ਪਾਸਕਾ | Easter
ਇਹ ਭਜਨ ਮਾਲਾ ਦਾ ਨੌਵਾਂ ਹਿੱਸਾ ਹੈ। ਇਸ ਵਿੱਚ ਪਾਸਕਾ ਦੇ ਪਵਿੱਤਰ ਤਿਓਹਾਰ ਸਮੇਂ ਗਾਏ ਜਾਣ ਵਾਲੇ ਭਜਨਾਂ ਨੂੰ ਜੋੜਿਆ ਗਿਆ ਹੈ। ਇਹ ਪ੍ਰਭੂ ਯਿਸੂ ਦੇ ਮੁੜ ਜੀਅ ਉੱਠਣ ’ਤੇ ਆਧਾਰਿਤ ਹਨ।
-
ਸੁਰਾਂ ਨੂੰ ਮਿਲਾ ਕੇ ਹਾਲੇਲੂਯਾਹ
ਗਾ ਕੇ ਪਾਸਕਾ ਮਨਾਣਾ।1. ਜ਼ਿੰਦਾ ਮਸੀਹਾ ਹੋਇਆ
ਹਾਲੇਲੂਯਾਹ ਆਖੋ ਸਾਰੇ,
ਡਿੱਗੇ ਸਿਪਾਹੀ ਸਭੇ
ਮੂੰਹ ਦੇ ਪਰਨੇ ਡਰਦੇ ਮਾਰੇ,
ਡਿੱਠਾ ਅਜ਼ਮਾ ਕੇ ਜ਼ੋਰ ਸਭ
ਲਾ ਕੇ ਸੱਚ ਨੂੰ ਛੁਪਾਣਾ।2. ਕਬਰ ਜਾ ਖਾਲੀ ਡਿੱਠੀ
ਮਰੀਅਮ ਪਿਛਾਂਹ ਨੂੰ ਜਾਂਦੀ,
ਜਾ ਕੇ ਯੂਹੰਨਾ ਨਾਲੇ ਪਤਰਸ
ਨੂੰ ਰੋ ਕੇ ਆਂਹਦੀ,
ਯਿਸੂ ਨੂੰ ਉਠਾ ਕੇ ਲੈ ਗਿਆ,
ਕੋਈ ਆ ਕੇ ਆਦਮੀ ਬੇਗ਼ਾਨਾ।3. ਮੌਤ ਉੱਤੇ ਫਤਹਿ ਪਾਈ
ਆਪਣੀ ਖ਼ੁਦਾਈ ਦੱਸੀ,
ਲਾਹ ਕੇ ਭੁਲੇਖਾ ਸਾਰਾ
ਕਾਮਲ ਸੱਚਿਆਈ ਦੱਸੀ,
ਹੈਕਲ ਨੂੰ ਢਾਹ ਕੇ ਫੇਰ ਉਹ
ਬਣਾ ਕੇ ਜੱਗ ਨੂੰ ਵਿਖਾਣਾ।4. ਆਓ ਤੇ ਜ਼ਿੰਦਾ ਹੋਏ
ਯਿਸੂ ਜੀ ਦੀ ਜੈ ਪੁਕਾਰੋ,
ਨਾਲ ਫਰਿਸ਼ਤਿਆਂ ਦੇ
ਖ਼ੁਸ਼ੀਆਂ ਦੇ ਨਾਅਰੇ ਮਾਰੋ,
ਸਿਰਾਂ ਨੂੰ ਨਿਵਾ ਕੇ ਮਨ ਚਿੱਤ
ਲਾ ਕੇ ਯਿਸੂ ਵੱਲ ਜਾਣਾ।5. ਆਓਗੇ, ਨਾ ਜਾਓਗੇ,
ਖਾਲੀ ਗ਼ੁਨਾਹਗਾਰੋ ਮੈਥੋਂ,
ਆਓ ਨਜਾਤ ਯਿਸੂ
ਕਹਿੰਦਾ ਲਓ ਬਿਮਾਰੋ ਮੈਥੋਂ,
ਮੇਰੇ ਕੋਲ ਆ ਕੇ, ਪਾਪ
ਬਖ਼ਸ਼ਾ ਕੇ ਰੂਹਾਂ ਨੂੰ ਬਚਾਣਾ। -
ਹਾਲੇਲੂਯਾਹ ਬੋਲੋ ਯਿਸੂ ਜ਼ਿੰਦਾ ਹੋ ਗਿਆ,
ਤੇ ਦੁਨੀਆ ਦਾ ਨਜਾਤ ਦਹਿੰਦਾ ਹੋ ਗਿਆ।1. ਪਾਪਾਂ ਤੋਂ ਬਚਾਉਣ ਯਿਸੂ ਆਇਆ ਜੱਗ ’ਤੇ,
ਤੇ ਆਣ ਕੇ ਉਠਾਏ ਉਸਨੇ ਪਾਪ ਸਭ ਦੇ।2. ਕੋੜੇ ਖਾਧੇ, ਤਾਜ ਕੰਡਿਆਂ ਦਾ ਪਾ ਲਿਆ,
ਤੇ ਸੂਲੀ ਉੱਤੇ ਮਰਦੇ ਡਾਕੂ ਨੂੰ ਬਚਾ ਲਿਆ।3. ਨੇਜ਼ਾ ਡਾਢਾ ਉਹਦੀ ਪਸਲੀ ਵਿੱਚ ਵੱਜਿਆ,
ਤੇ ਪਾਪ ਧੋਵਣ ਵਾਲਾ ਉਸ ਤੋਂ ਚਸ਼ਮਾ ਵਗਿਆ।4. ਉਹ ਜ਼ਿੰਦਾ ਹੋਇਆ ਮੌਤ ਤੇ ਕਬਰ ਨੂੰ ਜਿੱਤ ਕੇ,
ਤੇ ਚੜ੍ਹ ਗਿਆ ਅਸਮਾਨ ਬੈਠਾ ਸੱਜੇ ਹੱਥ ’ਤੇ।5. ਜੈ–ਜੈ ਬੋਲੋ ਮੋਮਨੋ ਮਨਾਓ ਈਦ ਨੂੰ,
ਤੇ ਦਿਲ ਵਿੱਚ ਰੱਖਿਓ ਯਿਸੂ ਦੀ ਦੀਦ ਨੂੰ। -
ਹੋ ਗਿਆ ਹੈਰਾਨ ਸਾਰਾ ਜੱਗ ਜਾਣਕੇ,
ਮੌਤ ਉੱਤੇ ਫਤਹਿ ਪਾਈ ਕਿਸ ਆਣਕੇ।1. ਮਰੀਅਮ ਮਗਦਲੀਨੀ ਜਦ ਗਈ ਦੀਦ ਨੂੰ,
ਜੀ ਪਿਆ ਹੈ ਯਿਸੂ ਗੱਲ ਦੱਸੀ ਆਣ ਕੇ।2. ਜੈ–ਜੈ ਬੋਲੋ ਯਿਸੂ ਅੱਜ ਜ਼ਿੰਦਾ ਹੋ ਗਿਆ,
ਕਰੋ ਵਡਿਆਈ ਓਹਦੀ ਸਭੇ ਆਣਕੇ।3. ਯਿਸੂ ਜਿਹਾ ਹੋਰ ਕੋਈ ਮਿਹਰਬਾਨ ਨਾ,
ਵੇਖ ਲਿਆ ਅਸੀਂ ਸਾਰਾ ਜੱਗ ਛਾਣਕੇ।4. ਆਓ ਸਾਰੇ ਰਲ ਯਿਸੂ ਦਰ ਚੱਲੀਏ,
ਕੀ ਲੈਣਾ ਪਾਪਾਂ ਵਾਲੀ ਖ਼ਾਕ ਛਾਣ ਕੇ। -
ਪਿਆਰ ਕਰੀ ਜਾ ਮਸੀਹ ਨੂੰ
ਪਿਆਰ ਕਰੀ ਜਾ,
ਉਹੋ ਹੈ ਮੁਕਤੀਦਾਤਾ
ਤੂੰ ਇਤਬਾਰ ਕਰੀ ਜਾ।1. ਮੋਇਆ ਸੀ ਸਾਡੇ ਵਾਸਤੇ,
ਸਾਡੇ ਲਈ ਜੀ ਪਿਆ,
ਉਹ ਮੌਤ ਪਿੱਛੋਂ ਜੀ ਪਿਆ,
ਇਕਰਾਰ ਕਰੀ ਜਾ।2. ਇਸ ਦਿਲ ’ਚ ਤੇਰੇ ਆਣ ਕੇ,
ਯਿਸੂ ਹੈ ਬੈਠਣਾ,
ਇਸ ਘਰ ਨੂੰ ਤੂੰ ਸਵਾਰ ਕੇ,
ਸ਼ਿੰਗਾਰ ਕਰੀ ਜਾ।3. ਚਾਵ੍ਹੇਂ ਜੇ ਤੂੰ ਬੰਦਿਆ,
ਮਸੀਹ ਦੀ ਦੀਦ ਨੂੰ,
ਪਾਪਾਂ ਤੋਂ ਤੌਬਾ ਆਣਕੇ,
ਇੱਕ ਵਾਰ ਕਰੀ ਜਾ। -
ਹਾਲੇਲੂਯਾਹ ਹਾਲੇਲੂਯਾਹ
ਆਖੋ ਸਾਰੇ ਜੀ, ਆਖੋ ਸਾਰੇ ਜੀ,
ਜ਼ਿੰਦਾ ਹੋਇਆ ਸਾਡਾ ਤੇ ਸ਼ਾਫ਼ੀ,
ਮਾਰੋ ਖ਼ੁਸ਼ੀਆਂ ਦੇ ਨਾਅਰੇ,
ਆਖੋ ਸਾਰੇ ਜੀ, ਆਖੋ ਸਾਰੇ ਜੀ।1. ਜੀ ਉੱਠਿਆ ਏ ਦੁਨੀਆ ਦਾ ਵਾਲੀ,
ਕਬਰ ਦਿਸੇ ਅੱਜ ਖ਼ਾਲਮ-ਖ਼ਾਲੀ,
ਡਲ੍ਹਕਾਂ ਮਰਨ ਤਾਰੇ,
ਆਖੋ ਸਾਰੇ ਜੀ, ਆਖੋ ਸਾਰੇ ਜੀ।2. ਮੌਤ ’ਤੇ ਯਿਸੂ ਨੇ ਫਤਹਿ ਹੈ ਪਾਈ,
ਦੱਸ ਦਿੱਤੀ ਉਸ ਆਪਣੀ ਖ਼ੁਦਾਈ,
ਵਿਗੜੇ ਕਾਜ ਸਵਾਰੇ,
ਆਖੋ ਸਾਰੇ ਜੀ, ਆਖੋ ਸਾਰੇ ਜੀ।3. ਖੁੱਲ੍ਹ ਗਏ ਬੂਹੇ ਬਹਿਸ਼ਤਾਂ ਵਾਲੇ,
ਲੋਕ ਜਲਾਲੀਆਂ ਸੀਸ ਨਿਵਾ ਲਏ,
ਸੂਰਜ ਲਾਟਾਂ ਮਾਰੇ,
ਆਖੋ ਸਾਰੇ ਜੀ, ਆਖੋ ਸਾਰੇ ਜੀ। -
ਤੁਰ ਗਿਆ ਯਿਸੂ ਕਬਰਾਂ ’ਚੋਂ ਉੱਠ ਕੇ,
ਜੀ ਪਿਆ ਉਹ ਸੱਚਮੁੱਚ ਮੌਤ ਜਿੱਤ ਕੇ।1. ਮੌਤ ਦਾ ਪਿਆਲਾ ਵੀ ਜ਼ਰੂਰ ਪੀਵਾਂਗਾ,
ਆਖਿਆ ਸੀ ਉਸ ਤੀਜੇ ਦਿਨ ਜੀਵਾਂਗਾ,
ਆਖਿਆ ਜੋ ਕਰ ਦਿੱਤਾ ਜਾਈਏ ਸਦਕੇ।
ਜੀ ਪਿਆ…2. ਤੀਜੇ ਦਿਨ ਤੜਕੇ ਸੀ ਨੂਰ ਛਾ ਗਿਆ,
ਰੱਬ ਵਲੋਂ ਘੱਲਿਆ ਸੀ ਦੂਤ ਆ ਗਿਆ,
ਭੁੱਲ ਗਏ ਹੋਸ਼ਾਂ ਪਹਿਰੇਦਾਰ ਤਕ ਕੇ।
ਜੀ ਪਿਆ…3. ਕੈਸੀ ਹੋਈ ਵੇਖੋ ਕਰਾਮਾਤ ਜੱਗ ’ਤੇ,
ਹੋ ਗਈ ਕਿੰਨੀ ਸੋਹਣੀ ਪ੍ਰਭਾਤ ਜੱਗ ’ਤੇ,
ਹਾਲੇਲੂਯਾਹ ਗਾਓ ਅੱਜ ਸਭੇ ਰਲ ਕੇ।
ਜੀ ਪਿਆ… -
ਮੇਰੇ ਯਿਸੂ ਨੂੰ ਲੈ ਗਿਆ ਕਿਹੜਾ,
ਮਰੀਅਮ ਮਗਦਲੀਨੀ ਪੁੱਛਦੀ।1. ਲੱਭ–ਲੱਭ ਕੇ ਗਈਆਂ ਹਾਰ ਨਿਗਾਹਾਂ,
ਲਾਸ਼ ਕਬਰ ਵਿੱਚ ਦਿੱਸਦੀ ਨਾਹੀਂ,
ਮੈਂ ਢੂੰਡਿਆ ਚਾਰ ਚੁਫ਼ੇਰਾ।2. ਮਲੀਆਂ ਲਾਸ਼ ’ਤੇ ਨਾ ਖੁਸ਼ਬੋਈਆਂ,
ਲੱਭਦੀ–ਲੱਭਦੀ ਕਮਲੀ ਹੋਈਆਂ,
ਦਿਲ ਡੁੱਬ–ਡੁੱਬ ਜਾਂਦਾ ਮੇਰਾ।3. ਚਾਦਰ ਖਾਲੀ ਦੇਖੇ ਸਿਰਹਾਣੇ,
ਪੀੜ ਮੇਰੀ ਨੂੰ ਕੀ ਕੋਈ ਜਾਣੇ,
ਮੇਰਾ ਭਾਂ–ਭਾਂ ਕਰਦਾ ਵਿਹੜਾ।4. ਜਾਂ ਜੀਅ ਉੱਠਿਆ ਹੈ ਉਹ ਮਰਕੇ,
ਦੱਸ ਚੱਲ ਠੀਕ ਨਿਖਾਰਾ ਕਰਕੇ,
ਕਰ ਮਾਲੀਆ ਗੱਲ ਦਾ ਨਿਬੇੜਾ।5. ਜ਼ਿੰਦਿਆਂ ਹੋਣ ਦੀ ਪੇਸ਼ਨਗੋਈ,
ਦਿਸਦੀ ਇਹ ਅੱਜ ਪੂਰੀ ਹੋਈ,
ਲਾਇਆ ਵੈਰੀਆਂ ਜ਼ੋਰ ਬਥੇਰਾ। -
ਲੱਭਦੀ ਹਾਂ ਨਾਸਰੀ ਨੂੰ
ਸ਼ਾਫ਼ੀ ਜਿਹੜਾ ਜੱਗ ਦਾ,
ਦੱਸ ਮਾਲੀ ਤੈਨੂੰ ਪਾਵਾਂ
ਵਾਸਤਾ ਮੈਂ ਰੱਬ ਦਾ।1. ਸੂਲੀ ਉੱਤੇ ਜਿਹਨੇ ਜਿੰਦ
ਆਪਣੀ ਗਵਾਈ ਏ,
ਪਾਪਾਂ ਵਾਲੀ ਬੇੜੀ ਜਿਸ
ਡੁੱਬਦੀ ਬਚਾਈ ਏ,
ਜ਼ਿੰਦਾ ਹੋਣਾ ਉਹ ਨੇ ਹੋਇਆ
ਤੀਜਾ ਦਿਨ ਅੱਜ ਦਾ।2. ਦੱਸ ਮਾਲੀ ਮੈਂ ਤੇ ਕੀਤੀ
ਉਹਦੇ ਲਈ ਤਿਆਰੀ ਏ,
ਚੁੱਕ ਕੇ ਕੋਈ ਲੈ ਗਿਆ ਜਾਂ
ਬੰਦਾ ਸਰਕਾਰੀ ਏ,
ਹੱਥ ਜੋੜ ਆਖਾਂ ਕਿੱਥੇ
ਵੇਖਿਆ ਤੂੰ ਰੱਖਦਾ।3. ਆਖਦਾ ਮਸੀਹਾ ਤੂੰ ਵੀ
ਐਂਵੇਂ ਹੱਥ ਜੋੜਦੀ,
ਜਾਣਦੀ ਜੇ ਪਹਿਲਾਂ ਮੈਨੂੰ
ਹੰਝੂ ਕਾਹਨੂੰ ਰੋੜ੍ਹਦੀ,
ਕਹਿ ਦੇ ਜਾ ਕੇ ਚੇਲਿਆਂ ਨੂੰ
ਯਿਸੂ ਪਿਆ ਸੱਦਦਾ। -
ਉੱਠਿਆ ਕਬਰ ’ਚੋਂ ਯਿਸੂ,
ਖ਼ੁਸ਼ੀਆਂ ਮਨਾਓ ਸਾਰੇ,
ਕਰੀਏ ਬੁਲੰਦ ਰਲਕੇ,
ਹਾਲੇਲੂਯਾਹ ਦੇ ਨਾਅਰੇ।1. ਰੱਖਿਆ ਕਬਰ ਦੇ ਅੰਦਰ,
ਪੱਥਰ ਉੱਤੇ ਧਰਿਆ,
ਪਹਿਰੇ ਯਹੂਦੀਆਂ ਨੇ,
ਗਿਰਦੇ ਕਬਰ ਖਿਲਾਰੇ।2. ਹਟਿਆ ਕਬਰ ਤੋਂ ਪੱਥਰ,
ਜ਼ਿੰਦਾ ਹੋਇਆ ਮਸੀਹਾ,
ਉਸ ਕੋਲ ਆਪਣੇ ਵਾਂਗੂੰ,
ਅੱਜ ਤੀਸਰੇ ਦਿਹਾੜੇ।3. ਖ਼ੁਸ਼ਆਮਦੀਦ ਆਖਣ,
ਬਰਜ਼ਖ਼ ਦੇ ਰਹਿਣ ਵਾਲੇ,
ਦੁਨੀਆ ਦੇ ਰਹਿਣ ਵਾਲੇ,
ਖ਼ੁਸ਼ੀਆਂ ਮਨਾਉਣ ਸਾਰੇ।4. ਕੀਤੀ ਖ਼ੁਦਾਈ ਸਾਬਤ,
ਹੋ ਕੇ ਮਸੀਹ ਨੇ ਜ਼ਿੰਦਾ,
ਦਿਲ ਹੈ ਨਹੀਂ ਜੋ ਅੱਜ ਨਾ,
ਪਿਸਰੇ ਖ਼ੁਦਾ ਪੁਕਾਰੇ।5. ਕਿਉਂ ਨਾ ਖ਼ੁਸ਼ੀ ਦੇ ਨਾਅਰੇ,
ਸਾਡੀ ਜ਼ੁਬਾਨੋਂ ਨਿਕਲਣ,
ਆਓ ਦਿਲ ਮਸੀਹ ਨੂੰ ਦੇਈਏ,
ਜਾ ਕੇ ਉਹਦੇ ਦੁਆਰੇ। -
ਆਪਣੀ ਕੁਦਰਤ ਨਾਲ ਯਿਸੂ
ਚੜ੍ਹ ਗਿਆ ਅਸਮਾਨ ’ਤੇ,
ਦੁੱਖਾਂ ਵਿੱਚ ਗੁਜ਼ਾਰੇ ਤੇ
ਤੇਤੀ ਸਾਲ ਜਹਾਨ ’ਤੇ।1. ਚਾਲ੍ਹੀ ਦਿਨ ਦੁਨੀਆ ’ਤੇ ਰਹਿਕੇ
ਫਿਰ ਗਿਆ ਅਸਮਾਨ ’ਤੇ,
ਉਹਦਾ ਜੀਅ ਉੱਠਣਾ ਅੱਜ
ਹੋਇਆ ਸਾਬਤ ਹਰ ਇਨਸਾਨ ’ਤੇ।2. ਜਾਂਦਾ ਹੋਇਆ ਕਹਿ ਗਿਆ ਉਹ,
ਪਾਕ ਰੂਹ ਨੂੰ ਘੱਲਾਂਗਾ,
ਥਾਂ ਬਣਾਵਾਂਗਾ ਤੁਹਾਡੀ ਖਾਤਿਰ
ਮੈਂ ਅਸਮਾਨ ’ਤੇ।3. ਜਿਵੇਂ ਬੱਦਲਾਂ ਦੀ ਸਵਾਰੀ
ਚੜ੍ਹਿਆ ਯਿਸੂ ਅਰਸ਼ ’ਤੇ,
ਤਿਵੇਂ ਫਿਰ ਕਿਆਮਤ ਨੂੰ
ਉਹ ਆਵੇਗਾ ਜਹਾਨ ’ਤੇ।4. ਕਾਮਲ ਸੀ ਇਨਸਾਨ ਉਹ,
ਨਾਲੇ ਕਾਮਲ ਸੀ ਖ਼ੁਦਾ,
ਸੱਜੇ ਬੈਠਾ ਬਾਪ ਦੇ,
ਪਾ ਕੇ ਫਤਹਿ ਸ਼ੈਤਾਨ ’ਤੇ।5. ਕਰਦਾ ਸਾਡੇ ਲਈ ਸਿਫ਼ਾਰਿਸ਼
ਅੱਗੇ ਆਪਣੇ ਬਾਪ ਦੇ,
ਨਾ ਚਿਰ ਲੱਗੇ ਉਹਦੇ
ਅੱਗੇ ਪਾਪੀ ਕੋਈ ਛੁਡਾਣ ’ਤੇ। -
ਜ਼ਿੰਦਾ ਹੋ ਗਿਆ ਯਿਸੂ ਪਿਆਰਾ,
ਗ਼ਮ ਮੁੱਕ ਗਿਆ ਜੀ ਅੱਜ ਸਾਰਾ,
ਤੇ ਉੱਕਾ ਮੁੱਕਾ ਸਾਰਾ,
ਗਿੱਧਾ ਪਾਓ ਰਲ–ਮਿਲ ਕੇ,
ਗਿੱਧਾ ਪਾਓ, ਗਿੱਧਾ ਪਾਓ
ਰਲ ਮਿਲ ਕੇ।1. ਸਾਰੇ ਪਾਸੇ ਚਰਚਾ ਹੋਈ
ਕਬਰ ਪਈ ਜੇ ਖ਼ਾਲੀ,
ਐਸੀ ਮਿਠੜੀ ਹਵਾ ਚੱਲੀ ਅੱਜ,
ਨੱਚਦੀ ਏ ਡਾਲੀ–ਡਾਲੀ,
ਹਾਲੇਲੂਯਾਹ ਦਾ ਮਾਰੋ ਨਾਅਰਾ,
ਗ਼ਮ ਮੁੱਕ ਗਿਆ ਜੇ ਅੱਜ ਸਾਰਾ,
ਤੇ ਉੱਕਾ ਮੁੱਕਾ ਸਾਰਾ,
ਗਿੱਧਾ ਪਾਓ ਰਲ–ਮਿਲ ਕੇ,
ਗਿੱਧਾ ਪਾਓ, ਗਿੱਧਾ ਪਾਓ
ਰਲ ਮਿਲ ਕੇ ।2. ਪਹਿਰੀਆਂ ਨੇ ਸੀ ਪਹਿਰੇ ਲਾਏ,
ਯਿਸੂ ਦੀ ਕਬਰ ’ਤੇ ਜਾ ਕੇ,
ਲਾਸ਼ ਨੂੰ ਕੋਈ ਲੈ ਨਾ ਜਾਵੇ,
ਚੁੱਪ ਚੁਪੀਤੇ ਲੁਕਾ ਕੇ,
ਕੋਈ ਚੱਲਿਆ ਨਾ ਉਹਨਾਂ ਦਾ ਚਾਰਾ,
ਗ਼ਮ ਮੁੱਕ ਗਿਆ ਜੇ ਅੱਜ ਸਾਰਾ,
ਤੇ ਉੱਕਾ ਮੁੱਕਾ ਸਾਰਾ,
ਗਿੱਧਾ ਪਾਓ ਰਲ-ਮਿਲ ਕੇ,
ਗਿੱਧਾ ਪਾਓ, ਗਿੱਧਾ ਪਾਓ
ਰਲ ਮਿਲ ਕੇ।3. ਖ਼ੁਸ਼ੀਆਂ ਦਾ ਅੱਜ ਵੇਲਾ ਆਇਆ,
ਗੀਤ ਖ਼ੁਸ਼ੀ ਦੇ ਗਾਓ,
ਮੌਤ ਨੂੰ ਯਿਸੂ ਜਿੱਤ ਗਿਆ ਜੇ,
ਸਭ ਨੂੰ ਇਹ ਗੱਲ ਸੁਣਾਓ,
ਉੱਠ ਦੁਖੀਏ ਤੂੰ ਵੇਖ ਨਜ਼ਾਰਾ,
ਗ਼ਮ ਮੁੱਕ ਗਿਆ ਜੇ ਅੱਜ ਸਾਰਾ,
ਤੇ ਉੱਕਾ ਮੁੱਕਾ ਸਾਰਾ, ਗਿੱਧਾ ਪਾਓ
ਰਲ-ਮਿਲ ਕੇ,
ਗਿੱਧਾ ਪਾਓ, ਗਿੱਧਾ ਪਾਓ
ਰਲ ਮਿਲ ਕੇ।