ਪਛਤਾਵਾ | Repentance
ਇਹ ਭਜਨ ਮਾਲਾ ਦਾ ਅਠਾਰ੍ਹਵਾਂ ਹਿੱਸਾ ਹੈ। ਇਸ ਵਿੱਚ ਪਛਤਾਵੇ ਅਤੇ ਤੌਬਾ ’ਤੇ ਆਧਾਰਿਤ ਭਜਨਾਂ ਨੂੰ ਸ਼ਾਮਿਲ ਕੀਤਾ ਗਿਆ ਹੈ।
-
ਮੈਂ ਆਇਆ ਤੇਰੇ ਦਰ ’ਤੇ,
ਮੈਨੂੰ ਮਾਫ਼ ਕਰੀਂ ਯਿਸੂ।1. ਤੂੰ ਬਣ ਕੇ ਗਰੀਬ ਆਇਆ,
ਮੈਨੂੰ ਆਣ ਬਚਾਇਆ ਹੈ,
ਖੁਰਲੀ ਵਿੱਚ ਜਨਮ ਲਿਆ,
ਮੈਨੂੰ ਮਾਫ਼ ਕਰੀਂ ਯਿਸੂ।2. ਤੂੰ ਦਇਆ ਦਾ ਸਾਗਰ ਹੈਂ,
ਮੈਨੂੰ ਪਾਰ ਕਰਾਇਆ ਹੈ,
ਤੂੰ ਮਾਲਕ ਜੱਗ ਦਾ ਹੈਂ,
ਮੈਨੂੰ ਮਾਫ਼ ਕਰੀਂ ਯਿਸੂ।3. ਮੈਂ ਪਾਪੀ ਬੰਦਾ ਹਾਂ,
ਮੈਨੂੰ ਤੇਰਾ ਸਹਾਰਾ ਹੈ,
ਤੂੰ ਸਭ ਕੁਝ ਜਾਣਦਾ ਹੈਂ,
ਮੈਨੂੰ ਮਾਫ਼ ਕਰੀਂ ਯਿਸੂ।4. ਤੂੰ ਦਿਲ ਦੀਆਂ ਜਾਣਦਾ ਹੈਂ,
ਤੂੰ ਸਭ ਨੂੰ ਪਛਾਣਦਾ ਹੈਂ,
ਤੁੰ ਸੱਚਾ ਖ਼ੁਦਾਵੰਦ ਹੈਂ,
ਮੈਨੂੰ ਮਾਫ਼ ਕਰੀਂ ਯਿਸੂ। -
ਵੇਲਾ ਨਾ ਗੁਆ, ਤੇਰੇ ਹੱਥ ਨਹੀਂ ਆਉਣਾ ਏਂ,
ਛੱਡ ਕੇ ਜਹਾਨ, ਇੱਕ ਦਿਨ ਤੁਰ ਜਾਣਾ ਏਂ।1. ਮੰਗ ਲੈ ਤੂੰ ਮਾਫ਼ੀ ਯਿਸੂ ਗਲ਼ ਨਾਲ ਲਾਵੇਗਾ,
ਜੀਵਨ ਦੀ ਜੋਤੀ ਤੇਰੇ ਮੰਨ ’ਚ ਵਸਾਵੇਗਾ,
ਯਿਸੂ ਤੋਂ ਬਗ਼ੈਰ ਕਿਵੇਂ ਜ਼ਿੰਦਗੀ ਤੂੰ ਪਾਵੇਂਗਾ,
ਛੱਡ ਕੇ ਜਹਾਨ, ਇੱਕ ਦਿਨ ਤੁਰ ਜਾਣਾ ਏਂ।2. ਕਿੰਨਾ ਚਿਰ ਬੰਦਿਆ ਤੂੰ ਪਾਪ ਕਮਾਵੇਂਗਾ,
ਕਿੱਦਾਂ ਜਾ ਕੇ ਯਿਸੂ ਨਾਲ ਨਜ਼ਰਾਂ ਮਿਲਾਵੇਂਗਾ,
ਯਿਸੂ ਤੋਂ ਬਗ਼ੈਰ ਤੇਰਾ ਹੋਣਾ ਛੁਟਕਾਰਾ ਨਹੀਂ,
ਛੱਡ ਕੇ ਜਹਾਨ, ਇੱਕ ਦਿਨ ਤੁਰ ਜਾਣਾ ਏਂ।3. ਮੁਰਦੇ ਜਿਵਾਏ, ਰੋਗੀ ਰੋਗਾਂ ਤੋਂ ਬਚਾਏ ਨੇ,
ਅੰਨ੍ਹਿਆਂ ਨੂੰ ਨੈਣ ਦਿੱਤੇ, ਲੰਗੜੇ ਚਲਾਏ ਨੇ,
ਯਿਸੂ ਕੋਲ ਆ ਜਾ ਤੂੰ ਵੀ ਚੰਗਾ ਹੋ ਕੇ ਜਾਵੇਂਗਾ,
ਛੱਡ ਕੇ ਜਹਾਨ, ਇੱਕ ਦਿਨ ਤੁਰ ਜਾਣਾ ਏ। -
ਮੁਖ ਪਾਪੀ ਬੰਦਿਆ ਗੁਨਾਹ ਦੇ ਵੱਲੋਂ ਮੋੜ,
ਕਰ ਲੈ ਤੌਬਾ ਬੰਦਿਆ ਪੈਣੀ ਯਿਸੂ ਜੀ ਦੀ ਲੋੜ।1. ਪਾਪਾਂ ਵੱਲੋਂ ਮੂੰਹ ਨੂੰ ਮੋੜੋ,
ਦਿੰਦੀ ਅੰਜੀਲ ਗਵਾਹੀ,
ਮਿੱਤਰ, ਯਾਰਾਂ, ਭੈਣ, ਭਰਾਵਾਂ,
ਦੋ ਦਿਨ ਦੀ ਰੁਸ਼ਨਾਈ,
ਕਿਸੇ ਨੇ ਤੇਰੇ ਕੰਮ ਨਹੀਂ ਆਉਣਾ,
ਲਵੇਂਗਾ ਮੱਥਾ ਫੋੜ।2. ਝੂਠੀ ਪੀਣੀ ਛੱਡ ਦੇ ਬੰਦਿਆ,
ਪੀ ਲੈ ਨਾਮ ਇਲਾਹੀ,
ਇਹ ਸਾਖੀ ਹੈ ਸੱਚੇ ਪ੍ਰੇਮ ਦੀ,
ਰੱਬ ਨੇ ਮੋਹਰ ਲਗਾਈ,
ਜਿਹੜਾ ਯਿਸੂ ਕੋਲੋਂ ਪੀਵੇ,
ਦਿੰਦਾ ਪਹਿਲੀ ਤੋੜ।3. ਆਪਣੀ ਹੱਥੀਂ ਕਬਰ ਬਣਾ ਕੇ,
ਆਪੇ ਮੱਥਾ ਟੇਕੇਂ,
ਜਿਸ ਮਾਲਿਕ ਨੇ ਤੈਨੂੰ ਸਾਜਿਆ,
ਉਹਦੇ ਵੱਲ ਨਾ ਵੇਖੇਂ,
ਯਿਸੂ ਰਾਜਾ ਆਵਣ ਵਾਲਾ,
ਨਾ ਕੋਈ ਦੂਜਾ ਹੋਰ।4. ਅੰਨ੍ਹੇ ਬੋਲ਼ੇ ਨੂੰ ਤੂੰ ਪੂਜੇਂ,
ਨਾ ਪੀਂਦਾ ਨਾ ਖਾਂਦਾ,
ਅੰਨ੍ਹਾ ਬੋਲ਼ਾ ਉਹ ਵੀ ਲੋਕੋ,
ਜੋ ਉਹਦੇ ਵੱਲ ਜਾਂਦਾ,
ਜਿਨ੍ਹਾਂ ਨੂੰ ਤੂੰ ਰੱਬ ਮੰਨ ਬੈਠਾ,
ਸਾਰੇ ਡਾਕੂ ਚੋਰ। -
ਪਾਪਾਂ ਵਿੱਚ ਮੋਏ ਅਸੀਂ ਤੇਥੋਂ ਦੂਰ ਹੋਏ ਹਾਂ,
ਕਰਕੇ ਗੁਨਾਹ ਸ਼ਾਫ਼ੀ ਬਾਅਦ ਵਿੱਚ ਰੋਏ ਹਾਂ,
ਭੁੱਲਿਆਂ ਭੁਲਾਇਆਂ ਨੂੰ ਗਲ਼ ਨਾਲ ਲਾ ਲਿਆ,
ਛੱਡ ਕੇ ਜ਼ਮਾਨਾ ਸ਼ਾਫ਼ੀ ਦਰ ਤੇਰੇ ਆ ਗਿਆ।1. ਜੱਗ ਦਿਆਂ ਪੀਰਾਂ ਮੈਨੂੰ ਕੁਝ ਨਹੀਂ ਦੱਸਿਆ,
ਚਾਰ ਚੁਫ਼ੇਰੇ ਸ਼ਾਫ਼ੀ ਝੂਠ ਇੱਥੇ ਵੱਸਿਆ,
ਰਾਹ, ਹੱਕ ਤੂੰਏਂ ਸ਼ਾਫ਼ੀ ਤੈਨੂੰ ਮੈਂ ਧਿਆ ਲਿਆ,
ਛੱਡ ਕੇ ਜ਼ਮਾਨਾ ਸ਼ਾਫ਼ੀ ਦਰ ਤੇਰੇ ਆ ਗਿਆ।2. ਦਿਲ ਦੇ ਮਰੀਜ਼ ਅਸੀਂ ਗ਼ਮਾਂ ਵਿੱਚ ਭੁੱਲ ਗਏ,
ਤੇਰੇ ਦਰ ਆ ਕੇ ਸ਼ਾਫ਼ੀ ਦੁੱਖ ਸਾਰੇ ਭੁੱਲ ਗਏ,
ਗ਼ਮਾਂ ਦਿਆਂ ਮਾਰਿਆਂ ਨੂੰ ਸੀਨੇ ਨਾਲ ਲਾ ਲਿਆ,
ਛੱਡ ਕੇ ਜ਼ਮਾਨਾ ਸ਼ਾਫ਼ੀ ਦਰ ਤੇਰੇ ਆ ਗਿਆ। -
ਆ ਗਿਆ ਯਿਸੂ ਵੈਦ ਰੋਗੀਆਂ ਦਾ,
ਵੈਦ ਰੋਗੀਆਂ ਦਾ ਯਿਸੂ ਵੈਦ ਰੋਗੀਆਂ ਦਾ।1. ਪਾਪੀਆਂ ਦੇ ਪਾਪ ਯਿਸੂ ਕਰ ਦਿੱਤੇ ਮੁਆਫ਼ ਨੇ,
ਕੋੜ੍ਹੀਆਂ ਦੇ ਕੋੜ੍ਹ ਯਿਸੂ ਕਰ ਦਿੱਤੇ ਸਾਫ਼ ਨੇ,
ਪਾਪੀਆਂ ’ਤੇ ਕਰਮ ਕਮਾ ਗਿਆ।2. ਜਕੜੇ ਸ਼ੈਤਾਨ ਦੇ ਜੋ ਹੋ ਗਏ ਆਜ਼ਾਦ ਨੇ,
ਉੱਜੜੇ ਵੀ ਭਾਗ ਸਾਡੇ ਹੋ ਗਏ ਆਬਾਦ ਨੇ,
ਜ਼ਿੰਦਗੀ ਦਾ ਵਚਨ ਸੁਣਾ ਗਿਆ।3. ਭੁੱਖਿਆਂ ਤੇ ਪਿਆਸਿਆਂ ਨੂੰ ਯਿਸੂ ਨੇ ਰਜਾਇਆ ਏ,
ਜਨਮ ਦੇ ਅੰਨ੍ਹਿਆਂ ਨੂੰ ਦੇਖਣ ਲਗਾਇਆ ਏ,
ਮੋਇਆਂ ਵਿੱਚ ਜ਼ਿੰਦਗੀ ਪਾ ਗਿਆ।4. ਬਦਰੂਹਾਂ ਦੇ ਜਕੜਿਆਂ ਨੇ ਪਾ ਲਈ ਰਿਹਾਈ ਏ,
ਗੂੰਗਿਆਂ ਨੇ ਦਿੱਤੀ ਸਾਰੇ ਜਗਤ ’ਚ ਦੁਹਾਈ ਏ,
ਜ਼ਿੰਦਾ ਹੋ ਕੇ ਸਭ ਨੂੰ ਵਿਖਾ ਗਿਆ। -
ਧੋ ਦੇ ਯਿਸੂ ਜੀ ਸਾਡੇ ਦਾਗ ਦਿਲਾਂ ਦੇ,
ਦਾਗ ਦਿਲਾਂ ਦੇ ਸਾਡੇ ਪਾਪ ਦਿਲਾਂ ਦੇ।1. ਪਾਪਾਂ ਨੇ ਸਾਨੂੰ ਬਹੁਤ ਸਤਾਇਆ,
ਪੱਲੜਾ ਸ਼ੈਤਾਨ ਨੇ ਗਲ਼ ਵਿੱਚ ਪਾਇਆ,
ਪਾਪਾਂ ਤੋਂ ਜ਼ਿੰਦਗੀ ਬਚਾ ਦੇ ਯਿਸੂ ਜੀ,
ਸਾਡੇ ਦਾਗ ਦਿਲਾਂ ਦੇ।2. ਦਰ ਤੇਰੇ ’ਤੇ ਜੋ ਕੋਈ ਆਵੇ,
ਝੋਲੀਆਂ ਭਰ ਭਰ ਵਾਪਸ ਜਾਵੇ,
ਪਾਪੀਆਂ ’ਤੇ ਕਰਮ ਕਮਾ ਦੇ ਯਿਸੂ ਜੀ,
ਸਾਡੇ ਦਾਗ ਦਿਲਾਂ ਦੇ।3. ਤਨ ਮਨ ਸਾਰਾ ਅੱਜ ਤੂੰ ਧੋ ਦੇ,
ਸਾਡੇ ਦਿਲਾਂ ਵਿੱਚ ਚਾਨਣ ਕਰ ਦੇ,
ਪਿਆਰ ਦਾ ਰਸਤਾ ਵਿਖਾ ਦੇ ਯਿਸੂ ਜੀ,
ਸਾਡੇ ਦਾਗ ਦਿਲਾਂ ਦੇ।4. ਸਾਡੇ ਦਿਲਾਂ ਵਿੱਚੋਂ ਕੱਢ ਬੁਰਿਆਈ,
ਕਰੀਏ ਨਾ ਅਸੀਂ ਕਦੇ ਲੜਾਈ,
ਵੈਰ ਵਿਰੋਧ ਮਿਟਾ ਦੇ ਯਿਸੂ ਜੀ,
ਸਾਡੇ ਦਾਗ ਦਿਲਾਂ ਦੇ। -
ਦਇਆ ਕਰੋ ਮੇਰੇ ਉੱਤੇ ਪ੍ਰਭੂ ਯਿਸੂ ਦਇਆ ਕਰੋ।
1. ਐ ਪ੍ਰਭੂ ਸਾਨੂੰ ਅਨਾਥ ਨਾ ਛੱਡੀਂ,
ਤੂੰ ਸਦਾ ਸਾਡੇ ਦਿਲ ਵਿੱਚ ਹੀ ਰਹੀਂ।2. ਐ ਪ੍ਰਭੂ ਅਸੀਂ ਪਾਪੀ ਪਾਪ ਕਰਦੇ,
ਤੂੰ ਸਾਨੂੰ ਬਰਫ਼ ਨਾਲੋਂ ਚਿੱਟਾ ਕਰ ਦੇ।3. ਮੇਰੇ ਗੁੱਸੇ ਲਾਲਚ ਹੰਕਾਰ ਨੂੰ ਪ੍ਰਭੂ,
ਮਾਫ਼ੀ ਦੇ ਦੇ, ਚੰਗਾ ਕਰ, ਮੈਨੂੰ ਪ੍ਰਭੂ।4. ਪਾਕ ਲਹੂ ਨਾਲ ਮੈਨੂੰ ਧੋ ਦੇ ਪ੍ਰਭੂ,
ਧੋ ਦੇ ਪ੍ਰਭੂ ਮੈਨੂੰ ਧੋ ਦੇ ਪ੍ਰਭੂ।5. ਹੱਨਾ ਵਾਂਗੂੰ ਰੋ–ਰੋ ਕੇ ਆਇਆ ਪ੍ਰਭੂ,
ਦੁਖੀ ਹੋ ਕੇ ਤੇਰੇ ਕੋਲ ਆਇਆ ਪ੍ਰਭੂ।6. ਪਾਪੀ ਹਿਰਦਾ ਲੈ ਕੇ ਆਇਆ ਪ੍ਰਭੂ,
ਮੇਰੇ ਸਾਰੇ ਪਾਪਾਂ ਨੂੰ ਮਾਫ਼ ਕਰ ਪ੍ਰਭੂ। -
ਪਾਪਾਂ ਤੋਂ ਆਜ਼ਾਦ ਹੋ ਕੇ,
ਬੰਦਾ ਬਣ ਰੱਬ ਦਾ,
ਜਿਹੜੇ ਕੰਮ ਆਇਆਂ ਉਸ ਕੰਮ
ਕਿਉਂ ਨਹੀਂ ਲੱਗਦਾ।1. ਅਦਨ ਦੇ ਵਿੱਚ ਜਿਹੜਾ
ਤੇਰੇ ਨਾਲ ਬੋਲਿਆ,
ਬਣ ਕੇ ਮਸੀਹਾ ਉਹਨੇ
ਭੇਦ ਸਾਰਾ ਖੋਲ੍ਹਿਆ,
ਸੁਣ ਕੇ ਆਵਾਜ਼
ਉਹਦੇ ਵੱਲ ਕਿਉਂ ਨਹੀਂ ਭੱਜਦਾ।2. ਆਇਆ ਮਸੀਹਾ ਪਿਆਰਾ
ਤੇਰੇ ਹੀ ਬਚਾਉਣ ਨੂੰ,
ਆਪ ਹੋਇਆ ਦੁਖੀ ਤੇਰੀ
ਬਿਗੜੀ ਬਣਾਉਣ ਨੂੰ,
ਉਹਦੇ ਵੱਲ ਮੂਰਖਾ ਤੂੰ
ਛੇਤੀ ਕਿਉਂ ਨਹੀਂ ਭੱਜਦਾ।3. ਰੱਬ ਨੇ ਬਣਾਇਆ ਤੈਨੂੰ
ਮਿੱਟੀ ਦੇ ਖਿਡੌਣਿਆ,
ਕਰਦਾ ਏਂ ਮਾਣ ਕਾਹਦਾ
ਘੜੀ ਦੇ ਪ੍ਰਾਹੁਣਿਆ,
ਇਹ ਨੀ ਤੇਰਾ ਦੇਸ਼ ਤੈਨੂੰ
ਚੰਗਾ ਭਲਾ ਲੱਗਦਾ।4. ਵੇਖਿਆ ਅਮਾਲ–ਨਾਮਾ
ਜਦੋਂ ਤੇਰਾ ਜਾਵੇਗਾ,
ਦੋਜ਼ਖ਼ਾਂ ਦਾ ਹੁਕਮ
ਸੁਣਾਇਆ ਤੈਨੂੰ ਜਾਵੇਗਾ,
ਪਤਾ ਲੱਗੂ ਉਦੋਂ ਜਦੋਂ
ਲਾਂਬੂ ਲੱਗੂ ਅੱਗ ਦਾ। -
ਆ ਗਿਆ ਮੈਂ ਸ਼ਾਫ਼ੀ ਯਿਸੂ ਦਰ ਉੱਤੇ ਤੇਰੇ,
ਮਾਫ਼ ਕਰੀਂ ਮੈਨੂੰ ਮੇਰੇ ਪਾਪ ਨੇ ਬਥੇਰੇ।1. ਬਾਗ਼ ਵਿੱਚ ਯਿਸੂ ਅਸੀਂ ਤੈਨੂੰ ਦੇਖਿਆ,
ਤੀਹਾਂ ਸਿੱਕਿਆਂ ਦੇ ਵਿੱਚ ਵੇਚਿਆ।
ਚੁੰਮਿਆ ਸੀ ਮੂੰਹ ਉਹਨੇ ਆ ਕੇ ਤੇਰੇ ਨੇੜੇ,
ਮਾਫ਼ ਕਰੀਂ ਮੈਨੂੰ ਮੇਰੇ ਪਾਪ ਨੇ ਬਥੇਰੇ।2. ਪਿਲਾਤੂਸ ਅੱਗੇ ਤੈਨੂੰ ਪੇਸ਼ ਕੀਤਾ ਸੀ,
ਤੇ ਪਹਿਲੀ ਵਾਂਗ ਯਿਸੂ ਉਹਨੇ ਤੈਨੂੰ ਡਿੱਠਾ ਸੀ।
ਮੋਜਜ਼ੇ ਤੂੰ ਕੀਤੇ ਯਿਸੂ ਜੱਗ ’ਤੇ ਬਥੇਰੇ,
ਮਾਫ਼ ਕਰੀਂ ਮੈਨੂੰ ਮੇਰੇ ਪਾਪ ਨੇ ਬਥੇਰੇ।3. ਪੁੱਛਿਆ ਯਹੂਦੀਆਂ ਨੇ ਹਾਲ ਯਿਸੂ ਦਾ,
ਕੀਤਾ ਪਤਰਸ ਇਨਕਾਰ ਯਿਸੂ ਦਾ।
ਮੁਰਗੇ ਨੇ ਬਾਂਗ ਦਿੱਤੀ ਤੜਕੇ ਸਵੇਰੇ,
ਮਾਫ਼ ਕਰੀਂ ਮੈਨੂੰ ਮੇਰੇ ਪਾਪ ਨੇ ਬਥੇਰੇ।4. ਜ਼ਾਲਮਾਂ ਯਹੂਦੀਆਂ ਨੇ ਤੈੈਨੂੰ ਫੜਿ੍ਹਆ,
ਸਾਡਿਆਂ ਗ਼ੁਨਾਹਾਂ ਲਈ ਸੂਲੀ ਚੜਿ੍ਹਆ।
ਪਸਲੀ ਦੇ ਵਿੱਚ ਨੇਜ਼ਾ ਮਾਰਿਆ ਸੀ ਤੇਰੇ,
ਮਾਫ਼ ਕਰੀਂ ਮੈਨੂੰ ਮੇਰੇ ਪਾਪ ਨੇ ਬਥੇਰੇ।5. ਮਾਰ–ਮਾਰ ਕੋੜੇ ਤੈਨੂੰ ਬਹੁਤ ਕੁੱਟਿਆ,
ਮਾਰੀਆਂ ਚਪੇੜਾਂ ਨਾਲੇ ਮੂੰਹ ’ਤੇ ਥੁਕਿਆ।
ਮੈਂ ਗ਼ੁਨਾਹਗਾਰ ਯਿਸੂ ਆਇਆ ਤੇਰੇ ਨੇੜੇ,
ਮਾਫ਼ ਕਰੀਂ ਮੈਨੂੰ ਮੇਰੇ ਪਾਪ ਨੇ ਬਥੇਰੇ। -
ਐ ਖ਼ੁਦਾਵੰਦਾ ਮੈਂ ਤੇਰਾ ਬੰਦਾ ਹੋ,
ਹੱਥ ਵਧਾ ਲੈ, ਮੈਨੂੰ ਬਚਾ ਲੈ, ਤੂੰ ਬਹੁਤ ਚੰਗਾ ਆ।1. ਸੁਣਿਆ ਹੈ ਨਾਮ ਤੇਰਾ ਹੈ ਚੰਗਾ,
ਡੁੱਬੇ ਬੇੜੇ ਹੈ ਤਾਰਦਾ,
ਦੁੱਖਾਂ ਦੇ ਭਾਰ ਹੇਠਾਂ ਦੱਬਿਆਂ ਨੂੰ,
ਵਾਜਾਂ ਫਿਰੇ ਮਾਰਦਾ,
ਕੈਸਾ ਸਮੁੰਦਰ ਬੇੜੀ ਅੰਦਰ,
ਦੂਰ ਬਹੁਤ ਕੰਡਾ।2. ਦੁੱਖਾਂ ਨੇ ਘੇਰ ਲਿਆ ਹੈ ਮੈਨੂੰ,
ਕਰ ਫ਼ਜ਼ਲ ਮੇਰੇ ’ਤੇ,
ਹੋਰ ਨਾ ਕੋਈ ਨਜ਼ਰ ਆਏ,
ਆਸ ਮੇਰੀ ਤੇਰੇ ’ਤੇ,
ਮੈਂ ਮਸਕੀਨ, ਹੋਇਆ ਅਧੀਨ,
ਦੂਰ ਕਰੀਂ ਫੰਦਾ। -
ਯਿਸੂ ਨੇ ਤੇਰੇ ਬਦਲੇ ਸੂਲੀ ’ਤੇ ਜਾਨ ਗਵਾਈ,
ਤੈਨੂੰ ਯਕੀਨ ਨਾ ਆਇਆ ਤੇਰੀ ਏ ਬੇਪਰਵਾਈ।1. ਆਇਆ ਬਹਾਲ ਕਰਨ ਜ਼ਿੰਦਗੀ ਤੇਰੀ ਦੁਬਾਰਾ,
ਦੌਲਤ ਦਾ ਮਾਣ ਤੈਨੂੰ, ਕਿਸ ਕੰਮ ਦੀ ਹੈ ਕਮਾਈ।2. ਕੀ ਫ਼ਾਇਦਾ ਵਿੱਚ ਬੁਢਾਪੇ ਯਿਸੂ ਦਾ ਨਾਮ ਜੱਪਣਾ,
ਕਰ ਕਰ ਕੇ ਐਬ ਭੈੜੇ ਜ਼ਿੰਦਗੀ ਏ ਤੂੰ ਗੁਆਈ।3. ਇੱਕ ਦਿਨ ਖ਼ੁਦਾ ਨੇ ਤੇਥੋਂ ਲੈਣਾ ਹਿਸਾਬ ਸਾਰਾ,
ਕੀ ਜੱਗ ਤੋਂ ਲੈ ਕੇ ਆਇਆ, ਕਿੱਥੇ ਤੇਰੀ ਕਮਾਈ।4. ਦੱਸ ਕੀ ਜਵਾਬ ਦੇਵੇਂਗਾ ਜਾ ਕੇ ਖ਼ੁਦਾ ਦੇ ਅੱਗੇ,
ਉੱਥੇ ਵੱਸ ਨਾ ਕੋਈ, ਫਿਰੇਂਗਾ ਮੂੰਹ ਛੁਪਾਈ।5. ਬੰਦਿਆ ਅਜੇ ਵੀ ਵੇਲਾ, ਕਰ ਲੈ ਗ਼ੁਨਾਹ ਤੋਂ ਤੌਬਾ,
ਡਿੱਗ ਕੇ ਮਸੀਹ ਦੇ ਕਦਮੀਂ, ਮੂੰਹੋਂ ਮੰਗ ਲੈ ਰਿਹਾਈ। -
ਰਹਿਮਤਾਂ ਦੇ ਬਾਨੀ ਯਿਸੂ, ਰਹਿਮ ਤੇਰਾ ਚਾਹੀਦਾ,
ਸਾਨੂੰ ਵੀ ਸਿਖਾ ਦੇ ਕਿਵੇਂ ਤੇਰਾ ਬਣ ਜਾਈਦਾ।1. ਲਹਿਰਾਂ ਦੇ ਸੀ ਵਿੱਚ ਜਦੋਂ ਬੇੜੀ ਗੋਤੇ ਖਾਂਵਦੀ,
ਚੇਲਿਆਂ ਦੀ ਜਾਨ ਸੀਗੀ ਡਾਢੀ ਘਬਰਾਂਵਦੀ,
ਡਾਂਟਿਆ ਤੂਫ਼ਾਨ ਜਿਵੇਂ ਹੁਕਮ ਚਲਾਈਦਾ।2. ਮੂਸਾ ਨੂੰ ਹੁਕਮ ਦੇ ਕੇ ਘੱਲਿਆ ਫਿਰਾਊਨ ਕੋਲ,
ਕੀਤੀ ਸੀ ਹਦੈਤ ਉਹਨੂੰ, ਜਾ ਕੇ ਮੇਰਾ ਭੇਦ ਖੋਲ੍ਹ,
ਕੌਮਾਂ ਨੂੰ ਗ਼ੁਲਾਮੀ ਵਿੱਚੋਂ ਕਿਵੇਂ ਹੈ ਛੁਡਾਈਦਾ।3. ਯੂਸਫ਼ ਨੂੰ ਕੈਦ ਵਿੱਚੋਂ ਦਿੱਤੀ ਤੂੰ ਰਿਹਾਈ ਸੀ,
ਹਜ਼ਰਤ ਨੂਹ ਦੇ ਲਈ ਤੂੰ, ਕਿਸ਼ਤੀ ਬਣਾਈ ਸੀ,
ਦੇਖਿਆ ਨਜ਼ਾਰਾ ਨੂਹ ਨੇ ਸਾਰੀ ਹੀ ਖ਼ੁਦਾਈ ਦਾ। -
ਤੌਬਾ ਕਰ ਲੈ ਯਿਸੂ ਨੇ ਆਉਣਾ,
ਫੇਰ ਨਾ ਤੂੰ ਪਛਤਾਉਣਾ।1. ਤੇਰੀਆਂ ਕਰਤੂਤਾਂ ਸਭੇ ਜ਼ਾਹਿਰ ਹੋ ਜਾਣੀਆਂ,
ਜਿਹੜੀਆਂ ਤੂੰ ਪਾਪਾਂ ਵਿੱਚ ਮੌਜਾਂ ਨੇ ਮਾਣੀਆਂ,
ਤੇਰਾ ਲੇਖਾ ਯਿਸੂ ਨੇ ਲੈਣਾ।2. ਅੱਗ ਦੇ ਨਾਲ ਦਿਨ ਜ਼ਾਹਿਰ ਹੋ ਜਾਵੇਗਾ,
ਜਿਹੜਾ ਤਾਂ ਯਿਸੂ ਜੀ ਦਾ ਨਾਮ ਧਿਆਵੇਗਾ,
ਉਹਨਾਂ ਉੱਡ ਕੇ ਯਿਸੂ ਦੇ ਕੋਲ ਜਾਣਾ।3. ਤਖ਼ਤ ਜਲਾਲੀ ਯਿਸੂ ਸਵਰਗਾਂ ਤੋਂ ਆਵੇਗਾ,
ਧਰਤੀ ਆਕਾਸ਼ ਦੀਆਂ ਕੁੱਵਤਾਂ ਹਿਲਾਵੇਗਾ,
ਉਦੋਂ ਜੱਗ ’ਤੇ ਜ਼ਲਜ਼ਲਾ ਮੱਚ ਜਾਣਾ। -
ਜਿਹੜਾ ਜਾਗਦਾ ਹੈ ਉਸੇ ਦੀ ਸਵੇਰ ਬੰਦਿਆ,
ਵੇਲਾ ਹੱਥ ਨਹੀਂਓਂ ਆਉਣਾ ਤੇਰੇ ਫੇਰ ਬੰਦਿਆ।1. ਤੇਰੇ ਲਈ ਤਾਂ ਆਈਆਂ ਰੁੱਤਾਂ ਸੋਹਣੀਆਂ ਤੇ ਪਿਆਰੀਆਂ,
ਪਾਪਾਂ ਤੋਂ ਆਜ਼ਾਦ ਹੋ ਕੇ ਮਾਰ ਲੈ ਉਡਾਰੀਆਂ,
ਤੇਰੇ ਲਈ ਨਾ ਰਹੀ ਕੋਈ ਦੇਰ ਬੰਦਿਆ।2. ਤੌਬਾ ਦਾ ਜ਼ਮਾਨਾ ਆਇਆ ਇੱਥੋਂ ਉੱਕ ਜਾਵੀਂ ਨਾ,
ਤੌਬਾ ਤੂੰ ਕਰਨ ਤੋਂ ਭੁੱਲ ਕੇ ਸ਼ਰਮਾਵੀਂ ਨਾ,
ਤੇਰੇ ਲਈ ਨਾ ਰਹੀ ਕੋਈ ਦੇਰ ਬੰਦਿਆ।3. ਯਿਸੂ ਜੀ ਨੂੰ ਨੂਰ ਸਾਰੀ ਦੁਨੀਆ ਦਾ ਆਖਦੇ,
ਪੜ੍ਹ ਕੇ ਕਲਾਮ ਉਹਦਾ ਬੰਦੇ ਨੇ ਵਿਚਾਰਦੇ,
ਯਿਸੂ ਨਾਸਰੀ ਦੇ ਬਿਨਾਂ ਨਹੀਂ ਕੋਈ ਹੋਰ ਬੰਦਿਆ। -
ਕਿਹੜੇ–ਕਿਹੜੇ ਦੁੱਖ ਤੈਨੂੰ ਦੱਸਾਂ ਦਿਲ ਜਾਨੀਆ,
ਦਿਨ ਰਾਤੀਂ ਵੱਗਦਾ ਏ ਅੱਖੀਆਂ ’ਚੋਂ ਪਾਣੀ ਆ।1. ਹੋ ਕੇ ਦੂਰ ਤੇਰੇ ਕੋਲੋਂ ਗਿਆ ਹਾਂ ਮੈਂ ਲੁੱਟਿਆ,
ਫੜ੍ਹ ਕੇ ਬਚਾ ਲੈ ਯਿਸੂ ਦਿਲ ਮੇਰਾ ਟੁੱਟਿਆ,
ਜ਼ਿੰਦਗੀ ਦਾ ਪਤਾ ਲੱਗਾ ਤੇਰੇ ਕੋਲੋਂ ਜਾਨੀਆ।2. ਭੁੱਲਿਆਂ ਮੈਂ ਫਿਰਦਾ ਯਿਸੂ ਆਪਣਾ ਬਣਾ ਲੈ ਤੂੰ,
ਪੂੰਝ ਦੇ ਅੱਖਾਂ ਦਾ ਪਾਣੀ, ਸੀਨੇ ਨਾਲ ਲਾ ਲੈ ਤੂੰ,
ਬਖ਼ਸ਼ ਦੇ ਮੈਨੂੰ ਜੋ ਮੈਂ ਕੀਤੀਆਂ ਨਾਦਾਨੀਆਂ।3. ਚਾਰ–ਚੁਫ਼ੇਰੇ ਯਿਸੂ ਗ਼ਮਾਂ ਲਾਏ ਡੇਰੇ ਨੇ,
ਫਿਰ ਵੀ ਮੈਂ ਗੁਣ ਗਾਵਾਂ ਹਰ ਦਮ ਤੇਰੇ ਨੇ,
ਖੁੱਲ੍ਹ ਕੇ ਸੁਣਾਵਾਂ ਤੈਨੂੰ ਆਪਣੀਆਂ ਕਹਾਣੀਆਂ। -
ਮੁਆਫ਼ੀ–ਮੁਆਫ਼ੀ–ਮੁਆਫ਼ੀ,
ਯਿਸੂ ਜੀ ਦੇ ਦਿਓ,
ਮੁਆਫ਼ੀ–ਮੁਆਫ਼ੀ–ਮੁਆਫ਼ੀ,
ਅੱਜ ਬੱਸ ਇਹੋ ਫਰਿਆਦ ਹੈ,
ਮੁਆਫ਼ੀ–ਮੁਆਫ਼ੀ–ਮੁਆਫ਼ੀ।1. ਅੱਜ ਮੈਨੂੰ ਪਤਾ ਲੱਗਾ
ਤੇਰੇ ਇਸ ਪਿਆਰ ਦਾ,
ਕਿੰਨਾ ਹੈ ਮਹਾਨ ਤੇਰਾ
ਪਿਆਰ ਮੇਰੇ ਵਾਸਤੇ,
ਅੱਜ ਬੱਸ ਇਹੋ ਫਰਿਆਦ ਹੈ।2. ਪਿਆਰ ਭਰੀਆਂ ਅੱਖਾਂ ਨਾਲ
ਯਿਸੂ ਬੁਲਾਂਦਾ ਹੈ,
ਲੈ ਲੈ ਤੂੰ ਬਾਹਾਂ ਵਿੱਚ
ਉਹ ਹੋ ਮੇਰੇ ਯਿਸੂ,
ਅੱਜ ਬੱਸ ਇਹੋ ਫਰਿਆਦ ਹੈ।3. ਪਾਪਾਂ ਵਿੱਚ ਫੱਸ ਕੇ ਤੇ
ਤੇਥੋਂ ਦੂਰ ਹੋ ਗਿਆ,
ਦੇ ਦੇ ਮਾਫ਼ੀ ਉਹ ਮੇਰੇ ਯਿਸੂ,
ਅੱਜ ਬੱਸ ਇਹੋ ਫਰਿਆਦ ਹੈ। -
ਮੇਰੇ ਦਿਲ ਨੂੰ ਪਾਕ ਬਣਾ ਦੇ,
ਮੈਂ ਕੁਝ ਹੋਰ ਨਾ ਮੰਗਾਂ,
ਗੁਨਾਹਗਾਰ ਤੋਂ ਭਗਤ ਬਣਾ ਦੇ,
ਮੈਂ ਕੁਝ ਹੋਰ ਨਾ ਮੰਗਾਂ।1. ਇਹ ਮੇਰੀਆਂ ਅੱਖੀਆਂ ਸਦਾ ਵੇਖਣ ਤੈਨੂੰ,
ਯਿਸੂ ਕਿਰਪਾ ਕਰਦੇ ਕਰ ਦੂਰ ਨਾ ਮੈਨੂੰ,
ਜੀਵਨ ਦੇ ਰਾਹੇ ਪਾ ਦੇ,
ਮੈਂ ਕੁਝ ਹੋਰ ਨਾ ਮੰਗਾਂ।2. ਅਸਾਂ ਕੀ ਕਰਨੇ ਨੇ ਇਹ ਮਹਿਲ ਮੁਨਾਰੇ,
ਇੱਕ ਦਿਨ ਢਹਿ ਜਾਣੇ ਸਾਰੇ ਦੇ ਸਾਰੇ,
ਮੇਰਾ ਸਵਰਗ ’ਚ ਘਰ ਬਣਾ ਕੇ,
ਮੈਂ ਕੁਝ ਹੋਰ ਨਾ ਮੰਗਾਂ।3. ਕਿਤੇ ਚੱਲਦੇ–ਚੱਲਦੇ ਮੈਂ ਥੱਕ ਨਾ ਜਾਵਾਂ,
ਯਿਸੂ ਨਾਮ ਤੇਰੇ ਤੋਂ ਮੈਂ ਅੱਕ ਨਾ ਜਾਵਾਂ,
ਮੁਕਤੀ ਦੇ ਰਾਹੇ ਪਾ ਦੇ,
ਮੈਂ ਕੁਝ ਹੋਰ ਨਾ ਮੰਗਾਂ। -
ਚੰਗਾ ਕਰਦੇ ਮੈਨੂੰ, ਚੰਗਾ ਕਰਦੇ ਮੈਨੂੰ,
ਮੇਰੇ ਪਿਆਰੇ ਯਿਸੂ ਮੈਨੂੰ ਚੰਗਾ ਕਰ ਦੇ।1. ਦਇਆ ਦੇ ਉਹ ਸਾਗਰ ਦਇਆ ਕਰ ਦੇ,
ਪਾਪਾਂ ਵਾਲੀ ਗੰਦਗੀ ਨੂੰ ਸਾਫ਼ ਤੂੰ ਕਰ ਦੇ,
ਰੂਹ ਪਾਕ ਨਾਲ ਯਿਸੂ ਮੈਨੂੰ ਭਰ ਦੇ।2. ਦੁਖੀਆਂ ਬਿਮਾਰਾਂ ਉੱਤੇ ਰਹਿਮ ਕਰੋ,
ਤੇਰਾ ਨਾਂ ਜੱਪਣ ਲਈ ਕਾਇਮ ਕਰੋ,
ਰੂਹ ਪਾਕ ਨਾਲ ਯਿਸੂ ਮੈਨੂੰ ਭਰ ਦੇ।3. ਉਸ ਘਰ ਵਿੱਚ ਪ੍ਰਭੂ ਸ਼ਾਂਤੀ ਦਿਓ,
ਸੱਚੇ ਮਨ ਨਾਲ ਜਿੱਥੇ ਨਾਮ ਜੱਪ ਦੇ,
ਰੂਹ ਪਾਕ ਨਾਲ ਯਿਸੂ ਮੈਨੂੰ ਭਰ ਦੇ।4. ਦੁਖੀਆਂ, ਗਰੀਬਾਂ ਦਾ ਸਹਾਰਾ ਯਿਸੂ ਤੂੰ,
ਮਰੀਅਮ ਦਾ ਰਾਜ ਦੁਲਾਰਾ ਯਿਸੂ ਤੂੰ,
ਰੂਹ ਪਾਕ ਨਾਲ ਯਿਸੂ ਮੈਨੂੰ ਭਰ ਦੇ।5. ਸਾਰਿਆਂ ਦੀ ਪ੍ਰਭੂ ਯਿਸੂ ਸੁਣ ਲੈ ਦੁਆ,
ਸਾਰਿਆਂ ਦੇ ਦਿਲਾਂ ਵਿੱਚ ਪਿਆਰ ਵਧਾ,
ਰੂਹ ਪਾਕ ਨਾਲ ਯਿਸੂ ਮੈਨੂੰ ਭਰ ਦੇ। -
ਕਰਦੇ ਰਹਿਮ ਪਿਤਾ, ਦੇ–ਦੇ ਰੂਹ ਦਾ ਮੱਸਾਹ,
ਖਾਲੀ ਦਿਲ ਲੈ ਕੇ ਆਇਆ ਹਾਂ–ਹਾਲੇਲੂਈਆ।1. ਪਿਆਸੀਆਂ ਰੂਹਾਂ ਨੂੰ ਤੂੰ ਕੋਲ ਬੁਲਾਵੇਂ,
ਅੰਮ੍ਰਿਤ ਜਲ ਯਿਸੂ ਮੁਫ਼ਤ ਪਿਲਾਵੇ,
ਯਿਸੂ ਤੂੰ ਹੈ ਭਲਾ, ਮਿਹਰ ਤੇਰੀ ਹੈ ਸਦਾ।2. ਅੰਨ੍ਹੇ, ਗੂੰਗੇ, ਬੋਲ਼ੇ ਸਾਰੇ,
ਰੋਗ ਪੁਰਾਣੇ ਦੁੱਖਾਂ ਦੇ ਮਾਰੇ,
ਯਿਸੂ ਤੂੰ ਕਰਦਾ ਚੰਗਾ,
ਮਿਹਰ ਤੇਰੀ ਹੈ ਸਦਾ।3. ਖਾਲਿਕ-ਮਾਲਿਕ ਹੈ ਤੂੰ ਸਭ ਦਾ,
ਪਾਪ ਉਠਾਇਆ ਸਾਰੇ ਜੱਗ ਦਾ,
ਮਸੀਹਾ ਹੈ ਤੂੰ ਜੱਗ ਦਾ,
ਮਿਹਰ ਤੇਰੀ ਹੈ ਸਦਾ। -
ਮੇਰੀ ਬੇਨਤੀ ਨੂੰ ਪਰਵਾਨ ਕਰ,
ਇਰਾਫ਼ ਦੀਆਂ ਰੂਹਾਂ ਨੂੰ ਰਿਹਾਈ ਦਿਉ ਪ੍ਰ੍ਰਭੂ ਜੀ,
ਗੁਨਾਹ ਕਰ ਮਾਫ਼ ਇਨਸਾਫ਼ ਕਰੋ,
ਮੇਰੀ ਬੇਨਤੀ ਨੂੰ ਪਰਵਾਨ ਕਰੋ।1. ਜ਼ਿੰਦਗੀ ’ਚ ਕਰ ਗਏ ਜੋ ਭੁੱਲਾਂ ਚੁੱਕਾਂ ਪ੍ਰਭੂ ਜੀ,
ਛੋਟੇ-ਵੱਡੇ ਪਾਪ ਸਭ ਮਾਫ਼ ਕਰੋ ਪ੍ਰਭੂ ਜੀ,
ਸੁਰਗ ਜਾਣ ਦਾ ਦਿਉ ਫਰਮਾਨ ਪ੍ਰਭੂ।2. ਮਿੱਟੀ ਦਾ ਬਣਾਇਆ ਬੁੱਤ ਮਿੱਟੀ ਬਣ ਗਿਆ ਏ,
ਕਰਮਾਂ ਦਾ ਲੇਖਾ ਦੇਖਾ ਤੇਰੇ ਕੋਲ ਪਿਆ ਏ,
ਮੈਂ ਵੀ ਅੱਜ ਦਾ ਹਾਂ ਮਹਿਮਾਨ ਪ੍ਰਭੂ।3. ਜਨਮ ਤੋਂ ਮੌਤ ਤਕ ਪ੍ਰਭੂ ਤੂੰ ਸੰਭਾਲਿਆ,
ਸਮਾਂ ਪੂਰਾ ਹੋਣ ’ਤੇ ਹੈ ਕੋਲ ਤੂੰ ਬੁਲਾ ਲਿਆ,
ਸਮਝ ਸਕੇ ਨਾ ਰਮਜ਼, ਕਮਜ਼ੋਰ ਇਨਸਾਨ ਪ੍ਰਭੂ। -
ਜਿਉਂ-ਜਿਉਂ ਦੁਖੀਆਂ ਦੇ ਦੁੱਖ ਦਾ
ਪੈਮਾਨਾ ਭਰਦਾ ਜਾਏਗਾ,
ਮੈਨੂੰ ਇਹ ਵਿਸ਼ਵਾਸ ਹੈ
ਮੇਰਾ ਪਿਆਰਾ ਯਿਸੂ ਆਏਗਾ।1. ਐ ਦੁਨੀਆ ਦੇ ਲੋਕੋ,
ਉਸ ਦੀਆਂ ਰਾਹਾਂ ਨੂੰ ਤਿਆਰ ਕਰੋ,
ਉਸਦੇ ਸੁਆਗਤ ਵਾਲੀ
ਬੁਸ਼ਾਰਤ ਦਾ ਮਿਲ ਕੇ ਸਤਿਕਾਰ ਕਰੋ,
ਪ੍ਰੇਮ, ਮਿਲਾਪ ਤੇ ਭਾਈਚਾਰੇ ਦੀ ਖ਼ੁਸ਼ਬੂ ਫੈਲਾਏਗਾ।2. ਤੌਬਾ ਕਰੋ ਗ਼ੁਨਾਹਾਂ ਤੋਂ
ਸੱਚੇ ਰਾਸਤਬਾਜ਼ ਬਣੋ,
ਇਸ ਧਰਤੀ ਦੀ ਹਰਿਆਲੀ ਦੀ
ਨਿਰਮਲ ਜਿਹੀ ਆਵਾਜ਼ ਬਣੋ,
ਤਪੀਆਂ-ਖਪੀਆਂ ਰੂਹਾਂ ਲਈ
ਉਹ ਆਪਣੀ ਠੰਡ ਵਰਤਾਏਗਾ। -
ਯਿਸੂ ਹੈ ਸਾਡਾ ਮੁਕਤੀਦਾਤਾ,
ਬੇੜੇ ਪਾਰ ਕਰਾਉਂਦਾ ਏ,
ਦਰ ਉਹਦੇ ’ਤੇ ਆਵਣ ਵਾਲਾ,
ਮੰਗੀਆਂ ਮੁਰਾਦਾਂ ਪਾਉਂਦਾ ਏ।1. ਜਨਮ ਲਿਆ ਉਹਨੇ ਮਰੀਅਮ ਦੇ ਘਰ,
ਯਿਸੂ ਨਾਮ ਰਖਾਇਆ ਏ,
ਆਪਣੇ ਦੁਸ਼ਮਣ ਵੈਰੀ ਨੂੰ ਵੀ,
ਕਰਨਾ ਪਿਆਰ ਸਿਖਾਇਆ ਏ,
ਲੜ ਯਿਸੂ ਦੇ ਲੱਗ ਜੋ ਜਾਵੇ,
ਉਹਦੇ ਹੀ ਗੁਣ ਗਾਉਂਦਾ ਏ।2. ਦੁਖੀਆਂ ਤੇ ਬੇਆਸਰਿਆਂ ਦੀ,
ਦੇਖਭਾਲ ਉਹ ਕਰਦਾ ਏ,
ਸੂਲੀ ਉੱਤੇ ਸਾਡੀ ਖਾਤਿਰ,
ਸਾਰੇ ਹੀ ਦੁੱਖ ਜਰਦਾ ਏ,
ਨਾਮ ਹੈ ਉਹਦਾ ਸ਼ਕਤੀਵਾਲਾ,
ਜੱਪ ਲਓ ਜਿਹੜਾ ਚਾਹੁੰਦਾ ਏ।3. ਪਾਪੀਆਂ ਨੂੰ ਉਹਨੇ ਰਾਹੀ ਪਾਇਆ,
ਮੁਰਦਿਆਂ ਨੂੰ ਜਵਾਇਆ ਏ,
ਛੋਟਿਆਂ ਤੇ ਮਸਕੀਨਾਂ ਕੋਲੋਂ
ਵੱਡਾ ਕੰਮ ਕਰਾਇਆ ਏ,
ਮੇਰੇ ਵਰਗਾ ਪਾਪੀ ਉਹਦੇ,
ਦਰ ’ਤੇ ਸੀਸ ਝੁਕਾਉਂਦਾ ਏ। -
ਸਾਡੀ ਦੁਆ ਸੁਣ ਲੈ ਪ੍ਰਭੂ,
ਸਾਨੂੰ ਆਸ਼ਿਸ਼ ਦੇ ਪ੍ਰਭੂ।1. ‘ਰਾਹ ਸੱਚ ਜੀਵਨ ਮੈਂ ਹਾਂ’,
ਪਿਆਰੇ ਪ੍ਰਭੂ ਜੀ ਤੂੰ ਇਹ ਕਿਹਾ ਹੈ,
ਸੱਚ ਦੇ ਰਾਹ ’ਤੇ ਮੈਨੂੰ ਚਲਾ ਦੇ,
ਅਨੰਤ ਜੀਵਨ ਮੈਨੂੰ ਦੇ ਪ੍ਰਭੂ,
ਰਾਹ ਤੇਰੇ ’ਤੇ ਸ਼ਾਂਤੀ ਮੈਂ ਪਾਵਾਂ,
ਦਿਲ ਵਿੱਚ ਤੇਰੇ ਮੁਕਤੀ ਮੈਂ ਪਾਵਾਂ।2. ‘ਮੰਗੋ ਮਿਲੇਗਾ, ਲੱਭੋ ਪਾਵੋਗੇ’,
ਇਮਾਨ ਆਸ਼ਾ ਪਿਆਰ ਪ੍ਰਭੂ ਦਾ,
ਬਾਪ ਮੇਰਾ ਜ਼ਰੂਰ ਦੇਵੇਗਾ,
ਆਤਮਾ ਮੇਰੀ ਜਦ ਵੀ ਤੂੰ ਮੰਗੇ,
ਰਾਹ ਤੇਰੇ ’ਤੇ ਸ਼ਾਂਤੀ ਮੈਂ ਪਾਵਾਂ,
ਦਿਲ ਵਿੱਚ ਤੇਰੇ ਮੁਕਤੀ ਮੈਂ ਪਾਵਾਂ।3. ਥੱਕੇ ਮਾਂਦੇ, ਬੋਝ ਉਠਾਕੇ,
ਹੰਝੂ ਵਹਾ ਕੇ ਦਰ ’ਤੇ ਮੈਂ ਆਇਆ ਹਾਂ,
ਪਰੇਸ਼ਾਨੀ ਸਾਰੀ ਦੂਰ ਕਰ ਦਿਓ,
ਫ਼ਜ਼ਲ ਆਪਣੇ ਨਾਲ ਦਿਲ ਨੂੰ ਤੂੰ ਭਰ ਦੇ,
ਰਾਹ ਤੇਰੇ ’ਤੇ ਸ਼ਾਂਤੀ ਮੈਂ ਪਾਵਾਂ,
ਦਿਲ ਵਿੱਚ ਤੇਰੇ ਮੁਕਤੀ ਮੈਂ ਪਾਵਾਂ। -
ਪਾਕ ਨਾਮ ਸਿਮਰੋ, ਯਿਸੂ ਨਾਮ ਸਿਮਰੋ।
1. ਸ਼ਬਦ ਅਨਾਦੀ ਪ੍ਰਗਟ ਹੋਇਆ ਦੇਹਧਾਰ ਲਿਆ,
ਚਮਕੇ ਚਾਨਣ ਵਿੱਚ ਹਨੇਰੇ, ਨੂਰ ਛਾ ਗਿਆ,
ਆਓ ਸਾਰੇ ਸਭ ਨੂੰ ਬੁਲਾਵੇ,
ਨਾਮ ਉਹਦੇ ਵਿੱਚ ਮੁਕਤੀ ਉਹ ਪਾਵੇ।2. ਉੱਚਾ ਨਾਮ ਹੈ ਯਿਸੂ ਤੇਰਾ,
ਸਿਮਰ ਸਿਮਰ ਹੋ ਜਾਵਾਂ ਤੇਰਾ,
ਬਖ਼ਸ਼ ਗੁਨਾਹ ਸਭ ਬਖ਼ਸ਼ਣਹਾਰੇ,
ਤੇਰੇ ਦਰ ਲਾਇਆ ਮੈਂ ਡੇਰਾ।3. ਪਿਆਸੀ ਰੂਹ ਦੀ ਪਿਆਸ ਬੁਝਾਵੇ,
ਰੂਹ-ਏ-ਪਾਕ ਦਾ ਜਾਮ ਪਿਲਾਵੇ,
ਸੱਚਾ ਜੀਵਨ ਮਿਲਦਾ ਤੇਥੋਂ,
ਦਰ ਤੇਰੇ ਦੀ ਲਗਨ ਲੱਗਦੇ। -
ਬਖ਼ਸ਼ੀਂ ਯਿਸੂ ਜੀ, ਬਖ਼ਸ਼ੀਂ ਮੇਰਿਆਂ ਗੁਨਾਹਾਂ ਨੂੰ,
ਤੇਰੇ ਲੇਖੇ ਲਾਉਂਦਾ ਰਹਾਂ, ਆਉਂਦੇ-ਜਾਂਦੇ ਸਾਹਾਂ ਨੂੰ।1. ਪਾਪਾਂ ਦੇ ਸਮੁੰਦਰਾਂ ਵਿੱਚ, ਮੈਂ ਡੁੱਬ ਗਿਆਂ ਸਾਂ,
ਲੱਭੇ ਨਾ ਕਿਨਾਰਾ ਯਿਸੂ, ਆਸ ਛੱਡ ਗਿਆਂ ਸਾਂ
ਵੱਡੀ ਤੇਰੀ ਦਇਆ ਪਾਇਆ, ਹੱਥ ਦੋਨਾਂ ਬਾਹਾਂ ਨੂੰ।
ਬਖ਼ਸ਼ੀਂ ਯਿਸੂ ਜੀ, ਬਖ਼ਸ਼ੀਂ ਮੇਰਿਆਂ ਗੁਨਾਹਾਂ ਨੂੰ।2. ਦਿਲੋਂ ਪਛਤਾਵਾ ਕਰਾਂ, ਹੰਝੂ ਵਹਾਂਦਾ ਹਾਂ,
ਹੱਥ ਜੋੜ ਮੰਗਾਂ ਮਾਫ਼ੀ, ਵਾਸਤੇ ਮੈਂ ਪਾਉਂਦਾ ਹਾਂ
ਦਰ ਤੇਰੇ ਆ ਕੇ ਜੱਪਾਂ, ਯਿਸੂ ਪਾਕ ਨਾਮ ਨੂੰ,
ਬਖ਼ਸ਼ੀਂ ਯਿਸੂ ਜੀ, ਬਖ਼ਸ਼ੀਂ ਮੇਰਿਆਂ ਗੁਨਾਹਾਂ ਨੂੰ।3. ਪੁੱਤਰ ਉਜਾੜੂ ਜਿੱਦਾਂ, ਆਇਆ ਮੁੜ ਬਾਪ ਕੋਲ,
ਤੇਰੇ ਵੱਲ ਮੁੱਖ ਕੀਤਾ, ਮੈਨੂੰ ਤਾਂ ਹੈ ਤੇਰੀ ਲੋੜ
ਝੁਕਿਆ ਹੈ ਸੀਸ ਮੇਰਾ, ਭੁੱਲਾਂ ਬਖ਼ਸ਼ਾਉਣਾ ਨੂੰ,
ਬਖ਼ਸ਼ੀਂ ਯਿਸੂ ਜੀ, ਬਖ਼ਸ਼ੀਂ ਮੇਰਿਆਂ ਗੁਨਾਹਾਂ ਨੂੰ।