ਵਿੱਛੜੀਆਂ ਰੂਹਾਂ | Departed Souls
ਇਹ ਭਜਨ ਮਾਲਾ ਦਾ ਪੱਚੀਵਾਂ ਹਿੱਸਾ ਹੈ। ਇਸ ਵਿੱਚ ਦੁੱਖ ਦੇ ਸਮੇਂ ਯਾਨਿ ਮੌਤ ਦੇ ਸਮੇਂ ਅਤੇ ਮੋਇਆਂ ਹੋਇਆਂ ਲਈ ਦੁਆ ਸਮੇਂ ਗਾਏ ਜਾਣ ਵਾਲੇ ਭਜਨਾਂ ਨੂੰ ਜੋੜਿਆ ਗਿਆ ਹੈ।
-
ਫਾਦਰ : ਬਾਪ ਤੇ ਬੇਟੇ ਤੇ ਰੂਹਪਾਕ ਦੇ ਨਾਂ ਉੱਤੇ।
ਸੰਗਤ : ਆਮੀਨ।ਫਾਦਰ : ਐ ਪ੍ਰਭੂ ਰਹਿਮ ਦੇ ਸਾਗਰ ਤੂੰ ਦੀਨ ਦੁਖੀਆਂ ਦਾ ਆਸਰਾ ਹੈਂ ਅਤੇ ਉਨ੍ਹਾਂ ਨੂੰ ਤਸੱਲੀ ਬਖ਼ਸ਼ਦਾ ਹੈਂ। ਤੂੰ ਆਪਣੇ ਦੁਖੀ ਬੰਦਿਆਂ ਨੂੰ ਦਿਲਾਸਾ ਦੇ। ਤੂੰ ਹੀ ਜੀਵਨਦਾਤਾ ਅਤੇ ਮੌਤ ਨੂੰ ਫਤਹਿ ਕਰਨ ਵਾਲਾ ਹੈਂ, ਹੁਣ, ਸਦਾ ਸਰਵਦਾ ਅਤੇ ਅਨੰਤਕਾਲ ਤੀਕਰ।
ਸੰਗਤ : ਆਮੀਨ।ਭਜਨ
ਮੁਰਦਿਆਂ ਨੂੰ ਪ੍ਰਭੂ ਸ਼ਾਂਤੀ ਦੇ,
ਅਨੰਤ ਜੀਵਨ ਪਾਉਣ ਦੇ।1. ਅੰਤਿਮ ਦਿਨ ’ਤੇ ਹੇ ਪ੍ਰਭੂ
ਹੋ ਕੇ ਜਲਾਲੀ ਜਦ ਆਵੇਂ,
ਪਾਸੇ ਸੱਜੇ ਹੋਵਾਂ ਮੈਂ,
ਬਰਕਤ ਪਾਵਾਂ ਸੰਤਾਂ ਸੰਗ।2. ਪ੍ਰਭੂ ਤੇਰੀ ਪਾਕ ਸਲੀਬ,
ਟੇਕ ਕੇ ਮੱਥਾ ਪੂਜੀਏ,
ਸਲੀਬ ਹੈ ਸਭ ਦਾ ਜੀ ਉੱਠਣਾ,
ਸਲੀਬ ਹੀ ਜੀਵਨ ਤੇ ਨਜਾਤ।3. ਆਸਮਾਨ ਤੇਰਾ ਹੈ ਕਰਤਾਰ,
ਧਰਤੀ ਵੀ ਤਾਂ ਤੇਰੀ ਹੈ,
ਜੀਉਂਦਿਆਂ ਦਾ ਤੂੰ ਸਹਾਰਾ,
ਮੁਰਦਿਆਂ ਦਾ ਨਵ-ਜੀਵਨ ਹੈਂ।4. ਮੁਰਦਿਆਂ ਦੇ ਸਭ ਪਾਪਾਂ ਨੂੰ,
ਮਿਟਾ ਕੇ ਸਭ ਨੂੰ ਜੀਵਨ ਦੇ,
ਬਪਤਿਸਮੇ ਤੋਂ ਬਚੇ ਸਭ,
ਭੁੱਲੇ ਕਿਵੇਂ, ਹੇ ਕਰਤਾਰ।5. ਜਿਹੜੇ ਤੇਰਾ ਪਾਕ ਬਦਨ,
ਅਤੇ ਤੇਰਾ ਪਾਕ ਲਹੂ,
ਭਗਤੀ ਦੇ ਨਾਲ ਖਾਂਦੇ ਸਨ,
ਸਵਰਗੀ ਭੋਜ ਦੇ ਲਾਇਕ ਹੋਣ।6. ਜਿਵੇਂ ਮਿੱਟੀ ਵਿੱਚੋਂ ਬੀਜ,
ਉੱਗਦੇ ਮੀਂਹ ਦੇ ਪਾਣੀ ਨਾਲ,
ਸੁਣ ਕੇ ਤੁਰਹੀ ਦੀ ਆਵਾਜ਼,
ਸਭ ਮੁਰਦੇ ਜੀ ਉੱਠਣਗੇ।7. ਮੇਰੇ ਪਾਪ ਸਰੀਣ ਪ੍ਰਭੂ,
ਆਉਂਦੇ ਤੈਨੂੰ ਨਜ਼ਰ ਸਦਾ,
ਲੇਖਾ ਮੈਥੋਂ ਨਾ ਲਵੀਂ,
ਕਰ ਦਇਆ ਸਗੋਂ ਮਾਫ਼ ਕਰੀਂ।8. ਬਾਪ ਤੇ ਬੇਟਾ ਤੇ ਰੂਹਪਾਕ,
ਮੈਂ ਮੋਏ ’ਤੇ ਦਇਆ ਕਰ,
ਪਾ ਕੇ ਜੀਵਨ ਸਦਾ ਦਾ,
ਨੂਰ ਦੇ ਰਾਜ ਵਿੱਚ ਮੈਂ ਜਾਵਾਂ।ਫਾਦਰ : ਐ ਪ੍ਰਭੂ, ਤੂੰ ਆਪਣੀ ਕਿਰਪਾ ਨਾਲ ਸਾਡੇ ਪਾਪਾਂ ਨੂੰ ਮਿਟਾ ਦੇ ਅਤੇ ਸਾਨੂੰ ਬਰਕਤ ਦੇ। ਤੇਰਾ ਫ਼ਜ਼ਲ ਸਾਨੂੰ ਸੰਭਾਲੇ। ਤੂੰ ਹੀ ਮੁਕਤੀਦਾਤਾ ਅਤੇ ਮੌਤ ਉੱਤੇ ਫਤਹਿ ਪਾਉਣ ਵਾਲਾ ਹੈਂ। ਤੂੰ ਹੀ ਜੀਵਨ ਦਾ ਆਧਾਰ ਅਤੇ ਆਤਮਾ ਦਾ ਆਸ਼ਾ ਕੇਂਦਰ ਹੈਂ, ਹੁਣ ਸਦਾ ਸਰਵਦਾ ਅਤੇ ਅਨੰਤਕਾਲ ਤੀਕਰ।
ਸੰਗਤ : ਆਮੀਨ।ਭਜਨ (1)
ਫਾਦਰ : ਸਵੀਕਾਰ ਕਰਨਾ, ਪ੍ਰਭੂ ਜੀ ਮੇਰਾ,
ਇਮਾਨ ਭਰਿਆ ਸਾਹਮਣੇ ਤੇਰੇ,
ਸੇਵਕਾਂ ਦਾ ਬਲੀਦਾਨ ਸਾਰਾ। (ਪਾਕ ਪਾਣੀ ਛਿੜਕਣਾ)
ਸੰਗਤ : ਸਵੀਕਾਰ…
ਫਾਦਰ : ਨੂਹ, ਇਬਰਾਹੀਮ, ਇਸਹਾਕ, ਯਾਕੂਬ,
ਬਜ਼ੁਰਗਾਂ ਦਾ ਪਾਵਨ ਬਲੀਦਾਨ,
ਜਿਵੇਂ ਤੂੰ ਸੀ ਪ੍ਰਵਾਨ ਕੀਤਾ। (ਲੋਬਾਨ ਚੜ੍ਹਾਣਾ)
ਸੰਗਤ : ਸਵੀਕਾਰ…
ਫਾਦਰ : ਚੁਬਾਰੇ ਉੱਤੇ ਰਸੂਲਾਂ ਦਾ,
ਨਿਮਰਤਾ ਭਰਿਆ ਪਾਵਨ ਬਲੀਦਾਨ,
ਜਿਵੇਂ ਤੂੰ ਸੀ ਪ੍ਰਵਾਨ ਕੀਤਾ। (ਫੁੱਲ ਚੜ੍ਹਾਣਾ)ਜਾਂ
ਭਜਨ (2)
ਫਾਦਰ : ਵਰਦਾਨ ਦੇਣਾ ਪ੍ਰਭੂ ਜੀ ਪਿਆਰੇ,
ਤੇਰੇ ਸਾਹਮਣੇ, ਮੁਰਦੇ ਸਾਰੇ।
ਮਹਿਮਾ ਦੇ ਨਾਲ ਜੀਵਨ ਪਾਵਣ। (ਪਾਕ ਪਾਣੀ ਛਿੜਕਣਾ)
ਸੰਗਤ : ਵਰਦਾਨ…
ਫਾਦਰ : ਜੀਵਨ ਦੀ ਸ਼ਾਮ ਪ੍ਰਤਾਪ ਦੇ ਨਾਲ,
ਅਸਮਾਨ ਉੱਤੋਂ ਜਦ ਤੂੰ ਆਵੇਂ,
ਸੰਤਾਂ ਦੇ ਨਾਲ ਮਹਿਮਾ ਗਾਵਣ। (ਲੋਬਾਨ ਚੜ੍ਹਾਣਾ)
ਸੰਗਤ : ਵਰਦਾਨ…
ਫਾਦਰ : ਪਿਆਰੇ ਯਿਸੂ ਮੁਰਦੇ ਸਾਰੇ,
ਨਿਆਂ ਦੇ ਦਿਨ, ਵਿੱਚ ਅਸਮਾਨਾਂ,
ਸਦਾ ਸਵਰਗੀ ਆਨੰਦ ਮਾਨਣ। (ਫੁੱਲ ਚੜ੍ਹਾਣਾ)
ਸੰਗਤ : ਵਰਦਾਨ…ਜ਼ਬੂਰ 130
ਫਾਦਰ : ਐ ਖ਼ੁਦਾ, ਡੂੰਘਿਆਈਆਂ ਵਿੱਚੋਂ
ਮੈਂ ਤੈਨੂੰ ਪੁਕਾਰਿਆ।
ਸੰਗਤ : ਪ੍ਰਭੂ ਜੀ ਮੇਰੀ ਆਵਾਜ਼ ਨੂੰ ਸੁਣ।
ਤੇਰੇ ਕੰਨ ਮੇਰੀਆਂ ਅਰਜ਼ੋਈਆਂ ਦੀ
ਆਵਾਜ਼ ਉੱਤੇ ਲੱਗੇ ਰਹਿਣ।
ਫਾਦਰ : ਐ ਖ਼ੁਦਾ, ਜੇ ਤੂੰ ਬਦੀਆਂ ਦਾ ਲੇਖਾ ਕਰਦਾ,
ਤਾਂ ਪ੍ਰਭੂ ਜੀ, ਕੌਣ ਖੜ੍ਹਾ ਰਹਿ ਸਕਦਾ?
ਸੰਗਤ : ਪਰ ਤੇਰੇ ਕੋਲ ਤਾਂ ਮਾਫ਼ੀ ਹੈ,
ਭਈ ਤੇਰਾ ਭੈ ਮੰਨਿਆ ਜਾਵੇ।
ਫਾਦਰ : ਮੈਂ ਖ਼ੁਦਾਵੰਦ ਨੂੰ ਉਡੀਕਦਾ ਹਾਂ,
ਮੇਰੀ ਜਾਨ ਵੀ ਉਡੀਕਦੀ ਹੈ,
ਅਤੇ ਉਹਦੇ ਵਚਨ ਉੱਤੇ ਮੇਰੀ ਆਸ਼ਾ ਹੈ।
ਸੰਗਤ : ਜਿਨ੍ਹਾਂ ਪਹਿਰੇਦਾਰ ਸਵੇਰ ਨੂੰ, ਹਾਂ ਜਿਨਾਂ ਪਹਿਰੇਦਾਰ ਸਵੇਰ ਨੂੰ,
ਓਨਾ ਹੀ ਵੱਧ ਮੇਰੀ ਜਾਨ ਪ੍ਰਭੂ ਨੂੰ ਉਡੀਕਦੀ ਹੈ।
ਫਾਦਰ : ਐ ਇਸਰਾਏਲ ਖ਼ੁਦਾ ਦੀ ਆਸ ਰੱਖ,
ਕਿਉਂ ਜੋ ਖ਼ੁਦਾ ਕੋਲ ਦਇਆ ਹੈ,
ਅਤੇ ਉਹਦੇ ਕੋਲ ਨਿਸਤਾਰਾ ਕਾਫ਼ੀ ਹੈ।
ਸੰਗਤ : ਅਤੇ ਉਹ ਇਸਰਾਏਲ ਨੂੰ ਉਸਦੀਆਂ ਸਾਰੀਆਂ ਬਦੀਆਂ ਤੋਂ ਨਿਸਤਾਰਾ ਦੇਵੇਗਾ।
ਫਾਦਰ : ਬਾਪ ਅਤੇ ਬੇਟੇ ਅਤੇ ਰੂਹਪਾਕ ਦੀ ਵਡਿਆਈ ਹੋਵੇ।
ਸੰਗਤ : ਜਿਵੇਂ ਮੁੱਢੋਂ ਸੀ, ਹੁਣ ਹੈ ਤੇ ਸਦਾ ਹੋਵੇਗੀ। ਆਮੀਨ।ਅੰਤਿਮ ਪ੍ਰਾਰਥਨਾ
ਫਾਦਰ : ਐ ਪ੍ਰਭੂ, ਤੂੰ ਆਪਣੀ ਜੀਵਨਭਰੀ ਅਤੇ ਜੀਵਨਦਾਈ ਬਾਣੀ ਦੇ ਨਾਲ ਮੋਏ ਹੋਏ ਲਾਜ਼ਰ ਨੂੰ ਜਿਉਂਦਾ ਕਰ ਦਿੱਤਾ। ਉਹੀ ਬਾਣੀ ਸਾਡੇ ਇਸ ਭਰਾ (ਭੈਣ) ਨੂੰ ਇਨਸਾਫ਼ ਦੇ ਦਿਨ ਜਿਉਂਦਾ ਕਰੇ। ਇਮਾਨਦਾਰਾਂ ਦੇ ਨਾਲ ਤੇਰੇ ਸੱਜੇ ਹੱਥ ਖੜ੍ਹ੍ਹੇ ਹੋਣ ਦੀ ਕਿਰਪਾ ਬਖ਼ਸ਼। ਐ ਰਹਿਮ ਦੇ ਸਾਗਰ, ਤੂੰ ਹੀ ਜੀਵਨ ਦਾ ਮਾਲਿਕ ਹੈਂ, ਹੁਣ, ਸਦਾ ਸਰਵਦਾ ਤੇ ਅਨੰਤਕਾਲ ਤੀਕਰ।
ਸੰਗਤ : ਆਮੀਨ, ਐ ਪ੍ਰਭੂ ਤੇਰਾ ਆਸ਼ੀਰਵਾਦ।ਆਸ਼ੀਰਵਾਦ
ਫਾਦਰ : ਐ ਮਸੀਹਾ, ਸਾਰਿਆਂ ਦੇ ਖ਼ੁਦਾਵੰਦ, ਤੇਰੀ ਦੂਜੀ ਜਲਾਲੀ ਆਮਦ ਦੇ ਸਮੇਂ ਜਦ ਸਵਰਗ ਦਾ ਬੂਹਾ ਖੁੱਲ੍ਹ ਜਾਵੇਗਾ ਅਤੇ ਸਾਰੇ ਮੋਏ ਹੋਏ ਲੋਕ ਕਬਰਾਂ ਵਿੱਚੋਂ ਜੀ ਉੱਠਣਗੇ, ਅਤੇ ਤੂੰ ਇਮਾਨਦਾਰਾਂ ਨੂੰ ਬੇਇਮਾਨਾਂ ਤੋਂ ਜੁਦਾ ਕਰੇਂਗਾ, ਉਸ ਕਿਆਮਤ ਦੇ ਮੌਕੇ ’ਤੇ ਆਪਣੇ ਇਸ ਭਗਤ (ਆਪਣੀ ਇਸ ਭਗਤਣੀ) ਉੱਤੇ ਰਹਿਮ ਦੀ ਨਜ਼ਰ ਕਰਕੇ ਇਸ ਨੂੰ ਸਵੀਕਾਰ ਕਰ, ਜਿਸ ਨਾਲ ਇਹ ਵੀ ਉਸ ਨਜਾਤ ਦੇ ਰਾਜ ਦਾ (ਦੀ) ਵਾਰਿਸ ਬਣੇ ਜੋ ਇਮਾਨਦਾਰਾਂ ਲਈ ਜਗਤ ਦੇ ਸ਼ੁਰੂ ਤੋਂ ਹੀ ਤਿਆਰ ਕੀਤਾ ਗਿਆ ਹੈ। ਅੱਜ ਦੀ ਇਸ ਪਵਿੱਤਰ ਰੀਤੀ ਵਿੱਚ ਭਾਗ ਲੈਣ ਵਾਲੇ ਅਸਾਂ ਸਾਰਿਆਂ ਉੱਤੇ, ਕਲੀਸੀਆ ਅਤੇ ਉਸਦੀ ਸੰਤਾਨਾਂ ਉੱਤੇ, ਤੇਰੇ ਫ਼ਜ਼ਲ ਅਤੇ ਰਹਿਮ ਦੀ ਵਰਖਾ ਸਦਾ ਹੁੰਦੀ ਰਹੇ, ਹੁਣ, ਸਦਾ ਸਰਵਦਾ ਤੇ ਅਨੰਤਕਾਲ ਤੀਕਰ।
ਸੰਗਤ : ਆਮੀਨ।
ਸੰਗਤ : ਮੋਏ ਹੋਏ ਇਮਾਨਦਾਰਾਂ ਦੀਆਂ ਰੂਹਾਂ ਖ਼ੁਦਾ ਦੀ ਮਿਹਰਬਾਨੀ ਨਾਲ
ਸਦਾ ਆਰਾਮ ਵਿੱਚ ਰਹਿਣ, ਆਮੀਨ। -
ਮੌਤ ਬਦਨ ਤੇ ਰੂਹ ਦੀ ਜੁਦਾਈ ਹੁੰਦੀ ਏ,
ਰੂਹ ਜਾਂਦੀ ਏ ਹਜ਼ੂਰ ਜਿੱਥੋਂ ਆਈ ਹੁੰਦੀ ਏ।1. ਕੀਤਾ ਰੱਬ ਗੁੱਸੇ ਨਿੱਕੀ ਜਿਹੀ ਗੱਲ ਵਾਸਤੇ,
ਦਿੱਤੀ ਦੰਦਾਂ ਹੇਠ ਜੀਭ ਨਾ ਸੀ ਪਲ ਵਾਸਤੇ,
ਪਾਪਾਂ ਹੋਸ਼ ਗ਼ੁਨਾਹਗਾਰ ਦੀ ਭੁਲਾਈ ਹੁੰਦੀ ਏ।2. ਬਾਬੇ ਆਦਮ ਨੂੰ ਆਖਿਆ ਸੀ ਆਪ ਰੱਬ ਨੇ,
ਮਜ਼ਾ ਚੱਖਣਾ ਏ ਮੌਤ ਦਾ ਜ਼ਰੂਰ ਸਭ ਨੇ,
ਗੱਲ ਰੱਬ ਦੀ ਜ਼ਰੂਰ ਸੱਚਿਆਈ ਹੁੰਦੀ ਏ।3. ਪਿੱਛੋਂ ਲਾਸ਼ ਲੋਕ ਮਿੱਟੀ ਹੇਠ ਦੱਬ ਛੱਡਦੇ,
ਰੂਹ ਪਹੁੰਚ ਗਈ ਹੁੰਦੀ ਏ ਹਜ਼ੂਰ ਰੱਬ ਦੇ,
ਜਿੱਥੇ ਸਜ਼ਾ ਜਾਂ ਇਨਾਮ ਦੀ ਸੁਣਾਈ ਹੁੰਦੀ ਏ।4. ਲਾਸ਼ ਹੌਲੀ-ਹੌਲੀ ਮਿੱਟੀ ਵਿੱਚ ਸੜ ਜਾਂਵਦੀ,
ਲਾਸ਼ ਖ਼ਾਕ ਹੋ ਕੇ ਖ਼ਾਕ ਨਾਲ ਰਲ ਜਾਂਵਦੀ,
ਹਰ ਬਦਨ ਦੀ ਇਸ ਤਰ੍ਹਾਂ ਸਫ਼ਾਈ ਹੁੰਦੀ ਏ।5. ਬੰਦੇ ਰੱਬ ਦੇ ਕਬੂਲਦੇ ਨੇ ਮੌਤ ਹੱਸ ਕੇ,
ਜੋ ਖਲੋਤੇ ਨੇ ਉਡੀਕ ਵਿੱਚ ਕਮਰ ਕੱਸਕੇ,
ਜਿਨ੍ਹਾਂ ਰੱਬ ਨਾਲ ਦੋਸਤੀ ਲਗਾਈ ਹੁੰਦੀ ਏ। -
ਦੋ ਚਾਰ ਦਿਨ ਦੀ ਖੇਡ ਕੁੱਲ ਜ਼ਮਾਨਾ ਏ,
ਐਂਵੇਂ ਨਾ ਮੱਲਾਂ ਮਾਰ ਦੇਸ ਬੇਗ਼ਾਨਾ ਏੇ।1. ਕੰਕਰ–ਕੰਕਰ ਕਰਕੇ ਮਹਿਲ ਉਸਾਰੇ ਤੂੰ,
ਆਪਣੀ ਜ਼ਿੰਦਗੀ ਲਈ ਨਾ ਸੋਚ ਵਿਚਾਰੇਂ ਤੂੰ,
ਧਨ ਕਮਾਉਣਾ ਤੇਰਾ ਬੱਸ ਨਿਸ਼ਾਨਾ ਏ।2. ਮਾਲਿਕ ਬਣ ਕੇ ਬਹਿ ਗਿਆ ਘਰ ਜਗੀਰਾਂ ਦਾ,
ਧਨੀ ਨੂੰ ਪੁੱਛ ਕੇ ਵੇਖ ਕੀ ਹਾਲ ਅਮੀਰਾਂ ਦਾ,
ਤੱਕ ਸਵਰਗਾਂ ਦੇ ਵਿੱਚ ਅਸਲ ਖ਼ਜ਼ਾਨਾ ਏ।3. ਜਿੰਦ ਪ੍ਰਾਹੁਣੀ, ਰਹਿਣੀ ਨਈਂਓਂ ਕੋਲ ਸਦਾ,
ਸੱਚਾ ਸੌਦਾ ਤੱਕੜੀ ਦੇ ਵਿੱਚ ਤੋਲ ਸਦਾ,
ਦੁਨੀਆ ਦੇ ਨਾਲ ਬਿਲਕੁਲ ਝੂਠ ਜ਼ਮਾਨਾ ਏ। -
ਇਹ ਨਾ ਤੇਰਾ ਦੇਸ਼,
ਮੰਨ ਪਰਦੇਸੀਆ, ਪਰਦੇਸੀਆ।1. ਨਾ ਕਰ ਬੰਦਿਆ ਮੇਰੀ ਮੇਰੀ,
ਆਖ਼ਿਰ ਨੂੰ ਕੋਈ ਸ਼ੈਅ ਨਾ ਤੇਰੀ,
ਮਨ ਵਿੱਚ ਸੋਚ ਵਿਚਾਰ,
ਮੰਨ ਪਰਦੇਸੀਆ, ਪਰਦੇਸੀਆ।2. ਸੁੱਖ ਦੇ ਵੇਲੇ ਯਾਰ ਬਥੇਰੇ,
ਦੁੱਖ ਦੇ ਵੇਲੇ ਕੋਈ ਨਾ ਨੇੜੇ,
ਮਤਲਬ ਦੇ ਸਭ ਯਾਰ,
ਮੰਨ ਪਰਦੇਸੀਆ, ਪਰਦੇਸੀਆ।3. ਮਹਿਲ ਬਣਾਏ ਕਿਸ ਕੰਮ ਆਏ,
ਵਿੱਚ ਵਸਦੇ ਨੇ ਲੋਕ ਪਰਾਏ,
ਦੁਨੀਆ ਕੂੜ ਵਿਸਾਰ,
ਮੰਨ ਪਰਦੇਸੀਆ, ਪਰਦੇਸੀਆ।4. ਯਿਸੂ ਮਸੀਹ ਦੇ ਦਰ ’ਤੇ ਆ ਜਾ,
ਆਪਣੇ ਪਾਪਾਂ ਤੋਂ ਮੁਕਤੀ ਪਾ ਜਾ,
ਯਿਸੂ ਬਖ਼ਸ਼ਣਹਾਰ, ਮੰਨ ਪਰਦੇਸੀਆ, ਪਰਦੇਸੀਆ।5. ਰੋਗੀ ਬਣਕੇ ਦਰ ਤੇਰੇ ਆਇਆ,
ਚੰਗਾ ਕਰ ਮੈਨੂੰ ਐ ਖ਼ੁਦਾਇਆ,
ਸਾਰੇ ਔਗੁਣਹਾਰ, ਮੰਨ ਪਰਦੇਸੀਆ, ਪਰਦੇਸੀਆ। -
ਦੁਨੀਆ ਕੂੜ ਟਿਕਾਣਾ
ਭੁੱਲ ਰਹੀ ਨਾ ਮੁਸਾਫ਼ਿਰਾ।1. ਨਾਲ ਦੇ ਸਾਥੀ ਲੱਦ ਗਏ ਤੇਰੇ,
ਅੱਜ ਤਕ ਆਏ ਪਰਤ ਨਾ ਜਿਹੜੇ,
ਕਰ ਲਿਆ ਮੌਤ ਨਿਸ਼ਾਨਾ।2. ਇਸ ਜ਼ਿੰਦਗੀ ਦਾ ਕੀ ਭਰਵਾਸਾ,
ਅੱਜ ਖ਼ੁਸ਼ੀਆਂ ਕੱਲ ਕਬਰੀਂ ਵਾਸਾ,
ਬਣ ਗਿਆ ਤਾਪ ਬਹਾਨਾ।3. ਸਿਰ ’ਤੇ ਤੇਰੇ ਸ਼ਾਮ ਸਵੇਰੇ,
ਮੌਤ ਦਾ ਬੋਲੇ ਕਾਗ ਬਨੇਰੇ,
ਦੁਨੀਆ ਮੁਸਾਫ਼ਿਰਖਾਨਾ।4. ਕਬਰ ਉਡੀਕੇ ਮੌਤ ਬੁਲਾਂਦੀ,
ਉਮਰ ਤੇਰੀ ਪਈ ਮੁੱਕਦੀ ਜਾਂਦੀ,
ਛੱਡ ਦੇ ਕੂੜ ਯਰਾਨਾ।5. ਕਬਰਾਂ ਦੇ ਵੱਲ ਮਾਰ ਨਿਗਾਹੀਂ,
ਖ਼ਾਕ ਬਿਨਾਂ ਕੁਝ ਦਿਸਦਾ ਨਹੀਂ,
ਕਰ ਗਈ ਮੌਤ ਵਿਰਾਨਾ। -
ਅਲਵਿਦਾ ਮੈਂ ਕਹਿੰਦਾ ਹਾਂ, ਖ਼ੁਦਾ ਦੇ ਕੋਲ ਜਾਂਦਾ ਹਾਂ,
ਸਭ ਤੋਂ ਵਿਦਾ ਲੈਂਦਾ ਹਾਂ, ਯਾਦਾਂ ਪਿੱਛੇ ਛੱਡ ਜਾਂਦਾ ਹਾਂ,
ਹੰਝੂ ਕਿਉਂ ਵਹਾਉਂਦੇ ਹੋ, ਜਦ ਸੱਚੇ ਘਰ ਮੈਂ ਜਾਂਦਾ ਹਾਂ,
ਪੂਰਾ ਹੋਇਆ ਸਫ਼ਰ ਮੇਰਾ, ਸਵਰਗ ਹੈ ਹੁਣ ਵਾਸ ਮੇਰਾ।1. ਜਨਮ ਤੋਂ ਪਹਿਲਾਂ ਪ੍ਰਭੂ ਨੇ, ਮੈਨੂੰ ਚੁਣ ਲਿਆ ਸੀ,
ਆਪਣੇ ਸਰੂਪ ਦੇ ਵਿੱਚ, ਮੈਨੂੰ ਆਪ ਰਚਾਇਆ ਸੀ।
(ਪ੍ਰੋਹਿਤਾਂ ਲਈ)
ਆਪਣੇ ਅੰਗੂਰੀ ਬਾਗ਼ ਦੀ, ਸੇਵਾ ਲਈ ਬੁਲਾਇਆ ਸੀ,
ਪਾਕ ਖ਼ਿਦਮਤ ਵਾਸਤੇ, ਮੈਨੂੰ ਮੱਸਾਹ ਕੀਤਾ ਸੀ।
(ਸਮਰਪਿਤ ਲੋਕਾਂ ਲਈ)
ਆਪਣੇ ਲੋਕਾਂ ਦੀ ਖਾਤਿਰ, ਸੇਵਾ ਲਈ ਬੁਲਾਇਆ ਸੀ,
ਸਮਰਪਿਤ ਜੀਵਨ ਨਾਲ, ਮੈਨੂੰ ਆਪਣਾ ਬਣਾਇਆ ਸੀ।
(ਵਿਸ਼ਵਾਸੀਆਂ ਲਈ)
ਔਖੇ-ਸੌਖੇ ਵੇਲੇ ਮੈਨੂੰ, ਮਜ਼ਬੂਤ ਬਣਾਇਆ ਸੀ,
ਪਾਕ ਰੂਹ ਤੇ ਵਚਨ ਦੇ ਨਾਲ, ਮੈਨੂੰ ਆਪ ਰਜਾਇਆ ਸੀ।2. ਦੌੜ੍ਹ ਆਪਣੀ ਮੈਂ ਪੂਰੀ ਕੀਤੀ, ਸਵਰਗ ਦੀ ਤਾਂਘ ਰੱਖ ਕੇ,
ਲੜੀ ਜੰਗ ਮੈਂ ਚੰਗੀ ਤਰ੍ਹਾਂ, ਦਿਲ ਵਿੱਚ ਇਮਾਨ ਰੱਖ ਕੇ।
ਸਵਰਗ ਦਾ ਬੂਹਾ ਖੋਲ੍ਹ ਕੇ, ਪ੍ਰਭੂ ਮੈਨੂੰ ਲੈ ਜਾਵੇਗਾ,
ਵਾਇਦਾ ਕੀਤਾ ਪਰਮ ਤਾਜ, ਮੈਨੂੰ ਆਪ ਪਹਿਨਾਵੇਗਾ।3. ਮਿੱਟੀ ਤੋਂ ਮੈਨੂੰ ਬਣਾਇਆ ਸੀ, ਉਸੇ ਵਿੱਚ ਮਿਲ ਜਾਵਾਂਗਾ,
ਰੂਹ ਹੋ ਗਈ ਬਦਨ ਤੋਂ ਜੁਦਾ, ਮੈਨੂੰ ਨਾ ਕੋਈ ਚਿੰਤਾ।
ਗਾਵਾਂਗਾ ਸੰਤਾਂ ਦੇ ਨਾਲ, ਮਹਿਮਾ ਪ੍ਰਭੂ ਦੀ ਸਦਾ,
ਪਾਵਾਂਗਾ ਸ਼ਾਂਤੀ-ਆਨੰਦ, ਦਇਆ ਵਿੱਚ ਪ੍ਰਭੂ ਦੀ ਸਦਾ।4. ਰੱਖਿਓ ਯਾਦ ਜ਼ਿੰਦਗੀ ਇਹ, ਦੋ ਦਿਨਾਂ ਦਾ ਹੈ ਮੇਲਾ,
ਕਦੋਂ ਆਵੇ ਕਦੋਂ ਜਾਵੇ, ਜਿਵੇਂ ਪਾਣੀ ’ਚ ਬੁਲਬੁਲਾ।
ਧਨ ਦੌਲਤ ਰਹਿ ਜਾਣਗੇ, ਜੀਵਨ ਨੇਕ ਕੰਮ ਆਉਣਗੇ,
ਪ੍ਰਭੂ ਬਿਨ ਸਭ ਹੈ ਬੇਕਾਰ, ਓਹੀ ਕਰਦਾ ਬੇੜਾ ਪਾਰ। -
ਦੀਵੇ ਦੀ ਲੋ ਵਾਂਗੂੰ ਜ਼ਿੰਦਗੀ ਦਾ ਖੇਲ ਏ,
ਬੁਝ ਜਾਣਾ ਦੀਵਾ ਜਦੋਂ ਮੁਕ ਜਾਣਾਂ ਤੇਲ ਏ।1. ਕਿਹੜੀ ਏ ਜ਼ਮੀਨ ਤੇਰੀ, ਕਿਹੜੇ ਤੇਰੇ ਬਾਗ਼ ਨੇ,
ਕਰਦਾ ਤੂੰ ਬੰਦੇ ਐਂਵੇਂ ਦੁਨੀਆ ਦਾ ਮਾਣ ਏਂ,
ਹਵਾ ਦੇ ਵਿਰੋਲੇ ਵਾਂਗੂੰ ਕੱਢੂ ਤੇਰੀ ਜਾਨ ਏ।2. ਇੱਕ ਦਿਨ ਬੰਦੇ ਤੈਨੂੰ ਮੌਤ ਵੀ ਆਉਣੀ ਏਂ,
ਚਾਰ ਭਾਈਆਂ ਬੰਦੇ ਤੇਰੀ ਅਰਥੀ ਉਠਾਣੀ ਏਂ,
ਕਰੇਂਗਾ ਤੂੰ ਯਾਦ ਉਦੋਂ, ਹੋਣਾ ਨਈਂਓਂ ਮੇਲ ਏ।3. ਮਾਰੇਂਗਾ ਉਡਾਰੀਆਂ ਤੇ ਉੱਡਿਆ ਨਹੀਂ ਜਾਣਾ ਏ,
ਡਿੱਗ ਪਏੰਗਾਂ ਮੂਧੇ-ਮੂੰਹ ਉੱਠਿਆ ਨਈਂ ਜਾਣਾ ਏ,
ਸੁੱਤਾ ਰਹੇਂ ਸਟੇਸ਼ਨਾਂ ’ਤੇ, ਲੰਘ ਜਾਣੀ ਰੇਲ ਏ।4. ਕਰੇਂਗਾ ਤੂੰ ਯਾਦ ਦਿਨ ਦੁਨੀਆ ’ਤੇ ਵੇਖੇ ਵੇ
ਯਿਸੂ ਕੋਲ ਜਾ ਕੇ ਤੇਰੇ ਹੋਣਗੇ ਨੇ ਲੇਖੇ ਵੇ
ਹੋਣਾ ਏ ਹਿਸਾਬ ਕਿਤੇ ਹੋ ਨਾ ਜਾਵੀਂ ਫੇਲ੍ਹ ਵੇ। -
ਮਿੱਟੀ ਦੇ ਖਿਡੌਣਿਆ, ਟੁੱਟ ਜਾਣ ਵਾਲਿਆ,
ਆਣ ਕੇ ਤੂੰ ਦੁਨਿਆ ’ਚ, ਦਿਲ ਕਾਹਨੂੰ ਲਾ ਲਿਆ।1. ਰੱਬ ਨੇ ਬਣਾਇਆ ਤੈਨੂੰ ਮਿੱਟੀ ਦਾ ਖਿਡੌਣਾ ਏ,
ਕਰਦਾ ਤੂੰ ਮਾਣ ਕਾਹਦਾ ਘੜੀ ਦਾ ਪ੍ਰਹੁਣਾ ਏ,
ਇਹ ਨੀ ਤੇਰਾ ਦੇਸ਼ ਜਿਹਨੂੰ ਆਪਣਾ ਬਣਾ ਲਿਆ,
ਆਣ ਕੇ ਤੂੰ ਦੁਨੀਆ ’ਚ, ਦਿਲ ਕਾਹਨੂੰ ਲਾ ਲਿਆ।2. ਪਾਣੀ ਦੇ ਬੁਲਬੁਲੇ, ਵਾਂਗੂੰ ਤੇਰੀ ਜ਼ਿੰਦਗੀ,
ਬਹਿ ਕੇ ਉਹਦੇ ਕਦਮਾਂ ’ਚ, ਕਰ ਓਹਦੀ ਬੰਦਗੀ,
ਫਿਰ ਪਛਤਾਉਣਾ ਜਦ, ਵਕਤ ਲੰਘਾ ਲਿਆ,
ਆਣ ਕੇ ਤੂੰ ਦੁਨੀਆ ’ਚ, ਦਿਲ ਕਾਹਨੂੰ ਲਾ ਲਿਆ।