ਪਾਕ ਸ਼ਰਾਕਤ | Holy Communion
ਇਹ ਭਜਨ ਮਾਲਾ ਦਾ ਪੰਜਵਾਂ ਹਿੱਸਾ ਹੈ। ਇਸ ਵਿੱਚ ਪਾਕਮਾਸ ਦੀ ਕੁਰਬਾਨੀ ਵੇਲੇ ਪਾਕ ਸ਼ਰਾਕਤ ਵੰਡਣ ਸਮੇਂ ਗਾਏ ਜਾਣ ਵਾਲੇ ਭਜਨਾਂ ਨੂੰ ਜੋੜਿਆ ਗਿਆ ਹੈ।
-
ਰੋਟੀ ਤੂੰ ਜ਼ਿੰਦਗੀ ਦੀ ਯਿਸੂ ਖੁਆਲ ਦੇ,
ਆਬੇ–ਹਯਾਤ ਨਾਲੇ ਤੂੰ ਸਾਨੂੰ ਪਿਆਲ ਦੇ।1. ਬੂਹੇ ’ਤੇ ਤੇਰੇ ਆਣ ਪਏ ਮੁਰਦੇ ਐ ਮਸੀਹ,
ਲਾਜ਼ਰ ਦੇ ਵਾਂਗ ਉਹਨਾਂ ਨੂੰ ਆ ਕੇ ਉਠਾਲ ਦੇ।2. ਪਾਪਾਂ ਦੇ ਨਾਲ ਹੋ ਗਏ ਗੰਦੇ ਪਲੀਤ ਮਨ,
ਉਹਨਾਂ ਨੂੰ ਆਪਣੇ ਖੂਨ ਵਿੱਚ ਯਿਸੂ ਨਹਾਲ ਦੇ।3. ਸਾਰਾ ਜਹਾਨ ਆ ਕੇ ਚਰਨੀਂ ਤੇਰੀ ਪਏ,
ਉਹ ਵੇਲਾ ਮੌਜ ਦਾ ਤੂੰ ਮਸੀਹਾ ਵਿਖਾਲ ਦੇ।4. ਖਾ–ਖਾ ਕੇ ਜ਼ਹਿਰ ਮਰ ਗਏ ਜਿਹੜੇ ਗੁਨਾਹਾਂ ਦਾ,
ਉਹਨਾਂ ਨੂੰ ਨਾਲ ਵਚਨ ਦੇ ਆਪਣੇ ਜਵਾਲ ਦੇ।5. ਪਿਆਰੇ ਯਿਸੂ ਹਾਂ ਤੇਰੇ ਬੂਹੇ ’ਤੇ ਆ ਗਏ,
ਆਪਣਾ ਪਵਿੱਤਰ ਆਤਮਾ ਸਾਨੂੰ ਦਿਖਾਲ ਦੇ। -
ਮੇਰੇ ਕੋਲ ਆ ਪਿਆਰੇ ਸ਼ਾਫ਼ੀਆ,
ਨੂਰੀ ਚਿਹਰੇ ਦੀ ਝਲਕ ਵਿਖਾ ਜਾ।1. ਬਿਨ ਤੇਰੇ ਮੈਂ ਚੈਨ ਨਾ ਪਾਵਾਂ,
ਰਾਤ ਦਿਨੇ ਮੈਂ ਤੈਨੂੰ ਬੁਲਾਵਾਂ।2. ਜੋ ਕੋਈ ਆਵੇ ਸੋ ਕੋਈ ਪਾਵੇ,
ਦਰ ਤੇਰੇ ਤੋਂ ਖ਼ਾਲੀ ਨਾ ਜਾਵੇ।3. ਦਰ ਤੇਰੇ ’ਤੇ ਜੋ ਕੋਈ ਆਵੇ,
ਝੋਲੀਆਂ ਭਰ–ਭਰ ਵਾਪਿਸ ਜਾਵੇ।4. ਪੋਪ ਬਿਸ਼ਪ ਤੇ ਰਸੂਲੀ ਜਮਾਤ ਨੂੰ,
ਰੱਖ ਏਕਤਾਈ ਵਿੱਚ ਬਖ਼ਸ਼ ਨਜਾਤ ਤੂੰ। -
ਕੀਤਾ ਰਹਿਮ ਪਿਆਰੇ ਯਿਸੂ ਨੇ
ਹੋਇਆ ਸਾਡੇ ’ਤੇ ਮਿਹਰਬਾਨ,
ਉਹਦੀ ਰਹਿਮਤ ਤੇ ਮਿਹਰਬਾਨੀ ਦਾ
ਮੈਂ ਦੱਸਾਂ ਖੋਲ੍ਹ ਬਿਆਨ।1. ਰੋਟੀ ਮੈਅ ਦੀ ਸੂਰਤ ਪਾਈ,
ਲਈ ਉਸ ਛੁਪਾ ਖ਼ੁਦਾਈ,
ਵੱਡਾ ਇਹ ਹੈ ਭੇਦ ਇਲਾਹੀ,
ਉਹਦੀ ਰਹਿਮਤ ਦਾ ਹੈ ਨਿਸ਼ਾਨ।2. ਵਿੱਚ ਪਾਕ ਸੰਦੂਕ ਉਹ ਰਹਿੰਦਾ,
ਸਾਡੀ ਖ਼ਬਰ ਹਮੇਸ਼ਾ ਲੈਂਦਾ,
ਦਿਨ–ਰਾਤ ਤਸੱਲੀ ਦੇਂਦਾ,
ਵੱਡਾ ਸਭ ਤੋਂ ਹੈ ਅਹਿਸਾਨ।3. ਉਸ ਆਪਣਾ ਪਿਆਰ ਵਿਖਾਇਆ,
ਪਾਕ ਸਾਕਰਾਮੈਂਟ ਬਣਾਇਆ,
ਸਾਡੀ ਰੂਹ ਨੂੰ ਤਾਆਮ ਖਿਲਾਇਆ,
ਹੋਇਆ ਸਾਡੇ ਲਈ ਕੁਰਬਾਨ।4. ਜਿਹੜਾ ਉਸਦਾ ਬਦਨ ਨਾ ਖਾਵੇ,
ਉਹ ਮੋਇਆ ਵਾਂਗ ਹੋ ਜਾਵੇ,
ਸਾਨੂੰ ਪਾਕ ਕਲਾਮ ਸਿਖਾਵੇ,
ਇਹ ਹੈ ਯਿਸੂ ਦਾ ਫਰਮਾਨ।5. ਜਿਹੜਾ ਉਸ ਦਾ ਬਦਨ ਹੈ ਖਾਂਦਾ,
ਉਹ ਜ਼ਿੰਦਗੀ ਸਦਾ ਦੀ ਪਾਂਦਾ,
ਵਿੱਚ ਜੰਨਤ ਡੇਰਾ ਲਾਂਦਾ,
ਹੋਵੇ ਉਸਦਾ ਨਾ ਨੁਕਸਾਨ।6. ਯਿਸੂ ਸਭ ਨੂੰ ਖੜ੍ਹਾ ਪੁਕਾਰੇ,
ਆਓ ਥੱਕੇ ਮਾਂਦੇ ਸਾਰੇ,
ਉਹ ਕੁੱਲ ਦਾ ਭਾਰ ਉਤਾਰੇ,
ਦਿੱਤੀ ਬਦਲੇ ਸਭ ਦੇ ਜਾਨ।7. ਆਓ ਪਾਕ ਸੰਦੂਕ ਵੱਲ ਜਾਈਏ,
ਗੋਡੇ ਟੇਕ ਕੇ ਸੀਸ ਨਿਵਾਈਏ,
ਰਹਿਮ ਫ਼ਜ਼ਲ ਤੇ ਬਰਕਤ ਪਾਈਏ,
ਉੱਥੇ ਰਹਿੰਦਾ ਰੱਬ ਰਹਿਮਾਨ। -
ਆ ਜਾਓ, ਨਾ ਬੋਝ ਉਠਾਓ,
ਪਿਆਰਾ ਮਸੀਹਾ ਲਵੇਗਾ ਉਠਾ।1. ਬੇ–ਪਰਵਾਹੀ ਤਿਆਗ ਕੇ ਭਾਈ,
ਸਭ ਨੂੰ ਬੁਲਾਵੇ, ਪਾ ਲਓ ਰਿਹਾਈ,
ਵਕਤ ਸੁਨਹਿਰੀ ਲਵੋ ਨਾ ਗੁਆ।2. ਪਾਪ ਬਿਮਾਰੀ ਦੇ ਦੁਖਿਆਰੇ,
ਵੇਖੋ ਯਿਸੂ ਨੇ ਹੱਥ ਪਸਾਰੇ,
ਪਾਪ ਮਿਟਾ ਕੇ ਦੇਵੇਗਾ ਸ਼ਿਫ਼ਾ।3. ਹੁਣ ਕਿਰਪਾ ਦਾ ਵਕਤ ਹੈ ਆਇਆ,
ਆਪਣਾ ਬਚਾ ਲਓ ਜੀਵਨ ਸਾਰਾ,
ਉਸ ਦੇ ਜਲਾਲ ਵਿੱਚ ਰਹੋਗੇ ਸਦਾ।4. ਜਦ ਦਰਵਾਜ਼ਾ ਬੰਦ ਕਰੇਗਾ,
ਮੁਕਤੀ ਦਾ ਨਾ ਵਕਤ ਰਹੇਗਾ,
ਵਿੱਚ ਸਦਾ ਦੇ ਰਹੋਗੇ ਸਦਾ। -
ਮੇਰੇ ਮਨ ਵਿੱਚ ਆ ਵੱਸ ਤੂੰ,
ਕੰਡਿਆਂ ਦੇ ਤਾਜ ਵਾਲਿਆ।1. ਬਣੀਆਂ ਸਿਰ ’ਤੇ ਆਣ ਕਵੱਲੀਆਂ,
ਪਾਪਾਂ ਦੀਆਂ ਨੇ ਪੀੜਾਂ ਹੱਲੀਆਂ,
ਮੇਰਾ ਕੱਢ ਛੱਡਿਆ ਹੈ ਧੂੰ।2. ਜਾਵਾਂਗਾ ਕੀ ਜੱਗ ਤੋਂ ਲੈ ਕੇ,
ਛੱਟਿਆ ਗਿਆ ਮੈਂ ਛੱਜ ਵਿੱਚ ਪਾ ਕੇ,
ਮੈਂ ਤੂੰਬਿਆ ਗਿਆ ਵਾਂਗੂੰ ਰੂੰ।3. ਜਿਸ ਰੰਗ ਵਿੱਚ ਮੈਂ ਦੇਖਿਆ ਤੈਨੂੰ,
ਰੰਗ ਛੱਡ ਉਸੇ ਰੰਗ ਵਿੱਚ ਮੈਨੂੰ,
ਮੇਰਾ ਰੰਗ ਛੱਡ ਤਨ–ਮਨ ਤੂੰ।4. ਕਿਹੜੀ ਸ਼ੈ ਮੈਂ ਆਖਾਂ ਮੇਰੀ,
ਮੈਂ ਵੀ ਹਾਂ ਜਦ ਦੌਲਤ ਤੇਰੀ,
ਮੇਰੇ ਦਿਲ ਦਾ ਮਾਲਿਕ ਤੂੰ।5. ਸੁਣ ਕਿਤੇ ਮੇਰੇ ਨਿੱਤ ਦੇ ਹਾੜੇ,
ਤੇਰਾ ਨਾਮ ਗਿਆ ਰੱਚ ਸਾਰੇ,
ਮੇਰੇ ਰਗ–ਰਗ ਤੇ ਲੂੰ–ਲੂੰ। -
ਐ ਰੂਹ ਮਸੀਹ ਦੀ ਮੈਨੂੰ
ਪਾਕ ਸਾਫ਼ ਤੂੰ ਮੈਨੂੰ ਬਣਾ।1. ਤੂੰ ਐ ਮਸੀਹ ਦੇ ਪਾਕ ਬਦਨ,
ਤੂੰ ਮੈਨੂੰ ਲੈ ਬਚਾ,
ਐ ਪਾਕ ਲਹੂ ਮਸੀਹ ਦੇ,
ਮੈਨੂੰ ਖ਼ੁਸ਼ੀ ਨਾਲ ਰਜਾ।2. ਪਾਣੀ ਮਸੀਹ ਦੀ ਵੱਖੀ ਦੇ,
ਮੈਨੂੰ ਤੂੰ ਨਹਾ,
ਮੈਨੂੰ ਐ ਦੁੱਖ ਮਸੀਹ ਦੇ,
ਤੂੰ ਮਜ਼ਬੂਤ ਬਣਾ।3. ਸੁਣ ਲੈ ਮੇਰੀ ਦੁਆ,
ਮੇਰੇ ਰਹੀਮ ਐ ਖ਼ੁਦਾ,
ਤੂੰ ਆਪਣੇ ਪਾਕ ਜ਼ਖ਼ਮਾਂ
ਦੇ ਵਿੱਚ ਮੈਨੂੰ ਲੈ ਛਿਪਾ।4. ਆਪਣੇ ਨਾ ਕੋਲੋਂ ਹੋਣ ਦੇ
ਮੈਨੂੰ ਕਦੀ ਜੁਦਾ,
ਵੈਰੀ ਮੇਰੇ ਸ਼ੈਤਾਨ ਤੋਂ
ਮੈਨੂੰ ਤੂੰ ਰੱਖ ਬਚਾ।5. ਮੈਨੂੰ ਮੇਰੇ ਮਰਨ ਦੇ ਵੇਲੇ
ਆਪਣੇ ਕੋਲ ਬੁਲਾ,
ਮੈਨੂੰ ਤੂੰ ਹੁਕਮ ਦੇ ਦੇ,
ਆਪਣੇ ਕੋਲ ਆਉਣ ਦਾ।6. ਤਾਂ ਜੋ ਭਈ ਤੇਰੇ
ਪਾਕ ਲੋਕਾਂ ਨਾਲ ਸਦਾ,
ਕਰਦਾ ਰਹਾਂ ਤਾਰੀਫ਼
ਤੇਰੀ ਐ ਮੇਰੇ ਖ਼ੁਦਾ। -
ਰੂਹ ਮਸੀਹ ਦੀ, ਮੈਨੂੰ ਪਾਕ ਕਰ ਦੇ,
ਬਦਨ ਮਸੀਹ ਦੇ, ਮੈਨੂੰ ਬਚਾ ਲੈ,
ਲਹੂ ਮਸੀਹ ਦੇ, ਮੈਨੂੰ ਰਜਾ ਦੇ,
ਪਾਣੀ ਵੱਖੀ ਦੇ, ਮੈਨੂੰ ਧੋ ਦੇ,
ਦੁੱਖ ਮਸੀਹ ਦੇ, ਮਜ਼ਬੂਤੀ ਦੇ,
ਰਹਿਮ ਦਿਲ ਯਿਸੂ, ਮੇਰੀ ਤੂੰ ਸੁਣ ਲੈ,
ਜ਼ਖ਼ਮਾਂ ਵਿੱਚ ਆਪਣੇ, ਮੈਨੂੰ ਛਿਪਾ ਲੈ,
ਆਪਣੇ ਕੋਲੋਂ ਮੈਨੂੰ, ਵੱਖ ਨਾ ਹੋਣ ਦੇ,
ਵੈਰੀ ਸ਼ੈਤਾਨ ਤੋਂ, ਮੈਨੂੰ ਬਚਾ ਲੈ,
ਮੌਤ ਦੇ ਵੇਲੇ, ਮੈਨੂੰ ਬੁਲਾ ਲੈ,
ਸੁਰਗ ਵੱਲ ਆਉਣ ਲਈ, ਮੈਨੂੰ ਹੁਕਮ ਦੇ,
ਮਿਲਕੇ ਸੰਤਾਂ ਨਾਲ,
ਮੈਨੂੰ ਮਹਿਮਾ ਕਰਨ ਦੇ, ਆਮੀਨ। -
ਐ ਰੂਹ ਮਸੀਹ ਦੀ ਮੈਨੂੰ ਪਵਿੱਤਰ ਕਰ,
ਐ ਬਦਨ ਯਿਸੂ ਦੇ ਖ਼ਤਰੇ ਤੋਂ ਬਚਾਓ,
ਐ ਪਾਕ ਲਹੂ ਮੈਨੂੰ
ਖ਼ੁਸ਼ੀ ਵਿੱਚ ਰਜਾ ਦਿਓ,
ਪਾਕ ਦਿਲ ਦੇ ਪਾਣੀ ਨਾਲ
ਸਦਾ ਧੋਇਆ ਕਰੋ,
ਯਿਸੂ ਆਪਣੇ ਦੁੱਖਾਂ ਦੇ ਨਾਲ,
ਸਦਾ ਮੈਨੂੰ ਮਜ਼ਬੂਤ ਕਰ,
ਰਹਿਮ ਦਿਲ ਯਿਸੂ ਮਸੀਹ,
ਕਿਰਪਾ ਨਾਲ ਮੇਰੀ ਬੇਨਤੀ ਸੁਣ,
ਆਪਣੇ ਪਾਕ ਜ਼ਖ਼ਮਾਂ ਵਿੱਚ ਮੈਨੂੰ ਛੁਪਾ ਕੇ,
ਰੱਖਿਆ ਕਰ, ਕਦੀਂ ਮੈਨੂੰ ਆਪਣੇ ਕੋਲੋਂ
ਵੱਖ ਨਾ ਹੋਣ ਦੇ, ਪ੍ਰਭੂ,
ਸ਼ੈਤਾਨ ਦੀਆਂ ਸਾਰੀਆਂ
ਬੁਰਾਈਆਂ ਤੋਂ ਮੈਨੂੰ ਤੂੰ ਬਚਾ ਲੈ ਪ੍ਰਭੂ,
ਮੇਰੇ ਮਰਨ ਦੇ ਵੇਲੇ ਆਪਣੇ ਕੋਲ ਬੁਲਾ ਪ੍ਰਭੂ,
ਤੇਰੇ ਕੋਲ ਆਉਣ ਦੇ ਲਈ
ਮੈਨੂੰ ਆਪਣਾ ਹੁਕਮ ਦੇ,
ਸਾਰੇ ਪਾਕ ਲੋਕਾਂ ਦੇ ਨਾਲ
ਤੇਰੀ ਵਡਿਆਈ ਮੈਂ ਕਰਦਾ ਹਾਂ। -
ਆਓ ਪਾਕ ਸ਼ਰਾਕਤ ਲੈਣ ਚੱਲੀਏ,
ਯਿਸੂ ਸਾਰਿਆਂ ਨੂੰ ਕੋਲ ਬੁਲਾਂਵਦਾ,
ਥੱਕੇ ਮਾਂਦਿਆਂ ਤੇ ਭਾਰ ਹੇਠ ਦੱਬਿਆਂ,
ਦੁਖੀ ਦਿਲਾਂ ਨੂੰ ਆਰਾਮ ਪਹੁੰਚਾਂਵਦਾ।1. ਜ਼ਿੰਦਾ ਰੋਟੀ ਮੈਂ ਜ਼ਿੰਦਗੀ ਦੀ,
ਯਿਸੂ ਨੇ ਫਰਮਾਇਆ ਹੈ,
ਉੱਤਰ ਆਇਆ ਅਸਮਾਨਾਂ ਉੱਤੋਂ,
ਤਰਸ ਇਨਸਾਨ ਉੱਤੇ ਆਇਆ ਹੈ।
ਜਿਹੜਾ ਸਾਫ਼ ਦਿਲ ਨਾਲ ਰੋਟੀ ਖਾਂਵਦਾ,
ਉਹ ਤੇ ਜ਼ਿੰਦਗੀ ਸਦਾ ਵਾਲੀ ਪਾਂਵਦਾ,
ਥੱਕੇ ਮਾਂਦਿਆਂ ਤੇ ਭਾਰ ਹੇਠਾਂ ਦੱਬਿਆਂ,
ਦੁਖੀ ਦਿਲਾਂ ਨੂੰ ਆਰਾਮ ਪਹੁੰਚਾਂਵਦਾ।2. ਇਹੋ ਖ਼ੁਰਾਕ ਮਸੀਹੀ ਜ਼ਿੰਦਗੀ ਲਈ,
ਮੁਫ਼ਤ ਯਿਸੂ ਨੇ ਬਖ਼ਸ਼ੀ ਹੈ,
ਰੋਟੀ ਵਿੱਚ ਬਦਲਾ ਕੇ ਸਾਨੂੰ,
ਦਿੰਦਾ ਆਪਣੀ ਹਸਤੀ ਹੈ।
ਯਿਸੂ ਪਿਆਰ ਨਾਲ ਸਭ ਨੂੰ ਬੁਲਾਂਵਦਾ,
ਬੜ੍ਹੀ ਲੋੜ ਵਾਲੀ ਸ਼ੈ ਬਣ ਜਾਂਵਦਾ,
ਥੱਕੇ ਮਾਂਦਿਆਂ ਤੇ ਭਾਰ ਹੇਠਾਂ ਦੱਬਿਆਂ,
ਦੁਖੀ ਦਿਲਾਂ ਨੂੰ ਆਰਾਮ ਪਹੁੰਚਾਂਵਦਾ।3. ਰੋਟੀ ਦੀ ਸੂਰਤ ਵਿੱਚ ਖਾਓ,
ਹੁਕਮ ਯਿਸੂ ਦਾ ਸਭਨੀ ਥਾਈਂ,
ਨਾ ਬਚਣਾ ਤੇ ਨਾ ਸ਼ਰਮਾਉਣਾ,
ਇਹੋ ਸੁਣਾਓ ਸਭਨੀ ਥਾਈਂ।
ਯਿਸੂ ਨਿਉਂ ਕੇ ਸ਼ਾਨ ਛੁਪਾਂਵਦਾ,
ਬੜ੍ਹੀ ਲੋੜ ਵਾਲੀ ਸ਼ੈ ਬਣ ਜਾਂਵਦਾ,
ਥੱਕੇ ਮਾਂਦਿਆ ਤੇ ਭਾਰ ਹੇਠਾਂ ਦੱਬਿਆਂ,
ਦੁਖੀ ਦਿਲਾਂ ਨੂੰ ਆਰਾਮ ਪਹੁੰਚਾਂਵਦਾ। -
ਆਓ ਯਿਸੂ ਮੇਰਾ ਸਹਾਰਾ ਬਣ ਜਾਓ,
ਡੋਲੇ ਮੇਰੀ ਕਸ਼ਤੀ ਕਿਨਾਰਾ ਬਣ ਜਾਓ।1. ਤੇਰੇ ਘਰ ਵੱਸਾਂ ਮੈਂ, ਦੁਆ ਇਹੋ ਮੰਗੀ ਏ,
ਜ਼ਿੰਦਗੀ ਤੋਂ ਵੱਧ ਕੇ ਦਇਆ ਤੇਰੀ ਚੰਗੀ ਏ,
ਜਾਨ ਤੋਂ ਵੀ ਵੱਧ ਕੇ, ਪਿਆਰਾ ਬਣ ਜਾਓ।2. ਵਚਨ ਦੀ ਮਹਿਕ ਨਾਲ ਮੈਨੂੰ ਮਹਿਕਾ ਦਿਓ,
ਦਿਲ ਦੀ ਖੇਤੀ ’ਚ ਚੰਗੇ ਫਲ਼ਾਂ ਨੂੰ ਉਗਾ ਦਿਓ,
ਮਿੱਠੀ ਖ਼ੁਸ਼ਬੂ ਦਾ, ਨਜ਼ਾਰਾ ਬਣ ਜਾਓ।3. ਘੇਰਿਆ ਮੁਸੀਬਤਾਂ ਨੇ ਦਿਲ ਡਾਵਾਂ ਡੋਲ੍ਹ ਹੈ,
ਜ਼ਿੰਦਗੀ ਦਾ ਸੱਚਾ ਛੁਟਕਾਰਾ ਤੇਰੇ ਕੋਲ ਹੈ,
ਮੇਰੀ ਮੁਕਤੀ ਦਾ, ਕਫ਼ਾਰਾ ਬਣ ਜਾਓ। -
ਆਖ਼ਰੀ ਖਾਣੇ ’ਤੇ ਯਿਸੂ ਖੁਦ ਫਰਮਾਇਆ ਹੈ,
ਆਪਣਾ ਬਦਨ ਲਹੂ ਯਿਸੂ ਨੇ ਪਿਲਾਇਆ ਹੈ,
ਖਾਓ ਬਦਨ ਮੇਰਾ, ਪੀਓ ਲਹੂ ਮੇਰਾ।1. ਰੋਟੀ ਨੂੰ ਬਦਨ ਬਣਾ ਕੇ, ਆਪ ਖਿਲਾਇਆ ਹੈ,
ਦਾਖਰਸ ਨੂੰ ਲਹੂ ਬਣਾ ਕੇ, ਆਪ ਪਿਲਾਇਆ ਹੈ,
ਤੁਸੀਂ ਸਾਰੇ ਖਾਓ, ਤੁਸੀਂ ਸਾਰੇ ਪੀਓ।2. ਭੁੱਖਾ ਜੋ ਦਰ ’ਤੇ ਆਵੇ, ਜੀਵਨ ਪਾਵੇਗਾ,
ਪਿਆਸਾ ਜੋ ਦਰ ’ਤੇ ਆਵੇ, ਪਿਆਸ ਬੁਝਾਵੇਗਾ,
ਤੁਸੀਂ ਸਾਰੇ ਆਓ, ਤੁਸੀਂ ਸਾਰੇ ਆਓ।3. ਰੋਗੀ ਜੋ ਦਰ ’ਤੇ ਆਵੇ, ਸ਼ਿਫ਼ਾ ਪਾਵੇਗਾ,
ਦੁਖੀ ਜੋ ਦਰ ’ਤੇ ਆਵੇ, ਸ਼ਾਂਤੀ ਪਾਵੇਗਾ,
ਸ਼ਾਂਤੀ ਤੁਸੀਂ ਪਾਓ, ਸ਼ਿਫ਼ਾ ਤੁਸੀਂ ਪਾਓ। -
ਦਿਲ ਦਾ ਬੂਹਾ ਖੋਲ ਕੇ ਯਿਸੂ ਆਵੇਗਾ,
ਆ ਕੇ ਤੇਰੇ ਉੱਜੜੇ ਘਰ ਨੂੰ ਵਸਾਵੇਗਾ।1. ਆਪਣੀ ਸੂਲੀ ਮੋਢੇ ਉੱਤੇ ਰੱਖ ਲੈ ਤੂੰ,
ਉਹਦੇ ਪਿੱਛੇ-ਪਿੱਛੇ ਰਾਹੀਆ ਚੱਲ ਪੈ ਤੂੰ,
ਔਖੀ ਰਾਹ ’ਤੇ ਚੱਲਣਾ ਉਹ ਸਿਖਾਵੇਗਾ,
ਆ ਕੇ ਤੇਰੇ ਉੱਜੜੇ ਘਰ ਨੂੰ ਵਸਾਵੇਗਾ।2. ਗਲੀਆ ਦੇ ਵਿੱਚ ਯਿਸੂ ਦਾ ਪ੍ਰਚਾਰ ਤੂੰ ਕਰ,
ਨਾਲੇ ਆਪਣੇ ਦੁਸ਼ਮਣ ਦੇ ਨਾਲ ਪਿਆਰ ਤੂੰ ਕਰ,
ਯਿਸੂ ਕਰਨਾ ਪਿਆਰ ਤੈਨੂੰ ਸਮਝਾਵੇਗਾ,
ਆ ਕੇ ਤੇਰੇ ਉਜੜੇ ਘਰ ਨੂੰ ਵਸਾਵੇਗਾ।3. ਹਸ਼ਮਤ ਮਾੜੀ ਵੇਲੇ ਹਿੰਮਤ ਹਾਰੀਂ ਨਾ,
ਉਹਦੇ ਪਿਆਰ ਦੀ ਜਿੱਤੀ ਬਾਜ਼ੀ ਹਾਰੀਂ ਨਾ,
ਯਿਸੂ ਤੈਨੂੰ ਹਰ ਦਮ ਆਪ ਬਚਾਵੇਗਾ,
ਆ ਕੇ ਤੇਰੇ ਉੱਜੜੇ ਘਰ ਨੂੰ ਵਸਾਵੇਗਾ। -
ਜਦ ਦਿਲ ਵਿੱਚ ਯਿਸੂ ਆਉਂਦਾ ਏ,
ਭੱਜ ਦੂਰ ਹਨੇਰਾ ਜਾਂਦਾ ਏ।1. ਯਿਸੂ ਚਾਨਣ ਕਾਲੀਆਂ ਰਾਤਾਂ ਦਾ,
ਮੀਂਹ ਰਹਿਮਤ ਦਾ ਬਰਸਾਤਾਂ ਦਾ।
ਪਾਪਾਂ ਦੇ ਦਾਗ ਮਿਟਾਂਦਾ ਏ।2. ਕਦੇ ਔਖੇ ਵੇਲੇ ਆ ਜਾਂਦੇ,
ਰਾਹਾਂ ਵਿੱਚ ਗੁੰਝਲ ਪਾ ਜਾਂਦੇ।
ਫਿਰ ਆ ਕੇ ਆਪ ਬਚਾਉਂਦਾ ਏ।3. ਤੂੰ ਥੱਕੀ ਨਾ ਕਦੀ ਹਾਰੀ ਨਾ,
ਕਦੀ ਫ਼ਿਕਰ ਤੇ ਰੰਜ ਵਿਚਾਰੀ ਨਾ।
ਉਹ ਯਾਰੀ ਤੋੜ ਨਿਭਾਉਂਦਾ ਏ।4. ਉਹ ਦੋਸਤ ਬਣਾ ਕੇ ਸਾਨੂੰ ਹੁਣ,
ਤੇ ਭੁੱਲ ਗਿਆ ਸਾਡੇ ਸਭ ਔਗੁਣ।
ਉਹ ਅਮਨ ਤੇ ਪਿਆਰ ਸਿਖਾਂਦਾ ਏ। -
ਮੇਰੇ ਦਿਲ ਦੇ ਬਗੀਚੇ ਵਿੱਚ ਆ ਜਾ,
ਐ ਯਿਸੂ ਪਿਆਰੇ ਤੂੰ।
ਇਸ ਦਿਲ ਨੂੰ ਕਰ ਲੈ ਆਪਣਾ,
ਇਹਦਾ ਵਾਲੀ ਹੋ ਜਾ ਤੂੰ।
ਆ ਯਿਸੂ ਆ… ਆ ਯਿਸੂ ਆ…1. ਮੇਰਾ ਦਿਲ ਹੈ ਯਿਸੂ ਦਾ ਬਗੀਚਾ,
ਇਹਦਾ ਫਲ਼ ਉਹਨੂੰ ਅੱਜ ਦੇਣਾ,
ਮੁਹੱਬਤ ਦੇ ਕੰਮ ਮੈਂ ਕਰਾਂ,
ਮੁਹੱਬਤ ਦੀ ਬੋਲੀ ਬੋਲਾਂ।2. ਮੇਰੇ ਦਿਲ ਨੂੰ ਸਾਫ਼ ਕਰੀਂ,
ਐ ਯਿਸੂ ਪਿਆਰੇ ਤੂੰ,
ਕੰਡਲੀ ਦੇ ਆਪ ਕੰਡਿਆਲੀਆਂ ਨੂੰ,
ਇਸ ਦਿਲ ਵਿੱਚੋਂ ਪੁੱਟ ਲੈ ਤੂੰ।3. ਮੇਰੇ ਦਿਲ ਵਿੱਚ ਵਾਸ ਕਰੀਂ,
ਐ ਯਿਸੂ ਪਿਆਰੇ ਤੂੰ,
ਹੋਰਾਂ ਦੇ ਪਿਆਰ ਤੋਂ ਕੀ ਲੈਣਾ,
ਮੇਰਾ ਇੱਕੋ ਪਿਆਰਾ ਤੂੰ। -
ਤੇਰਾ ਬਦਨ ਮੈਂ ਖਾਵਾਂ ਯਿਸੂ,
ਤੇਰੇ ਪਿਆਲੇ ’ਚੋਂ ਪੀਵਾਂ ਯਿਸੂ,
ਮੇਰੀ ਜ਼ਿੰਦਗੀ ਦਾ ਮਾਲਿਕ ਹੈ ਤੂੰ,
ਤੇਥੋਂ ਵਾਰੀ ਮੈਂ ਜਾਵਾਂ ਯਿਸੂ।1. ਰੂਹ ਆਪਣੀ ਨੂੰ ਤਾਜ਼ਾ ਕਰਾਂ,
ਖੁਦ ਵਿੱਚ ਤੇਰੀ ਸ਼ਕਤੀ ਭਰਾਂ,
ਤੇਰਾ ਸ਼ੁਕਰ ਕਰਾਂ ਮੈਂ ਸਦਾ,
ਹਰ ਥਾਂ ’ਤੇ ਸੁਣਾਵਾਂ ਯਿਸੂ।2. ਮੰਗੀ ਇਤਰਾਫ਼ ਰਾਹੀਂ ਮਾਫ਼ੀ,
ਕੀਤਾ ਮੁਆਫ਼ ਤੂੰ ਮੇਰੇ ਸ਼ਾਫ਼ੀ,
ਕਿਉਂ ਨਾ ਹਰ ਪਲ ਤੇ ਹਰ ਮੈਂ ਘੜੀ,
ਤੇਰਾ ਸ਼ੁਕਰ ਮਨਾਵਾਂ ਯਿਸੂ।3. ਤੇਰੇ ਵਿੱਚ ਸਦਾ ਵੱਸਦਾ ਰਹਾਂ,
ਤੇਰੇ ਬਾਰੇ ਮੈਂ ਦੱਸਦਾ ਰਹਾਂ,
ਮੇਰੇ ਦਿਲ ਵਿੱਚ ਆ ਵੱਸ ਤੂੰ,
ਤੇਰੇ ਦਿਲ ’ਚ ਮੈਂ ਆਵਾਂ ਯਿਸੂ। -
ਇਹ ਮੇਰਾ ਬਦਨ, ਇਹ ਮੇਰਾ ਲਹੂ,
ਖਾਓ–ਪੀਓ ਜੀਵਨ ਪਾਓ,
ਥੱਕੇ ਮਾਂਦੇ ਭਾਰ ਦੱਬੇ ਲੋਕੋ,
ਆਓ ਮੈਥੋਂ ਆਰਾਮ ਪਾਓ।1. ਜੀਵਨ ਦੀ ਰੋਟੀ ਮੈਂ ਹੀ ਹਾਂ,
ਸਵਰਗ ਤੋਂ ਉੱਤਰ ਆਇਆ ਹਾਂ,
ਮੇਰਾ ਬਦਨ, ਸੱਚਾ ਭੋਜਨ,
ਭੁੱਖੇ ਕਦੀ ਨਾ ਰਹੋ,
ਮੇਰਾ ਲਹੂ, ਜੀਵਨ ਦੀ ਰੂਹ,
ਤਿਹਾਏ ਕਦੀ ਨਾ ਰਹੋ।2. ਰੋਟੀ ਇਹ ਜੋ ਖਾਵੇਗਾ,
ਜੀਵਨ ਅਬਦੀ ਉਹ ਪਾਵੇਗਾ,
ਆਮ ਨਾਸ਼ਵਾਨ ਭੋਜਨ ਲਈ,
ਨਾ ਕਦੀ ਭੱਜੇ ਫਿਰੋ,
ਜੀਵਨ ਦੀ ਰੋਟੀ ਲਈ,
ਨਿੱਤ ਮਿਹਨਤ ਕਰੋ। -
ਮੇਰੇ ਦਿਲ ਵਿੱਚ ਆ ਕੇ ਵੱਸ ਜਾ,
ਮੈਨੂੰ ਆਪਣਾ ਬਣਾ ਲੈ ਮੇਰੇ ਸ਼ਾਫ਼ੀਆ,
ਮੇਰੇ ਦਿਲ ਵਿੱਚ ਆ, ਮੈਨੂੰ ਆਪਣਾ ਬਣਾ,
ਤੇਰੇ ਨਾਲ ਹੋ ਜਾਵੇਗੀ ਮੇਰੀ ਸਾਂਝ।1. ਵਾਇਦਾ ਹੈ ਤੇਰਾ ਇਹ ਪ੍ਰਭੂ
ਰੋਟੀ ਹਾਂ ਮੈਂ ਜੀਵਨ ਦੀ,
ਖਾਂਦਾ ਹੈ ਉਹ ਜਿਹੜਾ ਮੈਨੂੰ,
ਮਿਲਦੀ ਹੈ ਅਬਦੀ ਜ਼ਿੰਦਗੀ।
ਮੈਨੂੰ ਰੋਟੀ ਖੁਆ, ਮੈਨੂੰ ਜ਼ਿੰਦਗੀ ਦਵਾ,
ਤੇਰੇ ਲੇਖੇ ਲਾ ਦਿੱਤੀ ਮੈਂ ਮੇਰੀ ਜਾਨ।2. ਨਵੇਂ ਨੇਮ ਦਾ ਹੈ,
ਯਿਸੂ ਤੇਰਾ ਪਾਕ ਲਹੂ,
ਧੋ ਦੇਂਦਾ ਸਭ ਗ਼ੁਨਾਹਾਂ ਨੂੰ,
ਯਿਸੂ ਤੇਰਾ ਪਾਕ ਲਹੂ।
ਮੇਰੇ ਪਾਪ ਮਿਟਾ, ਮੈਨੂੰ ਸ਼ਕਤੀ ਦਵਾ,
ਮੇਰਾ ਦਿਲ ਹੋਵੇ ਸ਼ੁੱਧ ਸਦਾ।3. ਮੇਰੀ ਇਹੋ ਹੈ ਦੁਆ,
ਜੁੜਿਆ ਰਹਾਂ ਤੇਰੇ ਨਾਲ ਸਦਾ,
ਕਦੇ ਨਾ ਤੇਥੋਂ ਦੂਰ ਜਾਵਾਂ,
ਸੁੱਖ–ਦੁੱਖ ਵਿੱਚ ਤੇਰੇ ਕੋਲ ਆਵਾਂ।
ਤੇਰੇ ਨਾਲ ਮੈਂ ਜੁੜਾਂ, ਤੇਰਾ ਸ਼ੁਕਰ ਕਰਾਂ,
ਵਿਸ਼ਵਾਸ ਵਿੱਚ ਬਣਿਆ ਰਹਾਂ।4. ਤੂੰ ਤੇ ਅਚਰਜ ਕੰਮ ਹੈਂ ਕਰਦਾ,
ਸਭ ਨੂੰ ਬਰਕਤਾਂ ਨਾਲ ਹੈਂ ਭਰਦਾ,
ਤੇਰੇ ਅੱਗੇ ਮੇਰੀ ਇਹ ਫਰਿਆਦ,
ਦਿਲ ਵਿੱਚ ਤੂੰ ਹੈਂ ਇਹ ਰੱਖਾਂ ਸਦਾ ਯਾਦ।
ਯਿਸੂ ਤੂੰ ਹੈਂ ਮੇਰਾ ਦੋਸਤ,
ਪ੍ਰਭੂ ਤੂੰ ਹੈ ਮੇਰਾ ਪਿਆਰ,
ਜੋ ਹੈ ਮੇਰਾ ਉਹ ਸਭ ਹੈ ਤੇਰਾ। -
ਜ਼ਿੰਦਗੀ ਦੀ ਰੋਟੀ ਮੇਰਾ
ਸ਼ਾਫ਼ੀ ਸੂਲੀ ਵਾਲਾ ਹੈ,
ਦੇ ਕੇ ਬਲੀਦਾਨ ਜਿੰਨ੍ਹੇ,
ਪਾਪਾਂ ਤੋਂ ਬਚਾਇਆ ਹੈ।1. ਪਿਆਰ ਜੋ ਵਿਖਾਇਆ ਓਹਨੇ,
ਜੱਗ ਤੋਂ ਇਲਾਹੀ ਏ,
ਖੂਨ ਜੋ ਵਹਾਇਆ ਓਹਨੇ,
ਦਿੰਦਾ ਇਹ ਗਵਾਹੀ ਏ,
ਜਾਨ ਜਿੰਨ੍ਹੇ ਵਾਰੀ ਮੇਰਾ ਸੱਚਾ ਰਖਵਾਲਾ ਹੈ।2. ਵੱਸ ਜਾਂਦਾ ਦਿਲਾਂ ਵਿੱਚ,
ਪਾਕ ਰੋਟੀ ਬਣਕੇ,
ਦੇ ਦਿੰਦਾ ਨਵਾਂ ਜੀਵਨ,
ਪਾਕ ਲਹੂ ਬਣਕੇ,
ਮੁਕਤੀ ਮੇਰੀ ਲਈ ਜਾਨ ਵਾਰਨ ਵਾਲਾ ਹੈ।3. ਟੁੱਟੇ ਦਿਲਾਂ ਵਾਲਿਆਂ ਦਾ,
ਯਿਸੂ ਹੀ ਸਹਾਰਾ ਏ,
ਪਿਆਰ ਕਰੇ ਸਭ ਨੂੰ,
ਉਹ ਸਭ ਦਾ ਪਿਆਰਾ ਏ,
ਯਾਰੀ ਲਾ ਕੇ ਤੋੜ ਨਿਭਾਉਣ ਵਾਲਾ ਹੈ।4. ਖਾਵੇ ਜੋ ਬਦਨ ਉਹਦਾ,
ਜ਼ਿੰਦਗੀ ਉਹ ਪਾਂਵਦਾ,
ਪੀਵੇ ਜੋ ਪਿਆਲੇ ਵਿੱਚੋਂ,
ਪਿਆਸ ਬੁਝਾਂਵਦਾ,
ਦਿਲਾਂ ਦੀਆਂ ਰੂ-ਬਰੂ ਜਾਨਣ ਵਾਲਾ ਹੈ। -
ਰੰਗ ਦੇ ਯਿਸੂ ਰੰਗ ਦੇ, ਆਪਣੇ ਲਹੂ ਦੇ ਨਾਲ।
1. ਪਾਪਾਂ ਦਿਆਂ ਮਰਜ਼ਾਂ ਦਾ ਯਿਸੂ ਹੀ ਤਬੀਬ ਏ,
ਮੁਕਤੀ ਦੀ ਰਾਹ ਬਣੀ ਯਿਸੂ ਦੀ ਸਲੀਬ ਏ,
ਜ਼ਿੰਦਗੀ ਦੇ ਰੰਗ ਦੇ ਨਾਲ।2. ਮੇਰਿਆਂ ਗੁਨਾਹਾਂ ਲਈ ਯਿਸੂ ਲਹੂ ਡੋਲ੍ਹਿਆ,
ਸੂਲੀ ਉੱਤੇ ਜਾਨ ਦੇ ਕੇ ਜੰਨਤਾਂ ਨੂੰ ਖੋਲ੍ਹਿਆ,
ਆਪਣੇ ਜ਼ੋਰ ਦੇ ਨਾਲ।3. ਯਿਸੂ ਤੇਰੇ ਲਹੂ ਨਾਲ ਮਨ ਅੱਜ ਰੰਗਣਾ,
ਨਾਂ ਤੇਰਾ ਜੱਪਣਾ ਤੇ ਅਸਾਂ ਨਹੀਂਓਂ ਸੰਗਣਾ,
ਅੱਜ ਰੂਹ ਦੇ ਮੱਸਾਹ ਦੇ ਨਾਲ। -
ਆਓ ਸਾਰੇ ਖਾਓ, ਇਸ ਰੋਟੀ ਨੂੰ,
ਆਓ ਸਾਰੇ ਪੀਓ ਇਸ ਪਿਆਲੇ ਨੂੰ,
ਯਿਸੂ ਸਭ ਨੂੰ ਬੁਲਾਵੇ, ਪਿਆਰ ਆਪਣਾ ਵਿਖਾਵੇ,
ਉਹਦੇ ਪਿਆਰ ਵਿੱਚ ਤਨ ਮਨ ਰੰਗ ਲਓ।1. ‘‘ਸਵਰਗਾਂ ਤੋਂ ਉਤਰੀ ਰੋਟੀ ਮੈਂ ਹਾਂ’’,
ਯਿਸੂ ਮਸੀਹ ਦਾ ਕਹਿਣਾ,
‘‘ਜਿਹੜਾ ਮੇਰਾ ਬਦਨ ਖਾਵੇ, ਰਹਿਮ ਫ਼ਜ਼ਲ ਪਾਵੇ’’,
ਯਿਸੂ ਮਸੀਹ ਦਾ ਕਹਿਣਾ।
ਪਾਪ ਛੱਡ ਕੇ ਤੂੰ ਆ ਜਾ, ਮੁਕਤੀ ਯਿਸੂ ਕੋਲੋਂ ਪਾ ਜਾ,
ਉਹਦੇ ਪਿਆਰ ਵਿੱਚ ਤਨ ਮਨ ਰੰਗ ਲਓ।2. ਦੁੱਖਾਂ ਤੇ ਬਿਮਾਰੀਆਂ ਨੂੰ, ਦਿਲ ਵਿੱਚੋਂ ਕੱਢ ਕੇ,
ਰੂਹ ਨੂੰ ਪਾਕ ਬਣਾਉਂਦਾ,
ਖਾਂਦਾ ਜੋ ਵੀ ਯਿਸੂ ਦੇ ਬਦਨ ਨੂੰ ਅਨੰਤ ਜੀਵਨ ਪਾਉਂਦਾ।
ਪਾਪ ਛੱਡ ਕੇ ਤੂੰ ਆ ਜਾ, ਮੁਕਤੀ ਯਿਸੂ ਕੋਲੋਂ ਪਾ ਜਾ,
ਉਹਦੇ ਪਿਆਰ ਵਿੱਚ ਤਨ ਮਨ ਰੰਗ ਲਓ। -
ਮੇਰੇ ਦਿਲ ਵਿੱਚ ਆ ਜਾ, ਮੇਰੇ ਯਿਸੂ ਰਾਜਾ
ਇਸ ਮੇਲ ਦੇ ਸਦਕੇ, ਮੇਰੇ ਨਾਲ ਸਮਾ ਜਾ
ਤੇਥੋਂ ਵੱਖ ਹੋ ਕੇ, ਮੈਂ ਤੇ ਮਰਦਾ ਜਾਵਾਂ।1. ਹਰ ਇੱਕ ਪਾਪੀ ਨੂੰ, ਯਿਸੂ ਕੋਲ ਬੁਲਾਵੇ
ਜਿਹੜੇ ਡਿੱਗ ਪੈਂਦੇ ਨੇ, ਚੁੱਕ ਸੀਨੇ ਲਾਵੇ
ਸਾਨੂੰ ਪਾਕ ਸੰਦੂਕੋਂ, ਉਹ ਮਾਰੇ ਵਾਜਾਂ।2. ਮੇਰੀ ਹੀ ਖ਼ਾਤਿਰ, ਯਿਸੂ ਸੀ ਮਰਿਆ,
ਮੇਰੇ ਪਾਪਾਂ ਕਰਕੇ, ਸੀ ਸੂਲੀ ਚੜ੍ਹਿਆ
ਤੇਰੇ ਪਿਆਰ ਨੂੰ ਮੈਂ ਤੇ, ਕਦੀ ਭੁੱਲ ਨਾ ਜਾਵਾਂ।3. ਯਿਸੂ ਕਿਰਪਾ ਕਰ ਦੇ, ਮੇਰੀ ਝੋਲੀ ਭਰ ਦੇ,
ਇਸ ਜਿੰਦ ਨਿਮਾਣੀ ਨੂੰ, ਕਾਮਿਲ ਕਰ ਦੇ,
ਤੈਨੂੰ ਪਾਉਣ ਦੇ ਲਈ, ਕਾਬਿਲ ਹੋ ਜਾਵਾਂ