ਪਾਕ ਹਫ਼ਤਾ | Holy Week

ਇਹ ਭਜਨ ਮਾਲਾ ਦਾ ਅਠਵਾਂ ਹਿੱਸਾ ਹੈ। ਇਸ ਵਿੱਚ ਪਾਕ ਹਫ਼ਤੇ ਵਿੱਚ ਗਾਏ ਜਾਣ ਵਾਲੇ ਭਜਨਾਂ ਨੂੰ ਜੋੜਿਆ ਗਿਆ ਹੈ। ਇਹ ਪ੍ਰਭੂ ਯਿਸੂ ਦੇ ਸਲੀਬ ਉੱਤੇ ਸਾਡੇ ਲਈ ਜਾਨ ਕੁਰਬਾਨ ਕਰਨ ’ਤੇ ਆਧਾਰਿਤ ਹਨ।


  • ---

    ਜਿਵੇਂ ਤੁਹਾਨੂੰ ਪਿਆਰ ਮੈਂ ਕੀਤਾ,
    ਕਰੋ ਤੁਸੀਂ ਵੀ, ਇੱਕ ਦੂਜੇ ਨਾਲ,
    ਆਖਰੀ ਖਾਣੇ ਦੇ ਵੇਲੇ ਯਿਸੂ,
    ਆਪਣੇ ਰਸੂਲਾਂ ਨੂੰ ਦਿੱਤੀ ਆਗਿਆ।

    1. ਵੇਖੋ ਪ੍ਰਭੂ ਆਪਣੇ ਚੇਲਿਆਂ ਦੇ,
    ਪੈਰਾਂ ਨੂੰ ਧੋਂਦਾ, ਪਿਆਰ ਨਾਲ ਚੁੰਮਦਾ,
    ਰੱਬ ਇਨਸਾਨ ਦਾ ਸੇਵਕ ਬਣਦਾ,
    ਦਿੰਦਾ ਨਮੂਨਾ ਦੁਨੀਆ ਨੂੰ ਪਿਆਰ ਦਾ।

    2. ਗੁਰੂ ਤੇ ਪ੍ਰਭੂ ਹੈ ਯਿਸੂ ਤੇਰਾ,
    ਹੈ ਉਸ ਤੋਂ ਬਗ਼ੈਰ, ਨਾ ਕੋਈ ਤੇਰਾ,
    ਮਸੀਹ ਨੂੰ ਪ੍ਰਭੂ ਮੰਨਣ ਵਾਲੇ,
    ਇੱਕ ਦੂਜੇ ਦੇ ਪੈਰਾਂ ਨੂੰ ਧੋ ਲੈ।

    3. ਜੀਵਨ, ਰਾਹ ਤੇ ਸੱਚਾਈ ਯਿਸੂ,
    ਇਸ ਦੁਨੀਆ ਦਾ ਚਾਨਣ ਵੀ ਯਿਸੂ,
    ਜੋ ਕੋਈ ਉਹਦੇ ਰਾਹ ’ਤੇ ਚੱਲਦਾ,
    ਉਹ ਅਪਨਾਦਾ ਜੀਵਨ ਖ਼ੁਸ਼ੀ ਦਾ।

  • ---

    ਮੈਂ ਨਹੀਂ ਯੋਗ ਯਿਸੂ ਜੀ ਇਹਦੇ,
    ਕਿਉਂ ਤੂੰ ਏਂ ਮੇਰੇ ਪੈਰ ਧੋ ਰਿਹਾ,
    ਇਹ ਤੇ ਹੱਕ ਹੈ ਮਸੀਹਾ ਜੀ ਮੇਰਾ,
    ਕਿਉਂ ਤੂੰ ਏਂ ਮੇਰਾ ਹੱਕ ਖੋਹ ਰਿਹਾ।

    1. ਇਸਦਾ ਮੈਂ ਕਿਵੇਂ ਬਦਲਾ ਚੁਕਾਣਾ,
    ਅਗਲੇ ਜਹਾਂ ਤੈਨੂੰ ਮੈਂ ਜਦ ਪਾਉਣਾ,
    ਮੇਰਾ ਹੋ ਚਿਹਰਾ ਲੁਕ–ਲੁਕ ਰੋ ਰਿਹਾ।

    2. ਸਾਨੂੰ ਤੂੰ ਏ ਪਿਆਰ ਸਿਖਾਵੇਂ,
    ਸਭ ਨੂੰ ਸਵਰਗ ਦੀ ਰਾਹ ਵਿਖਾਵੇਂ,
    ਸਾਡੀ ਪਾਪਾਂ ਵਾਲੀ ਪੰਡ ਜੋ ਤੂੰ ਢੋਅ ਰਿਹਾ।

    3. ਦੁੱਖ ਸਾਡੇ ਤੂੰ ਆਪਣੇ ਬਣਾ ਕੇ,
    ਸਭ ਦਾ ਭਾਰੀ ਬੋਝ ਉਠਾਕੇ,
    ਸਭ ਦੇ ਹੀ ਦਿਲ ਨੂੰ ਤੂੰ ਏਂ ਮੋਹ ਲਿਆ।

  • ---

    1. ਚੁੱਕ ਕੇ ਸਲੀਬ ਤੁਰਿਆ,
    ਯਿਸੂ ਦਾ ਪਿਆਰ ਵੇਖੋ,
    ਸਾਡੇ ਗੁਨਾਹਾਂ ਬਦਲੇ,
    ਦਿੱਤੀ ਜਾਨ ਵਾਰ ਵੇਖੋ।

    2. ਗ਼ਮ ਉਸ ਸਾਡੇ ਸਾਰੇ,
    ਚੁੱਕ ਲਏ ਮੋਢਿਆਂ ’ਤੇ,
    ਐਸਾ ਨਾ ਹੋਰ ਕੋਈ,
    ਸਾਡਾ ਗ਼ਮਖ਼ਾਰ ਵੇਖੋ।

    3. ਕੰਡਿਆਂ ਦਾ ਤਾਜ ਪਾ ਕੇ,
    ਕਲਵਰੀ ਵੱਲ ਉਹ ਤੁਰਿਆ,
    ਡਿੱਗ ਕੇ ਸੀ ਫਿਰ ਉੱਠਿਆ,
    ਕਿੰਨੀ ਉਹ ਵਾਰ ਵੇਖੋ।

    4. ਸਾਨੂੰ ਬਚਾਉਣ ਬਦਲੇ,
    ਯਿਸੂ ਨੇ ਜਾਨ ਵਾਰੀ,
    ਹੈ ਕੋਈ ਹੋਰ ਜੱਗ ’ਤੇ,
    ਐਸਾ ਦਿਲਦਾਰ ਵੇਖੋ।

    5. ਆਉ ਅਸੀਂ ਵੀ ਚੁੱਕੀਏ,
    ਆਪਣੀ ਸਲੀਬ ਸਾਰੇ,
    ਦੇਵੇਗਾ ਆਸਰਾ ਉਹ,
    ਸਾਨੂੰ ਹਰ ਵਾਰ ਵੇਖੋ।

  • ---

    ਯਿਸੂ ਅੱਜ ਤੁਰ ਪਿਆ,
    ਰਾਹ ਕਲਵਰੀ ਨੂੰ,
    ਸਾਡਿਆਂ ਗੁਨਾਹਾਂ ਦੇ ਲਈ
    ਚੁੱਕ ਲਿਆ ਸੂਲੀ ਨੂੰ।

    1. ਲਥ–ਪਥ ਖੂਨ ਤੋਂ ਹੁੰਦਾ ਜਾਵੇ,
    ਫਿਰ ਵੀ ਹਿੰਮਤ ਹਾਰੇ ਨਾ,
    ਭਾਰ ਵੰਡਾਉਣ ਦੇ ਲਈ ਆਪਣਾ,
    ਆਵਾਜ਼ ਕਿਸੇ ਨੂੰ ਮਾਰੇ ਨਾ,
    ਆਪਣੇ ਬਚਾਵੇ ਦੇ ਲਈ
    ਖੋਲ੍ਹਿਆ ਨਾ ਬੋਲੀ ਨੂੰ,
    ਸਾਡਿਆਂ ਗੁਨਾਹਾਂ ਦੇ ਲਈ
    ਚੁੱਕ ਲਿਆ ਸੂਲੀ ਨੂੰ।

    2. ਨਾਲ ਜੀਆਂਗੇ ਨਾਲ ਮਰਾਂਗੇ,
    ਕੱਲ੍ਹ ਤਕ ਉਸਨੂੰ ਕਹਿੰਦੇ ਸੀ ਜਿਹੜੇ,
    ਛੱਡ ਗਏ ਨੇ ਅੱਜ ਸਾਥ ਉਹਦਾ,
    ਰਹਿੰਦੇ ਸੀ ਜਿਹੜੇ ਹਰ ਪਲ ਨੇੜੇ,
    ਯਿਸੂ ਤੁਰ ਪਿਆ, ਚੁੱਕਿਆ ਸੀ ਸੂਲੀ ਨੂੰ,
    ਸਾਡਿਆਂ ਗੁਨਾਹਾਂ ਦੇ ਲਈ
    ਚੁੱਕ ਲਿਆ ਸੂਲੀ ਨੂੰ।

    3. ਬਣਿਆ ਹਲੀਮ ਸੀ ਸਾਡੀ ਖਾਤਿਰ,
    ਪਾ ਲਿਆ ਤਾਜ ਉਸਨੇ ਕੰਡਿਆਂ ਦਾ,
    ਚੁੱਕ ਲਿਆ ਭਾਰ ਉਹਨੇ ਆਪਣੇ ਉੱਤੇ,
    ਸਾਰੇ ਪਾਪੀ ਬੰਦਿਆਂ ਦਾ,
    ਟਾਲ ਉਹਨੇ ਦਿੱਤਾ ਸਾਡੇ
    ਉੱਤੋਂ ਇਸ ਹੋਣੀ ਨੂੰ,
    ਸਾਡਿਆਂ ਗੁਨਾਹਾਂ ਦੇ ਲਈ
    ਚੁੱਕ ਲਿਆ ਸੂਲੀ ਨੂੰ।

  • ---

    ਹੱਥ ਫੜ੍ਹ ਕੇ ਕਲਮ ਸਲੀਬ ਦੀ,
    ਇਹ ਕੌਣ ਹਵਾ ਵਿੱਚ ਲਿਖਦਾ ਏ,
    ਪੁੱਤਰ ਦੇ ਲਹੂ ਵਿੱਚ ਡੁੱਬ ਕੇ,
    ਖ਼ੁਦਾ ਪਾਕ ਜ਼ਮੀਨ ’ਤੇ ਲਿਖਦਾ ਏ।

    1. ਉਹ ਆਪਣਾ ਅਰਸ਼ ਆਦਮੀ ਦੇ ਲਈ ਛੱਡ ਆਇਆ,
    ਤੇ ਇਸ਼ਕ ਆਦਮੀ ਦੇ ਦਰ–ਦਰ ’ਤੇ ਫਿਰਵਾਇਆ,
    ਗੁਆਚੇ ਨਾਲੇ ਰੁੱਸੇ ਨੂੰ ਉਹ ਮਨਾਵਣ ਆਇਆ,
    ਹਰ ਆਦਮੀ ਦੇ ਉਹਨੂੰ ਥਾਂ–ਥਾਂ ’ਤੇ ਤੜਪਾਇਆ,
    ਕਿਸੇ ਨੇ ਉਹਦੀਆਂ ਗੱਲਾਂ ਤੇ ਕੋਈ ਨਾ ਕੰਨ ਲਾਇਆ,
    ਤੇ ਕਹਿੰਦੀ ਸਾਰੀ ਦੁਨੀਆ ਇਹ ਪਰ ਨਵੀਂ ਹੋਈ ਗੱਲ।

    2. ਜਦ ਸਿਰਕਾ ਪੀ ਕੇ ਕਿਹਾ ਯਿਸੂ,
    ਨਬੂਵਤਾਂ ਦਾ ਪੂਰਾ ਵਾਕ ਹੋਇਆ,
    ਪਸਲੀ ਵਿੱਚ ਨੇਜ਼ਾ ਲਾਇਆ,
    ਉਹਦੇ ਤੇ ਸਭ ਲੇਖਾ ਬੇਬਾਕ ਹੋਇਆ,
    ਅਸਮਾਨੋਂ ਅੱਥਰੂ ਡਿੱਗਦੇ ਸਨ,
    ਜਦੋਂ ਉਹ ਦੁਨੀਆ ’ਤੇ ਆਪ ਰੋਇਆ,
    ਘੋਰ ਹਨੇਰੀਆਂ ਛੁੱਟ ਪਈਆਂ,
    ਹੈਕਲ ਦਾ ਪਰਦਾ ਚਾਕ ਹੋਇਆ,
    ਹਿੱਲ ਗਈ ਜ਼ਮੀਨ ਭੁਚਾਲਾਂ ਨਾਲ,
    ਬਿਜਲੀ ਡਿੱਗਣ ਜਿਹਾ ਖੜਾਕ ਹੋਇਆ,
    ਦਿਵਾਨੇ ਵਾਂਗੂੰ ਮਸੀਹਾ ਨੇ ਸੜ
    ਸ਼ਮ੍ਹਾ ’ਤੇ ਦੱਸੀ ਪਿਆਰ ਦੀ ਗੱਲ।

  • ---

    ਐ ਯਰੂਸ਼ਲਮ ਦੀਓ ਬੇਟੀਓ,
    ਤੁਸੀਂ ਆਪਣੇ ਆਪ ’ਤੇ ਵੈਣ ਕਰੋ,
    ਗੁਨਾਹਗਾਰਾਂ ਨੂੰ ਜੰਮਣ ਵਾਲੀਓ,
    ਔਲਾਦ ਆਪਣੀ ’ਤੇ ਵੈਣ ਕਰੋ।

    1. ਉਹ ਦਿਨ ਵੀ ਇੱਥੇ ਆਉਣਗੇ,
    ਤੁਸਾਂ ਵੇਖੇ ਪਹਾੜਾਂ ਲੁਕਣਾ ਏੇਂ,
    ਸਾਨੂੰ ਆਪਣੇ ਹੇਠ ਛੁਪਾ ਛੱਡੋ,
    ਤੁਸਾਂ ਡਿੱਗਿਆ ਕੋਲੋਂ ਬਚਣਾ ਏਂ,
    ਤੁਸਾਂ ਜ਼ੁਲਮ ਤੇ ਪਾਪ ਕਮਾਏ ਨੇ,
    ਅਸਾਂ ਨਾਲ ਨਾ ਕੋਈ ਰਹਿਮ ਕਰੋ।

    2. ਉਹ ਰੋਜ਼ ਜਹਾਨ ’ਤੇ ਭਾਰ ਆਏ,
    ਉਸ ਰੋਜ਼ ਕਈਆਂ ਨੇ ਕਹਿਣਾ ਏਂ,
    ਜਿੰਨ੍ਹਾਂ ਜੰਮਿਆ ਦੁੱਧ ਪਿਲਾਇਆ ਨੇ,
    ਸ਼ਾਇਦ ਉਨ੍ਹਾਂ ਚੰਗਿਆ ਰਹਿਣਾ ਏਂ,
    ਅੱਗ ਹਰਿਆਂ ਦਰਖ਼ਤਾਂ ਨੂੰ ਲੱਗ ਗਈ ਏ,
    ਉਹਨਾਂ ਢੀਂਗਰਾਂ ਵੱਲ ਧਿਆਨ ਕਰੋ।

  • ---

    ਦੁੱਖਾਂ ਵਾਲੀ ਮਾਂ ਵੇਖੋ, ਕਲਵਰੀ ’ਤੇ ਰੋਂਦੀ ਏ,
    ਗ਼ਮ ਦੀਆਂ ਛਮਕਾਂ ’ਤੇ, ਅੱਥਰੂ ਪਰੋਂਦੀ ਏ।

    1. ਤੁਰ ਗਏ ਨੇ ਲੋਕੀ ਉਹਨੂੰ ਮਿੱਟੀ ਵਿੱਚ ਦੱਬ ਕੇ,
    ਲੁਕ ਗਏ ਤੂਫ਼ਾਨ ਕਿਵੇਂ ਜਿਵੇਂ ਵੱਜ–ਵੱਜ ਕੇ,
    ਵੱਖਰੀ ਇਹ ਰਾਤ ਪਰ ਜਿੰਦੜੀ ਲੁਕਾਈ ਏ,
    ਗ਼ਮ ਦੀਆਂ ਛਮਕਾਂ ’ਤੇ ਅੱਥਰੂ ਪਰੋਂਦੀ ਏ।

    2. ਕੁਝ ਮਾਤਾ ਹੋਸ਼ ਕਰ, ਚੱਲ ਘਰ ਚੱਲੀਏ,
    ਨੂਰ ਦੀ ਉਡੀਕ ਵਿੱਚ, ਬੈਠੀਏਂ ਇਕੱਲੀਏ,
    ਸੱਜਰੀਆਂ ਸ਼ਾਮਾਂ ਨੂੰ ਸਵੇਰ ਕਦੋਂ ਆਉਂਦੀ ਏ,
    ਗ਼ਮ ਦੀਆਂ ਛਮਕਾਂ ’ਤੇ ਅੱਥਰੂ ਪਰੋਂਦੀ ਏ।

  • ---

    ਹੱਥਾਂ ਪੈਰਾਂ ਵਿੱਚ ਕਿੱਲ,
    ਨੇਜ਼ਾ ਵਿਨ੍ਹਿਆ ਏ ਦਿਲ,
    ਯਿਸੂ ਪਿਆਰੇ,
    ਹਾਏ ਹਾਏ ਤੇਰੇ ਦੁੱਖ ਨੇ ਭਾਰੇ।

    1. ਤਾਜ ਕੰਡਿਆਂ ਦਾ ਸਿਰ ਉੱਤੇ ਧਰਿਆ,
    ਮਾਰਾਂ ਖਾਵਣ ਦਾ ਵੀ ਦੁੱਖ ਤੂੰ ਜਰਿਆ,
    ਦੁਸ਼ਮਣ ਬਣ–ਬਣ ਜਥੇ,
    ਮੂੰਹ ’ਤੇ ਮਾਰਨ ਧੱਫੇ ਤੈਨੂੰ ਸਾਰੇ,
    ਹਾਏ–ਹਾਏ ਤੇਰੇ ਦੁੱਖ ਨੇ ਭਾਰੇ।

    2. ਪੇਸ਼ੀ ਕੀਤੀ ਪਿਲਾਤੂਸ ਅੱਗੇ,
    ਝੂਠ ’ਤੇ ਝੂਠ ਮਾਰਨ ਲੱਗੇ,
    ਬੇਟਾ ਰੱਬ ਦਾ ਬਣਿਆ,
    ਕੰਨੀਂ ਆਪਣੀ ਸੁਣਿਆ ਕਹਿੰਦੇ ਸਾਰੇ,
    ਹਾਏ–ਹਾਏ ਤੇਰੇ ਦੁੱਖ ਨੇ ਭਾਰੇ।

    3. ਨਾਲ ਰੱਸੀਆਂ ਦੇ ਥੰਮ੍ਹ ਨਾਲ ਬੰਨ੍ਹਕੇ,
    ਕੱਪੜਾ ਅੱਖੀਆਂ ਦੋਵਾਂ ਉੱਤੇ ਬੰਨ੍ਹਕੇ,
    ਉਹ ਹੋ ਆਏ ਇਕੱਠੇ,
    ਤੈਨੂੰ ਕਰਨ ਠੱਠੇ, ਮਾਰਨ ਨਾਅਰੇ,
    ਹਾਏ–ਹਾਏ ਤੇਰੇ ਦੁੱਖ ਨੇ ਭਾਰੇ।

    4. ਭਾਰੀ ਸੂਲੀ ਮੋਢੇ ’ਤੇ ਚੁਕਾਂਦੇ,
    ਜ਼ਾਲਮ ਤਰਸ ਜ਼ਰਾ ਵੀ ਨਾ ਖਾਂਦੇ,
    ਸੂਲੀ ਚੁੱਕ ਕੇ ਜਾਵਣ,
    ਰਾਹ ਵਿੱਚ ਠੇਡੇ ਖਾਵਣ, ਗ਼ਮ ਦੇ ਮਾਰੇ,
    ਹਾਏ–ਹਾਏ ਤੇਰੇ ਦੁੱਖ ਨੇ ਭਾਰੇ।

  • ---

    ਇਸ ਜੱਗ ਵਿੱਚ ਨੇ ਬਥੇਰੀਆਂ ਮਾਂਵਾਂ,
    ਮੰਦੜੇ ਜਿੰਨ੍ਹਾਂ ਦੇ ਹਾਲ,
    ਮਾਂ ਮਰੀਅਮ ਦੀ ਤੇ ਅਜ਼ਬ ਕਹਾਣੀ,
    ਤੁਰ ਗਿਆ ਜਿਸਦਾ ਲਾਲ।

    1. ਪੁੱਤਰ ਉਹਦਾ ਫੜ੍ਹ ਕੇ ਲੈ ਗਏ ਵੈਰੀ,
    ਮੂੰਹੋਂ ਕੁਝ ਨਾ ਬੋਲੀ,
    ਉੱਚੀਆਂ ਸ਼ਾਨਾਂ ਵਾਲੀ ਮਾਂ,
    ਅੱਜ ਬਣ ਗਈ ਜਿਵੇਂ ਗੋਲੀ,
    ਬੁਕ–ਬੁਕ ਰੋਂਦੀ, ਪੇਸ਼ ਨਾ ਜਾਂਦੀ,
    ਹੋ ਗਈ ਹਾਲੋਂ ਬੇਹਾਲ।
    ਮਾਂ ਮਰੀਅਮ…

    2. ਭਿੱਜ ਗਿਆ ਪੱਲੜਾ ਹੰਝੂਆਂ ਦੇ ਨਾਲ,
    ਕੌਣ ਸੁਣੇ ਉਹਦੇ ਵੈਣ,
    ਚਾੜ੍ਹੋ ਸਲੀਬ ਉੱਤੇ ਯਿਸੂ ਨੂੰ,
    ਵੈਰੀ ਇਹੋ ਹੀ ਗੱਲ ਕਹਿਣ,
    ਵਾਂਗ ਨਿਮਾਣਿਆਂ ਰੋਂਦੀ ਰਹੀ,
    ਹੋਇਆ ਜ਼ੁਲਮ ਇਸ ਮਾਂ ਦੇ ਨਾਲ।
    ਮਾਂ ਮਰੀਅਮ…

    3. ਨਿਕਲ ਗਈਆਂ ਲੋਕੋ ਚੀਕਾਂ ਮਾਂ ਦੀਆਂ,
    ਪੁੱਤ ਜਦੋਂ ਸੂਲੀ ਚੜ੍ਹਿਆ,
    ਕੰਡਿਆਂ ਦਾ ਇੱਕ ਤਾਜ ਬਣਾ ਕੇ,
    ਸਿਰ ’ਤੇ ਜ਼ਾਲਿਮਾਂ ਧਾਰਿਆ,
    ਇਸ ਮਾਂ ਦੇ ਬਚੜੇ ਦੇ ਸਾਰੇ,
    ਲਹੂ ਨਾਲ ਭਿੱਜ ਗਏ ਵਾਲ।
    ਮਾਂ ਮਰੀਅਮ…

  • ---

    ਧੰਨ ਤੇਰਾ ਪਿਆਰ ਸ਼ਾਫ਼ੀਆ,
    ਮੋਢੇ ਚੁੱਕ ਕੇ ਸਲੀਬ ਵਿਖਾਈ,
    ਦੇ ਕੇ ਕੁਰਬਾਨੀ ਆਪਣੀ,
    ਸਾਨੂੰ ਪਾਪਾਂ ਤੋਂ ਨਜਾਤ ਦਿਲਾਈ।

    1. ਵੇਖ ਤੇਰਾ ਪਿਆਰ ਸ਼ਾਫ਼ੀਆ,
    ਸੰਗਤਾਂ ਟੁੱਟ ਕੇ ਤੇਰੇ ਦਰ ਆਈਆਂ,
    ਕੰਡਿਆਂ ਦੇ ਤਾਜ ਵਾਲਿਆ,
    ਅਸਾਂ ਅੱਖੀਆਂ ਤੇਰੇ ਵੱਲ ਲਾਈਆਂ,
    ਤੇਰੇ ਜਿਹਾ ਕੌਣ ਸ਼ਾਫ਼ੀਆ,
    ਤੈਨੂੰ ਮੰਨਦੀ ਹੈ ਸਾਰੀ ਲੋਕਾਈ।

    2. ਸਾਡਿਆਂ ਗੁਨਾਹਾਂ ਬਦਲੇ,
    ਸਿਰ ’ਤੇ ਕੰਡਿਆਂ ਦਾ ਤਾਜ ਸਜਾਇਆ,
    ਹਰ ਗ਼ਮ ਸਿਹਾ ਹੱਸਕੇ,
    ਨੇਜ਼ਾ ਵਿੱਚ ਪਸਲੀ ਦੇ ਖਾਇਆ,
    ਲੱਖਾਂ ਆਏ ਸਹਾਰਾ ਦੇਣ ਲਈ,
    ਕਿਸੇ ਐਸੀ ਨਾ ਪ੍ਰੀਤ ਨਿਭਾਈ।

    3. ਲਿਖਿਆ ਕਲਾਮ ਅੰਦਰ,
    ਤੂੰ ਹੀ ਏਂ ਫਤਹਿ ਮੌਤ ’ਤੇ ਪਾਈ,
    ਮਰ ਕੇ ਤੂੰ ਜੀ ਉੱਠਿਆ,
    ਸਾਨੂੰ ਰਾਹ-ਏ-ਨਜਾਤ ਦਿਲਾਈ,
    ਤੇਰੀ ਗੱਲ ਨਹੀਂਓਂ ਟਲਣੀ,
    ਦੇਵੇ ਪਾਕ ਕਲਾਮ ਗਵਾਹੀ।

    4. ਪਾਪਾਂ ਤੋਂ ਨਜਾਤ ਲੱਭ ਗਈ,
    ਮੂੰਹੋਂ ਮੰਗੀਆਂ ਮੁਰਾਦਾਂ ਪਾਈਆਂ,
    ਅਸੀਂ ਤੇਰੇ ਹੋ ਗਏ ਦਿਲ ਤੋਂ,
    ਤੂੰ ਕੀਤੀਆਂ ਨੇ ਨੇਕ ਕਮਾਈਆਂ,
    ਤੇਰੇ ਬਾਝੋਂ ਯਿਸੂ ਪਿਆਰਿਆ,
    ਸਾਨੂੰ ਦੁਨੀਆ ਏ ਰਾਸ ਨਾ ਆਈ।

  • ---

    ਸਾਰੇ ਪਾਪੀਆਂ ਦੇ ਯਿਸੂ ਕੰਮ ਆਇਆ,
    ਦੁੱਖਾਂ ਦੀ ਸਲੀਬ ਚੁੱਕ ਕੇ,
    ਬੂਟਾ ਪਿਆਰ ਵਾਲਾ ਥਾਂ–ਥਾਂ ’ਤੇ ਲਾਇਆ,
    ਦੁੱਖਾਂ ਦੀ ਸਲੀਬ ਚੁੱਕ ਕੇ।

    1. ਗਿਰ–ਗਿਰ ਉੱਠਿਆ ਤੇ ਉੱਠ–ਉੱਠ ਗਿਰਿਆ,
    ਪਾਪੀਆਂ ਦੇ ਪਿਆਰ ਵਾਲੇ,
    ਕੌਲ ਤੋਂ ਨਾ ਫਿਰਿਆ,
    ਖੂਨ ਪਾਪੀਆਂ ਲਈ ਆਪਣਾ ਵਹਾਇਆ,
    ਦੁੱਖਾਂ ਦੀ ਸਲੀਬ ਚੁੱਕ ਕੇ।

    2. ਪੰਜੇ ਜ਼ਖ਼ਮ ਉਹ ਸਹਿ ਗਿਆ ਹੱਸਕੇ,
    ਹਰ ਪਾਪੀ ਦੇ ਮਨ ਵਿੱਚ ਵੱਸਕੇ,
    ਸਿਰ ਕੰਡਿਆਂ ਦਾ ਤਾਜ ਸਜਾਇਆ,
    ਦੁੱਖਾਂ ਦੀ ਸਲੀਬ ਚੁੱਕ ਕੇ।

    3. ਸਾਡੇ ਮਸੀਹਾ ਨਾਲ ਕੀ ਬੀਤੀ,
    ਦੁੱਖ ਬੜੇ ਝੱਲੇ ਪਰ ਸੀ ਨਹੀਂ ਕੀਤੀ,
    ਸੱਚੇ ਰੱਬ ਦਾ ਸੀ ਵਚਨ ਨਿਭਾਇਆ,
    ਦੁੱਖਾਂ ਦੀ ਸਲੀਬ ਚੁੱਕ ਕੇ।

    4. ਹੱਥਾਂ–ਪੈਰਾਂ ਵਿੱਚ ਕਿੱਲ ਠੁਕਵਾਏ,
    ਕੋੜੇ ਖਾਧੇ ਦਰਦ ਵਧਾਏ,
    ਨੇਜ਼ਾ ਵਿੱਚ ਪਸਲੀ ਦੇ ਖਾਇਆ,
    ਦੁੱਖਾਂ ਦੀ ਸਲੀਬ ਚੁੱਕ ਕੇ।

    5. ਰੱਬ ਵਾਲੇ ਕਈ ਜੱਗ ਵਿੱਚ ਆਏ,
    ਚੁੱਕ ਕੇ ਸਲੀਬ ਨਾ ਮੋਢੇ ਲਿਆਏ,
    ਆਖ਼ਿਰ ਸ਼ਾਫ਼ੀ ਹੀ ਸਾਡੇ ਕੰਮ ਆਇਆ,
    ਦੁੱਖਾਂ ਦੀ ਸਲੀਬ ਚੁੱਕ ਕੇ।

    6. ਸਾਡੇ ਨਾਲ ਐਸੀ ਪ੍ਰੀਤ ਨਿਭਾਈ,
    ਖੂਨ ਵਹਾ ਕੇ ਸਾਡੀ ਵਿਗੜੀ ਬਣਾਈ,
    ਸਾਨੂੰ ਆਪਣਾ ਬਣਾ ਕੇ ਬਚਾਇਆ,
    ਦੁੱਖਾਂ ਦੀ ਸਲੀਬ ਚੁੱਕ ਕੇ।

  • ---

    ਯਿਸੂ ਸੂਲੀ ਉੱਤੇ ਚੜ੍ਹ ਕੇ
    ਬਣਿਆ ਸ਼ਾਫ਼ੀ ਜੱਗ ਦਾ,
    ਲੱਗੇ ਹੱਥੀਂ–ਪੈਰੀਂ ਕਿੱਲ
    ਲਹੂ ਧਾਰੀ ਵਗਦਾ।

    1. ਯਹੂਦੇ ਇਹ ਕੀ ਪੜ੍ਹਾ ਲਈ ਪੱਟੀ,
    ਲੈ ਲਏ ਤੀਹ ਰੁਪਏ ਚੱਟੀ,
    ਯਹੂਦੇ ਇਹ ਕੀ ਖੱਟੀ–ਖੱਟੀ,
    ਫੜਾ ਕੇ ਸ਼ਾਫ਼ੀ ਜੱਗ ਦਾ।

    2. ਯਹੂਦੇ ਆਖਿਆ ਇਹ ਜ਼ੁਬਾਨੀ,
    ਪੱਕੀ ਦੱਸਾਂ ਮੈਂ ਨਿਸ਼ਾਨੀ,
    ਜਿਸ ਦੀ ਚੁੰਮਾਂ ਮੈਂ ਪੇਸ਼ਾਨੀ,
    ਉਹੋ ਸ਼ਾਫ਼ੀ ਜੱਗ ਦਾ।

    3. ਡਾਂਗਾਂ ਤੇ ਤਲਵਾਰਾਂ ਫੜ੍ਹ ਕੇ,
    ਜਾ ਕੇ ਗਤਸਮਨੀ ਵਿੱਚ ਵੜ ਕੇ,
    ਉੱਥੇ ਯਿਸੂ ਤਾਈਂ ਫੜ੍ਹ ਕੇ
    ਜਿਹੜਾ ਸ਼ਾਫ਼ੀ ਜੱਗ ਦਾ।

    4. ਗੈਰਤ ਪਤਰਸ ਦੇ ਮਨ ਆਈ,
    ਨੌਕਰ ’ਤੇ ਤਲਵਾਰ ਚਲਾਈ,
    ਮੈਂ ਤੇ ਅਸੂਲਾਂ ਦਾ ਸਰਦਾਰ,
    ਆਖੇ ਸ਼ਾਫ਼ੀ ਜੱਗ ਦਾ।

    5. ਪਤਰਸ ਬੰਦ ਕਰ ਤਲਵਾਰ,
    ਮੈਂ ਨਹੀਂ ਕਰਨਾ ਚਾਹੁੰਦਾ ਵਾਰ,
    ਮੈਂ ਤਾਂ ਅਸੂਲਾਂ ਦਾ ਸਰਦਾਰ,
    ਆਖੇ ਸ਼ਾਫ਼ੀ ਜੱਗ ਦਾ।

    6. ਮੇਰਾ ਬਾਪ ਬੜ੍ਹਾ ਬਲਹਾਰ,
    ਫੌਜਾਂ ਘੱਲੇ ਬੇਸ਼ੁਮਾਰ,
    ਸਾਰੇ ਲਸ਼ਕਰ ਦੇਵੇ ਮਾਰ,
    ਆਖੇ ਸ਼ਾਫ਼ੀ ਜੱਗ ਦਾ।

  • ---

    ਪ੍ਰਭੂ ਯਿਸੂ ਦੇ ਚਰਨਾਂ ’ਚ ਆ,
    ਨਜਾਤ ਉਸ ਤੋਂ ਪਾਉਣ ਬਦਲੇ,
    ਜਿੰਦ ਸੂਲੀ ਉੱਤੇ ਦਿੱਤੀ ਆ ਚੜ੍ਹਾ,
    ਸਾਡਿਆਂ ਗੁਨਾਹਾਂ ਬਦਲੇ।

    1. ਗਤਸਮਨੀ ਦੇ ਵਿੱਚ ਯਿਸੂ ਜਾ ਪਧਾਰਿਆ,
    ਚੇਲਿਆਂ ਦੇ ਨਾਲ ਸੀ ਨਮਾਜ਼ ਨੂੰ ਗੁਜ਼ਾਰਿਆ,
    ਉੱਥੇ ਵੈਰੀਆਂ ਦੇ ਹੱਥ ਗਿਆ ਆ,
    ਸਾਡਿਆਂ ਗੁਨਾਹਾਂ ਬਦਲੇ।

    2. ਜ਼ਾਲਮਾਂ ਨੇ ਉਹਦੇ ਨਾਲ ਕਹਿਰ ਸੀ ਗੁਜ਼ਾਰਿਆ,
    ਡਾਢਾ ਨੇਜ਼ਾ ਉਹਦੀ ਪਸਲੀ ਦੇ ਵਿੱਚ ਮਾਰਿਆ,
    ਹਾਏ ਉਹਦੇ ਮਾਰਿਆ,
    ਦਿੱਤਾ ਸੂਲੀ ’ਤੇ ਉਹਨੂੰ ਲਟਕਾ,
    ਸਾਡਿਆਂ ਗੁਨਾਹਾਂ ਬਦਲੇ।

    3. ਉਹਦੇ ਵੱਲ ਚੱਲ ਕੇ ਮਾਫ਼ੀ ਉਸ ਤੋਂ ਮੰਗੀਏ,
    ਖੂਨ ਉਹਦੇ ਨਾਲ ਚੋਲੇ ਆਪਣੇ ਨੂੰ ਰੰਗੀਏ,
    ਉਹਦੇ ਕਦਮਾਂ ’ਤੇ ਸਿਰ ਨੂੰ ਝੁਕਾ,
    ਨਜਾਤ ਉਸ ਤੋਂ ਪਾਉਣ ਬਦਲੇ।

  • ---

    ਕੰਡਿਆਂ ਦੇ ਤਾਜ ਵਾਲਿਆ,
    ਦੱਸ ਕਿਵੇਂ ਤੇਰਾ ਦਰਸ਼ਨ ਪਾਵਾਂ,
    ਸ਼ਾਫ਼ੀ ਤੇਰੇ ਪਿਆਰ ਸਦਕਾ,
    ਮਿੱਟੀ ਚੁੰਮ ਕੇ ਮੱਥੇ ਨੂੰ ਲਾਵਾਂ।

    1. ਮੋਢੇ ’ਤੇ ਸਲੀਬ ਚੁੱਕ ਕੇ,
    ਯਿਸੂ ਪਾਪਾਂ ਵਾਲਾ ਭਾਰ ਵੰਡਾਇਆ,
    ਡਿੱਗਦਾ ਤੇ ਠੇਡੇ ਖਾਂਵਦਾ,
    ਪਰ ਦਿਲ ਨਹੀਂ ਯਿਸੂ ਤਰਸਾਇਆ,
    ਛੇਤੀ ਨਾਲ ਯਿਸੂ ਆਖਦਾ,
    ਆ ਜਾਓ ਪਾਪੀਓ ਮੈਂ ਭਾਰ ਵੰਡਾਵਾਂ।

    2. ਇੱਕ ਡਾਕੂ ਮਿਹਣਾ ਮਾਰਿਆ,
    ਝੱਟ ਦੂਜਾ ਉਹਨੂੰ ਬੋਲ ਸੁਣਾਵੇ,
    ਪਾ ਰਹੇ ਹਾਂ ਫਲ਼ ਆਪਣਾ,
    ਉਹ ਤਾਂ ਬਿਨਾਂ ਗੁਨਾਹ ਤੋਂ ਸਜ਼ਾ ਪਾਵੇ,
    ਛੇਤੀ ਨਾਲ ਯਿਸੂ ਆਖਦਾ,
    ਆ ਜਾਓ ਰਸਤਾ ਸਵਰਗ ਦਾ ਵਿਖਾਵਾਂ।

    3. ਜ਼ਾਲਿਮਾਂ ਨੇ ਕੀਤਾ ਜ਼ਖ਼ਮੀ,
    ਕਿੱਲਾਂ ਨਾਲ ਮਾਰਕੇ ਹਥੌੜੇ,
    ਸੂਲੀ ਉੱਤੇ ਜਾਨ ਦੇ ਦਿੱਤੀ,
    ਕਿਹੜਾ ਲਿਖੀਆਂ ਖ਼ੁਦਾ ਦੀਆਂ ਮੋੜੇ,
    ਜੱਗ ’ਤੇ ਹਨੇਰਾ ਛਾ ਗਿਆ,
    ਪਈਆਂ ਰੋਂਦੀਆਂ ਪੁੱਤਾਂ ਦੀਆਂ ਮਾਵਾਂ।

  • ---

    ਸੂਲੀ ਚਾੜ੍ਹਿਆ ਵੇਖੋ ਜੀ, ਸੂਲੀ ਚਾੜ੍ਹਿਆ,
    ਮੇਰੇ ਬੇਗੁਨਾਹ ਸ਼ਾਫ਼ੀ ਨੂੰ ਸੂਲੀ ਚਾੜ੍ਹਿਆ,
    ਵੇਖੋ ਪਾਪੀਆਂ ਨੇ ਯਿਸੂ ਸੂਲੀ ਚਾੜ੍ਹਿਆ।

    1. ਮੰਗ ਲਿਆ ਪਿਲਾਤੂਸ ਤੋਂ ਬਰੱਬਾਅ ਨੂੰ,
    ਦੇਖੋ ਜ਼ਿੰਦਗੀ ਦਾ ਵਾਲੀ ਸੂਲੀ ਚਾੜ੍ਹਿਆ।

    2. ਠੱਠੇ ਕੀਤੇ ਨਾਲੇ ਮੂੰਹ ਉੱਤੇ ਥੁੱਕਿਆ,
    ਦਾੜ੍ਹੀ ਨੋਚੀ ਨੇਜ਼ਾ ਪਸਲੀ ’ਚ ਮਾਰਿਆ।

    3. ਤਾਜ ਕੰਡਿਆ ਦਾ ਸਿਰ ਉੱਤੇ ਰੱਖਿਆ,
    ਵੇਖੋ ਜ਼ਾਲਮਾਂ ਨੇ ਜ਼ੁਲਮ ਕਮਾ ਲਿਆ।

    4. ਯਿਸੂ ਸੂਲੀ ਚੁੱਕ ਆਪਣੇ ਅਜ਼ੀਜ਼ ਲਈ,
    ਉਹਦਾ ਰੱਬ ਨਾਲ ਮੇਲ ਕਰਾ ਲਿਆ।

  • ---

    ਪੰਜਾਂ ਜ਼ਖ਼ਮਾਂ ’ਚੋਂ ਖੂਨ ਮੇਰੇ ਲਈ ਵਹਾ ਗਿਆ,
    ਸੂਲੀ ਉੱਤੇ ਜਾਨ ਜਿਹੜਾ ਮੇਰੇ ਲਈ ਗਵਾ ਗਿਆ,
    ਉਹ ਹੈ ਮੇਰਾ ਯਿਸੂ, ਮੈਨੂੰ ਮੁਕਤੀ ਦਵਾ ਗਿਆ।

    1. ਗਤਸਮਨੀ ਦੇ ਵਿੱਚ ਬੈਠ ਪਿਆ ਸੋਚਦਾ,
    ਲੋਕ ਉਹਨੂੰ ਮਾਰਦੇ ਉਹ ਕਿਸੇ ਨੂੰ ਨਈਂ ਰੋਕਦਾ,
    ਖਾ–ਖਾ ਕੇ ਮਾਰਾਂ ਮੈਨੂੰ ਆਪਣਾ ਬਣਾ ਗਿਆ।

    2. ਮੋਢੇ ਉੱਤੇ ਚੁੱਕ ਭਾਰੀ ਸੂਲੀ ਜਦੋਂ ਤੁਰਿਆ,
    ਬਾਣਾ ਓਹਦਾ ਜ਼ਖ਼ਮੀ ਸਰੀਰ ਨਾਲ ਜੁੜਿਆ,
    ਕੰਡਿਆਂ ਦਾ ਤਾਜ ਸਿਰ ’ਤੇ ਮੇਰੇ ਲਈ ਪਵਾ ਗਿਆ।

    3. ਦੁਖੀ ਹਿਰਦੇ ਨਾਲ ਜਦੋਂ ਮਾਂ ਵੱਲ ਵੇਖਦਾ,
    ਯਾਦ ਕਰੇ ਪਲ ਜਦੋਂ ਛੋਟਾ ਹੁੰਦਾ ਖੇਡਦਾ,
    ਬਾਰ–ਬਾਰ ਡਿੱਗ ਠੇਡੇ ਮੇਰੇ ਲਈ ਉਹ ਖਾਂਦਾ।

    4. ਜ਼ਖ਼ਮਾ ’ਚੋਂ ਰਤ ਉਹਦੇ ਟਿਪ–ਟਿਪ ਡਿੱਗਦਾ,
    ਮਾਂ ਦਾ ਤਲਵਾਰ ਨਾਲ ਸੀਨਾ ਜਾਵੇ ਵਿੱਜਦਾ,
    ਮੇਰੇ ਲਈ ਉਹ ਨੇਜ਼ਾ ਪਸਲੀ ’ਚ ਮਰਵਾ ਗਿਆ।

    5. ਨਿੱਕੇ ਵੱਡੇ ਦੁੱਖ ਸਾਰੇ ਮੇਰੇ ਲਈ ਉਹ ਸਹਿ ਗਿਆ,
    ਉੱਠਾਂਗਾ ਜੀਅ ਤੀਜੇ ਦਿਨ ਸਾਰਿਆਂ ਨੂੰ ਕਹਿ ਗਿਆ,
    ਦੇ ਕੇ ਕੁਰਬਾਨੀ ਮੈਨੂੰ ਜ਼ਿੰਦਗੀ ਦਵਾ ਗਿਆ।

  • ---

    ਕਹਿ ਪਹਾੜੀ ਕਲਵਰੀ ਰੋਵੇ ਕੁਰਲਾਵੇ,
    ਦੁਨੀਆ ਲਈ ਪੁੱਤ ਰੱਬ ਦਾ ਸੂਲੀ ਚੜ੍ਹ ਜਾਵੇ।

    1. ਤਰਸ ਜ਼ਰਾ ਨਹੀਂ ਜ਼ਾਲਮਾਂ ਨੂੰ ਉਸ ’ਤੇ ਆਇਆ,
    ਤਾਜ ਪਰੁੱਚਾ ਕੰਡਿਆਂ ਦਾ ਸਿਰ ’ਤੇ ਪਾਇਆ,
    ਫਿਰ ਵੀ ਉਹਨਾਂ ਪਾਪੀਆਂ ਨੂੰ ਗਲ਼ ਨਾਲ ਲਾਵੇ।

    2. ਸੂਲੀ ਉੱਤੇ ਨਾਸਰੀ ਘੁੱਟ ਮੰਗਿਆ ਪਾਣੀ,
    ਰੱਜ–ਰੱਜ ਕਹਿਰ ਕਮਾਂਵਦੇ ਕੋਈ ਕਦਰ ਨਾ ਜਾਣੀ,
    ਫਿਰ ਵੀ ਉਹਨਾਂ ਪਾਪੀਆਂ ਨੂੰ ਗਲ਼ ਨਾਲ ਲਾਵੇ।

    3. ਧਰਤੀ ਅੰਬਰ ਡੋਲ ਗਏ ਪੱਥਰ ਦਿਲ ਰੋਏ,
    ਉੱਡਦੇ ਪੰਛੀ ਵੇਖਕੇ ਸੀ ਆਣ ਖਲੋਏ,
    ਬਹਿ ਗਏ ਫੜ੍ਹਕੇ ਕਾਲਜਾ ਕੋਈ ਪੇਸ਼ ਨਾ ਜਾਏ।

    4. ਦਮ ਯਿਸੂ ਨੇ ਦੇ ਦਿੱਤੇ ਹੋ ਗਿਆ ਹਨੇਰਾ,
    ਫਤਹਿ ਮੌਤ ’ਤੇ ਪਾ ਲਈ ਮਰੀਅਮ ਦੇ ਸ਼ੇਰਾ,
    ਕੁੱਲ ਜਹਾਨ ਪ੍ਰਭੂ ਤੇਰਾ ਜੱਸ ਗਾਵੇ।

  • ---

    ਹੱਥੀਂ ਕਾਨਾ ਜ਼ਾਲਮਾਂ ਦਿੱਤਾ,
    ਤਾਜ ਕੰਡਿਆਂ ਦਾ ਯਿਸੂ ਪਾਇਆ,
    ਖ਼ੂਨ ਪਸੀਨਾ ਬਣ-ਬਣ ਡਿੱਗਦਾ।

    1. ਸੂਲੀ ਚੁੱਕ ਮੋਢੇ ’ਤੇ,
    ਯਿਸੂ ਵੱਲ ਕਲਵਰੀ ਚੱਲਿਆ,
    ਮੂੰਹ ’ਤੇ ਥੁੱਕਦੇ ਨੇ,
    ਵਸ ਮਾਂ ਦਾ ਨਾ ਕੋਈ ਚੱਲਿਆ,
    ਡਿੱਗਦੇ ਨੂੰ ਕੋੜੇ ਮਾਰਦੇ,
    ਡਾਹਢਾ ਵੈਰੀਆਂ ਜ਼ੁਲਮ ਕਮਾਇਆ।

    2. ਅੱਖਾਂ ਭਰ ਹੰਝੂਆਂ ਨਾਲ,
    ਉਹਦੀ ਮਾਂ ਪਈ ਧਾਹਾਂ ਮਾਰੇ,
    ਚੰਡਾਂ ਮਾਰਦੇ ਨੇ ਉਹਨੂੰ
    ਦੇਣ ਸਲਾਮੀਆਂ ਸਾਰੇ,
    ਸਿਰ ਉੱਤੇ ਕਾਨੇ ਮਾਰਦੇ,
    ਦੁੱਖ ਮਾਂ ਨੇ ਝੋਲੀ ਵਿੱਚ ਪਾਇਆ।

    3. ਅਰਸ਼ਾਂ ’ਤੇ ਬਾਪ ਰੋ ਪਿਆ,
    ਜਦੋਂ ਰੋਈ ਧਰਤੀ ਉੱਤੇ ਮਾਈ,
    ਬੇਟਾ ਮੈਥੋਂ ਜੁਦਾ ਹੋ ਗਿਆ,
    ਕੰਬ ਗਈ ਹੈ ਸਾਰੀ ਖ਼ੁਦਾਈ,
    ਕਿੰਨਾ ਵੱਡਾ ਦੁੱਖ ਝੱਲ ਕੇ,
    ਜਿੱਤ ਮੌਤ ਸ਼ੈਤਾਨ ਉੱਤੇ ਪਾਈ।

  • ---

    ਮਾਤਾ ਮਰੀਅਮ ਪਿਆਰੀਏ,
    ਤੇਰਾ ਵਿਕ ਗਿਆ ਮਹਿੰਗਾ ਲਾਲ,
    ਮਾਂ ਤੇਰਾ ਵਿਕ ਗਿਆ ਮਹਿੰਗਾ ਲਾਲ।

    1. ਗਤਸਮਨੀ ਦੇ ਬਾਗ਼ ਵਿੱਚ
    ਜਦੋਂ ਦੁਸ਼ਮਣਾਂ ਲਿਆ ਘੇਰ,
    ਮਾਂ ਮਰੀਅਮ ਲਈ,
    ਹੋ ਗਿਆ ਅੱਜ ਦੋ ਜੱਗ ’ਤੇ ਹਨੇਰ,
    ਖ਼ਬਰ ਹੋਈ ਜਦ ਮਾਂ
    ਉਹਦਾ ਹੋ ਗਿਆ ਮੰਦੜਾ ਹਾਲ।

    2. ਸੂਲੀ ਦਾ ਭਾਰ ਬਹੁਤ ਸੀ,
    ਪਰ ਯਿਸੂ ਦੀ ਜਾਨ ਮਲੂਕ,
    ਵੈਰੀ ਕੋੜੇ ਮਾਰਦੇ
    ਜਿਹੜੇ ਕੀ–ਕੀ ਕਰਨ ਸਲੂਕ,
    ਖ਼ਬਰ ਹੋਈ ਜਦ ਮਾਂ ਨੂੰ
    ਉਹਦਾ ਹੋ ਗਿਆ ਮੰਦੜਾ ਹਾਲ।

  • ---

    ਬੋਲ ਸ਼ਮਾਊਨ ਵਾਲਾ,
    ਲੰਘਿਆ ਨਾ ਕੋਲ ਦੀ,
    ਅੱਖੀਆਂ ਦਾ ਨੀਰ ਮਰੀਅਮ,
    ਸੂਲੀ ਥੱਲੇ ਡੋਲ੍ਹਦੀ।

    1. ਪੁੱਛ ਦੀ ਪਛਾਉਂਦੀ ਜਾਂਦੀ
    ਕਲਵਰੀ ਦੇ ਰਾਹ ’ਤੇ,
    ਲਾਇਆ ਸੀ ਕਸੂਰ ਮੇਰੇ ਪੁੱਤ ਬੇ–ਗੁਨਾਹ ’ਤੇ,
    ਰੱਤ ਤੋਂ ਬਗ਼ੈਰ ਜਿੰਦ ਪੱਖੇ ਵਾਂਗੂੰ ਡੋਲਦੀ।

    2. ਚੜ੍ਹਕੇ ਸਲੀਬ ਯਿਸੂ ਪਾਣੀ ਘੁੱਟ ਮੰਗਿਆ,
    ਮਾਂ ਦੇ ਕਲੇਜੇ ਵਿੱਚ ਤੀਰ ਹੋ ਕੇ ਲੰਘਿਆ,
    ਮਰੀਅਮ ਬੇਹੋਸ਼ ਹੋਈ ਮੂੰਹੋਂ ਨਹੀਓਂ ਬੋਲਦੀ।

    3. ਚੰਦ ਨਾਲੋਂ ਸੋਹਣਾ ਮੁੱਖ ਰੱਬ ਨੇ ਬਣਾਇਆ ਸੀ,
    ਕਿੱਲਾਂ ਦਿਆਂ ਛੇਕਾਂ ਖੂਨ ਯਿਸੂ ਦਾ ਵਗਾਇਆ ਸੀ,
    ਪਾਰੇ ਵਾਂਗ ਜਿੰਦ ਮਾਂ ਦੀ ਜਾਵੇ ਅੱਜ ਡੋਲਦੀ।

    4. ਗੋਦੀ ਵਿੱਚ ਲੰਮੇ ਪਾ ਕੇ ਵਾਲ ਨੂੰ ਸੰਵਾਰਦੀ,
    ਹੌਲੀ–ਹੌਲੀ ਕੰਡਿਆਂ ਦਾ ਤਾਜ ਉਤਾਰਦੀ,
    ਮਰੀਅਮ ਬੇਹੋਸ਼ ਹੋਈ ਮੂੰਹੋਂ ਨਹੀਂਓਂ ਬੋਲਦੀ।

    5. ਸਭ ਕੁਝ ਪੂਰਾ ਹੋਇਆ ਯਿਸੂ ਨੇ ਪੁਕਾਰਿਆ,
    ਜਾਨ ਦਾ ਚੜ੍ਹਾਵਾ ਯਿਸੂ ਸੂਲੀ ਉੱਤੇ ਚਾੜ੍ਹਿਆ,
    ਰੱਤ ਤੋ ਬਗ਼ੈਰ ਜਿੰਦ ਪੱਖੇ ਵਾਂਗੂੰ ਡੋਲਦੀ।

  • ---

    ਨਿੱਤ ਦਿਲ ਵਿੱਚ ਰਹਿੰਦੀ ਉਹਦੀ ਯਾਦ ਪੁਰਾਣੀ,
    ਜਦੋਂ ਚੜ੍ਹਿਆ ਸੂਲੀ, ਮਹਿਬੂਬ ਰੂਬਾਨੀ।

    1. ਗਤਸਮਨੀ ਦੇ ਵਿੱਚੋਂ,
    ਉਹਨੂੰ ਲੈ ਗਏ ਫੜ੍ਹਕੇ,
    ਉਹਨੂੰ ਬੇਦੋਸ਼ੇ ਨੂੰ, ਸੰਗਲਾਂ ਨਾਲ ਜੜਕੇ,
    ਕੋਈ ਜਾਣ ਨਾ ਸਕਿਆ, ਉਹਦੀ ਪ੍ਰੇਮ ਕਹਾਣੀ।
    ਜਦੋਂ ਚੜ੍ਹਿਆ ਸੂਲੀ, ਮਹਿਬੂਬ ਰੂਬਾਨੀ।

    2. ਥੰਮ੍ਹ ਨਾਲ ਬੰਨ੍ਹ ਕੇ, ਕੋੜੇ ਨਾਲ ਕੁੱਟਦੇ,
    ਬੰਨ੍ਹ ਅੱਖਾਂ ਉਹਦੀਆਂ, ਚਿਹਰੇ ’ਤੇ ਥੁੱਕਦੇ,
    ਉਹਨਾਂ ਬੇਕਦਰਾਂ ਨੇ, ਉਹਦੀ ਕਦਰ ਨਾ ਜਾਣੀ।
    ਜਦੋਂ ਚੜ੍ਹਿਆ ਸੂਲੀ, ਮਹਿਬੂਬ ਰੂਬਾਨੀ।

    3. ਕਿੱਲਾਂ ਨਾਲ ਜੜ੍ਹ ਕੇ, ਉਹਨੂੰ ਸੂਲੀ ਟੰਗਿਆ ,
    ਮੂੰਹ ਸਿਰਕਾ ਲਾਉਂਦੇ, ਜਦੋਂ ਪਾਣੀ ਮੰਗਿਆ,
    ਨਾ ਦਿੱਤਾ ਕਿਸੇ ਉਹਨੂੰ, ਦੋ ਘੁੱਟ ਪਾਣੀ।
    ਜਦੋਂ ਚੜ੍ਹਿਆ ਸੂਲੀ, ਮਹਿਬੂਬ ਰੂਬਾਨੀ।

  • ---

    ਯਿਸੂ ਦਾ ਲਹੂ, ਕਮਾਲ ਕਰ ਦਿੰਦਾ ਏ,
    ਧੋ ਕੇ ਜਿੰਦ ਨੂੰ, ਬੇਮਿਸਾਲ ਕਰ ਦਿੰਦਾ ਏ।

    1. ਦਾਗ ਲੱਗੇ ਪਾਪਾਂ ਦੇ
    ਉਹ ਸਾਫ਼ ਕਰ ਦਿੰਦਾ ਏ,
    ਯਿਸੂ ਦੀ ਪਾਕੀਜ਼ਗੀ ਦੀ
    ਲੱਜ ਭਰ ਦਿੰਦਾ ਏ,
    ਪਾਕ ਰੂਹ ਉਹ ਆ ਕੇ,
    ਜਲਾਲ ਭਰ ਦਿੰਦਾ ਏ।

    2. ਜਿਹਦੇ ਉੱਤੇ ਰਹਿੰਦਾ ਏ,
    ਯਿਸੂ ਦਾ ਖੂਨ ਏ,
    ਉਹਨੂੰ ਨਾ ਕੋਈ ਖ਼ਤਰਾ,
    ਦਿਲ ’ਚ ਸਕੂਨ ਏ,
    ਸ਼ੈਤਾਨ ਦੇ ਹਮਲੇ, ਹਲਾਲ ਕਰ ਦਿੰਦਾ ਏ।

    3. ਪ੍ਰਭੂ ਇਸ ਲਹੂ ਤੋਂ, ਬਦਰੂਹਾਂ ਸਾਰੀਆਂ,
    ਕਰਦਾ ਖਤਮ ਉਹ ਲਹੂ,
    ਸਭੇ ਹੀ ਬਿਮਾਰੀਆਂ,
    ਕਰਦਾ ਰੂਹ ਨੂੰ, ਬਹਾਲ ਕਰ ਦਿੰਦਾ ਏ।

  • ---

    ਗਲ਼ ’ਚ ਸਲੀਬ ਹੈ,
    ਨਿਸ਼ਾਨੀ ਯਿਸੂ ਨਾਮ ਦੀ,
    ਫਤਹਿ ਹੋ ਸਲੀਬ ਦੀ,
    ਕੁਰਬਾਨੀ ਯਿਸੂ ਨਾਮ ਦੀ।

    1. ਧੋ ਕੇ ਲਹੂ ਨਾਲ,
    ਓਹਨੇ ਕੀਤਾ ਸਾਨੂੰ ਸਾਫ਼ ਏ,
    ਮੇਰੇ ਗੁਨਾਹ ਓਹਨੇ ਕੀਤੇ ਸਾਰੇ ਮਾਫ਼ ਨੇ,
    ਕਿੱਦਾਂ ਨਾ ਕਹਾਂ ਮੈਂ,
    ਮਿਹਰਬਾਨੀ ਯਿਸੂ ਨਾਮ ਦੀ।

    2. ਕੋਈ ਕੁਝ ਆਖੀ ਜਾਵੇ,
    ਮੰਦੀ ਹਾਂ ਜਾਂ ਚੰਗੀ ਹਾਂ,
    ਤਨੋ ਮਨੋ ਸਈਓ ਨੀ ਮੈਂ,
    ਉਹਦੇ ਰੰਗ ਰੰਗੀ ਹਾਂ,
    ਜੱਗ ਭਾਵੇਂ ਆਖੀ ਜਾਵੇ,
    ਮਸਤਾਨੀ ਯਿਸੂ ਨਾਮ ਦੀ।

    3. ਆਉਣ ਦੀਆਂ ਭਾਵੇਂ ਨਹੀਂਓ
    ਦੱਸਦਾ ਤਰੀਕਾਂ ਨੀ,
    ਦਿਨੇ ਰਾਤੀਂ ਰਹਿੰਦੀਆਂ ਨੇ
    ਓਹਦੀਆਂ ਉਡੀਕਾਂ ਨੀ,
    ਪੀ ਲਈ ਏ ਹੁਣ ਮੈਅ
    ਰੁਹਾਨੀ ਯਿਸੂ ਨਾਮ ਦੀ।

  • ---

    ਕੋੜੇ ਮਾਰਨ ਵਾਲਿਆ, ਛੇਤੀ-ਛੇਤੀ ਮਾਰ,
    ਇੱਕ ਇੱਕ ਪਲ ਹੈ ਕੀਮਤੀ, ਜਾਵੇ ਨਾ ਬੇਕਾਰ।

    1. ਤੇਰਾ ਕੰਮ ਹੈ ਮਾਰਨਾ,
    ਮੇਰਾ ਕੰਮ ਹੈ ਸਹਿਣਾ,
    ਮੈਂ ਹਾਂ ਲੇਲਾ ਦੋਸਤੋ,
    ਮੂੰਹੋਂ ਕੁਝ ਨਹੀਂ ਕਹਿਣਾ,
    ਇਹ ਹੈ ਤੇਰੀ ਨੌਕਰੀ,
    ਇਹ ਤੇਰਾ ਅਧਿਕਾਰ,
    ਕੋੜੇ ਮਾਰਨ ਵਾਲਿਆ,
    ਛੇਤੀ-ਛੇਤੀ ਮਾਰ।

    2. ਤੇਰੇ ਮੇਰੇ ਵਿੱਚ ਨੇ ਜੋ,
    ਮਿੱਟ ਜਾਵਣ ਅੱਜ ਦੂਰੀਆਂ,
    ਆ ਜਾ ਆਪਾਂ ਦੋਵੇਂ ਰਲ ਕੇ,
    ਲਿਖ਼ਤਾਂ ਕਰੀਏ ਪੂਰੀਆਂ,
    ਮੈਂ ਹਾਂ ਅਸਲੀ ਪਸਾਹ ਦਾ ਲੇਲਾ,
    ਤੂੰ ਤਿੱਖਾ ਹਥਿਆਰ,
    ਕੋੜੇ ਮਾਰਨ ਵਾਲਿਆ,
    ਜ਼ੋਰ-ਜ਼ੋਰ ਦੀ ਮਾਰ।

    3. ਮੇਰੀ ਪਿੱਠ ਵੱਲ ਵੇਖ ਕੇ,
    ਭਰ ਨਾ ਬੈਠੀ ਅੱਖਾਂ,
    ਇਸ ਤੋਂ ਪੜ੍ਹ-ਪੜ੍ਹ ਕੇ ਤੂੰ ਵੇਖੀਂ,
    ਜੀਵਨ ਬਚਣੇ ਲੱਖਾਂ,
    ਛਾਪ ਦੇ ਮੇਰੀ ਪਿੱਠ ਉੱਤੇ,
    ਮੁਕਤੀ ਦਾ ਅਖ਼ਬਾਰ,
    ਕੋੜੇ ਮਾਰਨ ਵਾਲਿਆ,
    ਛੇਤੀ-ਛੇਤੀ ਮਾਰ।

    4. ਹੱਲ ਵਾਹਦੇ ਤੂੰ ਹਾਲੀਆ,
    ਪੈਲ਼ੀ ਅੱਜ ਹੈ ਤੇਰੀ,
    ਇੰਨਾ ਡੂੰਘਾ ਵਾਹਦੇ ਹੱਡੀ,
    ਨਜ਼ਰ ਆ ਜਾਵੇ ਮੇਰੀ,
    ਇਸ ਪੈਲ਼ੀ ’ਚੋਂ ਖਾਵੇਗਾ,
    ਰੱਜ ਕੇ ਮੇਰਾ ਪਰਿਵਾਰ,
    ਥੱਪੜ ਮਾਰਨ ਵਾਲਿਆ,
    ਜ਼ੋਰ-ਜ਼ੋਰ ਦੀ ਮਾਰ।