ਤਾਰੀਫ਼ | Praise

ਇਹ ਭਜਨ ਮਾਲਾ ਦਾ ਸੌਲ੍ਹਵਾਂ ਹਿੱਸਾ ਹੈ। ਇਸ ਵਿੱਚ ਖ਼ੁਦਾ ਦੀ ਤਾਰੀਫ਼ ’ਤੇ ਆਧਾਰਿਤ ਭਜਨਾਂ ਨੂੰ ਜੋੜਿਆ ਗਿਆ ਹੈ।


  • ---

    ਦਿਲ ਦਾ ਮੈਂ ਕਮਜ਼ੋਰ, ਯਿਸੂ ਮੈਨੂੰ ਸਾਂਭ ਕੇ ਰੱਖੀਂ,
    ਸਾਂਭ ਕੇ ਰੱਖੀਂ,
    ਦਿਲ ਦਾ ਮੈਂ ਕਮਜ਼ੋਰ ਯਿਸੂ ਮੈਨੂੰ ਸਾਂਭ ਕੇ ਰੱਖੀਂ।

    1. ਇਸ ਦੁਨੀਆ ਵਿੱਚ ਚਾਰ ਦਿਹਾੜੇ,
    ਨਾ ਕਰ ਬੰਦਿਆ ਕੰਮ ਤੂੰ ਮਾੜੇ,
    ਚੱਲਣਾ ਨਹੀਂ ਤੇਰਾ ਕੋਈ ਜ਼ੋਰ,
    ਯਿਸੂ ਮੈਨੂੰ ਸਾਂਭ ਕੇ ਰੱਖੀਂ।

    2. ਸਾਰੀ ਦੁਨੀਆ ਫਿਰ ਫਿਰ ਵੇਖੀ,
    ਕੀਤੀ ਨਾ ਮੈਂ ਕੋਈ ਨੇਕੀ,
    ਮਿਲਿਆ ਨਾ ਤੇਰੇ ਜਿਹਾ ਹੋਰ,
    ਯਿਸੂ ਮੈਨੂੰ ਸਾਂਭ ਕੇ ਰੱਖੀਂ।

  • ---

    ਦਿਲ ਦਾ ਮੈਂ ਕਮਜ਼ੋਰ, ਯਿਸੂ ਮੈਨੂੰ ਸਾਂਭ ਕੇ ਰੱਖੀਂ,
    ਸਾਂਭ ਕੇ ਰੱਖੀਂ,
    ਦਿਲ ਦਾ ਮੈਂ ਕਮਜ਼ੋਰ ਯਿਸੂ ਮੈਨੂੰ ਸਾਂਭ ਕੇ ਰੱਖੀਂ।

    1. ਅੰਨ੍ਹਿਆਂ ਨੂੰ ਤੂੰ ਅੱਖੀਆਂ ਦੇਵੇਂ,
    ਲੰਗੜੇ ਦੇਵੇਂ ਤੋਰ,
    ਯਿਸੂ ਮੈਨੂੰ ਸਾਂਭ ਕੇ ਰੱਖੀਂ।

    2. ਮੈਂ ਪਾਪੀ ਤੂੰ ਜ਼ੋਰਾਵਰ ਸ਼ਾਫ਼ੀ,
    ਤੇਰੇ ਹੱਥ ਮੇਰੀ ਡੋਰ,
    ਯਿਸੂ ਮੈਨੂੰ ਸਾਂਭ ਕੇ ਰੱਖੀਂ।

    3. ਮਿੱਟੀ ਦਾ ਤੂੰ ਬੁੱਤ ਬਣਾ ਕੇ,
    ਹੱਡੀਆਂ ਦਿੱਤੀਆਂ ਜੋੜ,
    ਯਿਸੂ ਮੈਨੂੰ ਸਾਂਭ ਕੇ ਰੱਖੀਂ।

    4. ਉਂਝ ਦੁਨੀਆ ’ਤੇ ਬਹੁਤ ਸਾਰੇ ਆਏ,
    ਤੇਰੇ ਜਿਹਾ ਨਾ ਕੋਈ ਹੋਰ,
    ਯਿਸੂ ਮੈਨੂੰ ਸਾਂਭ ਕੇ ਰੱਖੀਂ।

  • ---

    ਨਾਮ ਸਿਮਰ ਲੈ ਓ ਮਨ ਮੇਰੇ, ਤੂੰ ਆ ਯਿਸੂ ਦੇ ਨੇੜੇ।

    1. ਪਲ ਦਾ ਵਸਾਹ ਨਹੀਂ ਕੱਲ ਲਈ ਸੋਚੇਂ,
    ਕੱਲ ਨਾ ਆਵੇ ਤੇਰੇ ਨੇੜੇ ।

    2. ਨਾਮ ਲਿਆ ਜਿਸ ਸੋ ਤਰ ਜਾਵੇ,
    ਪਾਪ ਕੀਏ ਜੋ ਮਾਫ਼ੀ ਪਾਵੇ।

    3. ਧਨ ਦੌਲਤ ਤੇਰੇ ਨਾਲ ਨਾ ਜਾਣੇ,
    ਨਾਲ ਨੇ ਜਾਣੇ ਕਰਮ ਇਹ ਤੇਰੇ।

    4. ਇੱਕ ਦਿਨ ਯਿਸੂ ਜੀ ਦੇ ਪੇਸ਼ ਹੈ ਹੋਣਾ,
    ਪਾਪ ਨੇ ਲੱਭਣੇ ਤੇਰੇ ਬਥੇਰੇ।

    5. ਭਰਮ ਕਰੇਂ ਕਿਉਂ ਓ ਮਨ ਕਾਫ਼ਰਾ,
    ਹਰ ਪਲ ਯਿਸੂ ਨਾਲ ਹੈ ਤੇਰੇ।

    6. ਦੁਨੀਆ ’ਚ ਘੱਲਿਆ, ਤੂੰ ਨਾਮ ਸਿਮਰ ਲੈ,
    ਮਨ ਕਿਉਂ ਲਾਇਆ, ਚਾਰ ਚੁਫ਼ੇਰੇ।

    7. ਸੱਚ ਦੀ ਪੌੜ੍ਹੀ ਜੋ ਹੈ ਚੜ੍ਹਦਾ, ਝੂਠ ਦੇ ਨੇੜੇ ਉਹ ਨਾ ਖੜ੍ਹਦਾ,
    ਵਿੱਚ ਸੁਰਗਾਂ ਦੇ ਲਾਵੇ ਡੇਰੇ।

  • ---

    ਯਿਸੂ ਮੇਰੇ ਅਯਾਲੀ, ਮੈਂ ਤੇਰੀ ਭੇਡ ਗੁਆਚੀ ਹਾਂ,
    ਮੈਨੂੰ ਲੱਭ ਲਓ ਨਾਸਰੀ ਜੀ, ਮੈਂ ਬਹੁਤ ਉਦਾਸੀ ਹਾਂ।

    1. ਤੂੰ ਹਰਿਆਂ ਘਾਹਾਂ ’ਤੇ ਮੈਨੂੰ ਲੈ ਕੇ ਜਾਂਦਾ ਸੀ,
    ਜਦੋਂ ਲੱਗਦੀ ਸੀ ਪਿਆਸ ਮੈਨੂੰ ਮਿੱਠਾ ਪਾਣੀ ਪਿਲਾਉਂਦਾ ਸੀ।
    ਕਈ ਦਿਨਾਂ ਤੋਂ ਭੁੱਖੀ ਹਾਂ, ਕਈ ਦਿਨਾਂ ਤੋਂ ਪਿਆਸੀ ਹਾਂ,
    ਮੈਨੂੰ ਲੱਭ ਲਓ ਨਾਸਰੀ ਜੀ, ਮੈਂ ਬਹੁਤ ਉਦਾਸੀ ਹਾਂ।

    2. ਵੈਰੀ ਦੀਆਂ ਫਾਹੀਆਂ ਤੋਂ ਮੈਨੂੰ ਆਪ ਬਚਾਉਂਦਾ ਸੀ,
    ਜਦੋਂ ਪੈਂਦੀ ਸੀ ਮਾਰ ਮੈਨੂੰ, ਤੂੰ ਆਪ ਛੁਡਾਉਂਦਾ ਸੀ।
    ਕਈ ਦਿਨਾਂ ਤੋਂ ਭੁੱਖੀ ਹਾਂ, ਕਈ ਦਿਨਾਂ ਤੋਂ ਪਿਆਸੀ ਹਾਂ,
    ਮੈਨੂੰ ਲੱਭ ਲਓ ਨਾਸਰੀ ਜੀ, ਮੈਂ ਬਹੁਤ ਉਦਾਸੀ ਹਾਂ।

    3. ਮੇਰੇ ਦੁੱਖਾਂ ਦੇ ਵੇਲੇ ਮੇਰਾ ਸਾਥ ਨਿਭਾਉਂਦਾ ਸੀ,
    ਮੇਰੇ ਜ਼ਖ਼ਮਾਂ ਦੀ ਮਾਰ ਉੱਤੇ ਤੂੰ ਮਲ੍ਹਮ ਲਗਾਉਂਦਾ ਸੀ।
    ਕਈ ਦਿਨਾਂ ਤੋਂ ਭੁੱਖੀ ਹਾਂ, ਕਈ ਦਿਨਾਂ ਤੋਂ ਪਿਆਸੀ ਹਾਂ,
    ਮੈਨੂੰ ਲੱਭ ਲਓ ਨਾਸਰੀ ਜੀ, ਮੈਂ ਬਹੁਤ ਉਦਾਸੀ ਹਾਂ।

  • ---

    ਯਿਸੂ ਤੇਰਾ ਯਿਸੂ ਤੇਰਾ ਪੱਲਾ ਫੜ੍ਹਕੇ,
    ਮੈਂ ਤਰ ਗਈ ਔਗਣਹਾਰੀ।

    1. ਨੂਰ ਤੇਰੇ ਨੇ ਚਮਕ ਜੋ ਮਾਰੀ,
    ਜਾਂਦੀ ਰਹੀ ਬਿਮਾਰੀ,
    ਮੇਰੀ ਜਾਂਦੀ ਰਹੀ ਬਿਮਾਰੀ।

    2. ਪਾਪਾਂ ਨੇ ਮੈਨੂੰ ਆਣ ਦਬਾਇਆ,
    ਯਿਸੂ ਨੇ ਮੈਨੂੰ ਆਣ ਛੁਡਾਇਆ,
    ਮੈਨੂੰ ਯਿਸੂ ਆਣ ਛੁਡਾਇਆ।

    3. ਪਾਪਾਂ ਵਿੱਚ ਸੀ ਕਿਸ਼ਤੀ ਡੁੱਬਦੀ,
    ਯਿਸੂ ਨੇ ਮੈਨੂੰ ਪਾਰ ਲਗਾਇਆ,
    ਮੈਨੂੰ ਯਿਸੂ ਨੇ ਪਾਰ ਲਗਾਇਆ।

    4. ਨਾਮ ਤੇਰੇ ਦੀ ਐਸੀ ਚੜ੍ਹ ਗਈ,
    ਜਾਂਦੀ ਰਹੀ ਬਿਮਾਰੀ,
    ਮੇਰੀ ਜਾਂਦੀ ਰਹੀ ਬਿਮਾਰੀ।

    5. ਜਦੋਂ ਤੋਂ ਤੇਰੇ ਚਰਨਾਂ ’ਚ ਆ ਗਈ,
    ਭੁੱਲ ਗਈ ਦੁਨੀਆ ਸਾਰੀ,
    ਮੈਂ ਭੁੱਲ ਗਈ ਦੁਨੀਆ ਸਾਰੀ।

  • ---

    ਉਹਦੇ ਫ਼ਜ਼ਲ ਦੀਆਂ ਹੋਣੀਆਂ ਬਾਰਿਸ਼ਾਂ,
    ਰੱਬ ਸੁਣ ਲਈਆਂ ਮੇਰੀਆਂ ਗੁਜ਼ਾਰਿਸ਼ਾਂ।

    1. ਮੇਰੇ ਸ਼ਾਫ਼ੀ ਤੋਂ ਮੈਨੂੰ ਸ਼ਿਫ਼ਾ ਮਿਲ ਗਈ,
    ਹਰ ਗ਼ਮ ਦੀ ਮੈਨੂੰ ਦਵਾ ਮਿਲ ਗਈ,
    ਉਹਨੇ ਮੰਨ ਲਈਆਂ ਮੇਰੀਆਂ ਸਿਫ਼ਾਰਿਸ਼ਾਂ।

    2. ਉਹਦੇ ਪਿਆਰ ਵਿੱਚ ਮੈਂ ਮਖਮੂਰ ਹੋ ਗਿਆ,
    ਪਾ ਕੇ ਨੂਰ ਇਲਾਹੀ ਨੂਰੋ ਨੂਰ ਹੋ ਗਿਆ,
    ਮੇਰੇ ਸਿਰ ਉੱਤੇ ਉਹਦੀਆਂ ਨਿਵਾਜ਼ਿਸ਼ਾਂ।

    3. ਮੇਰੇ ਦਿਲ ਦੀ ਜ਼ਮੀਨ ਆਬਾਦ ਹੋ ਗਈ,
    ਪਿਆਸੀ ਰੂਹ ਸੀ ਮੇਰੀ ਸ਼ਾਹਬਾਦ ਹੋ ਗਈ,
    ਛਮ ਛਮ ਬਰਸੀਆਂ ਆਸ਼ੀਸ਼ਾ।

  • ---

    ਤੂੰ ਹੀ ਤੂੰ ਹੈਂ, ਸਭ ਕੁਝ ਤੂੰ ਹੈਂ,
    ਯਿਸੂ ਤੇਰੀ ਜੈ, ਸਦਾ ਸਦਾ ਤੇਰੀ ਜੈ।

    1. ਰਾਹ ਤੂੰ ਹੈਂ, ਸਤ ਤੂੰ ਹੈਂ,
    ਜੀਵਨ ਤੂੰ ਹੈਂ, ਯਿਸੂ ਤੇਰੀ ਜੈ।

    2. ਨੂਰ ਤੂੰ ਹੈਂ, ਅਯਾਲੀ ਤੂੰ ਹੈਂ,
    ਚਸ਼ਮਾ ਜੀਵਨ ਦਾ, ਯਿਸੂ ਤੇਰੀ ਜੈ।

    3. ਲੇਲਾ ਖ਼ੁਦਾ ਦਾ, ਪਾਪ ਮਿਟਾਉਂਦਾ,
    ਜੀਵਨ ਦੇਂਦਾ, ਯਿਸੂ ਤੇਰੀ ਜੈ।

    4. ਰੱਬ ਦਾ ਬੇਟਾ, ਸ਼ਬਦ ਅਨਾਦੀ,
    ਮੁਕਤੀਦਾਤਾ, ਯਿਸੂ ਤੇਰੀ ਜੈ।

  • ---

    ਚਰਨਾਂ ਤੋਂ ਬਲਿਹਾਰੀ ਯਿਸੂ ਜੀ ਤੇਰੇ ਚਰਨਾਂ ਤੋਂ।

    1. ਜਨਮ ਦੇ ਅੰਨ੍ਹੇ ਦੀਆਂ ਅੱਖੀਆਂ ਤੂੰ ਖੋਲ੍ਹੀਆਂ,
    ਕੁੱਬੜੀ ਔਰਤ ਤਾਰੀ, ਯਿਸੂ ਜੀ ਤੇਰੇ ਚਰਨਾਂ ਤੋਂ।

    2. ਕੋੜ੍ਹੀ ਦਾ ਤੂੰ ਕੋੜ੍ਹ ਹਟਾਇਆ,
    ਸਾਮਰੀ ਔਰਤ ਤਾਰੀ, ਯਿਸੂ ਜੀ ਤੇਰੇ ਚਰਨਾਂ ਤੋਂ।

    3. ਲਾਜ਼ਰ ਮੁਰਦੇ ਨੂੰ ਜ਼ਿੰਦਾ ਤੂੰ ਕੀਤਾ,
    ਮਰੀਅਮ ਮਾਰਥਾ ਤਾਰੀ, ਯਿਸੂ ਜੀ ਤੇਰੇ ਚਰਨਾਂ ਤੋਂ।

    4. ਪਾਪੀ ਤੇ ਰੋਗੀ ਸਭ ਪਾਵਣ ਤਸੱਲੀਆਂ,
    ਨਾਮ ਤੇਰੇ ਤੋਂ ਬਲਿਹਾਰੀ, ਯਿਸੂ ਜੀ ਤੇਰੇ ਚਰਨਾਂ ਤੋਂ।

    5. ਅਸੀਂ ਵੀ ਯਿਸੂ ਤੇਰੇ ਚਰਨਾਂ ’ਚ ਆਏ,
    ਵੇਖ ਤੇਰੀ ਵਫ਼ਾਦਾਰੀ, ਯਿਸੂ ਜੀ ਤੇਰੇ ਚਰਨਾਂ ਤੋਂ।

  • ---

    1. ਤੂੰ ਮਾਲਿਕ ਬਖ਼ਸ਼ਣਹਾਰ ਪਿਤਾ,
    ਤੇਰੇ ਨਾਂ ਨੇ ਜੱਗ ਨੂੰ ਤਾਰ ਦਿੱਤਾ,
    ਤੇਰੇ ਪਿਆਰ ਦੀ ਚਰਚਾ ਗਲੀ–ਗਲੀ,
    ਤੇਰਾ ਨਾਂ ਹੀ ਯਿਸੂ ਪਿਆਰਾ ਹੈ।

    2. ਤੂੰ ਬੇਆਸਾਂ ਹੀ ਆਸ ਪ੍ਰਭੂ,
    ਤੇਰਾ ਦਰ ਸ਼ੈਤਾਨ ਦਾ ਨਾਸ਼ ਪ੍ਰਭੂ,
    ਜੋ ਦਰ ਤੇਰੇ ’ਤੇ ਆ ਜਾਵੇ,
    ਉਹ ਸਦਾ ਦਾ ਜੀਵਨ ਪਾ ਜਾਵੇ।

    3. ਤੂੰ ਸਾਰੇ ਜੱਗ ਦਾ ਸ਼ਾਫ਼ੀ ਹੈਂ,
    ਤੈਰੇ ਦਰ ਤੋਂ ਮਿਲਦੀ ਮਾਫ਼ੀ ਹੈ,
    ਹਰ ਰੋਗ ਤੂੰ ਮਿਟਾਉਂਦਾ ਪ੍ਰਭੂ,
    ਤੂੰ ਹੀ ਜਗ ਦਾ ਸ਼ਾਫ਼ੀ ਹੈ।

    4. ਅਸੀਂ ਵਚਨ ਦੇ ਪਿਆਸੇ ਹਾਂ,
    ਅਸੀਂ ਜੀਉਂਦੇ ਉਹਦੇ ਸਹਾਰੇ ਹਾਂ,
    ਸਾਡੇ ਦੁੱਖ ਦਰਦ ਹੁਣ ਦੂਰ ਕਰੋ,
    ਸਾਨੂੰ ਰੂਹ ਪਾਕ ਦਾ ਦਾਨ ਦਿਓ।

  • ---

    ਨਾਮ ਬਿਨਾਂ ਹੈ ਹਨੇਰਾ, ਯਿਸੂ ਤੇਰੇ ਨਾਮ ਬਿਨਾਂ ।

    1. ਯਿਸੂ ਦਾ ਨਾਂ ਚੰਗਾ ਕਰਦਾ ਬਿਮਾਰਾਂ ਨੂੰ,
    ਦਿਲ ਦਾ ਆਰਾਮ ਦੇਵੇ ਦੁਖੀਆਂ ਲਾਚਾਰਾਂ ਨੂੰ,
    ਸਭ ਨਾਵਾਂ ਤੋਂ ਚੰਗੇਰਾ, ਯਿਸੂ ਤੇਰੇ ਨਾਮ ਬਿਨਾਂ।

    2. ਮਾਫ਼ ਕਰਨ ਲਈ ਮੇਰੀਆਂ ਬਦੀਆਂ,
    ਖੂਨ ਦੀਆਂ ਧਾਰਾਂ ਯਿਸੂ ਸੂਲੀ ’ਤੇ ਵਗੀਆਂ,
    ਸਾਫ਼ ਕਰਨ ਦਿਲ ਮੇਰਾ, ਯਿਸੂ ਤੇਰੇ ਨਾਮ ਬਿਨਾਂ।

    3. ਯਿਸੂ ਦਾ ਨਾਂ ਸੁਣਕੇ, ਭੱਜਦਾ ਸ਼ੈਤਾਨ ਏ,
    ਉਹਦਾ ਹੀ ਨਾਂ ਉੱਤੇ ਜ਼ਮੀਂ–ਆਸਮਾਨ ਦੇ,
    ਸਭ ਨਾਂਵਾਂ ਤੋਂ ਚੰਗੇਰਾ, ਯਿਸੂ ਤੇਰੇ ਨਾਮ ਬਿਨਾਂ।

  • ---

    ਨਾਮ ਜੱਪ, ਨਾਮ ਜੱਪ, ਨਾਮ ਜੱਪ ਲੈ,
    ਹਾਏ ਨੀ ਜਿੰਦੇ ਮੇਰੀਏ ਤੂੰ ਨਾਮ ਜੱਪ ਲੈ।

    1. ਪਾਪਾਂ ਤੇ ਗ਼ੁਨਾਹਾਂ ’ਚ ਗੁਆਈ ਜ਼ਿੰਦਗੀ,
    ਕੀਤੀ ਨਾ ਤੂੰ ਯਿਸੂ ਦੀ ਕਦੇ ਵੀ ਬੰਦਗੀ,
    ਯਿਸੂ ਦਾ ਨਾਮ ਸੁਬ੍ਹ–ਸ਼ਾਮ ਜੱਪ ਲੈ,
    ਹਾਏ ਨੀ ਜਿੰਦੇ ਮੇਰੀਏ ਤੂੰ ਨਾਮ ਜੱਪ ਲੈ।

    2. ਨਾਮਾਂ ਵਿੱਚੋਂ ਉੱਤਮ ਨਾਮ ਹੈ ਯਿਸੂ ਦਾ,
    ਸੂਲੀ ਵਾਲਾ ਵੇਖ ਲੈ ਨਿਸ਼ਾਨ ਯਿਸੂ ਦਾ,
    ਅੱਖਾਂ ਅੱਗੇ ਰੱਖ ਲੈ ਕਲਾਮ ਯਿਸੂ ਦਾ,
    ਹਾਏ ਨੀ ਜਿੰਦੇ ਮੇਰੀਏ ਤੂੰ ਨਾਮ ਜੱਪ ਲੈ।

    3. ਨਾਮ ਜੱਪਿਆ ਹੀ ਤੇਰੇ ਕੰਮ ਆਉਣਾ ਏ,
    ਬਿਨਾਂ ਨਾਮ ਜੱਪਿਆ ਤੂੰ ਪਛਤਾਉਣਾ ਏ,
    ਮੁਕਤੀਦਾਤੇ ’ਤੇ ਇਮਾਨ ਰੱਖ ਲੈ,
    ਹਾਏ ਨੀ ਜਿੰਦੇ ਮੇਰੀਏ ਤੂੰ ਨਾਮ ਜੱਪ ਲੈ।

    4. ਯਿਸੂ ਨਾਮ ਨਾਲ ਜਾਂਦੀਆਂ ਬਿਮਾਰੀਆਂ,
    ਮਿਟ ਜਾਣ ਸਾਰੀਆਂ ਹੀ ਬਦਕਾਰੀਆਂ,
    ਬੰਦਿਆ ਤੂੰ ਪੱਕਾ ਇਮਾਨ ਰੱਖ ਲੈ,
    ਹਾਏ ਨੀ ਜਿੰਦੇ ਮੇਰੀਏ ਤੂੰ ਨਾਮ ਜੱਪ ਲੈ।

  • ---

    ਰਾਜਿਆਂ ਦਾ ਉਹ ਰਾਜਾ ਹੈ,
    ਬਾਦਸ਼ਾਹਾਂ ਦਾ ਉਹ ਬਾਦਸ਼ਾਹ ਹੈ,
    ਪ੍ਰਭੂਆਂ ਦਾ ਪ੍ਰਭੂ ਅਖਵਾਵੇ
    ਬਾਪ ਕੋਲੋਂ ਦੇਵੇ ਉਹ ਪਵਿੱਤਰ ਆਤਮਾ,
    ਜਿਹੜਾ ਸਾਡਿਆਂ ਦਿਲਾਂ ’ਚ ਵੱਸ ਜਾਵੇ।

    1. ਹੈਕਲ ਬਣਾਇਆ ਉਹਨੇ ਸਾਡੇ ਇਸ ਦਿਲ ਨੂੰ,
    ਅਸਾਂ ਵਿੱਚ ਰੱਖਿਆ ਸ਼ੈਤਾਨ ਵਾਲੇ ਕਿੱਲ ਨੂੰ,
    ਫਤਹਿ ਉਹ ਸ਼ੈਤਾਨ ਉੱਤੇ ਪਾਵੇ।

    2. ਜਿਹਦੇ ਕੋਲ ਵਚਨ ਉਹ ਉਹਦੇ ਕੋਲ ਰਹਿੰਦਾ ਹੈ,
    ਨਾ ਡਰ ਉਹਨੂੰ ਤਾਂ ਹਮੇਸ਼ਾ ਉਹ ਕਹਿੰਦਾ ਹੈ,
    ਹਰ ਵੇਲੇ ਉਹ ਉਹਨਾਂ ਨੂੰ ਬਚਾਵੇ।

    3. ਭਾਰ ਹੇਠਾਂ ਦੱਬੇ ਲੋਕੋ ਮੇਰੇ ਕੋਲ ਆਓ,
    ਸ਼ਾਂਤੀ ਆਰਾਮ ਆ ਕੇ ਮੇਰੇ ਕੋਲੋਂ ਪਾਓ,
    ਵਾਜਾਂ ਮਾਰ ਯਿਸੂ ਆਪ ਬੁਲਾਵੇ।

  • ---

    ਹਰ ਸਾਹ ਦੇ ਨਾਲ ਯਿਸੂ ਸਿਮਰਾਂ, ਮੈਂ ਤੇਰਾ ਨਾਮ,
    ਤੇਰਾ ਨਾਮ-ਤੇਰਾ ਨਾਮ ਸਿਮਰਾਂ, ਮੈਂ ਤੇਰਾ ਨਾਮ।

    1. ਮਿੱਟੀ ਦਾ ਜਿਸਮ ਮੇਰਾ, ਰੂਹ ਵਿੱਚ ਤੇਰੀ ਏ,
    ਸਭ ਕੁਝ ਤੇਰਾ ਯਿਸੂ, ਕਿਹੜੀ ਸ਼ੈਅ ਮੇਰੀ ਏ,
    ਸੁਬਾਹ ਸ਼ਾਮ ਕਰਾਂ, ਮੈਂ ਦੁਆਵਾਂ ਲੈ ਕੇ ਤੇਰਾ ਨਾਮ।

    2. ਤੇਰੇ ਸਿਵਾ ਮੇਰਾ ਕੋਈ ਬਣਿਐ ਸਹਾਰਾ ਨਾ,
    ਤੇਰੇ ਤੋਂ ਇਲਾਵਾ ਯਿਸੂ, ਮਿਲਿਆ ਕਿਨਾਰਾ ਨਾ,
    ਸੁਬਾਹ ਸ਼ਾਮ ਕਰਾਂ ਮੈਂ, ਦੁਆਵਾਂ ਲੈ ਕੇ ਤੇਰਾ ਨਾਮ।

    3. ਆਪਣੇ ਲਹੂ ਦੇ ਨਾਲ ਮੈਨੂੰ ਸਾਫ਼ ਕਰ ਦੇ,
    ਪਾਕ ਰੂਹ ਦੇ ਨਾਲ ਮੇਰੀ ਜ਼ਿੰਦਗੀ ਨੂੰ ਭਰਦੇ,
    ਤੂੰ ਹੀ ਮੇਰੀ ਜ਼ਿੰਦਗੀ, ਤੂੰ ਮੇਰੀ ਜਾਨ,
    ਸੁਬਾਹ ਸ਼ਾਮ ਕਰਾਂ ਮੈਂ, ਦੁਆਵਾਂ ਲੈ ਕੇ ਤੇਰਾ ਨਾਮ।

  • ---

    ਯਿਸੂ ਮੇਰੇ ਦਿਲ ਵਿੱਚ ਵੱਸਦਾ ਗੱਲਾਂ ਕਰਦਾ ਹੈ,
    ਦਿੰਦਾ ਮੇਰੇ ਦਿਲ ਨੂੰ ਤਸੱਲੀ, ਸਦਾ ਸੰਭਾਲਦਾ ਹੈ।

    1. ਜਦ ਸ਼ੈਤਾਨੀ ਬੰਦੇ ਮੈਨੂੰ ਘੇਰਦੇ ਚਾਰ ਚੁਫ਼ੇਰੇ,
    ਰੂਹ ਦੇ ਭਾਂਬੜ ਭੇਜਕੇ ਮੈਨੂੰ ਕਰਦਾ ਉਹ ਦਲੇਰ ਏ,
    ਸਿਰ ਝੁਕਾ ਕੇ ਉਹ ਸ਼ੈਤਾਨ ਦਾ, ਨੀਵਾਂ ਕਰਦਾ ਹੈ।

    2. ਜਦ ਮੈਂ ਚੱਲਦਾ ਵਿੱਚ ਉਜਾੜਾਂ, ਕਰੇ ਖ਼ੌਫ਼ ਨੂੰ ਢੇਰ,
    ਚੱਲਦਾ ਮੇਰੇ ਨਾਲ ਹੋ ਚਾਨਣ ਡਰਦਾ ਨਾ ਮੈਂ ਫੇਰ,
    ਰਾਹ ਵਿੱਚ ਮੈਨੂੰ ਨੂਰ ਬਖ਼ਸ਼ਦਾ ਉਹ ਚਲਾਉਂਦਾ ਹੈ।

    3. ਮਾਰਨ ਗਿੱਦੜੀ ਦੱਬਦੇ ਸ਼ੈਤਾਨਾ, ਆਵੀਂ ਨਾ ਤੂੰ ਫੇਰ,
    ਪਾਈ ਪਿਤਾ ਅਬ ਰੂਹੇ ਦਲੇਰੀ ਪਾਸੋਂ ਯਿਸੂ, ਸ਼ੇਰ,
    ਹਾਰ ਕੇ ਬਾਜ਼ੀ ਸ਼ੈਤਾਨ, ਸੂਲੀ ਵੱਲ ਤੱਕਦਾ ਹੈ।

  • ---

    ਸ਼ਾਨ ਮੇਰੇ ਯਿਸੂ ਜਿਹੀ ਕਿਸੇ ਨੇ ਨਾ ਪਾਈ ਏ,
    ਮਰਕੇ ਤਾਂ ਜ਼ਿੰਦਾ ਹੋਣਾ ਏਹੀ ਤਾਂ ਖ਼ੁਦਾਈ ਏ।

    1. ਚੁੱਕ ਲਈ ਸੂਲੀ ਉਹਨੇ ਸਾਰੇ ਗ਼ੁਨਾਹਗਾਰਾਂ ਲਈ,
    ਦਿੱਤੀ ਜਾਨ ਆਪਣੀ ਰੂਹ ਦੇ ਬਿਮਾਰਾਂ ਲਈ,
    ਰੂਹ ਸਾਰੇ ਜੱਗ ਦੀ ਯਿਸੂ ਨੇ ਬਚਾਈ ਏ।

    2. ਡਾਢਾ ਪਿਆਰ ਖ਼ੂਦਾ ਨੇ ਸਾਡੇ ਲਈ ਪਾਇਆ,
    ਦੇ ਕੇ ਬੇਟਾ ਦੁਨੀਆ ਨੂੰ ਆਪਣਾ ਬਣਾਇਆ,
    ਸਾਰੇ ਗ਼ੁਨਾਹਗਾਰਾਂ ਨੂੰ ਮਿਲ ਗਈ ਰਿਹਾਈ ਏ।

    3. ਦੁਨੀਆ ਲਈ ਹੋਇਆ ਯਿਸੂ ਨੂਰ-ਏ-ਖ਼ੁਦਾ ਏ,
    ਬਾਪ ਦੀ ਕੀਤੀ ਉਹਨੇ ਪੂਰੀ ਰਜ਼ਾ ਏ,
    ਅਬਦੀ ਨਜਾਤ ਯਿਸੂ ਰਾਹ ਵਿਖਾਈ ਏੇ।

  • ---

    ਹਾਲੇਲੂਯਾਹ, ਹਾਲੇਲੂਯਾਹ,
    ਹਾਲੇਲੂਯਾਹ ਕਰ, ਹਾਲੇਲੂਯਾਹ ਕਰ।
    ਹਰ ਦਮ ਹਰ ਵੇਲੇ, ਹਾਲੇਲੂਯਾਹ ਕਰ,
    ਆਪਣੇ ਯਿਸੂ ਨੂੰ ਦਿਲ ’ਚ ਵਸਾ ਲੈ,
    ਉਹਦੇ ਨਾਮ ਦਾ ਹਰ ਦੁੱਖ ਜਰ।

    1. ਵੱਖਰੀ ਏ ਜੱਗ ’ਤੇ ਪਛਾਣ ਮੇਰੇ ਯਿਸੂ ਦੀ,
    ਮੇਰਾ ਤਨ ਸਾਰਾ ਮੇਰੀ ਜਾਨ ਮੇਰੇ ਯਿਸੂ ਦੀ,
    ਨਬੀਆਂ ਦਾ ਰੱਬੀ ਵੇਖੋ ਸ਼ਾਨ ਮੇਰੇ ਯਿਸੂ ਦੀ,
    ਪੂਰੀ ਹੁੰਦੀ ਜੱਗ ’ਤੇ ਜ਼ੁਬਾਨ ਮੇਰੇ ਯਿਸੂ ਦੀ,
    ਜੋ ਯਕੀਨ ਨਾ ਤੈਨੂੰ ਆਵੇ,
    ਲਿਖਿਆ ਵਿੱਚ ਕਲਾਮ ਦੇ ਪੜ੍ਹ।

    2. ਪਾਣੀਆਂ ਦੇ ਉੱਤੇ ਉਹਨੇ ਤੁਰ ਕੇ ਵਿਖਾਇਆ ਏ,
    ਅੱਥਰਾ ਤੂਫ਼ਾਨ ਉਹਨੇ ਝਿੜਕ ਹਟਾਇਆ ਏ,
    ਮੁਰਦੇ ਨੂੰ ਜਾ ਕੇ ਜਦੋਂ ਕਬਰੋਂ ਬੁਲਾਇਆ ਏ,
    ਕੀਤਾ ਸੀ ਹੈਰਾਨ ਜਦ ਮੌਜਜ਼ਾ ਵਿਖਾਇਆ ਏ,
    ਉਹਦੇ ਹੁਕਮ ਨੂੰ ਮੰਨਦੇ ਸਾਰੇ,
    ਕੀ ਇਨਸਾਨ ਕੀ ਬਹਿਰ।

    3. ਫੌਜੀਆਂ ਫ਼ਰੀਸੀਆਂ ਨੇ ਯਿਸੂ ਨੂੰ ਸਤਾਇਆ ਏ,
    ਝੂਠਾ ਇਲਜ਼ਾਮ ਲਾ ਕੇ ਸੂਲੀ ’ਤੇ ਚੜ੍ਹਾਇਆ ਏ,
    ਸਾਡਿਆਂ ਗੁਨਾਹਾਂ ਪਿਆਰੇ ਯਿਸੂ ਨੂੰ ਰੁਲਾਇਆ ਏ,
    ਮੁੱਲ ਉਹਦੇ ਪਿਆਰ ਦਾ ਕਿਸੇ ਵੀ ਨਾ ਪਾਇਆ ਏ,
    ਚੜ੍ਹ ਕੇ ਸੂਲੀ ’ਤੇ ਯਿਸੂ ਨੇ
    ਲਾਹ ਦਿੱਤੇ ਨੇ ਸਭ ਦੇ ਡਰ।

    4. ਤੀਜੇ ਦਿਨ ਤੜਕੇ ਸੀ ਨੂਰੋ–ਨੂਰ ਹੋ ਗਿਆ,
    ਰੱਖਿਆ ਕਬਰ ’ਤੇ ਪੱਥਰ ਦੂਰ ਹੋ ਗਿਆ,
    ਮੌਤ ਦਾ ਗ਼ਰੂਰ ਵੇਖੋ ਚੂਰ–ਚੂਰ ਹੋ ਗਿਆ,
    ਮੌਜਜ਼ਾ ਇਹ ਜੱਗ ਉੱਤੇ ਮਸ਼ਹੂਰ ਹੋ ਗਿਆ,
    ਜ਼ਿੰਦਾ ਹੋਇਆ ਮੌਤ ਨੂੰ ਜਿੱਤ ਕੇ,
    ਕੰਬ ਗਏ ਧਰਤੀ ਅੰਬਰ।

    5. ਮੇਰੇ ਜਿਹੇ ਰੋਗੀਆਂ ਦਾ ਚਾਰਾ ਹੋਰ ਕੋਈ ਨਹੀਂ,
    ਯਿਸੂ ਜਿਹਾ ਲੱਭਣਾ ਸਹਾਰਾ ਹੋਰ ਕੋਈ ਨਹੀਂ,
    ਦੁਨੀਆ ਦੀ ਬੇੜੀ ਦਾ ਕਿਨਾਰਾ ਹੋਰ ਕੋਈ ਨਹੀਂ,
    ਲੈ ਕੇ ਆਇਆ ਪਾਪਾਂ ਦਾ ਕਫ਼ਾਰਾ ਹੋਰ ਕੋਈ ਨਹੀਂ,
    ਜਿਸ ’ਤੇ ਕਰਮ ਯਿਸੂ ਦਾ ਹੋਵੇ,
    ਡੁੱਬਦਾ–ਡੁੱਬਦਾ ਜਾਂਦਾ ਤਰ।

  • ---

    ਪਾਪਾਂ ਸਾਡਿਆਂ ਲਈ ਜਾਨ ਜਿਹਨੇ ਦਿੱਤੀ,
    ਉਹ ਯਿਸੂ ਸਾਡਾ ਫਿਰ ਆਵੇਗਾ।

    1. ਉਹਨੇ ਪਿਆਰ ਵਿਖਾਇਆ,
    ਜੱਗ ਨੂੰ ਆਣ ਬਚਾਇਆ,
    ਸਾਡੇ ਪਾਪਾਂ ਨੂੰ ਮਿਟਾਇਆ,
    ਸਾਨੂੰ ਦੁੱਖਾਂ ਤੋਂ ਛੁਡਾਇਆ,
    ਓ ਯਿਸੂ ਸਾਡਾ ਫਿਰ ਆਵੇਗਾ।

    2. ਮਾਂ ਮਰੀਅਮ ਦਾ ਜਾਇਆ,
    ਡੇਰਾ ਖੁਰਲੀ ’ਚ ਲਾਇਆ,
    ਬਣ ਬੰਦਾ ਰੱਬ ਆਇਆ,
    ਜੱਗ ਸਾਰਾ ਰੁਸ਼ਨਾਇਆ,
    ਓ ਯਿਸੂ ਸਾਡਾ ਫਿਰ ਆਵੇਗਾ।

    3. ਲੈ ਕੇ ਰਹਿਮਤਾਂ ਆਇਆ,
    ਸਭ ਨੂੰ ਗਲੇ ਉਸ ਲਾਇਆ,
    ਕਿੰਨਾ ਕਰਮ ਕਮਾਇਆ,
    ਉਸ ਮੋਇਆਂ ਨੂੰ ਜੀਵਾਇਆ,
    ਓ ਯਿਸੂ ਸਾਡਾ ਫਿਰ ਆਵੇਗਾ।

  • ---

    1. ਜਿੰਦ ਕਿਉਂ ਨਾ ਮਸੀਹ ਉੱਤੋਂ ਵਾਰਾਂ,
    ਮੈਂ ਜਿੰਦ ਕਿਉਂ ਨਾ ਮਸੀਹ ਤੋਂ ਵਾਰਾਂ।

    2. ਸਦਾ ਨਾ ਬਾਗ਼ੀਂ ਬੁਲਬੁਲ ਬੋਲੇ,
    ਸਦਾ ਨਾ ਐਸ਼ ਬਹਾਰਾਂ।

    3. ਸਦਾ ਨਾ ਰਹਿੰਦਾ ਹੁਸਨ ਜਵਾਨੀ,
    ਸਦਾ ਨਾ ਸੰਗਤ ਯਾਰਾਂ।

    4. ਮਿੱਟੀ ਓੜਨਾ ਮਿੱਟੀ ਵਿਛੌਣਾ,
    ਮਿੱਟੀ ਦਾ ਸਿਰਹਾਣਾ।

    5. ਜਿਨ੍ਹਾਂ ਲਈ ਤੂੰ ਪਾਪ ਕਮਾਵੇਂ,
    ਨਾਲ ਕਿਸੇ ਨਾ ਜਾਣਾ।

    6. ਇਹ ਦੁਨੀਆ ਦਿਨ ਚਾਰ ਦਿਹਾੜੇ,
    ਬੈਠ ਕਿਸੇ ਨਹੀਂ ਰਹਿਣਾ।

  • ---

    ਬੰਦਿਆ ਜੱਪ ਲੈ ਯਿਸੂ ਦਾ ਨਾਂ,
    ਸ਼ੁੱਧ ਹੋਵੇ ਤੇਰੀ ਆਤਮਾ।

    1. ਜਿਨ੍ਹਾਂ ਨੂੰ ਤੂੰ ਪੂਜਨਾ ਏਂ ਮੂੰਹੋਂ ਨਈਓਂ ਬੋਲਦੇ,
    ਲੱਖ ਵਾਜਾਂ ਮਾਰ ਭਾਵੇਂ, ਅੱਖਾਂ ਵੀ ਨਹੀਂ ਖੋਲ੍ਹਦੇ।

    2. ਛੱਡ ਦੇ ਬੁਰਾਈ, ਉਹਦਾ ਨਾਮ ਜੱਪ ਸੱਜਣਾ,
    ਦੁੱਖਾਂ ਦੇ ਸਮੁੰਦਰਾਂ ’ਚੋਂ ਜੇ ਤੂੰ ਪਾਰ ਲੰਘਣਾ।

    3. ਝੂਠਾ ਸੰਸਾਰ ਸਾਰਾ, ਝੂਠੀ ਉਹਦੀ ਸ਼ਾਨ ਏਂ,
    ਇੱਕ ਦਿਨ ਛੱਡ ਜਾਣਾ ਜਿਹਦੇ ਉੱਤੇ ਮਾਣ ਏਂ।

    4. ਇੱਕ ਦਿਨ ਯਿਸੂ ਇਸ, ਦੁਨੀਆ ’ਤੇ ਆਵੇਗਾ,
    ਫਿਰ ਦੱਸ ਬੰਦਿਆ ਤੂੰ ਕਿੱਧਰ ਨੂੰ ਜਾਵੇਂਗਾ।

  • ---

    ਈਸਾ ਤੇਰੀ ਕੁਦਰਤ ਦਾ, ਭੇਦ ਕਿਸੇ ਨਾ ਪਾਇਆ।

    1. ਅੱਵਲ ਆਖਰ ਦਾ ਤੂੰ ਮਾਲਕ,
    ਸਭ ਦੁਨੀਆ ਦਾ ਖ਼ਾਲਿਕ ਰਾਜਿਕ,
    ਤੂੰ ਹਰ ਸ਼ੈ ਵਿੱਚ ਸਮਾਇਆ।

    2. ਕਲਮਾ ਪਾਕ ਖ਼ੁਦਾ ਦਾ ਤੂੰ ਪਿਆਰਾ,
    ਸਭ ਦੁਨੀਆ ਦਾ ਤੂੰ ਪਾਲਣਹਾਰਾ,
    ਤੂੰ ਰੱਬ ਦਾ ਪੁੱਤਰ ਕਹਾਇਆ।

    3. ਦੋ ਜਹਾਨਾਂ ਦਾ ਤੂੰ ਵਾਲੀ,
    ਦਰ ਤੇਰੇ ਦੇ ਸਭ ਸਵਾਲੀ,
    ਤੂੰ ਏ ਖੈਰ ਨਜਾਤ ਦਾ ਪਾਇਆ।

    4. ਦੁਨੀਆ ਦਾ ਹੈ ਤੂੰਏਂ ਮਾਲਿਕ,
    ਨਾਲੇ ਸਭਨਾ ਦਾ ਹੈਂ ਪਾਲਿਕ,
    ਤੂੰ ਪਾਪਾਂ ਨੂੰ ਦੂਰ ਹਟਾਇਆ।

    5. ਅੰਨ੍ਹੇ, ਲੂਲ੍ਹੇ, ਕੋੜ੍ਹੀ ਸਾਰੇ,
    ਦਰ ’ਤੇ ਆਏ ਔਗੁਣ ਹਾਰੇ,
    ਤੂੰ ਸਭ ਦਾ ਰੋਗ ਹਟਾਇਆ।

    6. ਹਵਾ ਪਾਣੀ ਨੂੰ ਡਾਂਟ ਥਮਾਇਆ,
    ਪਾਣੀ ਉੱਤੇ ਚਲ ਦਿਖਲਾਇਆ,
    ਤੂੰ ਡੁੱਬਦਿਆਂ ਨੂੰ ਹੈ ਬਚਾਇਆ।

    7. ਜੋ ਪਾਪੀ ਦਰ ਤੇਰੇ ਆਏ,
    ਤੌਬਾ ਕਰ ਇਮਾਨ ਲਿਆਏ,
    ਤੂੰ ਏ ਉਹਨਾਂ ਨੂੰ ਸਵਰਗ ਪਹੁੰਚਾਇਆ।

  • ---

    ਮੈਂ ਕਿਉਂ ਡਰਾਂ, ਯਿਸੂ ਨਾਸਰੀ ਮੇਰੇ ਨਾਲ ਹੈ,
    ਯਿਸੂ ਮੇਰੇ ਨਾਲ-ਨਾਲ ਰਹਿੰਦਾ ਏ,
    ਡਰ ਨਾ ਉਹ ਮੈਨੂੰ ਬੱਸ ਕਹਿੰਦਾ ਏ।
    ਮੈਂ ਕਿਉਂ ਡਰਾਂ, ਮੇਰਾ ਜ਼ਿੰਦਾ ਖ਼ੁਦਾ ਮੇਰੇ ਨਾਲ ਹੈ।

    1. ਜਿੱਥੇ ਵੀ ਮੈਂ ਜਾਵਾਂ ਮੇਰੇ ਅੱਗੇ-ਅੱਗੇ ਚੱਲਦਾ,
    ਲੱਖਾਂ-ਲੱਖ ਦੂਤ ਮੇਰੀ ਰਾਖੀ ਲਈ ਉਹ ਘੱਲਦਾ,
    ਕਿਹੜੇ ਲਫ਼ਜ਼ਾਂ ਨਾਲ ਉਹਦਾ ਕਰਾਂ ਧੰਨਵਾਦ,
    ਹਰ ਪਾਸੇ ਉਹਦਾ ਹੀ ਜਲਾਲ ਹੈ।

    2. ਹੋਵੇਗੀ ਨਾ ਕਮੀ ਮੈਨੂੰ ਕਦੇ ਕਿਸੇ ਚੀਜ਼ ਦੀ,
    ਕਰੇ ਹਰ ਲੋੜ ਪੂਰੀ ਆਪਣੇ ਅਜ਼ੀਜ਼ ਦੀ,
    ਲੱੱਭਦਾ ਅਯਾਲੀ ਜਿਵੇਂ ਗੁੰਮੀ ਹੋਈ ਭੇਡ ਨੂੰ,
    ਕਰਦਾ ਉਹ ਇੰਝ ਮੇਰੀ ਭਾਲ ਏ।

    3. ਬਾਦਸ਼ਾਹ ਜਲਾਲੀ ਉਹਦੀ ਸ਼ਾਨ ਵਿੱਚ ਗਾਵਾਂਗੇ,
    ਹਾਲੇਲੂਯਾਹ ਹੋਸਾਨਾ ਦੇ ਨਾਅਰੇ ਅਸੀਂ ਲਾਵਾਂਗੇ,
    ਲਿਖਣਾ ਤੇ ਗਾਉਣਾ ਸਾਨੂੰ ਉਹੀ ਹੈ ਸਿਖਾਉਂਦਾ,
    ਉਹੀ ਸਾਡਾ ਸੁਰ ਨਾਲ ਤਾਲ ਏ।

  • ---

    ਜਾਵੀਂ ਗਾਫ਼ਲਾ ਨਾ ਉੱਕ ਵੇ, ਉੱਕ ਵੇ, ਉੱਕ ਵੇ,
    ਯਿਸੂ ਪਾਕ ਤੋਂ ਨਾ ਲੁਕ ਵੇ, ਲੁਕ ਵੇ, ਲੁਕ ਵੇ।

    1. ਹੌਲੀ–ਹੌਲੀ ਪੈਣੇ ਈਂ ਅੰਤ ਵਿਛੋੜੇ,
    ਉਮਰ ਤੇਰੀ ਦੇ ਰੋਜ਼ ਨੇ ਥੋੜ੍ਹੇ,
    ਜਾਣੇ ਇਹ ਦਿਨ ਨੇ ਮੁੱਕ ਵੇ, ਮੁੱਕ ਵੇ, ਮੁੱਕ ਵੇ।

    2. ਇੱਕ ਪਲ ਦਾ ਜੱਗ ਰੈਣ ਬਸੇਰਾ,
    ਨਾ ਤੂੰ ਕਿਸੇ ਦਾ ਨਾ ਕੋਈ ਤੇਰਾ,
    ਇੱਕ ਖ਼ਾਕ ਦਾ ਹੈ ਬੁੱਕ ਵੇ, ਬੁੱਕ ਵੇ, ਬੁੱਕ ਵੇ।

    3. ਲੱਖ–ਲੱਖ ਵਾਰੀ ਯਿਸੂ ਹੁਕਮ ਸੁਣਾਇਆ,
    ਸਮਝ ਤੇਰੀ ਵਿੱਚ ਕੱਖ ਨਹੀਂ ਆਇਆ,
    ਆ ਸਲੀਬ ਨੂੰ ਚੁੱਕ ਵੇ, ਚੁੱਕ ਵੇ, ਚੁੱਕ ਵੇ।

    4. ਕੋਲ ਤੇਰੇ ਵਗਦਾ ਹੈ ਜ਼ਿੰਦਗੀ ਦਾ ਪਾਣੀ,
    ਗਫ਼ਲਤ ਵਿੱਚ ਲੰਘ ਗਈ ਜ਼ਿੰਦਗਾਨੀ,
    ਗਿਆ ਜ਼ਿੰਦਗਾਨੀ ਦਾ ਰੁੱਖ ਸੁੱਕ ਵੇ, ਸੁੱਕ ਵੇ, ਸੁੱਕ ਵੇ।

    5. ਕਰਦਿਆਂ ਕਰਦਿਆਂ ਰਾਹ ਵਿੱਚ ਰਹੀਆਂ,
    ਹੁਣ ਕਿਉਂ ਆਣ ਦਲੀਲਾਂ ਪਈਆਂ,
    ਗਿਉਂ ਨੇਕੀਉਂ ਕਿਉਂ ਰੁੱਕ ਵੇ, ਰੁੱਕ ਵੇ, ਰੁੱਕ ਵੇ।

  • ---

    ਹੋਸਾਨਾ ਹੋਸਾਨਾ ਯਿਸੂ ਪਿਆਉਂਦਾ ਹੈ,
    ਮੁਬਾਰਿਕ ਮੁਬਾਰਿਕ ਉਹ ਛੇਤੀ ਆਉਂਦਾ ਹੈ।

    1. ਖੂਨ ਦੇ ਖਰੀਦੇ ਉਹਦੇ ਸੱਜੇ ਹੱਥ ਬਹਿਣਗੇ,
    ਖ਼ੁਸ਼ੀਆਂ ਤੇ ਸਦਰਾਂ ਦੇ ਫੁੱਲ ਖਿੜ ਪੈਣਗੇ,
    ਨਾਮ ਲੈ ਕੇ ਜਦੋਂ ਯਿਸੂ, ਸਾਨੂੰ ਬੁਲਾਵੇਗਾ।

    2. ਜਿੱਥੇ ਯਿਸੂ ਆਪ ਰਹਿੰਦਾ, ਉੱਥੇ ਅਸੀਂ ਰਹਾਂਗੇ,
    ਇਕੱਠੇ ਗੱਲਾਂ ਕਰਾਂਗੇ ਤੇ ਇਕੱਠੇ ਅਸੀਂ ਬਹਾਂਗੇ,
    ਸੋਨੇ ਦੀਆਂ ਸੜਕਾਂ ’ਤੇ ਸਾਨੂੰ ਉਹ ਤੁਰਾਵੇਗਾ।

    3. ਅਰਸ਼ਾਂ ’ਤੇ ਜਾਣ ਦੀਆਂ ਕਰ ਲਉ ਤਿਆਰੀਆਂ,
    ਇਹਨਾਂ ਦੁੱਖਾਂ ਨਾਲੋਂ ਉੱਥੇ ਖ਼ੁਸ਼ੀਆਂ ਨੇ ਭਾਰੀਆਂ,
    ਜੰਨਤਾਂ ਦੇ ਮਿੱਠੇ ਮੇਵੇ, ਸਾਨੂੰ ਉਹ ਖਿਲਾਵੇਗਾ।

  • ---

    ਬੰਦਗੀ ਕਰਾਂ ਮੈਂ ਤੇਰੀ ਬੰਦਗੀ ਕਰਾਂ,
    ਤੇਰੇ ਲਈ ਜੀਵਾਂ ਯਿਸੂ ਤੇਰੇ ਲਈ ਮਰਾਂ।

    1. ਤੇਰੀ ਬਾਰਗਾਹ ਵਿੱਚ ਸਿਰ ਨੂੰ ਝੁਕਾਵਾਂਗਾ,
    ਤੇਰੇ ਲਈ ਨੱਚਾਂਗਾ ਮੈਂ ਤੇਰੇ ਲਈ ਗਾਵਾਂਗਾ,
    ਕਦਮਾਂ ’ਚ ਤੇਰੇ ਯਿਸੂ ਸਿਰ ਮੈਂ ਧਰਾਂ।

    2. ਕੋਈ ਜਾਣ ਸਕਿਆ ਨਹੀਂ ਹੱਦ ਤੇਰੇ ਪਿਆਰ ਦੀ,
    ਹੱਦ ਹਰ ਚੀਜ਼ ਨਾਲੋਂ ਵੱਧ ਤੇਰੇ ਪਿਆਰ ਦੀ,
    ਇਹੋ ਗੱਲ ਹੁਣ ਤੇ ਮੈਂ ਕਹਾਂ ਹਰ ਥਾਂ।

    3. ਦਿਲ ਵਿੱਚ ਡੇਰਾ ਯਿਸੂ ਤੇਰੇ ਸੱਚੇ ਪਿਆਰ ਦਾ,
    ਏਸੇ ਲਈ ਖ਼ੁਦਾਇਆ ਤੇਥੋਂ ਤਨ ਮਨ ਵਾਰਦਾ,
    ਨਾਂ ਕਿਸੇ ਹੋਰ ਦਾ ਮੈਂ ਕਦੀ ਨਾ ਲਵਾਂ।

  • ---

    ਹਾਲੇਲੂਯਾਹ, ਹਾਲੇਲੂਯਾਹ
    ਯਾਰਾਂ ਦਾ ਯਾਰ ਮੇਰਾ ਯਿਸੂ,
    ਮੇਰਾ ਹੱਕਦਾਰ ਮੇਰਾ ਯਿਸੂ,
    ਸੱਚੀ ਸਰਕਾਰ ਮੇਰਾ ਯਿਸੂ,
    ਮੇਰਾ ਦਿਲਦਾਰ ਯਿਸੂ, ਹਾਲੇਲੂਯਾਹ,
    ਯਿਸੂ ਮੇਰਾ ਯਾਰ ਹੈ, ਹਾਲੇਲੂਯਾਹ,
    ਯਿਸੂ ਮੇਰਾ ਦਿਲਦਾਰ ਹੈ।

    1. ਕਰਮ ਕਮਾਏ ਜਿਨ੍ਹੇ, ਲੰਗੜੇ ਚਲਾਏ ਜਿਨ੍ਹੇ,
    ਰੋਂਦੇ ਹਸਾਏ ਜਿਨ੍ਹੇ, ਮੁਰਦੇ ਜਿਵਾਏ ਜਿਨ੍ਹੇ,
    ਬਖ਼ਸ਼ਣਹਾਰ ਮੇਰਾ ਯਿਸੂ,
    ਤਾਰਨਹਾਰ ਮੇਰਾ ਯਿਸੂ।

    2. ਗੀਤ ਤੇਰੇ ਗਾਵਾਂ ਮੈਂ, ਸਭ ਨੂੰ ਸੁਣਾਵਾਂ ਮੈਂ,
    ਜਗਤ ਦੇ ਅੰਦਰ ਤੇਰੇ, ਝੰਡੇ ਲਹਿਰਾਵਾਂ ਮੈਂ,
    ਮੇਰਾ ਸੁਰਤਾਲ ਮੇਰਾ ਯਿਸੂ,
    ਮੇਰੀ ਆਵਾਜ਼ ਮੇਰਾ ਯਿਸੂ।

    3. ਦਿਲ ਤੋਂ ਤੇਰਾ ਸ਼ੁਕਰ ਕਰਾਂ, ਤੇਰੇ ਸ਼ੁਕਰਾਨੇ ਭਰਾਂ,
    ਤੇਰੇ ਮੈਂ ਘਰ ’ਚ ਰਹਾਂ, ਤੇਰੇ ਲਈ ਜੀਵਾਂ ਮਰਾਂ,
    ਮੇਰਾ ਸਾਹਿਬਾਨ ਮੇਰਾ ਯਿਸੂ,
    ਮੇਰੀ ਦਿਲਜਾਨ ਮੇਰਾ ਯਿਸੂ।

  • ---

    ਮੈਂ ਨਹੀਂ ਕੱਲਾ, ਮੇਰੇ ਨਾਲ ਹੈ ਖ਼ੁਦਾ,
    ਜੋ ਕਰਦੇ ਨੇ ਬੰਦਗੀ, ਉਨ੍ਹਾਂ ਦੀ ਸੁਣੇ ਦੁਆ,
    ਮੈਂ ਨਹੀਂ ਕੱਲਾ, ਮੇਰੇ ਨਾਲ ਹੈ ਖ਼ੁਦਾ।

    1. ਸ਼ਾਦਰਾਖ਼, ਮੇਸ਼ਾਖ਼, ਅਬੇਦਨੇਗੋ ਨੂੰ,
    ਬਲ਼ਦੀ ਅੱਗ ਵਿੱਚ ਪਾਇਆ,
    ਬਲ਼ਦੀ ਅੱਗ ਵਿੱਚ ਆਪ ਖ਼ੁਦਾਵੰਦ,
    ਰਾਖਾ ਬਣਕੇ ਆਇਆ,
    ਆਪਣੇ ਬੰਦਿਆਂ ਦੇ, ਰਹਿੰਦਾ ਏ ਨਾਲ ਸਦਾ।

    2. ਪੌਲੂਸ ਅਤੇ ਸਿਲਾਸ ਨੂੰ ਦੇਖ,
    ਵਿੱਚ ਜੇਲ੍ਹ ਦੇ ਪਾਇਆ,
    ਹੱਥਾਂ, ਪੈਰਾਂ ਦੇ ਵਿੱਚ ਬੇੜੀਆਂ,
    ਰੱਬ ਵੇਖ ਨਾ ਪਾਇਆ,
    ਉਨ੍ਹਾਂ ਦੀ ਬੰਦਗੀ ਨੇ, ਦਿੱਤੀ ਏ ਜੇਲ੍ਹ ਹਿਲਾ।

    3. ਇਸਰਾਏਲੀਆਂ ਨਾਲ ਮੂਸਾ ਜਦ,
    ਲਾਲ ਸਮੁੰਦਰ ਆਇਆ,
    ਅੱਗੇ ਪਾਣੀ ਪਿੱਛੇ ਫੌਜਾਂ,
    ਵੇਖ ਕੇ ਮਨ ਘਬਰਾਇਆ,
    ਪਾਣੀ ਦੇ ਵਿੱਚ ਵੀ, ਦਿੱਤਾ ਰਾਹ ਬਣਾ।

  • ---

    ਹਰ ਮੁਸ਼ਕਿਲ ਦੇ ਵਿੱਚ,
    ਮੇਰਾ ਯਿਸੂ ਮੇਰੇ ਨਾਲ-ਨਾਲ ਹੈ,
    ਬਾਪ ਵਾਂਗੂੰ ਕਰਦਾ ਫਿਕਰ,
    ਤੇ ਮਾਂ ਵਾਂਗੂੰ ਰੱਖਦਾ ਖਿਆਲ ਹੈ।

    1. ਮੇਰੀ ਰਾਖੀ ਲਈ ਸਦਾ ਦੂਤਾਂ ਨੂੰ ਉਹ ਘੱਲਦਾ,
    ਉਸਦਾ ਫ਼ਜ਼ਲ ਕਦੇ ਮੇਰੇ ਤੋਂ ਨਹੀਂ ਟਲਦਾ।
    ਨਾਮ ਉਹਦਾ ਮੇਰੀ ਏ ਪਨਾਹ,
    ਨਿਹਚਾ ਵਾਲੀ ਮੇਰੇ ਕੋਲ ਢਾਲ ਹੈ।

    2. ਰੋਵਾਂ ਜਦੋਂ ਕਦੇ ਮੇਰੇ ਹੰਝੂ ਸਾਫ਼ ਕਰਦਾ,
    ਸੀਨੇ ਨਾਲ ਲਾਉਂਦਾ ਹੱਥ ਸਿਰ ਉੱਤੇ ਧਰਦਾ।
    ਜਦੋਂ ਮੈਨੂੰ ਕੋਈ ਨਾ ਪੁੱਛੇ,
    ਖੁਦ ਪੁੱਛਦਾ, ਉਹ ਆ ਕੇ ਮੇਰਾ ਹਾਲ ਹੈ।

    3. ਮੇਰੀ ਕਮਜ਼ੋਰੀਆਂ ’ਚ ਕੁੱਵਤ ਉਹ ਮੇਰੀ ਏ,
    ਉਹਦਾ ਰੂਹ-ਏ-ਪਾਕ ਮੇਰੀ ਬਣਦਾ ਦਲੇਰੀ ਏ।
    ਜੰਗ ਮੇਰੀ ਆਪੇ ਲੜਦਾ,
    ਵਿੰਗਾ ਹੋਣ ਨਹੀਂਉਂ ਦਿੰਦਾ ਮੇਰਾ ਵਾਲ ਹੈ।

  • ---

    ਗੁਣ ਗਾਵਾਂ ਯਿਸੂ ਤੇਰੇ, ਪਾਕ ਖ਼ੁਦਾਵੰਦ ਮੇਰੇ,
    ਮੇਰੇ ਜੀਵਨ ਦੇ ਵਿੱਚ ਪ੍ਰਭੂ ਕੀਤੇ ਕੰਮ ਬਥੇਰੇ।
    ਗੁਣ ਗਾਵਾਂ ਮੈਂ ਗੁਣ ਗਾਵਾਂ, ਮੈਂ ਗੁਣ ਗਾਵਾਂ ਯਿਸੂ ਤੇਰੇ।

    1. ਆਸਾਂ ਤੇ ਉਮੀਦਾਂ ਕਰੇ ਪੂਰੀਆਂ ਤੂੰ ਮੇਰੀਆਂ,
    ਮੇਰੇ ਜੀਵਨ ਵਿੱਚ ਰਹਿਮਤਾਂ ਨੇ ਤੇਰੀਆਂ,
    ਮੇਰੇ ਜੀਵਨ ਦੇ ਵਿੱਚ ਪ੍ਰਭੂ ਖ਼ੁਸ਼ੀਆਂ ਦੇ ਲਾਏ ਨੇ ਡੇਰੇ।

    2. ਜਿਹੜਾ ਸੱਚੇ ਦਿਲ ਨਾਲ ਤੇਰੇ ਕੋਲ ਆਉਂਦਾ ਹੈ,
    ਮੁਕਤੀ ਚੰਗਿਆਈ ਸਭ ਤੇਰੇ ਕੋਲੋਂ ਪਾਉਂਦਾ ਹੈ,
    ਮੇਰੇ ਜ਼ਿੰਦਗੀ ਦੇ ਵਿੱਚੋਂ ਪ੍ਰਭੂ ਹੋ ਗਏ ਦੂਰ ਹਨੇਰੇ।

  • ---

    ਸਾਰਾ ਜੱਗ ਭਾਵੇਂ ਮੈਨੂੰ ਛੱਡ ਜਾਵੇ,
    ਮੈਂ ਪੱਲਾ ਤੇਰਾ ਨਹੀਂਓਂ ਛੱਡਣਾ।

    1. ਦੁੱਖ ਬੜ੍ਹਾ ਹੀ ਆਯੂਬ ਉੱਤੇ ਆਇਆ ਸੀ,
    ਸਾਰਾ ਬਦਨ ਉਹਦਾ ਕੀੜਿਆਂ ਨੇ ਖਾਇਆ ਸੀ,
    ਓਹੀਓ ਕੀੜਾ ਭਾਵੇਂ, ਮੈਨੂੰ ਲੱਗ ਜਾਵੇ,
    ਮੈਂ ਪੱਲਾ ਤੇਰਾ ਨਹੀਂਓਂ ਛੱਡਣਾ।

    2. ਦਾਨੀਏਲ ਨੂੰ ਜਦ ਸ਼ੇਰਾਂ ਅੱਗੇ ਸੁੱਟਿਆ,
    ਉਹਨਾਂ ਉਹਦੇ ਵੱਲ ਵੀ ਨਾ ਪਰ ਤੱਕਿਆ
    ਭੁੱਬਾਂ ਮਾਰ ਭਾਵੇਂ, ਸ਼ੇਰ ਆ ਜਾਵੇ,
    ਮੈਂ ਪੱਲਾ ਤੇਰਾ ਨਹੀਂਓਂ ਛੱਡਣਾ।

    3. ਗੱਲ ਸੁਣ ਲਵੋ ਰੱਬ ਦੇ ਪਿਆਰਿਓ,
    ਕਦੀ ਦੁੱਖਾਂ ਵਿੱਚ ਹਿੰਮਤ ਨਾ ਹਾਰਿਓ,
    ਆਉਂਦੀ ਮੌਤ ਭਾਵੇਂ ਮੈਨੂੰ ਆ ਜਾਵੇ,
    ਮੈਂ ਪੱਲਾ ਤੇਰਾ ਨਹੀਂਓਂ ਛੱਡਣਾ।

  • ---

    ਨਾਮ ਤੇਰਾ ਉੱਚੀਆਂ ਸ਼ਾਨਾਂ ਵਾਲਾ, ਦੁਖੀਆਂ ਤੇ ਬਿਮਾਰਾਂ ਨੂੰ,
    ਸਹਾਰਾ ਦੇਣ ਵਾਲਾ ਏ।

    1. ਭੁੱਲੇ ਅਤੇ ਭਟਕੇ ਲੋਕੀ, ਆਉਂਦੇ ਨੇ ਦੁਆਰ ਤੇਰੇ,
    ਤਰ ਜਾਂਦੇ ਪਲਾਂ ਵਿੱਚ, ਰੱਖਦੇ ਇਮਾਨ ਜਿਹੜੇ,
    ਪਾਕ ਦਰਬਾਰ ਤੇਰਾ, ਸੁੱਖਾਂ ਦਾ ਭੰਡਾਰਾ ਏ।

    2. ਅੰਨ੍ਹੇ ਬੋਲ਼ੇ, ਲੂਲ੍ਹੇ ਲੰਗੜੇ ਸ਼ਿਫ਼ਾ ਤੇਥੋਂ ਪਾਂਵਦੇ,
    ਸਦੀਆਂ ਦੇ ਪਿਆਸੇ ਆ ਕੇ ਪਿਆਸ ਬੁਝਾਂਵਦੇ,
    ਗ਼ਮਾਂ ਨਾਲ ਸੜਦੇ ਸੀਨੇ, ਠਾਰਨ ਵਾਲਾ ਏ।

    3. ਜੱਗ ਦੇ ਸਤਾਏ ਲੋਕੀ ਕੋਲ ਤੇਰੇ ਆਂਵਦੇ,
    ਖਾਲੀ ਝੋਲੀ ਦਰ ਤੇਰੇ ਤੋਂ ਭਰ-ਭਰ ਜਾਂਵਦੇ,
    ਡੁੱਬਿਆਂ ਦੇ ਬੇੜਿਆਂ ਨੂੰ, ਤਾਰਨ ਵਾਲਾ ਏ।

  • ---

    ਰੱਬ ਦੀ ਰਜ਼ਾ ਵਿੱਚ ਰਹਿ ਦਿਲਾ ਮੇਰਿਆ,
    ਸਿਫ਼ਤਾਂ ਦੇ ਗੁਣ ਉਹਦੇ ਗਾ ਦਿਲਾ ਮੇਰਿਆ।

    1. ਉਤਾਵਾਂ ਤੇ ਚੜ੍ਹਾਵਾਂ ਜ਼ਿੰਦਗੀ ’ਚ ਆਉਂਦੇ ਰਹਿਣਾ ਏ,
    ਮੰਜ਼ਿਲ ਨੂੰ ਪਾਉਣ ਲਈ ਦੁੱਖ ਪੈਂਦਾ ਸਹਿਣਾ ਏ,
    ਰੱਖ ਵੱਡਾ ਹੌਸਲਾ ਜੇ ਦੁੱਖਾਂ ਨੇ ਹੈ ਘੇਰਿਆ।

    2. ਪਲ-ਪਲ ਜੱਪ ਨਾਮ ਮੂੰਹੋਂ ਸੱਚੇ ਰੱਬ ਦਾ,
    ਮੁਸੀਬਤਾਂ ਦੀ ਘੜੀ ਉਹ ਭਲਾ ਕਰੇ ਸਭ ਦਾ,
    ਧਨ ਕਮਾਉਣ ਦਾ ਕਿਉਂ, ਕੰਮ ਤੂੰ ਸਹੇੜਿਆ।

    3. ਸੰਤਾਂ ਤੇ ਪਾਕ ਲੋਕਾਂ ਦੀਆਂ ਮੰਗ ਕੇ ਸਿਫ਼ਾਰਿਸ਼ਾਂ,
    ਮੰਗ ਮਾਫ਼ੀ ਪਾਪਾਂ ਦੀ ਤੂੰ ਕਰਕੇ ਗੁਜ਼ਾਰਿਸ਼ਾਂ,
    ਸੱਚੇ ਰੱਬ ਨਾਲੋਂ ਕਿਉਂ ਨਾਤਾ ਤੂੰ ਨਿਖੇੜਿਆ।

  • ---

    ਉਦੋਂ ਨੱਚਣਾ ਕਮਾਲ ਹੋਵੇਗਾ,
    ਜਦੋਂ ਯਿਸੂ ਦਾ ਜਲਾਲ ਹੋਵੇਗਾ।

    1. ਗੀਤ ਖ਼ੁਸ਼ੀਆਂ ਦੇ ਸਦਾ, ਉੱਥੇ ਗਾਉਂਦੇ ਰਹਾਂਗੇ,
    ਰੂਹ ਦੀ ਮੈਅ ਪੀ ਕੇ, ਲੁੱਡੀਆਂ ਧਮਾਲਾਂ ਪਾਵਾਂਗੇ,
    ਫਿਰ ਸਾਜ਼ਾਂ ਵਿੱਚ ਉਹਦਾ, ਸੁਰ-ਤਾਲ ਹੋਵੇਗਾ।

    2. ਫਿਰ ਸੋਨੇ ਦੀਆਂ ਸੜਕਾਂ ’ਤੇ ਅਸੀਂ ਫਿਰਾਂਗੇ,
    ਦਿਲ ਯਿਸੂ ਦੇ ਪਿਆਰ ਨਾਲ, ਅਸੀਂ ਭਰਾਂਗੇ,
    ਰੂਹ-ਏ-ਪਾਕ ਸਦਾ ਉੱਥੇ, ਸਾਡੇ ਨਾਲ ਹੋਵੇਗਾ।

    3. ਉੱਥੇ ਜਾਣਾ ਉਹਨਾਂ ਜਿਹੜੇ ਰੂਹ ਦੇ ਨਾਲ ਭਰਦੇ,
    ਰੂਹ ਦੇ ਮੱਸਾਹ ਨਾਲ ਅਮਲਾਂ ਨੂੰ ਚੰਗਾ ਕਰਦੇ,
    ਕਰ ਤੌਬਾ ਤੇਰਾ ਅਬਦੀ, ਮੁਕਾਮ ਹੋਵੇਗਾ।

  • ---

    ਵੰਡਦਾ ਸ਼ਿਫ਼ਾਵਾਂ ਸੋਹਣਾ ਯਿਸੂ ਨਾਸਰੀ,
    ਯਿਸੂ ਵਾਲੇ ਰੋਗੀ ਨਹੀਂ ਰਹਿੰਦੇ,
    ਤੇ ਤੈਨੂੰ ਕਿਹੜੇ ਰੋਗ ਲੱਗ ਗਏ,
    ਸੁੱਖ ਉਹਨਾਂ ਦੀਆਂ ਝੋਲੀਆਂ ’ਚ ਪੈਂਦੇ,
    ਤੇ ਤੈਨੂੰ ਕਿਹੜੇ ਰੋਗ ਲੱਗ ਗਏ।

    1. ਅੰਨ੍ਹਿਆਂ ਤੇ ਕੋੜ੍ਹੀਆਂ ਨੂੰ ਦੇਂਦਾ ਏ ਸ਼ਿਫ਼ਾਵਾਂ ਉਹ,
    ਦੁਖੀਆ ਦੇ ਦਿਲਾਂ ਦੀਆਂ,
    ਸੁਣਦਾ ਏ ਹਾਵਾਂ ਉਹ,
    ਉਹ ਉਠਾਂਦਾ ਜੋ ਜ਼ਿੰਦਗੀ ’ਚ ਢਹਿੰਦੇ।

    2. ਜਨਮਾਂ ਦੇ ਰੋਗੀਆਂ ਨੂੰ, ਚੰਗਾ ਯਿਸੂ ਕਰਦਾ,
    ਯਿਸੂ ’ਤੇ ਇਮਾਨ ਜਿਹਦਾ,
    ਉਹ ਕਦੇ ਨਹੀਂ ਹਰਦਾ,
    ਫਤਹਿ ਪਾਂਦੇ, ਜੋ ਨਾਂ ਉਹਦਾ ਲੈਂਦੇ।

    3. ਉਹਨਾਂ ਨੂੰ ਬਿਮਾਰੀਆਂ ਤੋਂ, ਰਿਹਾਈ ਮਿਲ ਜਾਂਦੀ ਏ,
    ਸ਼ਾਫ਼ੀ ਹਰ ਦੁੱਖ ਦੀ,
    ਦਵਾਈ ਮਿਲ ਜਾਂਦੀ ਏ,
    ਮੇਰੇ ਯਿਸੂ ਦੇ ਜੋ ਕਦਮਾਂ ’ਚ ਬਹਿੰਦੇ।

  • ---

    ਕਾਫ਼ੀ ਏ, ਕਾਫ਼ੀ ਏ, ਕਾਫ਼ੀ ਏ,
    ਮੈਨੂੰ ਤੇਰਾ ਫ਼ਜ਼ਲ ਹੀ ਕਾਫ਼ੀ ਏ,
    ਸ਼ਾਫ਼ੀ ਏ, ਸ਼ਾਫ਼ੀ ਏ, ਸ਼ਾਫ਼ੀ ਏ,
    ਯਿਸੂ ਜਿਹਾ ਨਾ ਕੋਈ ਸ਼ਾਫ਼ੀ ਏ,
    ਹਾਲੇਲੂਯਾਹ, ਹਾਲੇਲੂਯਾਹ, ਹਾਲੇਲੂਯਾਹ,
    ਹਾਲੇਲੂਯਾਹ, ਹਾਲੇਲੂਯਾਹ।

    1. ਉਹਨੇ ਮੁੱਲ ਮੇਰੀ ਜ਼ਿੰਦਗੀ ਦਾ ਤਾਰ ਦਿੱਤਾ ਏ,
    ਉਹਨੇ ਦੁਨੀਆ ਤੋਂ ਵੱਧ ਮੈਨੂੰ ਪਿਆਰ ਦਿੱਤਾ ਏ,
    ਹਾਂ ਪਿਆਰ ਦਿੱਤਾ ਏ, ਕਾਫ਼ੀ ਏ,
    ਕਾਫ਼ੀ ਏ, ਕਾਫ਼ੀ ਏ,
    ਉਹਦਾ ਪਿਆਰ ਹਕੀਕੀ ਕਾਫ਼ੀ ਏ,
    ਸ਼ਾਫ਼ੀ ਏ, ਸ਼ਾਫ਼ੀ ਏ, ਸ਼ਾਫ਼ੀ ਏ,
    ਯਿਸੂ ਜਿਹਾ ਨਾ ਕੋਈ ਸ਼ਾਫ਼ੀ ਏ।
    ਹਾਲੇਲੂਯਾਹ, ਹਾਲੇਲੂਯਾਹ, ਹਾਲੇਲੂਯਾਹ।

    2. ਉਹਦੇ ਕਦਮਾਂ ’ਚ ਸੁੱਖ ਤੇ ਆਰਾਮ ਲੱਭਦਾ,
    ਤੌਬਾ ਕਰੀਏ ਤੇ ਰੂਹ ਦਾ ਇਨਾਮ ਲੱਭਦਾ,
    ਇਨਾਮ ਲੱਭਦਾ, ਮਾਫ਼ੀ ਏ,
    ਮਾਫ਼ੀ ਏ, ਮਾਫ਼ੀ ਏ,
    ਉਹਦੇ ਕੋਲੋਂ ਮਿਲਦੀ ਮਾਫ਼ੀ ਏ,
    ਸ਼ਾਫ਼ੀ ਏ, ਸ਼ਾਫ਼ੀ ਏ, ਸ਼ਾਫ਼ੀ ਏ,
    ਯਿਸੂ ਜਿਹਾ ਨਾ ਕੋਈ ਸ਼ਾਫ਼ੀ ਏ,
    ਹਾਲੇਲੂਯਾਹ, ਹਾਲੇਲੂਯਾਹ, ਹਾਲੇਲੂਯਾਹ।

    3. ਭਾਵੇਂ ਦੁਨੀਆ ਨੇ ਸਭ ਨਾਤੇ ਤੋੜ ਲਏ ਨੇ,
    ਅਸਾਂ ਯਿਸੂ ਨਾਲ ਰਿਸ਼ਤੇ ਜੋੜ ਲਏ ਨੇ,
    ਹਾਂ ਜੋੜ ਲਏ ਨੇ, ਕਾਫ਼ੀ ਏ,
    ਕਾਫ਼ੀ ਏ, ਕਾਫ਼ੀ ਏ,
    ਉਹਦੇ ਨਾਲ ਤਸੱਲੀ ਕਾਫ਼ੀ ਏ,
    ਸ਼ਾਫ਼ੀ ਏ, ਸ਼ਾਫ਼ੀ ਏ, ਸ਼ਾਫ਼ੀ ਏ,
    ਯਿਸੂ ਜਿਹਾ ਨਾ ਕੋਈ ਸ਼ਾਫ਼ੀ ਏ,
    ਹਾਲੇਲੂਯਾਹ, ਹਾਲੇਲੂਯਾਹ, ਹਾਲੇਲੂਯਾਹ।

  • ---

    ਆਪਣੇ ਪਾਕ ਲਹੂ ਨਾਲ ਯਿਸੂ,
    ਤਨ-ਮਨ ਰੰਗਦੇ ਮੇਰਾ,
    ਮੇਰਿਆਂ ਬੁੱਲ੍ਹਾਂ ਉੱਤੇ ਯਿਸੂ,
    ਨਾਮ ਰਹੇ ਨਿੱਤ ਤੇਰਾ|

    1. ਐਸੀ ਜੋਤੀ ਜਗਾਏ ਦਿਲ ਵਿੱਚ,
    ਮੁੱਕ ਜਾਣ ਕਾਲੀਆਂ ਰਾਤਾਂ,
    ਲੱਗ ਜਾਵੇ ਨਾ ਠੇਡਾ ਕਿਤੇ,
    ਕਰਦੇ ਸਿੱਧੀਆਂ ਵਾਟਾਂ,
    ਚਾਨਣ ਚਮਕੇ ਚਾਰ ਚੁਫ਼ੇਰੇ,
    ਕਰਦੇ ਦੂਰ ਹਨ੍ਹੇਰਾ|

    2. ਕਿਰਮਚ ਵਰਗੇ ਪਾਪ ਜੋ ਮੇਰੇ,
    ਕਰਦੇ ਮਾਫ਼ ਖ਼ੁਦਾਇਆ,
    ਦਾਗ ਬਦੀ ਦੇ ਧੋ ਕੇ ਸਾਰੇ,
    ਕਰਦੇ ਮਾਫ਼ ਖ਼ੁਦਾਇਆ,
    ਵੇਖ ਲੈ ਮੇਰੇ ਹੰਝੂ ਰੱਬਾ,
    ਦੁੱਖਾਂ ਪਾਇਆ ਘੇਰਾ|

  • ---

    ਸਵਰਗ ਦੀ ਕੁੰਜੀ ਜਿਹਦੇ ਕੋਲ ਫੜ੍ਹੀ ਰਹਿੰਦੀ ਏ,
    ਦੂਤਾਂ ਵਾਲੀ ਫੌਜ ਉਹਦੇ ਕੋਲ ਖੜ੍ਹੀ ਰਹਿੰਦੀ ਏ।

    1. ਯਿਸੂ ਦਿੰਦਾ ਹੈ ਰਿਹਾਈ,
    ਯਿਸੂ ਦਿੰਦਾ ਹੈ ਚੰਗਾਈ,
    ਬਾਰ੍ਹਾਂ ਸਾਲਾਂ ਦੀ ਇਹ ਰੋਗਣ
    ਦਿੰਦੀ ਏ ਗਵਾਹੀ,
    ਕਹਿੰਦੀ ਦੂਰ ਕਰ ਦਿੰਦਾ
    ਪਲਾਂ ’ਚ ਬਿਮਾਰੀਆਂ,
    ਬਖ਼ਸ਼ੀਆਂ ਪਿਤਾ ਨੇ ਜਿਹਨੂੰ ਸਰਦਾਰੀਆਂ।

    2. ਨੈਣ ਅੰਨ੍ਹਿਆਂ ਨੂੰ ਦੇਵੇ
    ਚੈਨ ਦੁਖੀਆਂ ਨੂੰ ਦੇਵੇ,
    ਦਿਲਾਂ ਦੀਆਂ ਬੁੱਝ ਲੈਂਦਾ
    ਮੂੰਹੋਂ ਕਹਿਣ ਵੀ ਨਾ ਦੇਵੇ,
    ਦੁਨੀਆ ਨੂੰ ਛੱਡ ਲਾ ਲਓ
    ਯਿਸੂ ਨਾਲ ਯਾਰੀਆਂ,
    ਜੱਗ ਵਿੱਚ ਯਿਸੂ ਦੀਆਂ
    ਸਿਫ਼ਤਾਂ ਨੇ ਪਿਆਰੀਆਂ।

    3. ਯਿਸੂ ਸਭ ਦਾ ਸਹਾਰਾ
    ਯਿਸੂ ਸਭ ਨੂੰ ਹੈ ਪਿਆਰਾ,
    ਯਿਸੂ ਆਪਣਾ ਬਣਾਵੇ,
    ਸਾਥੋਂ ਦੂਰ ਵੀ ਨਾ ਜਾਵੇ,
    ਪਿਆਰ ਕਰ ਯਿਸੂ ਨੂੰ
    ਤੂੰ ਉਹਨੂੰ ਕਾਹਨੂੰ ਭੁੱਲਿਆ,
    ਉਹੀ ਸਭ ਕੁਝ ਦੇਵੇ
    ਉਸ ਤੋਂ ਜੋ ਤੂੰ ਮੰਗਿਆ।

  • ---

    ਤੁਸੀਂ ਬਣ ਜਾਓ ਅੰਗੂਰ ਦੀਆਂ ਟਾਹਣੀਆਂ,
    ਯਿਸੂ ਵੇਲ ਹੈ ਅੰਗੂਰ ਦੀ।

    1. ਜਿਹੜੀ ਟਾਹਣੀ ਉਹਦੇ ਹੁਕਮਾਂ ਨੂੰ ਮੰਨਦੀ,
    ਹਰੀ ਭਰੀ ਰਹਿੰਦੀ ਵਧਦੀ ਤੇ ਫਲ਼ਦੀ,
    ਉਹਨੂੰ ਕਦੇ ਵੀ ਮੁਸੀਬਤਾਂ ਨਾ ਪੈਣੀਆਂ।

    2. ਜੱਗ ਤਾਂ ਤੁਹਾਡੇ ਨਾਲ ਰੱਖੂ ਸਦਾ ਵੈਰ ਜੀ,
    ਇੱਕ ਦਿਨ ਪੈਣਾ ਇਸ ਦੁਨੀਆ ’ਤੇ ਕਹਿਰ ਜੀ,
    ਨਾ ਹੀ ਉੱਚੀਆਂ ਇਮਾਰਤਾਂ ਇਹ ਰਹਿਣੀਆਂ।

    3. ਇੱਕ ਦਿਨ ਯਿਸੂ ਰਾਜਾ ਬੱਦਲਾਂ ’ਤੇ ਆਵੇਗਾ,
    ਸਾਨੂੰ ਸਾਰਿਆਂ ਨੂੰ ਨਾਲ ਲੈ ਕੇ ਜਾਵੇਗਾ,
    ਇਹੋ ਯਿਸੂ ਦੀਆਂ ਸੱਚੀਆਂ ਨੇ ਬਾਣੀਆਂ।

  • ---

    ਬਿਨਾਂ ਯਿਸੂ ਨਹੀਂਓਂ ਮਿਲਦੀ ਸ਼ਿਫ਼ਾ,
    ਨਾ ਜਗ੍ਹਾ ਜਗ੍ਹਾ ਫਿਰ ਮੂਰਖਾ,
    ਉਹਦੇ ਕੋਲ ਹਰ ਗ਼ਮ ਦੀ ਦਵਾ,
    ਨਾ ਜਗ੍ਹਾ ਜਗ੍ਹਾ ਫਿਰ ਮੂਰਖਾ।

    1. ਉਹਦੇ ਨਾਂ ’ਤੇ ਲੰਗੜੇ ਤੇ ਲੂਲ੍ਹੇ ਉੱਠ ਜਾਂਦੇ ਨੇ,
    ਅੰਨ੍ਹੇ ਉਹਦੇ ਕੋਲ ਆ ਕੇ ਅੱਖੀਆਂ ਵੀ ਪਾਉਂਦੇ ਨੇ,
    ਉਹ ਤੇ ਮੁਰਦੇ ਵੀ ਦਿੰਦਾ ਏ ਜਗਾ,
    ਨਾ ਜਗ੍ਹਾ ਜਗ੍ਹਾ ਫਿਰ ਮੂਰਖਾ।

    2. ਸੋਹਣਾ ਯਿਸੂ ਪਾਪੀਆਂ ਦੇ ਲੇਖਾਂ ਨੂੰ ਸਵਾਰਦਾ
    ਡੁੱਬੀ ਹੋਈ ਬੇੜੀ ਨੂੰ ਆਪੇ ਉਹ ਤਾਰਦਾ,
    ਛੱਡ ਦੁਨੀਆ ਨੂੰ ਯਿਸੂ ਕੋਲ ਆ,
    ਨਾ ਜਗ੍ਹਾ ਜਗ੍ਹਾ ਫਿਰ ਮੂਰਖਾ।

    3. ਜ਼ਿੰਦਗੀ ਦੀ ਪੀੜ ਨੂੰ ਉਹ ਨਬਜ਼ਾਂ ਤੋਂ ਫੜ੍ਹਦਾ,
    ਇੱਕੋ ਹੀ ਖੁਰਾਕ ਵਿੱਚ ਚੰਗਿਆਂ ਉਹ ਕਰਦਾ,
    ਇਸ ਗੱਲ ਦਾ ਹਾਂ ਸਾਕੀ ਮੈਂ ਗਵਾਹ,
    ਨਾ ਜਗ੍ਹਾ ਜਗ੍ਹਾ ਫਿਰ ਮੂਰਖਾ।

  • ---

    ਦਿਲ ਦੇ ਬਗ਼ੀਚੇ ਵਿੱਚ ਆ ਜਾ,
    ਮੇਰੇ ਦਿਲ ਦਿਆ ਜਾਨੀਆ,
    ਯਿਸੂ ਜਾਨੀਆ, ਮੇਰੇ ਦਿਲ ਦਿਆ ਜਾਨੀਆ।

    1. ਦਿਲ ਦੀ ਜ਼ਮੀਨ ਉੱਤੇ ਹਲ ਰੂਹ ਦਾ ਚਲਾ ਦੇ,
    ਆਪਣੇ ਕਲਾਮ ਦਾ ਬੀਜ ਉਗਾ ਦੇ,
    ਉੱਜੜਿਆ ਬਾਗ਼ ਸਜਾ ਜਾ,
    ਮੇਰੇ ਦਿਲ ਦਿਆ ਜਾਨੀਆ।

    2. ਗੋਡੀ ਕਰ ਨਾਲੇ ਛਾਂਟ ਤੂੰ ਮੈਨੂੰ,
    ਭੈੜਿਆਂ ਕੰਮਾਂ ਤੋਂ ਡਾਂਟ ਤੂੰ ਮੈਨੂੰ,
    ਰੂਹ ਦਾ ਜਾਮ ਪਿਲਾ ਜਾ,
    ਮੇਰੇ ਦਿਲ ਦਿਆ ਜਾਨੀਆ।

    3. ਮੇਰੇ ਦਿਲ ਦੀਆਂ ਤੂੰਹੀਓਂ ਜਾਣੇ,
    ਪੁੱਟ ਲੈ ਦਿਲ ਵਿੱਚੋਂ ਕੜਵੇ ਦਾਣੇ,
    ਬੰਜਰਪਣ ਤੂੰ ਮਿਟਾ ਜਾ,
    ਮੇਰੇ ਦਿਲ ਦਿਆ ਜਾਨੀਆ।

  • ---

    ਜੀਵਨ ਮਿਲਿਆ-ਮਿਲਿਆ,
    ਆਸ਼ੀਸ਼ ਠਹਿਰੀ-ਠਹਿਰੀ,
    ਬਰਕਤ ਆਈ-ਆਈ, ਐ ਖ਼ੁਦਾ।
    ਬੰਧਨ ਟੁੱਟ ਗਏ-ਟੁੱਟ ਗਏ,
    ਗ਼ਮ ਵੀ ਮੁੱਕ ਗਏ-ਮੁੁੱਕ ਗਏ,
    ਅਥਰੂ ਸੁੱਕ ਗਏ-ਸੁੱਕ ਗਏ, ਐ ਖ਼ੁਦਾ।

    1. ਮੇਰੀ ਢਾਲ ਉਹ ਬਣ ਜਾਂਦਾ,
    ਖਿਆਲ ਰੱਖਦਾ ਹਰ ਪੱਲ ਦਾ,
    ਮੇਰੇ ਦੁੱਖ-ਸੁੱਖ ਦਾ ਸਾਂਝੀ,
    ਮੇਰੇ ਨਾਲ-ਨਾਲ ਚੱਲਦਾ,
    ਨਾ ਮੈਂ ਅੱਕਣਾ-ਅੱਕਣਾ,
    ਨਾ ਮੈਂ ਥੱਕਣਾ-ਥੱਕਣਾ,
    ਕਰਾਂਗਾ ਮਹਿਮਾ-ਮਹਿਮਾ, ਐ ਖ਼ੁਦਾ।

    2. ਇਮਾਨ ਜੋ ਮੈਂ ਕਰਿਆ,
    ਪੱਲਾ ਯਿਸੂ ਦਾ ਫੜ੍ਹਿਆ,
    ਓਹਨੇ ਤਰਸ ਮੇਰੇ ’ਤੇ ਖਾ,
    ਮੈਨੂੰ ਚੰਗਾ ਵੀ ਕਰਿਆ,
    ਸਾਹ ਮੇਰੇ ਚੜ੍ਹ ਗਏ-ਚੜ੍ਹ ਗਏ,
    ਡੁੱਬੇ ਵੀ ਤਰ ਗਏ-ਤਰ ਗਏ,
    ਦੁਸ਼ਮਣ ਹਰ ਗਏ-ਹਰ ਗਏ, ਐ ਖ਼ੁਦਾ।

    3. ਯਿਸੂ ਜੀਵਨ ਦਾ ਦਰਿਆ,
    ਵਿੱਚ ਚਾਹੁੰਦਾ ਹਾਂ ਤੈਰਨਾ,
    ਮੇਰੇ ਜਿਹੇ ਪਾਪੀ ਦਾ ਹੱਥ ਯਿਸੂ ਨੇ ਫੜ੍ਹਨਾ,
    ਨਾ ਕੋਈ ਲੱਭਿਆ-ਲੱਭਿਆ, ਨਾ ਕੋਈ ਹੋਣਾ-ਹੋਣਾ,
    ਤੇਰੇ ਜਿਹਾ ਸੋਹਣਾ-ਸੋਹਣਾ, ਐ ਖ਼ੁਦਾ।

  • ---

    ਯਿਸੂ ਕਿਰਪਾ ਕੀਤੀ ਸੀ ਤੂੰ, ਤਾਇਓਂ ਦਰ ’ਤੇ ਆ ਗਿਆ
    ਘਿਰਿਆ ਪਾਪਾਂ ਨਾਲ ਮੈਂ ਸਾਂ, ਯਿਸੂ ਤੂੰ ਬਚਾ ਲਿਆ।

    1. ਕਈ ਵਾਰ ਸੋਚਿਆ ਮੈਂ, ਕਿੰਨਾ ਤੂੰ ਮਹਾਨ,
    ਖਾ ਕੇ ਮੇਰੇ ਲਈ ਮਾਰ, ਹੋਇਆ ਤੂੰ ਕੁਰਬਾਨ,
    ਤੇਰੀ ਕੁਰਬਾਨੀ ਤੋਂ, ਮੈਂ ਨਿਹਾਲ ਹੋ ਗਿਆ।

    2. ਜਦੋਂ ਮੈਨੂੰ ਛੱਡ ਗਏ, ਆਪਣੇ ਹੀ ਸਾਰੇ,
    ਰਹਿ ਗਿਆ ਸੀ ਇਕੱਲਾ, ਤੇਰੇ ਹੀ ਸਹਾਰੇ,
    ਖਾ ਕੇ ਤਰਸ ਮੇਰੇ ’ਤੇ, ਤੂੰ ਸੀਨੇ ਲਾ ਲਿਆ।

    3. ਜੋ ਵੀ ਵਿਸ਼ਵਾਸ ਨਾਲ, ਦਰ ਤੇਰੇ ਆਇਆ,
    ਬਿਨ ਮੰਗਿਆਂ ਓਹਨੇ, ਤੇਰੇ ਕੋਲੋਂ ਪਾਇਆ,
    ਮੇਰੇ ਜਿਹੇ ਪਾਪੀ ਦਾ ਵੀ, ਜੀਵਨ ਸਵਾਰਿਆ।