ਸੰਤਾਂ ਦੇ ਗੀਤ | Saints

ਇਹ ਭਜਨ ਮਾਲਾ ਦਾ ਉੱਨ੍ਹੀਵਾਂ ਹਿੱਸਾ ਹੈ। ਇਸ ਵਿੱਚ ਕੈਥੋਲਿਕ ਸੰਤਾਂ ਅਤੇ ਸੰਤਣੀਆਂ ’ਤੇ ਆਧਾਰਿਤ ਭਜਨਾਂ ਨੂੰ ਜੋੜਿਆ ਗਿਆ ਹੈ।


  • ---

    ਯੂਸਫ਼ ਐ ਬਾਪ ਪਿਆਰੇ,
    ਯਿਸੂ ਨੂੰ ਪਾਲਣ ਵਾਲੇ,
    ਮਿਹਨਤ ਦਾ ਮਿਹਨਤੀਆਂ ਨੂੰ
    ਸਬਕ ਸਿਖਾਲਣ ਵਾਲੇ।

    1. ਦੱਸਿਆ ਜਦ ਭੇਦ ਇਲਾਹੀ
    ਸੁਪਨੇ ਵਿੱਚ ਆਣ ਫਰਿਸ਼ਤੇ,
    ਮਰੀਅਮ ਨੂੰ ਘਰ ਲਿਆਂਦਾ
    ਸੁਪਨੇ ਤੋਂ ਜਾਗਣ ਵਾਲੇ।

    2. ਜਾਣਾ ਨੱਸ ਸ਼ਹਿਰ ਮਿਸਰ ਨੂੰ
    ਜ਼ਾਲਿਮ ਦਾ ਵਾਰ ਬਚਾ ਕੇ,
    ਯਿਸੂ ਦੇ ਸਿਰ ’ਤੇ ਆਈ
    ਆਫ਼ਤ ਨੂੰ ਟਾਲਣ ਵਾਲੇ।

    3. ਯਿਸੂ ਦੇ ਪਾਲਣ ਖ਼ਾਤਰ
    ਧਰਮੀ ਰੱਬ ਚੁਣਿਆ ਤੈਨੂੰ,
    ਸ਼ਾਹ ਦੋ ਆਲਮ ਆਪਣੀ
    ਗੋਦੀ ਬਿਠਾਵਣ ਵਾਲੇ।

    4. ਹਰ ਇੱਕ ਨੂੰ ਪੁੁੱਛਦੇ ਫਿਰਦੇ
    ਮਰੀਅਮ ਤੇ ਯੂਸਫ਼ ਦੋਵੇਂ,
    ਮੇਲੇ ਵਿੱਚ ਯਰੂਸ਼ਲਮ ਦੇ,
    ਯਿਸੂ ਨੂੰ ਭਾਲਣ ਵਾਲੇ।

    5. ਯਿਸੂ ਦੇ ਅੱਗੇ ਕਰ ਤੂੰ
    ਆਪਣੀ ਪੁਰ ਅਸਰ ਸਿਫ਼ਾਰਿਸ਼,
    ਲੇਲਾ ਖ਼ੁਦਾ ਦਾ ਹੱਥੀਂ
    ਆਪਣੇ ਸੰਭਾਲਣ ਵਾਲੇ।

  • ---

    ਰੱਬ ਨਾਲ ਪਿਆਰ ਪਾ ਕੇ
    ਮਾਈਕਲ ਖ਼ੁਸ਼ ਹੋਏ ਨੇ,
    ਐਸ਼ ਤੇ ਆਰਾਮ ਸ਼ੈਤਾਨ ਵਾਲੇ ਖੋਹੇ ਨੇ।

    1. ਸਵਰਗਾਂ ਦੇ ਵਿੱਚ ਫਰਸ਼ਿਤੇ ਝਗੜਾ ਰਚਾਇਆ ਸੀ,
    ਲੈਣ ਲਈ ਖ਼ੁਦਾਈ ਉਹ ਘੁਮੰਡ ਵਿੱਚ ਆਇਆ ਸੀ,
    ਹੁਕਮ ਖ਼ੁਦਾ ਦਾ ਮੰਨ ਮਾਈਕਲ ਖ਼ੁਸ਼ ਹੋਏ ਨੇ,
    ਐਸ਼ ਤੇ ਆਰਾਮ ਸ਼ੈਤਾਨ ਵਾਲੇ ਖੋਹੇ ਨੇ।

    2. ਕੀਤਾ ਸੀ ਦਾਅਵਾ ਉਸ ਆਪਣੀ ਉਚਾਈ ਦਾ,
    ਬਣਨਾ ਸੀ ਚਾਹੁੰਦਾ ਉਸ ਮਾਲਿਕ ਖ਼ੁਦਾਈ,
    ਫੜ੍ਹ ਤਲਵਾਰ ਮਾਈਕਲ ਛੇਤੀ ਅੱਗੇ ਹੋਏ ਨੇ,
    ਐਸ਼ ਤੇ ਆਰਾਮ ਸ਼ੈਤਾਨ ਵਾਲੇ ਖੋਹੇ ਨੇ।

    3. ਸਵਰਗਾਂ ਦੇ ਵਿੱਚ ਛਿੜੀ ਜੰਗ ਘਮਸਾਨ ਸੀ,
    ਫੜ੍ਹਿਆ ਤਰਾਜੂ ਨਿਆਂ ਦਾ ਮਾਈਕਲ ਨੇ ਆਣ ਸੀ,
    ਕੱਢਿਆ ਸਵਰਗ ਵਿੱਚੋਂ ਲੂਸੀਫਰ ਰੋਏ ਨੇ,
    ਐਸ਼ ਤੇ ਆਰਾਮ ਸ਼ੈਤਾਨ ਵਾਲੇ ਖੋਹੇ ਨੇ।

    4. ਧਰਤੀ ’ਤੇ ਆ ਕੇ ਉਸਨੇ ਦੂਜਾ ਕੰਮ ਛੋਹਿਆ ਸੀ,
    ਰੱਬੀ ਰੂਪ ਆਦਮੀ ਨੂੰ ਧੋਖੇ ਨਾਲ ਮੋਹਿਆ ਸੀ,
    ਰੱਬ ਦੀ ਆਵਾਜ਼ ਸੁਣ ਆਦਮ ਹੱਵਾ ਰੋਏ ਨੇ,
    ਐਸ਼ ਤੇ ਆਰਾਮ ਸ਼ੈਤਾਨ ਵਾਲੇ ਖੋਹੇ ਨੇ।

    5. ਜ਼ੁਲਮਾਂ ਦੇ ਵਿੱਚ ਦੱਬੇ ਉਦੋਂ ਦੇ ਅਸੀਂ ਆਏ ਹਾਂ,
    ਕਰਦੇ ਪੁਕਾਰਾਂ ਅਸੀਂ ਦਰ ਤੇਰੇ ਆਏ ਹਾਂ,
    ਸਾਡੇ ਲਈ ਕਰ ਦੁਆ ਸਭ ਪਾਪੀ ਰੋਏ ਨੇ,
    ਐਸ਼ ਤੇ ਆਰਾਮ ਸ਼ੈਤਾਨ ਵਾਲੇ ਖੋਹੇ ਨੇ।

    6. ਰੱਖ ਲਈ ਤੂੰ ਲਾਜ ਸਾਡੀ ਪੈਰਿਸ਼ ਦੇ ਵਾਲੀਆ,
    ਸ਼ੈਤਾਨ ਦਿਆਂ ਫੰਦਿਆਂ ’ਚੋਂ ਕੱਢ ਲੈ ਉਹ ਵਾਲੀਆ,
    ਕਰਨ ਪੁਕਾਰ ਤੇਰੇ ਦਰ ’ਤੇ ਖਲੋਏ ਨੇ,
    ਐਸ਼ ਤੇ ਆਰਾਮ ਸ਼ੈਤਾਨ ਵਾਲੇ ਖੋਹੇ ਨੇ।

    7. ਮੰਗਦਾਂ ਸਿਫ਼ਾਰਿਸ਼ਾਂ ਮੈਂ ਤੇਰੀਆਂ ਪਿਆਰਿਆ,
    ਰਸਤਾ ਵਫ਼ਾਈ ਵਾਲਾ ਦਿਖਾਈਂ ਸਾਨੂੰ ਪਿਆਰਿਆ,
    ਦੇਖ ਕੇ ਵਫ਼ਾ ’ਤੇ ਸਭ ਲੋਕ ਖ਼ੁਸ਼ ਹੋਏ ਨੇ,
    ਐਸ਼ ਤੇ ਆਰਾਮ ਸ਼ੈਤਾਨ ਵਾਲੇ ਖੋਹੇ ਨੇ।

  • ---

    ਐ ਸੰਤ ਐਨਥਨੀ ਮੁਬਾਰਿਕ ਯਿਸੂ ਦੇ,
    ਸਾਡੇ ਲਈ ਕਰ ਦੁਆ,
    ਵੱਡੀ ਸ਼ਾਨ ਵਾਲਾ ਸੰਤ,
    ਯਿਸੂ ਦੇ ਪਿੱਛੇ ਚੱਲ ਪਿਆ।

    1. ਤੁਸੀਂ ਬੜੀ ਮਿਹਨਤ
    ਅਤੇ ਕੁਰਬਾਨੀਆਂ ਦੇ ਨਾਲ,
    ਯਿਸੂ ਨਾਮ ਫੈਲਾਅ ਦਿੱਤਾ,
    ਸਾਡੇ ਲਈ ਕਰ ਦੁਆ।

    2. ਲੋੜਾਂ ਸਭੇ ਪੂਰੀਆਂ ਹੋਵਣ,
    ਖ਼ਤਰੇ ਵੀ ਨੇ ਟਲ ਜਾਂਦੇ,
    ਕੀਤਾ ਤਜੁਰਬਾ ਅਸੀਂ ਤੇਰੀ ਸਿਫ਼ਾਰਿਸ਼ ਦਾ,
    ਦੂਆ ਵਾਸੀਆਂ ਨਾਲ ਰਲ ਆਉਂਦੇ ਨੇ।

    3. ਜੋ ਕੋਈ ਤੇਰੇ ਦਰ ’ਤੇ ਆਵੇ,
    ਖਾਲੀ ਹੱਥ ਨਾ ਜਾਵੇ,
    ਯਿਸੂ ਦੇ ਮਹਾਨ ਸੰਤ ਐਨਥਨੀ,
    ਸਾਡੇ ਲਈ ਕਰ ਦੁਆ।

  • ---

    ਸੁਣੋ ਸੰਤ ਪੈਟਰਿਕ ਦੀ ਗਾਥਾ ਪੁਰਾਣੀ,
    ਸੀ ਰੱਬੀ ਜਲਾਲ ਉਹਦਾ ਚਿਹਰਾ ਨੂਰਾਨੀ।

    1. ਬੜ੍ਹਾ ਐਸ਼ੋ–ਇਸ਼ਰਤ ਦਾ, ਬਚਪਨ ਸੀ ਉਸਦਾ,
    ਗੁਨਾਹਾਂ ਦੇ ਵਿੱਚ ਹੀ, ਲੜਕਪਨ ਸੀ ਉਸਦਾ।
    ਬੜ੍ਹੀ ਬੇਖ਼ਬਰ ਸੀ, ਉਸਦੀ ਜਵਾਨੀ,
    ਸੀ ਰੱਬੀ ਜਲਾਲ ਉਹਦਾ ਚਿਹਰਾ ਨੂਰਾਨੀ।

    2. ਦੁੱਖਾਂ ਫਿਰ ਉਸਨੂੰ ਸੀ, ਘੇਰਾ ਆ ਪਾਇਆ,
    ਡਾਕੂਆਂ ਨੇ ਲੁੱਟਿਆ, ਗੁਲਾਮ ਬਣਾਇਆ।
    ਛਾਈ ਫਿਰ ਉਸਦੇ, ਚੁਫ਼ੇਰੇ ਵਿਰਾਨੀ,
    ਸੀ ਰੱਬੀ ਜਲਾਲ ਉਹਦਾ ਚਿਹਰਾ ਨੂਰਾਨੀ।

    3. ਜੰਗਲਾਂ ਪਹਾੜਾਂ ਵਿੱਚ, ਇੱਜੜ ਚਰਾਇਆ,
    ਦੁੱਖਾਂ ਤੇ ਭੁੱਖਾਂ ਵਿੱਚ, ਰੱਬ ਚੇਤੇ ਆਇਆ।
    ਰੱਬ ਦੀ ਫਿਰ ਉਸਨੇ ਸੀ ਕਦਰ ਪਛਾਣੀ,
    ਸੀ ਰੱਬੀ ਜਲਾਲ ਉਹਦਾ ਚਿਹਰਾ ਨੂਰਾਨੀ।

    4. ਸੌ–ਸੌ ਵਾਰੀ, ਨਮਾਜ਼ਾਂ ਉਹ ਪੜ੍ਹਦਾ,
    ਖ਼ੁਦਾਵੰਦ ਦੇ ਨਾਂ ’ਤੇ ਤਸੀਹੇ ਵੀ ਜਰਦਾ।
    ਹੋਈ ਮਾਫ਼ੀ ਉਸਦੀ, ਸੀ ਸਾਰੀ ਨਾਦਾਨੀ,
    ਸੀ ਰੱਬੀ ਜਲਾਲ ਉਹਦਾ ਚਿਹਰਾ ਨੂਰਾਨੀ।

    5. ਖ਼ੁਦਾ ਫਿਰ ਉਸਨੂੰ ਸੀ, ਰਸਤਾ ਵਿਖਾਇਆ,
    ਇਰਸ਼ੀਆਂ ਦਾ ਉਹ, ਰਸੂਲ ਕਹਾਇਆ।
    ਕਿਹਾ ਉਸ ਨੇ ਕਿੱਸਾ, ਹੈ ਆਪਣੀ ਜ਼ੁਬਾਨੀ,
    ਸੀ ਰੱਬੀ ਜਲਾਲ ਉਹਦਾ ਚਿਹਰਾ ਨੂਰਾਨੀ।

  • ---

    ਅੱਜ ਵਲੀ ਜੌਰਜ ਨੇ, ਸੱਪ ਨੂੰ ਨਕੌੜਾ ਪਾਇਆ।

    1. ਜੰਗਲ ਵਿੱਚ ਇੱਕ ਆਫ਼ਤ ਰਹਿੰਦੀ,
    ਦੋ ਭੇਡਾਂ ਉਹ ਰੋਜ਼ ਦੀਆਂ ਲੈਂਦੀ,
    ਸਾਰਾ ਇੱਜੜ ਸੀ ਉਸਨੇ ਮਾਰ ਮੁਕਾਇਆ।

    2. ਇੱਕ ਦਿਨ ਗੱਲ ਹੋਈ ਅਵੱਲੀ,
    ਬਾਦਸ਼ਾਹ ਦੀ ਧੀ ਜੰਗਲਾਂ ਨੂੰ ਚੱਲੀ,
    ਸਾਰਾ ਸ਼ਹਿਰ ਸੀ ਤੋਰਨ ਆਇਆ।

    3. ਇਸ ਵਲੀ ਨੇ ਸੱਪ ਨੂੰ ਫੜ੍ਹਿਆ,
    ਪਾ ਨਕੌੜਾ ਹੱਥ ਵਿੱਚ ਫੜ੍ਹਿਆ,
    ਸਾਰਾ ਸ਼ਹਿਰ ਸੀ ਵੇਖਣ ਆਇਆ।

  • ---

    ਐ ਸੰਤ ਜੂਦਾ ਮੁਬਾਰਿਕ ਯਿਸੂ ਦੇ,
    ਸਾਡੇ ਲਈ ਕਰ ਦੁਆ।

    1. ਮਾਯੂਸਾਂ ਦੇ ਸਰਪ੍ਰਸਤ ਤੂੰ ਐ ਸੰਤ ਜੂਦ,
    ਸਭਨਾਂ ਦਾ ਮਦਦਗਾਰ,
    ਸਾਡੇ ਲਈ ਕਰ ਦੁਆ,
    ਐ ਵੱਡੀ ਸ਼ਾਨ ਵਾਲੇ ਰਸੂਲ,
    ਯਿਸੂ ਦੇ ਪਿੱਛੇ ਚੱਲ ਪਿਆ।

    2. ਤੂੰ ਬੜ੍ਹੀ ਮਿਹਨਤ ਤੇ ਕੁਰਬਾਨੀਆਂ ਨਾਲ,
    ਯਿਸੂ ਨਾਂ ਫੈਲਾਅ ਦਿੱਤਾ,
    ਸਾਡੇ ਲਈ ਘਰ ਦੁਆ,
    ਐ ਜ਼ੋਰ ਭਰੇ ਰਸੂਲ ਸੰਤ ਜੂਦ,
    ਸਾਨੂੰ ਆਸ਼ੀਰਵਾਦ ਦੇ।

    3. ਜੋ ਕੋਈ ਤੇਰੇ ਦਰ ’ਤੇ ਆਵੇ
    ਖਾਲੀ ਕਦੇ ਨਾ ਜਾਵੇ,
    ਯਿਸੂ ਦੇ ਮਹਾਨ ਸੰਤ ਜੂਦ
    ਸਾਡੇ ਲਈ ਦੁਆ ਕਰ,
    ਮੁਸ਼ਕਿਲ ਕੰਮਾਂ ਦਾ ਮਦਦਗਾਰ,
    ਸਾਡੇ ਲਈ ਕਰ ਦੁਆ।

  • ---

    ਐ ਸੰਤਣੀ ਅਲਫ਼ੌਂਸਾ ਪਿਆਰੀ,
    ਯਿਸੂ ਕੋਲ ਤੂੰ ਕਰ ਲਈ ਤਿਆਰੀ।

    1. ਕੁਡਮਾਲੂਰ ਵਿੱਚ ਪੈਦਾ ਹੋਈ,
    ਜੋਸਫ਼ ਮੇਰੀ ਦੀ ਰਾਜ ਦੁਲਾਰੀ,
    ਸੂਰਤ ਉਸਦੀ ਸੀ ਲੱਗਦੀ ਪਿਆਰੀ,
    ਯਿਸੂ ਕੋਲ ਤੂੰ ਕਰ ਲਈ ਤਿਆਰੀ।

    2. ਘਰ ਮਾਸੀ ਦੇ ਪਰਵਰਿਸ਼ ਪਾਈ,
    ਨਾਲੇ ਯਿਸੂ ਦੇ ਪ੍ਰੀਤ ਲਗਾਈ,
    ਹੁਕਮ ਮਾਸੀ ਦਾ ਮੰਨਦੀ ਵਿਚਾਰੀ,
    ਯਿਸੂ ਕੋਲ ਤੂੰ ਕਰ ਲਈ ਤਿਆਰੀ।

    3. ਜਦ ਸ਼ਾਦੀ ਦੀ ਵਿਉਂਤ ਬਣਾਈ,
    ਸ਼ਕਲ ਅੱਗ ਨਾਲ ਭੈੜੀ ਬਣਾਈ,
    ਨਾਲ ਦੁੱਖਾਂ ਦੇ ਸੜਦੀ ਵਿਚਾਰੀ,
    ਯਿਸੂ ਕੋਲ ਤੂੰ ਕਰ ਲਈ ਤਿਆਰੀ।

    4. ਆਖ਼ਿਰ ਦਾਖ਼ਲ ਜਾ ਕੌਨਵੈਂਟ ਹੋਈ,
    ਅੱਗੇ ਯਿਸੂ ਦੇ ਕਰਦੀ ਅਰਜ਼ੋਈ,
    ਨੀਂਹ ਪਿਆਰ ਦੀ ਸੀ ਉਸਨੇ ਉਸਾਰੀ,
    ਯਿਸੂ ਕੋਲ ਤੂੰ ਕਰ ਲਈ ਤਿਆਰੀ।

    5. ਹੋਈ ਬਿਮਾਰ ਤੇ ਹੁਕਮ ਮਿਲਿਆ,
    ਘਰ ਜਾਣ ਦਾ ਖਤ ਬਿਸ਼ਪ ਦਾ ਪੜ੍ਹਿਆ,
    ਪੜ੍ਹ ਬਿਸ਼ਪ ਕੀਤੀ ਇਨਕੁਆਰੀ,
    ਯਿਸੂ ਕੋਲ ਤੂੰ ਕਰ ਲਈ ਤਿਆਰੀ।

    6. ਸੰਤ ਪਾਪਾ ਭਾਰਤ ਜਦ ਆਏ,
    ਧੰਨ ਹੋਣ ਦਾ ਪੈਗ਼ਾਮ ਸੁਣਾਏ,
    ਮਦਦ ਮੰਗੋ ਅਲਫ਼ੌਂਸਾ ਦੀ ਪਿਆਰੀ,
    ਯਿਸੂ ਕੋਲ ਤੂੰ ਕਰ ਲਈ ਤਿਆਰੀ।

    7. ਸਾਡੇ ਭਾਰਤ ਦੀ ਸੰਤਣੀ ਪਹਿਲੀ,
    ਦੁਖੀਆਂ ਲਈ ਉਹ ਸਿਫਾਰਿਸ਼ ਕਰਦੀ,
    ਦੁੱਖ ਝੱਲੇ ਸੀ, ਹਿੰਮਤੀ ਉਹ ਨਾਰੀ,
    ਯਿਸੂ ਕੋਲ ਤੂੰ ਕਰ ਲਈ ਤਿਆਰੀ।

    8. ਜੋ ਦਰ ਅਲਫ਼ੌਂਸਾ ਦੇ ਆਏ,
    ਉਹਦੀ ਮਦਦ ਨਾਲ ਸ਼ਿਫ਼ਾ ਉਹ ਪਾਏ,
    ਉਹਦੀ ਗਾਥਾ ਹੈ ਕਿੰਨੀ ਨਿਆਰੀ,
    ਯਿਸੂ ਕੋਲ ਤੂੰ ਕਰ ਲਈ ਤਿਆਰੀ।

  • ---

    ਐ ਸੰਤ ਤੇਰੇਜ਼ਾ ਬਾਲਕ ਯਿਸੂ ਦੀ,
    ਪਿਆਰ ਤੇਰਾ ਹੈ ਬੁਲਾਵਾ,
    ਪਿਆਰ ਕਰੀਏ ਦਿਲ ਤੋਂ ਸਭ ਨੂੰ,
    ਸਾਡੇ ਲਈ ਕਰ ਦੁਆ।

    1. ਨਿੱਕੀ ਉਮਰ ਵਿੱਚ ਨੇਕੀ ਕਮਾਈ,
    ਜ਼ਿੰਦਗੀ ਨਾਮ ਯਿਸੂ ਦੇ ਲਾਈ,
    ਸਾਰੀ ਉਮਰ ਤੂੰ ਕੀਤੀ ਭਲਾਈ,
    ਜੀਵਨ ਤੇਰੇ ਦੇ ਮੈਂ ਗੁੁਣ ਗਾਵਾਂ।

    2. ਯਿਸੂ ਨਾਲ ਪਿਆਰ ਤੂੰ ਪਾ ਕੇ,
    ਉਸਦੇ ਲਈ ਰੂਹਾਂ ਬਚਾ ਕੇ,
    ਵਾਰਿਸ ਅਸਮਾਨਾਂ ਦੀ ਬਣ ਗਈ,
    ਮੈਂ ਵੀ ਵਾਰਿਸ ਬਣਨਾ ਚਾਹਵਾਂ।

    3. ਗੁਲਾਬ ਦੇ ਫੁੱਲਾਂ ਦੀ ਵਰਖਾ ਕਰੇਂ,
    ਧਰਤੀ ਅਸੀਸਾਂ ਨਾਲ ਭਰੇਂ,
    ਧਰਮ ਪ੍ਰਚਾਰਕਾਂ ਦੀ ਮਦਦ ਵਾਸਤੇ
    ਅਸਮਾਨਾਂ ਵਿੱਚ ਵੀ ਕਰੇ ਸੇਵਾਵਾਂ।

    4. ਪ੍ਰਭੂ ਨੇ ਜਦ ਤੈਨੂੰ ਕੋਲ ਬੁਲਾਇਆ,
    ਛੋਟੇ ਫੁੱਲਾਂ ਨੂੰ ਉਸ ਉੱਚਾ ਉਠਾਇਆ,
    ਰੱਬੀ ਫ਼ਜ਼ਲ ਹਾਸਿਲ ਕਰ ਸਾਡੇ ਲਈ,
    ਤੇਰੇ ਅੱਗੇ ਮੈਂ ਅਰਜ਼ਾਂ ਗੁਜ਼ਾਰਾਂ।

  • ---

    ਪਾਦੂਆ ਦੇ ਮਹਾਨ ਸੰਤ ਐਨਥੋਨੀ,
    ਦੁਨੀਆ ’ਚ ਕੀਤੀ ਉਸ ਰੌਸ਼ਨੀ,
    ਚਮਤਕਾਰ ਵਾਲਾ, ਰੱਬ ਦਾ ਬੜਾ ਪਿਆਰਾ,
    ਨਾਮ ਉਹਦਾ ‘ਦੀਨਾਂ ਦਾ ਸਹਾਰਾ’।

    1. ਐਨਥਨੀ ਦਾ ਦਿਲ ਰਿਮੀਨੀ ਜਾ ਕੇ ਬੁਝਿਆ,
    ਇੱਕ ਵੀ ਵਿਸ਼ਵਾਸੀ, ਉਹਨੂੰ ਨਾ ਮਿਲਿਆ।
    ਮੱਛੀਆਂ ਨੂੰ ਬੁਲਾਇਆ, ਕਲਾਮ ਸੁਣਾਇਆ,
    ਤੌਬਾ ਕੀਤੀ ਲੋਕਾਂ, ਕੀਤਾ ਆਪ ਕਫ਼ਾਰਾ।

    2. ‘‘ਜਦੋਂ ਮੇਰਾ ਗਧਾ, ਗੋਡੇ ਟੇਕ ਦੇਵੇਗਾ’’,
    ਯਹੂਦੀ ਕਿਹਾ, ਯਿਸੂ ਨੂੰ ਮੈਂ ਮੰਨ ਲਵਾਂਗਾ।
    ਗਧਾ ਮੱਥਾ ਟੇਕੇ, ਯਹੂਦੀ ਖੜ੍ਹਾ ਵੇਖੇ,
    ਸੰਤ ਐਨਥਨੀ ਨੇ ਕੀਤਾ ਕੰਮ ਇਹ ਨਿਆਰਾ।

    3. ਲੋਯੋਨਾਰਡ ਆਪਣੀ ਮਾਂ ਦੇ ਲੱਤ ਮਾਰਕੇ,
    ਪਛਤਾਇਆ ਐਨਥਨੀ ਦੇ ਕੋਲ ਆਣਕੇ।
    ਚੁੱਕ ਕੇ ਕੁਹਾੜੀ, ਪੈਰ ਉੱਤੇ ਮਾਰੀ,
    ਕੱਟਿਆ ਪੈਰ, ਐਨਥਨੀ ਨੇ ਲੱਤ ਨਾਲ ਜੋੜਿਆ।

  • ---

    ਦੁੱਖ ਤਸੀਹੇ ਸਹਿ ਕੇ, ਪੱਕੇ ਇਮਾਨ ’ਤੇ ਰਹਿ ਕੇ,
    ਸੰਤ ਸੇਬਾਸਟਿਅਨ ਹੋਇਆ ਕੁਰਬਾਨ,
    ਕੌਮ ਦੇ ਸ਼ਹੀਦਾਂ ਵਿੱਚ ਪਾਕ ਉਹਦਾ ਨਾਂ।

    1. ਜ਼ਾਲਮਾਂ ਨੇ ਤੀਰਾਂ ਨਾਲ ਵਿੰਨਿ੍ਹਆਂ ਜ਼ਰੂਰ ਸੀ,
    ਪਰ ਉਹਦੀ ਲਗਨ, ਸੱਚੇ ਰੱਬ ਦੇ ਹਜ਼ੂਰ ਸੀ।
    ਰੱਬ ਨੇ ਸਬਰ ਦਿੱਤਾ, ਨਾਲੇ ਬਖ਼ਸ਼ੀ ਜਾਨ,
    ਕੌਮ ਦੇ ਸ਼ਹੀਦਾਂ ਵਿੱਚ ਪਾਕ ਉਹਦਾ ਨਾਂ।

    2. ਅਸੀਂ ਤੇਰੇ ਰਾਹਾਂ ਉੱਤੇ, ਚੱਲ ਕੇ ਵਿਖਾਵਾਂਗੇ,
    ਕੌਮ ਉੱਤੋਂ ਹੱਸ, ਕੁਰਬਾਨ ਹੋ ਜਾਵਾਂਗੇ।
    ਕਾਇਮ ਹੈ ਰੱਖਣੀ, ਸ਼ਹੀਦੀਆਂ ਦੀ ਸ਼ਾਨ,
    ਕੌਮ ਦੇ ਸ਼ਹੀਦਾਂ ਵਿੱਚ ਪਾਕ ਉਹਦਾ ਨਾਂ।

    3. ਜੀਵਨ ਬਚਾਏ ਰਾਹ, ਯਿਸੂ ਦਾ ਵਿਖਾ ਕੇ,
    ਬਣੇ ਵਿਸ਼ਵਾਸੀ ਕਈ, ਪਾਪ ਬਖ਼ਸ਼ਾ ਕੇ।
    ਆਓ ਉਹਦੇ ਵਰਗਾ, ਬਣਾਈਏ ਇਮਾਨ,
    ਕੌਮ ਦੇ ਸ਼ਹੀਦਾਂ ਵਿੱਚ ਪਾਕ ਉਹਦਾ ਨਾਂ।

  • ---

    ਸੰਤ ਪਾਇਸ ਤੂੰ ਮਹਾਨ ਹੈਂ,
    ਤੇਰੀ ਸਿਫ਼ਾਰਿਸ਼ ਵੀ ਮਹਾਨ ਹੈ।

    1. ਪੂਰੀ ਕਲੀਸੀਆ ਦੀ ਕੀਤੀ ਅਗਵਾਈ,
    ਪੂਰੀ ਜ਼ਿੰਦਗੀ ਯਿਸੂ ਦੇ ਲੇਖੇ ਤੂੰ ਲਾਈ,
    ਉੱਚਾ ਸਵਰਗਾਂ ’ਚ ਤੇਰਾ ਸਥਾਨ ਹੈ,
    ਤੇਰੀ ਸਿਫ਼ਾਰਿਸ਼ ਵੀ ਮਹਾਨ ਹੈ।

    2. ਪਾਕ ਸ਼ਰਾਕਤ ਵਿੱਚ ਯਿਸੂ ਨੂੰ ਪਾਇਆ,
    ਇਹੋ ਹੀ ਇਮਾਨ ਸਾਰੇ ਜੱਗ ਨੂੰ ਸਿਖਾਇਆ,
    ਕੈਥੋਲਿਕ ਇਮਾਨ ਸੱਚਾ ਇਮਾਨ ਹੈ,
    ਤੇਰੀ ਸਿਫ਼ਾਰਿਸ਼ ਵੀ ਮਹਾਨ ਹੈ।

    3. ਪ੍ਰਭੂ ਯਿਸੂ ਤੋਂ ਸਾਨੂੰ ਬਰਕਤਾਂ ਦਿਵਾ ਦੇ,
    ਮੂੰਹੋਂ ਮੰਗੀਆਂ ਮੁਰਾਦਾਂ ਪੂਰੀਆਂ ਕਰਾਦੇ,
    ਸੰਤਾਂ ਵਿੱਚ ਵੱਡੀ ਤੇਰੀ ਸ਼ਾਨ ਹੈ,
    ਤੇਰੀ ਸਿਫ਼ਾਰਿਸ਼ ਵੀ ਮਹਾਨ ਹੈ।

  • ---

    ਐ ਮਹਾਨ ਮਦਰ ਤੇਰੇਸਾ,
    ਯਿਸੂ ਦੀ ਹੈ ਤੂੰ ਪਿਆਰੀ।

    1. ਤੇਰਾ ਪਿਆਰ ਹੈ ਜਗਤ ਨਾਲ,
    ਦੁਨੀਆ ਤੋਂ ਬੜ੍ਹਾ ਹੈ ਆਲਾ,
    ਦੁਖੀਆਂ ਨੂੰ ਗਲੇ ਤੂੰ ਲਾਇਆ,
    ਬਣੀ ਸਭ ਦੀ ਮਦਦ ਤੂੰ ਭਾਰੀ।

    2. ਹਿੰਦੂ ਮੁਸਲਿਮ ਜਾਂ ਸਿੱਖ ਇਸਾਈ,
    ਮਾਂ ਦੀ ਮਮਤਾ ਸਭ ਨੂੰ ਦਿਖਾਈ,
    ਕੀਤਾ ਫਰਕ ਨਾ ਕਿਸੇ ਨਾਲ,
    ਬਣੀ ਮਾਂ ਤੂੰ ਸਭ ਪਿਆਰੀ।

    3. ਕੀਤਾ ਹੁਕਮ ਖ਼ੁਦਾ ਦਾ ਪੂਰਾ,
    ਕੰਮ ਛੱਡਿਆ ਨਹੀਂ ਅਧੂਰਾ,
    ਰਹੀ ਜ਼ਖ਼ਮਾਂ ਨੂੰ ਸਾਫ਼ ਕਰਦੀ,
    ਹੋ ਗਈ ਖ਼ੁਦਾ ਨੂੰ ਪਿਆਰੀ।

  • ---

    ਐ ਥੋਮਾ ਰਸੂਲ, ਸੰਤ ਤੂੰ ਭਾਰਤ ਦਾ
    ਸਾਨੂੰ ਮਾਣ ਹੈ ਤੇਰੀ ਸ਼ਹਾਦਤ ਦਾ,
    ਕਰੀਏ ਅਰਜ਼ਾਂ ਹੱਥ ਬੰਨ੍ਹ ਅਸੀਂ,
    ਸਾਨੂੰ ਘੱਲਦੇ ਜਵਾਬ ਇਬਾਦਤ ਦਾ।

    1. ਗੋਂਡਾਫੋਰਸ ਨੇ ਬੁਲਾਇਆ ਸੀ,
    ਤਦ ਤੂੰ ਪੰਜਾਬ ’ਚ ਆਇਆ ਸੀ,
    ਤਨ-ਮਨ ਦੇ ਨਾਲ ਮਸੀਹਤ ਦਾ,
    ਲੋਕਾਂ ਨੂੰ ਪੈਗ਼ਾਮ ਸੁਣਾਇਆ ਸੀ,
    ਰਾਜੇ ਦੀ ਸੇਵਾ ਵਿੱਚ ਰਹਿ ਕੇ,
    ਦਿੱਤਾ ਖੂਬ ਸਿਲਾ ਉਹਦੀ ਦਾਅਵਤ ਦਾ।

    2. ਪੰਜਾਬ ਤੋਂ ਚਲਕੇ ਦੱਖਣ ਆਇਆ,
    ਡੇਰਾ ਆਣ ਪਹਾੜੀ ’ਤੇ ਲਾਇਆ,
    ਇੱਥੋਂ ਵਚਨ ਖ਼ੁਦਾ ਦਾ ਦੋ ਪਾਸੇ,
    ਘਰ ਘਰ ਵਿੱਚ ਜਾ ਫੈਲਾਇਆ,
    ਸਿਰਫਿਰੇ ਸ਼ੈਤਾਨ ਦੇ ਦੂਤ ਹੱਥ,
    ਪੀਤਾ ਫਿਰ ਸੀ ਜ਼ਾਮ ਸ਼ਹਾਦਤ ਦਾ।

    3. ਰਹੇ ਸਾਡੇ ਦਿਲਾਂ ਵਿੱਚ ਖਿਆਲ ਤੇਰਾ,
    ਦਰਜਾ ਸਾਡੇ ਲਈ ਖ਼ਾਸ ਤੇਰਾ,
    ਅਸੀਂ ਮੰਗੀਏ ਦੁਆ ਸਾਡੀ ਰੂਹ ਅੰਦਰ,
    ਬਣਿਆ ਇਹ ਰਹੇ ਅਹਿਸਾਸ ਤੇਰਾ,
    ਯਿਸੂ ਕੋਲ ਸਿਫਾਰਿਸ਼ ਕਰ ਸਾਡੀ,
    ਸਾਹ ਆ ਜਾਵੇ ਸਾਨੂੰ ਰਾਹਤ ਦਾ।

  • ---

    ਯਿਸੂ ਵਿੱਚ ਰਸੂਲਾਂ ਪਤਰਸ ਨੂੰ
    ਸਰਦਾਰ ਬਣਾਇਆ ਏ,
    ਉਹਨੂੰ ਰੁਤਬਾ ਬਖ਼ਸ਼ਿਆ ਆਹਲਾ
    ਗੱਦੀ ’ਤੇ ਬਿਠਾਇਆ ਏ।

    1. ਤੇਰਾ ਪਤਰਸ ਨਾਮ ਸਦਾਵਾਂ,
    ਤੇ ਉਸਾਰਨਯੋਗ ਬਣਾਵਾਂ,
    ਤੂੰ ਤਾਂ ਪੱਥਰ ਹੈ ਬੁਨਿਆਦੀ,
    ਯਿਸੂ ਨੇ ਫਰਮਾਇਆ ਏ।

    2. ਮੇਰਾ ਇੱਜੜ ਖੂਬ ਚਰਾਈਂ,
    ਲੇਲੇ ਤੇ ਭੇਡਾਂ ਤਾਈਂ,
    ਢਾਂਗਾ ਪਤਰਸ ਹੱਥ ਅਯਾਲੀ
    ਯਿਸੂ ਨੇ ਫੜ੍ਹਾਇਆ ਏ।

    3. ਉਹਨਾਂ ਲੋਕਾਂ ਦੀ ਮੱਤ ਮਾਰੀ,
    ਜਿਹੜੇ ਪਤਰਸ ਤੋਂ ਇਨਕਾਰੀ,
    ਵੇਖੋ ਵਿੱਚ ਕਲਾਮ ਇਲਾਹੀ,
    ਯਿਸੂ ਨੇ ਫਰਮਾਇਆ ਏ।

    4. ਤੇਰੇ ਕਰਾਂਗਾ ਮੈਂ ਹਵਾਲੇ,
    ਜੰਨਤ ਦੀਆਂ ਕੁੰਜੀਆਂ ਤਾਲੇ,
    ਜੋ ਕਹੋ ਧਰਤੀ ਹੋ ਜਾਊ ਸਵਰਗੀ,
    ਯਿਸੂ ਨੇ ਫਰਮਾਇਆ ਏ।