ਆਮ ਮੌਕੇ | Common

ਇਹ ਭਜਨ ਮਾਲਾ ਦਾ ਚੌਵੀਵਾਂ ਹਿੱਸਾ ਹੈ। ਇਸ ਵਿੱਚ ਆਮ ਮੌਕਿਆਂ ’ਤੇ ਗਾਏ ਜਾਣ ਵਾਲੇ ਭਜਨਾਂ ਨੂੰ ਸ਼ਾਮਿਲ ਕੀਤਾ ਗਿਆ ਹੈ।


  • ---

    ਅਸੀਂ ਰੱਬ ਦੇ ਬੰਦੇ ਹਾਂ ਤੇ ਰੱਬ ਸਾਨੂੰ
    ਪਿਆਰ ਕਰਦੇ ਏ,
    ਅਸੀਂ ਰੁਲਦੇ ਫਿਰਦੇ ਸਾਂ,
    ਤੇ ਹੁਣ ਸਾਨੂੰ ਯਿਸੂ ਮਿਲਿਆ ਏ।

    1. ਅਸੀਂ ਲੱਭਦੇ ਫਿਰਦੇ ਸਾਂ,
    ਖ਼ੁਦਾ ਦੀਆਂ ਸੱਚੀਆਂ ਰਾਹਾਂ ਨੂੰ,
    ਅਸੀਂ ਨਿੱਤ ਤਰਸਦੇ ਸਾਂ,
    ਪਿਆਰ ਦੀਆਂ ਠੰਡੀਆਂ ਛਾਵਾਂ ਨੂੰ।
    ਸਾਨੂੰ ਸੱਚੀ ਜ਼ਿੰਦਗੀ ਦਾ,
    ਯਿਸੂ ਨੇ ਰਸਤਾ ਦੱਸਿਆ ਏ,
    ਅਸੀਂ ਰੁਲਦੇ ਫਿਰਦੇ ਸਾਂ,
    ਤੇ ਹੁਣ ਸਾਨੂੰ ਯਿਸੂ ਮਿਲਿਆ ਏ।

    2. ਜਿਨ੍ਹਾਂ ਨੂੰ ਮਾਫ਼ੀ ਮਿਲ ਗਈ ਏ,
    ਉਨ੍ਹਾਂ ਦੇ ਭਾਗ ਜਾਗੇ ਨੇ,
    ਅੱਖਾਂ ਵਿੱਚ ਖ਼ੁਸ਼ੀਆਂ ਵੱਸੀਆਂ ਨੇ,
    ਦਿਲਾਂ ਵਿੱਚ ਚਾਨਣ ਹੋ ਗਏ ਨੇ।
    ਵੇਖੋ ਜੀ ਰੱਬ ਦਾ ਪਿਆਰ,
    ਜਿਹੜਾ ਜੱਗ ਤੋਂ ਵੱਖਰਾ ਏ,
    ਅਸੀਂ ਰੁਲਦੇ ਫਿਰਦੇ ਸਾਂ,
    ਤੇ ਹੁਣ ਸਾਨੂੰ ਪਿਆਰ ਮਿਲਿਆ ਏ।

    3. ਹੁਣ ਚਾਰ ਚੁਫ਼ੇਰੇ ਖ਼ੁਸ਼ੀਆਂ ਦੇ ਫੁੱਲ,
    ਸੱਜਰੇ ਖਿੜ ਗਏ ਨੇ,
    ਅਰਸ਼ਾਂ ਦੇ ਵਾਰਿਸ ਹੋ ਗਏ ਨੇ ਜਿਹੜੇ,
    ਕਦਮੀਂ ਲੱਗ ਗਏ ਨੇ।
    ਸਾਡੇ ਉੱਜੜਿਆਂ ਬਾਗ਼ਾਂ ਨੂੰ,
    ਯਿਸੂ ਨੇ ਆਣ ਵਸਾਇਆ ਏ,
    ਅਸੀਂ ਰੁਲਦੇ ਫਿਰਦੇ ਸਾਂ,
    ਤੇ ਹੁਣ ਸਾਨੂੰ ਯਿਸੂ ਮਿਲਿਆ ਏ।

  • ---

    ਗਾਓ–ਗਾਓ, ਰੱਬ ਦੀ ਸਨਾ,
    ਗਾਓ ਸਾਰੇ ਰੱਬ ਦੀ ਸਨਾ।

    1. ਮੇਰੇ ਨਾਲ ਹੈ ਆਪ ਖ਼ੁਦਾਵੰਦ,
    ਮੈਨੂੰ ਡਰ ਹੈ ਕਿਸ ਗੱਲ ਦਾ,
    ਹਰ ਘੜੀ ਉਹ ਸਾਥ ਹੈ ਦੇਂਦਾ,
    ਰਾਖਾ ਮੇਰੇ ਹਰ ਪਲ ਦਾ।

    2. ਕੈਸੇ ਵੀ ਹੋਣ ਦੁਸ਼ਮਣ ਮੇਰੇ,
    ਜਿੱਤ ਸਦਾ ਮੈਂ ਪਾਵਾਂਗਾ,
    ਮੇਰੀ ਢਾਲ ਹੈ ਆਪ ਖ਼ੁਦਾਵੰਦ,
    ਮਾਤ ਕਦੀ ਨਾ ਖਾਵਾਂਗਾ।

    3. ਦੁਸ਼ਮਣ ਦੀ ਤਲਵਾਰ ਨੂੰ ਆਪੇ,
    ਰੱਬ ਹੁਣ ਤੋੜ ਵਿਖਾਵੇਗਾ,
    ਮੇਰਾ ਵਾਲ ਨਾ ਵਿੰਗਾ ਹੋਵੇ,
    ਏਦਾਂ ਰੱਬ ਬਚਾਵੇਗਾ।

  • ---

    ਜਦੋਂ ਬਰਕਤ ਮਿਲਦੀ ਏ,
    ਦਿਵਾਨੇ ਉਦੋਂ ਨੱਚਦੇ ਨੇ,
    ਜਦੋਂ ਮੱਸਾਹ ਮਿਲ ਜਾਂਦਾ ਏ,
    ਦਿਵਾਨੇ ਉਦੋਂ ਨੱਚਦੇ ਨੇ।

    1. ਖ਼ੁਸ਼ੀਆਂ ਦੇ ਗੀਤ ਸਦਾ,
    ਯਿਸੂ ਲਈ ਗਾਵਾਂਗੇ,
    ਯਿਸੂ ਸਾਡੇ ਨਾਲ,
    ਉਹਦੀ ਜੈ ਜੈ ਗਾਵਾਂਗੇ,
    ਜਦੋਂ ਯਿਸੂ ਨਾਲ ਚੱਲਦਾ ਏ,
    ਦਿਵਾਨੇ ਉਦੋਂ ਨੱਚਦੇ ਨੇ।

    2. ਯਿਸੂ ਸੋਹਣਾ ਵੇਖੋ ਸਾਡੇ,
    ਕੰਮ ਜੇ ਸਵਾਰਦਾ,
    ਹੱਥ ਫੜ੍ਹ ਸਾਡਾ,
    ਸਾਨੂੰ ਡੁੱਬਿਆਂ ਨੂੰ ਤਾਰਦਾ,
    ਜਦੋਂ ਸੋਹਣਾ ਹੱਥ ਫੜ੍ਹਦਾ ਏ,
    ਦਿਵਾਨੇ ਉਦੋਂ ਨੱਚਦੇ ਨੇ।

    3. ਬਾਦਸ਼ਾਹ ਜਲਾਲੀ,
    ਉਹ ਦਿਲਾਂ ਦੀਆਂ ਜਾਣਦਾ,
    ਰੋਗਾਂ ਦੀ ਦਵਾ,
    ਸਭ ਮਰਜ਼ ਪਛਾਣਦਾ,
    ਜਦੋਂ ਸ਼ਾਫ਼ੀ ਮਿਲ ਜਾਂਦਾ ਏ,
    ਦਿਵਾਨੇ ਉਦੋਂ ਨੱਚਦੇ ਨੇ।

  • ---

    ਰੂਹ ਕਹਿੰਦੀ ਏ ਸ਼ਾਫ਼ੀ ਨੂੰ,
    ਮੈਂ ਤੇਰੀ ਬਣ ਗਈ ਆਂ ਯਿਸੂ ਜੀ,
    ਮੇਰੇ ਦਿਲ ਦਾ ਮਾਲਿਕ ਤੂੰ,
    ਰੂਹ ਕਹਿੰਦੀ ਏ ਸ਼ਾਫ਼ੀ ਨੂੰ।

    1. ਥੱਕੀ ਹਾਂ ਲੱਭ ਲੱਭ ਵੈਦ ਸਿਆਣੇ,
    ਮੇਰੀ ਮਰਜ਼ ਕੋਈ ਨਾ ਜਾਣੇ,
    ਸਭ ਮਰਜ਼ਾਂ ਦੇਖ ਸ਼ਰਮਾਏ,
    ਮੇਰੀ ਮਰਜ਼ ਦਾ ਵੈਦ ਤੂੰ।

    2. ਤੈਨੂੰ ਦੇਖ ਤਬੀਬ ਚੰਗੇਰਾ,
    ਤੇਰੇ ਦਰ ’ਤੇ ਲਾਇਆ ਡੇਰਾ,
    ਸ਼ਾਫ਼ੀ ਮਰਜ਼ ਗੁਨਾਹ ਦਾ ਮੇਰਾ,
    ਲਿਖਿਆ ਏ ਅਜ਼ਲ ਤੋਂ ਤੂੰ।

    3. ਮੇਰੀ ਦੌੜ੍ਹ ਤੇਰੇ ਦਰ ਤਾਈਂ,
    ਮੇਰਾ ਬੇੜਾ ਬੰਨੇ ਲਾਈਂ,
    ਕਰ ਕੇ ਰਹਿਮ ਮੈਨੂੰ ਤੂੰ ਬਚਾਈਂ,
    ਮਾਫ਼ੀ ਦੇਵਣ ਵਾਲਾ ਤੂੰ।

    4. ਸਾਡੀ ਖ਼ਾਤਿਰ ਜੱਗ ਤੇ ਆਇਓਂ,
    ਨਾਲੇ ਮੁਕਤੀ ਨਾਲ ਲਿਆਇਓ,
    ਪੁੱਤਰ ਰੱਬ ਦਾ ਆਪ ਸਦਾਇਓਂ,
    ਸਾਰੇ ਜੱਗ ਦਾ ਮਾਲਿਕ ਤੂੰ।

  • ---

    ਜਾਨ ਦੇ ਕੇ ਮੇਰੇ ਲਈ, ਦੁੱਖ ਆਪ ਚਾ ਲਿਆ,
    ਆ ਕੇ ਮੈਨੂੰ ਮਰਦੇ ਨੂੰ, ਸ਼ਾਫ਼ੀ ਨੇ ਬਚਾ ਲਿਆ।

    1. ਉਹਦੇ ਬਾਝੋਂ ਮੇਰਾ ਕੋਈ, ਬਣਿਆ ਹਬੀਬ ਨਾ,
    ਹੋਰ ਕੋਈ ਉਹਦੇ ਜਿਹਾ, ਦਿਸਿਆ ਤਬੀਬ ਨਾ,
    ਸਭ ਨੂੰ ਮੈਂ ਆਪਣਾ ਸੀ, ਮਰਜ਼ ਵਿਖਾ ਲਿਆ।

    2. ਯਿਸੂ ਪਿੱਛੇ ਚੱਲਣਾ ਮੈਂ ਰਾਹ ਭਾਵੇਂ ਔਖਾ ਏ,
    ਆਉਣਾ ਨਹੀਂ ਫ਼ਰੇਬ ਵਿੱਚ ਦੁਨੀਆ ਇਹ ਧੋਖਾ ਏ,
    ਬੜ੍ਹਾ ਚਿਰ ਜੱਸ ਦਾ ਮੈਂ, ਡੰਗ ਵੀ ਆ ਖਾ ਲਿਆ।

    3. ਆਵੇ ਉਹਦੇ ਕੋਲ ਜਿਹੜਾ ਹੋ ਜਾਂਦਾ ਸਾਫ਼ ਏ,
    ਪਾਪੀ ਬਦਕਾਰਾਂ ਨੂੰ ਉਹ ਕਰ ਦਿੰਦਾ ਮਾਫ਼ ਏ,
    ਉਹਦੇ ਅੱਗੇ ਆਪਣੇ ਮੈਂ, ਸਿਰ ਨੂੰ ਝੁਕਾ ਲਿਆ।

  • ---

    ਨਜ਼ਰ ਆਪਣੇ ਪਿਆਰ ਦੀ ਪ੍ਰਭੂ ਮੇਰੇ ਉੱਤੇ ਕਰ,
    ਝੋਲੀ ਮੇਰੀ ਹੈ ਖਾਲੀ ਬਰਕਤ ਦੇ ਨਾਲ ਭਰ।

    1. ਪਾਪੀ ਹਾਂ ਮੈਂ ਖ਼ੁਦਾਇਆ ਤੂੰ ਮੈਨੂੰ ਮਾਫ਼ ਕਰਦੇ,
    ਖੂਨ ਆਪਣੇ ਨਾਲ ਧੋ ਕੇ ਜ਼ਖ਼ਮ ਦਿਲ ਦੇ ਸਾਫ਼ ਕਰਦੇ,
    ਹੁਕਮਾਂ ਨੂੰ ਤੇਰੇ ਮੰਨਾਂ ਨਾਲੇ ਮੰਨ ਤੇਰਾ ਡਰ।

    2. ਦੁਨੀਆ ਦੀ ਕੋਈ ਦੌਲਤ ਤੇਰੇ ਤੋਂ ਨਹੀਂ ਪਿਆਰੀ,
    ਮੈਂ ਹੱਸ ਕੇ ਵਾਰ ਦੇਵਾਂ ਤੇਰੇ ਤੋਂ ਦੁਨੀਆ ਸਾਰੀ,
    ਬਾਗ਼-ਏ-ਅਦਨ ਤੋਂ ਪਿਆਰਾ ਲੱਗਦਾ ਯਿਸੂ ਦਾ ਦਰ।

    3. ਸੁਣ ਲੈ ਦੁਆ ਤੂੰ ਮੇਰੀ ਮੇਰੇ ਮਸੀਹਾ ਪਿਆਰੇ,
    ਤੇਰੇ ਹੀ ਗੀਤ ਗਾਵਣ ਦੁਨੀਆ ਦੇ ਲੋਕ ਸਾਰੇ,
    ਤੇਰੇ ਪਿਆਰ ਦਾ ਦਿਵਾਨਾ ਹੋ ਜਾਏ ਹਰ ਬਸ਼ਰ।

  • ---

    ਯਿਸੂ ਨਾਲ ਪ੍ਰੀਤ ਜਿਨ੍ਹਾਂ ਦੀ,
    ਉਹ ਪਾਪੀ ਤਰ ਜਾਵਣਗੇ।

    1. ਐਂਵੇਂ ਉਮਰ ਗਵਾਈ ਮੂਰਖ,
    ਦੁਨੀਆ ਕੂੜ ਪਸਾਰਾ ਈ,
    ਹੁਣ ਵੀ ਸੋਚ ਸਮਝ ਦਾ ਵੇਲਾ,
    ਇਹ ਦਿਨ ਹੱਥ ਨਾ ਆਵਣਗੇ।

    2. ਨਾਲ ਨਾ ਕੁਝ ਲੈ ਜਾਣਾ ਪਿਆਰੇ,
    ਐਂਵੇਂ ਖੱਪ–ਖੱਪ ਮਰਨਾ ਏ,
    ਧਨ ਦੌਲਤ ਤੇ ਮਾਲ ਖ਼ਜ਼ਾਨੇ,
    ਇੱਥੇ ਹੀ ਰਹਿ ਜਾਵਣਗੇ।

    3. ਜਿਨ੍ਹਾਂ ਲਈ ਤੂੰ ਪਾਪ ਕਮਾਵੇਂ,
    ਯਾਰ ਕਿਸੇ ਨਾ ਬਣਨਾ ਏ,
    ਮਾਂ–ਪਿਓ, ਮਿੱਤਰ, ਯਾਰ ਪਿਆਰੇ,
    ਨਾਲ ਨਾ ਕੋਈ ਜਾਵਣਗੇ।

  • ---

    ਰੱਖਿਆ ਇਮਾਨ ਜਿਨ੍ਹਾਂ ਸੱਚੇ ਰੱਬ ’ਤੇ,
    ਝੱਲ ਲੈਂਦੇ ਦੁਖੜੇ ਹਜ਼ਾਰ ਜੱਗ ਦੇ।

    1. ਪਤਰਸ ਨੂੰ ਸੰਗਲਾਂ ਦੇ ਨਾਲ ਬੰਨ੍ਹਿਆ,
    ਅੱਧੀ ਰਾਤੀਂ ਦੂਤ ਬੂਹਾ ਆਣ ਭੰਨ੍ਹਿਆ,
    ਖੁੱਲ੍ਹ ਗਏ ਦਰਵਾਜ਼ੇ ਤਾੜ–ਤਾੜ ਵੱਜਦੇ,
    ਝੱਲ ਲੈਂਦੇ ਦੁਖੜੇ ਹਜ਼ਾਰ ਜੱਗ ਦੇ।

    2. ਦਾਨੀਏਲ ਨੂੰ ਸ਼ੇਰਾਂ ਅੱਗੇ ਗਿਆ ਸੁੱਟਿਆ,
    ਰਾਜੇ ਨੇ ਆਵਾਜ਼ ਮਾਰੀ ਦੱਸ ਕਿੱਥੇ ਆ,
    ਸ਼ੇਰਾਂ ਦੇ ਮੂੰਹ ਨੂੰ ਤਾਲੇ ਇੰਝ ਲੱਗ ਗਏ,
    ਝੱਲ ਲੈਂਦੇ ਦੁਖੜੇ ਹਜ਼ਾਰ ਜੱਗ ਦੇ।

    3. ਬਲ਼ਦੀ ਹੋਈ ਭੱਠੀ ਠੰਡੀ ਸੀਤ ਹੋ ਗਈ,
    ਜਿਨ੍ਹਾਂ ਦੀ ਯਿਸੂ ਦੇ ਨਾਲ ਪ੍ਰੀਤ ਹੋ ਗਈ,
    ਯਿਸੂ ਦੇ ਦਿਵਾਨੇ ਅੱਗ ਵਿੱਚ ਗੱਜਦੇ,
    ਝੱਲ ਲੈਂਦੇ ਦੁਖੜੇ ਹਜ਼ਾਰ ਜੱਗ ਦੇ।

  • ---

    ਪਾਪਾਂ ਦੀ ਦਵਾ ਯਿਸੂ ਦਿੰਦਾ ਹੈ ਬਿਮਾਰਾਂ ਨੂੰ,
    ਆ ਜਾਓ ਮੇਰੇ ਕੋਲ ਵਾਜਾਂ ਮਾਰੇ ਗੁਨਾਹਗਾਰਾਂ ਨੂੰ।

    1. ਉੱਠ ਪਾਪੀ ਬੰਦਿਆ ਤੂੰ ਕਿਉਂ ਲਾਈ ਦੇਰ ਓਏ,
    ਇਹੋ ਜਿਹਾ ਮੌਕਾ ਤੈਨੂੰ ਲੱਭਣਾ ਨਹੀਂ ਫੇਰ ਓਏ,
    ਦਿੰਦਾ ਹੈ ਨਜਾਤ ਯਿਸੂ ਲੱਖਾਂ ਤੇ ਹਜ਼ਾਰਾਂ ਨੂੰ,
    ਆ ਜਾਓ ਮੇਰੇ ਕੋਲ ਵਾਜਾਂ ਮਾਰੇ ਗੁਨਾਹਗਾਰਾਂ ਨੂੰ।

    2. ਅਦਨ ਦੇ ਵਿੱਚ ਜਿਹੜਾ ਤੇਰੇ ਨਾਲ ਬੋਲਿਆ,
    ਬਣਕੇ ਮਸੀਹਾ ਉਹਨੇ ਭੇਦ ਸਾਰਾ ਖੋਲ੍ਹਿਆ,
    ਪੁੱਛ ਕੇ ਤੂੰ ਕਰ ਲੈ ਤਸੱਲੀਆਂ ਲੱਖਾਂ ਤੇ ਹਜ਼ਾਰਾਂ ਨੂੰ,
    ਆ ਜਾਓ ਮੇਰੇ ਕੋਲ ਵਾਜਾਂ ਮਾਰੇ ਗੁਨਾਹਗਾਰਾਂ ਨੂੰ।

  • ---

    ਅੱਜ ਵਕਤ ਸਲੀਬ ਉਠਾਣੇ ਦਾ,
    ਸਾਰੇ ਜੱਗ ਵਿੱਚ ਧੂਮ ਮਚਾਉਣੇ ਦਾ।

    1. ਯਿਸੂ ਬੇਟਾ ਬਣ ਕੇ ਆਇਆ ਸੀ,
    ਸਾਨੂੰ ਸੁੱਤਿਆਂ ਨੂੰ ਆਣ ਜਗਾਇਆ ਸੀ,
    ਸਾਡੇ ਹਿਰਦੇ ਚਾਨਣ ਪਾਇਆ ਸੀ,
    ਅੱਜ ਵਕਤ ਉਹਦੇ ਗੁਣ ਗਾਉਣੇ ਦਾ।

    2. ਰੂਹਪਾਕ ਦਾ ਲਵੋ ਹਥਿਆਰ ਭਾਈ,
    ਕੱਸੋ ਕਮਰਾਂ ਤੇ ਹੋਵੋ ਹੁਸ਼ਿਆਰ ਭਾਈ,
    ਹੁਣ ਗਾਫ਼ਲ ਜਿਹੜੇ ਸੌਂ ਰਹੇ ਨੇ,
    ਅੱਜ ਵਕਤ ਉਹਨਾਂ ਨੂੰ ਜਗਾਉਣੇ ਦਾ।

    3. ਅਸੀਂ ਛੱਡੀਏ ਰੀਤ ਪੁਰਾਣੀ ਨੂੰ,
    ਅਪਣਾਈਏ ਯਿਸੂ ਦੀ ਬਾਣੀ ਨੂੰ,
    ਅਸੀਂ ਪੜ੍ਹੀਏ ਬਾਈਬਲ ਬਾਣੀ ਨੂੰ,
    ਅੱਜ ਵਕਤ ਨਹੀਂ ਸ਼ਰਮਾਉਣੇ ਦਾ।

  • ---

    ਕਿੱਡਾ ਸੋਹਣਾ ਤੇ ਭਾਗਾਂ ਵਾਲਾ ਵਿਹੜਾ,
    ਲਾਇਆ ਸੰਗਤਾਂ ਨੇ ਆ ਕੇ ਡੇਰਾ,
    ਖ਼ੁਦਾ ਦੀ ਜਿੱਥੇ ਹੋਵੇ ਬੰਦਗੀ।

    1. ਯਿਸੂ ਪਾਪੀਆਂ ਨੂੰ ਵਾਜਾਂ ਮਾਰੇ,
    ਆ ਜਾਓ ਥੱਕੇ ਮਾਂਦੇ ਮੇਰੇ ਕੋਲ ਸਾਰੇ,
    ਤੇ ਸਦਾ ਦਾ ਆਰਾਮ ਪਾਉਣ ਲਈ।

    2. ਤੇਰੇ ਦਰ ਉੱਤੇ ਪਾਪੀ ਰੋਗੀ ਆਉਂਦੇੇ,
    ਤੇਥੋਂ ਪਾ–ਪਾ ਮੁਕਤੀ ਜਾਂਦੇ,
    ਤੇ ਪਾਪੀਆਂ ਦੇ ਭਾਗ ਜਾਗ ਪਏ।

    3. ਤੇਰੇ ਦਰ ’ਤੇ ਸਵਾਲੀ ਬਣ ਆਇਆ,
    ਆ ਕੇ ਯਿਸੂ ਤੈਨੂੰ ਸੀਸ ਨਿਵਾਇਆ,
    ਤੂੰ ਪਾ ਦੇ ਖੈਰ ਪਾਪੀਆਂ ਨੂੰ।

    4. ਤੌਬਾ ਕਰ ਲੈ, ਨਹੀਂ ਤਾਂ ਪਛਤਾਉਣਾ,
    ਸਿੱਧਾ ਦੋਜ਼ਖ਼ਾਂ ਦੀ ਅੱਗ ਵਿੱਚ ਜਾਣਾ,
    ਸ਼ੈਤਾਨ ਕੋਲ ਬਹਿਣ ਵਾਲਿਆ,
    ਤੇ ਪਾਪਾਂ ਵਿੱਚ ਰਹਿਣ ਵਾਲਿਆ।

    5. ਜਿਹੜਾ ਯਿਸੂ ਦਾ ਦੁਆਰ ਮੱਲ ਲੈਂਦਾ ਏ,
    ਨਾਮ ਹੋਰ ਨਾ ਕਿਸੇ ਦਾ ਉਹ ਲੈਂਦਾ ਏ,
    ਉਹ ਦਿਨੇ ਰਾਤੀ ਕਰੇ ਬੰਦਗੀ।

    6. ਆਓ ਸਾਰਿਆਂ ਨੂੰ ਯਿਸੂ ਏ ਪੁਕਾਰਦਾ,
    ਯਿਸੂ ਪਾਪੀਆਂ ਨੂੰ ਵਾਜਾਂ ਪਿਆ ਮਾਰਦਾ,
    ਉਹਦੇ ਦਰ ਉੱਤੇ ਆ ਕੇ ਲਾ ਲੈ ਡੇਰਾ,
    ਖ਼ੁਦਾ ਦੀ ਜਿੱਥੇ ਹੋਵੇ ਬੰਦਗੀ।

  • ---

    ਮੈਂ ਤਾਂ ਕਾਬੂ ਸਾਂ, ਸ਼ੈਤਾਨ ਦਿਆਂ
    ਫੰਦਿਆਂ ਦੇ ਵਿੱਚ,
    ਨਹੀਂ ਸਾਂ ਬਹਿਣ ਜੋਗਾ ਰੱਬ ਦਿਆਂ
    ਬੰਦਿਆਂ ਦੇ ਵਿੱਚ।

    1. ਮੇਰੀ ਸੁੱਧ ਬੁੱਧ ਸਾਰੀ ਸੀ ਵਸਾਰੀ ਉਸਨੇ,
    ਕੋੜ੍ਹ ਨਾਲੋਂ ਵੱਧ ਲਾਈ ਸੀ ਬਿਮਾਰੀ ਉਸਨੇ,
    ਮੇਰਾ ਹੁੰਦਾ ਸੀ ਸ਼ੁਮਾਰ ਵੱਡੇ ਗੰਦਿਆਂ ਦੇ ਵਿੱਚ।

    2. ਕੰਮਾਂ ਭੈੜਿਆਂ ’ਤੇ ਲਾਈ ਸੀ ਕਮਾਈ ਆਪਣੀ,
    ਲਾਈ ਰੱਬ ਲਈ ਇੱਕ ਵੀ ਨਾ ਪਾਈ ਆਪਣੀ,
    ਪੈਸਾ ਦੇਣਾ ਸੀ ਮੁਹਾਲ ਮੈਨੂੰ ਚੰਦਿਆਂ ਦੇ ਵਿੱਚ।

    3. ਮੇਰਾ ਘੱਟ ਨੇਕ ਗੱਲਾਂ ਨਾਲ ਪਿਆਰ ਹੁੰਦਾ ਸੀ,
    ਸਗੋਂ ਸੁਣ ਕੇ ਤੇ ਦਿਲ ਅਵਾਜ਼ਾਰ ਹੁੰਦਾ ਸੀ,
    ਰੁੱਝਾ ਰਹਿੰਦਾ ਸਾਂ ਮੈਂ ਹੋਰ ਹੋਰ ਧੰਦਿਆਂ ਦੇ ਵਿੱਚ।

    4. ਮੁੱਕ ਗਈਆਂ ਨੇ ਸ਼ੈਤਾਨ ਦੀਆਂ ਛੇੜ-ਖਾਨੀਆਂ,
    ਗਈਆਂ ਯਿਸੂ ਦੇ ਪ੍ਰੇਮ ਦੀਆਂ ਚੁੱਭ-ਕਾਨੀਆਂ,
    ਨਫ਼ਾ ਵੇਖਿਆ ਨਹੀਂ, ਕੁਝ ਕੰਮਾਂ ਮੰਦਿਆਂ ਦੇ ਵਿੱਚ।

    5. ਮੈਨੂੰ ਡੁੱਬਦੇ ਨੂੰ ਯਿਸੂ ਨੇ ਕਿਨਾਰੇ ਲਾ ਲਿਆ,
    ਉਹਦੇ ਵਿੱਚ ਮੈਂ ਹਮੇਸ਼ਾ ਦਾ ਆਰਾਮ ਪਾ ਲਿਆ,
    ਗੋਤੇ ਖਾਂਦੇ ਸਾਂ ਮੈਂ ਪਿਆ ਦੋਹਾਂ ਕੰਢਿਆਂ ਦੇ ਵਿੱਚ।

  • ---

    ਦੁਨੀਆ ਨੇ ਵੇਖ ਲਈ ਖ਼ੁਦਾਈ ਯਿਸੂ ਦੀ,
    ਜੱਗ ਉੱਤੇ ਮੱਚ ਗਈ ਦੁਹਾਈ ਯਿਸੂ ਦੀ।

    1. ਇੱਕ ਵਾਰੀ ਯਿਸੂ ਲੈ ਕੇ ਪੰਜ ਰੋਟੀਆਂ,
    ਬੰਦਿਆਂ ਹਜ਼ਾਰਾਂ ਵਿੱਚ ਉਸ ਵੰਡੀਆਂ,
    ਭੁੱਖਿਆਂ ਨੇ ਵੇਖੀ ਬਾਦਸ਼ਾਹੀ ਯਿਸੂ ਦੀ,
    ਜੱਗ ਉੱਤੇ ਮੱਚ ਗਈ ਦੁਹਾਈ ਯਿਸੂ ਦੀ।

    2. ਜਿਹੜਾ ਵੀ ਸੀ ਜਾ ਕੇ ਉਹਦਾ ਪੱਲਾ ਫੜ੍ਹਦਾ,
    ਅੰਨ੍ਹੇ, ਬੋਲ਼ੇ, ਗੂੰਗੇ ਯਿਸੂ ਚੰਗੇ ਕਰਦਾ,
    ਛਾਈ ਹਰ ਇੱਕ ਪਾਸੇ ਰੁਸ਼ਨਾਈ ਯਿਸੂ ਦੀ,
    ਜੱਗ ਉੱਤੇ ਮੱਚ ਗਈ ਦੁਹਾਈ ਯਿਸੂ ਦੀ।

    3. ਪੌਣ, ਪਾਣੀ, ਮੌਤ ਉਹਦਾ ਆਖਾ ਮੰਨਦੇ,
    ਸਾਰੇ ਉਹਦੇ ਅੱਗੇ ਸਨ ਹੱਥ ਬੰਨ੍ਹਦੇ,
    ਰੱਬ ਆਪ ਸ਼ਾਨ ਸੀ ਬਣਾਈ ਯਿਸੂ ਦੀ,
    ਜੱਗ ਉੱਤੇ ਮੱਚ ਗਈ ਦੁਹਾਈ ਯਿਸੂ ਦੀ।

  • ---

    ਤੂੰ ਏਂ ਸ਼ਾਫ਼ੀ, ਗ਼ਮ ਦੇ ਮਾਰੇ ਲਾਚਾਰਾਂ ਦਾ, ਨਾਸਰੀ,
    ਤੂੰ ਸਹਾਰਾ ਡੁੱਬਦੇ ਹੋਇਆਂ ਦਾ,
    ਹੈ ਕਿਨਾਰਾ ਨਾਸਰੀ।

    1. ਕਰ ਨਵਾਂ ਇਕਰਾਰ ਮੇਰੀ
    ਬਖ਼ਸ਼ ਦੇ ਸਾਰੀ ਖ਼ਤਾ,
    ਤੂੰ ਰਹਿਮ ਦਿਲ ਪਿਆਰ ਦਾ,
    ਅਬਦੀ ਏਂ ਚਸ਼ਮਾ ਨਾਸਰੀ।

    2. ਕੋਲ ਤੇਰੇ ਆ ਗਿਆ ਹਾਂ,
    ਮੈਨੂੰ ਤੂੰ ਆਰਾਮ ਦੇ,
    ਤੂੰ ਮਸੀਹਾ ਸਾਰੀ ਦੁਨੀਆ ਦਾ,
    ਬਿਮਾਰਾਂ ਦਾ ਨਾਸਰੀ।

    3. ਐ ਥੱਕੇ ਮਾਂਦੇ ਤੇ ਥੱਲੇ
    ਬੋਝ ਦੇ ਦੱਬਿਓ ਲੋਕੋ,
    ਆਓ ਦੇਵਾਂਗਾ ਆਰਾਮ ਮੈਂ,
    ਆਖਦਾ ਹੈ ਨਾਸਰੀ।

  • ---

    ਬਣਕੇ ਸ਼ੈਤਾਨ ਦਾ ਕੀ ਬਹਿਣਾ,
    ਹੋ ਯਿਸੂ ਦਰ ਆ ਜਾ।

    1. ਜਿਨ੍ਹਾਂ ਦੀ ਤੂੰ ਭਰਨਾਂ ਚੌਂਕੀ,
    ਉਹ ਤੇਰੇ ਬਹੁਤ ਨੇ ਸ਼ਾਉਂਕੀ,
    ਇਨ੍ਹਾਂ ਦੇ ਦਰ ਤੋਂ ਕੀ ਤੂੰ ਲੈਣਾ,
    ਹੋ ਯਿਸੂ ਦਰ ਆ ਜਾ।

    2. ਸੱਪਾਂ ਨੂੰ ਦੁੱਧ ਪਿਲਾਵੇਂ,
    ਫਿਰ ਵੀ ਉਹ ਡੰਗ ਚਲਾਵੇ,
    ਇਨ੍ਹਾਂ ਦੇ ਡੰਗ ਕਾਹਨੂੰ ਖਾਨਾਂ,
    ਹੋ ਯਿਸੂ ਦਰ ਆ ਜਾ।

    3. ਜਿੰਨ੍ਹੇ ਤੂੰ ਟੇਕੇ ਮੱਥੇ,
    ਰਾਤ ਨੂੰ ਪੈਂਦੇ ਧੱਕੇ,
    ਇਨ੍ਹਾਂ ਦੇ ਧੱਕੇ ਕਾਹਨੂੰ ਖਾਨਾਂ,
    ਹੋ ਯਿਸੂ ਦਰ ਆ ਜਾ।

    4. ਯਿਸੂ ਹੈ ਦਿਲ ਦੀ ਸ਼ਾਂਤੀ,
    ਸਾਰੀ ਹੈ ਦੁਨੀਆ ਜਾਣਦੀ,
    ਪੁੱਛ ਲੈ ਤੂੰ ਮੈਨੂੰ ਆ ਕੇ,
    ਕਿੱਥੋਂ ਹੈ ਪਾਈ ਸ਼ਾਂਤੀ,
    ਇਨ੍ਹਾਂ ਦੀ ਬਹਿਣੀ ਕਾਹਨੂੰ ਬਹਿਨਾ ਏਂ,
    ਹੋ ਯਿਸੂ ਦਰ ਆ ਜਾ।

  • ---

    ਮੇਰਾ ਯਿਸੂ ਪਿਆਰਾ, ਮੇਰਾ ਯਿਸੂ ਪਿਆਰਾ,
    ਮੇਰਾ ਤਾਰਨਹਾਰਾ, ਕੁੱਲ ਜੱਗ ਤੋਂ ਉਹ ਨਿਆਰਾ।

    1. ਮੇਰੀ ਖ਼ਾਤਿਰ ਜੱਗ ’ਤੇ ਆਇਆ,
    ਆ… ਆ ਕੇ ਉਸਨੇ ਦੁੱਖ ਉਠਾਇਆ,
    ਸੂਲੀ ਚੜ੍ਹਕੇ ਖੂਨ ਬਹਾਇਆ,
    ਹੋਇਆ ਮੇਰਾ ਕਫ਼ਾਰਾ।

    2. ਦਰ ਦਰ ਡਿੱਗਣ ਧੱਕੇ ਖਾਵਣ,
    ਆ… ਆ ਕੇ ਮੱਲਿਆ ਤੇਰਾ ਦੁਆਰਾ,
    ਤੇਰੇ ਦਰ ਤੋਂ ਮੁਕਤੀ ਮਿਲਦੀ,
    ਤੂੰ ਏਂ ਮੇਰਾ ਸਹਾਰਾ।

  • ---

    ਆਤਮਾ ਦੀ ਲੋੜ ਹਨ ਜਿਹੜੇ ਜਾਣਦੇ,
    ਸਵਰਗਾਂ ਦੇ ਰਾਜ ਦੇ ਉਹ ਭਾਗੀ ਹੋਣਗੇ।

    1. ਧੰਨ ਹਨ ਜਿਹੜੇ ਹਨ ਸੋਗ ਕਰਦੇ,
    ਧੰਨ ਹਨ ਜਿਹੜੇ ਹਨ ਦੀਨ ਬਣਦੇ,
    ਰੱਬ ਕੋਲੋਂ ਲੋਕੀ ਉਹ ਅਸੀਸ ਪਾਉਣਗੇ,
    ਜ਼ਿੰਦਗੀ ’ਚ ਖੁਸ਼ੀ ਤੇ ਉਹ ਚੈੈਨ ਪਾਉਣਗੇ।

    2. ਧੰਨ ਹਨ ਜਿਹੜੇ ਭੁੱਖੇ ਪਿਆਸੇ ਸੱਚ ਦੇ,
    ਧੰਨ ਨਾਲੇ ਜਿਹੜੇ ਵੀ ਦਿਆਲੂ ਬਣਦੇ,
    ਰੱਬ ਸੱਚਾ ਉਨ੍ਹਾਂ ’ਤੇ ਵੀ ਦਇਆ ਕਰੇਗਾ,
    ਭੁੱਖ ਤੇ ਪਿਆਸ ਸਾਰੀ ਦੂਰ ਕਰੇਗਾ।

    3. ਲੋਕਾਂ ਵਿੱਚ ਜਿਹੜੇ ਹਨ ਸੁਲ੍ਹਾ ਚਾਹੁੰਦੇ,
    ਧੰਨ ਨਾਲੇ ਜਿਹੜੇ ਹਨ ਪਾਕ ਮਨ ਦੇ,
    ਧੰਨ ਜਿਹੜੇ ਸੱਚ ਲਈ ਸਤਾਏ ਜਾਣਗੇ,
    ਸਵਰਗਾਂ ’ਚ ਲੋਕ ਉਹ ਇਨਾਮ ਪਾਣਗੇ,
    ਰੱਬ ਦੀ ਉਹ ਆਪ ਸਭ ਦੀਦ ਪਾਣਗੇ,
    ਸਵਰਗਾਂ ਦੇ ਰਾਜ ਦੇ ਉਹ ਭਾਗੀ ਹੋਣਗੇ।

    4. ਧੰਨ ਜਿਹੜੇ ਮੇਰੇ ਲਈ ਸਤਾਏ ਜਾਣਗੇ,
    ਝੂਠੀਆਂ ਤੇ ਬੁਰੀਆਂ ਜੋ ਗੱਲਾਂ ਸਹਿਣਗੇ,
    ਖ਼ੁਸ਼ੀਆਂ ਉਹ ਸਦਾ ਝੋਲੀ ਵਿੱਚ ਪਾਣਗੇ,
    ਸਵਰਗਾਂ ’ਚ ਵੱਡਾ ਉਹ ਇਨਾਮ ਪਾਣਗੇ।

  • ---

    ਤੇਰੇ ਯਿਸੂ ਜੀ ਮੈਂ ਸਦਾ ਗੁਣ ਗਾਵਾਂ,
    ਭਰ ਕੇ ਮੈਂ ਰੂਹ ਵਿੱਚ ਖ਼ੁਸ਼ੀਆਂ ਮਨਾਵਾਂ।

    1. ਪਾਪਾਂ ਦੀ ਕੈਦੋਂ ਮੈਨੂੰ ਛੁਡਾਇਆ,
    ਰਹਿਮਤ ਦਾ ਤਾਜ ਪਾ ਕੇ ਕੋਲ ਬਿਠਾਇਆ,
    ਤੇਰੀ ਨਜਾਤ ਤੋਂ ਬਲ ਬਲ ਜਾਵਾਂ।

    2. ਫਿਰਦਾ ਸਾਂ ਜਿਵੇਂ ਹਿਰਨੀ ਤ੍ਰਿਹਾਈ,
    ਲੱਭਕੇ ਜੰਗਲ ਵਿੱਚੋਂ ਪਿਆਸ ਮਿਟਾਈ,
    ਜੰਗਲ ਦੇ ਵਿੱਚ ਤੇਰੀਆਂ ਸਿਫ਼ਤਾਂ ਸੁਣਾਵਾਂ।

    3. ਬਾਗ਼-ਏ-ਅਦਨ ਵਿੱਚੋਂ ਬਾਹਰ ਸਾਂ ਆਇਆ,
    ਸੁਰਗੀ ਸਥਾਨ ਉੱਤੇ ਫਿਰ ਬਿਠਾਇਆ,
    ਦਿੱਤਾ ਫ਼ਜ਼ਲ ਤੇਰੇ ਲਹੂ ਦੀਆਂ ਧਾਰਾਂ।

    4. ਪਵਿੱਤਰ ਆਤਮਾ ਦਾ ਦੇ ਕੇ ਸਹਾਰਾ ਤੂੰ,
    ਮੈਨੂੰ ਸਦਾ ਪਾਪ ਕੋੋੋਲੋਂ ਰੱਖਦਾ ਨਿਆਰਾ ਤੂੰ,
    ਤਾਂ ਕਿ ਸਿਓਨ ਵਿੱਚ ਗੀਤ ਮੈਂ ਗਾਵਾਂ।

  • ---

    ਰੱਬ ਮੇਰਾ ਅਯਾਲੀ ਹੈ,
    ਮੈਨੂੰ ਕੁਝ ਘਾਟ ਨਾ ਹੋਵੇਗੀ।
    ਰੱਬ ਮੇਰਾ ਅਯਾਲੀ, ਚੰਗਾ ਅਯਾਲੀ,
    ਰੱਬ ਮੇਰਾ ਅਯਾਲੀ ਹੈ।

    1. ਉਹ ਹਰੀ ਹਰੀ ਘਾਹ ਹੈ ਖਿਲਾਉਂਦਾ,
    ਤੇ ਮਿੱਠਾ ਪਾਣੀ ਹੈ ਪਿਲਾਉਂਦਾ।

    2. ਉਹ ਦੁਸ਼ਮਣ ਤੋਂ ਹੈ ਬਚਾਉਂਦਾ,
    ਤੇ ਜ਼ਿੰਦਗੀ ਨਵੀਂ ਹੈ ਦਿੰਦਾ।

    3. ਉਹ ਆਪਣੀ ਜਾਨ ਹੈ ਦਿੰਦਾ,
    ਤੇ ਸਵਰਗਾਂ ਵੱਲ ਲੈ ਜਾਂਦਾ।

  • ---

    ਮੈਂ ਵੇਲ ਅੰਗੂਰਾਂ ਦੀ,
    ਤੁਸੀਂ ਹੋ ਮੇਰੀਆਂ ਟਾਹਣੀਆਂ,
    ਪਿਤਾ ਬਾਗ਼ਵਾਨ ਆਪਣਾ
    ਕਰੇ ਉਹ ਨਿਗਾਹਬਾਨੀਆਂ।

    1. ਜਿਸ ਤਰ੍ਹਾਂ ਕੋਈ ਟਾਹਣੀ
    ਜੇ ਵਿੱਚ ਵੇਲ ਦੇ ਨਹੀਂ ਰਹਿੰਦੀ,
    ਉਹ ਵੇਲ ਤੋਂ ਵੱਖ ਹੋ ਕੇ
    ਕਦੇ ਆਪ ਨਾ ਫਲ਼ ਦਿੰਦੀ,
    ਇਸ ਤਰ੍ਹਾਂ ਜੋ ਵਿੱਚ ਮੇਰੇ,
    ਉਹ ਸਭ ਕੱਟੀਆਂ ਜਾਣੀਆਂ।

    2. ਉਹ ਵਧੇ ਤੇ ਫਲ਼ ਦੇਵੇ
    ਟਾਹਣੀ ਵੇਲ ’ਚ ਰਹਿੰਦੀ ਜੋ,
    ਛਾਂਗੇ ਬਾਗ਼ਵਾਨ ਉਸਨੂੰ
    ਫਲ਼ ਹੋਰ ਵੀ ਦੇਵੇ ਜੋ,
    ਇਸ ਤਰ੍ਹਾਂ ਜੋ ਵਿੱਚ ਮੇਰੇ,
    ਉਹ ਸਭ ਛਾਂਗੀਆਂ ਜਾਣੀਆਂ।

    3. ਮੰਨ ਪਿਤਾ ਦੇ ਹੁਕਮਾਂ ਨੂੰ
    ਉਹਦੇ ਪਿਆਰ ’ਚ ਰਹਿਣਾ ਜੇ,
    ਮੇਰੇ ਪਿਆਰ ’ਚ ਰਹਿਣਾ ਜੇ,
    ਮੰਨ ਹੁਕਮ ਜੋ ਮੈਂ ਕਹਿੰਦਾ,
    ਮੇਰੀ ਖ਼ੁਸ਼ੀ ਨਾਲ ਸਭ ਖ਼ੁਸ਼ੀਆਂ,
    ਉਹ ਸਭ ਪੂਰੀਆਂ ਹੋਣੀਆਂ।

    4. ਮੰਨ ਹੁਕਮ ਜੇ ਕੰਮ ਕਰੋ
    ਮੇਰੇ ਮਿੱਤਰ ਬਣੋਗੇ ਤਦੇ,
    ਤੁਹਾਨੂੰ ਮਿੱਤਰ ਮੈਂ ਆਖਾਂਗਾ,
    ਆਖਾਂਗਾ ਨਾ ਦਾਸ ਕਦੇ,
    ਮੈਂ ਗੱਲਾਂ ਜੋ ਸਭ ਦੱਸੀਆਂ,
    ਉਹ ਪਿਤਾ ਤੋਂ ਜਾਣੀਆਂ।

  • ---

    ਤੇਰੇ ਨਾਂ ’ਤੇ ਜਿੱਥੇ ਖਲੋਵਾਂ,
    ਕੰਮ ਹੋ ਜਾਣ ਪੂਰੇ ਮੇਰੇ,
    ਨਾ ਦੁੱਖ ਮੁਸੀਬਤ ਆਵੇ,
    ਤੇ ਨਾ ਸ਼ੈਤਾਨ ਵੀ ਆਵੇ ਨੇੜੇ।

    1. ਯਿਸੂ ਨੇ ਆਖਿਆ ਦੋ ਜਾਂ ਤਿੰਨ ਜਿੱਥੇ
    ਮੇਰਾ ਨਾਂ ਪੁਕਾਰਨਗੇ,
    ਜੰਗਲ ਨਦੀਆਂ ਵਿੱਚ ਪਹਾੜਾਂ,
    ਜਾਂ ਹੋਵੇ ਵਿੱਚ ਵਿਹੜੇ।

    2. ਯਿਸੂ ਦੀ ਗੱਲ ਹੈ ਜੋ ਕੋਈ ਮੰਨਦਾ,
    ਅਬਦੀ ਜ਼ਿੰਦਗੀ ਪਾਵੇ,
    ਵਿੱਚ ਨਰਕਾਂ ਦੇ ਰੁੜ੍ਹਦੇ ਜਾਂਦੇ
    ਉਲਟੇ ਚੱਲਦੇ ਜਿਹੜੇ।

    3. ਮੌਤ ਦੀ ਛਾਂ ਦੀ ਵਾਦੀ ਵਿੱਚ ਵੀ
    ਤੈਨੂੰ ਆਪ ਸੰਭਾਲੇ,
    ਯਿਸੂ ਰਾਜਾ ਹੋਵੇ ਤੇਰੇ ਹਰ ਦਮ ਚਾਰ ਚੁਫ਼ੇਰੇ।

    4. ਸ਼ਾਦਰਾਖ, ਮੇਸ਼ਾਖ, ਅਬੇਦਨੇਗੋ ਨੂੰ
    ਬਲ਼ਦੀ ਅੱਗ ਤੋਂ ਬਚਾਇਆ,
    ਵਾਅਬਾ ਬਦਰੂਹ ਨਾ ਨੇੜੇ ਆਵੇ,
    ਯਿਸੂ ਨੂੰ ਮੰਨਦੇ ਜਿਹੜੇ।

  • ---

    ਨਾਮ ਹੈ ਤੇਰਾ ਸਹਾਰਾ ਮੇਰਾ,
    ਨਾਮ ਹੈ ਤੇਰਾ ਸਹਾਰਾ ਮੇਰਾ,
    ਦੂਜਾ ਦਰ ਨਹੀਂਓਂ ਤੱਕਣਾ,
    ਕਿ ਹਰ ਵੇਲੇ ਯਿਸੂ ਜੱਪਣਾ,
    ਕਿਉਂਕਿ ਨਾਮ ਹੈ ਤੇਰਾ ਸਹਾਰਾ ਮੇਰਾ।

    1. ਸ਼ਮ੍ਹਾਂ ਹੈ ਸਲੀਬ, ਨਾ ਤੂੰ ਹਟੀਂ ਪਰਵਾਨਿਆ,
    ਚੜ੍ਹ ਜਾ ਸਲੀਬ ਉੱਤੇ ਯਿਸੂ ਦੇ ਦਿਵਾਨਿਆ,
    ਜੋ ਦਰ ਤੇਰੇ ਆਂਵਦਾ,
    ਉਹ ਜਾਨ ਬਚਾਂਵਦਾ, ਦੂਜਾ ਦਰ…।

    2. ਗ਼ੈਰਾਂ ਦੀ ਲਾਟ ਉੱਤੇ ਜਾਵੇ ਪਰਵਾਨਾ ਨਾ,
    ਸ਼ਮ੍ਹਾਂ ਦੇ ਬਗ਼ੈਰ ਰੱਖੇ ਹੋਰ ਕੋਈ ਨਿਸ਼ਾਨਾ ਨਾ,
    ਯਿਸੂ ਜਿਹੀ ਸ਼ਾਨ ਨਹੀਂ,
    ਕਿ ਹੋਰ ਕੋਈ ਨਾਮ ਨਹੀਂ, ਦੂਜਾ ਦਰ…।

    3. ਯਿਸੂ ਤੇਰੇ ਨਾਮ ਵਿੱਚ ਮਿਲ ਗਈ ਆਜ਼ਾਦੀ ਏ,
    ਮੰਨਿਆ ਕਲਾਮ ਤੇਰਾ, ਮੁੱਕੀ ਬਰਬਾਦੀ ਏ,
    ਕਿ ਦਿਲ ਹੁਣ ਸ਼ਾਦ ਹੈ
    ਕਿ ਘਰ ਆਬਾਦ ਹੈ, ਦੂਜਾ ਦਰ…।

    4. ਕਈਆਂ ਤੇਰੇ ਨਾਂ ਵਿੱਚ
    ਜੇਲ੍ਹਾਂ ਨੂੰ ਹਿਲਾਇਆ ਸੀ,
    ਟੁੱਟ ਗਈ ਜ਼ੰਜੀਰ ਜਦੋਂ ਨੂਰ ਚਮਕਾਇਆ ਸੀ,
    ਯਿਸੂ ਤੂੰ ਨੂਰ ਹੈਂ,
    ਤੇਰਾ ਜੋ ਹੂਰ ਹੈ, ਦੂਜਾ ਦਰ…।

  • ---

    ਰੇਤ ਉੱਤੇ ਘਰ ਨਾ ਬਣਾਈਂ ਓ ਮੁਸਾਫ਼ਿਰਾ,
    ਦੁਨੀਆ ’ਚ ਦਿਲ ਨਾ ਲਗਾਈਂ ਓ ਮੁਸਾਫ਼ਿਰਾ।

    1. ਉੱਚੀਆਂ ਤੇ ਲੰਮੀਆਂ ਏ ਮੰਜ਼ਿਲਾਂ ਨੇ ਤੇਰੀਆਂ,
    ਰਾਹ ਦੇ ਵਿੱਚ ਆਉਣੀਆਂ ਤੂਫ਼ਾਨ ਤੇ ਹਨੇਰੀਆਂ,
    ਵੇਖੀਂ ਕਿਤੇ ਹੌਸਲਾ ਨਾ ਢਾਈਂ ਓ ਮੁਸਾਫ਼ਿਰਾ।

    2. ਰਾਹ ਦੇ ਵਿੱਚ ਵਿਛੇ ਹੋਏ ਜਾਲ ਨੇ ਸ਼ੈਤਾਨ ਦੇ,
    ਉਹ ਵੀ ਫਸ ਜਾਂਦੇ ਜਿਹੜੇ ਪੱਕੇ ਨੇ ਇਮਾਨ ਦੇ,
    ਯਿਸੂ ਨਾਮ ਲੈ ਕੇ ਲੰਘ ਜਾਈਂ ਓ ਮੁਸਾਫ਼ਿਰਾ।

    3. ਯਿਸੂ ਕੋਲ ਆ ਜਾ ਤੈਨੂੰ ਭੁੱਲ ਜਾਏਗਾ ਦੁਖੜਾ,
    ਆ ਕੇ ਜਦੋਂ ਦੇਖੇਂਗਾ ਤੂੰ ਯਿਸੂ ਜੀ ਦਾ ਮੁੱਖੜਾ,
    ਗੀਤ ਉਹਦਾ ਨਵਾਂ ਇੱਕ ਗਾਈਂ ਓ ਮੁਸਾਫ਼ਿਰਾ।

  • ---

    ਰੁਲਦੇ ਸਾਂ ਹੁਣ ਸਾਡੀ, ਗੱਲ ਬਣ ਗਈ ਏ,
    ਬੱਲੇ ਬੱਲੇ ਯਿਸੂ, ਸਾਡੀ ਬਾਂਹ ਫੜ੍ਹ ਲਈ ਏ।

    1. ਪਾਪਾਂ ਦੇ ਹਨੇਰਿਆਂ ’ਚੋਂ, ਯਿਸੂ ਸਾਨੂੰ ਕੱਢਿਆ,
    ਦਿਲਾਂ ਵਿੱਚ ਪਿਆਰ ਦਾ, ਯਿਸੂ ਝੰਡਾ ਗੱਡਿਆ,
    ਕੁੱਲੀ ਸਾਡੀ ਉੱਜੜੀ, ਮਹਿਲ ਬਣ ਗਈ ਏ।

    2. ਖੂਨ ਯਿਸੂ ਨਾਸਰੀ ਦਾ, ਰੋਗਾਂ ਦੀ ਦਵਾ ਏ,
    ਵਗਿਆ ਸਲੀਬ ਉੱਤੇ ਬਣਿਆ ਫਤਹਿ ਏ,
    ਉਹ ਯਿਸੂ ਦੀ ਸਲੀਬ ਸਾਡਾ ਹੱਲ ਬਣ ਗਈ ਏ।

    3. ਅਬਦੀ ਹਯਾਤ ਵਾਲਾ, ਉਹਦੇ ਹੱਥ ਜਾਮ ਏ,
    ਚੜ੍ਹਕੇ ਸਲੀਬ ਉੱਤੇ, ਦਿੱਤਾ ਸਾਡਾ ਦਾਮ ਏ,
    ਓ ਗੱਲ ਜਿਹੜੀ, ਵਿਗੜੀ ਅੱਵਲ ਬਣ ਗਈ ਏ।

  • ---

    ਮੇਰਾ ਕੋਈ ਨਾ ਸਹਾਰਾ ਹੋਰ,
    ਮੇਰਾ ਕੋਈ ਨਾ ਸਹਾਰਾ ਹੋਰ।

    1. ਖ਼ੁਸ਼ੀਆਂ ਦੀ ਤੂੰ ਖਾਨ ਪ੍ਰਭੂ ਜੀ,
    ਤੇਰੇ ਹੱਥ ਵਿੱਚ ਮੇਰੀ ਜਾਨ ਪ੍ਰਭੂ ਜੀ,
    ਤੇਰੇ ਹੱਥ ਵਿੱਚ ਮੇਰੀ ਡੋਰ,
    ਮੇਰਾ ਕੋਈ ਨਾ ਸਹਾਰਾ ਹੋਰ…।

    2. ਧਰਮੀਆਂ ਲਈ ਤੂੰ ਸਵਰਗ ਬਣਾਇਆ,
    ਹਰ ਇੱਕ ਨੂੰ ਤੂੰ ਯਿਸੂ ਜੀ ਬੁਲਾਇਆ,
    ਮੈਂ ਪਾਪੀ ਕਮਜ਼ੋਰ,
    ਮੇਰਾ ਕੋਈ ਨਾ ਸਹਾਰਾ ਹੋਰ…।

    3. ਦੁੱਖਾਂ ਨੇ ਮੈਨੂੰ ਬਹੁਤ ਸਤਾਇਆ,
    ਤਾਂਹੀਓਂ ਤੇਰੇ ਦਰ ਆਇਆ,
    ਮਿੱਟ ਜਾਵੇ ਦੁੱਖਾਂ ਵਾਲਾ ਜ਼ੋਰ,
    ਮੇਰਾ ਕੋਈ ਨਾ ਸਹਾਰਾ ਹੋਰ…।

    4. ਜਿਸ ’ਤੇ ਤੇਰਾ ਨੂਰ ਪ੍ਰਭੂ ਜੀ,
    ਦੁੱਖ ਹੋਣ ਉਸ ਤੋਂ ਦੂਰ ਪ੍ਰਭੂ ਜੀ,
    ਮਿੱਟ ਜਾਵੇ ਦੁੱਖਾਂ ਵਾਲਾ ਜ਼ੋਰ,
    ਮੇਰਾ ਕੋਈ ਨਾ ਸਹਾਰਾ ਹੋਰ…।

  • ---

    ਤੈਨੂੰ ਯਿਸੂ ਵਾਜਾਂ ਮਾਰੇ ਕੁੰਡਾ ਕਿਉਂ ਨਹੀਂ ਖੋਲ੍ਹਦਾ,
    ਕਿਉਂ ਨਹੀਂ ਪਾਪਾਂ ਵਾਲੀ ਗੰਢ ਯਿਸੂ ਅੱਗੇ ਖੋਲ੍ਹਦਾ।

    1. ਤੇਰੇ ਦਿਲ ਦੇ ਬੂਹੇ ਉੱਤੇ ਯਿਸੂ ਵਾਜਾਂ ਮਾਰੇ,
    ਖੋਲ੍ਹ ਦੇ ਦਿਲ ਦਾ ਬੂਹਾ ਪਾਪੀ,
    ਪਾਪ ਬਖ਼ਸ਼ ਦਊ ਸਾਰੇ,
    ਤੇਰੇ ਵਾਸਤੇ ਸਲੀਬ ਉੱਤੇ ਖੂਨ ਡੋਲ੍ਹਦਾ।

    2. ਸੁਣ ਕੇ ਪਾਕ ਕਲਾਮ ਤੂੰ ਬੰਦੇ,
    ਛੱਡ ਦੇ ਸਭ ਬੁਰਿਆਈਆਂ,
    ਯਿਸੂ ਕਰ ਫ਼ਜ਼ਲ ਤੇਰੇ ’ਤੇ
    ਤੂੰ ਵੇਖੇਂਗਾ ਭਲਿਆਈਆਂ,
    ਸੁੱਚੇ ਮੋਤੀਆਂ ਨੂੰ ਪੈਰਾਂ ਹੇਠਾਂ ਕਾਹਨੂੰ ਰੋਲ਼ਦਾ।

    3. ਅਰਸ਼ ਫਰਸ਼ ਦਾ ਮਾਲਿਕ
    ਯਿਸੂ ਆਪੇ ਵਾਜਾਂ ਮਾਰੇ,
    ਪਿਆਰ ਅਨੋਖਾ ਸਭਨਾਂ ਨਾਲੋਂ
    ਆ ਕੇ ਵੇਖ ਨਜ਼ਾਰੇ,
    ਬੰਦੇ ਉੱਠ ਜ਼ਰਾ ਵੇਲਾ ਹੈ
    ਇਹ ਨਹੀਂਉਂ ਸੌਣ ਦਾ।

  • ---

    ਇਹ ਗੱਲਾਂ ਖ਼ੁਦਾ ਦੀਆਂ ਸੱਚੀਆਂ,
    ਜੋ ਵਿੱਚ ਬਾਈਬਲ ਦੇ ਦੱਸੀਆਂ,
    ਸਾਨੂੰ ਇੱਕ ਪਲ ਆਪਣੇ
    ਕਦਮਾਂ ਤੋਂ ਨਾ ਦੂਰ ਕਰੀਂ,
    ਤੇਰੇ ਚਰਨਾਂ ਵਿੱਚ ਦੁਆਵਾਂ
    ਖ਼ੁਦਾ ਮੰਜ਼ੂਰ ਕਰੀਂ।

    1. ਮੈਂ ਭੁੱਲ ਗਿਆ ਯਿਸੂ ਸਾਡੀ ਖਾਤਿਰ ਆਇਆ ਸੀ,
    ਆਪ ਸੂਲੀ ਉੱਤੇ ਚੜ੍ਹਕੇ ਬਚਾਇਆ ਸੀ,
    ਸਾਨੂੰ ਇੱਕ ਪਲ ਆਪਣੇ ਕਦਮਾਂ ਤੋਂ ਨਾ ਦੂਰ ਕਰੀਂ।

    2. ਮੈਂ ਸਮਝਿਆ ਇੱਥੇ ਸਭ ਕੁਝ ਮਾਇਆ ਹੈ,
    ਮੈਨੂੰ ਯਿਸੂ ਦੇ ਦੁੱਖਾਂ ਦਾ ਚੇਤਾ ਆਇਆ ਹੈ,
    ਹੁਣ ਤੇਰੇ ਦਰ ’ਤੇ ਆਇਆ ਨਾ ਮੈਨੂੰ ਦੂਰ ਕਰੀਂ।

    3. ਮੈਂ ਵਾਅਦਾ ਕਰਦਾ ਦਰ ਤੇਰੇ ’ਤੇ ਆਵਾਂਗਾ,
    ਕਰ ਕੇ ਤੌਬਾ ਮੈਂ ਪਾਪ ਤੇਥੋਂ ਬਖ਼ਸ਼ਾਵਾਂਗਾ,
    ਹੁਣ ਇੱਕ ਪਲ ਆਪਣੇ ਕਦਮਾਂ ਤੋਂ ਨਾ ਦੂਰ ਕਰੀਂ।

  • ---

    ਮੈਂ ਯਿਸੂ ਨਾਮ ਜਦੋਂ ਪੁਕਾਰਾਂ,
    ਮੇਰੇ ਕੱਟਦਾ ਰੋਗ ਹਜ਼ਾਰਾਂ,
    ਮੈਂ ਹਾਲੇਲੂਯਾਹ ਗਾਵਾਂ,
    ਮੈਂ ਯਿਸੂ ਨਾਮ ਜਦੋਂ ਪੁਕਾਰਾਂ।

    1. ਉਹਦੀ ਗੱਲ ਵਰਗੀ ਕੋਈ ਗੱਲ ਨਹੀਂ,
    ਯਿਸੂ ਨਾਮ ਬਿਨਾਂ ਕੋਈ ਹੱਲ ਨਹੀਂ,
    ਉਹਦੇ ਨਾਮ ਤੋਂ ਸਦਕੇ ਜਾਵਾਂ।

    2. ਜਿਹੜਾ ਕਦਮੀਂ ਯਿਸੂ ਦੇ ਆਉਂਦਾ ਹੈ,
    ਦੁੱਖਾਂ ਦਰਦਾਂ ਤੋਂ ਬੱਚ ਜਾਂਦਾ ਹੈ,
    ਉਹਦੇ ਨਾਮ ਤੋਂ ਦੂਰ ਹੋਵਣ ਬਲਾਵਾਂ।

    3. ਉਹ ਤਾਂ ਸੁਣਦਾ ਮੇਰੀਆਂ ਅਰਜ਼ਾਂ ਨੂੰ,
    ਉਹ ਤਾਂ ਜਾਣਦਾ ਮੇਰੀਆਂ ਗ਼ਰਜ਼ਾਂ ਨੂੰ,
    ਉਹਦੇ ਨਾਮ ਤੋਂ ਸਾਰੇ ਪਾਉਣ ਸ਼ਿਫ਼ਾਵਾਂ।

  • ---

    ਇਹ ਮੇਰਾ ਯਿਸੂ ਹੈ ਪਿਆਰਾ,
    ਪਿਆਰ ਯਿਸੂ ਨਾਲ ਕਰਦੇ ਰਹੋ,
    ਪਿਆਰ ਦੇ ਬਦਲੇ ਰੱਬ ਮਿਲਦਾ ਹੈ,
    ਪਿਆਰ ਖ਼ੁਦਾ ਨਾਲ ਕਰਦੇ ਰਹੋ।

    1. ਸੂਰਜ ਚਾਂਦ ਸਿਤਾਰੇ ਪ੍ਰਭੂ ਨੇ
    ਧਰਤੀ ਅਕਾਸ਼ ਬਣਾਇਆ ਏ,
    ਝਰਨੇ ਨਦੀਆਂ ਪਹਾੜ ਖ਼ੁਦਾ ਨੇ
    ਜੰਗਲ ਬਾਗ਼ ਬਣਾਇਆ ਏ,
    ਉਸ ਮਾਲਿਕ ਨੇ ਜਗਤ ਰਚਾਇਆ,
    ਸ਼ੁਕਰੀਆ ਉਹਦਾ ਕਰਦੇ ਰਹੋ,
    ਪਿਆਰ ਦੇ ਬਦਲੇ ਰੱਬ ਮਿਲਦਾ ਹੈ,
    ਪਿਆਰ ਖ਼ੁਦਾ ਨਾਲ ਕਰਦੇ ਰਹੋ।

    2. ਧਰਤੀ ਦੀ ਮਿੱਟੀ ’ਚੋਂ ਪ੍ਰਭੂ ਨੇ
    ਆਦਮੀ ਨੂੰ ਬਣਾਇਆ ਏ,
    ਆਦਮੀ ਦੀ ਪਸਲੀ ’ਚੋਂ ਪ੍ਰਭੂ ਨੇ
    ਔਰਤ ਨੂੰ ਬਣਾਇਆ ਏ,
    ਰੋਜ਼ ਸਵੇਰੇ ਤੜਕੇ ਉੱਠ ਕੇ,
    ਤਾਰੀਫ਼ ਉਹਦੀ ਕਰਦੇ ਰਹੋ,
    ਪਿਆਰ ਦੇ ਬਦਲੇ ਰੱਬ ਮਿਲਦਾ ਹੈ,
    ਪਿਆਰ ਖ਼ੁਦਾ ਨਾਲ ਕਰਦੇ ਰਹੋ।

    3. ਦੁਨੀਆ ਨੂੰ ਖ਼ੁਸ਼ੀਆ ਦੇਣ ਲਈ
    ਰੱਬ ਨੇ ਰੂਪ ਵਟਾਇਆ ਏ,
    ਸੱਚੀ ਭਗਤੀ ਕਰਨ ਦਾ ਸਾਨੂੰ
    ਯਿਸੂ ਨੇ ਰਾਹ ਦਿਖਾਇਆ ਏ,
    ਯਿਸੂ ਦਇਆ ਦਾ ਸਾਗਰ ਬਣਿਆ,
    ਮਹਿਮਾ ਉਹਦੀ ਗਾਉਂਦੇ ਰਹੋ,
    ਪਿਆਰ ਦੇ ਬਦਲੇ ਰੱਬ ਮਿਲਦਾ ਹੈ,
    ਪਿਆਰ ਖ਼ੁਦਾ ਨਾਲ ਕਰਦੇ ਰਹੋ।

  • ---

    ਯਿਸੂ ਨੇ ਮੈਨੂੰ ਪਿਆਰ ਕੀਤਾ,
    ਮਨੁੱਖ ਬਣ ਕੇ ਜਨਮ ਲਿਆ,
    ਆਪਣਾ ਖੂਨ ਵਹਾ ਕੇ,
    ਸਲੀਬ ਉਤੇ ਜਾਨ ਦੇ ਕੇ।

    1. ਮਾਂ ਦੀ ਕੁੱਖ ਵਿਚ ਜਨਮ ਤੋਂ ਪਹਿਲਾਂ,
    ਪ੍ਰਭੂ ਨੇ ਮੈਨੂੰ ਚੁਣਿਆ,
    ਕੁੱਖ ਵਿਚ ਮੈਨੂੰ ਪਾਲਿਆ,
    ਦੁਨੀਆ ਵਿਚ ਲੈ ਕੇ ਆਇਆ।

    2. ਸੰਸਾਰ ਦੀ ਨੀਂਹ ਰੱਖਣ ਤੋਂ ਪਹਿਲਾਂ,
    ਪ੍ਰਭੂ ਨੇ ਮੈਨੂੰ ਚੁਣਿਆ,
    ਆਪਣਾ ਪਿਆਰ ਵਿਖਾਇਆ,
    ਆਪਣੇ ਸਰੂਪ ਬਣਾਇਆ।

    3. ਆਪਣੀ ਹਥੇਲੀ ’ਤੇ ਨਾਂ ਲਿਖਿਆ,
    ਸਾਡੀ ਖ਼ਬਰ ਉਹ ਰੱਖਦਾ,
    ਫਰਿਸ਼ਤਿਆਂ ਨੂੰ ਉਹ ਭੇਜਦਾ,
    ਰੱਖਿਆ ਸਾਡੀ ਕਰਦਾ।

  • ---

    ਯਿਸੂ ਚਾਨਣ ਦੁਨੀਆ ਦਾ
    ਕਰੇ ਖ਼ਤਮ ਹਨੇਰੇ ਨੂੰ,
    ਅਸੀਂ ਸਿਜਦਾ ਕਰਦੇ ਹਾਂ
    ਹਰ ਸ਼ਾਮ ਸਵੇਰੇ ਨੂੰ।

    1. ਪਾਪਾਂ ਦੀ ਗੁਲਾਮੀ ਤੋਂ
    ਕਰਦਾ ਛੁਟਕਾਰਾ ਏ,
    ਦੁਖੀਆਂ ਤੇ ਬਿਮਾਰਾਂ ਦੀ
    ਜ਼ਿੰਦਗੀ ਦਾ ਸਹਾਰਾ ਏ,
    ਸੱਚੀ ਦਰਦੀ ਦੁਨੀਆ ਦਾ
    ਜਾਣੇ ਦਰਦ ਉਹ ਮੇਰੇ ਨੂੰ।

    2. ਉਸ ਜਗਤ ਪ੍ਰੇਮੀ ਨੇ
    ਪਿਆਰ ਬੇਹੱਦ ਕੀਤਾ ਏ,
    ਸਾਡਿਆਂ ਗੁਨਾਹਾਂ ਦਾ ਯਿਸੂ
    ਪਿਆਲਾ ਪੀਤਾ ਏ,
    ਪੈਰਾਂ ਹੇਠ ਮਿੱਧਦਾ ਏ
    ਦੁਸ਼ਮਣ ਦੇ ਡੇਰੇ ਨੂੰ।

    3. ਜਦ ਤਕ ਇਹ ਜ਼ਿੰਦਗੀ ਏ,
    ਮਹਿਮਾ ਉਸਦੀ ਗਾਵਾਂਗੇ,
    ਕੁਰਬਾਨੀ ਦਿਲਾਂ ਦੀ ਅਸੀਂ
    ਉਸ ਨੂੰ ਚੜ੍ਹਾਵਾਂਗੇ,
    ਜਿਹਨੇ ਦਿਲ ਵਿੱਚ ਰੱਖਿਆ ਏ,
    ਭੁੱਲੇ ਪਿਆਰ ਨਾ ਤੇਰੇ ਨੂੰ।

    4. ਅਸੀਂ ਉਸਨੂੰ ਮਿਲਣੇ ਦਾ
    ਰੱਖਿਆ ਨਿਸ਼ਾਨਾ ਏ,
    ਉਹਨੂੰ ਜ਼ਿੰਦਗੀ ਮਿਲ ਜਾਂਦੀ
    ਜਿਹੜਾ ਉਸਦਾ ਦਿਵਾਨਾ,
    ਤੱਕ ਚਾਨਣ ਰਾਹਾਂ
    ਛੱਡ ਮੌਤ ਦੇ ਘੇਰੇ ਨੂੰ।

  • ---

    ਅਮਲਾਂ ਦੇ ਨਾਲ ਤੈਨੂੰ ਮਿਲਣੀ ਨਜਾਤ ਈ,
    ਰਸਮਾਂ ਤੇ ਰੀਤਾਂ ਨਾਲ ਬਣਨੀ ਇਹ ਬਾਤ ਨਈਂ।

    1. ਐਂਵੇਂ ਕਿਸੇ ਭੁੱਲ ਵਿੱਚ ਉਮਰ ਗਵਾਈਂ ਨਾ,
    ਝੂਠੀਆਂ ਤਸੱਲੀਆਂ ਨਾਲ ਦਿਲ ਪਰਚਾਈਂ ਨਾ,
    ਹੋਣੇ ਉਹਦੇ ਖੂਨ ਬਿਨਾਂ ਪਾਪ ਤੇਰੇ ਮਾਫ਼ ਨਈਂ,
    ਰਸਮਾਂ ਤੇ ਰੀਤਾਂ ਨਾਲ ਬਣਨੀ ਇਹ ਬਾਤ ਨਈਂ।

    2. ਫ਼ਜ਼ਲ ਉਹਦਾ ਕਾਫ਼ੀ ਤੈਨੂੰ ਪਾਪਾਂ ਤੋਂ ਬਚਾਉਣ ਲਈ,
    ਰਾਹ, ਸੱਚ, ਜ਼ਿੰਦਗੀ ਦਾ ਭੇਦ ਸਮਝਾਉਣ ਲਈ,
    ਵੇਖੀ ਅਸੀਂ ਸਾਰੀ ਦੁਨੀਆ ’ਤੇ
    ਯਿਸੂ ਜਿਹੀ ਦਾਤ ਨਈਂ,
    ਰਸਮਾਂ ਤੇ ਰੀਤਾਂ ਨਾਲ ਬਣਨੀ ਇਹ ਬਾਤ ਨਈਂ।

    3. ਦਿਲ ਤੋਂ ਇਮਾਨ ਜੇ ਨਾ ਯਿਸੂ ’ਤੇ ਲਿਆਵੇਂਗਾ,
    ਸੋਚ ਲੈ ਤੂੰ ਫਿਰ ਸਿੱਧਾ ਦੋਜ਼ਖ਼ਾਂ ਨੂੰ ਜਾਵੇਂਗਾ,
    ਪੁੱਛਣੀ ਵੀ ਉਹਦੇ ਬਾਝੋਂ ਤੇਰੀ ਕਿਸੇ ਵਾਤ ਨਈਂ,
    ਰਸਮਾਂ ਤੇ ਰੀਤਾਂ ਨਾਲ ਬਣਨੀ ਇਹ ਬਾਤ ਨਈਂ।

  • ---

    ਅਦਬ ਦੇ ਨਾਲ ਜਿਹੜੇ ਨਾਮ ਤੇਰਾ ਜੱਪਦੇ,
    ਹੋ ਜਾਂਦੇੇ ਉਹ ਕੱਖੋਂ ਲੱਖ ਦੇ।

    1. ਜ਼ਿੰਦਗੀ ’ਚ ਆਉਣ ਵਾਲੇ ਦੁੱਖਾਂ ਤੇ ਨਸੀਹਤਾਂ,
    ਸੌਂਪਦੇ ਉਹ ਤੇਰੇ ਅੱਗੇ ਸਾਰੀਆਂ ਮੁਸੀਬਤਾਂ,
    ਆਉਂਦੇ ਉਹ ਦੁਆਰੇ ਤੇਰੇ ਆਸ ਵੱਡੀ ਰੱਖ ਕੇ।

    2. ਰੱਖਦੇ ਇਮਾਨ ਪੱਕਾ ਹਿੰਮਤ ਨਹੀਂ ਹਾਰਦੇ,
    ਤੇਰੇ ਸੱਚੇ ਪਿਆਰ ਲਈ ਜਾਨ ਵੀ ਉਹ ਵਾਰਦੇ,
    ਕਰਦੇ ਉਹ ਸੇਵਾ ਤੇਰੀ, ਕਦੇ ਨਹੀਂਓਂ ਥੱਕਦੇ।

    3. ਸੁਣ ਕੇ ਗਵਾਹੀਆਂ ਮੈਂ ਵੀ
    ਆਇਆ ਹਾਂ ਦੁਆਰ ਤੇਰੇ,
    ਪਾਕ ਬਣਾ ਰੱਬਾ ਭਾਗ ਜਗਾ ਮੇਰੇ,
    ਕਰਾਂ ਤੇਰੀ ਬੰਦਗੀ ਮੈਂ, ਪੂਰੇ ਦਿਲੋਂ ਡੱਟ ਕੇ।

  • ---

    ਰਾਹੇ ਪਾਉਂਦਾ ਜਾਵੇ,
    ਮੇਰੇ ਜਿਹੇ ਪਾਪੀਆਂ ਨੂੰ ਉਹ,
    ਉਹਦੇ ਦਰ ਤੋਂ ਨਾ ਖਾਲੀ ਕੋਈ ਜਾਵੇ,
    ਮੈਂ ਦੱਸਦੀ ਹਾਂ ਜਾਤੀਆਂ ਨੂੰ।

    1. ਮੋਹ ਮਾਇਆ ਛੱਡ ਕੇ,
    ਉਹਦੀ ਸੁਣ ਲੈ ਬਾਣੀ,
    ਉਹਦੇ ਕੋਲ ਤੂੰ ਆ ਜਾ,
    ਉਹ ਦਿੰਦਾ ਜ਼ਿੰਦਗੀ ਦਾ ਪਾਣੀ,
    ਮੈਂ ਹਾਂ ਰਾਹ ’ਤੇ ਸੱਚਿਆਈ
    ਕਹਿੰਦਾ ਪਾਪੀਆਂ ਨੂੰ।

    2. ਵਿਗੜੀ ਸੀ ਜ਼ਿੰਦਗੀ,
    ਓਹਨੇ ਆਣ ਵਸਾਇਆ,
    ਨਾਲੇ ਖੂਨ ਵਹਾ ਕੇ,
    ਮੈਨੂੰ ਆਪਣਾ ਬਣਾਇਆ,
    ਉਹ ਅੱਜ ਵੀ ਕਹਿੰਦਾ ਆ
    ਜੋ ਮੇਰੇ ਕੋਲ ਪਾਪੀਆਂ ਨੂੰ।

    3. ਸੂਲੀ ’ਤੇ ਵੇਖੋ ਓਨੇ
    ਦੁੱਖ ਹੈ ਜਰਿਆ,
    ਮੈਂ ਵੀ ਜੱਗ ਨੂੰ ਛੱਡ ਕੇ,
    ਓਹਦਾ ਪੱਲਾ ਫੜ੍ਹਿਆ,
    ਮੇਰੇ ਕੋਲ ਹੈ ਅਸਲ ਖ਼ੁਦਾਈ
    ਕਹਿੰਦਾ ਪਾਪੀਆਂ ਨੂੰ।

  • ---

    ਦਿਲ ਮੇਰੇ ’ਚੋਂ ਆਵਾਜ਼ ਹੈ ਨਿਕਲੀ,
    ਤੈਨੂੰ ਦਰਦ ਸੁਣਾਉਣ ਦੀ,
    ਦੁੱਖ ਵਿੱਚ ਹੋਵਾਂ ਕਹਿੰਦੀ ਮੈਨੂੰ,
    ਤੇਰਾ ਨਾਮ ਧਿਆਉਣ ਲਈ।

    1. ਝੂਠੇ ਹੁੰਦੇ ਰਿਸ਼ਤੇ ਜੱਗ ਦੇ
    ਝੂਠੇ ਹੁੰਦੇ ਯਾਰ ਨੇ,
    ਦੇ ਕੇ ਪਲ ਦੋ ਪਲ ਦੀ ਖ਼ੁਸ਼ੀ,
    ਬਦਲਦੇ ਵਾਂਗ ਬਹਾਰ ਨੇ,
    ਰੂਹ ਕਹਿੰਦੀ ਹੈ ਛੱਡ ਦੇ ਚਾਹਤ
    ਪਿਆਰ ਕਿਸੇ ਤੋਂ ਪਾਉਣ ਦੀ।

    2. ਤੂੰ ਹੀ ਏਂ ਮੇਰਾ ਜੀਵਨ ਸਾਥੀ,
    ਨਾਲੇ ਸੱਚਾ ਪਿਆਰ ਵੀ,
    ਦੁੱਖ ਦੇ ਵੇਲੇ ਸੁਣਦਾ ਮੇਰੀ,
    ਦੁੱਖਾਂ ਭਰੀ ਪੁਕਾਰ ਵੀ,
    ਤਾਂਘ ਹੈ ਮਨ ਵਿੱਚ ਪੈਦਾ ਹੋਈ,
    ਤੇਰੇ ਹੀ ਗੁਣ ਗਾਉਣ ਦੀ।

    3. ਦੁਨੀਆ ਦੇ ਠੁਕਰਾਏ ਲੋਕੀ,
    ਦਰ ਤੇਰੇ ’ਤੇ ਆਉਂਦੇ ਨੇ,
    ਭੁੱਲ ਜਾਂਦੇ ਉਹ ਦੁਖੜੇ ਸਾਰੇ
    ਫੁੱਲੇ ਨਾ ਸਮਾਉਂਦੇ ਨੇ,
    ਰੋਮ–ਰੋਮ ਮੇਰਾ ਮਹਿਮਾ ਗਾਵੇ
    ਤੇਰੇ ਨਾਮ ਵਡਿਆਉਣ ਲਈ।

  • ---

    ਅਜ਼ਮਾਇਸ਼ਾਂ ਤੋਂ ਬਚਾ ਲੈ, ਮੈਂ ਹਾਂ ਦਿਲ ਦਾ ਗਰੀਬ,
    ਮੇਰਾ ਤੇਰੇ ’ਤੇ ਭਰੋਸਾ, ਮੈਂ ਲਾ ਲਈ ਤੇਰੇ ਨਾਲ ਪ੍ਰੀਤ।

    1. ਸਾਮਰੀ ਔਰਤ ਤਾਰੀ, ਦਿੱਤੀ ਪਾਪਾਂ ਤੋਂ ਰਿਹਾਈ,
    ਜੱਕੀ ਵਰਗੇ ਲੋਕਾਂ ਨੂੰ, ਤੂੰ ਨਜਾਤ ਸੀ ਦਿਲਾਈ,
    ਮੈਂ ਹਾਂ ਕਰਦਾ ਪੁਕਾਰ, ਮੇਰਾ ਬਣਾ ਜਾ ਤੂੰ ਮੀਤ।

    2. ਮੈਂ ਹਾਂ ਪਾਪਾਂ ਵਿੱਚ ਡਿੱਗਾ, ਮੈਨੂੰ ਚੁੱਕ ਲੈ ਤੂੰ ਆਣ,
    ਮੇਰਾ ਮਨ ਹੈ ਉਦਾਸ, ਮੇਰੇ ਦਿਲ ਦੀਆਂ ਜਾਣ,
    ਮੈਂ ਹਾਂ ਦੂਰ ਬੜ੍ਹਾ ਤੇਥੋਂ, ਮੇਰੀ ਸਾਫ਼ ਕਰ ਨੀਤ।

    3. ਮੈਨੂੰ ਪਾਪਾਂ ਦੀ ਗ਼ੁਲਾਮੀ ਤੋਂ, ਦੇ ਦੇ ਨਸਤਾਰਾ,
    ਮੈਂ ਹਾਂ ਟੁੱਟਿਆ ਹੋਇਆ, ਮੈਨੂੰ ਦੇ ਦੇ ਤੂੰ ਸਹਾਰਾ,
    ਮੈਨੂੰ ਸੀਨੇ ਨਾਲ ਲਾ ਲੈ, ਗਾਵਾਂ ਤੇਰੇ ਸਦਾ ਗੀਤ।

    4. ਮੈਨੂੰ ਦੁਨੀਆ ਦੀ ਯਾਰੀ ਤੋਂ ਰੱਖ ਸਦਾ ਦੂਰ,
    ਆ ਕੇ ਦੇ ਦੇੇ ਤੂੰ ਦਿਲਾਸਾ ਵੇਖਾਂ ਤੇਰਾ ਸਦਾ ਨੂਰ,
    ਮੈਨੂੰ ਪਾਕ ਬਣਾ ਦੇ ਜੀਵਨ ਸਾਫ਼ ਕਰਾਂ ਬਤੀਤ।

  • ---

    ਬਾਈਬਲ ’ਚੋਂ ਮੁਹੱਬਤਾਂ ਦੀ
    ਮੈਨੂੰ ਖ਼ੁਸ਼ਬੂ ਆਉਂਦੀ ਏ,
    ਤਾਂ ਹੀ ਤਾਂ ਜਾਨ ਮੇਰੀ
    ਸਨਾ ਰੱਬ ਦੀ ਗਾਉਂਦੀ ਏ।

    1. ਸੱਚੇ ਫੁੱਲਾਂ ਦਾ ਗੁਲਦਸਤਾ
    ਮਹਿਕਾਂ ਵੰਡੀ ਜਾਵੇ,
    ਕਰਦਾ ਦੂਰ ਹਨੇਰੇ ਸਭ ਦੀ
    ਜ਼ਿੰਦਗੀ ਨੂੰ ਰੁਸ਼ਨਾਵੇ,
    ਸੁਬ੍ਹਾ ਤੇ ਸ਼ਾਮਾਂ ਨੂੰ
    ਮੇਰੀ ਪਿਆਸ ਬੁਝਾਉਂਦੀ ਏ,
    ਤਾਂ ਹੀ ਤਾਂ ਜਾਨ ਮੇਰੀ
    ਸਨਾ ਰੱਬ ਦੀ ਗਾਉਂਦੀ ਏ।

    2. ਇਸ ਬਾਈਬਲ ਦੀਆਂ ਮਿੱਠੀਆਂ ਆਈਤਾਂ
    ਲਿਖੀਆਂ ਮੇਰੇ ਦਿਲ ’ਤੇ,
    ਅੱਖੀਆਂ ਵਾਲੇ ਪੜ੍ਹ ਹੈ ਲੈਂਦੇ
    ਹੋ ਜਾਂਦੇ ਨੇ ਨੇੜੇ,
    ਕਰੋ ਪਿਆਰ ਦੁਸ਼ਮਣਾਂ ਨੂੰ
    ਬਾਈਬਲ ਸਿਖਲਾਉਂਦੀ ਏ,
    ਤਾਂ ਹੀ ਤਾਂ ਜਾਨ ਮੇਰੀ
    ਸਨਾ ਰੱਬ ਦੀ ਗਾਉਂਦੀ ਏ।

    3. ਇਹ ਜ਼ਿੰਦਗੀ ਦੀ ਰੋਟੀ ਨਾਲੇ
    ਇਹ ਜ਼ਿੰਦਗੀ ਦਾ ਪਾਣੀ,
    ਕੁਦਰਤ ਦਾ ਅਨਮੋਲ ਖ਼ਜ਼ਾਨਾ
    ਸੁਰਗੀ ਅੰਮ੍ਰਿਤ ਬਾਣੀ,
    ਇਹ ਹਰ ਇੱਕ ਪਿਆਸੇ ਦੀ
    ਸਦਾ ਪਿਆਸ ਬੁਝਾਉਂਦੀ ਏ,
    ਤਾਂ ਹੀ ਤਾਂ ਜਾਨ ਮੇਰੀ
    ਸਨਾ ਰੱਬ ਦੀ ਗਾਉਂਦੀ ਏ।

  • ---

    ਵਚਨਾਂ ਤੋਂ ਚੰਗਾ ਕਰਨੇ ਵਾਲਾ,
    ਤਨ ਮਨ ਤੋਂ ਦੁੱਖ ਹਰਨੇ ਵਾਲਾ,
    ਸ਼ਾਂਤੀ ਦਾਤਾ ਮੁਕਤੀਦਾਤਾ ਤੈਨੂੰ,
    ਸਭ ਕੁਝ ਮੈਂ ਅਰਪਣ ਕਰਦਾ ਹਾਂ।

    1. ਤੇਰਾ ਵਚਨ ਮੇਰੇ ਜੀਵਨ ਦਾ ਭੋਜਨ ਹੈ,
    ਸੰਜੀਵਨ ਜਲ ਹੈ ਤੇਰੀ ਬਾਣੀ,
    ਤੇਰਾ ਹੈ ਵਾਇਦਾ, ਦੇਵਾਂਗਾ ਮੈਂ ਆਰਾਮ,
    ਮੈਂ ਹਾਂ ਤੁਹਾਡਾ ਪਾਲਣਹਾਰਾ,
    ਮੈਂ ਹਾਂ ਤੇਰਾ, ਤੂੰ ਹੈ ਮੇਰਾ,
    ਓ ਯਿਸੂ ਰਾਜਾ।

    2. ਉੱਧਾਰ ਸਾਡਾ ਤੂੰ, ਜੀਵਨ ਨੂੰ ਅਮਰ ਬਣਾ,
    ਅਰਾਧਨਾ ਤੇਰੇ ਨਾਮ ਦੀ ਯਿਸੂ,
    ਜ਼ੋਖ਼ਿਮ ਭਰੇ ਜੀਵਨ ਨੂੰ ਤੂੰ ਸੰਭਾਲ,
    ਤੂੰ ਮੇਰਾ ਪਾਲਕ ਪ੍ਰੇਮੀ ਯਿਸੂ,
    ਮੈਂ ਹਾਂ ਤੇਰਾ, ਤੂੰ ਹੈ ਮੇਰਾ,
    ਓ ਯਿਸੂ ਰਾਜਾ।

  • ---

    ਸੁਣ ਲੈ ਪੁਕਾਰ ਮੇਰੀ, ਤੂੰ ਸੂਲੀ ਵਾਲਿਆ,
    ਗ਼ਮਾਂ ਦੇ ਹਨੇਰਿਆਂ ’ਚੋਂ , ਤੈਨੂੰ ਮੈਂ ਪੁਕਾਰਿਆ।

    1. ਤੇਰੇ ਬਿਨਾਂ ਕੋਈ ਮੇਰੇ ਦੁੱਖ ਨਈਓਂ ਜਾਣਦਾ,
    ਮੈਨੂੰ ਤੇ ਸਹਾਰਾ ਇੱਕੋ ਯਿਸੂ ਤੇਰੇ ਨਾਮ ਦਾ,
    ਕਰਦੇ ਮਿਹਰ ਦਾ ਸਾਇਆ, ਤੂੰ ਸੂਲੀ ਵਾਲਿਆ।

    2. ਪਾਪਾਂ ਦਿਆਂ ਸੰਗਲਾਂ ਨੇ ਬੰਨ੍ਹਿਆ ਸਰੀਰ ਏ,
    ਕਰਦਾ ਹਾਂ ਤੌਬਾ ਮੇਰੇ ਨੈਣਾਂ ਵਿੱਚ ਨੀਰ ਏ,
    ਕਰਦੇ ਰਹਿਮ ਦਾ ਸਾਇਆ, ਤੂੰ ਸੂਲੀ ਵਾਲਿਆ।

    3. ਆਪਣਾ ਫ਼ਜ਼ਲ ਨਾਲੇ ਆਪਣਾ ਪਿਆਰ ਦੇ,
    ਮੈਨੂੰ ਅਪਣਾ ਲੈ ਯਿਸੂ ਜ਼ਿੰਦਗੀ ਸਵਾਰ ਦੇ,
    ਕਰਦੇ ਦਇਆ ਦਾ ਸਾਇਆ, ਤੂੰ ਸੂਲੀ ਵਾਲਿਆ।

  • ---

    ਨੇੜੇ–ਨੇੜੇ ਹੋ ਯਿਸੂ ਜੀ,
    ਕੱਲੀ ਕੁਰਲਾਏ ਮੇਰੀ ਜਾਨ।

    1. ਗਲਤੀਆਂ ਸਾਡੀਆਂ ਮਾਰਾਂ ਤੂੰ ਖਾਧੀਆਂ,
    ਆਸ਼ੀਸ਼ਾਂ ਤੁਹਾਡੀਆਂ,
    ਜੀਉਣ ਨਹੀਂ ਦਿੰਦਾ ਇਹ ਸ਼ੈਤਾਨ, ਸ਼ੈਤਾਨ।

    2. ਮੈਨੂੰ ਤੂੰ ਪਿਆਰ ਦੇ, ਵਿਗੜੀ ਸਵਾਰ ਦੇ,
    ਡੁੱਬਦੇ ਨੂੰ ਤਾਰ ਦੇ ਤੇਰਾ ਤੇ
    ਜ਼ਿੰਦਾ ਏ ਕਲਾਮ, ਕਲਾਮ।

    3. ਯਿਸੂ ਬਚਾਉਣ ਵਾਲਾ, ਲੰਗੜੇ ਚਲਾਉਣ ਵਾਲਾ,
    ਮੁਰਦੇ ਜਵਾਉਣ ਵਾਲਾ,
    ਸਾਰਿਆਂ ਤੋਂ ਉੱਚੀ, ਉਹਦੀ ਸ਼ਾਨ, ਸ਼ਾਨ।

  • ---

    ਡੋਰੀ ਹੋਰਨਾਂ ਦੇ ਪਿਆਰ ਵਾਲੀ ਛੱਡ ਦੇ,
    ਤੇ ਯਿਸੂ ਤੈਨੂੰ ਬੋਲਦਾ,
    ਦਿਲੋਂ ਕੁਫ਼ਰ ਤੇ ਗ਼ਰੂਰ ਸਾਰਾ ਕੱਢਦੇ,
    ਤੇ ਯਿਸੂ ਤੈਨੂੰ ਬੋਲਦਾ।

    1. ਤੈਨੂੰ ਘੱਲਿਆ ਸੀ ਨੇਕੀਆਂ ਕਮਾਉਣ ਨੂੰ,
    ਤੂੰ ਤੇ ਰੱਜ ਕੇ ਹੀ ਪੂਜਿਆ ਸ਼ੈਤਾਨ ਨੂੰ,
    ਕਿੱਥੇ ਜਾਵੇਂਗਾ ਹਜ਼ੂਰੀ ਮੇਰੀ ਛੱਡ ਕੇ।

    2. ਆਦਮ ਹੱਵਾ ਤੋਂ ਕਸੂਰ ਇਹ ਸੀ ਹੋ ਗਿਆ,
    ਫਲ਼ ਬਦੀ ਵਾਲਾ ਤੋੜ ਕੇ ਤੇ ਖਾ ਲਿਆ,
    ਜਿਹੜੇ ਫਲ਼ ਨਈਓਂ ਦੇਂਦੇ ਰੁੱਖ ਵੱਢਦੇ।

    3. ਮੇਰਾ ਜੂਲਾ ਮੁਲਾਇਮ ਯਿਸੂ ਬੋਲਦਾ,
    ਆਪਣੇ ਲਹੂ ਨਾਲ ਜਿੰਦ ਸਾਡੀ ਧੋਂਵਦਾ,
    ਗੰਢ ਪਾਪਾਂ ਵਾਲੀ ਮੇਰੇ ਉੱਤੇ ਸੁੱਟ ਦੇ।

  • ---

    ਯਿਸੂ ਆਏਗਾ ਜਲਦੀ ਮੈਂ ਸ਼ਾਦ ਰਹਾਂ,
    ਉਹ ਲੈ ਜਾਏਗਾ ਸੰਤਾਂ ਨੂੰ ਵਿੱਚ ਅਸਮਾਨ।

    1. ਜਿਨ੍ਹਾਂ ਨੂੰ ਬੁਲਾਇਆ ਯਿਸੂ ਕਰਦਾ ਪਿਆਰ,
    ਉਹਨਾਂ ਨੂੰ ਹਮੇਸ਼ਾ ਯਿਸੂ ਕਰਦਾ ਤਿਆਰ,
    ਉਹਨਾਂ ਨੂੰ ਸਿਓਨ ਵਿੱਚ ਦੇਵੇ ਅਸਥਾਨ।

    2. ਵੇਖਾਂ ਸਦਾ ਪੂਰੇ ਹੁੰਦੇ ਆਮਦ ਦੇ ਨਿਸ਼ਾਨ,
    ਦਿਨੇਂ ਰਾਤੀ ਦੁੱਖ ਉਠਾਏ ਸਾਰਾ ਇਹ ਜਹਾਨ,
    ਦੇਵੇਂਗਾ ਛੁਟਕਾਰਾ ਯਿਸੂ ਆ ਗਿਆ ਸਮਾਂ।

    3. ਦੁੱਖ ਅਜ਼ਮਾਇਸ਼ਾਂ ਇਹ ਹੈ ਬੀਆਬਾਨ ਦੀ ਰਾਹ,
    ਹੋ ਕੇ ਦਯਾਵਾਨ ਯਿਸੂ ਰੱਖਦਾ ਨਿਗਾਹ,
    ਫਤਹਿ ਪਾਏ ਸੰਤਾਂ ਨੂੰ ਦੇਵੇਗਾ ਇਨਾਮ।

    4. ਨਰਸਿੰਗਾ ਫੂੰਕਾ ਜਾਏਗਾ ਵਿੱਚ ਅਸਮਾਨ,
    ਉਸ ਵਕਤ ਮਕੁੱਦਸ ਹੋ ਜਾਏਂਗੇ ਸ਼ਾਦਮਾਨ,
    ਜਿਨ੍ਹਾਂ ਨੇ ਅਖ਼ੀਰ ਤਕ ਰੱਖਿਆ ਇਮਾਨ।

  • ---

    ਮਿੱਠੀ ਲੱਗਦੀ ਮਸੀਹਾ ਤੇਰੀ ਬਾਣੀ,
    ਮਿੱਠੀ ਲੱਗਦੀ ਮਸੀਹਾ ਤੇਰੀ ਬਾਣੀ,
    ਮਿੱਠੀ ਲੱਗਦੀ ਅੰਮ੍ਰਿਤ ਵੇਲੇ,
    ਮਿੱਠੀ ਲੱਗਦੀ ਅੰਮ੍ਰਿਤ ਵੇਲੇ ,
    ਮਿੱਠੀ ਲੱਗਦੀ ਅੰਮ੍ਰਿਤ ਵੇਲੇ,
    ਮਿੱਠੀ ਲੱਗਦੀ ਬਾਣੀ।

    1. ਯਿਸੂ ਹੈ ਮੇਰੀ ਜ਼ਿੰਦਗੀ ਦੀ ਰੋਟੀ
    ਖਾ ਕੇ ਜ਼ਿੰਦਗੀ ਪਾਉਣੀ।

    2. ਯਿਸੂ ਹੈ ਮੇਰਾ ਜ਼ਿੰਦਗੀ ਦਾ ਪਾਣੀ,
    ਰੂਹ ਦੀ ਪਿਆਸ ਬੁਝਾਉਣੀ।

    3. ਯਿਸੂ ਹੈ ਮੇਰੀ ਮੁਕਤੀ ਦਾ ਦਾਤਾ,
    ਉਸ ਕੋਲੋਂ ਮੁਕਤੀ ਪਾਉਣੀ।

    4. ਯਿਸੂ ਹੈ ਮੇਰੀ ਜ਼ਿੰਦਗੀ ਦਾ ਰਾਹ,
    ਉਸਨੇ ਰਾਹ ਦਿਖਾਣੀ।

    5. ਜਿਹੜੀ ਜਿੰਦ ਦਾ ਮਾਣ ਹੈਂ ਕਰਦਾ,
    ਉਹ ਫ਼ਨਾਹ ਹੋ ਜਾਣੀ।

  • ---

    ਮੁੱਕ ਗਈਆਂ ਨੇ ਅੱਜ ਗ਼ਮ ਦੀਆਂ ਰਾਤਾਂ,
    ਰਹਿਮ ਦੀਆਂ ਵੱਸੀਆਂ ਬਰਸਾਤਾਂ।

    1. ਵਰ੍ਹਿਆਂ ਤੋਂ ਮੈਂ ਵਿੱਛੜ ਗਿਆ ਸਾਂ,
    ਬਿਨਾਂ ਤੇਰੇ ਮੈਂ ਉੱਜੜ ਗਿਆ ਸਾਂ,
    ਹੁਣ ਹੋਈਆਂ ਰੱਬ ਨਾਲ ਮੁਲਾਕਾਤਾਂ।

    2. ਆਪਣੇ ਲਹੂ ਦੇ ਨਾਲ ਦੀਵਾ ਯਿਸੂ ਬਾਲ਼ਿਆ,
    ਹਨੇਰਿਆਂ ’ਚੋਂ ਕੱਢਿਆ ਤੇ ਰਾਹ ਵਿਖਾਲਿਆ,
    ਇਬਨ ਖ਼ੁਦਾ ਦੀਆਂ ਵੇਖੋ ਕਰਾਮਾਤਾਂ।

    3. ਡੁੱਬਦੇ ਹੋਏ ਨੂੰ ਅੱਜ ਮਿਲਿਆ ਕਿਨਾਰਾ ਏ,
    ਮੇਰਾ ਸਹਾਰਾ ਯਿਸੂ ਮੇਰਾ ਕਫ਼ਾਰਾ ਏ,
    ਜਾਗ ਪਈਆਂ ਅੱਜ ਸੁੱਤੀਆਂ ਬਰਾਤਾਂ।

  • ---

    ਜਿੰਨੇ ਵਿੱਚ ਰੱਖਣਾ ਉਹ ਚਾਹੁੰਦਾ ਏ,
    ਓਨੇ ਵਿੱਚ ਰਾਜ਼ੀ ਹੋ ਕੇ ਰਹੀਏ।
    ਰੱਬ ਦਾ ਵਚਨ ਵੀ ਸਿਖਾਉਂਦਾ ਏ,
    ਓਨੇ ਵਿੱਚ ਰਾਜ਼ੀ ਹੋ ਕੇ ਰਹੀਏ।

    1. ਭੁੱਖ ਨੂੰ ਖਲਾਰੇਂਗਾ ਤੇ ਬਹੁਤਾ ਨਹੀਂਓਂ ਮਿਲਣਾ,
    ਇੰਝ ਨਹੀਂਓਂ ਖ਼ੁਸ਼ੀਆਂ ਦਾ ਵਿਹੜਾ ਤੇਰਾ ਖਿਲਣਾ,
    ਥੋੜ੍ਹੇ ਵਿੱਚ ਉਹ ਵਾਧਾ ਪਾਉਂਦਾ ਏ,
    ਓਨੇ ਵਿੱਚ ਰਾਜ਼ੀ ਹੋ ਕੇ ਰਹੀਏ।

    2. ਨੇਕ ਆਯੂਬ ਵਾਂਗੂੰ ਸਿਦਕ ਨਿਭਾਲਾ ਤੂੰ,
    ਦੁੱਖ ਚਾਹੇ ਜਿੰਨੇ ਆਉਣ ਸੀਨੇ ਨਾਲ ਲਾ ਲੈ ਤੂੰ,
    ਦੁੱਖ ਪਾ ਕੇ ਸੁੱਖ ਆਉਂਦਾ ਏ,
    ਓਨੇ ਵਿੱਚ ਰਾਜ਼ੀ ਹੋ ਕੇ ਰਹੀਏ।

    3. ਜ਼ਿੰਦਗੀ ਦੇ ਰਾਹਾਂ ਵਿਚ ਸਾਹਾਂ ਦਾ ਕੀ ਭੇਦ ਏ,
    ਚਾਰ ਦਿਨ ਦਾ ਪ੍ਰਾਹੁਣਾ ਕਿਹੜਾ ਤੇਰਾ ਦੇਸ਼ ਏ,
    ਜਦੋਂ ਜੀ ਚਾਹੇ ਉਹ ਬਲਾਉਂਦਾ ਏ,
    ਓਨੇ ਵਿੱਚ ਰਾਜ਼ੀ ਹੋ ਕੇ ਰਹੀਏ।

    4. ਕਦੇ ਵੀ ਤੂੰ ਦਿਲ ਬੰਦੇ ਕਿਸੇ ਦਾ ਦੁਖਾਵੀਂ ਨਾ,
    ਕੋਈ ਚਾਹੇ ਦੁੱਖ ਦੇਵੇ ਕਿਸੇ ਨੂੰ ਸਤਾਵੀਂ ਨਾ,
    ਕਰ ਤੂੂੰ ਪਿਆਰ ਜੋ ਸਤਾਉਂਦਾ ਏ,
    ਓਨੇ ਵਿੱਚ ਰਾਜ਼ੀ ਹੋ ਕੇ ਰਹੀਏ।

  • ---

    ਸੁਣ, ਸੁਣ, ਸੁਣ ਦੁਆਵਾਂ ਰੱਬਾ ਮੇਰੀਆਂ,
    ਸੁਣ ਲੈ ਦੁਆ ਮੇਰੀ ਓ ਰੱਬਾ ਮੇਰਿਆ।

    1. ਮੈਂ ਦੁਖਿਆਰੀ ਗ਼ਮਾਂ ਦੀ ਮਾਰੀ,
    ਆਣ ਡਿੱਗੀ ਦਰ ਤੇਰੇ,
    ਮੇਰੇ ਖ਼ੁਦਾ, ਮੈਨੂੰ ਬਚਾ,
    ਆਈਆਂ ਗ਼ਮਾਂ ਦੀਆਂ ਕਾਲੀਆਂ ਹਨੇਰੀਆਂ।

    2. ਮੇਰੀ ਖਾਲੀ ਝੋਲੀ ਭਰ ਸ਼ਾਫ਼ੀ,
    ਤੇਰਾ ਕਿਹੜਾ ਖ਼ਜ਼ਾਨਾ ਮੁੱਕ ਚੱਲਿਆ,
    ਇੱਕ ਨਜ਼ਰ ਰਹਿਮ ਦੀ ਕਰ ਸ਼ਾਫ਼ੀ,
    ਤੇਰਾ ਕਿਹੜਾ ਖ਼ਜ਼ਾਨਾ ਮੁੱਕ ਚੱਲਿਆ।

  • ---

    ਦੁਖੀਆਂ ’ਤੇ ਕਰੋ ਕਿਰਪਾ, ਯਿਸੂ ਜੀ,
    ਕੋਈ ਦੁਖੀਆ ਨਾ ਹੋਵੇ,
    ਤੇਰਾ ਜਲਾਲ ਜ਼ਾਹਿਰ ਹੋਵੇ।

    1. ਲੰਗੜਾ ਵੀ ਰਾਜ਼ੀ ਹੋਵੇ, ਯਿਸੂ ਨੂੰ ਪੁਕਾਰਦਾ,
    ਅੱਖੀਆਂ ਨਾਲ ਵੇਖੇ ਅੰਨ੍ਹਾ ਸ਼ੁਕਰਗੁਜ਼ਾਰਦਾ,
    ਵਿਧਵਾ ਦਾ ਪੁੱਤਰ ਜ਼ਿੰਦਾ ਹੋ ਗਿਆ।

    2. ਚੁੱਕ ਕੇ ਮੰਜੀ ਅਧਰੰਗੀ, ਤੁਰਦਾ ਸੀ ਜਾਂਦਾ ਏ,
    ਲਸ਼ਕਰ ਦੇ ਸਾਏ ਵਾਲਾ ਪੈਰੀਂ ਆ ਪੈਂਦਾ ਏ,
    ਨਿਸ਼ਚਾ ਨਾਲ ਨੌਕਰ ਜ਼ਿੰਦਾ ਹੋਵੇ।

    3. ਪੈਂਦੇ ਨੇ ਜੱਕੀ ਵਰਗੇ, ਯਿਸੂ ਦਰ ਆਣ ਕੇ,
    ਮੱਤੀ ਵੀ ਤਰ ਗਿਆ ਏ ਯਿਸੂ ਦਰ ਆਣ ਕੇ,
    ਗੂੰਗਾ ਤੇ ਬੋਲ਼ਾ ਰਾਜ਼ੀ ਹੋਵੇ।

  • ---

    ਨਾਮ ਯਿਸੂ ਜੀ ਦਾ ਦਿਲ ’ਚ ਵਸਾ ਲੈ,
    ਸਵਰਗਾਂ ’ਚ ਸੁੱਖ ਪਾਵੇਂਗਾ,
    ਛੱਡ ਬਦੀਆਂ ਤੂੰ ਨੇਕੀਆਂ ਕਮਾ ਲੈ,
    ਸਵਰਗਾਂ ’ਚ ਸੁੱਖ ਪਾਵੇਂਗਾ।

    1. ਵੇਲਾ ਨਾ ਗਵਾ, ਤੇਰੇ ਹੱਥ ਨਹੀਂਓਂ ਆਣਾ ਏ,
    ਛੱਡ ਕੇ ਜਹਾਨ ਇੱਕ ਦਿਨ ਤੁਰ ਜਾਣਾ ਏ,
    ਇੱਕ ਵਾਰ ਕੰਨਾਂ ਨੂੰ ਹੱਥ ਲਾ ਲੈ।

    2. ਬੰਦਗੀ ਤੂੰ ਕਰ ਬੰਦੇ ਬੜ੍ਹਾ ਸੁੱਖ ਪਾਵੇਂਗਾ,
    ਜੇ ਨਾ ਕੀਤੀ ਤੌਬਾ ਸਿੱਧਾ ਨਰਕਾਂ ਨੂੰ ਜਾਵੇਂਗਾ,
    ਇੱਕ ਵਾਰ ਕੰਨਾਂ ਨੂੰ ਹੱਥ ਲਾ ਲੈ।

    3. ਖਾਰਾਂ ਬੁਰਿਆਈਆਂ ਸਭ ਦਿਲੋਂ ਕੱਢ ਕੇ,
    ਸਿੱਧੇ ਰਾਹ ’ਤੇ ਤੁਰ ਸੰਗ ਬੁਰਿਆਂ ਦਾ ਛੱਡ ਕੇ,
    ਨਾਮ ਜੀਵਨ ਦੀ ਪੋਥੀ ’ਚ ਲਿਖਾ ਲੈ।

    4. ਪਾਪਾਂ ਵਾਲੀ ਬੇੜੀ ’ਚ ਕਾਹਨੂੰ ਜਾਵੇਂ ਰੁੜ੍ਹਦਾ,
    ਮਾਰਦਾ ਅਵਾਜ਼ਾਂ ਯਿਸੂ ਪਿੱਛੇ ਕਿਉਂ ਨੀ ਮੁੜਦਾ,
    ਉਹਦਾ ਹੋ ਜਾ ਉਹਨੂੰ ਆਪਣਾ ਬਣਾ ਲੈ।

    5. ਹਾਲੇ ਵੀ ਸਮਝ ਤੈਨੂੰ ਆਉਂਦੀ ਨਹੀਂਓਂ ਝੱਲਿਆ,
    ਪਲ–ਪਲ ਕਰ ਸਮਾਂ ਹੱਥੋਂ ਲੰਘ ਚੱਲਿਆ,
    ਛੇਤੀ ਕਰ ਅੱਗੇ ਕਦਮ ਵਧਾ ਲੈ।

  • ---

    ਸੋਨਾ ਕਿਉਂ ਮੰਗਦਾ ਏ,
    ਚਾਂਦੀ ਕਿਉਂ ਮੰਗਦਾ ਏ,
    ਇਹ ਚੀਜ਼ ਨੇ ਬੇਕਾਰ,
    ਮੰਗਣੀ ਤੇ ਮੰਗ ਲੈ ਸ਼ਿਫ਼ਾ,
    ਕਿ ਯਿਸੂ ਸਾਡਾ ਦਾਨ ਕਰਦਾ।

    1. ਲਾਈਆਂ ਕਾਤੋਂ ਦੇਰੀਆਂ ਤੂੰ,
    ਕਰੇ ਮੇਰਾ ਮੇਰੀਆਂ ਤੂੰ,
    ਕਰ-ਕਰ ਪਾਪ ਬੰਦੇ ਕਰੇ ਹੇਰਾ ਫੇਰੀਆਂ ਤੂੰ,
    ਮਰ ਜਾਵੇਂਗਾ, ਮਿੱਟ ਜਾਵੇਂਗਾ,
    ਕਿਸੇ ਨਹੀਂ ਜਾਣਾ ਤੇਰੇ ਨਾਲ।

    2. ਜਿਨ੍ਹਾਂ ਲਈ ਤੂੰ ਪਾਪ ਕਰੇਂ,
    ਕਿਸੇ ਨੇ ਬਚਾਉਣਾ ਨਹੀਂ,
    ਮਰਦੇ ਹੋਏ ਦੇ ਮੂੰਹ ਪਾਣੀ ਕਿਸੇ ਪਾਉਣਾ ਨਹੀਂ,
    ਤੂੰ ਵੀ ਮੰਗ ਲੈ ਕਾਹਤੋਂ ਸੰਗਦਾ,
    ਮਰ ਜਾਵੇਂਗਾ, ਮਿੱਟ ਜਾਵੇਂਗਾ।

    3. ਰੱਬ ਦਾ ਏ ਬੰਦਾ,
    ਜਦੋਂ ਯਿਸੂ ਘਰ ਆਇਆ ਸੀ,
    ਕਰਕੇ ਦੁਆਵਾਂ ਉਹਨੇ ਦਰਸ਼ਨ ਪਾਇਆ ਸੀ,
    ਤੂੰ ਵੀ ਮੰਗ ਲੈ ਕਾਹਤੋਂ ਸੰਗਦਾ,
    ਯਿਸੂ ਦੇਵੇਗਾ ਸ਼ਿਫ਼ਾ ਆ।

  • ---

    ਓ ਬਦਲ ਗਿਆ, ਓ ਬਦਲ ਗਿਆ,
    ਮੇਰਾ ਜੀਵਨ ਬਦਲ ਗਿਆ,
    ਬਦਲ ਗਿਆ, ਬਦਲ ਗਿਆ,
    ਮੇਰਾ ਸਾਰਾ ਜੀਵਨ ਬਦਲ ਗਿਆ,
    ਰੂਹ-ਏ-ਪਾਕ ਦੀ ਸੰਗਤ ਦੇ ਨਾਲ,
    ਉੱਠਣਾ ਬਹਿਣਾ ਬਦਲ ਗਿਆ।

    1. ਇੱਕ ਇੱਕ ਬੂੰਦ ਦੇ ਵਿੱਚ ਨੇ ਵੇਖੋ ਸਾਹ ਲੁਕਿਆ,
    ਕੀਤਾ ਜੋ ਕਬੂਲ ਤੇ ਕਾਲੀਆਂ ਰਾਤਾਂ ਮੁੱਕੀਆਂ,
    ਦਿਲ ਦੇ ਵਿੱਚ ਹੁਣ ਵੱਸਦਾ ਵੇਖੋ,
    ਦਿਲ ਦੀ ਧੜਕਣ ਬਦਲ ਗਿਆ।

    2. ਉਹਦੇ ਪਾਕ ਲਹੂ ਦੇ ਨਾਲ ਮਿਲੀਆਂ ਸ਼ਿਫ਼ਾਵਾਂ,
    ਲਹੂ ਦੀ ਕੁਰਬਾਨੀ ਦੇ ਨਾਲ ਮਿਟੀਆਂ ਖ਼ਤਾਵਾਂ,
    ਤੌਬਾ ਜਦੋਂ ਦੀ ਕੀਤੀ ਮੇਰਾ,
    ਸਾਰਾ ਤਨ ਮਨ ਬਦਲ ਗਿਆ।

  • ---

    ਰੰਗ ਛੱਡਿਆ ਈ, ਮੈਨੂੰ ਰੰਗ ਛੱਡਿਆ ਈ,
    ਆਪਣੇ ਲਹੂ ਦੇ ਨਾਲ, ਰੰਗ ਛੱਡਿਆ ਈ।

    1. ਯਿਸੂ ਤੇਰੇ ਬਿਨਾਂ ਇੱਕ ਪਲ ਨਈਂਓਂ ਲੰਘਦਾ,
    ਤੇਰੇ ਬਿਨਾਂ ਦਿਲ ਦਾ, ਜਹਾਨ ਨਈਂਓਂ ਸੱਜਦਾ,
    ਕਰ ਛੱਡਿਆ ਈ, ਮੈਨੂੰ ਕਰ ਛੱਡਿਆ ਈ,
    ਆਪਣਾ ਦਿਵਾਨਾ ਮੈਨੂੰ, ਕਰ ਛੱਡਿਆ ਈ।

    2. ਰੇ ਰੂਹ ਦੇ ਨਸ਼ੇ ਨਾਲ ਮਨ ਨਈਂਓਂ ਭਰਦਾ,
    ਪੀਵੀ ਜਾਂਵਾ ਰੂਹ ਦੀ ਮੈਅ, ਇਹੋ ਜੀਅ ਕਰਦਾ,
    ਭਰ ਛੱਡਿਆ ਈ, ਮੈਨੂੰ ਭਰ ਛੱਡਿਆ ਈ,
    ਰੂਹ ਦੇ ਨਾਲ, ਮੈਨੂੰ ਭਰ ਛੱਡਿਆ ਈ।

    3. ਦਿਲ ਕਰੇ ਯਿਸੂ ਤੈਨੂੰ ਤੱਕਦਾ ਰਹਾਂ ਮੈਂ,
    ਆਪਣੀ ਸੁਣਾਵਾਂ ਨਾਲੇ ਤੇਰੀਆਂ ਸੁਣਾ ਮੈਂ,
    ਭਰ ਛੱਡਿਆ ਈ, ਮੈਨੂੰ ਭਰ ਛੱਡਿਆ ਈ,
    ਆਪਣੀ ਰੂਹ ਦੇ ਨਾਲ ਭਰ ਛੱਡਿਆ ਈ।

  • ---

    ਕਹਿੰਦਾ ਹੈ ਮਸੀਹ ਮੈਂ ਅੰਗੂਰ ਦਾ ਬੂਟਾ,
    ਤੁਸੀਂ ਹੋ ਮੇਰੀਆਂ ਟਾਹਣੀਆਂ,
    ਜਿਹੜੀਆਂ ਟਾਹਣੀਆਂ ਫਲ਼ ਨਾ ਦੇਂਦੀਆਂ,
    ਉਹ ਸੜ ਕੇ ਸੁਆਹ ਹੋ ਜਾਣੀਆਂ।

    1. ਜਿੰਨਾਂ ਚਿਰ, ਬੂਟੇ ਨਾਲ ਟਾਹਣੀ ਲੱਗੀ ਰਹਿੰਦੀ ਏ,
    ਫਲ਼ਾਂ ਤੇ ਫੁੱਲਾਂ ਦੇ ਨਾਲ ਉਹ ਸੱਜੀ ਰਹਿੰਦੀ ਏ,
    ਰੱਖਦਾ ਖਿਆਲ ਉਹਦਾ ਬਾਗ਼ ਦਾ ਮਾਲੀ,
    ਕਰਦਾ ਏ ਮਿਹਰਬਾਨੀਆਂ।

    2. ਬੰਦਿਆ ਕੰਮਾਂ ਤੋਂ ਪਛਾਣਿਆ ਤੂੰ ਜਾਂਦਾ ਏਂ,
    ਮਨ ਵਿੱਚ ਭਰਿਆ ਜੋ ਲੱਭਾ ਤੇ ਲਿਆਂਦਾ ਏ,
    ਬੋਲ ਤੇਰੇ, ਤਸਵੀਰ ਨੇ ਤੇਰੀ,
    ਸਮਝ ਕੇ ਬੋਲੀ ਬਾਣੀਆਂ।

    3. ਤੂੰ ਵੀ ਏਂ, ਮਸੀਹ ਦੀ ਇੱਕ ਟਾਹਣੀ ਫਿਰ ਸੋਚ ਲੈ,
    ਯਿਸੂ ਦੀ ਬਾਣੀ ਦੇ ਨਾਲ ਜਿੰਦੜੀ ਨੂੰ ਪੋਚ ਲੈ,
    ਉਹਦੇ ਬਿਨਾਂ ਕੋਈ ਮਿਟਾ ਨਹੀਂ ਸਕਦਾ,
    ਤੇਰੀਆਂ ਸਭੇ ਪਰੇਸ਼ਾਨੀਆਂ।

  • ---

    ਦੇ ਦਓ ਦਿਦਾਰ ਯਿਸੂ ਜੀ,
    ਤਰਸਣ ਮੇਰੀਆਂ ਅੱਖੀਆਂ।

    1. ਨੈਣਾਂ ’ਚ ਮੇਰੇ ਨੀਂਦ ਨਾ ਆਵੇ,
    ਪਿਆਰ ਤੇਰਾ ਹਰ ਪਲ ਸਤਾਵੇ।

    2. ਤੇਰੀ ਕਿਰਪਾ ਹਰ ਪਲ ਮੈਂ ਚਾਵ੍ਹਾਂ,
    ਤੇਰੇ ਫ਼ਜ਼ਲ ਨਾਲ ਤੇਰਾ ਹੋ ਜਾਵਾਂ।

    3. ਦਰ ਤੇਰੇ ’ਤੇ ਜੋ ਕੋਈ ਆਵੇ,
    ਝੋਲੀਆਂ ਭਰ-ਭਰ ਵਾਪਿਸ ਜਾਵੇ।

  • ---

    ਜਦੋਂ ਰੂਹ ਨਾਲ ਹੋਵੇ ਦੁਆ,
    ਤੇ ਮੋਜਜ਼ੇ ਹੁੰਦੇ ਨੇ,
    ਜਦੋਂ ਉੱਤਰੇ ਆਪ ਖ਼ੁਦਾ,
    ਤੇ ਮੋਜਜ਼ੇ ਹੁੰਦੇ ਨੇ।

    1. ਮੰਜੀ ਉੱਤੇ ਆਵਣ ਵਾਲੇ,
    ਪੈਰੀਂ ਤੁਰਕੇ ਜਾਂਦੇ ਨੇ,
    ਜਨਮ ਜਨਮ ਦੇ ਅੰਨ੍ਹੇ
    ਉਸ ਤੋਂ ਅੱਖਾਂ ਪਾਉਂਦੇ ਨੇ,
    ਯਿਸੂ ਨਾਂ ਵਿੱਚ ਬੜ੍ਹੀ ਸ਼ਿਫ਼ਾ
    ਤੇ ਮੋਜਜ਼ੇ ਹੁੰਦੇ ਨੇ।

    2. ਭਾਵੇਂ ਛੱਲਾਂ ਮਾਰਨ ਪਾਣੀ,
    ਭਾਵੇਂ ਉੱਠਦੇ ਰਹਿਣ ਤੂਫ਼ਾਨ,
    ਹੱਥ ਜਲਾਲੀ ਯਿਸੂ ਵਾਲਾ,
    ਕਰਦਾ ਅਮਨ ਅਮਾਨ,
    ਉਹਦੀ ਕੁਦਰਤ ਬੇਪਨਾਹ
    ਤੇ ਮੋਜਜ਼ੇ ਹੁੰਦੇ ਨੇ।

    3. ਦੁਨੀਆ ਦਾ ਪਾਲਣਹਾਰਾ,
    ਤੇਰੀਆਂ ਫਿਕਰਾਂ ਕਰਦਾ ਹੈ,
    ਉਹਦੇ ਕੋਲੋਂ ਮੰਗ ਕੇ ਵੇਖ ਲੈ,
    ਝੋਲੀਆਂ ਅੱਜ ਵੀ ਭਰਦਾ ਹੈ,
    ਉਹਦੇ ਨਾਮ ਨੂੰ ਜੱਪਦਾ ਜਾ
    ਤੇ ਮੋਜਜ਼ੇ ਹੁੰਦੇ ਨੇ।

  • ---

    ਨਿਹਚਾ ਅੱਗੇ ਨਹੀਂ ਪਹਾੜ ਖਲੋ ਸਕਦਾ,
    ਕਰੀਏ ਜੇ ਵਿਸ਼ਵਾਸ ਤਾਂ ਸਭ ਕੁਝ ਹੋ ਸਕਦਾ।

    1. ਜੋ ਮੰਗਦਾ ਏ ਉਹ ਪਾਉਂਦਾ ਏ,
    ਖੁੱਲ੍ਹ ਜਾਵੇ ਜੋ ਖੜਕਾਉਂਦਾ ਏ,
    ਰਹਿਮਤ ਦਾ ਦਾਨੀ ਯਿਸੂ,
    ਦੁਖੀਆਂ ਨੂੰ ਗਲ਼ ਨਾਲ ਲਾਉਂਦਾ ਏ,
    ਗਹਿਰੇ ਜ਼ਖ਼ਮ ਦਿਲਾਂ ਦੇ ਯਿਸੂ ਧੋ ਸਕਦਾ।

    2. ਜੋ ਵਿੱਚ ਇਮਾਨ ਦੇ ਪੂਰੇ ਨੇ,
    ਉਹ ਜਦ ਅਜ਼ਮਾਏ ਜਾਂਦੇ ਨੇ,
    ਮੂੰਹ ਬੰਦ ਹੋ ਜਾਂਦੇ ਸ਼ੇਰਾਂ ਦੇ,
    ਭੱਠੀਆਂ ਵਿੱਚ ਪਾਏ ਜਾਂਦੇ ਨੇ,
    ਜਿਹਦੀ ਬਾਂਹ ਯਿਸੂ ਨੇ ਫੜ੍ਹ ਲਈ,
    ਕੋਈ ਨਹੀਂ ਖੋਹ ਸਕਦਾ।

    3. ਜੱਗ ਯਾਦ ਉਹਨਾਂ ਨੂੰ ਕਰਦਾ,
    ਜੋ ਨਿਹਚਾ ਦੇ ਬਾਨੀ ਹੋਏ ਨੇ,
    ਮੈਥੋਂ ਜਲਵੇ ਉਹਨਾਂ ਸੰਤਾਂ ਦੇ,
    ਹੁਣ ਜਾਂਦੇ ਨਹੀਂ ਲੁਕੋਏ ਨੇ,
    ਰੱਬ ਦੇ ਕੋਲੋਂ ਕਿਹੜਾ ਪਾਪ ਲੁਕੋ ਸਕਦਾ।

  • ---

    ਦਿਵਾਨੇ ਆਂ ਅਸੀਂ ਯਿਸੂ ਨਾਮ ਦੇ ਦਿਵਾਨੇ ਆਂ,
    ਉਹਦੇ ਜ਼ਿੰਦਾ ਪਾਕ ਨਾਮ ’ਚ,
    ਫ਼ਤਹਿ ਸ਼ੈਤਾਨ ਉੱਤੇ ਪਾ ਨੇ ਆਂ।

    1. ਟੁੱਟਿਆਂ ਦਿਲਾਂ ਨੂੰ ਜੋੜਨ ਵਾਲੀ,
    ਉਹਦੀ ਜਾਤ ਨਿਰਾਲੀ,
    ਬੰਜਰ ਦਿਲ ਦੀ ਧਰਤੀ ਉੱਤੇ,
    ਕਰਦਾ ਉਹ ਹਰਿਆਲੀ,
    ਆਓ ਸਾਰੇ ਰਲ-ਮਿਲ ਉਹਦੇ,
    ਦਰ ’ਤੇ ਸੀਸ ਨਿਵਾਨੇ ਆਂ।

    2. ਉਸੇ ਜਿਹਾ ਪਿਆਰ ਵਿਖਾਇਆ,
    ਆਪਣੀ ਜਾਨ ਲੁਟਾਈ,
    ਸੂਲੀ ਉੱਤੇ ਮਰ ਕੇ ਯਿਸੂ,
    ਖਲਕਤ ਆਣ ਬਚਾਈ,
    ਉਹਦੇ ਉੱਤੋਂ ਪਤਰਸ ਵਾਂਗੂੰ,
    ਆਪਣੀ ਜਾਨ ਲੁਟਾਨੇ ਆਂ।

    3. ਅੱਖ ਦੇ ਅੱਥਰੂ ਪੂੰਝੇ ਯਿਸੂ,
    ਆਪਣੇ ਗਲ਼ ਨਾਲ ਲਾਏ,
    ਉਹਦੇ ਮੰਨਣ ਵਾਲੇ ’ਤੇ ਨਾ,
    ਕਦੀ ਵੀ ਮੁਸ਼ਕਿਲ ਆਵੇ,
    ਸਾਰੇ ਆਓ ਤੌਬਾ ਕਰਕੇ,
    ਮੁਫ਼ਤ ਹਯਾਤੀ ਪਾ ਨੇ ਆਂ।

  • ---

    ਯਿਸੂ ਤੇਰਾ ਮੱਸਾਹ, ਸਾਡੇ ਜੂਲ਼ੇ ਤੋੜ ਦਿੰਦਾ ਏ,
    ਸਾਦਕਾਂ ਨੂੰ ਸੱਜਰਾ, ਉਹ ਕਾਫ਼ੀ ਜ਼ੋਰ ਦਿੰਦਾ ਏ।

    1. ਜੇਲ੍ਹਾਂ ਨੂੰ ਹਲਾਵੇ, ਕੈਦੀ ਕਰਦਾ ਆਜ਼ਾਦ ਏ,
    ਦੁੱਖਾਂ ਦੇ ਮਾਰਿਆਂ ਦੇ, ਦਿਲ ਕਰੇ ਸ਼ਾਂਤ ਏ,
    ਦੁਖੀਆਂ ਦੇ ਟੁੱਟੇ ਹੋਏ, ਦਿਲ ਜੋੜ ਦਿੰਦਾ ਏ।

    2. ਹੋ ਜਾਂਦੀ ਜਿਹਦੀ, ਯਿਸੂ ਨਾਲ ਮੁਲਾਕਾਤ ਏ,
    ਵੰਡਦਾ ਖ਼ਜ਼ਾਨੇ, ਚੰਗੇ ਕਰਦਾ ਹਾਲਾਤ ਏ,
    ਉੱਡਦੇ ਤੂਫ਼ਾਨਾਂ ਦੇ, ਉਹ ਮੂੰਹ ਮੋੜ ਦਿੰਦਾ ਏ।

    3. ਮੱਸਾਹ ਤੇਰਾ ਸੋਚ ਤੇ ਖਿਆਲ ਨਵੇਂ ਕਰਦਾ,
    ਰੂਹ ਦੀਆਂ ਨਿਹਮਤਾਂ ਤੇ ਫਲ਼ਾਂ ਨਾਲ ਭਰਦਾ,
    ਜ਼ਿੰਦਗੀ ’ਚ ਖ਼ੁਸ਼ੀਆਂ ਤੇ ਰਾਜ਼ ਹੋਰ ਦਿੰਦਾ ਏ।

  • ---

    ਸਾਨੂੰ ਮੌਤ ਦੀ ਨੀ ਰਤੀ ਪਰਵਾਹ,
    ਅਸੀਂ ਛੱਡਾਂਗੇ ਨਾ ਕਦੀ ਉਹਦਾ ਰਾਹ,
    ਖ਼ੁਦਾ ਸਾਡੇ ਨਾਲ-ਨਾਲ ਹੈ।

    1. ਅਸੀਂ ਮੌਤ ਦੀਆਂ ਵਾਦੀਆਂ ’ਚ ਲੰਘਾਂਗੇ,
    ਗੱਲਾਂ ਉਹਦੀਆਂ ਸੁਣਾਵਾਂਗੇ ਨਾ ਸੰਗਾਂਗੇ,
    ਸਾਡਾ ਕਿਲ੍ਹਾ ਯਿਸੂ ਸਾਡੀ ਏ ਪਨਾਹ।

    2. ਸਾਨੂੰ ਖੌਫ਼ ਨੀ ਹਨੇਰੀਆਂ ਤੂਫ਼ਾਨਾਂ ਦਾ,
    ਜ਼ੋਰ ਤੋੜਦਾਂਗੇ ਲਾਹਨਤੀ ਸ਼ੈਤਾਨਾਂ ਦਾ,
    ਅਸੀਂ ਯਿਸੂ ਉੱਤੇ ਲਾਵਾਂਗੇ ਨਿਗਾਹ।

    3. ਸਾਨੂੰ ਯਿਸੂ ਤੋਂ ਜੁਦਾ ਕੌਣ ਕਰੇਗਾ,
    ਸਾਡੇ ਅੱਗੇ ਆ ਕੇ ਹਰ ਦੁੱਖ ਹਰੇਗਾ,
    ਆਓ ਯਿਸੂ ਨਾਲ ਲਈਏ ਹਰ ਸਾਹ।

    4. ਯਿਸੂ ਮੌਤ ਦੀਆਂ ਵਾਦੀਆਂ ’ਚੋਂ ਕੱਢਿਆ,
    ਮੌਤ ਵਾਲਾ ਡੰਗ ਯਿਸੂ ਤੋੜ ਛੱਡਿਆ,
    ਯਿਸੂ ਮੌਤ ਕੋਲੋਂ ਕੀਤਾ ਏ ਰਿਹਾਅ।

    5. ਮੇਰੀ ਜਿੰਦ ਜਾਨ ਯਿਸੂ ’ਤੇ ਫਿਦਾ ਏ,
    ਮੇਰਾ ਰਾਖਾ ਆਪ ਖ਼ੁਦਾ ਏ,
    ਕਦੀ ਹੋਵਾਂਗੇ ਨਾ ਉਸ ਤੋਂ ਜੁਦਾ।

  • ---

    ਮੇਰੇ ਪ੍ਰਭੂ ਜੀ ਤੂੰ ਹੋਵੇ ਜਿਹਦੇ ਸਾਥ,
    ਓਹੀਓ ਤਰ ਜਾਂਦਾ, ਜਿਹਦੇ ’ਤੇ ਤੇਰਾ ਹੱਥ।

    1. ਮਸਤੀ ਦੇ ਵਿੱਚ ਰੰਗੇ, ਸਭ ਨੂੰ ਖ਼ੁਦਾ ਤੂੰ,
    ਪਾਪੀਆਂ ਦੀ ਮਾਫ਼ ਕਰ ਦੇਵੇਂ ਸਜ਼ਾ ਤੂੰ,
    ਤੇਰੇ ਕਦਮਾਂ ’ਚ ਆ ਕੇ ਹੋਵੇ ਪੂਰੀ ਆਸ।

    2. ਕਣ ਕਣ ਵਿੱਚ ਪ੍ਰਭੂ ਤੂੰ ਹੀ ਸਮਾਇਆ ਏਂ,
    ਤੂੰ ਹੀ ਖ਼ੁਦਾ ਕੋਈ ਹੋਰ ਨਾ ਖ਼ੁਦਾਇਆ ਏ,
    ਤੇਰੇ ਦਰ ਤੋਂ ਨਾ ਜਾਵੇ ਕੋਈ ਨਿਰਾਸ਼।

    3. ਜੱਗ ਦੇ ਸਤਾਇਆਂ ਨੂੰ ਤੂੰ ਕੀਤਾ ਪ੍ਰਭੂ ਪਿਆਰ ਏ,
    ਧੰਨ ਪ੍ਰਭੂ ਤੂੰ ਨਾਲੇ ਤੇਰਾ ਪਿਆਰ ਏ,
    ਸਦੀਆਂ ਤੋਂ ਤਿਹਾਇਆਂ ਦੀ ਮਿਟਾਵੇ ਤੂੰ ਪਿਆਸ।

  • ---

    ਸਭ ਮੁੱਕ ਜਾਣੇ ਰੋਗ ਪੁਰਾਣੇ,
    ਯਿਸੂ ਮਸੀਹ ਨੂੰ ਜੇ ਤੂੰ ਜਾਣੇਂ।

    1. ਜਿੰਦੜੀ ਦੇ ਦੁੱਖ
    ਉਸਨੂੰ ਖੋਲ੍ਹ ਸੁਣਾ ਦੇ,
    ਹਰ ਗੁਨਾਹ ਤੇ ਰੋਗ ਦਿਲ ਦੇ
    ਉਸਨੂੰ ਬੋਲ ਸੁਣਾਂਦੇ,
    ਹੱਥ ਵਧਾਕੇ ਤੈਨੂੰ ਬੁਲਾਵੇ,
    ਸੁਣ ਲੈ ਜੇ ਕੰਨ ਲਾ।

    2. ਹਰ ਵੇਲੇ ਦਾ ਰੋਗ ਕਾਹਨੂੰ,
    ਜਿੰਦ ਆਪਣੀ ਨੂੰ ਲਾਇਆ,
    ਘਰ ਘਰ ਧੱਕੇ ਖਾ ਕੇ,
    ਪੱਲੇ ਕੁਝ ਨੀ ਪਾਇਆ,
    ਯਿਸੂ ਦਰ ਆ ਕੇ ਮਨ ਨੂੰ ਟਕਾ ਕੇ,
    ਜੇ ਤੂੰ ਕਰੇਂ ਦੁਆ।

    3. ਤੂੰ ਕੀ ਜਾਣੇਂ ਸ਼ਾਨ ਉਹਦੀ ਨੂੰ,
    ਧੰਨ ਧੰਨ ਉਹ ਅਖਵਾਵੇ,
    ਆਪਣੇ ਵਚਨ ਨੂੰ ਘੱਲ ਕੇ ਤੇਰੀ,
    ਰੂਹ ਦੀ ਪਿਆਸ ਬੁਝਾਵੇ,
    ਸਭ ਤੋਂ ਆਹਲਾ ਨਾਮ ਮਸੀਹ ਦਾ,
    ਜੇ ਤੂੰ ਲਵੇਂ ਧਿਆਨ ਲਾ।

  • ---

    ਆਪਣੀ ਕਲੀਸੀਆ ’ਚ ਚੱਲਦਾ ਫਿਰਦਾ,
    ਮੋਜਜ਼ੇ ਉਹ ਵੰਡਦਾ ਫਿਰਦਾ,
    ਨਾਮ ਯਿਸੂ ਦਾ ਜਿਹੜਾ ਪੁਕਾਰੇ,
    ਆਪਣੇ ਲਹੂ ਦੇ ਨਾਲ ਰੰਗਦਾ ਫਿਰਦਾ।

    1. ਜੈਰੂਸ ਦੀ ਬੇਟੀ ਨੂੰ, ਜ਼ਿੰਦਾ ਜਦੋਂ ਕੀਤਾ ਸੀ,
    ਜੈਰੂਸ ਦੀ ਬੇਟੀ ਨੂੰ, ਸਵਾਲ ਲੋਕਾਂ ਕੀਤਾ ਸੀ,
    ਕੀ ਵੇਖਿਆ ਸੀ, ਮਰਨ ਦੇ ਬਾਅਦ ਤੂੰ,
    ਕਹਿੰਦਾ ਏ ਏਹੋ ਯਿਸੂ ਉੱਤੇ ਥੱਲੇ ਦਿੱਸਦਾ।

    2. ਜਨਮ ਦੇ ਅੰਨ੍ਹੇ ਦੀਆਂ, ਅੱਖਾਂ ਜਦੋਂ ਖੋਲ੍ਹਦਾ,
    ਅੱਖਾਂ ਉੱਤੇ ਮਿੱਟੀ ਲਾ ਕੇ, ਯਿਸੂ ਉਹਨੂੰ ਬੋਲਦਾ,
    ਧੋ ਲੈ ਜਾ ਕੇ, ਵਿੱਚ ਸ਼ਿਲੋਅ ਦੇ,
    ਤੂੰ ਕੀ ਹਰ ਵੇਲੇ ਰਹਿੰਦਾ ਏ ਮੰਗਦਾ।

    3. ਥੱਕਿਆਂ ਤੇ ਲੰਗਿਆਂ, ਬਿਮਾਰਾਂ ਨੂੰ ਉਹ ਸੱਦਦਾ,
    ਦੇਵੇਗਾ ਸ਼ਿਫ਼ਾ ਸ਼ਾਫ਼ੀ, ਉਹ ਤੇ ਬੇਟਾ ਰੱਬ ਦਾ,
    ਹੱਥ ਚੁੱਕ ਸਾਰੇ, ਮੰਗੋ ਦੁਆਵਾਂ,
    ਮੁਫ਼ਤ ਸ਼ਿਫ਼ਾ ਦਿੰਦਾ, ਪੈਸੇ ਨਹੀਂਓ ਮੰਗਦਾ

  • ---

    ਮੇਰੇ ਸਿਰ ’ਤੇ ਤੇਰਾ ਸਾਇਆ,
    ਯਿਸੂ ਸੋਹਣਿਆ, ਯਿਸੂ ਸੋਹਣਿਆ,
    ਤੇਰੇ ਨਾਂ ਮੈਂ ਜੀਵਨ ਲਾਇਆ,
    ਯਿਸੂ ਸੋਹਣਿਆ, ਯਿਸੂ ਸੋਹਣਿਆ।

    1. ਤੇਰੇ ਨਾਲ ਜਾਗਣਾ ਏ, ਤੇਰੇ ਨਾਲ ਸੌਣਾ,
    ਤੇਰੇ ਤੋਂ ਮੈਂ ਹੁਣ ਕਦੇ, ਵੱਖ ਨਹੀਂਓਂ ਹੋਣਾ,
    ਤੂੰ ਲੂੰ-ਲੂੰ ਵਿੱਚ ਸਮਾਇਆ,
    ਯਿਸੂ ਸੋਹਣਿਆ, ਯਿਸੂ ਸੋਹਣਿਆ।

    2. ਬੱਦਲਾਂ ’ਤੇ ਗਿਆ ਸੀ ਤੂੰ, ਬੱਦਲਾਂ ’ਤੇ ਆਵੇਂਗਾ,
    ਮੇਰੇ ਨਾਲ ਕੀਤੇ ਹੋਏ, ਕੌਲ ਨਿਭਾਵੇਂਗਾ,
    ਮੈਂ ਦੀਵਾ ਨਿੱਤ ਜਗਾਇਆ,
    ਯਿਸੂ ਸੋਹਣਿਆ, ਯਿਸੂ ਸੋਹਣਿਆ।

    3. ਦਿਲ ਵਿੱਚੋਂ ਦੁਨੀਆ ਦੀ, ਸਦਰਾਂ ਨੂੰ ਕੱਢ ਕੇ,
    ਤੇਰੇ ਵੱਲ ਆਇਆ ਹਾਂ ਮੈਂ, ਦੁਨੀਆ ਨੂੰ ਛੱਡ ਕੇ,
    ਮੈਂ ਤੇਰਾ ਪਿਆਰ ਕਮਾਇਆ,
    ਯਿਸੂ ਸੋਹਣਿਆ, ਯਿਸੂ ਸੋਹਣਿਆ।

  • ---

    ਜਿਹੜਾ ਦਿਨ ਤੇਰੇ ਚਰਨਾਂ ’ਚ ਲੰਘ ਜਾਵੇ,
    ਉਹ ਸੌ ਦਿਨਾਂ ਤੋਂ ਚੰਗਾ ਏ,
    ਮੇਰਾ ਮਨ ਤੇਰੀ ਬਾਣੀ ਵਿੱਚ ਰੰਗ ਜਾਵੇ,
    ਇਹ ਸੌ ਦਿਨਾਂ ਤੋਂ ਚੰਗਾ ਏ।

    1. ਮਨ ਸਾਫ਼ ਹੋਵੇ ਨਾਲੇ ਤਨ ਸਾਫ਼ ਹੋਵੇ,
    ਯਿਸੂ ਤੇਰਾ ਲਹੂ ਮੇਰੇ ਪਾਪਾਂ ਨੂੰ ਧੋਵੇ,
    ਪਾਪਾਂ ਨੂੰ ਧੋਵੇ, ਪਾਪਾਂ ਨੂੰ ਧੋਵੇ,
    ਪੂਰੀ ਹੋ ਮੇਰੇ ਦਿਲ ਦੀ ਉਮੰਗ ਜਾਵੇ।

    2. ਪਾ ਕੇ ਤੇਰਾ ਆਤਮਾ ਮੈਂ ਨਮਰ ਹੋ ਜਾਵਾਂ,
    ਮੈਂ ਵੀ ਤੇਰੇ ਮਾਰਗਾਂ ਦੇ ਮਗਰ ਹੋ ਜਾਵਾਂ,
    ਮਗਰ ਹੋ ਜਾਵਾਂ, ਮਗਰ ਹੋ ਜਾਵਾਂ,
    ਦੂਰ ਹੋ ਮੇਰੇ ਅੰਦਰੋਂ ਘੁਮੰਡ ਜਾਵੇ।

    3. ਚੁੱਕ ਲੈਂਦਾ ਪਿਆਰ ਨਾਲ ਮੇਰੇ ਸਾਰੇ ਬੋਝ ਤੂੰ,
    ਆਨੰਦ ਨਾਲ ਭਰੀ ਜਾਵੇਂ ਹਰ ਇੱਕ ਰੋਜ਼ ਤੂੰ,
    ਹਰ ਇੱਕ ਰੋਜ਼ ਤੂੰ, ਹਰ ਇੱਕ ਰੋਜ਼,
    ਲੱਥ ਮੇਰੇ ਉੱਤੋਂ ਬਦੀਆਂ ਦੀ ਪੰਡ ਜਾਵੇ।

  • ---

    ਝੂਠਾ ਹੈ, ਝੂਠਾ ਹੈ ਸੰਸਾਰ ਗਾਫ਼ਲਾ ਝੂਠਾ ਹੈ।

    1. ਨਾ ਕਰ ਬੰਦਿਆ ਮੇਰੀ ਮੇਰੀ,
    ਆਖਰ ਨੂੰ ਕੋਈ ਸ਼ੈਅ ਨਾ ਤੇਰੀ,
    ਇਹ ਦੁਨੀਆ ਦਿਨ ਚਾਰ, ਗਾਫ਼ਲਾ ਝੂਠਾ ਹੈ।

    2. ਮਹਿਲ ਬਣਾਏ, ਕਿਸ ਕੰਮ ਆਏ,
    ਵਿੱਚ ਵੱਸਦੇ ਨੇ ਲੋਕ ਪਰਾਏ,
    ਇਹ ਦੁਨੀਆ ਦਿਨ ਚਾਰ, ਗਾਫ਼ਲਾ ਝੂਠਾ ਹੈ।

    3. ਨਾਲ ਯਿਸੂ ਦੇ ਪ੍ਰੀਤ ਲਗਾ ਲੈ,
    ਜ਼ਿੰਦਗੀ ਆਪਣੀ ਨੇਕ ਬਣਾ ਲੈ,
    ਇਹ ਦੁਨੀਆ ਦਿਨ ਚਾਰ, ਗਾਫ਼ਲਾ ਝੂਠਾ ਹੈ।