ਬੁਲਾਹਟ | Vocation

ਇਹ ਭਜਨ ਮਾਲਾ ਦਾ ਦਸਵਾਂ ਹਿੱਸਾ ਹੈ। ਇਸ ਵਿੱਚ ਪ੍ਰੋਹਿਤਾਈ ਮਖ਼ਸੂਸੀਅਤ ਅਤੇ ਧਾਰਮਿਕ-ਪ੍ਰਣ ਦੀ ਰੀਤ ਮੌਕੇ ਗਾਏ ਜਾਂਦੇ ਭਜਨਾਂ ਨੂੰ ਜੋੜਿਆ ਗਿਆ ਹੈ।


  • ---

    ਤੇਰੇ ਪਿੱਛੇ ਆਉਣ ਲਈ ਮੈਂ ਤਿਆਰ ਹਾਂ,
    ਤੇਰੀ ਸੇਵਾ ਲਈ ਤਾਂ ਮੈਂ ਬੇਕਰਾਰ ਹਾਂ।

    1. ਤੂੰ ਹੀ ਚੁਣਿਆ ਹੈ ਮੈਨੂੰ ਤੂੰ ਬੁਲਾਇਆ ਹੈ,
    ਪਿਆਰ ਆਪਣਾ ਅਸੀਮ
    ਤੂੰ ਵਿਖਾਇਆ ਹੈ।
    ਤੇਰੇ ਨਾਮ ਦਾ ਕਰਾਂਗਾ ਪ੍ਰਚਾਰ ਮੈਂ,
    ਤੇਰੀ ਸੇਵਾ ਲਈ ਤਾਂ ਮੈਂ ਬੇਕਰਾਰ ਹਾਂ।

    2. ਤੈਨੂੰ ਕਰਦਾ ਹਾਂ ਅਰਪਣ ਜੀਵਨ ਸਾਰਾ ਮੈਂ,
    ਤੇਰੇ ਵਾਇਦੇ ’ਤੇ ਰੱਖਦਾ ਆਸਰਾ ਮੈਂ।
    ਤੇਰੇ ਸੱਦੇ ’ਤੇ ਰਹਾਂਗਾ ਵਫ਼ਾਦਾਰ ਮੈਂ,
    ਤੇਰੀ ਸੇਵਾ ਲਈ ਤਾਂ ਮੈਂ ਬੇਕਰਾਰ ਹਾਂ।

    3. ਤੇਰੀ ਰਾਹ ਉੱਤੇ ਸਦਾ ਚੱਲਦਾ ਜਾਵਾਂ ਮੈਂ,
    ਤੂੰ ਏਂ ਸੱਚ ਇਹ ਲੋਕਾਂ ’ਚ ਫੈਲਾਵਾਂ ਮੈਂ।
    ਤੇਰੇ ਲੋਕਾਂ ਲਈ ਹਾਂ ਮੰਗਦਾ ਦੁਆਵਾਂ ਮੈਂ,
    ਤੇਰੀ ਸੇਵਾ ਲਈ ਤਾਂ ਮੈਂ ਬੇਕਰਾਰ ਹਾਂ।

  • ---

    ਚੁਣਿਆ ਖ਼ੁਦਾ ਨੇ ਸਾਨੂੰ,
    ਮੌਜ ਲੱਗ ਗਈ ਏ,
    ਆਪਣਾ ਬਣਾ ਕੇ ਸਾਡੀ
    ਬਾਂਹ ਫੜ੍ਹ ਲਈ ਏ।

    1. ਦਰ ਤੇਰੇ ਆ ਕੇ ਮੈਂ
    ਸਿਰ ਨੂੰ ਝੁਕਾਵਣਾ,
    ਤੇਰੀ ਦਿੱਤੀ ਆਗਿਆ
    ਦੀ ਕਰਨੀ ਪਾਲਣਾ,
    ਆ ਕੇ ਤੇਰੇ ਕੋਲ ਮੇਰੀ
    ਚਿੰਤਾ ਦੂਰ ਗਈ ਏ।

    2. ਛੱਡ ਕੇ ਦੁਆਰੇ ਸਾਰੇ,
    ਤੈਨੂੰ ਅਪਨਾ ਲਿਆ,
    ਉਲਝੇ ਸਵਾਲਾਂ ਦਾ ਜਵਾਬ
    ਤੇਥੋਂ ਪਾ ਲਿਆ,
    ਆਸ ਪੂਰੀ ਹੋਈ ਕੋਈ
    ਥੁੜ੍ਹ ਵੀ ਨਾ ਰਹੀ ਏ।

    3. ਜ਼ਿੰਦਗੀ ਨੇ ਤੇਰੇ ਨਾਲ
    ਨਾਤਾ ਲਿਆ ਜੋੜ ਏ,
    ਹੁਣ ਮੈਨੂੰ ਬੱਸ ਤੇਰੇ
    ਪਿਆਰ ਦੀ ਹੀ ਲੋੜ ਏ,
    ਡੋਰ ਮੇਰੀ ਜ਼ਿੰਦਗੀ ਦੀ
    ਤੇਰੇ ਹੱਥ ਪਈ ਏ।

    4. ਦਿਲ ਦੀ ਤਮੰਨਾ ਸੀ
    ਕਿ ਪਿਆਰ ਤੇਰਾ ਪਾ ਲਵਾਂ,
    ਤਿਆਗ ਕੇ ਜਹਾਨ ਤੈਨੂੰ
    ਸੀਨੇ ਨਾਲ ਲਾ ਲਵਾਂ,
    ਗੁਣ ਤੇਰੇ ਗਾਵਾਂ ਆਖਾਂ
    ਗੱਲ ਬਣ ਗਈ ਏ।

  • ---

    ਬਣ ਗਏ ਹਾਂ ਦਾਸ ਸੱਚੇ ਰੱਬ ਦੇ,
    ਛੱਡੇ ਕਾਰੋਬਾਰ ਅਸੀਂ ਜੱਗ ਦੇ।

    1. ਰਹਿਣਾ ਏ ਗਰੀਬ ਅਸਾਂ ਬਣ ਕੇ,
    ਆਗਿਆਕਾਰੀ ਦੇ ਵਿੱਚ ਠਣ ਕੇ,
    ਸ਼ੁੱਧਤਾ ਦਾ ਲੜ੍ਹ ਅਸੀਂ ਫੜ੍ਹ ਕੇ,
    ਛੱਡੇ ਕਾਰੋਬਾਰ ਅਸੀਂ ਜੱਗ ਦੇ।

    2. ਦੁਨੀਆ ਲਈ ਚੰਗੇ ਭਾਵੇਂ ਮੰਦੇ ਆਂ,
    ਨਾਮ ਯਿਸੂ ਦੇ ਵਿੱਚ ਰੰਗੇ ਆਂ,
    ਵਾਸਨਾਵਾਂ ਸੂਲੀ ਨਾਲ ਟੰਗ ਕੇ,
    ਛੱਡੇ ਕਾਰੋਬਾਰ ਅਸੀਂ ਜੱਗ ਦੇ।

    3. ਰੱਬ ਨਾਲ ਪਿਆਰ ਅਸਾਂ ਪਾ ਲਿਆ,
    ਤਨ–ਮਨ ਸਭ ਕੁਝ ਵਾਰਿਆ,
    ਕਰਨਾ ਪ੍ਰਚਾਰ ਅਸੀਂ ਰਲ ਕੇ,
    ਛੱਡੇ ਕਾਰੋਬਾਰ ਅਸੀਂ ਜੱਗ ਦੇ।

    4. ਦੁਖੀਆਂ ਦਾ ਦਰਦ ਵੰਡਾਵਾਂਗੇ,
    ਨਾਮ ਯਿਸੂ ਜੱਗ ’ਚ ਫੈਲਾਵਾਂਗੇ,
    ਝੱਲਾਂਗੇ ਮੁਸੀਬਤਾਂ ਨੂੰ ਹੱਸ ਕੇ,
    ਛੱਡੇ ਕਾਰੋਬਾਰ ਅਸੀਂ ਜੱਗ ਦੇ।

  • ---

    ਪਰਦੇਸੀ, ਮੁਸਾਫ਼ਿਰ, ਅਜਨਬੀ,
    ਬਣ ਗਏ ਹਾਂ ਤੇਰੀ ਖ਼ਾਤਿਰ ਐ ਮਸੀਹ।

    1. ਦੁਨੀਆ ਦੀਆਂ ਦਾਤਾਂ ਤੋਂ
    ਮੁਖ ਅਸਾਂ ਮੋੜਿਆ,
    ਛੱਡ ਐਸ਼ ਆਰਾਮ,
    ਨਾਤਾ ਤੇਰੇ ਨਾਲ ਜੋੜਿਆ,
    ਅਸਾਂ ਕਰਨਾ ਪਿਆਰ
    ਤੈਨੂੰ ਬਣ ਕੇ ਫਕੀਰ,
    ਸਾਡਾ ਤੂੰ ਹੀ ਏਂ ਸਹਾਰਾ
    ਕੋਈ ਹੋਰ ਨਹੀਂ।

    2. ਖੂਨੀ ਰਿਸ਼ਤੇ ਤੇ ਘਰ
    ਪਰਿਵਾਰ ਤਿਆਗ ਕੇ,
    ਆ ਗਏ ਹਾਂ ਦੁਆਰ
    ਸਭ ਕੁਝ ਇਨਕਾਰ ਕੇ,
    ਅਪਨਾ ਲੈ ਪ੍ਰਭੂ ਸਾਨੂੰ
    ਜਾਣੀਂ ਨਾ ਹਕੀਰ,
    ਸਾਡਾ ਤੇਰੇ ਤੋਂ ਬਿਨਾਂ
    ਕੋਈ ਹੋਰ ਨਹੀਂ।

    3. ਲਾ ਦਿੱਤੀ ਏ ਜਾਨ,
    ਤੇਰੇ ਲੇਖੇ ਖ਼ੁਦਾਇਆ,
    ਤੇਰੀ ਆਗਿਆ ਨੂੰ ਅਸਾਂ
    ਦਿਲ ਤੋਂ ਹੈ ਨਿਭਾਇਆ,
    ਸਾਡੇ ਕੋਲ ਨਾ ਧਨ
    ਦੌਲਤ ਤੇ ਜਾਗੀਰ,
    ਸਾਡਾ ਸਭ ਕੁਝ ਤੂੰ
    ਕੋਈ ਹੋਰ ਨਹੀਂ।