ਮਾਂ ਮਰੀਅਮ | Mary

ਇਹ ਭਜਨ ਮਾਲਾ ਦਾ ਤੇਰ੍ਹਵਾਂ ਹਿੱਸਾ ਹੈ। ਇਸ ਮਾਂ ਮਰੀਅਮ ਨੂੰ ਸਮਰਪਿਤ ਗੀਤਾਂ ਨੂੰ ਜੋੜਿਆ ਗਿਆ ਹੈ। ਇਸ ਵਿੱਚ ਪਵਿੱਤਰ ਰੋਜ਼ਰੀ ਦੇ ਗੀਤ ਵੀ ਸ਼ਾਮਿਲ ਹਨ।


  • ---

    ਮਰੀਅਮ ਹੈ ਸਾਡੀ ਮਾਂ ਨੇਕ ਪਿਆਰੀ ਮਾਂ,
    ਅਰਸ਼–ਫਰਸ਼ ’ਤੇ ਮੁਬਾਰਿਕ ਉਹਦਾ ਨਾਂ।

    1. ਸਾਡੀਆਂ ਜ਼ਰੂਰਤਾਂ ’ਚ ਉਹੀ ਮਦਦਗਾਰ ਏ,
    ਰਲ ਮਿਲ ਗੁਣ ਉਹਦੇ ਗਾਈਏ ਸੁਬ੍ਹਾ–ਸ਼ਾਮ।

    2. ਉਹਦੀ ਤਾਰੀਫ਼ ਵਿੱਚ ਗਾਵੇ ਸੰਸਾਰ ਇਹ,
    ਅੰਬਰ ਦੇ ਦੂਤ ਗਾਵਣ ਉਹਦੀ ਜੈ–ਜੈ ਕਾਰ।

  • ---

    ਪੜ੍ਹਨੀ ਕਲੀਸੀਆ ਸਿਖਾਵੇ ਰੋਜ਼ਰੀ,
    ਖ਼ਾਨਦਾਨੀ ਰੋਜ਼ ਪੜ੍ਹੀ ਜਾਵੇ ਰੋਜ਼ਰੀ।

    1. ਚੁੰਮ ਕੇ ਸਲੀਬ ਦਾ ਨਿਸ਼ਾਨ ਕਰਕੇ,
    ਭੇਦਾਂ ਉੱਤੇ ਗ਼ੌਰ ’ਤੇ ਧਿਆਨ ਕਰਕੇ,
    ਅਦਬ ਦੇ ਨਾਲ ਪੜ੍ਹੀ ਜਾਵੇ ਰੋਜ਼ਰੀ।

    2. ਰੋਜ਼ਰੀ ਦੀ ਬੰਦਗੀ ਪਸੰਦ ਰੱਬ ਨੂੰ,
    ਟਾਲ ਦੇਂਦੀ ਆਏ ਸਿਰ ’ਤੇ ਗ਼ਜ਼ਬ ਨੂੰ,
    ਆਉਣ ਵਾਲੀ ਆਫ਼ਤੋਂ ਬਚਾਏ ਰੋਜ਼ਰੀ।

    3. ਰੋਜ਼ਰੀ ਇਹ ਸੁੱਚੇ ਫੁੱਲ ਨੇ ਗੁਲਾਬ ਦੇ,
    ਪਾਉਣੇ ਗਲ਼ ਹਾਰ ਮਰੀਅਮ ਜਨਾਬ ਦੇ,
    ਇੱਕ ਅੱਗੇ ਲੱਗ ਕੇ ਪੜ੍ਹਾਏ ਰੋਜ਼ਰੀ।

    4. ਮੌਤ ਵੇਲੇ ਹੋਵੇਗੀ ਸਹਾਰਾ ਰੋਜ਼ਰੀ,
    ਹੋਵੇਗੀ ਬੇਚਾਰਿਆਂ ਦਾ ਚਾਰਾ ਰੋਜ਼ਰੀ,
    ਫ਼ਜ਼ਲ ਮੁਹਤਾਜ ਨੂੰ ਦਿਵਾਵੇ ਰੋਜ਼ਰੀ।

    5. ਮਰੀਅਮ ਦੀ ਫੌਜ ਦਾ ਸਿਪਾਹੀ ਬਣ ਕੇ,
    ਰੂਹਾਂ ਨੂੰ ਵਿਖਾਲ ਖੈਰਖਾਹ ਬਣ ਕੇ,
    ਦੁਨੀਆ ਦੇ ਵਿੱਚ ਫੈਲ ਜਾਵੇ ਰੋਜ਼ਰੀ।

  • ---

    ਅਰਸ਼ ਫਰਸ਼ ਦੀ ਰਾਣੀ,
    ਯਿਸੂ ਦੀ ਮਾਂ ਪਿਆਰੀ।
    ਆ…ਆ…ਆ…ਆ…
    ਅਰਸ਼ ਫਰਸ਼ ਦੀ ਰਾਣੀ,
    ਯਿਸੂ ਦੀ ਮਾਂ ਪਿਆਰੀ,
    ਸਾਰੀ ਉਮਰ ਓ ਵੇਖੋ,
    ਬਿਲਕੁਲ ਰਹੀ ਕੁਆਰੀ।

    1. ਮਰੀਅਮ ਨੂੰ ਤਾਜ ਮਿਲਿਆ,
    ਜਿਸ ’ਤੇ ਜੜੇ ਨੇ ਤਾਰੇ,
    ਦੋਵੇਂ ਜਹਾਂ ਦੀ ਰਾਣੀ,
    ਨਾਲੇ ਕਹਿੰਦੇ ਮਾਤਾ ਸਾਰੇ,
    ਰੂਪ ਜਲਾਲੀ ਵੇਖੋ,
    ਮਰੀਅਮ ਤੋਂ ਜਾਂਦੇ ਵਾਰੀ।

    2. ਉੱਠੋ ਗ਼ੁਨਾਹ ਦੇ ਮਾਰੋ,
    ਉੱਠੋ ਕੁਝ ਤੇ ਕਰ ਲਓ ਚਾਰਾ,
    ਮਰੀਅਮ ਦੇ ਬਾਝ ਸਾਡਾ,
    ਇੱਥੇ ਨਹੀਂ ਗੁਜ਼ਾਰਾ,
    ਕੀਤਾ ਬਿਮਾਰਾਂ ਲਈ ਉਸ,
    ਲੁਰਦਸ ’ਤੇ ਚਸ਼ਮਾ ਜਾਰੀ।

    3. ਆਓ ਦਰ ਉਹਦੇ ’ਤੇ ਜਾਈਏ,
    ਨਜ਼ਰਾਨੇ ਵੀ ਚੜ੍ਹਾਈਏ,
    ਲੈ–ਲੈ ਮੁਰਾਦਾਂ ਆਈਏ,
    ਨਾਲੇ ਗੀਤ ਉਹਦੇ ਗਾਈਏ,
    ਕਹਿੰਦੇ ਮਰੀਅਮ ਮਾਂ ਦਾ ਮੇਲਾ,
    ਥਾਂ-ਥਾਂ ’ਤੇ ਲੱਗਦਾ ਭਾਰੀ।

  • ---

    1. ਕਰਦੀ ਹੈ ਵਡਿਆਈ ਤੇਰੀ,
    ਮੇਰੀ ਜਾਨ ਖ਼ੁਦਾਵੰਦਾ,
    ਮੇਰੀ ਰੂਹ ਲਓ ਖ਼ੁਸ਼ ਹੋ ਕਰਕੇ,
    ਗਾਵੇ ਗੀਤ ਮੁਨੱਜੀ ਦਾ।

    2. ਮੇਰੇ ਭੈੜੇ ਹਾਲ ਦੇ ਉੱਤੇ,
    ਉਸ ਨੇ ਕੀਤੀ ਹੈ ਨਿਗਾਹ,
    ਹੁਣ ਤੋਂ ਲੈ ਕੇ ਸਾਰੇ ਲੋਕੀ,
    ਮੈਨੂੰ ਆਖਣ ਧੰਨ ਸਦਾ।

    3. ਕੁਦਰਤ ਵਾਲੇ ਮੇਰੇ ਕਾਰਨ,
    ਡਾਢੇ ਉਹਨੇ ਕੀਤੇ ਕੰਮ,
    ਉਸਤਤ ਹੋਵੇ ਉਹਦੀ ਕਾਇਮ,
    ਪਵਿੱਤਰ ਰਹਿਣਾ ਉਹਦਾ ਨਾਮ।

    4. ਉਸਦਾ ਰਹਿਮ ਹੈ ਉਹਨਾਂ ਉੱਤੇ,
    ਜਿਹੜੇ ਡਰਦੇ ਰਹਿੰਦੇ ਹਨ,
    ਪੀੜ੍ਹੀਆਂ ਤੋਂ ਲੈ ਕੇ ਪੀੜ੍ਹੀਆਂ ਤੀਕਰ,
    ਉਸਦੇ ਭੈਅ ਨੂੰ ਰੱਖਦੇ ਹਨ।

    5. ਉਸਨੇ ਆਪਣੇ ਬਾਜੂ ਦਾ ਹੈ,
    ਦਿੱਤਾ ਖੂਬ ਹੀ ਜ਼ੋਰ ਵਿਖਾ,
    ਜਿਹੜੇ ਆਪ ਨੂੰ ਵੱਡਾ ਸਮਝਣ,
    ਦਿੱਤਾ ਉਹਨਾਂ ਨੂੰ ਖਿੰਡਾ।

    6. ਜ਼ੋਰਾਵਰ ਨੂੰ ਉਹਨੇ ਲੈ ਕੇ,
    ਤਖ਼ਤੋਂ ਦਿੱਤਾ ਹੇਠਾਂ ਡਿਗਾ,
    ਤੇ ਭੈੜੇ ਹਾਲ ਗਰੀਬਾਂ ਨੂੰ,
    ਕੀਤਾ ਉਹਨੇ ਉੱਚਾ।

    7. ਭੁੱਖਿਆਂ ਨੂੰ ਰਜਾਇਆ ਉਹਨੇ,
    ਸਭ ਦਾ ਹੈ ਪਾਲਣਹਾਰ,
    ਦੌਲਤਮੰਦਾਂ ਨੂੰ ਕੱਢ ਦਿੱਤਾ,
    ਸੱਖਣੇ ਹੱਥੀਂ ਬਾਹਰਵਾਰ।

    8. ਇਸਰਾਏਲ ਸੰਭਾਲਿਆ ਉਹਨੇ,
    ਰਹਿਮਤ ਆਪਣੀ ਕਰਕੇ ਯਾਦ,
    ਇਹ ਹੈ ਖ਼ਾਦਮ ਪਿਆਰਾ ਉਹਦਾ,
    ਕੀਤਾ ਉਸਨੇ ਉਸਨੂੰ ਯਾਦ।

    9. ਅਬਰਾਹਾਮ ਤੇ ਉਹਦੀ ਨਸਲ ’ਤੇ,
    ਕੀਤਾ ਰਹਿਮਤ ਦਾ ਇਰਸ਼ਾਦ,
    ਸਾਡੇ ਵੱਡਿਆਂ ਨੂੰ ਜੋ ਕਿਹਾ,
    ਉਸਨੇ ਕੀਤਾ ਉਹ ਹੁਣ ਯਾਦ।

  • ---

    ਧੰਨ–ਧੰਨ ਮਰੀਅਮ ਸਾਡੀ ਮਾਂ,
    ਧੰਨ ਤੇਰੇ ਕੁੱਖ ਦਾ ਫਲ਼ ਹੈ ਮਾਂ।

    1. ਤੇਰਾ ਦਾਮਨ ਪਾਕ ਹਮੇਸ਼ਾ,
    ਤੇਰਾ ਪਾਕ ਸਦਾ ਹੈ ਨਾਂ।

    2. ਉਸ ਥਾਂ ਕੋਈ ਜਾ ਨਾ ਸਕਦਾ,
    ਤੇਰਾ ਰੁਤਬਾ ਹੈ ਜਿਸ ਥਾਂ।

  • ---

    ਮਰੀਅਮ ਦਾ ਪਾਕ ਨਾਂ ਕੋਈ,
    ਦਿਲ ਤੋਂ ਮੇਰੇ ਮਿਟਾਏ ਕਿਉਂ,
    ਮੰਨਾਂਗੇ ਗੱਲ ਕਿਸੇ ਦੀ ਨਾ,
    ਮੈਨੂੰ ਕੋਈ ਸਤਾਏ ਕਿਉਂ।

    1. ਮਰੀਅਮ ਹੈ ਮੇਰੀ ਪਾਕ ਮਾਂ,
    ਮੈਂ ਉਹਦਾ ਫਰਜ਼ਮੰਦ ਹਾਂ,
    ਰਿਸ਼ਤਾ ਮੇਰਾ ਉਸਦਾ,
    ਦੁਸ਼ਮਣ ਕੋਈ ਤੁੜਾਏ ਕਿਉਂ।

    2. ਮੇਰੇ ਲਈ ਉਸ ਪਾਲਿਆ,
    ਲੇਲਾ ਮੇਰੀ ਨਜਾਤ ਦਾ,
    ਨੇਕੀ ਕਿਸੇ ਦੀ ਆਦਮੀ,
    ਕੋਈ ਕਦੀ ਭੁੱਲ ਜਾਏ ਕਿਉਂ।

    3. ਲੈ ਕੇ ਮਸੀਹਾ ਤੋਂ ਵੰਡਦੀ,
    ਫ਼ਜ਼ਲਾਂ ਨੂੰ ਵਿੱਚ ਜਹਾਨ ਦੇ,
    ਜਾਵੇ ਕਰੇ ਸਵਾਲ ਜੋ,
    ਖਾਲੀ ਭਲਾ ਉਹ ਆਏ ਕਿਉਂ।

    4. ਹੋਇਆ ਸੀ ਮਰੀਅਮ ਦੇ ਆਖਿਆਂ,
    ਕਾਨਾ ਸ਼ਹਿਰ ਦਾ ਮੌਜਜ਼ਾ,
    ਅੱਜ ਉਹਦਾ ਫਰਜ਼ ਉਹ,
    ਗੱਲ ਉਹਦੀ ਪਰਤਾਏ ਕਿਉਂ।

    5. ਮਰੀਅਮ ਪਨਾਹ ਤੇ ਜ਼ਿੰਦਗੀ,
    ਜਿਸ ਕਿਸੇ ਦੀ ਬਣ ਗਈ,
    ਹੋਵੇਗਾ ਨਾ ਹਲਾਕ ਉਹ,
    ਦਿਲ ਉਹਦਾ ਘਬਰਾਏ ਕਿਉਂ।

  • ---

    ਯਿਸੂ ਦੀ ਤੇ ਨਾਲੇ ਮੇਰੀ ਮਾਂ,
    ਸਭ ਔਰਤਾਂ ਦੇ ਵਿੱਚੋਂ ਧੰਨ ਹੈ,
    ਮਰੀਅਮ ਪਿਆਰਾ ਜਿਹਦਾ ਨਾਂ,
    ਸਭ ਔਰਤਾਂ ਦੇ ਵਿੱਚੋਂ ਧੰਨ ਹੈ।

    1. ਖ਼ੁਸ਼ੀ ਦਾ ਸੁਨੇਹਾ ਜਬਰਾਏਲ
    ਆ ਕੇ ਦੱਸਿਆ,
    ਯਿਸੂ ਨੇ ਦੇਹਧਾਰ ਲਿਆ
    ਰੂਹਪਾਕ ਵੱਸਿਆ,
    ਜਿਹੜੇ ਵੇਲੇ ਕੀਤੀ ਉਹਨੇ ਹਾਂ,
    ਸਭ ਔਰਤਾਂ ਦੇ ਵਿੱਚੋਂ ਧੰਨ ਹੈ।

    2. ਨਾਸਰਤ ਸ਼ਹਿਰ ਦੀ
    ਕੁਆਰੀ ਨੇਕ ਪਾਰਸਾ,
    ਯਿਸੂ ਦੇ ਤੇ ਮੇਰੇ ਵਿੱਚ
    ਹੋਈ ਅੱਜ ਸਾਲਸਾ,
    ਦੁੱਖਾਂ ਵਿੱਚ ਡਿੱਗਿਆਂ ਦੀ ਥਾਂ,
    ਸਭ ਔਰਤਾਂ ਦੇ ਵਿੱਚੋਂ ਧੰਨ ਹੈ।

    3. ਕਾਮਯਾਬ ਹੋਵੇਗੀ
    ਨਾ ਕੋਸ਼ਿਸ਼ ਸ਼ੈਤਾਨ ਦੀ,
    ਹੋਵੇਗੀ ਉਹ ਢਾਲ
    ਮੇਰੇ ਕੈਥੋਲਿਕ ਇਮਾਨ ਦੀ,
    ਰੱਖੇਗੀ ਉਹ ਮੇਰੇ ਉੱਤੇ ਛਾਂ,
    ਸਭ ਔਰਤਾਂ ਦੇ ਵਿੱਚੋਂ ਧੰਨ ਹੈ।

    4. ਕਈ ਵਾਰ ਫੇਰ ਉਸ
    ਦੁਨੀਆ ’ਤੇ ਆਣ ਕੇ,
    ਬਿਹਤਰੀ ਬਣਾਈ
    ਸਾਡਾ ਦਰਦ ਪਛਾਣ ਕੇ,
    ਤਨ ਮਨ ਘੋਲ ਘੁੰਮਾ,
    ਸਭ ਔਰਤਾਂ ਦੇ ਵਿੱਚੋਂ ਧੰਨ ਹੈ।

    5. ਉਹਦੀਆਂ ਸਿਫ਼ਾਰਿਸ਼ਾਂ ਦਾ
    ਮੁੱਲ ਪੈ ਨਹੀਂ ਸਕਦਾ,
    ਤੇਰੀ ਨਹੀਂ ਮੈਂ ਮੰਨਦਾ,
    ਇਹ ਯਿਸੂ ਕਹਿ ਨਹੀਂ ਸਕਦਾ,
    ਯਿਸੂ ਉਹਦਾ ਬੇਟਾ ਤੇ ਉਹ ਮਾਂ,
    ਸਭ ਔਰਤਾਂ ਦੇ ਵਿੱਚੋਂ ਧੰਨ ਹੈ।

  • ---

    ਮਰੀਅਮ ਐ ਮਾਂ ਪਿਆਰੀਏ,
    ਪਾਕ ਬੇ–ਐਬ ਕੁਆਰੀਏ।

    1. ਬਾਗ਼-ਏ-ਅਦਨ ਦੇ ਵਿੱਚ ਖ਼ੁਦਾ,
    ਦੁਨੀਆ ਵਿੱਚੋਂ ਤੈਨੂੰ ਚੁਣ ਲਿਆ,
    ਤੇਰੇ ਮੁਬਾਰਿਕ ਨਾਮ ਤੋਂ,
    ਤਨ ਮਨ ਤੇ ਧਨ ਵਾਰੀਏ।

    2. ਤੈਨੂੰ ਹਜ਼ਾਰ ਸਲਾਮ ਹੈ,
    ਕਿੰਨਾ ਮੁਬਾਰਿਕ ਨਾਮ ਹੈ,
    ਸ਼ਾਮ, ਸੁਬ੍ਹਾ ਤੇ ਦੁਪਹਿਰ ਨੂੰ,
    ਤੈਨੂੰ ਸਲਾਮ ਗੁਜ਼ਾਰੀਏ।

    3. ਕਾਨਾ ਗਲੀਲ ਦਾ ਸੁਣਿਆ ਜ਼ਿਕਰ,
    ਤੇਰੀ ਸਿਫ਼ਾਰਿਸ਼ ਹੈ ਪੁਰਅਸਰ,
    ਸਾਡੇ ਲਈ ਵੀ ਤੂੰ ਕਰ ਦੁਆ,
    ਸਾਡੀ ਵਕੀਲਾ ਭਾਰੀਏ।

    4. ਤੇਰੀ ਬਰਾਬਰ ਸ਼ਾਨ ਏ,
    ਨਹੀਂ ਕੋਈ ਵਿੱਚ ਜਹਾਨ ਦੇ,
    ਯਿਸੂ ਦੀਆਂ ਖੂਬੀਆਂ ਦੇ ਸਬੱਬ,
    ਸਾਰੇ ਜਹਾਨ ਤੋਂ ਨਿਆਰੀ ਏ।

    5. ਧੰਨ–ਧੰਨ ਐ ਮਾਂ ਤੂੰ ਪੁਰਫ਼ਜ਼ਲ,
    ਕੁੱਖ ਤੇਰੇ ਦਾ ਮੁਬਾਰਿਕ ਫਲ਼,
    ਐ ਅਸਮਾਨਾਂ ਦੀਏ ਰਾਣੀਏ,
    ਦਰਦ ਗ਼ਮਾਂ ਦੀਏ ਮਾਰੀਏ।

  • ---

    ਲੁਰਦਸ ਕੈਸਾ ਸੋਹਣਾ ਥਾਂ,
    ਜਿਸ ਥਾਂ ਬਰਨਾਦਿੱਤ ਵੇਖੀ,
    ਮਰੀਅਮ ਅਰਸ਼ਾਂ ਦੀ ਰਾਣੀ,
    ਅਰਸ਼ਾਂ ਦੀ ਰਾਣੀ।

    1. ਤੁਰਦੀ–ਤੁਰਦੀ ਬਰਨਾਦਿੱਤ
    ਖਲੋ ਗਈ, ਖਲੋ ਗਈ,
    ਦਿਲ ਵਿੱਚ ਕਹਿੰਦੀ,
    ਇੱਥੇ ਕੀ ਗੱਲ ਹੋ ਗਈ, ਹੋ ਗਈ,
    ਚਾਨਣ ਦੇ ਵੱਲ ਵੇਖਦਿਆਂ,
    ਨਜ਼ਰੀਂ ਮਾਂ ਮਰੀਅਮ ਆਈ,
    ਚਮਕੇ ਪੋਸ਼ਾਕ ਨੂਰਾਨੀ, ਸ਼ਕਲ ਨਿਰਾਲੀ।

    2. ਟੋਇਆ ਪੁੱਟ ਕੇ ਵੇਖ, ਕਰਾਮਾਤ ਆਖਦੀ, ਆਖਦੀ,
    ਕਰਕੇ ਗੱਲ ਮਨਜ਼ੂਰ ਉਹ
    ਮਰੀਅਮ ਪਾਕ ਦੀ, ਪਾਕ ਦੀ,
    ਬਰਨਾਦਿੱਤ ਨੇ ਪੁੱਟਿਆ ਥਾਂ,
    ਮਾਰਕੇ ਠਾਠਾਂ ਆਇਆ,
    ਚਸ਼ਮੇ ਦਾ ਪਾਣੀ, ਪਾਣੀ, ਚਸ਼ਮੇ ਦਾ ਪਾਣੀ।

    3. ਗੁਸਲ ਕਰਨਗੇ ਜਿਹੜੇ
    ਨਾਲ ਇਮਾਨ ਦੇ, ਇਮਾਨ ਦੇ,
    ਚੰਗੇ ਹੋ ਕੇ ਪਰਤ ਘਰਾਂ ਵੱਲ ਜਾਣਗੇ, ਜਾਣਗੇ,
    ਘਰ ਘਰ ਲੋਕ ਸੁਣਾਵਣਗੇ,
    ਦੁਨੀਆ ਦੀਆਂ ਹੱਦਾਂ ਤੀਕਰ,
    ਲੁਰਦਸ ਦੀ ਪਾਕ ਕਹਾਣੀ, ਪਾਕ ਕਹਾਣੀ।

    4. ਬਰਨਾਦਿੱਤ ਨੂੰ ਮੂੰਹ ’ਤੇ ਲੋਕੀ
    ਆਖਦੇ, ਆਖਦੇ,
    ਲੁਰਦਸ ਦੀ ਗੱਲ ਕਰਨ ਤੋਂ
    ਉਹਨੂੰ ਠਾਕਦੇ, ਠਾਕਦੇ,
    ਆਖਣ ਚਰਚਾ ਜਾਣ ਦਿਓ,
    ਗੱਲ ਵਿੱਚ ਅਸਰ ਨਾ ਕੋਈ,
    ਬਰਨਾਦਿੱਤ ਕਹਿਣ ਦਿਵਾਨੀ, ਹੋ ਗਈ ਦਿਵਾਨੀ।

    5. ਮਰੀਅਮ ਸਾਡੇ ਦਿਲ ਵਿੱਚ
    ਇੱਜ਼ਤ ਪਾ ਗਈ, ਪਾ ਗਈ,
    ਸਾਨੂੰ ਆਪਣਾ ਆਹਲਾ
    ਪਿਆਰ ਵਿਖਾ ਗਈ, ਵਿਖਾ ਗਈ,
    ਧੰਨ–ਧੰਨ ਮੈਨੂੰ ਆਖਣਗੇ, ਰੋਜ਼ ਕਿਆਮਤ ਤਾਈਂ,
    ਮਰੀਅਮ ਨੇ ਕਿਹਾ ਜ਼ੁਬਾਨੀ, ਆਪਣੀ ਜ਼ੁਬਾਨੀ।

  • ---

    ਮਾਂ ਮਰੀਅਮ ਦੇ ਰੁਤਬੇ ਨੂੰ, ਪਾ ਕੋਈ ਨਹੀਂ ਸਕਦਾ,
    ਉਹਦੇ ਵਾਂਗੂੰ ਬਣਕੇ, ਵਿਖਾ ਕੋਈ ਨਹੀਂ ਸਕਦਾ।

    1. ਉਹ ਅਰਸ਼ਾਂ ਦੀ ਰਾਣੀ, ਬੁਲੰਦ ਮਰਤਬਾ ਹੈ,
    ਮੁਹੱਬਤ ਦਾ ਰਿਸ਼ਤਾ, ਮਿਟਾ ਕੋਈ ਨਹੀਂ ਸਕਦਾ।

    2. ਉਹ ਅਸਲੀ ਤੇ ਫ਼ੇਲ੍ਹੀ, ਗ਼ੁਨਾਹ ਤੋਂ ਮੁਬਰਾ,
    ਉਹਦੀ ਦਾਗ ਅਜ਼ਮਤ ਨੂੰ, ਲਾ ਕੋਈ ਨਹੀਂ ਸਕਦਾ।

    3. ਉਹਦਾ ਤਖ਼ਤ ਵਲੀਆਂ, ਤੇ ਨਬੀਆਂ ਤੋਂ ਆਹਲਾ,
    ਖ਼ੁਦਾ ਨੇ ਬਿਠਾਇਆ, ਉਠਾ ਕੋਈ ਨਹੀਂ ਸਕਦਾ।

    4. ਜਿਹੀ ਟਹਿਲ ਯਿਸੂ ਦੀ, ਮਰੀਅਮ ਨੇ ਕੀਤੀ,
    ਤਿਹੀ ਟਹਿਲ ਕਰਕੇ, ਉਠਾ ਕੋਈ ਨਹੀਂ ਸਕਦਾ।

    5. ਮਾਂ ਮਰੀਅਮ ਨੂੰ ਤਾਜ਼ੀਮ, ਜਬਰਾਏਲ ਕੀਤੀ,
    ਫਰਿਸ਼ਤੇ ਤੋਂ ਇੱਜ਼ਤ ਇਹ, ਪਾ ਕੋਈ ਨਹੀਂ ਸਕਦਾ।

  • ---

    ਮੈਂ ਸੌ–ਸੌ ਜਾਨ ਤੋਂ ਤੇਰੇ
    ’ਤੇ ਹਾਂ ਕੁਰਬਾਨ, ਐ ਮਰੀਅਮ,
    ਨਹੀਂ ਉੱਚੀ ਤੇਰੇ ਵਾਂਗੂੰ ਕਿਸੇ ਦੀ ਸ਼ਾਨ, ਐ ਮਰੀਅਮ।

    1. ਖ਼ੁਸ਼ੀ ਦੇ ਬਾਗ਼ ਵਿੱਚ ਮਾਈ ਹੱਵਾ ਨੇ ਹਾਰ ਖਾਧੀ ਸੀ,
    ਕਦੀ ਨੇੜੇ ਨਹੀਂ ਆਇਆ
    ਤੇਰੇ ਸ਼ੈਤਾਨ, ਐ ਮਰੀਅਮ।

    2. ਮੇਰੇ ਸ਼ਾਫ਼ੀ ਦੀ ਖ਼ਾਤਿਰ ਜਾਨ ’ਤੇ ਸਦਮੇ ਉਠਾਏ ਤੂੰ,
    ਨਾ ਭੁੱਲਾਂਗਾ ਹਸ਼ਰ ਤੀਕਰ
    ਤੇਰਾ ਅਹਿਸਾਨ, ਐ ਮਰੀਅਮ।

    3. ਕੁਆਰੀ ਬੇਗੁਨਾਹ, ਤੈਨੂੰ
    ਖ਼ੁਦਾ ਦੀ ਮਾਂ ਕਿਉਂ ਨਾ ਆਖਾਂ,
    ਸਿਖਾਂਦਾ ਹੈ ਜਦੋਂ ਮੈਨੂੰ, ਮੇਰਾ ਇਮਾਨ ਐ ਮਰੀਅਮ।

    4. ਤਦੋਂ ਤਲਵਾਰ ਗ਼ਮ ਦੀ ਤੇਜ਼
    ਤੇਰੇ ਚਲ ਗਈ ਦਿਲ ’ਤੇ,
    ਜਦੋਂ ਲਖ਼ਤ-ਏ-ਜਿਗਰ ਤੇਰਾ,
    ਹੋਇਆ ਕੁਰਬਾਨ, ਐ ਮਰੀਅਮ।

    5. ਮੁਬਾਰਿਕ ਹਰ ਜ਼ਮਾਨੇ ਵਿੱਚ, ਅਸੀਂ ਤੈਨੂੰ ਪੁਕਾਰਾਂਗੇ,
    ਕਰਾਂਗੇ ਦਮ–ਬ–ਦਮ ਪੂਰਾ,
    ਤੇਰਾ ਫਰਮਾਨ, ਐ ਮਰੀਅਮ।

  • ---

    ਜਾਵਾਂ ਨਾਮ ਉਹਦੇ ਤੋਂ ਮੈਂ ਸਦਕੇ,
    ਜਿਸ ਸ਼ਾਨ ਬਣਾਈ, ਮਰੀਅਮ ਦੀ,
    ਨਾਲੇ ਇਸ ਜੱਗ ’ਤੇ ਨਾਲੇ ਉਸ ਜੱਗ ’ਤੇ,
    ਦੂਣੀ ਸ਼ਾਨ ਵਧਾਈ ਮਰੀਅਮ ਦੀ।

    1. ਯਿਸੂ ਮਰੀਅਮ ਦਾ ਮੰਨ ਹੁਕਮ ਲਿਆ,
    ਦਿੱਤਾ ਪਾਣੀ ਦਾ ਮੈਅ ਸੀ ਉਸ ਬਣਾ,
    ਭਾਵੇਂ ਵਕਤ ਨਹੀਂ ਅਜੇ ਆਇਆ ਸੀ,
    ਨਹੀਂ ਗੱਲ ਪਰਤਾਈ ਮਰੀਅਮ ਦੀ।

    2. ਹੱਵਾ ਕੋਲੋਂ ਜੱਗ ’ਤੇ ਮੌਤ ਆਈ,
    ਪਰ ਮਰੀਅਮ ਨਾਲ ਨਜਾਤ ਆਈ,
    ਹੱਵਾ ਹਾਰ ਗਈ, ਗਈ ਜਿੱਤ ਮਰੀਅਮ,
    ਡਿੱਠੀ ਅਜਬ ਲੜਾਈ, ਮਰੀਅਮ ਦੀ।

    3. ਉਹਦੇ ਵਾਂਗ ਕਿਸੇ ਦੀ ਸ਼ਾਨ ਨਹੀਂ,
    ਕੋਈ ਵਿੱਚ ਦੁਨੀਆ ਇਨਸਾਨ ਨਹੀਂ,
    ਜਬਰਾਏਲ ਕੋਲੋਂ ਖ਼ੁਦਾ ਖ਼ਾਲਿਕ ਨੇ,
    ਤਾਜ਼ੀਮ ਕਰਾਈ ਮਰੀਅਮ ਦੀ।

    4. ਸੇਵਾਦਾਰ ਮੁਬਾਰਿਕ ਮਰੀਅਮ ਦਾ,
    ਨਾ ਹਲਾਕ ਕਦੀ ਵੀ ਹੋਵੇਗਾ,
    ਪਰ ਅਸਲ ਸਿਫਾਰਿਸ਼ ਕਈ ਵਾਰ,
    ਅਸਾਂ ਹੀ ਅਜ਼ਮਾਈ ਮਰੀਅਮ ਦੀ।

    5. ਉਹਨੂੰ ਰੋਜ਼-ਏ-ਅਜ਼ਲ ਤੋਂ ਚੁਣਿਆ ਖ਼ੁਦਾ,
    ਨਾਲੇ ਘਰ ਮਰੀਅਮ ਦੇ ਜਨਮ ਲਿਆ,
    ਆਖੋ ਧੰਨ–ਧੰਨ ਸਾਰੇ ਮਰੀਅਮ ਨੂੰ,
    ਨਾਲੇ ਧੰਨ ਕਮਾਈ ਮਰੀਅਮ ਦੀ।

  • ---

    ਮਰੀਅਮ ਹੈ ਮੇਰੀ ਜ਼ਿੰਦਗੀ, ਮੇਰੀ ਅਜ਼ੀਜ਼ ਮਾਂ,
    ਮੇਰੀ ਖ਼ੁਸ਼ੀ ਉਮੀਦ ਤੇ, ਮੇਰੀ ਪਨਾਹ ਦੀ ਥਾਂ।

    1. ਡਰ ਖੌਫ਼ ਨਹੀਂ, ਰਾਤ ਦੇ, ਦੁਸ਼ਮਣ ਦੇ, ਤੀਰ ਦਾ,
    ਰੋਕੇਗੀ ਹੋ ਕੇ ਸਾਹਮਣੇ ਹਮਲਾ ਸ਼ਰੀਰ ਦਾ,
    ਆਪਣੇ ਪਰਾਂ ਦੇ ਨਾਲ ਕਰੇਗੀ ਮੇਰੇ ’ਤੇ ਛਾਂ।

    2. ਦਿਨ ਰਾਤ ਮੇਰੇ ਵਾਸਤੇ ਰਹਿੰਦੀ ਹੈ ਜਾਗਦੀ,
    ਯਿਸੂ ਨੂੰ ਮੇਰੇ ਵਾਸਤੇ ਰਹਿੰਦੀ ਹੈ ਆਖਦੀ,
    ਕਰ ਰਹਿਮ ਇਸ ਲਾਚਾਰ ’ਤੇ ਹੋਵੇ ਹਲਾਕ ਨਾ।

    3. ਫ਼ਰਜ਼ੰਦ ਮੈਨੂੰ ਆਖ ਕੇ ਉਸਨੇ ਪੁਕਾਰਿਆ,
    ਦੁਸ਼ਮਣ ਮੇਰੇ ਨੂੰ ਪੈਰਾਂ ਹੇਠਾਂ ਲਤਾੜਿਆ,
    ਮਰੀਅਮ ਦੇ ਕੋਲ ਦੌੜ੍ਹ ਕੇ ਮੈਂ ਕਿਸ ਤਰ੍ਹਾਂ ਨਾ ਜਾ।

    4. ਉਹ ਰਹਿਮ ਦੀ ਵਾਲਦਾ ਤੇ ਮੇਰੀ ਮਦਦਗਾਰ,
    ਉਹ ਹੈ ਸ਼ਿਫ਼ਾ ਬਿਮਾਰੀ ਦੀ ਤੇ ਮੇਰੀ ਤਰਫ਼ਦਾਰ,
    ਦੁਨੀਆ ਦੀਆਂ ਮੁਸੀਬਤਾਂ ਤੋਂ ਫਿਰ ਮੈਂ ਕਿਉਂ ਡਰਾਂ।

    5. ਇੱਜ਼ਤ ਕਰਾਂਗਾ ਉਸਦੀ ਤਮਾਮ ਦਿਲ ਦੇ ਨਾਲ,
    ਦੇਵੇਗੀ ਕਦੀ ਹੋਣ ਨਾ ਵਿੰਗਾ ਉਹ ਮੇਰਾ ਵਾਲ,
    ਕਰਦੀ ਰਹੇਗੀ ਮੇਰੀਆਂ ਆਸਾਨ ਮੁਸ਼ਕਿਲਾਂ।

  • ---

    ਐ ਰਹਿਮਤਾਂ ਦੀ ਰਾਣੀ,
    ਤੂੰ ਸੁਣ ਪ੍ਰਭੂ ਦੀ ਬਾਣੀ,
    ਹਾਂ ’ਚ ਸਿਰ ਹਿਲਾਇਆ,
    ਤੂੰ ਮੁਕਤੀਦਾਤਾ ਜਾਇਆ।

    1. ਐਸੀ ਸੀ ਜ਼ਿੰਦਗੀ ਗੁਜ਼ਾਰੀ,
    ਨਾਰੀਆਂ ਵਿੱਚੋਂ ਧੰਨ ਨਾਰੀ,
    ਤਾਰੀਫ਼ ਕਰਦੀ ਸਾਰੀ ਖ਼ਲਕਤ,
    ਸਭ ਨੇ ਹੈ ਇਹ ਫਰਮਾਇਆ,
    ਤੂੰ ਮੁਕਤੀਦਾਤਾ ਜਾਇਆ।

    2. ਇਹ ਦੁਨੀਆ ਸੀ ਦੁਖਿਆਰੀ,
    ਡੁੱਬੀ ਪਾਪਾਂ ਵਿੱਚ ਸਾਰੀ,
    ਖ਼ੁਦਾਵੰਦ ਨੇ ਚੁਣਿਆ ਤੈਨੂੰ,
    ਰੱਬ ਤੇਰਾ ਮਾਣ ਵਧਾਇਆ,
    ਤੂੰ ਮੁਕਤੀਦਾਤਾ ਜਾਇਆ।

    3. ਦੁੱਖ ਦਰਦ ਤੇ ਬਿਮਾਰੀ,
    ’ਚ ਤੂੰ ਕਰਦੀ ਤਰਫ਼ਦਾਰੀ,
    ਗ਼ਮ ਖ਼ੁਸ਼ੀ ’ਚ ਬਦਲ ਜਾਂਦੇ,
    ਸਾਨੂੰ ਤੇਰਾ ਹੈ ਹਮਸਾਇਆ,
    ਤੂੰ ਮੁਕਤੀਦਾਤਾ ਜਾਇਆ।

    4. ਤੇਰੀ ਦੀਨਤਾ ਸੀ ਭਾਰੀ,
    ਭੋਲੀ ਤੇ ਸੱਚਿਆਰੀ,
    ਧੰਨ ਪਾਕ ਜੀਵਨ ਨਾਲ,
    ਤੂੰ ਸਾਨੂੰ ਇਹ ਸਿਖਾਇਆ,
    ਤੂੰ ਮੁਕਤੀਦਾਤਾ ਜਾਇਆ।

  • ---

    ਮਰੀਅਮ ਦੇ ਤਾਜ ਸਿਰ ਤੋਂ ਹੈ ਕੋਣ ਜੋ ਉਤਾਰੇ,
    ਇਨਸਾਨ ਕੀ ਬੇਚਾਰਾ,
    ਫਰਿਸ਼ਤਾ ਵੀ ਦਮ ਨਾ ਮਾਰੇ।

    1. ਵੇਖੋਗੇ ਇੱਕ ਕੁਆਰੀ, ਹੋਵੇਗੀ ਪੈਰ ਭਾਰੀ,
    ਜਣੇਗੀ ਇੱਕ ਉਹ ਬੇਟਾ, ਹੋਵੇਗੀ ਪਰ ਕੁਆਰੀ,
    ਸੱਤ ਸੌ ਵਰ੍ਹੇ ਯਸ਼ਾਯਾਹ ਪਹਿਲਾਂ ਪਿਆ ਪੁਕਾਰੇ।

    2. ਮਰੀਅਮ ਦੀ ਸ਼ਾਨ ਜ਼ਾਹਿਰ,
    ਕੀਤੀ ਖ਼ੁਦਾ-ਏ-ਕਾਦਿਰ, ਪੈਰਾਂ ਥੱਲੇ ਚੰਦਰਮਾ,
    ਸੂਰਜ ਬਣਾਏ ਚਾਦਰ,
    ਸਿਰ ’ਤੇ ਤਾਜ ਹੈ ਜਿਹਦੇ ’ਤੇ,
    ਬਾਰ੍ਹਾਂ ਜੜੇ ਨੇ ਤਾਰੇ।

    3. ਬੇਦਾਰ ਉਹਦਾ ਰਹਿਣਾ,
    ਮੇਰੇ ਲਈ ਨਾ ਸੌਣਾ,
    ਦੁਨੀਆ ’ਤੇ ਪਾਕ ਮਾਂ ਦਾ ਫਿਰ,
    ਬਾਰ–ਬਾਰ ਆਉਣਾ,
    ਇਹ ਮਦਾਰੀ ਮੁਹੱਬਤ ਦੇ ਪਾਕ ਨੇ ਨਜ਼ਾਰੇ।

    4. ਮਰੀਅਮ ਸੀ ਪਾਕ ਨਾਲੇ,
    ਯੂਸਫ਼ ਵੀ ਨੇਕ ਦਿਲ ਸੀ,
    ਦੁਨੀਆ ਤੋਂ ਉਹ ਨਿਰਾਲਾ,
    ਇੱਕ ਜੋੜਾ ਬੇਮਿਸਾਲ ਸੀ,
    ਸਾਰੀ ਉਮਰ ਉਹ ਦੋਵੇਂ ਬਿਲਕੁਲ ਰਹੇ ਕੁਆਰੇ।

    5. ਯਿਸੂ ਦਾ ਮੇਰੇ ਖ਼ਾਤਿਰ, ਮਸਲੂਬ ਹੋ ਕੇ ਮਰਨਾ,
    ਮਰੀਅਮ ਦਾ ਦਿਲੋਂ ਜਾਨੋਂ ਯਿਸੂ ਦੀ ਟਹਿਲ ਕਰਨਾ,
    ਅਹਿਸਾਨ ਮੇਰੇ ਸਿਰ ’ਤੇ, ਦੋਹਾਂ ਨੇ ਕੀਤੇ ਭਾਰੇ।

  • ---

    1. ਗਾਉਂਦੇ ਨੇ ਫਰਿਸ਼ਤੇ, ਸਾਰੇ ਵਿੱਚ ਆਸਮਾਂ,
    ਮੁਬਾਰਿਕ ਕੁਆਰੀ, ਮਰੀਅਮ ਦੀ ਮਹਿਮਾ,

    ਸਲਾਮ, ਸਲਾਮ, ਸਲਾਮ ਐ ਰਾਣੀ,
    ਸਲਾਮ, ਸਲਾਮ, ਸਲਾਮ, ਐ ਮਰੀਅਮ।

    2. ਖ਼ੁਦਾਵੰਦ ਤੇਰੇ ਨਾਲ, ਫ਼ਜ਼ਲ ਨਾਲ ਭਰੀ ਤੂੰ,
    ਧੰਨ ਪੁੱਤਰ ਹੈ ਯਿਸੂ, ਔਰਤਾਂ ’ਚੋਂ ਧੰਨ ਤੂੰ।

    3. ਦੁਖੀ ਤੇ ਨਿਰਬਲ ਮੈਂ, ਤੇਰੇ ਕੋਲ ਆਇਆ,
    ਦਇਆ ਨਾਲ ਸੁਣ ਤੂੰ ਮਾਂ, ਮੇਰੀ ਇਹ ਦੁਆ।

    4. ਭਰ ਦੇ ਨੂਰ ਆਪਣਾ, ਦਿਲਾਂ ’ਚ ਮਾਂ ਸਾਡੇ,
    ਹੁਣ ਤੇ ਮਰਨ ਤਕ, ਨਿਗਾਹਬਾਨ ਬਣ ਸਾਡੀ।

  • ---

    ਤੇਰੀ ਦੀਦ ਨੂੰ ਮੈਂ ਤੇ ਆਇਆ ਹਾਂ,
    ਦੇ ਦਰਸ਼ਨ ਮੈਨੂੰ ਪਿਆਰੀ ਮਾਂ।

    1. ਉੱਚੀ ਕੀਤੀ ਰੱਬ ਨੇ ਸ਼ਾਨ ਤੇਰੀ,
    ਤੇਰੇ ਨਾਂ ’ਤੇ ਜਿੰਦ ਕੁਰਬਾਨ ਮੇਰੀ,
    ਬੜ੍ਹੀ ਆਸ, ਉਮੀਦ ਲਿਆਇਆ ਹਾਂ,
    ਦੇ ਦਰਸ਼ਨ ਮੈਨੂੰ ਪਿਆਰੀ ਮਾਂ।

    2. ਮੈਨੂੰ ਹਰ ਦਮ ਪਿਆਰ ਦੀ ਲੋੜ ਤੇਰੀ,
    ਤੂੰ ਨਾਲ ਹੋਵੇਂ ਨਹੀਂ ਥੋੜ੍ਹ ਕੋਈ,
    ਮੈਂ ਜੱਪਨਾਂ ਹਾਂ ਤੇਰਾ ਪਿਆਰਾ ਨਾਂ,
    ਦੇ ਦਰਸ਼ਨ ਮੈਨੂੰ ਪਿਆਰੀ ਮਾਂ।

    3. ਤੇਰਾ ਬੇਟਾ ਜੱਗ ਦਾ ਸ਼ਾਫ਼ੀ ਏ,
    ਉਹਦੇ ਕੋਲ ਗੁਨਾਹ ਦੀ ਮਾਫ਼ੀ ਏ,
    ਸੁਣ ਅਰਜ਼ ਤੂੰ ਮੇਰੀ ਪਿਆਰੀ ਮਾਂ,
    ਦੇ ਦਰਸ਼ਨ ਮੈਨੂੰ ਪਿਆਰੀ ਮਾਂ।

  • ---

    ਐ ਮਾਂ ਮਰੀਅਮ ਮੇਰੀ ਮਾਂ,
    ਤੂੰ ਹੈਂ ਨੇਕ ਕੁਆਰੀ ਮਾਂ।

    1. ਗੁਣ ਤੇਰੇ ਗਾਵੇ ਆਲਮ ਸਾਰਾ,
    ਨਾਮ ਤੇਰੇ ਤੋਂ ਤਨ ਮਨ ਵਾਰਾਂ,
    ਤੂੰ ਪਾਕੀਜ਼ਾ ਹੈਂ ਮਾਂ ਮਰੀਅਮ,
    ਧੰਨ–ਧੰਨ ਹੋਵੇ ਤੇਰਾ ਨਾਮ।

    2. ਆਸ ਤੂੰ ਸਭ ਦੀ ਪੂਰੀ ਕਰਦੀ,
    ਉਸਤਤ ਤੇਰੀ ਸਾਰੀ ਦੁਨੀਆ ਕਰਦੀ,
    ਸਭ ਔਰਤਾਂ ਵਿੱਚ ਤੂੰ ਧੰਨ ਹੈਂ,
    ਹਮਦੋਂ ਸਨਾ ਤੇਰੀ ਗਾਵੇ ਜਹਾਂ।

    3. ਸ਼ਾਂਤੀ ਦੀ ਤੂੰ ਮਾਂ ਹੈ ਅਸਾਡੀ,
    ਦੁੱਖ–ਸੁੱਖ ਵਿੱਚ ਮਾਂ ਤੂੰ ਮਦਦ ਕਰਦੀ,
    ਤੇਰੀ ਜੈ–ਜੈ ਗਾਵੇ ਜਹਾਂ,
    ਨਾਮ ਤੇਰੇ ਤੋਂ ਸਦਕੇ ਜਾਵਾਂ।

  • ---

    ਸਾਰੀ ਦੁਨੀਆ ਸਦਾ ਤੇਰੀ ਮਹਿਮਾ ਗਾਉਂਦੀ ਹੈ ਮਾਂ,
    ਤੇਰੀ ਮਹਿਮਾ ਗਾਉਂਦੀ ਹੈ।

    1. ਤੇਰੇ ਚਰਨਾਂ ’ਚ ਆਏ ਅਸੀਂ ਸਾਰੇ,
    ਤੇਰੇ ਅੱਗੇ ਗੋਡੇ ਅਸੀਂ ਟੇਕਦੇ ਹਾਂ,
    ਤੂੰ ਅੱਜ ਸਾਨੂੰ ਆਪਣਾ ਬਣਾ ਲੈ,
    ਤੂੰ ਹੈਂ ਅਸਾਡੀ ਮਾਂ।

    2. ਐ ਮਾਂ ਤੈਨੂੰ ਆਪਣਾ ਜੀਵਨ ਸਭ ਕੁਝ ਦੇਂਦਾ ਹਾਂ,
    ਤੂੰ ਯਿਸੂ ਦੀ ਮਾਂ ਮੇਰੀ ਵੀ ਮਾਂ,
    ਤੂੰ ਹੈਂ ਅਸਾਡੀ ਮਾਂ, ਤੂੰ ਹੈਂ ਅਸਾਡੀ ਪਿਆਰੀ ਮਾਂ।

    3. ਐ ਮਰੀਅਮ ਮਾਂ ਸੱਚੇ ਦਿਲ ਨਾਲ,
    ਤੇਰੇ ਆਏ ਬੱਚੇ ਸਾਰੇ,
    ਯਿਸੂ ਕੋਲ ਸਾਨੂੰ ਲੈ ਜਾ ਮਾਂ,
    ਆਸੀਸਾਂ ਨਾਲ ਦਿਲ ਸਾਡਾ ਭਰ ਦੇ,
    ਐ ਮਾਂ ਪਿਆਰੀ ਸਾਡੀ ਬੇਨਤੀ ਸੁਣ ਲੈ।

  • ---

    ਲਈਏ ਯਿਸੂ ਦਾ ਨਾਮ, ਲਈਏ ਮਰੀਅਮ ਦਾ ਨਾਮ,
    ਸੁਬ੍ਹਾ ਸ਼ਾਮ ਨੀ ਸਈਓ, ਸੁਬ੍ਹਾ ਸ਼ਾਮ ਨੀ ਸਈਓ।

    1. ਮਾਂ ਮਰੀਅਮ ਬੇਦਾਗ਼ ਗੁਨਾਹ ਤੋਂ,
    ਹਰ ਦਮ ਰਹੀਂ ਕੁਆਰੀ,
    ਦਰਜਾ ਮਿਲਿਆ ਪਾਕ ਜਨਾਬੋਂ,
    ਮਾਂ ਖ਼ੁਦਾ ਦੀ ਪਿਆਰੀ,
    ਦਿੰਦੀ ਗਵਾਹੀ, ਗਵਾਹੀ,
    ਪਾਕ ਅੰਜੀਲ ਨੀ ਸਈਓ।

    2. ਮਰੀਅਮ ਦੇ ਸਿਰ ਤਾਜ
    ਸੁਨਹਿਰੀ ਚਮਕਣ ਬਾਰ੍ਹਾਂ ਤਾਰੇ,
    ਸੂਰਜ ਉਸਦੀ ਚਾਦਰ ਬਣਿਆ,
    ਚਮਕ ਜਲਾਲੀ ਮਾਰੇ,
    ਉਹਦੇ ਪੈਰਾਂ ਹੇਠਾਂ, ਚੰਦ ਦੀ ਤਾਬ ਨੀ ਸਈਓ।

    3. ਜਿਹੜਾ ਝੂਠੀ ਤੁਹਮਤ ਲਾਵੇ,
    ਮਾਂ ਮਰੀਅਮ ਦੇ ਉੱਤੇ,
    ਆਪਣਾ ਮੂੰਹ ਉਹ ਗੰਦਾ ਕਰਦਾ,
    ਜਿਹੜਾ ਚੰਦ ਵੱਲ ਥੁੱਕੇ,
    ਝੱਲੀ ਜਾਂਦੀ ਨਹੀਂਓਂ, ਉਸਦੀ ਸ਼ਾਨ ਨੀ ਸਈਓ।

  • ---

    ਮਾਂ ਮਰੀਅਮ ਦੀ ਸ਼ਾਨ ਨਿਆਰੀ,
    ਉਹਦੀ ਸੂਰਤ ਪਿਆਰੀ, ਪਿਆਰੀ।

    1. ਮਾਂ ਮਰੀਅਮ ਅਰਸ਼ਾਂ ਦੀ ਰਾਣੀ,
    ਜੱਗ ਵਿੱਚ ਉਹਦਾ ਕੋਈ ਨਹੀਂ ਸਾਨੀ,
    ਰੱਬ ਦੀ ਹੈ ਉਹ ਰਾਜ ਦੁਲਾਰੀ,
    ਉਹਦੀ ਸੂਰਤ ਪਿਆਰੀ–ਪਿਆਰੀ।

    2. ਉਹਦੀਆਂ ਸਿਫ਼ਤਾਂ ਦੇ ਗੁਣ ਗਾਓ,
    ਸਾਰੇ ਜੱਗ ਨੂੰ ਆਖ ਸੁਣਾਓ,
    ਸਾਡੀ ਮਾਂ ਹੈ ਪਾਕ ਕੁਆਰੀ,
    ਉਹਦੀ ਸੂਰਤ ਪਿਆਰੀ–ਪਿਆਰੀ।

    3. ਮਾਤਾ ਮਰੀਅਮ ਦੇ ਐ ਲੋਕੋ,
    ਰੱਬ ਦੇ ਸਾਏ ਹੇਠਾਂ ਵੇਖੋ,
    ਆਪਣੀ ਸਾਰੀ ਉਮਰ ਗੁਜ਼ਾਰੀ,
    ਉਹਦੀ ਸੂਰਤ ਪਿਆਰੀ–ਪਿਆਰੀ।

  • ---

    ਐ ਰਾਣੀ ਮਾਂ, ਕਰਦੇ ਤੂੰ ਰਹਿਮ ਦੇ ਸਾਏ,
    ਤੂੰ ਅਰਸ਼ਾਂ ਦੀ ਰਾਣੀ, ਤੇਰਾ ਤਾਜ ਨੂਰਾਨੀ,
    ਅਸੀਂ ਲੈਣ ਮੁਰਾਦਾਂ ਮਾਂ ਆਏ।

    1. ਰੱਬ ਤੈਨੂੰ ਅਰਸ਼ਾਂ ’ਤੇ ਆਪ ਖੜਿਆ,
    ਤੇ ਤਾਰਿਆਂ ਦੇ ਨਾਲ ਤੇਰਾ ਤਾਜ ਵੀ ਜੜਿਆ।
    ਤੇਰਾ ਤਖ਼ਤ ਸਜਾਇਆ,
    ਰੱਬ ਕੋਲ ਬਿਠਾਇਆ,
    ਅਸੀਂ ਤੇਰੇ ਦੁਆਰੇ, ਮਾਂ ਆਏ,
    ਕਰਦੇ ਤੂੰ ਰਹਿਮ ਦੇ ਸਾਏ।

    2. ਸੁਣ ਫਰਿਆਦ ਸਾਡੀ, ਯਿਸੂ ਦੀਏ ਮਾਂਏ,
    ਸਾਰੇ ਜੱਗ ਵਿੱਚ ਤੇਰਾ ਉੱਚਾ ਨਾਂ ਏ।
    ਖੈਰ ਝੋਲੀ ਪਾ ਦੇ ਯਿਸੂ ਕੋਲੋਂ ਲੈ ਕੇ,
    ਅਸੀਂ ਜ਼ਿੰਦਗੀ ਸਦਾ ਦੀ ਲੈਣ ਆਏ,
    ਕਰਦੇ ਤੂੰ ਰਹਿਮ ਦੇ ਸਾਏ।

    3. ਸੱਚਾ ਪਿਆਰ ਮਾਂ, ਤੇਰੇ ਪੁੱਤਰ ਦੇ ਕੋਲ ਏ,
    ਤੇਰੇ ਘਰ ਵਿੱਚ ਕਿਸੇ ਗੱਲ ਦੀ ਨਾ ਥੋੜ੍ਹ ਏ।
    ਦੁਖੀਆ ਵੀ ਆਇਆ, ਤੇਰੇ ਪਿਆਰ ਦਾ ਸਾਇਆ,
    ਅਸੀਂ ਪਿਆਰ ਦੇ ਦੀਵੇ ਜਗਾਏ,
    ਕਰ ਦੇ ਤੂੰ ਰਹਿਮ ਦੇ ਸਾਏ।

  • ---

    ਤੇਰੀ ਰੋਜ਼ਰੀ ਨੂੰ ਚੁੰਮ–ਚੁੰਮ ਰੱਖਾਂ, ਐ ਮਾਂ,
    ਤੇਰੀ ਰੋਜ਼ਰੀ ਨੂੰ ਚੁੰਮ–ਚੁੰਮ ਰੱਖਾਂ,
    ਇਹਨੂੰ ਸੀਨੇ ਨਾਲ ਲਾਵਾਂ, ਕਦੇ ਗਲ਼ ਵਿੱਚ ਪਾਵਾਂ,
    ਪੰਜ ਭੇਦਾਂ ਨੂੰ ਪੜ੍ਹਦਾ ਜਾਵਾਂ, ਪੜ੍ਹਦਾ ਜਾਵਾਂ।

    1. ਅਜ਼ਲੋਂ ਤੈਨੂੰ ਰੱਬ ਨੇ ਚੁਣਿਆ,
    ਤੇ ਮਰੀਅਮ ਰੱਖਿਆ ਨਾਂ,
    ਕਬਰੋਂ ਤੈਨੂੰ ਚੁੱਕ ਕੇ ਰੱਬ ਨੇ,
    ਅਰਸ਼ ਬਣਾਇਆ ਤੇਰਾ ਧਾਮ।
    ਤੈਨੂੰ ਕਰਨ ਸਲਾਮਾਂ, ਕੀ ਖ਼ਾਸ ਤੇ ਆਮ,
    ਸਭ ਤੱਕਦੇ ਨੇ ਤੇਰੀਆਂ ਰਾਹਾਂ, ਤੇਰੀਆਂ ਰਾਹਾਂ।

    2. ਸੂਰਜ, ਮਾਂ ਤੇਰੀ ਚਾਦਰ ਬਣਿਆ, ਚੰਨ ਪੈਰਾਂ ਦੇ ਥੱਲੇ,
    ਤਾਰਿਆਂ ਜੜਿਆ ਤਾਜ ਵੀ ਸਿਰ ’ਤੇ,
    ਹੁਕਮ ਵੀ ਤੇਰਾ ਚੱਲੇ।
    ਤੂੰ ਏਂ ਅਰਸ਼ਾਂ ਦੀ ਰਾਣੀ, ਤੇਰੀ ਅਜ਼ਬ ਕਹਾਣੀ,
    ਤੇਰੇ ਦਰ ’ਤੇ ਮੈਂ ਸਾਜ਼ ਵਜਾਵਾਂ, ਸਾਜ਼ ਵਜਾਵਾਂ।

    3. ਦੁਖੀਆ ਹਾਂ, ਦੁੱਖ ਕਿਸ ਨੂੰ ਸੁਣਾਵਾਂ,
    ਮਾਂ ਸੁਣ ਲੈ ਮੇਰੀ ਦੁਹਾਈ,
    ਆਪਣੇ ਕਦਮਾਂ ਦੇ ਵਿੱਚ ਥਾਂ ਦੇ,
    ਇਹੋ ਆਸ ਲਗਾਈ।
    ਸੁਣ ਮਰੀਅਮ ਮਾਂ, ਕਰ ਰਹਿਮ ਦੀ ਛਾਂ,
    ਤੇਰੇ ਗੀਤ ਮੈਂ ਹਰ ਦਮ ਗਾਵਾਂ, ਹਰ ਦਮ ਗਾਵਾਂ।

  • ---

    ਐ ਮਾਂ, ਐ ਮਾਂ, ਤੈਨੂੰ ਨਜ਼ਰਾਂ ਚੜ੍ਹਾਵਾਂ,
    ਮੈਨੂੰ ਜ਼ਿੰਦਗੀ ਯਿਸੂ ਦੇ ਕੋਲੋਂ ਲੈ ਦੇ,
    ਮੈਂ ਕਦਮੀਂ ਡਿੱਗ–ਡਿੱਗ ਜਾਵਾਂ,
    ਤੈਨੂੰ ਨਜ਼ਰਾਂ ਚੜ੍ਹਾਵਾਂ।

    1. ਡਿੱਗਦਾ ਢਹਿੰਦਾ, ਠੇਡੇ ਖਾਂਦਾ,
    ਦਰ ਤੇਰੇ ਮੈਂ ਆਇਆ। ਆ…
    ਮੈਂ ਨਿਮਾਣਾ ਗ਼ਮ ਦਾ ਮਾਰਾ,
    ਕਰਦੇ ਰਹਿਮ ਦਾ ਸਾਇਆ।
    ਮੈਨੂੰ ਜ਼ਿੰਦਗੀ ਯਿਸੂ ਦੇ ਕੋਲੋਂ ਲੈ ਦੇ,
    ਮੈਂ ਸਿਫ਼ਤਾਂ ਤੇਰੀਆਂ ਗਾਵਾਂ,
    ਤੈਨੂੰ ਨਜ਼ਰਾਂ ਚੜ੍ਹਾਵਾਂ।

    2. ਯਿਸੂ ਨੂੰ ਐ ਜੰਮਣ ਵਾਲੀਏ,
    ਤੇਰੀ ਸ਼ਾਨ ਨਿਆਰੀ। ਆ…
    ਬਰਨਾਦਿੱਤ ਦੀ ਲੁਰਦਸ ਦੇ ਵਿੱਚ
    ਜ਼ਿੰਦਗੀ ਤੂੰ ਸੀ ਸਵਾਰੀ।
    ਮੈਨੂੰ ਜ਼ਿੰਦਗੀ ਯਿਸੂ ਦੇ ਕੋਲੋਂ ਲੈ ਦੇ,
    ਮੈਂ ਤੇਰੇ ਤਰਲੇ ਪਾਵਾਂ, ਤੈਨੂੰ ਨਜ਼ਰਾਂ ਚੜ੍ਹਾਵਾਂ।

    3. ਰੋ–ਰੋ ਮਾਂ ਤੈਨੂੰ ਦੁਖੀਆ ਇਹ ਆਖੇ,
    ਸੁਣ ਲੈ ਮੇਰੀ ਦੁਹਾਈ। ਆ…
    ਰਹਿਮਤਾਂ ਵਾਲੀਏ, ਰਹਿਮਤ ਤੂੰ ਕਰ ਦੇ,
    ਇਹੋ ਆਸ ਮੈਂ ਲਾਈ।
    ਮੈਨੂੰ ਜ਼ਿੰਦਗੀ ਯਿਸੂ ਦੇ ਕੋਲੋਂ ਲੈ ਦੇ,
    ਮੈਂ ਨਾਂ ਤੇਰਾ ਜੱਗ ਨੂੰ ਸੁਣਾਵਾਂ,
    ਤੈਨੂੰ ਨਜ਼ਰਾਂ ਚੜ੍ਹਾਵਾਂ।

  • ---

    ਮਾਤਾ ਤੂੰ ਏਂ ਐਸੀ ਰਾਣੀ,
    ਜਿਸ ਦਾ ਕੋਈ ਵੀ ਨਹੀਂ ਸਾਨੀ।

    1. ਸੂਰਜ ਚਾਦਰ ਜਿਸਮ ਦੁਆਲੇ,
    ਪੈਰ੍ਹਾਂ ਹੇਠਾਂ ਸੋਹਣਾ ਚੰਦ,
    ਬਾਰ੍ਹਾਂ ਤਾਰਿਆਂ ਵਾਲਾ ਮਰੀਅਮ,
    ਤੇਰੇ ਸਿਰ ’ਤੇ ਤਾਜ ਨੂਰਾਨੀ।

    2. ਘਰ–ਘਰ ਦੇ ਵਿੱਚ ਤੇਰੇ ਚਰਚੇ,
    ਚਾਨਣ ਤੇਰਾ ਹਰ ਥਾਂ ਚਮਕੇ,
    ਲੋਕਾਂ ਦੇ ਹੋ ਸਾਥ ਐ ਮਰੀਅਮ,
    ਹਰ ਦਮ ਤੇਰੀ ਅਜਬ ਕਹਾਣੀ।

    3. ਮਰੀਅਮ, ਤੂੰ ਏਂ ਫ਼ਜ਼ਲ ਦਾ ਤਾਰਾ,
    ਰਾਤਾਂ ਵਿੱਚ ਲੋ ਦਾ ਲਿਸ਼ਕਾਰਾ,
    ਵੇਖ ਕੇ ਤੇਰਾ ਰੂਪ ਨਿਆਰਾ,
    ਖ਼ਲਕਤ ਹੋ ਗਈ ਏ ਦਿਵਾਨੀ।

  • ---

    ਮਰੀਅਮ ਤੇਰੇ ਦਰ ’ਤੇ ਆਵਾਂ,
    ਜੱਗ ਨੂੰ ਤੇਰੇ ਗੀਤ ਸੁਣਾਵਾਂ।

    1. ਤੇਰੀ ਚਾਹਤ ਮਿਲ ਜਾਂਦੀ ਏ,
    ਦਿਲ ਨੂੰ ਰਾਹਤ ਮਿਲ ਜਾਂਦੀ ਏ,
    ਮੁੱਕ ਜਾਂਦੇ ਨੇ ਹੰਝੂ ਹਾਵਾਂ,
    ਜੱਗ ਨੂੰ ਤੇਰੇ ਗੀਤ ਸੁਣਾਵਾਂ।

    2. ਸਾਨੂੰ ਆਪਣਾ ਪਿਆਰ ਵਿਖਾ ਦੇ,
    ਸਾਰੇ ਦੁੱਖੜੇ ਆਪ ਮਿਟਾ ਦੇ,
    ਪੁੱਤਰ ਕੋਲੋਂ ਮੰਗ ਦੁਆਵਾਂ,
    ਜੱਗ ਨੂੰ ਤੇਰੇ ਗੀਤ ਸੁਣਾਵਾਂ।

    3. ਤੇਰੇ ਸਿਰ ’ਤੇ ਤਾਜ ਨਿਰਾਲਾ,
    ਤੇਰਾ ਰੁਤਬਾ ਸਭ ਤੋਂ ਆਹਲਾ,
    ਸਾਰੇ ਜੱਗ ਨੂੰ ਆਪ ਸੁਣਾਵਾਂ,
    ਜੱਗ ਨੂੰ ਤੇਰੇ ਗੀਤ ਸੁਣਾਵਾਂ।

  • ---

    ਐ ਮਾਂ ਮਰੀਅਮ ਪ੍ਰਭੂ ਦੀ ਮਾਂ,
    ਸਭ ਤੋਂ ਪਿਆਰਾ ਤੇਰਾ ਨਾਂ।

    1. ਜੋ ਕੋਈ ਤੇਰੇ ਦਰ ’ਤੇ ਆਵੇ,
    ਬਿਨ ਮੰਗੇ ਸਭ ਕੁਝ ਪਾ ਜਾਵੇ,
    ਲੈਂਦਾ ਯਿਸੂ ਦਾ ਜੋ ਨਾਂ,
    ਐ ਮਰੀਅਮ…

    2. ਮੂਰਤ ਮਮਤਾ ਦੀ ਬੱਸ ਤੂੰ ਹੈਂ,
    ਸੂਰਤ ਤੇਰੇ ਜਿਹੀ ਕੋਈ ਨਹੀਂ ਹੈ,
    ਧੁੱਪ ਵਿੱਚ ਕਰ ਦੇਂਦੀ ਛਾਂ,
    ਐ ਮਾਂ ਮਰੀਅਮ…

    3. ਹਰ ਨਿਰਬਲ ਬਲ ਤੇਥੋਂ ਪਾਉਂਦਾ,
    ਕੋਲ ਤੇਰੇ ਹੈ ਜੋ ਵੀ ਆਉਂਦਾ,
    ਮਹਿਮਾ ਸੁਣੀ ਤੇਰੀ ਹਰ ਥਾਂ,
    ਐ ਮਾਂ ਮਰੀਅਮ…

  • ---

    ਮਾਂ ਮਰੀਅਮ ਦੇ ਮੇਲੇ ਜਾਈਏ,
    ਜਾ ਕੇ ਮਾਂ ਦੇ ਦਰਸ਼ਨ ਪਾਈਏੇ।

    1. ਜੋ ਕੁਝ ਮੰਗਣਾ ਚਾਅ ਨਾਲ ਮੰਗ ਲੈ,
    ਉਸ ਦੇ ਰੰਗ ’ਚ ਖੁਦ ਨੂੰ ਰੰਗ ਲੈ,
    ਜੋ ਕੁਝ ਤੇਰੇ ਦਿਲ ਵਿੱਚ ਕਹਿ ਦੇ,
    ਮਾਂ ਦੇ ਕੋਲੋਂ ਨਾ ਸ਼ਰਮਾਈਏ।

    2. ਉਹ ਤੇ ਸਾਰੇ ਜੱਗ ਦੀ ਮਾਂ ਏ,
    ਵੰਡਦੀ ਧੁੱਪ ਵਿੱਚ ਠੰਡੀ ਛਾਂ ਏ,
    ਉੱਚਾ ਸਭ ਤੋਂ ਉਹਦਾ ਨਾਂ ਏ,
    ਉਹਦੇ ਨਾਂ ਤੋਂ ਵਾਰੀ ਜਾਈਏ।

    3. ਦਿਲ ਵਿੱਚ ਉਹਦੀ ਪ੍ਰੀਤ ਲਗਾਕੇ,
    ਮਾਂ ਦੀ ਪਹਾੜੀ ਦੇ ਵੱਲ ਜਾਈਏ,
    ਆਪਣੇ ਦਿਲ ਦਾ ਕਰ ਨਜ਼ਰਾਨਾ,
    ਉਹਦੇ ਪੈਰੀਂ ਨਜ਼ਰ ਚੜ੍ਹਾਈਏ।

  • ---

    ਮਾਂ ਮਰੀਅਮ ਦੋ ਆਲਮ ਵਿੱਚ
    ਤੇਰੀ ਸ਼ਾਨ ਨਿਆਰੀ ਹੈ।

    1. ਯਿਸੂ ਧੰਨ–ਧੰਨ ਤੇਰਾ ਜਾਇਆ,
    ਜਿਹੜਾ ਇਬਨ-ਏ-ਖ਼ੁਦਾ ਬਣ ਆਇਆ,
    ਚੌਥੇ ਹੁਕਮ ਨੂੰ ਤੋੜ ਨਿਭਾਇਆ,
    ਕਰਕੇ ਤਾਬਿਆਦਾਰੀ ਹੈ।

    2. ਜਬਰਾਏਲ ਸਲਾਮ ਬੁਲਾਇਆ,
    ਤੇਰੇ ਕੋਲ ਪੈਗ਼ਾਮ ਲਿਆਇਆ,
    ਤੇਰੀ ਰੱਬ ਨੇ ਸ਼ਾਨ ਵਧਾਈ,
    ਮਰੀਅਮ ਪਾਕ ਕੁਆਰੀ ਹੈ।

    3. ਤੇਰੇ ਵਿੱਚ ਨਾ ਪਾਪ ਬਿਮਾਰੀ,
    ਨਾ ਮੌਰੂਸੀ ਨਾ ਇਖ਼ਤਿਆਰੀ,
    ਤੇਰੇ ਉੱਤੇ ਮਰੀਅਮ ਕੁਆਰੀ,
    ਸੱਚਮੁੱਚ ਰਹਿਮਤ ਭਾਰੀ ਹੈ।

    4. ਉਨ੍ਹਾਂ ਲੋਕਾਂ ਦੀ ਮੱਤ ਮਾਰੀ,
    ਜਿਹੜੇ ਮਰੀਅਮ ਤੋਂ ਇਨਕਾਰੀ,
    ਉਹਦੀ ਓਟ ਮਦਦ ਹੈ ਭਾਰੀ,
    ਯਿਸੂ ਮੰਨਦਾ ਸਾਰੀ ਹੈ।

    5. ਤੈਨੂੰ ਜੰਨਤ ਵਿੱਚ ਰੱਬ ਖੜਿਆ,
    ਸਿਰ ’ਤੇ ਤਾਜ ਨੂਰਾਨੀ ਧਰਿਆ,
    ਤੂੰ ਏ ਮਦਦ ਦਾ ਦਮ ਭਰਿਆ,
    ਤੇਰੀ ਮਦਦ ਭਾਰੀ ਹੈ।

    6. ਮੁੱਢੋਂ ਖ਼ਾਲਿਕ ਨੇ ਫਰਮਾਇਆ,
    ਮਾਂ ਤੂੰ ਇਬਲੀਸ ਨਸਾਇਆ,
    ਨਾ ਉਹ ਦੁਸ਼ਮਣ ਗ਼ਾਲਿਬ ਆਇਆ,
    ਨਾ ਤੂੰ ਬਾਜ਼ੀ ਹਾਰੀ ਹੈ।

  • ---

    1. ਵੇਖ ਲੈ, ਐ ਮਾਂ ਪਿਆਰੀ, ਕੌਮ ਤੇਰੀ ਸਾਰੀ,
    ਤੇਰੇ ਚਰਨੀ ਆ ਪਈ, ਅਰਜ਼ ਸੁਣ ਲੈ ਸਾਡੀ।

    ਐ ਕੁਆਰੀ ਮਿਹਰਬਾਨ, ਐ ਮਾਦਰ-ਏ-ਖ਼ੁਦਾ,
    ਕਰ ਗ਼ੁਨਾਹਗਾਰਾਂ ਲਈ ਬੇਟੇ ਅੱਗੇ ਦੁਆ।

    2. ਦਿਲ ਹੈ ਤੇਰਾ ਬੇਗ਼ੁਨਾਹ, ਸ਼ਰਨ ਹੈ ਉਹ ਸਾਡੀ,
    ਰੰਜ ’ਚ ਤਸੱਲੀ ਦੇ, ਅਰਜ਼ ਹੈ ਅਸਾਡੀ।

    3. ਮੈਂ ਸਰਾਸਰ ਤੇਰਾ ਹਾਂ, ਤੇਰਾ ਹੀ ਰਹਾਂਗਾ,
    ਰਹਿਨੁਮਾ ਤੂੰ ਮੇਰੀ ਹੋ, ਰਿਹਾਈ ਮੈਂ ਪਾਵਾਂਗਾ।

    4. ਸਭ ਕੁਝ ਜੋ ਮੇਰਾ ਹੈ, ਉਹ ਤੇਰਾ ਹੀ ਰਹੇਗਾ,
    ਰਹਿਮ, ਫ਼ਜ਼ਲ ਤੇਰਾ ਇਹ, ਮੈਨੂੰ ਫਿਰ ਮਿਲੇਗਾ।

  • ---

    ਐ ਮਾਂ ਤੇਰੇ ਚਰਨਾਂ ’ਚ ਆਏ,
    ਦੁੱਖਾਂ ਦਰਦਾਂ ਨੂੰ ਨਾਲ ਲਿਆਏ।

    1. ਜਿਹੜੇ ਨਾਲ ਉਮੀਦਾਂ ਆਉਂਦੇ,
    ਸੁੱਖ ਤੇ ਚੈਨ ਸਦਾ ਲਈ ਪਾਉਂਦੇ।

    2. ਮਹਿਮਾ ਸੁਣੀ ਹੈ ਤੇਰੇ ਦਰ ਦੀ,
    ਸਭ ਦੀ ਆਸ ਤੂੰ ਪੂਰੀ ਕਰਦੀ।

    3. ਤੇਰੀ ਸਿਫ਼ਾਰਿਸ਼ ਸਭ ਤੋਂ ਆਹਲਾ,
    ਦੇ ਦੇ ਆਪਣਾ ਪਿਆਰ ਨਿਰਾਲਾ।

  • ---

    ਮਰੀਅਮ ਐ ਮਾਂ ਪਿਆਰੀਏ, ਤੇਰਾ ਹੈ ਪਾਕ ਨਾਮ,
    ਰੁਤਬਾ ਤੇਰਾ ਮਹਾਨ ਹੈ, ਤੂੰ ਹੈਂ ਮੇਰੀ ਪਨਾਹ।

    1. ਸ਼ੁਰੂ ਤੋਂ ਹੀ ਤੈਨੂੰ ਰੱਬ ਨੇ ਚੁਣਿਆ,
    ਤਾਰਿਆਂ ਨੇ ਤੇਰਾ ਚੋਲਾ ਬੁਣਿਆ,
    ਮਰੀਅਮ ਦੇ ਕੋਲ ਦੌੜ੍ਹ ਕੇ, ਮੈਂ ਕਿਸ ਤਰ੍ਹਾਂ ਨਾ ਜਾ।

    2. ਅਰਸ਼ ਫਰਸ਼ ਦੀ ਤੂੰ ਏਂ ਰਾਣੀ,
    ਤੇਰਾ ਕੋਈ ਹੋਰ ਨਾ ਸਾਨੀ,
    ਆਪਣੇ ਪਰਾਂ ਦੇ ਨਾਲ ਤੂੰ, ਕਰਦੇ ਮੇਰੇ ’ਤੇ ਛਾਂ।

    3. ਧੰਨ–ਧੰਨ ਤੈਨੂੰ ਆਖਣ ਸਾਰੇ,
    ਸਭਨਾਂ ਦੇ ਤੂੰ ਕਾਜ ਸਵਾਰੇ,
    ਕਰਦੇ ਤੂੰ ਆਸਾਂ ਪੂਰੀਆਂ, ਹੋਵਾਂ ਹਲਾਕ ਨਾ।

  • ---

    ਰੋਜ਼ਰੀ ਮਾਲਾ ਪੜ੍ਹੀਏ, ਦਰਸ਼ਨ ਮਾਂ ਦੇ ਕਰੀਏ,
    ਮਰੀਅਮ ਦੇ ਨਾਲ, ਯਿਸੂ ਉੱਤੇ,
    ਅੰਜੀਲ ’ਚੋਂ ਧਿਆਨ ਕਰੀਏ।

    1. ਭੇਦਭਾਵ ਨੂੰ ਦਿਲੋਂ ਮਿਟਾ ਕੇ,
    ਰਲਮਿਲ ਮਾਲਾ ਪੜ੍ਹੀਏ (ਰੋਜ਼ਰੀ),
    ਦਿਲ ਨੂੰ ਪਾਕ ਬਣਾ ਕੇ ਆਪਣਾ,
    ਜੀਵਨ ਸਫਲਾ ਕਰੀਏ (ਆਪਣਾ)।
    ਪਾਪ ਦੀ ਰਾਹ ਨੂੰ ਛੱਡੀਏ,
    ਆਪਣਾ ਮਨ ਸਾਫ਼ ਕਰੀਏ,
    ਮਰੀਅਮ ਦੇ ਨਾਲ, ਯਿਸੂ ਉੱਤੇ,
    ਅੰਜੀਲ ’ਚੋਂ ਧਿਆਨ ਕਰੀਏ।

    2. ਫੁੱਲਾਂ ਦੇ ਨਾਲ ਹਾਰ ਬਣਾਕੇ,
    ਮਾਂ ਦੇ ਗਲ਼ ਵਿੱਚ ਪਾਈਏ (ਮਰੀਅਮ),
    ਆਦਰ ਦੇ ਨਾਲ ਆਓ ਸਾਰੇ,
    ਮਾਂ ਨੂੰ ਸੀਸ ਨਿਵਾਈਏ (ਸਾਰੇ)।
    ਰੋਜ਼ਰੀ ਰੋਜ਼ ਪੜ੍ਹੀਏ, ਬਦੀ ਤੋਂ ਹਮੇਸ਼ਾ ਟਲੀਏ,
    ਮਰੀਅਮ ਦੇ ਨਾਲ, ਯਿਸੂ ਉੱਤੇ,
    ਅੰਜੀਲ ’ਚੋਂ ਧਿਆਨ ਕਰੀਏ।

    3. ਮਰੀਅਮ ਦੇ ਨਾਲ ਗੀਤ ਅਸੀਂ ਗਾਈਏ,
    ਮਹਿਮਾ ਖ਼ੁਦਾ ਦੀ ਕਰੀਏ (ਦਿਲ ਤੋਂ),
    ਨੇਕ ਨੀਯਤ ਨਾਲ ਜੀਵਨ ਬਿਤਾਕੇ,
    ਅੰਜੀਲ ਅਸੀਂ ਸਭ ਨੂੰ ਸੁਣਾਈਏ (ਆਓ)।
    ਬਾਈਬਲ ਰੋਜ਼ ਪੜ੍ਹੀਏ, ਸਭ ਨੂੰ ਪਿਆਰ ਕਰੀਏ,
    ਮਰੀਅਮ ਦੇ ਨਾਲ, ਯਿਸੂ ਉੱਤੇ,
    ਅੰਜੀਲ ’ਚੋਂ ਧਿਆਨ ਕਰੀਏ।

    4. ਲੁਰਦਸ ਮਾਂ ਦਾ ਦਰਸ਼ਨ ਪਿਆਰਾ,
    ਬਰਨਾਦਿੱਤ ਦਾ ਸਹਾਰਾ (ਮਰੀਅਮ),
    ਮਿਲਦਾ ਮਾਂ ਤੋਂ ਸਭ ਨੂੰ ਸਹਾਰਾ,
    ਜਾਣਦਾ ਆਲਮ ਸਾਰਾ (ਸੱਚਮੁੱਚ)।
    ਮਰੀਅਮ ਨਾਮ ਲਈਏ, ਪਾਕ ਮਾਲਾ ਜੱਪਦੇ ਰਹੀਏ,
    ਮਰੀਅਮ ਦੇ ਨਾਲ, ਯਿਸੂ ਉੱਤੇ,
    ਅੰਜੀਲ ’ਚੋਂ ਧਿਆਨ ਕਰੀਏ।

  • ---

    ਫਰਿਸ਼ਤੇ ਦਾ ਸੁਨੇਹਾ ਖ਼ੁਸ਼ੀ ਦਾ ਪਹਿਲਾ ਭੇਦ

    ਮਹਾਂ ਫ਼ਰਿਸ਼ਤੇ ਜਬਰਾਏਲ,
    ਆਣ ਸਲਾਮ ਬੁਲਾਇਆ।
    ਡਰ ਗਈ ਮਰੀਅਮ, ਸੋਚਿਆ ਇੱਕਦਮ,
    ਇਹ ਕੀ ਖ਼ਬਰ ਲਿਆਇਆ।
    “ਨਾ ਡਰ ਮਰੀਅਮ, ਫ਼ਜ਼ਲ ਨਾਲ ਭਰੀ ਤੂੰ,
    ਪ੍ਰਭੂ ਹੈ ਤੇਰੇ ਨਾਲ ਸਦਾ।
    ਮਾਂ ਤੂੰ ਬਣੇਂਗੀ, ਪੁੱਤਰ ਜਣੇਂਗੀ,
    ਨਾਮ ਉਸਦਾ ਯਿਸੂ ਰੱਖਣਾ।
    ਉਹ ਅਤਿ ਮਹਾਨ ਹੋਵੇਗਾ,
    ਖ਼ੁਦਾ ਦਾ ਪੁੱਤ ਅਖਵਾਵੇਗਾ।
    ਉਹ ਦੁਨੀਆ ’ਤੇ, ਰਾਜ ਕਰੇਗਾ,
    ਰਾਜ ਦਾ ਅੰਤ ਨਾ ਹੋਵੇਗਾ।”
    “ਇਹ ਕਿਵੇਂ ਮੇਰੇ ਲਈ ਹੋ ਸਕਦਾ ਹੈ?”,
    ਕਿਹਾ ਮਰੀਅਮ “ਮੈਂ ਕੁਆਰੀ ਹਾਂ”।
    “ਇਹ ਸੁਣ ਮਰੀਅਮ, ਰੂਹ ਪਾਕ ਤੇਰੇ,
    ਉੱਤੇ ਉੱਤਰ ਆਵੇਗਾ”।
    ਇਹ ਰੋਜ਼ਰੀ ਦਾ ਭੇਦ ਹੈ,

    ਇਹ ਖ਼ੁਸ਼ੀ ਦਾ ਭੇਦ ਹੈ, ਇਹ ਪਹਿਲਾ ਭੇਦ ਹੈ।

    ਧੰਨ ਕੁਆਰੀ ਮਰੀਅਮ ਦਾ ਅਲੀਜ਼ਬਤ ਨੂੰ ਮਿਲਣਾ
    ਖ਼ੁਸ਼ੀ ਦਾ ਦੂਸਰਾ ਭੇਦ

    ਫਰਿਸ਼ਤੇ ਮਰੀਅਮ ਨੂੰ ਦੱਸਿਆ,
    “ਅਲਿਸਬਾ ਮਾਂ ਬਣੀ ਹੈ।
    ਉਸਦਾ ਇਹ ਹੈ, ਛੇਵਾਂ ਮਹੀਨਾ,
    ਹੋਵੇਗਾ ਉਹਦਾ ਨਾਮ ਯੂਹੰਨਾਹ।
    ਅਸੰਭਵ ਹੈ ਜੋ ਸਾਡੇ ਲਈ,
    ਸੰਭਵ ਹੁੰਦਾ ਖ਼ੁਦਾ ਦੇ ਲਈ”।
    ਰਹਿਮ ਉਸ ਕੀਤਾ, ਮਾਣ ਉਸ ਦਿੱਤਾ,
    ਸ਼ਰਮ ਉਸਦੀ ਦੂਰ ਕੀਤੀ।
    ਗਈ ਯਹੂਦੀਯਾ ਮਰੀਅਮ ਛੇਤੀ,
    ਮਿਲੀ ਅਲਿਸਬਾ ਨੂੰ ਵਾਂਗ ਸਾਥੀ।
    ਜਿਵੇਂ ਮਰੀਅਮ ਦਾ, ਸਲਾਮ ਉਸ ਸੁਣਿਆ,
    ਬੱਚਾ ਕੁੱਖ ਵਿੱਚ ਉੱਛਲ ਪਿਆ।
    ਖ਼ੁਦਾ ਦਾ ਧੰਨਵਾਦ ਕਰਨ ਲੱਗੀ,
    ਰੂਹਪਾਕ ਦੇ ਨਾਲ ਭਰ ਗਈ।
    ਉਹ ਉੱਚੀ ਬੋਲੀ, “ਮਰੀਅਮ ਤੂੰ ਧੰਨ,
    ਕੁੱਖ ਤੇਰੇ ਦਾ ਫਲ਼ ਵੀ ਧੰਨ”।

    ਇਹ ਰੋਜ਼ਰੀ ਦਾ ਭੇਦ ਹੈ,
    ਇਹ ਖ਼ੁਸ਼ੀ ਦਾ ਭੇਦ ਹੈ, ਇਹ ਦੂਸਰਾ ਭੇਦ ਹੈ।

    ਯਿਸੂ ਮਸੀਹ ਦਾ ਜਨਮ ਲੈਣਾ ਖ਼ੁਸ਼ੀ ਦਾ ਤੀਸਰਾ ਭੇਦ

    ਰੋਮੀ ਰਾਜੇ ਦੀ ਆਗਿਆ,
    “ਲੋਕੋ ਆਪਣੇ ਨਗਰਾਂ ਨੂੰ ਜਾਓ”।
    ਨਾਸਰੀ ਯੂਸਫ਼, ਮਰੀਅਮ ਦੇ ਨਾਲ,
    ਨਗਰ ਬੈਤਲਹਮ ਆਇਆ।
    ਪੈਰ ਮਰੀਅਮ ਦਾ ਭਾਰੀ ਸੀ,
    ਸਮਾਂ ਜਣਨ ਦਾ ਪੂਰਾ ਸੀ।
    ਥਾਂ-ਥਾਂ ਫਿਰਿਆ, ਸਭ ਤੋਂ ਹਾਰਿਆ,
    ਸਰਾਂ ਬਸੇਰਾ ਨਾ ਬਣਿਆ।
    ਚਮਕੇ ਸਿਤਾਰਾ ਅੱਧੀ ਰਾਤੀਂ,
    ਜਨਮ ਲਿਆ ਯਿਸੂ ਇਸ ਧਰਤੀ।
    ਕੱਪੜੇ ’ਚ ਢੱਕਿਆ, ਖੁਰਲੀ ’ਚ ਰੱਖਿਆ,
    ਉਸਨੂੰ ਪਿਆਰ ਨਾਲ ਚੁੰਮਿਆ।
    “ਹੋਵੇ ਰੱਬ ਦੀ ਵਡਿਆਈ,
    ਮਿਲੇ ਲੋਕਾਂ ਨੂੰ ਸਦਾ ਸ਼ਾਂਤੀ”।
    ਦੂਤਾਂ ਨੇ ਗਾਇਆ, ਨੱਚੇ ਚਰਵਾਹੇ,
    ਰਾਜਿਆਂ ਦਰਸ਼ਨ ਪਾਏ।

    ਇਹ ਰੋਜ਼ਰੀ ਦਾ ਭੇਦ,
    ਇਹ ਖ਼ੁਸ਼ੀ ਦਾ ਭੇਦ ਹੈ, ਇਹ ਤੀਸਰਾ ਭੇਦ ਹੈ।

    ਯਿਸੂ ਮਸੀਹ ਦਾ ਹੈਕਲ ਵਿੱਚ ਭੇਟ ਚੜ੍ਹਾਇਆ ਜਾਣਾ
    ਖ਼ੁਸ਼ੀ ਦਾ ਚੌਥਾ ਭੇਦ

    ਸ਼ੁੱਧੀਕਰਨ ਦਾ ਦਿਨ ਆਇਆ,
    ਯਿਸੂ ਨੂੰ ਹੈਕਲ ਲੈ ਆਂਦਾ।
    ਦਰ ’ਤੇ ਖ਼ੁਦਾ ਦੇ, ਆ ਕੇ ਮਰੀਅਮ,
    ਸਭ ਕੁਝ ਆਪਣਾ ਲੁਟਾਇਆ।
    ਘੁੱਗੀਆਂ ਦਾ ਜੋੜਾ, ਬਲੀ ਚੜ੍ਹਾਇਆ,
    ਉਹ ਦਿਨ ਪਾਕ ਮਨਾਇਆ।
    ਉਸਦਾ ਨਾਂ ਉਹਨਾਂ, ਯਿਸੂ ਰੱਖਿਆ,
    ਰੱਬ ਲਈ ਭੇਟ ਚੜ੍ਹਾਇਆ।
    ਨਬੀ ਸ਼ਮਾਊਨ ਹੈਕਲ ਆਇਆ,
    ਆਤਮਾ ਨਾਲ ਭਰਪੂਰ ਆਇਆ।
    ਗੋਦ ’ਚ ਆਪਣੀ, ਯਿਸੂ ਨੂੰ ਰੱਖਿਆ,
    ਜੱਗ ਦੀ ਮੁਕਤੀ ਨੂੰ ਵੇਖਿਆ।
    “ਇਹ ਚਾਨਣ ਹੈ, ਸਭ ਲਈ ਮਾਣ ਹੈ”,
    ਯਿਸੂ ਨੂੰ ਵੇਖ ਕੇ ਬੋਲਿਆ।
    “ਹੇ ਮਾਲਿਕ ਆਪਣੇ, ਦਾਸ ਨੂੰ ਹੁਣ ਤੂੰ,
    ਸ਼ਾਂਤੀ ਨਾਲ ਵਿਦਾ ਕਰਨਾ”।

    ਇਹ ਰੋਜ਼ਰੀ ਦਾ ਭੇਦ ਹੈ,
    ਇਹ ਖ਼ੁਸ਼ੀ ਦਾ ਭੇਦ ਹੈ, ਇਹ ਚੌਥਾ ਭੇਦ ਹੈ।

    ਯਿਸੂ ਮਸੀਹ ਦਾ ਹੈਕਲ ਵਿੱਚੋਂ ਫਿਰ ਲੱਭ ਪੈਣਾ
    ਖ਼ੁਸ਼ੀ ਦਾ ਪੰਜਵਾਂ ਭੇਦ

    ਪਸਾਹ ਮਨਾ ਕੇ, ਯੂਸਫ਼ ਮਰੀਅਮ,
    ਯਰੂਸ਼ਲਮ ਤੋਂ ਮੁੜ ਗਏ।
    ਬਾਰ੍ਹਾਂ ਸਾਲ ਦੇ, ਬਾਲਕ ਯਿਸੂ,
    ਹੈਕਲ ਦੇ ਵਿੱਚ ਰਹਿ ਗਏ।
    ਬਹਿਕੇ ਬਹਿਸ ਕੇ, ਗੁਰੂਆਂ ਦੇ ਨਾਲ,
    ਤਿੰਨ ਦਿਨ ਛੇਤੀ ਬੀਤੇ।
    ਯਿਸੂ ਦੀਆਂ ਗੱਲਾਂ, ਸੁਣ ਕੇ ਗੁਰੂ ਤੇ,
    ਲੋਕ ਵੀ ਹੈਰਾਨ ਹੋਏ।
    ਲੱਭਦੇ ਰਹੇ ਯੂਸਫ਼ ਮਰੀਅਮ, ਬੇਚੈਨੀ,
    ਦਿਲ ਵਿੱਚ ਲੈ ਕੇ ਗ਼ਮ।
    ਤਿੰਨਾਂ ਦਿਨਾਂ ਬਾਅਦ, ਹੈਕਲ ਦੇ ਵਿੱਚ,
    ਬੇਟਾ ਉਹਨਾਂ ਨੂੰ ਮਿਲਿਆ।
    “ਇੰਝ ਕਿਉਂ ਕੀਤਾ ਸਾਡੇ ਨਾਲ ਤੂੰ”?,
    ਦੁਖੀ ਮਾਂ ਬੇਟੇ ਨੂੰ ਪੁੱਛਿਆ।
    “ਜ਼ਰੂਰੀ ਸੀ ਮੇਰਾ, ਇੱਥੇ ਰਹਿਣਾ”,
    ਬੇਟੇ ਨੇ ਮਾਂ-ਪਿਓ ਨੂੰ ਦੱਸਿਆ।

    ਇਹ ਰੋਜ਼ਰੀ ਦਾ ਭੇਦ ਹੈ,
    ਇਹ ਖ਼ੁਸ਼ੀ ਦਾ ਭੇਦ ਹੈ, ਇਹ ਪੰਜਵਾਂ ਭੇਦ ਹੈ।

  • ---

    ਯਿਸੂ ਮਸੀਹ ਦਾ ਯਰਦਨ ਨਦੀ ਵਿੱਚ ਬਪਤਿਸਮਾ ਲੈਣਾ
    ਚਾਨਣ ਦਾ ਪਹਿਲਾ ਭੇਦ

    ਯੂਹੰਨਾ ਕੋਲੋਂ ਬਪਤਿਸਮਾ,
    ਲੈਣ ਨੂੰ ਯਿਸੂ ਆਇਆ।
    ਯਰਦਨ ਦਰਿਆ ਦੇ, ਪਾਣੀ ਨੂੰ ਉਹ,
    ਪਾਕ ਬਣਾਉਣ ਆਇਆ।
    “ਤੈਨੂੰ ਇਸ ਦੀ ਲੋੜ ਨਹੀਂ ਹੈ”,
    ਯੂਹੰਨਾ ਯਿਸੂ ਨੂੰ ਰੋਕਿਆ।
    ਆਖਿਆ ਯਿਸੂ, “ਇੰਝ ਇਹ ਹੋਣ ਦੇ,
    ਮਰਜ਼ੀ ਬਾਪ ਦੀ ਜਿਵੇਂ”।
    ਪਾਣੀ ’ਚੋਂ ਯਿਸੂ ਨਿਕਲ ਆਇਆ,
    ਅਸਮਾਨੋਂ ਰੂਹ ਉੱਤਰ ਆਇਆ।
    ਸ਼ਕਲ ਕਬੂਤਰ, ਦੀ ਵਿੱਚ ਆ ਕੇ,
    ਯਿਸੂ ਉੱਤੇ ਠਹਿਰ ਗਿਆ।
    ਅਸਮਾਨੋਂ ਵੀ ਆਵਾਜ਼ ਆਈ,
    ਬਿਜਲੀ ਵਾਂਗੂੰ ਗੂੰਜ ਗਈ।
    “ਇਹ ਹੈ ਮੇਰਾ, ਪੁੱਤਰ ਪਿਆਰਾ,
    ਜਿਸ ਤੋਂ ਮੈਂ ਹਾਂ ਖ਼ੁਸ਼ ਸਦਾ”।

    ਇਹ ਰੋਜ਼ਰੀ ਦਾ ਭੇਦ ਹੈ,
    ਇਹ ਚਾਨਣ ਦਾ ਭੇਦ ਹੈ, ਇਹ ਪਹਿਲਾ ਭੇਦ ਹੈ।

    ਕਾਨਾ ਦੇ ਵਿਆਹ ਦੇ ਵੇਲੇ ਪਾਣੀ ਨੂੰ ਮੈਅ ਵਿੱਚ ਬਦਲਣਾ
    ਚਾਨਣ ਦਾ ਦੂਸਰਾ ਭੇਦ

    ਕਾਨਾ ਦੇ ਵਿੱਚ ਵਿਆਹ ਵੇਲੇ,
    ਪਹੁੰਚੇ ਮਰੀਅਮ, ਯਿਸੂ, ਚੇਲੇ।
    “ਮੈਅ ਸਾਰੀ ਮੁੱਕ ਗਈ, ਮੱਟ ਸਾਰੇ ਸੁੱਕ ਗਏ”,
    ਮਰੀਅਮ ਬੇਟੇ ਨੂੰ ਦੱਸਿਆ।
    “ਮਾਤਾ ਇਸ ਤੋਂ ਸਾਨੂੰ ਕੀ?,
    ਵੇਲਾ ਮੇਰਾ ਆਇਆ ਨਹੀਂ”।
    ਮਰੀਅਮ ਸੇਵਾਦਾਰਾਂ ਨੂੰ ਆਖਿਆ,
    “ਜਿਵੇਂ ਕਹੇ ਯਿਸੂ, ਉਹ ਕਰਨਾ”।
    “ਪਾਣੀ ਨਾਲ ਮੱਟਾਂ ਨੂੰ ਭਰ ਦਿਓ”,
    ਪਿਆਰ ਨਾਲ ਯਿਸੂ ਫਰਮਾਇਆ।
    “ਥੋੜ੍ਹਾ ਜਿਹਾ, ਇਹਦੇ ਵਿੱਚੋਂ,
    ਮੁਖੀਆ ਦੇ ਕੋਲ ਲੈ ਜਾਓ”।
    ਹੱਥ ਪਸਾਰ ਕੇ ਧੰਨ ਆਖਿਆ,
    ਪਾਣੀ ਮੈਅ ਵਿੱਚ ਬਦਲ ਗਿਆ।
    ਚਮਤਕਾਰ ਆਪਣਾ, ਕੀਤਾ ਪਹਿਲਾ,
    ਜਲਵਾ ਆਪਣਾ ਦਿਖਾ ਦਿੱਤਾ।

    ਇਹ ਰੋਜ਼ਰੀ ਦਾ ਭੇਦ ਹੈ,
    ਇਹ ਚਾਨਣ ਦਾ ਭੇਦ ਹੈ, ਇਹ ਦੂਸਰਾ ਭੇਦ ਹੈ।

    ਸਵਰਗ-ਰਾਜ ਦਾ ਪ੍ਰਚਾਰ ਅਤੇ ਮਨ ਬਦਲਾਓ ਲਈ ਸੱਦਾ
    ਚਾਨਣ ਦਾ ਤੀਸਰਾ ਭੇਦ

    ਯਿਸੂ ਤੀਹ ਸਾਲ ਦਾ ਹੋਇਆ,
    ਸੇਵਾ ਲਈ ਤਿਆਰ ਹੋਇਆ।
    ਪਿੰਡ-ਸ਼ਹਿਰ ਦੀ, ਹਰ ਗਲੀ ਜਾ ਕੇ,
    ਸ਼ੁਭ ਸਮਾਚਾਰ ਸੁਣਾਇਆ।
    “ਠੀਕ ਸਮਾਂ ਹੁਣ ਆਇਆ ਹੈ,
    ਨੇੜੇ ਰਾਜ ਖ਼ੁਦਾ ਦਾ ਹੈ।
    ਬੁਰੇ ਕੰਮ ਤਿਆਗੋ, ਇਮਾਨ ਲਿਆਓ”,
    ਸਭ ਨੂੰ ਯਿਸੂ ਨੇ ਸੱਦਿਆ।
    “ਪਾਪਾਂ ਲਈ ਪਛਤਾਵਾ ਕਰੋ,
    ਇੱਕ ਦੂਜੇ ਨੂੰ ਪਿਆਰ ਕਰੋ।
    ਦਾਨ ਕਰੋ, ਕੁਰਬਾਨੀ ਕਰੋ,
    ਨੇਕੀਆਂ ਨਾਲ ਮਨ ਭਰੋ।
    ਮਾਫ਼ ਕਰੀਏ ਤਾਂ ਮਿਲਦੀ ਮਾਫ਼ੀ,
    ਬੁੱਲ੍ਹਾਂ ਨਾਲ ਬੋਲਣਾ ਨਾ ਕਾਫ਼ੀ।
    ਮੈਂ ਅਸਮਾਨੀ, ਪਰ ਹਮਰਾਹੀ,
    ਮੈਂ ਹਾਂ ਸੱਚਮੁੱਚ ਸ਼ਾਫ਼ੀ”।

    ਇਹ ਰੋਜ਼ਰੀ ਦਾ ਭੇਦ ਹੈ,
    ਇਹ ਚਾਨਣ ਦਾ ਭੇਦ ਹੈ, ਇਹ ਤੀਸਰਾ ਭੇਦ ਹੈ।

    ਮਸੀਹ ਦਾ ਰੂਪਾਂਤਰਨ ਚਾਨਣ ਦਾ ਚੌਥਾ ਭੇਦ

    ਪਤਰਸ, ਯੂਹੰਨਾ, ਯਾਕੂਬ ਦੇ ਨਾਲ,
    ਪਹੁੰਚੇ ਯਿਸੂ ਤਾਬੋਰ ਪਹਾੜ।
    ਚਿਹਰਾ ਚਮਕੇ, ਰੰਗ ਬਦਲਿਆ,
    ਹੋਏ ਕੱਪੜੇ ਚਿੱਟੇ, ਚਮਕੀਲੇ।
    ਵੇਖ ਨਜ਼ਾਰਾ ਯਿਸੂ ਦਾ,
    ਤਿੰਨੇ ਚੇਲੇ ਘਬਰਾਏ।
    ਮੂਸਾ ਤੇ ਏਲੀਆ, ਯਿਸੂ ਦੇ ਨਾਲ,
    ਗੱਲਾਂ ਕਰਦੇ ਨਜ਼ਰ ਆਏ।
    ਖ਼ੁਸ਼ੀ ਨਾਲ ਪਤਰਸ ਇਹ ਬੋਲਿਆ,
    “ਡੇਰੇ ਤਿੰਨ ਬਣਾਵਾਂ ਮੈਂ।
    ਇੱਕ ਯਿਸੂ ਲਈ, ਇੱਕ ਮੂਸਾ ਲਈ,
    ਇੱਕ ਏਲਿਆ ਲਈ ਲਾਵਾਂ”।
    ਬੱਦਲਾਂ ਵਿੱਚ ਉਹ ਘਿਰ ਗਏ,
    ਚੇਲੇ ਤਿੰਨੇ ਡਰ ਗਏ।
    “ਇਹ ਮੇਰਾ ਚੁਣਿਆ, ਪੁੱਤਰ ਪਿਆਰਾ”,
    ਬੱਦਲਾਂ ਵਿੱਚੋਂ ਸੁਣਾਈ ਦਿੱਤਾ।

    ਇਹ ਰੋਜ਼ਰੀ ਦਾ ਭੇਦ ਹੈ,
    ਇਹ ਚਾਨਣ ਦਾ ਭੇਦ ਹੈ, ਇਹ ਚੌਥਾ ਭੇਦ ਹੈ।

    ਯਿਸੂ ਮਸੀਹ ਵੱਲੋਂ ਪਾਕ ਸ਼ਰਾਕਤ ਮੁਕੱਰਰ ਕੀਤਾ ਜਾਣਾ
    ਚਾਨਣ ਦਾ ਪੰਜਵਾਂ ਭੇਦ

    ਆਖ਼ਰੀ ਖਾਣੇ ਦੇ ਵੇਲੇ,
    ਰੋਟੀ ਲਈ ਯਿਸੂ ਉਸ ਵੇਲੇ।
    “ਇਹ ਮੇਰਾ ਬਦਨ, ਤੇਰੇ ਲਈ ਭੋਜਨ,
    ਦੇਂਦਾ ਸਦਾ ਦਾ ਜੀਵਨ”।
    ਧੰਨਵਾਦ ਨਾਲ ਚੁੱਕਿਆ ਪਿਆਲਾ,
    “ਮੇਰੇ ਲਹੂ ਦਾ ਇਹ ਪਿਆਲਾ।
    ਲਹੂ ਵਹੇਗਾ, ਪਾਪ ਮਿਟੇਗਾ,
    ਯਾਦਗਾਰੀ ਵਿੱਚ ਕਰਿਆ ਕਰੋ”।
    “ਜਿਹੜਾ ਬਦਨ ਮੇਰਾ ਖਾਂਦਾ,
    ਅਤੇ ਲਹੂ ਮੇਰਾ ਪੀਂਦਾ।
    ਜੀਵਨ ਸੱਚਾ, ਉਸਨੂੰ ਮਿਲਦਾ,
    ਨਾਸ਼ ਕਦੀ ਨਾ ਹੁੰਦਾ।
    ਇਸ ਦੇ ਲਈ ਮਿਹਨਤ ਕਰੋ,
    ਮੈਨੂੰ ਸਦਾ ਅਪਣਾਇਆ ਕਰੋ।
    ਇਹ ਜੋ ਖਾਂਦਾ, ਭੁੱਖਾ ਨਾ ਮਰਦਾ,
    ਅਤੇ ਤਿਹਾਇਆ ਨਾ ਰਹਿੰਦਾ”।

    ਇਹ ਰੋਜ਼ਰੀ ਦਾ ਭੇਦ ਹੈ,
    ਇਹ ਚਾਨਣ ਦਾ ਭੇਦ ਹੈ, ਇਹ ਪੰਜਵਾਂ ਭੇਦ ਹੈ।

  • ---

    ਗਤਸਮਨੀ ਬਾਗ਼ ਦੇ ਵਿੱਚ ਯਿਸੂ ਮਸੀਹ ਦੀ ਜਾਨ ਕੰਦਨੀ
    ਦੁੱਖ ਦਾ ਪਹਿਲਾ ਭੇਦ

    ਵਿੱਚ ਬਾਗ਼ ਗਤਸਮਨੀ,
    ਹੋਈ ਯਿਸੂ ਦੀ ਜਾਨ ਕੰਦਨੀ।
    ਗੋਡੇ ਟੇਕ ਕੇ, ਮੂੰਹ ਪਰਨੇ ਡਿੱਗਕੇ,
    ਬਾਪ ਅੱਗੇ ਫਰਿਆਦ ਕੀਤੀ।
    “ਜੇਕਰ ਅੱਬਾ, ਹੋ ਸਕਦਾ ਤਾਂ,
    ਪਿਆਲਾ ਦੁੱਖ ਦਾ ਦੂਰ ਹੋਵੇ।
    ਫਿਰ ਵੀ ਨਹੀਂ, ਮਰਜ਼ੀ ਮੇਰੀ,
    ਮਰਜ਼ੀ ਤੇਰੀ ਪੂਰੀ ਹੋਵੇ”।
    “ਪ੍ਰਾਰਥਨਾ ਜਾਗਕੇ ਇੱਥੇ ਕਰੋ,
    ਅਜ਼ਮਾਇਸ਼ ਤੋਂ ਬਚ ਕੇ ਰਹੋ”।
    ਸੁੱਤੇ ਪਏ ਚੇਲਿਆਂ ਨੂੰ ਯਿਸੂ,
    ਆਖਿਆ, “ਸਦਾ ਤਿਆਰ ਰਹੋ”।
    ਮੁੜ੍ਹਕਾ ਯਿਸੂ ਦਾ ਲਹੂ ਬਣ ਵਗਿਆ,
    ਸਭਨਾਂ ਲਈ ਦੁੱਖ ਉਸ ਚੁੱਕਿਆ।
    ਗ਼ੱਦਾਰ ਯਹੂਦਾਹ, ਇਸਕਰਉਤੀ,
    ਲੈ ਕੇ ਸਿਪਾਹੀ ਉੱਥੇ ਪੁੱਜਿਆ।

    ਇਹ ਰੋਜ਼ਰੀ ਦਾ ਭੇਦ ਹੈ,
    ਇਹ ਦੁੱਖ ਦਾ ਭੇਦ ਹੈ, ਇਹ ਪਹਿਲਾ ਭੇਦ ਹੈ।

    ਯਿਸੂ ਮਸੀਹ ਦਾ ਕੋੜਿਆਂ ਦੇ ਨਾਲ ਮਾਰਿਆ ਜਾਣਾ
    ਦੁੱਖ ਦਾ ਦੂਸਰਾ ਭੇਦ

    ਰੋਮੀ ਰਾਜਪਾਲ ਪਿਲਾਤੂਸ,
    ਯਿਸੂ ਨੂੰ ਸਜ਼ਾ ਸੁਣਾਈ।
    ਦੋਸ਼ੀ ਬਣਾ ਕੇ, ਥੰਮ੍ਹ ਨਾਲ ਬੰਨ੍ਹ ਕੇ,
    ਉਸ ਨੂੰ ਕੋੜੇ ਮਰਵਾਏ।
    ਪਿੰਡਾ ਉਹਦਾ ਹੋਇਆ ਲਾਲ,
    ਖੂਨ ਸੀ ਵਗਦਾ ਹਾਲੋ ਬੇਹਾਲ।
    ਬੇਗੁਨਾਹ ਬਦਲੇ, ਡਾਕੂ ਬਰੱਅਬਾ,
    ਪਿਲਾਤੂਸ ਨੇ ਛੱਡ ਦਿੱਤਾ।
    “ਹਾਏ-ਹਾਏ ਸਹਿੰਦਾ ਰਿਹਾ! ਯਿਸੂ ਨੂੰ ਦਿਓ ਸਲੀਬ”,
    ਪਾਉਂਦੇ ਰੌਲਾ ਲੋਕ ਰਕੀਬ।
    “ਜੁਰਮ ਇਹਦਾ ਕਿਹੜਾ” ਪੁੱਛਿਆ ਰਾਜੇ,
    “ਬੇਗ਼ੁਨਾਹ ਨੂੰ ਕਿਵੇਂ ਦੇਵਾਂ ਸਲੀਬ”।
    ਯਿਸੂ ਚੁੱਪ-ਚਾਪ ਸਹਿੰਦਾ ਰਿਹਾ,
    ਦੇਖ ਕੇ ਰਾਜਾ ਹੈਰਾਨ ਰਿਹਾ।
    ਯਿਸੂ ਗਲੀਲੀ, ਜਾਣਕੇ ਉਸਨੇ,
    ਹੈਰੋਦੀਸ ਕੋਲ ਘੱਲ ਦਿੱਤਾ।

    ਇਹ ਰੋਜ਼ਰੀ ਦਾ ਭੇਦ ਹੈ,
    ਇਹ ਦੁੱਖ ਦਾ ਭੇਦ ਹੈ, ਇਹ ਦੂਸਰਾ ਭੇਦ ਹੈ।

    ਯਿਸੂ ਮਸੀਹ ਦੇ ਸਿਰ ’ਤੇ ਕੰਡਿਆਂ ਦਾ ਤਾਜ ਰੱਖਿਆ ਜਾਣਾ
    ਦੁੱਖ ਦਾ ਤੀਸਰਾ ਭੇਦ

    ਰਾਜਪਾਲ ਸਾਹਮਣੇ ਲੈ ਆਏ,
    ਚੋਗਾ ਵੈਂਗਣੀ ਪਹਿਨਾਏ।
    ਕੰਡਿਆਂ ਦਾ, ਤਾਜ ਬਣਾ ਕੇ,
    ਸਿਰ ਯਿਸੂ ਦੇ ਰੱਖ ਦਿੱਤਾ।
    ਨਿੰਦਾ ਉਸਦੀ ਕਰਨ ਲੱਗੇ,
    “ਯਹੂਦੀ ਰਾਜੇ ਦੀ ਜੈ ਹੋਵੇ”।
    ਮਾਰਿਆ ਸਿਰ ’ਤੇ, ਥੁੱਕਿਆ ਮੂੰਹ ’ਤੇ,
    ਠੱਠੇ ਮਿਲ ਸਭ ਕਰਨ ਲੱਗੇ।
    “ਵੇਖੋ ਤੁਹਾਡਾ ਇਹ ਰਾਜਾ”,
    ਪਿਲਾਤੂਸ ਨੇ ਫਰਮਾਇਆ।
    “ਖੂਨ ਇਸਦੇ ਵਿੱਚ, ਮੇਰਾ ਨਾ ਹਿੱਸਾ,
    ਜੋ ਚਾਹੋ, ਉਹ ਕਰ ਲੈਣਾ”।
    ਹੈਰੋਦੀਸ, ਪਿਲਾਤੂਸ ਮਿੱਤਰ ਬਣੇ,
    ਯਿਸੂ ਉਹਨਾਂ ਦਾ ਵਿਚੋਲਾ ਬਣੇ।
    ਭੀੜ ਤੋਂ ਡਰ ਕੇ, ਹੱਥ ਸਾਫ਼ ਕਰਕੇ,
    ਲੋਕਾਂ ਹੱਥੀਂ ਦੇ ਦਿੱਤਾ।

    ਇਹ ਰੋਜ਼ਰੀ ਦਾ ਭੇਦ ਹੈ,
    ਇਹ ਦੁੱਖ ਦਾ ਭੇਦ ਹੈ, ਇਹ ਤੀਸਰਾ ਭੇਦ ਹੈ।

    ਯਿਸੂ ਮਸੀਹ ਦਾ ਸਲੀਬ ਨੂੰ ਚੁੱਕ ਲੈਣਾ
    ਦੁੱਖ ਦਾ ਚੌਥਾ ਭੇਦ

    ਮੌਤ ਦੀ ਸਜ਼ਾ ਦਿੱਤੀ ਗਈ,
    ਮੋਢੇ ’ਤੇ ਸਲੀਬ ਰੱਖੀ ਗਈ।
    ਥੱਕ ਕੇ ਟੁੱਟ ਕੇ, ਡਿੱਗਦਾ-ਉੱਠਦਾ,
    ਗੋਲਗੋਥਾ ਨੂੰ ਤੁਰ ਉਹ ਪਏ।
    ਸ਼ਮਾਊਨ ਕੁਰੀਨੀ ਦਾ ਭਾਗ ਜਾਗਿਆ,
    ਯਿਸੂ ਦੇ ਉਹ ਕੰਮ ਆਇਆ।
    ਸਲੀਬ ਨੂੰ ਚੁੱਕ ਕੇ, ਮੋਢੇ ’ਤੇ ਰੱਖਕੇ,
    ਯਿਸੂ ਦੇ ਪਿੱਛੇ-ਪਿੱਛੇ ਚੱਲਦਾ ਗਿਆ।
    “ਐ ਯਰੂਸ਼ਲਮ ਦੀਓ ਧੀਓ,
    ਮੇਰੇ ਲਈ ਨਾ ਵੈਣ ਪਾਓ।
    ਆਪਣੇ ਲਈ ਤੇ, ਬੱਚਿਆਂ ਦੇ ਲਈ,
    ਰੋਂਦਿਆਂ ਹੰਝੂ ਬਹਾਓ।
    ਉਹ ਦਿਨ ਛੇਤੀ ਆਵੇਗਾ,
    ਪਹਾੜ ਨਾ ਤੈਨੂੰ ਲੁਕਾਵੇਗਾ।
    ਰੁੱਖ ਹਰੇ ਨਾਲ, ਇਹ ਹੋਏ ਤਾਂ,
    ਸੁੱਕੇ ਨਾਲ ਕੀ ਹੋਵੇਗਾ?”।

    ਇਹ ਰੋਜ਼ਰੀ ਦਾ ਭੇਦ ਹੈ, ਇਹ ਦੁੱਖ ਦਾ ਭੇਦ ਹੈ,
    ਇਹ ਚੌਥਾ ਭੇਦ ਹੈ।

    ਯਿਸੂ ਮਸੀਹ ਦਾ ਸਲੀਬ ਉੱਤੇ ਮਰ ਜਾਣਾ
    ਦੁੱਖ ਦਾ ਪੰਜਵਾਂ ਭੇਦ

    ਕਲਵਰੀ ਪਹਾੜ ਪਹੁੰਚ ਗਏ,
    ਯਿਸੂ ਦੇ ਕੱਪੜੇ ਲਾਹ ਦਿੱਤੇ।
    ਸਲੀਬ ’ਤੇ ਲਿਟਾਕੇ, ਹੱਥਾਂ-ਪੈਰਾਂ ’ਚ,
    ਤਿੰਨੋਂ ਪਾਸੇ ਕਿੱਲ ਲਾ ਦਿੱਤੇ।
    ਯਿਸੂ ਦੇ ਨਾਲ ਦੋ ਅਪਰਾਧੀ,
    ਇੱਕ ਸੀ ਬਣਿਆ ਪਛਤਾਪੀ।
    ਇੱਕ ਸੱਜੇ ’ਤੇ, ਦੂਜਾ ਖੱਬੇ,
    ਉੱਤੇ ਸਲੀਬਾਂ ਚੜ੍ਹਾ ਦਿੱਤੇ।
    ਸਲੀਬ ਤੋਂ ਕਲਮਾ ਮਾਫ਼ੀ ਦਾ,
    “ਅੱਬਾ! ਇਹਨਾਂ ਨੂੰ ਮਾਫ਼ ਕਰਦੇ।
    ਇਹ ਨਹੀਂ ਜਾਣਦੇ, ਇਹ ਕੀ ਕਰਦੇ,
    ਇਹਨਾਂ ਦੇ ਦਿਲ ਬਦਲਾਦੇ”।
    ਸਲੀਬ ਦੇ ਥੱਲੇ ਖੜ੍ਹੀ ਮਾਂ,
    ਹਨੇਰੇ ਦੇ ਨਾਲ ਭਰੀ ਉਹ ਥਾਂ।
    ਪਿਤਾ ਨੂੰ ਪੁਕਾਰ ਕੇ, ਆਤਮਾ ਨੂੰ ਸੌਂਪ ਕੇ,
    ਪ੍ਰਾਣ ਆਪਣੇ ਯਿਸੂ ਤਿਆਗ ਦਿੱਤੇ।

    ਇਹ ਰੋਜ਼ਰੀ ਦਾ ਭੇਦ ਹੈ,
    ਇਹ ਦੁੱਖ ਦਾ ਭੇਦ ਹੈ, ਇਹ ਪੰਜਵਾਂ ਭੇਦ ਹੈ।

  • ---

    ਯਿਸੂ ਮਸੀਹ ਦਾ ਫਿਰ ਜੀਅ ਉੱਠਣਾ
    ਮਹਿਮਾ ਦਾ ਪਹਿਲਾ ਭੇਦ

    ਆਗਿਆ ਪਿਲਾਤੂਸ ਨੇ ਦਿੱਤੀ,
    ਕਬਰ ’ਤੇ ਮੋਹਰ ਲਾ ਦਿੱਤੀ।
    ਵਿੱਚ ਪਰੇਸ਼ਾਨੀ, ਕੀਤੀ ਨਿਗਰਾਨੀ,
    ਰਾਤ-ਦਿਨ ਕਬਰ ਦੀ ਰਖਵਾਲੀ।
    ਵੱਡਾ ਇੱਕ ਭੁਚਾਲ ਆਇਆ,
    ਫਰਿਸ਼ਤਾ ਸਵਰਗੋਂ ਉੱਤਰ ਆਇਆ।
    ਪੱਥਰ ਹਟਾਇਆ, ਹਨੇਰਾ ਮਿਟਾਇਆ,
    ਤੀਜੇ ਦਿਨ ਯਿਸੂ ਜੀਅ ਉੱਠਿਆ।
    ਸਵੇਰੇ ਮਰੀਅਮ ਮਗਦਲੀਨੀ,
    ਕਬਰ ’ਤੇ ਅਤਰ ਲਿਆਈ।
    ਕੱਪੜਾ ਵੇਖਿਆ, ਲਾਸ਼ ਨਾ ਵੇਖੀ,
    ਖਾਲੀ ਕਬਰ ਉਸ ਪਾਈ।
    ਛੇਤੀ ਮਰੀਅਮ ਮੁੜ ਭੱਜੀ,
    ਚੇਲੇ ਗਿਆਰ੍ਹਾਂ ਨੂੰ ਖ਼ਬਰ ਦੱਸੀ।
    “ਸੁਣੋ ਮੇਰੇ ਭਰਾਓ, ਸਭ ਨੂੰ ਸੁਣਾਓ,
    ਸੱਚਮੁੱਚ ਯਿਸੂ ਜੀਅ ਉੱਠਿਆ”।

    ਇਹ ਰੋਜ਼ਰੀ ਦਾ ਭੇਦ ਹੈ,
    ਇਹ ਮਹਿਮਾ ਦਾ ਭੇਦ ਹੈ, ਇਹ ਪਹਿਲਾ ਭੇਦ ਹੈ।

    ਪ੍ਰਭੂ ਯਿਸੂ ਮਸੀਹ ਦਾ ਸਵਰਗ ਦੇ ਵਿੱਚ ਚੜ੍ਹ ਜਾਣਾ
    ਮਹਿਮਾ ਦਾ ਦੂਸਰਾ ਭੇਦ

    ਜੀਅ ਉੱਠ ਕੇ ਪ੍ਰਭੂ ਯਿਸੂ ਨੇ,
    ਚੇਲਿਆਂ ਨੂੰ ਦਰਸ਼ਨ ਦਿੱਤੇ।
    ਹੱਥ ਵਿਖਾਕੇ, ਵੱਖੀ ਵਿਖਾਕੇ,
    ਸ਼ੱਕ ਥੋਮਾ ਦੇ ਦੂਰ ਕੀਤੇ।
    “ਤੂੰ ਮੇਰਾ ਪ੍ਰਭੂ, ਤੂੰ ਮੇਰਾ ਖ਼ੁਦਾ”,
    ਬਣਿਆ ਥੋਮਾ ਵਿਸ਼ਵਾਸੀ।
    ਦੱਸਿਆ ਯਿਸੂ, “ਧੰਨ ਉਹ ਲੋਕ ਹਨ,
    ਬਿਨ ਦੇਖੇ ਇਮਾਨ ਰੱਖਦੇ ਹਨ”।
    “ਸੰਸਾਰ ਸਾਰੇ ਵਿੱਚ ਜਾਓ,
    ਜੱਗ ਨੂੰ ਅੰਜੀਲ ਸੁਣਾਓ।
    ਬਾਪ, ਬੇਟੇ, ਰੂਹਪਾਕ ਦੇ ਨਾਂ ’ਤੇ,
    ਸਭ ਨੂੰ ਬਪਤਿਸਮਾ ਦਿਓ”।
    “ਹਮੇਸ਼ਾ ਤਕ, ਜੁਗਾਂ ਦੇ ਅੰਤ ਤਕ”,
    ਕਹਿ ਕੇ “ਤੁਹਾਡੇ ਨਾਲ ਬੇਸ਼ੱਕ”।
    ਚੜ੍ਹ ਗਏ ਯਿਸੂ, ਸੁਰਗਾਂ ਉੱਤੇ,
    ਬਾਪ ਦੇ ਸੱਜੇ ਜਾ ਬੈਠੇ।

    ਇਹ ਰੋਜ਼ਰੀ ਦਾ ਭੇਦ ਹੈ,
    ਇਹ ਮਹਿਮਾ ਦਾ ਭੇਦ ਹੈ, ਇਹ ਦੂਸਰਾ ਭੇਦ ਹੈ।

    ਰੂਹ ਪਾਕ ਦਾ ਰਸੂਲਾਂ ਉੱਤੇ ਉੱਤਰਨਾ
    ਮਹਿਮਾ ਦਾ ਤੀਸਰਾ ਭੇਦ

    ਪੈਂਤੇਕੋਸਤ ਦਾ ਦਿਨ ਆਇਆ,
    ਹਨੇਰੀ ਵਰਗੀ ਆਵਾਜ਼ ਆਈ।
    ਅੱਗ ਦੀਆਂ ਜੀਭਾਂ, ਵਿਖਾਈ ਦਿੱਤੀਆਂ,
    ਆ ਕੇ ਉਹਨਾਂ ’ਤੇ ਠਹਿਰ ਗਈਆਂ।
    ਉਹ ਰੂਹ ਨਾਲ ਭਰਪੂਰ ਹੋਏ,
    ਬੋਲੀਆਂ ਵੱਖ-ਵੱਖ ਬੋਲਣ ਲੱਗੇ।
    ਇਹ ਸਭ ਹੁੰਦਿਆਂ, ਦੇਖਕੇ ਲੋਕੀ,
    ਮਹਿਮਾ ਖ਼ੁਦਾ ਦੀ ਕਰਨ ਲੱਗੇ।
    ਨਬੀ ਜੋਏਲ ਦੀ ਭਵਿੱਖਬਾਣੀ,
    ਸਾਰੇ ਖ਼ੁਦਾ ਦੀ ਸੁਣੋ ਬਾਣੀ।
    “ਡੋਲ੍ਹਾਂਗਾ ਮੈਂ, ਮਨੁੱਖਾਂ ਉੱਤੇ,
    ਅੰਤਮ ਦਿਨ ਪਾਕ ਰੂਹ ਆਪਣੀ”।
    ਚੇਲਿਆਂ ਮਾਂ ਨਾਲ ਦੁਆ ਕੀਤੀ,
    ਰੂਹਪਾਕ ਲਈ ਉਡੀਕ ਕੀਤੀ।
    ਉੱਤਰਿਆ ਰੂਹਪਾਕ, ਬਣ ਗਏ ਉਹ ਪਾਕ,
    ਵਾਅਦਾ ਯਿਸੂ ਨੇ ਪੂਰਾ ਕੀਤਾ।

    ਇਹ ਰੋਜ਼ਰੀ ਦਾ ਭੇਦ ਹੈ,
    ਇਹ ਮਹਿਮਾ ਦਾ ਭੇਦ ਹੈ, ਇਹ ਤੀਸਰਾ ਭੇਦ ਹੈ।

    ਧੰਨ ਕੁਆਰੀ ਮਰੀਅਮ ਦਾ ਸਵਰਗ ਵਿੱਚ ਉਠਾਇਆ ਜਾਣਾ
    ਮਹਿਮਾ ਦਾ ਚੌਥਾ ਭੇਦ

    ਮਰੀਅਮ ਨੂੰ ਬੇਦਾਗ਼ ਜਣਿਆ ਸੀ,
    ਅਜ਼ਲੋਂ ਖ਼ੁਦਾ ਨੇ ਚੁਣਿਆ ਸੀ।
    ਸਾਰੇ ਮਨੁੱਖਾਂ ਦੀ, ਮਾਂ ਉਸ ਬਣਕੇ,
    ਜੀਵਨ ਕਾਲ ਬਿਤਾਇਆ ਸੀ।
    “ਚਮਕੀਲੇ ਸੁੰਦਰ ਵਸਤਰ ਪਹਿਨੀ,
    ਰਾਜੇ ਕੋਲ ਉਹ ਜਾਵੇਗੀ।
    ਖ਼ੁਸ਼ੀ ਆਨੰਦ ਨਾਲ, ਰਾਣੀ ਵਾਂਗੂੰ,
    ਮਹਿਲ ਦੇ ਅੰਦਰ ਜਾਵੇਗੀ”।
    ਫਰਿਸ਼ਤੇ ਸਵਰਗੋਂ ਉੱਤਰ ਆਏ,
    ਮਰੀਅਮ ਮਾਂ ਨੂੰ ਚੁੱਕ ਲੈ ਗਏ।
    ਸਰੀਰ ਦੇ ਸੰਗ, ਆਤਮਾ ਦੇ ਸੰਗ,
    ਵਿੱਚ ਸਵਰਗਾਂ ਦੇ ਉਹ ਲੈ ਗਏ।
    “ਉਹ ਦੇ ਨਾਲ ਇਹ ਹੋਵੇਗਾ,
    ਯਿਸੂ ਵਾਂਗ ਬਣ ਜਾਵੇਗਾ।
    ਜੋ ਸੰਗਤ ਵਿੱਚ, ਹੋ ਕੇ ਮਰੇਗਾ,
    ਉਸੇ ਵਿੱਚ ਜ਼ਿੰਦਾ ਹੋ ਜਾਵੇਗਾ”।

    ਇਹ ਰੋਜ਼ਰੀ ਦਾ ਭੇਦ ਹੈ,
    ਇਹ ਮਹਿਮਾ ਦਾ ਭੇਦ ਹੈ, ਇਹ ਚੌਥਾ ਭੇਦ ਹੈ।

    ਧੰਨ ਕੁਆਰੀ ਮਰੀਅਮ ਨੂੰ ਸਵਰਗ ਵਿੱਚ ਤਾਜ ਮਿਲਣਾ
    ਮਹਿਮਾ ਦਾ ਪੰਜਵਾਂ ਭੇਦ

    ਅਸਮਾਨ ’ਤੇ ਪਾਰ ਗਈ,
    ਮਹਿਮਾ ਨਾਲ ਉਠਾਈ ਗਈ।
    ਅਰਸ਼-ਫਰਸ਼ ਦੀ, ਰਾਣੀ ਬਣਾਇਆ,
    ਤਾਜ ਨੂਰਾਨੀ ਪਾਇਆ।
    ਇੱਕ ਨਿਸ਼ਾਨ ਹੈ ਦਿੱਤਾ ਵਿਖਾਈ,
    ਨਾਰੀ ਸੂਰਜ-ਵਸਤਰ ਪਾਈ।
    ਬਾਰ੍ਹਾਂ ਤਾਰਿਆਂ ਦਾ, ਤਾਜ ਨਿਰਾਲਾ,
    ਚੰਦਰਮਾ ਪੈਰਾਂ ਥੱਲੇ ਆ।
    ਦੋਵਾਂ ਜਹਾਂ ਦੀ ਹੈ ਰਾਣੀ,
    ਕਰਦੀ ਸਿਫ਼ਾਰਸ਼ ਮਦਦ ਭਾਰੀ।
    ਸੰਤ ਫਰਿਸ਼ਤੇ, ਸਿਫ਼ਤਾਂ ਕਰਦੇ,
    ਮਰੀਅਮ ਸਭ ਦੀ ਮਹਾਰਾਣੀ।
    “ਮਿਲੇਗਾ ਸਭ ਨੂੰ ਧਰਮ-ਮੁਕਟ,
    ਰਹਿੰਦੇ ਜਿਹੜੇ ਖ਼ੁਦਾ ਦੇ ਨਿਕਟ।
    ਦੁਬਾਰਾ ਆਵੇਗਾ, ਨਿਆਂ ਉਹ ਕਰੇਗਾ,
    ਸਭ ਨੂੰ ਨਾਲ ਲੈ ਜਾਵੇਗਾ”।

    ਇਹ ਰੋਜ਼ਰੀ ਦਾ ਭੇਦ ਹੈ,
    ਇਹ ਮਹਿਮਾ ਦਾ ਭੇਦ ਹੈ, ਇਹ ਪੰਜਵਾਂ ਭੇਦ ਹੈ।

  • ---

    ਮਰੀਅਮ ਤੈਨੂੰ ਸਲਾਮ,
    ਐ ਮਾਂ ਤੈਨੂੰ ਸਲਾਮ,
    ਸਾਡੀ ਰਾਣੀ, ਤੂੰ ਰਹਿਮ ਦੀ ਮਾਂ,
    ਸਾਡੀ ਜ਼ਿੰਦਗੀ, ਸਾਡੀ ਹੈ ਖ਼ੁਸ਼ੀ,
    ਸਾਡੀ ਉਮੀਦ, ਸਲਾਮ।

    1. ਦੇਸ਼ੋਂ ਕੱਢੇ ਹੱਵਾ ਦੀ ਸੰਤਾਨ,
    ਪੁਕਾਰਦੇ ਹਾਂ ਅਸੀਂ ਨਾਦਾਨ,
    ਗ਼ਮਾਂ ਦੀ ਦੁਨੀਆ ’ਚ ਰੋਂਦੇ ਪਿਟਦੇ,
    ਹੌਕਾ ਤੇਰੇ ਅੱਗੇ ਭਰਦੇ ਹਾਂ।
    ਸਾਡੀ ਵਕੀਲਾ, ਤੂੰ ਪਾਕੀਜ਼ਾ,
    ਸਾਡੀ ਜ਼ਿੰਦਗੀ, ਸਾਡੀ ਹੈ ਖ਼ੁਸ਼ੀ,
    ਸਾਡੀ ਉਮੀਦ, ਸਲਾਮ।

    2. ਆਪਣੀ ਰਹਿਮ ਦੀ ਪਾਕ ਨਜ਼ਰ ਨਾਲ,
    ਸਾਡੇ ’ਤੇ ਰੱਖ ਸਦਾ ਧਿਆਨ,
    ਸਾਡੇ ਦੇਸ਼ ਨਿਕਾਲੇ ਦੇ ਪਿੱਛੋਂ,
    ਯਿਸੂ ਤੂੰ ਸਾਨੂੰ ਵਿਖਾਲ।
    ਸਾਡੀ ਮਿਹਰਬਾਨ, ਰਹਿਮ ਦਿਲ ਮਾਂ,
    ਸਾਡੀ ਜ਼ਿੰਦਗੀ, ਸਾਡੀ ਹੈ ਖ਼ੁਸ਼ੀ,
    ਸਾਡੀ ਉਮੀਦ, ਸਲਾਮ।

  • ---

    ਕਰ ਯਾਦ ਨਿਹਾਇਤ ਮਿਹਰਬਾਨ,
    ਸਦਾ ਕੁਆਰੀ ਮਾਂ ਮਰੀਅਮ,
    ਕਦੀ ਨਾ ਸੁਣਿਆ ਗਿਆ ਹੈ,
    ਤੇਥੋਂ ਕੋਈ ਖਾਲੀ ਗਿਆ ਹੈ।

    1. ਪਨਾਹ ਤੇਰੀ ਲੱਭਦੇ ਨੇ ਸਾਰੇ,
    ਚਾਹੁੰਦੇ ਮਦਦ ਗ਼ਮ ਦੇ ਮਾਰੇ,
    ਜੋ ਮੰਗਦਾ ਸ਼ਿਫਾਰਿਸ਼ ਤੇਰੀ,
    ਉਹ ਮੁੜਦਾ ਨਾ ਦਰ ਤੋਂ ਖਾਲੀ।

    2. ਐ ਕੁਆਰੀ, ਕੁਆਰੀਆਂ ਦੀ,
    ਐ ਮਾਂ ਤੂੰ ਏਂ ਅਸਾਡੀ,
    ਆਸ ਲਗਾ ਕੇ ਹਾਂ ਆਏ,
    ਗ਼ੁਨਾਹਾਂ ’ਤੇ ਰੋਂਦੇ।

    3. ਐ ਮਾਂ ਤੂੰ ਏਂ ਯਿਸੂ ਦੀ,
    ਉਹ ਹੈ ਕਲਾਮ ਦੇਹਧਾਰੀ,
    ਮਿੰਨਤਾਂ ਨੂੰ ਐਂਵੇਂ ਨਾ ਜਾਣੀਂ,
    ਸੁਣਕੇ ਤੂੰ ਕਬੂਲ ਕਰੀਂ।

  • ---

    ਮਾਂ ਯਿਸੂ ਦੀ ਇਹ ਜਿਹੜੀ, ਉਹਦੀ ਸ਼ਾਨ ਉਚੇਰੀ,
    ਜਿਹਨੂੰ ਚੁਣੀਆ ਏ ਰੱਬ ਸੋਹਣੇ ਸੁੱਚੇ ਨੇ,
    ਉਹਦੇ ਭਾਗ ਸਾਰੀ ਔਰਤਾਂ ਤੋਂ ਉੱਚੇ ਨੇ।
    ਮਾਂ ਯਿਸੂ ਦੀ ਏਹ ਜਿਹੜੀ।

    1. ਕਹਿਣ ਸਲਾਮ ਉਹਨੂੰ ਜਬਰਾਏਲ ਆਇਆ ਏ,
    ਕਰਕੇ ਸਲਾਮ ਉਹਨੇ ਫੇਰ ਫਰਮਾਇਆ ਏ,
    ਸੋਹਣੇ ਰੱਬ ਦਾ ਸਨੇੜਾ ਬੇਟਾ ਯਿਸੂ ਹੋਣ ਤੇਰਾ,
    ਜਿਹਨੇ ਦੁਨੀਆ ਦੇ ਬੋਝ ਸਾਰੇ ਚੁੱਕੇ ਨੇ,
    ਉਹਦੇ ਭਾਗ ਸਾਰੀ ਔਰਤਾਂ ਤੋਂ ਉੱਚੇ ਨੇ,
    ਮਾਂ ਯਿਸੂ ਦੀ ਜਿਹੜੀ ਉਹਦੀ ਸ਼ਾਨ ਉਚੇਰੀ।

    2. ਕਹਿੰਦੇ ਨੇ ਮੁਬਾਰਿਕ ਉਸ ਭਾਗਾਂ ਭਰੀ ਨੂੰ,
    ਕਰਮਾਂ ਵਾਲੀ ਬੰਦੀ ਰੱਬ ਦੀ ਖਰੀ ਨੂੰ,
    ਉਹਦੀ ਸ਼ਾਨ ਨਰਾਲੀ ਜਿਹੜਾ ਸਮਝੇ ਨਾ ਹਾਲੀ,
    ਉਹਦੇ ਸਮਝ ਦੇ ਖੂਹ ਹਾਲੇ ਸੁੱਚੇ ਨੇ,
    ਮਾਂ ਯਿਸੂ ਦੀ ਜਿਹੜੀ ਉਹਦੀ ਸ਼ਾਨ ਉਚੇਰੀ।

    3. ਕੁਦਰਤ ਰੱਬ ਦਾ ਸਾਇਆ ਤੇਰੇ ਉੱਤੇ ਨੂੰ,
    ਤੇਰੇ ਲਈ ਤਾਂ ਫਸਲਾਂ ਦੇ ਖੂਹ ਹਾਲੇ ਸੁੱਕੇ ਨਹੀਂ,
    ਸਾਰੇ ਜੱਗ ਦੀਏ ਮਾਏ ਸਾਰੇ ਜੱਗ ਦੀਏ ਮਾਏ,
    ਉੱਥੇ ਚਸ਼ਮੇ ਨਜਾਤ ਵਾਲੇ ਫੁੱਟੇ ਨੇ,
    ਉਹਦੇ ਭਾਗ ਸਾਰੀ ਔਰਤਾਂ ਤੋਂ ਉੱਚੇ ਨੇ,
    ਮਾਂ ਯਿਸੂ ਦੀ ਜਿਹੜੀ ਉਹਦੀ ਸ਼ਾਨ ਉਚੇਰੀ।

  • ---

    ਐ ਮਾਂਏਂ ਤੈਨੂੰ ਕਰਨ ਸਲਾਮ ਅਸੀਂ ਆਏ,
    ਨਜ਼ਰਾਨੇ ਲੈ ਕੇ ਅਸੀਂ ਆਏ ਨੀ ਮਾਂਏਂ,
    ਕਰਨ ਸਲਾਮ ਅਸੀਂ ਆਏ।

    1. ਯਿਸੂ ਕੋਲੋਂ ਲੈ ਦੇ ਮਾਂ ਜ਼ਿੰਦਗੀ ਦਾ ਪਾਣੀ,
    ਯਿਸੂ ਨੇ ਬਣਾਇਆ ਤੈਨੂੰ ਅਰਸ਼ਾਂ ਦੀ ਰਾਣੀ,
    ਦਰ ਤੇਰੇ ਡੇਰੇ ਅਸੀਂ ਲਾਏ ਨੀਂ ਮਾਂਏਂ,
    ਕਰਨ ਸਲਾਮ ਅਸੀਂ ਆਏ।

    2. ਸੁਣ ਫਰਿਆਦ ਸਾਡੀ ਐ ਪਾਕ ਕੁਆਰੀ ਮਾਂ,
    ਦੁਖਿਆਰਾ ਆਇਆ ਜਿਹੜਾ ਤੇਰਾ ਪੁਜਾਰੀ ਮਾਂ,
    ਕਰਦੇ ਤੂੰ ਰਹਿਮ ਦੇ ਸਾਏ ਨੀਂ ਮਾਂਏਂ,
    ਕਰਨ ਸਲਾਮ ਅਸੀਂ ਆਏ।

    3. ਸਭ ਔਰਤਾਂ ਵਿੱਚੋਂ ਧੰਨ ਹੈ ਕੁਆਰੀ ਮਾਂ,
    ਅਸਾਂ ਗ਼ੁਨਾਹਗਾਰਾਂ ਲਈ ਕਰ ਦੁਆ ਸਾਡੀ ਮਾਂ,
    ਮੁਰਾਦਾਂ ਤੇਰੇ ਕੋਲੋਂ ਪਾਏ ਨੀਂ ਮਾਂਏਂ,
    ਕਰਨ ਸਲਾਮ ਅਸੀਂ ਆਏ।

  • ---

    ਤੇਰੀ ਰੋਜ਼ਰੀ ਦੇ ਮਣਕੇ ਉਣਾਠ,
    ਕੀ ਰੱਬ ਨੇ ਬਣਾਇਆ ਤੇਰਾ ਠਾਠ,
    ਐ ਰਾਣੀ ਅਸਮਾਨਾਂ ਦੀਏ,
    ਐ ਰਾਣੀ ਅਸਮਾਨਾਂ ਦੀਏ।
    ਮੱਥੇ ਤਾਰਿਆਂ ਦੀ ਜਗਦੀ ਏ ਲਾਟ,
    ਕੀ ਰੱਬ ਨੇ ਬਣਾਇਆ ਤੇਰਾ ਠਾਠ,
    ਐ ਰਾਣੀ ਅਸਮਾਨਾਂ ਦੀਏ,
    ਐ ਰਾਣੀ ਅਸਮਾਨਾਂ ਦੀਏ।

    1. ਰੋਜ਼ਰੀ ਤੇਰੀ ਜਿਹੜਾ ਪੜ੍ਹਦਾ
    ਸ਼ੈਤਾਨ ਕੋਲੋਂ ਨਹੀਂ ਉਹ ਡਰਦਾ,
    ਮਿਲ ਜਾਂਦਾ ਹੈ ਉਸ ਨੂੰ ਆਰਾਮ,
    ਇਸ ਗੱਲ ਦਾ ਹੈ ਚਰਚਾ ਆਮ,
    ਐ ਰਾਣੀ ਅਸਮਾਨਾਂ ਦੀਏ,
    ਐ ਰਾਣੀ ਅਸਮਾਨਾਂ ਦੀਏ।

    2. ਪੰਜ ਭੇਦ ਤੇਰੀ ਰੋਜ਼ਰੀ ਵਾਲੇ,
    ਪੜ੍ਹਦੇ ਹਾਂ ਦਿਲ ਲਾ ਕੇ ਸਾਰੇ,
    ਤੈਨੂੰ ਨਿਉਂ-ਨਿਉਂ ਕਰੀਏ ਸਲਾਮ,
    ਗਾਈਏ ਗੀਤ ਦਿਨੇ ਤੇ ਸ਼ਾਮ,
    ਐ ਰਾਣੀ ਅਸਮਾਨਾਂ ਦੀਏ,
    ਐ ਰਾਣੀ ਅਸਮਾਨਾਂ ਦੀਏ।

    3. ਤਾਜ ਤੇਰੇ ਵਿੱਚ ਜੜੇ ਨੇ ਤਾਰੇ
    ਪੁਰ ਫ਼ਜ਼ਲ ਤੈਨੂੰ ਆਖਣ ਸਾਰੇ,
    ਕਰ ਦੁਖੀਏ ਵੱਲ ਧਿਆਨ,
    ਹਾਂ ਤੇਰਾ ਇਹਨੂੰ ਮਾਣ।
    ਐ ਰਾਣੀ ਅਸਮਾਨਾਂ ਦੀਏ,
    ਐ ਰਾਣੀ ਅਸਮਾਨਾਂ ਦੀਏ।

  • ---

    ਹੋਵੇ ਤੈਨੂੰ ਸਲਾਮ ਰਾਣੀ ਅਸਮਾਨਾਂ ਦੀਏ।

    1. ਤੈਨੂੰ ਕਰਨ ਸਲਾਮ, ਸਲਾਮਾਂ-ਲਾਇਕ ਸਲਾਮਾਂ,
    ਕੁਲ ਨਸਲਾਂ ਆ ਖ਼ਾਸ ਤੇ ਆਮਾ-ਖ਼ਾਸ ਤੇ ਆਮਾ ।
    ਵਿੱਚ ਜਗਤ ਤਮਾਮ, ਰਾਣੀ ਅਸਮਾਨਾਂ ਦੀਏ।

    2. ਤੂੰ ਬੇਦਾਗ਼ ਹਮਲ ਵਿੱਚ ਪਇਉਂ-ਹਮਲ ਵਿੱਚ ਪਇਉਂ,
    ਖ਼ਾਲੀ ਅਸਲੀ ਗ਼ੁਨਾਹ ਤੋਂ ਰਹੀਓਂ-ਗ਼ੁਨਾਹ ਤੋਂ ਰਹੀਓਂ,
    ਤੂੰ ਏਂ ਪਾਕ ਮੁਦਾਮ ਰਾਣੀ ਅਸਮਾਨਾਂ ਦੀਏ।

    3. ਤੂੰ ਹੈਂ ਸਾਡੀ ਮਾਂ ਪਿਆਰੀ-ਮਾਂ ਪਿਆਰੀ,
    ਗ਼ਮਾਂ ਵਿੱਚ ਤਸੱਲੀ ਭਾਰੀ-ਤਸੱਲੀ ਭਾਰੀ,
    ਧੰਨ ਤੇਰਾ ਹੈ ਨਾਮ, ਰਾਣੀ ਅਸਮਾਨਾਂ ਦੀਏ।

    4. ਤੈਨੂੰ ਕਬਰੋਂ ਰੱਬ ਜਵਾਇਆ-ਰੱਬ ਜਵਾਇਆ,
    ਰੂਹ ਬਦਨ ਸਮੇਤ ਉਠਾਇਆ-ਸਮੇਤ ਉਠਾਇਆ,
    ਕੀਤਾ ਅਰਸ਼ ਮੁਕਾਮ, ਰਾਣੀ ਅਸਮਾਨਾਂ ਦੀਏ।

  • ---

    ਮਾਂ ਦਾ ਲੱਗਾ ਹੈ ਦਰਬਾਰ,
    ਦਰ ਉਹਦੇ ਜਾਈਏ ਬਾਰ-ਬਾਰ,
    ਦਰ ਉਹਦੇ ਜਾ ਕੇ ਸੀਸ ਨਿਵਾਈਏ,
    ਮਾਂ ਤੇ ਦਿੰਦੀ ਡੁੱਬੇ ਬੇੜੇ ਤਾਰ।

    1. ਮੰਨਤਾਂ ਮੁਰਾਦਾਂ ਨਾਲੇ ਖ਼ੁਸ਼ੀਆਂ ਉਹ ਪਾਉਂਦੇ ਨੇ,
    ਜਿਹੜੇ ਉਹਦੇ ਦਰ ਜਾ ਕੇ ਸੀਸ ਨਿਵਾਉਂਦੇ ਨੇ,
    ਦੁੱਖ ਸਾਰੇ ਲੈ ਕੇ, ਸੁੱਖ ਉਹ ਦਿੰਦੀ ਏ,
    ਮਾਂ ਤੇ ਦਿੰਦੀ ਸਾਨੂੰ ਬੜ੍ਹਾ ਪਿਆਰ।

    2. ਰੋਗ ਅਵੱਲੜੇ ਤੂੰ ਸਾਡੇ ਦੂਰ ਕੀਤੇ ਨੇ,
    ਸਾਡੀਆਂ ਰਾਹਾਂ ਤੋਂ ਤੂੰ ਕੰਡੇ ਕੱਢ ਦਿੱਤੇ ਨੇ,
    ਜ਼ਿੰਦਗੀ ਦੁੱਖਾਂ ਵਾਲੀ ਸਾਡੀ ਤੂੰ ਬਦਲ ਕੇ,
    ਲਿਆਂਦੀ ਹੈ ਉਹਦੇ ’ਚ ਬਹਾਰ।

  • ---

    ਮਾਂ–ਮਾਂ ਯਿਸੂ ਦੀ ਅੰਮਾ ਮਾਂ ਮਰੀਅਮ ,
    ਮਰੀਅਮ–ਮਰੀਅਮ ਯਿਸੂ ਦੀ ਅੰਮਾ ਮੇਰੀ ਮਾਂ।

    1. ਸੂਰਜ ਵਾਂਗਰ ਚਮਕਣ ਵਸਤਰ, ਚੰਨ ਪੈਰਾਂ ਦੇ ਥੱਲੇ,
    ਸਿਰ ਤੇਰੇ ’ਤੇ ਤਾਜ ਹੈ ਸੱਜਦਾ, ਹੁਕਮ ਵੀ ਤੇਰਾ ਚੱਲੇ।

    2. ਤੇਰੀ ਦਾਸੀ ਹਾਂ ਮੈਂ ਪ੍ਰਭੂ ਜੀ, ਤੁਸੀਂ ਮੇਰੇ ਕੋਲ ਆਓ,
    ਕਦਮਾਂ ਦੇ ਵਿੱਚ ਥਾਂ ਦਿਓ ਮੈਨੂੰ, ਮੇਰੀ ਆਸ ਪੁਜਾਓ।

    3. ਸਲਾਮ ਤੈਨੂੰ, ਸਲਾਮ ਤੈਨੂੰ ਯਿਸੂ ਦੀ ਅੰਮਾ ਸਲਾਮ,
    ਫ਼ਜ਼ਲਾਂ ਨਾਲ ਭਰਪੂਰ ਹੈਂ ਤੂੰ
    ਕਰਨ ਸਲਾਮਾਂ ਖ਼ਾਸ ਤੇ ਆਮ।

  • ---

    ਤੇਰੇ ਦਰ ’ਤੇ ਆਏ ਬੇਚਾਰੇ,
    ਦੁੱਖਾਂ ਤੇ ਦਰਦਾਂ ਦੇ ਮਾਰੇ,
    ਫੜ੍ਹ ਲੈ ਤੂੰ ਹੱਥ ਵਧਾ ਕੇ ਮਾਂਏਂ,
    ਡੁੱਬਦੇ ਤੂੰ ਕਈ ਨੇ ਤਾਰੇ।

    1. ਕਰਦੇ ਦੁਆ ਸਾਰੇ ਤੇਰੇ ਕੋਲ ਆ ਕੇ,
    ਸੁਣਦੇ ਸਦਾ ਕਹਿੰਦੇ ਨੇ ਸਿਰ ਨੂੰ ਨਿਵਾਕੇ,
    ਸਵਾਰੀਂ ਸਭ ਕੰਮ ਵਿਗੜੇ ਸਭਨਾਂ ਦੇ ਕੰਮ ਸਵਾਰੇ।

    2. ਮਾਂਏਂ ਬਦਲ ਤਕਦੀਰ ਦੁਖਿਆਰਾਂ ਦੀ,
    ਤੂੰ ਪੁਰਫ਼ਜ਼ਲ ਐ ਰਾਣੀ ਮਾਂ ਸਾਰਿਆਂ ਦੀ,
    ਤੇਰੇ ਬਾਝੋਂ ਕੌਣ ਸੰਭਾਲੇ ਦੇਵੇ ਕੌਣ ਸਹਾਰੇ।

    3. ਦੋਨੋਂ ਮੁਕਾਮ ’ਤੇ ਮਸ਼ਹੂਰੀਆਂ ਤੇਰੀਆਂ ਨੇ,
    ਕਰਦੇ ਖ਼ਤਮ ਮਜਬੂਰੀਆਂ ਜਿਹੜੀਆਂ ਨੇ,
    ਫ਼ਜ਼ਲਾਂ ਦੀ ਤੂੰ ਮਲਿਕਾ ਏਂ,
    ਅਸੀਂ ਰਲ ਕੇ ਇਹੋ ਪੁਕਾਰੇ।

  • ---

    ਦਮ–ਦਮ ਨਾਲ, ਤੇਰੇ ਲਾਲ,
    ਦਰ ਤੇਰੇ ’ਤੇ ਪਾਉਣ ਧਮਾਲ,
    ਓ… ਮਾਂ ਮਰੀਅਮ ਦੇ ਦਰ ’ਤੇ,
    ਅਸੀਂ ਨੱਚਦੇ ਗਾਉਂਦੇ ਆਉਨੇ ਆਂ,
    ਆਬਾਦ ਰਹੇ ਇਹ ਵਿਹੜਾ,
    ਦਮ ਨਾਲ ਧਮਾਲਾਂ ਪਾਉਨੇ ਆਂ।

    1. ਤੇਰੀ ਜਾਤ ਨਿਰਾਲੀ ਵੇਖੀ, ਤੂੰ ਨੂਰਾਨੀ ਨਾਰੀ,
    ਤੂੰ ਮਾਂ ਪਾਕ ਖ਼ੁਦਾਵੰਦ ਦੀ,
    ਤੈਨੂੰ ਜਾਣੇ ਦੁਨੀਆ ਸਾਰੀ,
    ਕੁਲ ਨਬੀਆਂ ਦੇ… ਸਰਦਾਰ ਦੀ ਮਾਂ
    ਇਹ ਕਲਮਾ–ਏ–ਹੱਕ ਸੁਣਾਉਨੇ ਆਂ।

    2. ਤੇਰੇ ਨਾਂ ਦੇ ਨਾਅਰੇ ਵੱਜਣ, ਜ਼ੱਰਾ–ਜ਼ੱਰਾ ਗੂੰਜੇ,
    ਜੈ ਮਾਂ ਮਰੀਅਮ ਆਖੋ ਸਾਰੇ, ਜੈ ਦਾ ਨਾਅਰਾ ਗੂੰਜੇ,
    ਤੂੰ ਵੱਸਦੀ ਰਵੇਂ… ਹਰ ਦਿਲ ਅੰਦਰ
    ਤੇਰੀ ਅਰਜ਼ ਦੀ ਬੇਨਤੀ ਚਾਹੁਨੇ ਆਂ।

    3. ਸੱਚੇ–ਸੁੱਚੇ ਦਰ ਤੇਰੇ ’ਤੇ ਆਉਂਦੇ ਲੱਖ ਸੁਆਲੀ,
    ਦਿਲ ਦੀ ਆਸ ਮੁਰਾਦਾਂ ਲੈ ਕੇ ਜਾਂਦੇ ਕਦੀ ਨਾ ਖਾਲੀ,
    ਅੱਜ ਸਾਡੀ ਵੀ ਸੁਣ ਲੈ ਮਾਤਾ ਹੋਵੇ
    ਕਰਮ ਤੇਰਾ ਇਹ ਚਾਹੁਨੇ ਆਂ।

  • ---

    ਧਰਤੀ ਦੇ ਅਸੀਂ ਵਾਸੀ ਮਾਂਏਂ, ਦੇ–ਦੇ ਸਾਨੂੰ ਪਿਆਰ,
    ਤੇਰੇ ਬਾਝੋਂ ਕੌਣ ਸੁਣੇਗਾ, ਦੇਵੀਂ ਨਾ ਵਸਾਰ।

    1. ਅਸਮਾਨਾਂ ’ਤੇ ਤੇਰਾ ਡੇਰਾ,
    ਆਣਾ ਜਾਣਾ ਮਾਂ ਇੱਥੇ ਤੇਰਾ,
    ਤੈਨੂੰ ਕਰੀਏ ਸਲਾਮ ਵਾਰੋ–ਵਾਰ।

    2. ਲੁਰਦਸ ਕੀਤਾ ਤੂੰ ਚਸ਼ਮਾ ਜਾਰੀ,
    ਹੁੰਦੀ ਉੱਥੋਂ ਦੂਰ ਬਿਮਾਰੀ,
    ਉੱਥੇ ਜਾਂਦੇ ਨੇ ਲੱਖਾਂ ਹਜ਼ਾਰ।

    3. ਵਿੱਚ ਗ਼ੁਨਾਹਾਂ ਦੇ, ਰੁੜ੍ਹ ਨਾ ਜਾਵਾਂ,
    ਦੁਖੀਆ ਹਾਂ ਦੁੱਖ ਕਿਸਨੂੰ ਸੁਣਾਵਾਂ,
    ਮਾਂ ਲਾ ਦੇ ਬੇੜਾ ਪਾਰ।

  • ---

    ਸਲਾਮ ਐ ਮਰੀਅਮ, ਫ਼ਜ਼ਲ ਨਾਲ ਭਰੀ ਹੋਈ,
    ਖ਼ੁਦਾਵੰਦ ਤੇਰੇ ਨਾਲ ਹੈ,
    ਤੂੰ ਔਰਤਾਂ ਵਿੱਚੋਂ ਧੰਨ ਹੈਂ ਮਰੀਅਮ,
    ਧੰਨ ਤੇਰੇ ਕੁੱਖ ਦਾ ਫਲ਼ ਯਿਸੂ।
    ਐ ਹਜ਼ਰਤ ਮਰੀਅਮ ਖ਼ੁਦਾ ਦੀ ਮਾਂ,
    ਅਸਾਂ ਗ਼ੁਨਾਹਗਾਰਾਂ ਲਈ,
    ਦੁਆ ਤੂੰ ਕਰ ਹੁਣ, ਅਤੇ ਸਾਡੀ ਮੌਤ ਦੇ ਵੇਲੇ,
    ਆਮੀਨ।

  • ---

    ਸਾ–ਰੇ–ਗਾ, ਮਾ–ਗਾ–ਰੇ, ਸਾ–ਸਾ–ਸਾ, ਜੈ ਜੈ ਮਾਂ,
    ਕਿੰਨੀ ਉੱਚੀ ਸ਼ਾਨ ਤੇਰੀ ਕਿੰਨਾ ਸੋਹਣਾ ਨਾਂ ਏ,
    ਕਰੀਏ ਸਲਾਮਾਂ ਤੈਨੂੰ, ਯਿਸੂ ਦੀ ਤੂੰ ਮਾਂ ਏਂ।

    1. ਤੇਰੇ ਵਸੀਲੇ ਯਿਸੂ ਦੁਨੀਆ ’ਤੇ ਆਇਆ ਏ,
    ਜਿਹੜੇ ਸਾਨੂੰ ਜ਼ਿੰਦਗੀ ਦਾ ਰਸਤਾ ਵਿਖਾਇਆ ਏ,
    ਤੇਰੇ ਦਰ ਬਾਝੋਂ ਸਾਡੀ, ਕਿਤੇ ਨਾ ਕੋਈ ਥਾਂ ਏ।

    2. ਰੱਬ ਤੈਨੂੰ ਅਰਸ਼ਾਂ ਦੀ ਰਾਣੀ ਬਣਾਇਆ ਏ,
    ਤਾਜ ਨੂਰਾਨੀ ਤੇਰੇ ਸਿਰ ’ਤੇ ਸਜਾਇਆ ਏ,
    ਦੁੱਖਾਂ ਵਾਲੀ ਧੁੱਪ ਵਿੱਚ, ਠੰਡੀ–ਠੰਡੀ ਛਾਂ ਏਂ।

    3. ਦਰ ਤੇਰੇ ਆਇਆ ਤੇ ਰਹਿਮ ਹੁਣ ਕਰ ਦੇ,
    ਆਸ ਤੇ ਉਮੀਦਾਂ ਵਾਲੀ ਖਾਲੀ ਝੋਲੀ ਭਰ ਦੇ,
    ਤੇਰੇ ਨਾਲ ਵੱਸੇ ਪਿਆ, ਸਾਰਾ ਹੀ ਜਹਾਨ ਏ।

  • ---

    ਦਰ ’ਤੇ ਆਈ ਹਾਂ, ਪਾਪਣ ਔਗੁਣਹਾਰ,
    ਮੇਰੀ ਸੁਣ ਲੈ ਆ, ਦੁੱਖਾਂ ਭਰੀ ਪੁਕਾਰ।

    1. ਦੁਨੀਆ ਦੇ ਵਿੱਚ ਨਹੀਂ ਮੈਨੂੰ ਮਿਲਿਆ
    ਤੇਰੇ ਵਰਗਾ ਕੋਈ,
    ਅਰਜ਼ਾਂ ਮਿੰਨਤਾਂ ਲੈ ਕੇ ਆਈ ਨੈਣ ਹੰਝੂ ਭਰ ਰੋਈ,
    ਮੇਰੀ ਪਿਆਰੀ ਮਾਂ ਕਰਾਦੇ ਬੇੜਾ ਪਾਰ।

    2. ਤੂੰ ਏਂ ਸਾਡੀ ਮਾਂ ਪਿਆਰੀ, ਤੇਰੀ ਸ਼ਾਨ ਨਿਆਰੀ,
    ਧੰਨ ਹੈਂ ਤੂੰ ਜੋ ਬੇਟਾ ਜਾਇਆ, ਤੂੰ ਏਂ ਪਾਕ ਕੁਆਰੀ,
    ਮੈਨੂੰ ਮਾਫ਼ੀ ਦਵਾ, ਜ਼ਿੰਦਗੀ ਦੇ ਸਵਾਰ।

    3. ਤੇਰਾ ਪਿਆਰ ਨਿਰਾਲਾ ਸਭ ਤੋਂ,
    ਤੂੰ ਏਂ ਜੱਗ ਦੀ ਰਾਣੀ,
    ਤੇਰੇ ਦਰ ’ਤੇ ਆ ਕੇ ਮਾਂ ਮੈਂ, ਛਾਂ ਮਮਤਾ ਦੀ ਮਾਣੀ,
    ਤੇਰੇ ਬਿਨਾਂ ਲੈਂਦਾ ਨਾ, ਮੇਰੀ ਕੋਈ ਸਾਰ।

  • ---

    ਮਾਂ ਦੀ ਚੁੰਨੀ ਦੀ ਛਾਵੇਂ-ਛਾਵੇਂ ਤੁਰਦੇ ਰਹੀਏ,
    ਦਮ ਉਹਦੀ ਮੁਹੱਬਤਾਂ ਦਾ,
    ਅਸੀਂ ਭਰਦੇ ਰਹੀਏ, ਭਰਦੇ ਰਹੀਏ।

    1. ਸਾਡੇ ਬੁੱਲ੍ਹਾਂ ’ਤੇ ਨਾਮ ਉਹਦਾ ਸੱਜਦਾ ਰਹੇ,
    ਸਾਡੇ ਸਾਹਾਂ ’ਚ ਪਿਆਰ ਉਹਦਾ ਰਚਦਾ ਰਹੇ,
    ਉਹਦੇ ਕਦਮਾਂ ਦੀ ਮਿੱਟੀ,
    ਅਸੀਂ ਚੁੰਮਦੇ-ਚੁੰਮਦੇ ਰਹੀਏ।

    2. ਉਹਦੇ ਮੱਥੇ ਦੇ ਤਾਰੇ ਅਸੀਂ ਚੁੰਮ ਲਈਏ,
    ਸਾਰੇ ਪੁਰ-ਪਸਾਰ ਅਸੀਂ ਪੁਣ ਲਈਏ,
    ਉਹਦੀ ਮਮਤਾ ਸਹਾਰੇ, ਅਸੀਂ ਤੁਰਦੇ-ਤੁਰਦੇ ਰਹੀਏ।

    3. ਉਹਦੇ ਬੇਟੇ ਦੇ ਕੰਡਿਆਂ ਦਾ ਤਾਜ ਪਾ ਲਈਏ,
    ਉਹਦੇ ਮਮਤਾ ਦੇ ਦੁੱਖਾਂ ਨੂੰ ਸੀਨੇ ਲਾ ਲਈਏ,
    ਉਹਦੇ ਨੈਣਾਂ ਦੇ ਮੋਤੀ, ਝੋਲੀ ਭਰਦੇ-ਭਰਦੇ ਰਹੀਏ।

  • ---

    ਐ ਮਾਂ, ਐ ਮਾਂ, ਐ ਮਾਂ, ਐ ਮਾਂ,
    ਮਾਂ ਤੂੰ ਸੱਚਮੁੱਚ ਰਾਣੀ ਏਂ,
    ਦੇ ਬਰਕਤ ਝੋਲੀਆਂ ਭਰ–ਭਰ ਕੇ,
    ਮੈਂ ਆਸ ਬਥੇਰੀ ਲਾਈ ਮਾਂ,
    ਮੈਂ ਆਸ ਬਥੇਰੀ ਲਾਈ ਮਾਂ,
    ਐ ਮਾਂ, ਐ ਮਾਂ, ਐ ਮਾਂ, ਐ ਮਾਂ।

    1. ਦੁਨੀਆ ਦੀਆਂ ਸਾਰੀਆਂ ਛਾਵਾਂ ਤੋਂ,
    ਤੇਰੇ ਨਾਂ ਦੀ ਛਾਂ ਨਿਆਰੀ ਏ,
    ਤਾਂ ਹੀ ਏਂ ਤਾਂ ਮੂੰਹ ’ਚੋਂ ਮਾਂ ਨਿਕਲੇ,
    ਜਦ ਬਣੇ ਮੁਸੀਬਤ ਭਾਰੀ ਏ,
    ਇੱਕ ਤੇਰੇ ਬਾਝੋਂ ਕੌਣ ਭਲਾ,
    ਮੇਰੇ ਦਿਲ ਦੀ ਸੁਣੇ ਕਹਾਣੀ ਮਾਂ।

    2. ਮਾਂਵਾਂ ਦੀਆਂ ਗੋਦਾਂ ਦੇ ਵਿੱਚ ਹੀ,
    ਸਭ ਸਾਧੂ, ਸੰਤ, ਫਕੀਰ ਪਲੇ,
    ਯਿਸੂ ਮਸੀਹ ਸਭ ਸੰਤ ਲੋਕ,
    ਗੋਦੀ ਵਿੱਚ ਪਾਕ ਰਸੂਲ ਪਲੇ,
    ਮੈਂ ਕੀ–ਕੀ ਹੋਰ ਮਿਸਾਲ ਦਿਆਂ,
    ਸੱਚ ਦੱਸਦੀ ਪਵਿੱਤਰ ਬਾਣੀ ਮਾਂ।

  • ---

    ਮੈਂ ਤਾਂ ਹਰ ਰੋਜ਼ ਤੇਰੀ ਰੋਜ਼ਰੀ ਪੜ੍ਹਾਂ,
    ਕਿ ਮੇਰੀ ਮਰੀਅਮ ਮਾਂ,
    ਟੇਕ ਕੇ ਗੋਡੇ ਤੇਰਾ ਜਾਪ ਕਰਾਂ,
    ਮੇਰੀ ਮਰੀਅਮ ਮਾਂ।

    1. ਮਾਂ ਦੇ ਬਿਨਾਂ ਮੇਰੀਆਂ ਦੁਆਵਾਂ ਨੇ ਅਧੂਰੀਆਂ,
    ਮਾਂ ਦੇ ਰਾਹੀਂ ਮੇਰੀਆਂ ਆਸਾਂ ਹੋਣ ਪੂਰੀਆਂ,
    ਮਾਂ ਦੀ ਅਰਜ਼ ਕਰਾਂ, ਮਾਂ ਦੀ ਅਰਜ਼ ਕਰਾਂ।

    2. ਬੇਟੇ ਵਾਂਗੂੰ ਮੇਰਾ ਹੈ ਖਿਆਲ ਮਾਤਾ ਰੱਖਦੀ,
    ਹਰ ਇੱਕ ਲੋੜ ਮੇਰੀ ਯਿਸੂ ਜੀ ਨੂੰ ਦੱਸਦੀ,
    ਮਾਂ ਦਾ ਸ਼ੁਕਰ ਕਰਾਂ, ਮਾਂ ਦੀ ਅਰਜ਼ ਕਰਾਂ।

    3. ਮਾਂ ਦੇ ਬਿਨਾਂ ਕੋਈ ਨਹੀਂਓਂ ਜੱਗ ਉੱਤੇ ਆਉਂਦਾ ਏ,
    ਮਾਂ ਦੇ ਰਾਹੀਂ ਰੱਬ ਸਾਰੀ ਦੁਨੀਆ ਵਿਖਾਉਂਦਾ ਏ,
    ਮਾਂ ਦੀ ਇੱਜ਼ਤ ਕਰਾਂ, ਨਾਲੇ ਸਭ ਨੂੰ ਕਹਾਂ।

  • ---

    ਮਾਂ ਮਰੀਅਮ ਹੈ ਪਿਆਰੀ ਮਾਂ,
    ਸਾਡੇ ਲਈ ਕਰਦੀ ਰਹਿੰਦੀ ਦੁਆ।

    1. ਮਾਂ ਨੂੰ ਰੱਬ ਨੇ ਆਪ ਹੈ ਚੁਣਿਆ,
    ਜਿਸਨੇ ਪਿਆਰਾ ਯਿਸੂ ਜਣਿਆ,
    ਜੱਗ ਦਾ ਜੋ ਮੁਕਤੀਦਾਤਾ ਬਣਿਆ।

    2. ਮਾਂ ਨੂੰ ਸਵਰਗਾਂ ਵਿੱਚ ਬੁਲਾਇਆ,
    ਰੱਬ ਨੇ ਆਪਣੇ ਕੋਲ ਬਿਠਾਇਆ,
    ਸਿਰ ’ਤੇ ਨਿਰਾਲਾ ਤਾਜ ਹੈ ਪਾਇਆ।

    3. ਜੋ ਮਾਂ ਤੇਰੇ ਦਰ ’ਤੇ ਆਉਂਦਾ,
    ਸਭ ਖ਼ੁਸ਼ੀਆਂ ’ਤੇ ਬਰਕਤਾਂ ਪਾਉਂਦਾ,
    ਜੱਗ ਵਿੱਚ ਸਭ ਨੂੰ ਇਹੋ ਸੁਣਾਉਂਦਾ।

  • ---

    ਫ਼ਜ਼ਲਾਂ ਦੀ ਮਾਂ, ਫ਼ਜ਼ਲਾਂ ਦੀ ਮਾਂ,
    ਨਾਰੀਆਂ ’ਚੋਂ ਧੰਨ ਹੈਂ ਤੂੰ, ਧੰਨ ਤੇਰਾ ਨਾਂ।

    1. ਆਪਣੀ ਕਲੀਸੀਆ ਲਈ ਮਾਂ ਤੈਨੂੰ ਚੁਣਿਆ,
    ਖ਼ੁਸ਼ੀ ਦਾ ਸੁਨੇਹਾ ਜਦੋਂ ਮਾਂ ਤੂੰ ਸੁਣਿਆ,
    ਖ਼ੁਸ਼ ਰੱਬ ਹੋਇਆ, ਕੀਤੀ ਜਦ ਤੂੰ ਹਾਂ।

    2. ਦੂਤ ਦੇ ਸੁਨੇਹੇ ਉੱਤੇ ਕੀਤਾ ਇਤਬਾਰ ਤੂੰ,
    ਉਹਦੀ ਗੱਲ ਮੰਨ ਹੋਈ ਯਿਸੂ ਲਈ ਤਿਆਰ ਤੂੰ,
    ਹਰ ਦੁੱਖ ਸਹਿ ਲਏ ਮਾਂ ਤੂੰ, ਖ਼ੁਸ਼ੀਆਂ ਦੀ ਥਾਂ।

    3. ਤੇਰੇ ਬੱਚੇ ਤੇਰੇ ਦਰ ਆਏ, ਨਾਲ ਬੜ੍ਹੇ ਚਾਅਵਾਂ ਮਾਂ,
    ਯਿਸੂ ਅੱਗੇ ਪੇਸ਼ ਕਰਦੇ ਸਾਡੀਆਂ ਦੁਆਵਾਂ ਮਾਂ,
    ਪੂਰੀ ਹਰ ਆਸ ਹੋਵੇ, ਤੇਰੇ ਦਰ ਮਾਂ।

  • ---

    ਮਾਂ ਮਰੀਅਮ ਦਾ ਦਿਲ ਖੋਭ ਗਿਆ,
    ਜਦ ਵੈਰੀ ਯਿਸੂ ਦੇ ਕੋਲ ਗਿਆ,
    ਸਾਰੀ ਦੁਨੀਆ ਖਾਤਿਰ
    ਅੱਜ ਉਹ ਖੂਨ ਵਹਾ ਚੱਲਿਆ,
    ਅੱਜ ਰੱਜ–ਰੱਜ ਲਾਡ ਲਡਾਏ ਨਾ,
    ਸੂਲੀ ’ਤੇ ਚੜ੍ਹ ਚੱਲਿਆ।

    1. ਮਾਂ ਰੋਵੇ ਅੱਥਰੂ ਕੇਰਦੀ ਏ ਅੱਜ ਚੋਰੀ–ਚੋਰੀ ਸੀ,
    ਪਤਰਸ ਚੇਲਾ ਰੋਂਦਾ ਵੇਖੋ ਚੋਰੀ–ਚੋਰੀ ਸੀ,
    ਸਾਰੀ ਦੁਨੀਆ ਖਾਤਿਰ
    ਅੱਜ ਉਹ ਖੂਨ ਵਹਾ ਚੱਲਿਆ।

    2. ਮੂੰਹ ’ਤੇ ਥੁੱਕਦੇ ਵੈਰੀ ਉਹਦੇ ਕੋੜੇ ਮਾਰਦੇ ਸੀ,
    ਫਿਰ ਵੀ ਕਹਿੰਦਾ ਮਾਫ਼ ਕਰੀਂ
    ਇਹ ਕੁਝ ਨਾ ਜਾਣਦੇ ਸੀ,
    ਲੱਖਾਂ ਪੀੜਾਂ ਸੰਸਾਰ ਦੀਆਂ ਕੱਲਾ ਹੀ ਸਹਿ ਚੱਲਿਆ।

    3. ਤੀਸਰੇ ਦਿਨ ਯਿਸੂ ਮੁਰਦਿਆਂ ਵਿੱਚੋਂ
    ਜ਼ਿੰਦਾ ਹੋਇਆ ਸੀ,
    ਆ ਕੇ ਚੇਲਿਆਂ ਤਾਈਂ ਉਸਨੇ
    ਦਰਸ ਦਿਖਾਇਆ ਸੀ,
    ਫਿਰ ਵੀ ਆਉਣ ਦਾ ਵਾਅਦਾ ਕਰ
    ਸਵਰਗਾਂ ਨੂੰ ਚੜ੍ਹ ਚੱਲਿਆ।

  • ---

    ਓ, ਓ, ਓ, ਓ..
    ਸਿਰ ’ਤੇ ਹੈ ਤਾਜ, ਬਾਰ੍ਹਾਂ ਤਾਰਿਆਂ ਦਾ,
    ਪੈਰਾਂ ਵਿੱਚ ਇੱਕ ਚੰਨ ਵੀ,
    ਮਾਂ ਦੀ ਜੈ ਜੈ ਕਾਰ ਕਰੋ, ਮਾਂ ਰਾਣੀ ਮਾਂ,
    ਸ਼ਾਂਤੀ ਦੀ ਰਾਣੀ ਮਾਂ,
    ਨਾਮ ਪਿਆਰਾ ਨਾਮ,
    ਮਾਂ ਮਰੀਅਮ ਧਾਮ।

    1. ਬੇਟੇ ਨੂੰ ਮਰੀਅਮ ਨੇ ਕਿਹਾ,
    ਗੱਲ ਮਾਂ ਦੀ ਯਿਸੂ ਮੰਨਿਆ,
    ਪਾਣੀ ਨੂੰ ਦਾਖਰਸ ਵਿੱਚ, ਤਬਦੀਲ ਉਹ ਕੀਤਾ,
    ਮਾਂ ਦੀ ਸ਼ਕਤੀ ਨੂੰ ਦੇਖੋ।

    2. ਕਲਵਰੀ ਦੀ ਰਾਹ ਵਿੱਚ, ਮਿਲੀ ਮਾਂ ਯਿਸੂ ਨੂੰ,
    ਦੁੱਖ ਭਰੀ ਉਸ ਹਾਲਤ ’ਚ, ਦੇਖਿਆ ਲਾਲ ਨੂੰ,
    ਮਾਂ ਰੋ ਪਈ, ਸਲੀਬ ਦੇ ਥੱਲੇ ਖੜ੍ਹੀ,
    ਮਾਂ ਦੀ ਮਮਤਾ ਨੂੰ ਦੇਖੋ।

    3. ਦੇਖੋ ਮਾਂ ਤੇਰੀ, ਬੇਟਾ ਇਹ ਤੇਰਾ,
    ਬਣੀ ਹੈ ਮਾਂ ਮਰੀਅਮ ਸਭ ਦੀ,
    ਸੁਣਾਓ ਉਸਨੂੰ ਗੱਲ ਦਿਲ ਦੀ,
    ਮਾਂ ਦੀ ਸੂਰਤ ਨੂੰ ਦੇਖੋ।

    4. ਮੁਬਾਰਿਕ ਮਾਂ ਨੂੰ ਬਾਪ ਖ਼ੁਦਾ ਨੇ
    ਆਪਣੇ ਕੋਲ ਬੁਲਾਇਆ ਹੈ,
    ਅਰਸ਼-ਫ਼ਰਸ਼ ਦੀ ਰਾਣੀ ਬਣਾ ਕੇ
    ਆਪਣੇ ਨਾਲ ਬਿਠਾਇਆ ਹੈ,
    ਨਿਗ਼ਾਹ ਆਪਣੀ ਸਭ ਭਗਤਾਂ ’ਤੇ
    ਪਿਆਰੀ ਮਾਂ ਸਦਾ ਰੱਖਦੀ ਹੈ,
    ਮਾਂ ਦੇ ਪਿਆਰ ਨੂੰ ਦੇਖੋ।

  • ---

    ਦੁਖੀਆਂ ਦਾ ਦਿਲਾਸਾ ਪ੍ਰਭੂ ਯਿਸੂ ਦੀ ਮਾਂ ਏ,
    ਲਾਚਾਰਾਂ ਦੀ ਪਨਾਹ ਮਾਂ ਪ੍ਰਭੂ ਯਿਸੂ ਦੀ ਮਾਂ ਏ।

    1. ਅੰਨ੍ਹੇ ਉਹਦੇ ਦਰ ’ਤੇ ਆ ਕੇ ਨੈਣ ਵੇਖੋ ਪਾਂਵਦੇ,
    ਦੁਖੀ ਤੇ ਬਿਮਾਰ ਆ ਕੇ ਚੈਨ ਇੱਥੋਂ ਪਾਂਵਦੇ,
    ਪਾਪੀਆਂ ਨੇ ਆ ਕੇ ਇੱਥੋਂ ਸ਼ਿਫ਼ਾ ਲਈ ਪਾ ਏ।

    2. ਟੁੱਟੇ ਦਿਲਾਂ ਵਾਲੇ ਆ ਕੇ ਦੁਖੜਾ ਸੁਣਾਂਵਦੇ,
    ਦਰ ਸੱਚੀ ਮਾਂ ਦੇ ਤੋਂ ਖਾਲੀ ਨਹੀਂ ਜਾਂਵਦੇ,
    ਪਾਪ ਬਖ਼ਸ਼ਾ ਕੇ ਉਨ੍ਹਾਂ ਮਾਫ਼ੀ ਲਈ ਪਾ ਏ।

    3. ਜ਼ਿੰਦਗੀ ਦੇ ਦੁੱਖਾਂ ਨਾਲ ਹੋ ਗਏ ਬੇਹਾਲ ਜੋ,
    ਕਰਕੇ ਦੁਆਵਾਂ ਹੋ ਜਾਂਦੇ ਉਹ ਨਿਹਾਲ ਜੋ,
    ਮਾਂ ਦਾ ਪਿਆਰ ਲੈ ਕੇ ਖ਼ੁਸ਼ੀ ਲਈ ਪਾ ਏ।

    4. ਸਾਡੀਆਂ ਸਿਫਾਰਿਸ਼ਾਂ ਉਹ ਯਿਸੂ ਨੂੰ ਸੁਣਾਂਵਦੀ,
    ਦੁੱਖ ਸੁੱਖ ਵਿੱਚ ਸਾਡਾ ਉਹ ਸਾਥ ਨਿਭਾਉਂਦੀ,
    ਹਰ ਇੱਕ ਪੀੜ੍ਹੀ ਉਹਦੇ ਗੁਣ ਰਹੀ ਗਾ ਏ।

  • ---

    ਮਾਂ ਮਰੀਅਮ ਉਹ ਔਰਤ ਜਿਹਨੂੰ,
    ਦੁਨੀਆ ਕਹਿੰਦੀ ਮਾਂ,
    ਮਾਂ ਵਰਗਾ ਨਾ ਜੱਗ ’ਤੇ ਕੋਈ,
    ਭਾਵੇਂ ਫਿਰ ਲੈ ਜਹਾਨ।

    1. ਤੂੰ ਐ ਮੁਬਾਰਿਕ, ਰੱਬ ਦੀ ਮਾਂ ਤੂੰ,
    ਜਿਹੜਾ ਆਇਆ ਦਰ ’ਤੇ, ਕਰ ਦਿੱਤੀ ਛਾਂ ਤੂੰ,
    ਰੱਬ ਦਾ ਤੇਰੇ ’ਤੇ ਫ਼ਜ਼ਲ ਜਦ ਹੋਇਆ,
    ਆਇਆ ਸ਼ਾਫ਼ੀ ਜਾਨ।

    2. ਸਿਫ਼ਤ ਰਲ ਕੇ, ਮਾਂ ਦੀ ਕਰਾਂਗੇ,
    ਮਾਂ ਦੇ ਦਰ ’ਤੇ ਆਉਂਦੇ ਰਹਾਂਗੇ,
    ਤੇਰੇ ਦਰ ਤੋਂ ਸਭ ਨੂੰ ਮਿਲਦਾ, ਸੁਣ ਲੈ ਸਾਰਾ ਜਹਾਨ।

    3. ਸਾਰੇ ਕਰਨ ਸਲਾਮਾਂ ਮਾਂ ਨੂੰ,
    ਵੇਖਿਆ ਕਦਮੀਂ ਸਾਰੇ ਜਹਾਨ ਨੂੰ,
    ਮੰਗੀਆਂ ਮੁਰਾਦਾਂ ਹਰ ਕੋਈ ਪਾਂਦਾ,
    ਮੰਨਿਆ ਸਾਰਾ ਜਹਾਨ।

  • ---

    ਪਾਕ ਮਾਂ ਮਰੀਅਮ ਮੁਹੱਬਤਾਂ ਦਾ ਨਾਂ ਏ,
    ਤੂੰ ਹੀ ਮੇਰੀ ਜਿੰਦੜੀ ਤੇ ਨਾਲੇ ਮੇਰੀ ਜਾਨ ਏ।

    1. ਪਾਕ ਜਾਤ ਮਾਂ ਤੇਰੀ ਮੇਰੇ ਲਈ ਰਾਹ ਏ,
    ਕਦਮਾਂ ’ਚ ਆਈ ਮੈਂ ਕਾਹਦੀ ਪ੍ਰਵਾਹ ਏ,
    ਇੱਕ ਇੱਕ ਸਾਹ ਮੇਰਾ ਤੇਰੇ ਹੀ ਨਾਮ ਏ।

    2. ਬੁੱਲ੍ਹਾਂ ਉੱਤੇ ਤੇਰੇ ਹਾਂ ਸੱਚ ਦੀ ਗਵਾਹੀ ਏ,
    ਤੂੰ ਸੱਚੇ ਪਿਆਰ ਦੀ ਦੁਨੀਆ ਵਸਾਈ ਏ,
    ਦੁਨੀਆ ’ਚ ਹਰ ਕੋਈ ਕਹਿੰਦਾ ਤੈਨੂੰ ਮਾਂ ਏ।

    3. ਦੁਨੀਆ ’ਚ ਕਿਤੇ ਵੀ ਸੁੱਖ ਨਾ ਚੈਨ ਮਿਲੇ,
    ਹਰ ਕੋਈ ਦੁੱਖਾਂ ਦਾ ਕਰਦਾ ਵੈਣ ਮਿਲੇ,
    ਮਾਂ ਤੇਰੇ ਕਦਮਾਂ ’ਚ ਜੰਨਤਾਂ ਦੀ ਛਾਂ ਏ।

  • ---

    ਆਸਮਾਨੀ ਚੁੰਨੀ ਲਈ ਹੋਈ ਏ,
    ਚਿੱਟਾ ਚੋਲਾ ਗਲ਼ ਵਿੱਚ ਪਾਇਆ ਹੋਇਆ ਏ,
    ਯਿਸੂ ਦੀ ਪਿਆਰੀ ਮਾਂ, ਫ਼ਜ਼ਲਾਂ ਦੀ ਪਿਆਰੀ ਮਾਂ।

    1. ਦਰ-ਦਰ ਉੱਤੇ ਮਾਂ ਠੋਕਰਾਂ ਮੈਂ ਖਾਂਦਾ ਹਾਂ,
    ਕੋਈ ਨਾ ਸਹਾਰਾ ਮੇਰਾ,
    ਤੇਰੇ ਦਰ ਉੱਤੇ ਮਾਂ ਰੋਂਦਾ ਕੁਰਲਾਉਂਦਾ ਹਾਂ,
    ਬਣ ਜਾ ਸਹਾਰਾ ਮੇਰਾ,
    ਜ਼ਿੰਦਗੀ ਗੁਨਾਹਾਂ ਵਿੱਚ ਪਈ ਹੋਈ ਏ,
    ਫਿਕਰਾਂ ਨੇ ਬਾਂਹ ਫੜ੍ਹ ਲਈ ਹੋਈ ਏ।

    2. ਆਪਣੀ ਦੁਹਾਈ ਮਾਂ ਤੇਰੇ ਕੰਨੀਂ ਪਾਉਂਦਾ ਹਾਂ,
    ਰਹਿਮਤਾਂ ਦੀ ਰਾਣੀ ਮਾਂ,
    ਜ਼ਿੰਦਗੀ ’ਚ ਬੱਸ ਮਾਂ ਸਾਥ ਤੇਰਾ ਚਾਹੁੰਦਾ ਹਾਂ,
    ਆ ਜਾ ਤੂੰ ਆ ਮੇਰੀ ਮਾਂ,
    ਤੇਰੇ ਉੱਤੇ ਆਸ ਲਗਾਈ ਹੋਈ ਏ,
    ਮੇਰੀ ਰੂਹ ਤੇਰੇ ਲਈ ਤਿਹਾਈ ਹੋਈ ਏ।

  • ---

    ਅੱਜ ਮਾਂ ਦੇ ਪੈਰਾਂ ਦੀ ਮਿੱਟੀ,
    ਕਿੰਨੀ ਖਲਕਤ ਲੈਣ ਲਈ ਆਈ ਏ,
    ਕੋਈ ਝੋਲੀਆਂ ਭਰ ਭਰ ਲੈ ਜਾਂਦੇ,
    ਕਿਸੇ ਆਣ ਕੇ ਝੋਲੀ ਵਿਛਾਈ ਏ।

    1. ਇਹ ਮਮਤਾ ਦਰਦ ਮਿਟਾਉਂਦੀ ਏ,
    ਹਰ ਪਾਪੀ ਨੂੰ ਕੋਲ ਬੁਲਾਉਂਦੀ ਏ,
    ਜਿਹੜੇ ਰਹਿ ਜਾਂਦੇ ਨੇ ਦੂਰ ਕਿਤੇ,
    ਮਾਂ ਉਹਨਾਂ ਨੂੰ ਤਰਸ ਦਿਖਾਉਂਦੀ ਏ।

    2. ਜਿਹੜਾ ਪੜ੍ਹਣ ਅੰਜੀਲ ਨੂੰ ਆਵੇਗਾ,
    ਮਾਂ ਮਰੀਅਮ ਨੂੰ ਦੋਹਰਾਵੇਗਾ,
    ਇਸ ਮਾਂ ਦੀ ਦੀਦ ਤੂੰ ਕਰਿਆ ਸੀ,
    ਇਹ ਤੇਰੀ ਬਖ਼ਸ਼ਣਹਾਰੀ ਏ।

    3. ਜਿਹੜੇ ਮਾਂ ਦਾ ਦਰਸ਼ਨ ਕਰਦੇ ਨੇ,
    ਉਹ ਝੋਲੀ ਫੁੱਲਾਂ ਨਾਲ ਭਰਦੇ ਨੇ,
    ਅੱਜ ਸਾਡੀ ਝੋਲੀ ਭਰ ਮਾਂ ਜੀ,
    ਤੇਰੇ ਚਰਨਾਂ ਵਿੱਚ ਫੈਲਾਈ ਏ।

  • ---

    ਸ਼ਾਂਤੀ ਦੀ ਰਾਣੀ ਮਾਂ ਮਰੀਅਮ ਤੇਰਾ ਨਾਮ,
    ਰੱਬ ਨੇ ਬਣਾਈ ਤੇਰੀ ਡਾਢੀ ਉੱਚੀ ਸ਼ਾਨ।
    ਫਰਿਸ਼ਤੇ ਨਿਉਂਕੇ ਤੈਨੂੰ ਕਰਨ ਸਲਾਮ,
    ਕਰ ਲੈ ਕਬੂਲ ਹੁਣ ਸਾਡਾ ਵੀ ਸਲਾਮ।
    ਕਰ ਲੈ ਕਬੂਲ, ਕਰ ਲੈ ਕਬੂਲ,
    ਕਰ ਲੈ ਕਬੂਲ, ਮਾਂ ਕਰ ਲੈ ਕਬੂਲ।

    1. ਰੱਬ ਦਾ ਕਲਾਮ ਤੇਰੇ ਤਨ ਮਨ ਵੱਸਿਆ,
    ਖ਼ੁਦਾ ਦੀ ਰਜ਼ਾ ਦਾ ਭੇਦ ਪਾਕ ਰੂਹ ਨੇ ਦੱਸਿਆ।
    ਮੰਨ ਲਈਆਂ ਗੱਲਾਂ ਸਭੇ ਕੀਤਾ ਇਕਰਾਰ ਤੂੰ,
    ਕਰ ਲੈ ਕਬੂਲ ਹੁਣ ਸਾਡਾ ਵੀ ਸਲਾਮ ਤੂੰ।

    2. ਪਿਆਰ ਦਾ ਮੁਜੱਮਾ ਤੂੰ ਤੇਰਾ ਅਕਸ ਨਿਰਾਲਾ ਏ,
    ਦੁੱਖ ਸਭੇ ਸਹੇ ਪੀਤਾ ਗ਼ਮਾਂ ਦਾ ਪਿਆਲਾ ਏ।
    ਮਮਤਾ ਤੇਰੀ ਦਾ ਅਸਾਂ ਫੜ੍ਹ ਲਿਆ ਪੱਲਾ ਏ,
    ਮਿਲੀ ਤਸੱਲੀ ਸਾਨੂੰ ਤੇਰਾ ਪਿਆਰ ਅਵੱਲਾ ਏ।

    3. ਦੁਖੀਆਂ ਬਿਮਾਰਾਂ ਦਾ ਤੂੰ ਸੁਣ ਲੈ ਹਾੜਾ,
    ਮੈਂ ਵੀ ਤੇਰੇ ਦਰ ਆਇਆ ਮੰਗਦਾ ਸਹਾਰਾ।
    ਰੱਬ ਦੀ ਰਜ਼ਾ ’ਚ ਗਾਈਏ ਹਮਦ ਸਨਾ,
    ਮਾਂ ਦੀ ਸਿਫਾਰਿਸ਼ਾਂ ਤੇ ਪਿਆਰ ਦੀ ਪਨਾਹ।

  • ---

    ਐ ਮਾਂ ਮਰੀਅਮ ਹੈ ਕੀ ਤੇਰੀ ਸ਼ਾਨ,
    ਫਰਿਸ਼ਤੇ ਵੀ ਕਰਦੇ ਨੇ ਤੈਨੂੰ ਸਲਾਮ।

    1. ਤੂੰ ਸਾਡੀ ਹੈਂ ਮਾਂ ਤੇ ਸਵਰਗਾਂ ਦੀ ਰਾਣੀ,
    ਸੁਣੀ ਜਾਵੇ ਘਰ–ਘਰ ’ਚ ਤੇਰੀ ਕਹਾਣੀ,
    ਹੈ ਸ਼ੈਤਾਨ ਵੈਰੀ ਵੀ ਤੇਰਾ ਗ਼ੁਲਾਮ।

    2. ਤੇਰੇ ਕਹਿਣ ’ਤੇ ਯਿਸੂ ਕਰ ਦੇਵੇ ਮਾਫ਼,
    ਗੁਨਾਹ ਪਾਪੀਆਂ ਦੇ ਨੇ ਹੋ ਜਾਂਦੇ ਸਾਫ਼,
    ਨਾ ਰਹਿ ਜਾਵੇ ਰੂਹ ’ਤੇ ਕੋਈ ਵੀ ਨਿਸ਼ਾਨ।

    3. ਜਦੋਂ ਵੀ ਤੇਰੇ ਦਰ ’ਤੇ ਆਇਆ ਸਵਾਲੀ,
    ਕਦੇ ਰਹਿਣ ਦੇਵੇ ਨਾ ਤੂੰ ਝੋਲੀ ਖਾਲੀ,
    ਅਸਾਂ ਸਭ ਨੂੰ ਦੇਣਾ ਹੈ ਇਹੋ ਪੈਗ਼ਾਮ।

    4. ਅਸੀਂ ਵੀ ਹਾਂ ਮਾਂ ਅੱਜ ਤੇਰੇ ਦਰ ’ਤੇ ਆਏ,
    ਤੂੰ ਕਰ ਮਿਹਰ ਕੋਈ ਵੀ ਖ਼ਾਲੀ ਨਾ ਜਾਏ,
    ਭਰੇਂ ਝੋਲੀ ਸਭ ਦੀ ਤੂੰ ਦੇ ਸਭ ਨੂੰ ਦਾਨ।

  • ---

    ਮਾਂ ਮਰੀਅਮ ਤੇਰੀ ਸ਼ਾਨ ਜੱਗ ’ਤੇ ਨਿਆਰੀ,
    ਤੇਰੇ ਉੱਤੇ ਰਹਿਮ ਹੋਈ ਰੱਬ ਦੀ ਭਾਰੀ।

    1. ਜਦੋਂ ਕੋਲ ਤੇਰੇ ਸੀ ਜਬਰਾਏਲ ਆਇਆ,
    ਸੁਨੇਹਾ ਖ਼ੁਦਾ ਦਾ ਸੀ ਤੈਨੂੰ ਸੁਣਾਇਆ,
    ਨਹੀਂ ਕੀਤੀ ਨਾਂਹ ਭਾਵੇਂ ਸੀ ਤੂੰ ਕੁਆਰੀ।

    2. ਚਮਤਕਾਰ ਕਾਨਾ ਦੇ ਵਿੱਚ, ਜੋ ਸੀ ਹੋਇਆ,
    ਨਹੀਂ ਯਿਸੂ ਨੇ ਫਿਰ ਸੀ ਖੁਦ ਨੂੰ ਲੁਕੋਇਆ,
    ਸਿਫ਼ਾਰਿਸ਼ ਤੇਰੀ ਸਾਡੇ ਲਈ ਅੱਜ ਵੀ ਜਾਰੀ।

    3. ਐ ਮਾਤਾ ਤੂੰ ਸਾਡੇ ਉੱਤੇ ਕਿਰਪਾ ਕਰਦੇ,
    ਤੂੰ ਖਾਲੀ ਹਰ ਇੱਕ ਬਸ਼ਰ ਦੀ ਝੋਲੀ ਭਰਦੇ,
    ਬਿਮਾਰ ਦੀ ਜਾਂਦੀ ਰਹੇ ਹਰ ਬਿਮਾਰੀ।

    4. ਤੇਰੇ ਪੈਰਾਂ ਹੇਠਾਂ ਨੇ ਚੰਨ ਤੇ ਸਿਤਾਰੇ,
    ਤੇਰੇ ਤਾਜ ਸਿਰ ਦਾ ਪਿਆ ਲਿਸ਼ਕਾਂ ਮਾਰੇ,
    ਤੂੰ ਸ਼ੈਤਾਨ ਨੂੰ ਹਾਰ ਦਿੱਤੀ ਕਰਾਰੀ।

  • ---

    ਉਹ ਮਾਂ ਹੈ ਪਿਆਰੀ ਉਹ ਸਭ ਤੋਂ ਨਿਆਰੀ,
    ਜਿਹਨੂੰ ਲੋਕ ਕਹਿੰਦੇ ਨੇ ਮਰੀਅਮ ਕੁਆਰੀ।

    1. ਉਹਦੇ ਨਾਂ ਦਾ ਚਰਚਾ ਹੈ ਸਾਰੇ ਜਹਾਨ ’ਤੇ,
    ਉਹ ਕਬਰੋਂ ਉਠਾਈ ਗਈ, ਗਈ ਅਸਮਾਨ ’ਤੇ।
    ਕਿਉਂ ਜੋ ਯਿਸੂ ਨੂੰ ਉਹ ਸਭ ਤੋਂ ਹੈ ਪਿਆਰੀ,
    ਜਿਹਨੂੰ ਲੋਕ ਕਹਿੰਦੇ ਨੇ ਮਰੀਅਮ ਕੁਆਰੀ।

    2. ਤੇ ਰੱਬ ਉਹਨੂੰ ਅਰਸ਼ਾਂ ਦੀ ਰਾਣੀ ਬਣਾਇਆ,
    ਤੇ ਤਾਜ ਨੂਰਾਨੀ ਉਹਦੇ ਸਿਰ ’ਤੇ ਸਜਾਇਆ।
    ਧੰਨ–ਧੰਨ ਉਹਨੂੰ ਕਹਿੰਦੀ ਦੁਨੀਆ ਸਾਰੀ,
    ਜਿਹਨੂੰ ਲੋਕ ਕਹਿੰਦੇ ਨੇ ਮਰੀਅਮ ਕੁਆਰੀ।

    3. ਇਹਦੇ ਦਰ ਦੇ ਮੰਗਤੇ ਨੇ ਲੱਖਾਂ ਕਰੋੜਾਂ,
    ਇਹਦੇ ਨਾਲ ਰਹਿਣ ਸਾਨੂੰ ਨਿੱਤ ਦੀਆਂ ਲੋੜਾਂ।
    ਹਰ ਇੱਕ ਹੋ ਜਾਵੇ, ਇਸੇ ਦਾ ਪੁਜਾਰੀ,
    ਜਿਹਨੂੰ ਲੋਕ ਕਹਿੰਦੇ ਨੇ ਮਰੀਅਮ ਕੁਆਰੀ।

  • ---

    ਜੈ ਜੈ ਮਾਂ, ਜੈ ਜੈ ਮਾਂ, ਜੈ ਜੈ ਮਾਂ, ਜੈ ਜੈ ਮਾਂ ,
    ਐ ਮਾਂ ਤੇਰੇ ਅੱਗੇ ਮੈਂ ਨਜ਼ਰਾਂ ਚੜ੍ਹਾਵਾਂ,
    ਮਿਲਾ ਦੇ ਮਸੀਹ ਨਾਲ ਤਰਲੇ ਮੈਂ ਪਾਵਾਂ,
    ਐ ਮਾਂ ਤੇਰੇ ਅੱਗੇ ਮੈਂ ਨਜ਼ਰਾਂ ਚੜ੍ਹਾਂਵਾਂ।

    1. ਕੋਈ ਸ਼ੈਅ ਵੀ ਤੇਰੇ ’ਤੇ ਕਾਬਿਲ ਨਹੀਂ ਏ,
    ਕੋਈ ਨਾਮ ਤੇਰੇ ਮੁਕਾਬਿਲ ਨਹੀਂ ਏ,
    ਤੇਰੇ ਬਾਝ ਦਰ ਹੋਰ ਕਿਸ ਦੇ ਮੈਂ ਜਾਵਾਂ,
    ਐ ਮਾਂ ਤੇਰੇ ਅੱਗੇ ਮੈਂ ਨਜ਼ਰਾਂ ਚੜ੍ਹਾਂਵਾਂ।

    2. ਤੇਰੇ ਸਾਹਮਣੇ ਮਾਂ ਦਿਨੇ ਚੰਦ ਤਾਰੇ,
    ਤੇਰੇ ਨੂਰ ਅੱਗੇ ਤੇ ਸੂਰਜ ਵੀ ਹਾਰੇ,
    ਤੇਰਾ ਨਾਮ ਲੈ ਲੈ ਕੇ ਚੱਲਣ ਹਵਾਵਾਂ,
    ਐ ਮਾਂ ਤੇਰੇ ਅੱਗੇ ਮੈਂ ਨਜ਼ਰਾਂ ਚੜ੍ਹਾਂਵਾਂ।

    3. ਮਿਲੀ ਤੈਨੂੰ ਦੋਹਾਂ ਜਹਾਨਾਂ ਦੀ ਦੌਲਤ,
    ਤੇ ਮੁਕਤੀ ਮਿਲੀ ਸਭ ਨੂੰ ਤੇਰੀ ਬਦੌਲਤ,
    ਵਸੀਲੇ ਤੇਰੇ ਜੱਗ ਤੋਂ ਮੁੱਕੀਆਂ ਖ਼ਤਾਵਾਂ,
    ਐ ਮਾਂ ਤੇਰੇ ਅੱਗੇ ਮੈਂ ਨਜ਼ਰਾਂ ਚੜ੍ਹਾਂਵਾਂ।

    4. ਫਰਿਆਦ ਬੇਟੇ ਦੀ ਸੁਣ ਲੈ ਮਾਂਏਂ,
    ਜਿੱਥੇ ਚੈਨ ਮਿਲਦਾ ਏ ਤੂੰ ਐਸੀ ਥਾਂ ਏਂ,
    ਗਲ਼ ਲਾਉਣ ਪੁੱਤਰ ਨੂੰ ਕਿਵੇਂ ਨਾ ਮਾਂਵਾਂ,
    ਐ ਮਾਂ ਤੇਰੇ ਅੱਗੇ ਮੈਂ ਨਜ਼ਰਾਂ ਚੜ੍ਹਾਂਵਾਂ।

  • ---

    ਮਰੀਅਮ ਮਾਂ ਤੇਰਾ ਸਹਾਰਾ,
    ਡੁੱਬਦੇ ਨੂੰ ਦਿਖਾ ਕਿਨਾਰਾ,
    ਦੁਨੀਆ ਦੀ ਮੁਸ਼ਕਿਲਾਂ ਵਿੱਚ,
    ਬਿਨ ਤੇਰੇ ਨਹੀਂ ਗੁਜ਼ਾਰਾ।

    1. ਤੂੰ ਔਰਤਾਂ ’ਚੋਂ ਧੰਨ ਹੈਂ,
    ਧੰਨ ਤੇਰਾ ਨਾਮ ਮਾਤਾ,
    ਰੁਤਬਾ ਜੋ ਤੂੰ ਹੈ ਪਾਇਆ,
    ਪਾ ਨਹੀਂ ਸਕਦਾ ਕੋਈ ਦੁਬਾਰਾ।

    2. ਧੰਨ ਆਖਦੇ ਨੇ ਸਾਰੇ,
    ਚੰਨ, ਸੂਰਜ ਤੇ ਸਿਤਾਰੇ,
    ਮੈਂ ਵੀ ਦਰ ਤੇਰੇ ’ਤੇ ਆਇਆ,
    ਤੇਰਾ ਸੁਣ ਕੇ ਨਾਮ ਪਿਆਰਾ।

  • ---

    ਫਾਤਿਮਾ ਦੀ ਮਾਂ ਦੀ, ਬੜੀ ਉੱਚੀ ਸ਼ਾਨ ਏ
    ਉਲਝੇ ਸਵਾਲਾਂ ਦਾ, ਜਵਾਬ ਕੋਲ ਮਾਂ ਏ।

    1. ਤਿੰਨ ਛੋਟੇ ਬੱਚੇ ਸਨ, ਭੇਡਾਂ ਪਏ ਚਾਰਦੇ,
    ਮਾਂ-ਮਾਂ ਉੱਚੀ-ਉੱਚੀ, ਕਹਿ ਕੇ ਵਾਜਾਂ ਮਾਰਦੇ,
    ਦਰਸ਼ਨ ਮਾਂ ਦੇ ਪਾ ਕੇ, ਕਰਦੇ ਉਹ ਮਾਣ ਏ,
    ਉਲਝੇ ਸਵਾਲਾਂ ਦਾ, ਜਵਾਬ ਕੋਲ ਮਾਂ ਏ।

    2. ਮਿਲਾਂਗੇ ਦੁਬਾਰਾ ਫਿਰ, ਏਸੇ ਹੀ ਥਾਂ ਆਣ ਕੇ,
    ਕਰਿਓ ਉਡੀਕ ਮੇਰੀ, ਨਜ਼ਰਾਂ ਨੂੰ ਤਾਣ ਕੇ,
    ਵੇਖ ਇਹ ਨਜ਼ਾਰਾ ਪੱਕਾ, ਹੋ ਗਿਆ ਇਮਾਨ ਏ,
    ਉਲਝੇ ਸਵਾਲਾਂ ਦਾ, ਜਵਾਬ ਕੋਲ ਮਾਂ ਏ।

    3. ਸੂਰਜ ਦੇ ਵਾਂਗੂੰ, ਜਲਾਲੀ ਚਿਹਰਾ ਚਮਕੇ,
    ਕਹਿੰਦੀ ਏ ਮਾਂ ਜਪ, ਰੋਜ਼ਰੀ ਦੇ ਮਣਕੇ
    ਮੰਗੋ ਮਾਫ਼ੀ ਪਾਪਾਂ ਦੀ, ਇਹੋ ਫਰਮਾਨ ਏ,
    ਉਲਝੇ ਸਵਾਲਾਂ ਦਾ, ਜਵਾਬ ਕੋਲ ਮਾਂ ਏ।

    4. ਕਰੋ ਪਛਤਾਵਾ, ਮਾਂ ਦਿੰਦੀ ਏ ਦੁਹਾਈਆਂ,
    ਆ ਜਾਓ ਮੇਰੇ ਬੇਟੇ ਕੋਲੋਂ, ਪਾ ਲਓ ਰਿਹਾਈਆਂ,
    ਸਾਡੀ ਵੀ ਜ਼ੁਬਾਨ ਦਾ, ਇਹੋ ਪੈਗ਼ਾਮ ਏ
    ਉਲਝੇ ਸਵਾਲਾਂ ਦਾ, ਜਵਾਬ ਕੋਲ ਮਾਂ ਏ।