਤਲਹਮ ਸ਼ਹਿਰ ਨੂਰੋ ਨੂਰ ਸਾਰਾ ਛਾਇਆ।

  • ---

    ਦੁਨੀਆ ਨੇ ਵੇਖ ਲਈ ਖ਼ੁਦਾਈ ਯਿਸੂ ਦੀ,
    ਜੱਗ ਉੱਤੇ ਮੱਚ ਗਈ ਦੁਹਾਈ ਯਿਸੂ ਦੀ।

    1. ਇੱਕ ਵਾਰੀ ਯਿਸੂ ਲੈ ਕੇ ਪੰਜ ਰੋਟੀਆਂ,
    ਬੰਦਿਆਂ ਹਜ਼ਾਰਾਂ ਵਿੱਚ ਉਸ ਵੰਡੀਆਂ,
    ਭੁੱਖਿਆਂ ਨੇ ਵੇਖੀ ਬਾਦਸ਼ਾਹੀ ਯਿਸੂ ਦੀ,
    ਜੱਗ ਉੱਤੇ ਮੱਚ ਗਈ ਦੁਹਾਈ ਯਿਸੂ ਦੀ।

    2. ਜਿਹੜਾ ਵੀ ਸੀ ਜਾ ਕੇ ਉਹਦਾ ਪੱਲਾ ਫੜ੍ਹਦਾ,
    ਅੰਨ੍ਹੇ, ਬੋਲ਼ੇ, ਗੂੰਗੇ ਯਿਸੂ ਚੰਗੇ ਕਰਦਾ,
    ਛਾਈ ਹਰ ਇੱਕ ਪਾਸੇ ਰੁਸ਼ਨਾਈ ਯਿਸੂ ਦੀ,
    ਜੱਗ ਉੱਤੇ ਮੱਚ ਗਈ ਦੁਹਾਈ ਯਿਸੂ ਦੀ।

    3. ਪੌਣ, ਪਾਣੀ, ਮੌਤ ਉਹਦਾ ਆਖਾ ਮੰਨਦੇ,
    ਸਾਰੇ ਉਹਦੇ ਅੱਗੇ ਸਨ ਹੱਥ ਬੰਨ੍ਹਦੇ,
    ਰੱਬ ਆਪ ਸ਼ਾਨ ਸੀ ਬਣਾਈ ਯਿਸੂ ਦੀ,
    ਜੱਗ ਉੱਤੇ ਮੱਚ ਗਈ ਦੁਹਾਈ ਯਿਸੂ ਦੀ।

  • ---

    ਦਿਲ ਮੇਰੇ ’ਚੋਂ ਆਵਾਜ਼ ਹੈ ਨਿਕਲੀ,
    ਤੈਨੂੰ ਦਰਦ ਸੁਣਾਉਣ ਦੀ,
    ਦੁੱਖ ਵਿੱਚ ਹੋਵਾਂ ਕਹਿੰਦੀ ਮੈਨੂੰ,
    ਤੇਰਾ ਨਾਮ ਧਿਆਉਣ ਲਈ।

    1. ਝੂਠੇ ਹੁੰਦੇ ਰਿਸ਼ਤੇ ਜੱਗ ਦੇ
    ਝੂਠੇ ਹੁੰਦੇ ਯਾਰ ਨੇ,
    ਦੇ ਕੇ ਪਲ ਦੋ ਪਲ ਦੀ ਖ਼ੁਸ਼ੀ,
    ਬਦਲਦੇ ਵਾਂਗ ਬਹਾਰ ਨੇ,
    ਰੂਹ ਕਹਿੰਦੀ ਹੈ ਛੱਡ ਦੇ ਚਾਹਤ
    ਪਿਆਰ ਕਿਸੇ ਤੋਂ ਪਾਉਣ ਦੀ।

    2. ਤੂੰ ਹੀ ਏਂ ਮੇਰਾ ਜੀਵਨ ਸਾਥੀ,
    ਨਾਲੇ ਸੱਚਾ ਪਿਆਰ ਵੀ,
    ਦੁੱਖ ਦੇ ਵੇਲੇ ਸੁਣਦਾ ਮੇਰੀ,
    ਦੁੱਖਾਂ ਭਰੀ ਪੁਕਾਰ ਵੀ,
    ਤਾਂਘ ਹੈ ਮਨ ਵਿੱਚ ਪੈਦਾ ਹੋਈ,
    ਤੇਰੇ ਹੀ ਗੁਣ ਗਾਉਣ ਦੀ।

    3. ਦੁਨੀਆ ਦੇ ਠੁਕਰਾਏ ਲੋਕੀ,
    ਦਰ ਤੇਰੇ ’ਤੇ ਆਉਂਦੇ ਨੇ,
    ਭੁੱਲ ਜਾਂਦੇ ਉਹ ਦੁਖੜੇ ਸਾਰੇ
    ਫੁੱਲੇ ਨਾ ਸਮਾਉਂਦੇ ਨੇ,
    ਰੋਮ–ਰੋਮ ਮੇਰਾ ਮਹਿਮਾ ਗਾਵੇ
    ਤੇਰੇ ਨਾਮ ਵਡਿਆਉਣ ਲਈ।

  • ---

    ਦੁਖੀਆਂ ’ਤੇ ਕਰੋ ਕਿਰਪਾ, ਯਿਸੂ ਜੀ,
    ਕੋਈ ਦੁਖੀਆ ਨਾ ਹੋਵੇ,
    ਤੇਰਾ ਜਲਾਲ ਜ਼ਾਹਿਰ ਹੋਵੇ।

    1. ਲੰਗੜਾ ਵੀ ਰਾਜ਼ੀ ਹੋਵੇ, ਯਿਸੂ ਨੂੰ ਪੁਕਾਰਦਾ,
    ਅੱਖੀਆਂ ਨਾਲ ਵੇਖੇ ਅੰਨ੍ਹਾ ਸ਼ੁਕਰਗੁਜ਼ਾਰਦਾ,
    ਵਿਧਵਾ ਦਾ ਪੁੱਤਰ ਜ਼ਿੰਦਾ ਹੋ ਗਿਆ।

    2. ਚੁੱਕ ਕੇ ਮੰਜੀ ਅਧਰੰਗੀ, ਤੁਰਦਾ ਸੀ ਜਾਂਦਾ ਏ,
    ਲਸ਼ਕਰ ਦੇ ਸਾਏ ਵਾਲਾ ਪੈਰੀਂ ਆ ਪੈਂਦਾ ਏ,
    ਨਿਸ਼ਚਾ ਨਾਲ ਨੌਕਰ ਜ਼ਿੰਦਾ ਹੋਵੇ।

    3. ਪੈਂਦੇ ਨੇ ਜੱਕੀ ਵਰਗੇ, ਯਿਸੂ ਦਰ ਆਣ ਕੇ,
    ਮੱਤੀ ਵੀ ਤਰ ਗਿਆ ਏ ਯਿਸੂ ਦਰ ਆਣ ਕੇ,
    ਗੂੰਗਾ ਤੇ ਬੋਲ਼ਾ ਰਾਜ਼ੀ ਹੋਵੇ।

  • ---

    ਦੇ ਦਓ ਦਿਦਾਰ ਯਿਸੂ ਜੀ,
    ਤਰਸਣ ਮੇਰੀਆਂ ਅੱਖੀਆਂ।

    1. ਨੈਣਾਂ ’ਚ ਮੇਰੇ ਨੀਂਦ ਨਾ ਆਵੇ,
    ਪਿਆਰ ਤੇਰਾ ਹਰ ਪਲ ਸਤਾਵੇ।

    2. ਤੇਰੀ ਕਿਰਪਾ ਹਰ ਪਲ ਮੈਂ ਚਾਵ੍ਹਾਂ,
    ਤੇਰੇ ਫ਼ਜ਼ਲ ਨਾਲ ਤੇਰਾ ਹੋ ਜਾਵਾਂ।

    3. ਦਰ ਤੇਰੇ ’ਤੇ ਜੋ ਕੋਈ ਆਵੇ,
    ਝੋਲੀਆਂ ਭਰ-ਭਰ ਵਾਪਿਸ ਜਾਵੇ।

  • ---

    ਦਿਵਾਨੇ ਆਂ ਅਸੀਂ ਯਿਸੂ ਨਾਮ ਦੇ ਦਿਵਾਨੇ ਆਂ,
    ਉਹਦੇ ਜ਼ਿੰਦਾ ਪਾਕ ਨਾਮ ’ਚ,
    ਫ਼ਤਹਿ ਸ਼ੈਤਾਨ ਉੱਤੇ ਪਾ ਨੇ ਆਂ।

    1. ਟੁੱਟਿਆਂ ਦਿਲਾਂ ਨੂੰ ਜੋੜਨ ਵਾਲੀ,
    ਉਹਦੀ ਜਾਤ ਨਿਰਾਲੀ,
    ਬੰਜਰ ਦਿਲ ਦੀ ਧਰਤੀ ਉੱਤੇ,
    ਕਰਦਾ ਉਹ ਹਰਿਆਲੀ,
    ਆਓ ਸਾਰੇ ਰਲ-ਮਿਲ ਉਹਦੇ,
    ਦਰ ’ਤੇ ਸੀਸ ਨਿਵਾਨੇ ਆਂ।

    2. ਉਸੇ ਜਿਹਾ ਪਿਆਰ ਵਿਖਾਇਆ,
    ਆਪਣੀ ਜਾਨ ਲੁਟਾਈ,
    ਸੂਲੀ ਉੱਤੇ ਮਰ ਕੇ ਯਿਸੂ,
    ਖਲਕਤ ਆਣ ਬਚਾਈ,
    ਉਹਦੇ ਉੱਤੋਂ ਪਤਰਸ ਵਾਂਗੂੰ,
    ਆਪਣੀ ਜਾਨ ਲੁਟਾਨੇ ਆਂ।

    3. ਅੱਖ ਦੇ ਅੱਥਰੂ ਪੂੰਝੇ ਯਿਸੂ,
    ਆਪਣੇ ਗਲ਼ ਨਾਲ ਲਾਏ,
    ਉਹਦੇ ਮੰਨਣ ਵਾਲੇ ’ਤੇ ਨਾ,
    ਕਦੀ ਵੀ ਮੁਸ਼ਕਿਲ ਆਵੇ,
    ਸਾਰੇ ਆਓ ਤੌਬਾ ਕਰਕੇ,
    ਮੁਫ਼ਤ ਹਯਾਤੀ ਪਾ ਨੇ ਆਂ।

  • ---

    ਦੋ ਚਾਰ ਦਿਨ ਦੀ ਖੇਡ ਕੁੱਲ ਜ਼ਮਾਨਾ ਏ,
    ਐਂਵੇਂ ਨਾ ਮੱਲਾਂ ਮਾਰ ਦੇਸ ਬੇਗ਼ਾਨਾ ਏੇ।

    1. ਕੰਕਰ–ਕੰਕਰ ਕਰਕੇ ਮਹਿਲ ਉਸਾਰੇ ਤੂੰ,
    ਆਪਣੀ ਜ਼ਿੰਦਗੀ ਲਈ ਨਾ ਸੋਚ ਵਿਚਾਰੇਂ ਤੂੰ,
    ਧਨ ਕਮਾਉਣਾ ਤੇਰਾ ਬੱਸ ਨਿਸ਼ਾਨਾ ਏ।

    2. ਮਾਲਿਕ ਬਣ ਕੇ ਬਹਿ ਗਿਆ ਘਰ ਜਗੀਰਾਂ ਦਾ,
    ਧਨੀ ਨੂੰ ਪੁੱਛ ਕੇ ਵੇਖ ਕੀ ਹਾਲ ਅਮੀਰਾਂ ਦਾ,
    ਤੱਕ ਸਵਰਗਾਂ ਦੇ ਵਿੱਚ ਅਸਲ ਖ਼ਜ਼ਾਨਾ ਏ।

    3. ਜਿੰਦ ਪ੍ਰਾਹੁਣੀ, ਰਹਿਣੀ ਨਈਂਓਂ ਕੋਲ ਸਦਾ,
    ਸੱਚਾ ਸੌਦਾ ਤੱਕੜੀ ਦੇ ਵਿੱਚ ਤੋਲ ਸਦਾ,
    ਦੁਨੀਆ ਦੇ ਨਾਲ ਬਿਲਕੁਲ ਝੂਠ ਜ਼ਮਾਨਾ ਏ।

  • ---

    ਦੁਨੀਆ ਕੂੜ ਟਿਕਾਣਾ
    ਭੁੱਲ ਰਹੀ ਨਾ ਮੁਸਾਫ਼ਿਰਾ।

    1. ਨਾਲ ਦੇ ਸਾਥੀ ਲੱਦ ਗਏ ਤੇਰੇ,
    ਅੱਜ ਤਕ ਆਏ ਪਰਤ ਨਾ ਜਿਹੜੇ,
    ਕਰ ਲਿਆ ਮੌਤ ਨਿਸ਼ਾਨਾ।

    2. ਇਸ ਜ਼ਿੰਦਗੀ ਦਾ ਕੀ ਭਰਵਾਸਾ,
    ਅੱਜ ਖ਼ੁਸ਼ੀਆਂ ਕੱਲ ਕਬਰੀਂ ਵਾਸਾ,
    ਬਣ ਗਿਆ ਤਾਪ ਬਹਾਨਾ।

    3. ਸਿਰ ’ਤੇ ਤੇਰੇ ਸ਼ਾਮ ਸਵੇਰੇ,
    ਮੌਤ ਦਾ ਬੋਲੇ ਕਾਗ ਬਨੇਰੇ,
    ਦੁਨੀਆ ਮੁਸਾਫ਼ਿਰਖਾਨਾ।

    4. ਕਬਰ ਉਡੀਕੇ ਮੌਤ ਬੁਲਾਂਦੀ,
    ਉਮਰ ਤੇਰੀ ਪਈ ਮੁੱਕਦੀ ਜਾਂਦੀ,
    ਛੱਡ ਦੇ ਕੂੜ ਯਰਾਨਾ।

    5. ਕਬਰਾਂ ਦੇ ਵੱਲ ਮਾਰ ਨਿਗਾਹੀਂ,
    ਖ਼ਾਕ ਬਿਨਾਂ ਕੁਝ ਦਿਸਦਾ ਨਹੀਂ,
    ਕਰ ਗਈ ਮੌਤ ਵਿਰਾਨਾ।

  • ---

    ਦੀਵੇ ਦੀ ਲੋ ਵਾਂਗੂੰ ਜ਼ਿੰਦਗੀ ਦਾ ਖੇਲ ਏ,
    ਬੁਝ ਜਾਣਾ ਦੀਵਾ ਜਦੋਂ ਮੁਕ ਜਾਣਾਂ ਤੇਲ ਏ।

    1. ਕਿਹੜੀ ਏ ਜ਼ਮੀਨ ਤੇਰੀ, ਕਿਹੜੇ ਤੇਰੇ ਬਾਗ਼ ਨੇ,
    ਕਰਦਾ ਤੂੰ ਬੰਦੇ ਐਂਵੇਂ ਦੁਨੀਆ ਦਾ ਮਾਣ ਏਂ,
    ਹਵਾ ਦੇ ਵਿਰੋਲੇ ਵਾਂਗੂੰ ਕੱਢੂ ਤੇਰੀ ਜਾਨ ਏ।

    2. ਇੱਕ ਦਿਨ ਬੰਦੇ ਤੈਨੂੰ ਮੌਤ ਵੀ ਆਉਣੀ ਏਂ,
    ਚਾਰ ਭਾਈਆਂ ਬੰਦੇ ਤੇਰੀ ਅਰਥੀ ਉਠਾਣੀ ਏਂ,
    ਕਰੇਂਗਾ ਤੂੰ ਯਾਦ ਉਦੋਂ, ਹੋਣਾ ਨਈਂਓਂ ਮੇਲ ਏ।

    3. ਮਾਰੇਂਗਾ ਉਡਾਰੀਆਂ ਤੇ ਉੱਡਿਆ ਨਹੀਂ ਜਾਣਾ ਏ,
    ਡਿੱਗ ਪਏੰਗਾਂ ਮੂਧੇ-ਮੂੰਹ ਉੱਠਿਆ ਨਈਂ ਜਾਣਾ ਏ,
    ਸੁੱਤਾ ਰਹੇਂ ਸਟੇਸ਼ਨਾਂ ’ਤੇ, ਲੰਘ ਜਾਣੀ ਰੇਲ ਏ।

    4. ਕਰੇਂਗਾ ਤੂੰ ਯਾਦ ਦਿਨ ਦੁਨੀਆ ’ਤੇ ਵੇਖੇ ਵੇ
    ਯਿਸੂ ਕੋਲ ਜਾ ਕੇ ਤੇਰੇ ਹੋਣਗੇ ਨੇ ਲੇਖੇ ਵੇ
    ਹੋਣਾ ਏ ਹਿਸਾਬ ਕਿਤੇ ਹੋ ਨਾ ਜਾਵੀਂ ਫੇਲ੍ਹ ਵੇ।