ਪ੍ਰਵੇਸ਼ ਭਜਨ | Entrance
ਇਹ ਭਜਨ ਮਾਲਾ ਦਾ ਦੂਜਾ ਹਿੱਸਾ ਹੈ। ਇਸ ਵਿੱਚ ਪ੍ਰਵੇਸ਼ ਭਜਨਾਂ ਨੂੰ ਜੋੜਿਆ ਗਿਆ ਹੈ। ਪ੍ਰਵੇਸ਼ ਭਜਨ ਪਾਕਮਾਸ ਦੀ ਕੁਰਬਾਨੀ ਦਾ ਅਹਿਮ ਹਿੱਸਾ ਹਨ। ਇਹਨਾਂ ਤੋਂ ਹੀ ਪਾਕਮਾਸ ਦੀ ਕੁਰਬਾਨੀ ਦੀ ਸ਼ੁਰੂਆਤ ਹੁੰਦੀ ਹੈ, ਇਸ ਲਈ ਇਹਨਾਂ ਨੂੰ ਸ਼ੁਰੂਆਤੀ ਗੀਤ ਵੀ ਆਖਦੇ ਹਨ।
-
ਤੇਰੇ ਹਜ਼ੂਰ ਯਿਸੂ ਜੀ ਮੈਂ ਆਇਆ,
ਆਨੰਦ ਸ਼ਾਂਤੀ ਪਾਉਣ ਨੂੰ,
ਖ਼ਾਲੀ ਦਿਲ ਨੂੰ ਮੈਂ ਹਾਂ ਲਿਆਇਆ,
ਪਾਕ ਰੂਹ ਦੀ ਬਰਕਤ ਪਾਉਣ ਨੂੰ।1. ਖੂਨ ਆਪਣੇ ਨਾਲ ਤੂੰ ਧੋ ਦੇ, ਮੇਰੇ ਚੋਲੇ ਨੂੰ,
ਮੈਨੂੰ ਪਵਿੱਤਰ ਕਰਨੇ ਵਾਲਾ, ਮੇਰਾ ਮਾਲਿਕ ਤੂੰ,
ਤੂੰ ਹੈਂ ਮਿਹਰਬਾਨ ਜੀ।2. ਸਾਰੀ ਦੁਨੀਆ ਫਿਰ–ਫਿਰ ਦੇਖੀ,
ਕੋਈ ਨਾ ਲੈਂਦਾ ਸਾਰ,
ਸ਼ਾਂਤੀ ਆਨੰਦ ਲੱਭ–ਲੱਭ ਥੱਕਿਆ,
ਹੋਇਆ ਮੈਂ ਬਹੁਤ ਲਾਚਾਰ,
ਦੁੱਖਾਂ ਅੰਦਰ ਮੇਰੀ ਜਾਨ ਜੀ।3. ਖੋਲ੍ਹਦਾ ਹਾਂ ਬੂਹਾ ਦਿਲ ਦਾ,
ਮੇਰੇ ਦਿਲ ਵਿੱਚ ਆ,
ਤੂੰ ਚਾਨਣ ਹੈਂ ਇਸ ਦੁਨੀਆ ਦਾ,
ਦਿਲ ਵਿੱਚ ਚਾਨਣ ਪਾ,
ਬਚ ਜਾਵੇ ਮੇਰੀ ਜਾਨ ਜੀ। -
ਮੈਂ ਦਰ ’ਤੇ ਸ਼ਾਫ਼ੀ ਆਇਆ,
ਮੈਨੂੰ ਪਾਪਾਂ ਨੇ ਸਤਾਇਆ,
ਤੌਬਾ ਏ ਤੌਬਾ ਮੇਰੀ,
ਮੈਨੂੰ ਬਖ਼ਸ਼ ਦੇ ਖ਼ੁਦਾਇਆ।1. ਸਾਉਲ ਨੂੰ ਬਚਾਇਆ,
ਲਾਜ਼ਰ ਨੂੰ ਤੂੰ ਜਿਵਾਇਆ,
ਮੈਂ ਵੀ ਹਾਂ ਬੰਦਾ ਤੇਰਾ,
ਕਰ ਰਹਿਮਤਾਂ ਦਾ ਸਾਇਆ।2. ਰੁੜ੍ਹਿਆ ਮੇਰਾ ਸਫੀਨਾ,
ਤੂੰ ਫ਼ਜ਼ਲਾਂ ਦਾ ਖ਼ਜ਼ੀਨਾ,
ਮੈਨੂੰ ਤੂੰ ਕੰਢੜੇ ਲਾ ਦੇ,
ਮੇਰਾ ਬੇੜਾ ਡਗਮਗਾਇਆ।3. ਖ਼ਾਦਮ ਹਾਂ ਸ਼ਾਫ਼ੀ ਤੇਰਾ,
ਦੁੱਖ ਦੂਰ ਕਰਦੇ ਮੇਰਾ,
ਦੇ ਫ਼ਜ਼ਲ ਦੁਖੀ ਹਾਂ ਸ਼ਾਫ਼ੀ,
ਤੇਰੇ ਦਰ ’ਤੇ ਡੇਰਾ ਲਾਇਆ। -
ਸਭ ਮਿਲ ਗਾਓ ਪ੍ਰਭੂ ਦੀ ਮਹਿਮਾ,
ਰੱਬ ਦੀ ਮਹਿਮਾ ਵਿੱਚ ਲੱਗ ਜਾਓ।1. ਤਨ ਮਨ ਧਨ ਤੇ ਜੀਵਨ ਪਲ ਵਿੱਚ,
ਹਰ ਸੰਗਤ ਵਿੱਚ ਹਰ ਜੀਵਨ ਵਿੱਚ।2. ਪ੍ਰਭੂ ਜੱਗ ਜੀਵਨ, ਪ੍ਰਭੂ ਜੱਗ ਦਾਤਾ,
ਦੁੱਖ ਸੰਕਟ ਨੂੰ ਤਾਰਨ ਵਾਲਾ।3. ਜਨਮ–ਜਨਮ ਦੇ ਪ੍ਰਭੂ ਰਖਵਾਲੇ,
ਮਨ ਮੰਦਰ ਵਿੱਚ ਵੱਸਣ ਵਾਲੇ।4. ਪ੍ਰਭੂ ਦਇਆ ਦੇ ਸੁਆਮੀ ਪਿਆਰੇ,
ਸਾਰੇ ਜਗਤ ਦੇ ਇੱਕੋ ਸਹਾਰੇ। -
ਤੇਰੇ ਦਰਸ਼ਨ ਨੂੰ ਅੱਜ ਯਿਸੂ ਮਸੀਹ,
ਘਰ–ਘਰ ਤੋਂ ਟੋਲੀਆਂ ਆਈਆਂ ਨੇ,
ਅੱਜ ਭਰ ਦੇ ਸਾਡੀਆਂ ਝੋਲੀਆਂ ਨੂੰ,
ਮਿਹਰਬਾਨ ਸਮਝ ਕੇ ਆਈਆਂ ਨੇ।1. ਤੇਰੇ ਮੰਗਤੇ ਹਾਂ ਤੇਰੇ ਗੋਲੇ ਹਾਂ,
ਤੇਰੇ ਗਾਵਣ ਵਾਲੇ ਟੋਲੇ ਹਾਂ,
ਸੁਣ ਯਿਸੂ ਮਸੀਹ ਨਾਮ ਤੇਰਾ,
ਤੇਰੇ ’ਤੇ ਜੱਗ ਏ ਮਰਦਾ ਪਿਆ।2. ਲਾਜਾਂ ਰੱਖ ਲੈ ਉਹਨਾਂ ਦੀਆਂ ਤੂੰ,
ਜਿਹੜਾ ਨਾਮ ਤੇਰਾ ਹੀ ਲੈਂਦੇ ਨੇ,
ਅਸੀਂ ਮੰਗਦੇ ਹਾਂ ਤੇਰੇ ਦਰਸ਼ਨ,
ਲਾਚਾਰ ਸਮਝ ਕੇ ਆਏ ਹਾਂ।3. ਇੱਕ ਨਜ਼ਰ ਕਰਮ ਦੀ ਕਰ ਯਿਸੂ,
ਮੇਰੀ ਝੋਲੀ ਭਰ ਯਿਸੂ,
ਬਾਰ੍ਹਾਂ ਵਰ੍ਹਿਆਂ ਤੋਂ ਖੂਨ ਜਾਰੀ ਸੀ,
ਇੱਕ ਛੂਹਣ ਤੇਰੇ ਨਾਲ ਹਟਿਆ ਹੈ। -
ਦਿਲ ਯਿਸੂ ਦੇ ਪ੍ਰੇਮ ਨਾਲ,
ਕਿਉਂ ਨਹੀਂ ਰੰਗਦਾ,
ਪੀ ਲੈ ਜ਼ਿੰਦਗੀ ਦਾ ਪਾਣੀ,
ਨਸ਼ਾ ਛੱਡ ਭੰਗ ਦਾ।1. ਕੰਢੇ ਉੱਤੇ ਨਾ ਖਲੋ,
ਛੱਡ ਖੁਦੀ ਵਾਲੀ ਬੋ,
ਤੈਨੂੰ ਯਿਸੂ ਵਾਜਾਂ ਮਾਰੇ,
ਕਿਉਂ ਨਹੀਂ ਪਾਰ ਲੰਘਦਾ।2. ਕਾਹਨੂੰ ਹੋਇਆ ਏਂ ਪਰੇਸ਼ਾਨ,
ਦਸ ਖੋਲ੍ਹ ਕੇ ਬਿਆਨ
ਓਹਦੀ ਜ਼ਿੰਦਗੀ ਫਜ਼ੂਲ,
ਜਿਹੜਾ ਰਿਹਾ ਸੰਗਦਾ।3. ਵੱਲ ਵੇਖ ਲੈ ਸਲੀਬ,
ਉੱਤੋਂ ਰੱਬ ਦਾ ਹਬੀਬ
ਕਿੱਲ੍ਹਾਂ ਵਾਲੇ ਹੱਥਾਂ ਨਾਲ,
ਸਾਥੋਂ ਦਿਲ ਮੰਗਦਾ।4. ਤੇਰੇ ਨਾਲ ਨਿੱਤ ਲਾਈ,
ਅਬਲੀਸ ਨੇ ਲੜਾਈ,
ਯਿਸੂ ਕੋਲੋਂ ਕਿਉਂ ਨਹੀਂ ਮੰਗਦਾ,
ਸਮਾਨ ਜੰਗ ਦਾ।5. ਅਬਲੀਸ ਵਾਲੇ ਡੰਗ,
ਜਿਹਨੂੰ ਕੀਤਾ ਹੋਵੇ ਤੰਗ,
ਆਵੇ ਯਿਸੂ ਦੇ ਦੁਆਰੇ,
ਯਿਸੂ ਵੈਦ ਡੰਗ ਦਾ। -
ਆਇਆ ਪਾਪਾਂ ਦੀ ਗ਼ੁਲਾਮੀ ਤੋਂ ਛੁਡਾਉਣ,
ਆਇਆ ਮੇਰਾ ਯਿਸੂ ਨਾਸਰੀ।1. ਅਰਸ਼ਾਂ ਦੀ ਰਾਹ ਖੁੱਲ੍ਹੀ, ਯਿਸੂ ਅੱਜ ਆ ਗਿਆ,
ਪਾਪੀਆਂ ਨੂੰ ਮੁਕਤੀ ਦਾ ਰਾਹ ਸਮਝਾ ਗਿਆ,
ਛੱਡ ਝੂਠ ਇਸ ਸੱਚ ਨੂੰ ਪਛਾਣ,
ਆਇਆ ਮੇਰਾ ਯਿਸੂ ਨਾਸਰੀ।2. ਮੁਕਤੀ ਦੇ ਤਾਲੇ ਵਾਲੀ ਯਿਸੂ ਕੋਲ ਚਾਬੀ ਹੈ,
ਯਿਸੂ ਕੋਲ ਮਿਲੇ ਬਰਕਤ ਬੇਹਿਸਾਬੀ ਹੈ,
ਲੈ ਲੈ ਯਿਸੂ ਕੋਲੋਂ ਅਬਦੀ ਆਰਾਮ,
ਆਇਆ ਮੇਰਾ ਯਿਸੂ ਨਾਸਰੀ।3. ਦੁਨੀਆ ਦੇ ਨਾਲ ਉਸ ਕੀਤਾ ਐਸਾ ਪਿਆਰ ਸੀ,
ਅਰਸ਼ਾਂ ਨੂੰ ਛੱਡ ਆਇਆ, ਲਿਆ ਅਵਤਾਰ ਸੀ,
ਬਣੀ ਕੰਧ ਜਿਹੜੀ ਉਸਨੂੰ ਸੀ ਢਾਉਣ,
ਆਇਆ ਮੇਰਾ ਯਿਸੂ ਨਾਸਰੀ। -
ਕਰ ਦੁਨੀਆ ’ਤੇ ਰਹਿਮ ਇੱਕ ਵਾਰ ਸ਼ਾਫ਼ੀਆ,
ਕਰਾਂ ਹੱਥ ਬੰਨ੍ਹ ਬੇਨਤੀ ਪੁਕਾਰ ਸ਼ਾਫ਼ੀਆ।1. ਤੈਨੂੰ ਦੁੱਖ ਸਹਿਆਂ ਕਈ ਸਾਲ ਗੁਜ਼ਰੇ,
ਅਜੇ ਤਕ ਏਸ ਜੱਗ ਦੇ ਨਹੀਂ ਤੌਰ ਬਦਲੇ,
ਪਾ ਦੇ ਫ਼ਜ਼ਲਾਂ ਦੀ ਏਸ ’ਤੇ ਫੁਹਾਰ ਸ਼ਾਫ਼ੀਆ।2. ਕੌਮਾਂ ਬੈਠ ਰਹੀਆਂ ਤੇਥੋਂ ਪਰ੍ਹਾਂ ਦੂਰ ਹਟਕੇ,
ਦੁੱਖਾਂ ਤੇਰਿਆਂ ਨੂੰ ਨਹੀਂ ਵੇਖਿਆ ਅੱਖਾਂ ਪੁੱਟ ਕੇ,
ਹੱਥ ਉਹਨਾਂ ਉੱਤੇ ਆਪਣਾ ਪਸਾਰ ਸ਼ਾਫ਼ੀਆ।3. ਅਬਲੀਸ ਨੇ ਹਨੇਰੇ ਦਾ ਸ਼ੁਬਾਰ ਪਾ ਲਿਆ,
ਲਾਹ ਦੇ ਹਨੇਰਿਆਂ ਦਾ ਪਰਦਾ ਤੂੰ ਸੂਲੀ ਵਾਲਿਆ,
ਨੂਰ ਆਪਣੇ ਦਾ ਪਾ ਦੇ ਚਮਕਾਰ ਸ਼ਾਫ਼ੀਆ। -
ਤੇਰਾ ਰਾਜ ਮਸੀਹਾ ਹੁਣ, ਇਸ ਜਗਤ ਵਿੱਚ ਆਵੇ,
ਤੇਰਾ ਹਰ ਇੱਕ ਸੇਵਕ, ਵਿੱਚ ਸਵਰਗ ਦੇ ਜਾਵੇ।1. ਵਾਅਦਾ ਹੈ ਤੂੰ ਕੀਤਾ, ਆਵਾਂਗਾ ਮੈਂ ਛੇਤੀ,
ਹਰ ਇੱਕ ਮੋਮਨ ਤੇਰਾ, ਤੇਥੋਂ ਮੁਕਤੀ ਪਾਵੇ।2. ਪਾਪ ਨੇ ਦੁਨੀਆ ਵਿੱਚ ਹੈ, ਆਪਣਾ ਡੇਰਾ ਲਾਇਆ,
ਤੇਰੇ ਬਾਝੋਂ ਯਿਸੂ, ਉਸ ਨੂੰ ਕਿਹੜਾ ਢਾਹਵੇ।3. ਦੂਈ ਤੂੰ ਦੂਰ ਕਰ ਦੇ, ਸਭ ਇਮਾਨ ਲਿਆਉਣ,
ਇੱਕੋ ਇੱਜੜ ਹੋ ਕੇ, ਤੇਰਾ ਨਾਮ ਧਿਆਵੇ।4. ਚਿੰਗਾਰੀ ਗ਼ੁਨਾਹਾਂ ਦੀ ਪੈ ਕੇ, ਭਾਂਬੜ ਮਚਾਵੇ,
ਬਾਝ ਤੇਰੇ ਐ ਯਿਸੂ, ਉਸ ਨੂੰ ਕੌਣ ਬੁਝਾਵੇ।5. ਝਬਦੇ ਯਿਸੂ ਆ ਕੇ ਦੂਰ ਕਰੀਂ ਹਨੇਰਾ,
ਚਾਨਣ ਹਰ ਮਨ ਅੰਦਰ, ਵਾਂਗ ਸੂਰਜ ਚਮਕਾਵੇ।6. ਉੱਜੜ ਬੇਲਾ ਹੋਇਆ, ਸਾਰਾ ਮੁਲਕ ਮਸੀਹਾ,
ਵੱਸੇ ਮੁਲਕ ਦੁਬਾਰਾ, ਫੇਰਾ ਜੇ ਤੂੰ ਪਾਵੇਂ। -
ਆਇਆ ਮਸੀਹਾ ਪਿਆਰਾ,
ਸਾਰੇ ਜਹਾਨ ਬਦਲੇ,
ਦੁਨੀਆ ਦੇ ਪਾਪ ਲੇਲਾ,
ਆਇਆ ਉਠਾਣ ਬਦਲੇ।1. ਹੱਵਾ ਨੇ ਕਹਿਰ ਕਮਾਇਆ,
ਸਵਰਗਾਂ ਤੋਂ ਬਾਹਰ ਕਢਾਇਆ,
ਅਰਸ਼ਾਂ ਤੋਂ ਧਰਤੀ ਆਇਆ,
ਵਿਗੜੀ ਬਨਾਣ ਬਦਲੇ।2. ਰੁੜ੍ਹਦੀ ਸੀ ਦੁਨੀਆ ਜਾਂਦੀ,
ਡੁੱਬਦੀ ਤੇ ਗੋਤੇ ਖਾਂਦੀ,
ਰੱਬ ਦਾ ਕਲਾਮ ਆਇਆ,
ਕੰਢੇ ਲਗਾਣ ਬਦਲੇ।3. ਛਾਈ ਸੀ ਧੁੰਦ ਗੁਬਾਰੀ,
ਜਿਸ ਵਿੱਚ ਸੀ ਦੁਨੀਆ ਸਾਰੀ,
ਸੱਚਾ ਉਹ ਨੂਰ ਆਇਆ,
ਚਾਨਣ ਦਿਖਾਣ ਬਦਲੇ।4. ਪਾਪਾਂ ਦੇ ਵਿੱਚ ਖੁਮਾਰੀ,
ਗਾਫ਼ਲ ਸੀ ਦੁਨੀਆ ਸਾਰੀ,
ਦੀਨ ਦਾ ਡੰਕਾ ਲੈ ਕੇ,
ਆਇਆ ਜਹਾਨ ਬਦਲੇ।5. ਦੁੱਖਾਂ ਦੇ ਵਿੱਚ ਗੁਜ਼ਾਰੀ,
ਉਸ ਨੇ ਸੀ ਉਮਰ ਸਾਰੀ,
ਦਿਲੋਂ ਹਲੀਮ ਬਣਿਆ,
ਸਾਨੂੰ ਸਿਖਾਣ ਬਦਲੇ।6. ਸੂਲੀ ਹੈ ਉਸ ਨੇ ਚਾਈ,
ਜਿੰਦੜੀ ਹੈ ਘੋਲ ਘੁਮਾਈ,
ਕੀਤੀ ਹੈ ਆਣ ਰਸਾਈ,
ਪਾਪੀ ਬਚਾਣ ਬਦਲੇ।7. ਉਸ ਤੋਂ ਕੁਰਬਾਨ ਜਾਈਏ,
ਰਹਿਮਤ ਤੇ ਬਰਕਤ ਪਾਈਏ,
ਜਾਵੇ ਤੇ ਜਾਨ ਜਾਏ,
ਸੱਚੇ ਈਮਾਨ ਬਦਲੇ। -
ਪੜ੍ਹ ਕੇ ਤਸਲੀਸ ਦਾ ਕਲਮਾ,
ਗਰਦਨ ਝੁਕਾਣੀ ਪਵੇਗੀ,
ਆਪਣੀ ਸਲੀਬ ਆਪਣੇ,
ਮੋਢੇ ’ਤੇ ਚਾਣੀ ਪਵੇਗੀ।1. ਸੜ ਕੇ ਜ਼ਮੀਨ ਵਿੱਚ,
ਦਾਣਾ ਫਲ਼ਦਾਰ ਹੁੰਦਾ,
ਤੈਨੂੰ ਵੀ ਇਸ ਬਦਨ ਦੀ
ਹਸਤੀ ਗੁਆਣੀ ਪਵੇਗੀ।2. ਬਣਕੇ ਹਲੀਮ ਰਹਿਣਾ,
ਅਬਦੀ ਜਲਾਲ ਬਦਲੇ,
ਆਪਣੇ ਯਿਸੂ ਦੇ ਵਾਂਗੂੰ,
ਜ਼ਿੰਦਗੀ ਬਨਾਣੀ ਪਵੇਗੀ।3. ਯਿਸੂ ਦਾ ਪ੍ਰੇਮ ਪਿਆਲਾ,
ਪੀ ਲੈ ਤੇ ਬੇ-ਖੁਦ ਹੋ ਜਾ,
ਆਪਣੀ ਸ਼ੈਤਾਨ ਨਾਲੋਂ,
ਯਾਰੀ ਹਟਾਣੀ ਪਵੇਗੀ।4. ਪਿੱਛੇ ਨਹੀਂ ਭੌਂਕੇ ਵੇਂਹਦਾ,
ਹਾਲੀ ਹਲ ਵਾਹੁਣ ਵਾਲਾ,
ਰਹਿਕੇ ਦੁਨੀਆ ਵਿੱਚ ਤੈਨੂੰ,
ਦੁਨੀਆ ਭਲਾਣੀ ਪਵੇਗੀ।5. ਜਾਵੇ ਤੇ ਜਾਨ ਜਾਵੇ,
ਪਰ ਨਾ ਇਮਾਨ ਜਾਵੇ,
ਉੱਜੜੀ ਹੋਈ ਇਹ ਦੁਨੀਆ,
ਮਰ ਕੇ ਵਸਾਣੀ ਪਵੇਗੀ। -
ਸ਼ੀਰੀਂ ਨਾਲ ਜ਼ੁਬਾਨ ਦੇ,
ਯਿਸੂ ਵਾਜਾਂ ਮਾਰਦਾ,
ਦਾਰੂ ਮੇਰੇ ਕੋਲ ਹੈ,
ਪਾਪਾਂ ਦੇ ਬਿਮਾਰ ਦਾ।1. ਦੁਨੀਆ ਦੇ ਜੰਗ ਵਿੱਚੋਂ ਹਰਗਿਜ਼,
ਉਹ ਇਨਸਾਨ ਨਹੀਂ ਹਾਰਦਾ,
ਜਿਹੜਾ ਦਿਲ ਤੋਂ ਖ਼ਾਦਮ ਬਣਿਆ,
ਯਿਸੂ ਦੇ ਦਰਬਾਰ ਦਾ।2. ਜੰਨਤ ਦੇ ਵਿੱਚ ਡਾਕੂ ਖੜਿਆ,
ਡਾਕੇ ਸੀ ਜੋ ਮਾਰਦਾ,
ਸੱਚਾ ਜਦੋਂ ਸਿਪਾਹੀ ਬਣਿਆ,
ਯਿਸੂ ਦੀ ਸਰਕਾਰ ਦਾ।3. ਬੈਤਨੀਆ ਦਾ ਲਾਜ਼ਰ ਮੁਰਦਾ,
ਮੋਇਆ ਸੀ ਦਿਨ ਚਾਰ ਦਾ,
ਯਿਸੂ ਜਦੋਂ ਬੁਲਾਇਆ,
ਆਇਆ ਕਬਰੋਂ ਛਾਲਾਂ ਮਾਰਦਾ।4. ਆਜੜੀ ਮਸੀਹਾ ਜਾਨ ਭੇਡਾਂ ਉੱਤੋਂ ਵਾਰਦਾ,
ਨਾਲੇ ਹਰਿਆਂ ਘਾਹਾਂ ਉੱਤੇ,
ਭੇਡਾਂ ਫਿਰੇ ਚਾਰਦਾ।5. ਐ ਮਸੀਹਾ ਤੇਰੇ ਅੱਗੇ,
ਪਾਪੀ ਇਹ ਪੁਕਾਰਦਾ,
ਤੈਨੂੰ ਮਨਜ਼ੂਰ ਹੋਵੇ,
ਦਿਲ ਖ਼ਾਕਸਾਰ ਦਾ। -
ਸੁਸਤੀ ਤੇ ਬਦਫੈਲਾਂ ਕੋਲੋਂ,
ਬਚਦੀ ਰਹਿ ਵੇਹਲੀ ਨਾ ਬਹਿ,
ਉੱਠਦੀ ਬਹਿੰਦੀ ਨਾਂ ਯਿਸੂ ਦਾ,
ਜੱਪਦੀ ਰਹਿ ਵਿਹਲੀ ਨਾ ਬਹਿ।1. ਜਿਹੜੀ ਪਾਕ ਸਲੀਬ ਤੋਂ,
ਤੈਨੂੰ ਸ਼ਿਫ਼ਾ ਬਖ਼ਸ਼ੀ ਗਈ,
ਉਸੇ ਪਾਕ ਸਲੀਬ ਦੇ ਵੱਲ,
ਤੱਕਦੀ ਰਹਿ ਵਿਹਲੀ ਨਾ ਬਹਿ।2. ਯਿਸੂ ਬਾਝੋਂ ਮਰਜ਼ ਤੇਰੀ ਦਾ,
ਨਹੀਂ ਕਿੱਧਰੇ ਇਲਾਜ,
ਉਹਨੂੰ ਆਪਣਾ ਹਾਲ ਸਾਰਾ,
ਦੱਸਦੀ ਰਹਿ ਵਿਹਲੀ ਨਾ ਬਹਿ।3. ਲੱਭਣ ਵਾਲਿਆਂ ਲੱਭ ਲਿਆ ਏ,
ਆਪਣੇ ਉਸ ਮਹਿਬੂਬ ਨੂੰ,
ਤੂੰ ਵੀ ਉਸਨੂੰ ਲੱਭ ਲਵੇਂਗੀ,
ਲੱਭਦੀ ਰਹਿ ਵਿਹਲੀ ਨਾ ਬਹਿ।4. ਤੌਬਾ ਅਫ਼ਸੋਸ ਕਰੀਏ
ਗਲਤੀਆਂ ’ਤੇ ਬਾਰ–ਬਾਰ,
ਵਾਂਗ ਮਰੀਅਮ ਮਗਦਲੀਨੀ,
ਕਰਦੀ ਰਹਿ ਵਿਹਲੀ ਨਾ ਬਹਿ।5. ਸੱਪ ਜ਼ਹਿਰੀਲੇ ਵਾਂਗਰਾਂ,
ਸ਼ੈਤਾਨ ਕੋਲੋਂ ਬਚਦੀ ਰਹੁ,
ਰਾਤ ਦਿਨ ਨੇਕੀਆਂ ਵਿੱਚ,
ਵੱਧਦੀ ਰਹਿ ਵਿਹਲੀ ਨਾ ਬਹਿ। -
ਖਿੱਚ ਲੈਂਦੀਆਂ ਨੇ ਰੱਬ ਦੇ ਕਲਾਮ ਦੀਆਂ ਗੱਲਾਂ,
ਕਰ ਦੇਂਦੀਆਂ ਹਲੀਮ ਇਲਹਾਮ ਦੀਆਂ ਗੱਲਾਂ।1. ਨੇਕਾਂ ਬੰਦਿਆਂ ਨੂੰ ਦੇਵੇਗਾ ਹਜ਼ੂਰ ਸੱਦ ਕੇ,
ਉਸ ਕੀਤੀਆਂ ਨੇ ਜਿਹੜੀਆਂ ਇਨਾਮ ਦੀਆਂ ਗੱਲਾਂ।2. ਸਿਰੇ ਕਲਵਰੀ ’ਤੇ ਪਹੁੰਚਣਾ ਸਲੀਬ ਚੁੱਕ ਕੇ,
ਹੁਣ ਛੱਡ ਦੇ ਜਹਾਨ ਦੇ ਆਰਾਮ ਦੀਆਂ ਗੱਲਾਂ।3. ਅੱਜ ਰੌਸ਼ਨ ਜਹਾਨ ਉੱਤੇ ਹੋਈਆਂ ਸਾਰੀਆਂ,
ਉਸ ਪਾਕ ਜਬਰਾਏਲ ਦੇ ਪੈਗ਼ਾਮ ਦੀਆਂ ਗੱਲਾਂ।4. ਕੋਈ ਗੁੱਠ ਨਹੀਂ ਜਹਾਨ ਉੱਤੇ ਖਾਲੀ ਦਿਸਦੀ,
ਜਿੱਥੇ ਹੁੰਦੀਆਂ ਨਹੀਂ, ਯਿਸੂ ਵਾਲੇ ਨਾਮ ਦੀਆਂ ਗੱਲਾਂ।5. ਨਿੱਤ ਲਿਖੀਆਂ ਅਮਾਲਨਾਮੇ ਵਿੱਚ ਜਾਂਦੀਆਂ,
ਸਭੇ ਤੇਰੀਆਂ ਸਵੇਰ, ਨਾਲੇ ਸ਼ਾਮ ਦੀਆਂ ਗੱਲਾਂ। -
ਦਿਲ ਯਿਸੂ ਦੇ ਪ੍ਰੇਮ ਵਿੱਚ ਜਗਦਾ ਰਹੇ,
ਯਾਦ ਹੱਕ ਵਿੱਚ ਦਮ–ਦਮ ਚੱਲਦਾ ਰਹੇ।1. ਅਜ਼ਮਾਇਸ਼ ਦੇ ਸਮੁੰਦਰ ਉਹ ਪਾਰ ਹੋ ਗਿਆ,
ਪਾਕ ਲੋਕਾਂ ਵਿੱਚ ਉਸਦਾ ਸ਼ੁਮਾਰ ਹੋ ਗਿਆ,
ਜਿਹੜਾ ਰੱਬ ਲਈ ਦੁੱਖ ਕੁਝ ਝੱਲਦਾ ਰਹੇ।2. ਦਮ-ਦਮ ਨਾਲ ਰੱਬ ਤੋਂ ਦੁਆ ਮੰਗੀਏ,
ਮਾਫ਼ੀ ਉਸ ਕੋਲੋਂ ਕਦੀ ਮੰਗਣੋਂ ਨਾ ਸੰਗੀਏ,
ਗੁੱਸਾ ਰੱਬ ਵਾਲਾ ਸਿਰ ਉੱਤੋਂ ਟਲਦਾ ਰਹੇ।3. ਦੀਵਾ ਬਾਲ਼ ਕੇ ਨਹੀਂ ਲੋਕ ਟੋਪ ਹੇਠ ਰੱਖਦੇ,
ਹੁਣ ਖੋਲ੍ਹ ਕੇ ਜਹਾਨ ਨੂੰ ਸੱਚਿਆਈ ਦੱਸਦੇ,
ਭੇਦ ਛੁਪਿਆ ਕਿਉਂ ਕਿਸੇ ਸੱਚੀ ਗੱਲ ਦਾ ਰਹੇ।4. ਬਣ ਰੱਬ ਦਾ, ਰੱਬ ਨੂੰ ਬਣਾ ਲੈ ਆਪਣਾ,
ਮੰਨ ਰੱਬ, ਛੱਡ ਸਭ ਐਵੇਂ ਪਿਆ ਖੱਪ ਨਾ,
ਬੱਚ ਜਾਵੇਂਗਾ ਜੇ ਯਿਸੂ ਤੇਰੇ ਵੱਲ ਦਾ ਰਹੇ।5. ਵੱਧ ਡੰਗਰਾਂ ਦੇ ਨਾਲੋਂ ਰੱਬ ਤੈਨੂੰ ਜਾਣਦਾ,
ਉਹਨੂੰ ਫਿਕਰ ਹੈ ਸਾਰਾ ਤੇਰੇ ਪੀਣ-ਖਾਣ ਦਾ,
ਨੇਕ ਬੰਦਿਆਂ ਨੂੰ ਰਿਜ਼ਕ ਵੀ ਉਹ ਘੱਲਦਾ ਰਹੇ। -
ਸਭ ਦੁਨੀਆ ਆਪਣੇ ਮਤਲਬ ਦੀ,
ਬਿਨਾਂ ਮਤਲਬ ਦੇ ਕੋਈ ਯਾਰ ਨਹੀਂ।1. ਸਭ ਮਤਲਬ ਦੇ ਨੇ ਭੈਣ ਭਰਾ,
ਡਿੱਠਾ ਹਰ ਇੱਕ ਆਪਣੇ ਮਤਲਬ ਦਾ,
ਜਦੋਂ ਆਪਣਾ ਮਤਲਬ ਨਿਕਲ ਗਿਆ,
ਤੇਰਾ ਫੇਰ ਕੋਈ ਗ਼ਮਖ਼ਾਰ ਨਹੀਂ।2. ਸਭ ਸਾਕ ਨੇ ਪੀਂਦੇ ਖਾਂਦੇ ਦੇ,
ਤੇਰੇ ਯਾਰ ਨੇ ਐਸ਼ ਮਨਾਂਦੇ ਦੇ,
ਜਿਨ੍ਹਾਂ ਲਈ ਤੂੰ ਪਾਪ ਕਮਾਨਾ ਏਂ,
ਕਿਸੇ ਲਾਉਣਾ ਤੈਨੂੰ ਪਾਰ ਨਹੀਂ ।3. ਹੋਣਾ ਇੱਕ ਦਿਨ ਕੂਚ ਇਕੱਲੇ ਦਾ,
ਧਨ ਆਵੇਗਾ ਕੰਮ ਪੱਲੇ ਨਾ,
ਜਾਣਾ ਆਪੋ ਆਪਣੀ ਵਾਰੀ ਏ,
ਕਿਸੇ ਆਣ ਵੰਡਾਣਾ ਭਾਰ ਨਹੀਂ।4. ਤੇਰੇ ਸਾਥੀ ਨੇ, ਸਭ ਹੱਸਦੇ ਦੇ,
ਜਿਹੜੇ ਹੱਸਦੇ ਦੇ ਨਾਲ ਹੱਸਦੇ ਨੇ,
ਕੋਈ ਰੋਂਦੇ ਨਾਲ ਨਾ ਰੋਂਦਾ ਏ,
ਕੋਈ ਸਾਥੀ ਆਖ਼ਿਰਕਾਰ ਨਹੀਂ।5. ਯਿਸੂ ਬਣਿਆ ਯਾਰ ਗੁਨਾਹੀਆਂ ਦਾ,
ਜਿਸ ਚੁੱਕਿਆ ਭਾਰ ਗੁਨਾਹੀਆਂ ਦਾ,
ਜਿਹੜਾ ਤੇਰੀ ਖ਼ਾਤਿਰ ਫੜ੍ਹਿਆ ਗਿਆ,
ਕੀਤਾ ਮਰਨ ਕੋਲੋਂ ਇਨਕਾਰ ਨਹੀਂ। -
ਘੱਟ ਛੱਡ ਤੋਲਣਾ, ਤੇ ਝੂਠ ਮੂੰਹੋਂ ਬੋਲਣਾ।
1. ਰੱਬ ਨੇ ਸੀ ਤੋਰਿਆ ਨੇਕੀਆਂ ਕਮਾਣ ਲਈ,
ਬੰਦਗੀ ਕਰਾਂ ਸ਼ਾਨ ਆਪਣੀ ਵਧਾਉਣ ਲਈ,
ਆਣ ਕੇ ਜਹਾਨ ਉੱਤੇ ਘੋਲਿਆ ਕੀ ਘੋਲਣਾ।2. ਨੇਕੀਆਂ ਨੂੰ ਰੱਖੀਏ ਪਾਪਾਂ ਨੂੰ ਵਸਾਰੀਏ,
ਮੌਤ ਚੇਤੇ ਰੱਖੀਏ ਜ਼ਿੰਦਗੀ ਸੰਵਾਰੀਏ,
ਪਵੇਗਾ ਜ਼ਰੂਰ ਦੰਦੀ ਦਿੱਤੀਆਂ ਨੂੰ ਖੋਲ੍ਹਣਾ।3. ਹੁੰਦੀਆਂ ਨਹੀਂ ਚੰਗੀਆਂ ਕਦੀ ਮਗ਼ਰੂਰੀਆਂ,
ਧੜਿਆਂ ਦੇ ਨਾਲ ਕਦੀ ਪੈਂਦੀਆਂ ਨਹੀਂ ਪੂਰੀਆਂ,
ਬਦੀਆਂ ਨੂੰ ਸਾਂਭਣਾ ਨੇਕੀਆਂ ਨੂੰ ਰੋਲਣਾ।4. ਦੇਵੇਗਾ ਜਵਾਬ ਕਿਹੜਾ ਰੱਬ ਦੀ ਜਨਾਬ ਵਿੱਚ,
ਰੋਣਾ ਨਾਲੇ ਦੰਦ ਪੀਹਣਾ ਹੋਵੇਗਾ ਅਜ਼ਾਬ ਵਿੱਚ,
ਮੌਤ ਪਿੱਛੋਂ ਜੇਬ ਨੇ ਜੇ ਫੋਲਿਆ ਜਾ ਫੋਲਣਾ।5. ਡੋਲੀਏ ਨਾ, ਕਾਇਮ ਰਹੀਏ ਆਪਣੇ ਇਮਾਨ ’ਤੇ,
ਆਉਣ ਜੇ ਮੁਸੀਬਤਾਂ ਝੱਲ ਲਈਏ ਜਾਨ ’ਤੇ,
ਦਿਲ ਨੂੰ ਖਲਾਰਨਾ, ਚਾਹੀਦਾ ਨਹੀਂ ਡੋਲਣਾ। -
ਦੇਵੇਗਾ ਯਿਸੂ ਹਾਂ ਨਜਾਤ, ਤੂੰ ਪਾਪੀ ਬੰਦੇ,
ਸੁਣ ਕੇ ਆ ਯਿਸੂ ਦੀ ਅਵਾਜ਼।1. ਲੈ ਕੇ ਆ ਜਾ ਬੋਝ, ਨਾਲੇ ਲੈ ਕੇ ਰੋਗ,
ਤੇਰੀ ਉਡੀਕ ਲਈ ਖੜ੍ਹਾ,
ਕਰਕੇ ਸ਼ਮਾਂ ਉਹ ਦੇਵੇਗਾ ਆਰਾਮ,
ਵਕਤ ਸੁਨਹਿਰੀ ਨਾ ਗਵਾ।2. ਸੁਣ ਲੈ ਯਿਸੂ ਦਾ ਇਹ ਫਰਮਾਨ,
ਅੰਮ੍ਰਿਤ ਜਲ ਆ ਕੇ ਲੈ,
ਪਿਆਸ ਕਦੀ ਨਾ ਹੋਵੇਗੀ ਐਸੀ,
ਵਗਦਾ ਰਹੇਗਾ ਦਰਿਆ।3. ਮਿਲੇਗਾ ਨਹੀਂ ਫਿਰ ਸੱਚਾ ਕਲਾਮ,
ਭਾਵੇਂ ਤੂੰ ਲੱਭਦਾ ਫਿਰੇਂ,
ਨਾ ਵਿੱਚ ਜਹਾਨ, ਨਾ ਥੱਲੇ ਅਸਮਾਨ,
ਬਾਣੀ ਦਾ ਪੈ ਜਾਏਗਾ ਕਾਲ।4. ਫੁੱਲਾਂ ਦੇ ਵਾਂਗਰ ਹੈ ਤੇਰੀ ਸ਼ਾਨ,
ਮਿਟ ਜਾਏਗੀ ਘਾਹ ਦੀ ਤਰ੍ਹਾਂ,
ਫਿਰ ਦਿਨ ਸੁੱਖ ਦੇ ਨਾ ਆਵਣਗੇ,
ਸਦਾ ਰਹੇਂਗਾ ਲਾਚਾਰ।5. ਯਿਸੂ ਮੁਕੱਦਸਾਂ ਨੂੰ ਲਏਗਾ ਉਠਾ,
ਤਾਂ ਕਿ ਉਹ ਰਾਜ ਕਰੇ,
ਕਰੇਗਾ ਸ਼ੈਤਾਨ ਉਹ ਔਖੀ ਤੇਰੀ ਜਾਨ,
ਪਾਵੇਂਗਾ ਅਬਦੀ ਸਜ਼ਾ। -
ਖ਼ੁਸ਼ ਹੋ ਖ਼ੁਦਾਵੰਦ ਆਇਆ ਹੈ,
ਉਸ ਨੂੰ ਕਰ ਕਬੂਲ,
ਉਹ ਕੁੱਲ ਜਹਾਨ ਦਾ ਮਾਲਿਕ ਹੈ,
ਉਸ ਨੂੰ ਕਰ ਕਬੂਲ।1. ਉਹ ਬਾਦਸ਼ਾਹਾਂ ਦਾ ਬਾਦਸ਼ਾਹ ਹੈ,
ਉਹਦਾ ਨਾਮ ਮੁਬਾਰਿਕ ਹੈ,
ਉਸ ਕੋਲੋਂ ਬਰਕਤ ਮਿਲਦੀ ਹੈ,
ਉਸ ਨੂੰ ਕਰ ਕਬੂਲ।2. ਦੁੱਖ ਦਰਦ ਜਹਾਨ ਦੇ ਚੁੱਕਣ ਲਈ,
ਉਹ ਧਰਤੀ ’ਤੇ ਆਇਆ ਹੈ,
ਉਹਦੀ ਸ਼ਾਨ ਜਹਾਨ ਤੋਂ ਉੱਚੀ ਹੈ,
ਉਸ ਨੂੰ ਕਰ ਕਬੂਲ।3. ਉਹ ਰਾਸਤਬਾਜ਼ਾਂ ਦੇ ਲਈ,
ਆਪਣਾ ਤਖ਼ਤ ਲਗਾਵੇਗਾ,
ਤੂੰ ਵੀ ਡਿੱਗ ਪਓ ਜਾ ਕੇ ਕਦਮਾਂ ਦੇ ਵਿੱਚ,
ਉਸ ਨੂੰ ਕਰ ਕਬੂਲ। -
ਕੁਝ ਕਰ ਲੈ ਨੇਕੀ ਤੂੰ ਬੰਦੇ,
ਨੇਕੀ ਹੀ ਨਾਲ ਇਹ ਜਾਵੇਗੀ,
ਇਹ ਵੇਲਾ ਹੱਥ ਨਾ ਆਵੇਗਾ,
ਇਹ ਦੌਲਤ ਕੰਮ ਨਾ ਆਵੇਗੀ।1. ਇਹ ਝੂਠੀ ਸਭ ਜ਼ਿੰਦਗਾਨੀ ਏ,
ਵਗਦਾ ਦਰਿਆ ਦਾ ਪਾਣੀ ਏ,
ਤੂੰ ਮੂੰਹ ਤੱਕਦਾ ਰਹਿ ਜਾਵੇਂਗਾ,
ਪਰ ਪੇਸ਼ ਕੋਈ ਨਾ ਜਾਵੇਗੀ।2. ਛੱਡ ਜਾਣਗੇ ਝੂਠੇ ਯਾਰ ਤੇਰੇ,
ਕੰਮ ਆਉਣੇ ਨੀ ਵਿਹਾਰ ਤੇਰੇ,
ਛੱਡ ਝੂਠੀ ਦੁਨੀਆ ਦੇ ਧੰਦੇ,
ਨਾ ਯਾਰੀ ਤੋੜ ਨਿਭਾਵੇਂਗੀ। -
ਦਰ ਮਸੀਹਾ ਦੇ ਇੱਕ ਦਿਨ ਆਉਣਾ ਪੈਣਾ,
ਇੱਕ ਦਿਨ ਛੱਡ ਕੇ ਫਾਨੀ ਦੁਨੀਆ,
ਰਾਹ ਦਰਗਾਹ ਦੇ ਪੈਣਾ।1. ਛੱਡ ਦੇ ਪੁੱਠੇ ਚਾਲੇ ਬੰਦਿਆ,
ਜੇ ਤੂੰ ਜਾਨ ਬਚਾਉਣੀ,
ਇਸ ਰੂਹ ਨੇ ਹੈ ਤੈਨੂੰ ਛੱਡਣਾ,
ਚਾਰ ਦਿਨਾਂ ਦੀ ਪ੍ਰਾਹੁਣੀ,
ਸੁਬ੍ਹਾ ਸ਼ਾਮ ਨੂੰ ਉਸ ਮਾਲਿਕ ਦਾ,
ਨਾਮ ਹੈ ਜੱਪਣਾ ਪੈਣਾ।2. ਭਜਨ ਖ਼ੁਦਾ ਦੇ ਗਾਉਣ ਵਾਸਤੇ,
ਤੈਨੂੰ ਉਸ ਬਣਾਇਆ,
ਰੂਪ ਵਿਗਾੜ ਲਿਆ ਖੁਦ ਆਪਣਾ,
ਫਿਰ ਵੀ ਨਾ ਪਛਤਾਇਆ,
ਸੱਚੀ ਸੰਗਤ ਹੈ ਯਿਸੂ ਮਸੀਹ ਦੀ,
ਸਿੱਖ ਲੈ ਆ ਕੇ ਬਹਿਣਾ।3. ਧਰਤੀ ਉੱਤੇ ਰੂਪ ਵਟਾ ਕੇ,
ਆਈ ਪਾਕ ਖ਼ੁਦਾਈ,
ਬਾਪ ਬੇਟੇ ਰੂਹਪਾਕ ਦੀ ਬੰਦਿਆ,
ਕਰਦਾ ਰਹਿ ਵਡਿਆਈ,
ਇੱਕ ਦਿਨ ਕੂਚ ਨਗਾਰਾ ਵੱਜਣਾ,
ਇੱਥੋਂ ਨੱਸਣਾ ਪੈਣਾ। -
ਸੁਣ ਲੈ ਪੁਕਾਰ ਸਾਡੀ ਆਲੀ ਦਰਬਾਰ ਵਾਲੇ,
ਝਿੜਕੀਂ ਨਾ ਨਾਲ ਗੁੱਸੇ ਸ਼ੀਰੀਂ ਗ਼ੁਫਤਾਰ ਵਾਲੇ।1. ਨੱਸਾਂ ਤੇ ਜਾਵਾਂ ਕਿੱਥੇ ਆਪਣੇ ਹਬੀਬ ਕੋਲੋਂ,
ਖੌਫ਼ ਨਾ ਖਾਧਾ ਜੋ ਨਾ ਡਰਿਆ ਸਲੀਬ ਕੋਲੋਂ,
ਨਿਕਲੇ ਨਾ ਉਹਦੇ ਮੂੰਹੋਂ ਕਲਮੇ ਇਨਕਾਰ ਵਾਲੇ।2. ਛੱਡ ਕੇ ਅਸਮਾਨ ਆਇਆ ਨਸਲ-ਏ-ਇਨਸਾਨ ਬਦਲੇ,
ਹੋਣਾ ਮਸਲੂਬ ਤੇਰਾ ਸਾਰੇ ਜਹਾਨ ਬਦਲੇ,
ਸਦਕੇ ਮੈਂ ਜਾਵਾਂ ਤੇਰੇ ਐਡੇ ਪਿਆਰ ਵਾਲੇ।3. ਦੁਨੀਆ ਦੀ ਖਾਤਿਰ ਲਹੂ ਸੂਲੀ ’ਤੇ ਡੋਲ੍ਹ ਦਿੱਤਾ,
ਬੰਦ ਬਹਿਸ਼ਤ ਵਾਲੇ ਬੂਹੇ ਨੂੰ ਖੋਲ੍ਹ ਦਿੱਤਾ,
ਕਿਉਂ ਨਾ ਹੁਣ ਗੀਤ ਗਾਈਏ ਯਿਸੂ ਦਿਲਦਾਰ ਵਾਲੇ।4. ਲੱਗੀ ਚਰੋਕਣੀ ਸੀ ਸਾਨੂੰ ਉਡੀਕ ਤੇਰੀ,
ਆਮਦ ਮੁਬਾਰਿਕ ਹੋਈ ਦੁਨੀਆ ’ਤੇ ਠੀਕ ਤੇਰੀ,
ਵਾਅਦੇ ਨੂੰ ਤੋੜ ਨਿਭਾਇਆ ਪੱਕੇ ਇਕਰਾਰ ਵਾਲੇ।5. ਕੱਢ ਲੈ ਅਜ਼ਾਬਾਂ ਵਿੱਚੋਂ, ਪਾਪਾਂ ਦੇ ਮਾਰਿਆਂ ਨੂੰ,
ਜ਼ਿੰਦਗੀ ਹਮੇਸ਼ਾ ਵਾਲੀ ਦੇ ਦੇ ਵਿਚਾਰਿਆਂ ਨੂੰ,
ਰੱਬ ਦੇ ਇਕਲੌਤੇ ਬੇਟੇ ਪੂਰੇ ਇਖ਼ਤਿਆਰ ਵਾਲੇ। -
ਤੇਰੇ ਕਮਾਲ ਦੀਆਂ,
ਨੂਰ-ਏ-ਜਲਾਲ ਦੀਆਂ,
ਵਡਿਆਈਆਂ ਸੁਣਕੇ ਆਏ ਹਾਂ।1. ਆਖਦੇ ਨੇ ਮਾਫ਼ੀ,
ਬਸ ਯਿਸੂ ਜੀ ਦੇ ਕੋਲ ਏ,
ਉਹਦੇ ਲਈ ਤਾਂ ਹਰ ਮਖ਼ਲੂਕ ਅਨਮੋਲ ਏ,
ਉਹਦੇ ਦੀਦਾਰ ਨੂੰ,
ਅਖੀਆਂ ਨੇ ਭਾਲਦੀਆਂ,
ਵਡਿਆਈਆਂ ਸੁਣਕੇ ਆਏ ਹਾਂ।2. ਆਖਦੇ ਨੇ ਅੰਨ੍ਹਿਆਂ ਨੂੰ,
ਨੈਣ ਯਿਸੂ ਵੰਡਦਾ ਏ,
ਆਖਦੇ ਨੇ ਦੁਖੀਆਂ ਨੂੰ,
ਚੈਨ ਯਿਸੂ ਵੰਡਦਾ ਏ,
ਕਰਨਾ ਦੀਦਾਰ ਮੈਂ,
ਮਰੀਅਮ ਦੇ ਲਾਲ ਦਾ,
ਵਡਿਆਈਆਂ ਸੁਣਕੇ ਆਏ ਹਾਂ।3. ਆਖਦੇ ਨੇ ਦੁਖੀ ਵੇਖ,
ਯਿਸੂ ਜੀ ਨਾ ਜਰਦਾ ਏ,
ਆਖਦੇ ਨੇ ਝੋਲੀਆਂ,
ਰਹਿਮਤਾਂ ਨਾਲ ਭਰਦਾ ਏ,
ਮੰਗੀਆਂ ਮੁਰਾਦਾਂ ਨੂੰ,
ਕਦੇ ਵੀ ਨਾ ਟਾਲਦਾ,
ਵਡਿਆਈਆਂ ਸੁਣਕੇ ਆਏ ਹਾਂ। -
ਤੂੰ ਆਪਣੇ ਦਰਸ਼ਨ, ਆਪਣੇ ਦਾਸ ਨੂੰ ਦੇ,
ਤੂੰ ਮੈਨੂੰ ਆਪਣੀ, ਦਇਆ ਨਾਲ ਭਰ ਦੇ,
ਤੇਰੇ ਕੋਲ ਆਇਆ, ਸ਼ਰਮਿੰਦਾ ਨਾ ਹੋਣ ਦੇ।1. ਵੈਰੀਆਂ ਤੋਂ ਪ੍ਰਭੂ ਤੂੰ ਬਚਾਉਂਦਾ ਹੈ,
ਬੇਨਤੀ ਤੂੰ ਹਰ ਵਾਰੀ, ਮੇਰੀ ਸੁਣਦਾ ਹੈ,
ਤੂੰ ਮੈਨੂੰ ਸੱਚੀ ਰਾਹ ’ਤੇ ਹੈ ਪਾਉਂਦਾ,
ਤੂੰ ਮੈਨੂੰ ਬਲਵਾਨ ਤੇ ਦਲੇਰ ਬਣਾ ਦੇ।2. ਜਦੋਂ ਪਾਪ ਮੈਂ ਆਪਣਾ ਸਵੀਕਾਰ ਨਾ ਕੀਤਾ,
ਉਦੋਂ ਮੇਰਾ ਸਰੀਰ ਕਰਾਹੁਣ ਨਾਲ ਬੇਜਾਨ ਕੀਤਾ,
ਪਰ ਤੂੰ ਹੱਥ ਮੇਰੇ ’ਤੇ ਦਿਨ ਰਾਤ ਭਾਰਾ ਕੀਤਾ,
ਤੂੰ ਮੈਨੂੰ ਮੇਰੇ ਪਾਪਾਂ ਦੀ ਮਾਫ਼ੀ ਦੇ।3. ਉਸਤਤ ਕਰੀਏ ਤੇਰੀ, ਸਾਰੇ ਸਾਜ਼ਾਂ ਨਾਲ ਮਿਲਕੇ,
ਮੇਰੇ ਅਪਰਾਧਾਂ ਦੇ ਲਈ, ਤੂੰ ਉਤਾਰੇ ਨੇ ਛਿਲਕੇ,
ਸਾਫ਼ ਦਿਲੋਂ ਗਾਈਏ, ਖ਼ੁਸ਼ੀ ਦੇ ਨਾਅਰੇ ਮਾਰਕੇ,
ਤੂੰ ਮੈਨੂੰ ਪ੍ਰਭੂ ਆਪਣੇ ਦਰਸ਼ਨ ਦੇ। -
ਰੱਖਕੇ ਉਮੀਦਾਂ ਮੈਂ ਆਇਆ,
ਮੇਰੇ ਖ਼ੁਦਾਇਆ ਦੇ ਤੂੰ ਸਹਾਰਾ।1. ਰੂਹ, ਜਿਸਮ, ਜਾਨ ਵਿੱਚ ਜੋ ਨੇ ਗੁਨਾਹ,
ਤੂੰ ਹੈਂ ਦਿਆਲੂ, ਕਰਦੇ ਖਿਮਾ,
ਆਪਣੀ ਕਿਰਪਾ ਦਾ ਰੱਖ ਸਾਇਆ।2. ਮੇਰਾ ਦਿਲ ਚਾਹੇ ਮੈਂ ਅੱਗੇ ਵਧਾਂ,
ਵਿੱਚ ਬੀਆਬਾਨ ਦੇ ਮੈਂ ਤੈਨੂੰ ਤੱਕਾਂ,
ਅਰਪਣ ਕਰਾਂ ਮੈਂ ਜੀਵਨ ਸਾਰਾ।3. ਹੁਣ ਜਦੋਂ ਵੇਖਾਂ ਮੈਂ ਆਮਦ ਨਿਸ਼ਾਨ,
ਦੇ ਤੂੰ ਬੇਦਾਰੀ ਹੋਣਾ ਸ਼ਾਦ ਸਨਾ,
ਕਿਉਂਕਿ ਅਨੰਦ ਦਾ ਦਿਨ ਆਇਆ।4. ਜੋ ਤੇਰੇ ਸੰਤਾਂ ਨੇ ਪਾਇਆ ਹੈ ਰਾਹ,
ਮਿਲ ਜਾਵੇ ਮੈਨੂੰ ਮੇਰਾ ਸਥਾਨ,
ਉੱਥੇ ਗੁਜ਼ਾਰਾਂ ਮੈਂ ਜੀਵਨ ਸਾਰਾ। -
ਆਇਆ ਮਸੀਹਾ ਮੈਂ ਤੇਰੇ ਦੁਆਰੇ,
ਡੁੱਬੇ ਹੋਏ ਬੇੜੇ ਤੂੰ ਤੇ ਕਈਆਂ ਦੇ ਤਾਰੇ।1. ਸ਼ਾਦਰਾਖ਼, ਮੇਸ਼ਾਖ, ਆਬੇਦਨੇਗੋ ਨੂੰ,
ਬਲ਼ਦੀ ਭੱਠੀ ਦੇ ਵਿੱਚ ਸੁੱਟਿਆ ਜਿਨ੍ਹਾਂ ਨੂੰ,
ਬਚੇ ਸੀ ਮਸੀਹਾ, ਉਹ ਤੇ ਤੇਰੇ ਸਹਾਰੇ।2. ਪਤਰਸ ਦਿਲ ਦਾ ਬੜ੍ਹਾ ਕਮਜ਼ੋਰ ਸੀ,
ਲਿਆ ਕੰਮ ਆਪਣਾ ਦੇ ਕੇ ਤੂੰ ਜ਼ੋਰ ਸੀ,
ਜਿਹੜੇ ਸੀ ਸ਼ਿਕਾਰੀ, ਉਹ ਤੇ ਬਣ ਗਏ ਪਿਆਰੇ।3. ਜ਼ੱਕਈ ਗੁਨਾਹਾਂ ਤੋਂ ਸੀ ਡਰਿਆ,
ਵੇਖਣ ਮਸੀਹਾ ਨੂੰ ਗੂਲਰ ਤੇ ਚੜ੍ਹਿਆ,
ਪਾਪ ਦੀ ਕਮਾਈ ਛੱਡੀ ਹੋ ਗਿਆ ਕਿਨਾਰੇ।4. ਜਿਹੜੇ ਮਸੀਹਾ ਨੂੰ ਮੰਨ ਲੈਂਦੇ,
ਵਿੱਚ ਸਵਰਗ ਦੇ ਉਹਦੇ ਕੋਲ ਰਹਿੰਦੇ,
ਲੈਂਦੇ ਨੇ ਉਹ ਤੇ ਸਦਾ ਸਵਰਗੀ ਨਜ਼ਾਰੇ। -
ਆ ਗਏ ਅਸੀਂ ਦਰ ਤੇਰੇ ’ਤੇ,
ਮੁਕਤੀ ਦੇਵਣ-ਹਾਰਾ ਤੂੰਏਂ,
ਤੇਰੇ ਕੋਲ ਗੁਨਾਹ ਦੀ ਮਾਫ਼ੀ,
ਸਾਡਾ ਬਖ਼ਸ਼ਣਹਾਰਾ ਤੂੰਏਂ।1. ਤੇਰੀ ਹਮਦ ਕਰੇ ਪਈ ਧਰਤੀ,
ਤਾਰੀਫ਼ ਗਾਵੇ ਅਸਮਾਨ,
ਤੂੰ ਏ ਰਹਿਮ ਕਰਦਾ ਸ਼ਾਫ਼ੀ,
ਤੂੰਏਂ ਸਾਡਾ ਨਿਗ਼ਾਹਬਾਨ,
ਸਭ ’ਤੇ ਵੱਸਦੀ ਰਹਿਮਤ ਤੇਰੀ,
ਸਭ ਦਾ ਪਾਲਣਹਾਰਾ ਤੂੰਏਂ।2. ਤੇਰੀ ਅਜ਼ਮਤ ਉੱਚੀ ਸਭਨਾਂ,
ਬਦਲਾਂ ਤੇ ਅਸਮਾਨਾਂ ਤੋਂ,
ਕੀਤੀ ਸੀ ਕੁਰਬਾਨ ਤੂੰ ਜਿੰਦੜੀ,
ਗ਼ੁਨਾਹਗਾਰਾਂ ਇਨਸਾਨਾਂ ਤੋਂ,
ਅਬਦੀ ਮੁਕਤੀ ਮਿਲਦੀ ਤੇਥੋਂ,
ਜ਼ਿੰਦਗਾਨੀ ਦਾ ਰਾਹ ਤੂੰਏਂ।3. ਬਖ਼ਸ਼ ਤੌਫ਼ੀਕ ਮਸੀਹਾ ਕਰੀਏ,
ਇੱਕ ਦੂਜੇ ਨਾਲ ਪਿਆਰ ਅਸੀਂ,
ਤੇਰੀ ਖ਼ੁਸ਼ਖ਼ਬਰੀ ਦਾ ਕਰੀਏ,
ਹਰ ਥਾਂ ’ਤੇ ਪ੍ਰਚਾਰ ਅਸੀਂ,
ਪਿਆਰ ਦਾ ਰਾਹ ਵਿਖਾਇਆ ਤੂੰਏਂ,
ਬੇਟਾ ਰੱਬ ਦਾ ਪਿਆਰਾ ਤੂੰਏਂ। -
ਨਾਮ ਜੱਪਾਂ ਮੈਂ ਤੇਰਾ,
ਯਿਸੂ ਤੇਰੀ ਹਮਦ ਸੁਣਾਵਾਂ,
ਯਿਸੂ ਮੇਰਾ ਮੁਕਤੀਦਾਤਾ,
ਇਹੋ ਕਹਿੰਦਾ ਜਾਵਾਂ।1. ਰਾਹ ਤੇ ਸੱਚ ਵੀ ਆਪੇ ਯਿਸੂ,
ਜ਼ਿੰਦਗੀ ਵੀ ਉਹ ਆਪੇ,
ਕਿਉਂ ਨਾ ਉਹਦੇ ਕੋਲ ਜਾ ਕੇ,
ਅਬਦੀ ਜ਼ਿੰਦਗੀ ਪਾਵਾਂ।2. ਯਿਸੂ ਹੈ ਉਹ ਕਲਮਾ ਜਿਹੜਾ,
ਰੱਬ ਦੇ ਨਾਲ ਸੀ ਅਜ਼ਲੋਂ,
ਇਹੋ ਕਲਮਾ ਐ ਖ਼ੁਦਾ ਮੈਂ,
ਲੋਕਾਂ ਨੂੰ ਬਤਲਾਵਾਂ।3. ਮੇਰੀ ਉਹ ਮਜ਼ਬੂਤ ਚਟਾਨ ਤੇ,
ਲੁਕਣ ਦੀ ਥਾਂ ਮੇਰੀ,
ਜਦ ਵੀ ਉਹਦਾ ਨਾਂ ਪੁਕਾਰਾਂ,
ਹੋਵਣ ਦੂਰ ਬਲਾਵਾਂ।4. ਤੇਰਾ ਨਾਂ ਸਰ੍ਹਾਇਆ ਜਾਵੇ,
ਇੱਜ਼ਤ ਹਸ਼ਮਤ ਪਾਵੇ,
ਮੇਰੇ ਪਾਕ ਖ਼ੁਦਾਵੰਦ ਯਿਸੂ,
ਜਿੱਧਰ ਜਾਵਾਂ ਆਵਾਂ। -
1. ਅਸੀਂ ਤਾਂ ਰਹਿਣਾ ਏ, ਕਦਮਾਂ ’ਚ ਝੁੱਕ ਕੇ,
ਦੁਨੀਆ ਦੇ ਕੰਮ ਤਾਂ ਕਦੀ ਨਹੀਂ ਮੁੱਕਦੇ,
ਕਦਮਾਂ ’ਚ ਜ਼ਿੰਦਗੀ ਬਿਤਾਵਾਂਗੇ,
ਰੂਹ-ਏ-ਪਾਕ ਨਾਲ ਭਰ ਕੇ ਗੀਤ ਤੇਰੇ ਗਾਵਾਂਗੇ।2. ਤੂੰ ਜ਼ਿੰਦਗੀ ਦੀ ਰੋਟੀ ਏ, ਇਹ ਸਭ ਨੂੰ ਬਤਾਵਾਂਗੇ,
ਜ਼ਿੰਦਗੀ ਏ ਨਾਮ ਤੇਰੇ ਲਾਵਾਂਗੇ,
ਰੂਹ-ਏ-ਪਾਕ ਨਾਲ ਭਰ ਕੇ ਗੀਤ ਤੇਰੇ ਗਾਵਾਂਗੇ।3. ਕਰਾਂਗੇ ਬੁਲੰਦ ਤੇਰੀ ਸੂਲੀ ਨੂੰ ਸਦਾ,
ਤੂੰ ਸਾਡੀ ਜਿੰਦ ਤੂੰ ਹੀ ਸਾਡਾ ਏ ਖ਼ੁਦਾ,
ਜ਼ਿੰਦਗੀ ਇਹ ਨਾਮ ਤੇਰੇ ਲਾਵਾਂਗੇ,
ਰੂਹ-ਏ-ਪਾਕ ਨਾਲ ਭਰ ਕੇ ਗੀਤ ਤੇਰੇ ਗਾਵਾਂਗੇ। -
ਯਿਸੂ ਦੇ ਦਰ ’ਤੇ ਚਾਹੀਦਾ ਹੈ ਜਾਣਾ,
ਇਹੋ ਰੱਬ ਦਾ ਹੈ ਫਰਮਾਣਾ।1. ਉਹ ਹੈ ਕਹਿੰਦਾ ਆ ਜਾਓ ਪਾਪੀਓ,
ਬਾਝ ਮੇਰੇ ਨਾ ਕਿਸੇ ਨੇ ਬਚਾਉਣਾ।2. ਉਹ ਤਾਂ ਦੇਂਦਾ ਜ਼ਿੰਦਗੀ ਦਾ ਪਾਣੀ,
ਉਸਨੂੰ ਪੀ ਕੇ ਤ੍ਰੇਹ ਨੂੰ ਬੁਝਾਉਣਾ।3. ਉਹਦੇ ਕੋਲ ਹੈ ਜ਼ਿੰਦਗੀ ਦੀ ਰੋਟੀ,
ਉਸਨੂੰ ਖਾ ਕੇ ਭੁੱਖ ਨੂੰ ਮਿਟਾਉਣਾ।4. ਉਸਨੇ ਪੁਕਾਰਿਆ ਆ ਜਾਓ ਮੰਦਿਓ,
ਆਪਣੇ ਮਨ ਵਿੱਚ ਸੁੱਖ ਜਿਹਨੇ ਪਾਉਣਾ।5. ਉਹ ਤਾਂ ਅਯਾਲੀ ਭੇਡਾਂ ਦਾ ਹੈ,
ਭੁੱਲੀਆਂ ਭੇਡਾਂ ਨੂੰ ਉਹਨੇ ਰਾਹ ਪਾਉਣਾ।6. ਡੁੱਬਦੇ ਪਾਪੀਆਂ ਦਾ ਉਹ ਹੈ ਬੇਲੀ,
ਉਸਨੇ ਸਭ ਨੂੰ ਪਾਰ ਲਗਾਉਣਾ।7. ਹੋਰ ਕਿਸੇ ਤੋਂ ਮੁਕਤੀ ਨਾ ਮਿਲਣੀ,
ਵਿੱਚ ਸਵਰਗ ਦੇ ਯਿਸੂ ਪਹੁੰਚਾਉਣਾ।8. ਬੰਦਾ ਕਰਦਾ ਬੇਨਤੀ ਤੇਰੀ,
ਮੈਨੂੰ ਦਿਲ ਦੇ ਕੋਲ ਬਿਠਾਉਣਾ। -
ਚਿੱਟੇ ਦੁੱਧ ਵਾਂਗੂੰ ਜ਼ਿੰਦਗੀ ਬਣਾ ਦੇ,
ਮੇਰੇ ਸੁੱਤੜੇ ਤੂੰ ਲੇਖ ਜਗਾ ਦੇ,
ਤੌਬਾ ਤੌਬਾ ਮੇਰੀ, ਸ਼ਾਫ਼ੀ ਤੌਬਾ ਮੇਰੀ,
ਹੱਥ ਰਹਿਮ ਦਾ ਹੁਣ ਤੇ ਵਧਾ ਦੇ,
ਮੇਰੇ ਸੁੱਤੜੇ ਤੂੰ ਲੇਖ ਜਗਾ ਦੇ।1. ਸ਼ਾਫ਼ੀ ਰੋਗ ਅਵੱਲੜੇ ਨੇ ਮੇਰੇ,
ਆਈ ਲੈ ਕੇ ਮੈਂ ਦਰ ’ਤੇ ਤੇਰੇ,
ਮੇਰੀ ਸੁਣ ਲੈ ਦੁਆ ਆ ਕੇ ਨੇੜੇ,
ਲਾਵਾਂ ਤੇਰੇ ਹੀ ਘਰ ਦੇ ਮੈਂ ਫੇਰੇ,
ਮੇਰੇ ਜੀਵਨ ਨੂੰ ਹੁਣ ਤੂੰ ਸਜਾਅ ਦੇ,
ਮੇਰੇ ਸੁੱਤੜੇ ਤੂੰ ਲੇਖ ਜਗਾ ਦੇ।2. ਤੈਨੂੰ ਸਿਜਦੇ ਮੈਂ ਕਰਦੀ ਰਵਾਂਗੀ,
ਤੇਰੀ ਮਰਜ਼ੀ ’ਤੇ ਚੱਲਦੀ ਰਵਾਂਗੀ,
ਤੇਰੀ ਮਜਲਿਸ ਵਿੱਚ ਬਹਿੰਦੀ ਰਹਾਂਗੀ,
ਤੇਰੀ ਬੰਦਗੀ ਮੈਂ ਕਰਦੀ ਰਹਾਂਗੀ,
ਮੈਨੂੰ ਪਿਆਰ ਦਾ ਸਬਕ ਪੜ੍ਹਾ ਦੇ,
ਮੇਰੇ ਸੁੱਤੜੇ ਤੂੰ ਲੇਖ ਜਗਾ ਦੇ।3. ਤੇਰੇ ਨਾਂ ਦੇ ਮੈਂ ਦੀਪ ਜਗਾਏ,
ਕਰ ਰੂਹਪਾਕ ਦੇ ਹੁਣ ਸਾਏ,
ਮੈਂ ਤੇ ਸ਼ਰਮਾਂ ਦੇ ਘੁੰਡ ਲਾਹੇ,
ਤੇਰੇ ਗੀਤ ਮੈਂ ਜੱਗ ਨੂੰ ਸੁਣਾਏ,
ਇਸ ਦੁਖੀਏੇ ਨੂੰ ਮੁੱਖੜਾ ਦਿਖਾ ਦੇ,
ਮੇਰੇ ਸੁੱਤੜੇ ਤੂੰ ਲੇਖ ਜਗਾ ਦੇ। -
ਜਿਹੜਾ ਰੱਬ ਸੀ ਅੱਖਾਂ ਤੋਂ ਓਝਲ,
ਯਿਸੂ ਨੇ ਆਣ ਮਿਲਾਇਆ ਏ,
ਉਹਦਾ ਚਿਹਰਾ ਕੋਈ ਨਾ ਵੇਖ ਸਕੇ,
ਯਿਸੂ ਨੇ ਆਣ ਵਿਖਾਇਆ ਏ।1. ਪਾਪਾਂ ਦਾ ਬੋਝ ਵੀ ਡਾਢਾ ਸੀ,
ਚੁੱਕਿਆ ਨਾ ਕਿਸੇ ਤੋਂ ਜਾਂਦਾ ਸੀ,
ਬਣ ਖ਼ਾਦਮ ਯਿਸੂ ਆ ਗਿਆ,
ਉਸ ਨੇ ਭਾਰ ਉਠਾਇਆ ਏ।2. ਜਿਹੜਾ ਪਾਪਾਂ ਤੋਂ ਛੁਡਾਉਂਦਾ ਏ,
ਓਹੀ ਉੱਜੜੇ ਘਰ ਨੂੰ ਵਸਾਂਦਾ ਏ,
ਜਿੰਨ੍ਹੇ ਪਿਆਰ ਵਿਖਾਇਆ ਸੂਲੀ ’ਤੇ,
ਉਸੇ ਨੇ ਖੂਨ ਵਹਾਇਆ ਏ।3. ਜੰਨਤਾਂ ਦੇ ਬੂਹੇ ਖੋਲ੍ਹ ਦਿੱਤੇ,
ਦੁਸ਼ਮਣ ਵੀ ਸਾਰੇ ਰੋਲ ਦਿੱਤੇ,
ਹੁਣ ਟੁੱਟੇ ਬੰਧਨ ਦੁੱਖਾਂ ਦੇ,
ਇੱਕ ਰਿਸ਼ਤਾ ਨਵਾਂ ਬਣਾਇਆ ਏ। -
ਤੇਥੋਂ ਬਗ਼ੈਰ ਯਿਸੂ, ਨਾ ਮੇਰੀ ਪਨਾਹ,
ਆਇਆ ਹਾਂ ਕੋਲ ਤੇਰੇ, ਬਖ਼ਸ਼ੀਂ ਗ਼ੁਨਾਹ।1. ਮੇਰੀ ਹੈ ਆਸ ਤੇਰੇ ਉੱਤੇ ਖ਼ੁਦਾਇਆ,
ਜੀਵਨ ਨਵਾਂ ਮੈਂ ਤੇਥੋਂ ਪਾਵਣ ਹਾਂ ਆਇਆ,
ਪਾਪਾਂ ’ਚ ਜ਼ਿੰਦ ਹੁੰਦੀ ਜਾਂਦੀ ਏ ਫ਼ਨਾਹ,
ਆਇਆ ਹਾਂ ਕੋਲ ਤੇਰੇ, ਬਖ਼ਸ਼ੀਂ ਗ਼ੁਨਾਹ।2. ਲਾਜ਼ਰ ਨੂੰ ਜਿਵੇਂ ਮੋਇਆ ਵਿੱਚੋਂ ਜਗਾਇਆ ਸੀ,
ਪਤਰਸ ਨੂੰ ਪਾਣੀ ਉੱਤੇ ਤੂੰ ਹੀ ਤੁਰਾਇਆ ਸੀ,
ਮੇਰੀ ਵੀ ਰੂਹ ਨੂੰ ਯਿਸੂ ਪਾਕ ਬਣਾ,
ਆਇਆ ਹਾਂ ਕੋਲ ਤੇਰੇ, ਬਖ਼ਸ਼ੀਂ ਗੁਨਾਹ।3. ਗੂੰਗਿਆਂ ਨੂੰ ਬੋਲ ਦੇਵੇਂ, ਅੰਨ੍ਹਿਆਂ ਨੂੰ ਨੈਣ ਵੀ,
ਦੁਖੀਆਂ ਨੂੰ ਤੇਰੇ ਕੋਲੋਂ ਮਿਲਦਾ ਹੈ ਚੈਨ ਵੀ,
ਗਾਵਾਂਗਾਂ ਯਿਸੂ ਤੇਰੀ, ਹਰ ਪਲ ਮੈਂ ਸਨਾ,
vਆਇਆ ਹਾਂ ਕੋਲ ਤੇਰੇ, ਬਖ਼ਸ਼ੀਂ ਗੁਨਾਹ। -
ਤੇਰੀ ਬੰਦਗੀ ਕਰੇ ਮੇਰੀ ਜ਼ਿੰਦਗੀ,
ਤੇਰੇ ਚਰਨਾਂ ’ਚ ਆਏ ਮੇਰੀ ਬੰਦਗੀ,
ਤੇ ਜਗ੍ਹਾ ਮੈਨੂੰ ਦੇ ਦਓ ਯਿਸੂ ਜੀ,
ਤੇ ਜਗ੍ਹਾ ਮੈਨੂੰ ਦੇ ਦਓ ਯਿਸੂ ਜੀ।1. ਮੈਂ ਆਇਆ ਦਰ ਤੇਰੇ ਆਇਆ,
ਮੈਂ ਤਾਂ ਸਾਰਿਆਂ ਤੋਂ ਪਿੱਛੋਂ ਦਰ ’ਤੇ ਆਇਆ,
ਕਿ ਮਾਫ਼ ਕਰੀਂ ਸੂਲੀ ਵਾਲਿਆ,
ਮਾਫ਼ ਕਰੀਂ ਸੂਲੀ ਵਾਲਿਆ।2. ਨਾ ਮੋੜੀਂ ਖਾਲੀ ਨਾ ਮੋੜੀਂ,
ਮੇਰਾ ਦਿਲ ਨਾ ਗ਼ਰੀਬ ਦਾ ਤੂੰ ਤੋੜੀਂ,
ਖੈਰ ਪਾ ਦੇ ਝੋਲੀ ਸੂਲੀ ਵਾਲਿਆ,
ਖੈਰ ਪਾ ਦੇ ਝੋਲੀ ਸੂਲੀ ਵਾਲਿਆ।3. ਤੇਰੀ ਮੁਕਤੀ ਯਿਸੂ ਜੀ ਤੇਰੀ ਸ਼ਕਤੀ,
ਜਿਨ੍ਹਾਂ ਕਰਨੀ ਯਿਸੂ ਜੀ ਤੇਰੀ ਭਗਤੀ,
ਕਿ ਉਹ ਸਦਾ ਸੁੱਖ ਪਾਉਣਗੇ,
ਉਹ ਸਦਾ ਸੁੱਖ ਪਾਉਣਗੇ। -
ਤੇਰੇ ਬਿਨਾਂ ਸ਼ਾਫ਼ੀ ਕਿਹਨੂੰ ਦਰਦ ਸੁਣਾਵਾਂ,
ਤੇਰਾ ਦਰ ਛੱਡ ਯਿਸੂ ਕਿਹੜੇ ਦਰ ਜਾਵਾਂ।1. ਕਰਦੇ ਤੂੰ ਭੁੱਲਾਂ-ਚੁੱਕਾਂ ਮਾਫ਼ ਸਭ ਮੇਰੀਆਂ,
ਹਰ ਦਮ ਗਾਵਾਂ ਦਾਤਾ ਸਿਫ਼ਤਾਂ ਮੈਂ ਤੇਰੀਆਂ,
ਏਹੋ ਤੇਰੇ ਦਰ ਆਇਆ ਕਰਨ ਦੁਆਵਾਂ,
ਤੇਰੇ ਬਿਨਾਂ ਸ਼ਾਫ਼ੀ ਕਿਹਨੂੰ ਦਰਦ ਸੁਣਾਵਾਂ।2. ਤੇਰੇ ਸਭ ਵਚਨਾਂ ਨੂੰ ਮੰਨਾਗਾਂ ਮੈਂ ਸ਼ਾਫ਼ੀਆ,
ਸੂਲੀ ਚੁੱਕ ਤੇਰੇ ਪਿੱਛੇ ਚੱਲਾਂਗਾ ਮੈਂ ਸ਼ਾਫ਼ੀਆ,
ਤੇਰੀ ਕੁਰਬਾਨੀ ਦੱਸ ਕਿਵੇਂ ਭੁੱਲ ਜਾਵਾਂ,
ਤੇਰੇ ਬਿਨਾਂ ਸ਼ਾਫ਼ੀ ਕਿਹਨੂੰ ਦਰਦ ਸੁਣਾਵਾਂ। -
ਦਰਸ਼ਨ ਦਓ, ਦਰਸ਼ਨ ਦਓ ਇੱਕ ਵਾਰ,
ਯਿਸੂ ਜੀ ਸਾਨੂੰ ਦਰਸ਼ਨ ਦਓ।1. ਤੇਰੇ ਹੀ ਜਹਾਨ ਵਿੱਚ ਫੁੱਲ ਰੰਗ-ਰੰਗ ਦੇ,
ਹਜ਼ਾਰਾਂ ਤੇਰੇ ਦੁੱਖ ਨੇ ਤੇ ਲੱਖਾਂ ਤੇਰੇ ਸੁੱਖ ਨੇ,
ਭਰ ਦੋ ਆਸ਼ੀਸ਼ ਨਾਲ,
ਯਿਸੂ ਜੀ ਸਾਨੂੰ ਦਰਸ਼ਨ ਦਓ।2. ਭੁੱਲੇ ਅਤੇ ਭਟਕੇ ਹੋਏ ਜਿਹੜੇ ਪਾਪੀ ਲੋਕ ਨੇ,
ਸਿੱਧੇ ਰਾਹ ’ਤੇ ਪਾ ਜਿਹੜੇ ਕਰਦੇ ਕਲੋਲ ਨੇ,
ਭਰ ਦੇ ਬਰਕਤਾਂ ਨਾਲ,
ਯਿਸੂ ਜੀ ਸਾਨੂੰ ਦਰਸ਼ਨ ਦਓ।3. ਨਾਮ ਤੇਰੇ ਵਿੱਚ ਕਿੰਨਾਂ ਸਾਰਾ ਸੁੱਖ ਹੈ,
ਲਵੇ ਜਿਹੜਾ ਨਾਮ ਤੇਰਾ
ਉਹਨੂੰ ਕਾਹਦੀ ਭੁੱਖ ਹੈ,
ਭਰ ਦੇ ਚੰਗਾਈ ਨਾਲ,
ਯਿਸੂ ਜੀ ਸਾਨੂੰ ਦਰਸ਼ਨ ਦਓ।4. ਯਿਸੂ ਨਾਲ ਪਿਆਰ ਜਿਹੜਾ, ਕਰੇ ਇੱਕ ਵਾਰ ਜੀ,
ਯਿਸੂ ਉਹਨੂੰ ਆਪਣਾ ਬਣਾਉਂਦਾ,
ਪਿਆਰਾ ਯਾਰ ਜੀ,
ਭਰ ਦੇ ਪਾਕ ਰੂਹ ਨਾਲ,
ਯਿਸੂ ਜੀ ਸਾਨੂੰ ਦਰਸ਼ਨ ਦਓ। -
ਦਰ ਤੇਰੇ ਆਈ ਹਾਂ, ਪਾਪਣ ਔਗੁਣਹਾਰ,
ਮੇਰੀ ਸੁਣ ਲੈ ਆ ਦੁੱਖਾਂ ਭਰੀ ਪੁਕਾਰ।1. ਦੁਨੀਆ ਦੇ ਵਿੱਚ ਨਹੀਂ ਮੈਨੂੰ
ਮਿਲਿਆ ਤੇਰੇ ਵਰਗਾ ਕੋਈ,
ਠੇਡੇ ਖਾਂਦੀ ਦਰ ’ਤੇ ਪਹੁੰਚੀ ਨੈਣ ਹੰਝੂ ਭਰ ਰੋਈ,
ਮੇਰੇ ਸ਼ਾਫ਼ੀ ਜੀ, ਕਰ ਦਿਓ ਬੇੜਾ ਪਾਰ।2. ਅੰਨ੍ਹਿਆਂ ਨੂੰ ਤੂੰ ਅੱਖੀਆਂ ਦਿੱਤੀਆਂ,
ਗੂੰਗਿਆਂ ਤੋਂ ਬੋਲ ਬੁਲਾਏ,
ਕੋੜ੍ਹੀਆਂ ਦੇ ਤੂੰ ਕੋੜ੍ਹ ਹਟਾਏ, ਪਾਪੀ ਰਾਹੇ ਪਾਏ,
ਮੈਨੂੰ ਮਾਫ਼ੀ ਦੇ, ਤੂੰ ਏਂ ਬਖ਼ਸ਼ਣਹਾਰ।3. ਮੇਰੀ ਖ਼ਾਤਿਰ ਜੱਗ ’ਤੇ ਆ ਕੇ,
ਆਪਣਾ ਖੂਨ ਵਹਾਇਆ,
ਭਾਰ ਹੇਠਾਂ ਦੱਬਿਆਂ ਹੋਇਆਂ ਦਾ,
ਆ ਕੇ ਬੋਝ ਉਠਾਇਆ,
ਤੇਰੇ ਬਿਨਾਂ ਲੈਂਦਾ ਨਾ ਮੇਰੀ ਕੋਈ ਸਾਰ। -
ਨਾਸਰੀ ਤੈਨੂੰ ਬੁਲਾਵੇ
ਪਾਪੀ ਸੁਣ ਲੈ ਪੁਕਾਰ ਤੂੰ,
ਚੁੱਕ ਲੈ ਮੋਢੇ ਆਪਣੀ ਸੂਲੀ,
ਖ਼ੁਦ ਦਾ ਕਰ ਇਨਕਾਰ ਤੂੰ।1. ਮੂਰਖ ਛੱਡ ਕੇ ਮੇਰਾ ਦੁਆਰਾ,
ਫਿਰਦਾ ਹੈਂ ਤੂੰ ਮਾਰਾ–ਮਾਰਾ,
ਚੱਲਿਆ ਨਾ ਜਦ ਤੇਰਾ ਚਾਰਾ,
ਆਇਆ ਬਣ ਮੈਂ ਤੇਰਾ ਸਹਾਰਾ,
ਤੇਰਾ ਜ਼ੋਰ ਤੇ ਕੁੱਵਤ ਮੈਂ ਹਾਂ,
ਹੁਣ ਨਾ ਹਿੰਮਤ ਹਾਰ ਤੂੰ।2. ਜੇ ਅਬਦੀ ਆਰਾਮ ਤੂੰ ਲੈਣਾ,
ਕਰ ਕਬੂਲ ਤੂੰ ਹਰ ਦੁੱਖ ਸਹਿਣਾ,
ਛੱਡ ਦੇ ਕੰਢੇ ਉੱਤੇ ਬਹਿਣਾ,
ਮੰਨ ਲੈ ਅੱਜ ਤੂੰ ਮੇਰਾ ਕਹਿਣਾ,
ਤੌਬਾ ਵਾਲੀ ਬੇੜੀ ਬਹਿ ਜਾ,
ਜੇ ਜਾਣਾ ਉਸ ਪਾਰ ਤੂੰ।3. ਰੋਜ਼ ਮੈਂ ਤੇਰੇ ਕੋਲ ਹਾਂ ਆਉਂਦਾ,
ਤੇਰੇ ਦਿਲ ਦਾ ਦਰ ਖੜਕਾਉਂਦਾ,
ਵੇਲਾ ਵੀ ਹੁਣ ਲੰਘਦਾ ਜਾਂਦਾ,
ਅਜੇ ਵੀ ਤੈਨੂੰ ਮੈਂ ਸਮਝਾਉਂਦਾ,
ਆ ਜਾ ਜੇਕਰ ਜ਼ਿੰਦਗੀ ਚਾਹੁੰਨਾ,
ਬਣ ਜਾ ਵਫ਼ਾਦਾਰ ਤੂੰ। -
ਆ ਯਿਸੂ ਆ… ਆ ਯਿਸੂ ਆ…
ਕਾਲੇ ਚਿੱਟੇ ਬੱਦਲਾਂ ’ਤੇ ਯਿਸੂ ਨਾਲ ਜਾਵਾਂਗੇ
ਹਵਾ ਦਿਆਂ ਬਾਜੂਆਂ ’ਤੇ, ਬਹਿ ਕੇ ਤੁਰ ਜਾਵਾਂਗੇ।1. ਨਾਸਰੀ ਦੇ ਆਉਣ ਦੀਆਂ ਕਰ ਲਓ ਤਿਆਰੀਆਂ,
ਹੋਣਗੀਆਂ ਪੂਰੀਆਂ ਇਹ ਗੱਲਾਂ ਵੇਖੋ ਸਾਰੀਆਂ,
ਅਬਦੀ ਜਲਾਲ ਵਿੱਚ ਖ਼ੁਸ਼ੀਆਂ ਮਨਾਵਾਂਗੇ,
ਹਵਾ ਦਿਆਂ ਬਾਜੂਆਂ ’ਤੇ, ਬਹਿ ਕੇ ਤੁਰ ਜਾਵਾਂਗੇ।2. ਮੌਤ ਤੇ ਬਿਮਾਰੀਆਂ ਦੇ ਹੜ੍ਹ ਸੁੱਕ ਜਾਣਗੇ,
ਜ਼ੁਲਮਾਂ ਤੇ ਦੁੱਖਾਂ ਵਾਲੇ ਜਾਲ ਟੁੱਟ ਜਾਣਗੇ,
ਯਿਸੂ ਦੀ ਹਜ਼ੂਰੀ ਵਿੱਚ ਚੈਨ–ਸੁੱਖ ਪਾਵਾਂਗੇ,
ਹਵਾ ਦਿਆਂ ਬਾਜੂਆਂ ’ਤੇ, ਬਹਿ ਕੇ ਤੁਰ ਜਾਵਾਂਗੇ।3. ਭੁੱਖ ਤੇ ਪਿਆਸ ਵਾਲੀ ਗੱਲ ਉੱਥੇ ਕੋਈ ਨਾ,
ਅੱਥਰੂ ਤੇ ਹੌਕਿਆਂ ਦੀ ਸੋਚ ਉੱਥੇ ਕੋਈ ਨਾ,
ਅਸਮਾਨੀ ਫੁੱਲਾਂ ਨਾਲ ਦਿਲਾਂ ਨੂੰ ਸਜਾਵਾਂਗੇ,
ਹਵਾ ਦਿਆਂ ਬਾਜੂਆਂ ’ਤੇ, ਬਹਿ ਕੇ ਤੁਰ ਜਾਵਾਂਗੇ।4. ਸਾਰੇ ਜੱਗ ਵਿੱਚ ਸਦਾ ਰਾਜ ਤੇਰਾ ਹੋਵੇਗਾ,
ਯਿਸੂ ਤੇਰਾ ਨਾਮ ਸੱਚਾ ਸਦਾ ਉੱਚਾ ਰਹੇਗਾ,
ਲੇਲੇ ਦਾ ਤੇ ਮੂਸਾ ਵਾਲਾ ਗੀਤ ਅਸੀਂ ਗਾਵਾਂਗੇ,
ਹਵਾ ਦਿਆਂ ਬਾਜੂਆਂ ’ਤੇ, ਬਹਿ ਕੇ ਤੁਰ ਜਾਵਾਂਗੇ। -
ਪਾਕ ਖ਼ੁਦਾ ਮੈਨੂੰ ਪਾਕ ਬਣਾ,
ਦਰ ਤੇਰੇ ’ਤੇ ਮੇਰੀ ਦੁਆ।1. ਰੂਹ ਜਿਸਮ ਜਾਨ ਨੂੰ ਮੈਂ ਲੈ ਕੇ ਆਇਆ,
ਕਰਦੇ ਪਵਿੱਤਰ ਮੇਰੇ ਖ਼ੁਦਾ, ਹੋ ਮੇਰੇ ਖ਼ੁਦਾ,
ਮੇਰੇ ਖ਼ੁਦਾ ਮੈਨੂੰ ਦੇਦੇ ਸ਼ਿਫ਼ਾ,
ਦਰ ਤੇਰੇ ’ਤੇ ਮੇਰੀ ਦੁਆ।2. ਦੇ ਪਵਿੱਤਰ ਆਤਮਾ ਮੈਂ ਗਾਵਾਂਗਾ ਸਨਾ,
ਰਹਾਂ ਪਵਿੱਤਰ ਵਿੱਚ ਜਹਾਨ, ਹੋ ਵਿੱਚ ਜਹਾਨ,
ਨੂਰ ਤੇਰੇ ਨਾਲ ਚਮਕਾਂ ਸਦਾ,
ਦਰ ਤੇਰੇ ’ਤੇ ਮੇਰੀ ਦੁਆ।3. ਜਲਦੀ ਤੂੰ ਆ ਜਾ ਰੂਹ ਪੁਕਾਰੇ,
ਬੇੜੀ ਇਮਾਨ ਦੀ ਤੂੰ ਲਾ ਕਿਨਾਰੇ, ਹੋ ਲਾ ਕਿਨਾਰੇ,
ਚਿਹਰੇ ਤੇਰੇ ਨੂੰ ਮੈਂ ਦੇਖਾਂ ਸਦਾ,
ਦਰ ਤੇਰੇ ’ਤੇ ਮੇਰੀ ਦੁਆ।4. ਵਿੱਚ ਹਨੇਰੇ ਮੈਂ ਚੱਲਦਾ ਰਿਹਾ,
ਵੈਰੀ ਸ਼ੈਤਾਨ ਤੋਂ ਮੈਨੂੰ ਬਚਾ, ਹੋ ਮੈਨੂੰ ਬਚਾ,
ਕਰਦੇ ਤੂੰ ਮੇਰਾ ਜੀਵਨ ਨਵਾਂ,
ਦਰ ਤੇਰੇ ’ਤੇ ਮੇਰੀ ਦੁਆ। -
ਪ੍ਰਭੂ ਦਾ ਦਰਸ਼ਨ ਵੇਖ-ਵੇਖ ਜੀਵਾਂ,
ਪ੍ਰਭੂ ਦੇ ਚਰਨ ਧੋਏ–ਧੋਏ ਪੀਵਾਂ।1. ਚੰਨ ਸੂਰਜ ਤੇ ਅੰਬਰ ਤਾਰੇ,
ਹੁਕਮ ਤੇਰੇ ਨਾਲ ਬਣ ਗਏ ਸਾਰੇ,
ਜੋ ਧਰਤੀ ਰੁਸ਼ਨਾਉਂਦੇ।2. ਯਿਸੂ ਦੇ ਦਰ ਸੰਗਤਾਂ ਆਈਆਂ,
ਯਿਸੂ ਨਾਲ ਪ੍ਰੀਤਾਂ ਲਾਈਆਂ,
ਫੁੱਲੇ ਨਹੀਂ ਸਮਾਉਂਦੇ।3. ਯਿਸੂ ਨਾਮ ਜੋ ਦਿਲ ਵਿੱਚ ਰੱਖਦੇ,
ਹੋ ਜਾਂਦੇ ਨੇ ਕੱਖੋਂ ਲੱਖ ਦੇ,
ਆਉਂਦੇ ਜੋ ਦਰ ਤੇਰੇ।4. ਮੇਰੇ ਵਰਗੇ ਪਾਪੀ ਬੰਦੇ,
ਨਾਮ ਯਿਸੂ ਦਾ ਲੈ ਕੇ ਤਰ ਗਏ,
ਹੋਏ ਦੂਰ ਹਨੇਰੇ। -
ਬੱਦਲਾਂ ਉੱਤੇ ਛੇਤੀ ਆਈਂ ਨਾਸਰੀਆ,
ਛੇਤੀ–ਛੇਤੀ ਫੇਰਾ ਪਾਈਂ ਨਾਸਰੀਆ।1. ਰੂਹ ਤੇ ਦੁਲਹਨ ਦੋਨੋਂ ਪਈਆਂ ਉਡੀਕਦੀਆਂ,
ਅੱਖੀਆਂ ਚੁੱਕ-ਚੁੱਕ ਤੇਰਾ ਰਸਤਾ ਦੇਖਦੀਆਂ।2. ਖ਼ੁਸ਼ੀਆਂ ਦੇ ਨਾਲ ਉਹਦੇ ਗੀਤ ਸੁਣਾਵਾਂਗੇ,
ਉਹਦੀ ਦੀਦ ਵਾਲੇ ਮੇਵੇ ਖਾਵਾਂਗੇ।3. ਸਾਡੀ ਸੰਗਤ ਵਿੱਚ ਮਸੀਹ ਦੇ ਰਹੇਗੀ,
ਸੰਗਤਾਂ ਉੱਤੇ ਉਹਦੀ ਰਹਿਮਤ ਹੋਵੇਗੀ। -
ਮੈਂ ਐਸੀ ਸੰਗਤ ਨਹੀਂ ਛੱਡਣੀ,
ਜਿਹੜੀ ਇਬਨ-ਏ-ਖ਼ੁਦਾ ਨੂੰ ਪਿਆਰ ਕਰੇ,
ਜਿਹੜੀ ਸੁਬ੍ਹਾ ਸ਼ਾਮ ਦੁਪਹਿਰਾਂ ਨੂੰ,
ਅੰਜੀਲ ਦਾ ਹੀ ਪ੍ਰਚਾਰ ਕਰੇ।1. ਜਿੰਨੇ ਮਿਲਣ ਦੁੱਖਾਂ ਦੇ ਮਾਰੇ,
ਸਭ ਦਾ ਦਰਦ ਵੰਡਾਈਏ,
ਵਾਂਗ ਯੂਹੰਨਾ ਜੰਗਲਾਂ ਦੇ ਵਿੱਚ
ਉਹਦੀ ਹਮਦ ਸੁਣਾਈਏ,
ਜਿਹੜਾ ਇਕਲੌਤਾ ਹੈ ਖਾਲਿਕ ਦਾ,
ਉਹਦੇ ਆਉਣ ਦੀ ਰਾਹ ਤਿਆਰ ਕਰੋ।2. ਜਿਹਨੂੰ ਯਿਸੂ ਹੁਕਮ ਨਹੀਂ ਦਿੰਦਾ,
ਉਹ ਨਾ ਕਰੇ ਮੁਨਾਦੀ,
ਚੰਗਾ ਨਹੀਂ ਜੋ ਥਾਂ-ਥਾਂ ਕਰਨਾ
ਰੂਹਾਂ ਦੀ ਬਰਬਾਦੀ,
ਅੰਜੀਲ ਨੂੰ ਪਾਸੇ ਰੱਖ ਦੇਵੇ,
ਕੋਈ ਹੋਰ ਨਵਾਂ ਕੰਮ ਕਾਰ ਕਰੇ।3. ਬੜੇ ਰੁਹਾਨੀ ਬੰਦੇ ਦੇਖੇ,
ਗਲੀਂ ਸਲੀਬਾਂ ਪਾਈਆਂ,
ਹੱਥ ਵਿੱਚ ਬਾਈਬਲ ਚੋਗਾ ਪਾ ਕੇ,
ਜ਼ਾਹਰ ਕਰਨ ਭਲਿਆਈਆਂ,
ਮੈਂ ਉਸ ਬੰਦੇ ਦਾ ਕਾਇਲ ਹਾਂ,
ਜਿਹਦਾ ਆਪ ਯਿਸੂ ਇਕਰਾਰ ਕਰੇ।4. ਤੇਰੇ ਨਾਲ ਮਸੀਹ ਦਾ ਬੰਦਾ,
ਤੂੰ ਖਾਦਮ ਨਹੀਂ ਡਰਨਾ,
ਜਿੱਥੇ ਵੀ ਇਬਲੀਸ ਮਿਲੇ,
ਤੂੰ ਸ਼ੇਰਾਂ ਵਾਂਗਰ ਲੜਨਾ,
ਉਹ ਆਪੇ ਕੱਟਿਆ ਜਾਵੇਗਾ,
ਜਿਹੜਾ ਹੱਥ ਤੇਰੇ ’ਤੇ ਵਾਰ ਕਰੇ। -
ਸਭਨਾਂ ਦੇ ਲਈ ਰਹਿਮ ਦਾ
ਯਿਸੂ ਖੋਲ੍ਹਿਆ ਏ ਦਰਵਾਜ਼ਾ,
ਹਰ ਇੱਕ ਨੂੰ ਉਹ ਵਾਜਾਂ ਮਾਰੇ
ਦਰ ਮੇਰੇ ’ਤੇ ਆ ਜਾ,
ਇਹ ਖ਼ੁਸ਼ਖ਼ਬਰੀ ਸਭ ਲੋਕਾਂ ਨੂੰ
ਛੇਤੀ ਜਾ ਸੁਣਾਓ,
ਬਰਕਤ ਯਿਸੂ ਦੀ
ਝੋਲੀਆਂ ਭਰ–ਭਰ ਜਾਓ।1. ਸ਼ਹਿਰ, ਬਜ਼ਾਰਾਂ, ਗਲੀਆਂ ਦੇ ਵਿੱਚ
ਹੋਕਾ ਦੇ ਦਿਓ ਭਾਰਾ,
ਰੱਬ ਨੇ ਵੱਡੀ ਦਾਅਵਤ ਕੀਤੀ
ਆ ਕੇ ਲਓ ਨਜ਼ਾਰਾ,
ਕਰੋ ਤਿਆਰੀ ਛੇਤੀ–ਛੇਤੀ,
ਯਿਸੂ ਦੇ ਦਰ ਆਓ।2. ਆ ਗਈ ਏ ਹੁਣ ਸਾਡੇ ਅੰਦਰ
ਖ਼ੁਸ਼ੀਆਂ ਭਰੀ ਹਜ਼ੂਰੀ,
ਹਰ ਪਾਸੇ ਹੈ ਛਾਈ ਦੇਖੋ
ਪਾਕ ਰੂਹ ਦੀ ਭਰਪੂਰੀ,
ਆਪਣੇ ਰੱਬ ਦੀ ਮਹਿਮਾ ਦਾ ਕੋਈ,
ਗੀਤ ਨਵਾਂ ਜਾ ਗਾਓ।3. ਰਲ ਮਿਲ ਕੇ ਸਭ ਕਰੋ ਬੰਦਗੀ,
ਦਰ ਯਿਸੂ ਦੇ ਆ ਕੇ,
ਬੇਦਾਰੀ ਦੇ ਗੀਤ ਸੁਣਾਓ,
ਸਾਜ਼ ਆਵਾਜ਼ ਮਿਲਾ ਕੇ,
ਗੀਤ, ਜ਼ਬੂਰ ਤੇ ਗ਼ਜ਼ਲਾਂ ਗਾਉਂਦੇ
ਕਦਮੀਂ ਸ਼ੀਸ਼ ਝੁਕਾਓ। -
ਸੱਦਨਾ ਮੈਂ ਵਾਜਾਂ ਮਾਰ–ਮਾਰ,
ਤੈਨੂੰ ਸੱਦਨਾ ਖ਼ੁਦਾਇਆ।1. ਵੱਡੇ ਤੇ ਵੇਲੇ ਰਹਿਮਤ ਤੇਰੀ,
ਰਾਤ ਦੇ ਵੇਲੇ ਸ਼ਫ਼ਕਤ ਤੇਰੀ,
ਕਰਿਓ ਕਰਮ ਇੱਕ ਵਾਰ–ਵਾਰ,
ਤੈਨੂੰ ਸੱਦਨਾ ਖ਼ੁਦਾਇਆ।2. ਸ਼ੇਰ ਬੱਚੇ ਵਾਂਗ ਚੁੱਪ ਕਰ ਰਹਿੰਦਾ,
ਸ਼ੇਰ ਦਾ ਕਰਨ ਸ਼ਿਕਾਰ
ਸੱਦਨਾ ਮੈਂ ਵਾਜਾਂ ਮਾਰ–ਮਾਰ,
ਤੈਨੂੰ ਸੱਦਨਾ ਖ਼ੁਦਾਇਆ।3. ਅੱਖ ਦੀ ਪੁਤਲੀ ਵਾਂਗਰ ਮੈਨੂੰ,
ਰੱਖ ਪਰਾਂ ਦੇ ਵਿਚਕਾਰ,
ਸੱਦਨਾ ਮੈਂ ਵਾਜਾਂ ਮਾਰ–ਮਾਰ,
ਤੈਨੂੰ ਸੱਦਨਾ ਖ਼ੁਦਾਇਆ।4. ਜ਼ਾਹਿਰ ਕਰਦੇ ਮਿਹਰਬਾਨੀ,
ਆਸਾਂ ਵਾਲਿਆਂ ਨੂੰ ਤਾਰ,
ਸੱਦਨਾ ਮੈਂ ਵਾਜਾਂ ਮਾਰ–ਮਾਰ,
ਤੈਨੂੰ ਸੱਦਨਾ ਖ਼ੁਦਾਇਆ। -
ਯਿਸੂ ਆਇਆ ਹੈ ਸਹਾਰਾ ਸਾਡਾ ਬਣ ਕੇ,
ਆਇਆ ਬਾਪ ਵਾਲੀ ਬਾਦਸ਼ਾਹੀ ਛੱਡ ਕੇ,
ਮੈਂ ਕਿਉਂ ਨਾ ਉਹਨੂੰ ਪਿਆਰ ਕਰਾਂ,
ਮੈਂ ਉਹਦਾ ਇਕਰਾਰ ਕਰਾਂ।1. ਦੁਨੀਆ ’ਤੇ ਆਇਆ ਯਿਸੂ ਜੱਗ ਨੂੰ ਬਚਾਉਣ ਲਈ,
ਜਿੰਦ ਕੁਰਬਾਨ ਕੀਤੀ ਪਾਪੀ ਕੰਢੇ ਲਾਉਣ ਲਈ,
ਆਇਆ ਮੁਕਤੀ ਦਾ ਰਾਜਾ ਯਿਸੂ ਬਣ ਕੇ,
ਦਿੱਤਾ ਜ਼ਿੰਦਗੀ ਦਾ ਤੋਹਫ਼ਾ ਸਾਨੂੰ ਚੁਣ ਕੇ,
ਮੈਂ ਕਿਉਂ ਨਾ ਉਹਨੂੰ ਪਿਆਰ ਕਰਾਂ,
ਮੈਂ ਉਹਦਾ ਇਕਰਾਰ ਕਰਾਂ।2. ਯਿਸੂ ਲੈ ਕੇ ਆਇਆ ਜੱਗ ਉੱਤੇ ਹੈ ਸਲਾਮ ਨੂੰ,
ਪਾਪੀ ਬਚ ਗਏ ਜਿੰਨਾਂ ਸੁਣਿਆ ਕਲਾਮ ਨੂੰ,
ਆਇਆ ਰੱਬ ਦਾ ਹਬੀਬ ਯਿਸੂ ਬਣ ਕੇ,
ਸਾਡੀ ਕੀਮਤ ਚੁਕਾਈ ਸੂਲੀ ਚੜ੍ਹ ਕੇ,
ਮੈਂ ਕਿਉਂ ਨਾ ਉਹਨੂੰ ਪਿਆਰ ਕਰਾਂ,
ਮੈਂ ਉਹਦਾ ਇਕਰਾਰ ਕਰਾਂ।3. ਯਿਸੂ ਦਾ ਕਲਾਮ ਸਾਡੀ ਅੱਖੀਆਂ ਦਾ ਨੂਰ ਏ,
ਹਰ ਵੇਲੇ ਦੇਵੇ ਸਾਡੇ ਦਿਲਾਂ ਨੂੰ ਸਕੂਨ ਏ,
ਆ ਜਾਓ ਖੁਸ਼ੀਆਂ ਮਨਾਈਏ ਸਾਰੇ ਰਲ ਕੇ,
ਬੋਲੋ ਹਾਲੇਲੂਯਾਹ ਗਾਈਏ ਸਾਰੇ ਰਲ ਕੇ,
ਮੈਂ ਕਿਉਂ ਨਾ ਉਹਨੂੰ ਪਿਆਰ ਕਰਾਂ,
ਮੈਂ ਉਹਦਾ ਇਕਰਾਰ ਕਰਾਂ। -
ਯਿਸੂ ਜੀ ਤੇਰਾ ਪਿਆਰ ਮੈਨੂੰ ਮਿਲਿਆ,
ਮੈਂ ਦੁਨੀਆ ਤੋਂ ਹੋਰ ਕੀ ਲੈਣਾ,
ਇਹ ਸੋਹਣਾ ਦਰਬਾਰ ਮੈਨੂੰ ਮਿਲਿਆ,
ਮੈਂ ਦੁਨੀਆ ਤੋਂ ਹੋਰ ਕੀ ਲੈਣਾ।1. ਤੇਰੇ ਦਰ ਆ ਕੇ ਦਾਤਾ ਜ਼ਿੰਦਗੀ ਮੈਂ ਪਾਈ ਜੀ,
ਦਿੱਤਾ ਤੂੰ ਪਿਆਰ ਮੇਰੀ ਵਿਗੜੀ ਬਣਾਈ ਜੀ।
ਇਹ ਪਾਪਾਂ ਵਾਲਾ ਭਾਰ ਮੇਰਾ ਟਲਿਆ,
ਮੈਂ ਦੁਨੀਆਂ ਤੋਂ ਹੋਰ ਕੀ ਲੈਣਾ।2. ਪਾਪਾਂ ਵਿੱਚ ਵੱਸਦਾ ਹੈ ਸਾਰਾ ਹੀ ਜਹਾਨ ਇਹ,
ਚਾਰੇ ਪਾਸੇ ਵਿੱਛੇ ਹੋਏ ਜਾਲ ਨੇ ਸ਼ੈਤਾਨ ਦੇ।
ਇਹ ਰੂਹ-ਏ-ਹਥਿਆਰ ਮੈਨੂੰ ਮਿਲਿਆ,
ਮੈਂ ਦੁਨੀਆ ਤੋਂ ਹੋਰ ਕੀ ਲੈਣਾ।3. ਵਚਨ ਪਿਆਰੇ ਤੇਰੇ ਦਾਸ ਨੇ ਸੁਣਾਵਦੇ,
ਬਾਣੀ ਤੇਰੀ ਯਿਸੂ ਘਰ–ਘਰ ਨੇ ਪਹੁੰਚਾਵਦੇ,
ਇਹ ਬਾਣੀ ਦਾ ਭੰਡਾਰ ਮੈਨੂੰ ਮਿਲਿਆ,
ਮੈਂ ਦੁਨੀਆ ਤੋਂ ਹੋਰ ਕੀ ਲੈਣਾ। -
ਯਿਸੂ ਤੇਰੀ ਸ਼ਾਨ ਉੱਚੀ, ਉੱਚਾ ਤੇਰਾ ਨਾਂ ਏ,
ਤੇਰੀਆਂ ਮੁਹੱਬਤਾਂ ਦੀ, ਸਾਡੇ ਉੱਤੇ ਛਾਂ ਏ।1. ਚੰਨ ਤੇ ਸਿਤਾਰਿਆਂ ’ਤੇ, ਨੂਰ ਤੇਰਾ ਵੱਸਿਆ,
ਭੁੱਲਿਆਂ ਮੁਸਾਫ਼ਿਰਾਂ ਨੂੰ, ਤੂੰ ਹੀ ਰਾਹ ਦੱਸਿਆ,
ਤੂੰ ਹੀ ਸਾਡੀ ਜ਼ਿੰਦਗੀ ਤੇ, ਤੂੰ ਹੀ ਸਾਡੀ ਜਾਨ ਏ।2. ਤੇਰੀਆਂ ਬਸ਼ਾਰਤਾਂ ਦੇ, ਗੀਤ ਅਸੀਂ ਗਾਉਂਨੇ ਆਂ,
ਪਿਆਰ ਦਿਆਂ ਫੁੱਲਾਂ ਨਾਲ, ਜ਼ਿੰਦਗੀ ਸਜਾਉਂਨੇ ਆਂ,
ਤੂੰ ਹੀ ਏਂ ਚਟਾਨ ਸਾਡੀ, ਲੁਕਣੇ ਦੀ ਥਾਂ ਏ।3. ਤੇਰੇ ਕੋਲ ਅੱਜ ਵੀ, ਹਯਾਤੀ ਦਾ ਆਰਾਮ ਏ,
ਤੇਰੀ ਉਡੀਕ ਮੈਨੂੰ, ਸੁਬ੍ਹਾ ਵੀ ਤੇ ਸ਼ਾਮ ਏ,
ਹਰ ਵੇਲੇ ਨਾਸਰੀ ਦੇ, ਨਾਲ ਸਾਡੀ ਹਾਂ ਏ। -
ਯਿਸੂ ਦਾ ਕਲਾਮ ਪਿਆ ਸੱਚ ਬੋਲਦਾ,
ਬੰਦੇ ਕਿਉਂ ਨਹੀਂ ਮੁਕਤੀ ਦਾ ਰਾਹ ਟੋਲਦਾ।1. ਜਿਹਦੇ ਆਉਣ ਨਾਲ ਖ਼ੁਸ਼ੀ ਹੋਈ ਜੱਗ ਨੂੰ,
ਆਲਮਾਂ ਨੇ ਸਿਜਦਾ ਕੀਤਾ ਜਿਸ ਰੱਬ ਨੂੰ,
ਉਹਦੇ ਅੱਗੇ ਜਾ ਕੇ ਕਿਉਂ ਨਹੀਂ ਦੁੱਖ ਫੋਲਦਾ।2. ਦੇਣਾ ਪਊ ਹਿਸਾਬ ਜਿੰਦ ਜਦੋਂ ਕੱਢਣੀ,
ਇੱਕ ਦਿਨ ਦੁਨੀਆ ਹੈ ਪੈਣੀ ਛੱਡਣੀ,
ਤੋਲਣਾ ਹੈ ਪੂਰਾ ਨਹੀਂਓਂ ਘੱਟ ਤੋਲਣਾ।3. ਬੈਠਾ ਹੈ ਸਵਰਗਾਂ ਦਾ ਬੂਹਾ ਮੱਲ ਕੇ,
ਕਰ ਬੰਦਗੀ ਤੂੰ ਅੱਖੀਂ ਦੇਖ ਚੱਲ ਕੇ,
ਸਵਰਗ ਦਾ ਬੂਹਾ ਉਹ ਤੇ ਆਪ ਖੋਲ੍ਹਦਾ।4. ਜਿਹੜਾ ਉਹਦੇ ਨਾਲ ਸੱਚਾ ਪਿਆਰ ਕਰਦਾ,
ਹੋ ਜਾਏ ਅਮਰ ਉਹ ਨਾ ਕਦੇ ਮਰਦਾ,
ਯਿਸੂ ਨਾਸਰੀ ਕਦੇ ਨਾ ਝੂਠ ਬੋਲਦਾ। -
ਯਿਸੂ ਦੇ ਦੁਆਰੇ ਜੈ–ਜੈ ਕਾਰ ਹੁੰਦੀ ਏ,
ਯਿਸੂ ਦੇ ਦੁਆਰੇ।1. ਯਿਸੂ ਦੇ ਦਰ ਉੱਤੇ ਮਾਵਾਂ ਵੀ ਆਈਆਂ,
ਮਾਵਾਂ ਨੇ ਪੁੱਤਰਾਂ ਦੀ ਦਾਤ ਮੰਗੀ ਏ,
ਯਿਸੂ ਦੇ ਦੁਆਰੇ।2. ਯਿਸੂ ਦੇ ਦਰ ਉੱਤੇ ਭੈਣਾਂ ਵੀ ਆਈਆਂ,
ਭੈਣਾਂ ਨੇ ਵੀਰਾਂ ਦੀ ਦਾਤ ਮੰਗੀ ਏ,
ਯਿਸੂ ਦੇ ਦੁਆਰੇ।3. ਯਿਸੂ ਦੇ ਦਰ ਉੱਤੇ ਅੰਨ੍ਹੇ ਵੀ ਆਏ,
ਅੰਨ੍ਹਿਆਂ ਨੇ ਯਿਸੂ ਕੋਲੋਂ ਜੋਤ ਮੰਗੀ ਏ,
ਯਿਸੂ ਦੇ ਦੁਆਰੇ।4. ਯਿਸੂ ਦੇ ਦਰ ਉੱਤੇ ਪਾਪੀ ਵੀ ਆਏ,
ਪਾਪੀਆਂ ਨੇ ਯਿਸੂ ਕੋਲੋਂ ਮਾਫ਼ੀ ਮੰਗੀ ਏ,
ਯਿਸੂ ਦੇ ਦੁਆਰੇ।5. ਯਿਸੂ ਦੇ ਦਰ ਉੱਤੇ ਰੋਗੀ ਵੀ ਆਏ,
ਰੋਗੀਆਂ ਨੇ ਯਿਸੂ ਤੋਂ ਚੰਗਾਈ ਮੰਗੀ ਏ,
ਯਿਸੂ ਦੇ ਦੁਆਰੇ।6. ਯਿਸੂ ਦੇ ਦਰ ਉੱਤੇ ਕੋੜ੍ਹੇ ਵੀ ਆਏ,
ਕੋੜ੍ਹੀਆਂ ਨੇ ਯਿਸੂ ਕੋਲੋਂ ਸ਼ਿਫ਼ਾ ਮੰਗੀ ਏ,
ਯਿਸੂ ਦੇ ਦੁਆਰੇ। -
ਰੱਬ ਦਾ ਕਲਾਮ ਲੈ ਕੇ ਆਏ ਹਾਂ,
ਯਿਸੂ ਦਾ ਸਲਾਮ ਲੈ ਕੇ ਆਏ ਹਾਂ।1. ਉਹਦੇ ਬਿਨਾਂ ਅਸੀਂ ਕਿਸ ਕੰਮ ਦੇ,
ਦੁਨੀਆ ’ਤੇ ਹਾਂ ਘੜੀ ਦਮ ਦੇ,
ਉਸੇ ਦਾ ਪੈਗ਼ਾਮ ਲੈ ਕੇ ਆਏ ਹਾਂ,
ਯਿਸੂ ਦਾ ਸਲਾਮ ਲੈ ਕੇ ਆਏ ਹਾਂ।2. ਆਪਣੇ ਗ਼ੁਨਾਹਾਂ ਨਾਲ ਲੱਦੇ ਸਾਂ,
ਫਿਕਰਾਂ ਦੇ ਭਾਰ ਹੇਠਾਂ ਦੱਬੇ ਸਾਂ,
ਉਸ ਤੋਂ ਆਰਾਮ ਲੈ ਕੇ ਆਏ ਹਾਂ,
ਯਿਸੂ ਦਾ ਸਲਾਮ ਲੈ ਕੇ ਆਏ ਹਾਂ।3. ਯਿਸੂ ’ਤੇ ਇਮਾਨ ਦਾ ਨਤੀਜਾ ਹੈ,
ਉਹਦੇ ਫਰਮਾਨ ਦਾ ਨਤੀਜਾ ਹੈ,
ਰੂਹ ਦਾ ਇਨਾਮ ਲੈ ਕੇ ਆਏ ਹਾਂ,
ਯਿਸੂ ਦਾ ਸਲਾਮ ਲੈ ਕੇ ਆਏ ਹਾਂ। -
ਰੱਬਾ ਤੂੰਈਂਓਂ ਮੇਰੇ ਲੁਕਣੇ ਦੀ ਥਾਂ ਏਂ,
ਤੂੰਈਂਓਂ ਮੇਰੀ ਜ਼ਿੰਦ ਨਾਲੇ ਮੇਰੀ ਜਾਨ ਏਂ।1. ਤੇਰੀਆਂ ਮੁਹੱਬਤਾਂ ਦੇ ਗੀਤ ਅਸੀਂ ਗਾਉਨੇ ਆਂ,
ਤੇਰੇ ਵੱਡੇ ਕੰਮ ਅਸੀਂ ਲੋਕਾਂ ਨੂੰ ਸੁਣਾਉਨੇ ਆਂ,
ਸਾਰੇ ਜੱਗ ਵਿੱਚ ਤੇਰਾ ਵੱਡਾ ਨਾਂ ਏ।2. ਤੇਰੇ ਅੱਗੇ ਦਿਲ ਨਜ਼ਰਾਨਾ ਰੱਖ ਦਿੱਤਾ ਏ,
ਸਭ ਕੁਝ ਤੇਰੀ ਸੂਲੀ ਥੱਲ੍ਹੇ ਰੱਖ ਦਿੱਤਾ ਏ,
ਲੱਭ ਗਈ ਏ ਮੈਨੂੰ ਪਿਆਰ ਵਾਲੀ ਥਾਂ ਏ।3. ਪਾਪ ਦੇ ਹਨੇਰਿਆਂ ’ਚੋਂ, ਯਿਸੂ ਮੈਨੂੰ ਕੱਢਿਆ,
ਜੰਨਤਾਂ ਨੂੰ ਜਾਣ ਵਾਲਾ, ਰਾਹ ਮੈਨੂੰ ਦੱਸਿਆ,
ਦੁੱਖਾਂ ਤੋਂ ਛਡਾਇਆ, ਕੀਤਾ ਸ਼ਾਦਮਾਨ ਏ। -
ਤੇਰੀ ਹਜ਼ੂਰੀ ਮੇਰੇ ਨਾਲ–ਨਾਲ ਹੋਵੇ,
ਜਿੱਥੇ ਮੈਂ ਜਾਵਾਂ ਫਤਹਿ ਤੇਰੇ ਨਾਂ ’ਚ ਹੋਵੇ।1. ਤੇਰੀ ਹਜ਼ੂਰੀ ਮੈਥੋਂ ਵੱਖਰੀ ਨਾ ਹੋਵੇ,
ਵੈਰੀ ਸ਼ੈਤਾਨ ਮੇਰੇ ਲਾਗੇ ਨਾ ਖਲੋਵੇ,
ਰੂਹ ਦੀ ਤਲਵਾਰ ਮੇਰੇ ਹੱਥਾਂ ਵਿੱਚ ਹੋਵੇ।2. ਚਾਰ ਚੁਫ਼ੇਰੇ ਹੋਵੇ ਵਾੜਾਂ ਤੇਰੇ ਦੂਤਾਂ ਦੀ,
ਕਰਨ ਰਖਵਾਲੀ ਤੇਰੇ ਛੁਡਾਏ ਹੋਏ ਲੋਕਾਂ ਦੀ,
ਕਿਰਪਾ ਦੀ ਨਿਗ਼ਾਹ ਤੇਰੀ ਮੇਰੇ ਉੱਤੇ ਹੋਵੇ।3. ਏਹੋ ਫਰਿਆਦ ਰੱਬਾ ਮੇਰੀ ਤੇਰੇ ਅੱਗੇ ਹੈ,
ਦੀਪਕ ਵਚਨ ਦਾ ਸਦਾ ਚੱਲੇ ਮੇਰੇ ਅੱਗੇ ਹੈ,
ਮੇਰੇ ਗਵਾਹੀ ਤੇਰੇ ਆਤਮਾ ਤੋਂ ਹੋਵੇ।4. ਡਰਦਾ ਤੇ ਕੰਬਦਾ ਮੈਂ, ਰਹਾਂ ਸਦਾ ਤੇਰੇ ਤੋਂ,
ਹੋਵੇ ਨਾ ਗ਼ੁਨਾਹ ਰੱਬਾ ਫੇਰ ਕਦੀ ਮੇਰੇ ਤੋਂ,
ਤੇਰਾ ਹੀ ਭੈਅ ਮੇਰੀ ਜ਼ਿੰਦਗੀ ’ਚ ਹੋਵੇ।5. ਆਤਮਾ ਦੇ ਕੰਮ ਤੇਰੇ ਹਰ ਵੇਲੇ ਹੁੰਦੇ ਰਹਿਣ,
ਵੇਖਕੇ ਜਲਾਲੀ ਕੰਮ ਧੰਨ ਤੈਨੂੰ ਕਹਿੰਦੇ ਰਹਿਣ,
ਤੇਰੀ ਹੀ ਮਹਿਮਾ ਪ੍ਰਭੂ ਹਰ ਪਾਸੇ ਹੋਵੇ। -
ਤੇਰੇ ਦਰ ਦਾ ਮੈਂ ਦਿਵਾਨਾ,
ਮੈਨੂੰ ਦਰ ਤੋਂ ਨਾ ਠੁਕਰਾਨਾ,
ਯਿਸੂ ਜੀ ਮੈਨੂੰ ਦਰ ਤੋਂ ਨਾ ਠੁਕਰਾਨਾ।1. ਤੇਰੇ ਦਰ ਦਾ ਸਵਾਲੀ ਏ,
ਮੇਰੀ ਝੋਲੀ ਕਿਉਂ ਖਾਲੀ ਏ,
ਯਿਸੂ ਜੀ ਮੇਰੀ ਝੋਲੀ ਕਿਉਂ ਖਾਲੀ ਏ,
ਤੇਰੇ ਦਰ ਮੈਂ ਆਇਆਂ ਹਾਂ,
ਮੈਨੂੰ ਦਰ ਤੋਂ ਨਾ ਠੁਕਰਾਨਾ,
ਯਿਸੂ ਜੀ ਮੈਨੂੰ ਦਰ ਤੋਂ ਨਾ ਠੁਕਰਾਨਾ।2. ਮੇਰਾ ਕੋਈ ਨਹੀਂ ਆਪਣਾ,
ਇੱਕ ਤੂੰ ਹੀ ਸਹਾਰਾ ਏ,
ਯਿਸੂ ਜੀ ਇੱਕ ਤੂੰ ਹੀ ਸਹਾਰਾ ਏ,
ਮੈਨੂੰ ਸਮਝੀ ਨਾ ਬੇਗ਼ਾਨਾ,
ਮੈਨੂੰ ਦਰ ਤੋਂ ਨਾ ਠੁਕਰਾਨਾ,
ਯਿਸੂ ਜੀ ਮੈਨੂੰ ਦਰ ਤੋਂ ਨਾ ਠੁਕਰਾਨਾ।3. ਮੇਰੇ ਜੀਵਨ ਦੇ ਸਾਥੀ ਜੋ ਮੈਥੋਂ
ਪਲੜਾ ਛੁਡਾਉਂਦੇ ਨੇ,
ਯਿਸੂ ਜੀ ਮੈਥੋਂ ਪਲੜਾ ਛੁਡਾਉਂਦੇ ਨੇ,
ਇੱਕ ਤੂੰ ਹੀ ਟਿਕਾਣਾ ਹੈ ਯਿਸੂ,
ਤੇਰੇ ਦਰ ਦਾ ਮੈਂ ਦਿਵਾਨਾ,
ਯਿਸੂ ਜੀ ਮੈਨੂੰ ਦਰ ਤੋਂ ਨਾ ਠੁਕਰਾਨਾ। -
ਯਿਸੂ ਕਰ ਤੂੰ ਰਹਿਮਤ ਦੇ ਸਾਏ,
ਅਸੀਂ ਕਦਮਾਂ ’ਚ ਤੇਰੇ ਹਾਂ ਆਏ।1. ਯਿਸੂ ਰਹਿਮਤ ਹੋ ਤੇਰੀ ਨਿਆਰੀ,
ਨਾਲੇ ਵੱਖਰੀ ਤੇ ਨਾਲੇ ਪਿਆਰੀ,
ਤੇਰੇ ਰਹਿਮਤ ਦੇ ਸਦਕੇ ਪ੍ਰਭੂ ਮੈਂ,
ਇਹ ਦਿਨ ਖ਼ੁਸ਼ੀਆਂ ਦੇ ਪਾਏ।2. ਯਿਸੂ ਜ਼ੱਕਈ ਨੂੰ ਤੂੰ ਸੀ ਬਚਾਇਆ,
ਜਿੰਨ੍ਹੇ ਪੈਸੇ ’ਚ ਜੀਵਨ ਗਵਾਇਆ,
ਉਹਦੇ ਘਰ ਵਿੱਚ ਜਾ ਕੇ ਪ੍ਰਭੂ ਜੀ ਉਹਦੇ,
ਦਿਨ ਖ਼ੁਸ਼ੀਆਂ ਦੇ ਲਿਆ ਏ।3. ਯਿਸੂ ਦਇਆ ਹੈ ਤੇਰੀ ਨਿਆਰੀ,
ਨਾਲੇ ਵੱਖਰੀ ਤੇ ਨਾਲੇ ਪਿਆਰੀ,
ਤੇਰੇ ਰਹਿਮਤ ਦੇ ਸਦਕੇ ਪ੍ਰਭੂ ਮੈਂ,
ਇਹ ਦਿਨ ਸੁੱਖ ਦੇ ਮੈਂ ਪਾਏ। -
ਪੱਲਾ ਤੇਰਾ ਫੜ੍ਹਿਆ ਤੇ
ਪਾਰ ਲੱਗ ਜਾਵਾਂਗੇ,
ਯਿਸੂ ਤੇਰੇ ਮਿੱਠੇ-ਮਿੱਠੇ,
ਗੀਤ ਅਸੀਂ ਗਾਵਾਂਗੇ।1. ਪਤਾ ਸਾਰੀ ਦੁਨੀਆ ਨੂੰ,
ਪਿਆਰ ਮੇਰਾ ਯਿਸੂ ਹੈ,
ਟੁੱਟੇ ਹੋਏ ਦਿਲ ਦਾ,
ਕਰਾਰ ਹੁਣ ਯਿਸੂ ਹੈ,
ਪਾਕ ਖ਼ੁਦਾ ਦੇ ਨਾਲ,
ਜ਼ਿੰਦਗੀ ਬਿਤਾਵਾਂਗੇ।2. ਤੇਰਾ ਇੰਤਜ਼ਾਰ ਹੁਣ,
ਤੇਰੀਆਂ ਉਡੀਕਾਂ ਨੇ,
ਛੇਤੀ-ਛੇਤੀ ਦੱਸ,
ਕਦੋਂ ਆਉਣ ਦੀ ਤਰੀਕਾਂ ਨੇ,
ਰੱਬਾ ਤੇਰੀ ਬੰਦਗੀ ’ਚ ਜ਼ਿੰਦਗੀ ਬਿਤਾਵਾਂਗੇ। -
ਯਿਸੂ ਦੀ ਹਜ਼ੂਰੀ ’ਚ ਕਮਾਲ ਹੁੰਦੇ ਨੇ,
ਮੋਜਜ਼ੇ ਬੜ੍ਹੇ ਹੀ ਬੇਮਿਸਾਲ ਹੁੰਦੇ ਨੇ।1. ਤਖ਼ਤ ਨਸੀਨ ਹੁੰਦਾ ਸੁਣਦਾ ਦੁਆਵਾਂ ਨੂੰ,
ਕਰ ਦੇਂਦਾ ਦੂਰ ਸਭ ਰੋਗਾਂ ਤੇ ਬਲਾਵਾਂ ਨੂੰ,
ਲੱਗ ਜਾਣ ਜਦੋਂ ਸੁਰ ਤਾਲ ਹੁੰਦੇ ਨੇ,
ਮੋਜਜ਼ੇ ਬੜ੍ਹੇ ਹੀ ਬੇਮਿਸਾਲ ਹੁੰਦੇ ਨੇ।2. ਹੋ ਕੇ ਸ਼ਰਮਿੰਦਾ ਹੱਥ ਲਾ ਦੇਂਦੇ ਕੰਨਾਂ ਨੂੰ,
ਕਰ ਲੈਂਦੇ ਤੌਬਾ ਛੱਡ ਦਿੰਦੇ ਬੁਰੇ ਕੰਮਾਂ ਨੂੰ,
ਪੁੱਠੇ ਸਿੱਧੇ ਜਿਨ੍ਹਾਂ ਦੇ ਸਵਾਲ ਹੁੰਦੇ ਨੇ,
ਮੋਜਜ਼ੇ ਬੜ੍ਹੇ ਹੀ ਬੇਮਿਸਾਲ ਹੁੰਦੇ ਨੇ।3. ਪਾਉਂਦੇ ਨੇ ਸ਼ਿਫ਼ਾਵਾਂ ਲੋਕੀ ਖ਼ੁਸ਼ੀਆਂ ਮਨਾਉਂਦੇ ਨੇ,
ਸ਼ੁਕਰਗੁਜ਼ਾਰ ਹੋ ਕੇ ਨਜ਼ਰਾਂ ਚੜ੍ਹਾਉਂਦੇ ਨੇ,
ਹਰ ਪਾਸੇ ਰੱਬ ਦੇ ਜਲਾਲ ਹੁੰਦੇ ਨੇ,
ਮੋਜਜ਼ੇ ਬੜ੍ਹੇ ਹੀ ਬੇਮਿਸਾਲ ਹੁੰਦੇ ਨੇ। -
ਦੁਖੀਆਂ ਬਿਮਾਰਾਂ ਦਾ ਉਹ ਵੈਦ ਹੈ ਕਮਾਲ ਦਾ,
ਸ਼ਿਫ਼ਾ ਵਾਲੇ ਚਸ਼ਮੇ ’ਚੋਂ ਯਿਸੂ ਹੈ ਪਿਆਲਦਾ।1. ਮੁਰਦੇ ਵੀ ਉੱਠ ਬਹਿੰਦੇ ਬੋਲ ਉਹਦੇ ਸੁਣਕੇ,
ਜ਼ਿੰਦਗੀ ਦੀ ਜੋਤ ਐਸੀ ਨਾਸਰੀ ਹੈ ਬਾਲ਼ਦਾ।2. ਦੋਵਾਂ ਹੀ ਜਹਾਨਾਂ ’ਤੇ ਹੈ ਸ਼ਾਨ ਉਹਦੀ ਵੱਖਰੀ,
ਦਿੱਸਦਾ ਨਾ ਸਾਨੀ ਕੋਈ ਯਿਸੂ ਦੇ ਜਮਾਲ ਦਾ।3. ਉਹ ਕਰਦਾ ਹੈ ਭੁੱਲਾਂ ਚੁੱਕਾਂ ਮਾਫ਼ ਸਭ ਸਾਡੀਆਂ,
ਤੇ ਰੱਖਦਾ ਖਿਆਲ ਸ਼ਾਫ਼ੀ ਸਾਡੇ ਸਭ ਹਾਲ ਦਾ। -
ਫੜ੍ਹ ਪੱਲਾ ਪਾਕ ਮਸੀਹ ਦਾ,
ਗ਼ੈਰਾਂ ਦਾ ਸਹਾਰਾ ਕੀ ਕਰਨਾ,
ਜਿਹਨੂੰ ਉਸਦਾ ਦੁਆਰਾ ਮਿਲ ਜਾਵੇ,
ਉਹਨੇ ਹੋਰ ਦੁਆਰਾ ਕੀ ਕਰਨਾ।1. ਰੱਬ ਸੂਰਤ ਦਿਲ ਦੇ ਸ਼ੀਸ਼ੇ ਵਿੱਚ,
ਹਰ ਵੇਲੇ ਉਸਨੂੰ ਤੱਕਦਾ ਰਹਿ,
ਜਿਹਨੂੰ ਦਰਸ਼ਨ ਉਸਦਾ ਹੋ ਜਾਵੇ,
ਉਹਨੇ ਹੋਰ ਨਜ਼ਾਰਾ ਕੀ ਕਰਨਾ।2. ਕੁੱਲੀ ਆਪਣੀ ਨੂੰ ਸ਼ੀਸ਼ ਮਹਿਲ ਸਮਝੀਂ,
ਜਿੱਥੇ ਨਾਮ ਹੈ ਮੇਰੇ ਯਿਸੂ ਦਾ,
ਜਿੱਥੇ ਨਾਂ ਨਹੀਂ ਮੇਰੇ ਯਿਸੂ ਦਾ,
ਉਹ ਮਹਿਲ ਮੁਨਾਰਾ ਕੀ ਕਰਨਾ।3. ਧਨ ਦੌਲਤ ਮਾਲ ਖ਼ਜ਼ਾਨੇ,
ਸਭ ਇੱਥੇ ਹੀ ਰਹਿ ਜਾਣਗੇ,
ਜਿਹਦੇ ਕੋਲ ਖ਼ੁਦਾ ਦਾ ਸ਼ਬਦ ਨਹੀਂ,
ਓਹਨੇ ਆਲਮ ਸਾਰਾ ਕੀ ਕਰਨਾ। -
ਲੱਗਾ ਬਾਦਸ਼ਾਹ ਯਿਸੂ ਦਾ ਦਰਬਾਰ,
ਕਰਾਂ ਸਿਜਦੇ ਉਹਨੂੰ ਮੈਂ ਲੱਖ ਵਾਰ,
ਤੇ ਪਾਕ ਨਾਮ ਸੋਹਣਾ ਯਿਸੂ ਦਾ,
ਸੋਹਣਾ, ਸੋਹਣਾ, ਪਾਕ ਨਾਮ ਯਿਸੂ ਦਾ।1. ਲੱਖਾਂ ਦਰ ’ਤੇ ਆਣ ਸਵਾਲੀ,
ਆ ਕੇ ਕਦੀ ਨਾ ਜਾਵਣ ਖਾਲੀ,
ਰਹਿੰਦੇ ਨਾ ਉਹ ਫਿਰ ਲਾਚਾਰ,
ਕਰਾਂ ਸਿਜਦੇ ਉਹਨੂੰ ਮੈਂ ਲੱਖ ਵਾਰ,
ਤੇ ਪਾਕ ਨਾਮ ਸੋਹਣਾ ਯਿਸੂ ਦਾ,
ਸੋਹਣਾ, ਸੋਹਣਾ, ਪਾਕ ਨਾਮ ਯਿਸੂ ਦਾ।2. ਮੈਂ ਵੀ ਮੰਗਦਾ ਉਸ ਤੋਂ ਦੁਆਵਾਂ,
ਜਿਹੜਾ ਸਭ ਦੀਆਂ ਬਖ਼ਸ਼ੇ ਖ਼ਤਾਵਾਂ,
ਨਾਲੇ ਕਰਦਾ ਉਹ ਬੇੜੇ ਪਾਰ,
ਕਰਾਂ ਸਿਜਦੇ ਉਹਨੂੰ ਮੈਂ ਲੱਖ ਵਾਰ,
ਤੇ ਪਾਕ ਨਾਮ ਸੋਹਣਾ ਯਿਸੂ ਦਾ,
ਸੋਹਣਾ, ਸੋਹਣਾ, ਪਾਕ ਨਾਮ ਯਿਸੂ ਦਾ।3. ਉਹਦੇ ਦਰ ਤੋਂ ਮਿਲਣ ਸ਼ਿਫ਼ਾਵਾਂ,
ਸਭੇ ਕਰਦਾ ਦੂਰ ਬਲਾਵਾਂ,
ਲਹਿ ਜਾਂਦਾ ਏ ਸਿਰ ਤੋਂ ਭਾਰ,
ਕਰਾਂ ਸਿਜਦੇ ਉਹਨੂੰ ਮੈਂ ਲੱਖ ਵਾਰ,
ਤੇ ਪਾਕ ਨਾਮ ਸੋਹਣਾ ਯਿਸੂ ਦਾ,
ਸੋਹਣਾ, ਸੋਹਣਾ, ਪਾਕ ਨਾਮ ਯਿਸੂ ਦਾ। -
ਰਲ ਸੰਗਤ ਸਾਰੀ ਆਈ,
ਯਿਸੂ ਜੀ ਤੇਰੇ ਮਿਲਣੇ ਨੂੰ,
ਮਿਲਣੇ ਨੂੰ, ਤੇਰੇ ਮਿਲਣੇ ਨੂੰ।1. ਉਹ ਲਾਜ਼ਰ ਤੇਰਾ ਯਾਰ ਸੀ,
ਜਿਸ ਮੋਏ ਨੂੰ ਦਿਨ ਚਾਰ ਸੀ,
ਫਿਰ ਯਿਸੂ ਉੱਥੇ ਆਇਆ,
ਆ ਕੇ ਜਲਵਾ ਦਿਖਾਇਆ,
ਸਾਰੇ ਲੋਕਾਂ ਨੇ ਕੀਤੀ ਵਡਿਆਈ।2. ਜੋ ਦਰਸ਼ਨ ਤੇਰਾ ਪਾਉਂਦੇ ਨੇ,
ਉਹ ਤੇਰੇ ਹੀ ਗੁਣ ਗਾਉਂਦੇ ਨੇ,
ਸਾਨੂੰ ਰੂਹਪਾਕ ਦਿਲਾਵੇ,
ਸਾਰੇ ਪਾਪਾਂ ਤੋਂ ਬਚਾਵੇ,
ਸਾਰੀ ਦੁਨੀਆ ਦਾ ਯਿਸੂ ਹੀ ਸਹਾਰਾ।3. ਅੱਜ ਸੁਣ ਅਰਜ਼ਾਂ ਮੇਰੀਆਂ,
ਮੈਂ ਮਿੰਨਤਾਂ ਕਰਦੀ ਤੇਰੀਆਂ,
ਸਾਨੂੰ ਮਿਲ ਗਿਆ ਯਿਸੂ ਪਿਆਰਾ,
ਸਾਰੇ ਜੱਗ ਦਾ ਸਹਾਰਾ,
ਸਾਰੀ ਦੁਨੀਆ ’ਚ ਪੈ ਗਈ ਇਹ ਦੁਹਾਈ। -
ਆ ਗਿਆ ਵੇਲਾ ਆ ਗਿਆ,
ਕੁਰਬਾਨੀ ਹੁਣ ਸ਼ੁਰੂ ਹੋ ਗਈ,
ਆ ਗਿਆ ਯਿਸੂ ਦੀ ਆਗਿਆ,
ਪੂਰਾ ਕਰਨ ਸਮਾਂ ਆ ਗਿਆ
‘‘ਜਿੱਥੇ ਹੁੰਦੇ ਦੋ-ਤਿੰਨ ਇਕੱਠੇ,
ਉੱਥੇ ਹਾਜਰ ਹੁੰਦਾ ਮੈਂ,
ਨਵੇਂ ਨੇਮ ਦੀ ਕੁਰਬਾਨੀ,
ਯਾਦ ਮੇਰੀ ਵਿੱਚ ਕਰਿਆ ਕਰੋ।’’1. ਮਿਲ ਕੇ ਅਸੀਂ ਇਕਰਾਰ ਕਰਾਂਗੇ,
ਪਾਪ ਅਸੀਂ ਕਬੂਲ ਕਰਾਂਗੇ,
ਰਲ ਕੇ ਅਸੀਂ ਪਛਤਾਵਾ ਕਰਾਂਗੇ,
ਕੁਰਬਾਨੀ ਲਈ ਤਿਆਰੀ ਕਰਾਂਗੇ।2. ਸੁਣਾਂਗੇ ਕਲਾਮ ਖ਼ੁਦਾ ਦਾ,
ਦੇਵਾਂਗੇ ਜੀਵਨ ਨਜ਼ਰਾਨਾ,
ਵੇਖਾਂਗੇ ਰੋਟੀ ਤੇ ਦਾਖ਼ਰਸ ਦੀ,
ਤਬਦੀਲੀ ਵਿੱਚ ਬਦਨ ਤੇ ਲਹੂ ਦੇ।3. ਰਹਾਂਗੇ ਵਿੱਚ ਪਾਕ ਸ਼ਰਾਕਤ,
ਪਾਵਾਂਗੇ ਖ਼ੁਦਾ ਦੀ ਬਰਕਤ,
ਕਰਾਂਗੇ ਪ੍ਰਭੂ ਦੀ ਉਸਤਤ,
ਇਹ ਹੈ ਸਾਡੀ ਸੱਚੀ ਇਬਾਦਤ।