26 Tracks
  • ---

    7. ਬਣਾਏ ਰੱਬ ਨੇ ਹਨ ਅਸਮਾਨ ਸਾਰੇ,
    ਤੇ ਸੂਰਜ ਚੰਨ ਤੇ ਸਭ ਅਣਗਿਣਤ ਤਾਰੇ।

    8. ਸਮੁੰਦਰ ਦਾ ਇਕੱਠਾ ਕਰਕੇ ਪਾਣੀ,
    ਉਹ ਰੱਖਦਾ ਡੂੰਘਿਆਂ ਥਾਂ ਵਿੱਚ ਅਮਾਨੀ।

    9. ਜ਼ਮੀਨ ਸਾਰੀ ਤੇ ਜੋ ਕੁਝ ਵਿੱਚ ਹੈ ਉਸਦੇ,
    ਖ਼ੁਦਾਵੰਦ ਆਪਣੇ ਰੱਬ ਦਾ ਖੌਫ਼ ਰੱਖੇ।

    10. ਹੋਇਆ ਸਭ ਜੋ ਖ਼ੁਦਾ ਨੇ ਆਖਿਆ ਸੀ,
    ਜੋ ਉਸਨੇ ਆਖਿਆ ਸੋ ਹੋ ਗਿਆ ਸੀ।

  • ---

    26. ਬਦੀ ਤੋਂ ਨੱਸ ਤੇ ਨੇਕੀ ਕਰ
    ਰਹਿ ਸਦਾ ਬਰਕਰਾਰ,
    ਅਦਾਲਤ ਕਰਨੇ ਵਾਲੇ ਨੂੰ
    ਰੱਬ ਕਰਦਾ ਹੈ ਪਿਆਰ।

    27. ਨਾ ਛੱਡਦਾ ਹੈ ਪਰ ਕਰਦਾ ਹੈ
    ਆਪ ਰਾਖੀ ਮੋਮਨ ਦੀ,
    ਪਰ ਜੋ ਬਦਕਾਰਾਂ ਦੀ ਔਲਾਦ
    ਕੱਟ ਸੁੱਟੀ ਜਾਵੇਗੀ।

    28. ਜ਼ਮੀਨ ਦੇ ਵਾਰਸ ਹੋਵਣਗੇ
    ਜੋ ਸੱਚੇ ਤੇ ਦੀਨਦਾਰ,
    ਹਮੇਸ਼ਾ ਤੀਕਰ ਰੱਖਣਗੇ
    ਰਿਹਾਇਸ਼ ਬਰਕਰਾਰ।

  • ---

    6. ਬਚਣੇ ਦੀ ਉਮੀਦ ਉਹ ਕਰਦੇ,
    ਬਦੀ ਦੇ ਮਨਸੂਬੇ ਨਾਲ,
    ਤੂੰ ਡਿਗਾਵੇਂ ਉੱਮਤਾਂ ਨੂੰ,
    ਐ ਖ਼ੁਦਾਵੰਦ, ਗੁੱਸੇ ਨਾਲ।

    7. ਤੂੰ ਤੇ ਗਿਣਾ ਮੇਰੀ ਭੁੱਲ ਨੂੰ
    ਮੇਰੇ ਅੱਥਰੂ, ਐ ਖ਼ੁਦਾ,
    ਸ਼ੀਸ਼ੇ ਅੰਦਰ ਰੱਖ, ਹੈ ਲਿਖਿਆ
    ਦਫ਼ਤਰ ਵਿੱਚ ਜ਼ਿਕਰ ਉਹਨਾਂ ਦਾ।

    8. ਸਭ ਮੁੜ ਜਾਵਣ ਮੇਰੇ ਵੈਰੀ
    ਜਦ ਫਰਿਆਦ ਮੈਂ ਕਰਾਂਗਾ,
    ਮੈਨੂੰ ਇਹ ਯਕੀਨ ਹੈ ਪੱਕਾ,
    ਮੇਰੇ ਵੱਲ ਹੈ ਪਾਕ ਖ਼ੁਦਾ।

    9. ਰੱਬ ਉੱਤੇ ਤੇ ਉਹਦੇ ਕੌਲ ’ਤੇ,
    ਮੈਂ ਹਾਂ ਸਦਾ ਕਰਦਾ ਮਾਣ,
    ਰੱਬ ਉੱਤੇ ਤੇ ਉਹਦੇ ਕੌਲ ’ਤੇ,
    ਮੈਂ ਹਾਂ ਸਦਾ ਕਰਦਾ ਮਾਣ।

    10. ਮੇਰਾ ਆਸਰਾ ਹੈ ਰੱਬ ਉੱਤੇ,
    ਫਿਰ ਮੈਂ ਕਾਹਨੂੰ ਡਰਾਂਗਾ,
    ਇਹ ਮਨੁੱਖ ਜੋ ਖ਼ਾਕ ਤੋਂ ਬਣਿਆ,
    ਮੇਰਾ ਕੀ ਕਰ ਸਕੇਗਾ?

    11. ਮੈਂ ਗੁਜ਼ਾਰਾਂ ਤੇਰੇ ਅੱਗੇ,
    ਨਜ਼ਰਾਂ ਤੇ ਸ਼ੁਕਰਾਨੇ ਸਭ,
    ਕਿਉਂ ਜੋ ਮੇਰੀ ਜਾਨ ਛੁਡਾਈ,
    ਮੌਤ ਤੋਂ ਤੂੰ ਏ ਮੇਰੇ ਰੱਬ।

    12. ਮੇਰੇ ਪੈਰ ਨਾ ਤਿਲਕਣ ਦਿੱਤੇ,
    ਤਾਂ ਮੈਂ ਚੱਲਾਂ, ਐ ਖ਼ੁਦਾ,
    ਤੇਰੀ ਅੱਖੀਆਂ ਦੇ ਅੱਗੇ,
    ਨੂਰ ਵਿੱਚ ਜ਼ਿੰਦਿਆਂ ਦੇ ਸਦਾ।

  • ---

    22. ਬੁਲੰਦੀ ਉੱਤੇ ਚੜ੍ਹਕੇ, ਕੈਦ ਕੀਤੇ ਦੁਸ਼ਮਣ ਸਭ
    ਤੇ ਲੋਕਾਂ ਸਰਕਸ਼ਾਂ ਤੋਂ, ਨਜ਼ਰਾਨੇ ਲਏ ਰੱਬ।

    23. ਤਾਂ ਉਹਨਾਂ ਦੇ ਵਿੱਚ ਵੱਸੀਂ, ਤੂੰ ਪਾਕ ਖ਼ੁਦਾਵੰਦਾ,
    ਹਰ ਰੋਜ਼ ਤੂੰ ਹੈਂ ਮੁਬਾਰਿਕ, ਖ਼ੁਦਾਵੰਦ, ਐ ਖ਼ੁਦਾ।

    24. ਤੂੰ ਸਾਡਾ ਭਾਰ ਉਠਾਉਂਦਾ, ਤਕਲੀਫ਼ਾਂ ਕਰਦਾ ਦੂਰ,
    ਖ਼ੁਦਾਵੰਦ ਪਾਕ ਖ਼ੁਦਾ ਹੈ, ਸਾਡੀ ਨਜਾਤ ਦਾ ਨੂਰ।

    25. ਖ਼ੁਦਾਵੰਦ ਪਾਕ ਅਸਾਡਾ, ਬਚਾਣੇਵਾਲਾ ਹੈ,
    ਉਹ ਮੌਤ ਦੇ ਹੱਥੋਂ ਸਾਨੂੰ, ਛੁਡਾਵਣ ਵਾਲਾ ਹੈ।

    26. ਰੱਬ ਦੁਸ਼ਮਣਾਂ ਦੇ ਸਿਰ ਨੂੰ, ਕਰੇਗਾ ਚਕਨਾ-ਚੂਰ,
    ਤੇ ਖੋਪੜੀ ਵਾਲਾਂ ਵਾਲੀ, ਜੋ ਕਰਦੀ ਹੈ ਕਸੂਰ।

    27. ਰੱਬ ਕਿਹਾ ਬਾਸ਼ਾਨ ਤੋਂ ਮੈਂ, ਮੋੜ ਲਿਆਵਾਂ ਉਹਨਾਂ ਨੂੰ,
    ਡੂੰਘਿਆਈਆਂ ਚੋਂ ਦਰਿਆ ਦੀ, ਬਚਾਵਾਂ ਉਹਨਾਂ ਨੂੰ।

    28. ਤਾਂ ਦੁਸ਼ਮਣਾਂ ਦੇ ਖੂਨ ਵਿੱਚ, ਪੈਰ ਤੇਰੇ ਵੀ ਡੁੱਬ ਜਾਣ,
    ਤੇ ਤੇਰੇ ਕੁੱਤਿਆਂ ਦੀ, ਹੋ ਜਾਵੇ ਲਾਲ ਜ਼ੁਬਾਨ।

  • ---

    1. ਬੁਨਿਆਦ ਤਾਂ ਉਹਦੀ ਕਾਇਮ, ਹੈ ਪਾਕ ਪਹਾੜਾਂ ਪਰ,
    ਯਾਕੂਬ ਦੇ ਡੇਰਿਆਂ ਤੋਂ, ਸਿਓਨ, ਦੇ ਸਾਰੇ ਦਰ।

    2. ਖ਼ੁਦਾ ਨੂੰ ਹਨ ਪਿਆਰੇ, ਐ ਸ਼ਹਿਰ ਖ਼ੁਦਾਵੰਦ ਦੇ,
    ਕਿ ਤੇਰੇ ਹੁੰਦੇ ਰਹਿੰਦੇ, ਜਲਾਲੀ ਤਜ਼ਕਰੇ।

    3. ਮੈਂ ਬਾਬੁਲ ਤੇ ਰਹਾਬ ਦਾ, ਹੀ ਕਰਾਂਗਾ ਬਿਆਨ,
    ਕਿ ‘‘ਇਹ ਉਹ ਹਨ ਜੋ ਰੱਖਦੇ, ਕੁਝ ਮੇਰੀ ਜਾਣ–ਪਛਾਣ’’।

    4. ਫਲਿਸਤ ਤੇ ਕੁਸ਼ ਨੂੰ ਵੇਖ ਤੂੰ, ਕਰ ਕੁਝ ਤਾਇਰ ਦੇ ਵੱਲ ਧਿਆਨ,
    ਇਹ ਉੱਥੇ ਪੈਦਾ ਹੋਏ, ਇਹ ਹੋਵੇਗਾ ਬਿਆਨ।

    5. ਤੇ ਪਾਕ ਸਿਓਨ ਦੀ ਬਾਬਤ, ਇਹ ਕਿਹਾ ਜਾਵੇਗਾ,
    ਕਿ ਇਹ ਤੇ ਉਹ ਵੀ, ਉੱਥੇ, ਹਾਂ ਪੈਦਾ ਹੋਇਆ ਸਾ।

    6. ਖ਼ੁਦਾਵੰਦ ਆਪੇ ਓਸ ਨੂੰ ਮਜ਼ਬੂਤੀ ਬਖ਼ਸ਼ੇਗਾ,
    ਜਦ ਦਫ਼ਤਰ ਦੇ ਵਿੱਚ ਲਿਖੇ, ਨਾਂ ਸਭਨਾਂ ਕੌਮਾਂ ਦਾ।

    7. ਰੱਬ ਉਹਨਾਂ ਨੂੰ ਆਪ ਗਿਣਕੇ, ਤਦ ਇਹ ਫਰਮਾਏਗਾ,
    ਕਿ ਇਹ ਤੇ ਪਾਕ ਸਿਓਨ ਵਿੱਚ, ਹਾਂ ਪੈਦਾ ਹੋਇਆ ਸਾ।

    8. ਹਨ ਗਾਣੇ ਵਾਲੇ ਉੱਥੇ, ਵਜਾਣੇ ਵਾਲੇ ਵੀ,
    ਕਿ ਤੁਧ ਵਿੱਚ ਮੇਰੇ ਚਸ਼ਮੇ ਮੌਜੂਦ, ਹਨ ਸਾਰੇ ਹੀ।

  • ---

    1. ਬਾਦਸ਼ਾਹੀ ਕਰਦਾ ਹੈ ਖ਼ੁਦਾ,
    ਲਿਬਾਸ ਹੈ ਉਹਦਾ ਸ਼ੌਕਤ ਦਾ,
    ਖ਼ੁਦਾਵੰਦ ਨੇ, ਹਾਂ, ਪਹਿਨਿਆ ਹੈ,
    ਲੱਕ ਆਪਣਾ ਜ਼ੋਰ ਨਾਲ ਕੱਸਿਆ ਹੈ।

    2. ਇਸ ਲਈ ਕਾਇਮ ਹੈ ਜਹਾਨ,
    ਨਾ ਹੁੰਦਾ ਜੁੰਮਬਿਸ਼ ਨਾਲ ਨੁਕਸਾਨ,
    ਤਖ਼ਤ ਤੇਰਾ ਮੁੱਢੋਂ ਕਾਇਮ ਹੈ,
    ਤੂੰ ਮੁੱਢੋਂ ਹੈਂ ਤੇ ਦਾਇਮ ਹੈਂ।

    3. ਹੁਣ ਨਹਿਰਾਂ ਨੇ ਖ਼ੁਦਾਵੰਦਾ,
    ਉਠਾਈ ਆਪਣੀ ਹੈ ਸਦਾ,
    ਜ਼ੋਰ ਸ਼ੋਰ ਨਾਲ ਆਪਣੀ ਲਹਿਰਾਂ ਦੇ,
    ਆਵਾਜ਼ ਉਠਾਈ ਨਹਿਰਾਂ ਨੇ।

    4. ਜੋ ਵੱਡੇ ਪਾਣੀ ਦੀ ਸਦਾ,
    ਜ਼ੋਰ ਸ਼ੋਰ ਵੀ ਸਭ ਸਮੁੰਦਰ ਦਾ,
    ਰੱਬ ਉਹਨਾਂ ਤੋਂ ਵੀ ਡਾਢਾ ਹੈ,
    ਉੱਚਿਆਈ ਉੱਤੇ ਬੈਠਾ ਹੈ।

    5. ਤੇਰੀ ਗਵਾਹੀਆਂ ਤਮਾਮ,
    ਸੱਚਮੁੱਚ ਯਕੀਨੀ ਹਨ ਮੁਦਾਮ,
    ਘਰ ਤੇਰੇ ਵਿੱਚ ਪਾਕੀਜ਼ਗੀ, ਹੈ,
    ਯਾ ਰੱਬ ਡਾਢੀ ਸੱਜਦੀ ਵੀ।

  • ---

    1. ਬਾਦਸ਼ਾਹੀ ਕਰਦਾ ਹੈ ਖ਼ੁਦਾ, ਜ਼ਮੀਨ ਸਭ ਹੋ ਨਿਹਾਲ,
    ਤੇ ਟਾਪੂ ਵੱਡੇ ਛੋਟੇ ਸਭ ਖ਼ੁਸ਼ ਹੋਵਣ ਖ਼ੁਸ਼ੀਆਂ ਨਾਲ।

    2. ਹਨ ਉਹਦੇ ਆਸ-ਪਾਸ ਬੱਦਲੀਆਂ ਤੇ ਕਾਲੀ ਘਟਾ ਵੀ,
    ਸੱਚਿਆਈ ਤੇ ਅਦਾਲਤ ਹੈ ਨੀਂਹ ਉਹਦੇ ਤਖ਼ਤ ਦੀ ਵੀ।

    3. ਤੇ ਉਹਦੇ ਅੱਗੇ-ਅੱਗੇ ਵੀ ਇੱਕ ਅੱਗ ਤੇ ਜਾਂਦੀ ਹੈ,
    ਹਰ ਵੇਲੇ ਦੁਸ਼ਮਣਾਂ ਨੂੰ ਉਹ ਜਲਾਂਦੀ ਜਾਂਦੀ ਹੈ।

    4. ਤੇ ਉਹਦੀਆਂ ਬਿਜਲੀਆਂ ਦੇ ਨਾਲ ਹੈ ਰੌਸ਼ਨ ਕੁੱਲ ਜਹਾਨ,
    ਜਦ ਧਰਤੀ ਨੇ ਇਹ ਡਿੱਠਾ ਹਾਲ ਤਦ ਥਰ-ਥਰ ਕੰਬੀ ਆਣ।

    5. ਹਾਂ, ਰੱਬ ਦੇ ਸਾਹਮਣੇ ਜੋ ਕਿ ਹੈ, ਇਸ ਦੁਨੀਆ ਦਾ ਕਰਤਾਰ,
    ਮੋਮ ਵਾਂਗਰ ਪੱਘਰ ਗਏ ਸਭ ਇਸ ਧਰਤੀ ਦੇ ਪਹਾੜ ।

    6. ਅਸਮਾਨ ਮੁਨਾਦੀ ਕਰਦੇ ਹਨ ਉਹਦੀ ਸੱਚਿਆਈ ਦੀ,
    ਤੇ ਉਹਦਾ ਵੇਖਦੀਆਂ ਜਲਾਲ ਇਹ ਸਾਰੀਆਂ ਕੌਮਾਂ ਵੀ ।

  • ---

    18. ਬਖ਼ਸ਼ਦਾ ਚਾਰਾ ਤੂੰ ਏਂ ਜਾਨਵਰਾਂ ਨੂੰ, ਰੱਬਾ,
    ਘਾਹ ਜ਼ਮੀਨ ਵਿੱਚੋਂ ਤੂੰ ਏਂ ਉਹਨਾਂ ਲਈ ਪੈਦਾ ਕਰਦਾ।

    19. ਦਾਖਰਸ ਪੀ ਕੇ ਖ਼ੁਸ਼ੀ ਹੁੰਦੀ ਹੈ, ਦਿਲ ਦੇ ਅੰਦਰ,
    ਤੇਲ ਜਦ ਮਲੀਏ ਤੇ ਉਹ ਚਿਹਰੇ ਨੂੰ ਹੈ ਚਮਕਾਉਂਦਾ।

    20. ਤਰ–ਬ–ਦਰ ਰਹਿੰਦੇ ਖ਼ੁਦਾਵੰਦ ਦੇ ਰੁੱਖ ਹਨ ਸਾਰੇ,
    ਸਾਰਾ ਦਿਓਦਾਰ ਜੋ ਲਿਬਨਾਨ ਦੇ ਹੈ ਜੰਗਲ ਦਾ।

    21. ਆਲ੍ਹਣੇ ਉੱਥੇ ਬਣਾਉਂਦੇ ਹਨ, ਪਖੇਰੂ ਤੇ ਪੰਛੀ,
    ਬਗਲਾ ਵੀ ਆਲ੍ਹਣਾ ਹੈ ਸਰ੍ਹੋਂਆਂ ਦੇ ਉੱਤੇ ਪਾਉਂਦਾ।

    22. ਬੱਕਰੀਆਂ ਰਹਿੰਦੀਆਂ ਹਨ ਉੱਚੇ ਪਹਾੜਾਂ ਉੱਤੇ,
    ਤੇ ਚਟਾਨ ਵਾਸਤੇ ਖਰਗੋਸ਼ਾਂ ਦੇ ਹੈ ਭਾਰੀ ਪਨਾਹ।

  • ---

    170. ਬੇਸਬੱਬ ਸਰਦਾਰ ਮੇਰਾ ਪਿੱਛਾ ਕਰਦੇ ਹਨ ਸਦਾ,
    ਪਰ ਮੈਂ ਦਿਲ ਵਿੱਚ ਖੌਫ਼ ਰੱਖਦਾ ਹਾਂ ਸ਼ਰੀਅਤ ਤੇਰੀ ਦਾ।

    171. ਮੇਰਾ ਦਿਲ ਤੇਰੀ ਸ਼ਰੀਅਤ ਤੋਂ ਅਜਿਹਾ ਹੈ ਨਿਹਾਲ,
    ਜਿਸ ਤਰ੍ਹਾਂ ਕਾਬੂ ਕਿਸੇ ਦੇ ਜਾਏ ਚੜ੍ਹ ਕੁਝ ਲੁੱਟਦਾ ਮਾਲ।

    172. ਮੈਂ ਤੇ ਅਤਿ ਬੇਜ਼ਾਰ ਹਾਂ, ਤੇ ਝੂਠ ਤੋਂ ਘਿਣ ਕਰਦਾ ਹਾਂ,
    ਪਰ ਸ਼ਰੀਅਤ ਨਾਲ ਤੇਰੀ ਮੈਂ ਮਹੁੱਬਤ ਰੱਖਦਾ ਹਾਂ।

    173. ਯਾਦ ਕਰਕੇ ਮੈਂ, ਖ਼ੁਦਾਇਆ ਤੇਰੇ ਸੱਚੇ ਫੈਸਲੇ,
    ਗੀਤ ਸੱਤ ਵਾਰੀ ਮੈਂ ਦਿਨ ਵਿਚ ਗਾਂਦਾ ਹਾਂ ਤਾਰੀਫ਼ ਦੇ।

    174. ਜੋ ਸ਼ਰੀਅਤ ਤੇਰੀ ਨੂੰ ਦਿਲ ਨਾਲ, ਯਾ ਰੱਬਾ ਚਾਹੁੰਦੇ ਹਨ,
    ਚੈਨ ਵਿਚ ਰਹਿੰਦੇ ਤੇ ਠੋਕਰ ਵੀ ਕਦੀ ਨਾ ਖਾਂਦੇ ਹਨ।

    175. ਮੈਂ ਰਿਹਾਈ ਦਾ ਖ਼ੁਦਾਇਆ, ਤੇਥੋਂ ਹਾਂ ਉਮੀਦਵਾਰ,
    ਤੇਰੇ ਹੁਕਮਾਂ ਉੱਤੇ ਚੱਲਿਆ ਉਹਨਾਂ ਨੂੰ ਕੀਤਾ ਪਿਆਰ।

    176. ਯਾਦ ਰੱਖੀਆਂ ਮੇਰੀ ਰੂਹ ਨੇ ਸਭ ਗਵਾਹੀਆਂ ਤੇਰੀਆਂ,
    ਉਹ ਤੇ ਮੇਰੇ ਦਿਲ ਨੂੰ, ਯਾ ਰੱਬ, ਪਿਆਰੀਆਂ ਅਤਿ ਲੱਗਦੀਆਂ।

    177. ਸਭ ਗਵਾਹੀਆਂ ਤੇਰੀਆਂ ਤੇ ਫਰਜ਼ ਤੇਰੇ ਐ ਖ਼ੁਦਾ,
    ਯਾਦ ਕੀਤੇ ਮੈਂ, ਹਨ ਤੇਰੇ ਸਾਹਮਣੇ ਸਭ ਮੇਰਾ ਰਾਹ।

  • ---

    1. ਬਾਬੂਲ ਦੀਆਂ ਨਹਿਰਾਂ ’ਤੇ,
    ਜਦੋਂ ਬੈਠੇ ਅਸੀਂ ਜਾ,
    ਸਿਓਨ ਨੂੰ ਕਰ ਯਾਦ ਤਦੋਂ,
    ਰੋਏ ਮਾਰ ਢਾਹੀਂ–ਢਾਹ।

    2. ਟੰਗ ਦਿੱਤੀਆਂ ਅਸਾਂ
    ਬਰਬਤਾਂ-ਬੈਂਤਾਂ ਦੇ ਰੁੱਖਾਂ ਨਾਲ,
    ਸਾਡੇ ਕੈਦ ਕਰਨ ਵਾਲੇ ਕਹਿੰਦੇ,
    ਦਿਓ ਕੁਝ ਸੁਣਾ।

    3. ਆਪਣੇ ਖ਼ੁਦਾ ਦੇ ਗੀਤ
    ਅਸੀਂ ਗਾਉਂਦੇ ਕਿਸ ਤਰ੍ਹਾਂ?
    ਉਹ ਸੀ ਬੇਗ਼ਾਨਾ ਦੇਸ਼,
    ਨਾਲੇ ਗ਼ੈਰ ਉਹ ਜਗ੍ਹਾ।

    4. ਯਰੂਸ਼ਲਮ, ਯਰੂਸ਼ਲਮ,
    ਭੁੱਲ ਜਾਵਾਂ ਜੇ ਕਦੀ,
    ਉਸਤਾਦੀ ਆਪਣੀ ਦੇਵੇ
    ਮੇਰਾ ਸੱਜਾ ਹੱਥ ਭੁਲਾ।

    5. ਆਪਣੀ ਖ਼ੁਸ਼ੀ ਤੋਂ ਵੱਧਕੇ,
    ਜੇ ਮੈਂ ਯਾਦ ਨਾ ਰੱਖਾਂ,
    ਤਦ ਜੀਭ ਮੇਰੀ ਤਾਲੂ ਨਾਲ ਲੱਗੇ ਜਾ।

    6. ਦਿਨ ਯਾਦ ਕਰ, ਖ਼ੁਦਾਇਆ,
    ਅਦੂਮੀ ਇਹ ਕਹਿੰਦੇ ਸਨ,
    ਯਰੂਸ਼ਲਮ ਨੂੰ ਮੁੱਢੋਂ ਮੂਲੋਂ,
    ਦਿਓ ਮਿਲ ਕੇ ਢਾਹ ਢਾਹ।

    7. ਬਾਬੂਲ ਦੀ ਧੀ, ਲੁਟੇਰੀਏ,
    ਸਾਨੂੰ ਉਜਾੜਿਆ,
    ਉਹ ਧੰਨ ਜੋ ਤੇਥੋਂ ਬਦਲਾ
    ਲਵੇ ਤੇਰੇ ਜ਼ੁਲਮਾਂ ਦਾ।

    8. ਧੰਨ ਉਹ ਜਿਹੜਾ
    ਬੱਚਿਆਂ ਨੂੰ ਤੇਰੇ ਪਕੜ ਕੇ,
    ਪੱਥਰਾਂ ਦੇ ਉੱਤੇ ਮਾਰ ਕੇ ਸਭੋ ਕਰੇ ਫ਼ਨਾਹ।

  • ---

    ਬੱਦਲਾਂ ਉੱਤੇ ਛੇਤੀ ਆਈਂ ਨਾਸਰੀਆ,
    ਛੇਤੀ–ਛੇਤੀ ਫੇਰਾ ਪਾਈਂ ਨਾਸਰੀਆ।

    1. ਰੂਹ ਤੇ ਦੁਲਹਨ ਦੋਨੋਂ ਪਈਆਂ ਉਡੀਕਦੀਆਂ,
    ਅੱਖੀਆਂ ਚੁੱਕ-ਚੁੱਕ ਤੇਰਾ ਰਸਤਾ ਦੇਖਦੀਆਂ।

    2. ਖ਼ੁਸ਼ੀਆਂ ਦੇ ਨਾਲ ਉਹਦੇ ਗੀਤ ਸੁਣਾਵਾਂਗੇ,
    ਉਹਦੀ ਦੀਦ ਵਾਲੇ ਮੇਵੇ ਖਾਵਾਂਗੇ।

    3. ਸਾਡੀ ਸੰਗਤ ਵਿੱਚ ਮਸੀਹ ਦੇ ਰਹੇਗੀ,
    ਸੰਗਤਾਂ ਉੱਤੇ ਉਹਦੀ ਰਹਿਮਤ ਹੋਵੇਗੀ।

  • ---

    ਬਾਪ ਅੱਗੇ ਯਿਸੂ ਨੇ ਕਫ਼ਾਰਾ ਜਾਨ ਦਾ,
    ਭਰਿਆ, ਭਰਿਆ, ਹਾਂ ਭਰਿਆ।

    1. ਸਾਡਿਆਂ ਗੁਨਾਹਾਂ ਨੇ ਸਲੀਬ ਚਾੜ੍ਹਿਆ,
    ਮਸੀਹ ਨੂੰ ਮਾਰਿਆ,
    ਗਿਆ ਗਤਸਮਨੀ ਜਹਾਨ ਜਾਣਦਾ,
    ਫੜ੍ਹਿਆ, ਫੜ੍ਹਿਆ, ਹਾਂ ਫੜ੍ਹਿਆ।

    2. ਤੌਬਾ ਕੀਤੀ ਡਾਕੂ ਜ਼ਿੰਦਗੀ
    ਬਚਾ ਲਈ, ਨਜਾਤ ਪਾ ਲਈ,
    ਜਦੋਂ ਲਿਆ ਨਾਮ ਯਿਸੂ ਮਿਹਰਬਾਨ ਦਾ,
    ਤਰਿਆ, ਤਰਿਆ, ਹਾਂ ਤਰਿਆ।

    3. ਜਾਨ ਦਿੱਤੀ ਉਸਨੇ ਜਹਾਨ ਵਾਸਤੇ,
    ਬਚਾਣ ਵਾਸਤੇ,
    ਦੰਡ ਬਾਬੇ ਆਦਮ ਦੇ ਫਲ਼ ਖਾਣ ਦਾ,
    ਭਰਿਆ, ਭਰਿਆ, ਹਾਂ ਭਰਿਆ।

    4. ਜ਼ਾਲਮਾਂ ਨੇ ਝੂਠੀਆਂ
    ਗਵਾਹੀਆਂ ਲੱਭੀਆਂ, ਹਾਂ ਖੂਬ ਫੱਬੀਆਂ,
    ਕੰਡਿਆਂ ਦਾ ਤਾਜ ਸਿਰ ਡਾਢੀ ਸ਼ਾਨ ਦਾ,
    ਧਰਿਆ, ਧਰਿਆ, ਹਾਂ ਧਰਿਆ।

  • ---

    ਬੇੜੇ ਪਾਰ ਲਗਾ ਦੇ ਯਿਸੂ,
    ਸਾਡੇ ਔਗੁਣਹਾਰਾਂ ਦੇ,
    ਘਰੋਂ ਗਰੀਬ ਤਾਲੀਮੋਂ ਖਾਲੀ,
    ਦਿਲ ਵਿੱਚ ਸ਼ੌਕ ਦਿਦਾਰਾਂ ਦੇ।

    1. ਅਸਾਂ ਸੁਣਿਆ ਤੇਰੇ ਚੇਲੇ,
    ਰਹਿੰਦੇ ਵਿੱਚ ਸਦਾ ਉਹ ਮੇਲੇ,
    ਪੱਲੇ ਹੋਣ ਨਾ ਪੈਸੇ ਧੇਲੇ,
    ਰਹਿੰਦੇ ਵਿੱਚ ਬਹਾਰਾਂ ਦੇ।

    2. ਅਸਾਂ ਸੁਣਿਆ ਸ਼ੈਤਾਨ ਨਾਲ ਲੜਿਆ,
    ਐਸਾ ਲੜਿਆ ਸ਼ੈਤਾਨ ਨੂੰ ਫੜ੍ਹਿਆ,
    ਉਹਨੂੰ ਐਸਾ ਕਾਬੂ ਕਰਿਆ,
    ਮਾਰਿਆ ਵਿੱਚ ਪਹਾੜਾਂ ਦੇ।

    3. ਤੈਨੂੰ ਚੁੱਕ ਚੜ੍ਹਾਇਆ ਸੂਲੀ,
    ਤਾਹਨੇ ਦੇਣ ਗਰੀਬ ਮਾਮੂਲੀ,
    ਤੇ ਖੁਦ ਲਾਹਨਤੀ ਮੌਤ ਕਬੂਲੀ,
    ਖ਼ਾਤਿਰ ਕੁੱਲ ਬਦਕਾਰਾਂ ਦੇ।

  • ---

    ਬਾਈਬਲ ਨੂੰ ਪੜ੍ਹਿਆ,
    ਨਾ ਦੁੱਖ ਗਿਆ ਜਰਿਆ,
    ਯਿਸੂ ਸ਼ਾਫ਼ੀ ਨਹੀਂ ਮੌਤ ਕੋਲੋਂ ਡਰਿਆ।

    1. ਗਤਸਮਨੀ ’ਚ ਯਿਸੂ ਨੇ
    ਖ਼ੁਦਾ ਅੱਗੇ ਦੁਆ ਕੀਤੀ,
    ਮੌਤ ਦਾ ਪੀ ਲਿਆ ਪਿਆਲਾ,
    ਪੂਰੀ ਰੱਬ ਦੀ ਰਜ਼ਾ ਕੀਤੀ,
    ਝੁਕਿਆ ਅਸਮਾਨ ਦਿਲ
    ਦੁੱਖਾਂ ਨਾਲ ਭਰਿਆ।

    2. ਵੈਰਿਆਂ ਨੇ ਜ਼ੁਲਮ ਕੀਤਾ,
    ਪੇਸ਼ ਕੀਤਾ ਮਸੀਹ ਫੜ੍ਹਕੇ,
    ‘‘ਸੂਲੀ ’ਤੇ ਚਾੜ੍ਹ ਦਿਓ ਇਸਨੂੰ’’,
    ਵੈਰੀਆਂ ਨੇ ਕਿਹਾ ਰਲ਼ ਕੇ,
    ਸਿਰ ’ਤੇ ਵੈਰੀਆਂ
    ਤਾਜ ਕੰਡਿਆਂ ਦਾ ਧਰਿਆ।

    3. ਜਲਾਦਾਂ ਲਾਹ ਲਏ ਕਪੜੇ,
    ਜਿਗਰ ਮਰੀਅਮ ਦੇ ਨੂੰ ਲੁੱਟਿਆ,
    ਯਿਸੂ ਨੂੰ ਚਾੜ੍ਹਿਆ ਸੂਲੀ,
    ਧਰਤੀ–ਆਕਾਸ਼ ਕੰਬ ਉੱਠਿਆ,
    ਜੱਗ ਦੇ ਵਾਲੀ ਨੂੰ ਨਾਲ
    ਕਿੱਲਾਂ ਦੇ ਸੀ ਜੜਿਆ।

    4. ਮੇਰੀ ਤਾਂ ਇਹ ਤਮੰਨਾ ਹੈ,
    ਚੁੰਮਾਂ ਕਦਮਾਂ ਨੂੰ ਮੈਂ ਫੜ੍ਹਕੇ,
    ਨਜ਼ਰ ਆਇਆ ਨਾ ਜੱਗ ਅੰਦਰ,
    ਜ਼ਿੰਦਾ ਹੋਇਆ ਕੋਈ ਮਰਕੇ,
    ਡਿੱਠਾ ਮੈਂ ਯਿਸੂ ਜ਼ਿੰਦਾ
    ਅਰਸ਼ਾਂ ਨੂੰ ਚੜ੍ਹਿਆ।

  • ---

    ਬੋਲ ਸ਼ਮਾਊਨ ਵਾਲਾ,
    ਲੰਘਿਆ ਨਾ ਕੋਲ ਦੀ,
    ਅੱਖੀਆਂ ਦਾ ਨੀਰ ਮਰੀਅਮ,
    ਸੂਲੀ ਥੱਲੇ ਡੋਲ੍ਹਦੀ।

    1. ਪੁੱਛ ਦੀ ਪਛਾਉਂਦੀ ਜਾਂਦੀ
    ਕਲਵਰੀ ਦੇ ਰਾਹ ’ਤੇ,
    ਲਾਇਆ ਸੀ ਕਸੂਰ ਮੇਰੇ ਪੁੱਤ ਬੇ–ਗੁਨਾਹ ’ਤੇ,
    ਰੱਤ ਤੋਂ ਬਗ਼ੈਰ ਜਿੰਦ ਪੱਖੇ ਵਾਂਗੂੰ ਡੋਲਦੀ।

    2. ਚੜ੍ਹਕੇ ਸਲੀਬ ਯਿਸੂ ਪਾਣੀ ਘੁੱਟ ਮੰਗਿਆ,
    ਮਾਂ ਦੇ ਕਲੇਜੇ ਵਿੱਚ ਤੀਰ ਹੋ ਕੇ ਲੰਘਿਆ,
    ਮਰੀਅਮ ਬੇਹੋਸ਼ ਹੋਈ ਮੂੰਹੋਂ ਨਹੀਓਂ ਬੋਲਦੀ।

    3. ਚੰਦ ਨਾਲੋਂ ਸੋਹਣਾ ਮੁੱਖ ਰੱਬ ਨੇ ਬਣਾਇਆ ਸੀ,
    ਕਿੱਲਾਂ ਦਿਆਂ ਛੇਕਾਂ ਖੂਨ ਯਿਸੂ ਦਾ ਵਗਾਇਆ ਸੀ,
    ਪਾਰੇ ਵਾਂਗ ਜਿੰਦ ਮਾਂ ਦੀ ਜਾਵੇ ਅੱਜ ਡੋਲਦੀ।

    4. ਗੋਦੀ ਵਿੱਚ ਲੰਮੇ ਪਾ ਕੇ ਵਾਲ ਨੂੰ ਸੰਵਾਰਦੀ,
    ਹੌਲੀ–ਹੌਲੀ ਕੰਡਿਆਂ ਦਾ ਤਾਜ ਉਤਾਰਦੀ,
    ਮਰੀਅਮ ਬੇਹੋਸ਼ ਹੋਈ ਮੂੰਹੋਂ ਨਹੀਂਓਂ ਬੋਲਦੀ।

    5. ਸਭ ਕੁਝ ਪੂਰਾ ਹੋਇਆ ਯਿਸੂ ਨੇ ਪੁਕਾਰਿਆ,
    ਜਾਨ ਦਾ ਚੜ੍ਹਾਵਾ ਯਿਸੂ ਸੂਲੀ ਉੱਤੇ ਚਾੜ੍ਹਿਆ,
    ਰੱਤ ਤੋ ਬਗ਼ੈਰ ਜਿੰਦ ਪੱਖੇ ਵਾਂਗੂੰ ਡੋਲਦੀ।

  • ---

    ਬਣ ਗਏ ਹਾਂ ਦਾਸ ਸੱਚੇ ਰੱਬ ਦੇ,
    ਛੱਡੇ ਕਾਰੋਬਾਰ ਅਸੀਂ ਜੱਗ ਦੇ।

    1. ਰਹਿਣਾ ਏ ਗਰੀਬ ਅਸਾਂ ਬਣ ਕੇ,
    ਆਗਿਆਕਾਰੀ ਦੇ ਵਿੱਚ ਠਣ ਕੇ,
    ਸ਼ੁੱਧਤਾ ਦਾ ਲੜ੍ਹ ਅਸੀਂ ਫੜ੍ਹ ਕੇ,
    ਛੱਡੇ ਕਾਰੋਬਾਰ ਅਸੀਂ ਜੱਗ ਦੇ।

    2. ਦੁਨੀਆ ਲਈ ਚੰਗੇ ਭਾਵੇਂ ਮੰਦੇ ਆਂ,
    ਨਾਮ ਯਿਸੂ ਦੇ ਵਿੱਚ ਰੰਗੇ ਆਂ,
    ਵਾਸਨਾਵਾਂ ਸੂਲੀ ਨਾਲ ਟੰਗ ਕੇ,
    ਛੱਡੇ ਕਾਰੋਬਾਰ ਅਸੀਂ ਜੱਗ ਦੇ।

    3. ਰੱਬ ਨਾਲ ਪਿਆਰ ਅਸਾਂ ਪਾ ਲਿਆ,
    ਤਨ–ਮਨ ਸਭ ਕੁਝ ਵਾਰਿਆ,
    ਕਰਨਾ ਪ੍ਰਚਾਰ ਅਸੀਂ ਰਲ ਕੇ,
    ਛੱਡੇ ਕਾਰੋਬਾਰ ਅਸੀਂ ਜੱਗ ਦੇ।

    4. ਦੁਖੀਆਂ ਦਾ ਦਰਦ ਵੰਡਾਵਾਂਗੇ,
    ਨਾਮ ਯਿਸੂ ਜੱਗ ’ਚ ਫੈਲਾਵਾਂਗੇ,
    ਝੱਲਾਂਗੇ ਮੁਸੀਬਤਾਂ ਨੂੰ ਹੱਸ ਕੇ,
    ਛੱਡੇ ਕਾਰੋਬਾਰ ਅਸੀਂ ਜੱਗ ਦੇ।

  • ---

    ਬੰਦਿਆ ਜੱਪ ਲੈ ਯਿਸੂ ਦਾ ਨਾਂ,
    ਸ਼ੁੱਧ ਹੋਵੇ ਤੇਰੀ ਆਤਮਾ।

    1. ਜਿਨ੍ਹਾਂ ਨੂੰ ਤੂੰ ਪੂਜਨਾ ਏਂ ਮੂੰਹੋਂ ਨਈਓਂ ਬੋਲਦੇ,
    ਲੱਖ ਵਾਜਾਂ ਮਾਰ ਭਾਵੇਂ, ਅੱਖਾਂ ਵੀ ਨਹੀਂ ਖੋਲ੍ਹਦੇ।

    2. ਛੱਡ ਦੇ ਬੁਰਾਈ, ਉਹਦਾ ਨਾਮ ਜੱਪ ਸੱਜਣਾ,
    ਦੁੱਖਾਂ ਦੇ ਸਮੁੰਦਰਾਂ ’ਚੋਂ ਜੇ ਤੂੰ ਪਾਰ ਲੰਘਣਾ।

    3. ਝੂਠਾ ਸੰਸਾਰ ਸਾਰਾ, ਝੂਠੀ ਉਹਦੀ ਸ਼ਾਨ ਏਂ,
    ਇੱਕ ਦਿਨ ਛੱਡ ਜਾਣਾ ਜਿਹਦੇ ਉੱਤੇ ਮਾਣ ਏਂ।

    4. ਇੱਕ ਦਿਨ ਯਿਸੂ ਇਸ, ਦੁਨੀਆ ’ਤੇ ਆਵੇਗਾ,
    ਫਿਰ ਦੱਸ ਬੰਦਿਆ ਤੂੰ ਕਿੱਧਰ ਨੂੰ ਜਾਵੇਂਗਾ।

  • ---

    ਬੰਦਗੀ ਕਰਾਂ ਮੈਂ ਤੇਰੀ ਬੰਦਗੀ ਕਰਾਂ,
    ਤੇਰੇ ਲਈ ਜੀਵਾਂ ਯਿਸੂ ਤੇਰੇ ਲਈ ਮਰਾਂ।

    1. ਤੇਰੀ ਬਾਰਗਾਹ ਵਿੱਚ ਸਿਰ ਨੂੰ ਝੁਕਾਵਾਂਗਾ,
    ਤੇਰੇ ਲਈ ਨੱਚਾਂਗਾ ਮੈਂ ਤੇਰੇ ਲਈ ਗਾਵਾਂਗਾ,
    ਕਦਮਾਂ ’ਚ ਤੇਰੇ ਯਿਸੂ ਸਿਰ ਮੈਂ ਧਰਾਂ।

    2. ਕੋਈ ਜਾਣ ਸਕਿਆ ਨਹੀਂ ਹੱਦ ਤੇਰੇ ਪਿਆਰ ਦੀ,
    ਹੱਦ ਹਰ ਚੀਜ਼ ਨਾਲੋਂ ਵੱਧ ਤੇਰੇ ਪਿਆਰ ਦੀ,
    ਇਹੋ ਗੱਲ ਹੁਣ ਤੇ ਮੈਂ ਕਹਾਂ ਹਰ ਥਾਂ।

    3. ਦਿਲ ਵਿੱਚ ਡੇਰਾ ਯਿਸੂ ਤੇਰੇ ਸੱਚੇ ਪਿਆਰ ਦਾ,
    ਏਸੇ ਲਈ ਖ਼ੁਦਾਇਆ ਤੇਥੋਂ ਤਨ ਮਨ ਵਾਰਦਾ,
    ਨਾਂ ਕਿਸੇ ਹੋਰ ਦਾ ਮੈਂ ਕਦੀ ਨਾ ਲਵਾਂ।

  • ---

    ਬਿਨਾਂ ਯਿਸੂ ਨਹੀਂਓਂ ਮਿਲਦੀ ਸ਼ਿਫ਼ਾ,
    ਨਾ ਜਗ੍ਹਾ ਜਗ੍ਹਾ ਫਿਰ ਮੂਰਖਾ,
    ਉਹਦੇ ਕੋਲ ਹਰ ਗ਼ਮ ਦੀ ਦਵਾ,
    ਨਾ ਜਗ੍ਹਾ ਜਗ੍ਹਾ ਫਿਰ ਮੂਰਖਾ।

    1. ਉਹਦੇ ਨਾਂ ’ਤੇ ਲੰਗੜੇ ਤੇ ਲੂਲ੍ਹੇ ਉੱਠ ਜਾਂਦੇ ਨੇ,
    ਅੰਨ੍ਹੇ ਉਹਦੇ ਕੋਲ ਆ ਕੇ ਅੱਖੀਆਂ ਵੀ ਪਾਉਂਦੇ ਨੇ,
    ਉਹ ਤੇ ਮੁਰਦੇ ਵੀ ਦਿੰਦਾ ਏ ਜਗਾ,
    ਨਾ ਜਗ੍ਹਾ ਜਗ੍ਹਾ ਫਿਰ ਮੂਰਖਾ।

    2. ਸੋਹਣਾ ਯਿਸੂ ਪਾਪੀਆਂ ਦੇ ਲੇਖਾਂ ਨੂੰ ਸਵਾਰਦਾ
    ਡੁੱਬੀ ਹੋਈ ਬੇੜੀ ਨੂੰ ਆਪੇ ਉਹ ਤਾਰਦਾ,
    ਛੱਡ ਦੁਨੀਆ ਨੂੰ ਯਿਸੂ ਕੋਲ ਆ,
    ਨਾ ਜਗ੍ਹਾ ਜਗ੍ਹਾ ਫਿਰ ਮੂਰਖਾ।

    3. ਜ਼ਿੰਦਗੀ ਦੀ ਪੀੜ ਨੂੰ ਉਹ ਨਬਜ਼ਾਂ ਤੋਂ ਫੜ੍ਹਦਾ,
    ਇੱਕੋ ਹੀ ਖੁਰਾਕ ਵਿੱਚ ਚੰਗਿਆਂ ਉਹ ਕਰਦਾ,
    ਇਸ ਗੱਲ ਦਾ ਹਾਂ ਸਾਕੀ ਮੈਂ ਗਵਾਹ,
    ਨਾ ਜਗ੍ਹਾ ਜਗ੍ਹਾ ਫਿਰ ਮੂਰਖਾ।

  • ---

    ਬੈਤਲਹਮ ਨੂੰ ਸਲਾਮ,
    ਲੱਖ–ਲੱਖ ਵਾਰ ਸਲਾਮ,
    ਜਿਸ ਧਰਤੀ ’ਤੇ ਜਨਮ ਲਿਆ ਹੈ,
    ਮੇਰੇ ਯਿਸੂ ਮਹਾਨ।

    1. ਵੇਖੋ ਉਸਦਾ ਪਿਆਰ,
    ਨਬੀਆਂ ਦਾ ਸਰਦਾਰ,
    ਖੁਰਲੀ ਵਿੱਚ ਜਨਮ ਲਿਆ
    ਉਸ ਮੇਰੇ ਕਰਤਾਰ,
    ਛੱਡ ਅਰਸ਼ ਨੂੰ ਸਾਡੇ ਹੈ ਬਦਲੇ,
    ਬਣ ਆਇਆ ਇਨਸਾਨ।

    2. ਭਾਗਾਂ ਇਹ ਵਾਲੀ ਹੈ,
    ਰਾਤ ਜੋ ਅੱਜ ਦੀ ਹੈ,
    ਅਰਸ਼ ਵੀ ਗਾਵੇ ਗੀਤ,
    ਧਰਤੀ ਵੀ ਨੱਚਦੀ ਹੈ,
    ਭਾਗ ਜਗਾਏ ਆਣ ਅਸਾਂ ਦੇ,
    ਉਸ ਦਾ ਪਿਆਰ ਮਹਾਨ।

    3. ਚਸ਼ਮਾ ਮੁਕਤੀ ਦਾ
    ਬਣ ਉਹ ਆਇਆ ਏ,
    ਸ਼ਾਫ਼ੀ ਦੁਨੀਆ ਦਾ,
    ਧਰਤ ’ਤੇ ਆਇਆ ਏ,
    ਸਾਡੇ ਉੱਤੇ ਰਹਿਮ ਹੈ ਕੀਤਾ,
    ਰੱਬ ਦਾ ਪਿਆਰ ਮਹਾਨ।

  • ---

    ਬਖ਼ਸ਼ੀਂ ਯਿਸੂ ਜੀ, ਬਖ਼ਸ਼ੀਂ ਮੇਰਿਆਂ ਗੁਨਾਹਾਂ ਨੂੰ,
    ਤੇਰੇ ਲੇਖੇ ਲਾਉਂਦਾ ਰਹਾਂ, ਆਉਂਦੇ-ਜਾਂਦੇ ਸਾਹਾਂ ਨੂੰ।

    1. ਪਾਪਾਂ ਦੇ ਸਮੁੰਦਰਾਂ ਵਿੱਚ, ਮੈਂ ਡੁੱਬ ਗਿਆਂ ਸਾਂ,
    ਲੱਭੇ ਨਾ ਕਿਨਾਰਾ ਯਿਸੂ, ਆਸ ਛੱਡ ਗਿਆਂ ਸਾਂ
    ਵੱਡੀ ਤੇਰੀ ਦਇਆ ਪਾਇਆ, ਹੱਥ ਦੋਨਾਂ ਬਾਹਾਂ ਨੂੰ।
    ਬਖ਼ਸ਼ੀਂ ਯਿਸੂ ਜੀ, ਬਖ਼ਸ਼ੀਂ ਮੇਰਿਆਂ ਗੁਨਾਹਾਂ ਨੂੰ।

    2. ਦਿਲੋਂ ਪਛਤਾਵਾ ਕਰਾਂ, ਹੰਝੂ ਵਹਾਂਦਾ ਹਾਂ,
    ਹੱਥ ਜੋੜ ਮੰਗਾਂ ਮਾਫ਼ੀ, ਵਾਸਤੇ ਮੈਂ ਪਾਉਂਦਾ ਹਾਂ
    ਦਰ ਤੇਰੇ ਆ ਕੇ ਜੱਪਾਂ, ਯਿਸੂ ਪਾਕ ਨਾਮ ਨੂੰ,
    ਬਖ਼ਸ਼ੀਂ ਯਿਸੂ ਜੀ, ਬਖ਼ਸ਼ੀਂ ਮੇਰਿਆਂ ਗੁਨਾਹਾਂ ਨੂੰ।

    3. ਪੁੱਤਰ ਉਜਾੜੂ ਜਿੱਦਾਂ, ਆਇਆ ਮੁੜ ਬਾਪ ਕੋਲ,
    ਤੇਰੇ ਵੱਲ ਮੁੱਖ ਕੀਤਾ, ਮੈਨੂੰ ਤਾਂ ਹੈ ਤੇਰੀ ਲੋੜ
    ਝੁਕਿਆ ਹੈ ਸੀਸ ਮੇਰਾ, ਭੁੱਲਾਂ ਬਖ਼ਸ਼ਾਉਣਾ ਨੂੰ,
    ਬਖ਼ਸ਼ੀਂ ਯਿਸੂ ਜੀ, ਬਖ਼ਸ਼ੀਂ ਮੇਰਿਆਂ ਗੁਨਾਹਾਂ ਨੂੰ।

  • ---

    ਬੋਲੋ ਯਿਸੂ ਜੱਗ ਦਾ ਕਫ਼ਾਰਾ ਆ ਗਿਆ,
    ਦੁਖੀਆਂ ਦੇ ਦਿਲਾਂ ਦਾ ਸਹਾਰਾ ਆ ਗਿਆ।

    1. ਸ਼ਕਲ ਨੂਰਾਨੀ ਉਹਦਾ ਜਲਵਾ ਅਜੀਬ ਏ,
    ਫਰਿਸ਼ਤਿਆਂ ਗਵਾਹੀ ਦਿੱਤੀ ਰੱਬ ਦਾ ਹਬੀਬ ਏ,
    ਤਾਰੇ ਕਿੱਥੋਂ ਵੇਖ ਕੇ ਮੈਂ ਸਾਰਾ ਆ ਗਿਆ।

    2. ਜਾਗ ਉੱਠ ਨੀਂਦਰ ਤੋਂ ਹੋਸ਼ ਵਿੱਚ ਆ ਜਾ,
    ਰੱਬ ਦੇ ਪਿਆਰੇ ਦਾ ਦਰਸ਼ਨ ਪਾ ਜਾ,
    ਵੇਖੋ ਅੱਜ ਬੈਤਲਹਮ ਸਾਰਾ ਆ ਗਿਆ।

    3. ਡਿੱਗ–ਡਿੱਗ ਪੈਣ ਸਾਰੇ ਚਰਨੀ ਦੇ ਵਾਰੇ ਨਿਆਰੇ,
    ਜਿਹਦੇ ਵੱਲ ਫਿਰਦੇ ਨੇ ਦੇਖੋ ਅੱਜ ਪਾਪੀ ਸਾਰੇ,
    ਦੇਣ ਲਈ ਨਜਾਤ ਯਿਸੂ ਪਿਆਰਾ ਆ ਗਿਆ।

  • ---

    ਬੈਤਲਹਮ ਸ਼ਹਿਰ ਦੇ ਨਸੀਬ ਹੀ ਕਮਾਲ ਨੇ,
    ਜਨਮ ਲਿਆ ਏ ਜਿੱਥੇ ਮਰੀਅਮ ਦੇ ਲਾਲ ਨੇ।

    1. ਚਰਨੀ ’ਚ ਪਿਆ ਖੇਲੇ
    ਵਾਲੀ ਦੋ ਜਹਾਨ ਦਾ,
    ਖੇਡਣ ਲਈ ਆਇਆ ਜਿਹੜੀ
    ਖੇਡ ਨਾ ਕੋਈ ਜਾਣਦਾ,
    ਮਰਜ਼ੀ ਖ਼ੁਦਾ ਦੀ ਤੋਂ ਸਭ ਅਣਜਾਣ ਨੇ।
    ਜਨਮ…

    2. ਜੱਗ ਉੱਤੇ ਪਾਪਾਂ ਦੇ ਨਵੇੜੇ ਹੋਈ ਜਾਂਦੇ ਨੇ,
    ਮੁੱਕਣ ਹਨੇਰੇ ਤੇ ਸਵੇਰੇ ਹੋਈ ਜਾਂਦੇ ਨੇ,
    ਚਾਨਣ ਖਿਲਾਰ ਦਿੱਤਾ ਰੱਬ ਦੇ ਜਲਾਲ ਨੇ।
    ਜਨਮ…

    3. ਗੀਤ ਅਸਮਾਨੀ ਗਾਏ ਉੱਡਦੀਆਂ ਡਾਰਾਂ ਨੇ,
    ਉੱਜੜਿਆਂ ਬਾਗ਼ਾਂ ਵਿੱਚ ਆ ਗਈਆਂ ਬਹਾਰਾਂ ਨੇ,
    ਗੀਤ ਗਾਏ ਫੁੱਲਾਂ ਨਾਲ ਸ਼ਿੰਗਾਰੀ ਹਰ ਡਾਲ ਨੇ।
    ਜਨਮ…

  • ---

    ਬੱਲੇ ਬੱਲੇ ਭਈ ਜਦੋਂ ਯਿਸੂ ਜਨਮ ਲਿਆ,
    ਉਦੋਂ ਚਮਕਿਆ ਅਰਸ਼ੋਂ ਤਾਰਾ,
    ਭਈ ਜਦੋਂ ਯਿਸੂ ਜਨਮ ਲਿਆ।

    1. ਬੱਲੇ–ਬੱਲੇ ਭਈ ਬੈਤਲਹਮ ਸਾਰੇ ਸ਼ਹਿਰ ਨੂੰ,
    ਦੁਨੀਆ ਹੁੰਮ ਕੇ ਵੇਖਣ ਆਈ,
    ਭਈ ਬੈਤਲਹਮ ਸਾਰੇ ਸ਼ਹਿਰ ਨੂੰ।

    2. ਬੱਲੇ–ਬੱਲੇ ਭਈ ਰੌਸ਼ਨੀ ਚਰਵਾਹਿਆਂ ਵੇਖ ਲਈ,
    ਜਦੋਂ ਚਮਕਿਆ ਅਰਸ਼ੋਂ ਤਾਰਾ,
    ਭਈ ਰੌਸ਼ਨੀ ਚਰਵਾਹਿਆਂ ਵੇਖ ਲਈ।

    3. ਬੱਲੇ–ਬੱਲੇ ਭਈ ਚੱਲ ਕੇ ਮਜੂਸੀ ਆ ਗਏ,
    ਜਦ ਚੜ੍ਹਿਆ ਪੂਰਬੀ ਤਾਰਾ,
    ਭਈ ਚੱਲ ਕੇ ਮਜੂਸੀ ਆ ਗਏ।

    4. ਬੱਲੇ–ਬੱਲੇ ਭਈ ਯੂਸਫ਼ ਨੂੰ ਨੇਕ ਆਖਦੇ,
    ਧੰਨ ਮਰੀਅਮ ਕਹਿਣ ਕੁਆਰੀ,
    ਭਈ ਯੂਸਫ਼ ਨੂੰ ਨੇਕ ਆਖਦੇ।

  • ---

    ਬਣਕੇ ਸ਼ੈਤਾਨ ਦਾ ਕੀ ਬਹਿਣਾ,
    ਹੋ ਯਿਸੂ ਦਰ ਆ ਜਾ।

    1. ਜਿਨ੍ਹਾਂ ਦੀ ਤੂੰ ਭਰਨਾਂ ਚੌਂਕੀ,
    ਉਹ ਤੇਰੇ ਬਹੁਤ ਨੇ ਸ਼ਾਉਂਕੀ,
    ਇਨ੍ਹਾਂ ਦੇ ਦਰ ਤੋਂ ਕੀ ਤੂੰ ਲੈਣਾ,
    ਹੋ ਯਿਸੂ ਦਰ ਆ ਜਾ।

    2. ਸੱਪਾਂ ਨੂੰ ਦੁੱਧ ਪਿਲਾਵੇਂ,
    ਫਿਰ ਵੀ ਉਹ ਡੰਗ ਚਲਾਵੇ,
    ਇਨ੍ਹਾਂ ਦੇ ਡੰਗ ਕਾਹਨੂੰ ਖਾਨਾਂ,
    ਹੋ ਯਿਸੂ ਦਰ ਆ ਜਾ।

    3. ਜਿੰਨ੍ਹੇ ਤੂੰ ਟੇਕੇ ਮੱਥੇ,
    ਰਾਤ ਨੂੰ ਪੈਂਦੇ ਧੱਕੇ,
    ਇਨ੍ਹਾਂ ਦੇ ਧੱਕੇ ਕਾਹਨੂੰ ਖਾਨਾਂ,
    ਹੋ ਯਿਸੂ ਦਰ ਆ ਜਾ।

    4. ਯਿਸੂ ਹੈ ਦਿਲ ਦੀ ਸ਼ਾਂਤੀ,
    ਸਾਰੀ ਹੈ ਦੁਨੀਆ ਜਾਣਦੀ,
    ਪੁੱਛ ਲੈ ਤੂੰ ਮੈਨੂੰ ਆ ਕੇ,
    ਕਿੱਥੋਂ ਹੈ ਪਾਈ ਸ਼ਾਂਤੀ,
    ਇਨ੍ਹਾਂ ਦੀ ਬਹਿਣੀ ਕਾਹਨੂੰ ਬਹਿਨਾ ਏਂ,
    ਹੋ ਯਿਸੂ ਦਰ ਆ ਜਾ।

  • ---

    ਬਾਈਬਲ ’ਚੋਂ ਮੁਹੱਬਤਾਂ ਦੀ
    ਮੈਨੂੰ ਖ਼ੁਸ਼ਬੂ ਆਉਂਦੀ ਏ,
    ਤਾਂ ਹੀ ਤਾਂ ਜਾਨ ਮੇਰੀ
    ਸਨਾ ਰੱਬ ਦੀ ਗਾਉਂਦੀ ਏ।

    1. ਸੱਚੇ ਫੁੱਲਾਂ ਦਾ ਗੁਲਦਸਤਾ
    ਮਹਿਕਾਂ ਵੰਡੀ ਜਾਵੇ,
    ਕਰਦਾ ਦੂਰ ਹਨੇਰੇ ਸਭ ਦੀ
    ਜ਼ਿੰਦਗੀ ਨੂੰ ਰੁਸ਼ਨਾਵੇ,
    ਸੁਬ੍ਹਾ ਤੇ ਸ਼ਾਮਾਂ ਨੂੰ
    ਮੇਰੀ ਪਿਆਸ ਬੁਝਾਉਂਦੀ ਏ,
    ਤਾਂ ਹੀ ਤਾਂ ਜਾਨ ਮੇਰੀ
    ਸਨਾ ਰੱਬ ਦੀ ਗਾਉਂਦੀ ਏ।

    2. ਇਸ ਬਾਈਬਲ ਦੀਆਂ ਮਿੱਠੀਆਂ ਆਈਤਾਂ
    ਲਿਖੀਆਂ ਮੇਰੇ ਦਿਲ ’ਤੇ,
    ਅੱਖੀਆਂ ਵਾਲੇ ਪੜ੍ਹ ਹੈ ਲੈਂਦੇ
    ਹੋ ਜਾਂਦੇ ਨੇ ਨੇੜੇ,
    ਕਰੋ ਪਿਆਰ ਦੁਸ਼ਮਣਾਂ ਨੂੰ
    ਬਾਈਬਲ ਸਿਖਲਾਉਂਦੀ ਏ,
    ਤਾਂ ਹੀ ਤਾਂ ਜਾਨ ਮੇਰੀ
    ਸਨਾ ਰੱਬ ਦੀ ਗਾਉਂਦੀ ਏ।

    3. ਇਹ ਜ਼ਿੰਦਗੀ ਦੀ ਰੋਟੀ ਨਾਲੇ
    ਇਹ ਜ਼ਿੰਦਗੀ ਦਾ ਪਾਣੀ,
    ਕੁਦਰਤ ਦਾ ਅਨਮੋਲ ਖ਼ਜ਼ਾਨਾ
    ਸੁਰਗੀ ਅੰਮ੍ਰਿਤ ਬਾਣੀ,
    ਇਹ ਹਰ ਇੱਕ ਪਿਆਸੇ ਦੀ
    ਸਦਾ ਪਿਆਸ ਬੁਝਾਉਂਦੀ ਏ,
    ਤਾਂ ਹੀ ਤਾਂ ਜਾਨ ਮੇਰੀ
    ਸਨਾ ਰੱਬ ਦੀ ਗਾਉਂਦੀ ਏ।