ਆਮਦ | Advent

ਇਹ ਭਜਨ ਮਾਲਾ ਦਾ ਬਾਈਵਾਂ ਹਿੱਸਾ ਹੈ। ਇਸ ਵਿੱਚ ਪ੍ਰਭੂ ਦੀ ਆਮਦ ਦੇ ਸਮੇਂ ਗਾਏ ਜਾਣ ਵਾਲੇ ਗੀਤਾਂ ਨੂੰ ਸ਼ਾਮਿਲ ਕੀਤਾ ਗਿਆ ਹੈ। ਆਮਦ ਉਡੀਕ ਦਾ ਸਮਾਂ ਹੈ। ਇਹ ਰੂਹਾਨੀ ਤਿਆਰੀ ਦਾ ਸਮਾਂ ਹੈ।


  • ---

    1. ਇੱਕ ਦਿਨ ਮਰੀਅਮ ਕੋਲ ਫਰਿਸ਼ਤੇ,
    ਆਣ ਸਲਾਮ ਬੁਲਾਇਆ।

    2. ਦੇਖ ਫਰਿਸ਼ਤਾ ਮਰੀਅਮ ਡਰ ਗਈ,
    ਇਹ ਕੀ ਖ਼ਬਰ ਲਿਆਇਆ।

    3. ਕਿਹਾ ਫਰਿਸ਼ਤੇ ਨਾ ਡਰ ਮਰੀਅਮ,
    ਰੱਬ ਨੇ ਕਰਮ ਕਮਾਇਆ।

    4. ਘਰ ਮਰੀਅਮ ਦੇ ਪੈਦਾ ਹੋਇਆ,
    ਯਿਸੂ ਨਾਮ ਰਖਾਇਆ।

    5. ਬੈਤਲਹਮ ਵਿੱਚ ਅੱਧੀ ਰਾਤੀਂ,
    ਖੁਰਲੀ ਡੇਰਾ ਲਾਇਆ।

    6. ਪੂਰਬ ਦੇਸ਼ੋਂ ਆਏ ਮਜੂਸੀ,
    ਤਾਰੇ ਰਾਹ ਦਿਖਲਾਇਆ।

    7. ਧੰਨ–ਧੰਨ ਕਰਦੇ ਫਿਰਨ ਅਯਾਲੀ,
    ਦਰਸ਼ਨ ਆ ਕੇ ਪਾਇਆ।

    8. ਆਇਆ ਯਿਸੂ ਸਾਡੀ ਖ਼ਾਤਿਰ,
    ਆਪਣਾ ਰੂਪ ਵਟਾਇਆ।

    9. ਧੰਨ–ਧੰਨ ਮਰੀਅਮ ਪਾਕ ਕੁਵਾਰੀ,
    ਧੰਨ–ਧੰਨ ਉਹਦਾ ਜਾਇਆ।

  • ---

    ਤੌਬਾ ਤੁਸੀਂ ਕਰ ਲਓ ਲੋਕੋ ਛੱਡੋ ਬਦਕਾਰੀਆਂ,
    ਆਮਦ ਹੈ ਨੇੜੇ ਆਈ ਕਰ ਲਓ ਤਿਆਰੀਆਂ।

    1. ਆਮਦ ਦੇ ਨਿਸ਼ਾਨ ਵਿੱਚ ਅੰਜੀਲ ਪਏ ਲੱਭਦੇ ਨੇ,
    ਪੜ੍ਹ–ਪੜ੍ਹ ਕੇ ਦੇਖੋ ਵਾਇਦੇ ਸੱਚੇ ਹੈ ਨੇ ਰੱਬ ਦੇ,
    ਨਰਸਿੰਗਾ ਫੂਕਣ ਦੀਆਂ ਹੋਈਆਂ ਤਿਆਰੀਆਂ।

    2. ਜਗ੍ਹਾ–ਜਗ੍ਹਾ ਕਾਲ ਪੈਂਦੇ, ਨਿੱਤ ਨੇ ਸੈਲਾਬ ਰਹਿੰਦੇ,
    ਨਵੇਂ ਦਿਨ ਭੁਚਾਲ ਆਵਣ ਨਿੱਤ ਨੇ ਮਕਾਨ ਢਹਿੰਦੇ,
    ਘਰ–ਘਰ ਝਗੜਾ ਵਧਿਆ, ਲੱਖਾਂ ਨੇ ਬਿਮਾਰੀਆਂ।

    3. ਮਾਂ ਦੀ ਧੀ ਨਾ ਮੰਨੇ, ਬਾਪ ਦੀ ਨਾ ਬੇਟਾ ਮੰਨੇ,
    ਕੌਮ ’ਤੇ ਕੌਮ ਚੜ੍ਹਾਈ, ਬਾਦਸ਼ਾਹੀ ’ਤੇ ਬਾਦਸ਼ਾਹੀ,
    ਚਾਰ ਚੁਫ਼ੇਰੇ ਹੋਈਆਂ ਜੰਗ ਤਿਆਰੀਆਂ।

    4. ਸਾਰੀ ਕਮਾਈ ਬੁਰਿਆਂ ਕੰਮਾਂ ਵਿੱਚ ਲਾਉਂਦੇ,
    ਰਾਤ ਦਿਨੇ ਡਾਢੇ ਪਾਪ ਕਮਾਉਂਦੇ,
    ਦੌਲਤ ਦੇ ਨਸ਼ਿਆਂ ਨਾਲ ਚੜ੍ਹੀਆਂ ਖੁਮਾਰੀਆਂ।

    5. ਚਾਰ ਚੁਫ਼ੇਰੇ ਬੀਜ ਯਿਸੂ ਨੇ ਖਲਾਰਿਆ,
    ਥੱਕਿਓ ਤੇ ਮਾਂਦਿਓ ਆ ਜਾਓ ਯਿਸੂ ਨੇ ਪੁਕਾਰਿਆ,
    ਫਸਲ ਹੈ ਪੱਕੀ ਹੋਈ ਕੱਟਣ ਦੀਆਂ ਤਿਆਰੀਆਂ।