13 Tracks
  • ---

    7. ਸ਼ਰੀਅਤ ਹੈ ਖ਼ੁਦਾ ਦੀ ਐਸੀ ਕਾਮਿਲ,
    ਕਿ ਉਹ ਹੈ ਫੇਰ ਦਿੰਦੀ ਲੋਕਾਂ ਦੇ ਦਿਲ।

    8. ਸ਼ਹਾਦਤ ਸੱਚੀ ਹੈ ਐਸੀ ਖ਼ੁਦਾ ਦੀ,
    ਕਿ ਉਹ ਸਿੱਧਿਆਂ ਦਿਲਾਂ ਨੂੰ ਹੈ ਸਿਖਾਉਂਦੀ।

    9. ਸ਼ਰ੍ਹਾ ਹੈ ਸਾਫ਼ ਸਿੱਧੀ ਰੱਬ ਦੀ ਸਾਰੀ,
    ਦਿਲਾਂ ਦੀ ਦੂਰ ਕਰਦੀ ਬੇ–ਕਰਾਰੀ।

    10. ਖ਼ੁਦਾ ਦੇ ਹੁਕਮ ਵਿੱਚ ਹੈ ਉਹ ਸਫ਼ਾਈ,
    ਕਿ ਹੁੰਦੀ ਅੱਖੀਆਂ ਨੂੰ ਰੌਸ਼ਨਾਈ।

    11. ਅਜਿਹਾ ਪਾਕ ਹੈ ਡਰ ਖੌਫ਼ ਰੱਬ ਦਾ,
    ਸਦਾ ਤੀਕਰ ਹੀ ਉਹ ਕਾਇਮ ਹੈ ਰਹਿੰਦਾ।

    12. ਨਿਆਂ ਰੱਬ ਦੇ ਨੇ ਸੱਚੇ ਸਾਫ਼ ਸਾਰੇ,
    ਉਹ ਕੁੰਦਨ ਸੋਨੇ ਨਾਲੋਂ ਮਹਿੰਗੇ ਪਿਆਰੇ।

    13. ਨਿਆਂ ਉਸ ਸ਼ਹਿਦ ਵਾਂਗਰ ਮਿੱਠਾ ਲੱਗਦਾ,
    ਜਿਹੜਾ ਆਪਣੇ ਖੱਗੇ ਵਿੱਚੋਂ ਵਗਦਾ।

    14. ਨਸੀਅਤ ਉਸ ਤੋਂ ਸਿੱਖਦੇ ਤੇਰੇ ਬੰਦੇ,
    ਜੋ ਉਸ ਨੂੰ ਯਾਦ ਰੱਖਦੇ ਬਦਲਾ ਪਾਂਦੇ।

    15. ਤੇ ਕਿਹੜਾ ਜਾਣੇ ਆਪਣੀ ਭੁੱਲ ਚੁੱਕ ਨੂੰ,
    ਲੁਕਿਆਂ ਪਾਪਾਂ ਤੋਂ ਮੈਨੂੰ ਪਾਕ ਕਰ ਤੂੰ।

    16. ਗ਼ੁਨਾਹ ਗੁਸਤਾਖ਼ੀ ਤੋਂ ਮੈਨੂੰ ਬਚਾ ਲੈ,
    ਕਿ ਉਹ ਨਾ ਮੇਰੇ ਉੱਤੇ ਗਲਬਾ ਪਾਵੇ।

    17. ਤਦ ਹੋਵਾਂਗਾ ਮੈਂ ਸੱਚਾ, ਯਾ ਇਲਾਹੀ,
    ਤਦ ਹੋਵੇ ਭਾਰੇ ਪਾਪਾਂ ਤੋਂ ਸਫ਼ਾਈ।

    18. ਮੇਰੀ ਸਭ ਸੋਚ ਗੱਲ ਹੁਣ ਤੈਨੂੰ ਭਾਵੇ,
    ਐ ਮੇਰੇ ਜ਼ੋਰ ਤੇ ਮੇਰੇ ਮੁਕਤੀਦਾਤੇ।

  • ---

    35. ਸ਼ਰੀਰ ਦਾ ਵੇਖਿਆ ਮੈਂ ਇਹ ਹਾਲ
    ਜ਼ੋਰ ਵਾਲਾ ਤੇ ਸ਼ਾਨਦਾਰ,
    ਉਸ ਹਰੇ ਰੁੱਖ ਵਾਂਗ ਫਲ਼ਦਾ ਸੀ,
    ਜੋ ਹੋਵੇ ਖੂਬ ਤਿਆਰ।

    36. ਅਜਿਹਾ ਹੋਵੇਗਾ ਉਹ ਨਾਬੂਦ
    ਨਾ ਉੱਗਿਆ ਕਦੀ ਸੀ,
    ਹਾਂ ਉਸ ਨੂੰ ਲੱਭਦਾ ਰਿਹਾ ਮੈਂ,
    ਨਾ ਲੱਭਾ ਕਿਤੇ ਵੀ।

    37. ਪਰ ਦੇਖ ਰੱਖ ਕਾਮਲ ਆਦਮੀ ਨੂੰ
    ਸਿੱਧੇ ਉੱਤੇ ਧਿਆਨ,
    ਸਲਾਮਤੀ ਉਹਦੀ ਰਹਿੰਦੀ ਹੈ,
    ਜੋ ਸੁਲਾਹ ਦੇ ਇਨਸਾਨ।

    38. ਫ਼ਨਾਹ ਹੋ ਜਾਵਣਗੇ ਬਦਕਾਰ,
    ਬਰਗਸ਼ਤਾ ਬਾਗ਼ੀ ਵੀ,
    ਤੇ ਓੜਕ ਨੂੰ ਸ਼ਰੀਰਾਂ ਦੀ
    ਜੜ੍ਹ ਪੁੱਟੀ ਜਾਵੇਗੀ।

    39. ਪਰ ਸਾਦਿਕਾਂ ਦੀ ਹੈ ਨਜਾਤ,
    ਖ਼ੁਦਾਵੰਦ ਪਾਕ ਖ਼ੁਦਾ,
    ਉਹ ਦੁੱਖ ਦੇ ਵੇਲੇ ਉਹਨਾਂ ਦੀ
    ਖੂਬ ਹੈ ਮਜ਼ਬੂਤ ਪਨਾਹ।

    40. ਆਸ ਜਿਨ੍ਹਾਂ ਦੀ ਖ਼ੁਦਾਵੰਦ ਹੈ
    ਉਹ ਮਦਦ ਪਾਵਣਗੇ,
    ਸ਼ਰੀਰਾਂ ਦੇ ਉਹ ਕਾਬੂ ਤੋਂ,
    ਬਚਾਏ ਜਾਵਣਗੇ।

  • ---

    ਸ਼ੁਕਰ ਕਰੋ ਰੱਬ ਦਾ ਤੇ ਮਹਿਮਾ ਉਹਦੀ ਗਾਇਓ।

    1. ਸ਼ੁਕਰ ਕਰੋ ਰੱਬ ਦਾ ਤੇ ਲਓ ਉਹਦਾ ਨਾਂ ਵੀ,
    ਕੰਮ ਉਹਦੇ ਵੱਡੇ ਤੁਸੀਂ ਲੋਕਾਂ ਨੂੰ ਸੁਣਾਇਓ।

    2. ਉਹਦੇ ਪਾਕ ਨਾਂ ਉੱਤੇ ਫ਼ਖ਼ਰ ਕਰੋ ਸਾਰੇ,
    ਜੋ ਉਹਨੂੰ ਢੂੰਡਦੇ ਹੋ, ਖ਼ੁਸ਼ੀਆਂ ਮਨਾਇਓ।

    3. ਢੂੰਡੋ ਰੱਬ ਨੂੰ ਤੇ ਨਾਲੇ ਉਹਦੇ ਜ਼ੋਰ ਨੂੰ,
    ਚਿਹਰੇ ਨੂੰ ਉਹਦੇ ਤੁਸੀਂ ਵੇਖਣਾ ਚਾਹਿਓ।

    4. ਕੰਮ ਅਚਰਜ ਉਹਦੇ ਸਭ ਯਾਦ ਕਰੋ,
    ਸਭ ਫਰਮਾਨ ਉਹਦੇ ਚੇਤੇ ਵਿੱਚ ਲਿਆਇਓ।

    5. ਬਨੀ ਯਾਕੂਬ ਦੇ ਸਾਰੇ ਚੁਣੇ ਹੋਏ,
    ਅਬਰਾਹਾਮ ਨਾਲੇ ਉਹਦੇ ਜਾਇਓ।

    6. ਉਹੋ ਖ਼ੁਦਾਵੰਦ ਸਾਡਾ ਖ਼ੁਦਾ ਹੈ,
    ਉਹਦੇ ਨਿਆਂ ਵਿੱਚ ਧਰਤੀ ਮਨਾਇਓ।

  • ---

    134. ਸ਼ਹਾਦਤਾਂ ਤੇਰੀਆਂ ਸਭ ਸੱਚੀਆਂ ਹਨ, ਖ਼ੁਦਾਵੰਦਾ,
    ਸੋ ਉਹਨਾਂ ਸਭਨਾਂ ਨੂੰ ਜਾਨ ਮੇਰੀ ਯਾਦ ਕਰਦੀ ਸਦਾ।

    135. ਤੇਰੇ ਕਲਾਮ ਦਾ ਖੁੱਲ੍ਹਣਾ ਹੈ ਦਿਲ ਨੂੰ ਬਖ਼ਸ਼ਦਾ ਨੂਰ,
    ਦਾਨਾਈ ਨਾਲ ਹੈ ਕਰਦਾ ਉਹ ਸਿੱਧੇ ਦਿਲ ਭਰਪੂਰ।

    136. ਮੈਂ ਹੌਂਕਦਾ ਹਾਂ, ਤੇ ਮੂੰਹ ਆਪਣਾ ਖੋਲ੍ਹਦਾ ਹਾਂ, ਖ਼ੁਦਾ,
    ਕਿ ਮੇਰੇ ਦਿਲ ਨੂੰ ਤਾਂ ਹੈ ਸ਼ੌਕ ਤੇਰੇ ਹੁਕਮਾਂ ਦਾ।

    137. ਤੂੰ ਕਰਦਾ ਪਿਆਰ ਹੈਂ, ਜਿਸ ਤਰ੍ਹਾਂ ਆਪਣੇ ਆਸ਼ਕਾਂ ਨੂੰ,
    ਹਾਂ, ਇਸੇ ਤਰ੍ਹਾਂ ਮੇਰੇ ਵੱਲ ਵੀ ਕਰ ਤਵੱਜੋ ਤੂੰ।

    138. ਮੁਤਾਬਿਕ ਆਪਣੇ ਵਾਅਦੇ ਦੇ ਮੇਰੇ ਪੈਰਾਂ ਨੂੰ,
    ਚਲਾਈਂ ਸਿੱਧਾ, ਬਚਾਈਂ ਬਦੀ ਤੋਂ ਮੈਨੂੰ ਤੂੰ।

    139. ਛੁਡਾਈਂ ਜ਼ਾਲਿਮਾਂ ਦੇ ਹੱਥੋਂ ਮੈਨੂੰ ਮੇਰੇ ਖ਼ੁਦਾ,
    ਮੈਂ ਤੇਰੇ ਸਾਰਿਆਂ ਫਰਜ਼ਾਂ ਨੂੰ ਯਾਦ ਰੱਖਾਂਗਾ।

    140. ਤੂੰ ਆਪਣੇ ਬੰਦੇ ’ਤੇ ਕਰ ਆਪਣਾ ਚਿਹਰਾ ਜਲਵਾਗਾਰ,
    ਹਕੂਕ ਆਪਣੇ ਦਾ ਸਭ ਇਲਮ ਤੂੰ ਇਨਾਯਤ ਕਰ।

    141. ਹਨ ਵੱਗਦੀਆਂ ਮੇਰੀਆਂ ਅੱਖੀਆਂ ਤੋਂ ਨਹਿਰਾਂ ਪਾਣੀ ਦੀਆਂ,
    ਤੇ ਲੋਕ ਤੇਰੀ ਸ਼ਰੀਅਤ ਦਾ ਕੁਝ ਨਾ ਰੱਖਦੇ ਧਿਆਨ।

  • ---

    ਸ਼ੁਕਰ ਤੁਸੀਂ ਰੱਬ ਦਾ ਹੀ ਕਰੋ,
    ਕਰੋ ਸ਼ੁਕਰ ਖ਼ੁਦਾਵੰਦ ਦਾ।

    1. ਸ਼ੁਕਰ ਕਰੋ ਤੁਸੀਂ ਉਹਦਾ ਜਿਹੜਾ,
    ਹੈ ਖ਼ੁਦਾਵਾਂ ਦਾ ਖ਼ੁਦਾ,
    ਕਿਉਂ ਜੋ ਉਹੋ ਭਲਾ ਹੈਗਾ,
    ਰਹਿਮਤ ਉਹਦੀ ਹੈ ਸਦਾ।

    2. ਵੱਡੇ-ਵੱਡੇ ਕੰਮ ਜੋ ਕਰਦਾ,
    ਸ਼ੁਕਰ ਕਰੋ ਤੁਸੀਂ ਉਸੇ ਦਾ,
    ਜਿਸ ਨੇ ਹਨ ਅਸਮਾਨ ਬਣਾਏ,
    ਰਹਿਮਤ ਉਹਦੀ ਹੈ ਸਦਾ।

    3. ਜਿਸ ਪਾਣੀ ’ਤੇ ਧਰਤੀ ਰੱਖੀ,
    ਸ਼ੁਕਰ ਕਰੋ ਤੁਸੀਂ ਉਸੇ ਦਾ,
    ਨਾਲੇ ਜਿਸ ਨੇ ਨੂਰ ਬਣਾਏ,
    ਰਹਿਮਤ ਉਹਦੀ ਹੈ ਸਦਾ।

    4. ਦਿਨ ਦਾ ਪਹਿਰਾ ਸੂਰਜ ਕਰਦਾ,
    ਰਾਤੀਂ ਕਰਦਾ ਚੰਨ ਅਤਾ,
    ਤਾਰੇ ਚੰਨ ਨੂੰ ਸਾਥੀ ਦਿੱਤੇ,
    ਰਹਿਮਤ ਉਹਦੀ ਹੈ ਸਦਾ।

    5. ਜਿਸ ਪਲੇਠੇ ਮਿਸਰ ਦੇ ਮਾਰੇ,
    ਚੁੱਕ ਆਪਣਾ ਹੱਥ ਗ਼ਜ਼ਬ ਦਾ,
    ਕੱਢੇ ਮਿਸਰੋਂ ਇਸਰਾਏਲੀ,
    ਰਹਿਮਤ ਉਹਦੀ ਹੈ ਸਦਾ।

    6. ਜਿਸ ਕੁਲਜ਼ਮ ਦੋ ਹਿੱਸੇ ਕਰਕੇ,
    ਲਏ ਇਸਰਾਏਲੀ ਪਾਰ ਲੰਘਾ,
    ਫੌਜ ਸਣੇ ਫ਼ਿਰਾਊਨ ਨੂੰ ਰੋੜ੍ਹੇ,
    ਰਹਿਮਤ ਉਹਦੀ ਹੈ ਸਦਾ।

  • ---

    7. ਸ਼ੁਕਰ ਕਰੋ ਜਿਹੜਾ ਬਨ ਵਿੱਚ ਹੋਇਆ,
    ਰਹਿਬਰ ਆਪਣੇ ਲੋਕਾਂ ਦਾ,
    ਵੱਡੇ-ਵੱਡੇ ਉਹਨੇ ਬਦਮਾਸ਼ ਮਾਰੇ,
    ਰਹਿਮਤ ਉਹਦੀ ਹੈ ਸਦਾ।

    8. ਸ਼ਾਹ ਸਿਹੋਨ ਆਮੋਰੀਆਂ ਦਾ
    ਨਾਲੇ ਓਗ ਬਾਸ਼ਾਨ ਦਾ ਸ਼ਾਹ,
    ਮਾਰੇ ਰੱਬ ਨੇ ਇਹ ਬਲਕਾਰੀ,
    ਰਹਿਮਤ ਉਹਦੀ ਹੈ ਸਦਾ।

    9. ਖੋਹ ਵਿਰਸਾ ਉਹਨਾਂ ਦੀ ਰੱਬ ਨੇ,
    ਕੌਮ ਆਪਣੀ ਨੂੰ ਕੀਤੀ ਅਤਾ,
    ਇਸਾਰਾਈਲ ਨੂੰ ਕੀਤਾ ਮਾਲਿਕ,
    ਰਹਿਮਤ ਉਹਦੀ ਹੈ ਸਦਾ।

    10. ਸਾਨੂੰ ਸਾਡੀ ਪਸਤੀ ਵਿੱਚੋਂ,
    ਉੱਚਾ ਕੀਤਾ ਆਪ ਖ਼ੁਦਾ,
    ਵੈਰੀਆਂ ਕੋਲੋਂ ਸਾਨੂੰ ਛੁਡਾਇਆ,
    ਰਹਿਮਤ ਉਹਦੀ ਹੈ ਸਦਾ।

    11. ਜਾਨਦਾਰਾਂ ਨੂੰ ਰੋਜ਼ੀ ਬਖ਼ਸ਼ੇ,
    ਪਾਲਣਹਾਰ ਉਹ ਸਭਨਾਂ ਦਾ,
    ਸ਼ੁਕਰ ਕਰੋ ਤੁਸੀਂ, ਸ਼ੁਕਰ ਕਰੋ ਤੁਸੀਂ,
    ਰਹਿਮਤ ਉਹਦੀ ਹੈ ਸਦਾ।

  • ---

    ਸ਼ੀਰੀਂ ਨਾਲ ਜ਼ੁਬਾਨ ਦੇ,
    ਯਿਸੂ ਵਾਜਾਂ ਮਾਰਦਾ,
    ਦਾਰੂ ਮੇਰੇ ਕੋਲ ਹੈ,
    ਪਾਪਾਂ ਦੇ ਬਿਮਾਰ ਦਾ।

    1. ਦੁਨੀਆ ਦੇ ਜੰਗ ਵਿੱਚੋਂ ਹਰਗਿਜ਼,
    ਉਹ ਇਨਸਾਨ ਨਹੀਂ ਹਾਰਦਾ,
    ਜਿਹੜਾ ਦਿਲ ਤੋਂ ਖ਼ਾਦਮ ਬਣਿਆ,
    ਯਿਸੂ ਦੇ ਦਰਬਾਰ ਦਾ।

    2. ਜੰਨਤ ਦੇ ਵਿੱਚ ਡਾਕੂ ਖੜਿਆ,
    ਡਾਕੇ ਸੀ ਜੋ ਮਾਰਦਾ,
    ਸੱਚਾ ਜਦੋਂ ਸਿਪਾਹੀ ਬਣਿਆ,
    ਯਿਸੂ ਦੀ ਸਰਕਾਰ ਦਾ।

    3. ਬੈਤਨੀਆ ਦਾ ਲਾਜ਼ਰ ਮੁਰਦਾ,
    ਮੋਇਆ ਸੀ ਦਿਨ ਚਾਰ ਦਾ,
    ਯਿਸੂ ਜਦੋਂ ਬੁਲਾਇਆ,
    ਆਇਆ ਕਬਰੋਂ ਛਾਲਾਂ ਮਾਰਦਾ।

    4. ਆਜੜੀ ਮਸੀਹਾ ਜਾਨ ਭੇਡਾਂ ਉੱਤੋਂ ਵਾਰਦਾ,
    ਨਾਲੇ ਹਰਿਆਂ ਘਾਹਾਂ ਉੱਤੇ,
    ਭੇਡਾਂ ਫਿਰੇ ਚਾਰਦਾ।

    5. ਐ ਮਸੀਹਾ ਤੇਰੇ ਅੱਗੇ,
    ਪਾਪੀ ਇਹ ਪੁਕਾਰਦਾ,
    ਤੈਨੂੰ ਮਨਜ਼ੂਰ ਹੋਵੇ,
    ਦਿਲ ਖ਼ਾਕਸਾਰ ਦਾ।

  • ---

    1. ਸ਼ੁਕਰ ਤੇਰਾ ਅਸੀਂ ਕਰਦੇ ਯਾ ਰੱਬ,
    ਗੀਤ ਸਦਾ ਹੀ ਗਾਉਂਦੇ ਹਾਂ,
    ਖ਼ਾਲਿਕ ਤੇ ਮਾਲਿਕ ਤੂੰ ਸਭ ਦਾ,
    ਜੈ–ਜੈ ਕਾਰ ਬੁਲਾਂਦੇ ਹਾਂ,
    ਆਦਿ ਪਿਤਾ ਤੂੰ ਸਗਲ ਜਗਤ ਦਾ,
    ਤੈਨੂੰ ਸਭ ਧਿਆਂਦੇ ਹਾਂ,
    ਸਾਡੇ ਲਈ ਘੱਲਿਆ ਇਕਲੌਤਾ,
    ਤੇਥੋਂ ਸਦਕੇ ਜਾਂਦੇ ਹਾਂ।

    2. ਪਾਕ ਫਰਿਸ਼ਤੇ ਸੁਰਗ ਦੇ ਵਾਸੀ,
    ਲੱਖ–ਲੱਖ ਸੀਸ ਨਿਵਾਂਦੇ ਨੇ,
    ਕੈਰੂਬੀਮ ਸੇਰਾਫ਼ੀਮ ਕੁੱਲ,
    ਸੰਗੀਤ ਵਜਾਂਦੇ ਨੇ,
    ਸੈਨਾਵਾਂ ਦੇ ਮਾਲਿਕ ਖ਼ੁਦਾ,
    ਸ਼ਕਤੀਮਾਨ ਪ੍ਰਭੂ ਖ਼ੁਦਾ,
    ਪਾਵਨ, ਪਾਵਨ ਕਹਿੰਦੇ ਕਹਿੰਦੇ,
    ਇਹੋ ਹੀ ਰੱਟ ਲਗਾਂਦੇ ਨੇ।

    3. ਤੇਰੇ ਹੀ ਰਹਿਮ ਦੇ ਨਾਲ,
    ਭਰੇ ਨੇ ਧਰਤੀ ਤੇ ਅਸਮਾਨ,
    ਪਾਕ ਰਸੂਲ ਤੇ ਸੰਤ ਸਭ ਤੇਰੇ,
    ਹੋਏ ਸ਼ਹੀਦ ਨੇ ਜੋ ਕੁਰਬਾਨ,
    ਸਦਾ ਅਨੰਦ ਸੰਪੂਰਨ ਰਾਜਾ,
    ਸਭੇ ਕਰਦੇ ਨੇ ਸਨਮਾਨ,
    ਬੰਦਗੀ ਕਰਦੇ ਰਹਿਣ ਹਮੇਸ਼ਾ,
    ਤੂੰ ਕਰ ਲੈਂਦਾ ਹੈਂ ਪਰਵਾਨ।

    4. ਅਸੀਮ ਤੇਰਾ ਪ੍ਰਤਾਪ ਖ਼ੁਦਾਇਆ,
    ਤੂੰ ਹੈਂ ਸਾਡਾ ਬਾਪ ਖ਼ੁਦਾ,
    ਇੱਕ ਅਕਾਲ ਪਹਿਲੌਠਾ ਬੇਟਾ,
    ਰੂਹ ਪਾਕ ਹੈ ਰਹਿਨੁਮਾ,
    ਇੱਜ਼ਤ ਦੇ ਸਭ ਹੱਕ ਤਿੰਨਾਂ ਨੂੰ,
    ਹੁਣ ਤੇ ਸਦਾ ਤੋਂ ਸਦਾ,
    ਪਾਵਨ ਹੈਂ ਤੂੰ ਪਾਕ ਜਲਾਲੀ,
    ਧਰਤੀ ਵੀ ਗੁਣ ਗਾਉਂਦੀ।

    5. ਮਸੀਹਾ ਮਾਲਿਕ ਸਭ ਰਾਜਾਂ ਦਾ,
    ਗੌਰਵ ਬਹੁਤ ਉਚੇਰਾ ਹੈ,
    ਸ਼ਬਦ ਆਪ ਹੈ ਉਹ ਰੱਬ ਦਾ,
    ਤੇਰੇ ਨਾਲ ਪਿਆਰ ਘਨ੍ਹੇੇਰਾ ਹੈ,
    ਬੰਦਿਆਂ ਦੇ ਸਭ ਪਾਪ ਹਰਨ ਨੂੰ,
    ਜੱਗ ਵਿੱਚ ਪਾਇਆ ਫੇਰਾ ਹੈ,
    ਕੰਨਿਆ ਤੋਂ ਅਵਤਾਰ ਲੈ ਲਿਆ,
    ਖੁਰਲੀ ਲਾਇਆ ਡੇਰਾ ਹੈ।

    6. ਪਾਈ ਫਤਹਿ ਤੂੰ ਮੌਤ ਦੇ ਉੱਤੇ,
    ਖੋਲ੍ਹਿਆ ਸੁਰਗ ਦੁਆਰਾ ਹੈ,
    ਤਾਹੀਓਂ ਆਦਮਜਾਤ ਦੇ ਅੰਦਰ,
    ਤੇਰਾ ਨਾਮ ਪਿਆਰਾ ਹੈ,
    ਬਾਪ ਦੇ ਸੱਜੇ ਬੈਠਾ ਸਵਰਗੀ,
    ਪਾਲਕ ਸਭ ਸੰਸਾਰਾ ਹੈ,
    ਨਿਆਂ ਹੋਵੇਗਾ ਵਕਤ ਆਖ਼ਰੀ,
    ਆਉਣਾ ਤੇਰਾ ਦੁਬਾਰਾ ਹੈ।

    7. ਬਹੁਮੁੱਲੇ ਇਸ ਨਾਲ ਖੂਨ ਦੇ,
    ਚੇਲੇ ਤੇਰੇ ਜੀਂਦੇ ਨੇ,
    ਸਾਨੂੰ ਪਾਕ ਫ਼ਜ਼ਲ ਦੇ ਰੱਬਾ,
    ਹੱਥ ਬੰਨ੍ਹ ਅਰਜ਼ ਕਰੀਂਦੇ ਨੇ,
    ਮਿਲੀਏ ਸੰਗ ਪਿਆਰੇ ਭਾਈਆਂ,
    ਜੋ ਵਿੱਚ ਸੁਰਗ ਵਸੀਂਦੇ ਨੇ,
    ਭੁੱਖ ਤੇ ਪਿਆਸ ਜਿੱਥੇ ਨਾ ਕੋਈ,
    ਰੱਜ–ਰੱਜ ਖਾਂਦੇ–ਪੀਂਦੇ ਨੇ।

    8. ਰੱਖ ਲੈ ਆਪਣੀ ਸ਼ਰਨ
    ਅਸਾਂ ਨੂੰ ਬਰਸਾ ਨੂਰ ਚੁਫ਼ੇਰੇ,
    ਰਾਹ ਦੱਸ ਦੇ ਅਸਾਂ ਲੋਕਾਂ ਨੂੰ,
    ਜੋ ਭਟਕਣ ਵਿੱਚ ਹਨੇਰੇ,
    ਆਪਣੇ ਬੰਦਿਆਂ ਨੂੰ ਬਲ ਬਖ਼ਸ਼ੋ,
    ਵੱਧ ਜਾਣ ਹੋਰ ਅਗੇਰੇ,
    ਗਾਈਏ ਸਨਾ ਤੇਰੇ ਨਾਮ ਦੀ,
    ਹੋ ਹੋ ਹੋਰ ਉਚੇਰੇ।

    9. ਬਚਾ ਕੇ ਰੱਖ ਗੁਨਾਹੋਂ ਸਾਨੂੰ,
    ਅੱਜ ਦੇ ਮੌਤ ਦੇ ਵੇਲੇ,
    ਤੂੰ ਫਜ਼ਲਾਂ ਦਾ ਹੈਂ ਸਰ ਚਸ਼ਮਾ,
    ਤੇਥੋਂ ਦੂਰ ਬਲਾਈਂ,
    ਆਉਂਦੇ ਨਾਲ ਇਮਾਨ ਅਸੀਂ ਹਾਂ,
    ਬਰਕਤ ਦੇ ਦੇ ਸਾਈਂ,
    ਮੈਂ ਹੁਣ ਕਿਉਂ ਘਬਰਾਵਾਂ ਜਦ ਤੂੰ,
    ਸੁਣ ਲਈ ਮੇਰੀ ਹਾਈਂ।

  • ---

    ਸ਼ਾਂਤੀ ਦਾ ਦੂਤ ਬਣਾਓ ਪ੍ਰਭੂ ਜੀ,
    ਮੈਨੂੰ ਸ਼ਾਂਤੀ ਦਾ ਦੂਤ ਬਣਾਓ।

    1. ਜਿੱਥੇ ਨਫ਼ਰਤ ਹੈ,
    ਉੱਥੇ ਪਿਆਰ ਤੇਰਾ ਫੈਲਾਈਏ,
    ਜਿੱਥੇ ਸੰਦੇਹ ਹੈ,
    ਉੱਥੇ ਵਿਸ਼ਵਾਸ ਤੇਰਾ ਫੈਲਾਈਏ।

    2. ਜਿੱਥੇ ਨਿਰਾਸ਼ਾ,
    ਉੱਥੇ ਆਸ਼ਾ ਤੇਰੀ ਲਿਆਈਏ,
    ਜਿੱਥੇ ਮਤਭੇਦ,
    ਉੱਥੇ ਏਕਤਾਈ ਤੇਰੀ ਲਿਆਈਏ।

    3. ਜਿੱਥੇ ਹਨ੍ਹੇਰਾ,
    ਉੱਥੇ ਰੌਸ਼ਨੀ ਤੇਰੀ ਫੈਲਾਈਏ,
    ਜਿੱਥ ਉਦਾਸੀ,
    ਉੱਥੇ ਖ਼ੁਸ਼ੀ ਤੇਰੀ ਫੈਲਾਈਏ।

    4. ਜਦੋਂ ਮਾਫ਼ ਕਰੀਏ,
    ਅਸੀਂ ਮਾਫ਼ੀ ਤੇਰੀ ਪਾਈਏ,
    ਜਦੋਂ ਕੁਝ ਮੰਗੀਏ ਪ੍ਰਭੂ ਜੀ,
    ਸਭ ਕੁਝ ਤੈਥੋਂ ਪਾਈਏ।

  • ---

    ਸ਼ਾਫ਼ੀ ਸੂਲੀ ਵਾਲਿਆ,
    ਆਪਣਾ ਰੂਹ ਤੂੰ ਭੇਜ,
    ਜ਼ਿੰਦਗੀ ਦੇਣ ਵਾਲਿਆ
    ਆਪਣਾ ਰੂਹ ਤੂੰ ਭੇਜ।

    1. ਭੁੱਖ ਤੇ ਦੁੱਖ ਬੀਮਾਰੀ ਤੋਂ ਮੈਂ,
    ਸੁੱਕੀਆਂ ਹੱਡੀਆਂ ਹੋ ਗਿਆ,
    ਮੇਰੇ ਤਨ ਵਿੱਚ ਫੂਕਾਂ ਮਾਰ,
    ਹੁਣ ਆਪਣਾ ਰੂਹ ਤੂੰ ਭੇਜ।

    2. ਮੈਂ ਤੇਰਾ ਹਾਂ ਤੂੰ ਮੇਰਾ,
    ਮੈਨੂੰ ਪਿਆਰ ਤੇਰੇ ਨਾਲ ਹੋ ਗਿਆ,
    ਤੂੰ ਮੈਨੂੰ ਛੱਡ ਕੇ ਨਾ ਜਾਵੀਂ,
    ਹੁਣ ਆਪਣਾ ਰੂਹ ਤੂੰ ਭੇਜ।

    3. ਤੂੰ ਮੈਨੂੰ ਗੁਸਲ ਕਰਾਇਆ ਏ,
    ਮੈਨੂੰ ਤਾਜ ਨੂਰਾਨੀ ਪਾਇਆ ਏ,
    ਮੈਨੂੰ ਆਪਣੇ ਕੋਲ ਬਿਠਾਇਆ ਏ,
    ਹੁਣ ਆਪਣਾ ਰੂਹ ਤੂੰ ਭੇਜ।

  • ---

    ਸ਼ਾਂਤੀ ਦੀ ਰਾਣੀ ਮਾਂ ਮਰੀਅਮ ਤੇਰਾ ਨਾਮ,
    ਰੱਬ ਨੇ ਬਣਾਈ ਤੇਰੀ ਡਾਢੀ ਉੱਚੀ ਸ਼ਾਨ।
    ਫਰਿਸ਼ਤੇ ਨਿਉਂਕੇ ਤੈਨੂੰ ਕਰਨ ਸਲਾਮ,
    ਕਰ ਲੈ ਕਬੂਲ ਹੁਣ ਸਾਡਾ ਵੀ ਸਲਾਮ।
    ਕਰ ਲੈ ਕਬੂਲ, ਕਰ ਲੈ ਕਬੂਲ,
    ਕਰ ਲੈ ਕਬੂਲ, ਮਾਂ ਕਰ ਲੈ ਕਬੂਲ।

    1. ਰੱਬ ਦਾ ਕਲਾਮ ਤੇਰੇ ਤਨ ਮਨ ਵੱਸਿਆ,
    ਖ਼ੁਦਾ ਦੀ ਰਜ਼ਾ ਦਾ ਭੇਦ ਪਾਕ ਰੂਹ ਨੇ ਦੱਸਿਆ।
    ਮੰਨ ਲਈਆਂ ਗੱਲਾਂ ਸਭੇ ਕੀਤਾ ਇਕਰਾਰ ਤੂੰ,
    ਕਰ ਲੈ ਕਬੂਲ ਹੁਣ ਸਾਡਾ ਵੀ ਸਲਾਮ ਤੂੰ।

    2. ਪਿਆਰ ਦਾ ਮੁਜੱਮਾ ਤੂੰ ਤੇਰਾ ਅਕਸ ਨਿਰਾਲਾ ਏ,
    ਦੁੱਖ ਸਭੇ ਸਹੇ ਪੀਤਾ ਗ਼ਮਾਂ ਦਾ ਪਿਆਲਾ ਏ।
    ਮਮਤਾ ਤੇਰੀ ਦਾ ਅਸਾਂ ਫੜ੍ਹ ਲਿਆ ਪੱਲਾ ਏ,
    ਮਿਲੀ ਤਸੱਲੀ ਸਾਨੂੰ ਤੇਰਾ ਪਿਆਰ ਅਵੱਲਾ ਏ।

    3. ਦੁਖੀਆਂ ਬਿਮਾਰਾਂ ਦਾ ਤੂੰ ਸੁਣ ਲੈ ਹਾੜਾ,
    ਮੈਂ ਵੀ ਤੇਰੇ ਦਰ ਆਇਆ ਮੰਗਦਾ ਸਹਾਰਾ।
    ਰੱਬ ਦੀ ਰਜ਼ਾ ’ਚ ਗਾਈਏ ਹਮਦ ਸਨਾ,
    ਮਾਂ ਦੀ ਸਿਫਾਰਿਸ਼ਾਂ ਤੇ ਪਿਆਰ ਦੀ ਪਨਾਹ।

  • ---

    ਸ਼ਾਨ ਮੇਰੇ ਯਿਸੂ ਜਿਹੀ ਕਿਸੇ ਨੇ ਨਾ ਪਾਈ ਏ,
    ਮਰਕੇ ਤਾਂ ਜ਼ਿੰਦਾ ਹੋਣਾ ਏਹੀ ਤਾਂ ਖ਼ੁਦਾਈ ਏ।

    1. ਚੁੱਕ ਲਈ ਸੂਲੀ ਉਹਨੇ ਸਾਰੇ ਗ਼ੁਨਾਹਗਾਰਾਂ ਲਈ,
    ਦਿੱਤੀ ਜਾਨ ਆਪਣੀ ਰੂਹ ਦੇ ਬਿਮਾਰਾਂ ਲਈ,
    ਰੂਹ ਸਾਰੇ ਜੱਗ ਦੀ ਯਿਸੂ ਨੇ ਬਚਾਈ ਏ।

    2. ਡਾਢਾ ਪਿਆਰ ਖ਼ੂਦਾ ਨੇ ਸਾਡੇ ਲਈ ਪਾਇਆ,
    ਦੇ ਕੇ ਬੇਟਾ ਦੁਨੀਆ ਨੂੰ ਆਪਣਾ ਬਣਾਇਆ,
    ਸਾਰੇ ਗ਼ੁਨਾਹਗਾਰਾਂ ਨੂੰ ਮਿਲ ਗਈ ਰਿਹਾਈ ਏ।

    3. ਦੁਨੀਆ ਲਈ ਹੋਇਆ ਯਿਸੂ ਨੂਰ-ਏ-ਖ਼ੁਦਾ ਏ,
    ਬਾਪ ਦੀ ਕੀਤੀ ਉਹਨੇ ਪੂਰੀ ਰਜ਼ਾ ਏ,
    ਅਬਦੀ ਨਜਾਤ ਯਿਸੂ ਰਾਹ ਵਿਖਾਈ ਏੇ।

  • ---

    ਸ਼ੁਕਰ ਕਰਾਂ ਪ੍ਰਭੂ ਤੇਰਾ, ਦਿੱਤਾ ਨਵਾਂ ਜੋ ਸਵੇਰਾ,
    ਤੂੰ ਆਦਿ ਹੈਂ ਤੇ ਅੰਤ ਹੈਂ, ਹਰ ਥਾਂ ਤੇਰਾ ਬਸੇਰਾ।

    1. ਕਰ ਮਜ਼ਬੂਤ ਇਮਾਨ ਮੇਰਾ,
    ਹੋ ਕੇ ਰਵਾਂ ਮੈਂ ਦਿਲ ਤੋਂ ਤੇਰਾ।

    2. ਤੇਰੇ ’ਤੇ ਸਦਾ ਇਮਾਨ ਮੇਰਾ,
    ਹੋ ਜਾਵੇ ਦੂਰ ਹਨੇਰਾ ਮੇਰਾ।

    3. ਮਾਲਿਕ ਤੂੰ ਮੇਰਾ ਮੈਂ ਸੇਵਕ ਤੇਰਾ,
    ਰਿਸ਼ਤਾ ਨਾ ਟੁੱਟੇ ਇਹ ਤੇਰਾ ਮੇਰਾ।

    4. ਹਰ ਇੱਕ ਦੇ ਮੈਂ ਕੰਮ ਆਵਾਂ,
    ਸਭ ਵਿੱਚ ਦੇਖਾਂ ਰੂਪ ਤੇਰਾ।

    5. ਤਨ ਮਨ ਕਰ ਪ੍ਰਭੂ ਪਾਕ ਮੇਰਾ,
    ਹੱਥ ਹੋਵੇ ਮੇਰੇ ਸਿਰ ’ਤੇ ਤੇਰਾ।

    6. ਨਾਮ ਜੱਪਾਂ ਮੈਂ ਨਿੱਤ ਦਿਨ ਤੇਰਾ,
    ਬਿਨ ਤੇਰੇ ਪ੍ਰਭੂ ਜੀ ਕੋਈ ਨਾ ਮੇਰਾ।

    7. ਦਿਲ ਵਿੱਚ ਮੇਰੇ ਤੂੰ ਲਾ ਲੈ ਡੇਰਾ,
    ਹਰਦਮ ਦੇਖਾਂ ਮੈਂ ਦਰਸ਼ਨ ਤੇਰਾ।

    8. ਆਪਣੀ ਦਇਆ ਦਾ ਦੀਪਕ ਜਲਾ,
    ਕਰਦੇ ਤੂੰ ਰੌਸ਼ਨ ਤਨ–ਮਨ ਮੇਰਾ।