ਧੰਨਵਾਦ | Thanksgiving
ਇਹ ਭਜਨ ਮਾਲਾ ਦਾ ਛੇਵਾਂ ਹਿੱਸਾ ਹੈ। ਇਸ ਵਿੱਚ ਖ਼ੁਦਾ ਪ੍ਰਤੀ ਸ਼ੁਕਰਗੁਜ਼ਾਰੀ ਕਰਨ ਲਈ ਵਰਤੇ ਜਾਣ ਵਾਲੇ ਭਜਨਾਂ ਨੂੰ ਜੋੜਿਆ ਗਿਆ ਹੈ।
-
ਰੱਬ ਦੀ ਹੋਵੇ ਸਨਾ ਹਮੇਸ਼ਾ,
ਰੱਬ ਦੀ ਹੋਵੇ ਸਨਾ।1. ਰੱਬ ਦੀ ਹੋਵੇ ਸਦਾ ਵਡਿਆਈ,
ਉਸ ਦੇ ਨਾਮ ਦੀ ਸਨਾ।2. ਰੱਬ ਦੇ ਘਰ ਵਿੱਚ ਹੋਵੇ ਸਿਤਾਇਸ਼,
ਉਸ ਦੇ ਨਾਮ ਦੀ ਸਨਾ।3. ਕੰਮਾਂ ਵਿੱਚ ਹੈ ਓ ਕਿੰਨਾ ਮਾਹਿਰ,
ਉਸਦੀ ਕੁਦਰਤ ਦਿਖਾ।4. ਜੈ ਦੇ ਜ਼ੋਰ ਨਾਲ ਫੂੰਕੋ ਨਰਸਿੰਗ੍ਹੇ,
ਬਰਬਤ ਬੀਨ ਵਜਾ।5. ਤਾਰਦਾਰ ਸਾਜ਼ ’ਤੇ ਰਾਗਨੀ ਛੇੜੋ,
ਡਫ ਤੇ ਤਬਲਾ ਵਜਾ।6. ਬੰਸਰੀ ’ਤੇ ਸੁਣਾ, ਸੁਰ ਸੁਰੀਲੇ,
ਝਨ–ਝਨ ਛੈਣੇ ਵਜਾ।7. ਸਾਰੇ ਮਿਲਕੇ ਤਾਲੀ ਵਜਾਓ,
ਗਾਓ ਰੱਬ ਦੀ ਸਨਾ। -
ਗਾਵਾਂ ਤੇਰੀ ਹਰਦਮ ਸਨਾ,
ਤੂੰ ਹੀ ਏਂ ਮੇਰੀ ਪਨਾਹ ਦੀ ਥਾਂ,
ਤੂੰ ਹੀ ਏਂ ਮੇਰੀ ਪਨਾਹ ਦੀ ਥਾਂ।1. ਜਦ ਮੈਂ ਗਾਵਾਂ ਮਹਿਮਾ ਤੇਰੀ,
ਰੂਹ ਖ਼ੁਸ਼ੀ ਨਾਲ ਨੱਚਦੀ ਏ,
ਤੇਰੇ ਅਚਰਜ ਕੰਮਾਂ ਦਾ,
ਹਾਲ ਹੋਰਾਂ ਨੂੰ ਦੱਸਦੀ ਏ।2. ਤੇਰੇ ਬਿਨਾਂ ਕੌਣ ਦਿਲ ਦੀਆਂ ਜਾਣੇ,
ਤੂੰ ਹੀ ਮੇਰੇ ਦਿਲ ਦਾ ਜਾਨੀ ਏਂ,
ਤੇਰੇ ਕੋਲ ਗ਼ੁਨਾਹ ਦੀ ਮਾਫ਼ੀ,
ਨਾਲੇ ਜ਼ਿੰਦਗੀ ਦਾ ਪਾਣੀ ਏ।3. ਤੂੰ ਹੀ ਏਂ ਮੇਰਾ ਖ਼ਾਲਿਕ–ਮਾਲਿਕ,
ਤੂੰ ਹੀ ਏਂ ਮੇਰਾ ਸਿਰਜਣਹਾਰ,
ਵਾਲ ਮੇਰਾ ਨਾ ਵਿੰਗਾ ਹੋਵੇ,
ਰਾਖਾ ਮੇਰੇ ਹਰ ਪਲ ਦਾ।4. ਜਦ ਮੇਰਾ ਯਿਸੂ ਨਾਲ ਹੈ ਮੇਰੇ,
ਮੈਨੂੰ ਡਰ ਹੈ ਕਿਸ ਗੱਲ ਦਾ,
ਹਰ ਵੇਲੇ ਮੇਰੀ ਰੱਖਿਆ ਕਰਦਾ,
ਜ਼ਿੰਦਗੀ ਦੀ ਰਾਹ ਵੱਲ ਹੈ ਚੱਲਦਾ। -
ਜਦ ਅੰਬਰਾਂ ਦੇ ਵੱਲ ਤੱਕਦਾ ਹਾਂ
ਦਿਲ ਡਰਦਾ ਤੇ ਜਾਨ ਕੰਬਦੀ ਏ।1. ਮੇਰੀ ਸੂਲੀ ਵਾਲਿਆ ਬਾਂਹ ਫੜ੍ਹ ਲੈ,
ਮੇਰੀ ਜਾਨ ਗ਼ਮਾਂ ਨੇ ਘੇਰੀ ਏ,
ਕੋਈ ਹੋਰ ਨਾ ਦਿੱਸਦਾ ਤੇਰੇ ਬਿਨਾਂ,
ਬੱਸ ਨਜ਼ਰ ਤੈਨੂੰ ਹੀ ਤੱਕਦੀ ਏ।2. ਨਾ ਰੰਗ ਹੈ, ਨਾ ਢੰਗ ਕੋਈ,
ਕਰਾਂ ਗੱਲ ਕਿਹੜੇ ਪਿਆਰ ਦੀ ਮੈਂ,
ਚੰਗੀ ਗੱਲ ਕਰਾਂ ਤਾਂ ਚੰਗੀ ਲੱਗੇ,
ਗੱਲ ਮੂੰਹੋਂ ਮਸੀਹ ਦੀ ਫੱਬਦੀ ਏ।3. ਮੇਰੇ ਸਿਰ ’ਤੇ ਭਾਰ ਗੁਨਾਹਾਂ ਦਾ,
ਕਿੱਥੇ ਲੈ ਜਾਵਾਂ ਕਿੱਥੇ ਤੁਰ ਜਾਵਾਂ,
ਬੱਸ ਯਿਸੂ ਮੇਰਿਆ ਸੁਣ ਮੇਰੀ,
ਗੱਲ ਤੇਰੇ ਲੁਕੋਇਆ ਲੁਕਦੀ ਏ। -
1. ਸ਼ੁਕਰ ਤੇਰਾ ਅਸੀਂ ਕਰਦੇ ਯਾ ਰੱਬ,
ਗੀਤ ਸਦਾ ਹੀ ਗਾਉਂਦੇ ਹਾਂ,
ਖ਼ਾਲਿਕ ਤੇ ਮਾਲਿਕ ਤੂੰ ਸਭ ਦਾ,
ਜੈ–ਜੈ ਕਾਰ ਬੁਲਾਂਦੇ ਹਾਂ,
ਆਦਿ ਪਿਤਾ ਤੂੰ ਸਗਲ ਜਗਤ ਦਾ,
ਤੈਨੂੰ ਸਭ ਧਿਆਂਦੇ ਹਾਂ,
ਸਾਡੇ ਲਈ ਘੱਲਿਆ ਇਕਲੌਤਾ,
ਤੇਥੋਂ ਸਦਕੇ ਜਾਂਦੇ ਹਾਂ।2. ਪਾਕ ਫਰਿਸ਼ਤੇ ਸੁਰਗ ਦੇ ਵਾਸੀ,
ਲੱਖ–ਲੱਖ ਸੀਸ ਨਿਵਾਂਦੇ ਨੇ,
ਕੈਰੂਬੀਮ ਸੇਰਾਫ਼ੀਮ ਕੁੱਲ,
ਸੰਗੀਤ ਵਜਾਂਦੇ ਨੇ,
ਸੈਨਾਵਾਂ ਦੇ ਮਾਲਿਕ ਖ਼ੁਦਾ,
ਸ਼ਕਤੀਮਾਨ ਪ੍ਰਭੂ ਖ਼ੁਦਾ,
ਪਾਵਨ, ਪਾਵਨ ਕਹਿੰਦੇ ਕਹਿੰਦੇ,
ਇਹੋ ਹੀ ਰੱਟ ਲਗਾਂਦੇ ਨੇ।3. ਤੇਰੇ ਹੀ ਰਹਿਮ ਦੇ ਨਾਲ,
ਭਰੇ ਨੇ ਧਰਤੀ ਤੇ ਅਸਮਾਨ,
ਪਾਕ ਰਸੂਲ ਤੇ ਸੰਤ ਸਭ ਤੇਰੇ,
ਹੋਏ ਸ਼ਹੀਦ ਨੇ ਜੋ ਕੁਰਬਾਨ,
ਸਦਾ ਅਨੰਦ ਸੰਪੂਰਨ ਰਾਜਾ,
ਸਭੇ ਕਰਦੇ ਨੇ ਸਨਮਾਨ,
ਬੰਦਗੀ ਕਰਦੇ ਰਹਿਣ ਹਮੇਸ਼ਾ,
ਤੂੰ ਕਰ ਲੈਂਦਾ ਹੈਂ ਪਰਵਾਨ।4. ਅਸੀਮ ਤੇਰਾ ਪ੍ਰਤਾਪ ਖ਼ੁਦਾਇਆ,
ਤੂੰ ਹੈਂ ਸਾਡਾ ਬਾਪ ਖ਼ੁਦਾ,
ਇੱਕ ਅਕਾਲ ਪਹਿਲੌਠਾ ਬੇਟਾ,
ਰੂਹ ਪਾਕ ਹੈ ਰਹਿਨੁਮਾ,
ਇੱਜ਼ਤ ਦੇ ਸਭ ਹੱਕ ਤਿੰਨਾਂ ਨੂੰ,
ਹੁਣ ਤੇ ਸਦਾ ਤੋਂ ਸਦਾ,
ਪਾਵਨ ਹੈਂ ਤੂੰ ਪਾਕ ਜਲਾਲੀ,
ਧਰਤੀ ਵੀ ਗੁਣ ਗਾਉਂਦੀ।5. ਮਸੀਹਾ ਮਾਲਿਕ ਸਭ ਰਾਜਾਂ ਦਾ,
ਗੌਰਵ ਬਹੁਤ ਉਚੇਰਾ ਹੈ,
ਸ਼ਬਦ ਆਪ ਹੈ ਉਹ ਰੱਬ ਦਾ,
ਤੇਰੇ ਨਾਲ ਪਿਆਰ ਘਨ੍ਹੇੇਰਾ ਹੈ,
ਬੰਦਿਆਂ ਦੇ ਸਭ ਪਾਪ ਹਰਨ ਨੂੰ,
ਜੱਗ ਵਿੱਚ ਪਾਇਆ ਫੇਰਾ ਹੈ,
ਕੰਨਿਆ ਤੋਂ ਅਵਤਾਰ ਲੈ ਲਿਆ,
ਖੁਰਲੀ ਲਾਇਆ ਡੇਰਾ ਹੈ।6. ਪਾਈ ਫਤਹਿ ਤੂੰ ਮੌਤ ਦੇ ਉੱਤੇ,
ਖੋਲ੍ਹਿਆ ਸੁਰਗ ਦੁਆਰਾ ਹੈ,
ਤਾਹੀਓਂ ਆਦਮਜਾਤ ਦੇ ਅੰਦਰ,
ਤੇਰਾ ਨਾਮ ਪਿਆਰਾ ਹੈ,
ਬਾਪ ਦੇ ਸੱਜੇ ਬੈਠਾ ਸਵਰਗੀ,
ਪਾਲਕ ਸਭ ਸੰਸਾਰਾ ਹੈ,
ਨਿਆਂ ਹੋਵੇਗਾ ਵਕਤ ਆਖ਼ਰੀ,
ਆਉਣਾ ਤੇਰਾ ਦੁਬਾਰਾ ਹੈ।7. ਬਹੁਮੁੱਲੇ ਇਸ ਨਾਲ ਖੂਨ ਦੇ,
ਚੇਲੇ ਤੇਰੇ ਜੀਂਦੇ ਨੇ,
ਸਾਨੂੰ ਪਾਕ ਫ਼ਜ਼ਲ ਦੇ ਰੱਬਾ,
ਹੱਥ ਬੰਨ੍ਹ ਅਰਜ਼ ਕਰੀਂਦੇ ਨੇ,
ਮਿਲੀਏ ਸੰਗ ਪਿਆਰੇ ਭਾਈਆਂ,
ਜੋ ਵਿੱਚ ਸੁਰਗ ਵਸੀਂਦੇ ਨੇ,
ਭੁੱਖ ਤੇ ਪਿਆਸ ਜਿੱਥੇ ਨਾ ਕੋਈ,
ਰੱਜ–ਰੱਜ ਖਾਂਦੇ–ਪੀਂਦੇ ਨੇ।8. ਰੱਖ ਲੈ ਆਪਣੀ ਸ਼ਰਨ
ਅਸਾਂ ਨੂੰ ਬਰਸਾ ਨੂਰ ਚੁਫ਼ੇਰੇ,
ਰਾਹ ਦੱਸ ਦੇ ਅਸਾਂ ਲੋਕਾਂ ਨੂੰ,
ਜੋ ਭਟਕਣ ਵਿੱਚ ਹਨੇਰੇ,
ਆਪਣੇ ਬੰਦਿਆਂ ਨੂੰ ਬਲ ਬਖ਼ਸ਼ੋ,
ਵੱਧ ਜਾਣ ਹੋਰ ਅਗੇਰੇ,
ਗਾਈਏ ਸਨਾ ਤੇਰੇ ਨਾਮ ਦੀ,
ਹੋ ਹੋ ਹੋਰ ਉਚੇਰੇ।9. ਬਚਾ ਕੇ ਰੱਖ ਗੁਨਾਹੋਂ ਸਾਨੂੰ,
ਅੱਜ ਦੇ ਮੌਤ ਦੇ ਵੇਲੇ,
ਤੂੰ ਫਜ਼ਲਾਂ ਦਾ ਹੈਂ ਸਰ ਚਸ਼ਮਾ,
ਤੇਥੋਂ ਦੂਰ ਬਲਾਈਂ,
ਆਉਂਦੇ ਨਾਲ ਇਮਾਨ ਅਸੀਂ ਹਾਂ,
ਬਰਕਤ ਦੇ ਦੇ ਸਾਈਂ,
ਮੈਂ ਹੁਣ ਕਿਉਂ ਘਬਰਾਵਾਂ ਜਦ ਤੂੰ,
ਸੁਣ ਲਈ ਮੇਰੀ ਹਾਈਂ। -
ਆਓ ਸ਼ੁਕਰ ਖ਼ੁਦਾ ਦਾ ਕਰੀਏ,
ਇਹੋ ਰੱਬ ਦੀ ਮਰਜ਼ੀ ਏ,
ਉਹਦੇ ਨਾਂ ਨੂੰ ਉੱਚਾ ਕਰੀਏ,
ਇਹੋ ਰੱਬ ਦੀ ਮਰਜ਼ੀ ਏ।1. ਦੁਖੀਆਂ ਦੇ ਦੁੱਖਾਂ ਦਾ ਚਾਰਾ,
ਕਮਜ਼ੋਰਾਂ ਦਾ ਰਾਖਾ ਏ,
ਜਿਹੜੀ ਸਾਡੀ ਆਸ ਮਸੀਹਾ,
ਸਾਰੇ ਜੱਗ ਦੀ ਆਸ਼ਾ ਏ।
ਆਓ ਜ਼ਿਕਰ ਯਿਸੂ ਦਾ ਕਰੀਏ,
ਇਹੋ ਰੱਬ ਦੀ ਮਰਜ਼ੀ ਏ,
ਉਹਦੇ ਨਾਂ ਨੂੰ ਉੱਚਾ ਕਰੀਏ,
ਇਹੋ ਰੱਬ ਦੀ ਮਰਜ਼ੀ ਏ।2. ਸਾਡਾ ਰੱਬ ਪਤਾਲ਼ਾਂ ਵਿੱਚੋਂ,
ਸਾਨੂੰ ਕੱਢ ਲਿਆਇਆ ਏ,
ਪਾਪਾਂ ਵਿੱਚੋਂ ਕੱਢ ਕੇ ਸਾਨੂੰ,
ਆਪਣੇ ਨਾਲ ਬਿਠਾਇਆ ਏ।
ਉਹਦੇ ਪਿਆਰ ਦਾ ਚਰਚਾ ਕਰੀਏ,
ਇਹੋ ਰੱਬ ਦੀ ਮਰਜ਼ੀ ਏ,
ਉਹਦੇ ਨਾਂ ਨੂੰ ਉੱਚਾ ਕਰੀਏ,
ਇਹੋ ਰੱਬ ਦੀ ਮਰਜ਼ੀ ਏ।3. ਉਹਦੇ ਪਾਕ ਹਜ਼ੂਰੋਂ ਸਾਨੂੰ,
ਸੱਚੀਆਂ ਖ਼ੁਸ਼ੀਆਂ ਲੱਭੀਆਂ ਨੇ,
ਉਹਦੇ ਪਾਕ ਕਲਾਮ ਨੇ ਸਾਨੂੰ,
ਉੱਚੀਆਂ ਗੱਲਾਂ ਦੱਸੀਆਂ ਨੇ।
ਉਹਨੂੰ ਹਰ ਦਮ ਸਿਜਦਾ ਕਰੀਏ,
ਇਹੋ ਰੱਬ ਦੀ ਮਰਜ਼ੀ ਏ,
ਉਹਦੇ ਨਾਂ ਨੂੰ ਉੱਚਾ ਕਰੀਏ,
ਇਹੋ ਰੱਬ ਦੀ ਮਰਜ਼ੀ ਏ। -
ਯਿਸੂ ਜੀ ਦੀ ਰੌਸ਼ਨੀ ਫੈਲਾਈ ਜਾਓ ਜੀ,
ਸਾਰੇ ਜੱਗ ਵਿੱਚ ਧੂਮ ਮਚਾਈ ਜਾਓ ਜੀ।1. ਅੰਨ੍ਹੇ ਆਏ ਯਿਸੂ ਕੋਲੋਂ ਨੈਣ ਪਾ ਗਏ,
ਦੁਖੀ ਆਏ ਯਿਸੂ ਕੋਲੋਂ ਚੈਨ ਪਾ ਗਏ,
ਯਿਸੂ ਜੀ ਦਾ ਨੂਰ ਚਮਕਾਈ ਜਾਓ ਜੀ।2. ਬਾਰ੍ਹਾਂ–ਬਾਰ੍ਹਾਂ ਸਾਲ ਦੇ ਬਿਮਾਰ ਆਉਂਦੇ ਸੀ,
ਪੱਲਾ ਛੂਹ ਕੇ ਯਿਸੂ ਕੋਲੋਂ ਸ਼ਿਫ਼ਾ ਪਾਉਂਦੇ ਸੀ,
ਯਿਸੂ ਕੋਲੋਂ ਆ ਕੇ ਸ਼ਿਫ਼ਾ ਪਾਈ ਜਾਓ ਜੀ।3. ਚਾਰ–ਚਾਰ ਦਿਨਾਂ ਦੇ ਜਵਾਏ ਮੁਰਦੇ,
ਪਾਣੀ ਉੱਤੇ ਦੇਖੇ ਤੇਰੇ ਚੇਲੇ ਤੁਰਦੇ,
ਯਿਸੂ ਕੋਲੋਂ ਆ ਕੇ ਸ਼ਿਫ਼ਾ ਪਾਈ ਜਾਓ ਜੀ। -
ਧੰਨਵਾਦ ਦੀ ਭੇਟ ਚੜ੍ਹਾਈਏ,
ਸੱਚੇ ਰੱਬ ਦਾ ਸ਼ੁਕਰ ਮਨਾਈਏ,
ਧੰਨਵਾਦ, ਧੰਨਵਾਦ,
ਹਾਲੇਲੂਯਾਹ, ਹਾਲੇਲੂਯਾਹ।1. ਖ਼ੁਸ਼ੀ ਨਾਲ ਉਹਦਾ ਧੰਨਵਾਦ ਕਰ–ਕਰ ਕੇ,
ਲੈਣੀ ਬਰਕਤ ਝੋਲੀਆਂ ਭਰ–ਭਰ ਕੇ,
ਉਹਦੇ ਦਰ ਤੋਂ ਕਦੇ ਨਾ ਖ਼ਾਲੀ ਜਾਈਏ,
ਸੱਚੇ ਰੱਬ ਦਾ ਸ਼ੁਕਰ ਮਨਾਈਏ।2. ਦਿਨ ਅੱਜ ਦਾ ਉਸਨੇ ਵਿਖਾਇਆ ਹੈ,
ਉਹਨੇ ਅੱਜ ਤਕ ਸਾਨੂੰ ਬਚਾਇਆ ਹੈ,
ਉਹਦੀ ਬੰਦਗੀ ’ਚ ਚਾਅਵਾਂ ਨਾਲ ਜਾਈਏ,
ਸੱਚੇ ਰੱਬ ਦਾ ਸ਼ੁਕਰ ਮਨਾਈਏ।3. ਮੁੱਠੀ ਖੋਲ੍ਹ ਕੇ ਸਭ ਨੂੰ ਰਜਾਉਂਦਾ ਏ,
ਸੁੱਕੇ ਪੱਥਰਾਂ ਤੋਂ ਪਾਣੀ ਵੀ ਵਗਾਉਂਦਾ ਏ,
ਸੱਚੇ ਦਿਲ ਨਾਲ ਉਹਨੂੰ ਵਡਿਆਈਏ,
ਸੱਚੇ ਰੱਬ ਦਾ ਸ਼ੁਕਰ ਮਨਾਈਏ।4. ਮੱਤੀ ਚਾਰ ਦੀ ਸਤਾਰਾਂ ਵਿੱਚ ਇੰਝ ਲਿਖਿਆ,
ਕਰ ਲਓ ਤੌਬਾ ਤੇ ਯਿਸੂ ਕੋਲੋਂ ਪਾ ਲਓ ਸਿੱਖਿਆ,
ਉਹਦੇ ਨਾਮ ਵਿੱਚ ਵੱਧਦੇ ਹੀ ਜਾਈਏ,
ਸੱਚੇ ਰੱਬ ਦਾ ਸ਼ੁਕਰ ਮਨਾਈਏ। -
ਯਿਸੂ ਮਸੀਹ ਦਾ ਧੰਨਵਾਦ,
ਜਿਸਨੇ ਬਲ ਦਿੱਤਾ ਸਾਨੂੰ।1. ਪਾਪੀ ਸਾਂ ਮੈਂ ਨਾਦਾਨ ਸਾਂ,
ਪ੍ਰਭੂ ਨੇ ਮੇਰੇ ’ਤੇ ਰਹਿਮ ਕੀਤਾ,
ਆਓ ਰਲ ਉਸਦੀ ਵਡਿਆਈ ਕਰੀਏ,
ਆਓ ਰਲ ਉਹਦੀ ਸਤੁਤੀ ਗਾਈਏ।2. ਜ਼ਾਲਮ ਸਾਂ ਮੈਂ, ਗੁਨਾਹ ਦੇ ਵਿੱਚ ਸਾਂ,
ਮੇਰੇ ਪ੍ਰਭੂ ਮੇਰੇ ’ਤੇ ਚਾਨਣ ਕੀਤਾ,
ਆਓ ਰਲ ਉਹਦੀ ਵਡਿਆਈ ਕਰੀਏ,
ਆਓ ਰਲ ਉਹਦੀ ਸਤੁਤੀ ਗਾਈਏ।3. ਅੰਨ੍ਹਿਆਂ ਨੂੰ ਚੰਗਾ ਕੀਤਾ,
ਗੂੰਗਿਆਂ ਨੂੰ ਵੀ,
ਮੇਰੇ ਪ੍ਰਭੂ ਸਾਰਿਆਂ ਨੂੰ ਫ਼ਜ਼ਲ ਦਿੱਤਾ,
ਆਓ ਰਲ ਉਹਦੀ ਵਡਿਆਈ ਕਰੀਏ,
ਆਓ ਰਲ ਉਹਦੀ ਸਤੁਤੀ ਗਾਈਏ।4. ਭੁੱਲੇ ਅਤੇ ਭਟਕੇ ਹੋਏ,
ਉਸਦੇ ਦੁਆਰੇ ਜਾਓ,
ਜੋ ਹੈ ਸਦੀਪਕ ਜੀਵਨ ਦਿੰਦਾ,
ਆਓ ਰਲ ਉਹਦੀ ਵਡਿਆਈ ਕਰੀਏ,
ਆਓ ਰਲ ਉਹਦੀ ਸਤੁਤੀ ਗਾਈਏ। -
ਧੰਨਵਾਦ ਯਿਸੂ ਦਾ,
ਧੰਨਵਾਦ ਯਿਸੂ ਦਾ।1. ਯਿਸੂ ਸਾਡਾ ਮੁਕਤੀਦਾਤਾ
ਉਸਨੂੰ ਸਦਾ ਧਿਆਈਏ,
ਉਹਦੇ ਨਾਮ ਦੀ ਬੰਦਗੀ ਕਰੀਏ
ਨਾ ਉਸ ਤੋਂ ਸ਼ਰਮਾਈਏ।2. ਰੋਗੀਆਂ ਨੂੰ ਉਹ ਚੰਗਾ ਕਰਦੇ
ਮੁਰਦੇ ਕਈ ਜਿਵਾਏ,
ਪਾਪਾਂ ਦੇ ਵਿੱਚ ਜਕੜੇ ਯਿਸੂ ਜੀ
ਸਾਰੇ ਮੁਕਤ ਕਰਾਏ।3. ਯਿਸੂ ਬਿਨਾਂ ਨਾ ਮੁਕਤੀ ਮਿਲਦੀ
ਯਿਸੂ ਬਿਨਾਂ ਨਾ ਢੋਈ,
ਯਿਸੂ ਨਾਮ ਦੀ ਜੋ ਕਰਦਾ ਬੰਦਗੀ
ਬਚ ਜਾਵੇਗਾ ਸੋਈ। -
ਧੰਨਵਾਦ ਕਰਦੇ ਹਾਂ ਯਿਸੂ ਜੀ
ਤੇਰਾ ਧੰਨਵਾਦ ਕਰਦੇ ਹਾਂ,
ਮੌਤ ਸ਼ੈਤਾਨ ’ਤੇ ਫਤਹਿ ਪਾ ਲਈ,
ਤੇਰਾ ਜ਼ਿਕਰ ਕਰਦੇ ਹਾਂ।1. ਯਿਸੂ ਮਸੀਹ ਨੇ ਚੁਣ ਲਿਆ ਸਾਨੂੰ,
ਆਪਣੇ ਕੋਲ ਬੁਲਾਇਆ ਏ,
ਪਾਪਾਂ ਵਿੱਚ ਸੀ ਰੁੜ੍ਹਦੇ ਜਾਂਦੇ,
ਯਿਸੂ ਨੇ ਆਣ ਬਚਾਇਆ ਏ,
ਯਿਸੂ ਮਸੀਹ ਦਇਆ ਦਾ ਸਾਗਰ,
ਉਸ ਵਿੱਚ ਤਰਦੇ ਹਾਂ।2. ਹਨੇਰੇ ਵਿੱਚੋਂ ਕੱਢਦਾ ਸਾਨੂੰ,
ਚਾਨਣ ਵਿੱਚ ਲੈ ਆਇਆ ਏ,
ਹੁਣ ਸਾਡਾ ਜੀਵਨ ਵੀਰੋ,
ਖ਼ੁਸ਼ੀਆਂ ਨਾਲ ਭਰਦਾ ਜਾਂਦਾ ਏ,
ਯਿਸੂ ਮਸੀਹ ਦੇ ਪਾਕ ਰੂਹ
ਦੇ ਨਾਲ ਭਰਦੇ ਜਾਂਦੇ ਹਾਂ।3. ਮੁਕਤੀਦਾਤਾ ਯਿਸੂ ਮਸੀਹ ਹੈ,
ਉਸ ਤੋਂ ਬਿਨ ਨਾ ਹੋਰ ਕੋਈ,
ਉਹ ਸਾਡੀ ਜ਼ਿੰਦਗੀ ਵਿੱਚ ਆਇਆ,
ਹੁਣ ਨਾ ਸਾਨੂੰ ਥੋੜ੍ਹ ਕੋਈ,
ਯਿਸੂ ਮਸੀਹ ਦਇਆ ਦਾ ਸਾਗਰ,
ਉਸ ਵਿੱਚ ਤਰਦੇ ਹਾਂ। -
ਪਿਆਰੇ ਯਿਸੂ ਮੈਂ ਤੇਰੇ ਫ਼ਜ਼ਲ ਲਈ,
ਦਿਲ ਤੋਂ ਸ਼ੁਕਰਗੁਜ਼ਾਰ ਰਹਾਂ,
ਤੇਰਾ ਫ਼ਜ਼ਲ ਮੈਨੂੰ ਰੋਜ਼ ਚਲਾਵੇ,
ਸੁਬ੍ਹ–ਸ਼ਾਮ ਤੇਰਾ ਧੰਨਵਾਦ।1. ਪਿਆਰ ਤੇਰਾ ਬੜ੍ਹਾ ਹੀ ਨਿਆਰਾ ਏ,
ਰਹਿਮ ਕਰਕੇ ਮੈਨੂੰ ਤੂੰ ਬੁਲਾਇਆ ਏ,
ਦੇ ਕੇ ਸਵਰਗੀ ਨਿਹਮਤਾਂ ਤੂੰ ਦਿੱਤਾ ਹੈ ਆਨੰਦ,
ਆਦਰ ਦਾ ਸਿਰ ’ਤੇ ਮੁਕਟ ਪਹਿਨਾਇਆ।2. ਛੱਡ ਕੇ ਜਗਤ ਨੂੰ ਹਾਂ ਆਇਆ ਮੈਂ,
ਤੇਰੀ ਛਾਤੀ ਉੱਤੇ ਆਰਾਮ ਪਾਇਆ ਮੈਂ,
ਪਿੱਛੇ ਨਾ ਮੁੜਾਂ ਮੈਨੂੰ ਦੇਵੇ ਜੋ ਫ਼ਜ਼ਲ,
ਆਪਣਾ ਤੂੰ ਪਿਆਰ ਮੇਰੇ ਦਿਲ ਵਿੱਚ ਪਾਇਆ।3. ਸੌਂਪਦਾ ਹਾਂ ਮੈਂ ਆਪਣਾ ਰੂਹ ਜਿਸਮ ਜਾਨ,
ਪਵਿੱਤਰ ਬਣਾ ਤੇਰੀ ਸੇਵਾ ਮੈਂ ਕਰਾਂ,
ਮੇਰੇ ਵਿੱਚ ਪ੍ਰਭੂ ਤੂੰ ਹੀ ਦਿੱਸਦਾ ਰਹੇਂ,
ਜੱਗ ਵਿੱਚ ਮੈਨੂੰ ਤੂੰ ਜੋਤ ਬਣਾਇਆ। -
ਯਿਸੂ ਦੇ ਦਰ ’ਤੇ ਆ ਕੇ ਸੱਚੇ ਰਹਿਣਾ ਚਾਹੀਦਾ,
ਯਿਸੂ ਨਾਮ ਪਿਆਰਾ ਸਭ ਨੂੰ ਲੈਣਾ ਚਾਹੀਦਾ।1. ਯਿਸੂ ਦਰ ਆ ਕੇ ਭੁੱਲਾਂ ਨੂੰ ਬਖ਼ਸ਼ਾ ਲਈਏ,
ਨਿਹਚਾ ਕਰਕੇ ਸੱਚੇ ਰੱਬ ਦਾ ਸ਼ੁਕਰ ਗੁਜਾਰੀਏ,
ਸੁਬ੍ਹ–ਸ਼ਾਮ ਨੂੰ ਹਾਜ਼ਰੀ ਦੇ ਵਿੱਚ ਰਹਿਣਾ ਚਾਹੀਦਾ।2. ਜੋ ਯਿਸੂ ਦੇ ਕਹਿਣੇ ਉੱਤੇ ਸਦਾ ਚੱਲਣਗੇ,
ਸਵਰਗਾਂ ਦੇ ਵਿੱਚ ਜਾ ਕੇ ਉਹ ਘਰ ਆਪਣਾ ਮੱਲਣਗੇ,
ਹੱਲੇਲੂਈਆ ਹੀ ਹੱਲੇਲੂਈਆ ਹੀ ਕਹਿਣਾ ਚਾਹੀਦਾ।3. ਨਾਮ ਜੱਪ ਲਓ ਲੋਕੋ ਤੁਹਾਡੇ ਕੰਮ ਆਵੇਗਾ,
ਅੰਨ੍ਹੇ, ਲੂਲ੍ਹੇ, ਲੰਗੜਿਆਂ ਨੂੰ ਯਿਸੂ ਆਣ ਬਚਾਵੇਗਾ,
ਹੱਥ ਜੋੜ ਕੇ ਧੰਨਵਾਦ ਵੀ ਕਹਿਣਾ ਚਾਹੀਦਾ। -
ਯਿਸੂ ਤੇਰੇ ਕੰਮਾਂ ਨੂੰ
ਮੈਂ ਯਾਦ ਕਰਦਾ ਹਾਂ,
ਤਾਂਹੀਓਂ ਤੇਰਾ ਲੋਕਾਂ ਵਿੱਚ
ਧੰਨਵਾਦ ਕਰਦਾ ਹਾਂ।1. ਸਭ ਤੋਂ ਪਹਿਲਾਂ ਲੋਕੀ
ਜਿਹੜੇ ਕੂਚ ਜਹਾਨੋਂ ਕਰ ਗਏ,
ਇਹ ਦਿਨ ਨਾ ਉਹ ਵੇਖ ਸਕੇ
ਤੇ ਪਹਿਲਾਂ–ਪਹਿਲਾਂ ਮਰ ਗਏ,
ਮੈਨੂੰ ਰੱਖਿਆ ਜ਼ਿੰਦਾ
ਮੈਂ ਫਰਿਆਦ ਕਰਦਾ ਹਾਂ।2. ਸਾਲ ਮਹੀਨੇ ਗੁਜ਼ਰ ਗਏ
ਤੂੰ ਰਾਖੀ ਕੀਤੀ ਮੇਰੀ,
ਮੇਰੀ ਨਹੀਂ ਸੀ ਖੂਬੀ
ਇਹ ਤਾਂ ਵਫ਼ਾਦਾਰੀ ਸੀ ਤੇਰੀ,
ਤੇਰੀ ਸ਼ੁਕਰਗੁਜ਼ਾਰੀ ਨੂੰ
ਮੈਂ ਪਿਆਰ ਕਰਦਾ ਹਾਂ।3. ਨਵੇਂ ਸਾਲ ਵਿੱਚ ਨਵੀਂ ਜ਼ਿੰਦਗੀ
ਦੇ–ਦੇ ਯਿਸੂ ਮੈਨੂੰ,
ਖੁਦਗਰਜ਼ੀ ਵਿੱਚ ਪੈ ਕੇ ਸੁਆਮੀ
ਭੁੱਲ ਨਾ ਜਾਵਾਂ ਤੈਨੂੰ,
ਮਹਿਮਾ ਤੇਰੀ ਗਾਉਣ ਦੇ ਲਈ
ਆਵਾਜ਼ ਮੈਂ ਭਰਦਾ ਹਾਂ।4. ਨਵੇਂ ਸਾਲ ਵਿੱਚ ਰੱਬ ਦੀ ਬਾਣੀ
ਸਿੱਖ ਕੇ ਬਣਾਂ ਅਣਖੀਲਾ,
ਉਹ ਰੱਬ ਦਾ ਇਕਲੌਤਾ,
ਮੇਰਾ ਬਣੇਗਾ ਆਪ ਵਸੀਲਾ,
ਸੰਗਤ ਦੇ ਵਿੱਚ ਬਹਿ ਕੇ,
ਮੈਂ ਇਕਰਾਰ ਕਰਦਾ ਹਾਂ। -
ਯਿਸੂ ਦੀਆਂ ਰਹਿਮਤਾਂ ਨੂੰ ਯਾਦ ਕਰੀਏ,
ਆਓ ਮਿਲ ਕੇ ਖ਼ੁਦਾ ਦਾ ਧੰਨਵਾਦ ਕਰੀਏ।1. ਧੀਆਂ ਤੇ ਪੁੱਤਰਾਂ ਦੀ ਦਾਤ ਜਿੰਨੇ ਦਿੱਤੀ ਏ,
ਹੀਰਿਆਂ ਤੋਂ ਕੀਮਤੀ ਸੁਗਾਤ ਜਿੰਨੇ ਦਿੱਤੀ ਏ,
ਚਰਨਾਂ ’ਚ ਉਹਦੇ ਫਰਿਆਦ ਕਰੀਏ,
ਆਓ ਮਿਲ ਕੇ ਖ਼ੁਦਾ ਦਾ ਧੰਨਵਾਦ ਕਰੀਏ।2. ਸਾਡਿਆਂ ਗੁਨਾਹਾਂ ਦਾ ਦਿੱਤਾ ਬਲਿਦਾਨ ਏ,
ਰਾਜਿਆਂ ਦਾ ਰਾਜਾ ਯਿਸੂ ਬੜ੍ਹਾ ਹੀ ਮਹਾਨ ਏ,
ਚਰਨਾਂ ’ਚ ਉਹਦੇ ਫਰਿਆਦ ਕਰੀਏ,
ਆਓ ਮਿਲ ਕੇ ਖ਼ੁਦਾ ਦਾ ਧੰਨਵਾਦ ਕਰੀਏ। -
ਸ਼ਾਂਤੀ ਦਾ ਦੂਤ ਬਣਾਓ ਪ੍ਰਭੂ ਜੀ,
ਮੈਨੂੰ ਸ਼ਾਂਤੀ ਦਾ ਦੂਤ ਬਣਾਓ।1. ਜਿੱਥੇ ਨਫ਼ਰਤ ਹੈ,
ਉੱਥੇ ਪਿਆਰ ਤੇਰਾ ਫੈਲਾਈਏ,
ਜਿੱਥੇ ਸੰਦੇਹ ਹੈ,
ਉੱਥੇ ਵਿਸ਼ਵਾਸ ਤੇਰਾ ਫੈਲਾਈਏ।2. ਜਿੱਥੇ ਨਿਰਾਸ਼ਾ,
ਉੱਥੇ ਆਸ਼ਾ ਤੇਰੀ ਲਿਆਈਏ,
ਜਿੱਥੇ ਮਤਭੇਦ,
ਉੱਥੇ ਏਕਤਾਈ ਤੇਰੀ ਲਿਆਈਏ।3. ਜਿੱਥੇ ਹਨ੍ਹੇਰਾ,
ਉੱਥੇ ਰੌਸ਼ਨੀ ਤੇਰੀ ਫੈਲਾਈਏ,
ਜਿੱਥ ਉਦਾਸੀ,
ਉੱਥੇ ਖ਼ੁਸ਼ੀ ਤੇਰੀ ਫੈਲਾਈਏ।4. ਜਦੋਂ ਮਾਫ਼ ਕਰੀਏ,
ਅਸੀਂ ਮਾਫ਼ੀ ਤੇਰੀ ਪਾਈਏ,
ਜਦੋਂ ਕੁਝ ਮੰਗੀਏ ਪ੍ਰਭੂ ਜੀ,
ਸਭ ਕੁਝ ਤੈਥੋਂ ਪਾਈਏ।