ਜ਼ਬੂਰ | Psalms

ਭਜਨ ਮਾਲਾ ਦਾ ਇਹ ਪਹਿਲਾ ਹਿੱਸਾ ਹੈ। ਇਸ ਵਿੱਚ ਪਹਿਲੀ ਵਾਰ ਸਾਰੇ 150 ਜ਼ਬੂਰਾਂ ਨੂੰ ਸ਼ਾਮਿਲ ਕੀਤਾ ਗਿਆ ਹੈ।


  • ---

    1. ਉਹ ਧੰਨ ਹੈ ਜੋ ਨਾ ਮੰਨਦਾ ਹੈ, ਸਲਾਹ ਸ਼ਰੀਰਾਂ ਦੀ,
    ਨਾ ਤੁਰਦਾ-ਏ ਉਹ ਬੁਰਿਆਂ ਦੇ, ਰਾਹ ਉੱਤੇ ਕਦੀ ਵੀ।

    2. ਮਖ਼ੌਲੀਆਂ ਦੇ ਜਲਸੇ ਵਿੱਚ ਨਾ ਕਦੀ ਬਹਿੰਦਾ ਏ,
    ਪਰ ਦਿਨੇ ਰਾਤੀਂ ਸ਼ਰ੍ਹਾ ਨੂੰ ਉਹ ਸੋਚਦਾ ਰਹਿੰਦਾ ਏ।

    3. ਹਾਲ ਉਹਦਾ ਏ ਉਸ ਬੂਟੇ ਵਾਂਗ, ਜੋ ਲੱਗਾ ਪਾਣੀ ’ਤੇ
    ਫਲ਼ ਆਪਣੇ ਵੇਲੇ ਦੇਵੇਗਾ, ਨਾ ਪੱਤਰ ਸੁੱਕਣਗੇ।

    4. ਉਹ ਆਪਣੇ ਸਾਰੇ ਕੰਮਾਂ ਵਿੱਚ ਫ਼ਲਦਾਇਕ ਹੋਵੇਗਾ,
    ਪਰ ਤੂੜੀ ਵਾਂਗਰ ਵਾਅਦੇ ਨਾਲ
    ਬਦਕਾਰ ਉੱਡ ਜਾਵੇਗਾ।

    5. ਸ਼ਰੀਰ ਤੇ ਵਿੱਚ ਕਚਹਿਰੀ ਦੇ ਖਲੋ ਨਾ ਸਕਣਗੇ,
    ਤੇ ਮੰਡਲੀ ਵਿੱਚ ਸਚਿਆਰਾਂ ਦੀ
    ਬਦਕਾਰ ਨਾ ਠਹਿਰਨਗੇ।

    6. ਕਿਉਂ ਜੋ ਖ਼ੁਦਾਵੰਦ ਪਾਕ ਖ਼ੁਦਾ,
    ਰਾਹ ਜਾਣਦਾ ਸਾਦਿਕ ਦਾ,
    ਪਰ ਰਾਹ ਜੋ ਹੈ ਸ਼ਰੀਰਾਂ ਦਾ ਸੋ ਉੱਡ–ਪੁੱਡ ਜਾਵੇਗਾ।

  • ---

    1. ਹੈ ਕਯਾ ਹੀ ਮੁਬਾਰਿਕ ਉਹੋ ਆਦਮੀ,
    ਸਲਾਹ ’ਤੇ ਸ਼ਰੀਰਾਂ ਦੀ ਚੱਲਦਾ ਨਹੀਂ।

    2. ਨਾ ਬੁਰਿਆਂ ਦੇ ਰਾਹ ਉੱਤੇ ਰਹਿੰਦਾ ਖੜ੍ਹਾ,
    ਮਖ਼ੌਲੀਆਂ ਦੀ ਝੁੰਡੀ ਵਿੱਚ ਨਾ ਬੈਠਦਾ।

    3 ਖ਼ੁਦਾ ਦੀ ਸ਼ਰੀਅਤ ਦੇ ਵਿੱਚ ਹੈ ਮਗਨ,
    ਹੈ ਦਿਨ ਰਾਤ ਓਸੇ ਦੀ ਉਹਨੂੰ ਲਗਨ।

    4. ਉਹ ਉਸ ਬੂਟੇ ਵਾਂਗਰ ਹੈ ਰਹਿੰਦਾ ਹਰਾ,
    ਜੋ ਨਹਿਰ ਦੇ ਉੱਤੇ ਹੈ ਲੱਗਿਆ ਹੋਇਆ।

    5. ਉਹ ਫਲ਼ ਦਿੰਦਾ ਹੈ ਆਪਣੇ ਵੇਲੇ ਸੇਤੀ,
    ਨਾ ਸੁੱਕਦਾ ਕੋਈ ਉਹਦਾ ਪੱਤਰ ਕਦੀ।

    6. ਉਹ ਸਭ ਆਪਣੇ ਕੰਮਾਂ ਦੇ ਵਿੱਚ ਹੈ ਭਲਾ,
    ਤੇ ਰਹਿੰਦਾ ਏ ਫੁੱਲਦਾ ਤੇ ਫਲ਼ਦਾ ਸਦਾ।

    7. ਅਜਿਹਾ ਨਹੀਂ ਪਰ ਸ਼ਰੀਰਾਂ ਦਾ ਹਾਲ,
    ਉਹ ਉੱਡ ਜਾਂਦੇ ਭੋਹ ਉੱਡਦਾ ਜਿਉਂ ਵਾਅ ਦੇ ਨਾਲ।

    8. ਅਦਾਲਤ ਦੇ ਥਾਂ ਨਾ ਖਲੋਵਣ ਬਦਕਾਰ,
    ਨਾ ਬਦ ਉੱਥੇ ਠਹਿਰਨ ਜਿੱਥੇ ਹੋਣ ਸਚਿਆਰ।

    9. ਖ਼ੁਦਾ ਸੱਚਿਆਂ ਦਾ ਹੈ ਰਾਹ ਜਾਣਦਾ,
    ਸ਼ਰੀਰਾਂ ਦਾ ਰਾਹ ਨਾਸ਼ ਹੋ ਜਾਵੇਗਾ।

  • ---

    ਲੋਕ ਕਾਹਦੇ ਲਈ ਪਾਂਦੇ ਡੰਡ, ਸਰਦਾਰ ਤੇ ਸਭ ਬਾਦਸ਼ਾਹ,
    ਮਸੀਹ ਤੇ ਰੱਬ ਦੀ ਜਿਦ ਦੇ ਵਿੱਚ, ਕਿਉਂ ਕਰਦੇ ਹਨ ਸਲਾਹ?

    1. ਉਹ ਰਲਕੇ ਕਹਿੰਦੇ, ਆਓ ਬੰਦ ਉਹਨਾਂ ਦੇ ਖੋਲ੍ਹਾਂਗੇ,
    ਉਹਨਾਂ ਦੀ ਰੱਸੀ ਆਪਣੇ ਤੋਂ, ਤਰੋੜਕੇ ਸੁੱਟਾਂਗੇ।

    2. ਅਸਮਾਨ ’ਤੇ ਜੋ ਬੈਠਾ ਹੈ, ਉਹਨਾਂ ’ਤੇ ਹੱਸੇਗਾ,
    ਰੱਬ ਉਹਨਾਂ ਨੂੰ ਮਖੌਲਾਂ ਨਾਲ, ਹੁਣ ਆਪ ਉਡਾਵੇਗਾ।

    3. ਤਦ ਗੁੱਸੇ ਹੋ ਕੇ ਉਹਨਾਂ ਨੂੰ, ਕਰੇਗਾ ਪਰੇਸ਼ਾਨ,
    ਤੇ ਗੁੱਸੇ ਦੇ ਵਿੱਚ ਉਹਨਾਂ ਨੂੰ, ਇਹ ਕਰੇਗਾ ਫ਼ਰਮਾਨ।

    4. ਸਿਓਨ ਦੇ ਪਾਕ ਪਹਾੜ ’ਤੇ ਮੈਂ, ਬਿਠਾਇਆ ਆਪਣਾ ਸ਼ਾਹ,
    ਖ਼ੁਦਾਵੰਦ ਦਾ ਫ਼ਰਮਾਨ ਜੋ ਹੈ, ਮੈਂ ਉਹ ਸੁਣਾਵਾਂਗਾ।

    5. ਤੂੰ ਬੇਟਾ ਮੇਰਾ ਅੱਜ ਤੋਂ ਹੈਂ, ਬਾਪ ਤੇਰਾ ਈ ਮੈਂ ਹਾਂ,
    ਤੂੰ ਮੈਥੋਂ ਮੰਗ ਤੇ ਤੈਨੂੰ ਮੈਂ, ਸਭ ਕੌਮਾਂ ਦਿਆਂਗਾ।

    6 ਤੇ ਕੁੱਲ ਜ਼ਮੀਨ ਦੇ ਹਿੱਸੇ ਵੀ, ਮੈਂ ਤੈਨੂੰ ਦਿਆਂਗਾ,
    ਉਹਨਾਂ ਨੂੰ ਲੋਹੇ ਦੇ ਸੋਟੇ ਨਾਲ, ਤੂੰ ਆਪ ਤਰੋੜੇਂਗਾ।

    7 ਘੁਮਿਆਰ ਦੇ ਭਾਂਡੇ ਵਾਂਗਰ ਤੂੰ, ਭੰਨੇਂਗਾ ਉਹਨਾਂ ਨੂੰ,
    ਸਭ ਬਦਸ਼ਾਹੋ ਤੇ ਮੁਨਸਿਫ਼ੋ, ਮੰਨੋ ਨਸੀਹਤ ਨੂੰ।

    8. ਡਰ ਨਾਲ ਖ਼ੁਦਾ ਦੀ ਬੰਦਗੀ, ਖੌਫ਼ ਨਾਲ ਕਰੋ ਖ਼ੁਸ਼ੀ,
    ਬੇਟੇ ਨੂੰ ਚੁੰਮੋ, ਤਾਂ ਰਾਹ ਵਿੱਚ, ਨਾ ਹੋਵੋ ਫ਼ਨਾਹ ਵੀ।

    9. ਕਿਉਂਜੋ ਹੁਣ ਕਹਿਰ ਖ਼ੁਦਾਵੰਦ ਦਾ, ਛੇਤੀ ਨਾਲ ਭੜਕੇਗਾ,
    ਉਹ ਜਿਹੜੇ ਉਸ ’ਤੇ ਰੱਖਦੇ ਆਸ, ਮੁਬਾਰਿਕ ਹਨ ਸਦਾ।

  • ---

    1. ਜੋਸ਼ ਵਿੱਚ ਕੌਮਾਂ ਹੋਈਆਂ ਕਿਉਂ ਬੇਹਾਲ,
    ਲੋਕੀ ਕਿਉਂ ਕਰਦੇ ਰਹਿੰਦੇ ਝੂਠੇ ਖਿਆਲ?

    2. ਬਾਦਸ਼ਾਹ ਜੰਗ ਕਰਦੇ ਹੋ ਤਿਆਰ,
    ਆਪੋ ਵਿੱਚ ਮਿਲਕੇ ਬਹਿੰਦੇ ਸਭ ਸਰਦਾਰ।

    3. ਹਾਂ ਖ਼ੁਦਾਵੰਦ ਤੇ ਮਸੀਹ ਉੱਤੇ,
    ਜੋੜਦੇ ਰਹਿੰਦੇ ਝੂਠੇ ਮਨਸੂਬੇ।

    4. ਉਹਨਾਂ ਦੇ ਬੰਦ ਤੋੜ ਦੇਈਏ ਅਸੀਂ,
    ਰੱਸੀ ਆਪਣੇ ਤੋਂ ਖੋਲ੍ਹ ਦੇਈਏ ਅਸੀਂ।

    5. ਰੱਬ ਜੋ ਅਸਮਾਨਾਂ ਉੱਤੇ ਬੈਠਾ ਏ,
    ਇਹਨਾਂ ਮਨਸੂਬਿਆਂ ’ਤੇ ਹੱਸਦਾ ਏ।

    6. ਠੱਠੇ ਵਿੱਚ ਉਹਨਾਂ ਨੂੰ ਉਡਾਵੇਗਾ,
    ਆਪਣਾ ਗੁੱਸਾ ਫਿਰ ਉਹ ਵਿਖਾਵੇਗਾ।

    7. ਉਹਨਾਂ ਦੇ ਨਾਲ ਹੋ ਕੇ ਬਹੁਤ ਖਫ਼ਾ,
    ਵਿੱਚ ਪਰੇਸ਼ਾਨੀ ਦੇ ਉਹ ਸੁੱਟੇਗਾ।

    8. ਬਾਦਸ਼ਾਹ ਆਪਣਾ ਮੈਂ ਬਿਠਾਇਆ ਏ,
    ਤਖ਼ਤ ਸਿਓਨ ਵਿੱਚ ਵਿਛਾਇਆ ਏ।

  • ---

    9. ਹੁਕਮ ਜੋ ਹੈ ਮੈਂ ਉਹ ਸੁਣਾਵਾਂਗਾ,
    ਮੇਰੀ ਬਾਬਤ ਖ਼ੁਦਾ ਨੇ ਫ਼ਰਮਾਇਆ।

    10. ਮੇਰਾ ਬੇਟਾ ਹੈਂ ਤੂੰ ਮੇਰਾ ਬੇਟਾ,
    ਅੱਜ ਦੇ ਦਿਨ ਤੋਂ ਮੈਂ ਤੇਰਾ ਬਾਪ ਹੋਇਆ।

    11. ਮੰਗ ਮੈਥੋਂ ਕਿ ਸਭਨਾਂ ਕੌਮਾਂ ਦਾ,
    ਤੈਨੂੰ ਮਾਲਿਕ ਮੈਂ ਹੁਣ ਬਣਾਵਾਂਗਾ।

    12. ਤੈਨੂੰ ਮੈਂ ਦੇ ਦਿਆਂ ਜ਼ਮੀਨ ਸਾਰੀ,
    ਤੋੜੇਂਗਾ ਲੈ ਕੇ ਲੋਹੇ ਦੀ ਲਾਠੀ।

    13. ਭਾਂਡੇ ਘੁਮਿਆਰ ਦੇ ਜਿਵੇਂ ਟੁੱਟਦੇ,
    ਐਸੇ ਉਹ ਚਕਨਾਚੂਰ ਹੋਵਣਗੇ।

    14. ਬਾਦਸ਼ਾਹੋ, ਤੁਸੀਂ ਹੋ ਹੁਣ ਹੁਸ਼ਿਆਰ,
    ਮੁਨਸਿਫ਼ੋ, ਸਿੱਖਣ ਨੂੰ ਹੋ ਤਿਆਰ।

    15. ਡਰਦਿਆਂ ਬੰਦਗੀ ਕਰੋ ਰੱਬ ਦੀ,
    ਕੰਬਦਿਆਂ–ਕੰਬਦਿਆਂ ਕਰੋ ਵੀ ਖ਼ੁਸ਼ੀ।

    16. ਬੇਟੇ ਨੂੰ ਚੁੰਮੋ ਤਾਂ ਨਾ ਹੋਵੇ ਖ਼ਫ਼ਾ,
    ਰਸਤੇ ਦੇ ਵਿੱਚ ਤੁਸੀਂ ਨਾ ਹੋਵੋ ਫ਼ਨਾਹ।

    17. ਜਦ ਅਚਾਨਕ ਉਹ ਹੋਵੇ ਗੁੱਸੇਵਾਰ,
    ਉਹਦੇ ਗੁੱਸੇ ਦੇ ਬਲ਼ਣਗੇ ਭਾਂਬੜ।

    18. ਹੈ ਮੁਬਾਰਿਕ ਮਨੁੱਖ ਉਹ ਸਦਾ,
    ਜਿਹੜਾ ਉਸ ਉੱਤੇ ਆਸਰਾ ਰੱਖਦਾ।

  • ---

    1. ਉਹ ਕਿੱਡੇ ਵੱਡੇ, ਐ ਖ਼ੁਦਾ, ਜੋ ਦੁਸ਼ਮਣ ਮੇਰੇ ਹਨ,
    ਜੋ ਮੇਰੇ ਵੈਰ ਵਿੱਚ ਉੱਠਦੇ ਹਨ ਸੋ ਉਹ ਬਥੇਰੇ ਹਨ ।

    2. ਜਾਨ ਮੇਰੀ ਵਲੋਂ ਕਰਦੇ ਹਨ ਬਥੇਰੇ ਇਹੋ ਬਾਤ,
    ਖ਼ੁਦਾਵੰਦ ਉਸਨੂੰ ਕਦੀ ਵੀ ਨਾ ਦੇਵੇਗਾ ਨਜਾਤ।

    3. ਪਰ ਮੇਰੇ ਵਾਸਤੇ ਤੂੰ ਹੀ ਹੈਂ ਇੱਕ ਢਾਲ, ਖ਼ੁਦਾਵੰਦਾ,
    ਤੂੰ ਮੇਰੀ ਇੱਜ਼ਤ, ਮੈਨੂੰ ਹੁਣ ਤੂੰ ਆਪ ਵਧਾਵੇਂਗਾ।

    4. ਜਦ ਉੱਚੀ ਕਰਨਾ ਹਾਂ ਆਵਾਜ਼ ਮੈਂ ਤਰਫ਼ ਖ਼ੁਦਾਵੰਦ ਦੀ,
    ਉਹ ਆਪਣੇ ਪਾਕ ਪਹਾੜ ਉੱਤੋਂ ਆਵਾਜ਼ ਸੁਣੇਗਾ ਵੀ।

    5. ਮੈਂ ਲੰਮਾ ਪੈ ਕੇ ਸੌਂ ਰਿਹਾ ਆਰਾਮ ਤੇ ਖ਼ੁਸ਼ੀਆਂ ਨਾਲ,
    ਜਾਗ ਉੱਠਿਆ ਮੈਂ, ਜੋ ਮੈਨੂੰ ਰੱਬ, ਆਪ ਲੈਂਦਾ ਹੈ ਸੰਭਾਲ।

    6. ਨਾ ਮੈਨੂੰ ਡਰ ਕੁਝ ਹੋਵੇਗਾ, ਜੇ ਲੋਕੀਂ ਦਸ ਹਜ਼ਾਰ,
    ਇਕੱਠੇ ਹੋ ਕੇ ਮੇਰੇ ਨਾਲ ਹੋਣ ਲੜਨ ਨੂੰ ਤਿਆਰ।

    7. ਉੱਠ ਤਾਂਹ, ਖ਼ੁਦਾਵੰਦ ਮੇਰੇ ਰੱਬ ਬਚਾਅ ਹੁਣ ਮੈਨੂੰ ਤੂੰ,
    ਤਮਾਚੇ ਤੂੰ ਹੀ ਮਾਰੇ ਹਨ, ਸਭ ਦੂਤੀ ਵੈਰੀ ਨੂੰ।

    8. ਦੰਦ ਤੂੰ ਏਂ ਆਪ ਤਰੋੜੇ ਹਨ, ਚੰਡਾਲ ਸ਼ਰੀਰਾਂ ਦੇ,
    ਨਜਾਤ ਹੈ ਤੇਥੋਂ, ਬਰਕਤ ਵੀ ਹੈ ਤੇਰੇ ਲੋਕਾਂ ’ਤੇ।

  • ---

    1. ਜਦੋਂ ਤੈਨੂੰ ਪੁਕਾਰਾਂ ਮੈਂ ਤੂੰ ਸੁਣ, ਸੱਚਿਆਈ ਦੇ ਰੱਬਾ,
    ਮੇਰਾ ਦੁੱਖ ਦੂਰ ਕੀਤਾ ਤੂੰ, ਦੁਆ ਸੁਣ, ਰਹਿਮ ਵੀ ਫਰਮਾ।

    2. ਤੁਸੀਂ ਲੋਕੋ ਮੇਰੀ ਇੱਜ਼ਤ ਕਰੋਗੇ ਖ਼ੁਆਰ ਕਦ ਤੀਕਰ?
    ਰੱਖੋਗੇ ਝੂਠ ਨੂੰ ਪਿਆਰਾ, ਚੱਲੋਗੇ ਝੂਠ ਦੇ ਰਾਹ ਪਰ?

    3. ਯਕੀਨ ਜਾਣੋ ਕਿ ਚੁਣਿਆਂ ਏ, ਖ਼ੁਦਾ ਨੇ ਦੀਨਦਾਰਾਂ ਨੂੰ,
    ਜਦ ਉਸ ਨੂੰ ਮੈਂ ਪੁਕਾਰਾਂਗਾ, ਸੁਣੇਗਾ ਉਹ ਪੁਕਾਰਾਂ ਨੂੰ।

    4. ਨਾ ਜਾਣਾ ਪਾਪ ਦੇ ਨੇੜੇ ਪਰ ਉਸ ਤੋਂ ਕੰਬਦੇ ਰਹਿਣਾ,
    ਤੇ ਆਪਣੇ ਬਿਸਤਰੇ ਉੱਤੇ ਦਿਲਾਂ ਵਿੱਚ ਸੋਚ ਚੁੱਪ ਰਹਿਣਾ।

    5. ਚੜ੍ਹਾਓ ਸੱਚ ਦੀ ਕੁਰਬਾਨੀ, ਤੇ ਰੱਖੋ ਆਸਰਾ ਰੱਬ ਦਾ,
    ਬਥੇਰੇ ਕਹਿੰਦੇ, ਸਾਨੂੰ ਕੋਣ ਚੰਗੀ ਸ਼ੈ ਵਿਖਾਵੇਗਾ।

    6. ਖ਼ੁਦਾਇਆ, ਆਪਣੇ ਚਿਹਰੇ ਦਾ ਅਸਾਡੇ ਉੱਤੇ ਚਾਨਣ ਕਰ,
    ਮੈਂ ਖ਼ੁਸ਼ ਹਾਂ ਉਨ੍ਹਾਂ ਤੋਂ ਵਧਕੇ, ਜੋ ਖ਼ੁਸ਼ ਹਨ ਆਪਣੀ ਦੌਲਤ ਪਰ।

    7. ਮੈਂ ਸੌਂ ਜਾਵਾਂਗਾ ਨਿਸ਼ਚੇ ਨਾਲ ਜਦੋਂ ਮੈਂ ਲੇਟ ਜਾਵਾਂਗਾ,
    ਕਿ ਤੂੰ ਏਂ ਬਖ਼ਸ਼ਿਆ ਆਰਾਮ ਹੁਣ ਮੈਨੂੰ, ਐ ਖ਼ੁਦਾਵੰਦਾ।

  • ---

    ਜੋ ਮੇਰੇ ਮੂੰਹ ਦੀਆਂ ਗੱਲਾਂ ਤੂੰ ਸੁਣ ਲੈ, ਐ ਖ਼ੁਦਾਵੰਦਾ,
    ਜੋ ਮੇਰੇ ਦਿਲ ਦੀਆਂ ਸੋਚਾਂ ਧਿਆਨ ਉਹਨਾਂ ’ਤੇ ਆਪਣਾ ਲਾ।

    1. ਤੂੰ ਮੇਰਾ ਬਾਦਸ਼ਾਹ, ਰੱਬ, ਹੈਂ ਸੁਣੀਂ ਸਭ ਮੇਰੀਆਂ ਫਰਿਆਦਾਂ,
    ਦੁਆਵਾਂ ਆਪਣੀਆਂ ਤੇਥੋਂ ਮੈਂ ਮਿੰਨਤਾਂ ਨਾਲ ਮੰਗਦਾ ਹਾਂ।

    2. ਮੇਰੀ ਆਵਾਜ਼ ਫ਼ਜਰੇ ਨੂੰ ਸੁਣੇਂਗਾ ਤੂੰ, ਖ਼ੁਦਾਵੰਦਾ,
    ਤਿਆਰੀ ਕਰਕੇ ਫ਼ਜਰੇ ਨੂੰ ਮੈਂ ਤੇਰਾ ਰਾਹ ਉਡੀਕਾਂਗਾ।

    3. ਕਿ ਤੂੰ ਨਾ ਉਹ ਖ਼ੁਦਾਵੰਦ ਹੈਂ ਜੋ ਬੁਰਿਆਈ ਤੋਂ ਖ਼ੁਸ਼ ਹੋਵੇ,
    ਸ਼ਰਾਰਤ ਕਰਨ ਵਾਲੇ ਸਭ ਨਾ ਤੇਰੇ ਕੋਲ ਠਹਿਰਨਗੇ।

    4. ਕਦੀ ਵੀ ਸਾਹਮਣੇ ਤੇਰੇ ਨਾ ਸ਼ੇਖੀਬਾਜ਼ ਠਹਿਰੇਗਾ,
    ਤੂੰ ਘਿਣ ਤੇ ਦੁਸ਼ਮਣੀ ਰੱਖਦਾ ਅਜਿਹਾਂ ਤੋਂ ਖ਼ੁਦਾਵੰਦਾ।

    5. ਕਰੇਂਗਾ ਭਸਮ ਉਹਨਾਂ ਨੂੰ ਜਿਨ੍ਹਾਂ ਦੀ ਝੂਠ ਆਦਤ ਹੈ,
    ਦਗ਼ਾਬਾਜ਼ਾਂ ਤੇ ਖ਼ੂਨੀਆਂ ਤੋਂ, ਖ਼ੁਦਾਇਆ, ਤੈਨੂੰ ਨਫ਼ਰਤ ਹੈ।

  • ---

    6. ਤੇਰੇ ਫ਼ਜ਼ਲ ਤੇ ਰਹਿਮਤ ਨਾਲ
    ਮੈਂ ਤੇਰੇ ਘਰ ਵਿੱਚ ਆਵਾਂਗਾ,
    ਮੈਂ ਤੇਰੀ ਪਾਕ ਹੈਕਲ ਵੱਲ,
    ਸਿਰ ਆਪਣਾ ਨਿਵਾਵਾਂਗਾ।

    7. ਖ਼ੁਦਾਵੰਦਾ, ਮੇਰੇ ਅੱਗੇ ਤੂੰ
    ਆਪਣੇ ਰਾਹ ਨੂੰ ਸਿੱਧਾ ਕਰ,
    ਮੇਰੇ ਦੂਤੀ ਬਥੇਰੇ ਹਨ,
    ਤੂੰ ਹੋ ਸੱਚਿਆਈ ਵਿੱਚ ਰਹਿਬਰ।

    8. ਨਾ ਸੱਚ ਹੈ ਉਹਨਾਂ ਦੇ ਮੂੰਹ ਵਿੱਚ,
    ਦਿਲਾਂ ਵਿੱਚ ਝੂਠ ਵੱਸਦਾ ਏ,
    ਗਲ਼ਾ ਖੁੱਲ੍ਹੀ ਕਬਰ ਦੇ ਵਾਂਗਰ,
    ਤੇ ਮੂੰਹੋਂ ਖੋਟਾ ਦਿਸਦਾ ਏ।

    9. ਤੂੰ ਉਹਨਾਂ ਦੇ ਗ਼ੁਨਾਹਾਂ ਤੋਂ
    ਗ਼ੁਨਾਹੀਂ ਉਹਨਾਂ ਨੂੰ ਕਰ ਦੇ,
    ਸਲਾਹਾਂ ਆਪਣੀਆਂ ਵਿੱਚ ਉਹ,
    ਹੁਣ ਆਪੇ ਆਪ ਡਿੱਗਣਗੇ।

    10. ਗ਼ੁਨਾਹ ਉਹਨਾਂ ਦੇ ਭਾਰੇ ਹਨ,
    ਮਿਟਾ ਦੇ ਨਾਮ ਉਹਨਾਂ ਦਾ,
    ਤੇ ਬਾਗ਼ੀ ਹੋ ਗਏ ਹਨ ਉਹ,
    ਤੇਰੇ ਕੋਲੋਂ ਖ਼ੁਦਾਵੰਦਾ।

    11. ਖ਼ੁਦਾਇਆ, ਤੇਰੇ ਮੋਮਨ
    ਸਭ ਸਦਾ ਲਲਕਾਰੇ ਮਾਰਨਗੇ,
    ਤੂੰ ਹਾਮੀ ਹੈਂ, ਸੋ ਤੇਥੋਂ ਖ਼ੁਸ਼
    ਸਭ ਆਸ਼ਿਕ ਤੇਰੇ ਹੋਵਣਗੇ।

    12. ਖ਼ੁਦਾਇਆ, ਸੱਚਿਆਂ ਨੂੰ ਹੁਣ ਤੂੰ
    ਬਰਕਤ ਆਪੀਂ ਦੇਵੇਂਗਾ,
    ਤੇਰੀ ਹੈ ਢਾਲ ਉਹਨਾਂ ’ਤੇ,
    ਤੂੰ ਰਹਿਮਤ ਵਿੱਚ ਛੁਪਾਵੇਂਗਾ।

  • ---

    1. ਗੁੱਸੇ ਹੋ ਕੇ ਨਾ ਝਿੜਕ ਮੈਨੂੰ ਐ ਖ਼ੁਦਾ,
    ਕਹਿਰ ਵਿੱਚ ਆਪਣੇ ਨਾ ਮੈਨੂੰ ਦੇ ਸਜ਼ਾ।

    2. ਮੈ ਹੋਇਆ ਬੇਤਾਬ, ਤੂੰ ਹੁਣ ਰਹਿਮ ਕਰ,
    ਹੱਡੀਆਂ ਕੰਬਦੀਆਂ ਹਨ ਚੰਗੀਆਂ ਕਰ, ਖ਼ੁਦਾ।

    3. ਜਾਨ ਤੇ ਮੇਰੀ ਹੈ ਡਾਢੀ ਕੰਬਦੀ,
    ਯਾ ਰੱਬਾ, ਕਦ ਤੋੜੀਂ ਗੁੱਸੇ ਰਹੇਂਗਾ।

    4. ਯਾ ਰੱਬਾ, ਫਿਰ ਆ, ਛੁਡਾ ਤੂੰ ਮੇਰੀ ਜਾਨ,
    ਆਪਣੀ ਰਹਿਮਤ ਨਾਲ ਤੂੰ ਮੈਨੂੰ ਬਚਾ।

    5. ਮੌਤ ਦੇ ਵਿੱਚ ਕਿਸ ਨੂੰ ਤੇਰੀ ਯਾਦ ਹੈ?
    ਕਬਰ ਦੇ ਵਿੱਚ ਸ਼ੁਕਰ ਕਿਹੜਾ ਕਰੇਗਾ?

    6. ਥੱਕ ਗਿਆ ਮੈਂ ਕਰਦਾ–ਕਰਦਾ ਹਾਏ ਹਾਏ,
    ਭਿੱਜ ਗਿਆ ਰੋ ਰੋ ਕੇ ਮੇਰਾ ਬਿਸਤਰਾ।

    7. ਰਾਤ ਸਾਰੀ ਬੀਤ ਜਾਂਦੀ ਰੋਂਦਿਆਂ,
    ਹੰਝੂਆਂ ਨਾਲ ਪਲੰਘ ਭਿੱਜਦਾ ਹੈ ਮੇਰਾ।

    8. ਅੱਖੀਆਂ ਧੁੰਧਲਾਈਆਂ, ਟੋਏ ਪੈ ਗਏ,
    ਵੈਰੀਆਂ ਦੇ ਵੈਰ ਦਾ, ਗ਼ਮ ਖਾ ਗਿਆ।

    9. ਦੂਰ ਹੋ ਬਦਕਾਰੋ, ਮੈਥੋਂ ਦੂਰ ਹੋ,
    ਸੁਣੀ ਰੱਬ ਨੇ ਮੇਰੇ ਰੋਵਣ ਦੀ ਸਦਾ।

    10. ਸੁਣ ਲਈ ਰੱਬ ਨੇ ਮੇਰੀ ਫਰਿਆਦ ਹੁਣ,
    ਉਹ ਸੁਣੇਗਾ ਵੀ ਜੋ ਮੇਰੀ ਹੈ ਦੁਆ।

    11. ਸ਼ਰਮ ਵਿੱਚ ਦੂਤੀ ਮੇਰੇ, ਕੰਬਣਗੇ ਸਭ,
    ਖ਼ਵਾਰ–ਓ–ਖੱਜਲ ਫਿਰਕੇ ਹੋਵਣਗੇ ਸਦਾ।

  • ---

    ਮੇਰਾ ਭਰੋਸਾ ਤੇਰੇ ਹੀ ਉੱਤੇ ਹੈ, ਐ ਖ਼ੁਦਾ,
    ਉਹ ਸਭ ਜੋ ਮੇਰੇ ਪਿੱਛੇ ਪਏ ਉਨ੍ਹਾਂ ਤੋਂ ਬਚਾ।

    1. ਦੁਸ਼ਮਣ ਤੇ ਮੈਨੂੰ ਸ਼ੇਰ ਦੇ ਵਾਂਗਰ ਨਾ ਖਾਵੇ ਪਾੜ,
    ਉਹ ਟੋਟੇ ਮੇਰੇ ਕਰੇ ਜਦੋਂ ਹੋਣਾ ਮਦਦਗਾਰ।

    2. ਯਾ ਰੱਬਾ, ਮੇਰੇ ਹੱਥੋਂ ਜੇ ਹੋਵੇ ਕੋਈ ਬਦੀ,
    ਜੇ ਆਪਣੇ ਮੇਲੀ ਨਾਲ ਬਦੀ ਕੀਤੀ ਹੋ ਕਦੀ।

    3. ਜੇ ਉਹਨੂੰ ਜਿਹੜਾ ਮੇਰਾ ਵੈਰੀ ਐਵੇਂ ਹੋ ਗਿਆ,
    ਤੇ ਜ਼ੁਲਮ ਕਰਕੇ ਉਹਨੂੰ ਕਦੀ ਮੈਂ ਹੋਵੇ ਲੁੱਟ ਲਿਆ।

    4. ਤਾਂ ਵੈਰੀ ਪਿੱਛਾ ਕਰਕੇ ਮੇਰਾ, ਲਵੇ ਮੇਰਾ ਜੀ ,
    ਇੱਜ਼ਤ ਮਿਲਾਵੇ ਮਿੱਟੀ ਦੇ ਵਿੱਚ ਮਾਰੇ ਜਾਨ ਮੇਰੀ।

    5. ਯਾ ਰੱਬਾ ਆਪਣੇ ਗੁੱਸੇ ਦੇ ਵਿੱਚ ਉੱਠ ਤੇ ਹੋ ਬੁਲੰਦ,
    ਤੇ ਦੁਸ਼ਮਣਾਂ ਦੇ ਜੋਸ਼ ਨੂੰ ਤੂੰ ਆਪੇ ਕਰ ਦੇ ਬੰਦ।

    6. ਤੂੰ ਮੇਰੇ ਲਈ ਜਾਗਦਾ ਰਹਿ, ਐ ਮੇਰੇ ਖ਼ੁਦਾ,
    ਇਨਸਾਫ਼ ਸਾਰਾ ਤੇਰੀ ਹੀ ਤਰਫ਼ੋਂ ਤੇ ਹੈ ਸਦਾ।

    7. ਕੌਮਾਂ ਤੇ ਸਭ ਇਕੱਠੀਆਂ ਹੋਈਆਂ ਤੇਰੇ ਹਜ਼ੂਰ,
    ਉਹਨਾਂ ਦੇ ਲਈ ਹੋ ਤੂੰ ਬੁਲੰਦ, ਐ ਮੇਰੇ ਗਫ਼ੂਰ।

  • ---

    8. ਤੂੰ ਕਰੇਂਗਾ ਅਦਾਲਤ ਸਭ ਕੌਮਾਂ ਦੀ, ਖ਼ੁਦਾਇਆ,
    ਸੱਚਿਆਈ ਜੈਸੀ ਮੇਰੀ, ਇਨਸਾਫ਼ ਕਰ ਤੂੰ ਮੇਰਾ।

    9. ਬੁਰਿਆਂ ਦਾ ਨਾਸ਼ ਕਰ ਦੇ, ਦੇ ਜ਼ੋਰ ਸਾਦਿਕਾਂ ਨੂੰ,
    ਐ ਸੱਚੇ ਰੱਬ ਹਮੇਸ਼ਾ ਦਿਲ ਗੁਰਦੇ ਜਾਂਚਦਾ ਤੂੰ।

    10. ਰੱਬ ਹੈ ਢਾਲ ਮੇਰੀ ਉਹੋ ਪਨਾਹ ਹੈ,
    ਉਹ ਸਾਫ਼ ਸਿੱਧਿਆਂ ਨੂੰ ਛੁਟਕਾਰਾ ਬਖ਼ਸ਼ਦਾ ਹੈ।

    11. ਰੱਬ ਸੱਚਿਆਂ ਦਾ ਆਪੀਂ ਇਨਸਾਫ਼ ਹੈ ਚੁਕਾਉਂਦਾ,
    ਹਰ ਰੋਜ਼ ਬੁਰਿਆਂ ਉੱਤੇ ਉਹ ਗੁੱਸਾ ਹੈ ਵਿਖਾਉਂਦਾ।

    12. ਬਦਕਾਰ ਉੱਤੇ ਹੁੰਦੀ ਤਲਵਾਰ ਤੇਜ਼ ਰੱਬ ਦੀ,
    ਆਪਣੀ ਕਮਾਨ ਕੱਸ ਕੇ ਤਿਆਰ ਉਹਨੇ ਕੀਤੀ।

    13. ਹਥਿਆਰ ਤੇਜ਼ ਕੀਤੇ, ਬੱਧਾ ਹੈ ਰੱਬ ਨਿਸ਼ਾਨਾ,
    ਉਹ ਬਲ਼ਦੇ ਤੀਰ ਲੈਂਦਾ ਹੈ, ਬੁਰਿਆਂ ਨੂੰ ਉਡਾਣਾ।

    14. ਬੁਰਿਆਂ ਨੂੰ ਪੀੜ ਲੱਗੀ ਡਾਢੀ ਬੁਰਿਆਈਆਂ ਦੀ,
    ਜੰਮਦਾ ਹੈ ਝੂਠ ਹੁਣ ਉਹ, ਦੁੱਖਾਂ ਦਾ ਪੇਟ ਹੈ ਸੀ।

    15. ਪੁੱਟ ਪੁੱਟ ਕੇ ਉਸਨੇ ਟੋਇਆ ਇੱਕ ਡੂੰਘਾ ਸੀ ਬਣਾਇਆ,
    ਉਸ ਟੋਏ ਵਿੱਚ ਉਹ ਆਪੀਂ ਡਿੱਗਾ ਤੇ ਕਾਬੂ ਆਇਆ।

    16. ਉਹ ਚਾਹੁੰਦਾ ਸੀ ਕਿ ਹੋਵੇ ਨੁਕਸਾਨ ਦੂਜਿਆਂ ਦਾ,
    ਪਰ ਉਹਦਾ ਜ਼ੁਲਮ ਮੁੜਕੇ ਨੁਕਸਾਨ ਉਹਦਾ ਕਰਦਾ।

    17. ਸੱਚਾ ਨਿਆਂ ਹੈ ਰੱਬ ਦਾ, ਸ਼ੁਕਰ ਉਹਦਾ ਮੈਂ ਮਨਾਵਾਂ,
    ਤੇ ਉਸਦੇ ਪਾਕ ਨਾਂ ਦੀ ਤਾਰੀਫ਼ ਦਿਲ ਤੋਂ ਗਾਵਾਂ।

  • ---

    1. ਹੈ ਕਿਹਾ ਤੇਰਾ ਨਾਮ ਬਜ਼ੁਰਗ,
    ਯਾ ਰੱਬ, ਜ਼ਮੀਨ ਉੱਤੇ,
    ਵਿਖਾਇਆ ਆਪਣਾ ਤੂੰ ਜਲਾਲ
    ਸਭਨਾਂ ਅਸਮਾਨਾਂ ’ਤੇ।

    2. ਦੁੱਧ ਪੀਣ ਵਾਲਿਆਂ ਦੇ ਤੂੰ,
    ਬੱਚਿਆਂ ਦੇ ਮੂੰਹੋਂ, ਰੱਬ,
    ਜ਼ੋਰ ਪੈਦਾ ਕੀਤਾ ਤੂੰ ਏ
    ਆਪ ਹੁਣ ਦੂਤਾਂ ਦੇ ਸਬੱਬ।

    3. ਜੋ ਆਪਣੇ ਵੈਰੀਆਂ ਦਾ ਮੂੰਹ
    ਹੁਣ ਬੰਦ ਤੂੰ ਕਰੇਂਗਾ,
    ਤੇ ਬਦਲਾ ਲੈਣ ਵਾਲੇ
    ਸਭ ਤੂੰ ਚੁੱਪ ਕਰਾਵੇਂਗਾ।

    4. ਅਸਮਾਨ ’ਤੇ ਧਿਆਨ ਜਦ ਕਰਨਾ ਹਾਂ,
    ਜੋ ਕੰਮ ਹੱਥ ਤੇਰੇ ਦਾ,
    ਤੇ ਤਾਰੇ ਚੰਨ ਜੋ ਤੂੰਏਂ ਸਭ
    ਬਣਾਏ ਹਨ, ਖ਼ੁਦਾ।

    5. ਕੀ ਚੀਜ਼ ਮਨੁੱਖ ਹੈ ਯਾ ਰੱਬਾ?
    ਤੂੰ ਉਸ ਨੂੰ ਕਰੇਂ ਯਾਦ,
    ਤੇ ਉਸ ਦੀ ਖ਼ਬਰ ਲਵੇਂ ਤੂੰ,
    ਇਹ ਕੀ ਹੈ ਆਦਮਜਾਤ?

    6. ਫਰਿਸ਼ਤਿਆਂ ਤੋਂ ਉਸ ਨੂੰ ਤੂੰ
    ਕੁਝ ਘੱਟ ਬਣਾਇਆ ਹੈ,
    ਤੇ ਉਹਦੇ ਸਿਰ ’ਤੇ ਇੱਜ਼ਤ ਦਾ
    ਤੂੰ ਤਾਜ ਰਖਾਇਆ ਹੈ।

    7. ਬਣਾਇਆ ਉਸ ਨੂੰ ਤੂੰ ਸਰਦਾਰ
    ਸਭ ਆਪਣਿਆਂ ਕੰਮਾਂ ’ਤੇ,
    ਹਾਂ ਸਭ ਕੁਝ ਤੂੰ ਏਂ ਕੀਤਾ ਏ,
    ਹੇਠ ਉਹਦਿਆਂ ਪੈਰਾਂ ਦੇ।

    8. ਭੇਡ ਬੱਕਰੀਆਂ ਤੇ ਗਾਂਵਾਂ ਬਲਦ
    ਤੇ ਜੰਗਲੀ ਚੌਖਰ ਵੀ,
    ਅਸਮਾਨ ਵਿੱਚ ਉੱਡਣ ਵਾਲੇ ਸਭ,
    ਮੱਛੀ ਦਰਿਆਵਾਂ ਦੀ।

    9. ਤੇ ਸਭ ਕੁਝ ਜੋ ਰਹਿੰਦੇ ਹਨ
    ਹੁਣ ਵਿੱਚ ਸਮੁੰਦਰ ਦੇ,
    ਹੈ ਕਿਹਾ ਤੇਰਾ ਨਾਮ ਬਜ਼ੁਰਗ,
    ਯਾ ਰੱਬ, ਜ਼ਮੀਨ ਉੱਤੇ।

  • ---

    1. ਸਭ ਧਰਤੀ ਦੇ ਉੱਤੇ ਵੀ, ਖ਼ੁਦਾਇਆ,
    ਹੈ ਕਿਆ ਹੀ ਵਡੇਰਾ ਨਾਮ ਤੇਰਾ।

    2. ਤੂੰ ਆਪਣੀ ਬਜ਼ੁਰਗੀ ਤੇ ਵਡਿਆਈ,
    ਅਸਮਾਨ ਦੇ ਉੱਤੇ ਹੈ ਵਿਖਾਈ।

    3. ਦੁੱਧ ਪੀਂਦਿਆਂ ਬੱਚਿਆਂ ਤੋਂ,
    ਇਲਾਹੀ ਤਾਰੀਫ਼ ਤੂੰ ਆਪਣੀ ਹੈ ਕਰਾਈ।

    4. ਤੇ ਵੈਰੀਆਂ ਆਪਣਿਆਂ ਦਾ ਮੂੰਹ ਬੰਦ,
    ਤੂੰ ਆਪੀਂ ਹੈ ਕੀਤਾ, ਐ ਖ਼ੁਦਾਵੰਦ।

    5. ਅਸਮਾਨ ਤੇ ਚੰਨ ਵੀ ਤਾਰੇ ਸਾਰੇ,
    ਜੋ ਤੇਰਿਆਂ ਹੱਥਾਂ ਨੇ ਬਣਾਏ।

    6. ਜਦ ਉਹਨਾਂ ਦੇ ਵੱਲ ਮੈਂ ਕਰਨਾ ਹੁਣ ਧਿਆਨ,
    ਤਦ ਸੋਚਦਾ ਹਾਂ ਮੈਂ ਹੋ ਕੇ ਹੈਰਾਨ।

    7. ਕੀ ਚੀਜ਼ ਮਨੁੱਖ ਹੈ ਤੂੰ ਕਰੇਂ ਯਾਦ,
    ਤੱਕੇਂ ਤੂੰ, ਇਹ ਕੀ ਹੈ ਆਦਮਜਾਤ।

    8. ਪਰ ਤੂੰ ਤੇ ਫਰਿਸ਼ਤਿਆਂ ਤੋਂ,
    ਰੱਬਾ, ਥੋੜ੍ਹਾ ਜਿਹਾ ਉਸਨੂੰ ਘੱਟ ਬਣਾਇਆ।

    9. ਇੱਜ਼ਤ ਵਡਿਆਈ ਤੇ ਬਜ਼ੁਰਗੀ,
    ਯਾ ਰੱਬਾ, ਤੂੰ ਆਪੀਂ ਉਹਨੂੰ ਬਖ਼ਸ਼ੀ।

    10. ਸਭ ਕੰਮਾਂ ਦੇ ਉੱਤੇ ਹੁਕਮ ਦਿੱਤਾ,
    ਸਭ ਉਹਦੇ ਹੀ ਪੈਰਾਂ ਹੇਠਾਂ ਕੀਤਾ।

    11. ਸਭ ਭੇਡਾਂ, ਬੱਕਰੀਆਂ, ਗਾਂਈਆਂ, ਡੰਗਰ,
    ਜੰਗਲ ਵਿੱਚ ਰਹਿਣ ਵਾਲੇ ਚੌਖਰ।

    12. ਅਸਮਾਨ ਦੇ ਸਾਰੇ ਉੱਡਣ ਵਾਲੇ,
    ਸਭ ਮੱਛੀਆਂ ਵਿੱਚ ਸਮੁੰਦਰਾਂ ਦੇ।

    13. ਪਾਣੀ ਵਿੱਚ ਜਿਨ੍ਹਾਂ ਦਾ ਵਸੇਰਾ,
    ਦਰਿਆਵਾਂ ਦੇ ਵਿੱਚ ਜਿਨ੍ਹਾਂ ਦਾ ਡੇਰਾ।

    14. ਸਭ ਧਰਤੀ ਦੇ ਉੱਤੇ ਵੀ, ਖ਼ੁਦਾਇਆ,
    ਹੈ ਕਿਆ ਹੀ ਵਡੇਰਾ ਨਾਮ ਤੇਰਾ।

  • ---

    1. ਯਾ ਰੱਬ ਮੈਂ ਸਾਰੇ ਦਿਲ ਤੋਂ ਤਾਰੀਫ਼ ਤੇਰੀ ਗਾਵਾਂ,
    ਤੇਰੇ ਅਚਰਜ ਕੰਮਾਂ ਦਾ ਹਾਲ ਕਹਿ ਸੁਣਾਵਾਂ।

    2. ਤੇਰੇ ਵਿੱਚ ਮੇਰੀ ਖ਼ੁਸ਼ੀ ਹੈ ਖ਼ੁਸ਼ਹਾਲ ਮੈਂ ਰਹਾਂਗਾ,
    ਹਾਂ ਤੇਰੇ ਪਾਕ ਨਾਂ ਦੀ ਤਾਰੀਫ਼ ਮੈਂ ਕਰਾਂਗਾ।

    3. ਜਦ ਮੁੜਦੇ ਮੇਰੇ ਦੁਸ਼ਮਣ, ਤੇ ਨੱਸਦੇ ਭਾਂਜ ਖਾ ਕੇ,
    ਤੇਰੇ ਹਜ਼ੂਰ ਤੋਂ ਉਹ ਡਰਕੇ ਹਲਾਕ ਹੁੰਦੇ।

    4. ਮੇਰਾ ਨਿਆਂ ਤੂੰ ਹੈ ਕੀਤਾ, ਝਗੜਾ ਤੂੰ ਏਂ ਚੁਕਾਇਆ,
    ਤੂੰ ਤਖ਼ਤ ਤੋਂ ਨਿਆਂ ਦੇ, ਸੱਚਾ ਨਿਆਂ ਹੈਂ ਕਰਦਾ।

    5. ਕੌਮਾਂ ਨੂੰ ਸ਼ਰਮ ਤੂੰ ਦਿੱਤੀ, ਬਦਕਾਰ ਸਾਰੇ ਮਾਰੇ,
    ਕੱਟ ਦਿੱਤੇ ਸਦਾ ਤੀਕਰ ਨਾਂ-ਥੇਹ ਉਹਨਾਂ ਦੇ ਸਾਰੇ।

  • ---

    6. ਯਾ ਰੱਬ, ਹਮੇਸ਼ਾ ਤੀਕਰ ਕਾਇਮ ਹੈ ਤਖ਼ਤ ਤੇਰਾ,
    ਤੂੰ ਵਾਸਤੇ ਨਿਆਂ ਦੇ, ਤਖ਼ਤ ਆਪਣਾ ਹੈ ਵਿਛਾਇਆ।

    7. ਦੁਨੀਆ ਦਾ ਤੂੰ ਕਰੇਂਗਾ ਇਨਸਾਫ਼ ਸੱਚਾ, ਯਾ ਰੱਬ,
    ਸੱਚਿਆਈ ਨਾਲ ਹੁੰਦੇ ਕੌਮਾਂ ਦੇ ਫੈਸਲੇ ਸਭ।

    8. ਦੁਖਿਆਰਿਆਂ ਦਾ ਆਪੀਂ ਮੁਹਕਮ ਮਕਾਨ ਖ਼ੁਦਾ ਹੈ,
    ਉਹਨਾਂ ਦੇ ਦੁੱਖ ਦੇ ਵੇਲੇ ਆਪ ਉਹਨਾਂ ਦੀ ਪਨਾਹ ਹੈ।

    9. ਆਸ ਉਹਨਾਂ ਦੀ ਹੈਂ ਤੂੰਏਂ, ਜਪਦੇ ਜੋ ਨਾਮ ਤੇਰਾ,
    ਜੋ ਢੂੰਡਦੇ ਨੇ ਤੈਨੂੰ, ਉਹਨਾਂ ਨੂੰ ਛੱਡ ਨਾ ਦੇਂਦਾ।

    10. ਸਿਓਨ ਵਿੱਚ ਖ਼ੁਦਾ ਹੈ, ਤਾਰੀਫ਼ ਉਸਦੀ ਗਾਓ,
    ਸਭ ਕੰਮ ਅਚਰਜ ਉਸਦੇ ਕੌਮਾਂ ਨੂੰ ਜਾ ਸੁਣਾਓ।

    11. ਪੁੱਛ ਕਰਦਾ ਖੂਨ ਦੀ, ਜਦ ਉਹਨਾਂ ਨੂੰ ਯਾਦ ਕਰਦਾ,
    ਫਰਿਆਦ ਆਜਿਜ਼ਾਂ ਦੀ ਹਰਗਿਜ਼ ਨਹੀਂ ਉਹ ਭੁੱਲਦਾ।

  • ---

    12. ਯਾ ਰੱਬ, ਕਰ ਰਹਿਮਤ, ਵੇਖੀਂ ਤੂੰ,
    ਦੁੱਖ ਦੇਂਦੇ ਦੁਸ਼ਮਣ ਬੰਦੇ ਨੂੰ,
    ਕਿ ਮੌਤ ਦੇ ਬੂਹਿਆਂ ਤੋਂ ਸਦਾ,
    ਉਠਾਂਦਾ ਮੈਨੂੰ, ਐ ਖ਼ੁਦਾ।

    13. ਸਿਓਨ ਦੀ ਧੀ ਦੇ ਦਰ ਦਰ ਜਾ,
    ਤਦ ਗਾਵਾਂ ਤੇਰੀ ਮੈਂ ਸਨਾ,
    ਤੇਰੀ ਨਜਾਤ ਦਾ ਕਰ ਖ਼ਿਆਲ,
    ਮੈਂ ਨੱਚਾਂ ਟੱਪਾਂ ਖ਼ੁਸ਼ੀਆਂ ਨਾਲ।

    14. ਉਸ ਖੂਹ ਵਿੱਚ ਕੌਮਾਂ ਡਿੱਗੀਆਂ ਤਾਰ,
    ਜੋ ਕੀਤਾ ਉਹਨਾਂ ਆਪ ਤਿਆਰ,
    ਜੋ ਉਹਨਾਂ ਜਾਲ ਵਿਛਾਇਆ ਸੀ,
    ਉਹ ਫਸੇ ਉਸ ਵਿੱਚ ਆਪੇ ਹੀ।

    15. ਮਸ਼ਹੂਰ ਹੁਣ ਹੋਇਆ ਰੱਬ ਦਾ ਨਾਂ,
    ਕਿ ਉਸਨੇ ਕੀਤਾ ਠੀਕ ਨਿਆਂ,
    ਆਪ ਆਪਣੇ ਕੰਮਾਂ ਵਿੱਚ ਬਦਕਾਰ,
    ਫਸ ਜਾਂਦਾ ਹੁੰਦਾ, ਹੋ ਤਿਆਰ।

    16. ਸ਼ਰੀਰ ਪਲਟੇ ਜਾਵਣਗੇ,
    ਦੁੱਖ ਦੋਜ਼ਖ਼ ਦਾ ਉਠਾਵਣਗੇ,
    ਗ਼ੈਰ ਕੌਮਾਂ ਵੀ ਜੋ ਹਨ ਤਮਾਮ,
    ਭੁੱਲ ਜਾਂਦੀਆਂ ਖ਼ੁਦਾ ਦਾ ਨਾਮ।

    17. ਕਿ ਆਜਿਜ਼ ਤੇ ਮਸਕੀਨ ਸਦਾ,
    ਭੁਲਾਇਆ ਨਹੀਂ ਜਾਏਗਾ,
    ਉਮੀਦ ਤੇ ਆਸ ਗ਼ਰੀਬਾਂ ਦੀ,
    ਨਾ ਸਦਾ ਤੋੜੀ ਜਾਵੇਗੀ।

    18. ਉੱਠ, ਐ ਖ਼ੁਦਾਵੰਦ, ਪਾਕ ਰਹਿਮਾਨ,
    ਨਾ ਗ਼ਾਲਿਬ ਹੋਵੇ ਇਹ ਇਨਸਾਨ,
    ਤੇਰੇ ਹਜ਼ੂਰ ਵਿੱਚ, ਐ ਖ਼ੁਦਾ,
    ਨਿਆਂ ਸਭ ਹੋਵੇ ਕੌਮਾਂ ਦਾ।

    19. ਖ਼ੁਦਾਵੰਦਾ, ਹੁਣ ਨਜ਼ਰ ਕਰ,
    ਵਿਖਾ ਉਹਨਾਂ ਨੂੰ ਆਪਣਾ ਡਰ,
    ਤਾਂ ਕੌਮਾਂ ਨੂੰ ਹੋ ਇਹ ਪਹਿਚਾਨ,
    ਕਿ ਅਸੀਂ ਫਾਨੀ ਹਾਂ ਇਨਸਾਨ।

  • ---

    1. ਖ਼ੁਦਾਇਆ, ਆਪਣੇ ਤਾਈਂ ਤੂੰ ਸਾਥੋਂ ਕਿਉਂ ਛੁਪਾਇਆ ਏ?
    ਖਲੋਤਾ ਦੂਰ ਕਿਉਂ ਰਹਿੰਦਾ,
    ਜਦੋਂ ਦੁੱਖ ਸਿਰ ’ਤੇ ਆਇਆ ਏ?

    2. ਕਲੇਜਾ ਜਲਦਾ ਆਜਿਜ਼ ਦਾ,
    ਹੰਕਾਰਾਂ ਤੋਂ ਸ਼ਰੀਰਾਂ ਦੇ,
    ਜੋ ਮਨਸੂਬੇ ਉਹ ਬੰਨ੍ਹਦੇ ਹਨ,
    ਉਹ ਆਪੇ ਉਹਨਾਂ ਵਿੱਚ ਫਸਦੇ।

    3. ਤੇ ਆਪਣੇ ਦਿਲ ਦੀ ਸ਼ਾਹਵਤ ’ਤੇ,
    ਸ਼ਰੀਰ ਹੰਕਾਰਦਾ ਰਹਿੰਦਾ,
    ਲੁਟੇਰੇ ਨੂੰ ਭਲਾ ਕਹਿੰਦਾ ਨਾ
    ਰੱਬ ਦੀ ਰੱਖਦਾ ਕੁਝ ਪਰਵਾਹ।

    4. ਸ਼ਰੀਰ ਆਪਣੇ ਤਕੱਬਰ ਵਿੱਚ,
    ਖ਼ੁਦਾ ਨੂੰ ਨਹੀਂ ਲੱਭਦਾ ਏ,
    ਉਹ ਕਹਿੰਦਾ ਏ, ਖ਼ੁਦਾ ਨਹੀਂ,
    ਨਾ ਉਸ ਨੂੰ ਖੌਫ਼ ਰੱਬ ਦਾ ਏ।

    5. ਤੇ ਉਹਦੀਆਂ ਆਦਤਾਂ ਬੁਰੀਆਂ,
    ਬਰਾਬਰ ਰਹਿੰਦੀਆਂ ਕਾਇਮ,
    ਨਿਆਂ ਤੇਰੇ, ਖ਼ੁਦਾਵੰਦਾ,
    ਛੁਪੇ ਹਨ ਉਸ ਤੋਂ ਦਾਇਮ।

    6. ਉਹ ਆਪਣੇ ਵੈਰੀਆਂ ਅੱਗੇ,
    ਹੈ ਆਕੜਦਾ ਤੇ ਇਹ ਕਹਿੰਦਾ,
    ਨਾ ਦੁੱਖ ਮੇਰੇ ’ਤੇ ਆਵੇਗਾ,
    ਕਦੀ ਵੀ ਮੈ ਨਾ ਡਿੱਗਾਂਗਾ।

  • ---

    7. ਲਾਹਨਤ ਦਗ਼ਾਬਾਜ਼ੀ ਜ਼ੁਲਮ ਨਾਲ,
    ਉਸ ਦਾ ਮੂੰਹ ਸਭ ਭਰਿਆ ਏ,
    ਉਸ ਦੀ ਜੀਭ ਦੇ ਹੇਠਾ ਬਦੀ,
    ਫਿਤਨਾ ਝਗੜਾ ਧਰਿਆ ਏ।

    8. ਬੇ–ਗ਼ੁਨਾਹ ਨੂੰ ਛੁਪਕੇ ਮਾਰਦਾ,
    ਦਾਅ ਉੱਤੇ ਉਹ ਬਹਿੰਦਾ ਏ,
    ਆਜਿਜ਼ ਤੇ ਮਸਕੀਨਾਂ ਨੂੰ ਉਹ,
    ਛੁਪਕੇ ਤਾਰਦਾ ਰਹਿੰਦਾ ਏ।

    9. ਛੁਪਕੇ ਦਾਅ ਉਹ ਲਾਉਂਦਾ ਰਹਿੰਦਾ,
    ਝਾੜੀ ਵਿੱਚ ਜਿਓਂ ਹੋਵੇ ਸ਼ੇਰ,
    ਆਜਿਜ਼ ਨੂੰ ਫਸਾਵਾਂ ਲੈ,
    ਤਾੜਦਾ ਰਹੇ ਉਹ, ਹੋ ਦਲੇਰ।

    10. ਆਜਿਜ਼ ਨੂੰ ਉਹ ਆਪਣੇ ਜਾਲ ਵਿੱਚ,
    ਖਿੱਚ ਕੇ ਪਕੜ ਲੈਂਦਾ ਏ,
    ਜ਼ਬਰਦਸਤੀ ਤੋਂ ਸ਼ਰੀਰ ਦੀ,
    ਆਜਿਜ਼ ਤਦ ਡਿੱਗ ਪੈਂਦਾ ਏ।

    11. ਕਹਿੰਦਾ ਹੈ ਉਹ ਆਪਣੇ ਦਿਲ ਵਿੱਚ,
    ਹਾਂ ਭੁੱਲ ਗਿਆ ਹੈ ਖ਼ੁਦਾ,
    ਉਸਨੇ ਆਪਣਾ ਮੂੰਹ ਲੁਕਾਇਆ,
    ਉਹ ਨਾ ਕਦੀ ਵੇਖੇਗਾ।

  • ---

    12. ਐ ਖ਼ੁਦਾਵੰਦ ਕੁਦਰਤ ਵਾਲੇ,
    ਉੱਠ ਤੇ ਆਪਣਾ ਹੱਥ ਵਧਾ,
    ਕਰ ਨਜ਼ਰ ਤੂੰ ਦੁੱਖੀਆਂ ਉੱਤੇ,
    ਕਦੀ ਨਾ ਉਹਨਾਂ ਨੂੰ ਭੁੱਲ ਜਾ।

    13. ਕਿਉਂ ਸ਼ਰੀਰ ਖ਼ੁਦਾ ਦੀ ਬਾਬਤ,
    ਕੁਫ਼ਰ ਤੋਲਦਾ ਰਹਿੰਦਾ ਏ,
    ਕਦੀ ਨਾ ਉਸ ਨੂੰ ਪੁੱਛੇਂਗਾ ਤੂੰ,
    ਆਪਣੇ ਜੀ ਵਿੱਚ ਕਹਿੰਦਾ ਏ।

    14. ਵੇਖ ਲਿਆ ਤੂੰ ਬਦਲਾ ਦੇ ਹੁਣ,
    ਉਹਨਾਂ ਦੀ ਬੁਰਿਆਈ ਦਾ,
    ਦੁਖੀਆਂ ਦਾ ਭਰੋਸਾ ਤੂੰ ਹੀ ਏਂ,
    ਤੂੰ ਯਤੀਮਾਂ ਦੀ ਪਨਾਹ।

    15. ਯਾ ਰੱਬ, ਤੋੜੀਂ ਬਾਂਹ ਅਜਿਹੀ,
    ਤੂੰ ਬਦਕਾਰ ਸ਼ਰੀਰਾਂ ਦੀ,
    ਢੂੰਡਣ ਲੱਗੀਏ ਤਾਂ ਨਾ ਲੱਭੇ,
    ਉਹਨਾਂ ਦੀ ਬੁਰਿਆਈ ਵੀ।

    16. ਮੁੱਢੋਂ ਲੈ ਕੇ ਓੜਕ ਤੀਕਰ
    ਪਾਕ ਖ਼ੁਦਾਵੰਦ ਹੈ ਬਾਦਸ਼ਾਹ,
    ਇਹੋ ਜਿਹੀਆਂ ਕੌਮਾਂ ਹੋਈਆਂ,
    ਉਸ ਦੀ ਧਰਤੀ ਤੋਂ ਫ਼ਨਾਹ।

    17. ਐ ਖ਼ੁਦਾਵੰਦ, ਤੂੰ ਸੁਣ ਲਈ ਜੋ ਦੁਆ,
    ਦੁਆ ਮਸਕੀਨਾਂ ਦੀ,
    ਉਹਨਾਂ ਦੇ ਕਮਜ਼ੋਰ ਦਿਲਾਂ ਨੂੰ
    ਤੂੰ ਏ ਕੁੱਵਤ ਦੇਂਦਾ ਵੀ।

    18. ਤੂੰ ਏਂ ਆਪ ਨਿਆਂ ਹੈਂ ਕਰਦਾ,
    ਦੁਖੀਆਂ ਤੇ ਯਤੀਮਾਂ ਦਾ,
    ਖ਼ਾਕ ਦਾ ਪੁਤਲਾ ਫੇਰ ਨਾ ਕਦੀ,
    ਉਹਨਾਂ ਨੂੰ ਡਰਾਵੇਗਾ।

  • ---

    1. ਆਸ ਮੇਰੀ ਰੱਬ ਦੇ ਉੱਤੇ ਹੈ,
    ਕਿਉਂ ਕਹਿੰਦੇ ਹੋ ਸਦਾ,
    ਜਾਨ ਮੇਰੀ ਨੂੰ, ਵਾਂਗ ਚਿੜੀ ਦੇ,
    ਪਹਾੜਾਂ ਨੂੰ ਉੱਡ ਜਾ।

    2. ਕਿ ਦੇਖ ਬਦਕਾਰ ਕਮਾਨਾਂ ’ਤੇ,
    ਚਿੱਲਾ ਚੜ੍ਹਾਉਂਦੇ ਹਨ,
    ਤੀਰ ਆਪਣੇ ਜੋੜ ਕੇ ਚਿੱਲੇ ਵਿੱਚ,
    ਲੁਕ ਕੇ ਚਲਾਉਂਦੇ ਹਨ।

    3. ਤਾਂ ਮਾਰਨ ਸੱਚੇ ਲੋਕਾਂ ਨੂੰ ਹਨੇਰੇ ਦੇ ਵਿੱਚ ਉਹ,
    ਤਦ ਸੱਚੇ ਕੀ ਕਰ ਸਕਦੇ ਹਨ,
    ਜਦ ਨੀਂਹ ਹੀ ਵਿਗੜੀ ਹੋ?

    4. ਖ਼ੁਦਾਵੰਦ ਹੈ ਪਾਕ ਹੈਕਲ ਵਿੱਚ,
    ਤਖ਼ਤ ਉਹਦਾ ਹੈ ਅਸਮਾਨ,
    ਉਹ ਵੇਖਦਾ ਤੇ ਅਜ਼ਮਾਉਂਦਾ ਹੈ,
    ਜੋ ਸਾਰੇ ਹਨ ਇਨਸਾਨ।

    5. ਖ਼ੁਦਾਵੰਦ ਜਾਚਦਾ ਸਾਦਿਕ ਨੂੰ ਰੂਹਪਾਕ ਖ਼ੁਦਾਵੰਦ ਦੀ,
    ਘਿਰਣਾ ਰੱਖਦੀ ਹੈ ਉਹ ਜ਼ਾਲਿਮ ਤੋਂ,
    ਬਦਕਾਰਾਂ ਕੋਲੋਂ ਵੀ।

    6. ਬਦਕਾਰਾਂ ਉੱਤੇ ਗੰਧਕ ਅੱਗ-ਅੰਗਿਆਰ ਵਰ੍ਹਾਵੇਗਾ,
    ਹਨੇਰੀ ਝੱਖੜ ਹੋਵੇਗੀ,
    ਤਦ ਹਿੱਸਾ ਉਹਨਾਂ ਦਾ।

    7. ਕਿ ਆਪ ਖ਼ੁਦਾਵੰਦ ਸੱਚਾ ਹੈ,
    ਉਹ ਸੱਚ ਨੂੰ ਚਾਹੁੰਦਾ ਹੈ,
    ਤੇ ਚਿਹਰਾ ਆਪਣਾ ਸੱਚਿਆਂ ’ਤੇ,
    ਉਹ ਸਾਫ਼ ਚਮਕਾਉਂਦਾ ਹੈ।

  • ---

    1. ਦੇ ਮੁਕਤੀ ਸਾਨੂੰ, ਰੱਬ ਹਮਾਰੇ,
    ਦੀਨਦਾਰ ਜਾਂਦੇ ਰਹੇ ਹਨ ਸਾਰੇ।

    2. ਬਨੀ ਆਦਮ ਵਿੱਚੋਂ ਜੋ ਭਲੇ ਲੋਕ ਹਨ,
    ਉਹ ਵੀ ਸਭ ਹਨ ਚੱਲਣ ਹਾਰੇ।

    3. ਝੂਠ ਬੋਲਦੇ ਰਹਿੰਦੇ ਗੁਆਂਢੀਆਂ ਦੇ ਨਾਲ ਉਹ,
    ਦੋ ਦਿਲੇ ਰਹਿੰਦੇ ਤੇ ਖ਼ੁਸ਼ਾਮਦ ਕਰਦੇ ਸਾਰੇ।

    4. ਇਹੋ ਜਿਹੀ ਜੀਭ, ਨਾਲੇ ਇਹੋ ਜਿਹੇ ਹੋਂਠ ਵੀ,
    ਕੱਟ ਸੁੱਟੇ ਰੱਬ ਇੱਕ ਦਮ ਦੇ ਵਿੱਚ ਸਾਰੇ।

    5. ਜੋ ਕਹਿੰਦੇ, ‘‘ਆਪਣੀ ਜੀਭ ਨਾਲ ਜਿੱਤਾਂਗੇ,
    ਮਾਲਿਕ ਹੁਣ ਹੈ ਕਿਹੜਾ? ਸਾਡੇ ਹੋਂਠ ਹਨ ਹਮਾਰੇ।’’

  • ---

    ਆਪ ਖ਼ੁਦਾਵੰਦ, ਇੰਨੀ ਗੱਲ ਫਰਮਾਈ,
    ਆਜਿਜ਼ਾਂ ਗ਼ਰੀਬਾਂ ਜਦੋਂ ਦਿੱਤੀ ਏ ਦੁਹਾਈ।

    6. ਆਪ ਹੀ ਮੈਂ ਉੱਠਾਂਗਾ, ਇਹ ਪ੍ਰਭੂ ਹੈ ਆਖਦਾ,
    ਜਿਹੜਾ ਹੈ ਉਹਦੇ ਅੱਗੇ ਆਕੜਦਾ,
    ਉਹਦੇ ਮੈਂ ਕੋਲੋਂ ਉਹਨੂੰ ਦਿਆਂਗਾ ਰਿਹਾਈ।

    7. ਬਾਤ ਖ਼ੁਦਾ ਨੇ ਮੂੰਹੋਂ ਆਪਣੇ ਜੋ ਕਹੀ ਹੈ,
    ਸੱਤ ਵਾਰੀ ਉਹ ਸਾਫ਼ ਕੀਤੀ ਗਈ ਹੈ,
    ਓਸ ਚਾਂਦੀ ਵਾਂਗਰ ਜੋ ਅੱਗ ਵਿੱਚ ਹੈ ਤਾਈ।

    8. ਉਹਨਾਂ ਦਾ, ਰੱਬ ਤੂੰ ਆਪ ਹੀ ਨਿਗਾਹਬਾਨ ਹੈ,
    ਨਸਲ ਬੁਰੀ ਤੋਂ ਜਿਹੜੀ ਵਿੱਚ ਇਸ ਜਹਾਨ ਹੈ,
    ਉਹਨਾਂ ਨੂੰ ਸਦਾ ਤੀਕਰ ਰੱਖੇਂਗਾ ਬਚਾਈ।

    9. ਬਦ ਮਗ਼ਰੂਰੀ ਵਿੱਚ ਫਿਰਨ ਦਿਵਾਨੇ,
    ਓਨੇ ਉਹ ਨੀਂਵੇਂ ਹੁੰਦੇ ਬੇ-ਫਰਮਾਨੇ,
    ਜਿੰਨੀ ਹੈ ਫੜ੍ਹੀ ਉਹਨਾਂ ਆਪ ਉੱਚਾਈ।

  • ---

    1. ਕਦ ਤੀਕਰ ਮੈਨੂੰ ਐ ਖ਼ੁਦਾ, ਭੁਲਾਈ ਰੱਖੇਂਗਾ?
    ਕਦ ਤੀਕਰ ਮੈਥੋਂ ਆਪਣਾ ਮੂੰਹ ਲੁਕਾਈ ਰੱਖੇਂਗਾ?

    2. ਕਦ ਤੀਕਰ ਜੀ ਵਿੱਚ ਸੋਚਾਂ ਮੈਂ? ਗ਼ਮ ਖਾਵਾਂ ਮੈਂ ਦਿਨ ਭਰ,
    ਕਦ ਤੀਕਰ ਵੈਰੀ ਰਹੇਗਾ, ਹੁਣ ਉੱਚਾ ਮੇਰੇ ਪਰ?

    3. ਯਾ ਰੱਬਾ ਮੇਰੀ ਸੁਣ ਦੁਆ, ਕਰ ਨਜ਼ਰ ਰਹਿਮਤ ਦੀ,
    ਨਾ ਮੌਤ ਦੇ ਵਿੱਚ ਸੌਂ ਜਾਵਾਂ ਮੈਂ, ਦੇ ਮੈਨੂੰ ਚਾਨਣ ਵੀ।

    4. ਨਾ ਦੁਸ਼ਮਣ ਆਖੇ ਖ਼ੁਸ਼ੀ ਨਾਲ, ‘‘ਮੈਂ ਫਤਹਿ ਪਾਈ ਹੈ,’’
    ਮੈ ਡਿੱਗ ਪਵਾਂ ਤੇ ਕਹੇ ਉਹ, ‘‘ਭਾਂਜ ਡਾਢੀ ਖਾਈ ਹੈ।’’

    5. ਪਰ ਤੇਰੀ ਰਹਿਮਤ ਉੱਤੇ ਹੈ ਆਸ ਮੇਰੀ, ਐ ਖ਼ੁਦਾ,
    ਤੇਰੀ ਨਜਾਤ ਤੋਂ ਮੇਰਾ ਦਿਲ ਖ਼ੁਸ਼ੀਆਂ ਮਨਾਵੇਗਾ।

    6. ਖ਼ੁਦਾਵੰਦ ਦੀ ਤਾਰੀਫ਼ ਦੇ ਵਿੱਚ ਗੀਤ ਗਾਵਾਂ ਦਿਲ ਦੇ ਨਾਲ,
    ਕਿ ਓਸ ਦੀ ਮਿਹਰਬਾਨੀ ਤੋਂ ਮੈਂ ਹੋਇਆ ਹਾਂ ਨਿਹਾਲ।

  • ---

    1. ਅਹਿਮਕ ਕਹਿੰਦਾ ਹੈ ਦਿਲ ਵਿੱਚ, ਖ਼ੁਦਾ ਈ ਨਹੀਂ,
    ਬਦੀ ਕਰਦਾ ਹੈ, ਇੱਕ ਵੀ ਭਲਾਈ ਨਹੀਂ।

    2. ਬਨੀ ਆਦਮ ਉੱਤੇ ਰੱਬ ਨੇ ਕੀਤੀ ਨਜ਼ਰ,
    ਮੰਨਣ ਵਾਲੇ ਖ਼ੁਦਾ ਦੇ ਤਾਂ ਵੇਖੇ ਹੀ ਨਹੀਂ।

    3. ਮੂਲੋਂ ਉੱਜੜੇ ਹੋਏ, ਹਨ ਗ਼ੁਨਾਹੀ ਸਭੋ,
    ਉਹਨਾਂ ਵਿੱਚ ਭਲਾ ਲੋਕ ਰਿਹਾ ਇੱਕ ਵੀ ਨਹੀਂ।

    4. ਕੀ ਬਦਕਾਰਾਂ ਨੂੰ ਹੋਈ ਨਾ ਕੁਝ ਵੀ ਖ਼ਬਰ?
    ਉਹਨਾਂ ਵਿੱਚੋਂ ਕਿਸੇ ਨੂੰ ਵੀ ਸਮਝ ਈ ਨਹੀਂ।

    5. ਮੇਰੇ ਬੰਦਿਆਂ ਨੂੰ ਖਾਂਦੇ ਵਾਗੂੰ ਰੋਟੀ ਦੇ ਉਹ,
    ਪਰ ਖ਼ੁਦਾਵੰਦ ਦਾ ਨਾਂ ਲੈਂਦਾ ਕੋਈ ਨਹੀਂ।

    6. ਓਥੇ ਡਰੇ ਤੇ ਖੌਫ਼ ਵਿੱਚ ਸਭ ਹੋਏ ਬਦਕਾਰ ,
    ਕਿਉਂ ਜੋ ਨੇਕਾਂ ਨੂੰ ਰੱਬ ਛੱਡਦਾ ਕਦੀ ਈ ਨਹੀਂ।

    7. ਰੱਬ ਰਹਿੰਦਾ ਹੈ ਆਜਿਜ਼ ਦੀ ਪਨਾਹ ਸਦਾ,
    ਉਹਦੀ ਸਲਾਹ ਨੂੰ ਕਹਿੰਦੇ ਕਿ ਚੰਗੀ ਈ ਨਹੀਂ।

    8. ਇਸਰਾਏਲ ਨੂੰ ਸਿਓਨ ਵਿੱਚੋਂ ਹੋਵੇ ਨਜਾਤ,
    ਕੈਦੀ ਮੁੜਨ ਤੇ ਯਾਕੂਬ ਨੂੰ ਫਿਰ ਦੁੱਖ ਈ ਨਹੀਂ।

  • ---

    1. ਕੌਣ ਸਲਾਮਤ ਰਹੇਗਾ ਤੇਰੇ ਘਰ ਵਿੱਚ, ਐ ਖ਼ੁਦਾ?
    ਕੌਣ ਜੋ ਤੇਰੇ ਪਾਕ ਪਹਾੜ ਉੱਤੇ ਰਹੇਗਾ ਸਦਾ?

    2. ਸਿੱਧੀ ਚਾਲ ਜੋ ਚੱਲਦਾ ਏ ਉਹ ਰਾਸਤੀ ਨਾਲ ਕੰਮ ਕਰਦਾ,
    ਆਪਣੇ ਦਿਲ ਨਾਲ ਬੋਲਦਾ ਸੱਚ ਤੇ ਚੁਗਲੀ ਨਹੀਂ ਕਰਦਾ।

    3. ਆਪਣੇ ਹੱਕ ਹਮਸਾਏ ਨਾਲ ਉਹ ਕਰਦਾ ਨਾ ਬੁਰਿਆਈ,
    ਐਬਾਂ ਵਾਲੀ ਉਹਨਾਂ ’ਤੇ ਗੱਲ ਓਸ ਕਦੀ ਨਾ ਲਾਈ।

    4. ਜਿਹਦੇ ਅੱਗੇ ਬੁਰਾ ਆਦਮੀ ਹੈ ਨਿਕੰਮਾ ਬੰਦਾ,
    ਪਰ ਉਹ ਜਿਹੜਾ ਰੱਬ ਤੋਂ ਡਰਦਾ ਉਹਨੂੰ ਇੱਜ਼ਤ ਦੇਂਦਾ।

    5. ਆਪਣੀ ਸਹੁੰ ਤੋਂ ਕਦੀ ਨਾ ਮੁੜਦਾ ਭਾਵੇਂ ਘਾਟਾ ਖਾਵੇ,
    ਦੇਂਦਾ ਉਹ ਉਧਾਰ ਪਰ ਉਸ ’ਤੇ ਕਦੀ ਵਿਆਜ ਨਾ ਲਾਵੇ।

    6. ਨੇਕਾਂ ਦੇ ਸਤਾਵਣ ਲਈ ਵੱਢੀ ਕਦੀ ਨਾ ਲੈਂਦਾ,
    ਜਿਹੜਾ ਕੰਮ ਅਜਿਹੇ ਕਰਦਾ ਸਦਾ ਸਲਾਮਤ ਰਹਿੰਦਾ।

  • ---

    1. ਐ ਖ਼ੁਦਾਵੰਦ ਮੇਰੀ, ਤੂੰ ਹੀ ਕਰ ਰਖਵਾਲੀ,
    ਮੇਰਾ ਸਭ ਭਰੋਸਾ ਤੂੰ ਹੀ ਹੈਂ, ਰੱਬ ਵਾਲੀ।

    2. ਮੇਰੀ ਜਾਨ ਖ਼ੁਦਾ ਨੂੰ ਇਹੋ ਕਹਿੰਦੀ ਆਈ,
    ਤੇਰੇ ਬਾਝੋਂ ਮੇਰੀ ਨਹੀਂ ਹੈ ਭਲਿਆਈ।

    3. ਜੋ ਹੈ ਧਰਤੀ ਉੱਤੇ ਭਲਾ ਲੋਕ ਚੰਗੇਰਾ,
    ਉਹਨਾਂ ਦੇ ਨਾਲ ਰਾਜ਼ੀ ਰਹਿੰਦਾ ਏ ਦਿਲ ਮੇਰਾ।

    4. ਹੋਰਨਾਂ ਦੇ ਨਾਲ ਬੰਨ੍ਹਦੇ ਕੌਲ ਕਰਾਰ ਹੁਣ ਜਿਹੜੇ,
    ਉਹਨਾਂ ਦੇ ਦੁੱਖ ਸਦਾ ਵਧਣਗੇ ਬਥੇਰੇ।

    5. ਨਾ ਤਪਾਵਨ ਖੂਨੀ ਉਹਨਾਂ ਦੇ ਤਪਾਵਾਂ,
    ਨਾ ਮੈਂ ਆਪਣੇ ਮੂੰਹ ’ਤੇ ਉਹਨਾਂ ਦਾ ਨਾਂ ਲਿਆਵਾਂ।

    6. ਤੂੰ ਮਿਰਾਸ ਹੈਂ ਮੇਰੀ, ਮੇਰਾ ਤੂੰ ਪਿਆਲਾ,
    ਜਿਹੜਾ ਮੇਰਾ ਹਿੱਸਾ, ਉਹਦਾ ਤੂੰ ਰਖਵਾਲਾ।

    7. ਥਾਂ ਹੈ ਮਿਣਿਆ ਗਿਆ ਮੇਰੇ ਵਾਸਤੇ ਜਿਹੜਾ,
    ਉਹ ਹੈ ਜਗ੍ਹਾ ਸੋਹਣੀ, ਸੁਥਰਾ ਹਿੱਸਾ ਮੇਰਾ।

  • ---

    8. ਰੱਬ ਦੀ ਮੈਂ ਗਾਵਾਂਗਾ ਸਨਾ, ਮੈਨੂੰ ਜੋ ਦਿੰਦਾ ਹੈ ਸਲਾਹ।
    ਰਾਤ ਦੇ ਵੇਲੇ ਦਿਲ ਮੇਰਾ, ਮੈਨੂੰ ਸਿਖਾਉਂਦਾ ਹੈ ਸਦਾ।

    9. ਮੇਰੀ ਨਿਗਾਹ ਖ਼ੁਦਾ ’ਤੇ ਹੈ, ਉਹੋ ਤੇ ਮੇਰਾ ਹੈ ਖ਼ੁਦਾ,
    ਰਹਿੰਦਾ ਹੈ ਮੇਰੇ ਸੱਜੇ ਵੱਲ, ਮੈਂ ਤੇ ਕਦੀ ਨਾ ਥਿੜਕਾਂਗਾ।

    10. ਏਸੇ ਸਬੱਬ ਤੋਂ ਮੇਰਾ ਮਨ, ਖ਼ੁਸ਼ ਹੈ ਤੇ ਖ਼ੁਸ਼ੀ ਵਿੱਚ ਹੈ ਨਿਹਾਲ,
    ਏਸੇ ਸਬੱਬ ਤੋਂ ਮੇਰਾ ਤਨ, ਪਾਵੇਗਾ ਚੈਨ ਉਮੀਦਾਂ ਨਾਲ।

    11. ਗੋਰ ਦੇ ਵਿੱਚ ਤੂੰ ਮੇਰੀ ਜਾਨ, ਕਦੀ ਨਾ ਰਹਿਣ ਦੇਵੇਂਗਾ,
    ਹਾਂ ਮੁਕੱਦਸ ਆਪਣੇ ਨੂੰ, ਕਦੀ ਨਾ ਸੜਨ ਦੇਵੇਂਗਾ।

    12. ਤੂੰ ਏਂ ਤੇ ਜ਼ਿੰਦਗੀ ਦਾ ਰਾਹ, ਦੱਸੇਂਗਾ ਮੈਨੂੰ, ਐ ਖ਼ੁਦਾ,
    ਤੇਰੇ ਹਜ਼ੂਰ ਤੇ ਸੱਜੇ ਹੱਥ, ਖ਼ੁਸ਼ੀਆਂ ਤੇ ਮੌਜਾਂ ਹਨ ਸਦਾ।

  • ---

    1. ਤੂੰ ਕਰ ਮੇਰੀ ਰਖਵਾਲੀ, ਮੇਰੇ ਖ਼ੁਦਾ,
    ਨਹੀਂ ਤੇਰੇ ਬਾਝੋਂ ਮੇਰਾ ਆਸਰਾ।

    2. ਮੇਰੀ ਜਾਨ, ਤੂੰ ਰੱਬ ਨੂੰ ਹੈ ਆਖਿਆ,
    ਕਿ ਤੂੰ ਮੇਰਾ ਮਾਲਿਕ, ਨਾ ਤੁਜ ਬਿਨ ਭਲਾ।

    3. ਜ਼ਮੀਨ ਉੱਤੇ ਜੋ ਪਾਕ ਹਨ ਦੀਨਦਾਰ,
    ਖ਼ੁਸ਼ੀ ਮੇਰੀ ਨਾਲ ਉਹਨਾਂ ਦੇ ਹੈ ਸਦਾ।

    4. ਜੋ ਰੱਬ ਦੇ ਸਿਵਾ ਦੂਜੇ ਨੂੰ ਮੰਨਦੇ ਹਨ,
    ਮੁਸੀਬਤ ਤੇ ਦੁੱਖ ਉਹਨਾਂ ’ਤੇ ਆਵੇਗਾ।

    5. ਕਰਾਂਗਾ ਨਾ ਉਹਨਾਂ ਦੀ ਨਜ਼ਰਾਂ ਕਬੂਲ,
    ਨਾ ਉਹਨਾਂ ਦੇ ਨਾਂ ਹੋਠਾਂ ’ਤੇ ਲਿਆਵਾਂਗਾ।

    6. ਮੇਰਾ ਮਾਲ, ਮੇਰਾ ਪਿਆਲਾ ਹੈ ਰੱਬ,
    ਤੂੰ ਹੈਂ ਮੇਰੇ ਬਖਰੇ ਦਾ ਰਾਖਾ, ਖ਼ੁਦਾ।

    7. ਜੋ ਥਾਂ ਮੇਰੀ ਖ਼ਾਤਿਰ ਹੈ ਮਿਣਿਆ ਗਿਆ,
    ਉਹ ਚੰਗਾ ਤੇ ਸੋਹਣਾ ਹੈ ਹਿੱਸਾ ਮੇਰਾ।

  • ---

    8. ਮੁਬਾਰਿਕ ਖ਼ੁਦਾਵੰਦ ਨੂੰ ਮੈਂ ਆਖਾਂਗਾ,
    ਕਿ ਦਿੱਤੀ ਹੈ ਜਿਸ ਮੈਨੂੰ ਚੰਗੀ ਸਲਾਹ।

    9. ਕਿ ਰਾਤ ਦੇ ਵੇਲੇ ਇਹ ਗੁਰਦੇ ਮੇਰੇ,
    ਸਿਖਾਉਂਦੇ ਹੀ ਰਹਿੰਦੇ ਹਨ ਮੈਨੂੰ ਸਦਾ।

    10. ਖ਼ੁਦਾ ਉੱਤੇ ਮੇਰੀ ਨਿਗਾਹ ਹੈ ਹਮੇਸ਼ਾ,
    ਉਹ ਹੈ ਮੇਰੇ ਸੱਜੇ, ਨਾ ਟਲ ਜਾਵਾਂਗਾ।

    11. ਮੇਰੇ ਦਿਲ ਨੂੰ ਏਸੇ ਸਬੱਬ ਹੈ ਖ਼ੁਸ਼ੀ,
    ਹੈ ਖ਼ੁਸ਼ ਮੇਰੀ ਇੱਜ਼ਤ, ਮੇਰਾ ਮਰਤਬਾ।

    12. ਸੌਂਵੇਗਾ ਮੇਰਾ ਜਿਸਮ ਉਮੀਦ ਵਿੱਚ,
    ਨਾ ਜਾਨ ਮੇਰੀ ਨੂੰ ਗੋਰ ਵਿੱਚ ਰੱਖੇਂਗਾ।

    13. ਤੇਰੇ ਪਾਕ ਕੁੱਦੂਸ ਦਾ ਜਿਸਮ ਵੀ,
    ਜ਼ਰਾ ਕਬਰ ਦੇ ਵਿੱਚ ਨਾ ਸੜ ਜਾਵੇਗਾ।

    14. ਕਿ ਰਾਹ ਜ਼ਿੰਦਗੀ ਦਾ ਜੋ ਸਿੱਧਾ ਹੈ ਸਾਫ਼,
    ਖ਼ੁਦਾਵੰਦਾ, ਤੂੰ ਮੈਨੂੰ ਵਿਖਲਾਵੇਂਗਾ।

    15. ਤੇਰੇ ਘਰ ਦੇ ਵਿੱਚ ਹੈ ਖ਼ੁਸ਼ੀ ਤੇ ਖ਼ੁਸ਼ੀ,
    ਤੇਰੇ ਸੱਜੇ ਹੱਥ ਇਸ਼ਰਤਾਂ ਹਨ ਸਦਾ।

  • ---

    1. ਸੱਚ ਨੂੰ ਸੁਣ ਤੂੰ ਐ ਖ਼ੁਦਾਵੰਦ, ਨਾਲ ਮੇਰੇ ਵੱਲ ਤੂੰ ਕੰਨ ਲਾ,
    ਕੰਨ ਧਰ ਆਪਣਾ ਉਸ ’ਤੇ, ਯਾ ਰੱਬ, ਦਿਲ ਤੋਂ ਮੰਗਦਾ ਮੈਂ ਦੁਆ।

    2. ਤੂੰ ਹੀ ਮੇਰੀ ਕਰ ਅਦਾਲਤ, ਆਪੀਂ ਵੇਖ ਸੱਚਿਆਈ ਨੂੰ,
    ਜਾਂਚਿਆ, ਤਾਇਆ ਤੂੰ ਹੀ ਮੈਨੂੰ, ਰਾਤੀਂ ਖ਼ਬਰ ਲੈਂਦਾ ਤੂੰ।

    3. ਮੇਰੇ ਵਿੱਚ ਨਾ ਕੁਝ ਬੁਰਿਆਈ, ਪਾਵੇਂਗਾ ਖ਼ੁਦਾਵੰਦਾ,
    ਮੇਰਾ ਮੂੰਹ ਖ਼ਿਆਲ ਤੋਂ ਮੇਰੇ, ਵੱਧ ਕੇ ਕੁਝ ਨਾ ਬੋਲੇਗਾ।

    4. ਆਦਮਜਾਤ ਦੇ ਕੰਮ ਨੂੰ ਵੇਖ ਕੇ, ਤੇਰੀ ਸ਼ਰਾਅ ਦੇ ਸਬੱਬ,
    ਭੈੜੇ ਰਾਹ ਤੋਂ ਆਪਣੇ ਆਪ ਨੂੰ, ਮੈਂ ਬਚਾਇਆ, ਮੇਰੇ ਰੱਬ।

    5. ਮੇਰੇ ਪੈਰਾਂ ਨੇ ਹੈ ਫੜ੍ਹਿਆ, ਐ ਖ਼ੁਦਾਵੰਦ ਤੇਰਾ ਰਾਹ,
    ਆਪਣੀ ਜਗ੍ਹਾ ਤੋਂ ਹੁਣ ਕਦੀ, ਮੇਰਾ ਪੈਰ ਨਾ ਹਟੇਗਾ।

  • ---

    6. ਯਾ ਰੱਬ, ਮੈਂ ਪੁਕਾਰਿਆ ਤੈਨੂੰ, ਤੂੰ ਹੀ ਮੇਰੀ ਸੁਣੇਂਗਾ,
    ਕੰਨ ਧਰ ਮੇਰੀਆਂ ਅਰਜ਼ਾਂ ਉੱਤੇ, ਮੇਰੀ ਸੁਣ ਲੈ ਤੂੰ ਦੁਆ।

    7. ਆਸ ਜਿਨ੍ਹਾਂ ਦੀ ਤੇਰੇ ਉੱਤੇ, ਉਹਨਾਂ ਨੂੰ ਬਚਾਂਦਾ ਤੂੰ,
    ਆਪਣੇ ਸੱਜੇ ਹੱਥ ਦੇ ਜ਼ੋਰ ਨਾਲ, ਰਹਿਮਤ ਵੀ ਵਿਖਾਂਦਾ ਤੂੰ।

    8. ਯਾ ਰੱਬ, ਮੇਰੀ ਕਰ ਰਖਵਾਲੀ, ਵਾਂਗਰ ਅੱਖ ਦੀ ਪੁਤਲੀ ਦੇ,
    ਆਪਣੇ ਪਰਾਂ ਦੀ ਛਾਂ ਹੇਠਾਂ, ਮੈਨੂੰ ਹੁਣ ਪਨਾਹ ਤੂੰ ਦੇ।

    9. ਉਹਨਾਂ ਬੁਰਿਆਂ ਤੋਂ ਬਚਾ ਲੈ, ਜਿਹੜੇ ਦੁੱਖ ਪਹੁੰਚਾਉਂਦੇ ਹਨ,
    ਮੇਰੀ ਜਾਨ ਦੇ ਵੈਰੀ ਮਿਲਕੇ, ਮੈਨੂੰ ਘੇਰਾ ਪਾਉਂਦੇ ਹਨ।

    10. ਆਪਣੀ ਚਰਬੀ ਵਿੱਚ ਲੁੱਕ ਗਏ, ਬੋਲਦੇ ਬੋਲ ਤਕੱਬਰ ਦਾ,
    ਘੇਰਦੇ ਤੱਕਦੇ ਰਾਹ ਅਸਾਡਾ, ਤਾਂ ਅਸਾਂ ਨੂੰ ਦੇਣ ਡਿਗਾ।

    11. ਸ਼ੇਰ ਦੇ ਵਾਂਗਰ ਹਾਲ ਉਨ੍ਹਾਂ ਦਾ, ਜਿਹੜਾ ਪਾੜਣਾ ਚਾਹੁੰਦਾ ਏ,
    ਹਾਂ ਉਸ ਸ਼ੇਰ ਦੇ ਬੱਚੇ ਵਾਂਗਰ, ਜੋ ਸ਼ਹਿ ਮਾਰ ਕੇ ਬਹਿੰਦਾ ਹੈ।

  • ---

    12. ਯਾ ਰੱਬ, ਮੇਰੇ ਵਾਸਤੇ ਲੜ ਤੂੰ, ਮੈਨੂੰ ਬੁਰਿਆਂ ਤੋਂ ਬਚਾ,
    ਆਪਣੇ ਖੰਜਰ ਨਾਲ ਜਾਨ ਮੇਰੀ, ਤੂੰ ਬਦਕਾਰਾਂ ਤੋਂ ਛੁਡਾ।

    13. ਯਾ ਰੱਬ, ਆਪਣੇ ਹੱਥ ਵਧਾਕੇ, ਦੁਨੀਆ ਤੋਂ ਬਚਾਈਂ ਤੂੰ,
    ਆਸ ਜਿਨ੍ਹਾਂ ਦੀ ਇਸੇ ਜੱਗ ਵਿੱਚ, ਉਹਨਾਂ ਤੋਂ ਛੁਡਾਈਂ ਤੂੰ।

    14. ਗੈਬੋਂ ਪੇਟ ਉਹਨਾਂ ਦਾ ਭਰਦਾ, ਰੱਜੇ ਖੂਬ ਉਹ ਦੌਲਤ ਨਾਲ,
    ਆਪਣੀ ਅਲ-ਔਲਾਦ ਦੇ ਵਾਸਤੇ, ਉਹ ਛੱਡ ਜਾਂਦੇ ਬਹੁਤਾ ਮਾਲ।

    15. ਪਰ ਮੈਂ, ਯਾ ਰੱਬ, ਤੇਰਾ ਚਿਹਰਾ ਵਿੱਚ ਸੱਚਿਆਈ ਵੇਖਾਂਗਾ,
    ਜਦ ਕਿ ਤੇਰੀ ਸੂਰਤ ਹੀ ਤੋਂ ਮੈਂ ਅਸੂਦਾ ਹੋਵਾਂਗਾ।

  • ---

    ਮੇਰੀ ਸੁਣ ਲੈ ਆਪੀਂ ਦੁਆ, ਆਪੀਂ ਦੁਆ, ਰਹਿਮਾਨ।

    1. ਸੱਚ ਨੂੰ ਸੁਣ ਤੂੰ ਐ ਖ਼ੁਦਾਵੰਦ, ਰੱਖ ਫਰਿਆਦ ’ਤੇ ਧਿਆਨ।

    2. ਮੇਰੀ ਦੁਆ ਜੋ ਸੱਚੇ ਦਿਲ ਤੋਂ, ਓਸ ’ਤੇ ਰੱਖ ਤੂੰ ਕੰਨ।

    3. ਮੇਰੀ ਕਰ ਅਦਾਲਤ, ਯਾ ਰੱਬ, ਸੱਚ ਨੂੰ ਤੂੰ ਪਹਿਚਾਣ।

    4. ਪਰਖਿਆ ਤਾਇਆ ਤੂੰ ਏ ਮੈਨੂੰ, ਰਾਤੀਂ ਹੈਂ ਨਿਗਾਹਬਾਨ।

    5. ਮੇਰੇ ਵਿੱਚ ਨਾ ਕੁਝ ਬੁਰਿਆਈ, ਪਾਵੇਂਗਾ ਰਹਿਮਾਨ।

    6. ਮੇਰਾ ਮੂੰਹ ਨਾ ਬੋਲੇ ਉਹ ਗੱਲ, ਜਿਸ ਤੋਂ ਹੋ ਨੁਕਸਾਨ।

    7. ਲੋਕਾਂ ਦੇ ਕੰਮ ਭੈੜੇ ਵੇਖਕੇ, ਸ਼ਰ੍ਹਾ ਨੂੰ ਪਹਿਚਾਨ।

    8. ਬੁਰਿਆਂ ਰਾਹਾਂ ਤੋਂ ਬਚਾਇਆ, ਆਪ ਨੂੰ ਐ ਸੁਭਾਨ।

    9. ਮੇਰੇ ਕਦਮਾਂ ਨੇ ਰਾਹ ਤੇਰਾ, ਪਕੜਿਆ ਹੈ ਹੁਣ ਆਣ।

    10. ਮੇਰੇ ਪੈਰ ਹੁਣ ਕਦੀ ਨਾ ਥਿੜਕਣ, ਕਦੀ ਨਾ ਠੇਡਾ ਖਾਣ।

  • ---

    ਤੈਨੂੰ ਸੱਦਨਾ, ਖ਼ੁਦਾਇਆ, ਤੈਨੂੰ ਸੱਦਨਾ ਮੈਂ ਵਾਜਾਂ ਮਾਰ।

    11. ਮੇਰੇ ’ਤੇ ਵੱਲ ਕੰਨ ਧਰ ਤੂੰ, ਖ਼ੁਦਾਇਆ,
    ਸੁਣ ਲੈ ਮੇਰੀ ਤੂੰ ਪੁਕਾਰ।

    12. ਜ਼ਾਹਿਰ ਕਰ ਤੂੰ ਮਿਹਰਬਾਨੀ,
    ਆਸਾਂ ਵਾਲਿਆਂ ਨੂੰ ਤਾਰ।

    13. ਆਪਣੇ ਸੱਜੇ ਹੱਥ ਨਾਲ, ਰੱਬਾ,
    ਦੂਤਾਂ ਨੂੰ ਪਿੱਛੇ ਮਾਰ।

    14. ਅੱਖ ਦੀ ਪੁਤਲੀ ਵਾਂਗਰ ਮੈਨੂੰ,
    ਪਰਾਂ ਦੇ ਰੱਖ ਵਿਚਕਾਰ।

    15. ਉਹ ਸ਼ਰੀਰ ਜਿਹੜੇ ਅਤਿ ਦੁੱਖ ਦਿੰਦੇ,
    ਜਾਨ ਦਾ ਕਰਨ ਨਾ ਉੱਧਾਰ।

    16. ਆਪਣੀ ਚਰਬੀ ਵਿੱਚ ਉਹ ਛੱਪ ਗਏ,
    ਮੂੰਹੋਂ ਬੋਲਣ ਹੰਕਾਰ।

    17. ਘੇਰਨ ਸਾਡੇ ਕਦਮਾਂ ਨੂੰ ਉਹ,
    ਡੇਗਣ ਦੀ ਰੱਖਦੇ ਉਹ ਤਾੜ।

    18. ਸ਼ੇਰ ਬੱਚੇ ਵਾਂਗੂੰ ਛੁਪਕੇ ਬਹਿੰਦੇ,
    ਸ਼ੇਰ ਜਿਉਂ ਕਰਦਾ ਸ਼ਿਕਾਰ।

  • ---

    19. ਯਾ ਰੱਬ, ਉੱਠਕੇ ਸਾਹਮਣਾ ਕਰ ਤੂੰ,
    ਦੁਸ਼ਮਣ ਮੇਰੇ ਮਾਰ।

    20. ਜਾਨ ਮੇਰੀ ਰੱਖ ਲੈ ਸ਼ਰੀਰ ਤੋਂ,
    ਨਾਲ ਆਪਣੀ ਤਲਵਾਰ।

    21. ਉਹਨਾਂ ਤੋਂ ਮੇਰੀ ਜਾਨ ਬਚਾ ਤੂੰ,
    ਦੁਨੀਆ ਨੂੰ ਕਰਦੇ ਜੋ ਪਿਆਰ।

    22. ਉਹਨਾਂ ਦਾ ਹਿੱਸਾ ਹੈ ਏਸੇ ਜਹਾਨ ਵਿੱਚ,
    ਦੌਲਤ ਤੂੰ ਏਂ ਬਖ਼ਸ਼ਣਹਾਰ।

    23. ਰੱਜੇਗੀ ਉਹਨਾਂ ਦੀ ਅਲ-ਔਲਾਦ ਵੀ,
    ਦੌਲਤ ਛੱਡ ਜਾਣ ਬੇ–ਸ਼ੁਮਾਰ।

    24. ਪਰ ਮੈਂ ਸਦਾਕਤ ਵਿੱਚ ਚਿਹਰੇ ਤੇਰੇ ਨੂੰ,
    ਵੇਖਾਂਗਾ ਬਾਰੰਬਾਰ ।

    25. ਜਾਗ ਕੇ ਤੇਰੀ ਸੂਰਤ ਦੇ ਮੈਂ,
    ਰੱਜਾਂਗਾ ਕਰ ਦਿਦਾਰ।

  • ---

    1. ਐ ਖ਼ੁਦਾਵੰਦ ਜ਼ੋਰ ਤੂੰ ਮੇਰਾ, ਮੇਰਾ ਪਿਆਰ ਹੈ ਤੇਰੇ ਨਾਲ,
    ਮੇਰਾ ਗੜ੍ਹ, ਚਟਾਨ ਤੂੰ ਮੇਰੀ, ਤੂੰ ਏਂ ਹੈਂ ਛੁਡਾਉਣਵਾਲ,
    ਤੂੰ ਜ਼ੋਰ ਮੇਰਾ ਹੈਂ, ਮੇਰਾ ਪਿਆਰ ਹੈ ਤੇਰੇ ਨਾਲ।

    2. ਮੇਰਾ ਰੱਬ ਚਟਾਨ ਹੈ ਮੇਰੀ, ਉਸ ’ਤੇ ਆਸ ਮੈਂ ਰੱਖਾਂਗਾ,
    ਮੇਰੀ ਢਾਲ ਤੇ ਸਿੰਗ ਨਜਾਤ ਦਾ, ਉਹ ਹੈ ਮੇਰੀ ਉੱਚੀ ਜਾਅ,
    ਉਹ ਜ਼ੋਰ ਮੇਰਾ ਹੈ, ਮੇਰਾ ਪਿਆਰ ਹੈ ਉਹਦੇ ਨਾਲ।

    3. ਮੰਗਾਂਗਾ ਮੈਂ ਉਹਦੇ ਕੋਲੋਂ, ਜੋ ਹੈ ਉਸਤਤ ਯੋਗ ਖ਼ੁਦਾ,
    ਆਪਣੇ ਦੂਤੀਆਂ ਦੇ ਹੱਥੋਂ, ਤਦ ਛੁਟਕਾਰਾ ਪਾਵਾਂਗਾ।
    ਰੱਬ ਜ਼ੋਰ ਮੇਰਾ ਹੈ, ਮੇਰਾ ਪਿਆਰ ਹੈ ਉਹਦੇ ਨਾਲ।

    4. ਮੌਤ ਦੇ ਦੁੱਖਾਂ ਵਿੱਚ ਸਾਂ ਘਿਰਿਆ, ਬੁਰੇ ਲੋਕ ਡਰਾਉਂਦੇ ਸਨ,
    ਗੋਰ ਦੇ ਬੰਨਣ, ਮੌਤ ਦੇ ਫੰਦੇ, ਘੇਰਦੇ ਅਤੇ ਫਸਾਉਂਦੇ ਸਨ,
    ਰੱਬ ਜ਼ੋਰ ਮੇਰਾ ਹੈ, ਮੇਰਾ ਪਿਆਰ ਹੈ ਉਹਦੇ ਨਾਲ।

    5. ਤਦ ਪੁਕਾਰਿਆ ਆਪਣੇ ਰੱਬ ਨੂੰ, ਮੈਂ ਸਾਂ ਦੁਖੀ ਅਤਿ ਲਾਚਾਰ,
    ਆਪਣੇ ਰੱਬ ਪਾਕ ਦੀ ਦਰਗਾਹ ਵਿੱਚ ਤਦੋਂ ਕੀਤੀ ਮੈਂ ਪੁਕਾਰ,
    ਰੱਬ ਜ਼ੋਰ ਮੇਰਾ ਹੈ, ਮੇਰਾ ਪਿਆਰ ਹੈ ਉਹਦੇ ਨਾਲ।

    6. ਆਪਣੀ ਹੈਕਲ ਵਿੱਚੋਂ ਉਸ ਨੇ ਮੇਰੀ ਸੁਣੀ ਝੱਟ ਸਦਾ,
    ਉਸ ਦੇ ਕੰਨਾਂ ਤੀਕਰ ਮੇਰੀ, ਪਹੁੰਚੀ ਰੋਵਣ ਦੀ ਦੁਆ,
    ਰੱਬ ਜ਼ੋਰ ਮੇਰਾ ਹੈ, ਮੇਰਾ ਪਿਆਰ ਹੈ ਉਹਦੇ ਨਾਲ।

  • ---

    7. ਥਰ–ਥਰ ਕੰਬੀ ਧਰਤੀ ਸਾਰੀ,
    ਮੁੱਢੋਂ ਮੂਲੋਂ ਕੁੱਲ ਪਹਾੜ,
    ਥਰ–ਥਰ ਕੰਬੇ, ਥਰ ਥਰ ਕੰਬੇ,
    ਗੁੱਸੇ ਵਿੱਚ ਸੀ ਰੱਬ ਕਹਿਰ।

    8. ਉਸ ਦੇ ਕਹਿਰ ਤੋਂ ਧੂੰਆ ਉੱਠਿਆ,
    ਮੂੰਹੋਂ ਨਿਕਲੀ ਅੱਗ ਭਰਮਾਰ,
    ਭਸਮ ਕਰਨ ਵਾਲੀ ਅੱਗ ਉਹ,
    ਜਿਸ ਤੋਂ ਬਲ਼ ਉੱਠੇ ਅੰਗਿਆਰ।

    9. ਉਹ ਆਸਮਾਨ ਨਿਵਾ ਕੇ ਉੱਤਰਿਆ,
    ਪੈਰਾਂ ਹੇਠ ਸੀ ਘੁੱਪ ਹਨੇਰ,
    ਚੜ੍ਹ ਕਰੂਬੀ ’ਤੇ, ਉੱਡ ਗਿਆ,
    ਵਾਅ ਦੇ ਪਰਾਂ ਨਾਲ ਉਹ ਫੇਰ।

    10. ਉਹ ਦੇ ਆਨੇ-ਬਾਨੇ ਪਰਦਾ,
    ਹੈ ਸੀ ਘੁੱਪ ਹਨੇਰੇ ਦਾ,
    ਬੱਦਲਾਂ ਦੀ ਘਟਾ ਦਾ ਤੰਬੂ,
    ਫੇਰ ਹਨੇਰਾ, ਪਾਣੀ ਦਾ।

    11. ਬੱਦਲੀ ਉਹਦੇ ਅੱਗੇ ਲਿਸ਼ਕੀ,
    ਜਿਸਦੇ ਚਾਨਣ ਤੋਂ ਇੱਕ ਵਾਰ,
    ਪਾਟੇ ਸਨ ਫਿਰ ਬੱਦਲ ਸਾਰੇ,
    ਵੇਖੋ, ਗੜੇ ਤੇ ਅੰਗਿਆਰ।

    12. ਗੱਜਿਆ ਗੁੱਸੇ ਨਾਲ ਅਸਮਾਨ ਵਿੱਚ,
    ਤਦ ਖ਼ੁਦਾਵੰਦ ਪਾਕ ਖ਼ੁਦਾ,
    ਵੇਖੋ, ਗੜੇ ਤੇ ਅੰਗਿਆਰੇ, ਹੈ ਬੁਲਾਰਾ ਓਸੇ ਦਾ।

    13. ਉਸਨੇ ਤੀਰ ਚਲਾਏ ਆਪਣੇ,
    ਹੋਏ ਸਭੋ ਪਰੇਸ਼ਾਨ,
    ਬੱਦਲੀਆਂ ਲਿਸ਼ਕਾਕੇ ਉਸਨੇ,
    ਕੀਤਾ ਉਹਨਾਂ ਨੂੰ ਹੈਰਾਨ।

    14. ਤੇਰੇ ਕਹਿਰ ਦੇ ਬੁੱਲੇ ਨੇ ਤਦ,
    ਤੇਰੀ ਝਿੜਕੀ ਨਾਲ, ਖ਼ੁਦਾ,
    ਤਹਿ ਸਮੁੰਦਰ ਦੀ ਖੁੱਲ੍ਹ ਗਈ,
    ਖੁੱਲ੍ਹੀ ਦੁਨੀਆ ਦੀ ਬੀਨਾ।

  • ---

    15. ਆਪੀਂ ਉਪਰੋਂ ਹੱਥ ਵਧਾ ਕੇ ਮੈਨੂੰ ਰੱਬ ਬਚਾਵੇਗਾ,
    ਉਹੋ ਡੂੰਘੇ ਪਾਣੀ ਵਿੱਚੋਂ ਮੈਨੂੰ ਖਿੱਚ ਲੈ ਜਾਵੇਗਾ,
    ਉਹ ਜ਼ੋਰ ਮੇਰਾ ਹੈ, ਮੇਰਾ ਪਿਆਰ ਹੈ ਉਹਦੇ ਨਾਲ ।

    16. ਮੇਰੇ ਭਾਰੇ ਦੂਤੀ ਦੁਸ਼ਮਣ ਜਿਨ੍ਹਾ ਵੈਰ ਵਧਾਇਆ ਹੈ,
    ਉਨ੍ਹਾਂ ਕੋਲੋਂ ਮੇਰੇ ਰੱਬ ਨੇ, ਮੈਨੂੰ ਆਪ ਛੁਡਾਇਆ ਹੈ,
    ਉਹ ਜ਼ੋਰ ਮੇਰਾ ਹੈ, ਮੇਰਾ ਪਿਆਰ ਹੈ ਉਹਦੇ ਨਾਲ ।

    17. ਮੇਰਾ ਕੀਤਾ ਸਾਹਮਣਾ ਉਨ੍ਹਾਂ, ਜਦੋਂ ਸਾਂ ਮੈਂ ਬਿਪਤਾ ਨਾਲ,
    ਪਰ ਖ਼ੁਦਾਵੰਦ ਮੇਰਾ ਰੱਬ ਸੀ ਮੇਰਾ ਉਹ ਛੁਡਾਣੇਵਾਲ,
    ਉਹ ਜ਼ੋਰ ਮੇਰਾ ਹੈ, ਮੇਰਾ ਪਿਆਰ ਹੈ ਉਹਦੇ ਨਾਲ।

    18. ਮੈਨੂੰ ਖੁੱਲ੍ਹੇ ਥਾਂ ਦੇ ਉੱਤੇ, ਆਪੀਂ ਕੱਢ ਲਿਆਇਆ ਸੀ,
    ਮਿਹਰਬਾਨ ਸੀ ਮੇਰੇ ਉੱਤੇ ਮੈਨੂੰ ਆਪ ਛੁਡਾਇਆ ਸੀ,
    ਉਹ ਜ਼ੋਰ ਮੇਰਾ ਹੈ, ਮੇਰਾ ਪਿਆਰ ਹੈ ਉਹਦੇ ਨਾਲ ।

  • ---

    19. ਜਿਹੀ ਮੇਰੀ ਹੈ ਸੱਚਿਆਈ,
    ਤਿਹਾ ਬਦਲਾ ਦੇਵੇਗਾ,
    ਜਿਹੀ ਹੱਥਾਂ ਦੀ ਸਫ਼ਾਈ,
    ਮੈਨੂੰ ਦੇਵੇਗਾ ਜਜ਼ਾ।

    20. ਕਿਉਂ ਜੋ ਮੈਂ ਖ਼ੁਦਾ ਦੇ ਰਾਹ ਨੂੰ
    ਹਰ ਦਮ ਯਾਦ ਹੀ ਰੱਖਦਾ ਹਾਂ,
    ਬਦੀ ਕਰਕੇ ਮੈਂ,
    ਨਾ ਛੱਡਿਆ ਪਾਸਾ ਆਪਣੇ ਖ਼ੁਦਾਵੰਦ ਦਾ।

    21. ਰੱਖਦਾ ਹਾਂ ਮੈਂ ਅੱਖੀਆਂ ਅੱਗੇ
    ਉਹਦੀ ਸਭ ਸ਼ਰੀਅਤ ਨੂੰ,
    ਆਪਣੇ ਤੋਂ ਫਰਮਾਨ ਉਹਦੇ ਨੂੰ
    ਮੈਂ ਨਹੀਂ ਕੀਤਾ ਮੂਲ ਜੁਦਾ।

    22. ਸਿੱਧਾ ਸਾਦਾ ਮੈਂ ਰਿਹਾ ਸਾਂ
    ਨਾਲ ਖ਼ੁਦਾਵੰਦ ਆਪਣੇ ਦੇ,
    ਆਪਣੇ ਆਪ ਨੂੰ ਮੈਂ ਤੇ ਰੱਖਿਆ,
    ਬੁਰਿਆਂ ਕੰਮਾ ਤੋਂ ਬਚਾ।

    23. ਬਦਲਾ ਦਿੱਤਾ ਰੱਬ ਨੇ
    ਮੈਨੂੰ ਮੇਰੀ ਜੋ ਸੱਚਿਆਈ ਸੀ,
    ਹੱਥਾਂ ਦੀ ਸਫ਼ਾਈ ਵੇਖਕੇ ਮੈਨੂੰ ਦਿੱਤੀ ਹੈ ਜਜ਼ਾ।

  • ---

    24. ਤੂੰ ਰਹਿਮ ਨੂੰ ਆਪਣੇ ਤਾਈਂ,
    ਆਪ ਰਹਿਮ ਵਿਖਾਉਂਦਾ ਹੈਂ,
    ਹਾਂ ਸੱਚਿਆਰ ਨੂੰ ਆਪਣੇ ਤਾਈਂ,
    ਤੂੰ ਸੱਚਿਆਰ ਵਿਖਾਉਂਦਾ ਹੈਂ।

    25. ਖ਼ਾਲਿਸ ਨੂੰ, ਵਿਖਾਉਂਦਾ ਖ਼ਾਲਿਸ,
    ਆਪਣੇ ਆਪ ਤੂੰਂ ਐ ਖ਼ੁਦਾ,
    ਡਿੰਗਿਆਂ ਨੂੰ ਤੂੰ ਆਪਣੇ ਤਾਈਂ,
    ਡਿੰਗਾ ਹੋ ਵਿਖਾਵੇਂਗਾ।

    26. ਕਿਉਂ ਜੋ ਤੂੰ ਹੀ ਹੈਂ ਬਚਾਉਂਦਾ,
    ਯਾ ਰੱਬ, ਸਾਰੇ ਦੁਖੀਆਂ ਨੂੰ,
    ਨੀਵਾਂ ਕਰੇਂਗਾ, ਖ਼ੁਦਾਇਆ,
    ਤੂੰ ਸਭ ਉੱਚੀਆਂ ਅੱਖੀਆਂ ਨੂੰ।

    27. ਐ ਖ਼ੁਦਾਵੰਦ, ਆਪੀਂ ਤੂੰ ਏ,
    ਮੇਰਾ ਦੀਵਾ ਬਾਲ਼ੇਂਗਾ,
    ਮੇਰੇ ਸਭ ਹਨੇਰੇ ਨੂੰ ਤੂੰ,
    ਚਾਨਣ ਕਰ ਵਿਖਾਲੇਂਗਾ।

    28. ਕਿਉਂ ਜੋ ਤੇਰੀ ਮਦਦ ਨਾਲ ਮੈਂ,
    ਦੌੜ੍ਹਾਂਗਾ ਹਜ਼ਾਰਾਂ ’ਤੇ,
    ਹਾਂ ਇਮਦਾਦ ਨਾਲ ਆਪਣੇ ਰੱਬ ਦੀ,
    ਕੁੱਦਾਂਗਾ ਦੀਵਾਰਾਂ ’ਤੇ।

    29. ਖ਼ਾਲਿਸ ਹੈ ਕਲਾਮ ਖ਼ੁਦਾ ਦਾ,
    ਕਾਮਿਲ ਸੱਚਾ ਉਹਦਾ ਰਾਹ,
    ਜਿਨ੍ਹਾਂ ਦਾ ਭਰੋਸਾ ਉਸ ’ਤੇ,
    ਉਹਨਾਂ ਦੀ ਉਹ ਢਾਲ ਸਦਾ।

  • ---

    30. ਕਿਹੜਾ ਹੈ ਖ਼ੁਦਾ ਦੇ ਬਾਝੋਂ,
    ਦੂਜਾ ਕੋਈ ਪਾਲਣਹਾਰ?
    ਬਾਝ ਅਸਾਡੇ ਪਾਕ ਖ਼ੁਦਾ ਦੇ,
    ਕੌਣ ਚਟਾਨ ਹੈ ਪਾਇਦਾਰ?

    31. ਮੇਰੇ ਲੱਕ ਨੂੰ ਕੱਸ ਕੇ ਬੰਨ੍ਹਦਾ,
    ਖੂਬ ਮਜ਼ਬੂਤੀ ਨਾਲ ਖ਼ੁਦਾ,
    ਮੇਰੇ ਰਾਹ ਨੂੰ ਕਾਮਿਲ ਕਰਦਾ,
    ਕੁਦਰਤ ਉਹਦੀ ਹੈ ਸਦਾ।

    32. ਮੇਰੇ ਪੈਰਾਂ ਨੂੰ ਉਹ ਆਪੀਂ,
    ਹਿਰਨੀ ਵਾਂਗ ਬਣਾਉਂਦਾ ਹੈ,
    ਮੈਨੂੰ ਉੱਚੀਆਂ ਥਾਵਾਂ ਉੱਤੇ,
    ਉਹ ਖਲਾਰ ਬਿਠਾਉਂਦਾ ਹੈ।

    33. ਮੇਰੇ ਹੱਥਾਂ ਨੂੰ ਜੰਗ ਕਰਨਾ,
    ਆਪ ਸਿਖਾਉਂਦਾ ਹੈ ਖ਼ੁਦਾ,
    ਮੇਰੇ ਬਾਜੂ ਦਿੰਦੇ ਹਨ ਹੁਣ,
    ਪਿੱਤਲ ਦੀ ਕਮਾਨ ਝੁਕਾ।

    34. ਢਾਲ ਨਜਾਤ ਦੀ ਬਖ਼ਸ਼ਦਾ ਤੂੰ ਏ,
    ਮੈਨੂੰ ਆਪ ਸੰਭਾਲਦਾ ਹੈਂ,
    ਆਪਣੀ ਰਹਿਮਤ ਨਾਲ ਤੂੰ ਮੈਨੂੰ,
    ਉੱਚੇ ਥਾਂ ਬਿਠਾਉਂਦਾ ਹੈਂ।

    35. ਮੇਰੇ ਪੈਰ ਨੂੰ ਮੇਰੇ ਹੇਠਾਂ, ਬਖ਼ਸ਼ੇਂਗਾ ਕੁਸ਼ਾਦਗੀ,
    ਮੇਰੇ ਗਿੱਟਿਆਂ ਵਿੱਚ, ਖ਼ੁਦਾਇਆ,
    ਕਦੀ ਨਾ ਥਿੜਕਨ ਹੋਵੇਗੀ।

  • ---

    36. ਪਿੱਛਾ ਕਰਕੇ ਵੈਰੀਆਂ ਨੂੰ,
    ਛੇਤੀ ਨਾਲ ਜਾ ਪਕੜਾਂਗਾ,
    ਜਦ ਤੋੜੀ ਉਹ ਨਾਸ਼ ਨਾ ਹੋਵਣ,
    ਮੈਂ ਨਾ ਪਿੱਛੇ ਮੁੜਾਂਗਾ।

    37. ਮੈਂ ਪਟਕਾਵਾਂਗਾ ਅਜਿਹਾ,
    ਕਦੀ ਉਹ ਉੱਠ ਨਾ ਸਕਣਗੇ,
    ਡਿੱਗਣਗੇ ਉਹ ਪੁੱਠੇ ਹੋ ਕੇ,
    ਹੇਠਾਂ ਮੇਰਿਆਂ ਪੈਰਾਂ ਦੇ।

    38. ਮੇਰਾ ਲੱਕ ਤੂੰ ਕੱਸਕੇ ਬੱਧਾ,
    ਜੰਗ ਦੇ ਵਾਸਤੇ, ਐ ਖ਼ੁਦਾ,
    ਮੇਰੇ ਵੈਰੀ ਮੇਰੇ ਹੇਠਾਂ,
    ਤੂੰ ਏ ਸਾਫ਼ ਝੁਕਾਵੇਂਗਾ।

    39. ਯਾ ਰੱਬ, ਮੇਰੇ ਸਾਰੇ ਵੈਰੀ,
    ਮੈਨੂੰ ਪਿੱਠ ਵਿਖਾਵਣਗੇ,
    ਮੇਰੇ ਨਾਲ ਜੋ ਵੈਰ ਕਮਾਂਦੇ,
    ਸਭੋ ਉੱਡ-ਪੁੱਡ ਜਾਵਣਗੇ।

    40. ਉਹ ਚਿੱਲਾਵਣਗੇ, ਨਾ ਕੋਈ,
    ਉਹਨਾਂ ਨੂੰ ਬਚਾਵੇਗਾ,
    ਉਹ ਪੁਕਾਰਨਗੇ ਖ਼ੁਦਾ ਨੂੰ,
    ਉਹ ਨਾ ਕੁਝ ਵੀ ਸੁਣੇਗਾ।

    41. ਮੈਂ ਤੇ ਵਾਅ ਦੇ ਗਰ ਦੇ ਵਾਂਗਰ,
    ਉਹਨਾਂ ਨੂੰ ਪੀਹ ਸੁੱਟਾਂਗਾ,
    ਉਹਨਾਂ ਨੂੰ ਸੁੱਟ ਦਿਆਂ ਅਜਿਹਾ,
    ਜਿਵੇਂ ਚਿੱਕੜ ਰਸਤੇ ਦਾ।

    42. ਮੈਨੂੰ ਝਗੜੇ ਤੋਂ ਬਚਾ ਕੇ,
    ਤੂੰ ਬਣਾਵੇਂਗਾ ਸਰਦਾਰ,
    ਜਿਸਦਾ ਮੈਂ ਸਾਂ ਕਦੀ ਨਾ ਵਾਕਿਫ਼,
    ਹੋਵੇਗਾ ਉਹ ਤਾਬਿਆਦਾਰ।

    43. ਸੁਣ ਮਸ਼ਹੂਰੀ, ਮੰਨੇਗੀ ਡਰ,
    ਅਲ ਔਲਾਦ ਗ਼ੈਰ ਕੌਮਾਂ ਦੀ,
    ਉਹ ਕੁਮਲਾਵੇਗੀ ਤੇ ਆਪਣੇ,
    ਘਰ ਵਿੱਚ ਥਰ–ਥਰ ਕੰਬੇਗੀ।

  • ---

    44. ਹੈ ਚਟਾਨ ਮੇਰੀ ਮੁਬਾਰਿਕ, ਮੇਰਾ ਜ਼ਿੰਦਾ ਹੈ ਖ਼ੁਦਾ,
    ਮੈਨੂੰ ਜੋ ਦਿੰਦਾ ਖ਼ਲਾਸੀ, ਉਹ ਤੇ ਵੱਡਾ ਹੈ ਸਦਾ।

    45. ਕਰਦਾ ਹੈ ਕੌਮਾਂ ਨੂੰ ਹੇਠਾਂ ਉਹ ਮੇਰੇ ਪੈਰਾਂ ਦੇ,
    ਉਹਦੀ ਕੁਦਰਤ ਹੈ ਬੜੀ, ਲੈਂਦਾ ਜੋ ਬਦਲਾ ਹੈ ਮੇਰਾ।

    46. ਮੇਰੀ ਇੱਜ਼ਤ ਨੂੰ ਵਧਾਉਂਦਾ ਹੈ ਮੇਰੇ ਦੂਤੀਆਂ ’ਤੇ,
    ਜ਼ਾਲਿਮਾਂ ਵੈਰੀਆਂ ਤੋਂ ਮੈਨੂੰ ਤੂੰ ਲੈਂਦਾ ਹੈਂ ਛੁਡਾ।

    47. ਕੌਮਾਂ ਦੇ ਅੱਗੇ ਤੇਰਾ ਸ਼ੁਕਰ ਕਰਾਂ ਦਿਲ ਦੇ ਨਾਲ,
    ਨਾਮ ਤੇਰੇ ਦੀ, ਖ਼ੁਦਾਵੰਦਾ, ਮੈਂ ਗਾਵਾਂਗਾ ਸਨਾ।

    48. ਸ਼ਾਹ ਨੂੰ ਦਿੰਦਾ ਤੂੰ ਨਜਾਤਾਂ, ਤੇਰੇ ਮਮਸੂਹ ਦਾਊਦ,
    ਉਹਦੀ ਔਲਾਦ ’ਤੇ ਵੀ ਰਹਿਮ ਹਮੇਸ਼ਾ ਹੈ ਤੇਰਾ।

  • ---

    1. ਆਸਮਾਨ ਬਿਆਨ ਕਰਦੇ ਖ਼ੁਦਾ ਦੇ ਕੰਮ ਸਾਰੇ,
    ਕਰਦੇ ਹਨ ਰੱਬ ਦੀ ਵਡਿਆਈ।

    2. ਦਿਨ ਕਰਦੇ ਰਹਿੰਦੇ ਦਿਨਾਂ ਨਾਲ ਗੱਲਾਂ,
    ਰਾਤ ਬਖ਼ਸ਼ਦੀ ਰਾਤ ਨੂੰ ਦਾਨਾਈ।

    3. ਨਾ ਹੈ ਜ਼ੁਬਾਨ, ਨਾ ਆਵਾਜ਼ ਸੁਣੀ ਜਾਂਦੀ,
    ਤਾਰ ਜ਼ਮੀਨ ਵਿੱਚ ਲਾਈ।

    4. ਸਾਰੀ ਜ਼ਮੀਨ ਦਿਆਂ ਕੰਢਿਆਂ ਤੋੜੀ,
    ਆਪਣੀ ਗੱਲ ਵੀ ਪੁਚਾਈ।

    5. ਤੰਬੂ ਬਣਾਇਆ ਰੱਬ ਨੇ ਸੂਰਜ ਦੇ ਲਈ,
    ਉਹਨਾਂ ਵਿੱਚ ਰੱਖੀ ਉੱਚਿਆਈ।

    6. ਲਾੜੇ ਦੇ ਵਾਂਗਰ ਮੈਦਾਨ ਵਿੱਚ ਜੋ ਦੌੜ੍ਹਦਾ,
    ਦੌੜ੍ਹਨੇ ਦੇ ਨਾਲ ਖ਼ੁਸ਼ੀ ਆਈ।

    7. ਆਸਮਾਨ ਦੇ ਕੰਢਿਆਂ ਤੋਂ ਦੂਜੇ ਕੰਢੇ ਘੁੰਮਦਾ,
    ਸਭਨਾਂ ਨੂੰ ਦਿੰਦਾ ਰੌਸ਼ਨਾਈ।

  • ---

    7. ਸ਼ਰੀਅਤ ਹੈ ਖ਼ੁਦਾ ਦੀ ਐਸੀ ਕਾਮਿਲ,
    ਕਿ ਉਹ ਹੈ ਫੇਰ ਦਿੰਦੀ ਲੋਕਾਂ ਦੇ ਦਿਲ।

    8. ਸ਼ਹਾਦਤ ਸੱਚੀ ਹੈ ਐਸੀ ਖ਼ੁਦਾ ਦੀ,
    ਕਿ ਉਹ ਸਿੱਧਿਆਂ ਦਿਲਾਂ ਨੂੰ ਹੈ ਸਿਖਾਉਂਦੀ।

    9. ਸ਼ਰ੍ਹਾ ਹੈ ਸਾਫ਼ ਸਿੱਧੀ ਰੱਬ ਦੀ ਸਾਰੀ,
    ਦਿਲਾਂ ਦੀ ਦੂਰ ਕਰਦੀ ਬੇ–ਕਰਾਰੀ।

    10. ਖ਼ੁਦਾ ਦੇ ਹੁਕਮ ਵਿੱਚ ਹੈ ਉਹ ਸਫ਼ਾਈ,
    ਕਿ ਹੁੰਦੀ ਅੱਖੀਆਂ ਨੂੰ ਰੌਸ਼ਨਾਈ।

    11. ਅਜਿਹਾ ਪਾਕ ਹੈ ਡਰ ਖੌਫ਼ ਰੱਬ ਦਾ,
    ਸਦਾ ਤੀਕਰ ਹੀ ਉਹ ਕਾਇਮ ਹੈ ਰਹਿੰਦਾ।

    12. ਨਿਆਂ ਰੱਬ ਦੇ ਨੇ ਸੱਚੇ ਸਾਫ਼ ਸਾਰੇ,
    ਉਹ ਕੁੰਦਨ ਸੋਨੇ ਨਾਲੋਂ ਮਹਿੰਗੇ ਪਿਆਰੇ।

    13. ਨਿਆਂ ਉਸ ਸ਼ਹਿਦ ਵਾਂਗਰ ਮਿੱਠਾ ਲੱਗਦਾ,
    ਜਿਹੜਾ ਆਪਣੇ ਖੱਗੇ ਵਿੱਚੋਂ ਵਗਦਾ।

    14. ਨਸੀਅਤ ਉਸ ਤੋਂ ਸਿੱਖਦੇ ਤੇਰੇ ਬੰਦੇ,
    ਜੋ ਉਸ ਨੂੰ ਯਾਦ ਰੱਖਦੇ ਬਦਲਾ ਪਾਂਦੇ।

    15. ਤੇ ਕਿਹੜਾ ਜਾਣੇ ਆਪਣੀ ਭੁੱਲ ਚੁੱਕ ਨੂੰ,
    ਲੁਕਿਆਂ ਪਾਪਾਂ ਤੋਂ ਮੈਨੂੰ ਪਾਕ ਕਰ ਤੂੰ।

    16. ਗ਼ੁਨਾਹ ਗੁਸਤਾਖ਼ੀ ਤੋਂ ਮੈਨੂੰ ਬਚਾ ਲੈ,
    ਕਿ ਉਹ ਨਾ ਮੇਰੇ ਉੱਤੇ ਗਲਬਾ ਪਾਵੇ।

    17. ਤਦ ਹੋਵਾਂਗਾ ਮੈਂ ਸੱਚਾ, ਯਾ ਇਲਾਹੀ,
    ਤਦ ਹੋਵੇ ਭਾਰੇ ਪਾਪਾਂ ਤੋਂ ਸਫ਼ਾਈ।

    18. ਮੇਰੀ ਸਭ ਸੋਚ ਗੱਲ ਹੁਣ ਤੈਨੂੰ ਭਾਵੇ,
    ਐ ਮੇਰੇ ਜ਼ੋਰ ਤੇ ਮੇਰੇ ਮੁਕਤੀਦਾਤੇ।

  • ---

    1. ਦੁੱਖਾਂ ਦੇ ਵੇਲੇ ਤੇਰੀ ਖ਼ੁਦਾਵੰਦ ਸੁਣੇ ਦੁਆ,
    ਇੱਜ਼ਤ ਤੇਰੀ ਵਧਾਵੇਗਾ ਯਾਕੂਬ ਦਾ ਖ਼ੁਦਾ।

    2. ਹੈਕਲ ਤੋਂ ਆਪਣੀ ਘੱਲੇ ਤੇਰੇ ਵਾਸਤੇ ਮਦਦ,
    ਸਿਓਨ ਵਿੱਚੋਂ ਆਪੀਂ ਸੰਭਾਲੇ ਤੈਨੂੰ ਸਦਾ।

    3. ਕੁਰਬਾਨੀ ਤੇਰੀ ਸਾਰੀ ਕਰੇ ਆਪ ਉਹ ਕਬੂਲ,
    ਤੇ ਨਜ਼ਰਾਂ ਤੇਰੀਆਂ ਨੂੰ ਵੀ ਉਹ ਯਾਦ ਕਰੇਗਾ।

    4. ਬਖ਼ਸ਼ੇਗਾ ਤੈਨੂੰ ਸਭ ਜੋ ਤੇਰੇ ਦਿਲ ਦੀ ਹੈ ਮੁਰਾਦ,
    ਪੂਰਾ ਕਰੇਗਾ ਉਹ ਤੇਰਾ ਮਤਲਬ ਜ਼ਰਾ-ਜ਼ਰਾ।

    5. ਗਾਵਾਂਗਾ ਗੀਤ ਯਾ ਰੱਬਾ ਤੇਰੀ ਨਜਾਤ ਦੇ,
    ਝੰਡਾ ਕਰਾਂਗੇ ਆਪਣੇ ਖ਼ੁਦਾਵੰਦ ਹੀ ਦਾ ਖੜ੍ਹਾ।

    6. ਦਰਖਾਸਤਾਂ ਉਹ ਤੇਰੀਆਂ ਪੂਰੀ ਕਰੇਗਾ ਆਪ,
    ਆਪਣੀ ਜਨਾਬ-ਏ-ਪਾਕ ਤੋਂ ਯਾਕੂਬ ਦਾ ਖ਼ੁਦਾ।

  • ---

    7. ਹੁਣ ਚੰਗੀ ਤਰ੍ਹਾਂ ਜਾਣੀ ਮੈਂ ਇਹ ਗੱਲ, ਕਿ ਰੱਬ ਨੇ ਆਪ,
    ਜ਼ੋਰ ਆਪਣੇ ਸੱਜੇ ਹੱਥ ਦਾ ਦਿੱਤਾ ਅਜਬ ਵਿਖਾ।

    8. ਉਹ ਪਾਕ ਅਸਮਾਨਾਂ ’ਤੇ ਬੈਠਾ ਹੈ ਤਖ਼ਤ ’ਤੇ,
    ਉੱਥੋਂ ਸੁਣੇਗਾ ਆਪਣੇ ਮਸੀਹਾ ਦੀ ਉਹ ਦੁਆ ।

    9. ਇਹ ਗੱਡੀਆਂ ਉਹ ਘੋੜਿਆਂ ਦਾ ਚਰਚਾ ਕਰਨਗੇ,
    ਚਰਚਾ ਪਰ ਆਪਣੇ ਰੱਬ ਦਾ ਕਰਾਂਗੇ ਅਸੀਂ ਸਦਾ।

    10. ਉਹ ਝੁੱਕ ਗਏ ਤੇ ਝੁੱਕਦਿਆਂ ਛੇਤੀ ਹੀ ਡਿੱਗ ਪਏ,
    ਉੱਠੇ ਅਸੀਂ ਤੇ ਸਿੱਧੇ ਖਲੋਤੇ ਰਹੇ ਬਜਾਅ।

    11. ਤੂੰ ਹੀ ਬਚਾ ਖ਼ੁਦਾਇਆ, ਤੂੰ ਹੀ ਬਖ਼ਸ਼ ਦੇ ਨਜਾਤ,
    ਅਰਜ਼ਾਂ ਦੁਆਵਾਂ ਆਪ ਸੁਣੇ ਸਾਡਾ ਬਾਦਸ਼ਾਹ।

  • ---

    1. ਤੇਰੇ ਜ਼ੋਰ ਤੋਂ ਖ਼ੁਦਾਇਆ ਖ਼ੁਸ਼ੀਆਂ ਦੇ ਵਿੱਚ ਸ਼ਾਹ ਆਇਆ,
    ਮੁਕਤੀ ਤੇਰੀ ਤੋਂ ਉਹਨੇ ਦਿਲ ਸ਼ਾਦ ਕਿਆ ਹੀ ਪਾਇਆ।

    2. ਮਤਲਬ ਹੈ ਕੀਤਾ ਪੂਰਾ ਤੂੰ ਹੀ ਏ ਉਹਦੇ ਦਿਲ ਦਾ,
    ਮੂੰਹੋਂ ਜੋ ਕੁਝ ਉਹ ਮੰਗਦਾ ਸਭ ਕੁਝ ਹੈ ਉਸ ਨੂੰ ਮਿਲਦਾ।

    3. ਤੂੰ ਨੇਕ ਬਰਕਤਾਂ ਤੋਂ ਨਾਲ ਉਹਦੇ ਪੇਸ਼ ਆਇਆ,
    ਸੋਨੇ ਖਰੇ ਦਾ ਸਿਰ ’ਤੇ ਉਹਦੇ ਹੈ ਤਾਜ ਰਖਾਇਆ।

    4. ਤੇਰੇ ਹੀ ਕੋਲੋਂ ਰੱਬਾ, ਜ਼ਿੰਦਗਾਨੀ ਉਹਨੇ ਚਾਹੀ,
    ਓੜਕ ਦੇ ਤੀਕਰ ਉਮਰ ਉਹਦੀ ਹੈ ਤੂੰ ਵਧਾਈ।

    5. ਸ਼ੌਕਤ ਹੈ ਉਸਦੀ ਵੱਡੀ ਤੇਰੀ ਨਜਾਤ ਤੋਂ, ਰੱਬਾ,
    ਹਸ਼ਮਤ ਜਲਾਲ ਤੂੰ ਏ ਉਹਨੂੰ ਖ਼ੁਦਾਇਆ ਦਿੱਤਾ।

    6. ਉਹਨੂੰ ਤੂੰ ਬਰਕਤਾਂ ਦਾ, ਆਪੇ ਸਬੱਬ ਠਹਿਰਾਇਆ,
    ਤੇਰੇ ਦਿਦਾਰ ਤੋਂ ਉਹ ਖ਼ੁਸ਼ੀਆਂ ਦੇ ਵਿੱਚ ਹੈ ਆਇਆ।

    7. ਰੱਬ ’ਤੇ ਹੈ ਆਸ ਸ਼ਾਹ ਦੀ ਰਹਿਮਤ ਦਾ ਸਾਇਆ ਦਾਇਮ,
    ਨਾ ਬਾਦਸ਼ਾਹ ਟਲੇਗਾ, ਸ਼ਾਹੀ ਰਹੇਗੀ ਕਾਇਮ।

  • ---

    8. ਢੂੰਡ ਕੇ ਕੱਢੇਗਾ, ਖ਼ੁਦਾਵੰਦਾ,
    ਤੇਰੇ ਸਭ ਦੁਸ਼ਮਣਾਂ ਨੂੰ ਹੱਥ ਤੇਰਾ।

    9. ਸੱਜਾ ਹੱਥ ਤੇਰਾ ਜ਼ੋਰਵਾਲਾ ਹੈ,
    ਤੇਰੇ ਸਭ ਵੈਰੀਆਂ ਨੂੰ ਪਕੜੇਗਾ।

    10. ਅੱਗ ਦੀ ਭੱਠੀ ਦੇ ਵਾਂਗ ਉਹਨਾਂ ਨੂੰ,
    ਗੁੱਸਾ ਆਪਣਾ ਜਦੋਂ ਵਿਖਾਵੇਂਗਾ।

    11. ਵੈਰੀਆਂ ਆਪਣਿਆਂ ਨੂੰ ਕਹਿਰ ਦੇ ਵਿੱਚ,
    ਨਿਗਲੇਂਗਾ ਵਾਂਗ ਅੱਗ ਦੇ ਖਾਵੇਂਗਾ।

    12. ਉਹਨਾਂ ਦਾ ਫਲ਼ ਤੇ ਉਹਨਾਂ ਦੀ ਔਲਾਦ,
    ਦੁਨੀਆ ਦੇ ਵਿੱਚੋਂ ਤੂੰ ਮਿਟਾਵੇਂਗਾ।

    13. ਬਦੀ ਫੈਲਾਂਦੇ, ਬੰਨ੍ਹਦੇ ਮਨਸੂਬੇ,
    ਜ਼ਿਦ ਤੇਰੀ ਦੇ ਵਿੱਚ ਉਹ, ਖ਼ੁਦਾਵੰਦਾ।

    14. ਉਹਨਾਂ ਦੀ ਪਿੱਠ ਵਿਖਾਵੇਂਗਾ ਸਾਨੂੰ,
    ਤੀਰ ਆਪਣਾ ਜਦੋਂ ਚਲਾਵੇਂਗਾ।

    15. ਆਪਣੀ ਕੁੱਵਤ ਦੇ ਵਿੱਚ ਬੁਲੰਦ ਤੂੰ ਹੋ,
    ਕੁਦਰਤਾਂ ਤੇਰੀਆਂ ਵੀ ਗਾਈਏ ਸਨਾ।

  • ---

    1. ਯਾ ਰੱਬ, ਖ਼ੁਦਾਇਆ ਮੇਰੇ ਕਿਉਂ ਦੁਖੀਆ ਮੈਨੂੰ ਛੱਡਿਆ?
    ਮੇਰੀ ਨਜਾਤ ਤੇ ਦੁੱਖ ਤੋਂ ਕਿਉਂ ਤੂੰ ਹੈ ਮੂੰਹ ਮੋੜਿਆ?

    2. ਪੁਕਾਰਦਾ ਹਾਂ ਮੈਂ ਦਿਨ ਨੂੰ ਪਰ ਕੁਝ ਜਵਾਬ ਨਾ ਪਾਉਂਦਾ,
    ਚੁੱਪ ਰਹਿੰਦਾ ਹਾਂ ਨਾ ਕਦੀ, ਪਰ ਰਾਤ ਨੂੰ ਵੀ ਚਿੱਲਾਉਂਦਾ।

    3. ਹਮਦਾਂ ਵਿੱਚ ਇਸਰਾਏਲ ਦੀ ਤੂੰ ਰਹਿੰਦਾ, ਪਾਕ ਖ਼ੁਦਾਇਆ,
    ਬਾਪ, ਦਾਦਿਆਂ ਨੇ ਤੈਨੂੰ ਸਾਡੀ ਆਸ ਸੀ ਠਹਿਰਾਇਆ।

    4. ਉਹਨਾਂ ਸਭਨਾਂ ਦੀ ਆਸ ਸੀ ਤੇਰੇ ਤੇ, ਸੋ ਤੂੰ ਹੀ ਦਿੱਤੀ ਆਜ਼ਾਦੀ,
    ਸਭ ਤੂੰ ਹੀ ਏ ਛੁਡਾਏ, ਜਦ ਹੋਏ ਉਹ ਫਰਿਆਦੀ।

    5. ਨਾ ਹੋਏ ਉਹ ਸ਼ਰਮਿੰਦਾ, ਆਸ ਉਹਨਾਂ ਦੀ ਸਿਰਫ਼ ਤੂੰ ਸੀ,
    ਮੈਂ ਕੀੜਾ ਹਾਂ ਨਾ ਆਦਮੀ, ਨਮੋਸ਼ੀ ਹਾਂ ਇਨਸਾਨ ਤੇ ਕੌਮ ਦੀ।

    6. ਸਭ ਦੇਖਣ ਵਾਲੇ ਮੇਰੇ, ਹਨ ਮੇਰੇ ’ਤੇ ਹੱਸਦੇ ਰਹਿੰਦੇ,
    ਪਸਾਰ-ਪਸਾਰ ਕੇ ਹੱਥ ਆਪਣੇ, ਤੇ ਸਿਰ ਹਿਲਾ ਇਉਂ ਕਹਿੰਦੇ।

    7. ਖ਼ੁਦਾ ’ਤੇ ਆਸਰਾ ਰੱਖੇ, ਛੁਡਾਵੇਗਾ ਉਹ ਉਸ ਨੂੰ,
    ਕਿ ਉਹ ਹੈ ਉਸ ’ਤੇ ਰਾਜ਼ੀ, ਬਚਾਵੇਗਾ ਉਹ ਉਸ ਨੂੰ ।

    8. ਹੈ ਤੂੰ ਹੀ ਸੀ ਜੋ ਮੈਨੂੰ ਪੇਟ ਤੋਂ ਬਾਹਰ ਲਿਆਇਆ,
    ਤੇ ਮਾਂ ਦੀ ਛਾਤੀ ’ਤੇ ਤੂੰ ਮੇਰਾ ਸੀ ਭਰੋਸਾ।

    9. ਪੈਦਾਇਸ਼ ਤੋਂ ਹੀ, ਯਾ ਰੱਬ, ਮੈਂ ਸੁੱਟਿਆ ਗਿਆ ਤੇਰੇ ’ਤੇ,
    ਪੈਦਾਇਸ਼ ਤੋਂ ਹੀ ਮੇਰਾ ਸਿਰਫ਼, ਤੂੰ ਹੀ ਸੀ ਅਲਕਾਦਿਰ।

  • ---

    10. ਨਾ ਮੈਥੋਂ ਦੂਰ ਰਹੀਂ ਕਿ ਤੰਗੀ ਆਈ ਛੇਤੀ,
    ਤੇ ਮਦਦ ਕਰਨੇ ਵਾਲਾ ਹੈ ਨਾ ਕੋਈ ਹੈ ਰੱਬ ਸਾਥੀ।

    11. ਬਲਦਾਂ ਨੇ ਮੈਨੂੰ ਘੇਰਿਆ ਹਰ ਤਰਫ਼ੋਂ ਐ ਅਲਕਾਦਿਰ,
    ਬਾਸ਼ਾਨ ਦੇ ਬਲਦਾਂ ਨੇ ਮੈਨੂੰ ਵਿੱਚ ਮੌਤ ਦੇ ਘੇਰ ਲਿਆ ਹੈ।

    12. ਜਿਵੇਂ ਜੰਗਲੀ ਸ਼ੇਰ ਫਾੜ ਦੇਂਦਾ ਹੈ ਗੂੰਜਦਾ ਤੇ ਘੂਰਾਉਂਦਾ,
    ਉਵੇਂ ਹੀ ਮੂੰਹ ਪਾੜ ਕੇ ਉਹ ਮੈਨੂੰ ਫੜ੍ਹਨਾ ਚਾਹੁੰਦਾ।

    13. ਜੋੜ-ਜੋੜ ਮੇਰਾ ਅਲੱਗ ਹੈ ਜਿਵੇਂ ਪਾਣੀ ਵਹਿੰਦਾ ਜਾਂਦਾ,
    ਦਿਲ ਮੇਰਾ ਮੋਮ ਦੇ ਮਾਨਿਦ, ਵਿੱਚ ਮੇਰੇ ਪਿਘਲਦਾ ਜਾਂਦਾ।

    14. ਤਾਲੂ ਨਾਲ ਹੈ ਜੀਭ ਲੱਗੀ ਜ਼ੋਰ ਮੇਰਾ ਹੈ ਸੁੱਕਦਾ ਜਾਦਾਂ,
    ਮੌਤ ਦੀ ਖ਼ਾਕ ਵਿੱਚ ਮੈਨੂੰ, ਯਾ ਰੱਬ ਤੂੰ ਬਠਾਂਦਾ।

    15. ਕੁੱਤਿਆਂ ਨੇ ਮੈਨੂੰ ਘੇਰਿਆ ਤੇ ਬਦਕਾਰ ਵੀ ਮੈਨੂੰ ਘੇਰਦੇ,
    ਤੇ ਆਪਸ ਵਿੱਚ ਮਿਲ ਕੇ ਸਭ ਹੱਥ ਪੈਰ ਨੇ ਮੇਰੇ ਛੇਦਦੇ।

    16. ਮੈ ਹੱਡੀਆਂ ਗਿਣ ਸਕਦਾਂ, ਉਹ ਮੈਨੂੰ ਘੂਰਦੇ ਰਹਿੰਦੇ,
    ਤੇ ਗੁਣੇ ਪਾ ਕੇ ਆਪਸ ਵਿੱਚ ਉਹ ਮੇਰੇ ਕੱਪੜੇ ਵੰਡਦੇ।

    17. ਯਾ ਰੱਬ, ਤੂੰ ਦੂਰ ਨਾ ਰਹਿ ਹੁਣ ਕਰ ਮਦਦ ਤੂੰ ਮੇਰੀ ਜਲਦੀ,
    ਆਪਣਾ ਵਾਹਦ ਬਚਾ ਲੈ, ਤੇ ਤਲਵਾਰ ਤੋਂ ਜਾਨ ਮੇਰੀ ।

    18. ਬੱਬਰ ਦੇ ਮੂੰਹ ’ਚੋਂ ਮੈਨੂੰ ਖ਼ੁਦਾਇਆ, ਦੇ ਰਿਹਾਈ,
    ਬਲਦਾਂ ਦੇ ਸਿੰਗਾਂ ਤੋਂ ਤੂੰ, ਜਾਨ ਮੇਰੀ ਹੈ ਬਚਾਈ।

  • ---

    19. ਖ਼ੁਦਾਇਆ ਆਪਣੇ ਭਾਈਆਂ ਨੂੰ ਮੈਂ ਤੇਰਾ ਨਾਂ ਸੁਣਾਵਾਂਗਾ,
    ਹਾਂ ਤੇਰੇ ਨਾਂ ਦੀਆਂ ਸਿਫ਼ਤਾਂ ਮੈਂ ਮਜਲਸ ਵਿੱਚ ਬਤਾਵਾਂਗਾ।

    20. ਤੁਸੀਂ ਜੋ ਰੱਬ ਦਾ ਡਰ ਮੰਨਦੇ ਤੇ ਉਸ ਦਾ ਖੌਫ਼ ਰੱਖਦੇ ਹੋ,
    ਸਨਾਵਾਂ ਉਹਦੀਆਂ ਗਾਓ, ਤੇ ਗਾਓ ਗੀਤ ਸਿਫ਼ਤਾਂ ਦਾ।

    21. ਖ਼ੁਦਾਵੰਦ ਦੀ ਬਜ਼ੁਰਗੀ ਕਰ ਤੂੰ, ਐ ਯਾਕੂਬ ਦੀ ਔਲਾਦ,
    ਐ ਇਸਰਾਏਲ ਦੀ ਪੀੜ੍ਹੀ, ਤੂੰ ਡਰ ਰੱਖੀਂ ਖ਼ੁਦਾਵੰਦ ਦਾ।

    22. ਨਾ ਦੁੱਖ ਆਜਿਜ਼ ਦਾ ਤੁੱਛ ਜਾਤਾ, ਨਾ ਉਸ ਤੋਂ ਮੂੰਹ ਲੁਕਾਉੁਂਦਾ ਹੈ,
    ਜਦੋਂ ਦਿੰਦਾ ਦੁਹਾਈ ਉਹ, ਖ਼ੁਦਾਵੰਦ ਝੱਟ ਉਹਦੀ ਸੁਣਦਾ।

    23. ਮੈਂ ਸਿਫ਼ਤਾਂ ਤੇਰੀਆਂ ਗਾਵਾਂ, ਜਮਾਤ ਵੱਡੀ ਦੇ ਅੱਗੇ,
    ਖ਼ੁਦਾ ਤਰਸਾਂ ਦੇ ਅੱਗੇ ਤੈਨੂੰ ਨਜ਼ਰਾਂ ਮੈਂ ਚੜ੍ਹਾਵਾਂਗਾ।

    24. ਹਲੀਮ ਹੁਣ ਖਾ ਕੇ ਰੱਜਣਗੇ, ਖ਼ੁਦਾ ਦੀ ਸਿਫ਼ਤ ਗਾਵਣਗੇ,
    ਤੁਹਾਡਾ ਦਿਲ ਸਦਾ ਤੀਕਰ ਖ਼ੁਸ਼ੀ ਦੇ ਨਾਲ ਜੀਵੇਗਾ।

  • ---

    25. ਯਾਦ ਖ਼ੁਦਾ ਦੀ ਕਰਨਗੇ ਮਿਲਕੇ, ਕੰਢੇ ਸਾਰੀ ਦੁਨੀਆਂ ਦੇ,
    ਦਿਲ ਦੇ ਨਾਲ ਰਜੂਹ ਲਿਆਵਣਗੇ, ਅੱਗੇ ਪਾਕ ਖ਼ੁਦਾਵੰਦ ਦੇ।

    26. ਸਾਰੀਆਂ ਕੌਮਾਂ ਝੁੱਕ-ਝੁੱਕ ਜਾਵਣ, ਡਰ ਰੱਖਣਗੀਆਂ ਉਸੇ ਦਾ,
    ਕਿਉਂ ਜੋ ਰਾਜ ਖ਼ੁਦਾਵੰਦ ਦਾ ਹੈ, ਹਾਕਮ ਹੈ ਉਹ ਕੌਮਾਂ ਦਾ।

    27. ਦੁਨੀਆਂ ਦੇ ਸਭ ਦੌਲਤ ਵਾਲੇ ਕਰਨਗੇ ਸਿੱਜਦਾ, ਖਾਵਣਗੇ,
    ਆਪਣੀ ਜਾਨ ਬਚਾ ਨਾ ਸਕਦੇ ਮਿੱਟੀ ਵਿੱਚ ਮਿਲ ਜਾਵਣਗੇ।

    28. ਰੱਬ ਦੀ ਕਰੇਗੀ ਇਬਾਦਤ, ਇੱਕ ਪੀੜ੍ਹੀ ਜਿਹੀ ਆਵੇਗੀ,
    ਆਉਣ ਵਾਲੀ ਪੀੜ੍ਹੀ ਨੂੰ ਉਹ, ਰੱਬ ਦੀ ਖ਼ਬਰ ਪਹੁੰਚਾਵੇਗੀ।

    29. ਦੱਸੇਗੀ ਸੱਚਿਆਈ ਰੱਬ ਦੀ ਉਨ੍ਹਾਂ ਨੂੰ ਜੋ ਜੰਮਣਗੇ,
    ਉਨ੍ਹਾਂ ਉੱਤੇ ਕਰੇਗੀ ਜ਼ਾਹਿਰ, ਸੱਚੇ ਕੰਮ ਖ਼ੁਦਾਵੰਦ ਦੇ।

  • ---

    1. ਐ ਖ਼ੁਦਾਵੰਦ, ਐ ਰੱਬ ਮੇਰੇ, ਕਿਉਂ ਤੂੰ ਮੇਰੀ ਸੁਣਦਾ ਨਹੀਂ?
    ਮੇਰੀ ਮਦਦ ਤੇ ਫਰਿਆਦ ਤੋਂ ਦੂਰ ਕਿਉਂ ਰਹਿੰਦਾ, ਸੁਣਦਾ ਨਹੀਂ?

    2. ਐ ਖ਼ੁਦਾਵੰਦ, ਰੱਬ ਤੂੰ ਮੇਰਾ, ਮੈਂ ਪੁਕਾਰਦਾ, ਫ਼ਜਰੇ ਤੈਨੂੰ,
    ਰਾਤ ਨੂੰ ਵੀ ਮੈਂ ਚੁੱਪ ਨਾ ਰਹਿੰਦਾ, ਪਰ ਤੂੰ ਮੇਰੀ ਸੁਣਦਾ ਨਹੀਂ।

    3. ਤੂੰ, ਖ਼ੁਦਾਵੰਦ, ਪਾਕ ਖ਼ੁਦਾ ਹੈਂ, ਤੂੰ ਬਜ਼ੁਰਗੀ ਨੂੰ ਹੈਂ ਪਹਿਣਦਾ,
    ਆਸਰਾ ਰੱਖਿਆ ਪਿਓ ਦਾਦਿਆਂ ਨੇ, ਉਹਨਾਂ ਨੂੰ ਤੂੰ ਛੱਡਿਆ ਨਹੀਂ।

    4. ਜਦ ਦੁਹਾਈ ਤੇਰੀ ਦਿੱਤੀ, ਤੂੰ ਏਂ ਉਹਨਾਂ ਨੂੰ ਛੁਡਾਇਆ,
    ਜਿਨ੍ਹਾਂ ਆਸਰਾ ਤੇਰਾ ਰੱਖਿਆ, ਉਹ ਸ਼ਰਮਿੰਦਾ ਹੋਏ ਨਹੀਂ।

    5. ਮੈਨੂੰ ਸਭ ਮਲਾਮਤ ਕਰਦੇ, ਸਾਰੇ ਵੇਖਦੇ ਸੰਗ ਵੀ ਲੈਂਦੇ,
    ਸਿਰ ਹਿਲਾਉਂਦੇ ਰਹਿੰਦੇ ਆਪਣੇ, ਮੈਂ ਹਾਂ ਕੀੜਾ ਬੰਦਾ ਨਹੀਂ।

    6. ਕਹਿੰਦੇ ਹਨ ਉਹ ਠੱਠਾ ਮਾਰਕੇ, ਉਹ ਭਰੋਸਾ ਰੱਬ ’ਤੇ ਧਰਦਾ,
    ਜੇ ਖ਼ੁਦਾ ਹੈ ਉਸ ਤੋਂ ਰਾਜ਼ੀ, ਉਸਨੂੰ ਕਿਉਂ ਛੁਡਾਉਂਦਾ ਨਹੀਂ।

    7. ਤੇਰੇ ਹੱਥੋਂ ਜਨਮ ਪਾਇਆ, ਤੂੰ ਤੇ ਮੈਨੂੰ, ਐ ਖ਼ੁਦਾਵੰਦ,
    ਮਾਂ ਦੀ ਗੋਦ ਵਿੱਚ ਆਸਰਾ ਦਿੱਤਾ, ਤੂੰ ਤੇ ਮੈਨੂੰ ਛੱਡਿਆ ਨਹੀਂ।

    8. ਤੂੰ ਏਂ ਮੇਰੀ ਪਾਲਣਾ ਕੀਤੀ ਜਦੋਂ ਦਾ ਮੈਂ ਪੈਦਾ ਹੋਇਆ,
    ਤੂੰ ਹੀ ਮੇਰਾ ਰੱਬ ਹੈਂ ਮਾਲਿਕ ਤੇਰੇ ਬਾਝੋਂ ਕੋਈ ਨਹੀਂ।

  • ---

    9. ਐ ਖ਼ੁਦਾਵੰਦ, ਦੂਰ ਨਾ ਰਹੀਓ, ਮਦਦਗਾਰ ਹੈ ਕੋਈ ਨਹੀਂ,
    ਤੰਗੀ ਆਉਂਦੀ, ਬਲਦ ਵੱਲ ਲੈਂਦੇ, ਨੇੜੇ ਹੋ ਤੂੰ ਦੂਰ ਹੀ ਨਹੀਂ।

    10. ਬਲਦ ਬਾਸ਼ਾਨ ਦੇ ਅਤਿ ਹਨ ਡਾਢੇ, ਸ਼ੇਰ ਦੇ ਵਾਂਗਰ ਭੁੱਬਾਂ ਮਾਰਦੇ,
    ਅੱਡੇ ਹੋਏ ਮੂੰਹ ਉਹ ਆਉਂਦੇ, ਮੇਰੇ ਕੋਲੋਂ ਹਾਲਦੇ ਨਹੀਂ।

    11. ਪਾਣੀ ਵਾਂਗ ਮੈਂ ਵਗਦਾ ਜਾਂਦਾ, ਜ਼ੋਰ ਵੱਖ ਹੋਏ ਮੋਮਦੇ ਵਾਂਗਰ,
    ਸੀਨੇ ਵਿੱਚ ਦਿਲ ਪੱਘਰ ਗਿਆ, ਕੁਝ ਆਰਾਮ ਵੀ ਪਾਉਂਦਾ ਨਹੀਂ।

    12. ਬੀਬਰੇ ਵਾਂਗਰ ਜ਼ੋਰ ਸੁੱਕ ਗਿਆ, ਤਾਲੂ ਨਾਲ ਜੀਭ ਲੱਗਦੀ ਜਾਂਦੀ,
    ਮੌਤ ਦੀ ਖ਼ਾਕ ਤੋਂ ਐ ਖ਼ੁਦਾਵੰਦ, ਮੈਨੂੰ ਤੂੰ ਉਠਾਉਂਦਾ ਨਹੀਂ।

    13. ਕਿਉਂ ਜੋ ਕੁੱਤੇ ਘੇਰਦੇ ਮੈਨੂੰ, ਹਨ ਸ਼ਰੀਰ ਲੋਕ ਗਿਰਦੇ ਮੇਰੇ,
    ਹੱਥਾਂ ਪੈਰਾਂ ਨੂੰ ਕਿੱਲ ਠੋਕਦੇ, ਇਹ ਬਦਕਾਰ ਤੇ ਮੁੜਦੇ ਨਹੀਂ।

    14. ਆਪਣੀਆਂ ਹੱਡੀਆਂ ਗਿਣ ਮੈਂ ਸਕਦਾ, ਤੱਕਦੇ ਲੋਕ ਤੇ ਘੁਰਕਦੇ ਮੈਨੂੰ,
    ਕੱਪੜੇ ਵੰਡਦੇ, ਕੁੜਤੇ ਉੱਤੇ ਗੁਣੇ ਪਾਉਂਦੇ, ਪਾੜਦੇ ਨਹੀਂ।

    15. ਮੇਰੀ ਜਾਨ ਇਕੱਲੀ ਨੂੰ ਤਲਵਾਰ ਤੇ ਕੁੱਤਿਆਂ ਤੋਂ ਬਚਾ ਲੈ,
    ਮਦਦ ਨੂੰ ਹੁਣ ਆਵੀਂ ਛੇਤੀ, ਐ ਖ਼ੁਦਾਵੰਦ ਦੂਰ ਨਾ ਰਹੀਂ।

    16. ਬਲਦ ਦੇ ਸਿੰਗੋਂ, ਸ਼ੇਰ ਦੇ ਮੂੰਹੋਂ, ਦੇ ਖ਼ਲਾਸੀ, ਐ ਖ਼ੁਦਾਵੰਦ,
    ਮੈਂ ਬਜ਼ੁਰਗੀ ਲੋਕਾਂ ਅੱਗੇ ਕਰਨਾ, ਹਾਂ ਚੁੱਪ ਰਹਿੰਦਾ ਨਹੀਂ।

  • ---

    1. ਕਦੀ ਨਾ ਹੋਵੇਗੀ ਥੁੜ ਮੈਨੂੰ,
    ਰੱਬ ਜੋ ਮੇਰਾ ਅਯਾਲੀ ਹੈ,
    ਹਰੀ ਹਰੀ ਘਾਹ ’ਤੇ ਮੈਨੂੰ ਬਹਾਲੇ,
    ਉਹੋ ਮੇਰਾ ਪਾਲੀ ਹੈ।

    2. ਮਿੱਠਿਆਂ ਸੋਤਿਆਂ ਦੇ ਉੱਤੇ,
    ਮੈਨੂੰ ਆਪ ਲੈ ਜਾਵੇਗਾ,
    ਜਾਨ ਮੇਰੀ ਨੂੰ ਆਪ ਖ਼ੁਦਾਵੰਦ,
    ਮੁੜਕੇ ਫਿਰ ਜਿਵਾਵੇਗਾ।

    3. ਆਪਣੇ ਪਾਕ ਨਾਂ ਦੀ ਖ਼ਾਤਿਰ,
    ਮੈਨੂੰ ਆਪ ਛੁਡਾਵੇਗਾ,
    ਸੱਚੀਆਂ ਰਾਹਾਂ ਦੇ ਉਹ ਉੱਤੇ,
    ਮੈਨੂੰ ਆਪ ਚਲਾਵੇਗਾ।

    4. ਮੌਤ ਦੇ ਸਾਏ ਦਾ ਜੋ ਜੰਗਲ,
    ਜਦੋਂ ਮੈਂ ਉਸ ਵਿੱਚੋਂ ਜਾਵਾਂਗਾ,
    ਤਦ ਬਲਾਵਾਂ ਕੋਲੋਂ ਹਰਗਿਜ਼,
    ਜ਼ਰਾ ਖੌਫ਼ ਨਾ ਖਾਵਾਂਗਾ।

    5. ਕਿਉਂ ਜੋ ਤਦੋਂ, ਐ ਖ਼ੁਦਾਵੰਦ,
    ਹੋਵੇਂਗਾ ਤੂੰ ਮੇਰੇ ਨਾਲ,
    ਤੇਰੀ ਸੋਟੀ ਤੇਰੀ ਲਾਠੀ,
    ਮੈਨੂੰ ਲੈਣਗੀਆਂ ਸੰਭਾਲ।

    6. ਮੇਰੇ ਵੈਰੀਆਂ ਦੇ ਅੱਗੇ,
    ਮੇਰੇ ਵਾਸਤੇ, ਐ ਖ਼ੁਦਾ,
    ਦਸਤਰਖਵਾਂ ਵਿਛਾ ਕੇ ਤੂੰ ਏ,
    ਤੇਲ ਮੇਰੇ ’ਤੇ ਡੋਲ੍ਹੇਂਗਾ।

    7. ਮੇਰਾ ਪਿਆਲਾ ਭਰਿਆ ਹੋਇਆ,
    ਮਿਹਰ ਤੇ ਰਹਿਮਤ ਉਮਰ ਭਰ,
    ਮੇਰੇ ਨਾਲ ਰਹਿਣਗੀਆਂ ਸਦਾ,
    ਮੈਂ ਰਹਾਂਗਾ ਰੱਬ ਦੇ ਘਰ।

  • ---

    ਰੱਬ ਅਯਾਲੀ ਮੇਰੇ ਕੋਲ, ਮੇਰੇ ਦਿਲ ਨੂੰ ਨਹੀਂ ਡੋਲ।

    1. ਕਦੀ ਨਾ ਹੋਵੇਗੀ ਥੁੜ ਮੈਨੂੰ, ਰੱਬ ਜੋ ਮੇਰਾ ਅਯਾਲੀ ਹੈ,
    ਹਰੀ ਹਰੀ ਘਾਹ ’ਤੇ ਮੈਨੂੰ ਬਹਾਲੇ, ਮਿੱਠੇ ਪਾਣੀ ਕੋਲ।

    2. ਮੇਰੀ ਜਾਨ ਨੂੰ ਆਪ ਹੀ ਖ਼ੁਦਾਵੰਦ ਮੁੜ ਕੇ ਫੇਰ ਜਿਵਾਵੇਗਾ,
    ਆਪਣੇ ਨਾਂ ਦੀ ਖ਼ਾਤਿਰ ਮੈਨੂੰ, ਲੈਂਦਾ ਸੱਚਾਈ ਕੋਲ।

    3. ਮੌਤ ਦੇ ਸਾਏ ਦਾ ਜੋ ਜੰਗਲ, ਜਦ ਮੈਂ ਉਸ ਵਿੱਚ ਜਾਵਾਂ,
    ਖੌਫ਼ ਬਲਾਵਾਂ ਦਾ ਨਾ ਹਰਗਿਜ਼, ਹੋਵੇਗਾ ਮੇਰੇ ਕੋਲ।

    4. ਤੇਰੀ ਸੋਟੀ, ਤੇਰੀ ਲਾਠੀ, ਮੈਨੂੰ ਲੈਣ ਸੰਭਾਲ ,
    ਕਿਉਂ ਜੋ ਤਦੋਂ ਤੂੰ ਖ਼ੁਦਾਵੰਦ, ਹੋਵੇਂਗਾ ਮੇਰੇ ਕੋਲ।

    5. ਦੁਸ਼ਮਣ ਅੱਗੇ ਮੇਰੇ ਵਾਸਤੇ ਰੱਬ ਵਿਛਉਂਦਾ ਮੇਜ਼,
    ਤੇਲ ਵੀ ਮੇਰੇ ਸਿਰ ਦੇ ਉੱਤੇ ਉਹੋ ਦੇਂਦਾ ਡੋਲ੍ਹ।

    6. ਰਹਿਮ ਤੇ ਮਿਹਰ ਸਾਰੀ ਉਮਰ ਰਹਿਣਗੀਆਂ ਮੇਰੇ ਨਾਲ,
    ਮੈਂ ਖ਼ੁਦਾ ਦੇ ਘਰ ਵਿੱਚ ਸਦਾ ਰਹਾਂਗਾ ਉਹਦੇ ਕੋਲ।

  • ---

    1. ਖ਼ੁਦਾਵੰਦ ਆਪ ਹੈ ਮੇਰਾ ਅਯਾਲੀ,
    ਕਿਸੇ ਸ਼ੈਅ ਦੀ ਨਹੀਂ ਮੈਨੂੰ ਕਮੀ ਵੀ।

    2. ਹਰੇ ਮੈਦਾਨਾਂ ਵਿੱਚ ਮੈਨੂੰ ਬਿਠਾਦਾਂ,
    ਤੇ ਮਿੱਠੇ ਚਸ਼ਮਿਆਂ ਉੱਤੇ ਲੈ ਜਾਂਦਾ।

    3. ਖ਼ੁਦਾ ਵਾਸਤੇ ਆਪਣੇ ਹੀ ਨਾਂ ਦੇ,
    ਚਲਾਂਦਾ ਮੈਨੂੰ ਸੱਚਿਆਈ ਦੇ ਰਸਤਿਆਂ ’ਤੇ।

    4. ਹੈ ਜੰਗਲ ਮੌਤ ਦੇ ਸਾਏ ਦਾ ਜਿਹੜਾ,
    ਕਦੀ ਉਸ ਵਿੱਚ ਗੁਜ਼ਰ ਹੋਵੇ ਜੇ ਮੇਰਾ।

    5. ਨਾ ਮੈਨੂੰ ਹੋਵੇਗਾ ਕੁਝ ਖੌਫ਼ ਡਰ ਵੀ,
    ਕਿ ਤੂੰ ਹੋਵੇਂਗਾ ਆਪੇ ਮੇਰਾ ਸਾਥੀ।

    6. ਤੇਰੀ ਲਾਠੀ, ਛੜੀ ਤੇਰੀ ਖ਼ੁਦਾਇਆ,
    ਹੈ ਇਹਨਾਂ ਤੋਂ ਮੇਰੀ ਡਾਢੀ ਤਸੱਲੀ।

    7. ਖ਼ੁਦਾਇਆ, ਸਾਹਮਣੇ ਸਭ ਦੁਸ਼ਮਣਾਂ ਦੇ,
    ਵਿਛਾਉਂਦਾ ਖਾਚਾ ਤੂੰ ਮੇਰੇ ਅੱਗੇ।

    8. ਤੂੰ ਮੇਰੇ ਸਿਰ ਦੇ ਉੱਤੇ ਤੇਲ ਮਲਦਾ,
    ਪਿਆਲਾ ਮੇਰਾ ਭਰ ਕੇ ਹੈ ਛਲਕਦਾ।

    9. ਯਕੀਨ ਤੇਰਾ ਰਹਿਮ ਮਿਹਰ ਤੇਰੀ,
    ਰਹੇਗੀ ਨਾਲ ਮੇਰੀ ਉਮਰ ਭਰ ਵੀ।

    10. ਮੁਕੱਦਸ ਘਰ ਜੋ ਹੈ ਮੇਰੇ ਖ਼ੁਦਾ ਦਾ,
    ਮੈਂ ਉਸ ਘਰ ਵਿੱਚ ਸਦਾ ਰਹਾਂਗਾ।

  • ---

    ਖ਼ੁਦਾਵੰਦ ਆਪ ਹੈ ਮੇਰਾ ਅਯਾਲੀ,
    ਕਿਸੇ ਚੀਜ਼ ਦੀ ਮੈਨੂੰ ਥੁੜ ਨਾ ਹੁੰਦੀ।

    1. ਹਰੀਆਂ ਹਰੀਆਂ ਚਰਗਾਹਾਂ ਵਿੱਚ,
    ਮੈਨੂੰ ਉਹ ਬਿਠਾਉਂਦਾ,
    ਮਿੱਠੇ–ਮਿੱਠੇ ਪਾਣੀ ਦੇ ਕੋਲ,
    ਮੈਨੂੰ ਉਹ ਲੈ ਜਾਂਦਾ।

    2. ਮੇਰੀ ਜਾਨ ਨੂੰ ਆਪ ਖ਼ੁਦਾਵੰਦ,
    ਜੀਵਨ ਹੈ ਨਵਾਂ ਦੇਂਦਾ,
    ਆਪਣੇ ਨਾਂ ਦੀ ਖ਼ਾਤਿਰ ਮੈਨੂੰ,
    ਸੱਚ ਦੇ ਵੱਲ ਲੈ ਜਾਂਦਾ।

    3. ਜੇ ਮੈਂ ਮੌਤ ਦੇ ਰਾਹ ’ਚੋਂ ਜਾਵਾਂ,
    ਮੈਂ ਨਹੀਂ ਡਰਾਂਗਾ,
    ਤੇਰੀ ਸੋਟੀ, ਤੇਰੀ ਲਾਠੀ,
    ਦਿੰਦੇ ਮੈਨੂੰ ਸਹਾਰਾ।

    4. ਵੈਰੀਆਂ ਦੇ ਅੱਗੇ ਖ਼ੁਦਾਇਆ,
    ਮੇਰੇ ਲਈ ਮੇਜ਼ ਵਿਛਾਇਆ,
    ਤੇਲ ਵੀ ਮੇਰੇ ਸਿਰ ’ਤੇ ਮਲਿਆ,
    ਪਿਆਲਾ ਮੇਰਾ ਤੂੰ ਭਰਿਆ।

    5. ਤੇਰੀ ਦਇਆ, ਤੇਰੀ ਰਹਿਮਤ,
    ਸਦਾ ਨਾਲ ਰਹੇਗੀ,
    ਤੇਰਾ ਘਰ ਹੈ ਪਾਕ ਹਮੇਸ਼ਾ,
    ਉਸ ’ਚ ਸਦਾ ਰਹਾਂਗਾ।

  • ---

    1. ਜ਼ਮੀਨ ਸਾਰੀ ਤੇ ਜੋ ਕੁਝ ਵਿੱਚ ਹੈ ਉਸ ਦੇ,
    ਜਹਾਨ ਸਾਰਾ ਤੇ ਉਸ ਦੇ ਰਹਿਣ ਵਾਲੇ।

    2. ਖ਼ੁਦਾ ਦੇ ਹਨ ਕਿ ਉਸ ਨੇ ਨੀਂਹ ਉਹਨਾਂ ਦੀ,
    ਸਮੁੰਦਰ ਪਾਰ ਤੇ ਨਹਿਰਾਂ ਪਾਰ ਹੈ ਰੱਖੀ।

    3. ਉਹ ਕਿਹੜਾ ਜੋ ਖ਼ੁਦਾ ਦੇ ਕੋਲ ਜਾਵੇ,
    ਤੇ ਉਸ ਦੇ ਪਾਕ ਘਰ ਵਿੱਚ ਦਖਲ ਪਾਵੇ?

    4. ਕਿ ਜੋ ਹੈ ਪਾਕ ਹੱਥ ਦਾ ਤੇ ਸਾਫ਼ ਦਿਲ ਦਾ,
    ਨਾ ਝੂਠੀ ਗੱਲ ਉੱਤੇ ਦਿਲ ਆਪਣਾ ਲਾਂਦਾ।

    5. ਤੇ ਮੱਕਾਰਾਂ ਨਾਲ ਉਹ ਨਾ ਸਹੁੰ ਵੀ ਖਾਵੇ,
    ਖ਼ੁਦਾ ਦੇ ਕੋਲੋਂ ਬਰਕਤ ਢੇਰ ਪਾਵੇ।

    6. ਖ਼ੁਦਾ ਜੋ ਬੰਦਿਆਂ ਨੂੰ ਮੁਕਤੀ ਦੇਵੇ,
    ਸੱਚਿਆਈ ਉਹਦੀ ਉਹਦੇ ਨਾਲ ਹੋਵੇ।

    7. ਏਹੋ ਪੀੜ੍ਹੀ ਹੈ ਜਿਸ ਦਾ ਰੱਬ ਹੈ ਮਤਲੂਬ,
    ਤੇਰੇ ਦਿਦਾਰ ਦਾ ਭੁੱਖਾ ਹੈ ਯਾਕੂਬ।

  • ---

    ਰੱਬ ਖ਼ੁਦਾਵੰਦ ਬਾਦਸ਼ਾਹ ਹੈ,
    ਉਹ ਜਲਾਲ ਦਾ ਬਾਦਸ਼ਾਹ ਹੈ।

    8. ਉੱਚੇ ਕਰੋ ਸਿਰ ਦਰਵਾਜ਼ਿਓ,
    ਉੱਚੇ ਹੋ ਸਭ ਦਰੋ,
    ਜਾਂ ਜਲਾਲ ਦਾ ਬਾਦਸ਼ਾਹ ਆਵੇ,
    ਸਿਰ ਤਦ ਉੱਚੇ ਕਰੋ।

    9. ਇਹ ਜਲਾਲ ਦਾ ਬਾਦਸ਼ਾਹ ਕੌਣ ਹੈ?
    ਕੌਣ ਬਾਦਸ਼ਾਹ ਕਮਾਲ ਦਾ?
    ਰੱਬ ਜੋ ਜੰਗ ਵਿੱਚ ਹੈ ਜ਼ੋਰਾਵਰ,
    ਉਹ ਬਾਦਸ਼ਾਹ ਜਲਾਲ ਦਾ।

    10. ਉੱਚੇ ਕਰੋ ਸਿਰ ਦਰਵਾਜ਼ਿਓ,
    ਉੱਚੇ ਹੋ ਸਭ ਦਰੋ,
    ਜਾਂ ਜਲਾਲ ਦਾ ਬਾਦਸ਼ਾਹ ਆਵੇ,
    ਸਿਰ ਤਦ ਉੱਚੇ ਕਰੋ।

    11. ਇਹ ਜਲਾਲ ਦਾ ਬਾਦਸ਼ਾਹ ਕੌਣ ਹੈ?
    ਕੌਣ ਬਾਦਸ਼ਾਹ ਕਮਾਲ ਦਾ?
    ਲਸ਼ਕਰਾਂ ਦਾ ਰੱਬ ਖ਼ੁਦਾਵੰਦ,
    ਉਹ ਬਾਦਸ਼ਾਹ ਜਲਾਲ ਦਾ।

  • ---

    1. ਮੈਂ ਤੇਰੇ ਵੱਲ, ਖ਼ੁਦਾਵੰਦਾ, ਉਠਾਂਦਾ ਆਪਣੀ ਜਾਨ,
    ਯਾ ਰੱਬਾ, ਤੇਰੇ ਉੱਤੇ ਹੈ ਹਮੇਸ਼ਾ ਮੇਰਾ ਮਾਣ।

    2. ਨਾ ਹੋਵੇ ਮੈਨੂੰ, ਐ ਖ਼ੁਦਾ, ਕੁਝ ਵੀ ਸ਼ਰਮਿੰਦਗੀ,
    ਨਾ ਮੇਰੇ ਵੈਰੀ ਮੇਰੇ ’ਤੇ ਖ਼ੁਸ਼ੀਆਂ ਮਨਾਵਣ ਵੀ।

    3. ਜੋ ਤੱਕਦੇ ਰਹਿੰਦੇ ਤੇਰਾ ਰਾਹ ਨਾ ਹੋਵਣ ਸ਼ਰਮਸਾਰ,
    ਪਰ ਜਿਹੜੇ ਨਾ-ਹੱਕ ਦਗ਼ਾ-ਬਾਜ਼, ਉਹ ਹੋਵਣ ਖੱਜਲ-ਖੁਆਰ।

    4. ਮੈਂ ਆਜਿਜ਼ ਹਾਂ, ਤੇ ਮੈਨੂੰ ਹੁਣ ਤੂੰ ਦੱਸੀਂ ਆਪਣਾ ਰਾਹ,
    ਜੋ ਤੇਰੇ ਸਾਰੇ ਰਸਤੇ ਹਨ, ਉਹ ਮੈਨੂੰ ਸਾਫ਼ ਵਿਖਾ।

    5. ਮੈਨੂੰ ਲੈ ਚੱਲ ਸੱਚਿਆਈ ਵਿੱਚ, ਦੇ ਮੈਨੂੰ ਇਹ ਪਛਾਣ,
    ਤੂੰ ਮੇਰਾ ਮੁੰਨਜੀ, ਤੈਨੂੰ ਮੈਂ ਦਿਨ ਭਰ ਉਡੀਕਦਾ ਹਾਂ।

    6. ਤੂੰ ਆਪਣੀ ਮਿਹਰਬਾਨੀ ਵੀ ਤੇ ਰਹਿਮਤ, ਐ ਖ਼ੁਦਾ,
    ਜੋ ਮੁੱਢੋਂ ਕਰਦਾ ਰਹਿੰਦਾ ਸਾਂ, ਹੁਣ ਮੁੜ ਕੇ ਯਾਦ ਫਰਮਾ।

    7. ਭੁੱਲ ਜਾ ਗ਼ੁਨਾਹ ਜਵਾਨੀ ਦੇ, ਕਰ ਐਬਾਂ ਤੋਂ ਆਜ਼ਾਦ,
    ਪਰ ਆਪਣੇ ਰਹਿਮ ਤੇ ਖੂਬੀ ਨਾਲ, ਕਰ ਮੈਨੂੰ, ਯਾ ਰੱਬ ਯਾਦ।

  • ---

    8. ਹੈ ਸਿੱਧਾ ਸੱਚਾ ਮਿਹਰਬਾਨ,
    ਖ਼ੁਦਾਵੰਦ ਪਾਕ ਖ਼ੁਦਾ,
    ਇਸ ਵਾਸਤੇ ਗ਼ੁਨਾਹਗਾਰਾਂ ਨੂੰ
    ਉਹ ਰਾਹ ਵਿਖਾਵੇਗਾ।

    9. ਹਲੀਮਾਂ ਨੂੰ ਅਦਾਲਤ ਦਾ,
    ਉਹ ਰਾਹ ਵਿਖਾਉਂਦਾ ਹੈ,
    ਮਸਕੀਨਾਂ ਨੂੰ ਉਹ ਆਪਣਾ ਰਾਹ,
    ਹਾਂ ਆਪ ਸਿਖਾਉਂਦਾ ਹੈ।

    10. ਸਭ ਰਹਿਮਤ ਤੇ ਸੱਚਿਆਈ ਹਨ,
    ਖ਼ੁਦਾ ਦੇ ਸਭੋ ਰਾਹ,
    ਜੋ ਉਹਦੇ ਕੌਲ ਕਰਾਰਾਂ ’ਤੇ
    ਸਾਫ਼ ਰੱਖਦੇ ਹਨ ਨਿਗਾਹ।

    11. ਬਖ਼ਸ਼ ਆਪਣੇ ਨਾਂ ਦੇ ਵਾਸਤੇ ਤੂੰ,
    ਮੈਂ ਬੰਦਾ ਹਾਂ ਲਾਚਾਰ,
    ਬੁਰਿਆਈ ਮੇਰੀ ਭਾਰੀ ਹੈ,
    ਤੂੰ ਡਾਢਾ ਬਖ਼ਸ਼ਣਹਾਰ।

    12. ਜੋ ਆਪਣੇ ਦਿਲ ਵਿੱਚ ਰੱਖਦਾ ਹੈ,
    ਡਰ ਖੌਫ਼ ਖ਼ੁਦਾਵੰਦ ਦਾ,
    ਖ਼ੁਦਾਵੰਦ ਚੰਗੀਆਂ ਰਾਹਾਂ
    ਆਪ ਉਹਨੂੰ ਵਿਖਾਵੇਗਾ।

    13. ਹਾਂ ਚੈਨ ਦੇ ਵਿੱਚ ਆਰਾਮ ਦੇ ਨਾਲ,
    ਜਾਨ ਉਹਦੀ ਰਹੇਗੀ,
    ਤੇ ਉਹਦੀ ਨਸਲ ਵਿਰਸੇ ਵਿੱਚ
    ਜ਼ਮੀਨ ਨੂੰ ਪਾਵੇਗੀ।

    14. ਖ਼ੁਦਾ ਦਾ ਭੇਦ ਹੈ ਉਹਨਾਂ ਕੋਲ,
    ਜੋ ਖੌਫ਼ ਖ਼ੁਦਾ ਦਾ ਖਾਣ,
    ਉਹ ਆਪਣੇ ਅਹਿਦ ਦੀ ਬਖ਼ਸ਼ੇਗਾ,
    ਅਜਿਹਿਆਂ ਨੂੰ ਪਛਾਣ।

  • ---

    15. ਖ਼ੁਦਾ ਵੱਲ ਲਾਈ ਰੱਖਦਾ ਹਾਂ ਮੈਂ ਆਪਣੀ ਅੱਖ ਸਦਾ,
    ਜਾਲ ਵਿੱਚੋਂ ਮੇਰੇ ਪੈਰਾਂ ਨੂੰ ਉਹ ਆਪ ਛੁਡਾਵੇਗਾ।

    16. ਤੂੰ ਮੇਰੇ ਉੱਤੇ ਰਹਿਮਤ ਕਰ, ਕਰ ਮੇਰੇ ਵੱਲ ਧਿਆਨ,
    ਦੁੱਖਾਂ ਦੇ ਵਿੱਚ ਪਈਏ ਇਕੱਲੀ ਮੇਰੀ ਜਾਨ।

    17. ਮੁਸੀਬਤ ਗ਼ਮ ਦਿਲ ਮੇਰੇ ਦੇ ਵੱਧ ਗਏ, ਐ ਖ਼ੁਦਾ,
    ਮੁਸੀਬਤ ਤੋਂ ਤੇ ਤੰਗੀ ਤੋਂ ਜਾਨ ਮੇਰੀ ਨੂੰ ਬਚਾ।

    18. ਖ਼ੁਦਾਇਆ, ਨਜ਼ਰ ਕਰੀਂ ਤੂੰ, ਇਸ ਦੁੱਖ ਮੁਸੀਬਤ ’ਤੇ,
    ਮੇਰੇ ਸਭ ਗ਼ੁਨਾਹਾਂ ਦੀ ਮਾਫ਼ੀ ਮੈਨੂੰ ਦੇ।

    19. ਯਾ ਰੱਬਾ, ਮੇਰੇ ਵੈਰੀ ਵੇਖ, ਕਿ ਉਹ ਬਥੇਰੇ ਹਨ,
    ਵੈਰ ਰੱਖਦੇ ਡਾਢਾ ਮੇਰੇ ਨਾਲ ਤੇ ਵੈਰ ਕਮਾਂਦੇ ਹਨ।

    20. ਰਖਵਾਲੀ ਕਰ ਖ਼ਲਾਸੀ ਦੇ, ਜਾਨ ਮੇਰੀ ਹੈ ਲਾਚਾਰ,
    ਆਸ ਮੇਰੀ ਤੇਰੇ ਉੱਤੇ ਹੈ ਨਾ ਮੈਨੂੰ ਹੋਣ ਦੇ ਖੁਆਰ।

    21. ਸੱਚਿਆਈ ਤੇ ਸਫ਼ਾਈ ਵੀ, ਹੋਣ ਮੇਰੇ ਨਿਗਾਹਬਾਨ,
    ਕਿ ਤੈਨੂੰ ਹੁਣ ਉਡੀਕਦੀ ਹੈ ਖ਼ੁਦਾਇਆ, ਮੇਰੀ ਜਾਨ।

    22. ਯਾ ਰੱਬਾ, ਇਸਰਾਏਲ ਨੂੰ ਤੂੰ, ਸਭ ਦੁੱਖਾਂ ਤੋਂ ਛੁਡਾ,
    ਨਜਾਤ ਦੇ, ਆਪਣੇ ਫ਼ਜ਼ਲ ਨਾਲ ਤੂੰ ਉਸਨੂੰ ਆਪ ਬਚਾ।

  • ---

    1. ਆਸ ਤੇਰੇ ਉੱਤੇ ਰੱਖਦਾਂ ਮੈਂ,
    ਸ਼ਰਮਿੰਦਾ ਨਾ ਤੂੰ ਹੋਵਣ ਦੇ,
    ਜਿਨ੍ਹਾਂ ਦਾ ਆਸਰਾ ਤੂੰ ਹੀ ਹੈਂ,
    ਕਦੀ ਨਾ ਸ਼ਰਮ ਉਠਾਵਣਗੇ।

    2. ਜੋ ਦਗ਼ਾ ਕਰਨ ਵਾਲੇ ਹੈਂ,
    ਸ਼ਰਮਿੰਦਾ ਹੋਣਗੇ ਸਰਾਸਰ
    ਐ ਰੱਬ, ਤੂੰ ਮੈਨੂੰ ਰਾਹ ਵਿਖਲਾ,
    ਤੇ ਆਪਣਾ ਰਾਹ ਸਿਖਲਾਇਆ ਕਰ।

    3. ਸੱਚਿਆਈ ਵਿੱਚ ਤੂੰ ਹਾੜੀ ਹੋ,
    ਤੇ ਮੈਨੂੰ ਵੀ ਸਿਖਲਾਇਆ ਕਰ,
    ਤੂੰ ਮੇਰੀ ਮੁਕਤੀ ਦਾ ਖ਼ੁਦਾ,
    ਮੈਂ ਰੱਖਦਾ ਇੰਤਜ਼ਾਰ ਦਿਨ ਭਰ।

    4. ਤੂੰ ਆਪਣਾ ਫ਼ਜ਼ਲ ਤੇ ਰਹਿਮ ਵੀ,
    ਯਾਦ ਕਰ, ਕਿ ਉਹ ਹੈ ਅਜ਼ਲੀ,
    ਮੇਰੇ ਗ਼ੁਨਾਹ ਜਵਾਨੀ ਦੇ,
    ਭੁੱਲਜਾ ਤੇ ਨਾਲੇ ਗ਼ਫ਼ਲਤ ਵੀ।

    5. ਨਾਲ ਆਪਣੇ ਫ਼ਜ਼ਲ ਤੇ ਨੇਕੀ ਦੇ,
    ਯਾਦ ਕਰ ਮੈਨੂੰ ਖ਼ੁਦਾਵੰਦਾ,
    ਖ਼ੁਦਾਵੰਦ ਨੇਕ ਤੇ ਸੱਚਾ ਹੈ,
    ਰਾਹ ਪਾਪੀ ਨੂੰ ਵਿਖਲਾਵੇਗਾ।

  • ---

    6. ਹਲੀਮ ਜਦ ਕਰਦੇ ਮੁਨਸਫ਼ੀ,
    ਖ਼ੁਦਾਵੰਦ ਹੁੰਦਾ ਸਲਾਹਕਾਰ,
    ਤੇ ਉਹਨੂੰ ਰਾਹ ਸਿਖਲਾਵੇਗਾ,
    ਕਿ ਉਹ ਹੈ ਸਿੱਖਣ ਨੂੰ ਤਿਆਰ।

    7. ਜੋ ਰੱਬ ਦੇ ਅਹਿਦ ਨੂੰ ਰੱਖਦਾ ਯਾਦ,
    ਤੇ ਮੰਨਦਾ ਹੈ ਸ਼ਹਾਦਤ ਵੀ,
    ਉਹ ਰੱਬ ਦੇ ਰਾਹ ਨੂੰ ਲੱਭਦਾ ਹੈ,
    ਸੱਚਿਆਈ ਤੇ ਮਿਹਰਬਾਨੀ ਵੀ।

    8. ਯਾ ਰੱਬ, ਨਾਂ ਆਪਣੇ ਦੇ ਸਬੱਬ,
    ਬਖ਼ਸ਼ ਮੈਨੂੰ, ਵੱਡਾ ਗ਼ੁਨਾਹਗਾਰ,
    ਰੱਬ ਉਸਨੂੰ ਰਾਹ ਸਿਖਲਾਵੇਗਾ,
    ਜੋ ਉਹਦੇ ਖੌਫ਼ ਦਾ ਵਾਕਿਫ਼ਕਾਰ।

    9. ਜਾਨ ਉਹਦੀ ਹੋਗੀ ਵਿੱਚ ਆਰਾਮ,
    ਤੇ ਰਿਹਾ ਕਰੇਗੀ ਆਨੰਦ,
    ਜ਼ਮੀਨ ਵੀ ਆਪਣੀ ਵਿਰਸੇ ਵਿੱਚ,
    ਸੋ ਪਾਵਣਗੇ ਉਹਦੇ ਫ਼ਰਜ਼ੰਦ।

    10. ਜੋ ਰੱਖਦਾ ਖੌਫ਼ ਖ਼ੁਦਾਵੰਦ ਦਾ,
    ਭੇਦ ਰੱਬ ਦਾ ਰੱਖਦਾ ਜ਼ਾਹਿਰੀ,
    ਤੇ ਉਹਨਾਂ ਨੂੰ ਸਾਫ਼ ਦੱਸਦਾ ਹੈ,
    ਉਹ ਆਪਣਾ ਅਹਿਦ–ਏ–ਜ਼ਿੰਦਗੀ।

  • ---

    1. ਨਿਆਂ ਕਰ ਮੇਰਾ, ਐ ਖ਼ੁਦਾ,
    ਮੈਂ ਤੁਰਿਆ ਆਪਣੇ ਸਿੱਧੇ ਰਾਹ,
    ਹੈ ਮੇਰੀ ਆਸ ਖ਼ੁਦਾਵੰਦ ਉੱਤੇ,
    ਨਾ ਡੋਲਣ ਦਾ ਹੈ ਮੈਨੂੰ ਡਰ।

    2. ਮੈਨੂੰ ਅਜ਼ਮਾ, ਐ ਰੱਬ ਰਹਿਮਾਨ,
    ਤੇ ਕਰ ਤੂੰ ਮੇਰਾ ਇਮਤਿਹਾਨ,
    ਤੂੰ ਬੇਸ਼ੱਕ ਮੇਰੇ ਗੁਰਦੇ ਤਾਅ,
    ਤੇ ਮੇਰੇ ਦਿਲ ਨੂੰ ਵੀ ਅਜ਼ਮਾ।

    3. ਕਿ ਰਹਿਮਤ ਤੇਰੀ ਜ਼ਾਹਿਰ ਹੈ,
    ਉਹ ਹੱਦ ਹਿਸਾਬੋਂ ਬਾਹਰ ਹੈ,
    ਜੋ ਸਿੱਧਾ ਸਾਫ਼ ਹੈ ਤੇਰਾ ਰਾਹ,
    ਮੈਂ ਉਸ ਉੱਤੇ ਤੁਰਿਆ ਐ ਖ਼ੁਦਾ।

    4. ਨਾ ਝੂਠਿਆਂ ਦੇ ਨਾਲ ਬਹਿਨਾਂ ਹਾਂ,
    ਨਾ ਨਾਲ ਮਕਾਰਾਂ ਮਿਲਦਾ ਹਾਂ,
    ਮੈਂ ਦੁਸ਼ਮਣ ਹਾਂ ਬਦਕਾਰਾਂ ਦਾ,
    ਸ਼ਰੀਰਾਂ ਨਾਲ ਨਾ ਬੈਠਾਂਗਾ।

    5. ਬੇਐਬੀ ਵਿੱਚ, ਖ਼ੁਦਾਵੰਦਾ,
    ਮੈਂ ਆਪਣੇ ਹੱਥ ਖੂਬ ਧੋਵਾਂਗਾ,
    ਤਦ ਕਰਾਂਗਾ ਦਿਲ ਕਰਕੇ ਸਾਫ਼,
    ਮੈਂ ਤੇਰੇ ਮਜ਼ਬੇ ਦਾ ਤੁਆਫ।

    6. ਕਿ ਤਾਂ ਉਠਾਵਾਂ, ਐ ਖ਼ੁਦਾ,
    ਸਿਤਾਇਸ਼ ਤੇਰੀ ਦੀ ਸਦਾ,
    ਤੇ ਤੇਰੇ ਜੋ ਅਜੂਬਾ ਕੰਮ,
    ਮੈਂ ਕਰਾਂਗਾ ਬਿਆਨ ਤਮਾਮ।

    7. ਖ਼ੁਦਾਵੰਦ ਮੇਰੇ, ਐ ਖ਼ੁਦਾ,
    ਜੋ ਥਾਂ ਹੈ ਤੇਰੇ ਰਹਿਣੇ ਦਾ,
    ਹਾਂ ਤੇਰਾ ਘਰ, ਜੋ ਪੁਰ ਜਲਾਲ,
    ਖ਼ੁਸ਼ ਆਇਆ ਮੈਨੂੰ ਉਹ ਕਮਾਲ।

    8. ਬਦਕਾਰ ਤੇ ਖ਼ੂਨੀ ਨਾਲ, ਖ਼ੁਦਾ,
    ਤੂੰ ਮੇਰੀ ਜਾਨ ਨੂੰ ਨਾ ਮਿਲਾ,
    ਹੱਥ ਭਰਿਆ ਨਾਲ ਬੁਰਿਆਈ ਦੇ,
    ਹਾਂ ਸੱਜੇ ਹੱਥ ਨਾਲ ਵੱਢ੍ਹੀ ਦੇ ।

    9. ਪਰ ਮੈਂ ਜੋ ਹਾਂ ਸੋ, ਐ ਖ਼ੁਦਾ,
    ਰਾਹ ਸਿੱਧੇ ਆਪਣੇ ਤੁਰਾਂਗਾ,
    ਤੂੰ ਮੈਨੂੰ ਆਪ ਖ਼ਲਾਸੀ ਦੇ,
    ਕਰ ਰਹਿਮਤ ਆਪਣੇ ਬੰਦੇ ’ਤੇ।

    10. ਜੋ ਜਗ੍ਹਾ ਸਾਫ਼ ਬਰਾਬਰ ਹੈ,
    ਪੈਰ ਮੇਰਾ ਕਾਇਮ ਉਸ ਉੱਤੇ ਹੈ,
    ਮੈਂ ਮਜਲਿਸਾਂ ਵਿੱਚ ਗਾਵਾਂਗਾ,
    ਮੁਬਾਰਿਕ ਹੈ ਤੂੰ, ਐ ਖ਼ੁਦਾ।

  • ---

    1. ਹੈ ਡਰ ਮੈਨੂੰ ਕਿਸ ਦਾ, ਜੋ ਮਾਲਿਕ ਖ਼ੁਦਾ,
    ਖ਼ਲਾਸੀ ਹੈ ਮੇਰੀ ਤੇ ਚਾਨਣ ਸਦਾ।

    2. ਖ਼ੁਦਾ ਹੈ ਮੇਰੀ ਜ਼ਿੰਦਗੀ ਦੀ ਚਟਾਨ,
    ਮੈਂ ਕਿਉਂ ਖੌਫ਼ ਖਾਵਾਂ ਤੇ ਹੋਵਾਂ ਹੈਰਾਨ?

    3. ਜਦੋਂ ਮੇਰੇ ਦੁਸ਼ਮਣ ਤੇ ਵੈਰੀ ਬਦਕਾਰ,
    ਮੇਰੇ ਤੇ ਚੜ੍ਹ ਆਏ ਮਾਰ ਕੇ ਲਲਕਾਰ।

    4. ਖਾ ਜਾਵਾਂਗੇ ਉਸਦਾ ਕੱਚਾ ਹੀ ਮਾਸ,
    ਸੋ ਢਹਿ ਕਰਕੇ ਡਿੱਗੇ ਨਾ ਉੱਠਣ ਦੀ ਆਸ।

    5. ਮੇਰੇ ਉੱਤੇ ਇੱਕ ਫੌਜ ਆਵੇ ਜੋ ਚੜ੍ਹ,
    ਨਾ ਤਾਂ ਵੀ ਮੇਰੇ ਦਿਲ ਨੂੰ ਹੋਵੇਗਾ ਡਰ।

    6. ਜੇ ਜਿੰਦ ਮੇਰੀ ਵਿੱਚ ਕੋਈ ਛੇੜ ਜਾਵੇ ਜੰਗ,
    ਮੇਰੀ ਆਸ ਰੱਬ ’ਤੇ ਰਹੇਗੀ ਨਿਸੰਗ।

  • ---

    7. ਰੱਬ ਅੱਗੇ ਕੀਤਾ ਇੱਕ ਸਵਾਲ,
    ਤੇ ਏਹੋ ਮੰਗਦਾ ਹਾਂ,
    ਜੋ ਘਰ ਵਿੱਚ ਪਾਕ ਖ਼ੁਦਾਵੰਦ ਦੇ,
    ਮੈਂ ਸਦਾ ਤੀਕ ਰਹਾਂ।

    8. ਤਾਂ ਓਥੇ ਵੇਖਿਆ ਕਰਾਂ ਮੈਂ,
    ਖ਼ੁਦਾਵੰਦ ਦਾ ਜਮਾਲ,
    ਤੇ ਰਹਿ ਕੇ ਉਸਦੀ ਹੈਕਲ ਵਿੱਚ,
    ਮੈਂ ਢੂੰਡਾਂ ਦਿਲ ਦੇ ਨਾਲ।

    9. ਕਿ ਮੈਨੂੰ ਆਪਣੇ ਤੰਬੂ ਵਿੱਚ,
    ਹਾਂ ਮੇਰੇ ਦੁੱਖ ਦੀ ਆਣ,
    ਖ਼ੁਦਾਵੰਦ ਆਪ ਛੁਪਾਂਦਾ ਹੈ,
    ਤੇ ਹੁੰਦਾ ਨਿਗਾਹਬਾਨ।

    10. ਉਹ ਗੁੱਝੇ ਥਾਂ ਵਿੱਚ ਤੰਬੂ ਦੇ, ਮੈਨੂੰ ਛੁਪਾਵੇਗਾ,
    ਚਟਾਨਾਂ ਦੀ ਉੱਚਾਈ ’ਤੇ, ਮੈਨੂੰ ਚੜ੍ਹਾਵੇਗਾ।

    11. ਹਾਂ ਸਾਰੇ ਦੁਸ਼ਮਣਾਂ ਦੇ ਵਿੱਚ,
    ਖੂਬ ਇੱਜ਼ਤ ਹੋਵੇਗੀ,
    ਗੁਜ਼ਾਰਨ ਉਹਦੇ ਤੰਬੂ ਵਿੱਚ,
    ਕੁਰਬਾਨੀ ਖ਼ੁਸ਼ੀ ਦੀ।

    12. ਖ਼ੁਦਾਵੰਦ ਦੀ ਤਾਰੀਫ਼ਾਂ ਤਦ,
    ਹਰ ਵੇਲੇ ਗਾਵਾਂਗਾ,
    ਗੀਤ ਗਾ ਕੇ ਉਹਦੀ ਸਿਫ਼ਤਾਂ ਦੇ,
    ਮੈਂ ਖੂਬ ਸੁਣਾਵਾਂਗਾ।

  • ---

    13. ਮੈਂ ਉੱਚੀ ਦਿੱਤੀ, ਯਾ ਰੱਬਾ,
    ਪੁਕਾਰਾਂਗਾ ਜਦੋਂ ਤੈਨੂੰ,
    ਤੂੰ ਸੁਣ ਮੇਰੀ ਤੇ ਰਹਿਮਤ ਕਰ,
    ਦੁਆ ਦਾ ਉੱਤਰ ਦੇ ਮੈਨੂੰ।

    14. ਤੁਸੀਂ ਚਿਹਰਾ ਮੇਰਾ ਢੂੰਡੋ,
    ਜਦੋਂ ਫਰਮਾਇਆ ਸੀ ਇਹ ਤੂੰ,
    ਮੈਂ ਬੋਲਿਆ ਤਦ ਮੈਂ ਢੂੰਡਾਂਗਾ,
    ਖ਼ੁਦਾਇਆ ਤੇਰੇ ਚਿਹਰੇ ਨੂੰ।

    15. ਤੂੰ ਹੋਇਆ ਮੇਰਾ ਮਦਦਗਾਰ,
    ਲੁਕਾ ਨਾ ਆਪਣਾ ਮੂੰਹ ਮੈਥੋਂ,
    ਨਾ ਧੱਕਾ ਦੇ ਕੇ ਮੈਨੂੰ ਕੱਢ,
    ਜੋ ਮਦਦ ਨਹੀਂ ਬਿਨ ਤੇਥੋਂ।

    16. ਨਾ ਮੈਨੂੰ ਛੱਡ, ਨਾ ਰੱਦ ਕਰ ਦੇ,
    ਤੂੰ ਮੇਰਾ ਮੁਕਤੀਦਾਤਾ ਹੈਂ,
    ਮੇਰੇ ਮਾਂ-ਪਿਓ ਨੇ ਛੱਡ ਦਿੱਤਾ,
    ਪਰ ਤੂੰ ਪਾਲਣਹਾਰਾ ਹੈਂ।

    17. ਮੇਰੇ ਦੁਸ਼ਮਣ ਬਥੇਰੇ ਹਨ,
    ਤੂੰ ਆਪਣਾ ਰਾਹ ਵਿਖਾ ਮੈਨੂੰ,
    ਬਰਾਬਰ ਸਿੱਧੇ ਰਸਤੇ ’ਤੇ,
    ਖ਼ੁਦਾਵੰਦਾ ਚਲਾ ਮੈਨੂੰ।

    18. ਨਾ ਮੈਨੂੰ ਛੱਡ ਖ਼ੁਦਾਵੰਦਾ,
    ਤੂੰ ਮਰਜ਼ੀ ਦੁਸ਼ਮਣ ਦੀ ’ਤੇ,
    ਕਿ ਝੂਠੇ ਵੈਰੀ ਆਏ ਹਨ,
    ਮੇਰੇ ਉੱਤੇ ਗਵਾਹ ਬਣਕੇ।

    19. ਮੈਂ ਮਰ ਜਾਂਦਾ ਜੇ ਇਹ ਉਮੀਦ
    ਨਾ ਹੁੰਦੀ, ਖ਼ੁਦਾਵੰਦਾ,
    ਜੋ ਤੇਰੀਆਂ ਖੂਬੀਆਂ
    ਮੈਂ ਇਸੇ ਧਰਤੀ ਉੱਤੇ ਵੇਖਾਂਗਾ।

    20. ਉਡੀਕੀਂ ਤੂੰ ਖ਼ੁਦਾ ਦਾ ਰਾਹ,
    ਤੇ ਆਪਣੇ ਦਿਲ ਤੋਂ ਤਕੜਾ ਰਹਿ,
    ਉਹ ਤੇਰੇ ਦਿਲ ਨੂੰ ਦੇਵੇ ਜ਼ੋਰ,
    ਤੂੰ ਉਹਦੇ ਰਾਹ ਨੂੰ ਤੱਕਦਾ ਰਹਿ।

  • ---

    ਮੰਗਦਾ ਤੇਥੋਂ ਮੈ ਦੁਆ, ਮੈਥੋਂ ਚੁੱਪ ਨਾ ਤੂੰ ਹੋ ਜਾ।

    1. ਮੈਥੋਂ ਜੇਕਰ ਚੁੱਪ ਹੋ ਜਾਵੇਂ, ਐ ਮੇਰੀ ਚਟਾਨ,
    ਉਹਨਾਂ ਵਾਂਗਰ ਹੋਵਾਂ, ਜਿਹੜੇ ਟੋਏ ਵਿੱਚ ਪੈਂਦੇ ਜਾ।

    2. ਜਦੋਂ ਮੈਂ ਤੇਰੀ ਹੈਕਲ ਦੇ ਵਿੱਚ ਆਪਣੇ ਹੱਥ ਉਠਾਵਾਂ,
    ਤਦੋਂ ਤੂੰ ਸੁਣ ਲੈ ਮੇਰੀਆਂ ਮਿੰਨਤਾਂ, ਮੇਰੇ ਪਾਕ ਖ਼ੁਦਾ।

    3. ਨਾਲ ਗੁਆਂਢੀ ਆਪਣੇ ਭੈੜੇ, ਮੂੰਹੋਂ ਰਹਿੰਦੇ ਮਿੱਠੇ,
    ਦਿਲ ਵਿੱਚ ਭਰਿਆ ਮਕਰ ਉਹਨਾਂ ਦੇ, ਉਹਨਾਂ ਤੋਂ ਬਚਾ।

    4. ਜਿਹੇ ਅਮਲ ਉਹਨਾਂ ਦੇ ਭੈੜੇ, ਤਿਹਾ ਤੂੰ ਉਹਨਾਂ ਨੂੰ,
    ਹੱਥ ਉਹਨਾਂ ਦੇ ਜੋ ਕੁਝ ਕਰਦੇ, ਬਦਲਾ ਤੂੰ ਪੁਚਾ।

    5. ਤੇਰੇ ਹੱਥਾਂ ਦੇ ਕੰਮਾਂ ਉੱਤੇ, ਉਹ ਮੂਲ ਧਿਆਨ ਨਹੀਂ ਕਰਦੇ,
    ਢਾਵੇਂਗਾ ਤੂੰ ਉਹਨਾਂ ਤਾਈਂ, ਨਾ ਬਣਾਵੇਂਗਾ।

  • ---

    ਮੁਬਾਰਿਕ ਖ਼ੁਦਾ ਹੈ, ਮੁਬਾਰਿਕ ਖ਼ੁਦਾ,
    ਕਿ ਜਿਸ ਨੇ ਸੁਣੀ ਹੈ ਮੇਰੀ ਹੁਣ ਦੁਆ।

    7. ਮੇਰੀ ਢਾਲ ਤੇ ਜ਼ੋਰ ਉਹ ਆਪ ਹੈ,
    ਮੇਰੇ ਦਿਲ ਦੀ ਢਾਰਸ, ਉਮੀਦਾਂ ਦੀ ਜਾ।

    8. ਮਦਦ ਮੇਰੀ ਰੱਬ ਹੈ, ਮੈਂ ਉਸ ਤੋਂ ਹਾਂ ਖ਼ੁਸ਼,
    ਮੈਂ ਗਾਵਾਂਗਾ ਗ਼ਜ਼ਲਾਂ ਵਿੱਚ ਓਹਦੀ ਸਨਾ।

    9. ਹੈ ਰੱਬ ਆਪਣੇ ਲੋਕਾਂ ਦੀ ਕੁੱਵਤ ਤੇ ਜ਼ੋਰ,
    ਤੇ ਆਪਣੇ ਮਸੀਹ ਵਾਸਤੇ ਹੈ ਕਿਲ੍ਹਾ।

    10. ਛੁਡਾ ਆਪਣੀ ਉੱਮਤ ਤੇ ਮਿਰਾਸ ਨੂੰ,
    ਦੇ ਬਰਕਤ ਕਰ ਇੱਜ਼ਤ ਹਿਮਾਇਤ ਸਦਾ।

  • ---

    1. ਜ਼ੋਰ ਵਾਲਿਓ ਜ਼ਾਹਿਰ ਕਰੋ
    ਖ਼ੁਦਾਵੰਦ ਦਾ ਜਲਾਲ,
    ਖ਼ੁਦਾਵੰਦ ਦੀ ਹੀ ਜਾਣੋਂ,
    ਸਭ ਕੁਦਰਤ ਤੇ ਕਮਾਲ।

    2. ਜੋ ਉਹਦੇ ਨਾਂ ਦੀ ਇੱਜ਼ਤ,
    ਸੋ ਦਿਓ ਖ਼ੁਦਾਵੰਦ ਨੂੰ,
    ਤੇ ਝੁੱਕ ਕੇ ਸਿਜਦਾ ਕਰੋ,
    ਦਿਲ ਦੀ ਪਾਕੀਜ਼ਗੀ ਨਾਲ।

    3. ਸਭ ਪਾਣੀਆਂ ਉੱਤੇ ਰੱਬ ਦੀਆਂ
    ਆਵਾਜ਼ਾਂ ਦਾ ਹੈ ਸ਼ੋਰ,
    ਉਹ ਕੜਕਦਾ ਹੈ ਤੇ ਗੱਜਦਾ,
    ਖ਼ੁਦਾਵੰਦ ਪੁਰ ਜਲਾਲ।

    4. ਸਭ ਜਿੰਨੇ ਵੱਡੇ ਪਾਣੀ,
    ਰੱਬ ਉਹਨਾਂ ਉੱਤੇ ਹੈ,
    ਆਵਾਜ਼ ਜਲਾਲੀ ਰੱਬ ਦੀ
    ਜ਼ੋਰ ਵਾਲੀ ਹੈ ਕਮਾਲ।

    5. ਭੰਨ ਸੁੱਟਦੀ ਵੱਡੇ ਰੁੱਖ ਸਭ,
    ਜੋ ਰੱਬ ਦੀ ਹੈ ਆਵਾਜ਼,
    ਦਿਓਦਾਰ ਲਬਨੋਨ ਦੇ ਸਾਰੇ
    ਤੋੜ ਸੁੱਟੇ ਹੱਕ ਤਾਲ।

    6. ਉਹ ਵੱਛਿਆਂ ਵਾਂਗ ਟਪਾਂਦਾ
    ਜੰਗਲ ਦਿਆਂ ਰੁੱਖਾਂ ਨੂੰ,
    ਲਬਨੋਨ ਸਿਰਯੋਨ ਹੈ ਟੱਪਦੇ,
    ਫਿਰ ਸੰਢੇ ਦੀ ਮਿਸਾਲ।

    7. ਚੀਰ ਸੁੱਟਦੀ ਸਾਰੀਆਂ ਲਾਂਬਾਂ
    ਖ਼ੁਦਾਵੰਦ ਦੀ ਆਵਾਜ਼,
    ਸਭ ਜੰਗਲ ਵੀ ਕੰਬ ਉੱਠਦੇ,
    ਰੱਬ ਦੀ ਆਵਾਜ਼ ਦੇ ਨਾਲ।

    8. ਹਨ ਕਾਦੇਸ ਦਾ ਉਹ ਜੰਗਲ,
    ਜੋ ਭਾਰਾ ਜੰਗਲ ਹੈ,
    ਖ਼ੁਦਾ ਦੇ ਅੱਗੇ ਕੰਬਦਾ,
    ਜਿਉਂ ਆਉਂਦਾ ਹੈ ਭੁਚਾਲ।

    9. ਪੇਟ ਹਿਰਨੀਆਂ ਦਾ ਡਿਗਾਉਂਦੀ
    ਖ਼ੁਦਾਵੰਦ ਦੀ ਆਵਾਜ਼,
    ਸਭ ਜੰਗਲ ਸਾਫ਼ ਹੋ ਜਾਂਦੇ,
    ਉਹਦੀ ਆਵਾਜ਼ ਦੇ ਨਾਲ।

    10. ਖ਼ੁਦਾ ਦੇ ਘਰ ਵਿੱਚ ਸਾਰੇ
    ਇਹ ਰਲ ਕੇ ਕਹਿੰਦੇ ਹਨ,
    ਤਾਰੀਫ਼ ਖ਼ੁਦਾ ਦੀ ਹੋਵੇ,
    ਹੋ ਉਸੇ ਦਾ ਜਲਾਲ।

    11. ਤੂਫ਼ਾਨਾਂ ਉੱਤੇ ਬੈਠਾ ਹੈ
    ਖ਼ੁਦਾਵੰਦ ਆਪ ਖ਼ੁਦਾ,
    ਹਾਂ ਰਾਜ ਦੇ ਤਖ਼ਤ ਦੇ ਉੱਤੇ
    ਉਹ ਸਦਾ ਹੈ ਬਹਾਲ।

    12. ਜ਼ੋਰ ਬਖ਼ਸ਼ਦਾ ਹੈ ਖ਼ੁਦਾਵੰਦ
    ਆਪਣੇ ਸਭ ਲੋਕਾਂ ਨੂੰ,
    ਸਲਾਮਤੀ ਬਰਕਤ ਦੇ ਕੇ,
    ਉਹ ਕਰਦਾ ਹੈ ਖ਼ੁਸ਼ਹਾਲ।

  • ---

    1. ਕਰਾਂਗਾ ਤੇਰੀ ਵਡਿਆਈ, ਖ਼ੁਦਾਇਆ,
    ਕਿ ਤੂੰ ਏਂ ਆਪੀਂ ਹੀ ਮੈਨੂੰ ਵਧਾਇਆ।

    2. ਮੇਰੇ ਉੱਤੇ ਮੇਰੇ ਸਭ ਵੈਰੀਆਂ ਨੂੰ,
    ਨਹੀਂ ਖ਼ੁਸ਼ ਹੋਣ ਦਿੱਤਾ, ਯਾ ਰੱਬਾ, ਤੂੰ।

    3. ਜਦੋਂ ਨਾਂ ਤੇਰੇ ਦੀ ਦਿੱਤੀ ਦੁਹਾਈ,
    ਤਦੋਂ ਸਭ ਮਰਜ਼ ਮੇਰੀ ਤੂੰ ਹਟਾਈ।

    4. ਮੇਰੀ ਜਾਨ ਕਬਰ ਤੋਂ ਬਾਹਰ ਲੈ ਆਇਆ,
    ਟੋਏ ਵਿੱਚ ਪੈਣ ਤੋਂ ਮੈਨੂੰ ਬਚਾਇਆ।

    5. ਖ਼ੁਦਾ ਦੇ ਪਾਕ ਲੋਕੋ, ਮਿਲ ਕੇ ਗਾਓ,
    ਖ਼ੁਦਾ ਦੀ ਯਾਦ ਵਿੱਚ ਖ਼ੁਸ਼ੀਆਂ ਮਨਾਓ।

    6. ਕਿ ਗੁੱਸਾ ਉਸ ਦਾ ਬੱਸ ਇੱਕ ਘੜੀ ਹੈ,
    ਪਰ ਉਸਦੇ ਰਹਿਮ ਵਿੱਚ ਹੀ ਜ਼ਿੰਦਗੀ ਹੈ।

    7. ਜੇ ਰੋਣਾ ਸ਼ਾਮ ਨੂੰ ਹੋਵੇ ਕੁਵੇਲੇ,
    ਤਾਂ ਗਾਓਗੇ ਤੁਸੀਂ ਫਿਰ ਫ਼ਜਰ ਵੇਲੇ।

    8. ਮੈਂ ਆਪਣੇ ਚੈਨ ਵਿੱਚ ਇਹ ਬੋਲਿਆ ਸੀ,
    ਘਟੇਗਾ ਚੈਨ ਮੇਰਾ ਨਾ ਕਦੀ ਵੀ।

    9. ਹੈ ਤੇਰੀ ਮਿਹਰਬਾਨੀ, ਯਾ ਇਲਾਹੀ,
    ਤੂੰ ਕਾਇਮ ਕੀਤੀ ਮੇਰੀ ਬਾਦਸ਼ਾਹੀ।

    10. ਜਦੋਂ ਮੂੰਹ ਤੂੰ ਆਪਣਾ ਮੈਥੋਂ ਛੁਪਾਇਆ,
    ਮੈਂ ਘਬਰਾਇਆ ਤੇ ਮਨ ’ਚ ਖ਼ੌਫ ਆਇਆ।

  • ---

    11. ਮੈਂ ਚਿੱਲਾਇਆ ਤੇਰੇ ਅੱਗੇ, ਖ਼ੁਦਾਇਆ,
    ਤੂੰ ਕਰ ਰਹਿਮਤ ਦਾ ਮੇਰੇ ਉੱਤੇ ਸਾਇਆ।

    12. ਪਵਾਂ ਜੇ ਕਬਰ ਵਿੱਚ, ਤਦ ਫ਼ਾਇਦਾ ਕੀ?
    ਨਾ ਕਰ ਸਕਦੀ ਹੈ ਤੇਰਾ ਸ਼ੁਕਰ ਮਿੱਟੀ।

    13. ਭਲਾ ਇਹ ਖ਼ਾਕ ਤੇ ਮਿੱਟੀ, ਖ਼ੁਦਾਇਆ,
    ਬਿਆਨ ਕੀਕਰ ਕਰੇ ਤੇਰੀ ਵਫ਼ਾ ਦਾ?

    14. ਖ਼ੁਦਾਵੰਦ ਤੂੰ ਸੁਣੀਂ ਮੇਰੀ ਦੁਆ ਨੂੰ,
    ਮਦਦ ਕਰ, ਆਪਣੀ ਰਹਿਮਤ ਹੁਣ ਵਿਖਾ ਤੂੰ।

    15. ਹਟਾਇਆ ਮੇਰਾ ਦੁੱਖ ਤੇ ਕੀਤਾ ਖ਼ੁਸ਼ਹਾਲ,
    ਮੇਰਾ ਗ਼ਮ ਬਦਲ ਦਿੱਤਾ ਤੂੰ ਖ਼ੁਸ਼ੀ ਨਾਲ।

    16. ਨਾ ਚੁੱਪ ਰਹਿੰਦੀ ਏ ਸ਼ੌਕਤ ਮੇਰੀ ਗਾਵੇ,
    ਮੇਰਾ ਦਿਲ ਤੇਰੀਆਂ ਸਿਫ਼ਤਾਂ ਸੁਣਾਵੇ।

  • ---

    ਮੇਰੀ ਆਸ ਹੈ ਤੇਰੇ ਉੱਤੇ,
    ਐ ਖ਼ੁਦਾਵੰਦ ਪਾਕ ਖ਼ੁਦਾ।

    1. ਮੇਰੀ ਆਸ ਹੈ ਤੇਰੇ ਉੱਤੇ,
    ਮੈਨੂੰ ਤੂੰ ਖ਼ੁਦਾਵੰਦਾ,
    ਕਦੀ ਨਾ ਹੋਵਣ ਦੇ ਸ਼ਰਮਿੰਦਾ,
    ਪਰ ਸੱਚਿਆਈ ਨਾਲ ਛੁਡਾ।

    2. ਮੇਰੇ ਵੱਲ ਤੂੰ ਕਰ ਕੰਨ ਆਪਣਾ,
    ਮੈਨੂੰ ਛੇਤੀ ਦੇ ਅਰਮਾਨ,
    ਦੇ ਪਨਾਹ ਹੋ ਕਿਲ੍ਹਾ ਮੇਰਾ,
    ਮੇਰੀ ਹੋ ਮਜ਼ਬੂਤ ਚਟਾਨ।

    3. ਤੂੰ ਹੀ ਆਪ ਚਟਾਨ ਹੈ ਮੇਰੀ,
    ਕਿਲ੍ਹਾ ਹੈ ਤੂੰ ਬੰਦੇ ਦਾ,
    ਆਪਣੇ ਨਾਂ ਦੇ ਵਾਸਤੇ ਮੇਰੀ,
    ਕਰ ਅਗਵਾਈ, ਰਾਹ ਦਿਖਲਾ।

    4. ਉਹਨਾਂ ਨੇ ਇੱਕ ਲੁਕ ਕੇ ਕੀਤਾ
    ਮੇਰੇ ਲਈ ਜਾਲ ਤਿਆਰ,
    ਕੱਢ ਉਸ ਵਿੱਚੋਂ ਤੂੰ ਹੈ ਮੇਰਾ,
    ਪੱਕਾ ਜ਼ੋਰ ਤੇ ਮਦਦਗਾਰ।

    5. ਸੌਂਪਦਾ ਹਾਂ ਰੂਹ ਆਪਣੀ ਤੈਨੂੰ,
    ਐ ਸੱਚਿਆਈ ਦੇ ਖ਼ੁਦਾ,
    ਤੂੰ ਹੀ ਹੈਂ ਉਹ ਰੱਬ ਕਿ ਜਿਸ ਨੇ,
    ਮੈਨੂੰ ਕੀਤਾ ਹੈ ਰਿਹਾਅ।

    6. ਮੈਂ ਤੇ ਉਹਨਾਂ ਦਾ ਹਾਂ ਵੈਰੀ,
    ਜਿਹੜੇ ਮੰਨਦੇ ਝੂਠ ਬਤਲਾਨ,
    ਮੇਰੀ ਆਸ ਹੈ ਰੱਬ ਦੇ ਉੱਤੇ,
    ਉਸ ਉੱਤੇ ਮੇਰਾ ਹੈ ਇਮਾਨ।

    7. ਤੇਰੀ ਰਹਿਮਤ ਤੇ ਮੈਂ ਯਾ ਰੱਬ,
    ਖ਼ੁਸ਼ ਹੋ ਖ਼ੁਸ਼ੀਆਂ ਕਰਾਂਗਾ,
    ਮੇਰੀ ਜਾਨ ਦੇ ਦੁੱਖ ਤੂੰ ਜਾਣਦਾ,
    ਕੀਤੀ ਉਹਨਾਂ ’ਤੇ ਨਿਗਾਹ।

    8. ਉਹਨਾਂ ਵਿੱਚ ਨਾ ਛੱਡਿਆ ਮੈਨੂੰ,
    ਜਿਹੜੇ ਅਤਿ ਹੱਤਿਆਰੇ ਹਨ,
    ਮੇਰੇ ਪੈਰ ਹੁਣ ਖੁੱਲ੍ਹੇ ਥਾਂ ਵਿੱਚ,
    ਤੂੰ ਏਂ ਆਪ ਖੁਲਾਰੇ ਹਨ।

  • ---

    ਮੈਂ ਤੰਗ ਹਾਲ ਹੋਇਆ, ਕਰੀਂ ਰੱਬਾ ਤੂੰ ਦਇਆ।

    9. ਅੱਖੀਆਂ ਮੇਰੀਆਂ ਗ਼ਮ ਨਾਲ ਭਰੀਆਂ,
    ਜਾਨ ਤੇ ਤਨ ਜਾਂਦਾ ਰਿਹਾ।

    10. ਗ਼ਮ ਦੇ ਨਾਲ ਮੇਰੀ ਜ਼ਿੰਦਗੀ ਮੁੱਕ ਗਈ,
    ਵੇਲਾ ਮੇਰਾ ਬੀਤ ਗਿਆ।

    11. ਜ਼ੋਰ ਮੇਰਾ ਬੁਰਿਆਈ ਨਾਲ ਘਟਿਆ,
    ਹੱਡੀਆਂ ਨੂੰ ਸੋਕੜਾ ਡਿਹਾ।

    12. ਵੈਰੀਆਂ ਤੇ ਗੁਆਂਢੀਆਂ ਵਿੱਚ ਮੈਂ,
    ਸ਼ਰਮ ਅੰਦਰ ਹਾਂ ਪਿਆ।

    13. ਜਾਣ-ਪਛਾਣ ਸਭੋ ਮੇਰੇ ਤੋਂ ਡਰਦੇ,
    ਰਾਹ ਮੈਥੋਂ ਵੱਖ ਲਿਆ।

    14. ਮੋਇਆ ਵਾਂਗ ਮੈਂ ਭੁੱਲਿਆ ਸਭ ਨੂੰ,
    ਹਾਂ ਟੁੱਟੇ ਭਾਂਡੇ ਜਿਹਾ।

    15. ਸਭ ਤਰਫ਼ ਤੋਂ ਖੌਫ਼ ਹੈ ਮੈਨੂੰ,
    ਤੋਹਮਤਾਂ ਨੂੰ ਮੈਂ ਸਿਹਾ।

    16. ਮਾਰ ਮੁਕਾਈਏ ਇਹਨੂੰ ਅਸੀਂ ਹੁਣ,
    ਇਹ ਆਪੋ ਵਿੱਚ ਕਿਹਾ।

  • ---

    ਹੈ ਤੇਰੇ ਉੱਤੇ ਹੁਣ ਆਸ ਮੇਰੀ,
    ਤੂੰ ਹੀ ਮੇਰਾ ਹੈਂ ਖ਼ੁਦਾ।

    17. ਵੇਲਾ ਮੇਰਾ ਤੇਰੇ ਹੱਥ ਦੇ ਵਿੱਚ ਹੈ,
    ਵੈਰੀਆਂ ਤੋਂ ਤੂੰ ਛੁਡਾ।

    18. ਆਪਣੇ ਰਹਿਮ ਨਾਲ ਮੈਨੂੰ ਬਚਾ ਤੂੰ,
    ਚਿਹਰਾ ਮੇਰੇ ’ਤੇ ਚਮਕਾ।

    19. ਮੈਨੂੰ ਨਾ ਮੂਲੋਂ ਸ਼ਰਮਿੰਦਾ ਤੂੰ ਹੋਣ ਦੇ,
    ਤੈਨੂੰ ਪੁਕਾਰਾਂ, ਐ ਖ਼ੁਦਾ।

    20. ਪਰ ਬਦਕਾਰ ਸਭ ਹੋਣ ਸ਼ਰਮਿੰਦੇ,
    ਕਬਰਾਂ ਦੇ ਵਿੱਚ ਉਹ ਫ਼ਨਾਹ।

    21. ਸੱਚਿਆਂ ਦੇ ਹੱਕ ਵਿੱਚ ਝੂਠ ਜੋ ਬੋਲਦੇ,
    ਉਹਨਾਂ ਨੂੰ ਚੁੱਪ ਤੂੰ ਕਰਾ।

    22. ਨਾਲ ਗੁਸਤਾਖ਼ੀ ਦੇ ਉਹ ਬੋਲਦੇ ਰਹਿੰਦੇ,
    ਆਕੜਦੇ ਸ਼ੇਖੀ ਵਿਖਾ।

  • ---

    23. ਖੂਬੀਆਂ ਆਪਣੀ ਅਜਾਇਬ ਤੂੰ ਤੇ ਰੱਖੀਆਂ ਹਨ ਛੁਪਾ,
    ਵਾਸਤੇ ਉਹਨਾਂ ਦੇ ਜੋ ਡਰਦੇ ਹਨ ਤੇਥੋਂ, ਐ ਖ਼ੁਦਾ।

    24. ਸਾਹਮਣੇ ਲੋਕਾਂ ਦੇ ਉਹਨਾਂ ਉੱਤੇ ਕੀਤਾ ਰਹਿਮ ਤੂੰ,
    ਯਾ ਰੱਬਾ, ਜੋ ਤੇਰੇ ਉੱਤੇ ਰੱਖਦੇ ਆਪਣਾ ਆਸਰਾ।

    25. ਪਰਦੇ ਵਿੱਚ ਆਪਣੀ ਹਜ਼ੂਰੀ ਦੇ ਛੁਪਾਉਂਦਾ ਉਹਨਾਂ ਨੂੰ,
    ਲੋਕਾਂ ਦੇ ਮਨਸੂਬਿਆਂ ਤੇ ਸਾਜ਼ਿਸ਼ਾਂ ਤੋਂ, ਐ ਖ਼ੁਦਾ।

    26. ਤੂੰ ਛੁਪਾਉਂਦਾ ਰਹਿਮ ਕਰਕੇ ਝਗੜਿਆਂ ਤੋਂ ਉਹਨਾਂ ਨੂੰ,
    ਆਪਣੇ ਤੰਬੂ ਹੀ ਦੇ ਅੰਦਰ ਜਿੱਥੇ ਰਹਿੰਦਾ ਤੂੰ ਸਦਾ।

    27. ਸ਼ਹਿਰ ਜੋ ਮੁਹਕਮ ਹੈ, ਉਸ ਵਿੱਚ ਰੱਬ ਨੇ ਆਪਣੀ ਖੂਬੀਆਂ,
    ਮੈਨੂੰ ਵਿਖਾਲੀਆਂ ਬਹੁਤ, ਮੇਰਾ ਮੁਬਾਰਿਕ ਹੈ ਖ਼ੁਦਾ।

    28. ਵੇਖਿਆ ਜਦ ਹਾਲ ਆਪਣਾ ਬੋਲਿਆ ਘਬਰਾ ਕੇ ਮੈਂ,
    ਤੇਰੀ ਅੱਖੀਆਂ ਤੋਂ, ਖ਼ੁਦਾਇਆ, ਦੂਰ ਹੁਣ ਸੁੱਟਿਆ ਗਿਆ।

    29. ਪਰ ਜਦੋਂ ਦਿੱਤੀ ਦੁਹਾਈ ਤੇਰੇ ਵੱਡੇ ਨਾਂ ਦੀ,
    ਸੁਣ ਲਈਂ ਤੂੰ ਉਸੇ ਵੇਲੇ, ਮੇਰੀ ਮਿੰਨਤ ਦੀ ਸਦਾ।

    30. ਮੋਮਨੋ, ਰੱਖੋ ਮੁਹੱਬਤ ਸਭ ਖ਼ੁਦਾਵੰਦ ਪਾਕ ਨਾਲ,
    ਰਾਖਾ ਦੀਨਦਾਰਾਂ ਦਾ ਹੈ, ਮਗ਼ਰੂਰਾਂ ਨੂੰ ਦਿੰਦਾ ਸਜ਼ਾ।

    31. ਜ਼ੋਰ ਪਕੜੋ, ਜੋ ਖ਼ੁਦਾਵੰਦ ਕੋਲੋਂ ਰੱਖਦੇ ਹੋ ਉਮੀਦ,
    ਬਖ਼ਸ਼ੇਗਾ ਦਿਲ ਨੂੰ ਤੁਹਾਡੇ ਖੂਬ ਮਜ਼ਬੂਤੀ ਖ਼ੁਦਾ।

  • ---

    1. ਉਹ ਧੰਨ ਜਿਸਦੇ ਬਖ਼ਸ਼ੇ ਗਏ ਸਭ ਗ਼ੁਨਾਹ,
    ਤੇ ਢੱਕੇ ਗਏ ਸਾਰੇ ਔਗੁਣ ਸਦਾ।

    2. ਨਾ ਰੱਬ ਜਿਸਦੇ ਪਾਪਾਂ ਦਾ ਕਰਦਾ ਹਿਸਾਬ,
    ਉਹ ਧੰਨ ਹੈ ਤੇ ਦਿਲ ਉਸਦਾ ਨਹੀਂ ਖਰਾਬ।

    3. ਮੈਂ ਜਦ ਚੁੱਪ ਰਿਹਾ ਤਦ ਮੇਰੀਆਂ ਹੱਡੀਆਂ,
    ਕਰ੍ਹਾਂਦੇ ਹੋਏ ਸਾਰਾ ਦਿਨ ਗਲ ਗਈਆਂ।

    4. ਦਿਨੇ ਵੀ ਤੇ ਰਾਤੀਂ ਵੀ ਮੇਰੇ ਖ਼ੁਦਾ,
    ਤੇਰਾ ਹੱਥ ਮੇਰੇ ਉੱਤੇ ਭਾਰਾ ਰਿਹਾ।

    5. ਤੇ ਚਰਬੀ ਮੇਰੀ ਸਾਰੀ ਪਿੱਘਰ ਗਈ,
    ਗਰਮੀ ਵੀ ਖ਼ੁਸ਼ਕੀ ਨਾਲ ਬਦਲ ਗਈ।

    6. ਤੇਰੇ ਕੋਲ ਕੀਤਾ ਗ਼ੁਨਾਹ ਦਾ ਇਕਰਾਰ,
    ਹਾਂ ਮਨ ਲਿਆ ਮੈਂ ਤੇ ਹਾਂ ਡਾਢਾ ਬਦਕਾਰ।

    7. ਮੈਂ ਕਿਹਾ ਕਿ ਜੋ ਕੁਝ ਹੈ ਮੇਰਾ ਕਸੂਰ ,
    ਮੈਂ ਮੰਨਾਂਗਾ ਆਪਣੇ ਖ਼ੁਦਾ ਦੇ ਹਜ਼ੂਰ।

    8. ਸੋ ਮੇਰੀ ਬਦਜਾਤੀ ਦਾ ਭਾਰਾ ਗ਼ੁਨਾਹ,
    ਤੂੰ ਬਖ਼ਸ਼ ਦਿੱਤਾ ਮੈਨੂੰ ਐ ਮੇਰੇ ਖ਼ੁਦਾ।

    9. ਇਸ ਵਾਸਤੇ ਐ ਰੱਬਾ ਜੋ ਲੋਕ ਹਨ ਦੀਨਦਾਰ,
    ਤੂੰ ਜਦ ਤੀਕਰ ਲੱਭੇਂ ਉਹ ਕਰਨਗੇ ਪੁਕਾਰ।

    10. ਤੇ ਭਾਵੇਂ ਦਰਿਆ ਵਿੱਚ ਉੱਠੇ ਤੂਫ਼ਾਨ,
    ਨਾ ਉਹਨਾਂ ਦਾ ਹੋਵੇਗਾ ਕੁਝ ਵੀ ਨੁਕਸਾਨ ।

    11. ਹੈ ਥਾਂ ਮੇਰੇ ਲੁਕਣ ਦਾ ਤੂੰ ਏਂ ਖ਼ੁਦਾ,
    ਬਚਾਂਦਾ ਹੈਂ ਦੁੱਖਾਂ ਤੋਂ ਤੂੰ ਏਂ ਸਦਾ।

    12. ਖ਼ੁਸ਼ੀ ਬਖ਼ਸ਼ਦਾ ਮੈਨੂੰ ਕਰਦਾ ਨਿਹਾਲ,
    ਤੂੰ ਘੇਰਦਾ ਛੁਟਕਾਰੇ ਦੇ ਗੀਤਾਂ ਦੇ ਨਾਲ।

  • ---

    13. ਸਿਖਾਵਾਂਗਾ ਤੈਨੂੰ, ਵਿਖਾਵਾਂਗਾ ਰਾਹ,
    ਮੇਰੀ ਅੱਖੀਆਂ ਤੈਨੂੰ ਵੇਖਣ ਸਦਾ।

    14. ਨਾ ਹੋ ਘੋੜਿਆਂ ਖੱਚਰਾਂ ਵਾਂਗ ਤੂੰ,
    ਕਿ ਕੁਝ ਵੀ ਨਹੀਂ ਹੈ ਸਮਝ ਉਹਨਾਂ ਨੂੰ।

    15. ਲਗਾਮਾਂ ਤੇ ਵਾਗਾਂ ਹੈ ਉਹਨਾਂ ਦਾ ਸਾਜ਼,
    ਨਾ ਉਹ ਰਹਿੰਦੇ ਕਾਬੂ ਵਿੱਚ ਉਨ੍ਹਾਂ ਦੇ ਬਾਅਜ।

    16. ਮੁਸੀਬਤ ਸਰੀਰ ਉੱਤੇ ਰਹਿੰਦੀ ਸਦਾ,
    ਪਰ ਉਹ ਸਭ ਜਿਨ੍ਹਾਂ ਦਾ ਹੈ ਰੱਬ ਆਸਰਾ।

    17. ਉਹ ਦਿਲ ਦੀ ਖ਼ੁਸ਼ੀ ਵਿੱਚ ਹਨ ਰਹਿੰਦੇ ਨਿਹਾਲ,
    ਤੇ ਰੱਬ ਘੇਰਦਾ ਉਹਨਾਂ ਨੂੰ ਰਹਿਮਤ ਦੇ ਨਾਲ ।

    18. ਤੁਸੀਂ ਸਾਦਿਕੋ, ਸਭੋ ਸਿੱਧੇ ਦਿਲੋ,
    ਖ਼ੁਦਾਵੰਦ ਦੇ ਵਿੱਚ ਮਿਲ ਕੇ ਖ਼ੁਸ਼ੀਆਂ ਕਰੋ।

  • ---

    ਖ਼ੁਦਾ ਆਪਣੇ ਨਿਆਂ ਨੇਕੀ ਅਤੇ ਸੱਚਿਆਈ,
    ਦੇ ਸਬੱਬ ਤਾਰੀਫ਼ ਦੇ ਲਾਇਕ ਹੈ।

    1. ਤੁਸੀਂ, ਐ ਸਾਦਿਕੋ ਖ਼ੁਸ਼ੀਆਂ ਮਨਾਓ,
    ਖ਼ੁਦਾ ਦੇ ਇਸ਼ਕ ਵਿੱਚ ਇੱਕ ਗੀਤ ਗਾਓ।

    2. ਕਿ ਇਹ ਸਿੱਧੇ ਦਿਲਾਂ ਨੂੰ ਖੂਬ ਸੱਜਦਾ,
    ਖ਼ੁਦਾ ਦੀ ਕਰਨੀ ਵਡਿਆਈ ਹਮੇਸ਼ਾ ।

    3. ਖ਼ੁਦਾ ਦੀ ਹਮਦ ਵਾਜੇ ਨਾਲ ਗਾਓ,
    ਵਜਾ ਕੇ ਬੀਨ ਉਸਦਾ ਨਾਂ ਸਰ੍ਹਾਓ।

    4. ਨਵਾਂ ਇੱਕ ਗੀਤ ਗਾਓ ਹੁਣ ਖ਼ੁਦਾ ਦਾ,
    ਵਜਾਓ ਗਾਓ ਖ਼ੁਸ਼ੀਆਂ ਨਾਲ ਵਾਜਾ।

    5. ਖ਼ੁਦਾ ਦੇ ਬੋਲ ਹਨ ਸਿੱਧੇ ਪਿਆਰੇ,
    ਅਮਾਨਤ ਨਾਲ ਉਹਦੇ ਕੰਮ ਸਾਰੇ।

    6. ਸਿਧਾਈ ਤੇ ਅਦਾਲਤ ਉਸ ਨੂੰ ਪਿਆਰੀ,
    ਜ਼ਮੀਨ ਉੱਤੇ ਹੈ ਉਸਦੀ ਮਿਹਰ ਸਾਰੀ।

  • ---

    7. ਬਣਾਏ ਰੱਬ ਨੇ ਹਨ ਅਸਮਾਨ ਸਾਰੇ,
    ਤੇ ਸੂਰਜ ਚੰਨ ਤੇ ਸਭ ਅਣਗਿਣਤ ਤਾਰੇ।

    8. ਸਮੁੰਦਰ ਦਾ ਇਕੱਠਾ ਕਰਕੇ ਪਾਣੀ,
    ਉਹ ਰੱਖਦਾ ਡੂੰਘਿਆਂ ਥਾਂ ਵਿੱਚ ਅਮਾਨੀ।

    9. ਜ਼ਮੀਨ ਸਾਰੀ ਤੇ ਜੋ ਕੁਝ ਵਿੱਚ ਹੈ ਉਸਦੇ,
    ਖ਼ੁਦਾਵੰਦ ਆਪਣੇ ਰੱਬ ਦਾ ਖੌਫ਼ ਰੱਖੇ।

    10. ਹੋਇਆ ਸਭ ਜੋ ਖ਼ੁਦਾ ਨੇ ਆਖਿਆ ਸੀ,
    ਜੋ ਉਸਨੇ ਆਖਿਆ ਸੋ ਹੋ ਗਿਆ ਸੀ।

  • ---

    11. ਸਲਾਹ ਕੌਮਾਂ ਦੀ ਰੱਬ ਨਾਚੀਜ਼ ਕਰਦਾ,
    ਤੇ ਝੂਠਾ ਕਰਦਾ ਮਨਸੂਬਾ ਉਹਨਾਂ ਦਾ।

    12. ਸਲਾਹ ਰੱਬ ਦੀ ਸਦਾ ਤੀਕਰ ਹੈ ਕਾਇਮ,
    ਤੇ ਰਹਿੰਦੇ ਉਹਦੇ ਸਭ ਮਨਸੂਬੇ ਦਾਇਮ।

    13. ਮੁਬਾਰਿਕ ਕੌਮ ਜਿਸਦਾ ਰੱਬ ਖ਼ੁਦਾ ਹੈ,
    ਉਹ ਉੱਮਤ ਜਿਸ ਨੂੰ ਰੱਬ ਨੇ ਚੁਣ ਲਿਆ ਹੈ।

    14. ਖ਼ੁਦਾ ਹੈ ਵੇਖਦਾ ਅਸਮਾਨਾਂ ਉੱਤੋਂ,
    ਬਨੀ ਆਦਮ ਨੂੰ ਤੱਕਦਾ ਰਹਿੰਦਾ ਉੱਥੋਂ।

    15. ਬਣਾਉਂਦਾ ਉਹਨਾਂ ਦੇ ਦਿਲ ਇੱਕੋ ਜਿਹੇ,
    ਤੇ ਉਹ ਹੈ ਜਾਣਦਾ ਸਭ ਕੰਮ ਉਹਨਾਂ ਦੇ।

    16. ਨਾ ਬਚਦਾ ਬਾਦਸ਼ਾਹ ਹੈ ਲਕਸ਼ਰਾਂ ਨਾਲ,
    ਨਾ ਜਿੱਤਦਾ ਪਹਿਲਵਾਨ ਹੈ ਜ਼ੋਰ ਦੇ ਨਾਲ।

    17. ਬਚਾ ਸਕਦਾ ਨਾ ਘੋੜਾ ਹਿਣਹਿਣਾ ਕੇ,
    ਨਾ ਬਚ ਸਕਦਾ ਕੋਈ ਉਹਨੂੰ ਭਜਾ ਕੇ।

  • ---

    18. ਰੱਬ ਉਹਨਾਂ ਨੂੰ ਆਪ ਵੇਖਦਾ ਹੈ,
    ਜੋ ਉਸ ਤੋਂ ਡਰਦੇ ਹਨ,
    ਤੇ ਜਿਹੜੇ ਉਹਦੀ ਰਹਿਮਤ ’ਤੇ,
    ਆਸ ਆਪਣੀ ਧਰਦੇ ਹਨ।

    19 ਤਾਂ ਜਾਨ ਉਹ ਮੌਤ ਦੇ ਪੰਜੇ ਤੋਂ,
    ਬਚਾਵੇ ਉਹਨਾਂ ਦੀ,
    ਤੇ ਕਾਲ ਦੇ ਵੇਲੇ ਉਹਨਾਂ ਨੂੰ,
    ਆਪ ਬਖ਼ਸ਼ੇ ਜ਼ਿੰਦਗੀ।

    20. ਖ਼ੁਦਾਵੰਦ ਨੂੰ ਉਡੀਕਦੀ ਹੈ,
    ਹੁਣ ਪਈ ਅਸਾਡੀ ਜਾਨ,
    ਖ਼ੁਦਾਵੰਦ ਹੈ ਅਸਾਡੇ ਨਾਲ,
    ਹੈ ਓਹੋ ਨਿਗਾਹਬਾਨ।

    21. ਖ਼ੁਦਾਵੰਦ ਕੋਲੋਂ ਸਾਡਾ ਦਿਲ,
    ਹੁਣ ਅਤਿ ਖ਼ੁਸ਼ ਹੋਵੇਗਾ,
    ਖ਼ੁਦਾਵੰਦ ਹੈ ਅਸਾਡੇ ਨਾਲ,
    ਆਸ ਸਾਡੀ ਹੈ ਸਦਾ।

    22. ਯਾ ਰੱਬਾ, ਜਿਹੜੀ ਹੈ ਉਡੀਕ,
    ਹੁਣ ਸਾਨੂੰ ਤੇਰੀ ਵੀ,
    ਤੂੰ ਓਹੋ ਜਿਹੀ ਸਾਡੇ ’ਤੇ,
    ਕਰ ਨਿਗਾਹ ਰਹਿਮਤ ਦੀ।

  • ---

    1. ਮੈਂ ਹਰ ਵੇਲੇ ਰੱਬ ਨੂੰ ਮੁਬਾਰਿਕ ਕਹਾਂਗਾ,
    ਮੇਰਾ ਮੂੰਹ ਸਦਾ ਉਸ ਦੀ ਉਸਤਤ ਕਰੇਗਾ।

    2. ਮੇਰੀ ਜਾਨ ਦਾ ਮਾਣ ਹੈ ਰੱਬ ਦੇ ਉੱਤੇ,
    ਗ਼ਰੀਬ ਲੋਕ ਇਹ ਸੁਣ ਕੇ ਤੇ ਖ਼ੁਸ਼ੀਆਂ ਕਰਨਗੇ।

    3. ਕਰੋ ਨਾਲ ਮੇਰੇ ਖ਼ੁਦਾ ਦੀ ਵਡਿਆਈ,
    ਤੇ ਸਭ ਮਿਲ ਦਿਓ ਉਸਦੇ ਨਾਂ ਨੂੰ ਉੱਚਿਆਈ।

    4. ਸੁਣੀ ਮੇਰੀ, ਜਦ ਰੱਬ ਨੂੰ ਮੈਂ ਢੂੰਡਿਆ ਸੀ,
    ਮੇਰੇ ਸਾਰੇ ਖੌਫ਼ਾਂ ਤੋਂ ਦਿੱਤੀ ਖਲਾਸੀ।

    5. ਜਿਨ੍ਹਾਂ ਤੱਕਿਆ, ਚਾਨਣ ਉਹਨਾਂ ਨੇ ਪਾਇਆ,
    ਨਾ ਉਹਨਾਂ ਦੇ ਚਿਹਰੇ ’ਤੇ ਕੁਝ ਖੌਫ਼ ਆਇਆ।

    6. ਸੁਣੀ ਰੱਬ ਨੇ ਆਜਿਜ਼ ਦੇ ਦਿਲ ਦੀ ਦੁਹਾਈ,
    ਮੇਰੀ ਜਾਨ ਸਭਨਾਂ ਦੁੱਖਾਂ ਤੋਂ ਛੁਡਾਈ।

  • ---

    7. ਖੜ੍ਹਾ ਕਰਕੇ ਤੰਬੂ ਫਰਿਸ਼ਤਾ ਖ਼ੁਦਾ ਦਾ,
    ਖ਼ੁਦਾ-ਤਰਸਾਂ ਦੀ ਜਾਨ ਹੈ ਉਹ ਬਚਾਂਦਾ।

    8. ਜ਼ਰਾ ਆਓ, ਚੱਖੋ ਤੇ ਵੇਖੋ, ਤੁਸੀਂ ਵੀ,
    ਖ਼ੁਦਾਵੰਦ ਖ਼ੁਦਾ ਦੀ ਅਜਬ ਮਿਹਰਬਾਨੀ।

    9. ਮੁਬਾਰਿਕ ਹੈ ਕਿਆ ਹਾਲ ਉਸ ਆਦਮੀ ਦਾ,
    ਜੋ ਆਪਣਾ ਭਰੋਸਾ ਖ਼ੁਦਾ ਉੱਤੇ ਰੱਖਦਾ।

    10. ਰਹੋ, ਪਾਕ ਲੋਕੋ, ਖ਼ੁਦਾਵੰਦ ਤੋਂ ਡਰਦੇ,
    ਨਾ ਘਾਟਾ ਹੋ ਉਹਨਾਂ ਨੂੰ ਜੋ ਖੌਫ਼ ਕਰਦੇ ।

    11. ਰਹੇ ਸ਼ੇਰ ਦਾ ਬੱਚਾ ਜੇਕਰ ਵੀ ਭੁੱਖਾ,
    ਕਦੀ ਰੱਬ ਦਾ ਤਾਲਿਬ ਨਾ ਭੁੱਖਾ ਰਹੇਗਾ।

  • ---

    12. ਆਓ ਬੱਚਿਓ, ਸੁਣੋਂ ਮੈਂ ਸੁਣਾਵਾਂ,
    ਖੌਫ਼ ਰੱਬ ਦਾ ਤੁਹਾਨੂੰ ਸਿਖਾਵਾਂ।

    13. ਉਹ ਹੈ ਕਿਹੜਾ ਜੋ ਚਾਹੁੰਦਾ ਹੈ ਮੇਰੀ,
    ਹੋਵੇ ਵੱਡੀ ਉਮਰ ਤੇ ਚੰਗੇਰੀ।

    14. ਜੀਵਾਂ ਚਿਰ ਤੋੜੀ ਜੱਗ ਵਿੱਚ ਮੈਂ,
    ਭਾਈ, ਨਾਲੇ ਵੇਖਾਂ ਸਦਾ ਮੈਂ ਭਲਿਆਈ।

    15. ਆਪਣੀ ਜੀਭ ਨੂੰ ਬਦੀ ਵਿੱਚ ਨਾ ਖੋਲ੍ਹੋ,
    ਆਪਣੇ ਮੂੰਹੋਂ ਵੀ ਨਾ ਝੂਠ ਬੋਲੋ।

    16. ਨੱਸੋ ਉੱਥੋਂ ਜਿੱਥੇ ਹੋ ਬੁਰਾਈ,
    ਸਦਾ ਨੇਕੀ ਕਰੋ ਤੇ ਭਲਾਈ।

    17. ਢੂੰਡੋ ਜਿੱਥੇ ਸਲਾਮਤੀ ਪਾਓ,
    ਤੁਸੀਂ ਉਸੇ ਦੇ ਪਿੱਛੇ ਹੀ ਜਾਓ।

  • ---

    18. ਖ਼ੁਦਾਵੰਦ ਸੱਚਿਆਂ ਲੋਕਾਂ ’ਤੇ, ਆਪ ਨਜ਼ਰ ਕਰਦਾ ਹੈ।
    ਫਰਿਆਦਾਂ ਉੱਤੇ ਉਹਨਾਂ ਦੀ, ਕੰਨ ਆਪਣਾ ਧਰਦਾ ਹੈ।

    19. ਬਦਕਾਰਾਂ ਉੱਤੇ ਗੁੱਸੇ ਹੈ ਚਿਹਰਾ ਖ਼ੁਦਾਵੰਦ ਦਾ,
    ਇਸ ਧਰਤੀ ਉੱਤੋਂ ਉਹਨਾਂ ਦੀ ਬੁਨਿਆਦ ਮਿਟਾਵੇਗਾ।

    20. ਜਦ ਸਾਦਿਕ ਲੋਕ ਚਿੱਲਾਂਦੇ ਹਨ, ਖ਼ੁਦਾਵੰਦ ਸੁਣਦਾ ਹੈ,
    ਮੁਸੀਬਤ ਵਿੱਚੋਂ ਉਹਨਾਂ ਨੂੰ ਉਹ ਕੱਢ ਲਿਆਉਂਦਾ ਹੈ।

    21. ਜੋ ਟੁੱਟੇ ਦਿਲ ਹਨ ਉਹਨਾਂ ਕੋਲ, ਆਪ ਰਹਿੰਦਾ ਹੈ ਖ਼ੁਦਾ,
    ਤੇ ਟੁੱਟੀ ਜਾਨ ਨੂੰ ਰਹਿਮਤ ਨਾਲ, ਸਾਫ਼ ਲੈਂਦਾ ਹੈ ਬਚਾ।

    22. ਸੱਚਿਆਰਾਂ ਉੱਤੇ ਆਉਂਦੇ ਹਨ, ਦੁੱਖ ਤੇ ਮੁਸੀਬਤ ਵੀ,
    ਰੱਬ ਉਹਨਾਂ ਤੋਂ ਕਰਾਂਦਾ ਹੈ ਖ਼ਲਾਸੀ ਉਹਨਾਂ ਦੀ।

    23. ਉਹ ਉਹਨਾਂ ਦੀ ਸਭ ਹੱਡੀਆਂ ਦੀ, ਆਪ ਖ਼ਬਰ ਲੈਂਦਾ ਹੈ,
    ਤੇ ਉਹਨਾਂ ਵਿੱਚੋਂ ਇੱਕ ਨੂੰ ਵੀ ਨਾ ਟੁੱਟਣ ਦੇਂਦਾ ਹੈ।

    24. ਬੁਰਿਆਈ ਆਪ ਬਦਕਾਰਾਂ ਦਾ, ਨਾਸ਼ ਕਰੇਗੀ ਤਮਾਮ,
    ਤੇ ਸਾਦਿਕਾਂ ਦੇ ਦੁਸ਼ਮਣ ਨੂੰ ਹੁਣ ਲੱਗੇਗਾ ਇਲਜ਼ਾਮ ।

    25. ਜਾਨ ਆਪਣੇ ਬੰਦਿਆਂ ਦੀ ਖ਼ੁਦਾ, ਦੁੱਖ ਤੋਂ ਬਚਾਂਦਾ ਹੈ,
    ਨਾ ਕਦੀ ਆਪਣੇ ਬੰਦਿਆਂ ਨੂੰ ਮੁਲਜ਼ਿਮ ਠਹਿਰਾਉਂਦਾ ਹੈ।

  • ---

    1. ਜੋ ਝਗੜਾ ਕਰਦੇ ਮੇਰੇ ਨਾਲ,
    ਲੜ ਉਹਨਾਂ ਨਾਲ, ਖ਼ੁਦਾ,
    ਜੋ ਮੇਰੇ ਮਾਰਨ ਵਾਲੇ ਹਨ,
    ਕਰ ਉਹਨਾਂ ਨੂੰ ਫ਼ਨਾਹ।

    2. ਖ਼ੁਦਾਇਆ ਆਪਣੀ ਬਣਾਕੇ ਢਾਲ,
    ਤੇ ਖਿੱਚ ਕੇ ਤੇਜ਼ ਤਲਵਾਰ,
    ਕਰ ਮਦਦ ਆਜਿਜ਼ ਬੰਦੇ ਦੀ,
    ਤੇ ਉੱਠ ਹੋ ਤਿਆਰ।

    3. ਤੂੰ ਬਰਛਾ ਲੈ ਕੇ, ਉੱਠ ਖਲੋ,
    ਕਰ ਮੇਰੇ ਵੈਰੀ ਮਾਤ,
    ਤੇ ਮੇਰੀ ਜਾਨ ਨੂੰ ਆਪੀਂ ਦੱਸ,
    ਮੈਂ ਤੇਰੀ ਹਾਂ ਨਜਾਤ।

    4. ਜੋ ਮੇਰੀ ਜਾਨ ਦੇ ਵੈਰੀ ਹਨ,
    ਸ਼ਰਮਿੰਦਾ ਹੋਣ ਹੈਰਾਨ,
    ਉਹ ਭਾਜੜ ਖਾ ਕੇ ਖੱਜਲ ਹੋਣ,
    ਜੋ ਚਾਹੁੰਦੇ ਹਨ ਨੁਕਸਾਨ।

    5. ਜਿਉਂ ਤੂੜੀ ਉੱਡੀ ਵਾਅ ਦੇ ਨਾਲ,
    ਉਹ ਉੱਡ ਪੁੱਡ ਜਾਵੇਗਾ,
    ਤੇ ਧੱਕੇ ਦੇਕੇ ਕੱਢੇਗਾ,
    ਫਰਿਸ਼ਤਾ ਖ਼ੁਦਾਵੰਦ ਦਾ।

    6. ਰਾਹ ਉਹਨਾਂ ਦੇ ਵਿੱਚ ਤਿਲਕਣ ਹੋ,
    ਤੇ ਘੁੱਪ ਹਨੇਰਾ ਵੀ,
    ਫਰਿਸ਼ਤਾ ਰੱਬ ਦਾ ਉਹਨਾਂ ਨੂੰ,
    ਕਦ ਦੇਵੇ ਧੱਕੇ ਦੀ।

  • ---

    7. ਨਾਹੱਕ ਮੇਰੇ ਵਾਸਤੇ, ਆਪਣਾ ਜਾਲ ਵਿਛਾਉਂਦੇ,
    ਘਰ ਵਿੱਚ ਮੇਰੀ ਜਾਨ ਨੂੰ, ਉਹ ਡਿਗਾਣਾ ਚਾਹੁੰਦੇ।

    8. ਸਭ ਬਦਕਾਰ ਨਾਸ਼ ਹੋਵਣ, ਦੁੱਖ ਅਚਾਨਕ ਆਵੇ,
    ਉਸੇ ਜਾਲ ਵਿੱਚ ਫਸੇ, ਜਿਹੜਾ ਆਪ ਵਿਛਾਵੇ।

    9. ਰੱਬ ਦੇ ਵਿੱਚ ਜਾਨ ਮੇਰੀ, ਖ਼ੁਸ਼ੀਆਂ ਨਿੱਤ ਮਨਾਵੇ,
    ਰੱਬ ਬਚਾਇਆ ਮੈਨੂੰ, ਗੀਤ ਖ਼ੁਸ਼ੀ ਦੇ ਗਾਵੇ।

    10. ਮੇਰੀ ਹੱਡੀਆਂ ਵਿੱਚੋਂ, ਗੀਤ ਸੁਣਾਈ ਦਿੰਦਾ,
    ਯਾ ਰੱਬ, ਪਾਕ ਅਸਾਡੇ, ਕੌਣ ਹੈ ਤੇਰੇ ਜਿਹਾ।

    11. ਜ਼ੋਰਾਵਰ ਦੇ ਹੱਥੋਂ, ਦੁੱਖਾਂ ਨੂੰ ਛੁਡਾਉਂਦਾ,
    ਤੂੰ ਬੁਰਿਆਂ ਦੇ ਹੱਥੋਂ, ਆਜਿਜ਼ ਨੂੰ ਬਚਾਉਂਦਾ।

  • ---

    12. ਮੇਰੇ ਉੱਤੇ ਮਿਲਕੇ ਸਭ,
    ਝੂਠੇ ਉੱਠੇ ਹਨ ਗਵਾਹ,
    ਪੁੱਛਣ ਮੈਥੋਂ ਉਹ ਸਵਾਲ,
    ਜਿਹੜਾ ਮੈਂ ਨਾ ਜਾਣਦਾ ਸਾਂ।

    13. ਬਦਲੇ ਮੇਰੀ ਨੇਕੀ ਦੇ,
    ਮੇਰਾ ਕਰਦੇ ਹਨ ਨੁਕਸਾਨ,
    ਮੈਨੂੰ ਦੁੱਖ ਪਹੁੰਚਾਉਂਦੇ ਹਨ,
    ਬੇ–ਕਸ ਛੱਡਦੇ ਮੇਰੀ ਜਾਨ।

    14. ਰੋਜ਼ੇ ਰੱਖ ਕੇ ਪਹਿਨਿਆ ਟਾਟ,
    ਉਹਨਾਂ ਨੂੰ ਜਦ ਮਾਂਦਗੀ ਸੀ,
    ਮੁੜਕੇ ਮੇਰੇ ਸੀਨੇ ਵਿੱਚ,
    ਮੇਰੀ ਦੁਆ ਆਉਂਦੀ ਸੀ।

    15. ਉਹਨਾਂ ਨੂੰ ਮੈਂ ਜਾਤਾ ਸੀ,
    ਜਿਹੜਾ ਹੋਵੇ ਦੋਸਤ, ਭਾਰਾ,
    ਗ਼ਮ ਵਿੱਚ ਰਹਿੰਦੀ ਮੇਰੀ ਜਾਨ,
    ਜਿਵੇਂ ਗ਼ਮ ਹੋ ਮਾਈ ਦਾ।

  • ---

    16. ਮੈਨੂੰ ਵੇਖ ਮੁਸੀਬਤ ਵਿੱਚ,
    ਖ਼ੁਸ਼ੀਆਂ ਕਰਨ ਇਕੱਠੇ ਹੋ,
    ਮੈਨੂੰ ਜਦ ਨਾ ਖ਼ਬਰ ਸੀ,
    ਮੇਰੇ ਤੇ ਚੜ੍ਹ ਆਏ ਉਹ।

    17. ਪਾੜਨ ਤੋਂ ਨਾ ਮੁੜਦੇ ਉਹ,
    ਮਿਲ ਕੇ ਨਾਲ ਕਮੀਨਿਆਂ ਦੇ,
    ਮੇਰੇ ਉੱਤੇ ਪੀਂਹਦੇ ਦੰਦ,
    ਲੜਦੇ ਵਾਸਤੇ ਰੋਟੀ ਦੇ।

    18. ਕਦ ਤੀਕ ਵੇਖਦਾ ਰਹੇਂਗਾ
    ਤੂੰ ਇਹ ਹਾਲ, ਖ਼ੁਦਾਵੰਦਾ?
    ਉਹਨਾਂ ਦੀ ਖਰਾਬੀ ਤੋਂ,
    ਮੇਰੀ ਜਾਨ ਨੂੰ ਤੂੰ ਬਚਾ।

    19. ਮੇਰੀ ਇਸ ਵਹੀਦਾ ਨੂੰ,
    ਸ਼ੇਰਾਂ ਕੋਲੋਂ ਤੂੰ ਛੁਡਾ,
    ਮਜਲਿਸਾਂ ਤੇ ਕੌਮਾਂ ਵਿੱਚ,
    ਤੇਰੀ ਉਸਤਤ ਗਾਵਾਂਗਾ।

  • ---

    20. ਖ਼ੁਸ਼ ਨਾ ਰਹਿਣ ਜੋ ਮੇਰੇ ਨਾਲ,
    ਨਾਹੱਕ ਵੈਰ ਕਮਾਉਂਦੇ ਹਨ,
    ਮੇਰੇ ਵੱਲੋਂ ਅੱਖੀਆਂ ਮਾਰ,
    ਗੱਲਾਂ ਕਰਦੇ ਜਾਂਦੇ ਹਨ।

    21. ਮੇਰੇ ਵੈਰੀ ਸੁਲਾਹ ਦੀ,
    ਕੁਝ ਵੀ ਗੱਲ ਨਾ ਕਰਦੇ ਹਨ,
    ਦੁਨੀਆ ਦੇ ਸਲੀਮਾਂ ਪਰ,
    ਝੂਠੀ ਬੰਦਿਸ਼ ਬੰਨ੍ਹਦੇ ਹਨ।

    22. ਆਪਣਾ ਮੂੰਹ ਪਸਾਰਦੇ ਹਨ,
    ਵੇਖਦੇ ਨੇ ਜਦ ਮੇਰਾ ਹਾਲ,
    ਕਹਿੰਦੇ ਹਨ, ‘‘ਆਹਾ, ਆਹਾ,
    ਵੇਖਿਆ ਹੈ ਅਸਾਂ ਅੱਖੀਆਂ ਨਾਲ’’।

    23. ਸਭੋ ਕੁਝ ਤੂੰ ਵੇਖਿਆ ਹੈ,
    ਚੁੱਪ ਨਾ ਰਹਿ ਹੁਣ ਐ ਗਫ਼ੂਰ,
    ਐ ਖ਼ੁਦਾਵੰਦ, ਮੇਰੇ ਰੱਬ,
    ਮੈਥੋਂ ਤੂੰ ਨਾ ਰਹੀਂ ਦੂਰ।

    24. ਉੱਠ ਤੇ ਮੇਰਾ ਕਰ ਇਨਸਾਫ਼,
    ਮੇਰੇ ਰੱਬ, ਖ਼ੁਦਾਵੰਦਾ,
    ਜੱਗ ’ਤੇ ਆਪਣੀ ਰਹਿਮਤ ਨਾਲ,
    ਮੇਰਾ ਝਗੜਾ ਤੂੰ ਮੁਕਾ।

  • ---

    25. ਯਾ ਰੱਬ, ਤੂੰ ਸੱਚਿਆਈ ਨਾਲ
    ਬੰਦੇ ਦੀ ਅਦਾਲਤ ਕਰ,
    ਕਦੀ ਨਾ ਹੋਵਣ ਦੇ ਖ਼ੁਸ਼,
    ਮੇਰੇ ਵੈਰੀ ਮੇਰੇ ਪਰ।

    26. ਉਹ ਨਾ ਦਿਲ ਵਿੱਚ ਆਖਣ ਇਹ,
    ‘‘ਆਹਾ ਏਹੋ ਚਾਹੁੰਦੇ ਸਾਂ,
    ਕੀਤਾ ਅਸਾਂ ਉਸ ਨੂੰ ਝੱਟ,
    ਇਹੋ ਆਸ ਮਨਾਉਂਦੇ ਸਾਂ।

    27. ਜੋ ਖ਼ੁਸ਼ ਹਨ ਦੁੱਖ ਮੇਰੇ ਤੋਂ,
    ਹੋਣ ਸ਼ਰਮਿੰਦੇ ਖੱਜਲ ਖ਼ਵਾਰ,
    ਮੇਰੀ ਜ਼ਿਦ ਵਿੱਚ ਫੁੱਲਦੇ ਜੋ,
    ਉਹ ਸਭ ਹੋਵਣ ਖ਼ਵਾਰ ਲਾਚਾਰ।

    28. ਜੋ ਸੱਚਿਆਈ ਮੇਰੀ ਦਾ,
    ਧੜ ਦਿੰਦੇ ਦਿਲ ਦੇ ਨਾਲ,
    ਖ਼ੁਸ਼ੀਆਂ ਨਾਲ ਚਿੱਲਾਵਣ ਉਹ,
    ਖ਼ੁਸ਼ੀ ਮਨਾਵਣ, ਹੋਣ ਨਿਹਾਲ।

    29. ਆਖਣ ਇਹ ਗੱਲ ਉਹ ਹਮੇਸ਼ਾ,
    ਹੋ ਵਡਿਆਈ ਰੱਬ ਹੀ ਦੀ,
    ਜਿਹੜਾ ਆਪਣੇ ਬੰਦੇ ਦੀ,
    ਚਾਹੁੰਦਾ ਹੈ ਸਲਾਮਤੀ।

    30. ਮੇਰਾ ਮੂੰਹ ਸੁਣਾਵੇਗਾ,
    ਤੇਰੀ ਰਾਸਤੀ ਦਾ ਬਿਆਨ,
    ਉਹ ਸੁਣਾਉਂਦਾ ਰਹੇਗਾ,
    ਤੇਰੀਆਂ ਸਿਫ਼ਤਾਂ ਹਰ ਜ਼ਮਾਨ।

  • ---

    1. ਮੇਰਾ ਦਿਲ ਸੋਚ ਕਰਦਾ ਹੈ
    ਸ਼ਰੀਰਾਂ ਦੀ ਸ਼ਰਾਰਤ ਪਰ,
    ਨਾ ਰੱਖਦੇ ਅੱਖੀਆਂ ਦੇ ਸਾਹਮਣੇ
    ਕੁਝ ਵੀ ਖ਼ੁਦਾ ਦਾ ਡਰ।

    2. ਉਹ ਕਹਿੰਦਾ ਹੈ ਮੇਰੇ ਜਿਹਾ
    ਨਹੀਂ ਹੈ ਨੇਕ ਕੋਈ ਵੀ,
    ਜੋ ਕਰਦਾ ਮੈਂ ਬਦੀ ਛੁਪ ਕੇ,
    ਕਦੀ ਵੀ ਉਹ ਨਾ ਖੁੱਲ੍ਹੇਗੀ।

    3. ਹਾਂ ਉਸ ਦੇ ਮੂੰਹ ਦੀਆਂ ਗੱਲਾਂ,
    ਬਦੀ ਤੇ ਮਕਰ ਹੈ ਸਾਰਾ,
    ਹਾਂ ਨੇਕੀ ਤੇ ਭਲਿਆਈ ਨੂੰ
    ਹੈ ਉਸਨੇ ਮੂਲੋਂ ਛੱਡ ਦਿੱਤਾ।

    4. ਬਦੀ ਛੱਡਦਾ ਨਹੀਂ
    ਪਰ ਝੂਠ ਨੂੰ ਹੈ ਸੋਚਦਾ ਰਹਿੰਦਾ,
    ਤੇ ਝੂਠੇ ਰਸਤੇ ਵਿੱਚ ਕਾਇਮ
    ਉਹ ਆਪਣੇ ਪੈਰ ਹੈ ਰੱਖਦਾ।

  • ---

    5. ਖ਼ੁਦਾਇਆ ਅਸਮਾਨਾਂ ’ਤੇ
    ਤੇਰੀ ਰਹਿਮਤ ਭਾਰੀ ਹੈ,
    ਤੇ ਬਦਲਾਂ ਤੀਕਰ ਆ ਪਹੁੰਚੀ
    ਤੇਰੀ ਇਹ ਵਫ਼ਾਦਾਰੀ ਹੈ।

    6. ਖ਼ੁਦਾਇਆ, ਤੇਰੀ ਸੱਚਿਆਈ ਹੈ,
    ਪਰਬਤ ਵਾਂਗ ਜੋ ਭਾਰਾ ਹੈ,
    ਨਿਆਂ ਤੇਰਾ ਹੈ ਅਤਿ ਡੂੰਘਾ,
    ਤੂੰ ਸਭ ਦਾ ਪਾਲਣਹਾਰਾ ਹੈਂ।

    7. ਤੇਰੀ ਰਹਿਮਤ ਹੈ ਕਿਆ ਹੀ,
    ਬੇਸ਼ਕੀਮਤ ਅਤਿ, ਖ਼ੁਦਾਵੰਦਾ,
    ਜੋ ਤੇਰੇ ਪਰ ਦਾ ਸਾਇਆ ਹੈ,
    ਉਹ ਲੋਕਾਂ ਨੂੰ ਪਨਾਹ ਦੇਂਦਾ।

    8. ਤੇਰੇ ਹੀ ਘਰ ਦੇ ਥਿੰਦੇ ਨਾਲ,
    ਉਹ ਸਭ ਖ਼ੁਸ਼ਹਾਲ ਹੋਵਣਗੇ,
    ਤੇਰੇ ਦਰਿਆਈ ਇਸ਼ਰਤ ਤੋਂ,
    ਉਹ ਰੱਜ ਕੇ ਪਾਣੀ ਪੀਵਣਗੇ।

    9. ਖ਼ੁਦਾਵੰਦਾ, ਹੈ ਤੇਰੇ ਕੋਲ,
    ਇੱਕ ਚਸ਼ਮਾ ਜ਼ਿੰਦਗਾਨੀ ਦਾ,
    ਅਸੀਂ ਲੋਕੀ ਤੇਰੇ ਚਾਨਣ ਤੋਂ
    ਚਾਨਣ ਪਾਵਾਂਗੇ ਬਹੁਤਾ।

    10. ਜੋ ਤੇਰੇ ਨਾਮ ਨੂੰ ਜਾਨਣ,
    ਵਧਾ ਮਿਹਰ ਆਪਣੀ ਉਹਨਾਂ ਪਰ,
    ਸੱਚਾਈ ਨਾਲ ਆਪਣੀ ਤੂੰ,
    ਖ਼ੁਦਾਇਆ ਸਿੱਧੇ ਦਿਲ ਨੂੰ ਭਰ।

    11. ਘੁਮੰਡੀ ਦੇ ਨਾ ਪੈਰਾਂ ਵਿੱਚ,
    ਤੂੰ ਮੇਰੇ ਸਿਰ ਨੂੰ ਟੁੱਟਣ ਦੇ,
    ਤੇ ਬਦਕਾਰਾਂ ਦੇ ਹੱਥਾਂ ਤੋਂ,
    ਤੂੰ ਮੈਨੂੰ ਰੱਦ ਨਾ ਹੋਵਣ ਦੇ।

    12. ਬਦੀ ਦੇ ਕਰਨ ਵਾਲੇ ਸਭ ਤੇ
    ਉੱਥੇ ਡਿੱਗੇ ਹੋਏ ਹਨ,
    ਧਕੇਲੇ ਗਏ ਹੁਣ ਉਹ ਸਭ,
    ਕਦੀ ਵੀ ਉੱਠ ਨਾ ਸਕਦੇ ਹਨ।

  • ---

    1. ਦੁੱਖ ਬੁਰਿਆਂ ਲੋਕਾਂ ਦੇ ਨਾ ਕਰੀਏ,
    ਬਦਕਾਰਾਂ ਤੋਂ ਨਾ ਸੜੀਏ।

    2. ਇੱਕ ਦਮ ਦੇ ਵਿੱਚ ਘਾਹ ਦੇ ਵਾਂਗਰ
    ਉਹ ਸਭ ਵੱਢੇ ਜਾਵਣ,
    ਵਾਂਗ ਹਰੇ ਭਰੇ ਸਬਜ਼ੇ ਦੇ,
    ਛੇਤੀ ਉਹ ਕੁਮਲਾਵਣ।

    3. ਰੱਬ ਦੇ ਉੱਤੇ ਰੱਖ ਭਰੋਸਾ,
    ਤੂੰ ਹੁਣ ਨੇਕੀ ਕਰ ਲੈ,
    ਧਰਤੀ ਉੱਤੇ ਉਮਰ ਗੁਜ਼ਾਰੀਂ,
    ਨਾਲ ਇਮਾਨੇ ਚਰ ਲੈ।

    4. ਖ਼ੁਸ਼ ਰਹਿ ਯਾਦ ਖ਼ੁਦਾ ਦੀ ਅੰਦਰ,
    ਹੋਵਣ ਮਤਲਬ ਪੂਰੇ,
    ਛੱਡ ਰੱਬ ਉੱਤੇ ਆਪ ਬਣਾਵੇ,
    ਤੇਰੇ ਕੰਮ ਅਧੂਰੇ।

    5. ਨੂਰ ਵਾਂਗਰ ਸੱਚਿਆਈ ਤੇਰੀ,
    ਆਪੇ ਉਹ ਚਮਕਾਵੇ,
    ਵਾਂਗ ਦੁਪਹਿਰ ਅਦਾਲਤ ਤੇਰੀ,
    ਰੌਸ਼ਨ ਕਰ ਦਿਖਲਾਵੇ।

    6. ਚੁੱਪ, ਰਜੂਹ ਹੋ ਤਰਫ਼ ਖ਼ੁਦਾ ਦੀ,
    ਠਹਿਰ, ਉਡੀਕ ਰੱਬ ਨੂੰ,
    ਬਦ ਮਨਸੂਬੇ ਬੰਨ੍ਹ ਜੋ ਜਿੱਤਦਾ,
    ਉਸ ਵੱਲੋਂ ਨਾ ਕੁੜ ਤੂੰ।

    7. ਬਦ-ਕਿਰਦਾਰਾਂ ਵੱਲੋਂ ਤੱਕ ਕੇ,
    ਦੁੱਖ ਕਰੀਂ ਤੂੰ ਚੇਤਾ,
    ਛੱਡ ਗ਼ਜ਼ਬ ਨੂੰ, ਆਪ ਨਾ ਭੜਕੀਂ
    ਗੁੱਸਾ ਕਰਨ ਤੋਂ ਮੁੜ ਜਾ।

    8. ਐਸਾ ਨਾ ਹੋ ਤੂੰ ਇਹ ਕਰਕੇ,
    ਵਿੱਚ ਸ਼ਰਾਰਤ ਡਿੱਗੇਂ,
    ਬਦਕਾਰਾਂ ਦਾ ਹਾਲ ਤੂੰ ਵੇਖੀਂ,
    ਆਪ ਜਾਵਣਗੇ ਵੱਢੇ।

    9. ਵਿਰਸੇ ਵਿੱਚ ਜ਼ਮੀਨ ਉਹ ਲੈਂਦੇ,
    ਜਿਨ੍ਹਾਂ ਭਰੋਸਾ ਰੱਬ ਦਾ,
    ਪਰ ਬੁਰਿਆਂ ਦਾ ਵੇਲਾ ਥੋੜ੍ਹਾ
    ਢੂੰਡਿਆਂ ਵੀ ਨਾ ਲੱਭਦਾ।

    10. ਜਿਨ੍ਹਾਂ ਵਿੱਚ ਹਲੀਮੀ ਵੱਸੇ,
    ਉਹੋ ਜ਼ਮੀਨਾਂ ਪਾਵਣ,
    ਬਹੁਤੀਆਂ ਖ਼ੁਸ਼ੀਆਂ ਕਰਦੇ ਹਾਸਲ
    ਦਿਲ ਵਿੱਚ ਖ਼ੁਸ਼ੀ ਮਨਾਵਣ।

  • ---

    11. ਸੱਚਿਆਰ ਦੀ ਜ਼ਿਦ ਵਿੱਚ ਬਦਕਿਰਦਾਰ,
    ਮਨਸੂਬੇ ਬੰਨ੍ਹਦਾ ਹੈ,
    ਉਸ ਨੂੰ ਫਸਾਉਣਾ ਚਾਹੁੰਦਾ ਹੈ,
    ਦੰਦ ਉਸ ’ਤੇ ਪੀਂਹਦਾ ਹੈ।

    12. ਬਦਕਾਰਾਂ ਉੱਤੇ ਹੱਸਦਾ ਹੈ,
    ਖ਼ੁਦਾਵੰਦ ਪਾਕ ਖ਼ੁਦਾ,
    ਉਹ ਜਾਣਦਾ ਹੈ ਕਿ ਬੁਰਿਆਂ ’ਤੇ,
    ਦਿਨ ਦੁੱਖ ਦਾ ਆਵੇਗਾ।

    13. ਤਲਵਾਰ ਹੁਣ ਕੱਢਦੇ ਹਨ ਬਦਕਾਰ,
    ਤੇ ਖਿੱਚਦੇ ਹਨ ਕਮਾਨ,
    ਡਿਗਾਵਣ ਆਜਿਜ਼ ਦੁੱਖੀਏ ਨੂੰ,
    ਤੇ ਮਾਰਨ ਉਹਦੀ ਜਾਨ।

    14. ਤਲਵਾਰ ਉਹਨਾਂ ਦੀ ਉਹਨਾਂ ਦੇ,
    ਦਿਲ ਵਿੱਚ ਮੁੜ ਆਵੇਗੀ,
    ਤੇ ਉਹਨਾਂ ਦੀ ਕਮਾਨ ਜੋ ਹੈ,
    ਤੋੜ ਦਿੱਤੀ ਜਾਵੇਗੀ।

    15. ਸੱਚਿਆਰਾਂ ਦੀ ਕਮਾਈ ਵਿੱਚ,
    ਹੈ ਬਹੁਤੀ ਬਰਕਤ ਵੀ,
    ਉਸ ਮਾਲ ਅਸਬਾਬ ਤੇ ਦੌਲਤ ਤੋਂ,
    ਜੋ ਹੈ ਬਦਕਾਰਾਂ ਦੀ।

    16. ਕਿ ਬੋਝ ਸਭ ਬਦਕਾਰਾਂ ਦੇ,
    ਤੋੜ ਸੁੱਟੇ ਜਾਵਣਗੇ,
    ਪਰ ਸੋਚਦੇ ਲੋਕ ਖ਼ੁਦਾਵੰਦ ਤੋਂ,
    ਹੁਣ ਮਦਦ ਜੋ ਪਾਵਾਂਗੇ।

  • ---

    17. ਦੀਨਦਾਰਾਂ ਦੇ ਦਿਨ ਜਾਣਦਾ ਹੈ,
    ਖ਼ੁਦਾਵੰਦ ਪਾਕ ਖ਼ੁਦਾ,
    ਜੋ ਹੈ ਦੀਨਦਾਰਾਂ ਦੀ ਮਿਰਾਸ,
    ਉਹ ਰਹੇਗੀ ਸਦਾ।

    18. ਮੁਸੀਬਤ ਦੁੱਖ ਦੇ ਵੇਲੇ ਉਹ,
    ਨਾ ਸ਼ਰਮ ਉਠਾਵਣਗੇ,
    ਉਹ ਅਕਾਲ ਤੇ ਔੜ ਦੇ ਸਮੇਂ ਵਿੱਚ,
    ਰਜਾਏ ਜਾਵਣਗੇ।

    19. ਸ਼ਰੀਰ ਹਲਾਕ ਹੋ ਜਾਵਣਗੇ,
    ਸਭ ਵੈਰੀ ਰੱਬ ਦੇ ਵੀ,
    ਉਹ ਧੂੰ ਵਾਂਗ ਉੱਡਣ ਪਿਘਲਣਗੇ,
    ਜਿਉਂ ਚਰਬੀ ਲੇਲੇ ਦੀ।

    20. ਅਦਾ ਨਾ ਕਰਦਾ ਹੈ ਸ਼ਰੀਰ,
    ਜਦ ਕਰਜ਼ ਲੈਂਦਾ ਹੈ,
    ਪਰ ਸਾਦਿਕ ਰਹਿਮ ਕਰਦਾ ਹੈ,
    ਖ਼ੁਸ਼ੀ ਨਾਲ ਦਿੰਦਾ ਹੈ।

  • ---

    21. ਜ਼ਮੀਨ ਦੇ ਵਾਰਿਸ ਹੋਵਣਗੇ,
    ਮੁਬਾਰਿਕ ਖ਼ੁਦਾਵੰਦ ਦੇ,
    ਪਰ ਜਿਨ੍ਹਾਂ ਉੱਤੇ ਲਾਹਨਤ ਹੈ,
    ਉਹ ਕੱਟੇ ਜਾਵਣਗੇ।

    22. ਖ਼ੁਦਾਵੰਦ ਕਾਇਮ ਰੱਖਦਾ ਹੈ,
    ਨੇਕ ਮਰਦ ਦੇ ਕਦਮਾਂ ਨੂੰ,
    ਖ਼ੁਦਾਵੰਦ ਕਰਦਾ ਹੈ ਪਸੰਦ,
    ਨੇਕ ਮਰਦ ਦੇ ਰਾਹਾਂ ਨੂੰ।

    23. ਜੇ ਕਦੀ ਉਹ ਡਿੱਗ ਪਏ ਵੀ,
    ਨਾ ਡਿੱਗਿਆ ਰਹੇਗਾ,
    ਤੇ ਉਹਦਾ ਹੱਥ ਸੰਭਾਲਦਾ ਹੈ,
    ਖ਼ੁਦਾਵੰਦ ਪਾਕ ਖ਼ੁਦਾ।

    24. ਮੈਂ ਬੱਚਾ ਸਾਂ ਹੁਣ ਬੁੱਢਾ ਹਾਂ,
    ਪਰ ਨਸਲ ਸਾਦਿਕ ਦੀ,
    ਨਾ ਕਦੀ ਵੇਖੀ ਹੈ ਲਾਚਾਰ,
    ਤੇ ਟੁੱਕਰ ਮੰਗਦੀ ਵੀ।

    25. ਉਹ ਕਰਜ਼ ਦਿੰਦਾ ਰਹਿੰਦਾ ਹੈ,
    ਰਹਿਮ ਕਰਦਾ ਹੈ ਸਦਾ,
    ਤੇ ਉਹਦੀ ਆਲ ਔਲਾਦ ਵੀ ਸਭ,
    ਹੈ ਸਬੱਬ ਬਰਕਤ ਦਾ।

  • ---

    26. ਬਦੀ ਤੋਂ ਨੱਸ ਤੇ ਨੇਕੀ ਕਰ
    ਰਹਿ ਸਦਾ ਬਰਕਰਾਰ,
    ਅਦਾਲਤ ਕਰਨੇ ਵਾਲੇ ਨੂੰ
    ਰੱਬ ਕਰਦਾ ਹੈ ਪਿਆਰ।

    27. ਨਾ ਛੱਡਦਾ ਹੈ ਪਰ ਕਰਦਾ ਹੈ
    ਆਪ ਰਾਖੀ ਮੋਮਨ ਦੀ,
    ਪਰ ਜੋ ਬਦਕਾਰਾਂ ਦੀ ਔਲਾਦ
    ਕੱਟ ਸੁੱਟੀ ਜਾਵੇਗੀ।

    28. ਜ਼ਮੀਨ ਦੇ ਵਾਰਸ ਹੋਵਣਗੇ
    ਜੋ ਸੱਚੇ ਤੇ ਦੀਨਦਾਰ,
    ਹਮੇਸ਼ਾ ਤੀਕਰ ਰੱਖਣਗੇ
    ਰਿਹਾਇਸ਼ ਬਰਕਰਾਰ।

  • ---

    29. ਸੱਚਿਆਰਾਂ ਦਾ ਮੂੰਹ ਕਰਦਾ ਹੈ
    ਕਿਆ ਬਾਤ ਦਾਨਾਈ ਦੀ,
    ਉਹ ਆਪਣੀ ਜੀਭੋਂ ਕੱਢਦਾ ਏ
    ਸਭ ਗੱਲ ਸੱਚਿਆਈ ਦੀ।

    30. ਖ਼ੁਦਾ ਦੀ ਪਾਕ ਸ਼ਰੀਅਤ ਨੂੰ
    ਉਹ ਦਿਲ ਤੋਂ ਚਾਹੁੰਦਾ ਹੈ,
    ਸੋ ਇਸੇ ਲਈ ਕਦੀ ਵੀ ਨਾ ਠੇਡਾ ਖਾਂਦਾ ਹੈ।

    31. ਬਦ ਮਾਰਨਾ ਚਾਹੁੰਦਾ ਸਾਦਿਕ ਨੂੰ
    ਤੇ ਲਾਉਂਦਾ ਰਹਿੰਦਾ ਦਾਅ,
    ਖ਼ੁਦਾਵੰਦ ਉਹਦੇ ਕਾਬੂ ਵਿੱਚ ਨਾ ਉਹਨੂੰ ਛੱਡੇਗਾ।

    32. ਖ਼ੁਦਾਵੰਦ ਦੀ ਕਚਿਹਰੀ ਵਿੱਚ
    ਜਦ ਹੋਵੇਗਾ ਨਿਆਂ,
    ਤਦ ਠਹਿਰੇ ਸਾਦਿਕ ਬੇਕਸੂਰ
    ਨਾ ਹੋਵੇ ਕੁਝ ਜ਼ਿਆਂ।

    33. ਖ਼ੁਦਾਵੰਦ ਨੂੰ ਉਡੀਕਦਾ ਰਹਿ
    ਯਾਦ ਰੱਖ ਤੂੰ ਉਹਦਾ ਰਾਹ,
    ਜ਼ਮੀਨ ਦਾ ਮਾਲਿਕ ਕਰੇਗਾ ਤੈਨੂੰ ਵਧਾਵੇਗਾ।

    34. ਤੂੰ ਆਪਣੀ ਅੱਖੀਂ ਵੇਖੇਂਗਾ ਨਾਲ
    ਹੁਕਮ ਖ਼ੁਦਾਵੰਦ ਦੇ,
    ਤਮਾਮ ਸ਼ਰੀਰ ਤੇ ਬਦ-ਕਿਰਦਾਰ
    ਕੱਟ ਸੁੱਟੇ ਜਾਵਣਗੇ।

  • ---

    35. ਸ਼ਰੀਰ ਦਾ ਵੇਖਿਆ ਮੈਂ ਇਹ ਹਾਲ
    ਜ਼ੋਰ ਵਾਲਾ ਤੇ ਸ਼ਾਨਦਾਰ,
    ਉਸ ਹਰੇ ਰੁੱਖ ਵਾਂਗ ਫਲ਼ਦਾ ਸੀ,
    ਜੋ ਹੋਵੇ ਖੂਬ ਤਿਆਰ।

    36. ਅਜਿਹਾ ਹੋਵੇਗਾ ਉਹ ਨਾਬੂਦ
    ਨਾ ਉੱਗਿਆ ਕਦੀ ਸੀ,
    ਹਾਂ ਉਸ ਨੂੰ ਲੱਭਦਾ ਰਿਹਾ ਮੈਂ,
    ਨਾ ਲੱਭਾ ਕਿਤੇ ਵੀ।

    37. ਪਰ ਦੇਖ ਰੱਖ ਕਾਮਲ ਆਦਮੀ ਨੂੰ
    ਸਿੱਧੇ ਉੱਤੇ ਧਿਆਨ,
    ਸਲਾਮਤੀ ਉਹਦੀ ਰਹਿੰਦੀ ਹੈ,
    ਜੋ ਸੁਲਾਹ ਦੇ ਇਨਸਾਨ।

    38. ਫ਼ਨਾਹ ਹੋ ਜਾਵਣਗੇ ਬਦਕਾਰ,
    ਬਰਗਸ਼ਤਾ ਬਾਗ਼ੀ ਵੀ,
    ਤੇ ਓੜਕ ਨੂੰ ਸ਼ਰੀਰਾਂ ਦੀ
    ਜੜ੍ਹ ਪੁੱਟੀ ਜਾਵੇਗੀ।

    39. ਪਰ ਸਾਦਿਕਾਂ ਦੀ ਹੈ ਨਜਾਤ,
    ਖ਼ੁਦਾਵੰਦ ਪਾਕ ਖ਼ੁਦਾ,
    ਉਹ ਦੁੱਖ ਦੇ ਵੇਲੇ ਉਹਨਾਂ ਦੀ
    ਖੂਬ ਹੈ ਮਜ਼ਬੂਤ ਪਨਾਹ।

    40. ਆਸ ਜਿਨ੍ਹਾਂ ਦੀ ਖ਼ੁਦਾਵੰਦ ਹੈ
    ਉਹ ਮਦਦ ਪਾਵਣਗੇ,
    ਸ਼ਰੀਰਾਂ ਦੇ ਉਹ ਕਾਬੂ ਤੋਂ,
    ਬਚਾਏ ਜਾਵਣਗੇ।

  • ---

    1. ਗੁੱਸੇ ਨਾਲ ਨਾ ਝਿੜਕੀਂ ਮੈਨੂੰ ਐ ਖ਼ੁਦਾ,
    ਜੋਸ਼ ਵਿੱਚ ਆਪਣੇ ਕਹਿਰ ਦੇ ਦੇਈਂ ਨਾ ਸਜ਼ਾ।

    2. ਮੈਨੂੰ ਤੇਰਾ ਤੀਰ ਹੁਣ ਲੱਗਾ ਕਾਰੀ ਹੈ,
    ਮੇਰੇ ’ਤੇ ਹੱਥ ਤੇਰਾ ਡਾਢਾ ਭਾਰੀ ਹੈ।

    3. ਤੇਰੇ ਗੁੱਸੇ ਨਾਲ ਹੈ ਤਨ ਮੇਰਾ ਬਿਮਾਰ,
    ਹੱਡੀਆਂ ਬੇਆਰਾਮ ਹਨ ਮੈਂ ਹਾਂ ਗ਼ੁਨਾਹਗਾਰ।

    4. ਸਿਰ ਦੇ ਵਾਲਾਂ ਨਾਲੋਂ ਮੇਰੇ ਵੱਧ ਗ਼ੁਨਾਹ,
    ਐਡੇ ਭਾਰੇ ਹੋਏ ਚੁੱਕੇ ਜਾਂਦੇ ਨਾ।

    5. ਮੇਰੇ ਜ਼ਖ਼ਮ ਹੋਏ ਬਦਬੂਦਾਰ ਕਮਾਲ,
    ਸੜ੍ਹੇ ਬਿਲਕੁੱਲ ਮੇਰੀ ਬੇ-ਅਕਲੀ ਦੇ ਨਾਲ।

    6. ਕੁੱਬਾ ਹੋ ਮੈਂ ਝੁੱਕ ਗਿਆ ਰੋਂਦਾ ਸੁਬ੍ਹਾ ਸ਼ਾਮ,
    ਪਿੱਠ ਹੈ ਸੜਦੀ ਰਹਿੰਦੀ ਤਨ ਵਿੱਚ ਨਾ ਆਰਾਮ।

    7. ਮੈਂ ਬੇਤਾਬ ਹੋ ਗਿਆ ਪੀਠਾ ਜਾਂਦਾ ਹਾਂ,
    ਦਿਲ ਹੈ ਰੋਂਦਾ ਰਹਿੰਦਾ ਮੈਂ ਚਿੱਲਾਂਦਾ ਹਾਂ।

    8. ਯਾ ਰੱਬ, ਮੇਰਾ ਸ਼ੌਂਕ ਹੈ ਤੇਰੇ ਹੀ ਹਜ਼ੂਰ,
    ਮੇਰਾ ਆਹੀਂ ਮਾਰਨਾ ਤੇਥੋਂ ਨਹੀਂ ਹੈ ਦੂਰ।

  • ---

    9. ਧੜਕੂੰ–ਧੜਕੂੰ ਕਰਦਾ, ਮੇਰਾ ਦਿਲ, ਖ਼ੁਦਾ,
    ਜ਼ੋਰ ਵੀ ਜਾਂਦਾ ਰਿਹਾ, ਚਾਨਣ ਅੱਖੀਆਂ ਦਾ।

    10. ਮੇਰੇ ਦੋਸਤ–ਯਾਰ ਹੁਣ, ਰਿਸ਼ਤੇਦਾਰ ਤਮਾਮ,
    ਮੈਥੋਂ ਨੱਠੇ ਦੂਰ ਹੁਣ, ਮੈਂ ਹਾਂ ਬੇ–ਆਰਾਮ।

    11. ਚਾਹੁੰਦੇ ਮੇਰੀ ਜਾਨ ਜੋ, ਫੰਦਾ ਉਹ ਵਿਛਾਣ,
    ਬੰਨ੍ਹਦੇ ਉਹ ਮਨਸੂਬੇ, ਮੇਰਾ ਕਰਨ ਜ਼ਿਆਂ।

    12. ਪਰ ਮੈਂ ਬੋਲ਼ੇ ਵਾਂਗ ਹਾਂ, ਕੁਝ ਨਾ ਸੁਣੇ ਜੋ,
    ਖੋਲ੍ਹਾਂ ਆਪਣਾ ਮੂੰਹ ਨਾ, ਗੂੰਗਾ ਰਿਹਾ ਹੋ।

    13. ਵਾਂਗ ਹਾਂ ਉਸ ਮਨੁੱਖ ਦੇ, ਜੋ ਨਹੀਂ ਸੁਣਦਾ ਹੈ,
    ਦਿੰਦਾ ਜੋ ਜਵਾਬ ਨਾ, ਚੁੱਪ ਕਰ ਰਹਿੰਦਾ ਹੈ।

  • ---

    14. ਆਸਰਾ ਮੇਰਾ ਹੈ ਤੂੰਏਂ, ਐ ਖ਼ੁਦਾ,
    ਮੇਰਾ ਮਾਲਿਕ ਹੈਂ, ਤੂੰ ਮੇਰੀ ਸੁਣੇਂਗਾ।

    15. ਖ਼ੁਸ਼ ਨਾ ਹੋਵਣ ਮੇਰੇ ਵੈਰੀ ਮੇਰੇ ’ਤੇ,
    ਉਹ ਨਾ ਫੁੱਲਣ ਵੇਖ, ਮੈਂ ਹਾਂ ਡਿੱਗ ਪਿਆ।

    16. ਮੈਂ ਹਾਂ ਡਿੱਗਣ ਵਾਲਾ, ਦੁੱਖ ਹੈ ਸਾਹਮਣੇ,
    ਸ਼ਰਮ ਦੇ ਨਾਲ ਆਪਣੇ, ਮੈਂ ਮੰਨਦਾ ਹਾਂ ਗ਼ੁਨਾਹ।

    17. ਮੇਰੇ ਵੈਰੀ ਜਿਉਂਦੇ, ਹਨ ਜ਼ੋਰਾਵਰ,
    ਐਵੇਂ ਕਰਦੇ ਵੈਰ ਮੇਰਾ, ਐ ਖ਼ੁਦਾ।

    18. ਨੇਕੀ ਦੇ ਬਦਲੇ ਉਹ ਕਰਦੇ ਹਨ ਬਦੀ,
    ਨੇਕੀ ਕਰਦਾ ਮੈਂ, ਉਹ ਦੁੱਖ ਦੇਂਦੇ ਸਦਾ।

    19. ਮੈਨੂੰ ਨਾ ਛੱਡੀਂ, ਨਾ ਮੈਥੋਂ ਰਹੀਂ ਦੂਰ,
    ਕਰ ਮਦਦ ਤੂੰ, ਮੁਕਤੀਦਾਤੇ, ਐ ਖ਼ੁਦਾ।

  • ---

    1. ਰਾਖੀਂ ਰਾਹ ਦੀ ਮੈਂ ਆਪਣੀ ਕਰਾਂਗਾ,
    ਮੈਥੋਂ ਨਾ ਹੋ ਕਸੂਰ ਜ਼ੁਬਾਨ ਦਾ।

    2. ਜਦੋਂ ਬਾਦ ਮੈਂ ਕੋਈ ਵੇਖ ਪਾਵਾਂ,
    ਆਪਣੇ ਮੂੰਹ ਨੂੰ ਲਗਾਮ ਮੈਂ ਚੜ੍ਹਾਵਾਂਗਾ।

    3. ਹੋਇਆ ਗੂੰਗਾ ਤੇ ਮੈਂ ਚੁੱਪ ਚੁਪਾਤਾ,
    ਭਲਾ ਕਹਿਣੋ ਗਿਆ ਮੈਂ ਗਵਾਤਾ।

    4. ਤਾਜ਼ਾ ਗ਼ਮ ਹੋਇਆ ਤੇ ਛਾਤੀ ਤਪੜੀ,
    ਮੇਰੀ ਸੋਚਾਂ ਦੇ ਵਿੱਚ ਅੱਗ ਬਲ਼ਦੀ।

    5. ਤਦੋਂ ਕਿਹਾ ਮੈਂ ਆਪਣੀ ਜ਼ੁਬਾਨ ਤੋਂ,
    ‘‘ਮੇਰੇ ਰੱਬਾ, ਤੂੰ ਇਹ ਮੈਨੂੰ ਦੱਸੀਂ।

    6. ਮੇਰਾ ਓੜਕ ਹੈ ਕੀ? ਉਮਰ ਕਿਤਨੀ?
    ਤਾਂ ਮੈਂ ਜਾਣਾ ਉਹ ਰਹਿੰਦੀ ਹੈ ਜਿਤਨੀ।

    7. ਉਮਰ ਮੇਰੀ ਹੈ ਗਿੱਠ ਭਰ ਛੋਟੇਰੀ,
    ਤੇਰੇ ਅੱਗੇ ਨਾ ਕੁਝ ਜਾਨ ਮੇਰੀ।

    8. ਏਸ ਆਦਮ ਦਾ ਕੁਝ ਨਾ ਭਰੋਸਾ,
    ਭਾਵੇਂ ਕਿੱਡਾ ਏ ਹੋ ਜ਼ੋਰਵਾਲਾ।

    9. ਜਿੰਦੜੀ ਸਭ ਦੀ ਨਿਰੀ ਹੈ ਖ਼ਿਆਲੀ,
    ਵਹਿਮ ਵਾਂਗੂੰ ਹੈ ਇਸ ਦੀ ਬਹਾਲੀ।

    10. ਐਂਵੇਂ ਇਹਨਾਂ ਦੀ ਹੈ ਬੇਕਰਾਰੀ,
    ਨਹੀਂ ਜਾਨਣ ਕਿ ਦੌਲਤ ਇਹ ਸਾਰੀ।

    11. ਜਿਹੜੀ ਅਸੀਂ ਇਕੱਠੀ ਹਾਂ ਕਰਦੇ,
    ਕੌਣ ਸਾਂਭੇਗਾ ਇਹ ਸਾਡੇ ਪਿੱਛੇ?

  • ---

    ਭਲਾ ਕਿਸ ਦੀ, ਖ਼ੁਦਾਇਆ, ਤੇਰੇ ਬਾਝੋਂ ਮੈਨੂੰ ਆਸ ਹੈ?

    12. ਸਾਰੇ ਗ਼ੁਨਾਹਾਂ ਤੋਂ ਮੈਨੂੰ ਤੂੰ ਹੀ ਨਜਾਤ ਦੇ,
    ਜਾਹਲਾਂ ਦੇ ਠੱਠੇ ਦਾ ਮੈਨੂੰ, ਕੁਝ ਨਾ ਵਿਸ਼ਵਾਸ ਹੈ।

    13. ਹੋਇਆ ਮੈਂ ਗੂੰਗਾ, ਆਪਣਾ ਮੂੰਹ ਵੀ ਨਾ ਖੋਲ੍ਹਾਂ,
    ਤੂੰ ਏਂ ਇਹ ਕੀਤਾ, ਰੱਬਾ, ਸਭ ਕੁਝ ਤੇਰੇ ਪਾਸ ਹੈ।

    14. ਆਪਣੀ ਸਜ਼ਾ ਤੂੰ ਮੈਥੋਂ, ਦੂਰ ਕਰ ਖ਼ੁਦਾਇਆ,
    ਤੇਰੇ ਹੀ ਹੱਥੋਂ ਮੇਰਾ, ਹੋ ਤੇ ਰਿਹਾ ਨਾਸ਼ ਹੈ।

    15. ਤੂੰ ਏਂ ਗ਼ੁਨਾਹ ਦੀ ਸਜ਼ਾ ਦੇਨਾ ਏਂ ਉਹਨਾਂ ਨੂੰ,
    ਕੀੜੇ ਦੇ ਵਾਂਗਰ ਉਹਨਾਂ ਦੀ, ਖੂਬੀ ਦਾ ਨਾਸ਼ ਹੈ।

    16. ਆਦਮ ਦੀ ਜਿੰਦੜੀ ਦਾ, ਕੁਝ ਨਾ ਭਰੋਸਾ,
    ਮਿੱਟੀ ਦਾ ਪੁਤਲਾ, ਇਹਨੂੰ ਕੁਝ ਨਾ ਧਰਵਾਸ ਹੈ।

    17. ਮੇਰੀ ਦੁਆ ਤੇ ਰੋਣਾ, ਸੁਣ ਕੇ ਨਾ ਚੁੱਪ ਰਹੀਂ,
    ਹਾਂ ਮੈਂ ਮੁਸਾਫ਼ਿਰ, ਤੇ ਪਰਦੇਸ ਵਿੱਚ ਵਾਸ ਹੈ।

    18. ਗੁੱਸੇ ਦੀ ਫੇਰੀਂ ਅੱਖ, ਤਾਂ ਜੋ ਮੈਂ ਸਾਹ ਲਵਾਂ,
    ਜਾਵਾਂ ਮੈਂ ਇੱਥੋਂ, ਤੇ ਨਾ ਰਹਿਣੇ ਦੀ ਆਸ ਹੈ।

  • ---

    1. ਮੈਂ ਸਬਰ ਦੇ ਨਾਲ ਆਸ ਰੱਖ ਕੇ,
    ਖ਼ੁਦਾ ਦੀ ਕਰਦਾ ਸਾਂ ਇੰਤਜ਼ਾਰੀਂ,
    ਤਦ ਉਸ ਨੇ ਮੇਰੇ ’ਤੇ ਤਰਸ ਖਾ ਕੇ,
    ਸੁਣੀ ਮੇਰੀ ਸਾਰੀ ਆਹੋਜ਼ਾਰੀ।

    2. ਉਹ ਖਤਰੇ ਤੇ ਟੋਏ ਤੇ ਖੋਭਿਆਂ ਤੋਂ,
    ਹੈ ਮੈਨੂੰ ਕੱਢ ਕੇ ਲੈ ਆਇਆ ਬਾਹਰ,
    ਚਟਾਨ ਉੱਤੇ ਰੱਖੇ ਪੈਰ ਮੇਰੇ,
    ਤੇ ਬਖ਼ਸ਼ੀ ਕਦਮਾਂ ਨੂੰ ਉਸਤਵਾਰੀ।

    3. ਖ਼ੁਦਾ ਨੇ ਗੀਤ ਇੱਕ ਨਵਾਂ ਸਿਖਾਇਆ,
    ਕਿ ਜਿਸ ਤੋਂ ਹੋਵੇ ਤਾਰੀਫ਼ ਉਸ ਦੀ,
    ਬਥੇਰੇ ਮੰਨਣਗੇ ਖੌਫ਼ ਉਸਦਾ,
    ਤੇ ਆਸ ਰੱਖਣ ਰੱਬ ਉੱਤੇ ਸਾਰੀ।

    4. ਮੁਬਾਰਿਕ ਉਸੇ ਦਾ ਹਾਲ ਜਾਣੋ,
    ਖ਼ੁਦਾ ਦੇ ਉੱਤੇ ਭਰੋਸਾ ਜਿਸਦਾ,
    ਘੁੰਮਡੀਆਂ ਕੋਲ ਉਹ ਨਾ ਜਾਂਦਾ,
    ਨਾ ਝੂਠਿਆਂ ਨਾਲ ਰੱਖਦਾ ਯਾਰੀ।

  • ---

    5. ਹੈ ਕਸਰਤ ਨਾਲ, ਖ਼ੁਦਾਵੰਦਾ,
    ਅਜੂਬਾ ਤੇਰੀ ਕੁਦਰਤ ਦਾ,
    ਤਦਬੀਰਾਂ ਤੇਰੀਆਂ ਮੇਰੇ ਰੱਬ,
    ਜੋ ਹਨ ਅਸਾਡੇ ਵਾਸਤੇ ਸਭ।

    6. ਨਾ ਐਸਾ ਕੋਈ ਹੈ ਇਨਸਾਨ,
    ਜੋ ਕਰੇ ਵੱਖੋ–ਵੱਖ ਬਿਆਨ,
    ਮੈਂ ਕੀਕਰ ਕਰਾਂ ਸਭ ਇਜ਼ਹਾਰ?
    ਕਿ ਉਹ ਬੇਹੱਦ ਹਨ, ਬੇ–ਸ਼ੁਮਾਰ।

    7. ਕੁਰਬਾਨੀ ਨੂੰ ਤੇ ਹੱਡੀਆਂ ਨੂੰ,
    ਖ਼ਤੀਆਤ ਦੇ ਚੜ੍ਹਾਵੇ ਨੂੰ,
    ਨਾ ਮੰਗਦਾ ਹੈਂ ਤੂੰ ਐ ਰਹਿਮਾਨ,
    ਪਰ ਤੂੰ ਹਨ ਖੋਲ੍ਹੇ ਮੇਰੇ ਕੰਨ।

    8. ਮੈਂ ਆਉਂਦਾ ਹਾਂ, ਇਹ ਆਖਿਆ ਹੈ,
    ਤੇ ਮੇਰੇ ਹੱਕ ਵਿੱਚ ਲਿਖਿਆ ਹੈ,
    ਨਵਿਸ਼ਤੇ ਦੇ ਵਿੱਚ, ਰੱਬ ਰਹਿਮਾਨ,
    ਕਿ ਪੂਰਾ ਕਰਾਂ ਸਭ ਫ਼ਰਮਾਨ।

    9. ਸੋ ਤੇਰੀ ਮਰਜ਼ੀ ਮੇਰੇ ਰੱਬ,
    ਖ਼ੁਸ਼ ਹਾਂ ਕਿ ਪੂਰੀ ਕਰਾਂ ਸਭ,
    ਮਜ਼ਮੂਨ ਸ਼ਰੀਅਤ ਤੇਰੀ ਦਾ,
    ਹੈ ਮੇਰੇ ਦਿਲ ਵਿੱਚ, ਐ ਖ਼ੁਦਾ।

    10. ਸੱਚਿਆਈ ਰਹਿਮਤ ਤੇਰੀ ਵੀ,
    ਮੈਂ ਵੱਡੀ ਭੀੜ ਨੂੰ ਦੱਸੀ ਸੀ,
    ਵੇਖ ਜਾਣਦਾ ਹੈਂ ਤੂੰ, ਐ ਖ਼ੁਦਾ,
    ਮੂੰਹ ਆਪਣਾ ਬੰਦ ਨਾ ਰੱਖਾਂਗਾ।

  • ---

    11. ਮਜ਼ਮੂਨ ਸੱਚਿਆਈ ਤੇਰੀ ਦਾ,
    ਨਾ ਦਿਲ ਵਿੱਚ ਰੱਖਦਾ ਹਾਂ ਛਿਪਾ,
    ਨਜਾਤ ਦੀ ਵਫ਼ਾ ਦਾ ਬਿਆਨ,
    ਮੈਂ ਕਰਦਾ ਰਹਿੰਦਾ ਹਾਂ ਹਰ ਆਨ।

    12. ਮੈਂ ਗੱਲ ਸੱਚਿਆਈ ਤੇਰੀ ਦੀ,
    ਬੇ–ਓੜਕ ਰਹਿਮਤ ਤੇਰੀ ਦੀ,
    ਨਾ ਕਦੀ ਰੱਖਦਾ ਹਾਂ ਛਿਪਾ,
    ਮੈਂ ਲੋਕਾਂ ਕੋਲੋਂ, ਐ ਖ਼ੁਦਾ।

    13. ਦਰੇਗਾ ਨਾ ਰੱਖੀਂ ਮੈਥੋਂ, ਰੱਬ,
    ਤੂੰ ਆਪਣੀ ਮਿਹਰ ਤੇ ਰਹਿਮਤ ਸਭ,
    ਵਫ਼ਾ ਤੇ ਰਹਿਮਤ ਹਰ ਜ਼ਮਾਨ,
    ਹਨ ਮੇਰੇ ਹੁੰਦਿਆਂ ਨਿਗ਼ਾਹਬਾਨ।

    14. ਬੁਰਿਆਈ ਆਣ ਅਤੇਰੀਆ ਹੈ,
    ਚਵਲੀਂ ਮੈਨੂੰ ਘੇਰਿਆ ਹੈ,
    ਗ਼ੁਨਾਹ ਵਿੱਚ ਜਿਹਾ ਫਸਿਆ ਹਾਂ,
    ਕਿ ਅੱਖ ਉਠਾ ਨਾ ਸਕਦਾ ਹਾਂ।

    15. ਉਹ ਸਿਰ ਦੇ ਵਾਲ ਤੋਂ ਬੇ–ਸ਼ੁਮਾਰ,
    ਦਿਲ ਮੇਰੇ ਦਿੱਤੀ ਹਿੰਮਤ ਹਾਰ,
    ਤੂੰ ਮੈਨੂੰ ਰਹਿਮਤ ਨਾਲ ਛੁਡਾ,
    ਕਰ ਮਦਦ ਜਲਦੀ, ਐ ਖ਼ੁਦਾ।

    16. ਜੋ ਲੈਣਾ ਚਾਹੁੰਦੇ ਮੇਰੀ ਜਾਨ,
    ਸ਼ਰਮਿੰਦਾ ਹੋਵਣ ਪਸ਼ੇਮਾਨ,
    ਜੋ ਮੇਰੇ ਦੁੱਖ ਦੇ ਰਵਾਦਾਰ,
    ਉਹ ਸਭੋ ਹੋਵਣ ਖੱਜਲ ਖ਼ਵਾਰ।

    17. ਜੋ ਮੈਨੂੰ ਹੱਸਦੇ ਰਹਿੰਦੇ ਹਨ,
    ਤੇ ਆਹਾ, ਆਹਾ ਕਹਿੰਦੇ ਹੁਣ,
    ਨਾਲ ਆਪਣੀ ਹੀ ਬੁਰਿਆਈ ਦੇ,
    ਬਰਬਾਦ ਵਿਰਾਨ ਹੋ ਜਾਵਣਗੇ।

    18. ਪਰ ਤੈਨੂੰ ਢੂੰਡਣ ਵਾਲੇ ਰੱਬ,
    ਮਨਾਵਣ ਖ਼ੁਸ਼ੀਆਂ ਮਿਲਕੇ ਸਭ,
    ਹੈ ਕੌਲ ਨਜਾਤ ਦੇ ਆਸ਼ਿਕ ਦਾ,
    ਬਜ਼ੁਰਗੀ ਤੇਰੀ ਹੋ ਸਦਾ।

    19. ਮੈਂ ਭਾਵੇਂ ਦੁਖੀ ਹਾਂ ਕੰਗਾਲ,
    ਪਰ ਰੱਬ ਨੂੰ ਮੇਰਾ ਹੈ ਖ਼ਿਆਲ,
    ਤੂੰ ਮੇਰਾ ਮਦਦਗਾਰ ਸਦਾ,
    ਹੁਣ ਦੇਰ ਨਾ ਕਰ ਤੂੰ, ਐ ਖ਼ੁਦਾ।

  • ---

    1. ਮੁਬਾਰਿਕ ਹੈ ਜੋ ਫ਼ਿਕਰ-ਆਜਿਜ਼ ਦੀ ਰੱਖੇ,
    ਛੁਡਾਵੇਗਾ ਰੱਬ ਉਸ ਨੂੰ ਬਿਪਤਾ ਦੇ ਵੇਲੇ।

    2. ਖ਼ੁਦਾ ਉਹਦੀ ਰਖਵਾਲੀ ਆਪੇ ਕਰੇਗਾ,
    ਸਦਾ ਤੀਕ, ਉਹ ਉਸ ਨੂੰ ਜਿਉਂਦਾ ਰੱਖੇਗਾ।

    3. ਮੁਬਾਰਿਕ ਉਹ ਹੋਵੇਗਾ ਧਰਤੀ ਦੇ ਉੱਤੇ,
    ਨਾ ਛੱਡੇਗਾ ਵੈਰੀ ਦੀ ਮਰਜ਼ੀ ਦੇ ਉੱਤੇ,

    4.ਜਦ ਉਹ ਮਾਂਦਾ ਹੋਵੇ ਰੱਬ ਉਸ ਨੂੰ ਬਚਾਵੇ,
    ਤੇ ਮੁੜ ਬਿਸਤਰਾ ਉਸਦਾ ਆਪੀਂ ਵਿਛਾਵੇ।

    5. ਮੈਂ ਇਹ ਬੋਲਿਆ ਰਹਿਮ ਕਰ ਮੇਰੇ ਉੱਤੇ,
    ਖ਼ੁਦਾਇਆ, ਮੇਰੀ ਜਾਨ ਨੂੰ ਤੂੰ ਸ਼ਿਫ਼ਾ ਦੇ।

    6. ਗ਼ੁਨਾਹਗਾਰ ਮੈਂ ਤੇਰਾ ਹੀ ਹਾਂ, ਖ਼ੁਦਾਇਆ,
    ਬੁਰਾ ਕਹਿੰਦੇ ਵੈਰੀ ਕਿ ਕਦ ਉਹ ਮਰੇਗਾ।

    7. ਉਹ ਕਹਿੰਦਾ ਮਿਟੇਗਾ ਕਦੋਂ ਨਾਮ ਉਸਦਾ,
    ਜਦੋਂ ਮਿਲਦਾ ਤਦ ਭੈੜੀਆਂ ਗੱਲਾਂ ਬੱਕਦਾ।

    8. ਬਦੀ ਭਰ ਕੇ ਦਿਲ ਵਿੱਚ, ਜਦੋਂ ਜਾਂਦਾ ਬਾਹਰ,
    ਤੇ ਫੇਰ ਉਸਨੂੰ ਕਰਦਾ ਫਿਰਦਾ ਹੈ ਜ਼ਾਹਿਰ।

    9. ਮੇਰੇ ਨਾਲ ਸਭ ਜਿਤਨੇ ਹਨ ਵੈਰ ਕਰਦੇ,
    ਮੇਰੇ ਵੱਲੋਂ ਰਲ-ਮਿਲ ਕੇ ਫੁਸ–ਫੁਸ ਉਹ ਕਰਦੇ।

    10. ਉਹ ਮਨਸੂਬੇ ਬੰਨ੍ਹਦੇ ਕਿ ਇਸ ਨੂੰ ਸਤਾਓ,
    ਉਹ ਰੋਗੀ ਹੈ ਭਾਰਾ ਦਿਲ ਉਸ ਦਾ ਦੁਖਾਓ।

    11. ਕਿ ਹੁਣ ਐਸੀ ਬਿਮਾਰੀ ਹੈ ਉਹਨੂੰ ਲੱਗੀ,
    ਕਿ ਹੋਵੇਗਾ ਚੰਗਾ ਨਾ ਉਸ ਤੋਂ ਕਦੀ ਵੀ।

    12. ਮੇਰਾ ਦੋਸਤ ਜੋ ਨਾਲ ਮੇਰੇ ਸੀ ਖਾਂਦਾ,
    ਮੇਰੇ ਉੱਤੇ ਹੈ ਉਹ ਲੱਤ ਆਪਣੀ ਚਲਾਂਦਾ।

  • ---

    13. ਤੂੰ ਮੈਨੂੰ ਰਹਿਮਤ ਨਾਲ ਉਠਾ,
    ਤਾਂ ਬਦਲਾ ਲੈਣ, ਖ਼ੁਦਾਵੰਦਾ,
    ਤੂੰ ਮੈਨੂੰ ਖ਼ੁਸ਼ੀ ਵਿਖਾਉਂਦਾ ਹੈਂ,
    ਨਾ ਦੁਸ਼ਮਣ ਗ਼ਲਬਾ ਪਾਉਂਦਾ ਹੈ।

    14. ਤੇਰੇ ਸੰਭਾਲਣ ਨਾਲ, ਗੁਫ਼ਤਾਰ,
    ਮੈਂ ਰਿਹਾ ਹਾਂ ਦਿਆਨਤਦਾਰ,
    ਆਪਣੀ ਹਜ਼ੂਰੀ ਵਿੱਚ ਸਦਾ,
    ਮਜ਼ਬੂਤੀ ਮੈਨੂੰ ਬਖ਼ਸ਼ੇਂਗਾ।

    15. ਹੈ ਪਾਕ ਖ਼ੁਦਾਵੰਦ ਸ਼ਹਿਨਸ਼ਾਹ,
    ਜੋ ਇਸਰਾਏਲ ਦਾ ਹੈ ਖ਼ੁਦਾ,
    ਹਮੇਸ਼ਾ ਤੀਕਰ ਮੁੱਢੋਂ ਹੈ,
    ਆਮੀਨ, ਆਮੀਨ ਮੁਬਾਰਿਕ ਹੈ।

  • ---

    1. ਪਾਣੀ ਦੇ ਸੋਤਿਆਂ ਦੀ ਹਰਨੀ ਹੋ ਜਿਉਂ ਤ੍ਰੇਹਾਈ,
    ਰੂਹ ਮੇਰੀ ਤਿਵੇਂ, ਰੱਬਾ, ਤੇਰੀ ਤਿਹਾਈ ਆਹੀ।

    2. ਰੂਹ ਮੇਰੀ ਤਰਸੇ ਪਈ, ਜ਼ਿੰਦਾ ਖ਼ੁਦਾ ਦੀ ਖ਼ਾਤਿਰ,
    ਮੈਂ ਕਦੋਂ ਜਾਵਾਂ, ਤੇਰੇ ਸਾਹਮਣੇ ਹੋਵਾਂ ਹਾਜ਼ਿਰ?

    3. ਮੇਰੇ ਅੱਥਰੂ ਮੇਰੀ ਦਿਨ ਰਾਤ ਦੀ ਹੋਏ ਹਨ ਗਿਜ਼ਾ,
    ਪੁੱਛਦੇ ਰਹਿੰਦੇ ਜਦੋਂ ਮੈਨੂੰ, ਤੇਰਾ ਕਿੱਥੇ ਹੈ ਖ਼ੁਦਾ?

    4. ਜਾਨ ਆਪਣੀ ਨੂੰ ਝੁਕਾਂਦਾ ਹਾਂ, ਮੈ ਇਹ ਕਰਕੇ ਯਾਦ,
    ਜਾਂਦਾ ਸਾਂ ਈਦ ਮਨਾਵਣ ਨੂੰ, ਜਦੋਂ ਮੈਂ ਦਿਲ ਸ਼ਾਦ।

    5. ਜਾਂਦਾ ਸਾਂ ਘਰ ਨੂੰ ਖ਼ੁਦਾ ਦੇ, ਮੈਂ ਜਦੋਂ ਟੋਲਿਆਂ ਨਾਲ,
    ਸ਼ੁਕਰ ਦੇ ਗਾਉਂਦਾ ਸਾਂ ਗੀਤ, ਤਦੋਂ ਹੋ ਕੇ ਨਿਹਾਲ।

  • ---

    6. ਡਿੱਗਦੀ ਢਹਿੰਦੀ ਹੈ ਤੇ ਬੇਚੈਨ ਹੈ ਕਿਉਂ ਮੇਰੀ ਜਾਨ?
    ਸ਼ੁਕਰ ਕਰ ਅੱਗੇ ਨੂੰ ਵੀ ਰੱਬ ਦਾ, ਤੇ ਰੱਖ ਉਹਦੇ ’ਤੇ ਮਾਣ।

    7. ਉਸੇ ਦੇ ਚਿਹਰੇ ਤੋਂ ਮੇਰਾ ਤੇ ਹੈ ਛੁਟਕਾਰਾ ਸਦਾ,
    ਮੈਂ ਦਿਲੋਂ ਗਾਵਾਂਗਾ ਸ਼ੁਕਰਾਨੇ ਤੇ ਉਸੇ ਦੀ ਸਨਾ।

    8. ਯਾ ਰੱਬਾ, ਜੀ ਮੇਰਾ ਢਹਿੰਦਾ ਹੈ ਤੇ ਜਾਨ ਹੈ ਬਰਬਾਦ,
    ਯਰਦਨ, ਹਰਮੁਨ ਤੇ ਮਿਜ਼ਾਰ ਦੇ ਵਿੱਚ ਕਰਾਂਗਾ ਯਾਦ।

    9. ਮਿਲੇ ਗਹਿਰਾਓ, ਸੁਣ ਆਵਾਜ਼ ਤੇਰੀ ਧਾਰਾਂ ਦੀ,
    ਤੇਰੀਆਂ ਮੌਜਾਂ ਤੇ ਢਾਹ ਲੰਘੇ ਮੇਰੇ ਉੱਤੋਂ ਦੀ।

    10. ਦਿਨ ਨੂੰ ਰੱਬ ਰਹਿਮ ਕਰੇ, ਰਾਤ ਨੂੰ ਮੈਂ ਗਾਵਾਂਗਾ,
    ਜਾਨ ਮੇਰੀ ਦਾ ਜੋ ਮਾਲਿਕ ਹੈ ਕਰਾਂ ਉਸ ਤੋਂ ਦੁਆ।

    11. ਮੈਂ ਕਹਾਂਗਾ ਕਿ ਤੂੰ ਕਿਉਂ ਭੁੱਲਿਆ, ਐ ਰੱਬ, ਮੇਰੀ ਚਟਾਨ?
    ਜ਼ੁਲਮ ਤੋਂ ਵੈਰੀਆਂ ਦੇ ਫਿਰਦਾ ਹਾਂ ਮੈਂ ਕਿਉਂ ਹੈਰਾਨ?

    12. ਹੱਡੀਆਂ ਤੋੜਦੇ, ਦੁੱਖ ਦਿੰਦੇ ਮੇਰੇ ਵੈਰੀ ਸਦਾ,
    ਮਾਰਕੇ ਤਾਹਨੇ ਉਹ ਪੁੱਛਦੇ, ਤੇਰਾ ਕਿੱਥੇ ਹੈ ਖ਼ੁਦਾ?

    13. ਡਿੱਗਦੀ ਢਹਿੰਦੀ ਹੈ ਤੇ ਬੇਚੈਨ ਹੈ ਕਿਉਂ ਮੇਰੀ ਜਾਨ?
    ਸ਼ੁਕਰ ਕਰ ਅੱਗੇ ਨੂੰ ਵੀ ਰੱਬ ਦਾ, ਤੇ ਰੱਖ ਉਹਦੇ ’ਤੇ ਮਾਣ।

  • ---

    1. ਕਰ ਅਦਾਲਤ ਮੇਰੀ, ਖ਼ੁਦਾਵੰਦਾ,
    ਕਰ ਤੂੰ ਬੇ-ਰਹਿਮ ਕੌਮ ਨੂੰ ਝੂਠਾ।

    2. ਭੈੜੇ ਕੰਮ ਕਰਦਾ ਹੈ ਜੋ ਮਕਰਾਂ ਨਾਲ,
    ਤੂੰ ਅਜਿਹੇ ਮਨੁੱਖ ਤੋਂ ਮੈਨੂੰ ਛੁਡਾ।

    3. ਮੈਨੂੰ ਕਿਉਂ ਕੀਤਾ ਆਪਣੇ ਕੋਲੋਂ ਦੂਰ,
    ਯਾ ਰੱਬਾ ਆਪੀਂ ਤੂੰ ਹੈ ਮੇਰੀ ਪਨਾਹ।

    4. ਦੁਸ਼ਮਣਾਂ ਦੇ ਮੈਂ ਜ਼ੁਲਮਾਂ ਤੋਂ,
    ਯਾ ਰੱਬ, ਕਿਉਂ ਦੁਖੀ ਹੋ ਕੇ ਰੋਂਦਾ ਮੈਂ ਰਹਿੰਦਾ।

    5. ਆਪਣਾ ਚਾਨਣ ਦਿਖਾ ਤੇ ਸੱਚਿਆਈ,
    ਉਹੋ ਦੱਸਣਗੇ ਮੈਨੂੰ ਰਾਹ ਤੇਰਾ।

    6. ਤੇਰੇ ਘਰ ਵਿੱਚ ਪਹਾੜ ਪਾਕ ਉੱਤੇ,
    ਯਾ ਰੱਬਾ, ਤਦ ਮੈਂ ਪਹੁੰਚ ਜਾਵਾਂਗਾ।

    7. ਤਦ ਮੈਂ ਮਜ਼ਬੇ ਦੇ ਕੋਲ, ਤੇਰੇ ਹਜ਼ੂਰ,
    ਖ਼ੁਸ਼ੀਆ ਦੇ ਨਾਲ ਭਰ ਕੇ ਜਾਵਾਂਗਾ।

    8. ਬੀਨ ਬਰਬਤ ਵਜਾ ਵਜਾ ਕੇ ਮੈਂ,
    ਗਾਵਾਂ ਉਸਤਤ, ਤੇਰੀ ਖ਼ੁਦਾਵੰਦਾ।

    9. ਐ ਮੇਰੇ ਜੀ, ਤੂੰ ਡਿੱਗਦਾ ਜਾਂਦਾ ਕਿਉਂ?
    ਤੈਨੂੰ ਡਾਢਾ ਪਿਆ ਹੈ ਕਿਉਂ ਘਾਬਰਾ?

    10. ਆਸ ਆਪਣੀ ਤੂੰ ਰੱਖ ਖ਼ੁਦਾ ਉੱਤੇ,
    ਉਹਦੀ ਤਾਰੀਫ਼ ਮੈਂ ਤੇ ਗਾਵਾਂਗਾ।

    11. ਮੇਰੇ ਚਿਹਰੇ ਦੀ ਹੈ ਨਜਾਤ ਉਹ ਆਪ,
    ਉਹੋ ਮੇਰਾ ਖ਼ੁਦਾ ਹੈ ਪਾਕ ਖ਼ੁਦਾ।

  • ---

    1. ਅਸਾਂ ਸਭੋ ਸੁਣਿਆ ਹੈ, ਸਾਡੇ ਖ਼ੁਦਾਇਆ,
    ਜੋ ਪਿਓ ਦਾਦਿਆਂ ਨੇ ਹੈ ਸਾਨੂੰ ਸੁਣਾਇਆ।

    2. ਉਹ ਸਭ ਕੰਮ ਵੀ ਜਿਹੜੇ ਦੱਸੇ ਤੂੰ ਉਹਨਾਂ ਨੂੰ,
    ਤੇ ਪਿਛਲੇ ਦਿਨਾਂ ਵਿੱਚ ਜੋ ਕੁਝ ਤੂੰ ਬਤਾਇਆ।

    3. ਤੂੰ ਹੀ ਸਾਰੀਆਂ ਕੌਮਾਂ ਨੂੰ ਕਰਕੇ ਖਾਰਿਜ,
    ਤੇ ਇਹਨਾਂ ਨੂੰ ਪਿਛਲੇ ਦਿਨਾਂ ਵਿੱਚ ਵਸਾਇਆ।

    4. ਤੂੰ ਕੱਢ ਦਿੱਤੇ ਸਭ ਪਹਿਲੇ ਜੋ ਰਹਿਣ ਵਾਲੇ,
    ਤੇ ਉਸ ਮੁਲਕ ਵਿੱਚ ਇਹਨਾਂ ਨੂੰ ਜਾ ਫੈਲਾਇਆ।

    5. ਨਾ ਉਹ ਆਪਣੀ ਤਲਵਾਰ ਨਾਲ ਹੋਏ ਮਾਲਿਕ ,
    ਨਾ ਬਾਜੂ ਦੇ ਨਾਲ ਆਪਣੇ ਇਹ ਮੁਲਕ ਪਾਇਆ।

    6. ਤੇਰੇ ਜ਼ੋਰ ਤੇ ਨੂਰ ਤੇ ਸੱਜੇ ਹੱਥ ਨੇ,
    ਤੇਰੀ ਮਿਹਰਬਾਨੀ ਨੇ ਮਾਲਿਕ ਬਣਾਇਆ।

    7. ਤੂੰ ਯਕੂਬ ਦੇ ਛੁਟਣੇ ਦਾ ਹੁਕਮ ਕਰ ਦੇ,
    ਕਿ ਤੂੰ ਏਂ ਮੇਰਾ ਬਾਦਸ਼ਾਹ ਯਾ ਖ਼ੁਦਾਇਆ।

    8. ਧਕੇਲਾਂਗੇ ਦੁਸ਼ਮਣ ਮਦਦ ਨਾਲ ਤੇਰੀ,
    ਲਤਾੜਾਂਗੇ ਲੈ ਨਾਂ ਤੇਰਾ ਖ਼ੁਦਾਇਆ।

    9. ਕੰਮਾਂ ਉੱਤੇ ਆਪਣੇ ਨਹੀਂ ਆਸ ਮੇਰੀ,
    ਨਾ ਤਲਵਾਰ ਮੇਰੀ ਨੇ ਮੈਨੂੰ ਬਚਾਇਆ।

    10. ਬਚਾਉਂਦਾ ਹੈਂ ਤੂੰ ਦੁਸ਼ਮਣਾਂ ਤੋਂ ਅਸਾਂ ਨੂੰ,
    ਤੂੰ ਏ ਵੈਰੀਆਂ ਨੂੰ ਖੱਜਲ ਹੈ ਕਰਾਇਆ।

    11. ਤੇਰੇ ਨਾਂ ਦਾ ਮਾਣ ਹੈ ਸਾਨੂੰ ਦਿਨ ਭਰ,
    ਸਦਾ ਤੇਰੀ ਉਸਤਤ ਕਰਾਂਗੇ, ਖ਼ੁਦਾਇਆ।

  • ---

    12. ਪਰ ਹੁਣ ਸਾਨੂੰ ਛੱਡ ਦਿੱਤਾ ਖੱਜਲ ਤੇ ਖ਼ਵਾਰ,
    ਨਾ ਰਿਹਾ ਤੂੰ ਫੌਜ ਸਾਡੀ ਦਾ ਮਦਦਗਾਰ।

    13. ਅਸੀਂ ਖਾਨੇ ਹਾਂ ਦੁਸ਼ਮਣਾਂ ਤੋਂ ਸ਼ਿਕਸਤ,
    ਉਹ ਲੁੱਟ ਲੈਂਦੇ ਹਨ ਸਾਡੀ ਸਭ ਚੀਜ਼ ਵਸਤ।

    14. ਹਾਂ ਭੇਡਾਂ ਵਾਂਗ ਉਹਨਾਂ ਦੀ ਅਸੀਂ ਖ਼ੁਰਾਕ,
    ਤੇ ਕੌਮਾਂ ਦੇ ਵਿੱਚ ਸਾਡੀ ਉੱਡੀ ਹੈ ਖ਼ਾਕ।

    15. ਤੂੰ ਵੇਚਦਾ ਹੈਂ ਮੁਫ਼ਤ ਆਪਣੇ ਲੋਕ, ਐ ਖ਼ੁਦਾ।
    ਨਾ ਉਹਨਾਂ ਦੇ ਮੁੱਲ ਵਿੱਚੋਂ ਤੂੰ ਕੁਝ ਲਿਆ।

    16. ਤੂੰ ਕੀਤਾ ਹਮਸਾਇਆਂ ਦੇ ਵਿੱਚ ਸਾਨੂੰ ਖ਼ਵਾਰ,
    ਮੁਹੱਲੇ ਦੇ ਅੰਦਰ ਬੇ–ਇੱਜ਼ਤ ਲਾਚਾਰ।

    17. ਤੂੰ ਕੀਤਾ ਹੈ ਕੌਮਾਂ ਵਿੱਚ ਸਾਨੂੰ ਨਸ਼ਰ,
    ਤੇ ਲੋਕ ਸਾਨੂੰ ਵੇਖਕੇ ਹਲਾਂਦੇ ਨੇ ਸਿਰ।

    18. ਹਮੇਸ਼ਾ ਲਾਹਨਤ ਉਠਾਉਂਦਾ ਹਾਂ ਮੈਂ,
    ਤੇ ਸ਼ਰਮ ਨਾਲ ਮੂੰਹ ਆਪਣਾ ਲੁਕਾਉਂਦਾ ਹਾਂ ਮੈਂ।

    19. ਮੈਂ ਦੁਸ਼ਮਣ ਦੇ ਅੱਗੇ ਸ਼ਰਮਿੰਦਾ ਹਾਂ ਵੀ,
    ਜੋ ਬੋਲਦਾ ਹੈ ਕੁਫ਼ਰ ਤੇ ਹੈ ਤੁਹਮਤੀ।

  • ---

    20. ਇਹ ਸਭ ਕੁਝ ਹੈ ਬੀਤੀ ਪਰ ਤੈਨੂੰ, ਖ਼ੁਦਾ,
    ਨਾ ਭੁੱਲੇ ਅਸੀਂ ਨਾ ਹੋਏ ਬੇ–ਵਫ਼ਾ।

    21. ਹਾਂ ਸਾਡੇ ਦਿਲ ਤੇਥੋਂ ਨਾ ਬਾਗ਼ੀ ਹੋਏ,
    ਨਾ ਰਾਹ ਤੇਰੇ ਤੋਂ ਪੈਰ ਸਾਡੇ ਹਟੇ।

    22. ਤੂੰ ਜੰਗਲਾਂ ਦੇ ਵਿੱਚ ਸਾਨੂੰ ਹੈ ਕੁਚਲਿਆ,
    ਤੇ ਮੌਤ ਦੇ ਸਾਏ ਵਿੱਚ ਦਿੱਤਾ ਲੁਕਾ।

    23. ਜੇ ਭੁੱਲੇ ਅਸੀਂ ਆਪਣੇ ਖ਼ੁਦਾ ਦਾ ਨਾਮ,
    ਜਾਂ ਕੀਤੇ ਨੇ ਝੂਠੇ ਬੁੱਤਾਂ ਨੂੰ ਸਲਾਮ।

    24. ਨਾ ਕਰੇਗਾ ਕਿਆ ਉਹਦੀ ਰੱਬ ਤਹਿਕੀਕਾਤ?
    ਤੇ ਜਾਣਦਾ ਹੈ ਉਹ ਦਿਲ ਦੀ ਪੋਸ਼ੀਦਾ ਬਾਤ।

    25. ਤੇਰੇ ਲਈ ਦਿਨ ਭਰ ਮਾਰੇ ਜਾਂਦੇ ਹਨ,
    ਕੁਰਬਾਨੀ ਦੀ ਭੇਡਾਂ ਗਿਣੇ ਜਾਂਦੇ ਹਨ।

    26. ਜਾਗ, ਜਾਗ, ਹੁਣ ਰਹਿੰਦਾ ਹੈਂ ਸੌਂ ਕਿਉਂ, ਖ਼ੁਦਾ?
    ਜਾਗ, ਜਾਗ, ਤੇ ਨਾ ਛੱਡ ਦੇ ਤੂੰ ਸਾਨੂੰ ਸਦਾ।

    27. ਤੂੰ ਮੂੰਹ ਆਪਣਾ ਸਾਥੋਂ ਲੁਕਾਂਦਾ ਹੈ ਕਿਉਂ,
    ਮੁਸੀਬਤ ਅਸਾਡੀ ਭੁੱਲ ਜਾਂਦਾ ਹੈ ਕਿਉਂ?

    28. ਤੇ ਜਾਨ ਸਾਡੀ ਮਿੱਟੀ ਦੇ ਵਿੱਚ ਮਿਲ ਗਈ,
    ਤੇ ਢਿੱਡ ਸਾਡਾ ਲੱਗਿਆ ਜ਼ਮੀਨ ਨਾਲ ਵੀ।

    29. ਤੂੰ ਕਰ ਸਾਡੀ ਮਦਦ ਤੇ ਉੱਠ, ਐ ਖ਼ੁਦਾ,
    ਤੇ ਰਹਿਮਤ ਦੇ ਨਾਲ ਹੁਣ ਤੂੰ ਸਾਨੂੰ ਛੁਡਾ।

  • ---

    1. ਮੇਰੇ ਦਿਲ ਵਿੱਚ ਸ਼ਾਹ ਦੇ ਵੱਲੋਂ,
    ਖ਼ੁਸ਼ ਖ਼ਿਆਲ ਜੋ ਆਇਆ ਹੈ,
    ਉਹਦਾ ਮੈਂ ਬਿਆਨ ਹਾਂ ਕਰਦਾ,
    ਜੋ ਮਜ਼ਮੂਨ ਬਣਾਇਆ ਹੈ।

    2. ਮੇਰੀ ਇਹ ਜ਼ੁਬਾਨ ਹੈ ਕਲਮ,
    ਛੇਤੀ ਲਿਖਣੇਵਾਲੇ ਦੀ,
    ਬਨੀ ਆਦਮ ਤੋਂ ਹੈ ਵੱਧਕੇ,
    ਤੇਰੀ ਸੋਹਣੀ ਸੂਰਤ ਵੀ।

    3. ਤੇਰੇ ਹੋਠਾਂ ਨੇ, ਐ ਬਾਦਸ਼ਾਹ,
    ਰਹਿਮ ਤੇ ਫ਼ਜ਼ਲ ਪਾਇਆ ਹੈ,
    ਇਸ ਲਈ ਮੁਬਾਰਿਕ ਤੈਨੂੰ,
    ਰੱਬ ਨੇ ਆਪ ਠਹਿਰਾਇਆ ਹੈ।

    4. ਐ ਪਹਿਲਵਾਨ, ਉੱਠ ਪਾਉਣ ਲਈ ਆਪਣੀ,
    ਤੂੰ ਬਜ਼ੁਰਗੀ ਦੀ ਤਲਵਾਰ,
    ਆਪਣੀ ਇੱਜ਼ਤ ਤੇ ਬਜ਼ੁਰਗੀ,
    ਹਸ਼ਮਤ ਦੇ ਨਾਲ ਹੋ ਅਸਵਾਰ।

    5. ਤੂੰ ਸੱਚਿਆਈ ਤੇ ਹਲੀਮੀ,
    ਆਪਣੀ ਹਸਤੀ ਲਈ ਬਾਦਸ਼ਾਹ,
    ਆਪ ਆਪਣੇ ਇਕਬਾਲ ਦੇ ਅੰਦਰ,
    ਅੱਗੇ ਅੱਗੇ ਵੱਧਦਾ ਜਾ।

    6. ਤੇਰੇ ਹੱਥ, ਐ ਬਾਦਸ਼ਾਹ,
    ਤੈਨੂੰ, ਡਾਢੇ ਕੰਮ ਸਿਖਾਵਣਗੇ,
    ਤੇਰੇ ਤਿੱਖੇ ਤੀਰਾਂ ਦੇ ਨਾਲ,
    ਲੋਕੀ ਡਿੱਗ-ਡਿੱਗ ਜਾਵਣਗੇ।

    7. ਤੇਰੇ ਦੂਤੀ ਦੁਸ਼ਮਣਾਂ ਦੇ,
    ਦਿਲ ਦੇ ਅੰਦਰ, ਐ ਬਾਦਸ਼ਾਹ,
    ਤੇਰਾ ਤਿੱਖਾ ਤੀਰ ਹੈ ਡਾਢਾ,
    ਦੂਸਰੇ ਪਾਰ ਹੋ ਜਾਵੇਗਾ।

    8. ਐ ਖ਼ੁਦਾਵੰਦ, ਤਖ਼ਤ ਜੋ ਤੇਰਾ,
    ਸਦਾ ਕਾਇਮ ਰਹੇਗਾ,
    ਤੇਰੀ ਸਲਤਨਤ ਦਾ ਸੋਟਾ,
    ਸੋਟਾ ਹੈ ਸੱਚਿਆਈ ਦਾ।

    9. ਤੂੰ ਸੱਚਿਆਈ ਨੂੰ ਹੈਂ ਚਾਹੁੰਦਾ,
    ਦੁਸ਼ਮਣ ਹੈਂ ਬੁਰਿਆਈ ਦਾ,
    ਤੇਰੇ ਰੱਬ ਨੇ ਤੇਰੇ ਸਿਰ ’ਤੇ,
    ਮਲਿਆ ਤੇਲ ਹੈ ਖ਼ੁਸ਼ੀ ਦਾ।

    10. ਸਭ ਮੁਸਾਹੀਬਾਂ ਤੋਂ ਵੱਧਕੇ,
    ਤੂੰ ਹੈਂ ਚੁਣਿਆ ਖ਼ਾਸੁਲ-ਖ਼ਾਸ,
    ਉਦ ਤੇ ਮੁਰ ਤੇ ਤਾਜ ਨਾਲ ਰਚਿਆ,
    ਤੇਰਾ ਖੁਸ਼ਬੂਦਾਰ ਲਿਬਾਸ।

    11. ਦੰਦ–ਖਾਨਦਾਨ ਦੇ ਮਹਿਲਾਂ ਅੰਦਰ,
    ਉਹਨਾਂ ਤੈਨੂੰ ਕੀਤਾ ਪਿਆਰ,
    ਤੇਰੇ ਘਰ ਵਿੱਚ ਬਾਦਸ਼ਾਹਾਂ ਦੀ,
    ਬੇਟੀਆਂ ਰਹਿੰਦੀਆਂ ਇੱਜ਼ਤਦਾਰ।

    12. ਸੋਨਾ ਪਹਿਨਿਆ ਹੈ ਉਫਿਰ ਦਾ, ਗਹਿਣਾ ਗੱਟਾ ਮੋਤੀ ਹੈ,
    ਤੇਰੇ ਸੱਜੇ ਹੱਥ ਸ਼ਹਿਜ਼ਾਦੀ, ਅਦਬ ਨਾਲ ਖਲੋਤੀ ਹੈ।

  • ---

    13. ਸੁਣ ਐ ਬੇਟੀ ਤੂੰ ਇਹ ਸੋਚ ਲੈ,
    ਆਪਣਾ ਕੰਨ ਤੂੰ ਇੱਧਰ ਕਰ,
    ਆਪਣੀ ਕੌਮ ਤੇ ਆਪਣੇ ਪਿਓ ਦਾ,
    ਦਿਲ ਤੋਂ ਤੂੰ ਭੁਲਾ ਦੇ ਘਰ।

    14. ਤਾਂ ਜੋ ਬਾਦਸ਼ਾਹ ਆਸ਼ਿਕ ਹੋਵੇ,
    ਤੇਰੀ ਖ਼ੁਸ਼-ਜਮਾਲੀ ਦਾ,
    ਉਹਦੇ ਅੱਗੇ ਸਿਜਦਾ ਕਰ ਤੂੰ,
    ਉਹੋ ਤੇਰਾ ਹੈ ਖ਼ੁਦਾ।

    15. ਤਾਇਰ ਦੀ ਬੇਟੀ ਤੇਰੇ ਅੱਗੇ,
    ਨਜ਼ਰਾਂ ਤੋਹਫੇ ਲਿਆਵੇਗੀ,
    ਕੌਮ ਦੇ ਦੌਲਤ ਵਾਲੇ ਹੋਵਣ,
    ਤੇਰੇ ਸਭ ਖ਼ੁਸ਼ਾਮਦੀ।

    16. ਘਰ ਦੇ ਅੰਦਰ ਹੈ ਸ਼ਹਿਜਾਦੀ,
    ਕੁੱਲ ਜਲਾਲ ਨਾਲ ਜਲਵਾਗਰ,
    ਉਸਦਾ ਸਭ ਲਿਬਾਸ ਸੁਨਹਿਰਾ,
    ਬੂਟੇ ਦਾਰ ਹੈ ਸਰਾਸਰ।

    17. ਸ਼ਾਹ ਦੇ ਕੋਲ ਲਿਆਈ ਜਾਂਦੀ,
    ਰੰਗਾ–ਰੰਗ ਪੋਸ਼ਾਕਾਂ ਪਹਿਨ,
    ਸਭ ਕੁਆਰੀਆਂ ਸਹੇਲੀਆਂ ਉਹਦੀਆਂ,
    ਪਿੱਛੇ–ਪਿੱਛੇ ਆਉਂਦੀਆਂ ਹਨ।

    18. ਉਹ ਪੁਚਾਈ ਜਾਂਦੀਆਂ ਹਨ ਸਭ,
    ਦਿਲ ਵਿੱਚ ਖ਼ੁਸ਼ੀ ਹੈ ਕਮਾਲ,
    ਸ਼ਾਹ ਦੇ ਮਹਿਲਾਂ ਅੰਦਰ ਦਾਖ਼ਲ,
    ਹੁੰਦੀਆਂ ਉਹ ਸਭ ਖ਼ੁਸ਼ੀਆਂ ਨਾਲ।

    19. ਤੇਰੇ ਸਾਰੇ ਪੁੱਤਰ ਹੋਵਣ
    ਤੇਰੇ ਪਿਓ ਦਾਦਿਆਂ ਦੀ ਜਾ,
    ਉਹਨਾਂ ਨੂੰ ਇਸ ਧਰਤੀ ਉੱਤੇ
    ਤੂੰ ਸਰਦਾਰ ਠਹਿਰਾਵੇਂਗਾ।

    20. ਸਭ ਕੌਮਾਂ ਦੇ ਅੰਦਰ
    ਤੇਰਾ ਨਾਂ ਕਰਾਂਵਾਂਗਾ ਮੈਂ ਯਾਦ,
    ਤੇਰੀ ਮਹਿਮਾ ਸਦਾ ਤੀਕਰ,
    ਗਾਵਣਗੇ ਸਭ ਆਦਮਜਾਤ।

  • ---

    1. ਰੱਬ ਅਸਾਡਾ ਜ਼ੋਰ ਹੈ
    ਤੇ ਨਾਲੇ ਸਾਡੀ ਹੈ ਪਨਾਹ,
    ਦਏ ਮਦਦ ਉਹ ਸਖ਼ਤੀਆਂ ਵਿੱਚ,
    ਜਿਹੜਾ ਸਾਡਾ ਹੈ ਖ਼ੁਦਾ।

    2. ਇਸ ਲਈ ਕੁਝ ਡਰ ਨਹੀਂ
    ਭਾਵੇਂ ਜ਼ਮੀਨ ਜਾਵੇ ਉਲਟ,
    ਸਾਰੇ ਪਰਬਤ ਰੁੜ੍ਹ ਕੇ
    ਭਾਵੇਂ ਵਿੱਚ ਸਮੁੰਦਰ ਪੈਣ ਜਾ।

    3. ਭਾਵੇਂ ਜੇਕਰ ਹੜ੍ਹ ਵੀ ਆਵੇ
    ਨਾਲੇ ਪਾਣੀ ਕਰਨ ਸ਼ੋਰ,
    ਖੌਫ਼ ਨਾ ਕਰੀਏ ਪਹਾੜਾਂ ਦਾ
    ਭਾਵੇਂ ਛੱਡ ਜਾਣ ਜਾ।

    4. ਇੱਕ ਨਦੀ ਹੈ ਧਾਰਾਂ ਜਿਹਦੀਆਂ
    ਸ਼ਹਿਰ ਨੂੰ ਖ਼ੁਸ਼ ਕਰਦੀਆਂ,
    ਪਾਕ ਰੱਬ ਦੇ ਮਸਕੀਨਾਂ ਨੂੰ,
    ਜਿਸ ਦਾ ਮਾਲਿਕ ਹੈ ਖ਼ੁਦਾ।

    5. ਹੈ ਖ਼ੁਦਾ ਵਿੱਚ ਉਸ ਦੇ,
    ਉਹਨੂੰ ਨਾ ਜੁੰਬਸ਼ ਹੋਵੇਗੀ,
    ਫ਼ਜਰੇ ਹੀ ਹੋਵੇਗਾ ਮਦਦਗਾਰ
    ਰੱਬ ਉਸ ਸ਼ਹਿਰ ਦਾ।

    6. ਕੌਮਾਂ ਆਈਆਂ ਜੋਸ਼ ਵਿੱਚ
    ਤੇ ਬਾਦਸ਼ਾਹੀਆਂ ਹਿੱਲ ਗਈਆਂ,
    ਧਰਤੀ ਗਈ ਸਾਰੀ ਪਿੱਘਰ
    ਰੱਬ ਨੇ ਜਦੋਂ ਕੀਤੀ ਸਦਾਅ।

    7. ਲਸ਼ਕਰਾਂ ਦਾ ਜੋ ਖ਼ੁਦਾ ਹੈ,
    ਆਪ ਸਾਡੇ ਨਾਲ ਹੈ,
    ਜੋ ਖ਼ੁਦਾ ਯਾਕੂਬ ਦਾ ਹੈ
    ਸੋ ਹੀ ਸਾਡੀ ਹੈ ਪਨਾਹ।

  • ---

    1. ਸਭ ਲੋਕੋਂ ਤਾਲੀਆਂ ਮਾਰੋ ਹੁਣ,
    ਰਲ ਮਿਲ ਕਰੋ ਖ਼ੁਸ਼ੀ,
    ਆਪਣੇ ਖ਼ੁਦਾ ਦੇ ਅੱਗੇ ਜਾ,
    ਨਾਅਰੇ ਮਾਰੋ ਤੁਸੀ।

    2. ਖ਼ੁਦਾਵੰਦ ਦੀ ਸ਼ਾਨ ਡਾਢੀ ਹੈ,
    ਜੋ ਧਰਤੀ ਦਾ ਬਾਦਸ਼ਾਹ,
    ਉਹ ਸਾਡੇ ਹੇਠਾਂ ਕਰੇਗਾ,
    ਕੁੱਲ ਉੱਮਤ ਦੁਨੀਆ ਦੀ।

    3. ਉਹ ਸਾਡੇ ਵਾਸਤੇ ਆਪ ਮੀਰਾਸ,
    ਪਸੰਦ ਹੁਣ ਕਰੇਗਾ,
    ਯਾਕੂਬ ਤੇ ਹੋਵੇ ਸਰਬੁਲੰਦ ਹੈ
    ਖਾਹਿਸ਼ ਉਸੇ ਦੀ।

    4. ਲਲਕਾਰਾਂ ਮਾਰ ਕੇ ਚੜ੍ਹ ਗਿਆ
    ਖ਼ੁਦਾ ਅਸਮਾਨਾਂ ’ਤੇ,
    ਸਿਤਾਇਸ਼ ਕਰੋ ਉਸੇ ਦੀ
    ਗੀਤ ਗਾਓ ਵੀ ਤੁਸੀਂ।

    5. ਜਹਾਨ ਦਾ ਖਾਲਿਕ ਮਾਲਿਕ ਹੈ,
    ਖ਼ੁਦਾਵੰਦ ਪਾਕ ਖ਼ੁਦਾ,
    ਗੀਤ ਗਾਓ ਸੋਚ ਤੇ ਸਮਝ ਨਾਲ
    ਤਾਰੀਫ਼ ਕਰੋ ਉਸਦੀ।

    6. ਸਭ ਕੌਮਾਂ ਉੱਤੇ ਪਾਕ ਖ਼ੁਦਾ,
    ਬਾਦਸ਼ਾਹੀ ਕਰਦਾ ਹੈ,
    ਜਲਾਲ ਦੇ ਨਾਲ ਉਹ ਬੈਠਾ ਹੈ,
    ਪਾਕ ਤਖ਼ਤ ਦੇ ਉੱਤੇ ਵੀ।

    7. ਖ਼ੁਦਾ ਜੋ ਇਬਰਾਹੀਮ ਦਾ ਹੈ,
    ਮੰਨਿਆ ਸਭ ਕੌਮਾਂ ਨੇ,
    ਜਹਾਨ ਦੀ ਢਾਲ ਸਭ ਰੱਬ ਦੀ ਹੈ,
    ਜਾਤ ਉੱਚੀ ਉਸੇ ਦੀ।

  • ---

    1. ਅਸਾਡੇ ਰੱਬ ਦੇ ਸ਼ਹਿਰ ਵਿੱਚ,
    ਤੇ ਪਾਕ ਪਹਾੜ ਉੱਤੇ,
    ਖ਼ੁਦਾਵੰਦ ਪਾਕ ਖ਼ੁਦਾ ਹੈ,
    ਅਤਿ ਲਾਇਕ ਸਿਫ਼ਤਾਂ ਦੇ।

    2. ਖ਼ੁਦ ਉਹ ਸਾਫ਼ ਸ਼ਿਫਾਫ ਹੈ,
    ਸਭ ਖ਼ੁਸ਼ੀ ਦੁਨੀਆ ਦੀ,
    ਖ਼ੁਦਾਵੰਦ ਦਾ ਸ਼ਹਿਰ ਸਿਓਨ,
    ਜੋ ਤਰਫ਼ ਹੈ ਉੱਤਰਦੀ।

    3. ਇਹ ਮਹਿਲਾਂ ਵਿੱਚ ਮਸ਼ਹੂਰ ਹੈ,
    ‘ਰੱਬ ਸਾਡੀ ਹੈ ਪਨਾਹ,
    ਸੋ ਵੇਖੋ ਸਭ ਲੰਘ ਗਏ, ਜੋ ਚੜ੍ਹ ਆਏ ਸਨ ਸ਼ਾਹ।

    4. ਉਹ ਨੱਸੇ ਉੱਥੋਂ ਭੱਜਕੇ,
    ਵੇਖ ਹੋਏ ਸਾਂ ਹੈਰਾਨ,
    ਜਿਉਂ ਪੀੜ੍ਹਾਂ ਲੱਗਣ ਡਾਢੀਆਂ,
    ਕੰਬ ਗਈ ਉਹਨਾਂ ਦੀ ਜਾਨ।

    5. ਤੂੰ ਪੁਰੇ ਨਾਲ ਡੁਬਾਂਦਾ,
    ਜਹਾਜ਼ ਤਾਰਸੀਸ ਦੇ ਵੀ,
    ਖ਼ੁਦਾ ਦੇ ਸ਼ਹਿਰ ਵਿੱਚ ਵੇਖਿਆ,
    ਜੋ ਅਸਾਂ ਸੁਣਿਆ ਸੀ।

    6. ਹਾਂ ਆਪਣੇ ਰੱਬ ਦੇ ਸ਼ਹਿਰ ਵਿੱਚ,
    ਜੋ ਫੌਜਾਂ ਦਾ ਬਾਦਸ਼ਾਹ,
    ਖ਼ੁਦਾਵੰਦ ਨੂੰ ਕਾਇਮ, ਹਮੇਸ਼ਾ ਰੱਖੇਗਾ।

  • ---

    7. ਤੇਰੀ ਹੈਕਲ ਦੇ ਵਿੱਚ ਕੀਤਾ,
    ਤੇਰੀ ਰਹਿਮਤ ਉੱਤੇ ਧਿਆਨ।
    ਭਰਪੂਰ ਹੱਥ ਸੱਜਾ ਤੇਰਾ,
    ਸੱਚਿਆਈ ਨਾਲ, ਰਹਿਮਾਨ।

    8. ਨਾਮ ਪਾਕ ਹੈ ਜਿਹਾ ਤੇਰਾ,
    ਹਾਂ ਤੇਹੀ, ਐ ਖ਼ੁਦਾ,
    ਜ਼ਮੀਨ ਦੀਆਂ ਹੱਦਾਂ ਤੀਕਰ,
    ਹਮਦ ਤੇਰੀ ਹੈ ਸਦਾ।

    9. ਅਦਾਲਤਾਂ ਤੋਂ ਤੇਰੀ
    ਖ਼ੁਸ਼ ਹੈ ਸਿਓਨ ਪਹਾੜ,
    ਯਹੂਦਾ ਦੀਆਂ ਬੇਟੀਆਂ,
    ਖ਼ੁਸ਼ ਹੁੰਦੀਆਂ ਨਾਅਰੇ ਮਾਰ।

    10. ਸਿਓਨ ਦੇ ਦੁਆਲੇ ਫਿਰੋ,
    ਬੁਰਜ਼ ਗਿਣੋ ਆਲੀਸ਼ਾਨ,
    ਤੇ ਉਹਦੀ ਸ਼ਾਹਰ ਪਨਾਹ ’ਤੇ
    ਦਿਲ ਨਾਲ ਕਰੋ ਧਿਆਨ।

    11. ਮਹਿਲ ਉਸਦੇ ਸਾਰੇ ਵੇਖੋ,
    ਧਿਆਨ ਕਰੋ ਖ਼ੁਸ਼ੀ ਨਾਲ,
    ਤਾਂ ਆਵਣ ਵਾਲੀ ਪੁਸ਼ਤ ਨੂੰ,
    ਦੱਸ ਸਕੋ ਸਾਰਾ ਹਾਲ।

    12. ਕਿ ਇਹ ਖ਼ੁਦਾ ਹਮੇਸ਼ਾ ਅਸਾਡਾ ਹੈ ਖ਼ੁਦਾ,
    ਹਾਂ ਇਹੋ ਮਰਦੇ ਦਮ ਤੀਕ ਹਦਾਇਤ ਕਰੇਗਾ।

  • ---

    1. ਸੁਣੇ ਧਰ ਕੰਨ ਅਦਨਾ-ਆਲਾ,
    ਮੁਹਤਾਜ ਤੇ ਦੌਲਤ ਵਾਲਾ।

    2. ਮੇਰੇ ਮੂੰਹ ਨੇ ਹਿਕਮਤ ਵਾਲੇ,
    ਕਲਮੇਂ ਨੇ ਖੂਬ ਨਿਕਾਲੇ,
    ਮੇਰਾ ਦਿਲ ਹੈ ਦਾਨਿਸ਼ ਵਾਲਾ।

    3. ਤਮਸੀਲ ਉੱਤੇ ਕੰਨ ਲਾਵਾਂ,
    ਨਾਲੇ ਬਰਬਤ ਖੂਬ ਵਜਾਵਾਂ,
    ਖੋਲ੍ਹ ਦੱਸਾਂ ਭੇਦ ਨਿਰਾਲਾ।

    4. ਡਰਾਂ ਦੁੱਖ ਦੇ ਕਿਉਂ ਦਿਹਾੜੇ,
    ਬਦ ਘੇਰੇ ਮਾਰ ਕੇ ਵਾੜੇ,
    ਜਿਹੜਾ ਦੌਲਤ ਦਾ ਮਤਵਾਲਾ।

    5. ਉਹਨਾਂ ਵਿੱਚ ਨਾ ਕਿਸੇ ਨੂੰ ਯਾਰਾ,
    ਜੋ ਭਾਈ ਦਾ ਦਈਂ ਕਫ਼ਾਰਾ,
    ਇਹ ਬਦਲਾ ਨਹੀਂ ਸੁਖਾਲਾ।

    6. ਇਹ ਕੰਮ ਕਦੀ ਨਾ ਹੋਗਾ,
    ਉਹ ਸਦਾ ਨਾ ਜੀਵਣ ਜੋਗਾ,
    ਕਰੇ ਮੌਤ ਨਾ ਉਸ ਤੋਂ ਟਾਲਾ।

    7. ਉਹ ਵੇਖੇਂ ਦਾਨਾ ਮਰਦੇ,
    ਮੂਰਖ ਵੀ ਵਾਂਗ ਡੰਗਰ ਦੇ,
    ਧਨ ਦੂਜਿਆਂ ਇਹ ਸੰਭਾਲਾ।

    8. ਉਹ ਸੋਚੇ, ਸਾਡੇ ਘਰ ਵੀ,
    ਸਦਾ ਕਾਇਮ ਰਹਿੰਦੇ ਦਰ ਵੀ,
    ਮੈਂ ਹਾਂ ਜ਼ਮੀਨਾਂ ਵਾਲਾ ।

    9. ਉਹ ਸਦਾ ਨਾ ਐਸ਼ ਕਮਾਂਦਾ,
    ਵਾਂਗ ਡੰਗਰ ਦੇ ਮਰ ਜਾਂਦਾ,
    ਇਨਸਾਨ ਜੋ ਦੌਲਤ ਵਾਲਾ।

    10. ਨਾਦਾਨੀ ਰਾਹ ਉਹਨਾਂ ਦਾ,
    ਜੋ ਮਗਰ ਉਹਨਾਂ ਦੇ ਜਾਂਦਾ,
    ਮੰਨੇ ਉਹਨਾਂ ਦਾ ਚਾਲਾ।

    11. ਭੇਡਾਂ ਵਾਂਗਰ ਕਬਰੇ ਪਾਏ,
    ਚਰ ਮੌਤ ਉਹਨਾਂ ਨੂੰ ਜਾਏ,
    ਸੱਚਿਆਰ ਹੋਣ ਹਾਕਿਮ ਆਲਾ।

    12. ਮੌਤ ਸ਼ਕਲਾਂ ਸਭ ਵਿਗਾੜੇ,
    ਜਦ ਜਾ ਪੈਣ ਕਬਰੇ ਸਾਰੇ,
    ਰਿਹਾ ਕੋਈ ਨਾ ਫਿਰ ਘਰਵਾਲਾ।

  • ---

    13. ਖ਼ੁਦਾ ਗੋਰ ਦੇ ਕਾਬੂ ਤੋਂ ਮੇਰੀ ਜਾਨ,
    ਛੁਡਾਵੇਗਾ, ਉਹ ਹੈ ਬੜ੍ਹਾ ਮਿਹਰਬਾਨ।

    14. ਪਤਾਲੋਂ ਮੇਰੀ ਜਾਨ ਕੱਢ ਲੈ ਆਵੇਗਾ,
    ਤੇ ਕੋਲ ਆਪਣੇ ਚੰਗੀ ਤਰ੍ਹਾਂ ਰੱਖੇਗਾ।

    15. ਨਾ ਡਰ ਉਸ ਮਨੁੱਖ ਤੋਂ ਜੋ ਹੋਵੇ ਧਨੀ,
    ਤੇ ਸ਼ਾਨ ਉਹਦੇ ਮਹਿਲਾਂ ਦੀ ਹੋਵੇ ਬੜ੍ਹੀ।

    16. ਤੇ ਓੜਕ ਨੂੰ ਹੱਥ ਖ਼ਾਲੀ ਮਰ ਜਾਵੇਗਾ,
    ਤੇ ਨਾ ਮਾਲ ਕੁਝ ਨਾਲ ਲੈ ਜਾਵੇਗਾ।

    17. ਸਾਡਾ ਕਰਦਾ ਰਹਿੰਦਾ ਸੀ ਉਹ ਇਹ ਬਖ਼ਾਨ,
    ਤੂੰ ਧੰਨ ਹੈਂ, ਤੂੰ ਧੰਨ ਹੈਂ, ਤੂੰ ਧੰਨ ਮੇਰੀ ਜਾਨ।

    18. ਤੂੰ ਸਭ ਕੀਤੀ ਭਲਾਈ ਆਪਣੇ ਲਈ,
    ਖ਼ੁਸ਼ਾਮਦ ਤੇਰੀ ਕਰਦੇ ਸਨ ਲੋਕ ਵੀ।

    19. ਉਹ ਪਿਓ ਦਾਦਿਆਂ ਨਾਲ ਰਲ ਜਾਵੇਗਾ,
    ਕਦੀ ਵੀ ਨਾ ਵੇਖੇਗਾ ਚਾਨਣ ਸਦਾ।

    20. ਜੋ ਰੱਖਦਾ ਹੈ ਸਿਰਫ਼ ਆਪਣੀ ਦੌਲਤ ’ਤੇ ਆਸ,
    ਤੇ ਉਹ ਡੰਗਰਾਂ ਵਾਂਗ ਹੋਵੇਗਾ ਨਾਸ਼।

  • ---

    1. ਖ਼ੁਦਾਵੰਦ ਕੁਦਰਤ ਵਾਲੇ ਨੇ
    ਉਹ ਗੱਲ ਫਰਮਾਈ ਹੈ,
    ਲਈ ਚੜ੍ਹਦੇ ਤੋਂ ਤਾਂ ਲਹਿੰਦੇ ਤੀਕ,
    ਜ਼ਮੀਨ ਸਦਾਈ ਹੈ।

    2. ਸਿਓਨ ਵਿੱਚ ਡਾਢੇ ਹੁਸਨ ਨਾਲ,
    ਹੈ ਜਲਵਾਗਾਰ ਖ਼ੁਦਾ,
    ਖ਼ੁਦਾ ਅਸਾਡਾ ਆਵੇਗਾ,
    ਤੇ ਚੁੱਪ ਨਾ ਰਹੇਗਾ।

    3. ਅੱਗ ਉਹਦੇ ਅੱਗੇ ਜਾਵੇਗੀ,
    ਤੇ ਕਰੇਗੀ ਵਿਰਾਨ,
    ਹਾਂ, ਉਹਦੇ ਆਸ-ਪਾਸ ਚੱਲੇਗਾ,
    ਅਤਿ ਡਾਢਾ ਇੱਕ ਤੂਫ਼ਾਨ।

    4. ਬੁਲਾਵੇਗਾ ਉਹ ਉਪਰ ਤਦ
    ਅਸਮਾਨ ਜ਼ਮੀਨ ਨੂੰ ਵੀ,
    ਕਿ ਤਾਂ ਅਦਾਲਤ ਕਰੇ ਆਪ,
    ਸਭ ਆਪਣੇ ਲੋਕਾਂ ਦੀ।

    5. ਇਕੱਠੇ ਕਰੋ ਮੇਰੇ ਕੋਲ
    ਸਭ ਮੇਰੇ ਇਮਾਨਦਾਰ,
    ਕੁਰਬਾਨੀ ਤੇ ਜੋ ਕਰਦੇ ਹਨ,
    ਨਾਲ ਮੇਰੇ ਕੌਲ ਕਰਾਰ।

    6. ਅਸਮਾਨ ਤਦ ਕਰਨਗੇ ਬਿਆਨ,
    ਉਹਦੀ ਸੱਚਿਆਈ ਦਾ,
    ਕਿ ਕਰਦਾ ਹੈ ਅਦਾਲਤ ਆਪ,
    ਖ਼ੁਦਾਵੰਦ ਪਾਕ ਖ਼ੁਦਾ।

  • ---

    7. ਸੁਣ ਮੇਰੀ ਕੌਮ, ਐ ਇਸਰਾਏਲ,
    ਮੈਂ ਆਪੀਂ ਕਰਦਾ ਹਾਂ ਬਿਆਨ,
    ਗਵਾਹੀ ਦਿੰਦਾ ਹਾਂ ਕਿ,
    ਮੈਂ ਹਾਂ ਤੇਰਾ ਹੀ ਖ਼ੁਦਾ ਰਹਿਮਾਨ।

    8. ਜ਼ਬੀਹੇ ਉੱਤੇ ਤੈਨੂੰ ਮੈਂ
    ਮਲਾਮਤ ਕੁਝ ਨਾ ਕਰਾਂਗਾ,
    ਕਿ ਮੇਰੇ ਅੱਗੇ ਤੇਰੇ ਹੁਣ
    ਚੜ੍ਹਾਵੇ ਸਭੋਂ ਹਨ ਸਦਾ।

    9. ਨਾ ਤੇਰੇ ਘਰ ਦੇ ਵਾੜੇ ਤੋਂ
    ਮੈਂ ਬੈਲ ਤੇ ਬੱਕਰੇ ਲਵਾਂਗਾ,
    ਪਹਾੜ ਤੇ ਜੰਗਲ ਦੇ ਜਾਨਦਾਰ
    ਇਹ ਸਭੋਂ ਮੇਰੇ ਹਨ ਸਦਾ।

    10. ਪਖੇਰੂ ਜੋ ਪਹਾੜ ਦੇ ਹਨ,
    ਮੈਂ ਉਹਨਾਂ ਨੂੰ ਪਛਾਣਦਾ ਹਾਂ,
    ਜੋ ਜੰਗਲ ਦੇ ਵਿੱਚ ਚਰਦੇ ਹਨ,
    ਮੈਂ ਇੱਕ ਇੱਕ ਨੂੰ ਆਪ ਜਾਣਦਾ ਹਾਂ।

    11. ਜੇ ਭੁੱਖਾ ਹੋਵਾਂ, ਤੈਨੂੰ ਮੈਂ
    ਨਾ ਕਦੀ ਕਰਾਂਗਾ ਸਵਾਲ,
    ਕਿ ਦੁਨੀਆ ’ਤੇ ਜੋ ਉਸ ਵਿੱਚ ਹੈ,
    ਸੋ ਮੇਰਾ ਹੈ ਹਮੇਸ਼ਾ ਮਾਲ।

    12. ਕੀ ਖਾ ਕੇ ਗੋਸ਼ਤ ਬੈਲਾਂ ਦਾ
    ਮੈਂ ਕਦੀ ਵੀ ਰੱਜ ਜਾਵਾਂਗਾ,
    ਜਾਂ ਲਹੂ ਪੀ ਕੇ ਬੱਕਰੇ ਦਾ
    ਮੈਂ ਕਦੀ ਖ਼ੁਸ਼ ਹੋ ਜਾਵਾਂਗਾ?

    13. ਸ਼ੁਕਰਾਨੇ ਦੀ ਕੁਰਬਾਨੀਆਂ
    ਖ਼ੁਦਾ ਦੇ ਅੱਗੇ ਤੂੰ ਗੁਜ਼ਰਾਨ,
    ਹਾਂ ਉਸ ਖ਼ੁਦਾਵੰਦ ਦੇ ਹਜ਼ੂਰ,
    ਜੋ ਸਭ ਤੋਂ ਵੱਧਕੇ ਆਲੀਸ਼ਾਨ।

    14. ਤੂੰ ਦੁੱਖਾਂ ਦੇ ਵਿੱਚ ਮੈਨੂੰ ਸੱਦ,
    ਮੈਂ ਤੈਨੂੰ ਆਪ ਛੁਡਾਵਾਂਗਾ,
    ਬਜ਼ੁਰਗੀ ਮੇਰੀ ਸਦਾ ਤੀਕ,
    ਤਦ ਆਪ ਤੂੰ ਜ਼ਾਹਿਰ ਕਰੇਂਗਾ।

  • ---

    15. ਪਰ ਰੱਬ ਸ਼ਰੀਰ ਨੂੰ ਕਹਿੰਦਾ ਹੈ,
    ਕਿ ਤੇਰਾ ਹੈ ਕਿਆ ਕਾਮ,
    ਕਿ ਮੇਰੀ ਗੱਲ ਸੁਣਾਵੇਂ ਤੂੰ,
    ਜਾਂ ਲਵੇਂ ਅਹਿਦ ਦਾ ਨਾਮ?

    16. ਕਿ ਤੂੰ ਤੇ ਸੁਧਰਨ ਨਾਲ ਸਦਾ,
    ਅਦਾਵਤ ਰੱਖਦਾ ਹੈਂ,
    ਕਿ ਮੇਰੀਆਂ ਗੱਲਾਂ ਬਾਤਾਂ ਸਭ,
    ਪਿੱਠ ਪਿੱਛੇ ਸੁੱਟਦਾ ਹੈਂ?

    17. ਜਦ ਵੇਖਦਾ ਹੈਂ ਤੂੰ ਚੋਰਾਂ ਨੂੰ,
    ਖ਼ੁਸ਼ ਰਹਿੰਦਾ ਉਹਨਾਂ ਨਾਲ,
    ਬਦਕਾਰੀ ਕਰਨ ਵਾਲੇ ਨਾਲ,
    ਤੂੰ ਰਹਿੰਦਾ ਹੈਂ ਖ਼ੁਸ਼ਹਾਲ।

    18. ਸ਼ਰਾਰਤ ਬਦੀ ਦੇ ਸਪੁਰਦ,
    ਤੂੰ ਕੀਤਾ ਹੈ ਦਹਿਨ,
    ਫ਼ਰੇਬ ਤੇ ਦਗ਼ਾ ਕਰਦੀ ਹੈ,
    ਜੋ ਤੇਰੀ ਹੈ ਜ਼ੁਬਾਨ।

    19. ਤੂੰ ਬੈਠ ਕੇ ਆਪਣੇ ਭਾਈ ਦੀ,
    ਬਦਗੋਈ ਕਰਦਾ ਹੈਂ,
    ਤੇ ਆਪਣੀ ਮਾਂ ਦੇ ਬੇਟੇ ’ਤੇ,
    ਤੂੰ ਤੁਹਮਤ ਧਰਦਾ ਹੈਂ।

    20. ਅਜਿਹੇ ਕੰਮ ਤੂੰ ਕੀਤੇ ਹਨ,
    ਮੈਂ ਚੁੱਪ ਕਰ ਰਿਹਾ ਵੀ,
    ਤੇ ਮੈਨੂੰ ਤੂੰ ਦਿਲ ਆਪਣੇ ਵਿੱਚ,
    ਆਪ ਜਿਹਾ ਜਾਤਾ ਸੀ।

    21. ਮੈਂ ਤੈਨੂੰ ਦਿਆਂਗਾ ਸਜ਼ਾ,
    ਤੇ ਤੇਰੇ ਬੁਰੇ ਕੰਮ,
    ਮੈਂ ਸਾਹਮਣੇ ਤੇਰੀਆਂ ਅੱਖੀਆਂ ਦੇ,
    ਵਿਖਾਵਾਂਗਾ ਤਮਾਮ।

  • ---

    22. ਜੋ ਰੱਬ ਨੂੰ ਭੁੱਲੇ ਫਿਰਦੇ ਹੋ,
    ਕੁਝ ਸੋਚੋ, ਧਿਆਨ ਕਰੋ,
    ਮੈਂ ਪਾੜ੍ਹਾਂ ਤੇ ਨਾ ਕੋਈ ਵੀ,
    ਛੁਡਾਵਣ ਵਾਲਾ ਹੋ।

    23. ਕੁਰਬਾਨੀ ਜੋ ਗੁਜ਼ਾਰਦਾ ਹੈ,
    ਮੇਰੀ ਤਾਰੀਫ਼ਾਂ ਦੀ,
    ਉਹ ਇਸ ਤੋਂ ਜ਼ਾਹਿਰ ਕਰਦਾ ਹੈ,
    ਤੇਰੀ ਬਜ਼ੁਰਗੀ ਵੀ।

    24. ਤੇ ਜੋ ਇਨਸਾਨ ਦਰੁਸਤੀ ਨਾਲ,
    ਹੈ ਚੱਲਦਾ ਆਪਣੇ ਰਾਹ,
    ਅਜਿਹਾਂ ਨੂੰ ਖ਼ੁਦਾਵੰਦ ਦੀ,
    ਨਜਾਤ ਵਿਖਾਵਾਂਗਾ।

  • ---

    1. ਫ਼ਜ਼ਲ ਨਾਲ ਐ ਰੱਬ,
    ਬਖ਼ਸ਼ ਗ਼ੁਨਾਹ ਸਭ ਮੇਰੇ,
    ਵਾਂਗੂੰ ਫ਼ਜ਼ਲ ਰਹਿਮ ਕਰ,
    ਤੂੰ ਹੀ ਉੱਤੇ ਮੇਰੇ।

    2. ਚੰਗੀ ਤਰ੍ਹਾਂ ਧੋ ਦੇ ਮੇਰੀ ਕਰ ਸਫ਼ਾਈ,
    ਮੈਨੂੰ ਕਰ ਤੂੰ ਪਾਕ ਸਾਫ਼,
    ਬਖ਼ਸ਼ ਦੇ ਸਭ ਬੁਰਿਆਈ।

    3. ਕਿਉਂ ਜੋ ਸਭ ਬੁਰਿਆਈ
    ਆਪਣੀ ਮੈਂ ਮੰਨ ਲੈਂਦਾ,
    ਮੇਰਾ ਜੋ ਗ਼ੁਨਾਹ ਹੈ ਮੇਰੇ ਅੱਗੇ ਰਹਿੰਦਾ।

    4. ਐ ਖ਼ੁਦਾ, ਮੈਂ ਤੇਰਾ,
    ਗ਼ੁਨਾਹ ਕੀਤਾ ਭਾਰੀ,
    ਤੇਰੇ ਹੀ ਹਜ਼ੂਰ ਵਿੱਚ ਬਦੀ ਕੀਤੀ ਸਾਰੀ।

    5. ਤਾਂ ਤੂੰ ਆਪਣੀ ਗੱਲ ਵਿੱਚ
    ਸੱਚਾ ਹੋ ਹਰ ਹਾਲਤ,
    ਰਾਸਤੀ ਜ਼ਾਹਿਰ ਹੋਵੇ ਕਰੇਂ ਜਦ ਅਦਾਲਤ।

    6. ਮੈਂ ਵੀ ਪੈਦਾ ਹੋਇਆ,
    ਵੇਖੋ ਵਿੱਚ ਬੁਰਿਆਈ,
    ਮੈਨੂੰ ਵਿੱਚ ਗ਼ੁਨਾਹ ਦੇ ਜੰਮਿਆ ਮੇਰੀ ਮਾਈ।

    7. ਜ਼ੂਫੇ ਨਾਲ ਤੂੰ ਸਾਫ਼ ਕਰ
    ਤਦੋਂ ਪਾਕ ਮੈ ਹੋਂਦਾ,
    ਬਰਫ਼ ਵਾਂਗਰ ਹੋਵਾਂ ਜਦ ਤੂੰ ਮੈਨੂੰ ਧੋਂਦਾ।

  • ---

    8. ਵੇਖ, ਖ਼ੁਦਾ ਤੂੰ ਦਿਲ ਦੀ, ਚਾਹੁੰਦਾ ਹੈਂ ਸੱਚਿਆਈ,
    ਮੇਰੇ ਦਿਲ ਵਿੱਚ ਐ ਰੱਬ, ਮੈਨੂੰ ਬਖ਼ਸ਼ ਦਾਨਾਈ।

    9. ਮੈਨੂੰ ਹੁਣ ਖ਼ੁਸ਼ਖ਼ਬਰੀ ਆਪ ਸੁਣਾਈਂ, ਰੱਬਾ,
    ਟੁੱਟੀਆਂ ਹੱਡੀਆਂ ਤਦੋਂ ਹੋਣਗੀਆਂ ਖ਼ੁਸ਼ ਸਦਾ।

    10. ਬਖ਼ਸ਼ ਖ਼ਤਾ ਤੂੰ ਮੇਰੀ ਸਭ ਗ਼ੁਨਾਹ ਮੁਆਫ਼ ਕਰ,
    ਦੇ ਤੂੰ ਆਪਣੀ ਪਾਕ ਰੂਹ, ਮੈਨੂੰ ਪਾਕ ਸਾਫ਼ ਕਰ।

    11. ਹਿੱਕ ਨਾ ਆਪਣੇ ਅੱਗੋਂ, ਰੂਹ ਨਾ ਮੈਥੋਂ ਲੈ ਤੂੰ,
    ਮੁਕਤੀ ਦੀ ਬਖ਼ਸ਼ ਖ਼ੁਸ਼ੀ, ਰੂਹ ਨਾਲ ਢਾਸਣਾ ਦੇ ਤੂੰ।

    12. ਤਦੋਂ ਮੈਂ ਰਾਹ ਤੇਰਾ ਬੁਰਿਆਂ ਨੂੰ ਸਿਖਲਾਵਾਂ,
    ਤੌਬਾ ਤਦ ਉਹ ਕਰਨਗੇ ਜਦੋਂ ਮੈਂ ਸੁਣਾਵਾਂ।

    13. ਖੂਨੋਂ ਮੈਨੂੰ ਪਾਕ ਕਰ, ਐ ਖ਼ੁਦਾ ਅਸਾਡੇ,
    ਉੱਚੀ ਦਿੱਤੀ ਗਾਵਾਂ ਤੇਰੇ ਹੁਕਮ ਨਿਆਰੇ।

  • ---

    ਯਾ ਰੱਬ, ਮੇਰੇ ਪਾਕ ਖ਼ੁਦਾ, ਬਜ਼ੁਰਗੀ ਤੇਰੀ ਕਰਾਂਗਾ।

    14. ਯਾ ਰੱਬ ਮੇਰੇ ਪਾਕ ਖ਼ੁਦਾਵੰਦ,
    ਖੋਲ੍ਹ ਦੇ ਲਬ ਤੂੰ ਮੇਰੇ,
    ਮੇਰਾ ਦਿਲ ਤਦ ਖ਼ੁਸ਼ੀਆਂ ਦੇ ਨਾਲ,
    ਗਾਵੇ ਗੀਤ ਵੀ ਤੇਰੇ।

    15. ਤੂੰ ਕੁਰਬਾਨੀ ਨੂੰ ਨਹੀਂ ਚਾਹੁੰਦਾ,
    ਨਹੀਂ ਤੇ ਤੈਨੂੰ ਦਿੰਦਾ,
    ਤੂੰ ਚੜ੍ਹਾਵਿਆਂ ਤੋਂ, ਯਾ ਰੱਬਾ,
    ਕਦੀ ਨਹੀਂ ਖ਼ੁਸ਼ ਹੁੰਦਾ।

    16. ਟੁੱਟੀ ਜਾਨ ਨੂੰ ਤੇਰੇ ਅੱਗੇ,
    ਜੋ ਕੋਈ ਲੈ ਕੇ ਆਵੇ,
    ਟੁੱਟੇ ਦਿਲ ਦੀ ਇਹ ਕੁਰਬਾਨੀ,
    ਤੈਨੂੰ, ਯਾ ਰੱਬ, ਭਾਵੇਂ।

    17. ਆਪਣੀ ਰਜ਼ਾਮੰਦੀ ਦੇ ਨਾਲ,
    ਸ਼ਹਿਰ ਸਿਓਨ ਵਸਾਈਂ,
    ਯਰੂਸ਼ਲਮ ਦੀਆਂ ਕੰਧਾਂ ਤੂੰ ਏਂ,
    ਯਾ ਰੱਬ, ਫੇਰ ਬਣਾਈਂ।

    18. ਤਦ ਸੱਚਿਆਈ ਦੀ ਕੁਰਬਾਨੀ,
    ਸਾਰੇ ਪਾਕ ਚੜ੍ਹਾਵੇ,
    ਸੋਖ਼ਤਨੀ ਕੁਰਬਾਨੀ ਵੀ ਤਦ,
    ਤੇਰੇ ਮਨ ਨੂੰ ਭਾਵੇ।

    19. ਤੇਰੇ ਮਜ਼ਬੇ ਤੇ, ਖ਼ੁਦਾਇਆ,
    ਸਾਰੇ ਲੋਕ ਤਦ ਆਵਣ,
    ਆਪਣੇ ਦਿਲ ਦੀ ਖ਼ੁਸ਼ੀਆਂ ਦੇ ਨਾਲ,
    ਬੈਲ ਕੁਰਬਾਨੀ ਚੜ੍ਹਾਵਣ।

  • ---

    1. ਕਰਕੇ ਬੁਰਿਆਈ ਤੂੰ ਕਿਉਂ ਫੁੱਲਦਾ ਹੈਂ ਐ ਜ਼ੋਰਾਵਰ,
    ਰਹਿਮਤ ਹਰ ਰੋਜ਼ ਵਿਖਾਉਂਦਾ ਹੈ, ਖ਼ੁਦਾਵੰਦ ਕਾਦਰ।

    2. ਕਰਦੀ ਰਹਿੰਦੀ ਹੈ ਤੇਰੀ ਜੀਭ ਖਰਾਬੀ ਦਾ ਬਿਆਨ,
    ਉਸਤਰੇ ਤੇਜ਼ ਦੀ ਵਾਂਗਰ ਹੈ ਉਹ ਕਰਦੀ ਨੁਕਸਾਨ।

    3. ਨੇਕੀ ਤੋਂ ਵੱਧ ਕੇ ਤੂੰ ਕਰਦਾ ਹੈ, ਸ਼ਰਾਰਤ ਨੂੰ ਪਿਆਰ,
    ਕਰਦਾ ਸੱਚਿਆਈ ਤੋਂ ਵੱਧ ਕੇ ਤੂੰ ਬਤਾਲਤ ਨੂੰ ਪਿਆਰ।

    4. ਗੱਲਾਂ ਜੋ ਮਾਰਦੀਆਂ ਨੇ ਤੇ ਹਨ ਬਿਲਕੁਲ ਬੁਤਲਾਨ,
    ਪਿਆਰ ਤੂੰ ਉਹਨਾਂ ਨੂੰ ਕਰਦੀ ਹੈਂ, ਦਗ਼ਾਬਾਜ਼ ਜ਼ਬਾਨ।

    5. ਸੋ ਖ਼ੁਦਾ ਤੈਨੂੰ ਸਦਾ ਤੀਕ ਕਰੇਗਾ ਬਰਬਾਦ,
    ਤੋੜ ਸੁੱਟੇਗਾ ਉਹ ਤੈਨੂੰ ਤੇ ਨਾ ਰੱਖੇਗਾ ਯਾਦ।

    6. ਝਾੜ ਸੁੱਟੇਗਾ ਤੇਰੇ ਤੰਬੂ ਦੇ ਵਿੱਚੋਂ ਤੈਨੂੰ,
    ਮੁੱਢੋਂ ਪੁੱਟ ਸੁੱਟੇਗਾ ਜ਼ਿੰਦਿਆਂ ਦੀ ਜ਼ਮੀਨ ਤੋਂ ਤੈਨੂੰ।

  • ---

    7. ਸਾਦਿਕਾਂ ਨੂੰ, ਹਾਲ ਬਦ ਦਾ
    ਵੇਖ ਕੇ, ਹੋਵੇਗਾ ਡਰ,
    ਹੱਸ ਕੇ ਆਖਣਗੇ, ਕਿ ਇਹ
    ਫੁੱਲਦਾ ਸੀ ਆਪਣੇ ਮਾਲ ਪਰ।

    8. ਵੱਧਦਾ ਜਾਂਦਾ ਸੀ ਸ਼ਰਾਰਤ ਵਿੱਚ
    ਨਾ ਰੱਖਦਾ ਰੱਬ ’ਤੇ ਆਸ,
    ਵੇਖੋ ਇਸ ਬਦਕਾਰ ਦਾ ਹੁਣ
    ਕਿਸ ਤਰ੍ਹਾਂ ਹੋਇਆ ਹੈ ਨਾਸ਼।

    9. ਮੈਂ ਹਰੇ ਜੈਤੂਨ ਵਾਂਗਰ
    ਰੱਬ ਦੇ ਘਰ ਵਿੱਚ ਰਹਿੰਦਾ ਹਾਂ,
    ਰੱਬ ਦੇ ਰਹਿਮ ਉੱਤੇ ਸਦਾ
    ਮੈਂ ਆਸ ਆਪਣੀ ਰੱਖਦਾ ਹਾਂ।

    10. ਤੇਰੀਆਂ ਤਾਰੀਫ਼ਾਂ ਦਿਲ ਦੇ
    ਨਾਲ ਗਾਵਾਂਗਾ ਸਦਾ,
    ਕਿਉਂ ਜੋ ਤੂੰ ਹੀ ਕੰਮ ਅਜਿਹੇ
    ਸਭੋ ਕੀਤੇ ਹਨ ਖ਼ੁਦਾ।

    11. ਨਾਂ ਤੇਰੇ ਦੀ ਸਦਾ ਤੀਕਰ
    ਕਰਾਂਗਾ ਮੈਂ ਉਡੀਕ,
    ਸਾਦਿਕਾਂ ਦੇ ਵਾਸਤੇ ਹੈ
    ਏਦਾਂ ਕਰਨਾ ਕਿੰਨਾ ਹੀ ਠੀਕ।

  • ---

    1. ਇਹ ਜੀ ਵਿੱਚ ਕਿਹਾ ਅਹਿਮਕ ਨੇ,
    ਕਿ ਕੋਈ ਨਹੀਂ ਹੈ ਖ਼ੁਦਾ,
    ਬੁਰਿਆਈ ਕੀਤੀ ਬੁਰਿਆਂ ਨੇ
    ਨਾ ਕੋਈ ਨੇਕੋਕਾਰ ਰਿਹਾ।

    2. ਅਸਮਾਨੋਂ ਆਪੀਂ ਤੱਕਦਾ ਸੀ,
    ਤਾਂ ਵੇਖੇ ਬਨੀ ਆਦਮ ਨੂੰ,
    ਹੈ ਅਕਲ ਵਾਲਾ ਕੋਈ ਵੀ
    ਜੋ ਢੂੰਡਦਾ ਹੈ ਰੱਬ ਆਪਣੇ ਨੂੰ।

    3. ਸਭ ਹੋਏ ਨੇ ਗੁਮਰਾਹ, ਨਾਦਾਨ,
    ਨਾ ਰਿਹਾ ਭਲਾ ਕੋਈ ਵੀ,
    ਹਾਂ ਵਿਗੜ ਗਏ ਸਭ ਇਨਸਾਨ
    ਨਾ ਕੋਈ ਚੰਗਾ ਰਿਹਾ ਸੀ।

    4. ਕਿਆ ਫਹਮ ਨਹੀਂ ਬਦਕਾਰਾਂ ਨੂੰ,
    ਕਿ ਰੱਬ ਦਾ ਨਾਂ ਨਾ ਲੈਂਦੇ ਹਨ,
    ਉਹ ਖਾਂਦੇ ਮੇਰੇ ਬੰਦਿਆਂ ਨੂੰ,
    ਜਿਉਂ ਰੋਟੀ ਨੂੰ ਖਾਣ ਬਹਿੰਦੇ ਹਨ।

    5. ਖੌਫ਼ ਖਾਧਾ ਡਾਢਾ ਉਹਨਾਂ ਸੀ,
    ਨਾ ਜਿੱਥੇ ਕੁਝ ਸੀ ਖੌਫ਼ ਦਾ ਥਾਂ,
    ਕਿ ਤੇਰੇ ਘੇਰਨ ਵਾਲਿਆਂ ਦੀ,
    ਰੱਬ ਨੇ ਖਿਲਾਰੀ ਹੱਡੀਆਂ।

    6. ਸ਼ਰਮਿੰਦਾ ਕੀਤਾ ਉਹਨਾਂ ਨੂੰ
    ਉਹ ਡਾਢਾ ਹੋਏ ਖੱਜਲ ਖ਼ੁਆਰ,
    ਰੱਦ ਕੀਤਾ ਰੱਬ ਨੇ ਉਹਨਾਂ ਨੂੰ,
    ਜੋ ਤੇਰੇ ਦੁਸ਼ਮਣ ਬਦਕਿਰਦਾਰ।

    7. ਉਹ ਇਸਰਾਏਲ ਨੂੰ ਸਾਫ਼ ਅਜ਼ਾਦ,
    ਸਿਓਨ ਤੋਂ ਕਰੇ ਪਾਕ ਖ਼ੁਦਾ,
    ਯਾਕੂਬ ਖ਼ੁਸ਼, ਇਸਰਾਏਲ ਹੋ
    ਸ਼ਾਦ ਜਦ ਕੌਮ ਨੂੰ ਕੈਦੋਂ ਮੋੜੇਗਾ।

  • ---

    1. ਰੱਬਾ ਆਪਣੇ ਨਾਂ ਦੇ ਵਾਸਤੇ
    ਮੇਰੀ ਜਾਨ ਬਚਾਈਂ,
    ਤੂੰ ਹੀ ਆਪਣੇ ਜ਼ੋਰ ਦੇ ਨਾਲ
    ਹੁਣ ਮੇਰਾ ਹੋ ਨਿਆਈਂ।

    2. ਮੇਰੀ ਗੱਲ ’ਤੇ ਕਰ ਕੰਨ ਆਪਣਾ,
    ਮੇਰੀਆਂ ਸੁਣ ਦੁਆਵਾਂ,
    ਓਪਰੇ ਦੁਸ਼ਮਣ ਜ਼ਿੱਦਾਂ ਕਰਦੇ,
    ਤੈਨੂੰ ਹਾਲ ਸੁਣਾਵਾਂ।

    3. ਜ਼ਾਲਮ ਮੇਰੀ ਜਾਨ ਦੇ ਪਿੱਛੇ
    ਪੈਂਦੇ ਪਾ ਕੇ ਘੇਰਾ,
    ਆਪਣੀ ਅੱਖੀਆਂ ਦੇ ਸਾਹਮਣੇ
    ਡਰ ਨਾ ਰੱਖਦੇ ਤੇਰਾ।

    4. ਮੇਰਾ ਮਦਦਗਾਰ ਖ਼ੁਦਾ ਹੈ,
    ਉਸ ਤੋਂ ਹੈ ਦਲੇਰੀ,
    ਉਹਨਾਂ ਦੇ ਨਾਲ ਸਦਾ ਉਹ ਰਹਿੰਦਾ,
    ਥੰਮਦੇ ਜਾਨ ਜੋ ਮੇਰੀ।

    5. ਮੇਰੇ ਵੈਰੀਆਂ ਉੱਪਰ ਸੁੱਟੇ
    ਉਹਨਾਂ ਦੀ ਬੁਰਿਆਈ,
    ਜੜ੍ਹੋਂ ਮੁੱਢੋਂ ਪੁੱਟੇਗਾ,
    ਉਹ ਦੱਸੇਗਾ ਸੱਚਿਆਈ।

    6. ਮੈਂ ਤੇ ਖ਼ੁਸ਼ੀਆਂ ਦੀ ਕੁਰਬਾਨੀ
    ਤੇਰੇ ਕੋਲ ਲਿਆਵਾਂ,
    ਤੇਰੇ ਅੱਛੇ ਨਾਂ ਦੀਆਂ ਰੱਬਾ,
    ਮੈਂ ਤਰੀਫ਼ਾਂ ਗਾਵਾਂ।

    7. ਮੈਨੂੰ ਸਾਰੀ ਤੰਗੀਆਂ ਤੋਂ
    ਤੂੰ ਏਂ ਆਪ ਛੁਡਾਇਆ,
    ਮੇਰੇ ਵੈਰੀਆਂ ਦਾ ਮੈਨੂੰ
    ਭੈੜਾ ਹਾਲ ਵਿਖਾਇਆ।

  • ---

    ਐ ਖ਼ੁਦਾਵੰਦ ਸੁਣ ਲੈ ਮੇਰੀ ਤੂੰ ਦੁਆ।

    1. ਤੂੰ ਮੇਰੇ ਵੱਲ ਕੰਨ ਧਰਕੇ ਸੁਣ, ਮੈਂ ਕੁੜ੍ਹਦਾ ਫਿਰਨਾ ਹਾਂ,
    ਸਖ਼ਤੀ ਸ਼ਰੀਰ ਦੀ ਕੋਲੋਂ, ਮੈਂ ਭਾਉਂਦਾ ਫਿਰਨਾ ਹਾਂ,
    ਵੈਰ ਗ਼ਜ਼ਬ ਦੇ ਨਾਲ ਲਿਆ ਉਹਨਾਂ ਨੇ ਪਾ।

    2. ਮੇਰਾ ਦਿਲ ਮੇਰੇ ਵਿੱਚ ਦੁਖਦਾਏ, ਹੌਲ ਮੌਤ ਦੇ ਮੇਰੇ ਪਰ,
    ਕੰਬਣੀ ਮੇਰੇ ’ਤੇ ਗ਼ਾਲਿਬ ਹੈ, ਤੇ ਆ ਗਿਆ ਏ ਡਰ,
    ਕੰਬਣਾ ਕੰਬਣਾ ਮੇਰੇ ਉੱਤੇ ਪੈ ਗਿਆ।

    3. ਮੈਂ ਕਿਹਾ ਕਬੂਤਰ ਵਾਂਗਰ ਹਨ, ਜੇ ਹੁੰਦੇ ਮੇਰੇ ਪਰ,
    ਮੈਂ ਮਾਰਕੇ ਉਡਾਰੀਆਂ, ਤੇ ਲੈਂਦਾ ਆਰਾਮ ਕਰ,
    ਉੱਡਦਾ ਫਿਰਦਾ ਤੇ ਰਹਿੰਦਾ ਮੈਂ ਜੰਗਲੀਂ ਜਾ।

  • ---

    ਐ ਖ਼ੁਦਾਵੰਦ, ਸੁਣ ਲੈ ਮੇਰੀ ਤੂੰ ਦੁਆ।

    4. ਤੂੰ ਉਹਦੇ ਵਿੱਚ ਗੜਬੜ ਪਾ, ਮਾਰ ਉਹਨਾਂ ਨੂੰ, ਖ਼ੁਦਾ,
    ਕਿ ਸ਼ਹਿਰ ਦੇ ਵਿੱਚ ਮੈਂ ਵੇਖਨਾ ਹਾਂ ਫਸਾਦ ਤੇ ਜ਼ੁਲਮ ਪਿਆ,
    ਰਾਤੀਂ ਦਿਨੇ ਉਹਦੀ ਕੰਧਾਂ ਉੱਤੇ ਟੱਪਦੇ ਨੇ ਜਾ।

    5. ਉਸ ਸ਼ਹਿਰ ਵਿੱਚ ਹੁੰਦੇ ਰਹਿੰਦੇ ਹਨ, ਬੁਰਿਆਈ ਤੇ ਨੁਕਸਾਨ,
    ਸ਼ਰਾਰਤ ਉਸ ਵਿੱਚ ਵੱਸਦੀ ਹੈ, ਹੈ ਬਦੀ ਦਾ ਮਕਾਨ,
    ਹੁੰਦਾ ਗਲੀਆਂ ਵਿੱਚ ਉਸਦੇ ਫ਼ਰੇਬ ਤੇ ਦਗ਼ਾ।

    6. ਜੇ ਵੈਰੀ ਹੋ ਕੇ ਤਾਹਨਾ ਦੇ, ਸਹਿ ਲੈਂਦਾ ਮੈਂ ਜ਼ਰੂਰ,
    ਜਾਂ ਦੁਸ਼ਮਣ ਬਣਕੇ ਕਰਦਾ ਵੈਰ, ਮੈਂ ਭੱਜਦਾ ਉਸ ਤੋਂ ਦੂਰ,
    ਪਰ ਤੂੰ ਮੇਰਾ ਸੈਂ ਦੋਸਤ ਬਰਾਬਰ ਹੀ ਦਾ।

    7. ਮੈਂ ਤੇਰਾ ਕਰਦਾ ਸਾਂ ਯਕੀਨ, ਤੂੰ ਮੇਰਾ ਜਾਣ ਪਹਿਚਾਣ,
    ਤੇ ਆਪੋ ਵਿੱਚ ਇੱਕ ਦੂਜੇ ਨਾਲ, ਮਿਲ ਖ਼ੁਸ਼ੀਆਂ ਕਰਦੇ ਸਾਂ,
    ਅਸੀਂ ਹੈਕਲ ਨੂੰ ਲੋਕਾਂ ਨਾਲ ਜਾਂਦੇ ਸਦਾ।

    8. ਮੌਤ ਆਵੇਗੀ ਤਦ ਕਬਰ ਵਿੱਚ, ਉਹ ਜ਼ਿੰਦਾ ਉਤਰਨਗੇ,
    ਦਿਲ ਬਦੀ ਦੇ ਨਾਲ ਭਰੇ ਹੈਂ, ਤੇ ਘਰ ਵੀ ਉਹਨਾਂ ਦੇ,
    ਆਪਣੀ ਰਹਿਮਤ ਦੇ ਨਾਲ ਹੁਣ ਮੈਨੂੰ ਬਚਾ।

  • ---

    9. ਹੁਣ ਤੇ ਮੈਂ ਖ਼ੁਦਾਵੰਦ ਅੱਗੇ, ਦੇਵਾਂਗਾ ਦੁਹਾਈ।
    ਮੈਨੂੰ ਆਪੇ ਰਹਿਮ ਕਰਕੇ ਬਖ਼ਸ਼ੇਗਾ ਰਿਹਾਈ।

    10. ਸ਼ਾਮ, ਸੁਬਾਹ ਦੁਪਿਹਰਾਂ ਨੂੰ, ਮੈਂ ਫਰਿਆਦਾਂ ਗੁਜ਼ਾਰਾਂ,
    ਸੁਣੇਗਾ ਰੱਬ ਰੋਣਾ ਮੇਰਾ, ਨਾਲੇ ਸਭ ਪੁਕਾਰਾਂ।

    11. ਉਹਨਾਂ ਦੇ ਜੰਗ ਵਿੱਚੋਂ ਰੱਬ ਨੇ, ਮੇਰੀ ਜਾਨ ਬਚਾਈ,
    ਕਿਉਂਕਿ ਉੱਥੇ ਸਨ ਬਥੇਰੇ, ਮੇਰੇ ਵੀ ਹਮਰਾਹੀ।

    12. ਦੁਸ਼ਮਣਾਂ ਦੇ ਤਾਹਨੇ ਸੁਣ ਕੇ, ਰੱਬ ਜਵਾਬ ਸੁਣਾਵੇ,
    ਮੁੱਢ ਕਦੀਮੋਂ ਬੈਠਾ ਹੈ ਉਹ, ਤਖ਼ਤ ਨਿਆਂ ਦੇ ਉੱਤੇ।

    13. ਉਹ ਨਾ ਡਰਦੇ ਹਨ ਖ਼ੁਦਾ ਤੋਂ, ਨਾ ਦੇਖੀ ਤਬਦੀਲੀ,
    ਆਪਣੇ ਸੱਜਣਾਂ ਮਿੱਤਰਾਂ ਦੇ ਨਾਲ, ਉਹਨਾਂ ਨੇ ਜ਼ਿੱਦ ਕੀਤੀ।

    14. ਕੌਲ ਕਰਾਰ ਬਥੇਰੇ ਕੀਤੇ, ਪਰ ਨਾ ਪੂਰੀ ਪਾਈ,
    ਮੱਖਣ ਨਾਲੋਂ ਮੂੰਹ ਹੈ ਕੂਲਾ, ਦਿਲ ਵਿੱਚ ਭਰੀ ਲੜਾਈ।

    15. ਤੇਲ ਤੋਂ ਵੱਧਕੇ ਨਰਮ ਮੁਲਾਇਮ, ਉਹਦੇ ਮੂੰਹ ਦੀਆਂ ਬਾਤਾਂ,
    ਪਰ ਨੰਗੀ ਤਲਵਾਰ ਦੇ ਵਾਂਗਰ ਤੇਜ਼ ਨੇ ਉਹਦੀਆਂ ਘਾਤਾਂ।

    16. ਆਪਣਾ ਭਾਰ ਤੂੰ ਸੁੱਟ ਰੱਬ ਉੱਤੇ, ਆਪੇ ਉਹ ਸੰਭਾਲੇ,
    ਸੱਚੇ ਨੂੰ ਹਮੇਸ਼ਾ ਤੀਕਰ ਕਦੀ ਨਾ ਤਿਲਕਣ ਦੇਵੇ।

    17. ਪਰ ਸਭਨਾਂ ਬਦਕਾਰਾਂ ਨੂੰ ਤੂੰ, ਯਾ ਰੱਬ ਮੇਰੇ ਸਾਈਂ,
    ਮੌਤ ਦੇ ਡੂੰਗੇ ਟੋਏ ਦੇ ਵਿੱਚ, ਆਪੀਂ ਮਾਰ ਮੁਕਾਈਂ।

    18. ਦਗ਼ਾਬਾਜ਼ ਤੇ ਖੂਨੀ ਕਦੀ, ਅੱਧੀ ਉਮਰ ਨਾ ਪਾਵੇ,
    ਪਰ ਹੈ ਮੇਰੀ ਆਸ ਹਮੇਸ਼ਾ, ਯਾ ਰੱਬ, ਤੇਰੇ ਉੱਤੇ।

  • ---

    ਖ਼ੁਦਾਵੰਦਾ ਤੂੰ ਰਹਿਮ ਫਰਮਾ,
    ਲੋਕ ਚਾਹੁੰਦੇ ਨੇ ਮੈਨੂੰ ਖਾ ਜਾਣਾ।

    1. ਐ ਮੇਰੇ ਖ਼ੁਦਾ, ਤੂੰ ਰਹਿਮ ਫਰਮਾ,
    ਲੋਕ ਚਾਹੁੰਦੇ ਨੇ ਮੈਨੂੰ ਮੂੰਹ ਪਾਉਣਾ,
    ਲੜਦੇ ਮੇਰੇ ਨਾਲ ਰਹਿਣ ਸਦਾ,
    ਕੰਮ ਉਹਨਾਂ ਦਾ ਮੈਨੂੰ ਸਤਾਣਾ।

    2. ਵੈਰੀ ਮੇਰੇ ਹਰ ਰੋਜ਼ ਜਿਹੜੇ,
    ਦਿਲੋਂ ਚਾਹੁੰਦੇ ਨੇ ਮੈਨੂੰ ਮੁਕਾਣਾ,
    ਨਹੀਂ ਥੋੜ੍ਹੇ ਪਰ ਬਥੇਰੇ ਹਨ,
    ਸ਼ੋਖ ਲੜਦੇ ਨੇ ਕਰਕੇ ਬਹਾਨਾ।

    3. ਜਦੋਂ ਡਰਦਾ ਮੈਂ ਆਸ ਧਰਦਾ,
    ਤੇਰੇ ਉੱਤੇ, ਮੇਰੇ ਮਿਹਰਬਾਨਾ,
    ਮੇਰਾ ਮਨ ਹੈ ਤੇਰੇ ਕੌਲ ਉੱਤੇ,
    ਕੀ ਮੈਨੂੰ ਮਨੁੱਖ ਨੇ ਡਰਾਨਾ?

    4. ਗੱਲਬਾਤ ਮੇਰੀ ਹਰ ਰੋਜ਼ ਜਿਹੜੀ,
    ਉਹਦੇ ਰੋਕਣ ਦਾ ਕਾਰਨ ਸਮਯਾਨਾ,
    ਫਿਕਰ ਉਹਨਾਂ ਦੀ ਹੈ ਸਾਰੀ ਇਹ,
    ਬਦੀ ਮੇਰੇ ਨਾਲ ਚਾਹੁਣ ਕੁਮਾਣਾ।

    5. ਉਹ ਰਲ ਸਾਰੇ ਢਾਲਣ ਭਰੇ,
    ਖੁਰਾ ਪੈਂਤਰਾ ਮੇਰਾ ਦਬਾਣਾ,
    ਮੇਰੀ ਜਾਨ ਦੀ ਕਰਨ ਉਡੀਕ ਉਹ,
    ਮੈਨੂੰ ਚਾਹੁੰਦੇ ਉਹ ਮਾਰ ਮੁਕਾਣਾ।

  • ---

    6. ਬਚਣੇ ਦੀ ਉਮੀਦ ਉਹ ਕਰਦੇ,
    ਬਦੀ ਦੇ ਮਨਸੂਬੇ ਨਾਲ,
    ਤੂੰ ਡਿਗਾਵੇਂ ਉੱਮਤਾਂ ਨੂੰ,
    ਐ ਖ਼ੁਦਾਵੰਦ, ਗੁੱਸੇ ਨਾਲ।

    7. ਤੂੰ ਤੇ ਗਿਣਾ ਮੇਰੀ ਭੁੱਲ ਨੂੰ
    ਮੇਰੇ ਅੱਥਰੂ, ਐ ਖ਼ੁਦਾ,
    ਸ਼ੀਸ਼ੇ ਅੰਦਰ ਰੱਖ, ਹੈ ਲਿਖਿਆ
    ਦਫ਼ਤਰ ਵਿੱਚ ਜ਼ਿਕਰ ਉਹਨਾਂ ਦਾ।

    8. ਸਭ ਮੁੜ ਜਾਵਣ ਮੇਰੇ ਵੈਰੀ
    ਜਦ ਫਰਿਆਦ ਮੈਂ ਕਰਾਂਗਾ,
    ਮੈਨੂੰ ਇਹ ਯਕੀਨ ਹੈ ਪੱਕਾ,
    ਮੇਰੇ ਵੱਲ ਹੈ ਪਾਕ ਖ਼ੁਦਾ।

    9. ਰੱਬ ਉੱਤੇ ਤੇ ਉਹਦੇ ਕੌਲ ’ਤੇ,
    ਮੈਂ ਹਾਂ ਸਦਾ ਕਰਦਾ ਮਾਣ,
    ਰੱਬ ਉੱਤੇ ਤੇ ਉਹਦੇ ਕੌਲ ’ਤੇ,
    ਮੈਂ ਹਾਂ ਸਦਾ ਕਰਦਾ ਮਾਣ।

    10. ਮੇਰਾ ਆਸਰਾ ਹੈ ਰੱਬ ਉੱਤੇ,
    ਫਿਰ ਮੈਂ ਕਾਹਨੂੰ ਡਰਾਂਗਾ,
    ਇਹ ਮਨੁੱਖ ਜੋ ਖ਼ਾਕ ਤੋਂ ਬਣਿਆ,
    ਮੇਰਾ ਕੀ ਕਰ ਸਕੇਗਾ?

    11. ਮੈਂ ਗੁਜ਼ਾਰਾਂ ਤੇਰੇ ਅੱਗੇ,
    ਨਜ਼ਰਾਂ ਤੇ ਸ਼ੁਕਰਾਨੇ ਸਭ,
    ਕਿਉਂ ਜੋ ਮੇਰੀ ਜਾਨ ਛੁਡਾਈ,
    ਮੌਤ ਤੋਂ ਤੂੰ ਏ ਮੇਰੇ ਰੱਬ।

    12. ਮੇਰੇ ਪੈਰ ਨਾ ਤਿਲਕਣ ਦਿੱਤੇ,
    ਤਾਂ ਮੈਂ ਚੱਲਾਂ, ਐ ਖ਼ੁਦਾ,
    ਤੇਰੀ ਅੱਖੀਆਂ ਦੇ ਅੱਗੇ,
    ਨੂਰ ਵਿੱਚ ਜ਼ਿੰਦਿਆਂ ਦੇ ਸਦਾ।

  • ---

    1. ਮੇਰੇ ਉੱਤੇ ਕਰ ਰਹਿਮ, ਮੇਰੇ ਖ਼ੁਦਾਇਆ,
    ਕਿ ਹੈ ਜਾਨ ਮੇਰੀ ਨੂੰ ਤੇਰਾ ਭਰੋਸਾ।

    2. ਨਾ ਲੰਘ ਜਾਣ ਮੈਥੋਂ, ਬਲਾਵਾਂ ਜਦੋਂ ਤੀਕ,
    ਛੁਪਾਵੇਗਾ ਮੈਨੂੰ ਤੇਰੇ ਪਰ ਦਾ ਸਾਇਆ।

    3. ਮੇਰਾ ਰੱਬ ਜੋ ਕੰਮ ਮੇਰੇ ਸਭ ਕਰਦਾ ਪੂਰੇ,
    ਮੈਂ ਫਰਿਆਦ ਉਸੇ ਦੇ ਅੱਗੇ ਕਰਾਂਗਾ।

    4. ਮਦਦ ਆਪਣੀ ਅਸਮਾਨਾਂ ਤੋਂ ਭੇਜਦਾ ਉਹ,
    ਮੇਰੇ ਦੁਸ਼ਮਣਾਂ ਨੂੰ ਮਲਾਮਤ ਹੈ ਕਰਦਾ।

    5. ਮੇਰੀ ਜਾਨ ਸ਼ੇਰਾਂ ਦੇ ਵਿੱਚ ਆ ਘਿਰੀ ਹੈ,
    ਖ਼ੁਦਾ ਰਹਿਮ ਸੱਚਿਆਈ ਜ਼ਾਹਿਰ ਕਰੇਗਾ।

    6. ਹਨ ਜਿਨ੍ਹਾਂ ਦੇ ਦੰਦ ਬਰਛੀਆਂ, ਤੀਰਾਂ ਵਾਂਗਰ,
    ਤੇ ਅੰਗਿਆਰੇ ਵਾਂਗਰ ਮਿਜ਼ਾਜ ਹੈ ਜਿਨ੍ਹਾਂ ਦਾ।

    7. ਹੈ ਜੀਭ ਉਹਨਾਂ ਦੀ ਤੇਜ਼ ਤਲਵਾਰ ਵਾਂਗਰ,
    ਅਜਿਹਿਆਂ ਮਨੁੱਖਾਂ ਦੇ ਵਿੱਚ ਮੈਂ ਹਾਂ ਰਹਿੰਦਾ।

    8. ਬੁਲੰਦ ਅਸਮਾਨਾਂ ਦੇ ਉੱਤੇ ਹੋ, ਯਾ ਰੱਬ,
    ਜ਼ਮੀਨ ਉੱਤੇ ਵੀ ਜ਼ਾਹਿਰ ਹੋ ਸ਼ਾਨ ਤੇਰਾ।

  • ---

    9. ਵਿਛਾਇਆ ਮੇਰੇ ਵਾਸਤੇ ਜਾਲ ਉਹਨਾਂ,
    ਮੇਰੀ ਜਾਨ ਡਿੱਗੀ ਹੋਈ ਹੈ, ਖ਼ੁਦਾਇਆ।

    10. ਉਹ ਉਸ ਡੂੰਘੇ ਟੋਏ ਦੇ ਵਿੱਚ ਡਿੱਗੇ ਆਪੇ,
    ਮੇਰੇ ਵਾਸਤੇ ਸੀ ਜੋ ਉਹਨਾਂ ਨੇ ਪੁੱਟਿਆ।

    11. ਮੇਰਾ ਦਿਲ ਹੈ ਕਾਇਮ, ਮੇਰਾ ਦਿਲ ਹੈ ਕਾਇਮ,
    ਤੇਰੀ ਹਮਦ ਗਾ ਗਾ ਕੇ ਸਿਫ਼ਤਾਂ ਕਰਾਂਗਾ।

    12. ਮੇਰੀ ਬੀਨ ਬਰਬਤ ਤੇ, ਐ ਮੇਰੀ ਸ਼ੌਕਤ,
    ਤੁਸੀਂ ਸਭੋ ਜਾਗੋ, ਮੈਂ ਫਜਰੇ ਉੱਠਾਂਗਾ।

    13. ਕਰਾਂਗਾ ਤੇਰਾ ਸ਼ੁਕਰ ਮੈਂ ਕੌਮਾਂ ਅੰਦਰ,
    ਗੁਰੋਹਾਂ ਦੇ ਵਿੱਚ ਤੇਰੀ ਉਸਤਤ ਕਰਾਂਗਾ।

    14. ਤੇਰੀ ਰਾਸਤੀ ਬਦਲੀਆਂ ਤੋੜੀ ਉੱਚੀ,
    ਤੇਰਾ ਰਹਿਮ ਅਸਮਾਨ ਤੀਕਰ ਹੈ ਉੱਚਾ।

    15. ਬੁਲੰਦ ਅਸਮਾਨ ਦੇ ਉੱਤੇ ਹੋਇਆ ਰੱਬ,
    ਜ਼ਮੀਨ ਉੱਤੇ ਵੀ ਜ਼ਾਹਿਰ ਹੋ ਸ਼ਾਨ ਤੇਰਾ।

  • ---

    1. ਕਿਉਂ ਸੱਚ ਦੇ ਵੇਲੇ, ਐ ਮਨੁੱਖ,
    ਚੁੱਪ-ਚਾਪ ਤੂੰ ਰਹਿੰਦਾ ਹੈਂ?
    ਸੱਚਿਆਈ ਨਾਲ ਨਿਆਂ ਦੀ ਗੱਲ
    ਕੀ ਸੱਚਮੁੱਚ ਕਹਿੰਦਾ ਹੈਂ?

    2. ਹਾਂ ਦਿਲ ਹੀ ਦੇ ਵਿੱਚ ਕਰਦਾ ਹੈਂ,
    ਬਦਕਾਰੀ ਤੇ ਗ਼ੁਨਾਹ,
    ਜ਼ਮੀਨ ਦੇ ਉੱਤੇ ਟੋਲਦਾ ਹੈਂ,
    ਜ਼ੁਲਮ ਆਪਣੇ ਹੱਥਾਂ ਦਾ।

    3. ਸ਼ਰੀਰ ਤੇ ਮਾਂ ਦੀ ਕੁੱਖ ਹੀ ਤੋਂ
    ਬੇਗ਼ਾਨਾ ਹੁੰਦਾ ਹੈ,
    ਝੂਠ ਬੋਲਦਾ ਪੈਦਾ ਹੁੰਦਾ ਹੀ
    ਰਾਹ ਆਪਣਾ ਭੁੱਲਦਾ ਹੈਂ।

    4. ਜ਼ਹਿਰ ਉਹਦਾ ਹੈ ਜਿਉਂ ਸੱਪ ਦਾ ਜ਼ਹਿਰ,
    ਕੰਨ ਬੰਦ ਕਰ ਲੈਂਦਾ ਹੈ,
    ਉਸ ਬੋਲ਼ੇ ਨਾਗ ਵਾਂਗ ਉਹਦਾ ਹਾਲ,
    ਜੋ ਕੁਝ ਨਾ ਸੁਣਦਾ ਹੈ।

    5. ਉਹ ਮੰਤਰ ਪੜ੍ਹਨ ਵਾਲੇ ਦੀ
    ਆਵਾਜ਼ ਨਾ ਸੁਣੇਗਾ,
    ਕਿ ਉਹ ਤੇ ਵੱਡੇ ਮੰਤਰ ਦੀ
    ਨਾ ਰੱਖਦਾ ਹੈ ਪਰਵਾਹ।

  • ---

    6. ਖ਼ੁਦਾਇਆ, ਤੋੜ ਦੇ ਉਹਨਾਂ ਦੇ,
    ਦੰਦ ਸਭੋ ਜ਼ੋਰ ਦੇ ਨਾਲ,
    ਤੇ ਦਾੜ੍ਹਾਂ ਵੀ ਸ਼ੇਰ ਬੱਚਿਆਂ ਦੀ,
    ਤੂੰ ਖਿੱਚ ਕੇ ਲੈ ਨਿਕਾਲ।

    7. ਜਿਉਂ ਪਾਣੀ ਰੁੜ੍ਹਦਾ ਜਾਂਦਾ ਹੈ,
    ਰੁੜ੍ਹ ਜਾਵਣ ਇਉਂ ਸ਼ਰੀਰ,
    ਚੜ੍ਹਾਵਣ ਜਦ ਉਹ ਚਿੱਲੇ ਵਿੱਚ,
    ਕੱਟ ਜਾਣ ਉਹਨਾਂ ਦੇ ਤੀਰ।

    8. ਜਿਉਂ ਘੋਗਾ ਗਲਦਾ ਜਾਂਦਾ ਹੈ,
    ਜੋ ਜਾਵਣ ਇਉਂ ਫ਼ਨਾਹ,
    ਨਾ ਵੇਖਣ ਕਦੀ ਸੂਰਜ ਨੂੰ,
    ਜਿਉਂ ਸਕਤਾ ਤੀਮੀਂ ਦਾ।

    9. ਤੁਹਾਡੀ ਦੇਗਾਂ ਨੂੰ ਜਦ ਸੇਕ,
    ਕੰਡਿਆਂ ਦਾ ਲੱਗੇਗਾ,
    ਖਵਾਹ ਕੱਚਾ ਹੋ, ਖਵਾਹ ਪੱਕਾ ਹੋ,
    ਪਹਿਲਾਂ ਉਡਾਵੇਗਾ।

    10. ਤਦ ਸਾਦਿਕ ਖ਼ੁਸ਼ੀ ਕਰੇਗਾ,
    ਜਦ ਬਦਲਾ ਵੇਖੇਗਾ,
    ਉਹ ਲਹੂ ਵਿੱਚ ਸ਼ਰੀਰਾਂ ਦੇ,
    ਪੈਰ ਆਪਣੇ ਡੋਬੇਗਾ।

    11. ਤਦ ਆਖੇਗਾ, ਇਹ ਆਦਮਜਾਤ,
    ਹੈ ਸਾਦਿਕ ਨੂੰ ਇਨਾਮ,
    ਇਸ ਧਰਤੀ ਉੱਤੇ ਕਰਦਾ ਹੈ,
    ਹੁਣ ਆਪ ਇਨਸਾਫ਼ ਤਮਾਮ।

  • ---

    1. ਤੂੰ ਮੈਨੂੰ ਮੇਰੇ ਵੈਰੀਆਂ ਤੋਂ,
    ਖਲਾਸੀ ਦੇ, ਖ਼ੁਦਾ,
    ਤੂੰ ਮੈਨੂੰ ਮੇਰੇ ਵੈਰੀਆਂ ਤੋਂ,
    ਆਪ ਉੱਚਾ ਕਰੇਗਾ।

    2. ਛੁਡਾ ਤੂੰ ਮੈਨੂੰ ਬੁਰਿਆਂ ਤੋਂ,
    ਦੇ ਖੂਨੀ ਤੋਂ ਅਮਾਨ,
    ਕਿ ਵੇਖ, ਦਾਅ ਉੱਤੇ ਬੈਠੇ ਉਹ,
    ਤਾਂ ਮਾਰਨ ਮੇਰੀ ਜਾਨ।

    3. ਜ਼ਿੱਦ ਮਿਲ ਕੇ ਕਰਦੇ ਮੇਰੇ ਨਾਲ
    ਸਭ ਜ਼ੋਰਾਵਰ ਸ਼ਰੀਰ,
    ਯਾ ਰੱਬ, ਨਾ ਮੇਰਾ ਕੁਝ ਗ਼ੁਨਾਹ,
    ਨਾ ਮੇਰੀ ਹੈ ਤਕਸੀਰ।

    4. ਨਾ ਮੇਰੀ ਕੁਝ ਵੀ ਹੈ ਖ਼ਤਾ,
    ਪਰ ਦੌੜ੍ਹਦੇ ਹੋ ਤਿਆਰ,
    ਤੂੰ ਮੇਰੇ ਮਿਲਣੇ ਨੂੰ ਹੁਣ ਜਾਗ,
    ਤੇ ਵੇਖ ਮੈਂ ਹਾਂ ਲਾਚਾਰ।

    5. ਖ਼ੁਦਾਵੰਦ, ਇਸਰਾਏਲ ਦੇ ਰੱਬ,
    ਤੂੰ ਰੱਬ ਹੈਂ ਫੌਜਾਂ ਦਾ,
    ਤੂੰ ਜਾਗ ਤੇ ਵੇਖ ਸਭ ਕੌਮਾਂ ਨੂੰ,
    ਬਦਕਾਰ ਤੇ ਰਹਿਮ ਨਾ ਖਾ।

    6. ਉਹ ਮੁੜਕੇ ਆਉਂਦੇ ਸ਼ਾਮਾਂ ਨੂੰ,
    ਤੇ ਸ਼ੋਰ ਮਚਾਉਂਦੇ ਹਨ,
    ਤੇ ਭੌਂਕਦੇ ਫਿਰਦੇ ਕੁੱਤੇ ਵਾਂਗ,
    ਸਭ ਸ਼ਹਿਰ ਭੌਂ ਜਾਂਦੇ ਹਨ।

    7. ਵੇਖ ਮੂੰਹ ਤੋਂ ਉਹ ਡਕਾਰਦੇ ਹਨ,
    ਤੇ ਹੋਠਾਂ ਵਿੱਚ ਤਲਵਾਰ,
    ਤੇ ਕੌਣ ਅਸਾਨੂੰ ਵੇਖਦਾ ਹੈ,
    ਇਹ ਕਹਿੰਦੇ ਸ਼ੇਖੀ ਮਾਰ।

    8. ਪਰ ਉਹਨਾਂ ਉੱਤੇ ਹੱਸੇਂਗਾ,
    ਤੂੰ ਯਾ ਰੱਬ, ਪਾਕ ਖ਼ੁਦਾ,
    ਗ਼ੈਰ ਕੌਮਾਂ ਨੂੰ ਹੁਣ ਠੱਠੇ ਵਿੱਚ,
    ਤੂੰ ਆਪ ਉਡਾਵੇਂਗਾ।

    9. ਐ ਮੇਰੀ ਕੁੱਵਤ ਤੇਰੇ ਵੱਲ,
    ਮੈਂ ਤੱਕਾਂਗਾ ਸਦਾ,
    ਤੂੰ ਮੇਰੀ ਮੋਹਕਮ ਹੈ ਚਟਾਨ,
    ਤੂੰ ਮੇਰਾ ਹੈ ਖ਼ੁਦਾ।

  • ---

    10. ਖ਼ੁਦਾਵੰਦ ਆਪਣੀ ਰਹਿਮਤ ਨਾਲ,
    ਪੇਸ਼ ਮੇਰੇ ਆਵੇਗਾ,
    ਤੇ ਦੁਸ਼ਮਣਾਂ ਦੇ ਉੱਤੇ ਉਹ,
    ਫਤਹਿ ਵਧਾਵੇਗਾ।

    11. ਕਰ ਪਸਤ ਅਵਾਰਾ ਉਹਨਾਂ ਨੂੰ,
    ਪਰ ਜਾਨ ਤੋਂ ਨਾ ਮੁਕਾ,
    ਨਾ ਹੋ ਕਿ ਭੁੱਲਣ ਮੇਰੇ ਲੋਕ,
    ਤੂੰ ਸਾਡੀ ਢਾਲ, ਖ਼ੁਦਾ।

    12. ਉਹ ਆਪਣੇ ਮੂੰਹ ਦੀਆਂ ਗੱਲਾਂ ਨਾਲ,
    ਝੂਠ ਬੋਲਣ ਦੇ ਸਬੱਬ,
    ਉਹ ਤਾਹਨੇ ਮਾਰਦੇ ਸ਼ੇਖੀ ਨਾਲ,
    ਸੋ ਉਸ ਵਿੱਚ ਫਸਣ ਸਭ।

    13. ਕਰ ਫ਼ਨਾਹ ਸਭੋ ਕਹਿਰ ਦੇ ਨਾਲ,
    ਕਰ ਸਭਨਾਂ ਨੂੰ ਫ਼ਨਾਹ,
    ਨਾ ਬਾਕੀ ਰਹੇ ਕੋਈ ਵੀ,
    ਪਰ ਨਾਸ ਹੋ ਸਭਨਾਂ ਦਾ।

    14. ਕਿ ਤਾਂ ਧਰਤੀ ਦੇ ਕੰਢਿਆਂ ਤੀਕ,
    ਇਹ ਲੋਕੀ ਜਾਨਣ ਸਭ,
    ਕਿ ਇਸਰਾਏਲ ਵਿੱਚ ਕਰਦਾ ਹੈ,
    ਹਕੂਮਤ ਆਪੇ ਰੱਬ।

    15. ਉਹ ਮੁੜਕੇ ਆਉਂਦੇ ਸ਼ਾਮਾਂ ਨੂੰ,
    ਤੇ ਸ਼ੋਰ ਮਚਾਉਂਦੇ ਹਨ,
    ਤੇ ਭੌਂਕਦੇ ਫਿਰਦੇ ਕੁੱਤੇ ਵਾਂਗ,
    ਸਭ ਸ਼ਹਿਰ ਘੁੰਮ ਜਾਂਦੇ ਹਨ।

    16. ਉਹ ਫਿਰਦੇ ਰਹਿੰਦੇ ਖਾਣੇ ਦੀ,
    ਤਲਾਸ਼ ਵਿੱਚ ਖੱਜਲ ਖਵਾਰ,
    ਜਦ ਲੱਭੇ ਨਾ, ਤਦ ਭੁੱਖਿਆਂ ਹੀ,
    ਰਾਤ ਲੈਂਦੇ ਹਨ ਗੁਜ਼ਾਰ।

    17. ਮੈਂ ਸਨਾ ਤੇਰੀ ਕੁਦਰਤ ਦੀ,
    ਗੀਤ ਤੇਰੀ ਰਹਿਮਤ ਦਾ,
    ਮੈਂ ਉੱਚੀ ਦਿੱਤੀ ਫਜਰ ਨੂੰ,
    ਹੁਣ ਗਾਇਆ ਕਰਾਂਗਾ।

    18. ਕਿ ਤੂੰਏ ਮੇਰਾ ਕਿਲ੍ਹਾ ਹੈ,
    ਤੂੰਏ ਮਜ਼ਬੂਤ ਚਟਾਨ,
    ਹੈਂ ਤੂੰਏ ਮੇਰੀ ਪਨਾਹਗਾਰ,
    ਮੁਸੀਬਤ ਦੁੱਖ ਦੀ ਆਨ।

    19. ਐ ਮੇਰੀ ਕੁੱਵਤ, ਤੇਰੀ ਮੈਂ, ਤਾਰੀਫ਼ਾਂ ਗਾਵਾਂਗਾ,
    ਕਿ ਰੱਬ ਹੈ ਮੇਰੀ ਪਨਾਹਗਾਰ,
    ਹੈ ਮਿਹਰਬਾਨ ਖ਼ੁਦਾ।

  • ---

    1. ਸਾਨੂੰ ਤੂੰ ਹੈ ਰੱਦ ਕਰ ਦਿੱਤਾ,
    ਕੀਤਾ ਹੈ ਅਵਾਰਾ ਹਾਲ,
    ਸਾਥੋਂ ਤੂੰ ਨਾਰਾਜ਼ ਹੈਂ, ਰੱਬਾ,
    ਫਿਰ ਵੀ ਸਾਨੂੰ ਕਰ ਬਹਾਲ।

    2. ਧਰਤੀ ਕੰਬੀ ਤੇਰੇ ਕੋਲੋਂ,
    ਤੂੰ ਹੀ ਤੋਰਿਆ ਉਹਨੂੰ ਰੱਬ,
    ਹਿੱਲਦੀ ਹੈ ਤੇ ਥਰ-ਥਰ ਕੰਬਦੀ,
    ਮੇਲ ਹੁਣ ਉਹਦੇ ਰੱਖਣੇ ਸਭ।

    3. ਆਪਣੇ ਲੋਕਾਂ ਉੱਤੇ ਸਖ਼ਤੀ,
    ਤੂੰ ਏਂ ਕਰ ਵਿਖਲਾਈ ਹੈ,
    ਸਾਨੂੰ ਮਦ ਘਬਰਾਹਟ ਦੀ ਤੂੰ,
    ਐ ਖ਼ੁਦਾ, ਪਿਲਾਈ ਹੈ।

    4. ਝੰਡਾ ਦਿੱਤਾ ਉਹਨਾਂ ਨੂੰ ਤੂੰ,
    ਤੇਥੋਂ ਡਰਦੇ ਜੋ ਸਦਾ,
    ਸੱਚ ਦੇ ਜ਼ਾਹਿਰ ਹੋਵਣ ਲਈ,
    ਖੜ੍ਹਾ ਕੀਤਾ ਜਾਵੇਗਾ।

  • ---

    5. ਤਾਂ ਜੋ ਤੇਰੇ ਸਭ ਪਿਆਰੇ
    ਪਾਵਣ ਦੁੱਖਾਂ ਤੋਂ ਨਜਾਤ,
    ਤੂੰ ਬਚਾ ਲੈ ਸੱਜੇ ਹੱਥ ਨਾਲ,
    ਸੁਣ ਦੁਆਵਾਂ ਮੁਨਾਜਾਤ।

    6. ਰੱਬ ਪਾਕੀਜ਼ਗੀ ਵਿੱਚ ਫਰਮਾਂਦਾ,
    ਸੋ ਮੈਂ ਖ਼ੁਸ਼ੀ ਕਰਾਂਗਾ,
    ਨਾਪਾਂਗਾ ਸੁਕੋਤ ਦੀ ਵਾਦੀ,
    ਸ਼ੈੱਕੇਮ ਨੂੰ ਮੈਂ ਵੰਡਾਂਗਾ।

    7. ਹੈ ਗਿਲੀਆਦ ਮਿਰਾਸ ਵਿੱਚ ਮੇਰੀ,
    ਮੇਰਾ ਹੈ ਮੁਨੱਸੀ ਵੀ,
    ਇਫ਼ਰਾਈਮ ਤੇ ਮੇਰੇ ਸਿਰ ਦੀ,
    ਜਗ੍ਹਾ ਹੈ ਹਿਫਾਜ਼ਤ ਦੀ।

    8. ਮੇਰੇ ਲਈ ਠੀਕ ਯਹੂਦਾ,
    ਸਭ ਕਾਨੂੰਨ ਬਣਾਉਂਦਾ ਹੈ,
    ਇਹ ਮੋਆਬ ਇੱਕ ਮੇਰੇ ਵਾਸਤੇ,
    ਪੈਰ ਧੋਣੇ ਦਾ ਭਾਂਡਾ ਹੈ।

    9. ਮੈਂ ਚਲਾਵਾਂਗਾ ਅਦੂਮ ਤੇ,
    ਜੁੱਤੀ ਆਪਣੇ ਪੈਰਾਂ ਦੀ,
    ਐ ਫਲਿਸਤ, ਤੂੰ ਮੇਰੇ ਵਾਸਤੇ,
    ਖੂਬ ਵਜ੍ਹਾ ਸ਼ਾਦਿਆਨੇ ਵੀ।

  • ---

    10. ਕੌਣ ਹੈ ਉਹ ਜੋ ਮੁਹਕਮ ਸ਼ਹਿਰ ਦਾ,
    ਮੈਨੂੰ ਰਾਹ ਵਿਖਲਾਵੇਗਾ?
    ਕੌਣ ਅਦੂਮ ਦੀ ਧਰਤੀ ਤੀਕਰ,
    ਮੈਨੂੰ ਹੁਣ ਪਚਾਵੇਗਾ?

    11. ਐ ਖ਼ੁਦਾ, ਕੀ ਤੂੰ ਏਂ ਨਹੀਂ,
    ਜਿਸ ਨੇ ਕੀਤਾ ਸਾਨੂੰ ਦੂਰ,
    ਨਾਲ ਅਸਾਡੀ ਫੌਜਾਂ ਦੇ ਤੂੰ,
    ਨਹੀਂ ਸੀ ਚੱਲਿਆ, ਐ ਗਫ਼ੂਰ?

    12. ਜਦੋਂ ਦੁੱਖ ਮੁਸੀਬਤ ਹੋਵੇ,
    ਮਦਦ ਕਰਕੇ ਤੂੰ ਛੁਡਾ,
    ਆਦਮੀ ਉੱਤੇ ਆਸਰਾ ਰੱਖਣਾ,
    ਹੈ ਬੇ–ਫਾਇਦਾ, ਐ ਖ਼ੁਦਾ।

    13. ਬਣਾਂਗੇ ਬਹਾਦਰ ਅਸੀਂ,
    ਰੱਬ ਦੇ ਜ਼ੋਰ ਤੇ ਕੁੱਵਤ ਨਾਲ,
    ਸਭ ਅਸਾਡੇ ਦੁਸ਼ਮਣਾਂ ਨੂੰ,
    ਉਹੋ ਕਰੇਗਾ ਪਾਮਾਲ।

  • ---

    1. ਦੁਆ ਮੇਰੀ ਤੂੰ ਸੁਣ ਲੈ ਹੁਣ,
    ਤੇ ਰੋਣਾਂ, ਵੀ ਖ਼ੁਦਾਵੰਦਾ,
    ਕਿ ਮੈਂ ਆਪਣੀ ਉਦਾਸੀ ਵਿੱਚ ਵੀ
    ਤੈਨੂੰ ਯਾਦ ਕਰਾਂਗਾ।

    2. ਚਟਾਨ ਉੱਚੀ ਜੋ ਮੈਥੋਂ ਹੋ,
    ਪਚਾ ਦੇ ਮੈਨੂੰ ਉਹਦੇ ’ਤੇ,
    ਪਨਾਹ ਮੇਰੀ ਤੇ ਪੱਕਾ ਬੁਰਜ
    ਤੂੰ ਹੀ ਏਂ ਹੋ ਵੈਰੀਆਂ ਅੱਗੇ।

    3. ਮੈਂ ਤੇਰੇ ਪਾਕ ਘਰ ਦੇ ਵਿੱਚ,
    ਰਹਾਂਗਾ ਹੁਣ, ਖ਼ੁਦਾਵੰਦਾ,
    ਪਰਾਂ ਤੇਰਿਆਂ ਦੀ ਛਾਂ ਹੇਠਾਂ,
    ਪਨਾਹ, ਯਾ ਰੱਬ, ਮੈਂ ਪਾਵਾਂਗਾ।

    4. ਖ਼ੁਦਾਇਆ, ਮੇਰੀਆਂ ਨਜ਼ਰਾਂ ਤੂੰ
    ਖ਼ੁਸ਼ ਹੋ ਲੈ ਲਈਆਂ ਸਭੋ,
    ਤੂੰ ਉਹਨਾਂ ਵਾਂਗ ਵਿਰਸਾ ਵੀ
    ਦਿੱਤਾ ਜੋ ਰੱਖਦੇ ਤੇਰਾ ਭੌ।

    5. ਵਧਾਵੇਂਗਾ ਉਮਰ ਸ਼ਾਹ ਦੀ
    ਤੂੰ ਪੁਸ਼ਤਾਂ ਤੀਕ, ਯਾ ਰੱਬਾ,
    ਤੂੰ ਰਹਿਮਤ ਤੇ ਸੱਚਿਆਈ ਨਾਲ
    ਆਪ ਰਾਖਾ ਉਹਦਾ ਹੋਵੇਂਗਾ।

    6. ਸਦਾ ਤੀਕਰ ਤੇਰੇ ਨਾਂ ਦੀ
    ਅਸੀਂ ਤਾਰੀਫ਼ ਗਾਵਾਂਗੇ,
    ਤੇ ਤੇਰੇ ਸਾਹਮਣੇ ਹਰ ਰੋਜ਼
    ਨਜ਼ਰਾਨਾਂ ਆ ਚੜ੍ਹਾਵਾਂਗੇ।

  • ---

    1. ਖ਼ੁਦਾਵੰਦ ਨੂੰ ਉਡੀਕਦੀ ਰਹਿ,
    ਆਰਾਮ ਨਾਲ ਮੇਰੀ ਜਾਨ,
    ਕਿ ਉਸ ਤੋਂ ਮੇਰੀ ਹੈ ਨਜਾਤ,
    ਉਹ ਮੇਰੀ ਹੈ ਚਟਾਨ।

    2. ਉਹ ਮੇਰੀ ਜਾਨ ਦਾ ਕਿਲ੍ਹਾ ਹੈ,
    ਨਜਾਤ ਤੇ ਪਨਾਹਗਾਹ,
    ਸੋ ਮੈਂ ਤੇ ਆਪਣੀ ਜਗ੍ਹਾ ਤੋਂ,
    ਨਾ ਕਦੀ ਟਲਾਂਗਾ।

    3. ਕਦ ਤੀਕਰ ਹਮਲਾ ਕਰੋਗੇ,
    ਇੱਕ ਮਰਦ ਵਿਚਾਰੇ ’ਤੇ?
    ਕਦ ਤੀਕਰ ਪਿੱਛੇ ਰਹੋਗੇ,
    ਹਾਂ ਉਸਦੀ ਜਾਨ ਹੀ ਦੇ?

    4. ਤੇ ਉਹਦਾ ਹਾਲ ਅਜਿਹਾ ਹੈ,
    ਜਿਉਂ ਉੱਲਰੀ ਹੋਈ ਦਿਵਾਰ,
    ਹਾਲ ਉਹਦਾ ਹੈ ਉਸ ਵਾੜ ਦੇ ਵਾਂਗ,
    ਜੋ ਡਿੱਗਣ ਨੂੰ ਤਿਆਰ।

    5. ਮਨਸੂਬੇ ਮਿਲਕੇ ਬੰਨ੍ਹਦੇ ਹਨ,
    ਸਭ ਆਪੋ ਵਿੱਚ ਬਦਕਾਰ,
    ਕਿ ਉਹਨੂੰ ਉਹਦੇ ਦਰਜੇ ਤੋਂ,
    ਹੁਣ ਦੇਈਏ ਹੇਠ ਉਤਾਰ।

    6. ਉਹ ਝੂਠੀ–ਮੂਠੀ ਮੂੰਹ ਦੇ ਨਾਲ,
    ਹੁਣ ਬਰਕਤ ਘੱਲਦੇ ਹਨ,
    ਪਰ ਆਪਣੇ ਦਿਲ ਦੇ ਅੰਦਰ ਉਹ,
    ਸਾਫ਼ ਲਾਹਨਤ ਕਰਦੇ ਹਨ।

  • ---

    7. ਖ਼ੁਦਾਵੰਦ ਨੂੰ ਉਡੀਕਦੀ ਰਹਿ
    ਆਰਾਮ ਨਾਲ ਮੇਰੀ ਜਾਨ,
    ਕਿ ਉਸ ਤੋਂ ਮੇਰੀ ਹੈ ਉਮੀਦ,
    ਉਹ ਮੇਰੀ ਹੈ ਚਟਾਨ।

    8. ਉਹ ਮੇਰੀ ਜਾਨ ਦਾ ਕਿਲ੍ਹਾ ਹੈ,
    ਨਜਾਤ ਤੇ ਪਨਾਹਗਾਹ,
    ਸੋ ਮੈਂ ਤੇ ਆਪਣੀ ਜਗ੍ਹਾ ਤੋਂ
    ਨਾ ਕਦੀ ਟਲਾਂਗਾ।

    9. ਖ਼ੁਦਾ ਤੋਂ ਮੇਰੀ ਹੈ ਨਜਾਤ,
    ਹੈ ਉਸ ਤੋਂ ਮੇਰੀ ਸ਼ਾਨ,
    ਖ਼ੁਦਾਵੰਦ ਮੇਰੀ ਪਨਾਹ ਹੈ,
    ਜ਼ੋਰ ਮੇਰੇ ਦੀ ਚਟਾਨ।

    10. ਆਸ ਉਹਦੇ ਉੱਤੇ ਰੱਖੋ ਸਭ,
    ਐ ਉੱਮਤੋ, ਸਦਾ
    ਝੁਕਾਓ ਉਹਦੇ ਅੱਗੇ ਦਿਲ,
    ਕਿ ਉਹੋ ਹੈ ਖ਼ੁਦਾ।

  • ---

    11. ਕੰਮ ਕਰਦੇ ਲੋਕ ਬੇਹੁਦਾ ਹਨ,
    ਤੇ ਝੂਠੇ ਆਲੀਸ਼ਾਨ,
    ਉਹ ਝੂਠੇ ਹੋ ਕੇ ਨਿਕਲਣਗੇ,
    ਜਦ ਹੋਵੇਗਾ ਨਿਆਂ।

    12. ਲੁੱਟ-ਪੁੱਟ ਕੇ ਨਾ ਬੇਹੁਦਾ ਬਣ,
    ਨਾ ਰੱਖ ਜ਼ੁਲਮ ’ਤੇ ਆਸ,
    ਧਨ ਦੌਲਤ ਉੱਤੇ ਦਿਲ ਨਾ ਲਾ,
    ਖਵਾਹ ਕਿਤਨੀ ਹੋਵੇ ਪਾਸ।

    13. ਇੱਕ ਵਾਰੀ ਰੱਬ ਫਰਮਾਇਆ ਹੈ,
    ਮੈਂ ਸੁਣਿਆ ਹੈ ਦੋ ਵਾਰ,
    ਖ਼ੁਦਾਵੰਦ ਕੋਲੋਂ ਹੁੰਦਾ ਹੈ,
    ਸਭ ਕੁੱਵਤ ਦਾ ਇਜ਼ਹਾਰ,

    14. ਤੇ ਰਹਿਮਤ ਤੂੰ ਹੀ ਕਰਨਾ ਏਂ,
    ਰਹੀਮ ਖ਼ੁਦਾਵੰਦਾ,
    ਹਰ ਇੱਕ ਨੂੰ ਉਸਦੇ ਕੰਮਾਂ ਦਾ,
    ਤੂੰ ਬਦਲਾ ਦੇਵੇਂਗਾ।

  • ---

    ਤੜਕੇ ਮੈਂ ਤੈਨੂੰ ਢੂੰਡਾਂ,
    ਯਾ ਰੱਬ ਮੇਰੇ ਖ਼ੁਦਾਇਆ।

    1. ਮੇਰੀ ਜਾਨ ਤੇਰੀ ਤਿਹਾਈ,
    ਤਨ ਮੇਰਾ ਖੁਸ਼ਕ ਸਾਈ,
    ਧੁੱਪ ਨੇ ਜ਼ਮੀਨ ਜਲਾਈ,
    ਮੈਂ ਵੀ ਹਾਂ ਤੇਰਾ ਤਿਹਾਇਆ।

    2. ਮੈਂ ਵੇਖਾਂ ਤੇਰੀ ਕੁਦਰਤ,
    ਨਾਲੇ ਤੇਰਾ ਜ਼ੋਰ ਤੇ ਹਸ਼ਮਤ,
    ਜਿਹਾ ਤੇਰੇ ਘਰ ਮੁਕੱਦਸ,
    ਵਿੱਚ ਮੈਨੂੰ ਨਜ਼ਰੀਂ ਆਇਆ।

    3. ਤੇਰੀ ਜੋ ਮਿਹਰਬਾਨੀ,
    ਬਿਹਤਰ ਕਿ ਜ਼ਿੰਦਗਾਨੀ,
    ਹੋਵੇ ਮੇਰੀ ਜ਼ਬਾਨੀਂ,
    ਵਡਿਆਈ ਵੀ, ਖ਼ੁਦਾਇਆ।

    4. ਜਦ ਤਕ ਮੈਂ ਜਿਉਂਦਾ ਰਹਾਂਗਾ,
    ਧੰਨਵਾਦ ਤੈਨੂੰ ਕਹਾਂਗਾ,
    ਨਾਂ ਤੇਰਾ ਜਾ ਮੈਂ ਲਵਾਂਗਾ,
    ਹੱਥ ਆਪਣਾ ਤਾਂਹ ਉਠਾਇਆ।

    5. ਰੱਜ ਮੇਰੀ ਜਾਨ ਜਾਵੇ,
    ਜਿਉਂ ਚਰਬੀ ਗੁਦਾ ਖਾਵੇ,
    ਮੂੰਹ ਮੇਰਾ ਗੀਤ ਗਾਵੇ,
    ਖ਼ੁਸ਼ੀਆਂ ਦੇ ਵਿੱਚ ਜੋ ਆਇਆ।

    6. ਰਾਤੀ ਜਦੋਂ ਮੈਂ ਸੌਂਦਾਂ,
    ਤੇਰੇ ਖਿਆਲ ਵਿੱਚ ਭਾਉਂਦਾ,
    ਤੇਰੇ ਪਰਾਂ ਦੇ ਹੇਠਾਂ,
    ਖ਼ੁਸ਼ ਰਹਿੰਦਾ ਹਾਂ, ਖ਼ੁਦਾਇਆ।

    7. ਤੇਰੇ ਨਾਲ ਪ੍ਰੀਤ ਹੈ ਮੇਰੀ,
    ਹੱਥ ਤੇਰਾ ਦਏ ਦਲੇਰੀ,
    ਜੋ ਚਾਹੁੰਦੇ ਜਾਨ ਮੇਰੀ,
    ਮਤਾ ਮਾਰ ਦਾ ਪਕਾਇਆ।

    8. ਜਾਵਣ ਪਾਤਾਲ ਉਹ ਸਾਰੇ,
    ਤਲਵਾਰ ਨਾਲ ਮਾਰੇ,
    ਬਦਹਾਲ ਮੋਏ ਵਿਚਾਰੇ,
    ਗਿੱਦੜਾਂ ਨੇ ਸਭ ਨੂੰ ਖਾਇਆ।

    9. ਰੱਬ ਤੋਂ ਖ਼ੁਸ਼ੀ ਸ਼ਾਹ ਪਾਉਂਦਾ,
    ਉਸ ਦੀ ਕਸਮ ਜੋ ਖਾਂਦਾ,
    ਖ਼ੁਸ਼ ਹੋ ਖ਼ੁਸ਼ੀ ਮਨਾਉਂਦਾ,
    ਝੂਠੇ ਨੂੰ ਚੁੱਪ ਕਰਾਇਆ।

  • ---

    1. ਜਦ ਤੇਥੋਂ ਕਰਾਂ ਮੈਂ ਫਰਿਆਦ
    ਆਵਾਜ਼ ਸੁਣ, ਐ ਖ਼ੁਦਾ,
    ਤੇ ਦੁਸ਼ਮਣਾਂ ਦੀ ਦਹਿਸ਼ਤ ਤੋਂ
    ਤੂੰ ਮੇਰੀ ਜਾਨ ਬਚਾ।

    2. ਖ਼ੁਦਾਇਆ ਤੂੰ ਸ਼ਰੀਰਾਂ ਦੀ
    ਪੋਸ਼ੀਦਾ ਸਲਾਹ ਤੋਂ,
    ਬਦਕਾਰਾਂ ਦੇ ਹੰਗਾਮੇ ਤੋਂ,
    ਤੂੰ ਮੈਨੂੰ ਲੈ ਬਚਾ।

    3. ਉਹ ਆਪਣੀ ਕਰਦੇ ਤੇਜ਼ ਜ਼ੁਬਾਨ
    ਜਿਉਂ ਹੁੰਦੀ ਹੈ ਤਲਵਾਰ,
    ਤੇ ਮੂੰਹੋਂ ਸਾਰੀਆਂ ਗੱਲਾਂ ਦੇ
    ਉਹ ਦੇਂਦੇ ਤੀਰ ਚਲਾ।

    4. ਕਿ ਛੁੱਪ ਕੇ ਕਾਮਲ ਬੰਦੇ ਨੂੰ
    ਉਹ ਜਾਨੋਂ ਸੁੱਟਣ ਮਾਰ,
    ਅਚਾਨਕ ਤੀਰ ਚਲਾਂਦੇ ਹਨ
    ਨਾ ਰੱਖਦੇ ਖੌਫ਼ ਜ਼ਰਾ।

    5. ਇੱਕ ਭੈੜੇ ਕੰਮ ਵਿੱਚ ਆਪਣੇ ਨੂੰ
    ਵਧਾਂਦੇ ਜਾਂਦੇ ਹਨ,
    ਤੇ ਛੁੱਪ ਕੇ ਫਾਹੀ ਲਾਵਣ ਦੀ
    ਉਹ ਕਰਦੇ ਹਨ ਸਲਾਹ।

    6. ਉਹ ਕਹਿੰਦੇ ਹਨ ਕਿ ਕਿਹੜਾ
    ਹੈ ਜੋ ਵੇਖੇ ਸਾਨੂੰ ਵੀ,
    ਉਹ ਖੋਜ ਤਾਂ ਲਾਂਦੇ ਰਹਿੰਦੇ ਹਨ,
    ਸਭ ਭੈੜੇ ਕੰਮਾਂ ਦੀ।

    7. ਉਹ ਕਹਿੰਦੇ ਹਨ, ਕਿ ਕੀਤੀ ਹੈ,
    ਕਿਆ ਅਸਾਨ ਖੂਬ ਤਦਬੀਰ,
    ਸ਼ਰੀਰ ਦਾ ਭੈੜਾ ਬਾਤਿਨ ਹੈ
    ਦਿਲ ਡੂੰਘਾ ਬੁਰਿਆਂ ਦਾ।

    8. ਰੱਬ ਉਹਨਾਂ ’ਤੇ ਚਲਾਵੇਗਾ
    ਅਚਾਨਕ ਆਪਣੇ ਤੀਰ,
    ਤੇ ਹਰ ਇੱਕ ਉਹਨਾਂ ਵਿੱਚੋਂ
    ਤਦ ਜ਼ਖ਼ਮੀ ਹੋ ਜਾਵੇਗਾ।

    9. ਆਪਣੀ ਜ਼ੁਬਾਨ ਦੀ ਫ਼ਾਹੀ ਵਿੱਚ
    ਉਹ ਆਪ ਫਸ ਜਾਵਣਗੇ,
    ਹਾਲ ਉਹਨਾਂ ਦਾ ਜੋ ਵੇਖਣਗੇ,
    ਲੰਘਣਗੇ ਸਿਰ ਹਿਲਾ।

    10. ਸਭ ਆਦਮੀ ਡਰਕੇ ਕਰਨਗੇ
    ਖ਼ੁਦਾ ਦੇ ਕੰਮ ਬਿਆਨ,
    ਉਹ ਸਮਝਣਗੇ ਧਿਆਨ ਦੇ ਨਾਲ,
    ਸਭ ਕੰਮ ਖ਼ੁਦਾਵੰਦ ਦਾ।

    11. ਆਸ ਸਾਦਿਕ ਦੀ ਰੱਬ ਉੱਤੇ ਹੈ,
    ਉਹ ਉਸ ਵਿੱਚ ਹੈ ਅਨੰਦ,
    ਸਭ ਸਿੱਧੇ ਦਿਲ ਦੇ ਰੱਖਣ ਮਾਣ,
    ਖ਼ੁਦਾਵੰਦ ’ਤੇ ਸਦਾ

  • ---

    1. ਸਿਓਨ ਦੇ ਵਿੱਚ ਚੁੱਪ ਕੀਤੇ ਉਡੀਕਦੇ ਤੇਰਾ ਰਾਹ,
    ਚੜ੍ਹਾਂਦੇ ਤੈਨੂੰ ਨਜ਼ਰਾਂ ਤੇ ਗਾਉਂਦੇ ਹਨ ਸਨਾ।

    2. ਦੁਆ ਦਾ ਸੁਣਨੇ ਵਾਲਾ ਹੈਂ ਤੂੰ ਏਂ, ਐ ਰਹਿਮਾਨ,
    ਤੇ ਆਵਣਗੇ ਕੋਲ ਤੇਰੇ ਸਭ ਜਿੰਨੇ ਹਨ ਇਨਸਾਨ।

    3. ਗ਼ੁਨਾਹ ਨੇ ਮੈਨੂੰ ਢਾਇਆ, ਖ਼ੁਦਾਵੰਦ ਪਾਕ ਖ਼ੁਦਾ,
    ਕਫ਼ਾਰਾ ਦਿੰਦਾ ਤੂੰ ਏਂ ਅਸਾਡੇ ਪਾਪਾਂ ਦਾ।

    4. ਤੂੰ ਚੁਣਿਆ ਜਿਸ ਨੂੰ, ਯਾ ਰੱਬ, ਮੁਬਾਰਿਕ ਉਹ ਇਨਸਾਨ,
    ਨਜ਼ਦੀਕੀ ਬਖ਼ਸ਼ੀ ਉਸ ਨੂੰ, ਵਧਾਈ ਉਹਦੀ ਸ਼ਾਨ।

    5. ਬਾਰਗਾਹ ਵਿੱਚ ਤੇਰੀ ਵੱਸੇ, ਤਾਂ ਹੋਵੇ ਖੂਬ ਨਿਹਾਲ,
    ਰੱਜਾਂਗੇ ਅਸੀਂ ਤੇਰੇ ਪਾਕ ਘਰ ਦੀ ਖੂਬੀ ਨਾਲ।

    6. ਛੁਡਾਣੇ ਵਾਲੇ ਰੱਬਾ, ਤੂੰ ਸਾਡੀ ਅਰਜ਼ਾਂ ਦਾ,
    ਡਰ ਵਾਲਾ ਉੱਤਰ ਸਾਨੂੰ ਨਿਆਂ ਨਾਲ ਦੇਵੇਂਗਾ।

    7. ਸਰਹੱਦਾਂ ਤੇ ਸਭ ਕੰਢੇ ਜ਼ਮੀਨ ਸਮੁੰਦਰ ਦੇ,
    ਖ਼ੁਦਾਇਆ, ਤੇਰੇ ਉੱਤੇ ਭਰੋਸਾ ਰੱਖਣਗੇ।

  • ---

    8. ਹੈ ਤੂੰ ਏ ਜੋ ਲੱਕ ਬੱਧਾ,
    ਸਭ ਜ਼ੋਰ ਤੇ ਕੁੱਵਤ ਨਾਲ,
    ਪਹਾੜ ਹਨ ਸਭ ਖਲੋਤੇ,
    ਸਿਰਫ਼ ਤੇਰੀ ਕੁਦਰਤ ਨਾਲ।

    9. ਸਮੁੰਦਰ ਦਾ ਸਭ ਜੋਸ਼ ਵੀ,
    ਤੇ ਜ਼ੋਰ ਸਭ ਠਾਠਾਂ ਦਾ,
    ਮੌਕੂਫ਼ ਕਰਾਉਂਦਾ ਤੂੰ ਏ,
    ਸ਼ੋਰ ਗੁੱਲ ਵੀ ਕੌਮਾਂ ਦਾ।

    10. ਜ਼ਮੀਨ ਦਿਆਂ ਕੰਢਿਆ ਤੀਕਰ,
    ਜੋ ਕੌਮਾਂ ਹਨ ਅਬਾਦ,
    ਅਜਾਇਬ ਕੰਮ ਸਭ ਤੇਰੇ,
    ਨਾਲ ਖੌਫ਼ ਦੇ ਰੱਖਾਂ ਯਾਦ।

    11. ਜਿਸ ਜਾ ਤੋਂ ਲਾਲੀ ਧੂੰਮਦੀ,
    ਤੇ ਸ਼ਾਮ ਪੈ ਜਾਂਦੀ ਹੈ,
    ਉਹ ਜਗ੍ਹਾ ਤੁਦ ਵਿੱਚ,
    ਯਾ ਰੱਬ, ਖ਼ੁਸ਼ੀਆਂ ਮਨਾਂਦੀ ਹੈ।

    12. ਜ਼ਮੀਨ ਤਿਹਾਈ ਵੇਖਕੇ,
    ਰਜਾਂਦਾ ਪਾਣੀ ਨਾਲ,
    ਖ਼ੁਦਾ ਦੀ ਵੱਡੀ ਨਹਿਰ ਤੋਂ,
    ਤੂੰ ਕਰਦਾ ਮਾਲਾਮਾਲ।

    13. ਰੇਘਾੜੀਆਂ ਵੀ ਉਹਦੀਆਂ,
    ਤੂੰ ਸਭ ਤਰ ਕਰਦਾ ਹੈਂ,
    ਤੇ ਉਹਦੇ ਸਾਰੇ ਢੇਲੇ,
    ਬਰਾਬਰ ਕਰਦਾ ਹੈਂ।

    14. ਬਰਸਾਤਾਂ ਦਾ ਮੀਂਹ ਘੱਲਕੇ,
    ਨਰਮ ਉਹਨੂੰ ਕਰਨਾ ਹੈਂ,
    ਤੂੰ ਉੱਗਣ ਦੇ ਵਿੱਚ ਉਸ ਦੇ,
    ਤੂੰ ਬਰਕਤ ਦੇਨਾ ਹੈਂ।

    15. ਤੂੰ ਰਹਿਮਤ ਨਾਲ ਸਾਲ ਉੱਤੇ,
    ਇੱਕ ਤਾਜ ਰਖਾਂਦਾ ਹੈਂ,
    ਜਿਸ ਰਾਹ ਤੋਂ ਤੂੰ ਲੰਘ ਜਾਵੇਂ,
    ਤੇਲ ਵੱਗਦਾ ਜਾਂਦਾ ਹੈ।

    16. ਜੰਗਲਾਂ ਦੀ ਚਰਗਾਹ ’ਤੇ,
    ਕਿਆ ਬੂੰਦਾਂ ਪੈਂਦੀਆਂ ਹਨ,
    ਪਹਾੜੀਆਂ ਸਭ ਵੱਲੋਂ,
    ਖ਼ੁਸ਼ੀਆਂ ਮਨਾਉਂਦੀਆਂ ਹਨ।

  • ---

    1. ਖ਼ੁਦਾਵੰਦ ਦੇ ਵੱਲ ਕੁੱਲ ਜ਼ਮੀਨ,
    ਲਲਕਾਰੇ ਖ਼ੁਸ਼ੀਆਂ ਨਾਲ,
    ਬਜ਼ੁਰਗੀ ਉਹਦੀ ਗਾਵੇ ਵੀ,
    ਹਮਦ ਉਹਦੀ ਲਹਿਰਾਂ ਨਾਲ।

    2. ਤਾਰੀਫ਼ ਓਹਦੀ ਹੁਣ ਗਾਓ,
    ਤੇ ਬੋਲੋ ਜੈ ਜੈ ਕਾਰ,
    ਖ਼ੁਦਾ ਨੂੰ ਆਖੋ ਕਿਆ ਹੀ ਹਨ,
    ਸਭ ਤੇਰੇ ਕੰਮ ਸ਼ਾਨਦਾਰ।

    3. ਹੈ ਤੇਰੀ ਕੁਦਰਤ ਬੇਸ਼ੁਮਾਰ,
    ਹਨ ਤੇਰੇ ਦੁਸ਼ਮਣ ਸਭ,
    ਖ਼ੁਸ਼ਾਮਦ ਤੇਰੀ ਕਰਨਗੇ,
    ਦੱਬ ਜਾਣਗੇ ਤੇਥੋਂ, ਰੱਬ।

    4. ਕਰੇਗੀ ਸਿਜਦਾ ਕੁੱਲ ਜ਼ਮੀਨ,
    ਤੇ ਸਿਰ ਝੁਕਾਵੇਗੀ।
    ਤੇ ਹਾਰ ਇੱਕ ਜਾਨ ਜੋ ਉਸ ਵਿੱਚ ਹੈ,
    ਤਾਰੀਫ਼ਾਂ ਗਾਵੇਗੀ।

    5. ਹੁਣ ਆਓ, ਵੇਖੋ ਕਰਦਾ ਹੈ,
    ਕੀ ਕੰਮ ਖ਼ੁਦਾਵੰਦ ਪਾਕ,
    ਕੰਮ ਉਹਦੇ ਬਨੀ ਆਦਮ ’ਤੇ,
    ਹਨ ਡਾਢੇ ਹੈਬਤਨਾਕ।

    6. ਸਮੁੰਦਰ ਬਦਲਿਆ ਖੁਸ਼ਕੀ ਨਾਲ,
    ਰਾਹ ਕੀਤਾ ਉਸ ਤਿਆਰ,
    ਤੇ ਪੈਦਲ ਅਗਾਹ ਲੰਘਦੇ ਉਹ,
    ਸਲਾਮਤ ਦਰਿਆ ਪਾਰ।

    7. ਦਿਲ ਸਾਡਾ ਓਥੇ ਹੋਇਆ ਸੀ,
    ਉਸ ਰੱਬ ਤੋਂ ਖੂਬ ਨਿਹਾਲ,
    ਜੋ ਸਦਾ ਤੀਕਰ ਕਰਦਾ ਰਾਜ,
    ਹੈ ਆਪਣੀ ਕੁਦਰਤ ਨਾਲ।

    8. ਖ਼ੁਦਾਵੰਦ ਸਭਨਾਂ ਕੌਮਾਂ ਨੂੰ, ਹਾਂ ਆਪੇ ਦਿੰਦਾ ਹੈ,
    ਮਨੁੱਖ ਜੋ ਉਸ ਤੋਂ ਬਾਗੀ ਹੈ, ਕਿਉਂ ਉੱਚਾ ਹੁੰਦਾ ਹੈ?

  • ---

    9. ਸਾਰਿਓ ਲੋਕੋ ਸਾਡੇ ਰੱਬ ਨੂੰ, ਧੰਨ ਧੰਨ ਆਖ ਕੇ ਗਾਓ,
    ਉਹਦੀ ਉਸਤਤ ਦੇ ਵਿੱਚ ਸਭੋ ਖ਼ੁਸ਼ ਅਵਾਜ਼ ਸੁਣਾਓ।

    10. ਸਾਡੀ ਜਿੰਦੜੀ ਨੂੰ ਹਯਾਤੀ ਆਪ ਅਤਾ ਫਰਮਾਵੇ,
    ਸਾਡੇ ਪੈਰਾਂ ਨੂੰ ਖ਼ੁਦਾਵੰਦ ਤਿਲਕਣ ਤੋਂ ਬਚਾਵੇ।

    11. ਐ ਖ਼ੁਦਾਵੰਦ, ਤੂੰ ਤੇ ਸਾਨੂੰ ਆਪੇ ਹੈ ਅਜ਼ਮਾਇਆ,
    ਤਾਇਆ ਤੂੰ ਅਜਿਹਾ ਸਾਨੂੰ ਜਿਉਂ ਰੁਪਏ ਨੂੰ ਤਾਇਆ।

    12. ਸਾਡਿਆਂ ਲੱਕਾਂ ’ਤੇ ਦੁੱਖ ਬੱਧਾ, ਫਾਹੇ ਵਿੱਚ ਫਸਾਇਆ,
    ਤੂੰ ਹੀ ਸਾਡਿਆਂ ਸਿਰਾਂ ਉੱਤੇ ਲੋਕਾਂ ਨੂੰ ਚੜ੍ਹਾਇਆ।

    13. ਪਾਣੀ, ਅੱਗ ਵਿੱਚ ਪਾਏ, ਪਰ ਖ਼ੁਦਾਇਆ ਤੂੰ ਏ,
    ਸਾਨੂੰ ਕੱਢ ਕੇ ਚੰਗੀ ਥਾਂ ਵਿੱਚ ਆਪ ਪੁਚਾਇਆ ਤੂੰ ਏ।

    14. ਸੋਖ਼ਤਨੀ ਕੁਰਬਾਨੀ ਲੈ ਕੇ ਤੇਰੇ ਘਰ ਵਿੱਚ ਜਾਵਾਂ,
    ਤੇਰੇ ਅੱਗੇ, ਐ ਖ਼ੁਦਾਵੰਦ, ਨਜ਼ਰਾਂ ਸਭ ਚੜ੍ਹਾਵਾਂ।

    15. ਜਿਹੜੀਆਂ ਆਪਣੇ ਮੂੰਹੋਂ ਮੰਨੀਆਂ, ਦੁੱਖ ਜਦ ਸਿਰ ’ਤੇ ਆਇਆ,
    ਉਹ ਸਭ ਗੁਜ਼ਾਰਾਂਗਾ ਮੈਂ, ਮੇਰੇ ਪਾਕ ਖ਼ੁਦਾਇਆ।

    16. ਪਾਲੇ ਹੋਏ ਵੱਛੇ ਬੱਕਰੀ, ਭੇਡਾਂ ਦੀ ਖੁਸ਼ਬੋਈ,
    ਸੋਖ਼ਤਨੀ ਕੁਰਬਾਨੀ, ਰੱਬਾ, ਤੇਰੇ ਅੱਗੇ ਢੋਈ।

  • ---

    17. ਖ਼ੁਦਾ ਤਰਸੋ ਆਓ, ਸੁਣੋ ਇਹ ਬਿਆਨ,
    ਮੇਰੇ ਉੱਤੇ ਰੱਬ ਨੇ ਜੋ ਕੀਤੇ ਅਹਿਸਾਨ।

    18. ਮੈਂ ਚਿੱਲਾਇਆ ਮੂੰਹ ਨਾਲ ਰੱਬ ਦੇ ਹਜ਼ੂਰ,
    ਤੇ ਉਹਦੀ ਸਿਤਾਇਸ਼ ਦੇ ਗਾਏ ਜ਼ਬੂਰ।

    19. ਬਦੀ ਮੇਰੇ ਦਿਲ ਵਿੱਚ ਜੇ ਹੋਵੇ ਜ਼ਰਾ,
    ਕਦੀ ਵੀ ਨਾ ਮੇਰੀ ਸੁਣੇਗਾ ਖ਼ੁਦਾ।

    20. ਸੁਣੀ ਪਰ ਖ਼ੁਦਾ ਨੇ ਮੇਰੀ ਬਾਰ ਬਾਰ,
    ਸੁਣੀ ਧਰਕੇ ਕੰਨ, ਉਸਨੇ ਮੇਰੀ ਪੁਕਾਰ।

    21. ਮੁਬਾਰਿਕ ਖ਼ੁਦਾ ਹੈ, ਮੁਬਾਰਿਕ ਖ਼ੁਦਾ,
    ਦੁਆ ਸੁਣਦਾ ਕਰਦਾ ਹੈ ਰਹਿਮਤ ਸਦਾ।

  • ---

    1. ਰੱਬ ਅਸਾਡਾ, ਸਾਡੇ ਉੱਤੇ ਆਪਣਾ ਰਹਿਮ ਵਿਖਾਵੇ,
    ਬਰਕਤ ਦੇਵੇ ਚਿਹਰਾ ਆਪਣਾ ਸਾਡੇ ’ਤੇ ਚਮਕਾਵੇ।

    2. ਤੇਰਾ ਰਾਹ ਇਸ ਧਰਤੀ ਉੱਤੇ, ਯਾ ਰੱਬ, ਜਾਤਾ ਜਾਵੇ,
    ਸਭ ਕੌਮਾਂ ਵਿੱਚ ਤੇਰੀ ਮੁਕਤੀ, ਸਾਫ਼ ਪਛਾਣੀ ਜਾਵੇ।

    3. ਐ ਖ਼ੁਦਾ, ਸਭ ਲੋਕੀ ਤੇਰੀ ਉਸਤਤ ਤੇ ਵਡਿਆਈ,
    ਤੇਰੀ ਉਸਤਤ, ਤੇਰੀ ਮਹਿਮਾ ਗਾਵੇ ਸਭ ਲੋਕਾਈ।

    4. ਸਾਰੀਆਂ ਕੌਮਾਂ ਆਪਸ ਅੰਦਰ ਖ਼ੁਸ਼ੀ ਮਨਾਵਣ ਤੇਰੀ,
    ਖ਼ੁਸ਼ੀਆਂ ਦੇ ਵਿੱਚ ਲਹਿਰਾਂ ਦੇ ਨਾਲ ਉਸਤਤ ਗਾਵਣ ਤੇਰੀ।

    5. ਕਿਉਂ ਜੋ ਲੋਕਾਂ ਦੀ ਅਦਾਲਤ ਤੂੰ ਹੀ ਆਪ ਚੁਕਾਵੇਂ,
    ਧਰਤੀ ਉੱਪਰ ਉੱਮਤਾਂ ਨੂੰ ਤੂੰ ਹੀ ਰਾਹ ਵਿਖਲਾਵੇਂ।

    6. ਐ ਖ਼ੁਦਾ, ਲੋਕ ਗਾਵਣ ਤੇਰੀ ਉਸਤਤ ਤੇ ਵਡਿਆਈ,
    ਤੇਰੀ ਉਸਤਤ, ਤੇਰੀ ਮਹਿਮਾ ਗਾਵੇ ਸਭ ਲੋਕਾਈ।

    7. ਹੋਵੇਗੀ ਹੁਣ ਧਰਤੀ ਉੱਤੇ, ਪੈਦਾਵਾਰ ਬਥੇਰੀ,
    ਸਾਨੂੰ ਦੇਵੇਗਾ ਰੱਬ ਸਾਡਾ, ਬਰਕਤ ਆਪ ਘਣੇਰੀ।

    8. ਬਰਕਤ ਦੇਵੇਗਾ ਰੱਬ ਸਾਡਾ ਧਰਤੀ ਦੇ ਕਿਨਾਰੇ,
    ਕੰੰਬਣਗੇ ਸਭ ਲੋਕ ਖ਼ੁਦਾ ਤੋਂ ਮੰਨਣਗੇ ਡਰ ਸਾਰੇ।

  • ---

    1. ਰੱਬ ਉੱਤੇ ਉਹਦੇ ਵੈਰੀ, ਸਭ ਨਿੱਖੜ ਪੁੱਖੜ ਜਾਣ,
    ਤੇ ਉਹਦੇ ਸਾਰੇ ਦੁਸ਼ਮਣ, ਉਸ ਕੋਲੋਂ ਭਾਜੜ ਖਾਣ।

    2. ਦੂਰ ਦਫ਼ਾ ਕਰ ਸਭ ਵੈਰੀ, ਜਿਉਂ ਉੱਡ-ਪੁੱਡ ਜਾਂਦਾ ਧੂੰ,
    ਅੱਗ ਉੱਤੇ ਮੋਮ ਜਿਉਂ ਪਿਘਲੇ, ਪਿਘਲਾ ਸ਼ਰੀਰਾਂ ਨੂੰ।

    3. ਪਰ ਸਾਦਿਕ ਰੱਬ ਦੇ ਅੱਗੇ, ਖ਼ੁਸ਼ ਹੋਵਣ ਤੇ ਖ਼ੁਸ਼ਹਾਲ,
    ਤੇ ਫੁੱਲੇ ਨਾ ਸਮਾਵਣ, ਭਰ ਜਾਵਣ ਖ਼ੁਸ਼ੀਆਂ ਨਾਲ।

    4. ਖ਼ੁਦਾਵੰਦ ਦੇ ਗੀਤ ਗਾਓ, ਖ਼ੁਦਾਵੰਦ ਦੀ ਸਨਾ,
    ਤੇ ਉਹਦੇ ਵਾਸਤੇ ਕਰੋ, ਤਿਆਰ ਇੱਕ ਖੁੱਲ੍ਹਾ ਰਾਹ।

    5. ਜੋ ਆਪਣੇ ਹੀ ਨਾਂ ਯਾਹ ਤੋਂ, ਸਵਾਰ ਹੋ ਆਉਂਦਾ ਹੈ,
    ਤੇ ਬੀਆਬਾਨ ਵਿੱਚੋਂ ਉਹ ਗੁਜ਼ਰ ਜਾਂਦਾ ਹੈ।

    6. ਖ਼ੁਸ਼ ਹੋ ਸਭ ਉਹਦੇ ਸਾਹਮਣੇ, ਉਹ ਬਾਪ ਯਤੀਮਾਂ ਦਾ,
    ਉਹ ਰਹਿੰਦਿਆਂ ਦਾ ਹੈ ਵਾਲੀ, ਪਾਕ ਮਕਾਨ ਵਿੱਚ ਖ਼ੁਦਾ।

    7. ਇਕੱਲਿਆਂ ਨੂੰ ਖ਼ੁਦਾਵੰਦ ਘਰ ਵਿੱਚ ਵਸਾਂਦਾ ਹੈ,
    ਛੁਡਾ ਕੇ ਕੈਦੀਆਂ ਨੂੰ, ਖ਼ੁਸ਼ਹਾਲ ਬਣਾਂਦਾ ਹੈ।

    8. ਜੋ ਤੇਥੋਂ ਮੂੰਹ ਹਨ ਮੋੜਦੇ, ਤੇ ਸਰਕਸ਼ ਰਹਿੰਦੇ ਹਨ,
    ਅਜਿਹੇ ਖੁਸ਼ਕ ਜ਼ਮੀਨ ਵਿੱਚ, ਬਸੇਰਾ ਕਰਦੇ ਹਨ।

  • ---

    9. ਤੂੰ ਜਦੋਂ ਅੱਗੇ ਅੱਗੇ,
    ਤੂੰ ਪਿਆ ਸੈਂ ਆਪਣੇ ਲੋਕਾਂ ਦੇ,
    ਜਦੋਂ ਤੂੰ ਲੰਘਿਆ ਸੈਂ,
    ਜੰਗਲਾਂ ਵਿੱਚੋਂ, ਖ਼ੁਦਾਵੰਦਾ।

    10. ਜ਼ਮੀਨ ਤਦ ਕੰਬੀ ਤੇ,
    ਅਸਮਾਨ ਵੀ ਸਾਹਮਣੇ ਰੱਬ ਦੇ,
    ਹਾਂ ਇਸਰਾਏਲ ਦੇ ਰੱਬ,
    ਅੱਗੇ ਥਰ-ਥਰ ਕੰਬਿਆ ਸਿਨਾਈ।

    11. ਤੂੰ ਆਪਣੀ ਬਖ਼ਸ਼ਿਸ਼ਾਂ ਦਾ ਮੀਂਹ,
    ਵਰ੍ਹਾਕੇ ਨਾਲ ਕਸਰਤ ਦੇ,
    ਜੈਫ ਮਿਰਾਸ ਆਪਣੀ,
    ਕੀਤੀ ਹੈ ਮਜ਼ਬੂਤ, ਯਾ ਰੱਬਾ।

    12. ਕੀ ਤੇਰੇ ਲੋਕ ਵੱਸਣ ਉਹਦੇ ਵਿੱਚ,
    ਤੂੰ ਕੀਤੀ ਤਿਆਰੀ,
    ਗ਼ਰੀਬਾਂ ਦੇ ਲਈ ਨਾਲ ਆਪਣੀ,
    ਰਹਿਮਤ ਦੇ, ਖ਼ੁਦਾਵੰਦਾ।

    13. ਖ਼ੁਸ਼ੀ ਦੀ ਖ਼ਬਰ ਦੇਣ ਵਾਲਿਆਂ ਦੀ,
    ਭਾਰੀ ਟੋਲੀ ਸੀ,
    ਫਤਹਿ ਹੁਕਮ ਜਿਸ ਵੇਲੇ,
    ਖ਼ੁਦਾ ਨੇ ਆਪ ਫਰਮਾਇਆ।

    14. ਤਦੋਂ ਉੱਠ ਨੱਸੇ ਸਾਰੇ ਬਾਦਸ਼ਾਹ,
    ਲੈ ਆਪਣੀਆਂ ਫੌਜਾਂ,
    ਤ੍ਰੀਮਤ, ਜੋ ਰਹੀ ਘਰ ਵਿੱਚ,
    ਸੋ ਵੰਡਿਆ ਓਸ ਮਾਲ ਲੁੱਟ ਦਾ।

    15. ਤੇ ਆਪਣੇ ਵਿਹੜਿਆਂ ਦੇ ਵਿੱਚ,
    ਰਹੋਗੇ ਜਦ ਤਸੱਲੀ ਨਾਲ,
    ਤਦ ਹੋਵੋਗੇ ਕਬੂਤਰ ਵਾਂਗ,
    ਜਿਹਦੇ ਬਾਜੂ ਹਨ ਜਿਊਂ ਰੂਪਾ।

    16. ਕਿ ਜਿਸ ਦੇ ਖੰਭ ਚਮਕੀਲੇ,
    ਸੁਨਹਿਰੀ ਡਾਢੇ ਸੋਹਣੇ ਹਨ,
    ਕਿ ਹੋਵੇ ਜਿਸ ਤਰ੍ਹਾਂ,
    ਖੰਭਾਂ ਦੇ ਉੱਤੇ ਮਰਿਆ।

    17. ਹਟਾਵੇਗਾ ਗਨੀਮਾਂ ਨੂੰ,
    ਜਦੋਂ ਕਾਦਿਰ ਖ਼ੁਦਾ ਓਥੋਂ,
    ਤਦੋਂ ਜਾਲਮੂਨ ਵਾਂਗਰ,
    ਬਰਫ਼ ਦੇ ਹੋ ਜਾਵੇਗਾ ਚਿੱਟਾ।

  • ---

    18. ਜੋ ਹੈ ਪਹਾੜ ਬਾਸ਼ਾਨ ਦਾ, ਸੋ ਹੈ ਖ਼ੁਦਾ ਦਾ ਪਹਾੜ,
    ਹਾਂ ਇਹ ਪਹਾੜ ਬਾਸ਼ਾਨ ਦਾ ਹੈ ਉੱਚਾ ਚੋਟੀਦਾਰ।

    19. ਪਹਾੜੋਂ ਉੱਚੀਓਂ, ਕਿਉਂ ਡਾਹ ਦੇ ਨਾਲ ਹੋ ਤੱਕਦੇ,
    ਇਹ ਉਹ ਪਹਾੜ ਹੈ ਰੱਬ ਵੱਸਣਾ ਚਾਹੁੰਦਾ ਹੈ ਜਿਸ ’ਤੇ।

    20. ਹਮੇਸ਼ਾ ਤੀਕ ਖ਼ੁਦਾ ਆਪੀਂ ਵੱਸੇਗਾ ਇਸ ਥਾਂ,
    ਹੈ ਵੀਹ ਹਜ਼ਾਰ ਤੇ ਬੇ-ਅੰਤ ਉਹਦੀਆਂ ਰਾਹਾਂ।

    21. ਖ਼ੁਦਾਵੰਦ ਆਪੀਂ ਉਹਨਾਂ ਦੇ ਵਿੱਚ ਕਰਦਾ ਵਾਸਾ,
    ਹਾਂ ਪਾਕ ਸਿਨਾਈ ਪਹਾੜ ਉੱਤੇ ਉਹ ਹੈ ਰਹਿੰਦਾ ਸਦਾ।

  • ---

    22. ਬੁਲੰਦੀ ਉੱਤੇ ਚੜ੍ਹਕੇ, ਕੈਦ ਕੀਤੇ ਦੁਸ਼ਮਣ ਸਭ
    ਤੇ ਲੋਕਾਂ ਸਰਕਸ਼ਾਂ ਤੋਂ, ਨਜ਼ਰਾਨੇ ਲਏ ਰੱਬ।

    23. ਤਾਂ ਉਹਨਾਂ ਦੇ ਵਿੱਚ ਵੱਸੀਂ, ਤੂੰ ਪਾਕ ਖ਼ੁਦਾਵੰਦਾ,
    ਹਰ ਰੋਜ਼ ਤੂੰ ਹੈਂ ਮੁਬਾਰਿਕ, ਖ਼ੁਦਾਵੰਦ, ਐ ਖ਼ੁਦਾ।

    24. ਤੂੰ ਸਾਡਾ ਭਾਰ ਉਠਾਉਂਦਾ, ਤਕਲੀਫ਼ਾਂ ਕਰਦਾ ਦੂਰ,
    ਖ਼ੁਦਾਵੰਦ ਪਾਕ ਖ਼ੁਦਾ ਹੈ, ਸਾਡੀ ਨਜਾਤ ਦਾ ਨੂਰ।

    25. ਖ਼ੁਦਾਵੰਦ ਪਾਕ ਅਸਾਡਾ, ਬਚਾਣੇਵਾਲਾ ਹੈ,
    ਉਹ ਮੌਤ ਦੇ ਹੱਥੋਂ ਸਾਨੂੰ, ਛੁਡਾਵਣ ਵਾਲਾ ਹੈ।

    26. ਰੱਬ ਦੁਸ਼ਮਣਾਂ ਦੇ ਸਿਰ ਨੂੰ, ਕਰੇਗਾ ਚਕਨਾ-ਚੂਰ,
    ਤੇ ਖੋਪੜੀ ਵਾਲਾਂ ਵਾਲੀ, ਜੋ ਕਰਦੀ ਹੈ ਕਸੂਰ।

    27. ਰੱਬ ਕਿਹਾ ਬਾਸ਼ਾਨ ਤੋਂ ਮੈਂ, ਮੋੜ ਲਿਆਵਾਂ ਉਹਨਾਂ ਨੂੰ,
    ਡੂੰਘਿਆਈਆਂ ਚੋਂ ਦਰਿਆ ਦੀ, ਬਚਾਵਾਂ ਉਹਨਾਂ ਨੂੰ।

    28. ਤਾਂ ਦੁਸ਼ਮਣਾਂ ਦੇ ਖੂਨ ਵਿੱਚ, ਪੈਰ ਤੇਰੇ ਵੀ ਡੁੱਬ ਜਾਣ,
    ਤੇ ਤੇਰੇ ਕੁੱਤਿਆਂ ਦੀ, ਹੋ ਜਾਵੇ ਲਾਲ ਜ਼ੁਬਾਨ।

  • ---

    29. ਉਹਨਾਂ ਤੇਰੀਆਂ ਚਾਲਾਂ ਹਨ ਵੇਖੀਆਂ, ਐ ਖ਼ੁਦਾ,
    ਮਕਦਿਸ ਵਿੱਚ ਤੇਰੀਆਂ ਚਾਲਾਂ, ਐ ਮੇਰੇ ਰੱਬ, ਬਾਦਸ਼ਾਹ।

    30. ਗਵੱਈਏ ਅੱਗੇ-ਅੱਗੇ, ਸਭ ਗਾਉਂਦੇ ਜਾਂਦੇ ਸਨ,
    ਤੇ ਸਾਜ਼ਾਂ ਵਾਲੇ ਪਿੱਛੇ ਵਜਾਂਦੇ ਜਾਂਦੇ ਸਨ।

    31. ਕੁਆਰੀਆਂ ਵੀ ਮਿਲਕੇ ਫਿਰ ਉਹਨਾਂ ਦੇ ਨਾਲ ਨਾਲ,
    ਵਜਾ-ਵਜਾ ਤਬਲੇ ਖੂਬ ਹੁੰਦੀਆਂ ਸਨ ਨਿਹਾਲ।

    32. ਜੋ ਤੁਸੀਂ ਇਸਰਾਏਲ ਦੇ ਚਸ਼ਮੇ ਦੀ ਹੋ ਔਲਾਦ,
    ਗੁਰੋਹਾਂ ਵਿੱਚ ਖ਼ੁਦਾ ਨੂੰ ਕਹੋ ਮੁਬਾਰਿਕਬਾਦ।

    33. ਸਿਰ ਛੋਟਾ ਬਿਨਯਾਮਿਨ ਹੈ, ਯਹੂਦਾ ਸਲਾਹਕਾਰ,
    ਨਫ਼ਤਾਲੀ ਤੇ ਜ਼ਬਲੂਨ ਦੇ ਸਭ ਓਥੇ ਹਨ ਸਰਦਾਰ।

  • ---

    34. ਰੱਬ ਤੇਰੇ ਨੇ ਫਰਮਾਇਆ,
    ਹੁਣ ਖੂਬ ਮਜ਼ਬੂਤ ਹੋ ਤੂੰ,
    ਯਾ ਰੱਬਾ, ਤੂੰ ਮਜ਼ਬੂਤ ਕਰ,
    ਸਭ ਆਪਣਿਆਂ ਕੰਮਾਂ ਨੂੰ।

    35. ਯਰੂਸ਼ਲਮ ਵਿੱਚ ਤੇਰੀ,
    ਜੋ ਹੈਕਲ ਹੈ, ਖ਼ੁਦਾ,
    ਸੋ ਤੇਰੇ ਅੱਗੇ ਨਜ਼ਰਾਂ,
    ਚੜ੍ਹਾਵਾਂਗੇ ਬਾਦਸ਼ਾਹ।

    36. ਜੋ ਬੀਆਬਾਨ ਦੇ ਵੈਹਸ਼ੀ,
    ਤੇ ਵੱਗ ਜੋ ਢੱਗਿਆਂ ਦਾ,
    ਤੇ ਉੱਮਤਾਂ ਦੇ ਵੱਛੇ,
    ਤੂੰ ਸਭਨਾਂ ਨੂੰ ਧਮਕਾ।

    37. ਤਾਂ ਚਾਂਦੀ ਦੀ ਇੱਟ ਲਿਆਵਾਂ,
    ਹਾਂ ਤੇਰੇ ਤਾਬੇਦਾਰ,
    ਲੜਾਕੇ ਕੌਮਾਂ ਤੂੰ ਏ,
    ਨਠਾਈਆਂ ਸਭ ਮਾਰ ਮਾਰ।

    38. ਤਦ ਮਿਸਰ ਦੇ ਸਰਦਾਰ ਵੀ,
    ਸਭ ਮਿਲਕੇ ਆਵਣਗੇ,
    ਵਧਾਵੇਗਾ ਹੱਥ ਕੂਸ਼ ਵੀ,
    ਅੱਗੇ ਖ਼ੁਦਾਵੰਦ ਦੇ।

  • ---

    39. ਜ਼ਮੀਨ ਦੇ ਸਭ ਮੁਲਕੋ, ਜ਼ਮੀਨ ਦੇ ਸਭ ਸ਼ਾਹੋ,
    ਖ਼ੁਦਾਵੰਦ ਦੀ ਤਾਰੀਫ਼, ਦਿਲ ਦੇ ਨਾਲ ਗਾਓ।

    40. ਅਸਮਾਨ ਉੱਤੇ ਉਹ ਮੁੱਢੋਂ ਸਵਾਰ ਹੈ,
    ਹਾਂ ਉਸੇ ਦੀ ਤਾਰੀਫ਼ ਜ਼ੋਰ ਨਾਲ ਗਾਓ।

    41. ਆਪਣੀ ਆਵਾਜ਼ ਉਹ ਸੁਣਾਉਂਦਾ ਹੈ ਵੇਖੋ,
    ਜ਼ੋਰਵਾਲੀ ਆਵਾਜ਼ ਉਹਦੀ ’ਤੇ ਕੰਨ ਲਾਓ।

    42. ਕੁੱਵਤ ਹੈ ਰੱਬ ਦੀ ਸਾਰੀ ਬੱਦਲਾਂ ਵਿੱਚ ਜ਼ੋਰ ਹੈ,
    ਹਾਂ ਇਸਰਾਏਲ ਵਿੱਚ ਉਹਦੀ ਬਜ਼ੁਰਗੀ ਨੂੰ ਪਾਓ।

    43. ਤੂੰ ਪਾਕ ਅਸਥਾਨਾਂ ਵਿੱਚ ਡਾਢਾ ਡਰਾਉਣਾ ਏਂ,
    ਸਭ ਇਸਰਾਏਲ ਦੇ ਰੱਬ ਦੀਆਂ ਤਾਰੀਫ਼ਾਂ ਗਾਓ।

    44. ਜੋ ਆਪਣਿਆਂ ਲੋਕਾਂ ਨੂੰ ਦਿੰਦਾ ਹੈ ਜ਼ੋਰ,
    ਰੱਬ ਦੀ ਮੁਬਾਰਿਕਬਾਦੀ ਹਰ ਦਮ ਸੁਣਾਓ।

  • ---

    1. ਮੇਰੀ ਜਾਨ ਦੇ ਤੀਕ, ਖ਼ੁਦਾਵੰਦਾ,
    ਆ ਪਹੁੰਚਿਆ ਪਾਣੀ, ਤੂੰ ਹੀ ਬਚਾ।

    2. ਮੈਂ ਧੱਸਿਆ ਹਾਂ ਟੋਏ ਤੇ ਚਿੱਕੜ ਵਿੱਚ,
    ਨਹੀਂ ਮੇਰੇ ਖਲੋਵਣ ਦੀ ਥਾਂ।

    3. ਮੈਂ ਹਾਂ ਡੁੱਬਾ ਡੂੰਘੇ ਪਾਣੀ ਵਿੱਚ,
    ਮੇਰੇ ਉੱਤੋਂ ਛੱਲਾਂ ਲੰਘਦੀਆਂ ਜਾ।

    4. ਮੈਂ ਤੇ ਥੱਕ ਵੀ ਗਿਆ ਹਾਂ, ਚੀਖ਼ਦਿਆਂ,
    ਮੇਰਾ ਗਲ਼ਾ ਤੇ ਡਾਢਾ ਸੁੱਕ ਵੀ ਗਿਆ।

    5. ਏਥੋਂ ਤੀਕ ਉਡੀਕਾਂ ਰੱਬ ਨੂੰ ਮੈਂ,
    ਅੱਖੀਆਂ ਅੱਗੇ ਹਨੇਰਾ ਆ ਵੀ ਗਿਆ।

    6. ਉਹ ਵੱਧ ਗਏ ਸਿਰ ਦਿਆਂ ਵਾਲਾਂ ਤੋਂ,
    ਜਿਨ੍ਹਾਂ ਵੈਰ ਨਾ–ਹੱਕ ਹੈ ਪਾਇਆ ਜਾ।

    7. ਮੇਰੇ ਨਾ–ਹੱਕ ਵੈਰੀ ਜ਼ੋਰਾਵਰ,
    ਮੈਨੂੰ ਮਾਰਨਾ ਚਾਹੁੰਦੇ ਖ਼ੁਦਾਵੰਦਾ।

    8. ਜਿਹੜਾ ਮੈਂ ਨਾ ਕਦੀ ਵੀ ਖੋਇਆ ਸੀ,
    ਮੈਂ ਤੇ ਉਹਨੂੰ ਵੀ ਮੋੜ ਦੇਵਾਂਗਾ।

    9. ਤੂੰ ਮੇਰੀ ਨਾਦਾਨੀ ਨੂੰ ਜਾਣਦਾ ਹੈਂ,
    ਨਾ ਗੁੱਝੀ ਹੈ ਤੇਥੋਂ ਮੇਰੀ ਖ਼ਤਾ।

  • ---

    10. ਖ਼ੁਦਾਵੰਦ, ਲਸ਼ਕਰਾਂ ਦੇ ਰੱਬ,
    ਜੋ ਤੈਨੂੰ ਹਨ ਉਡੀਕਦੇ ਸਭ,
    ਸੋ ਮੇਰੇ ਲਈ ਉਹਨਾਂ ਦੀ,
    ਨਾ ਹੋਵੇ ਕੁਝ ਬੇ-ਇੱਜ਼ਤੀ।

    11. ਕਿ ਤੇਰੇ ਵਾਸਤੇ, ਐ ਖ਼ੁਦਾ,
    ਦੁੱਖ ਸਿਹਾ ਮੈਂ ਮਲਾਮਤ ਦਾ,
    ਸ਼ਰਮਿੰਦਗੀ ਨੇ, ਮੇਰੇ ਰੱਬ,
    ਛੁਪਾਇਆ ਮੇਰੇ ਮੂੰਹ ਨੂੰ ਸਭ।

    12. ਹੈ ਆਪਣੇ ਭਾਈਆਂ ਵਿੱਚ ਇਹ ਹਾਲ,
    ਮੈਂ ਹਾਂ ਪਰਦੇਸੀ ਦੀ ਮਿਸਾਲ,
    ਮੈਂ ਆਪਣੀ ਮਾਂ ਦੇ ਘਰ ਵਿੱਚ ਵੀ,
    ਹਾਂ ਓਪਰਾ ਤੇ ਇੱਕ ਅਜਨਬੀ।

    13. ਜੋਸ਼ ਤੇਰੇ ਘਰ ਦੀ ਗ਼ੈਰਤ ਦਾ,
    ਖਾ ਗਿਆ ਮੈਨੂੰ, ਐ ਖ਼ੁਦਾ,
    ਜੋ ਤਾਹਨੇ ਤੈਨੂੰ ਮਾਰਦੇ ਹਨ,
    ਉਹ ਮੇਰਾ ਈ ਜੀ ਸਾੜਦੇ ਹਨ।

    14. ਮੈਂ ਰੋਇਆ, ਰੱਖੇ ਰੋਜ਼ੇ ਵੀ,
    ਦੁੱਖ ਆਪਣੀ ਜਾਨ ਨੂੰ ਦਿੱਤਾ ਸੀ,
    ਸੋ ਇਹ ਵੀ ਮੇਰੇ ਵਾਸਤੇ ਸਭ,
    ਇੱਕ ਹੋਇਆ ਖ਼ਵਾਰੀ ਦਾ ਸਬੱਬ।

    15. ਜਦ ਪਹਿਨਿਆ ਲਿਬਾਸ ਤਰਪੜ ਦਾ,
    ਮੈਂ ਆਜਿਜ਼ ਹੋਇਆ, ਐ ਖ਼ੁਦਾ
    ਤਦ ਉਹਨਾਂ ਨੇ ਮਖ਼ੌਲਾਂ ਨਾਲ,
    ਬਣਾਇਆ ਮੈਨੂੰ ਇੱਕ ਮਿਸਾਲ।

    16. ਜੋ ਫਾਟਕ ਉੱਤੇ ਬੈਠੇ ਹਨ,
    ਉਹ ਮੇਰੇ ਉੱਤੇ ਬਕਦੇ ਹਨ,
    ਤੇ ਮੇਰੇ ਹੱਕ ਵਿੱਚ ਨਸ਼ੇਬਾਜ਼,
    ਸੁਣਾਉਂਦੇ ਠੱਠੇ ਦੀ ਆਵਾਜ਼।

  • ---

    17. ਤੇਰੇ ਈ ਕੋਲੋਂ ਮੰਗਦਾ ਦੁਆਵਾਂ,
    ਆਪਣੀਆਂ ਮੈਂ, ਐ ਖ਼ੁਦਾ।

    18. ਜਿਹੜੇ ਵੇਲੇ ਤੂੰ ਸੁਣਦਾ ਦੁਆਵਾਂ,
    ਉਸੇ ਵੇਲੇ ਮੈਂ ਮੰਗਦਾ ਦੁਆ।

    19. ਤੇਰੀ ਰਹਿਮਤ ਤੇ ਸੱਚਿਆਈ,
    ਹੈ ਬੇਅੰਤ, ਖ਼ੁਦਾਵੰਦਾ।

    20. ਇਸਦੇ ਨਾਲ ਤੂੰ ਦਿੰਦਾ ਖਲਾਸੀ,
    ਸੁਣ ਲੈ ਮੇਰੀ ਵੀ ਦੁਆ।

    21. ਮੈਨੂੰ ਚਿੱਕੜ ਵਿੱਚੋਂ ਕੱਢ ਲੈ,
    ਨਹੀਂ ਤੇ ਮੈਂ ਡੁੱਬ ਜਾਵਾਂਗਾ।

    22. ਡੂੰਘੇ ਸਾਗਰ, ਵੈਰੀਆਂ ਕੋਲੋਂ,
    ਮੇਰੀ ਜਾਨ ਨੂੰ ਤੂੰ ਬਚਾ।

    23. ਡੁੱਬਾਂ ਨਾ ਸੁਮੰਦਰ ਵਿੱਚ ਮੈਂ,
    ਹੜ੍ਹ ਨਾ ਮੈਥੋਂ ਲੰਘਣ ਜਾ।

    24. ਮੇਰੇ ਉੱਤੇ ਬੰਦ ਨਾ ਹੋਵੇ,
    ਕਦੀ ਵੀ ਮੂੰਹ ਖੂਹੇ ਦਾ।

    25. ਤੇਰੀ ਰਹਿਮਤ ਡਾਢੀ ਹੈਗੀ,
    ਮੇਰੀ ਸੁਣ ਲੈ, ਐ ਖ਼ੁਦਾ।

    26. ਤੇਰੀ ਰਹਿਮਤ ਹੈ ਬਥੇਰੀ,
    ਮੇਰੇ ਵੱਲ ਵੀ ਕਰ ਨਿਗਾਹ।

    27. ਆਪਣੇ ਬੰਦੇ ਕੋਲੋਂ, ਯਾ ਰੱਬ,
    ਕਦੀ ਨਾ ਆਪਣਾ ਮੂੰਹ ਲੁਕਾ।

    28. ਮੇਰੇ ਉੱਤੇ ਬਿਪਤਾ ਭਾਰੀ,
    ਮੇਰੀ ਛੇਤੀ ਸੁਣ ਦੁਆ।

    29.ਮੇਰੀ ਜਾਨ ਦੇ ਨੇੜੇ ਆ ਕੇ,
    ਉਹਨਾਂ ਦੁੱਖਾਂ ਤੋਂ ਛੁਡਾ।

    30. ਮੇਰੇ ਦੁਸ਼ਮਣਾਂ ਦੇ ਸਬੱਬ,
    ਮੈਨੂੰ ਕਰੀਂ ਤੂੰ ਰਿਹਾਅ।

    31. ਮੇਰੇ ਤਾਹਨੇ, ਮੇਰੀ ਹੱਤਕ,
    ਜਿਹੜਾ ਹੋਇਆ ਮੈਂ ਰੁਸਵਾ।

    32. ਤੂੰ ਹੈਂ ਜਾਣਦਾ ਮੇਰੇ ਵੈਰੀ,
    ਤੇਰੇ ਸਾਹਮਣੇ ਹਨ, ਖ਼ੁਦਾ।

    33. ਮੈਂ ਉਡੀਕਾਂ ਕੋਈ ਦਰਦੀ,
    ਮੇਰੇ ਕੋਲ ਹੁਣ ਆਵੇ ਜਾ।

    34. ਜਿਹੜਾ ਆਣ ਦਿਲਾਸਾ ਦੇਵੇ,
    ਪਰ ਨਾ ਕੋਈ ਆਇਆ ਸਾਂ।

    35. ਤ੍ਰੇਹ ਬੁਝਾਵਣ ਨੂੰ ਸਿਰਕਾ ਦਿੱਤਾ,
    ਦਿੱਤੀ ਕੌੜ ਕਿ ਖਾਵਣ ਜਾ।

  • ---

    36. ਫਾਹੀ ਉਹਨਾਂ ਵਾਸਤੇ ਹੋਵੇ,
    ਦਸਤਰਖਾਣ ਸਭ ਉਹਨਾਂ ਦਾ,
    ਜਿਸ ਤੋਂ ਉਹਨਾਂ ਦੀ ਭਲਿਆਈ,
    ਉਸੇ ਵਿੱਚ ਉਹ ਫਸਣ ਜਾ।

    37. ਅੰਨ੍ਹੇ ਹੋਵਣ ਦੁਸ਼ਮਣ ਸਭੋ,
    ਵੇਖ ਨਾ ਸਕਣ ਅੱਖ ਉਠਾ,
    ਸਦਾ ਤੀਕਰ ਲੱਕ ਉਹਨਾਂ ਦੇ,
    ਕੰਬਦੇ ਰਹਿਣ, ਖ਼ੁਦਾਵੰਦਾ।

    38. ਤੂੰ ਇਹਨਾਂ ਬਦਕਾਰਾਂ ਉੱਤੇ,
    ਆਪਣਾ ਗ਼ਜ਼ਬ ਡੋਲ੍ਹੀ ਜਾ,
    ਕਾਬੂ ਕਰੇ ਸਾਰੇ ਦੁਸ਼ਮਣ,
    ਤੇਰਾ ਕਹਿਰ ਜੋ ਗ਼ਜ਼ਬ ਦਾ।

    39. ਉੱਜੜ-ਪੁੱਜੜ ਜਾਵੇ, ਯਾ ਰੱਬ,
    ਥਾਂ–ਮਕਾਨ ਸਭ ਉਹਨਾਂ ਦਾ,
    ਬਾਕੀ ਵੀ ਨਾ ਕੋਈ ਬਚੇ,
    ਤੰਬੂਆਂ ਵਿੱਚ ਜੋ ਰਹੇ ਜਾ।

    40. ਤੇਰੇ ਮਾਰੇ ਹੋਏ ਨੂੰ ਉਹ,
    ਕਰਦੇ ਤੰਗ, ਦਿੰਦੇ ਸਤਾਅ,
    ਤੇਰੇ ਜ਼ਖ਼ਮੀਆਂ ਦੇ ਦੁੱਖ ਨੂੰ,
    ਗੱਲਾਂ ਨਾਲ ਵਧਾਉਂਦੇ ਜਾ।

    41. ਉਹਨਾਂ ਦੇ ਗ਼ੁਨਾਹਾਂ ਉੱਤੇ,
    ਹਰ ਗ਼ੁਨਾਹ ਵਧਾਉਂਦਾ ਜਾ,
    ਉਹਨਾਂ ਤੋਂ ਸੱਚਿਆਈ ਆਪਣੀ,
    ਰੱਖੀਂ ਬਾਜ਼, ਖ਼ੁਦਾਵੰਦਾ।

    42. ਤੂੰ ਹਯਾਤ ਦੇ ਦਫ਼ਤਰ ਵਿੱਚੋਂ,
    ਉਹਨਾਂ ਸਭਨਾਂ ਨੂੰ ਮਿਟਾ,
    ਸੱਚਿਆਂ ਵਿੱਚ ਨਾ ਲਿਖਿਆ ਜਾਵੇ,
    ਨਾਂ ਕਦੀ ਵੀ ਉਹਨਾਂ ਦਾ।

  • ---

    43. ਰੱਬ ਸੱਚਮੁੱਚ ਉਸਦੀ ਸੁਣਦਾ ਹੈ,
    ਦੁਆ ਜੋ ਉਸ ਤੋਂ ਮੰਗਦਾ ਹੈ,
    ਆਪਣੇ ਅਸੀਰਾਂ ਨੂੰ ਖ਼ੁਦਾ
    ਹਕੀਰ ਨਾ ਕਦੀ ਸਮਝੇਗਾ।

    44. ਮੁਸੀਬਤ ਦੇ ਵਿੱਚ ਫਸਿਆ ਹਾਂ,
    ਦੁਖਿਆਰਾ ਦੁੱਖ ਵਿਚ ਧੱਸਿਆ ਹਾਂ,
    ਖਲਾਸੀ ਦੇਵੇਗਾ ਖ਼ੁਦਾ,
    ਬੁਲੰਦੀ ਮੈਨੂੰ ਬਖ਼ਸ਼ੇਗਾ।

    45. ਖ਼ੁਦਾ ਦੇ ਨਾਂ ਦੀ ਇਹ ਜ਼ੁਬਾਨ,
    ਤਦ ਕਰੇਗੀ ਤਾਰੀਫ਼ ਬਿਆਨ,
    ਸ਼ੁਕਰਾਨੇ ਮੈਂ ਮਨਾਵਾਂਗਾ
    ਬਜ਼ੁਰਗੀ ਉਸ ਦੀ ਗਾਵਾਂਗਾ।

    46. ਇਹ ਗੱਲ ਖ਼ੁਦਾਵੰਦ ਦੇ ਹਜ਼ੂਰ,
    ਹਾਂ ਵੱਧਕੇ ਹੁੰਦੀ ਹੈ ਮਨਜ਼ੂਰ,
    ਤੇ ਢੱਗੇ ਵੱਛੇ ਖੂਬ ਤਿਆਰ,
    ਹੋਣ ਸਭ ਖੁਰ ਵਾਲੇ ਤੇ ਸਿੰਗਦਾਰ।

    47. ਤੇ ਬੁਝੇ ਦਿਲ ਇਹ ਵੇਖਣਗੇ,
    ਖ਼ੁਸ਼ ਹੋਵਣ ਮਾਰੇ ਖ਼ੁਸ਼ੀ ਦੇ,
    ਜੋ ਢੂੰਡਦੇ ਹਨ ਖ਼ੁਦਾ ਦਾ ਰਾਹ,
    ਦਿਲ ਜ਼ਿੰਦਾ ਹੋਵੇ ਉਹਨਾਂ ਦਾ।

  • ---

    48. ਜ਼ਮੀਨ ਤੇ ਆਸਮਾਨ ਸਭ ਸਿਰ ਝੁਕਾਵਣ,
    ਖ਼ੁਦਾ ਦੀ ਮਿਲਕੇ ਸਭ ਤਾਰੀਫ਼ ਗਾਵਣ।

    49. ਸਮੁੰਦਰ ਵੀ ਤੇ ਸਭ ਜਾਨਦਾਰ ਉਸ ਦੇ,
    ਜੋ ਉਸ ਦੇ ਵਿੱਚ ਚੱਲਦੇ ਫਿਰਦੇ, ਰਹਿੰਦੇ ਸਹਿੰਦੇ।

    50. ਖ਼ੁਦਾ ਸਿਓਨ ਨੂੰ ਆਪ ਬਚਾਂਦਾ,
    ਯਹੂਦਾ ਉਹ ਸਭ ਬਸਤੀ ਬਣਾਉਂਦਾ।

    51. ਤਾਂ ਵੱਸਣ ਉਹਨਾਂ ਦੇ ਵਿੱਚ ਉਹਦੇ ਬੰਦੇ,
    ਤੇ ਮਾਲਿਕ ਹੋਣ ਸਭ ਉਸ ਜਗ੍ਹਾ ਦੇ।

    52. ਜੋ ਅੱਗੇ ਉਹਨਾਂ ਦੀ ਔਲਾਦ ਹੋਵੇ,
    ਉਹ ਮਾਲਿਕ ਹੋਵੇ ਤੇ ਆਬਾਦ ਹੋਵੇ।

    53. ਖ਼ੁਦਾ ਦੇ ਨਾਂ ਦਾ ਜੋ ਇਸ਼ਕ ਰੱਖਦੇ,
    ਸੋ ਉਹਦੇ ਵਿੱਚ ਖ਼ੁਸ਼ੀ ਦੇ ਨਾਲ ਵੱਸਦੇ।

  • ---

    1. ਮੇਰੇ ਛੁਡਾਉਣੇ ਨੂੰ, ਯਾ ਰੱਬ, ਛੇਤੀ ਆ,
    ਤੇ ਮੇਰੀ ਮਦਦ ਕਰਨ ਨੂੰ,
    ਕਰ ਛੇਤੀ, ਐ ਖ਼ੁਦਾ।

    2. ਬਰਖ਼ਵਾਹ ਜਾਨ ਮੇਰੀ ਦੇ, ਸ਼ਰਮਿੰਦਾ ਹੋਣ ਲਾਚਾਰ,
    ਜੋ ਮੇਰਾ ਚਾਹੁੰਦੇ ਹਨ ਨੁਕਸਾਨ,
    ਉਹ ਹੋਵਣ ਖੱਜਲ-ਖਵਾਰ।

    3. ਪਰਤਾਏ ਜਾਵਣ ਉਹ, ਸ਼ਰਮਿੰਦਾ ਭੈੜੇ ਹਾਲ,
    ਜੋ ਆਹਾ-ਆਹਾ ਕਹਿੰਦੇ ਹਨ,
    ਆਪਣੀ ਅਦਾਵਤ ਨਾਲ।

    4. ਉਹ ਸਭ ਜੋ ਢੂੰਡਦੇ ਹਨ, ਤੈਨੂੰ ਖ਼ੁਦਾਵੰਦਾ,
    ਖ਼ੁਸ਼ ਰਹਿਣ ਸਦਾ ਉਹ ਤੇਰੇ ਤੋਂ,
    ਦਿਲ ਖ਼ੁਸ਼ ਹੋ ਉਹਨਾਂ ਦਾ।

    5. ਤੇਰੀ ਨਜਾਤ ਨੂੰ ਜੋ ਪਿਆਰ ਕਰਦੇ ਦਿਲ ਦੇ ਨਾਲ,
    ਉਹ ਸਦਾ ਆਖਣ ਕਰਨ ਇਹ ਕਿ
    ਰੱਬ ਦਾ ਹੋ ਜਲਾਲ।

    6. ਮੈਂ ਹਾਂ ਮਸਕੀਨ, ਮੋਹਤਾਜ,
    ਜਹਾਬ ਮੇਰੇ ਵੱਲ ਤੂੰ ਆ,
    ਤੂੰ ਚਾਰਾ ਮੁੰਨਜੀ ਮੇਰਾ ਹੈਂ,
    ਕਰ ਛੇਤੀ ਐ, ਖ਼ੁਦਾ।

  • ---

    1. ਮੇਰੇ ਬਦਖ਼ੁਵਾ ਸਾਰੇ ਜਾਨ ਦੇ ਵੈਰੀ,
    ਹੋਣ ਸ਼ਰਮਿੰਦਾ ਖੱਜਲ, ਮਦਦ ਨੂੰ ਆਵੀਂ।

    2. ਚਾਹੁੰਦੇ ਜੋ ਕਰਨਾ ਮੇਰੀ ਮਿਲ ਕੇ ਬੁਰਿਆਈ,
    ਉਲਟੇ ਫਿਰਾਈਂ ਸਭੋ ਖ਼ੁਵਾਰ ਕਰਾਈਂ।

    3. ਕਰਦੇ ਬੇਇੱਜ਼ਤ ਮੈਨੂੰ ਆਹਾ ਜੋ ਕਹਿੰਦੇ,
    ਉਹਨਾਂ ਨੂੰ ਆਪੀਂ, ਰੱਬਾ, ਉਲਟਾ ਫਿਰਾਈਂ।

    4. ਤੈਨੂੰ ਖ਼ੁਦਾਇਆ ਜਿਹੜੇ, ਢੂੰਡਣ ਵਾਲੇ,
    ਉਹਨਾਂ ਨੂੰ ਬਖਸ਼ੀਂ ਖ਼ੁਸ਼ੀ, ਖ਼ੁਸ਼ੀਆਂ ਦਿਖਾਈਂ।

    5. ਤੇਰੀ ਨਜਾਤ ਦਾ ਜੋ ਇਸ਼ਕ ਹਨ ਰੱਖਦੇ,
    ਸਦਾ ਉਹ ਆਖਣ ਵੱਡਾ ਤੂੰ ਹੀ ਹੈਂ ਸਾਈਂ।

    6. ਮੈਂ ਹਾਂ ਮੁਹਤਾਜ ਡਾਢਾ ਅਤਿ ਹੀ ਲਾਚਾਰ ਹਾਂ,
    ਮੇਰੇ ਤੂੰ ਕੋਲ, ਰੱਬਾ, ਛੇਤੀ ਹੁਣ ਆਵੀਂ।

    7. ਤੂੰ ਹੀ ਹੈਂ ਚਾਰਾ ਮੇਰਾ, ਮੁਕਤੀ ਦਾ ਦਾਤਾ,
    ਮੇਰੇ ਖ਼ੁਦਾਇਆ ਹੁਣ ਢਿੱਲ ਨਾ ਲਾਈਂ।

  • ---

    1. ਮੇਰਾ ਭਰੋਸਾ ਤੇਰੇ ਹੀ ਉੱਤੇ ਹੈ, ਐ ਖ਼ੁਦਾ,
    ਸ਼ਰਮਿੰਦਾ ਮੈਨੂੰ ਤੂੰ ਨਾ ਕਦੀ ਹੋਣ ਦੇਵੇਂਗਾ।

    2. ਸੱਚਿਆਈ ਨਾਲ ਆਪਣੀ ਬਚਾ, ਮੈਨੂੰ ਦੇ ਨਜਾਤ,
    ਕੰਨ ਆਪਣਾ ਮੇਰੇ ਵੱਲ ਤੂੰ ਕਰ, ਮੈਨੂੰ ਤੂੰ ਛੁਡਾ।

    3. ਤੂੰ ਮੇਰੇ ਰਹਿਣ ਦੇ ਲਈ ਮਜ਼ਬੂਤ ਹੋ ਚਟਾਨ,
    ਤਾਂ ਮੇਰਾ ਆਣਾ ਜਾਣਾ ਤੇਰੇ ਕੋਲ ਹੋ ਸਦਾ।

    4. ਮੇਰੇ ਬਚਾਣੇ ਦੇ ਲਈ ਦਿੱਤਾ ਹੈ ਹੁਕਮ ਤੂੰ,
    ਤੂਏਂ ਮੇਰੀ ਚਟਾਨ ਹੈਂ, ਗੜ੍ਹ ਮੇਰਾ, ਐ ਖ਼ੁਦਾ।

    5. ਤੂੰ ਕਾਬੂ ਤੋਂ ਸ਼ਰੀਰ ਦੇ ਛੁਟਕਾਰਾ ਮੈਨੂੰ ਦੇ,
    ਬੇ-ਮਿਹਰ ਕੱਬੇ ਬੰਦੇ ਤੋਂ ਤੂੰ ਮੈਨੂੰ ਲੈ ਛੁਡਾ।

  • ---

    6. ਉਮੀਦ, ਆਸ ਮੇਰੀ ਹੈਂ ਤੂੰਏ ਰਿਹਾ ਸਦਾ,
    ਉਸ ਵੇਲੇ ਤੋਂ ਕਿ ਮੈਂ ਸਾਂ ਜਦੋਂ ਬੱਚਾ, ਐ ਖ਼ੁਦਾ।

    7. ਪੈਦਾ ਹੋਇਆ ਮੈਂ ਜਦ ਤੋਂ ਤੂੰ ਏ ਮੈਨੂੰ ਪਾਲਿਆ,
    ਤੇ ਮਾਂ ਦੀ ਕੁੱਖੋਂ ਮੈਨੂੰ ਕੱਢ ਲੈ ਆਇਆ, ਐ ਖ਼ੁਦਾ।

    8. ਤਾਰੀਫ਼ ਤੇਰੀ ਗਾਵਾਂ ਹਮੇਸ਼ਾ ਮੈਂ ਦਿਲ ਦੇ ਨਾਲ,
    ਹੈਰਾਨ ਹੋ ਕੇ ਵੇਖਦੇ, ਤੂੰ ਮੇਰੀ ਹੈਂ ਪਨਾਹ।

    9. ਮੇਰਾ ਮੂੰਹ ਤੇਰੀਆਂ ਸਿਫ਼ਤਾਂ ਕਰੇਗਾ ਸਦਾ ਬਿਆਨ,
    ਹਰ ਵੇਲੇ ਤੇਰੇ ਨਾਂ ਦੀ ਗਾਵੇਗਾ ਉਹ ਸਨਾ।

  • ---

    10. ਮੈਨੂੰ ਬੁੱਢੇਵਾਰੇ ਹੁਣ, ਐ ਖੁਦਾ,
    ਤੂੰ ਨਾ ਧੱਕਾ ਦੇ ਕੇ ਕਰੀਂ ਦਫ਼ਾ,
    ਮੇਰਾ ਜ਼ੋਰ ਹੁਣ ਤੇ ਘੱਟ ਹੋ ਗਿਆ,
    ਮੈਨੂੰ ਛੱਡ ਨਾ ਦੇ, ਜ਼ਰਾ ਤਰਸ ਖਾ।

    11. ਗੱਲਾਂ ਕਰਦੇ ਰਹਿੰਦੇ ਨੇ ਮੇਰੀਆਂ,
    ਮੇਰੇ ਨਾਲ ਰੱਖਦੇ ਅਦਾਵਤਾਂ,
    ਉਹ ਜੋ ਲੈਣਾ ਚਾਹੁੰਦੇ ਨੇ ਮੇਰੀ ਜਾਨ,
    ਕਰਦੇ ਰਹਿੰਦੇ ਨੇ ਆਪੋ ਵਿੱਚ ਸਲਾਹ।

    12. ਕਹਿੰਦੇ ਰਹਿੰਦੇ ਨੇ ਇਹ, ਕਿ ਰੱਬ ਨੇ ਵੀ,
    ਇਹਨੂੰ ਛੱਡ ਦਿੱਤਾ ਹੈ: ਸੋ ਤੁਸੀਂ,
    ਪਿੱਛਾ ਉਹਦਾ ਕਰੋ ਤੇ ਪਕੜੋ ਵੀ,
    ਨਹੀਂ ਕੋਈ ਉਹਨੂੰ ਛੁਡਾਵੇਗਾ।

    13. ਮੇਰੇ ਰੱਬ, ਆਪਣੇ ਬੰਦੇ ਤੋਂ,
    ਗੁੱਸੇ ਹੋ ਕੇ ਨਾ ਦੂਰ ਤੂੰ ਰਹੀਂ,
    ਛੇਤੀ ਆ ਕੇ ਮੇਰੀ ਮਦਦ ਕਰੀਂ,
    ਮੈਨੂੰ ਤੇਰੀ ਆਸ ਹੈ, ਐ ਖ਼ੁਦਾ।

    14. ਜਿਹੜੇ ਦੁਸ਼ਮਣੀ ਕਰਦੇ ਮੇਰੇ ਨਾਲ,
    ਮੌਤ ਪੈਣੇ ਹੋਵੇ ਭੈੜਾ ਹਾਲ,
    ਨਾਲੇ ਖੱਜਲ ਖੁਆਰ ਵੀ ਹੋਣ ਕੰਗਾਲ,
    ਮੇਰੀ ਚਾਹੁੰਦੇ ਜੋ ਬੁਰੀ, ਐ ਖ਼ੁਦਾ।

  • ---

    15. ਆਸ ਤੇਰੇ ’ਤੇ ਖ਼ੁਦਾ, ਮੈਂ ਹਰ ਦਮ ਰੱਖਾਂਗਾ,
    ਤਾਰੀਫ਼ਾਂ ਤੇ ਸਨਾ, ਵਧਾਉਂਦਾ ਜਾਵਾਂਗਾ,
    ਮੂੰਹ ਮੇਰਾ ਕਰੇਗਾ ਹਰ ਆਨ, ਸੱਚਿਆਈ ਦਾ ਬਿਆਨ।

    16. ਨਜਾਤ ਤੇ ਸੱਚਿਆਈ ਦੀ, ਜੋ ਤੇਰੀ ਹੈ ਖ਼ੁਦਾ,
    ਜੀਭ ਮੇਰੀ ਕਰੇਗੀ ਬਿਆਨ ਹੀ ਉਹਨਾਂ ਦਾ,
    ਹਾਂ ਦਿਨ ਭਰ ਕਰੇਗੀ ਇਜ਼ਹਾਰ, ਉਹ ਹਨ ਬੇਸ਼ੁਮਾਰ।

    17. ਖ਼ੁਦਾ ਦੀ ਕੁੱਵਤ ਨਾਲ, ਮੈਂ ਅੰਦਰ ਜਾਵਾਂਗਾ,
    ਸੱਚਿਆਈ ਦਾ ਅਹਵਾਲ ਮੈਂ ਸਾਫ਼ ਸੁਣਾਵਾਂਗਾ,
    ਸਿਖਲਾਇਆ ਤੂੰ ਏ, ਯਾ ਰੱਬਾ, ਕਿ ਜਦ ਮੈਂ ਲੜਕਾ ਸਾਂ।

    18. ਮੈਂ ਕਰਦਾ ਰਹਿੰਦਾ ਹਾਂ, ਖ਼ੁਦਾਇਆ ਇਹ ਇਜ਼ਹਾਰ,
    ਕੰਮ ਤੇਰੇ ਬੇ-ਪਾਯਾ, ਅਜਾਇਬ, ਬੇਸ਼ੁਮਾਰ,
    ਜਦ ਬੁੱਢਾ ਹੋਵਾਂ, ਚਿੱਟੇ ਵਾਲ, ਮੈਨੂੰ ਤੂੰ ਲੈ ਸੰਭਾਲ।

    19. ਤਾਂ ਦੂਜੀ ਪੀੜ੍ਹੀ ਨੂੰ, ਜ਼ੋਰ ਤੇਰੇ ਦਾ ਬਿਆਨ,
    ਤੇ ਹਰ ਇੱਕ ਆਦਮੀ ਨੂੰ, ਜਦ ਤੀਕ ਸੁਣਾ ਨਾ ਲਾਂ,
    ਉਸ ਵੇਲੇ ਤੀਕ ਇਸ ਬੰਦੇ ਨੂੰ ਨਾ ਛੱਡੀਂ, ਯਾ ਰੱਬ ਤੂੰ।

  • ---

    ਅਤਿ ਉੱਚੀ ਤੇਰੀ ਸੱਚਿਆਈ,
    ਵੱਡੇ ਕੰਮ ਨੇ ਤੇਰੇ ਇਲਾਹੀ।

    20. ਐ ਖ਼ੁਦਾਵੰਦ, ਤੇਰੇ ਜਿਹਾ,
    ਕੋਈ ਨਹੀਂ ਹੋ ਸਕਦਾ,
    ਸਾਨੂੰ ਤੂੰ ਏ ਹੈ ਤੰਗੀ ਵਿਖਾਈ।

    21. ਤੂੰ ਜਾਵੇਂਗਾ ਫਿਰ ਅਸਾਨੂੰ,
    ਉੱਥੋਂ ਲਿਆਵੇਂਗਾ ਫਿਰ ਅਸਾਨੂੰ,
    ਜਿਹੜੀ ਧਰਤੀ ਦੀ ਡੂੰਘਿਆਈ।

    22. ਤਦ ਤੂੰ ਕਰਕੇ ਨਜ਼ਰ ਸਵੱਲੀ,
    ਮੈਨੂੰ ਬਖ਼ਸ਼ੇਂਗਾ ਤਸੱਲੀ,
    ਤੂੰ ਵਧਾਵੀਂ ਮੇਰੀ ਵਡਿਆਈ।

    23. ਖ਼ੁਸ਼ ਹੋ ਕੇ ਬੀਨ ਵਜਾਵਾਂ,
    ਤੇਰੀ ਵਫ਼ਾ ਦੀ ਉਸਤਤ ਗਾਵਾਂ,
    ਮੇਰੀ ਇੱਜ਼ਤ ਤੂੰ ਏ ਵਧਾਈ।

    24. ਇਸਰਾਏਲ ਦਾ ਤੂੰ ਏਂ ਪਵਿੱਤਰ,
    ਬਰਬਤ ਨਾਲ ਗਾਵਾਂ ਦਿਨ ਭਰ,
    ਤੇਰੀ ਉਸਤਤ ਤੇ ਵਡਿਆਈ।

    25. ਜਦ ਉਸਤਤ ਤੇਰੀ ਮੈਂ ਗਾਵਾਂ,
    ਤਾਂ ਮਨ ਵਿੱਚ ਖ਼ੁਸ਼ੀਆਂ ਪਾਵਾਂ,
    ਮੇਰੀ ਜਾਨ ਨੂੰ ਰਿਹਾਈ।

    26. ਸਾਰਾ ਦਿਨ ਸੱਚਿਆਈ ਤੇਰੀ,
    ਦੱਸੇਗੀ ਇਹ ਜੀਭ ਮੇਰੀ,
    ਮੇਰੇ ਵੈਰੀਆਂ ਸ਼ਰਮ ਉਠਾਈ।

  • ---

    1. ਤੂੰ ਆਪਣੇ ਬਾਦਸ਼ਾਹ ਨੂੰ, ਯਾ ਰੱਬ, ਆਪਣੀ ਅਦਾਲਤ ਦੇ,
    ਤੇ ਆਪਣੇ ਬਾਦਸ਼ਾਹ ਦੇ ਬੇਟੇ ਨੂੰ ਆਪਣੀ ਸਦਾਕਤ ਦੇ।

    2. ਤਦੋਂ ਉਹ ਤੇਰੇ ਮਸਕੀਨਾਂ ਦਾ, ਤੇਰੀ ਸਾਰੀ ਉੱਮਤ ਦਾ,
    ਅਦਾਲਤ ਤੇ ਸਦਾਕਤ ਨਾਲ, ਸਭ ਝਗੜਾ ਮਿਟਾਵੇਗਾ।

    3. ਖ਼ੁਦਾਇਆ, ਕਰਨਗੇ ਟਿੱਲੇ ਤੇਰੀ ਸੱਚਿਆਈ ਨੂੰ ਜ਼ਾਹਿਰ,
    ਪਹਾੜ ਅਮਨ–ਓ–ਅਮਾਨ ਦੱਸਣਗੇ ਤੇਰੇ ਲੋਕਾਂ ਦੀ ਖ਼ਾਤਿਰ।

    4. ਕਰੇਗਾ ਉਹ ਅਦਾਲਤ ਆਪ, ਉੱਮਤ ਦੇ ਗ਼ਰੀਬਾਂ ਦੀ,
    ਤੇ ਹਾਜ਼ਤਮੰਦਾਂ ਦੀ ਔਲਾਦ, ਪਾਵੇਗੀ ਖਲਾਸੀ ਵੀ।

    5. ਕਰੇਂਗਾ ਟੁਕੜੇ-ਟੁਕੜੇ ਜ਼ਾਲਿਮਾਂ ਦੇ, ਲੋਕੀ ਤਦ ਸਾਰੇ,
    ਤੇਰਾ ਰੱਖਣਗੇ ਡਰ, ਜਦ ਤੀਕ ਸੂਰਜ ਚੰਨ ਹਨ, ਤਾਰੇ।

  • ---

    6. ਉੱਤਰੇਗਾ ਉਹ ਨਾਲ ਆਪਣੇ ਫ਼ਜ਼ਲ ਦੇ,
    ਵਧੇ ਹੋਏ ਘਾਹ ਉੱਤੇ ਜਿਉਂ ਮੀਂਹ ਵਰ੍ਹੇ।

    7. ਜਾਂ ਝੜੀ ਜਿਸ ਤਰ੍ਹਾਂ ਲੱਗ ਕੇ ਸਰ–ਬ–ਸਰ,
    ਕਰਦੀ ਹੈ ਸੁੱਕੀ ਜ਼ਮੀਨ ਨੂੰ ਤਰ–ਬ–ਤਰ।

    8. ਰਾਜ ਵਿੱਚ ਉਹਦੇ ਵਧਣਗੇ ਸਾਦਿਕਾਂ,
    ਚੰਨ ਹੈ ਜਦ ਤੀਕਰ ਵਧੇ ਅਮਨ–ਓ–ਅਮਾਨ।

    9. ਸਭ ਸਮੁੰਦਰ, ਸਾਰੇ ਦਰਿਆ, ਕੁੱਲ ਜ਼ਮੀਨ,
    ਰਾਜ ਵਿੱਚ ਆਵਣਗੇ ਉਹਦੇ ਬਿਲਯਾਕੀਨ।

    10. ਵਹਿਸ਼ੀ ਵੀ ਨੀਵਣਗੇ ਸਭ ਉਹਦੇ ਹਜ਼ੂਰ
    ਵੈਰੀ ਉਹਦੇ ਮਿੱਟੀ ਚੱਟਣਗੇ ਜ਼ਰੂਰ।

    11. ਟਾਪੂਆਂ ਦੇ ਬਾਦਸ਼ਾਹ, ਤਰਸੀਸ ਵੀ,
    ਉਹਦੇ ਅੱਗੇ ਹੱਦੀਏ ਚੜ੍ਹਾਣਗੇ ਸਭੀ।

    12. ਹਾਂ ਸਬਾ ਤੇ ਸੀਬਾ ਦੇ ਵੀ ਬਾਦਸ਼ਾਹ,
    ਉਹਦੇ ਅੱਗੇ ਹੱਦੀਏ ਗੁਜ਼ਾਰਨ ਸਦਾ।

    13. ਬਾਦਸ਼ਾਹ ਨੀਂਵਣਗੇ ਸਭ ਉਹਦੇ ਹਜ਼ੂਰ,
    ਸਾਰੇ ਫਿਰਕੇ ਉਹਨੂੰ ਮੰਨਣਗੇ ਜ਼ਰੂਰ।

  • ---

    14. ਛੁਡਾਵੇਗਾ ਉਹ ਉਹਨਾਂ ਨੂੰ,
    ਜੋ ਹਨ ਕੰਗਾਲ, ਲਾਚਾਰ,
    ਦੁਹਾਈ ਉਹਦੀ ਦਿੰਦੇ ਹਨ, ਨਾ ਰੱਖਦੇ ਮਦਦਗਾਰ।

    15. ਮਸਕੀਨਾਂ ਤੇ ਮੁਹਤਾਜਾਂ ’ਤੇ, ਉਹ ਤਰਸ ਖਾਵੇਗਾ,
    ਕੰਗਾਲ, ਗ਼ਰੀਬ ਦੀ ਜਾਨਾਂ ਨੂੰ,
    ਉਹ ਆਪ ਬਚਾਵੇਗਾ।

    16. ਬਚਾਵੇਗਾ ਸਭ ਜ਼ੁਲਮਾਂ ਤੋਂ, ਜਾਨ ਆਪੇ ਉਹਨਾਂ ਦੀ,
    ਕਿ ਉਹਦੇ ਸਾਹਮਣੇ ਵੱਡੀ ਹੈ,
    ਹਾਂ ਕੀਮਤ ਉਹਨਾਂ ਦੀ।

    17. ਤਦ ਜ਼ਿੰਦਾ ਰਹੇਗਾ ਮਸਕੀਨ ਤੇ ਸੋਨਾ ਸਭ ਦਾ,
    ਹਜ਼ੂਰ ਵਿੱਚ ਉਹਦੇ ਖ਼ੁਸ਼ੀ ਨਾਲ,
    ਦਿਲ ਤੋਂ ਚੜ੍ਹਾਵੇਗਾ।

    18. ਤੇ ਉਹਦੇ ਵਾਸਤੇ ਮੰਗਾਂਗੇ ਦੁਆਵਾਂ ਸੁਬਾਹ, ਸ਼ਾਮ,
    ਹਰ ਰੋਜ਼ ਇਹ ਕਿਹਾ ਜਾਵੇਗਾ,
    ‘‘ਮੁਬਾਰਿਕ ਉਹਦਾ ਨਾਮ’’।

    19. ਪਹਾੜ ਦੀ ਚੋਟੀ ਤੇ ਅਨਾਜ, ਬਥੇਰਾ ਹੋਵੇਗਾ,
    ਲਬਾਨਾਨ ਦੇ ਫਲ਼ਾਂ ਵਾਂਗਰ ਓਹ, ਬਥੇਰਾ ਝੜੇਗਾ।

    20. ਤਦ ਰਹਿਣ ਵਾਲੇ ਸ਼ਹਿਰਾਂ ਦੇ
    ਸਰਸਬਜ਼ ਹੋ ਜਾਵਣਗੇ,
    ਮੈਦਾਨ ਦੇ ਘਾਹ ਦੇ ਵਾਂਗਰ
    ਉਹ ਖੂਬ ਲਹਿਲਹਾਵਣਗੇ।

  • ---

    21. ਰਹੇਗਾ ਨਾਂ ਸਦਾ ਤੀਕਰ ਮਸੀਹ ਦਾ,
    ਰਹੇਗਾ ਜਦ ਤਲਕ ਸੂਰਜ ਰਹੇਗਾ।

    22. ਤੇ ਉਸ ਤੋਂ ਬਰਕਤਾਂ ਸਭ ਲੋਕ ਪਾਵਣ,
    ਤੇ ਕੌਮਾਂ ਓਸ ਦੀਆਂ ਧੰਨਵਾਦ ਗਾਵਣ।

    23. ਜੋ ਇਸਰਾਏਲੀਆਂ ਦਾ ਰੱਬ ਖ਼ੁਦਾ ਹੈ,
    ਅਜਾਇਬ ਕੰਮ ਕਰਦਾ, ਧੰਨ ਸਦਾ ਹੈ।

    24. ਖ਼ੁਦਾ ਦਾ ਪਾਕ ਨਾਂ ਹੈ ਸ਼ਾਨ ਵਾਲਾ,
    ਸਦਾ ਤੀਕਰ ਮੁਬਾਰਿਕ ਉਹ ਰਹੇਗਾ।

    25. ਬਜ਼ੁਰਗੀ ਉਹਦੀ ਹੈ ਦੁਨੀਆ ’ਤੇ ਸਾਰੀ,
    ਕਹੋ, ਆਮੀਨ ਆਮੀਨ, ਫਿਰ ਦੂਸਰੀ ਵਾਰੀ।

  • ---

    1. ਜੋ ਇਸਰਾਏਲੀਆਂ ਦੇ ਵਿੱਚ ਸਾਫ਼ ਦਿਲ ਦੇ ਹਨ ਇਨਸਾਨ,
    ਹੈ ਸੱਚਮੁੱਚ ਉੱਤੇ ਉਹਨਾਂ ਦੇ, ਰੱਬ ਆਪੇ ਮਿਹਰਬਾਨ।

    2. ਪਰ ਮੈਂ ਜੋ ਹਾਂ, ਸੋ ਮੇਰੇ ਪੈਰ, ਸਨ ਫਿਸਲਣ ਨੂੰ ਤਿਆਰ,
    ਹਾਂ ਸੱਚੀਮੁੱਚੀ ਮੇਰੇ ਪੈਰ, ਤੇ ਹੈ ਸਨ ਤਿਲਕਣ ਹਾਰ।

    3. ਮੈਂ ਸੜਦਾ ਰਹਿੰਦਾ, ਵੇਖ ਕੇ ਹਾਲ, ਘੁਮੰਡੀ ਮੂਰਖ ਦਾ,
    ਸ਼ਰੀਰਾਂ ਦੇ ਮੈਂ ਵਾਧੇ ਨੂੰ, ਜਦ ਦੇਖਿਆ ਕਰਦਾ ਸਾਂ।

    4. ਨਾ ਬੰਧਨ ਮੌਤ ਵਿੱਚ ਉਹਨਾਂ ਦੇ, ਨਾ ਜਾਨ ਦੁੱਖ ਸਹਿੰਦੀ ਹੈ,
    ਨਾ ਕੁੱਵਤ ਘੱਟਦੀ ਉਹਨਾਂ ਦੀ, ਪਰ ਕਾਇਮ ਰਹਿੰਦੀ ਹੈ।

    5. ਨਾ ਹੋਰਨਾਂ ਵਾਂਗਰ ਉਹਨਾਂ ’ਤੇ ਮੁਸੀਬਤ ਆਉਂਦੀ ਹੈ,
    ਨਾ ਹੋਰਨਾ ਵਾਂਗਰ ਉਹਨਾਂ ਨੂੰ ਆਫ਼ਤ ਸਤਾਉਂਦੀ ਹੈ।

    6. ਸੋ ਹੋਇਆ ਹੈ ਘੁਮੰਡ ਗ਼ਰੂਰ, ਉਹਨਾਂ ਦੇ ਗਲ਼ ਦਾ ਹਾਰ,
    ਉਹ ਜ਼ੁਲਮ ਨੂੰ ਇਉਂ ਪਾਂਦੇ ਹਨ, ਜਿਉਂ ਕੱਪੜੇ ਬੂਟੇ ਦਾਰ।

    7. ਤੇ ਉਹਨਾਂ ਦੀ ਅੱਖ ਉੱਭਰੀ ਹੈ, ਹੁਣ ਮੋਟੀ ਚਰਬੀ ਨਾਲ,
    ਤੇ ਹੱਦੋਂ ਵੱਧ ਕੇ ਕਰਦੇ ਹਨ, ਦਿਲ ਆਪਣੇ ਵਿੱਚ ਖ਼ਿਆਲ।

    8. ਉਹ ਠੱਠੇ ਨਾਲ ਸ਼ਰਾਰਤ ਵਿੱਚ ਮੂੰਹ ਆਪਣਾ ਖੋਲ੍ਹਦੇ ਹਨ,
    ਹਨੇਰ ਉਹ ਮਾਰਦੇ ਰਹਿੰਦੇ ਹਨ, ਘੁਮੰਡ ਨਾਲ ਬੋਲਦੇ ਹਨ।

    9. ਮੂੰਹ ਆਪਣਾ ਉੱਚਾ ਕਰਦੇ ਹਨ, ਉਹ ਤਰਫ਼ ਅਸਮਾਨਾਂ ਦੀ,
    ਜ਼ਮੀਨ ਦੇ ਉੱਤੇ ਕਰਦੀ ਸੈਰ, ਜ਼ੁਬਾਨ ਵੀ ਉਹਨਾਂ ਦੀ।

    10. ਲੋਕ ਉਹਨਾਂ ’ਤੇ ਮੂੰਹ ਫੇਰਦੇ ਹਨ, ਤੇ ਪਾਣੀ ਕਸਰਤ ਨਾਲ,
    ਨਚੋੜਿਆ ਜਾਂਦਾ ਉਹਨਾਂ ਤੋਂ, ਕਰ ਸਖ਼ਤੀ ਦਾ ਖ਼ਿਆਲ।

    11. ਉਹ ਕਹਿੰਦੇ ਹਨ, ਕਿਸ ਤਰ੍ਹਾਂ ਨਾਲ ਖ਼ੁਦਾਵੰਦ ਜਾਣਦਾ ਹੈ,
    ਤੇ ਹੱਕ–ਤਾਅਲਾ ਕਿਉਂਕਰ ਇਹ ਸਭ ਹਾਲ ਪਛਾਣਦਾ ਹੈ?

  • ---

    12. ਕਿ ਵੇਖੋ ਹੁਣ ਸ਼ਰੀਰਾਂ ਦਾ, ਕਿਆ ਵੱਧਦਾ ਹੈ ਇਕਬਾਲ,
    ਤੇ ਦੁਨੀਆ ਦੀ ਉਹ ਦੌਲਤ ਨੂੰ, ਵਧਾਉਂਦੇ ਕਸਰਤ ਨਾਲ।

    13. ਮੈਂ ਸੱਚਮੁੱਚ ਐਵੇਂ ਕੀਤਾ ਸੀ, ਦਿਲ ਆਪਣੇ ਨੂੰ ਸਫ਼ਾ,
    ਤੇ ਧੋ ਕੇ ਹੱਥ ਇਹ ਕਿਹਾ ਸੀ, ਨਾ ਕਰਾਂਗਾ ਗ਼ੁਨਾਹ।

    14. ਕਿ ਸਾਰਾ ਦਿਨ ਮੈਂ ਰਹਿੰਦਾ ਹਾਂ, ਬੇਚੈਨ ਤੇ ਬੇ–ਆਰਾਮ,
    ਸਵੇਰੇ ਉੱਠਕੇ ਲੈਂਦਾ ਹਾਂ, ਮੈਂ ਦੁੱਖਾਂ ਦਾ ਇਨਾਮ।

    15. ਮੈਂ ਐਸਾ ਕਰਾਂਗਾ ਬਿਆਨ, ਜੇ ਮੈਂ ਇਹ ਕਿਹਾ ਸੀ,
    ਤਦ ਕਰਦਾ ਤੇਰੇ ਬੱਚਿਆਂ ਨਾਲ, ਮੈਂ ਬੇ–ਵਫ਼ਾਈ ਵੀ।

    16. ਜਦ ਸੋਚਦਾ ਸਾਂ ਕਿ ਇਹੋ ਗੱਲ, ਕਿਸ ਤਰ੍ਹਾਂ ਸਮਝਾਂਗਾ?
    ਤਦ ਮੇਰੀ ਨਜ਼ਰ ਵਿੱਚ ਇਹ ਕੰਮ, ਇੱਕ ਵੱਡਾ ਮੁਸ਼ਕਿਲ ਸਾ।

    17. ਜਦ ਹੈਕਲ ਵਿੱਚ ਖ਼ੁਦਾਵੰਦ ਦੀ ਮੈਂ ਪਹੁੰਚਿਆ ਬੇ–ਆਰਾਮ,
    ਜਦ ਉੱਥੇ ਜਾ ਕੇ ਜਾਤਾ ਮੈਂ ਸ਼ਰੀਰਾਂ ਦਾ ਅੰਜਾਮ।

    18. ਤੂੰ ਤਿਲਕਣ ਵਾਲੇ ਥਾਵਾਂ ਵਿੱਚ, ਬਿਠਾਂਦਾ ਉਹਨਾਂ ਨੂੰ,
    ਹਾਂ ਸੱਚਮੁੱਚ ਤੂੰ ਹਲਾਕਤ ਵਿੱਚ ਡਿਗਾਂਦਾ ਉਹਨਾਂ ਨੂੰ।

    19. ਉਹ ਛੇਤੀ ਉੱਜੜ ਗਏ ਸਭ, ਤੇ ਹੋਏ ਸਾਫ਼ ਵਰਾਨ,
    ਬਰਬਾਦ ਉਹ ਹੋਏ ਦਹਿਸ਼ਤ ਨਾਲ, ਨਾ ਰਿਹਾ ਕੁਝ ਨਸ਼ਾਨ।

    20. ਵਾਂਗ ਸੁਫ਼ਨੇ ਜਾਗਣ ਵਾਲੇ ਦੇ, ਜਦ ਜਾਣੇਂਗਾ ਖ਼ੁਦਾ,
    ਤੂੰ ਆਪ ਓਹਨਾਂ ਦੀ ਸੂਰਤ ਨੂੰ, ਘਿਨਾਉਣਾ ਜਾਣੇਂਗਾ।

    21. ਮੈਂ ਛਿੰਡਿਆ ਆਪਣੇ ਗ਼ੈਰਾਂ ਵਿੱਚ ਦਿਲ ਮੇਰਾ ਪਰੇਸ਼ਾਨ,
    ਮੈਂ ਤੇਰੇ ਸਾਹਮਣੇ ਡੰਗਰ ਹਾਂ, ਜਾਹਿਲ ਤੇ ਨਾਦਾਨ।

    22. ਮੈਂ ਤਦ ਵੀ ਰਹਿੰਦਾ ਹੁੰਦਾ ਸਾਂ ਹਮੇਸ਼ਾ ਤੇਰੇ ਨਾਲ,
    ਹੱਥ ਮੇਰੇ ਸੱਜਾ ਪਕੜਿਆ ਤੇ ਮੈਨੂੰ ਲੈ ਸੰਭਾਲ।

  • ---

    23. ਸਲਾਹਾਂ ਦੇ ਦੇ ਕੇ ਆਪਣਿਆਂ ਨੂੰ,
    ਕਰੇਂਗਾ ਹੁਣ ਮੇਰੀ ਰਿਹਾਈ,
    ਜਲਾਲ ਦੇ ਵਿੱਚ ਤੂੰ ਮੈਨੂੰ ਸ਼ਾਮਿਲ,
    ਕਰੇਂਗਾ ਆਖਿਰ ਨੂੰ, ਯਾ ਇਲਾਹੀ।

    24. ਖ਼ੁਦਾਇਆ, ਵੇਖ ਅਸਮਾਨ ਉੱਤੇ,
    ਨਾ ਤੇਰੇ ਬਾਝੋਂ ਹੈ ਕੋਈ ਮੇਰਾ,
    ਸਿਵਾਏ ਤੇਰੇ, ਮੇਰਾ ਪਿਆਰਾ,
    ਜ਼ਮੀਨ ਦੇ ਉੱਤੇ ਨਹੀਂ ਹੈ ਕੋਈ।

    25. ਹੈ ਜਿਸਮ ਮੇਰਾ ਤੇ ਡਿੱਗਦਾ ਢਹਿੰਦਾ,
    ਤੇ ਦਿਲ ਵੀ ਮੇਰਾ ਹੈ ਘੱਟਦਾ ਜਾਂਦਾ,
    ਖ਼ੁਦਾ ਹੈ ਪਰ ਮੇਰੇ ਦਿਲ ਦਾ ਹਿੱਸਾ,
    ਚਟਾਨ ਅਬਦੀ, ਮੇਰਾ ਪਨਾਹੀ।

    26. ਜੋ ਦੂਰ ਰਹਿੰਦੇ ਨੇ ਤੇਰੇ ਕੋਲੋਂ,
    ਉਹ ਨਾਸ਼ ਹੁੰਦੇ ਨੇ ਮੁੱਢੋਂ ਮੂਲੋਂ,
    ਖ਼ੁਦਾਇਆ, ਤੂੰ ਏ ਹਲਾਕ ਕੀਤੇ,
    ਤਮਾਮ ਬਾਗੀ ਤੇ ਜਨਾਹੀ।

    27. ਹੈ ਆਸ ਮੇਰੀ ਖ਼ੁਦਾ ਦੇ ਉੱਤੇ,
    ਮੈਂ ਦੱਸਾਂ ਤਾਂ ਉਹਦੇ ਕੰਮ ਸਾਰੇ,
    ਰਹਾਂ ਸਦਾ ਤੀਕਰ ਉਹਦੇ ਨੇੜੇ,
    ਹੈ ਮੇਰੀ ਇਸੇ ਦੇ ਵਿੱਚ ਭਲਿਆਈ।

  • ---

    1. ਤੂੰ ਅਸਾਨੂੰ ਸਦਾ ਤੀਕਰ ਕਿਉਂ ਰੱਦ ਕੀਤਾ, ਐ ਖ਼ੁਦਾ।
    ਤੇਰੀਆਂ ਭੇਡਾਂ ਉੱਤੇ ਉੱਠਿਆ,
    ਧੂੰ ਕਿਉਂ ਤੇਰੇ ਗੁੱਸੇ ਦਾ?

    2. ਆਪਣੇ ਲੋਕਾਂ ਨੂੰ ਫਿਰ ਯਾਦ ਕਰ,
    ਜਿਨ੍ਹਾਂ ਨੂੰ ਖ੍ਰੀਦਿਆ ਸੀ,
    ਉਹ ਗਰੋਹ ਮਿਰਾਸ ਸੀ ਤੇਰੀ
    ਜਿਨ੍ਹਾਂ ਨੂੰ ਛੁਡਾਇਆ ਸੀ।

    3. ਆਪਣੇ ਉਸ ਪਹਾੜ ਸਿਓਨ ਨੂੰ ਐ ਖ਼ੁਦਾਵੰਦ,
    ਯਾਦ ਫਰਮਾਅ,
    ਜਿਸ ਵਿੱਚ ਰਹਿੰਦਾ ਬਹਿੰਦਾ ਸੈਂ ਤੂੰ,
    ਘਰ ਸੀ ਤੇਰੇ ਰਹਿਣੇ ਦਾ।

    4. ਪੈਰ ਵਧਾਈਂ ਆਪਣੇ, ਯਾ ਰੱਬ,
    ਤੂੰ ਉਜਾੜਾਂ ਵੱਲ ਸ਼ਤਾਬ,
    ਪਾਕ ਘਰ ਤੇਰਾ ਦੁਸ਼ਮਣਾਂ ਨੇ
    ਕੀਤਾ ਹੈ ਉਜਾੜ ਖਰਾਬ।

  • ---

    5. ਤੇਰੀ ਟੋਲੀਆਂ ਵਿੱਚ ਆ ਕੇ,
    ਦੁਸ਼ਮਣ ਸ਼ੋਰ ਮਚਾਉਂਦੇ ਨੇ,
    ਆਪਣੇ ਹੀ ਨਿਸ਼ਾਨਾਂ ਨੂੰ ਉਹ,
    ਖਾਸ ਨਿਸ਼ਾਨ ਠਹਿਰਾਉਂਦੇ ਨੇ।

    6. ਇੱਕ-ਇੱਕ ਤੇਰੇ ਦੁਸ਼ਮਣ ਦਾ ਹੁਣ,
    ਜਾਪਦਾ ਹੈ ਅਜਿਹਾ ਹਾਲ,
    ਸੰਘਣੇ ਰੁੱਖਾਂ ਉੱਤੇ ਮਾਰੇ,
    ਜਿਉਂ ਕੁਹਾੜਾ ਸਖ਼ਤੀ ਨਾਲ।

    7. ਤੇਰੀ ਹੈਕਲ ਵਿੱਚ ਹੁਣ ਜਿਸਨੇ,
    ਉੱਕਰੇ ਕੰਮ ਨਕਾਸ਼ੀ ਦੇ,
    ਮਾਰ ਕੁਹਾੜੇ ਤੇ ਹਥੌੜੇ,
    ਤੋੜਦੇ ਹਨ ਨਾਲ ਸ਼ਕਤੀ ਦੇ।

    8. ਤੇਰੇ ਪਾਕ ਮਕਾਨ ਨੂੰ, ਯਾ ਰੱਬ,
    ਅੱਗ ਲਗਾ ਕੇ ਕੀਤਾ ਖ਼ਾਕ,
    ਤੇਰੀ ਹੈਕਲ ਪਾਕ ਨੂੰ ਢਾਹਕੇ,
    ਉਹਨਾਂ ਕੀਤਾ ਹੈ ਨਾਪਾਕ।

    9. ਉਹਨਾਂ ਨੇ ਇਹ ਦਿਲ ਵਿੱਚ ਕਿਹਾ,
    ਕਰੀਏ ਇਹਨਾਂ ਨੂੰ ਫ਼ਨਾਹ,
    ਸਭ ਇਬਾਦਤ–ਗਾਹਾਂ ਰੱਬ ਦੀ,
    ਅੱਗ ਲਗਾ ਕੇ ਦਿਓ ਜਲਾ।

    10. ਨਾ ਨਿਸ਼ਾਨ ਹਾਂ ਅਸੀਂ ਵੇਖਦੇ,
    ਨਾ ਹੁਣ ਕੋਈ ਨਬੀ ਵੀ,
    ਕੋਈ ਨਹੀਂ ਜਾਣਦਾ ਹੈ ਇਹ,
    ਹਾਲਤ ਕਦ ਤੀਕ ਰਹੇਗੀ।

  • ---

    11. ਯਾ ਰੱਬ ਤਾਹਨੇ, ਮਾਰਕੇ ਦੁਸ਼ਮਣ,
    ਕਦ ਤੀਕ ਗੱਲਾਂ ਕਰੇਗਾ,
    ਕਦ ਤੀਕ ਤੇਰੇ ਨਾਂ ਦੇ ਉੱਤੇ,
    ਕੁਫ਼ਰ ਬਕਦਾ ਰਹੇਗਾ?

    12. ਆਪਣਾ ਹੱਥ ਪਿਛਾਂਹ ਕਿਉਂ ਰੱਖਦਾ ਹੈਂ,
    ਯਾ ਰੱਬ, ਕੁਝ ਵਿੱਚੋਂ ਤੂੰ,
    ਆਪਣੇ ਸੱਜੇ ਹੱਥ ਨੂੰ ਕੱਢਕੇ,
    ਫ਼ਨਾਹ ਕਰੀਂ ਇਹਨਾਂ ਨੂੰ।

    13. ਮੁੱਢ ਕਦੀਮੋ ਪਾਕ ਖ਼ੁਦਾਵੰਦ,
    ਮਾਲਿਕ, ਬਾਦਸ਼ਾਹ ਮੇਰਾ ਹੈ,
    ਓਹੋ ਸਾਰੀ ਧਰਤੀ ਉੱਤੇ,
    ਕੰਮ ਨਜਾਤ ਦੇ ਕਰਦਾ ਹੈ।

    14. ਤੂੰ ਦਰਿਆ ਦੋ ਹਿੱਸੇ ਕੀਤੇ, ਯਾ ਰੱਬ,
    ਆਪਣੀ ਕੁਦਰਤ ਨਾਲ,
    ਮਗਰਮੱਛਾਂ ਦੇ ਵੀ ਤੂੰ ਏ,
    ਸਿਰ ਫੇਹ ਸੁੱਟੇ ਵਿੱਚ ਪਤਾਲ਼।

    15. ਲਾਵੀਯਾਤਾਂ ਦੇ ਸਿਰ ਤੂੰ ਏ,
    ਟੁਕੜੇ–ਟੁਕੜੇ ਕੀਤੇ ਵੀ,
    ਉਹਨਾਂ ਨੂੰ ਖੁਰਾਕ ਬਣਾਈ,
    ਜੰਗਲ ਦੇ ਮਸਕੀਨਾਂ ਦੀ।

    16. ਤੂੰ ਏ ਚਸ਼ਮੇ ਤੇ ਦਰਿਆ ਵੀ,
    ਚੀਰੇ ਹਨ ਖ਼ੁਦਾਵੰਦਾ,
    ਉਹ ਦਰਿਆ, ਸੁਕਾਏ ਤੂੰ ਏ,
    ਜਿਹੜੇ ਵਗਦੇ ਸਨ ਸਦਾ।

    17. ਦਿਨ ਹੈ ਤੇਰਾ, ਰਾਤ ਵੀ ਤੇਰੀ,
    ਸੂਰਜ ਚਾਨਣ ਦਾ ਤੂੰ ਰੱਬ,
    ਧਰਤੀ ਦੀ ਹੱਦ ਬੰਨ੍ਹੀ ਤੂੰ ਏ,
    ਸਰਦੀ–ਗਰਮੀ ਤੇਥੋਂ ਸਭ।

  • ---

    18. ਤਾਹਨੇ ਮਾਰ ਸਤਾਉਂਦੇ ਤੇਰੇ ਵੈਰੀ, ਰੱਬਾ, ਯਾਦ ਕਰੀਂ,
    ਬਕਦੇ ਨੇ ਕੁਫ਼ਰ ਪਏ, ਜਾਹਿਲ ਸਾਰੇ।

    19. ਫ਼ਾਖਤਾ ਨਾ ਦਈਂ ਆਪਣੀ, ਦਰਿੰਦੇ ਦੇ ਹੱਥ ਵਿੱਚ,
    ਕੌਮ ਹੈ ਉਹ ਡਾਢੀ ਭੈੜੀ, ਰੱਬਾ, ਯਾਦ ਕਰੀਂ।

    20. ਦੁਖੀਆਂ ਦੀ ਟੋਲੀ ਆਪੀਂ, ਭੁੱਲ ਵੀ ਨਾ ਜਾਈਂ,
    ਅਹਿਦ ਨਾ ਭੁਲਾਈਂ ਆਪਣਾ, ਰੱਬਾ, ਯਾਦ ਕਰੀਂ।

    21. ਆਜਿਜ਼ ਤੇ ਕੰਗਾਲ ਵੀ ਸਭੋ, ਗਾਵਣ ਤੇਰੀਆਂ ਸਿਫ਼ਤਾਂ,
    ਤੇਰੇ ਨਾਂ ਦੀ ਉਸਤਤ ਗਾਵਣ, ਰੱਬਾ, ਯਾਦ ਕਰੀਂ।

    22. ਉੱਠ, ਐ ਖ਼ੁਦਾਵੰਦ, ਹੁਣ, ਆਪੇ ਦੇ ਦਲੀਲਾਂ,
    ਅਹਿਮਕਾਂ ਦੇ ਤਾਹਨੇ ਸਾਰੇ, ਰੱਬਾ ਯਾਦ ਕਰੀਂ।

    23. ਕਦੀ ਵੀ ਤੂੰ, ਭੁੱਲ ਨਾ ਜਾਈਂ, ਦੁਸ਼ਮਣਾਂ ਦਾ ਗਾਊਗਾ,
    ਸ਼ੋਰ ਵਧਾਉਂਦੇ ਤੇਰੇ ਵੈਰੀ, ਰੱਬਾ ਯਾਦ ਕਰੀਂ।

  • ---

    1. ਤਾਰੀਫ਼ ਹੁਣ ਤੇਰੀ ਕਰਦੇ ਹਾਂ ਤੇ ਗਾਉਂਦੇ ਹਾਂ ਸਨਾ,
    ਨਾਂ ਤੇਰਾ ਸਾਡੇ ਨੇੜੇ ਹੈ, ਰਹੀਮ ਖ਼ੁਦਾਵੰਦਾ।

    2. ਤੇਰੇ ਅਜਾਇਬ ਸਭੋ ਕੰਮ ਹਨ ਜ਼ਾਹਿਰ ਕਰਦੇ ਸਾਫ਼,
    ਜਦ ਮੌਕਾ ਮਿਲੇ ਰਾਸਤੀ ਨਾਲ ਮੈਂ ਕਰਾਂਗਾ ਇਨਸਾਫ਼।

    3. ਜ਼ਮੀਨ ’ਤੇ ਰਹਿਣ ਵਾਲੇ ਵੀ ਸਭ ਪੱਘਰ ਗਏ ਹਨ,
    ਹਾਂ ਸਾਰੇ ਥੰਮ੍ਹ ਇਸ ਧਰਤੀ ਦੇ ਮੈਂ ਹੀ ਸੰਭਾਲੇ ਹਨ।

    4. ਘੁਮੰਡੀਆਂ ਨੂੰ ਇਹ ਕਿਹਾ ਹੈ, ਨਾ ਕਰੋ ਹੁਣ ਘੁਮੰਡ,
    ਸ਼ਰੀਰਾਂ ਨੂੰ, ਕਿ ਆਪਣੇ ਸਿੰਗ, ਨਾ ਕਰੋ ਹੁਣ ਬੁਲੰਦ।

    5. ਨਾ ਉੱਚੇ ਕਰੋ ਆਪਣਾ ਸਿੰਗ ਗ਼ਰੂਰ ਬੇਅਦਬੀ ਨਾਲ,
    ਨਾ, ਖੁਦ-ਸਿਰ ਹੋ ਕੇ, ਕਰੋ ਵੀ ਬਾਤਾਂ ਗੁਸਤਾਖ਼ੀ ਨਾਲ।

  • ---

    6. ਨਾ ਚੜ੍ਹਦੇ, ਲਹਿੰਦੇ, ਦੱਖਣ ਤੋਂ ਇਕਬਾਲ ਕੁਝ ਆਉਂਦਾ ਹੈ,
    ਪਰ ਆਪ ਖ਼ੁਦਾਵੰਦ ਸੱਚ ਦੇ ਨਾਲ ਇਨਸਾਫ਼ ਮੁਕਾਉਂਦਾ ਹੈ।

    7. ਉਹ ਇੱਕ ਨੂੰ ਆਜਿਜ਼ ਕਰਦਾ ਹੈ, ਇੱਕ ਨੂੰ ਵਧਾਂਦਾ ਹੈ,
    ਉਹ ਲਾਲ ਸ਼ਰਾਬ ਪਿਆਲੇ ਵਿੱਚ, ਉਂਡੇਲ ਕੇ ਪਾਂਦਾ ਹੈ।

    8. ਮਸਾਲਾ ਉਸ ਵਿੱਚ ਡਾਢਾ ਹੈ, ਉਹ ਹੈ ਮਸਾਲੇਦਾਰ,
    ਨਚੋੜਨ ਉਹਦੀ ਪੀਵਣਗੇ, ਸਭ ਦੁਨੀਆ ਦੇ ਬਦਕਾਰ।

    9. ਪਰ ਮੈਂ ਸੁਣਾਵਾਂ ਕਰਾਂਗਾ ਇਹੋ ਬਿਆਨ ਸਦਾ,
    ਯਾਕੂਬ ਦੇ ਰੱਬ ਦੀਆਂ ਸਿਫ਼ਤਾਂ ਹੁਣ ਹਰ ਰੋਜ਼ ਮੈਂ ਗਾਵਾਂਗਾ।

    10. ਕੱਟ ਸੁੱਟਾਂਗਾ ਮੈਂ ਸਾਰੇ ਸਿੰਗ ਸ਼ਰੀਰ ਬਦਕਾਰਾਂ ਦੇ,
    ਪਰ ਸਿੰਗ ਵਧਾਏ ਜਾਵਣਗੇ ਹਾਂ ਸਭ ਸੱਚਿਆਰਾਂ ਦੇ।

  • ---

    1. ਰੱਬ ਯਹੂਦਾਹ ਵਿੱਚ ਮਸ਼ਹੂਰ ਹੈ,
    ਇਸਰਾਏਲ ਵਿੱਚ ਵੱਡਾ ਹੈ,
    ਸਾਲੇਮ ਵਿੱਚ ਹੈ ਉਹਦਾ ਤੰਬੂ,
    ਉਹ ਸਿਓਨ ਵਿੱਚ ਰਹਿੰਦਾ ਹੈ।

    2. ਤੀਰ ਕਮਾਨ ਸਭ ਉਸ ਨੇ ਤੋੜੇ,
    ਨਾਲੇ ਤੋੜੀ ਢਾਲ ਤਲਵਾਰ,
    ਸਾਰੇ ਜੰਗ ਤੇ ਸਭੋ ਝਗੜੇ,
    ਉਸ ਮਿਟਾਏ ਇੱਕੋ ਵਾਰ।

    3. ਹਾਂ ਸ਼ਿਕਾਰੀ ਪਰਬਤ ਤੋਂ ਵੀ,
    ਤੇਰਾ ਵੱਡਾ ਹੈ ਜਲਾਲ,
    ਸਗੋਂ ਉਸ ਤੋਂ ਵੀ ਹੈ ਵੱਧਕੇ,
    ਤੇਰੀ ਸ਼ੌਕਤ ਤੇ ਕਮਾਲ।

    4. ਜ਼ੋਰਾਵਰ ਸਭ ਲੁੱਟੇ ਗਏ,
    ਨੀਂਦਰ ਵਿੱਚ ਸਭ ਸੁੱਤੇ ਹਨ,
    ਉਹਨਾਂ ਦੇ ਮਨੁੱਖ ਜ਼ੋਰਵਾਲੇ,
    ਹੱਥੋਂ ਕੰਮ ਨਾ ਕਰਦੇ ਹਨ।

    5. ਤੇਰੀ ਘੁਰਕੀ ਧਮਕੀ ਦੇ ਨਾਲ,
    ਐ ਯਾਕੂਬ ਦੇ ਪਾਕ ਖ਼ੁਦਾ,
    ਲੱਖਾਂ ਘੋੜੇ ਉਹਨਾਂ ਦੇ ਸਭ,
    ਨੀਂਦਰ ਦੇ ਵਿੱਚ ਹੋਏ ਫ਼ਨਾਹ।

  • ---

    6. ਤੇਰੇ ਕੋਲੋਂ ਡਰਨਾ ਚਾਹੀਏ,
    ਤੇਰਾ ਹੀ ਡਰ ਹੈ ਦਰਕਾਰ,
    ਠਹਿਰੇਗਾ ਕੌਣ ਤੇਰੇ ਸਾਹਮਣੇ,
    ਜਦ ਤੂੰ ਗੁੱਸੇ ਹੋ ਇੱਕ ਵਾਰ?

    7. ਤੂੰ ਅਸਮਾਨਾਂ ਉੱਤੇ, ਯਾ ਰੱਬ,
    ਜਦੋਂ ਹੁਕਮ ਦਿੱਤਾ ਸੀ,
    ਤਦ ਡਰ ਉੱਠੇ ਧਰਤੀ ਸਾਰੀ,
    ਡਰ ਦੇ ਨਾਲ ਥੰਮ ਗਈ ਵੀ।

    8. ਜਦੋਂ ਉੱਠਿਆ ਸੀ ਖ਼ੁਦਾਵੰਦ,
    ਕਰੇ ਤਾਂ ਨਿਆਂ ਦੀ ਬਾਤ,
    ਤਾਂ ਹਲੀਮ ਜ਼ਮੀਨ ਦੇ ਸਾਰੇ,
    ਪਾਵਣ ਉਸੇ ਤੋਂ ਨਜਾਤ।

    9. ਗਾਵੇਗਾ ਇਨਸਾਨ ਦਾ ਗੁੱਸਾ,
    ਤੇਰੀ ਸਨਾ, ਐ ਖ਼ੁਦਾ,
    ਗ਼ਜ਼ਬ ਦੇ ਬੱਕੀਏ ਨਾਲ ਤੂੰ,
    ਆਪਣੀ ਕਮਰ ਕੱਸੇਂਗਾ।

    10. ਜਿੰਨੇ ਪਾਕ ਹਜ਼ੂਰੀ ਦੇ ਵਿੱਚ,
    ਰਹਿੰਦੇ ਹੋ ਖ਼ੁਦਾਵੰਦ ਦੀ,
    ਦਿਲ ਦੇ ਨਾਲ ਸਭ ਨਜ਼ਰਾਂ ਮੰਨੋ,
    ਸਭੋ ਅਦਾ ਕਰੋ ਵੀ।

    11. ਡਾਢੇ ਰੱਬ ਦੇ ਅੱਗੇ ਸਭੋ,
    ਹੱਦੀਏ ਦੇਵਣ ਡਰ ਦੇ ਨਾਲ,
    ਜਾਨ ਅਮੀਰਾਂ ਦੀ ਉਹ ਲੈਂਦਾ,
    ਡਰਨ ਉਸ ਤੋਂ ਸ਼ਾਹ ਕਮਾਲ।

  • ---

    1. ਖ਼ੁਦਾਵੰਦ ਦੇ ਵੱਲ ਜ਼ੋਰ ਦੇ ਨਾਲ ਆਵਾਜ਼ ਉਠਾਵਾਂਗਾ,
    ਕੰਨ ਧਰ ਕੇ ਮੇਰੀ ਸੁਣੇਗਾ, ਉਹਨੂੰ ਪੁਕਾਰਾਂਗਾ।

    2. ਜਿਨ੍ਹਾਂ ਦਿਨਾਂ ਵਿੱਚ ਮੇਰੇ ’ਤੇ ਮੁਸੀਬਤ ਤੰਗੀ ਸੀ,
    ਖ਼ੁਦਾ ਦੀ ਸੱਚੇ ਦਿਲ ਦੇ ਨਾਲ ਤਦ ਢੂੰਡ ਮੈਂ ਕੀਤੀ ਸੀ।

    3. ਦੁਆ ਵਿੱਚ ਹੱਥ ਉਠਾਏ ਸਨ ਨਾ ਥੱਕੇ ਸਾਰੀ ਰਾਤ,
    ਨਾ ਮੇਰੀ ਜਾਨ ਨੂੰ ਲੱਭਦੀ ਸੀ, ਤਸੱਲੀ ਦੀ ਕੁਝ ਬਾਤ।

    4. ਮੈਂ ਯਾਦ ਖ਼ੁਦਾ ਨੂੰ ਕਰਦਾ ਹਾਂ, ਤੇ ਸ਼ੋਰ ਮਚਾਂਦਾ ਹਾਂ,
    ਮੈਂ ਸੋਚਦਾ ਹਾਂ ਤੇ ਹਾਂ ਬੇਹਾਲ, ਗਸ਼ ਖਾਂਦਾ ਜਾਂਦਾ ਹਾਂ।

    5. ਤੂੰ ਮੇਰੀਆਂ ਅੱਖੀਆਂ ਐ ਖ਼ੁਦਾ, ਆਪ ਖੁੱਲ੍ਹੀਆਂ ਰੱਖੀਆਂ ਸਨ,
    ਮੈਂ ਕੁਝ ਵੀ ਬੋਲ ਨਾ ਸਕਦਾ ਹਾਂ ਤੇ ਹੋਇਆ ਹੈਰਾਨ।

  • ---

    6. ਮੈਂ ਆਪਣੇ ਅਗਲੇ ਦਿਨਾਂ ਦਾ,
    ਜਦ ਕਰਦਾ ਹਾਂ ਖ਼ਿਆਲ,
    ਤੇ ਸੋਚਦਾ ਹਾਂ ਕਿ ਕੈਸੇ ਸਨ,
    ਸਭ ਮੇਰੇ ਗੁਜ਼ਰੇ ਸਾਲ।

    7. ਮੈਂ ਆਪਣਾ ਗੀਤ ਯਾਦ ਕਰਦਾ ਹਾਂ,
    ਜੋ ਗਾਉਂਦਾ ਸਾਂ ਹਰ ਰਾਤ,
    ਤੇ ਆਪਣੇ ਦਿਲ ਵਿੱਚ ਸੋਚਦਾ ਹਾਂ,
    ਰੂਹ ਪੁੱਛਦੀ ਹੈ ਇਹ ਬਾਤ।

    8. ਕਿ ਕਿਆ ਖ਼ੁਦਾਵੰਦ ਸਦਾ ਤੀਕ,
    ਰੱਦ ਮੈਨੂੰ ਕਰੇਗਾ?
    ਕਿਆ ਮੇਰੇ ਉੱਤੇ ਕਦੀ ਵੀ,
    ਨਾ ਰਾਜ਼ੀ ਹੋਵੇਗਾ?

    9. ਕਿਆ ਰਹਿਮਤ ਉਹਦੀ ਸਦਾ ਤੀਕ,
    ਹੁਣ ਜਾਂਦੀ ਰਹੀ ਹੈ?
    ਤੇ ਉਹਦੇ ਸਾਰੇ ਵਾਅਦੇ ਵਿੱਚ,
    ਫਿਰ ਢਿੱਲ ਕਿਉਂ ਪਈ ਹੈ?

    10. ਕਿਆ ਆਪਣੀ ਮਿਹਰ ਮੁਹੱਬਤ ਨੂੰ,
    ਭੁੱਲ ਗਿਆ ਹੈ ਖ਼ੁਦਾ?
    ਕਰ ਦਿੱਤੀਆਂ ਬੰਦ ਹੁਣ ਕਹਿਰ ਦੇ ਨਾਲ,
    ਸਭ ਰਹਿਮਤਾਂ ਸਦਾ?

    11. ਤਦ ਬੋਲਿਆ ਮੈਂ, ਕੀ ਇਹੋ ਈ,
    ਜੈਫ਼ ਹੈ ਮੇਰਾ ਹਾਲ,
    ਯਾਦ ਰੱਖਾਂਗਾ ਖ਼ੁਦਾਵੰਦ ਦੇ,
    ਮੈਂ ਸੱਜੇ ਹੱਥ ਦੇ ਸਾਲ।

  • ---

    12. ਮੈਂ ਜ਼ਿਕਰ ਕਰਦਾ ਰਹਾਂਗਾ,
    ਖ਼ੁਦਾ ਦੇ ਕੰਮਾਂ ਦਾ,
    ਮੈਂ ਤੇਰੇ ਸਭ ਅਜਾਇਬ ਕੰਮ,
    ਯਾਦ ਕਰਾਂਗਾ ਸਦਾ।

    13. ਮੈਂ ਤੇਰੇ ਸਾਰੇ ਕੰਮਾਂ ਦੀ,
    ਸੋਚ ਰੱਖਾਂਗਾ ਹਰ ਆਨ,
    ਹਾਂ ਤੇਰੇ ਸਾਰੇ ਕੰਮਾਂ ’ਤੇ,
    ਮੈਂ ਰੱਖਾਗਾ ਧਿਆਨ।

    14. ਰਾਹ ਤੇਰਾ ਵਿੱਚ ਪਾਕੀਜ਼ਗੀ,
    ਮੇਰੇ ਖ਼ੁਦਾਇਆ ਹੈ,
    ਹੈ ਕਿਹੜਾ ਵੱਡਾ ਪੂਜਣਯੋਗ,
    ਜੋ ਤੇਰੇ ਜਿਹਾ ਹੈ।

    15. ਸਭ ਤੇਰੇ ਕੰਮ ਅਜਾਇਬ ਹਨ,
    ਤੂੰ ਕੁਦਰਤਵਾਲਾ ਹੈਂ,
    ਤੂੰ ਕੌਮਾਂ ਉੱਤੇ ਆਪਣਾ ਜ਼ੋਰ,
    ਡਾਢਾ ਵਿਖਾਇਆ ਹੈ।

    16. ਬਚਾਏ ਆਪਣੇ ਸਾਰੇ ਲੋਕ,
    ਤੂੰ ਆਪਣੇ ਬਾਜੂ ਨਾਲ,
    ਯਾਕੂਬ ਤੇ ਯੂਸਫ਼ ਦੀ ਔਲਾਦ,
    ਤੂੰ ਆਪੀਂ ਲੈ ਸੰਭਾਲ।

  • ---

    17. ਪਾਣੀਆਂ ਵੇਖਿਆ ਤੈਨੂੰ,
    ਵੱਡੇ ਪਾਣੀ ਗਏ ਡਰ,
    ਸਭੋ ਡੂੰਘੇ ਪਾਣੀ, ਯਾ ਰੱਬ,
    ਕੰਬ ਉੱਠੇ ਨੇ ਸਰਾਸਰ।

    18. ਬੱਦਲਾਂ ਨੇ ਪਾਣੀ ਸੁੱਟਿਆ,
    ਦਿੱਤੀ ਬੱਦਲਾਂ ਨੇ ਸਦਾ,
    ਤੇਰੇ ਤੀਰ ਚਾਵਾਲ੍ਹੀ ਤਦੋਂ,
    ਚੱਲਦੇ ਸਨ, ਖ਼ੁਦਾਵੰਦਾ।

    19. ਵਾਵਰੋਲੇ ਵਿੱਚੋਂ ਆਈ, ਸਦਾ, ਤੇਰੇ ਗੱਜਣ ਦੀ,
    ਬਿਜਲੀਆਂ ਦੇ ਚਮਕਣ ਨਾਲ ਤਦ,
    ਧਰਤੀ ਚਾਨਣ ਹੋਈ ਸੀ।

    20. ਤਦੋਂ ਧਰਤੀ ਥਰ–ਥਰ ਕੰਬੀ,
    ਹੈ ਦਰਿਆ ਵਿੱਚ ਤੇਰਾ ਰਾਹ,
    ਤੇਰੀ ਲਾਂਘ ਸਮੁੰਦਰ ਵਿੱਚ ਹੈ,
    ਖੋਜ ਨਾ ਤੇਰੇ ਪੈਰਾਂ ਦਾ।

    21. ਆਪਣੇ ਲੋਕਾਂ ਨੂੰ ਖ਼ੁਦਾਇਆ,
    ਵਾਂਗਰ ਕਿਸੇ ਇੱਜੜ ਦੇ,
    ਮੂਸਾ ਤੇ ਹਾਰੂਨ ਦੇ ਹੱਥੋਂ,
    ਤੂੰ ਏ ਰਾਹ ਵਿਖਾਇਆ ਸੀ।

  • ---

    1. ਕੰਨ ਰੱਖ, ਐ ਮੇਰੀ ਉੱਮਤ, ਮੇਰੀ ਸ਼ਰੀਅਤ ਪਰ,
    ਤੇ ਮੇਰੇ ਮੂੰਹ ਦੀਆਂ ਗੱਲਾਂ, ਤੂੰ ਸੁਣ ਲੈ, ਹੁਣ ਕੰਨ ਧਰ।

    2. ਮੈਂ ਆਪਣਾ ਮੂੰਹ ਹੁਣ ਖੋਲ੍ਹਕੇ, ਮਿਸਾਲਾਂ ਕਹਾਂਗਾ,
    ਪੁਰਾਣੇ ਭੇਦ ਦੀਆਂ ਗੱਲਾਂ, ਮੈਂ ਜ਼ਾਹਿਰ ਕਰਾਂਗਾ।

    3. ਗੱਲ ਜਿਹੜੀ ਅਸਾਂ ਸੁਣੀ, ਸਮਝੀ ਕਰਕੇ ਧਿਆਨ,
    ਪਿਓ–ਦਾਦਿਆਂ ਨੇ ਅਸਾਡੇ, ਜੋ ਕੀਤੀ ਸੀ ਬਿਆਨ।

    4. ਸੋ ਉਹਨਾਂ ਦੀ ਔਲਾਦ ਤੋਂ, ਨਾ ਕੁਝ ਛਿਪਾਵਾਂਗੇ,
    ਪਰ ਅਗਲੀ ਪੀੜ੍ਹੀ ਅੱਗੇ, ਸਭ ਖੋਲ੍ਹ ਸੁਣਾਵਾਂਗੇ।

    5. ਖ਼ੁਦਾਵੰਦ ਦੀਆਂ ਸਿਫ਼ਤਾਂ, ਤੇ ਕੁਦਰਤ ਬੇਸ਼ੁਮਾਰ,
    ਸੁਣਾਵਾਂਗੇ ਸਭ ਖੋਲ੍ਹਕੇ, ਉਹ ਦੇ ਅਜਾਇਬ ਕਾਰ।

    6. ਯਾਕੂਬ ਦੇ ਵਿੱਚ ਗਵਾਹੀ, ਉਸ ਕਾਇਮ ਕੀਤੀ ਸੀ,
    ਤੇ ਬਨੀ ਇਸਰਾਏਲ ਵਿੱਚ, ਸ਼ਰੀਅਤ ਰੱਖੀ ਸੀ।

  • ---

    7. ਪਿਓ-ਦਾਦਿਆਂ ਨੂੰ ਅਸਾਡੇ,
    ਇਹ ਹੋਇਆ ਸੀ ਫਰਮਾਨ,
    ਕਿ ਆਪਣੀ ਕੁੱਲ ਔਲਾਦ ਨੂੰ,
    ਇਹ ਗੱਲਾਂ ਸਭ ਸਿਖਲਾਨ।

    8. ਤਾਂ ਅਗਲੀ ਪੀੜ੍ਹੀ ਵਿੱਚੋਂ, ਜੋ ਪੈਦਾ ਹੋ ਔਲਾਦ,
    ਆਪ ਸਿੱਖੇ, ਫੇਰ ਕਰਾਵੇ,
    ਆਪਣੀ ਔਲਾਦ ਨੂੰ ਯਾਦ।

    9. ਤਾਂ ਰੱਬ ਦੇ ਉੱਤੇ ਰੱਖਾਂ,
    ਭਰੋਸਾ ਤੇ ਇਮਾਨ,
    ਨਾ ਭੁਲਾਵਾਂ ਕੰਮ ਖ਼ੁਦਾ ਦੇ,
    ਯਾਦ ਰੱਖਾਂ ਸਭ ਫਰਮਾਨ।

    10. ਤਾਂ ਹੋਵੇ ਨਾ ਉਹ ਨਸਲ,
    ਸ਼ਰੀਰ ਤੇ ਬਦਕਿਰਦਾਰ,
    ਪਿਓ ਦਾਦਿਆਂ ਵਾਂਗ ਨਾ ਹੋਵਣ,
    ਉਹ ਨਾਫਰਮਾਬਰਦਾਰ।

    11. ਜਿਸ ਨਸਲ ਨੇ ਨਾ ਰੱਬ ਦਾ,
    ਕੁਝ ਕੀਤਾ ਸੀ ਖ਼ਿਆਲ,
    ਨਾ ਲਾਏ ਸਨ ਦਿਲ ਉਹਨਾਂ,
    ਆਪਣੇ ਖ਼ੁਦਾਵੰਦ ਨਾਲ।

  • ---

    12. ਸਭ ਬਨੀ ਇਫ਼ਰਾਇਮ ਨੇ,
    ਪਿੱਠ ਫੇਰੀ ਜੰਗ ਦੀ ਆਣ,
    ਹਥਿਆਰ ਸਨ ਸਭੋਂ ਲਏ,
    ਤੇ ਹੱਥ ਵਿੱਚ ਤੀਰ ਕਮਾਨ।

    13. ਖ਼ੁਦਾ ਦੇ ਅਹਿਦ ਨੂੰ ਉਹਨਾਂ,
    ਨਾ ਯਾਦ ਕੁਝ ਰੱਖਿਆ ਸੀ,
    ਪਰ ਉਸੇ ਦੀ ਤਉਰੇਤ ਤੋਂ,
    ਮੁਨਕਿਰ ਹੋਏ ਵੀ।

    14. ਅਜਾਇਬ ਕੁਦਰਤ ਓਹਦੀ,
    ਤੇ ਉਹਦੇ ਸਾਰੇ ਕੰਮ,
    ਜੋ ਉਹਨਾਂ ਨੂੰ ਵਿਖਾਏ,
    ਭੁਲਾਏ ਸਭ ਇੱਕ ਦਮ।

    15. ਪਿਓ–ਦਾਦਿਆਂ ਨੇ ਸਭੋ,
    ਇਹ ਦੇਖੇ ਸਨ ਅਹਿਵਾਲ,
    ਜ਼ੋਆਨ ਦੇ ਵਿੱਚ ਤੇ ਮਿਸਰ ਵਿੱਚ,
    ਵਿਖਾਏ ਸਨ ਕਮਾਲ।

    16. ਦਰਿਆ ਦੋ ਹਿੱਸੇ ਕਰਕੇ, ਲੰਘਾਏ ਸਭੋ ਪਾਰ,
    ਤੇ ਢੇਰ ਦੇ ਵਾਂਗਰ ਪਾਣੀ,
    ਫੇਰ ਦਿੱਤੇ ਸਨ ਖੁੱਲਿਆਰ।

    17. ਤੇ ਬੱਦਲੀ ਦੇ ਵਿੱਚ ਦਿਨ ਨੂੰ,
    ਉਹ ਰਾਹ ਵਿਖਾਉਂਦਾ ਸੀ,
    ਤੇ ਅੱਗ ਦੇ ਥੰਮ੍ਹ ਵਿੱਚ ਰਾਤ ਨੂੰ,
    ਉਹ ਅੱਗੇ ਜਾਂਦਾ ਸੀ।

    18. ਤੇ ਜੰਗਲ ਦੇ ਵਿੱਚ ਓਸ ਨੇ
    ਆਪ ਚੀਰੇ ਸਨ ਚਟਾਨ,
    ਤੇ ਉਹਨਾਂ ਵਿੱਚੋਂ ਪਾਣੀ,
    ਫਿਰ ਨਿਕਲਿਆ ਓਥੇ ਆਨ।

    19. ਚਟਾਨ ਵਿੱਚੋਂ ਰੱਬ ਨੇ ਫਿਰ ਹੜ੍ਹ ਵਗਾਏ ਸਨ,
    ਤੇ ਨਹਿਰਾਂ ਵਾਂਗਰ ਪਾਣੀ, ਉੱਥੇ ਛੁਡਾਏ ਸਨ।

  • ---

    20. ਤਦ ਵੀ ਖ਼ੁਦਾ ਦੇ ਹੋਏ, ਉਹ ਸਭੋ ਨਾਫਰਮਾਨ,
    ਬਗ਼ਾਵਤ ਉਹਨਾਂ ਕੀਤੀ, ਵਿੱਚ ਜੰਗਲ ਬੀਆਬਾਨ।

    21. ਅਜ਼ਮਾਇਸ਼ ਉਹਨਾਂ ਕੀਤੀ, ਫੇਰ ਪਾਕ ਖ਼ੁਦਾਵੰਦ ਦੀ,
    ਜਦ ਆਪਣੇ ਨਫ਼ਸ ਦੇ ਵਾਸਤੇ, ਅਰਜ਼ ਕੀਤੀ ਖਾਣੇ ਦੀ।

    22. ਫੇਰ ਉਹਨਾਂ ਰੱਬ ਦੀ ਜ਼ਿੱਦ ਵਿੱਚ, ਤਦ ਕੀਤੀ ਇਹ ਕਲਾਮ,
    ਕੀ ਜੰਗਲ ਵਿੱਚ ਉਹ ਕਿੱਕੁਰ, ਦੇ ਸਕਦਾ ਹੈ ਤਆਮ?

    23. ਚਟਾਨ ਨੂੰ ਜਦ ਉਸ ਮਾਰਿਆ, ਤਦ ਪਾਣੀ ਫੁੱਟਿਆ ਸਾ,
    ਤਦ ਉਸ ਤੋਂ ਜਾਰੀ ਹੋਇਆ, ਇੱਕ ਹੜ੍ਹ ਧਾਰਾਂ ਦਾ।

    24. ਕੀ ਜੰਗਲ ਦੇ ਵਿੱਚ ਸਾਨੂੰ, ਦੇ ਸਕਦਾ ਹੈ ਉਹ ਨਾਨ?
    ਕਰ ਸਕਦਾ ਕੌਮ ਦੇ ਵਾਸਤੇ, ਕੀ ਗੋਸ਼ਤ ਦਾ ਵੀ ਸਮਿਆਨ?

    25. ਖ਼ੁਦਾ ਨੇ ਜਦ ਇਹ ਸੁਣਿਆ, ਅਤਿ ਗੁੱਸੇ ਹੋਇਆ ਸੀ,
    ਯਾਕੂਬ ਤੇ ਇਸਰਾਏਲ ਵਿੱਚ, ਅੱਗ ਘੱਲੀ ਕਹਿਰ ਦੀ।

    26. ਕਿ ਉਹਨਾਂ ਰੱਬ ਦੇ ਉੱਤੇ, ਨਾ ਨਿਸ਼ਚਾ ਰੱਖਿਆ ਸੀ,
    ਤੇ ਕਦਰ ਕੁਝ ਨਾ ਪਾਈ, ਰੱਬ ਦੇ ਛੁਟਕਾਰੇ ਦੀ।

    27. ਤਦ ਉਸ ਨੇ ਆਪੀਂ ਕੀਤਾ, ਫਿਰ ਬੱਦਲਾਂ ਨੂੰ ਫ਼ਰਮਾਨ,
    ਖੋਲ੍ਹ ਦਿੱਤਾ ਉਹਨਾਂ ਲਈ, ਖ਼ੁਦਾਵੰਦ ਨੇ ਅਸਮਾਨ।

    28. ਤਦ ਰੱਬ ਨੇ ਉਹਨਾਂ ਉੱਤੇ, ਫਿਰ ਮੰਨ ਵਰ੍ਹਾਇਆ ਸੀ,
    ਬਖ਼ਸ਼ ਦਿੱਤਾ ਖਾਵਣ ਲਈ, ਅਨਾਜ ਅਸਮਾਨੀ ਵੀ।

    29. ਅਮੀਰਾਂ ਵਾਂਗਰ ਖਾਣਾ, ਖੁਆਇਆ ਸਭ ਨੂੰ,
    ਖ਼ੁਰਾਕ ਅਸਮਾਨੋਂ ਘੱਲ ਕੇ, ਰਜਾਇਆ ਸਭਨਾਂ ਨੂੰ।

    30. ਅਸਮਾਨ ਵਿੱਚ ਵਾਅ ਪੁਰੇ ਦੀ, ਉਸ ਨੇ ਵਗਾਈ ਸੀ,
    ਤਦ ਕੁਦਰਤ ਨਾਲ ਚਲਾਈ, ਵਾ ਰੱਬ ਦੱਖਣ ਦੀ।

    31. ਗੋਸ਼ਤ ਉਹਨਾਂ ਤੇ ਵਰ੍ਹਾਇਆ, ਤਦ ਵਾਂਗ ਹਨੇਰੀ ਦੇ,
    ਦਰਿਆ ਦੀ ਰੇਤ ਦੇ ਵਾਂਗਰ, ਬਟੇਰੇ ਘੱਲੇ ਸੀ।

    32. ਹਾਂ, ਤੰਬੂਆਂ ਦੇ ਵਿੱਚ ਰੱਬ ਨੇ, ਆਲੇ–ਦੁਆਲੇ ਵੀ,
    ਜਾਨਵਰ ਪਾੜਨਵਾਲੇ, ਉਸਨੇ ਡਿਗਾਏ ਸੀ।

    33. ਤਦ ਉਹਨਾਂ ਨੇ ਖੂਬ ਖਾਧਾ, ਰੱਜ ਗਏ ਉਹ ਤਮਾਮ,
    ਜੋ ਮੂੰਹੋਂ ਮੰਗਿਆ ਉਹਨਾਂ, ਰੱਬ ਦਿੱਤਾ ਉਹ ਤਆਮ।

  • ---

    34. ਖ਼ੁਦਾ ਨੇ ਪੂਰੀ ਕੀਤੀ, ਫੇਰ ਖਵਾਇਸ਼ ਉਹਨਾਂ ਦੀ,
    ਪਰ ਤਦ ਵੀ ਕੁਝ ਨਾ ਭਰੀ,
    ਫੇਰ ਨੀਯਤ ਉਹਨਾਂ ਦੀ।

    35. ਇਹ ਚੰਗਾ ਖਾਣਾ ਅਜੇ, ਉਹ ਖਾਂਦੇ ਪਏ ਸੀ,
    ਤਦ ਰੱਬ ਨੇ ਆਪਣਾ ਕਹਿਰ,
    ਵਿਖਾਇਆ ਉਹਨਾਂ ’ਤੇ।

    36. ਤਦ ਇਸਰਾਏਲ ਦੇ ਵਿੱਚੋਂ ਮਾਰ ਸੁੱਟੇ ਸਭ ਪਹਿਲਵਾਨ,
    ਡਿਗਾਏ ਉਹਨਾਂ ਵਿੱਚੋਂ ਜ਼ੋਰਵਾਲੇ ਸਭ ਜਵਾਨ।

    37. ਇਹ ਸਭ ਕੁਝ ਉਹਨਾਂ ਵੇਖਿਆ,
    ਪਰ ਕੀਤਾ ਫੇਰ ਗ਼ੁਨਾਹ,
    ਉਹ ਦੇ ਅਜਾਇਬ ਕੰਮ ਦੀ,
    ਨਾ ਰੱਖੀ ਕੁਝ ਪਰਵਾਹ।

    38. ਮੁਸੀਬਤ ਦੇ ਦਿਨ ਘੱਲੇ, ਖ਼ੁਦਾ ਨੇ ਉਹਨਾਂ ’ਤੇ,
    ਹੈਰਾਨੀ ਦੇ ਵਿੱਚ ਗੁਜ਼ਰੇ, ਸਭ ਵਰ੍ਹੇ ਉਹਨਾਂ ਦੇ।

    39. ਜਦ ਰੱਬ ਨੇ ਉਹਨਾਂ ਵਿੱਚੋਂ ਕੁਝ ਕਤਲ ਕੀਤਾ ਸੀ,
    ਖ਼ੁਦਾ ਨੂੰ ਢੂੰਡਣ ਲੱਗੇ, ਫਿਰ ਸਭੋ ਮਿਲਕੇ ਵੀ।

    40. ਖ਼ੁਦਾ ਦੇ ਅੱਗੇ ਕੀਤਾ,
    ਫੇਰ ਤੌਬਾ ਦਾ ਇਕਰਾਰ,
    ਫੇਰ ਰੱਬ ਨੂੰ ਢੂੰਡਣ ਲੱਗੇ,
    ਉਹ ਹੋ ਕੇ ਅਤਿ ਲਾਚਾਰ।

    41. ਤਦ ਉਹਨਾਂ ਨੂੰ ਯਾਦ ਆਇਆ,
    ਰੱਬ ਸਾਡਾ ਸੀ ਚਟਾਨ,
    ਛੁਡਾਵਣ ਵਾਲਾ ਸਾਡਾ, ਖ਼ੁਦਾਵੰਦ ਪਾਕ ਰਹਿਮਾਨ।

    42. ਪਰ ਰੱਬ ਦੇ ਨਾਲ ਫਿਰ ਓਹਨਾਂ,
    ਗੱਲ ਕੀਤੀ ਮਕਰ ਦੀ,
    ਖ਼ੁਦਾਵੰਦ ਦੇ ਹਜ਼ੂਰ ਵਿੱਚ, ਉਹ ਸਭ ਝੂਠ ਬੋਲੇ ਵੀ।

    43. ਦਿਲ ਕੁਝ ਵੀ ਨਾਲ ਖ਼ੁਦਾ ਦੇ, ਨਾ ਲੱਗਾ ਉਹਨਾਂ ਦਾ,
    ਇਕਰਾਰ ਜੋ ਉਹਨਾਂ ਕੀਤਾ, ਨਾ ਪੂਰਾ ਕੀਤਾ ਸਾ।

  • ---

    44. ਖ਼ੁਦਾਵੰਦ ਨੇ ਬਖ਼ਸ਼ ਦਿੱਤੀ,
    ਸ਼ਰਾਰਤ ਉਹਨਾਂ ਦੀ,
    ਰਹਿਮ ਕਰਕੇ ਫਿਰ ਨਾ ਚਾਹੀ,
    ਹਲਾਕਤ ਉਹਨਾਂ ਦੀ।

    45. ਹਾਂ ਓਸ ਨੇ ਕਹਿਰ ਆਪਣਾ,
    ਬਾਰ–ਬਾਰ ਥੰਮ੍ਹਿਆ ਸੀ,
    ਤੇ ਆਪਣਾ ਗ਼ਜ਼ਬ, ਗੁੱਸਾ ਨਾ
    ਸਭ ਭੜਕਾਇਆ ਸੀ।

    46. ਕਿ ਉਸ ਨੇ ਯਾਦ ਇਹ ਕੀਤਾ,
    ਇਹ ਫਾਨੀ ਹਨ ਇਨਸਾਨ,
    ਵਾਅ ਵਗਕੇ ਜੀਉਂ ਲੰਘ ਜਾਂਦੀ,
    ਨਾ ਪਿੱਛੇ ਕੁਝ ਨਿਸ਼ਾਨ।

    47. ਬਗ਼ਾਵਤ ਰੱਬ ਨਾਲ ਕੀਤੀ,
    ਵਿੱਚ ਜੰਗਲ ਦੇ ਬਾਰ-ਬਾਰ,
    ਵਿਰਾਨੇ ਵਿੱਚ ਸਤਾਇਆ,
    ਤੇ ਕੀਤਾ ਅਤਿ ਬੇਜ਼ਾਰ।

    48. ਤੇ ਉਹਨਾਂ ਨੇ ਖ਼ੁਦਾ ਨੂੰ,
    ਫਿਰ ਵੀ ਅਜ਼ਮਾਇਆ ਸੀ,
    ਤੇ ਇਸਰਾਏਲ ਦੇ ਪਾਕ ਨੂੰ,
    ਇੱਕ ਦਾਗ਼ ਲਗਾਇਆ ਸੀ।

  • ---

    49. ਖ਼ੁਦਾ ਦੇ ਹੱਥ ਨੂੰ ਉਹਨਾਂ,
    ਨਾ ਰੱਖਿਆ ਕੁਝ ਵੀ ਯਾਦ,
    ਨਾ ਉਹ ਦਿਨ ਜਦੋਂ ਕੀਤੇ,
    ਉਹ ਦੁਸ਼ਮਣ ਤੋਂ ਆਜ਼ਾਦ।

    50. ਕਿ ਮਿਸਰ ਵਿੱਚ ਵਿਖਾਏ,
    ਰੱਬ ਨੇ ਅਚਰਜ ਨਿਸ਼ਾਨ,
    ਆਪਣੇ ਅਜਾਇਬ ਕੰਮ ਸਭ,
    ਜ਼ੋਆਨ ਦੇ ਦਰਮਿਆਨ।

    51. ਫਿਰ ਨਹਿਰਾਂ ਦੇ ਸਭ ਪਾਣੀ,
    ਲਹੂ ਬਣਾਇਆ ਸੀ,
    ਤਾਂ ਉਹਨਾਂ ਨਹਿਰਾਂ ਵਿੱਚੋਂ,
    ਨਾ ਸਕਣ ਪਾਣੀ ਪੀ।

    52. ਜ਼ਹਿਰਵਾਲੀ ਮੱਖੀ ਘੱਲੀ,
    ਤਾਂ ਖਾਵੇ ਉਹਨਾਂ ਨੂੰ,
    ਫਿਰ ਡੱਡੂਆਂ ਦਾ ਲਸ਼ਕਰ,
    ਮੁਕਾਵੇ ਉਹਨਾਂ ਨੂੰ।

    53. ਤਦ ਕੀੜਿਆਂ ਨੇ ਖਾਧੇ,
    ਸਭ ਮੇਵੇ ਉਹਨਾਂ ਦੇ,
    ਚੱਟ ਕੀਤੇ ਟਿੱਡੀਆਂ ਨੇ,
    ਸਭ ਫਲ ਦਰਖ਼ਤਾਂ ਦੇ।

    54. ਵਰ੍ਹਾਕੇ ਗੜੇ ਓਸ ਨੇ,
    ਅੰਗੂਰ ਉਜਾੜੇ ਸਨ,
    ਤੇ ਪਾਲੇ ਦੇ ਨਾਲ ਹੋਈਆਂ,
    ਅੰਜੀਰਾਂ ਸਭ ਵਿਰਾਨ।

    55. ਸਭ ਗੜਿਆਂ ਦੇ ਨਾਲ ਮੋਇਆ,
    ਮਾਲ ਡੰਗਰ ਉਹਨਾਂ ਦਾ,
    ਤੇ ਬਿਜਲੀ ਨੇ ਸਭ ਉਜਾੜ,
    ਫਿਰ ਕੀਤੇ ਸਨ ਫ਼ਨਾਹ।

    56. ਇੱਕ ਆਫ਼ਤ ਦਾ ਫਰਿਸ਼ਤਾ,
    ਫਿਰ ਘੱਲਿਆ ਓਹਨਾਂ ’ਤੇ,
    ਹਾਂ ਗ਼ਜ਼ਬ ਗੁੱਸੇ, ਤੰਗੀ,
    ਤੇ ਦਿਨ ਮੁਸੀਬਤ ਦੇ।

    57. ਤੇ ਆਪਣੇ ਗੁੱਸੇ ਲਈ,
    ਇੱਕ ਕੱਢਿਆ ਰੱਬ ਨੇ ਰਾਹ,
    ਨਾ ਦਿੱਤੀ ਮੌਤ ਦੇ ਹੱਥੋਂ,
    ਕੁਝ ਉਹਨਾਂ ਨੂੰ ਪਨਾਹ।

    58. ਫਿਰ ਵਬਾਅ ਦੇ ਹਵਾਲੇ,
    ਜਾਨ ਕੀਤੀ ਉਹਨਾਂ ਦੀ,
    ਮਾਰ ਸੁੱਟੇ ਮਿਸਰੀ ਸਾਰੇ,
    ਪਹਿਲੌਠੇ ਰੱਬ ਨੇ ਵੀ।

    59. ਤੇ ਹਾਮ ਦੇ ਡੇਰਿਆਂ ਵਿੱਚ ਕਰ ਸੁੱਟੇ ਸਭ ਫ਼ਨਾਹ,
    ਖ਼ੁਦਾ ਨੇ ਮਾਰ ਮੁਕਾਇਆ, ਸਭ ਫਲ਼ ਜਵਾਨੀ ਦਾ।

  • ---

    60. ਵਿਖਾਇਆ ਆਪਣਿਆਂ ਨੂੰ,
    ਰਾਹ ਵਾਂਗਰ ਭੇਡਾਂ ਦੇ,
    ਤਾਂ ਜੰਗਲ ਦੇ ਵਿੱਚ ਚੱਲਿਆ,
    ਰੱਬ ਅੱਗੇ ਉਹਨਾਂ ਦੇ।

    61. ਨਾ ਉਹਨਾਂ ਨੂੰ ਕੁਝ ਡਰ ਸੀ,
    ਲੈ ਆਇਆ ਨਾਲ ਆਰਾਮ,
    ਸਮੁੰਦਰ ਦੇ ਵਿੱਚ ਦੁਸ਼ਮਣ,
    ਡੁੱਬ ਗਏ ਸਨ ਤਮਾਮ।

    62. ਉਸ ਪਾਕ ਪਹਾੜ ਦੀ ਹੱਦ ਤਕ,
    ਬਾ–ਅਮਨ ਪੁਚਾਇਆ ਸੀ,
    ਜੋ ਉਹਦੇ ਸੱਜੇ ਹੱਥ ਨੇ,
    ਆਪੀਂ ਕਮਾਇਆ ਸੀ।

    63. ਮਿਰਾਸ ਗ਼ਰੀਬ ਨਾਲ ਵੱਢੀ,
    ਕੱਢ ਸੁੱਟੇ ਗ਼ੈਰ ਅਕਵਾਮ,
    ਵਸਾਏ ਇਸਰਾਏਲੀ,
    ਫਿਰ ਤੰਬੂਆਂ ਵਿੱਚ ਤਮਾਮ।

  • ---

    64. ਅਜ਼ਮਾਇਆ ਫਿਰ ਖ਼ੁਦਾ ਨੂੰ,
    ਤੇ ਬਾਗ਼ੀ ਹੋਏ ਵੀ,
    ਪਰਵਾਹ ਨਾ ਕੀਤੀ ਉਹਨਾਂ,
    ਖ਼ੁਦਾ ਦੇ ਹੁਕਮ ਦੀ।

    65. ਪਿਓ-ਦਾਦਿਆਂ ਵਾਂਗਰ ਹੋਏ,
    ਗੁਮਰਾਹ ਤੇ ਬੇ–ਇਮਾਨ,
    ਸਭ ਇੱਕੋ ਤਰਫ਼ ਮੁੜੇ,
    ਜਿਉਂ ਡਿੰਗੀ ਹੋ ਕਮਾਨ।

    66. ਬਣਾਏ ਉੱਚੇ ਮੰਦਰ,
    ਰੱਬ ਭਰਿਆ ਗੁੱਸੇ ਨਾਲ,
    ਬੁੱਤਖਾਨੇ ਤੇ ਬੁੱਤ ਵੇਖਕੇ,
    ਹੋਇਆ ਨਾਰਾਜ਼ ਕਮਾਲ।

    67. ਇਹ ਸਭ ਖਰਾਬੀ ਵੇਖਕੇ ਅੱਗ ਭੜਕੀ ਗੁੱਸੇ ਦੀ,
    ਤੇ ਬਨੀ–ਇਸਰਾਏਲ ਤੋਂ,
    ਰੱਬ ਨਫ਼ਰਤ ਰੱਖੀ ਸੀ।

    68. ਛੱਡ ਦਿੱਤਾ ਉਸ ਨੇ ਬਿਲਕੁਲ,
    ਫਿਰ ਡੇਰਾ ਸ਼ਿਲੋਹ ਦਾ,
    ਜੋ ਲੋਕਾਂ ਦੇ ਵਿੱਚ ਉਸਨੇ,
    ਆਪ ਖੜ੍ਹਾ ਕੀਤਾ ਸਾ।

    69. ਤੇ ਲੁੱਟਣ ਦਿੱਤਾ ਰੱਬ ਨੇ,
    ਸੰਦੂਕ ਅਹਿਦ ਆਪਣੇ ਦਾ,
    ਤੇ ਦੁਸ਼ਮਣ ਦੇ ਹੱਥ ਵਿੱਚ,
    ਜ਼ੋਰ ਆਪਣਾ ਦਿੱਤਾ ਸਾ।

    70. ਫਿਰ ਆਪਣੇ ਲੋਕਾਂ ਉੱਤੇ,
    ਤਲਵਾਰ ਚਲਵਾਈ ਸੀ,
    ਆਪਣੀ ਮਿਰਾਸ ਦੇ ਉੱਤੇ,
    ਅੱਗ ਭੜਕੀ ਗੁੱਸੇ ਦੀ।

    71. ਤੇ ਅੱਗ ਨੇ ਫ਼ਨਾਹ ਕੀਤੇ,
    ਸਭ ਉਹਨਾਂ ਦੇ ਜਵਾਨ,
    ਕੁਆਰੀਆਂ ਨਾ ਅਜੇ,
    ਵਿਆਹੀਆਂ ਗਈਆਂ ਸਨ।

    72. ਤਲਵਾਰ ਦੇ ਧਾਰ ਨਾਲ ਕਾਹਿਨ,
    ਫਿਰ ਹੋਏ ਸਨ ਫ਼ਨਾਹ,
    ਨਾ ਰੰਡੀਆਂ ਨੇ ਕੁਝ ਕੀਤਾ,
    ਸਿਆਪਾ ਉਹਨਾਂ ਦਾ।

  • ---

    73. ਜਿਉਂ ਨੀਂਦ ਤੋਂ ਕੋਈ ਜਾਗੇ,
    ਤਿਓਂ ਜਾਗਿਆ ਰੱਬ ਰਹਿਮਾਨ,
    ਯਾ ਪੀ ਕੇ ਮੈਅ ਲਲਕਾਰਦਾ,
    ਜਿਓਂ ਜ਼ਬਰਦਸਤ ਪਹਿਲਵਾਨ।

    74. ਸਭ ਆਪਣੇ ਵੈਰੀਆਂ ਨੂੰ,
    ਫਿਰ ਮਾਰ ਹਟਾਇਆ ਸੀ,
    ਫਿਰ ਘੱਲੀ ਉਹਨਾਂ ਉੱਤੇ,
    ਡਾਢੀ ਸ਼ਰਮਿੰਦਗੀ।

    75. ਫਿਰ ਰੱਦ ਕਰ ਦਿੱਤਾ ਉਸੇ,
    ਜੋ ਤੰਬੂ ਯੂਸਫ਼ ਦਾ,
    ਤੇ ਫਿਰਕਾ ਇਫ਼ਰਾਈਮ ਦਾ,
    ਨਾ ਉਸ ਨੇ ਚੁਣਿਆ ਸਾ।

    76. ਪਰ ਉਸਨੇ ਚੁਣੇ ਓਹੋ,
    ਸੀ ਜਿਨ੍ਹਾਂ ਨਾਲ ਪਿਆਰ,
    ਯਹੂਦਾ ਦੀ ਵੀ ਟੋਲੀ,
    ਨਾਲੇ ਸਿਓਨ ਪਹਾੜ।

    77. ਬਣਾਏ ਉਸ ਨੇ ਹੈਕਲ,
    ਜਿਉਂ ਉੱਚਾ ਹੈ ਅਸਮਾਨ,
    ਜ਼ਮੀਨ ਦੀ ਨੀਂਹ ਦੇ ਵਾਂਗਰ,
    ਸਭ ਉਹਦੀਆਂ ਨੀਹਾਂ ਸਨ।

    78. ਦਾਊਦ ਨੂੰ ਉਸਨੇ ਚੁਣਿਆ,
    ਤਾਂ ਟਹਿਲ ਕਰਾਵੇ ਵੀ,
    ਅਯਾਲੀਆਂ ਦੇ ਕੰਮ ਤੋਂ,
    ਉਸਨੇ ਛੁਡਾਇਆ ਵੀ।

    79. ਉਹ ਭੇਡਾਂ ਬੱਚੇ ਵਾਲੀਆਂ,
    ਚਰਾਂਦਾ ਫਿਰਦਾ ਸੀ,
    ਇਹ ਕੰਮ ਛੁਡਾ ਕੇ ਰੱਬ ਨੇ,
    ਉਸਨੂੰ ਚੁਣ ਲੀਤਾ ਸੀ।

    80. ਯਾਕੂਬ, ਹਾਂ, ਇਸਰਾਏਲ ਦਾ,
    ਤਾਂ ਹੋਵੇ ਉਹ ਬਾਦਸ਼ਾਹ,
    ਅਯਾਲੀ ਪੱਕਾ ਹੋਵੇ,
    ਖ਼ੁਦਾ ਦੀ ਉੱਮਤ ਦਾ।

    81. ਚਰਾਈ ਉਸਨੇ ਉੱਮਤ,
    ਦਿਲ ਦੀ ਸੱਚਿਆਈ ਨਾਲ,
    ਰਾਹ ਉਹਨਾਂ ਨੂੰ ਵਿਖਾਇਆ,
    ਹੱਥ ਦੀ ਸਫ਼ਾਈ ਨਾਲ।

  • ---

    1. ਮਿਰਾਸ ਵਿੱਚ ਤੇਰੀ, ਐ ਖ਼ੁਦਾ,
    ਗ਼ੈਰ ਕੌਮਾਂ ਦਾਖ਼ਲ ਹੋਈਆਂ ਆਣ,
    ਨਾਪਾਕ ਕਰ ਸੁੱਟੀ ਹੈਕਲ ਵੀ,
    ਜੋ ਤੇਰੇ ਰਹਿਣੇ ਦਾ ਮਕਾਨ,
    ਯਰੂਸ਼ਲਮ ਜੋ ਸ਼ਹਿਰ ਸ਼ਾਨਦਾਰ,
    ਕਰ ਸੁੱਟਿਆ ਢੇਰ ਤੇ ਸਾਫ਼ ਉਜਾੜ।

    2. ਤੇ ਲਾਸ਼ਾਂ ਤੇਰੇ ਬੰਦਿਆਂ ਦੀ,
    ਖਿਲਾਈਆਂ ਹਨ ਪਰਿੰਦਿਆਂ ਨੂੰ,
    ਮਾਸ ਤੇਰੇ ਪਾਕ ਲੋਕਾਂ ਦਾ ਵੀ,
    ਖਿਲਾਇਆ ਹੈ ਦਰਿੰਦਿਆਂ ਨੂੰ,
    ਹਾਂ ਕਸਰਤ ਦੇ ਨਾਲ, ਐ ਖ਼ੁਦਾ,
    ਵਗਾਇਆ ਹੈ ਖੂਨ ਉਹਨਾਂ ਦਾ।

    3. ਯਰੂਸ਼ਲਮ ਦੇ ਗਿਰਦ ਨਵਾਹ,
    ਲਹੂ ਵਗਿਆ ਮਾਨਿਦ ਪਾਣੀ ਦੀ,
    ਨਾ ਰਿਹਾ ਸਾਥੀ ਉਹਨਾਂ ਦਾ,
    ਜੋ ਉਹਨਾਂ ਨੂੰ ਹੁਣ ਦੱਬੇ ਵੀ,
    ਆਪਣੇ ਹਮਸਾਇਆਂ ਵਿੱਚ ਲਾਚਾਰ,
    ਹਾਂ ਅਸੀਂ ਹੋਏ ਖੱਜਲ-ਖਵਾਰ।

  • ---

    4. ਸਾਡੇ ਆਸ ਪਾਸ ਰਹਿੰਦੇ ਜੋ,
    ਉਹ ਠੱਠਿਆਂ ਨਾਲ ਹੰਕਾਰਦੇ ਹਨ,
    ਹਾਂ ਠੱਠੇ ਨਾਲ ਗੱਲ ਕਰਦੇ ਉਹ,
    ਤੇ ਤਾਹਨੇ ਸਾਨੂੰ ਮਾਰਦੇ ਹਨ,
    ਸੋ ਤੂੰ ਕਦ ਤੀਕਰ, ਐ ਖ਼ੁਦਾ,
    ਨਾਲ ਅਸਾਡੇ ਰੁੱਠਿਆ ਰਹੇਂਗਾ?

    5. ਕਦ ਤੀਕਰ ਤੇਰੀ ਗ਼ੈਰਤ ਇਹ,
    ਅੱਗ ਵਾਂਗਰ ਬਲ਼ਦੀ ਰਹੇਗੀ?
    ਤੂੰ ਉਹਨਾਂ ਮੁਲਕਾਂ ਕੌਮਾਂ ’ਤੇ,
    ਹੁਣ ਡੋਲ੍ਹ ਦੇ ਆਪਣਾ ਗੁੱਸਾ ਵੀ,
    ਜੋ ਤੈਨੂੰ ਨਹੀਂ ਜਾਣਦੀਆਂ ਹਨ,
    ਨਾ ਤੇਰਾ ਨਾਮ ਪਛਾਣਦੀਆਂ ਹਨ।

    6. ਯਾਕੂਬ ਨੂੰ ਨਿਗਲਿਆ ਉਹਨਾਂ ਨੇ,
    ਉਜਾੜਿਆ ਉਹਦਾ ਸਾਰਾ ਘਰ,
    ਤੂੰ ਬੁਰੇ ਕੰਮ ਸਭ ਅਗਲਿਆਂ ਦੇ,
    ਅਸਾਡੇ ਹੱਕ ਵਿੱਚ ਯਾਦ ਨਾ ਕਰ,
    ਝੱਬ ਆਪਣੀ ਰਹਿਮਤ ਨਾਲ ਸੰਭਾਲ,
    ਕਿ ਸਾਡਾ ਹੈ ਹੁਣ ਭੈੜਾ ਹਾਲ।

  • ---

    ਐ ਮੁਕਤੀ ਦੇਣੇ ਵਾਲੇ ਰੱਬ,
    ਨਾਂ ਤੇਰੇ ਦੀ ਹੋਵੇਗੀ ਵਡਿਆਈ।

    1. ਆਪਣੇ ਬੰਦੇ ਨੂੰ ਬਚਾਈਂ, ਸਾਡੀ ਮਦਦ ਤੂੰ ਫਰਮਾਈਂ,
    ਢੱਕ ਦੇ ਗ਼ੁਨਾਹ, ਢੱਕ ਦੇ ਗ਼ੁਨਾਹ,
    ਆਪਣੇ ਨਾਂ ਦੀ ਤੂੰ ਦੇ ਦੇ ਰਿਹਾਈ।

    2. ਗ਼ੈਰ ਕੌਮਾਂ ਕਿਉਂ ਹੱਸਕੇ ਆਖਣ,
    ਕਿੱਥੇ ਉਹਨਾਂ ਦਾ ਹੈ ਰੱਬ ਹੁਣ,
    ਐ ਮੇਰੇ ਖ਼ਦਾ, ਐ ਮੇਰੇ ਖ਼ੁਦਾ,
    ਦਿੰਦਾ ਤੇਰੇ ਹੀ ਨਾਂ ਦੀ ਦੁਹਾਈ।

    3. ਤੇਰੇ ਬੰਦਿਆਂ ਦਾ ਖ਼ੁਦਾਇਆ,
    ਉਹਨਾਂ ਨੇ ਜੋ ਖੂਨ ਬਹਾਇਆ,
    ਲੈਣ ਬਦਲਾ, ਲੈਣ ਬਦਲਾ,
    ਸਾਡੇ ਸਾਹਮਣੇ ਤਾਂ ਵੇਖੇ ਲੋਕਾਈ।

    4. ਕੈਦੀਆਂ ਦੀਆਂ, ਆਹਾਂ ਸਭ,
    ਪੁੱਜਣ ਤੇਰੇ ਤੀਕਰ ਰੱਬਾ,
    ਕੰਨ ਹੁਣ ਤੂੰ ਲਾ, ਕੰਨ ਹੁਣ ਤੂੰ ਲਾ,
    ਉਹ ਤੇ ਦਿੰਦੇ ਨੇ ਤੇਰੀ ਦੁਹਾਈ।

    5. ਆਪਣਾ ਵੱਡਾ ਜ਼ੋਰ ਵਿਖਾਈਂ,
    ਉਹਨਾਂ ਸਭਨਾਂ ਨੂੰ ਬਚਾਈਂ,
    ਮੇਰੇ ਰੱਬਾ, ਮੇਰੇ ਰੱਬਾ,
    ਮੌਤ ਜਿਨ੍ਹਾਂ ਦੇ ਲਈ ਠਹਿਰਾਈ।

    6. ਜੇਹੀ ਗੁਆਂਢੀਆਂ ਨੇ ਹੈ ਕੀਤੀ,
    ਐ ਪ੍ਰਭੂ ਨਿੰਦਿਆ ਨਾਂ ਤੇਰੇ ਦੀ,
    ਲੈ ਤੂੰ ਬਦਲਾ, ਲੈ ਤੂੰ ਬਦਲਾ,
    ਉਹਨਾਂ ਕੋਲੋਂ ਸੱਤ ਗੁਣਾਈ।

    7. ਤੇਰੀਆਂ ਭੇਡਾਂ ਤੇਰੇ ਹਨ ਲੋਕੀ,
    ਗਾਵਾਂਗੇ ਹਰਦਮ ਉਸਤਤ ਤੇਰੀ,
    ਕਰਾਂਗੇ ਸਦਾ, ਕਰਾਂਗੇ ਸਦਾ,
    ਨਸਲਾਂ ਅੱਗੇ ਤੇਰੀ ਵਡਿਆਈ।

  • ---

    1. ਐ ਅਯਾਲੀ ਇਸਾਰਏਲ ਦੇ,
    ਯੂਸਫ਼ ਨੂੰ ਵਿਖਾਂਦਾ ਰਾਹ,
    ਕੈਰੂਬੀਮ ’ਤੇ ਤੂੰ ਸਵਾਰ ਹੈਂ,
    ਆਪਣਾ ਜਲਵਾ ਵੀ ਵਿਖਲਾ।

    2. ਹਾਂ ਮਨੱਸੀ ਇਫ਼ਰਾਈਮ ਨੂੰ,
    ਆਪਣਾ ਜ਼ੋਰ ਵਿਖਾਈਂ ਤੂੰ,
    ਬਿਨਯਾਮੀਨ ਨੂੰ ਨਾਲ ਅਸਾਡੇ,
    ਆਪੀਂ ਆ ਛੁਡਾਈਂ ਤੂੰ।

    3. ਤਾਂ ਬਚ ਜਾਈਏ, ਦੇ ਬਹਾਲੀ,
    ਸਾਨੂੰ ਪਾਕ ਖ਼ੁਦਾਵੰਦਾ,
    ਆਪਣਾ ਚਿਹਰਾ ਸਾਡੇ ਉੱਤੇ,
    ਤੂੰ ਹੁਣ ਜਲਵਾਗਾਰ ਫਰਮਾਅ।

    4. ਐ ਖ਼ੁਦਾਵੰਦ, ਫੌਜਾਂ ਦੇ ਰੱਬ,
    ਕਿਚਿਰਕੁ ਗੁੱਸੇ ਰਹੇਂਗਾ,
    ਕਿਚਿਰਕੁ ਸੁਣੇਂਗਾ ਨਾ ਕਹਿਰ ਵਿੱਚ
    ਆਪਣੇ ਲੋਕਾਂ ਦੀ ਦੁਆ?

    5. ਹੰਝੂਆਂ ਦਾ ਖਾਣਾ ਹੁਣ ਤੂੰ
    ਉਹਨਾਂ ਨੂੰ ਖੁਵਾਉਂਦਾ ਹੈਂ,
    ਹੰਝੂਆਂ ਦੇ ਮਟਕੇ ਭਰ ਕੇ,
    ਉਹਨਾਂ ਨੂੰ ਪਿਆਉਂਦਾ ਹੈਂ।

    6. ਤੂੰ ਹਮਸਾਇਆਂ ਅੱਗੇ ਸਾਨੂੰ,
    ਗੱਲ ਬਣਾਂਦਾ ਝਗੜੇ ਦੀ,
    ਸਾਡੇ ਉੱਤੇ ਠੱਠਾ ਕਰਕੇ,
    ਖ਼ੁਸ਼ੀ ਮਨਾਂਦਾ ਦੁਸ਼ਮਣ ਵੀ।

    7. ਤਾਂ ਬਚ ਜਾਈਏ ਦੇ ਬਹਾਲੀ
    ਸਾਨੂੰ, ਪਾਕ ਖ਼ੁਦਾਵੰਦਾ,
    ਆਪਣਾ ਚਿਹਰਾ ਸਾਡੇ ਉੱਤੇ,
    ਤੂੰ ਹੁਣ ਜਲਵਾਗਰ ਫਰਮਾ।

  • ---

    ਅਸੀਂ ਡਿੱਗੇ ਹਾਂ, ਸਾਨੂੰ ਉਠਾਈਂ,
    ਆਪਣਾ ਚਿਹਰਾ ਤੂੰ ਸਾਨੂੰ ਵਿਖਾਈਂ।

    8. ਤੂੰ ਇੱਕ ਦਾਖ ਦੀ ਟਾਹਣੀ ਮਿਸਰੋਂ ਲੈ ਆਇਆ,
    ਗ਼ੈਰ ਕੌਮਾਂ ਨੂੰ ਕੱਢਿਆ ਕਢਾਈਂ।

    9. ਵਸਾਏ ਤੂੰ ਲੋਕ ਆਪਣੇ ਇਸ ਮੁਲਕ ਦੇ ਵਿੱਚ,
    ਤੇ ਹੋਇਆ ਤੂੰ ਉਹਨਾਂ ਦਾ ਸਾਈਂ।

    10. ਜ਼ਮੀਨ ਸਾਫ਼ ਕੀਤੀ, ਤਾਂ ਜੜ੍ਹ ਡੂੰਘੀ ਪਕੜੇ,
    ਲਗਾਇਆ ਤੂੰ ਇਸ ਦਾਖ ਤਾਂਈਂ।

    11. ਉਹ ਖਿੱਲਰ ਗਏ ਸਾਰੀ ਧਰਤੀ ਦੇ ਉੱਤੇ,
    ਉਹ ਵੱਧ ਗਏ ਸੀ ਥਾਂਈਂ ਥਾਂਈਂ।

    12. ਪਹਾੜਾਂ ਨੂੰ ਦਾਖ ਨੇ ਸੀ ਛਿਪਾਇਆ,
    ਦਿਆਰਾਂ ਨੂੰ ਕੀਤੀ ਸੀ ਛਾਂਈ।

    13. ਸਮੁੰਦਰ ਤੇ ਨਹਿਰਾਂ ਦੇ ਤੀਕਰ ਉਹ ਪਹੁੰਚੀ,
    ਕਿ ਉਹ ਵੱਧ ਗਈ ਏਥੋਂ ਤਾਂਈਂ।

    14. ਤੂੰ ਯਾ ਰੱਬਾ, ਵਾੜ ਉਹਦੀ ਕਿਉਂ ਤੋੜ ਸੁੱਟੀ,
    ਧਰੂੰਦੇ ਜੋ ਲੰਘਦੇ ਉਸ ਰਾਹੀਂ।

    15. ਉਜਾੜੀ ਹੈ ਉਹ ਦਾਖ ਜੰਗਲ ਦੇ ਸੂਰਾਂ,
    ਤੇ ਖਾਂਦੇ ਸਭ ਜੰਗਲੀ ਉਸ ਤਾਂਈਂ।

  • ---

    16. ਐ ਫੌਜਾਂ ਦੇ ਰੱਬ, ਤੇਰੀ ਕਰਦੇ ਹਾਂ ਮਿੰਨਤ,
    ਤੂੰ ਅਸਮਾਨਾਂ ਤੋਂ ਝਾਤੀ ਪਾਈਂ।

    17. ਤੂੰ ਮੁੜ ਆ ਕੇ ਵੇਖ ਆਪਣੀ ਇਸ ਦਾਖ ਨੂੰ ਹੁਣ,
    ਤੇ ਵੇਖ ਆਪਣੇ ਇਸ ਬੇਟੇ ਤਾਂਈਂ।

    18. ਤੂੰ ਏ ਆਪੀਂ ਸੀਂ ਪਾਲਿਆ ਜਿਸਨੂੰ, ਯਾ ਰੱਬ,
    ਤੂੰ ਰਹਿਮਤ ਦੀਆਂ ਕਰ ਨਿਗਾਹੀਂ।

    19. ਜਲਾਈ ਗਈ ਦਾਖ ਉਹ ਨਾਲ ਅੱਗ ਦੇ,
    ਤੇ ਵੱਢ ਸੁੱਟਿਆ ਉਹਦੇ ਤਾਂਈਂ।

    20. ਤੇਰੇ ਚਿਹਰੇ ਦੀ ਧੌਂਸ ਦੇ ਨਾਲ, ਯਾ ਰੱਬ,
    ਫ਼ਨਾਹ ਹੋ ਗਏ ਥਾਂਈਂ-ਥਾਂਈਂ।

    21. ਤੇਰਾ ਸੱਜਾ ਹੱਥ ਹੋਏ ਉਸ ਮਰਦ ਉੱਤੇ,
    ਕਿ ਜਿਸ ਬੇਟੇ ਨੂੰ ਮੇਰੇ ਸਾਈਂ।

    22. ਤੂੰ ਏ ਪਾਲਿਆ ਸੱਜੇ ਹੱਥ ਨਾਲ ਆਪਣੇ,
    ਬਚਾਇਆ, ਰੱਬਾ, ਉਹਦੇ ਤਾਂਈਂ।

    23. ਕਦੀ ਵੀ ਨਾ ਹੋਵਾਂਗੇ ਤੇਥੋਂ ਗੁਮਰਾਹ,
    ਤੂੰ ਏ ਮੁੜਕੇ ਸਾਨੂੰ ਜਵਾਈਂ।

    24. ਤੇਰਾ ਨਾਂ ਜੱਪਿਆ ਕਰਾਂਗੇ ਹਮੇਸ਼ਾ,
    ਤੂੰ ਏ ਸਾਨੂੰ ਮੁੜਕੇ ਬਚਾਈਂ।

    25. ਕਿ ਬੱਚ ਜਾਈਏ ਮੁੜਕੇ ਦੇ ਤੂੰ ਬਹਾਲੀ,
    ਐ ਫੌਜਾਂ ਦੇ ਰੱਬ, ਨਾ ਭੁਲਾਈਂ।

  • ---

    1. ਪੁਕਾਰ ਕੇ ਖ਼ੁਦਾਵੰਦ ਦੀ ਗਾਓ ਸਨਾ,
    ਕਿ ਉਹ ਸਾਡੀ ਕੁੱਵਤ ਤੇ ਜ਼ੋਰ ਹੈ ਸਦਾ,
    ਯਾਕੂਬ ਦਾ ਜੋ ਮਾਲਿਕ ਹੈ, ਰੱਬ ਪੁਰ ਜਲਾਲ,
    ਲਲਕਾਰੋ ਸਭ ਉਸੇ ਨੂੰ ਖ਼ੁਸ਼ੀਆਂ ਦੇ ਨਾਲ।

    2. ਗੀਤ ਗਾਓ ਇੱਕ ਸੁਰ ਹੋ ਕੇ, ਤਬਲੇ ਦੇ ਨਾਲ,
    ਬੀਨ ਬਰਬਤ ਵਜਾਓ ਤੇ ਗਾਓ ਖ਼ੁਸ਼ਹਾਲ,
    ਜਦ ਚੰਨ ਨਵਾਂ ਨਿਕਲੇ, ਜਦ ਚੰਨ ਹੋ ਤਮਾਮ,
    ਵਜਾਓ ਕਰਨਾਈ ਹਰ ਈਦ ਨੂੰ ਮੁਦਾਮ।

    3. ਕਿ ਹੈ ਇਸਰਾਏਲ ਵਿੱਚ ਇਹ ਸੁੰਨਤ ਸਦਾ,
    ਇਹ ਹੱਕ ਉਹਦਾ ਹੈ, ਜੋ ਯਾਕੂਬ ਦਾ ਖ਼ੁਦਾ,
    ਇਹ ਯੂਸਫ਼ ਦੀ ਨਸਲ ਵਿੱਚ ਰੱਬ ਨੇ ਜ਼ਰੂਰ,
    ਗਵਾਹੀ ਦੇ ਵਾਸਤੇ ਠਹਿਰਾਇਆ ਦਸਤੂਰ।

    4. ਉਹ ਮਿਸਰ ਦੇ ਮੁਲਕ ’ਚੋਂ ਨਿਕਲਿਆ ਜਿਸ ਆਨ,
    ਨਾ ਜਿਸ ਨੂੰ ਮੈਂ ਜਾਣਦਾ ਉਹ ਸੁਣੀ ਜ਼ੁਬਾਨ,
    ਪਰ ਉਹਨਾਂ ਦਾ ਭਾਰ ਤਦ ਮੈਂ ਦਿੱਤਾ ਉਤਾਰ,
    ਤੇ ਉਹਨਾਂ ਦੇ ਹੱਥੋਂ ਛੁਡਾਏ ਤਗ਼ਾਰ।

    5. ਮੁਸੀਬਤ ਦੇ ਵੇਲੇ ਜਦ ਕੀਤੀ ਫਰਿਆਦ,
    ਤਦ ਮੈਂ ਤੈਨੂੰ ਦੁੱਖਾਂ ਤੋਂ ਕੀਤਾ ਅਜ਼ਾਦ,
    ਜੁਆਬ ਦਿੱਤਾ ਪਰਦੇ ਵਿੱਚ ਗਰਜ ਹੀ ਦੇ,
    ਅਜ਼ਮਾਇਆ ਮਰੀਬਾਹ ਦੇ ਪਾਣੀ ਉੱਤੇ।

  • ---

    6. ਸੁਣ ਐ, ਮੇਰੀ ਉੱਮਤ ਮੈਂ ਦੱਸਾਂਗਾ ਚਾ,
    ਜੇ ਤੂੰ ਇਸਰਾਏਲ ਮੇਰੀ ਗੱਲ ਸੁਣੇਗਾ,
    ਨਾ ਤੇਰਾ ਹੋ ਕੋਈ ਦੂਜਾ ਖ਼ੁਦਾ,
    ਕਿ ਜਿਸ ਅੱਗੇ ਦੇਵੇਂ ਤੂੰ ਸਿਰ ਨੂੰ ਝੁਕਾ।

    7. ਮੈਂ ਤੇਰਾ ਖ਼ੁਦਾਵੰਦ ਖ਼ੁਦਾ ਹਾਂ ਹਰ ਹਾਲ,
    ਜੋ ਮਿਸਰ ਤੋਂ ਤੈਨੂੰ ਲੈ ਆਇਆ ਨਿਕਾਲ,
    ਤੂੰ ਆਪਣਾ ਮੂੰਹ ਖੋਲ੍ਹਦੇ ਤੇ ਮੈਂ ਵੀ ਜ਼ਰੂਰ,
    ਹਾਂ ਬਰਕਤ ਨਾਲ ਉਸਨੂੰ ਕਰਾਂਗਾ ਭਰਪੂਰ।

    8. ਪਰ ਉੱਮਤਾਂ ਨੇ ਸੁਣੀ ਨਾ ਮੇਰੀ ਸਦਾ,
    ਨਾ ਇਸਰਾਏਲ ਕੀਤੀ ਕੁਝ ਮੇਰੀ ਪਰਵਾਹ,
    ਤਦ ਛੱਡ ਦਿੱਤਾ ਉਹਨਾਂ ਨੂੰ ਮੈਂ ਵੀ ਗੁਮਰਾਹ,
    ਤੇ ਉਹਨਾਂ ਨੇ ਪਕੜਿਆ ਮੁੜ ਆਪਣਾ ਵੀ ਰਾਹ।

    9. ਜੇ ਲੋਕ ਮੇਰੀ ਸੁਣਦੇ ਤੇ ਮੇਰਾ ਕਲਾਮ,
    ਤੇ ਇਸਰਾਏਲ ਮੰਨਦਾ ਰਾਹ ਮੇਰਾ ਤਮਾਮ,
    ਤਦ ਵੈਰੀ ਸਭ ਉਹਨਾਂ ਦੇ ਕਰਦਾ ਮਗਲੂਬ,
    ਤੇ ਹੱਥ ਆਪਣਾ ਫੇਰਦਾ ਮੈਂ ਉਹਨਾਂ ’ਤੇ ਖੂਬ।

    10. ਜੋ ਵੈਰ ਰੱਖਦਾ ਦਿਲ ਵਿੱਚ ਖ਼ੁਦਾਵੰਦ ਦੇ ਨਾਲ,
    ਉਹ ਰਹੇਗਾ ਨਾ ਕਦੀ ਹਮੇਸ਼ਾ ਖ਼ੁਸ਼ਹਾਲ,
    ਪਰ ਮੋਮਨਾਂ ਨੂੰ ਕਣਕ ਨਾਲ ਰਜਾਂਦਾ ਖ਼ੁਦਾ,
    ਚਟਾਨ ਵਿੱਚੋਂ ਸ਼ਹਿਦ ਵੀ ਖਿਲਾਂਦਾ ਖ਼ੁਦਾ।

  • ---

    1. ਜਮਾਤ ਵਿੱਚ ਖ਼ੁਦਾ ਦੀ,
    ਖਲੋਤਾ ਆਪ ਖ਼ੁਦਾ,
    ਉਹ ਕਰਦਾ ਹੈ ਅਦਾਲਤ,
    ਹੁਣ ਉਹਨਾਂ ਦੀ ਸਦਾ।

    2. ਕਦ ਤੀਕਰ, ਬੇ-ਨਿਆਈਂ,
    ਹੁਣ ਕੀਤਾ ਕਰੋਗੇ,
    ਬਦਕਾਰਾਂ ਦੀ ਕਦ ਤੀਕਰ,
    ਹਿਮਾਇਤ ਕਰੋਗੇ?

    3. ਮਸਕੀਨ, ਕੰਗਾਲ, ਯਤੀਮ ਦਾ,
    ਹੁਣ ਕਰੋ ਖੂਬ ਇਨਸਾਫ਼,
    ਮੁਹਤਾਜ, ਦਿਲਗੀਰ, ਗ਼ਮਗੀਨ ਦਾ,
    ਹੁਣ ਹੱਕ ਪੁਚਾਓ ਸਾਫ਼।

    4. ਮੁਹਤਾਜ ਨੂੰ ਬਚਾਓ, ਗ਼ਰੀਬ ਮਸਕੀਨਾਂ ਨੂੰ,
    ਸ਼ਰੀਰ ਬਦਕਾਰ ਦੇ ਹੱਥੋਂ,
    ਛੁਡਾਓ ਉਹਨਾਂ ਨੂੰ।

    5. ਰਾਹ ਉਹਨਾਂ ਦਾ ਹਨੇਰਾ,
    ਨਾ ਜਾਣਦੇ ਬੁਝਦੇ ਵੀ,
    ਹਿੱਲ ਗਈ ਤੇ ਕੰਬ ਉੱਠੀ,
    ਬੁਨਿਆਦ ਇਸ ਧਰਤੀ ਦੀ।

    6. ਮੈਂ ਕਿਹਾ ਸੀ ਤੁਹਾਨੂੰ,
    ਹੋ ਤੁਸੀਂ ਸਭ ਇਲਾਹ,
    ਫ਼ਰਜ਼ੰਦ ਹੋ ਸਭੋ ਉਹਦੇ,
    ਸ਼ਾਨਵਾਲਾ ਜੋ ਖ਼ੁਦਾ।

    7. ਪਰ ਤੁਸੀਂ ਵਾਂਗ ਮਨੁੱਖ ਦੇ,
    ਸੱਚਮੁੱਚ ਮਰ ਜਾਓਗੇ,
    ਸਰਦਾਰਾਂ ਵਿੱਚੋਂ ਇੱਕ ਦੀ,
    ਮਾਨਿਦ ਗਿਰ ਜਾਓਗੇ।

    8. ਜ਼ਮੀਨ ਦੀ ਕਰ ਅਦਾਲਤ,
    ਤੂੰ ਉੱਠ, ਐ ਪਾਕ ਖ਼ੁਦਾ,
    ਕਿ ਤੂੰ ਹੀ ਸਾਰੀਆਂ ਕੌਮਾਂ,
    ਮਿਰਾਸ ਵਿੱਚ ਲਵੇਂਗਾ।

  • ---

    1. ਖ਼ੁਦਾਇਆ ਮੇਰੇ, ਚੁੱਪ ਨਾ ਹੋ,
    ਨਾ ਚੁੱਪ ਰਹਿ ਤੂੰ ਮੁਦਾਮ,
    ਖ਼ੁਦਾਵੰਦ, ਕੁਦਰਤਵਾਲੇ ਰੱਬ,
    ਨਾ ਹੁਣ ਤੂੰ ਕਰ ਅਰਾਮ।

    2. ਵੇਖ ਤੇਰੇ ਦੁਸ਼ਮਣਾਂ ਨੇ ਹੁਣ,
    ਕੀ ਸ਼ੋਰ ਮਚਾਇਆ ਹੈ,
    ਤੇ ਤੇਰੇ ਵੈਰੀਆਂ ਨੇ ਵੀ,
    ਹੁਣ ਸਿਰ ਉਠਾਇਆ ਹੈ।

    3. ਫ਼ਰੇਬ ਨਾਲ ਤੇਰੇ ਲੋਕਾਂ ’ਤੇ,
    ਮਨਸੂਬੇ ਘੜਦੇ ਹਨ,
    ਤੇਰੇ ਲੋਕਾਏ ਹੋਇਆਂ ’ਤੇ,
    ਸਲਾਹਾਂ ਕਰਦੇ ਹਨ।

    4. ਪੁੱਟ ਸੁੱਟੇ ਜੜ੍ਹੋਂ ਮੁੱਢੋਂ ਮੂਲ,
    ਇਹ ਕੌਮ ਜੋ ਹੈ ਤਮਾਮ,
    ਕਿ ਇਸਰਾਏਲ ਦਾ ਅੱਗੇ ਨੂੰ,
    ਨਾ ਲਵੇ ਕੋਈ ਨਾਮ।

    5. ਕਿ ਉਹਨਾਂ ਮਿਲਕੇ ਆਪੋ ਵਿੱਚ,
    ਇੱਕ ਕੀਤੀ ਹੈ ਸਲਾਹ,
    ਹਾਂ ਉਹਨਾਂ ਤੇਰੇ ਬਰਖਿਲਾਫ਼,
    ਅਹਿਦ ਕੀਤਾ, ਐ ਖ਼ੁਦਾ।

    6. ਅਦੂਮ ਦੇ ਡੇਰੇ ਤੇ ਮੋਆਬ,
    ਹਾਂ, ਇਸਰਾਏਲੀ ਵੀ,
    ਗੇਬਾਲ, ਅਮੂਨ ਤੇ ਅਮਾਲੀਕ,
    ਤੇ ਸਾਰੇ ਹਾਜ਼ਿਰੀ।

    7. ਫਲਿਸਤ ਤੇ ਤਾਇਰ ਦੇ ਸਾਰੇ ਲੋਕ,
    ਅਸੂਰ ਵੀ ਉਹਨਾਂ ਨਾਲ,
    ਇਹ ਬਨੀ ਲੋਤ ਦੀ ਮਦਦ ਨੂੰ,
    ਤਿਆਰ ਹਨ ਬਣਕੇ ਢਾਲ।

  • ---

    8. ਤੂੰ ਉਹਨਾਂ ਨਾਲ ਅਜਿਹਾ ਕਰ,
    ਜੋ ਕੀਤਾ ਸੀ ਓਸ ਆਣ,
    ਮਿਦੀਆਨ, ਯਾਬੀਨ ਤੇ ਸਿਸੇਰਾ ਨਾਲ,
    ਕੀਸ਼ੂਨ ਦੇ ਦਰਮਿਆਨ।

    9. ਐਨ-ਦੌਰ ਦੇ ਵਿੱਚ ਜੋ ਮਰ ਮਿਟੇ,
    ਹਲਾਕਤ ਦੇ ਫ਼ਰਜ਼ੰਦ,
    ਉਹ ਹੋਏ ਸਭ ਜ਼ਮੀਨ ਦੀ ਖਾਦ,
    ਜ਼ਮੀਨ ਦੇ ਨਾਲ ਪਾਏਵੰਦ।

    10. ਓਰੇਬ, ਜ਼ਿਆਬ ਦੀ ਮਾਨਿਦ,
    ਤੂੰ ਉਹਨਾਂ ਦੇ ਸਾਲਾਰ,
    ਜ਼ਿਬ੍ਹਾ, ਜ਼ਾਲਮੁੰਨਾ, ਵਾਂਗਰ ਸਭ,
    ਕਰ ਉਹਨਾਂ ਦੇ ਸਰਦਾਰ।

    11. ਕਿ ਜਿਨ੍ਹਾਂ ਨੇ ਇਹ ਆਖਿਆ ਸੀ,
    ਕਿ ਹੋ ਕੇ ਸਭ ਇੱਕਸਾਰ,
    ਕਰ ਲਈਏ ਆਪਣੇ ਕਬਜ਼ੇ ਵਿੱਚ
    ਖ਼ੁਦਾਵੰਦ ਦੇ ਸਭ ਘਰ।

    12. ਯਾ ਰੱਬਾ ਉੱਡ–ਪੁੱਡ ਜਾਵਣ ਉਹ,
    ਸਭ ਵਾਵਰੋਲੇ ਵਾਂਗ,
    ਜਿਉਂ ਵਾ ਦੇ ਨਾਲ ਉੱਡ ਜਾਂਦੇ ਭੋ,
    ਉਹ ਉੱਡਣ ਉਹਦੇ ਵਾਂਗ।

    13. ਜਿਉਂ ਜੰਗਲ ਜਲਦਾ ਅੱਗ ਦੇ ਨਾਲ,
    ਤੇ ਸ਼ੋਅਲੇ ਨਾਲ ਪਹਾੜ,
    ਹਨੇਰੀ ਨਾਲ ਕਰ ਸਭ ਬਰਬਾਦ,
    ਤੂਫ਼ਾਨ ਦੇ ਨਾਲ ਉਜਾੜ।

    14. ਖ਼ੁਦਾਇਆ ਕਰ ਅਜਿਹਿਆਂ ਨੂੰ,
    ਸ਼ਰਮਿੰਦਾ ਤੇ ਹੈਰਾਨ,
    ਮੂੰਹ ਉਹਨਾਂ ਦੇ ਭਰ ਖਵਾਰੀ ਨਾਲ,
    ਤਦ ਢੂੰਡਣ ਤੇਰਾ ਨਾਂ।

    15. ਉਹ ਸਦਾ ਤੀਕ ਸ਼ਰਮਿੰਦਾ ਹੋਣ,
    ਹੈਰਾਨ ਤੇ ਸ਼ਰਮਸਾਰ,
    ਨਾਸ਼ ਹੋਵੇ ਉਹਨਾਂ ਸਭਨਾਂ ਦਾ,
    ਉਹ ਹੋਣ ਸਭ ਖੱਜਲ ਖਵਾਰ।

    16. ਤਾਂ ਸਮਝਣ ਉਹ ਕਿ ਤੂੰ ਏਂ ਇੱਕ,
    ਖ਼ੁਦਾਵੰਦ ਸੱਚਾ ਹੈਂ,
    ਖ਼ੁਦਾਵੰਦ ਦਾ ਨਾਂ ਦੁਨੀਆ ਵਿੱਚ,
    ਬੁਲੰਦ ਤੇ ਉੱਚਾ ਹੈ।

  • ---

    1. ਖ਼ੁਦਾਵੰਦਾ, ਤੂੰ ਲਸ਼ਕਰਾਂ ਦਾ ਖ਼ੁਦਾ ਹੈਂ,
    ਟਿਕਾਣਾ ਤੇਰਾ ਮੈਨੂੰ ਚੰਗਾ ਲੱਗਾ ਹੈ।

    2. ਮੇਰੀ ਜਾਨ ਚਾਹੁੰਦੀ ਤੇਰੀ ਬਾਰਗ਼ਾਹ ਨੂੰ,
    ਮੇਰਾ ਮਨ ਮੇਰਾ ਤਨ ਵੀ ਕਰਦਾ ਸਨਾ ਹੈ।

    3. ਅਟੇਰਾਂ ’ਤੇ ਚਿੜੀਆਂ ਨੇ ਆਲ੍ਹਣਾ ਪਾਇਆ,
    ਬਣਾਈ ਉਹਨਾਂ ਬੋਟਾਂ ਦੇ ਰਹਿਣੇ ਦੀ ਥਾਂ ਹੈ।

    4. ਹਾਂ ਇਸੇ ਤਰ੍ਹਾਂ ਐ ਮੇਰੇ ਬਾਦਸ਼ਾਹ,
    ਤੇਰਾ ਮਜ਼ਬਾ ਮੇਰੇ ਲਈ ਇੱਕ ਪਨਾਹ ਹੈ।

    5. ਮੁਬਾਰਿਕ ਤੇਰੇ ਘਰ ਦੇ ਸਭ ਰਹਿਣ ਵਾਲੇ,
    ਸਨਾ ਤੇਰੀ ਉਹਨਾਂ ਦੇ ਮੂੰਹ ਵਿੱਚ ਸਦਾ ਹੈ।

    6. ਮੁਬਾਰਿਕ ਹੈ ਉਹ ਜਿਸ ਦਾ ਹੈ ਜ਼ੋਰ ਤੇਥੋਂ,
    ਉਹਨਾਂ ਦੇ ਦਿਲਾਂ ਵਿੱਚ ਤੇਰਾ ਹੀ ਰਾਹ ਹੈ।

    7. ਉਹ ਤੁਰਦੇ ਨੇ ਰੋਣੇ ਦੇ ਜੰਗਲ ਵਿੱਚ ਦੀ,
    ਤੇ ਲੈਂਦੇ ਉਹ ਉੱਥੇ ਹੀ ਚਸ਼ਮਾ ਬਣਾ ਹੈ।

    8. ਜਦੋਂ ਹੁੰਦੀ ਹੈ ਪਹਿਲ ਛੱਲੇ ਦੀ ਬਾਰਿਸ਼,
    ਉਹਨੂੰ ਬਰਕਤਾਂ ਨਾਲ ਲੈਂਦੀ ਛੁਪਾ ਹੈ।

    9. ਉਹ ਇੱਕ ਜ਼ੋਰ ਤੋਂ ਜ਼ੋਰ ਤਕ ਵੱਧਦੇ ਜਾਂਦੇ,
    ਤੇ ਘਰ ਪਹੁੰਚ ਜਾਂਦੇ ਖ਼ੁਦਾਵੰਦ ਖ਼ੁਦਾ ਹੈ।

    10. ਮੇਰੀ ਗੱਲ ’ਤੇ ਕੰਨ ਧਰ ਤੂੰ, ਯਾਕੂਬ ਦੇ ਰੱਬ,
    ਤੇ ਸੁਣ ਲਈਂ ਤੂੰ ਆਪੇ ਮੇਰੀ ਜੋ ਦੁਆ ਹੈ।

  • ---

    11. ਤੂੰ ਏਂ ਢਾਲ, ਤੂੰ ਏਂ ਪਨਾਹ, ਤੂੰ ਏਂ ਪਨਾਹ, ਐ ਖ਼ੁਦਾਇਆ,
    ਮਸੀਹ ਆਪਣੇ ਵੱਲ ਹੁਣ ਤੂੰ ਕਰ ਧਿਆਨ ਆਪਣਾ।

    12. ਹਾਂ, ਇੱਕ ਦਿਨ ਜੋ ਗੁਜ਼ਰੇ ਤੇਰੇ ਘਰ ਦੇ ਅੰਦਰ,
    ਹਜ਼ਾਰਾਂ ਦਿਨਾਂ ਨਾਲੋਂ ਹੈ ਉਹ ਤੇ ਬਿਹਤਰ।

    13. ਤੇਰੇ ਘਰ ਦੀ ਦਰਬਾਨੀ ਮੈਨੂੰ ਹੈ ਪਿਆਰੀ,
    ਸ਼ਰਾਰਤ ਦੇ ਤੰਬੂਆਂ ਤੋਂ ਨਫ਼ਰਤ ਹੈ ਭਾਰੀ।

    14. ਹੈ ਰੱਬ ਸਾਡਾ ਸੂਰਜ ਤੇ ਸਾਡੀ ਪਨਾਹ ਹੈ,
    ਬਜ਼ੁਰਗੀ ਤੇ ਫ਼ਜ਼ਲ ਆਪੇ ਉਹ ਬਖ਼ਸ਼ਦਾ ਹੈ।

    15. ਖ਼ੁਦਾ ਉਹਨਾਂ ਤੋਂ, ਚੱਲਦੇ ਜੋ ਚਾਲ ਸਿੱਧੀ,
    ਲੁਕਾਵੇਗਾ ਨਾ ਚੀਜ਼ ਚੰਗੀ ਕੋਈ ਵੀ।

    16. ਖ਼ੁਦਾਵੰਦਾ ਤੂੰ ਲਸ਼ਕਰਾਂ ਦਾ ਖ਼ੁਦਾ ਹੈ,
    ਉਹ ਧੰਨ ਹੈ ਕਿ ਜਿਸ ਨੂੰ ਤੇਰਾ ਆਸਰਾ ਹੈ।

  • ---

    1. ਰਹਿਮਤ ਤੇਰੀ ਇਸ ਧਰਤੀ ਦੇ ਉੱਤੇ ਹੈ, ਖ਼ੁਦਾਇਆ,
    ਯਾਕੂਬ ਦੇ ਸਭ ਕੈਦੀਆਂ ਨੂੰ ਤੂੰ ਏ ਛੁਡਾਇਆ।

    2. ਤੂੰ ਆਪਣੇ ਹੀ ਲੋਕਾਂ ਦੀ ਬਦੀ ਸਾਰੀ ਮਿਟਾਈ,
    ਉੱਮਤ ਦੇ ਗ਼ੁਨਾਹਾਂ ਨੂੰ ਤੂੰ ਏ ਆਪੇ ਛਿਪਾਇਆ।

    3. ਬੇਅੰਤ ਹੈ ਰਹਿਮਤ ਤੇਰੀ, ਬੇਹੱਦ ਹੈ ਮੁਹੱਬਤ,
    ਤੂੰ ਕਹਿਰ–ਓ–ਗ਼ਜ਼ਬ ਦੂਰ ਸਾਡੇ ਤੋਂ, ਖ਼ੁਦਾਇਆ।

    4. ਤੂੰ ਸਾਨੂੰ ਉਠਾ ਸਾਡੇ ਛੁਡਾਵਣਵਾਲੇ,
    ਕਰ ਆਪਣਾ ਗਜ਼ਬ ਦੂਰ ਸਾਡੇ ਤੋਂ, ਖ਼ੁਦਾਇਆ।

    5. ਕੀ ਗੁੱਸੇ ਰਹੇਂਗਾ ਤੂੰ ਸਦਾ ਨਾਲ ਅਸਾਡੇ,
    ਸਭ ਪੀੜ੍ਹੀਆਂ ਨੂੰ ਕਹਿਰ ਵਿਖਾਵੇਂਗਾ, ਖ਼ੁਦਾਇਆ?

    6. ਕੀ ਮੁੜਕੇ ਨਾ ਤੂੰ ਜ਼ਿੰਦਗੀ ਬਖ਼ਸ਼ੇਂਗਾ, ਅਸਾਨੂੰ,
    ਉੱਮਤ ਤੇਰੀ ਖ਼ੁਸ਼ ਹੋਵੇ ਜਿਸਨੂੰ ਤੂੰ ਜਿਲਾਇਆ?

    7. ਕਰ ਰਹਿਮਤਾਂ ਸਭ ਆਪਣੀਆਂ ਹੁਣ ਸਾਡੇ ’ਤੇ ਜ਼ਾਹਿਰ,
    ਹੁਣ ਬਖ਼ਸ਼ ਨਜਾਤ ਆਪਣੀ ਤੂੰ ਸਾਨੂੰ ਖ਼ੁਦਾਇਆ।

  • ---

    1. ਮੈਂ ਗੱਲ ਖ਼ੁਦਾ ਦੀ ਸੁਣਾਂਗਾ,
    ਜਦ ਕਰੇਗਾ ਕਲਾਮ,
    ਕਿ ਉਹ ਤੇ ਆਪਣੇ ਬੰਦਿਆਂ ਨਾਲ,
    ਪਾਕ ਲੋਕਾਂ ਨਾਲ ਤਮਾਮ।

    2. ਗੱਲ ਕਰੇਗਾ, ਜੋ ਉਸ ਦੀ ਬਾਤ,
    ਹੈ ਸੁਲਾਹ ਸਲਾਮਤੀ ਦੀ,
    ਪਰ ਚਾਹੀਦਾ ਹੈ ਜੋ ਮੁੜੀਏ ਨਾ,
    ਇਸ ਗੱਲ ਤੋਂ ਅਸੀਂ ਵੀ।

    3. ਹੈ ਮੁਕਤੀ ਨੇੜੇ ਉਹਨਾਂ ਦੇ,
    ਜੋ ਰੱਖਦੇ ਉਸਦਾ ਡਰ,
    ਤਾਂ ਸਾਰੀ ਧਰਤੀ ਸਾਡੀ ਵੀ,
    ਜਲਾਲ ਦਾ ਹੋਵੇ ਘਰ।

    4. ਸੱਚਿਆਈ ਰਹਿਮਤ ਆਪੋ ਵਿੱਚ,
    ਹੁਣ ਦੋਵੇਂ ਮਿਲੀਆਂ ਨੇ,
    ਤੇ ਚੁੰਮਿਆ ਇੱਕ ਦੂਜੇ ਨੂੰ
    ਸੱਚਿਆਈ ਸੁਲਾਹ ਨੇ।

    5. ਹੁਣ ਧਰਤੀ ਵਿੱਚੋਂ ਵੇਖੋਗੇ,
    ਸੱਚਿਆਈ ਉੱਗੇਗੀ,
    ਸੱਚਿਆਈ ਵੀ ਅਸਮਾਨ ਤੋਂ,
    ਹੁਣ ਝਾਤੀ ਪਾਵੇਗੀ।

    6. ਜੋ ਚੰਗਾ ਹੈ ਸੋ ਦੇਵੇਗਾ,
    ਖ਼ੁਦਾਵੰਦ ਬਿਲਯਾਕੀਨ,
    ਤੇ ਆਪਣਾ ਹਾਸਿਲ ਦੇਵੇਗੀ,
    ਇਹ ਸਾਡੀ ਸਭ ਜ਼ਮੀਨ।

    7. ਸੱਚਿਆਈ ਉਹਦੇ ਅੱਗੇ ਹੀ,
    ਤਦ ਚੱਲਦੀ ਜਾਵੇਗੀ,
    ਤੇ ਆਪਣੇ ਖੁਰੇ ਪੈਂਤੜੇ ਨੂੰ,
    ਇੱਕ ਰਾਹ ਬਣਾਵੇਗੀ।

  • ---

    1. ਖ਼ੁਦਾਇਆ ਤੂੰ ਕੰਨ ਧਰਕੇ ਸੁਣ,
    ਹੁਣ ਮੈਨੂੰ ਦੇ ਜਵਾਬ,
    ਕਿ ਮੈਂ ਦੁੱਖਾਂ ਦਾ ਮਾਰਿਆ ਹਾਂ,
    ਲਾਚਾਰ, ਹੈ ਹਾਲ ਖ਼ਰਾਬ।

    2. ਕਿ ਮੈਂ ਹਾਂ ਤੇਰਾ ਇਮਾਨਦਾਰ,
    ਜਾਨ ਮੇਰੀ ਤੂੰ ਬਚਾ,
    ਆਸ ਮੇਰੀ ਤੇਰੇ ਉੱਤੇ ਹੈ,
    ਤੂੰ ਬੰਦੇ ਨੂੰ ਛੁਡਾ।

    3. ਮੈਂ ਤੇਰੇ ਸਾਹਮਣੇ, ਐ ਖ਼ੁਦਾ,
    ਹੁਣ ਰੋਂਦਾ ਰਹਿੰਦਾ ਹਾਂ,
    ਤੂੰ ਮੇਰੇ ਉੱਤੇ ਰਹਿਮਤ ਕਰ,
    ਮੈਂ ਆਜਿਜ਼ ਬੰਦਾ ਹਾਂ।

    4. ਤੂੰ ਜਾਨ ਨੂੰ ਆਪਣੇ ਬੰਦੇ ਦੀ,
    ਦੇ ਖ਼ੁਸ਼ੀ ਤੇ ਅਰਮਾਨ,
    ਮੈਂ ਤੇਰੇ ਵੱਲ, ਖ਼ੁਦਾਵੰਦਾ,
    ਉਠਾਵਾਂ ਆਪਣੀ ਜਾਨ।

    5. ਯਾ ਰੱਬ, ਤੂੰ ਏ ਭਲਾ ਹੈਂ,
    ਹੈਂ ਤੂੰ ਹੀ ਬਖ਼ਸ਼ਣਹਾਰ,
    ਰਹਿਮ ਤੇਰਾ ਬਹੁਤਾ ਉਹਨਾਂ ’ਤੇ,
    ਜੋ ਤੈਨੂੰ ਕਰਦੇ ਪਿਆਰ।

  • ---

    6. ਖ਼ੁਦਾਵੰਦਾ, ਕੰਨ ਧਰਕੇ ਸੁਣ,
    ਹੁਣ ਮੇਰੀ ਤੂੰ ਦੁਆ,
    ਤੇ ਮੇਰੀਆਂ ਮੁਨਾਜਾਤਾਂ ਦੀ,
    ਆਵਾਜ਼ ’ਤੇ ਕੰਨ ਤੂੰ ਲਾ।

    7. ਮੈਂ ਆਪਣੇ ਦੁੱਖ ਤੇ ਤੰਗੀ ਵਿੱਚ,
    ਪੁਕਾਰਾਂਗਾ ਸ਼ਤਾਬ,
    ਫਿਰ ਸੱਚਮੁੱਚ ਆਪਣੇ ਬੰਦੇ ਨੂੰ,
    ਤੂੰ ਦੇਵੇਂਗਾ ਜਵਾਬ।

    8. ਨਾ ਤੇਰੇ ਜਿਹਾ ਦੇਵਤਿਆਂ ਵਿੱਚ,
    ਹੈ ਕੋਈ ਵੀ, ਖ਼ੁਦਾ,
    ਨਾ ਤੇਰੇ ਜਿਹਾ ਕਿਸੇ ਵਿੱਚ,
    ਹੈ ਕਾਰਜ ਕਿਸੇ ਦਾ।

    9. ਜੋ ਲੋਕ ਤੂੰ ਪੈਦਾ ਕੀਤੇ ਹਨ,
    ਕੋਲ ਤੇਰੇ ਆਵਣਗੇ,
    ਤੇ ਤੇਰੇ ਸਾਹਮਣੇ, ਐ ਖ਼ੁਦਾ,
    ਸਭ ਸਿਰ ਝੁਕਾਵਣਗੇ।

    10. ਉਹ ਤੇਰੀ ਗਾਵਣਗੇ ਤਾਰੀਫ਼,
    ਤੂੰ ਵੱਡਾ ਹੈਂ ਸਦਾ,
    ਸਭ ਤੇਰੇ ਕੰਮ ਅਜੀਬ ਹਨ,
    ਹੈਂ ਤੂੰ ਇੱਕ ਖ਼ੁਦਾ।

  • ---

    11. ਐ ਖ਼ੁਦਾਵੰਦ, ਆਪਣੀ ਰਾਹ ਆਪਣੇ ਬੰਦੇ ਨੂੰ ਵਿਖਾ,
    ਤੇਰੀ ਹੀ ਸੱਚਿਆਈ ਦੀ ਕਰਾਂਗਾ ਮੈਂ ਪੈਰਵੀ,
    ਮੇਰਾ ਦਿਲ ਇੱਕ ਪਾਸੇ ਕਰ, ਤਾਂ ਮੈਂ ਰੱਖਾਂ ਤੇਰਾ ਡਰ।

    12. ਐ ਖ਼ੁਦਾਵੰਦ, ਪੁਰ ਜਲਾਲ ਆਪਣੇ ਸਾਰੇ ਦਿਲ ਦੇ ਨਾਲ,
    ਤੇਰੀ ਉਸਤਤ ਗਾਵਾਂ ਮੈਂ ਸਦਾ ਤੀਕ ਸੁਣਾਵਾਂ ਮੈਂ,
    ਤੇਰੇ ਨਾਂ ਦੀ, ਐ ਖ਼ੁਦਾ, ਮੈਂ ਵਡਿਆਈ ਕਰਾਂਗਾ।

    13. ਤੇਰੀ ਰਹਿਮਤ ਹੈ ਕਮਾਲ, ਐ ਖ਼ੁਦਾ, ਇਸ ਬੰਦੇ ਨਾਲ,
    ਗੋਰ ਦੇ ਵਿੱਚ ਸੀ ਮੇਰੀ ਜਾਨ, ਤੂੰ ਏਂ ਉਸਨੂੰ ਐ ਰਹਿਮਾਨ,
    ਕਬਰ ਦੇ ਪਾਤਾਲ਼ ਤੋਂ ਵੀ, ਤੂੰ ਖਲਾਸੀ ਬਖ਼ਸ਼ੀ ਸੀ।

  • ---

    14. ਮੇਰੇ ਉੱਤੇ ਚੜ੍ਹ ਆਇਆ, ਮੇਰੇ ਖ਼ੁਦਾ,
    ਘੁਮੰਡੀ ਮਨੁੱਖਾਂ ਦਾ ਭਾਰਾ ਜਥਾ।

    15. ਤੇ ਜ਼ਾਲਿਮ ਮਨੁੱਖ ਹਨ ਜੋ ਡਾਢੇ ਬੁਰੇ,
    ਉਹ ਪਿੱਛੇ ਪਏ ਸਭ ਮੇਰੀ ਜਾਨ ਦੇ।

    16. ਕਿ ਉਹਨਾਂ ਨੇ ਤੈਨੂੰ, ਐ ਮੇਰੇ ਖ਼ੁਦਾ,
    ਨਹੀਂ ਅੱਖੀਆਂ ਦੇ ਸਾਹਮਣੇ ਰੱਖਿਆ।

    17. ਪਰ ਹੈ ਤੇਰੀ, ਯਾ ਰੱਬਾ, ਰਹਿਮਤ ਬੜ੍ਹੀ,
    ਮੁਹੱਬਤ ਭਰੀ, ਤੇਰੀ ਸ਼ਫ਼ਕਤ ਬੜ੍ਹੀ।

    18. ਤੇਰਾ ਸਬਰ ਡਾਢਾ ਹੈ ਮੇਰੇ ਖ਼ੁਦਾ,
    ਹੈ ਬੇਹੱਦ ਤੇ ਬੇਅੰਤ ਤੇਰੀ ਵਫ਼ਾ।

    19. ਮੇਰੇ ਉੱਤੇ ਹੁਣ ਕਰ ਨਿਗਾਹ ਮਿਹਰ ਦੀ,
    ਤੇ ਰਹਿਮਤ ਤੇਰੀ ਹੈ, ਖ਼ੁਦਾਇਆ ਬੜ੍ਹੀ।

    20. ਕਦੀ ਵੀ ਨਾ ਤੂੰ ਆਪਣੇ ਬੰਦੇ ਨੂੰ ਛੋੜ,
    ਤੂੰ ਏ ਬਖ਼ਸ਼ੀਂ ਤਾਕਤ, ਤੂੰ ਏ ਬਖ਼ਸ਼ੀਂ ਜ਼ੋਰ।

    21. ਤੇ ਹੁਣ ਆਪਣੀ ਗੋਲ੍ਹੀ ਦੇ ਪੁੱਤ ਨੂੰ ਸਦਾ,
    ਤੂੰ ਬਖ਼ਸ਼ੀਂ ਖਲਾਸੀ, ਐ ਮੇਰੇ ਖ਼ੁਦਾ।

    22. ਭਲਾਈ ਦਾ ਮੈਨੂੰ ਵਿਖਾ ਕੁਝ ਨਿਸ਼ਾਨ,
    ਮੇਰੇ ਦੂਤੀ ਦੁਸ਼ਮਣ ਤਾਂ ਹੋਵਣ ਹੈਰਾਨ।

    23. ਖ਼ੁਦਾਵੰਦਾ ਹੈ ਤੇਰੀ ਰਹਿਮਤ ਬੜ੍ਹੀ,
    ਤੇਰੇ ਵੱਲੋਂ ਮੈਨੂੰ ਤਸੱਲੀ ਮਿਲੀ।

  • ---

    1. ਬੁਨਿਆਦ ਤਾਂ ਉਹਦੀ ਕਾਇਮ, ਹੈ ਪਾਕ ਪਹਾੜਾਂ ਪਰ,
    ਯਾਕੂਬ ਦੇ ਡੇਰਿਆਂ ਤੋਂ, ਸਿਓਨ, ਦੇ ਸਾਰੇ ਦਰ।

    2. ਖ਼ੁਦਾ ਨੂੰ ਹਨ ਪਿਆਰੇ, ਐ ਸ਼ਹਿਰ ਖ਼ੁਦਾਵੰਦ ਦੇ,
    ਕਿ ਤੇਰੇ ਹੁੰਦੇ ਰਹਿੰਦੇ, ਜਲਾਲੀ ਤਜ਼ਕਰੇ।

    3. ਮੈਂ ਬਾਬੁਲ ਤੇ ਰਹਾਬ ਦਾ, ਹੀ ਕਰਾਂਗਾ ਬਿਆਨ,
    ਕਿ ‘‘ਇਹ ਉਹ ਹਨ ਜੋ ਰੱਖਦੇ, ਕੁਝ ਮੇਰੀ ਜਾਣ–ਪਛਾਣ’’।

    4. ਫਲਿਸਤ ਤੇ ਕੁਸ਼ ਨੂੰ ਵੇਖ ਤੂੰ, ਕਰ ਕੁਝ ਤਾਇਰ ਦੇ ਵੱਲ ਧਿਆਨ,
    ਇਹ ਉੱਥੇ ਪੈਦਾ ਹੋਏ, ਇਹ ਹੋਵੇਗਾ ਬਿਆਨ।

    5. ਤੇ ਪਾਕ ਸਿਓਨ ਦੀ ਬਾਬਤ, ਇਹ ਕਿਹਾ ਜਾਵੇਗਾ,
    ਕਿ ਇਹ ਤੇ ਉਹ ਵੀ, ਉੱਥੇ, ਹਾਂ ਪੈਦਾ ਹੋਇਆ ਸਾ।

    6. ਖ਼ੁਦਾਵੰਦ ਆਪੇ ਓਸ ਨੂੰ ਮਜ਼ਬੂਤੀ ਬਖ਼ਸ਼ੇਗਾ,
    ਜਦ ਦਫ਼ਤਰ ਦੇ ਵਿੱਚ ਲਿਖੇ, ਨਾਂ ਸਭਨਾਂ ਕੌਮਾਂ ਦਾ।

    7. ਰੱਬ ਉਹਨਾਂ ਨੂੰ ਆਪ ਗਿਣਕੇ, ਤਦ ਇਹ ਫਰਮਾਏਗਾ,
    ਕਿ ਇਹ ਤੇ ਪਾਕ ਸਿਓਨ ਵਿੱਚ, ਹਾਂ ਪੈਦਾ ਹੋਇਆ ਸਾ।

    8. ਹਨ ਗਾਣੇ ਵਾਲੇ ਉੱਥੇ, ਵਜਾਣੇ ਵਾਲੇ ਵੀ,
    ਕਿ ਤੁਧ ਵਿੱਚ ਮੇਰੇ ਚਸ਼ਮੇ ਮੌਜੂਦ, ਹਨ ਸਾਰੇ ਹੀ।

  • ---

    1. ਛੁਡਾਵਣ ਵਾਲੇ ਮੇਰੇ, ਖ਼ੁਦਾਵੰਦ ਪਾਕ ਖ਼ੁਦਾ,
    ਫਰਿਆਦਾਂ ਤੇਰੇ ਅੱਗੇ, ਮੈਂ ਕੀਤੀਆਂ ਹਨ ਸਦਾ।

    2. ਮੇਰੀ ਦੁਆ ਹੁਣ ਪਹੁੰਚੇ ਜਦ ਤੇਰੇ ਪਾਕ ਹਜ਼ੂਰ,
    ਮੇਰੀ ਫਰਿਆਦ, ਖ਼ੁਦਾਇਆ, ਕੰਨ ਧਰ ਕੇ ਸੁਣ ਜ਼ਰੂਰ।

    3. ਮੁਸੀਬਤ, ਤੰਗੀ, ਦੁੱਖ ਨਾਲ ਹੈ ਭਰਿਆ ਮੇਰਾ ਜੀ,
    ਤੇ ਕਬਰ ਹੀ ਦੇ ਨੇੜੇ ਜਾਨ ਮੇਰੀ ਪਹੁੰਚੀ ਵੀ।

    4. ਮੈਂ ਉਹਨਾਂ ਵਿੱਚ ਸ਼ੁਮਾਰ ਹਾਂ ਜੋ ਡਿੱਗੇ ਹਨ ਵਿੱਚ ਗੋਰ,
    ਉਸ ਆਦਮੀ ਵਾਂਗਰ ਹਾਂ ਮੈਂ ਨਾ ਜਿਸ ਵਿੱਚ ਹੋਵੇ ਜ਼ੋਰ।

    5. ਮੈਂ ਮੋਇਆਂ ਵਿੱਚ ਮਰਦੂਦ ਹਾਂ ਉਸ ਜ਼ਖ਼ਮੀ ਦੀ ਮਿਸਾਲ,
    ਜੋ ਕਬਰ ਦੇ ਵਿੱਚ ਪਿਆ, ਨਾ ਜਿਸ ਦਾ ਤੈਨੂੰ ਖਿਆਲ।

    6. ਪਰ ਉਹ ਤੇ ਤੇਰੇ ਹੱਥੋਂ ਸਭ ਵੱਢੇ ਗਏ ਸੇ,
    ਸੋ ਮੈਨੂੰ ਵੀ ਤੂੰ ਸੁੱਟਿਆ ਵਿੱਚ ਡੂੰਘੇ ਟੋਏ ਦੇ।

    7. ਅਤਿ ਡੂੰਘੇ ਹਨ ਉਹ ਟੋਏ ਹਨੇਰਾ ਛਾਇਆ ਹੈ,
    ਹਾਂ ਡਾਢੇ ਤੇਰੇ ਕਹਿਰ ਨੇ ਮੈਨੂੰ ਦਬਾਇਆ ਹੈ।

    8. ਤੂੰ ਆਪਣੀ ਮੌਜਾਂ ਦੇ ਵਿੱਚ ਦੁੱਖ ਦਿੱਤਾ ਮੈਨੂੰ ਆਣ,
    ਦੂਰ ਕੀਤੇ ਮੇਰੇ ਕੋਲੋਂ ਸਭ ਮੇਰੇ ਜਾਣ ਪਛਾਣ।

    9. ਮੈਂ ਉਹਨਾਂ ਦੇ ਵਿੱਚ ਹੋਇਆ ਇੱਕ ਸਬੱਬ ਨਫ਼ਰਤ ਦਾ,
    ਮੈਂ ਕੈਦ ਵਿੱਚ ਐਸਾ ਪਿਆ ਨਾ ਨਿਕਲ ਸਕਾਂਗਾ।

    10. ਹੈ ਜਾਂਦੀ ਰਹੀ ਦੁੱਖ ਨਾਲ ਰੌਸ਼ਨਾਈ ਅੱਖੀਆਂ ਦੀ,
    ਹਰ ਰੋਜ਼ ਪੁਕਾਰਿਆ ਤੈਨੂੰ ਤੇ ਹੱਥ ਫੈਲਾਏ ਵੀ।

  • ---

    11. ਕੀ ਕਰੇਂਗਾ ਅਜਾਇਬ,
    ਤੂੰ ਵਾਸਤੇ ਮੋਇਆਂ ਦੇ?
    ਕੀ ਮੁਰਦੇ ਉੱਠਕੇ ਤੇਰੀ,
    ਹੁਣ ਉਸਤਤ ਕਰਨਗੇ?

    12. ਕੀ ਤੇਰੀ ਮਿਹਰਬਾਨੀ,
    ਸੱਚਿਆਈ ਦਾ ਬਿਆਨ?
    ਕੀ ਹੋਵੇਗਾ ਗੋਰ ਅੰਦਰ,
    ਜਾਂ ਮੌਤ ਦੇ ਦਰਮਿਆਨ?

    13. ਕੀ ਹੋਵੇਗਾ ਅਜੂਬਾ,
    ਹਨੇਰੇ ਵਿੱਚ ਮਸ਼ਹੂਰ?
    ਕੀ ਚਮਕੇਗਾ ਭੁੱਲ ਚੁੱਕ ਵਿੱਚ,
    ਸੱਚਿਆਈ ਦਾ ਨੂਰ?

    14. ਪਰ ਮੈਂ ਤੇ ਯਾ ਰੱਬ,
    ਤੇਰੀ ਦੁਹਾਈ ਦਿੱਤੀ ਸੀ,
    ਸਵੇਰੇ ਮੇਰੀ ਦੁਆ,
    ਤੁਝ ਤੀਕ ਪਹੁੰਚੇਗੀ।

  • ---

    15. ਖ਼ੁਦਾਇਆ, ਕਿਉਂ ਜਾਨ ਮੇਰੀ, ਮਰਦੂਦ ਠਹਿਰਾਂਦਾ ਹੈਂ,
    ਤੇ ਆਪਣਾ ਚਿਹਰਾ ਮੈਥੋਂ, ਤੂੰ ਕਿਉਂ ਲੁਕਾਂਦਾ ਹੈਂ?

    16. ਮੈਂ ਬਚਪਨ ਤੋਂ ਹਾਂ ਦੁਖੀਆ, ਤੇ ਮਰਨੇ ਨੂੰ ਤਿਆਰ,
    ਮੈਂ ਤੇਰੇ ਡਰ ਹਾਂ ਸਹਿੰਦਾ, ਹੈਰਾਨ ਤੇ ਬੇ–ਕਰਾਰ।

    17. ਹੈ ਲੰਘਿਆ ਮੇਰੇ ਸਿਰ ਤੋਂ, ਕਹਿਰ ਤੇਰਾ ਸ਼ਿੱਦਤ ਦਾ,
    ਤੇ ਤੇਰੀ ਦਹਿਸ਼ਤਾਂ ਨੇ ਕਰ ਸੁੱਟਿਆ ਹੈ ਫ਼ਨਾਹ।

    18. ਉਹ ਮੇਰੇ ਦੁਆਲੇ ਹਨ ਵੀ, ਜਿਉਂ ਪਾਣੀ ਦਾ ਤੂਫ਼ਾਨ,
    ਹਾਂ, ਉਹਨਾਂ ਨੇ ਅਚਾਨਕ, ਹੈ ਘੇਰੀ ਮੇਰੀ ਜਾਨ।

    19. ਦੂਰ ਤੂੰ ਏਂ ਕੀਤੇ ਮੈਥੋਂ, ਸਭ ਮੇਰੇ ਯਾਰ ਰਫ਼ੀਕ,
    ਘੁੱਪ ਘੇਰ ਤੇ ਅਤਿ ਹਨੇਰੇ, ਹੁਣ ਮੇਰੇ ਹਨ ਰਫ਼ੀਕ।

  • ---

    1. ਖ਼ੁਦਾ ਦੀਆਂ ਰਹਿਮਤਾਂ ਦੇ ਗੀਤ, ਮੈਂ ਸਦਾ ਗਾਵਾਂਗਾ,
    ਸਭ ਪੁਸ਼ਤਾਂ ਨੂੰ ਸੱਚਿਆਈ ਦਾ ਬਿਆਨ ਸੁਣਾਵਾਂਗਾ।

    2. ਮੈਂ ਬੋਲਿਆ ਰਹਿਮਤ ਸਦਾ ਤੀਕ ਵਧਾਈ ਜਾਵੇਗੀ,
    ਅਸਮਾਨਾਂ ਦੇ ਵਿੱਚ ਰੱਖੇਂਗਾ
    ਸੱਚਿਆਈ ਕਾਇਮ ਵੀ।

    3. ਸਹੁੰ ਖਾ ਕੇ, ਮੈਂ ਦਾਊਦ ਦੇ ਨਾਲ
    ਉਹ ਕੀਤਾ ਸੀ ਇਕਰਾਰ,
    ਉਹ ਮੇਰਾ ਚੁਣਿਆ ਹੋਇਆ ਹੈ
    ਇੱਕ ਖ਼ਾਦਮ ਤਾਬਿਆਦਾਰ।

    4. ਤੇ ਤੇਰੀ ਨਸਲ ਸਦਾ ਤੀਕ
    ਮੈਂ ਕਾਇਮ ਰੱਖਾਂਗਾ,
    ਤੇ ਤੇਰੇ ਤਖ਼ਤ ਨੂੰ ਬਰਕਰਾਰ
    ਮੈਂ ਦਾਇਮ ਰੱਖਾਂਗਾ।

    5. ਤੇਰੇ ਅਜਾਇਬ ਕੰਮਾਂ ਦੀ
    ਹਮਦ ਕਰਨਗੇ ਅਸਮਾਨ,
    ਪਾਕ ਲੋਕ ਸੱਚਿਆਈ ਤੇਰੀ ਦਾ
    ਸਾਫ਼ ਕਰਨਗੇ ਹੁਣ ਬਿਆਨ।

    6. ਅਸਮਾਨ ’ਤੇ ਕੌਣ ਹੋ ਸਕਦਾ ਹੈ,
    ਮਿਸਾਲ ਖ਼ੁਦਾਵੰਦ ਦੀ,
    ਮਨੁੱਖਾਂ ਦੇ ਵਿੱਚ ਕਿਹੜਾ ਹੈ
    ਖ਼ੁਦਾ ਦੇ ਵਾਂਗਰ ਵੀ?

    7. ਤੂੰ ਹੈਬਤਨਾਕ ਹੈਂ ਉਹਨਾਂ ਵਿੱਚ
    ਪਾਕ ਲੋਕ ਜੋ ਤੇਰੇ ਹਨ,
    ਅਤਿ ਇੱਜ਼ਤ ਵਾਲਾ ਉਹਨਾਂ ਵਿੱਚ
    ਜੋ ਤੇਰੇ ਨੇੜੇ ਹਨ।

  • ---

    8. ਫੌਜਾਂ ਦਾ ਰੱਬ ਤੂੰ ਹੀ ਹੈਂ, ਪਾਕ ਖ਼ੁਦਾਇਆ,
    ਹੈ ਕਿਹੜਾ ਬਰਾਬਰ ਤੇਰੇ ਕੁਦਰਤ ਵਾਲਾ?

    9. ਸੱਚਿਆਈ ਤੇਰੇ ਆਲੇ ਦੁਆਲੇ ਰਹਿੰਦੀ,
    ਯਾ ਰੱਬ, ਹੈ ਸਮੁੰਦਰ ’ਤੇ ਹਕੂਮਤ ਤੇਰੀ।

    10. ਤੂਫ਼ਾਨ ਜਦ ਉੱਠੇ ਤੂੰ ਏਂ ਧੀਮਾ ਕਰਦਾ,
    ਰਾਹਬ ਨੂੰ ਤੂੰ ਜ਼ਖ਼ਮੀ ਦੇ ਵਾਂਗਰ ਫੇਹਾ।

    11. ਬਾਜੂ ਹੈ ਤੇਰਾ, ਯਾ ਰੱਬ ਅਤਿ ਜ਼ੋਰਾਵਰ,
    ਦੁਸ਼ਮਣ ਤੇਰੇ ਸਭ ਹੋ ਗਏ ਤਿੱਤਰ–ਬਿੱਤਰ।

    12. ਅਸਮਾਨ ਵੀ ਤੇਰਾ ਹੈ, ਜ਼ਮੀਨ ਵੀ ਤੇਰੀ,
    ਆਬਾਦ ਦੁਨੀਆ ’ਤੇ ਜੋ ਕੁਝ ਹੈ ਪੈਦਾਇਸ਼ ਉਸਦੀ।

    13. ਉੱਤਰ ਵੀ ਤੇ ਦੱਖਣ ਵੀ ਬਨਾਵਟ ਤੇਰੀ,
    ਹਰਮੂਨ ਤੇ ਤਾਬੂਰ ਹਨ ਤੇਥੋਂ ਰਾਜ਼ੀ।

    14. ਯਾ ਰੱਬ, ਹੈ ਬਾਜੂ ਤੇਰਾ ਕੁੱਵਤ ਵਾਲਾ,
    ਹੈ ਜ਼ੋਰ ਤੇਰੇ ਹੱਥ ਦੇ ਬਰਾਬਰ ਕਿਸਦਾ?

    15. ਇਨਸਾਫ਼ ਤੇ ਸੱਚਿਆਈ ਹੈ ਨੀਂਹ ਤਖ਼ਤ ਤੇਰੇ ਦੇ,
    ਸੱਚਿਆਈ ਤੇ ਰਹਿਮਤ ਤੇਰੇ ਅੱਗੇ ਚੱਲਦੀ।

  • ---

    15. ਉਹ ਕੌਮ ਹੈ ਧੰਨ, ਪਛਾਣਦੀ ਹੈ
    ਜੇ ਤੇਰੀ ਖ਼ੁਸ਼ੀ ਦੀ ਸਦਾ,
    ਉਹ ਨੂਰ ਵਿੱਚ ਤੇਰੇ ਚਿਹਰੇ ਦੇ
    ਖ਼ੁਸ਼ ਹੋ ਕੇ ਚੱਲਣਗੇ ਸਦਾ।

    16. ਤੇਰੇ ਹੀ ਨਾਂ ਦੇ ਸਬੱਬ ਰਹਿਣਗੇ
    ਤੇ ਖ਼ੁਸ਼ ਉਹ ਸਾਰੇ ਦਿਨ,
    ਤੇਰੀ ਸੱਚਿਆਈ ਨਾਲ
    ਉਹ ਪਾਉਣਗੇ ਇੱਜ਼ਤ ਸਦਾ।

    17. ਜ਼ੋਰ ਹੈ ਤੂੰ ਏਂ ਉਹਨਾਂ ਦਾ,
    ਤੂੰ ਏਂ ਹੈਂ ਉਹਨਾਂ ਦਾ ਜਲਾਲ,
    ਸਿੰਗ ਅਸਾਡੇ ਮਿਹਰ ਨਾਲ
    ਤੂੰ ਏਂ ਉੱਚੇ ਕਰੇਂਗਾ।

    18. ਢਾਲ ਅਸਾਡੀ ਰੱਬ ਤੋਂ ਹੈ
    ਉਸੇ ਤੋਂ ਹੈ ਸਾਡੀ ਢਾਲ,
    ਸਾਡਾ ਤੇ ਸ਼ਾਹ ਹੈ ਉਹਦੇ ਵੱਲ
    ਪਾਕ ਜੋ ਇਸਰਾਏਲ ਦਾ।

  • ---

    19. ਸੁਫ਼ਨੇ ਦੇ ਵਿੱਚ ਤੂੰ ਆਪਣੇ ਬੰਦੇ ਨੂੰ ਦੱਸਿਆ,
    ਇੱਕ ਜ਼ੋਰਾਵਰ ਦੀ ਮਦਦ ਕਰਨ ਨੂੰ, ਮੈਂ ਉੱਠਿਆ।

    20. ਦਾਊਦ ਨੂੰ ਤੇ ਕੌਮ ਦੇ ਵਿੱਚੋਂ ਮੈਂ ਚੁਣਿਆ ਸੀ,
    ਤੇ ਪਾਕ ਤੇਲ ਉਹਦੇ ਸਿਰ ਉੱਤੇ ਡੋਲ੍ਹਿਆ।

    21. ਹੱਥ ਮੇਰਾ ਉਹਦੇ ਨਾਲ, ਰਹੇਗਾ ਹਮੇਸ਼ਾ ਤੀਕ,
    ਤੇ ਬਾਜੂ ਮੇਰਾ ਉਸਨੂੰ ਮਜ਼ਬੂਤੀ ਬਖ਼ਸ਼ੇਗਾ।

    22. ਦੁਸ਼ਮਣ ਤੇ ਉਹਦਾ ਕੁਝ ਵੀ ਨਾ ਕਰ ਸਕੇਗਾ, ਜ਼ਿਆਨ,
    ਬੁਰਿਆਈ ਦਾ ਨਾ ਪੁੱਤ ਕੁਝ ਉਸਨੂੰ ਸਤਾਵੇਗਾ।

    23. ਸਭ ਵੈਰੀਆਂ ਨੂੰ ਪੀਹਵਾਂਗਾ, ਮੈਂ ਉਹਦੇ ਸਾਹਮਣੇ,
    ਤੇ ਉਹਦੇ ਦੁਸ਼ਮਣਾਂ ਨੂੰ ਕਰ ਸੁੱਟਾਂਗਾ ਫ਼ਨਾਹ।

    24. ਸੱਚਿਆਈ ਤੇ ਵਫ਼ਾ ਨੂੰ ਮੈਂ ਰੱਖਾਂਗਾ ਉਹਦੇ ਨਾਲ,
    ਸਿੰਗ ਉਹਦਾ ਮੇਰੇ ਨਾਂ ਤੋਂ ਹੁਣ ਉੱਚਾ ਹੋਵੇਗਾ।

    25. ਮੈਂ ਕਰਾਂਗਾ ਸਮੁੰਦਰਾਂ ਨੂੰ ਉਹਦੇ ਇਖ਼ਤਿਆਰ,
    ਤੇ ਨਹਿਰਾਂ ਉੱਤੇ ਉਹਦਾ ਹੱਥ ਉੱਚਾ ਹੋਵੇਗਾ।

    26. ਮੈਨੂੰ ਪੁਕਾਰਾਂਗਾ ਕਿ ਹੈਂ ਬਸ ਤੂੰਏਂ ਮੇਰਾ ਬਾਪ,
    ਤੂੰ ਏਂ ਮੇਰੀ ਚਟਾਨ, ਖਲਾਸੀ ਦੀ ਹੈ ਸਦਾ।

    27. ਮੈਂ ਆਪਣਾ ਪੁੱਤ ਪਲੇਠੀ ਦਾ ਉਸਨੂੰ ਬਣਾਵਾਂਗਾ,
    ਦੁਨੀਆ ਦੇ ਬਾਦਸ਼ਾਹਾਂ ਤੋਂ ਉਸਨੂੰ ਵਧਾਵਾਂਗਾ।

    28. ਰਹਿਮ ਆਪਣਾ ਉਹਦੇ ਨਾਲ ਰੱਖਾਂਗਾ ਹਮੇਸ਼ਾ ਤੀਕ,
    ਹਾਂ, ਅਹਿਦ ਉਹਦੇ ਨਾਲ ਮੇਰਾ ਪੱਕਾ ਹੋਵੇਗਾ।

  • ---

    29. ਹਮੇਸ਼ਾ ਤੀਕਰ ਉਹਦੀ ਨਸਲ ਮੈਂ ਕਾਇਮ ਰੱਖਾਂਗਾ,
    ਜਦ ਤੀਕਰ ਕਾਇਮ ਹੈ ਅਸਮਾਨ ਤਖ਼ਤ ਉਹਦਾ ਰਹੇਗਾ।

    30. ਜੇ ਉਹਦੇ ਪੁੱਤਰ ਮੇਰੀ ਇਹ ਸ਼ਰੀਅਤ ਛੱਡਣਗੇ,
    ਜਾਂ ਜੇ ਉਹ ਮੇਰੇ ਹੁਕਮਾਂ ਤੋਂ, ਮੂੰਹ ਆਪਣਾ ਮੋੜਣਗੇ।

    31. ਜਾਂ ਜੇ ਉਹ ਮੇਰੇ ਸਾਰੇ ਹੱਕ ਨਾ ਕਰਨਗੇ ਅਦਾ,
    ਜਾਂ ਮੇਰੇ ਸਾਰੇ ਹੁਕਮਾਂ ਦੀ ਨਾ ਰੱਖਣਗੇ ਪ੍ਰਵਾਹ।

    32. ਤਦ ਛੜੀ ਨਾਲ ਗ਼ੁਨਾਹਾਂ ਦੀ ਮੈਂ ਦੇਵਾਂਗਾ ਸਜ਼ਾ,
    ਬੁਰਿਆਈ ਕੀਤੀ ਉਹਨਾਂ ਨੇ ਸੋ ਕੋੜੇ ਮਾਰਾਂਗਾ।

    33. ਪਰ ਆਪਣੀ ਰਹਿਮਤ ਉਹਦੇ ਤੋਂ ਨਾ ਮੈਂ ਹਟਾਵਾਂਗਾ,
    ਆਪਣੀ ਸੱਚਿਆਈ ਨੂੰ ਕਦੀ ਨਾ ਮੈਂ ਝੁਠਲਾਵਾਂਗਾ।

    34. ਨਾ ਹਰਗਿਜ਼–ਹਰਗਿਜ਼ ਟਾਲਾਂਗਾ, ਜੋ ਮੈਂ ਫਰਮਾਇਆ ਹੈ,
    ਨਾ ਬਦਲਾਂਗਾ ਮੈਂ ਕਦੀ ਵੀ ਜੋ ਆਖ ਸੁਣਾਇਆ ਹੈ।

    35. ਇੱਕ ਕਸਮ ਮੈਂ ਤੇ ਖਾਧੀ ਹੈ, ਪਾਕੀਜ਼ਗੀ ਆਪਣੀ ਦੀ,
    ਕਿ ਮੈਂ ਤੇ ਝੂਠ ਨਾ ਬੋਲਾਂਗਾ ਦਾਊਦ ਨਾਲ ਕਦੀ ਵੀ।

    36. ਕਿ ਨਸਲ ਉਹਦੀ ਰਹੇਗੀ, ਹਾਂ ਬਰਕਰਾਰ ਸਦਾ,
    ਤੇ ਮੇਰੇ ਸਾਹਮਣੇ ਉਹਦਾ ਤਖ਼ਤ, ਜਿਉਂ ਸੂਰਜ ਚਮਕੇਗਾ।

    37. ਉਹ ਚੰਨ ਦੇ ਵਾਂਗਰ ਰਹੇਗਾ, ਹਮੇਸ਼ਾ ਪਾਏਦਾਰ,
    ਅਸਮਾਨ ਦੇ ਉੱਤੇ ਠੀਕ ਗਵਾਹ ਹੈ ਜਿਹਾ ਬਰਕਰਾਰ।

  • ---

    38. ਤੂੰ ਰੱਦ ਕੀਤਾ ਤੇ ਛੱਡ ਦਿੱਤਾ,
    ਜਾਤਾ ਹੈ ਤੂੰ ਖੱਜਲ ਖਵਾਰ,
    ਆਪਣੇ ਹੀ ਮਮਸੂਹ ਤੋਂ ਰੱਬਾ,
    ਤੂੰ ਹੁਣ ਹੋਇਆ ਹੈਂ ਬੇਜ਼ਾਰ।

    39. ਆਪਣੇ ਕੌਲ ਨੂੰ ਤੂੰ ਰੱਦ ਕੀਤਾ,
    ਬੰਨ੍ਹਿਆ ਸੀ ਜੋ ਬੰਦੇ ਨਾਲ,
    ਉਹਦਾ ਤਾਜ ਜ਼ਮੀਨ ’ਤੇ ਸੁੱਟਿਆ,
    ਉਹਨੂੰ ਕੀਤਾ ਤੂੰ ਪਾਮਾਲ।

    40. ਉਹਦੇ ਸਭ ਇਹਾਤਿਆਂ ਨੂੰ
    ਤੋੜਿਆ ਤੂੰ ਏਂ ਐ ਖ਼ੁਦਾ,
    ਉਹਦੇ ਸਾਰੇ ਗੜ੍ਹ ਮਜ਼ਬੂਤ ਵੀ,
    ਤੂੰ ਏਂ ਕੀਤੇ ਹਨ ਫ਼ਨਾਹ।

    41. ਸਭ ਰਾਹਗੀਰ ਮੁਸਾਫ਼ਿਰ ਉਹਨੂੰ
    ਲੁੱਟ–ਪੁੱਟ ਕੇ ਲੈ ਜਾਂਦੇ ਹਨ,
    ਉਹਦੇ ’ਤੇ ਹਮਸਾਏ ਉਸਦੇ
    ਤਾਹਨੇ ਖੂਬ ਚਲਾਂਦੇ ਹਨ।

    42. ਉਹਦੇ ਦੁਸ਼ਮਣ ਉਹਦੇ ਉੱਤੇ,
    ਸੱਜਾ ਹੱਥ ਵਧਾਉਂਦੇ ਹਨ,
    ਉਹਦੇ ਵੈਰੀ ਉਹਨੂੰ ਵੇਖ ਕੇ,
    ਖ਼ੁਸ਼ੀਆਂ ਖੂਬ ਮਨਾਉਂਦੇ ਹਨ।

    43. ਤੂੰ ਏ ਆਪੇਂ ਮੋੜ ਹੈ ਦਿੱਤੀ
    ਉਹਦੀ ਤੇਜ਼ ਤਲਵਾਰ ਦੀ ਧਾਰ,
    ਤੂੰ ਏਂ ਰਹਿਣ ਨਾ ਦਿੱਤਾ
    ਉਸਨੂੰ ਵਿੱਚ ਲੜਾਈ ਬਰਕਰਾਰ।

    44. ਉਹਦੀ ਸ਼ਾਨ ਨੂੰ, ਐ ਖ਼ੁਦਾਵੰਦ,
    ਤੂੰ ਏ ਆਪ ਘਟਾਇਆ ਸੀ,
    ਉਹਦੇ ਕੋਲੋਂ ਉਹਦੇ ਤਖ਼ਤ ਨੂੰ,
    ਤੂੰ ਏ ਆਪ ਗਵਾਇਆ ਸੀ।

    45. ਉਹਦੇ ਦਿਨ ਜਵਾਨੀ ਦੇ ਤੂੰ,
    ਯਾ ਰੱਬ ਆਪ ਘਟਾਏ ਹਨ,
    ਤੂੰ ਸ਼ਰਮਿੰਦਗੀ ਦੇ ਕੱਪੜੇ,
    ਉਹਨੂੰ ਪਹਿਨਾਏ ਹਨ।

  • ---

    46. ਖ਼ੁਦਾਵੰਦਾ ਕਦ ਤੀਕ ਤੂੰ ਆਪਣਾ ਚਿਹਰਾ,
    ਸਦਾ ਤੀਕ ਮੈਥੋਂ ਲੁਕਾਈ ਰੱਖੇਂਗਾ?

    47. ਰਹੇਂਗਾ, ਖ਼ੁਦਾਵੰਦਾ, ਕਦ ਤੀਕ ਗੁੱਸੇ,
    ਤੂੰ ਕਹਿਰ ਆਪਣੇ ਦੀ ਅੱਗ ਮਚਾਈ ਰੱਖੇਂਗਾ?

    48. ਤੂੰ ਕਰ ਯਾਦ ਦਿਨ ਉਮਰ ਮੇਰੀ ਦੇ ਸਾਰੇ,
    ਕਿ ਹਨ ਕਿਸ ਕਦਰ ਥੋੜ੍ਹੇ ਜਿਹੇ ਖ਼ੁਦਾਇਆ।

    49. ਤੂੰ ਕਿਉਂ ਆਦਮਜਾਤ ਸਭੋ ਬਣਾਏ,
    ਤੂੰ ਬੇਫ਼ਾਇਦਾ ਉਹਨਾਂ ਨੂੰ ਪੈਦਾ ਕੀਤਾ?

    50. ਉਹ ਇਨਸਾਨ ਕਿਹੜਾ ਹੈ ਜੋ ਜ਼ਿੰਦਾ ਰਹੇ,
    ਕੀ ਉਹ ਮੌਤ ਦੇ ਸੁਆਦ ਨੂੰ ਨਾ ਚੱਖੇਗਾ?

    51. ਉਹ ਕਿਹੜਾ ਹੈ ਜੋ ਮੌਤ ਦੇ ਜ਼ੋਰ ਹੱਥੋਂ,
    ਹਾਂ ਜਿੰਦੜੀ ਨੂੰ ਆਪਣੀ ਬਚਾਈ ਰੱਖੇਗਾ?

    52. ਉਹ ਕਿੱਥੇ ਗਈ ਸਭ ਤੇਰੀ ਮਿਹਰਬਾਨੀ,
    ਤੇ ਉਹ ਅਗਲੀਆਂ ਰਹਿਮਤਾਂ ਵੀ ਖ਼ੁਦਾਇਆ?

    53. ਕਿ ਤੂੰ ਬੱਧਾ ਸੀ ਅਹਿਦ ਦਾਊਦ ਦੇ ਨਾਲ,
    ਖ਼ੁਦਾਇਆ ਕਸਮ ਖਾ ਕੇ ਆਪਣੀ ਵਫ਼ਾ ਦਾ।

    54. ਤੂੰ ਕਰ ਯਾਦ ਕੌਮ ਆਪਣੀ ਦੀ ਸਭ ਖਵਾਰੀ,
    ਮਲਾਮਤ ਮੇਰੀ ਗੋਦੀ ਵਿੱਚ ਹੈ ਖ਼ੁਦਾਇਆ।

    55. ਮਸੀਹ ਤੇਰੇ ਦੇ ਪੈਰਾਂ ਨਕਸ਼ਿਆਂ ਨੂੰ,
    ਤੇਰੇ ਦੁਸ਼ਮਣਾਂ ਨੇ ਹੈ ਨਾਚੀਜ਼ ਜਾਤਾ।

    56. ਮੁਬਾਰਿਕ, ਮੁਬਾਰਿਕ ਸਦਾ ਤੀਕ ਹੈਂ ਤੂੰ
    ਹਾਂ, ਆਮੀਨ–ਆਮੀਨ, ਮੇਰੇ ਖ਼ੁਦਾਇਆ।

  • ---

    1. ਤੂੰ ਪੁਸ਼ਤ ਦਰ ਪੁਸ਼ਤ, ਖ਼ੁਦਾਇਆ, ਰਿਹਾ ਪਨਾਹ ਅਸਾਡੀ,
    ਪਹਾੜ ਅਸਮਾਨ ਤੇ ਧਰਤੀ ਕੁੱਲ ਉਹਨਾਂ ਦੀ ਆਬਾਦੀ।

    2. ਜਦ ਆਪਣੀ ਕੁਦਰਤ ਨਾਲ ਤੂੰ ਇਹ ਸਭੋ ਕੁਝ ਬਣਾਇਆ,
    ਤੂੰ ਉਹਨਾਂ ਤੋਂ ਸੈਂ ਪਹਿਲਾਂ ਤੇ ਸਦਾ ਤੀਕ, ਖ਼ੁਦਾਇਆ।

    3. ਇਨਸਾਨ ਨੂੰ ਖ਼ਾਕ ਦੇ ਅੰਦਰ ਤੂੰ ਫੇਰਦਾ, ਰੱਬ ਹਮਾਰੇ,
    ਤੇ ਕਹਿੰਦਾ ਹੈਂ ਕਿ ਫਿਰੋ, ਐ ਬਨੀ–ਆਦਮ ਸਾਰੇ।

    4. ਹਜ਼ਾਰ ਦਿਨ ਤੇਰੇ ਅੱਗੇ ਹੁਣ ਐਸੇ ਹਨ, ਖ਼ੁਦਾਇਆ,
    ਜਿਉਂ ਕੱਲ ਦਾ ਦਿਨ ਹੈ ਲੰਘਦਾ ਤੇ ਰਾਤ ਦੇ ਪਹਿਰ ਦਾ ਸਾਇਆ।

    5. ਹੜ੍ਹ ਵਾਂਗ ਉਹਨਾਂ ਨੂੰ ਰੋੜ੍ਹਦਾ, ਉਹ ਹੈ ਇੱਕ ਨੀਂਦਰ ਜਿਹੇ,
    ਉਸ ਘਾਹ ਦੇ ਵਾਂਗਰ ਹੁੰਦੇ ਜੋ ਫਜਰੇ ਨੂੰ ਉੱਗ ਪਈ।

    6. ਉਹ ਫਜਰੇ ਤਾਜ਼ਾ ਹੁੰਦੀ ਤੇ ਡਾਢੀ ਲਹਿਲਹਾਂਦੀ,
    ਪਰ ਸ਼ਾਮ ਨੂੰ ਵੱਢ੍ਹੀ ਜਾ ਕੇ ਉਹ ਬਿਲਕੁਲ ਹੈ ਸੁੱਕ ਜਾਂਦੀ।

    7. ਅਸੀਂ ਹੁਣ ਕਹਿਰ ਨਾਲ ਤੇਰੇ ਭਸਮ ਹੋਏ ਹਾਂ, ਖ਼ੁਦਾਇਆ,
    ਹਾਂ, ਤੇਰੇ ਕਹਿਰ ਦੇ ਸਬੱਬ ਨਾ ਕੁਝ ਆਰਾਮ ਹੈ ਪਾਇਆ।

  • ---

    ਸਾਡੀ ਬਦਕਾਰੀ ਰੱਖੀ ਹੈ ਸਾਰੀ, ਆਪਣੇ ਤੂੰ ਅੱਗੇ, ਖ਼ੁਦਾ।

    8. ਤੇਰਾ ਹੀ ਚਿਹਰਾ ਰੌਸ਼ਨ ਹੈ ਜਿਹੜਾ,
    ਜਾਣਦਾ ਸਭ ਛੁਪੇ ਗ਼ੁਨਾਹ,
    ਦਿਨ ਅਸਾਂ ਸਾਰੇ, ਗ਼ਮ ਦੇ ਗੁਜ਼ਾਰੇ,
    ਕਹਿਰ ਵਿੱਚ ਤੇਰੇ ਸਦਾ।

    9. ਸਾਡੀ ਉਮਰ ਵੀ, ਗਈ ਹੈ ਗੁਜ਼ਰ ਵੀ
    ਜਿਵੇਂ ਇੱਕ ਗੁਜ਼ਰੇ ਖਿਆਲ,
    ਸੱਤਰ ਵਰ੍ਹੇ ਤੀਕ, ਅੱਸੀ ਵਰ੍ਹੇ ਤੀਕ,
    ਆਖਰ ਨੂੰ ਫਿਰ ਵੀ ਫ਼ਨਾਹ।

    10. ਹੈ ਸਾਰੀ ਤਾਕਤ, ਮਿਹਨਤ,
    ਮੁਸ਼ੱਕਤ ਜਾਂਦੀ ਹੈ ਰਹਿੰਦੀ ਸ਼ਿਤਾਬ,
    ਜਾਣਦਾ ਹੈ ਕਿਹੜਾ, ਅਤਿ ਗੁੱਸਾ ਤੇਰਾ,
    ਤੇਰੇ ਗ਼ਜ਼ਬ ਨੂੰ ਖ਼ੁਦਾ?

  • ---

    11. ਦਿਨ ਸਾਡੀ ਉਮਰ ਦੇ ਸਭ ਤੂੰ ਗਿਣਨਾ ਹੁਣ ਸਿਖਲਾਈਂ,
    ਤੇ ਦਿਲ ਦਨਾਈਵਾਲਾ ਤੂੰ ਬਖ਼ਸ਼ੀਂ ਸਾਨੂੰ ਸਾਈਂ।

    12. ਯਾ ਰੱਬ, ਤੂੰ ਮੁੜ ਆ ਛੇਤੀ, ਕਦ ਤੀਕਰ ਗੁੱਸੇ ਰਹਿਸੀ?
    ਤੂੰ ਆਪਣੇ ਬੰਦਿਆਂ ਨੂੰ ਰਹਿਮ ਆਪਣਾ ਹੁਣ ਵਿਖਾਈਂ।

    13. ਕੱਟ ਜਾਵੇ ਵਿੱਚ ਖ਼ੁਸ਼ੀ ਦੇ ਹੁਣ ਬਾਕੀ ਉਮਰ ਸਾਡੀ,
    ਨਾਲ ਆਪਣੀ ਰਹਿਮਤਾਂ ਦੇ ਸਵੇਰੇ ਤੂੰ ਰਜਾਈਂ।

    14. ਤੂੰ ਜਿਤਨੇ ਦਿਨ ਹੈ ਰੱਖਿਆ ਦੁੱਖਾਂ ਵਿੱਚ ਅਸਾਨੂੰ,
    ਸੋ ਉਤਨੇ ਸਾਲ, ਯਾ ਰੱਬ, ਹੁਣ ਖ਼ੁਸ਼ੀ ਤੂੰ ਵਿਖਾਈਂ।

    15. ਕੰਮ ਆਪਣੇ ਜ਼ਾਹਿਰ ਕਰੀਂ ਤੂੰ ਆਪਣੇ ਲੋਕਾਂ ਉੱਤੇ,
    ਇੱਜ਼ਤ, ਬਜ਼ੁਰਗੀ ਦੱਸੀਂ ਉਹਨਾਂ ਦੇ ਬੱਚਿਆਂ ਤਾਈਂ।

    16. ਖ਼ੁਦਾਵੰਦ ਪਾਕ ਖ਼ੁਦਾ ਦੀ ਹੈ ਜਿਹੜਾ ਰੱਬ ਅਸਾਡਾ,
    ਅਸਾਡੇ ਉੱਤੇ ਬਰਕਤ ਹੋਵੇ ਹਮੇਸ਼ਾ ਤਾਈਂ।

    17. ਜੋ ਕੰਮ ਅਸਾਡੇ ਹੱਥ ਦਾ, ਯਾ ਰੱਬ ਤੂੰ ਕਾਇਮ ਕਰੀਂ,
    ਹਾਂ, ਕੰਮ ਅਸਾਡੇ ਹੱਥ ਦਾ ਤੂੰ ਕਾਇਮ ਕਰ ਵਿਖਾਈਂ।

  • ---

    1. ਖ਼ੁਦਾ ਦੇ ਪਰ ਦੇ ਹੇਠਾਂ
    ਜੋ ਕੋਈ ਇਨਸਾਨ ਰਹਿੰਦਾ ਹੈ,
    ਖ਼ੁਦਾ ਦੇ ਖੰਭ ਦੀ ਛਾਂ ਹੇਠਾਂ
    ਤੇ ਉਹ ਆਰਾਮ ਪਾਉਂਦਾ ਹੈ।

    2. ਪਨਾਹ ਮੇਰੀ ਖ਼ੁਦਾਵੰਦ ਹੈ
    ਮੈਂ ਇਹੋ ਸਭ ਨੂੰ ਆਖਾਂਗਾ,
    ਕਿਲ੍ਹਾ ਮੇਰਾ ਖ਼ੁਦਾਵੰਦ ਹੈ
    ਮੈਂ ਆਸਰਾ ਉਸ ’ਤੇ ਰੱਖਾਂਗਾ।

    3. ਸ਼ਿਕਾਰੀ ਦੀਆਂ ਫਾਹੀਆਂ ਤੋਂ
    ਖ਼ੁਦਾ ਤੈਨੂੰ ਛੁਡਾਵੇਗਾ,
    ਵਬਾਓ ਤੇ ਮਰੀ ਭਾਰੀ ਤੋਂ
    ਉਹ ਤਦ ਤੈਨੂੰ ਬਚਾਵੇਗਾ।

    4. ਤੇ ਆਪਣੇ ਖੰਭ ਦੇ ਹੇਠਾਂ ਲੁਕਾਵੇਗਾ ਖ਼ੁਦਾ ਤੈਨੂੰ,
    ਉਹ ਆਪਣੇ ਪਰ ਦੀ ਛਾਂ ਹੇਠਾਂ
    ਸੋ ਦੇਵੇਗਾ ਪਨਾਹ ਤੈਨੂੰ।

    5. ਤੇਰੇ ਹਥਿਆਰ ਹੋਵਣਗੇ
    ਖ਼ੁਦਾਵੰਦ ਦੀ ਵਫ਼ਾਦਾਰੀ,
    ਡਰਾਵੇਗਾ ਨਾ ਦਿਨ ਦਾ ਤੀਰ
    ਨਾ ਤੈਨੂੰ ਰਾਤ ਅੰਧਿਆਰੀ।

    6. ਨਾ ਕੁਝ ਨੁਕਸਾਨ ਦੇਵੇਗੀ
    ਹਨੇਰੇ ਦੀ ਵਬਾਅ ਤੈਨੂੰ,
    ਤਪਾਲੀ ਜਿਹੜੀ ਚਟ ਕਰਦੀ ਹੈ
    ਮੁਲਕਾਂ ਨੂੰ ਦੁਪਹਿਰਾਂ ਨੂੰ।

    7. ਤਪਾਲੀ ਤੇਰੇ ਸੱਜੇ ਹੱਥ
    ਹਜ਼ਾਰਾਂ ਨੂੰ ਲੈ ਜਾਵੇਗੀ,
    ਕਦੀ ਵੀ ਕੋਲ ਤੇਰੇ ਇਹ
    ਤਪਾਲੀ ਫੇਰ ਨਾ ਆਵੇਗੀ।

    8. ਤੂੰ ਆਪਣੀ ਅੱਖੀਆਂ ਤੋਂ ਹਾਲ,
    ਵੇਖੇਂਗਾ ਸ਼ਰੀਰਾਂ ਦਾ,
    ਖ਼ੁਦਾਵੰਦ ਬਦਲਾ ਦੇਂਦਾ ਹੈ
    ਆਪ ਉਹਨਾਂ ਦੀ ਸ਼ਰਾਰਤ ਦਾ।

  • ---

    ਯਾ ਰੱਬ, ਤੂੰ ਮੇਰੀ ਪਨਾਹ ਹੈ, ਸੋ ਤੂੰ, ਹੈ ਮੇਰੀ ਜਾਨ,
    ਖ਼ੁਦਾਵੰਦ ਦੇ ਵਿੱਚ ਰਹਿੰਦੀ ਹੈ, ਉਹ ਤੇਰਾ ਹੈ ਮਕਾਨ।

    9. ਸੋ ਤੇਰੇ ਉੱਤੇ ਕਦੀ ਵੀ ਨਾ ਆਫ਼ਤ ਆਵੇਗੀ,
    ਤਪਾਲੀ ਤੇਰੇ ਡੇਰੇ ਵਿੱਚ ਨਾ ਕਦੀ ਜਾਵੇਗੀ।

    10. ਰੱਬ ਤੇਰੇ ਵਾਸਤੇ ਕਰੇਗਾ ਫਰਿਸ਼ਤਿਆਂ ਨੂੰ ਫ਼ਰਮਾਨ,
    ਕਿ ਉਹ ਸਭ ਤੇਰੀਆਂ ਰਾਹਾਂ ਵਿੱਚ ਹੋਣ ਤੇਰੇ ਨਿਗ਼ਾਹਬਾਨ।

    11. ਸੋ ਤੈਨੂੰ ਆਪਣਿਆਂ ਹੱਥਾਂ ’ਤੇ ਉਹ ਆਪ ਉਠਾਵਣਗੇ।
    ਤਦ ਪੱਥਰਾਂ ਦੇ ਨਾਲ ਤੇਰੇ ਪੈਰ ਨਾ ਠੇਡੇ ਖਾਵਣਗੇ।

    12. ਤੂੰ ਸ਼ੇਰ ਤੇ ਸੱਪ ਲਤਾੜੇਂਗਾ, ਸ਼ੇਰ ਬੱਚੇ, ਅਜਗਰ ਵੀ,
    ਤੂੰ ਪੈਰਾਂ ਹੇਠਾਂ ਫਿਹਵੇਂਗਾ ਫਿਰ ਖੋਪੜੀ ਉਹਨਾਂ ਦੀ।

  • ---

    13. ਮੈਂ ਆਪਣੇ ਨਾਂ ਦੇ ਆਸ਼ਿਕ ਨੂੰ ਆਪੀਂ ਬਚਾਵਾਂਗਾ,
    ਉਹ ਮੇਰਾ ਨਾਂ ਪਛਾਣਦਾ ਹੈ, ਉਸ ਨੂੰ ਵਧਾਵਾਂਗਾ।

    14. ਪੁਕਾਰੇਗਾ ਉਹ ਮੈਨੂੰ ਜਦ, ਝੱਟ ਦਿਆਂਗਾ ਜਵਾਬ,
    ਤੇ ਉਹਦੇ ਨਾਲ ਰਹਾਂਗਾ, ਜਦ ਹੋਵੇ ਵਿੱਚ ਅਜ਼ਾਬ।

    15. ਖਲਾਸੀ, ਇੱਜ਼ਤ ਬਖ਼ਸ਼ਾਂਗਾ, ਉਮਰ ਵਧਾਵਾਂਗਾ,
    ਨਜਾਤ ਫਿਰ ਉਸ ਨੂੰ ਆਪਣੀ ਵੀ, ਮੈਂ ਆਪ ਵਿਖਾਵਾਂਗਾ।

  • ---

    ਤੇਰੀਆਂ ਸਿਫ਼ਤਾਂ ਦੇ ਗਾਉਣੇ ਗੀਤ,
    ਕਰਨਾ ਸ਼ੁਕਰ-ਏ-ਖ਼ੁਦਾ,
    ਮੇਰੇ ਰੱਬਾ ਇਹ ਹੈ ਚੰਗੀ ਰੀਤ,
    ਕਰਨਾ ਸ਼ੁਕਰ-ਏ-ਖ਼ੁਦਾ।

    1. ਵੱਡੇ ਤੇ ਵੇਲੇ ਸ਼ਫ਼ਕਤ ਤੇਰੀ,
    ਰਾਤ ਦੇ ਵੇਲੇ ਰਹਿਮਤ ਤੇਰੀ,
    ਕਰੀਏ ਯਾਦ ਸਦਾ।

    2. ਦਸ ਤਾਰਾ ਇੱਕ ਸਾਜ਼ ਬਣਾ ਕੇ,
    ਬੀਨ ਬਰਬਤ ਖ਼ੁਸ਼ਰੰਗ ਵਜਾ ਕੇ,
    ਕਰੀਏ ਯਾਦ ਸਦਾ।

    3. ਆਪਣੇ ਕੰਮਾਂ ਤੋਂ, ਯਾ ਰੱਬਾ,
    ਮੈਨੂੰ ਤੂੰ ਖ਼ੁਸ਼ਹਾਲ ਹੈ ਕੀਤਾ,
    ਕਰੀਏ ਯਾਦ ਸਦਾ।

    4. ਤੇਰੇ ਹੱਥ ਦੀਆਂ ਕਾਰੀਗਰੀਆਂ,
    ਵੇਖ ਖ਼ੁਸ਼ੀ ਦੇ ਸਾਜ਼ ਵਜਾਵਾਂ,
    ਕਰੀਏ ਯਾਦ ਸਦਾ।

  • ---

    ਤੇਰੀਆਂ ਸਿਫ਼ਤਾਂ ਦੇ ਗਾਉਣੇ ਗੀਤ,
    ਕਰਨਾ ਸ਼ੁਕਰ–ਏ–ਖ਼ੁਦਾ,
    ਮੇਰੇ ਰੱਬਾ, ਇਹ ਹੈ ਚੰਗੀ ਰੀਤ,
    ਕਰਨਾ ਸ਼ੁਕਰ–ਏ–ਖ਼ੁਦਾ।

    5. ਯਾ ਰੱਬ, ਤੇਰੇ ਕੰਮ ਵਡੇਰੇ,
    ਡੂੰਘੇ ਹਨ ਮਨਸੂਬੇ ਤੇਰੇ,
    ਕਰੀਏ ਯਾਦ ਸਦਾ।

    6. ਅਹਿਮਕ ਉਸਨੂੰ ਕਦੀ ਨਾ ਜਾਣੇ,
    ਜਾਹਿਲ ਉਹਨੂੰ ਨਾ ਪਛਾਣੇ,
    ਕਰੀਏ ਯਾਦ ਸਦਾ।

    7. ਜਦ ਸ਼ਰੀਰ ਘਾਹ ਵਾਂਗਰ ਉੱਗਦੇ,
    ਤੇ ਬਦਕਾਰ ਖ਼ੁਸ਼ੀ ਵਿੱਚ ਝੂਲਦੇ,
    ਕਰੀਏ ਯਾਦ ਸਦਾ।

    8. ਇਸ ਲਈ ਇਹ ਹੈ, ਖ਼ੁਦਾਇਆ,
    ਤਾਂ ਉਹ ਹੋਣ ਫ਼ਨਾਹ ਹਮੇਸ਼ਾ,
    ਕਰੀਏ ਯਾਦ ਸਦਾ।

    9. ਪਰ ਤੂੰ, ਮੇਰੇ ਪਾਕ ਖ਼ੁਦਾਇਆ,
    ਹੈ ਹਮੇਸ਼ਾ ਤੀਕਰ ਉੱਚਾ,
    ਕਰੀਏ ਯਾਦ ਸਦਾ।

    10. ਕਿਉਂਕਿ ਤੇਰੇ ਦੁਸ਼ਮਣ, ਰੱਬਾ,
    ਹੋਵਣਗੇ ਸਭ ਨਾਸ਼ ਹਮੇਸ਼ਾ,
    ਕਰੀਏ ਯਾਦ ਸਦਾ।

    11. ਸਭ ਬਦਕਾਰੀ ਕਰਨੇ ਵਾਲੇ,
    ਖਿੱਲਰ–ਪੁੱਲਰ ਜਾਵਣ ਸਾਰੇ,
    ਕਰੀਏ ਯਾਦ ਸਦਾ।

    12. ਗੈਂਡੇ ਦੇ ਜਿਉਂ ਸਿੰਗ ਉਚੇਰੇ,
    ਤੂੰ ਬਣਾਵੇਗਾ ਸਿੰਗ ਮੇਰੇ,
    ਕਰੀਏ ਯਾਦ ਸਦਾ।

    13. ਲੈ ਕੇ ਸੱਜਰਾ ਤੇਲ ਚੰਗੇਰਾ,
    ਚੋਪੜੇਂਗਾ ਤੂੰ ਆਪ ਸਿਰ ਮੇਰਾ,
    ਕਰੀਏ ਯਾਦ ਸਦਾ।

    14. ਮੇਰਾ ਜੋ ਹੈ ਦੂਤੀ ਵੈਰੀ,
    ਉਹਨਾਂ ਦੀ ਹਾਲਤ ਵੇਖਾਂ ਭੈੜੀ,
    ਕਰੀਏ ਯਾਦ ਸਦਾ।

  • ---

    15. ਖੁਰਮੇ ਦੇ ਦਰਖ਼ਤ ਦੇ ਵਾਂਗਰ,
    ਸਾਦਿਕ ਲਹਿਲਿਹਾਵੇਗਾ,
    ਜਿਉਂ ਲੁਬਨਾਨ ਦਾ ਸਰੂ ਵੱਧਦਾ,
    ਉਹ ਵੀ ਵੱਧਦਾ ਜਾਵੇਗਾ।

    16. ਉਹ ਸਭ ਜੋ ਲਗਾਏ ਗਏ,
    ਘਰ ਦੇ ਵਿੱਚ ਖ਼ੁਦਾਵੰਦ ਦੇ,
    ਉਹ ਦਰਗਾਹਾਂ ਵਿੱਚ ਖ਼ੁਦਾ ਦੀ
    ਫੁੱਲਦੇ ਫਲ਼ਦੇ ਰਹਿਣਗੇ।

    17. ਬੁੱਢੇ ਵੇਲੇ ਵੀ ਸਭ ਸਾਦਿਕ
    ਮੇਵਾ ਦਿੰਦੇ ਰਹਿਣਗੇ,
    ਹਰੇ ਭਰੇ ਤੇ ਵੱਧਦੇ ਫਲ਼ਦੇ,
    ਤਰੋ–ਤਾਜ਼ਾ ਹੋਵਣਗੇ।

    18. ਰਾਸਤ ਤੇ ਸੱਚਾ ਹੈ ਖ਼ੁਦਾਵੰਦ ਤਾਂ
    ਉਹ ਕਰਨਗੇ ਇਹ ਬਿਆਨ,
    ਉਹਦੇ ਵਿੱਚ ਨਾ ਕੁਝ ਵੀ ਝੂਠ ਹੈ
    ਉਹੋ ਮੇਰੀ ਹੈ ਚਟਾਨ।

  • ---

    1. ਬਾਦਸ਼ਾਹੀ ਕਰਦਾ ਹੈ ਖ਼ੁਦਾ,
    ਲਿਬਾਸ ਹੈ ਉਹਦਾ ਸ਼ੌਕਤ ਦਾ,
    ਖ਼ੁਦਾਵੰਦ ਨੇ, ਹਾਂ, ਪਹਿਨਿਆ ਹੈ,
    ਲੱਕ ਆਪਣਾ ਜ਼ੋਰ ਨਾਲ ਕੱਸਿਆ ਹੈ।

    2. ਇਸ ਲਈ ਕਾਇਮ ਹੈ ਜਹਾਨ,
    ਨਾ ਹੁੰਦਾ ਜੁੰਮਬਿਸ਼ ਨਾਲ ਨੁਕਸਾਨ,
    ਤਖ਼ਤ ਤੇਰਾ ਮੁੱਢੋਂ ਕਾਇਮ ਹੈ,
    ਤੂੰ ਮੁੱਢੋਂ ਹੈਂ ਤੇ ਦਾਇਮ ਹੈਂ।

    3. ਹੁਣ ਨਹਿਰਾਂ ਨੇ ਖ਼ੁਦਾਵੰਦਾ,
    ਉਠਾਈ ਆਪਣੀ ਹੈ ਸਦਾ,
    ਜ਼ੋਰ ਸ਼ੋਰ ਨਾਲ ਆਪਣੀ ਲਹਿਰਾਂ ਦੇ,
    ਆਵਾਜ਼ ਉਠਾਈ ਨਹਿਰਾਂ ਨੇ।

    4. ਜੋ ਵੱਡੇ ਪਾਣੀ ਦੀ ਸਦਾ,
    ਜ਼ੋਰ ਸ਼ੋਰ ਵੀ ਸਭ ਸਮੁੰਦਰ ਦਾ,
    ਰੱਬ ਉਹਨਾਂ ਤੋਂ ਵੀ ਡਾਢਾ ਹੈ,
    ਉੱਚਿਆਈ ਉੱਤੇ ਬੈਠਾ ਹੈ।

    5. ਤੇਰੀ ਗਵਾਹੀਆਂ ਤਮਾਮ,
    ਸੱਚਮੁੱਚ ਯਕੀਨੀ ਹਨ ਮੁਦਾਮ,
    ਘਰ ਤੇਰੇ ਵਿੱਚ ਪਾਕੀਜ਼ਗੀ, ਹੈ,
    ਯਾ ਰੱਬ ਡਾਢੀ ਸੱਜਦੀ ਵੀ।

  • ---

    1. ਐ ਬਦਲਾ ਲੈਣ ਵਾਲੇ ਰੱਬ,
    ਐ ਬਦਲਾ ਲੈਣੇਹਾਰ,
    ਤੂੰ ਆਪਣੇ ਆਪ ਨੂੰ ਜ਼ਾਹਿਰ ਕਰ,
    ਹੋ ਸਦਾ ਮਦਦਗਾਰ।

    2. ਤੂੰ ਆਪਣੇ ਆਪ ਨੂੰ ਉੱਚਾ ਕਰ,
    ਐ ਮੁਨਸਿਫ਼ ਦੁਨੀਆ ਦੇ,
    ਹਰ ਇੱਕ ਮਗ਼ਰੂਰ, ਘੁਮੰਡੀ ਨੂੰ,
    ਤੂੰ ਛੇਤੀ ਬਦਲਾ ਦੇ।

    3. ਖ਼ੁਦਾਇਆ, ਕਦ ਤੀਕ ਸਭ ਸ਼ਰੀਰ,
    ਇਹ ਮਾਰਨਗੇ ਹੰਕਾਰ,
    ਵਜਾਵਣ ਸ਼ਾਦਿਯਾਨੇ ਵੀ,
    ਕਦ ਤੀਕਰ ਇਹ ਬਦਕਾਰ?

    4. ਕੰਮ ਭੈੜੇ ਕਰਦੇ ਰਹਿੰਦੇ ਹਨ,
    ਆਕੜਕੇ ਬੋਲਦੇ ਹਨ,
    ਬੁਰਿਆਈ ਕਰਨੇ ਵਾਲੇ ਸਭ,
    ਅਨਰਥ ਹੀ ਤੋਲਦੇ ਹਨ।

    5. ਖ਼ੁਦਾਇਆ, ਤੇਰੇ ਲੋਕਾਂ ਨੂੰ,
    ਪੀਹ ਸੁੱਟਦੇ ਹਨ ਬਦਕਾਰ,
    ਤੇ ਤੇਰੀ ਹੀ ਮਿਰਾਸ ਨੂੰ ਵੀ,
    ਉਹ ਦਿੰਦੇ ਹਨ ਆਜ਼ਾਰ।

    6. ਉਹ ਬੇਵਾ ਤੇ ਪਰਦੇਸੀ ਨੂੰ,
    ਜਾਨੋਂ ਮੁਕਾਂਦੇ ਹਨ,
    ਯਤੀਮ ਨੂੰ ਕਤਲ ਕਰਦੇ ਹਨ,
    ਕੁਝ ਤਰਸ ਨਾ ਖਾਂਦੇ ਹਨ।

    7. ਉਹ ਕਹਿੰਦੇ ਹਨ ਕਿ ਕਦੀ ਵੀ,
    ਨਾ ਵੇਖੇਗਾ ਖ਼ੁਦਾ,
    ਯਾਕੂਬ ਦਾ ਜੋ ਖ਼ੁਦਾਵੰਦ ਹੈ,
    ਨਾ ਕਦੀ ਸੁਣੇਗਾ।

    8. ਐ ਕੌਮ ਦੇ ਸਾਰੇ ਅਹਿਮਕੋ,
    ਹੁਣ ਹੋਵੇ ਸਮਝਦਾਰ,
    ਕਦ ਤੀਕਰ ਤੁਸੀਂ ਜਾਹਿਲੋ,
    ਨਾ ਹੋਗੇ ਖ਼ਬਰਦਾਰ?

    9. ਉਹ ਜਿਸਨੇ ਕੰਨ ਬਣਾਇਆ ਹੈ,
    ਕੀ ਉਹ ਨਾ ਸੁਣੇਗਾ?
    ਤੇ ਜਿਸਨੇ ਅੱਖ ਬਣਾਈ ਹੈ,
    ਕੀ ਉਹ ਨਾ ਵੇਖੇਗਾ?

    10. ਜੋ ਕਰਦਾ ਕੌਮਾਂ ਨੂੰ ਤਮਬੀਹ,
    ਸਜ਼ਾ ਨਾ ਦੇਵੇਗਾ?
    ਜੋ ਦਾਨਿਸ਼ ਦਿੰਦਾ ਆਦਮੀ ਨੂੰ,
    ਕੀ ਆਪਣਾ ਨਾ ਸਮਝੇਗਾ?

    11. ਰੱਬ ਉਹਨਾਂ ਸਭ ਖਿਆਲਾਂ ਨੂੰ,
    ਜੋ ਸੋਚਦੇ ਹਨ ਇਨਸਾਨ,
    ਖੂਬ ਜਾਣਦਾ ਤੇ ਪਛਾਣਦਾ ਹੈ,
    ਕੀ ਸਭੇ ਹਨ ਬੁਤਲਾਨ?

  • ---

    12. ਉਹ ਧੰਨ ਹੈ ਤੇਰੇ ਹੱਥੋਂ ਜੋ ਪਾਂਦਾ ਹੈ ਸਜ਼ਾ,
    ਸਿਖਾਉਂਦਾ ਆਪਣੀ ਸ਼ਰ੍ਹਾ ਤੂੰ ਜਿਸ ਨੂੰ, ਐ ਖ਼ੁਦਾ।

    13. ਤੂੰ ਉਹਨੂੰ ਉਹਦੇ ਦੁੱਖ ਵਿੱਚ ਆਰਾਮ ਨਾਲ ਰੱਖੇਂਗਾ,
    ਜਦ ਤੀਕਰ ਟੋਆ ਬੁਰਿਆਂ ਦਾ ਨਾ ਪੁੱਟਿਆ ਜਾਵੇਗਾ।

    14. ਖ਼ੁਦਾਵੰਦ ਆਪਣੇ ਬੰਦਿਆਂ ਨੂੰ ਨਾ ਛੱਡਦਾ ਕਦੀ ਵੀ,
    ਤੇ ਜੋ ਕੁਝ ਉਹਦੀ ਹੈ ਮਿਰਾਸ ਨਾ ਭੁੱਲਦਾ ਕਦੀ ਵੀ।

    15. ਕਿ ਵੇਖ ਅਦਾਲਤ ਆਵੇਗੀ ਹੁਣ ਕੋਲ ਸੱਚਿਆਈ ਦੇ,
    ਤੇ ਉਹ ਦੇ ਪਿੱਛੇ-ਪਿੱਛੇ ਹੀ ਸਾਫ਼-ਦਿਲ ਲੋਕ ਚੱਲਣਗੇ।

  • ---

    16. ਉਹ ਕਿਹੜਾ ਹੈ ਜੋ ਮੇਰੇ ਲਈ ਲੱਕ ਨੂੰ ਬੰਨ੍ਹੇਗਾ,
    ਬਦਕਾਰਾਂ ਦੇ ਖਿਲਾਫ ਲੜਾਈ ਨੂੰ ਉੱਠੇਗਾ?

    17. ਜਾ ਰਹਿੰਦੀ ਮੇਰੀ ਜਾਨ ਚਿਰਾਂ ਦੀ ਖਾਮੋਸ਼ੀ ਵਿੱਚ,
    ਜੇ ਮੇਰੀ ਮਦਦ ਉੱਤੇ ਨਾ ਹੁੰਦਾ ਮੇਰਾ ਖ਼ੁਦਾ।

    18. ਜਦ ਬੋਲਿਆ ਕਿ, ਹਾਏ ਮੈਂ ਡਿੱਗਾ! ਮੈਂ ਡਿੱਗ ਪਿਆ!
    ਰਹਿਮਤ ਤੇਰੀ ਨੇ ਮੈਨੂੰ, ਖ਼ੁਦਾਇਆ, ਸੰਭਾਲਿਆ।

    19. ਭਰ ਜਾਂਦਾ ਮੇਰਾ ਦਿਲ ਜਦੋਂ ਫਿਕਰਾਂ ਤੇ ਸੋਚਾਂ ਨਾਲ,
    ਤੇਰੀਆਂ ਤਸੱਲੀਆਂ ਮੈਨੂੰ ਖ਼ੁਸ਼ ਕਰਦੀਆਂ ਸਦਾ।

    20. ਬੁਰਿਆਈ ਦੇ ਹੈ ਤਖ਼ਤ ਦਾ ਕੀ ਤੇਰੇ ਨਾਲ ਮੇਲ?
    ਕਾਨੂੰਨ ਉਹ ਬਣਾਉਂਦਾ ਹੈ ਨੁਕਸਾਨਾਂ ਦੇ ਸਦਾ।

    21. ਸਾਦਿਕ ਦੀ ਜਾਨ ਲੈਣ ਨੂੰ ਕਰਦੇ ਨੇ ਉਹ ਇਕੱਠ,
    ਉਹ ਦੇਂਦੇ ਬੇਗ਼ੁਨਾਹ ਉੱਤੇ ਵੀ ਫ਼ਤਵਾ ਕਤਲ ਦਾ।

    22. ਪਰ ਮੇਰਾ ਬੁਰਜ ਰੱਬ ਹੈ, ਪਨਾਹ ਮੇਰੀ ਦੀ ਚਟਾਨ,
    ਬਦਕਾਰੀ ਉਹਨਾਂ ਦੇ ਉੱਤੇ ਉਹ ਆਪੇ ਉਲਟੇਗਾ।

    23. ਬੁਰਿਆਈ ਆਪਣੀ ਨਾਲ ਉਹ ਸਭ ਨਾਸ਼ ਹੋਵਣਗੇ,
    ਹਾਂ, ਰੱਬ ਅਸਾਡਾ ਉਹਨਾਂ ਨੂੰ ਕਰੇਗਾ ਫ਼ਨਾਹ।

  • ---

    1. ਆਓ ਰੱਬ ਦੀ ਵਡਿਆਈ ਗਾਈਏ ਦਿਲ ਦੇ ਜ਼ੋਰ ਦੇ ਨਾਲ,
    ਜਿਹੜਾ ਸਾਡਾ ਮੁਕਤੀਦਾਤਾ ਉਸ ਨੂੰ ਪੂਜੀਏ ਆਸਾਂ ਨਾਲ,
    ਉਹੋ ਚਟਾਨ ਹੈ, ਜਿਸ ਤੋਂ ਸਾਡੀ ਮੁਕਤੀ ਹੈ।

    2. ਕਰਾਂਗਾ ਵਡਿਆਈ ਉਹਦੀ ਜਾ ਕੇ ਉਸੇ ਦੇ ਹਜ਼ੂਰ,
    ਨਾਲੇ ਖ਼ੁਸ਼ੀ ਅਸੀਂ ਕਰੀਏ ਗਾਉਂਦੇ ਹੋਏ ਪਾਕ ਜ਼ਬੂਰ,
    ਸ਼ੁਕਰ ਉਹਦਾ ਹੈ, ਜਿਸ ਤੋਂ ਸਾਡੀ ਮੁਕਤੀ ਹੈ।

    3. ਕਿਉਂ ਜੋ ਉਹ ਅਸਾਡਾ ਰੱਬ ਹੈ ਜਿਹੜਾ ਵੱਡਾ ਹੈ ਬਾਦਸ਼ਾਹ,
    ਸਾਰੇ ਦੇਵਤਿਆਂ ਤੋਂ ਅਗੇਤਰਾ ਉਹ ਇਕੱਲਾ ਹੈ ਖ਼ੁਦਾ,
    ਉਹੋ ਮਾਲਿਕ ਹੈ, ਜਿਸ ਤੋਂ ਸਾਡੀ ਮੁਕਤੀ ਹੈ।

    4. ਸਭ ਡੂੰਘਿਆਈਆਂ ਜ਼ਮੀਨ ਦੀਆਂ ਹਨ, ਉਸੇ ਦੇ ਅਖਤਿਆਰ,
    ਰੱਬ ਦੇ ਕਬਜ਼ੇ ਵਿੱਚ ਹਨ ਸਾਰੇ ਨਿੱਕੇ ਵੱਡੇ ਕੁੱਲ ਪਹਾੜ,
    ਸਭ ਕੁਝ ਉਹਦਾ ਹੈ, ਜਿਸ ਤੋਂ ਸਾਡੀ ਮੁਕਤੀ ਹੈ।

    5. ਉਹਦੀ ਪੂਜਾ ਅਸੀਂ ਕਰੀਏ ਦਿਲ ਹੀ ਆਪਣੇ ਨਾਲ ਸਦਾ,
    ਉਹਦੇ ਅੱਗੇ ਮੱਥਾ ਟੇਕੀਏ ਜਿਹੜਾ ਸਾਡਾ ਹੈ ਖ਼ੁਦਾ,
    ਖ਼ਾਲਿਕ ਉਹੋ ਹੈ, ਜਿਸ ਤੋਂ ਸਾਡੀ ਮੁਕਤੀ ਹੈ।

    6. ਕਿਉਂ ਜੋ ਉਹ ਅਸਾਡਾ ਰੱਬ ਹੈ ਅਸੀਂ ਉਹਦੇ ਬੰਦੇ ਹਾਂ,
    ਅਸੀਂ ਉਹਦੀ ਜੂਹ ਦੇ ਲੋਕ ਹਾਂ ਉਹਦੇ ਹੱਥ ਦੀਆਂ ਭੇਡਾਂ ਹਾਂ,
    ਉਸ ਦੀ ਸੁਣੀਏ, ਜਿਸ ਤੋਂ ਸਾਡੀ ਮੁਕਤੀ ਹੈ।

  • ---

    8. ਜੇ ਅੱਜ ਦੇ ਦਿਨ ਸਭ ਸੁਣਦੇ ਹੋ ਆਵਾਜ਼ ਖ਼ੁਦਾਵੰਦ ਦੀ,
    ਨਾ ਪੱਥਰ ਵਾਂਗਰ ਆਪਣਾ ਦਿਲ ਬਣਾਓ ਤੁਸੀਂ ਵੀ।

    9. ਜਿਉਂ ਕੀਤਾ ਸੀ ਮਰੀਬਾਹ ਵਿੱਚ ਜੰਗਲ ਦੇ ਦਰਮਿਆਨ,
    ਕਿ ਜਿਸ ਦਿਨ ਦੇ ਵਿੱਚ ਕੀਤਾ ਸੀ, ਹਾਂ ਮੇਰਾ ਇਮਤਿਹਾਨ।

    10. ਤੁਹਾਡੇ ਅਗਲਿਆਂ ਨੇ ਜਦ, ਮੈਨੂੰ ਅਜ਼ਮਾਇਆ ਸੀ,
    ਹਾਂ, ਕੀਤਾ ਮੇਰਾ ਇਮਤਿਹਾਨ ਮੈਨੂੰ ਅਜ਼ਮਾਇਆ ਸੀ।

    11. ਹਾਂ, ਚਾਲ੍ਹੀ ਵਰ੍ਹੇ ਰਿਹਾ ਸਾਂ ਮੈਂ ਉਹਨਾਂ ਨਾਲ ਬੇਜ਼ਾਰ,
    ਤੇ ਬੋਲਿਆ ਮੈਂ ਕਿ ਇਹ ਤੇ ਹੈ ਇੱਕ ਉੱਮਤ ਖ਼ਤਾਕਾਰ।

    12. ਹਰ ਵੇਲੇ ਹੁੰਦੇ ਰਹਿੰਦੇ ਹਨ ਦਿਲ ਜਿਨ੍ਹਾਂ ਦੇ ਗੁਮਰਾਹ,
    ਨਾ ਰੱਖਦੇ ਮੇਰੀ ਰਾਹਾਂ ਦੀ ਕੁਝ ਜ਼ਰਾ ਵੀ ਪਰਵਾਹ।

    13. ਕਿ ਜਿਨ੍ਹਾਂ ਲਈ ਮੈਂ ਖਾਧੀ ਸਹੁੰ, ਵਿੱਚ ਆਪਣੇ ਗੁੱਸੇ ਦੇ,
    ਕਿ ਮੇਰੇ ਚੈਨ ਵਿੱਚ ਕਦੀ ਵੀ ਨਾ ਦਾਖ਼ਲ ਹੋਵਣਗੇ।

  • ---

    1. ਆਓ ਇੱਕ ਨਵਾਂ ਗੀਤ ਰੱਬ ਲਈ ਗਾਓ,
    ਸਭ ਜੋ ਜ਼ਮੀਨ ਦੇ ਹੋ, ਗਾਵਣ ਲਈ ਆਓ।

    2. ਕਰੋ ਸਭ ਬਜ਼ੁਰਗੀ ਖ਼ੁਦਾਵੰਦ ਦੇ ਨਾਂ ਦੀ,
    ਰੋਜ਼-ਰੋਜ਼ ਮੁਕਤੀ ਉਸ ਦੀ ਸੁਣਾਓ।

    3. ਉਹਦੇ ਵੱਡੇ ਕੰਮ ਤੁਸੀਂ ਲੋਕਾਂ ਨੂੰ ਦੱਸੋ,
    ਕੌਮਾਂ ਅੱਗੇ ਬਜ਼ੁਰਗੀ ਬਤਾਓ।

    4. ਕਿਉਂ ਜੋ ਰੱਬ ਹੈ ਸਭ ਦੇਵਤਿਆਂ ਨਾਲੋਂ ਵੱਡਾ,
    ਤੁਸੀਂ ਲਾਇਕ ਤੌਰ ਨਾਲ ਉਹਨੂੰ ਵਡਿਆਓ।

    5. ਲੋਕਾਂ ਦੇ ਬੁੱਤ ਸਾਰੇ ਝੂਠੇ ਤੇ ਨਾਚੀਜ਼ ਹਨ,
    ਅਸਮਾਨ ਦੇ ਖ਼ੁਦਾ ਨੂੰ ਖ਼ਾਲਿਕ ਬਣਾਓ।

    6. ਉਹਦੇ ਹਜ਼ੂਰ ਵਿੱਚ ਹੈ ਇੱਜ਼ਤ ਤੇ ਦੌਲਤ,
    ਪਾਕ ਘਰ ਵਿੱਚ ਉਹਦੇ ਨੇਕੀ ਨਾਲ ਆਓ।

  • ---

    7. ਸਾਰਿਓ ਲੋਕੋ ਤੁਸੀਂ ਰੱਬ ਨੂੰ ਹੀ ਜਾਣੋ,
    ਉਹਦੀ ਬਜ਼ੁਰਗੀ ਤੇ ਕੁੱਵਤ ਨੂੰ ਮਾਣੋ।

    8. ਜੈਸਾ ਰੱਬ ਦਾ ਨਾਂ ਹੈ ਤੈਸੀ ਇੱਜ਼ਤ ਉਹਦੀ ਜਾਣੋ,
    ਸਦਾ ਚੜ੍ਹਾਵੇ ਇਮਾਨ ਦੇ ਗੁਜ਼ਰਾਨੋਂ।

    9. ਮੱਥਾ ਟੇਕੋ ਉਹਨੂੰ ਕਰਕੇ ਦਿਲ ਦੀ ਤਿਆਰੀ,
    ਥਰ-ਥਰ ਕੰਬੇ ਰੱਬ ਦੇ ਅੱਗੇ ਧਰਤੀ ਇਹ ਸਾਰੀ।

    10. ਹੋਵੇਗਾ ਰੱਬ ਆਪੇ ਸੱਚਾ ਨਿਆਈਂ,
    ਕੌਮਾਂ ’ਤੇ ਜ਼ਾਹਿਰ ਕਰੇਗਾ ਸੱਚਿਆਈ ।

    11. ਅਕਾਸ਼ ਧਰਤੀ ਖ਼ੁਸ਼ ਹੋ ਕੇ ਵਾਜੇ ਵਜਾਏ,
    ਭਰਪੂਰੀ ਸਮੁੰਦਰ ਦੀ ਸ਼ੋਰ ਹੁਣ ਮਚਾਏ ।

    12. ਖ਼ੁਦਾਵੰਦ ਦੇ ਅੱਗੇ ਮੈਦਾਨ ਬਾਗ਼ ਹੋ ਜਾਵਣ,
    ਤੇ ਜੰਗਲ ਦੇ ਸਾਰੇ ਦਰਖ਼ਤ ਲਹਿਲਹਾਵਣ।

    13. ਉਹ ਆਉਂਦਾ ਤਾਂ ਦੁਨੀਆ ਦਾ ਹੋਵੇ ਨਿਆਈਂ,
    ਅਦਾਲਤ ਦੇ ਵਿੱਚ ਉਹ ਵਿਖਾਵੇ ਸੱਚਿਆਈ।

  • ---

    1. ਬਾਦਸ਼ਾਹੀ ਕਰਦਾ ਹੈ ਖ਼ੁਦਾ, ਜ਼ਮੀਨ ਸਭ ਹੋ ਨਿਹਾਲ,
    ਤੇ ਟਾਪੂ ਵੱਡੇ ਛੋਟੇ ਸਭ ਖ਼ੁਸ਼ ਹੋਵਣ ਖ਼ੁਸ਼ੀਆਂ ਨਾਲ।

    2. ਹਨ ਉਹਦੇ ਆਸ-ਪਾਸ ਬੱਦਲੀਆਂ ਤੇ ਕਾਲੀ ਘਟਾ ਵੀ,
    ਸੱਚਿਆਈ ਤੇ ਅਦਾਲਤ ਹੈ ਨੀਂਹ ਉਹਦੇ ਤਖ਼ਤ ਦੀ ਵੀ।

    3. ਤੇ ਉਹਦੇ ਅੱਗੇ-ਅੱਗੇ ਵੀ ਇੱਕ ਅੱਗ ਤੇ ਜਾਂਦੀ ਹੈ,
    ਹਰ ਵੇਲੇ ਦੁਸ਼ਮਣਾਂ ਨੂੰ ਉਹ ਜਲਾਂਦੀ ਜਾਂਦੀ ਹੈ।

    4. ਤੇ ਉਹਦੀਆਂ ਬਿਜਲੀਆਂ ਦੇ ਨਾਲ ਹੈ ਰੌਸ਼ਨ ਕੁੱਲ ਜਹਾਨ,
    ਜਦ ਧਰਤੀ ਨੇ ਇਹ ਡਿੱਠਾ ਹਾਲ ਤਦ ਥਰ-ਥਰ ਕੰਬੀ ਆਣ।

    5. ਹਾਂ, ਰੱਬ ਦੇ ਸਾਹਮਣੇ ਜੋ ਕਿ ਹੈ, ਇਸ ਦੁਨੀਆ ਦਾ ਕਰਤਾਰ,
    ਮੋਮ ਵਾਂਗਰ ਪੱਘਰ ਗਏ ਸਭ ਇਸ ਧਰਤੀ ਦੇ ਪਹਾੜ ।

    6. ਅਸਮਾਨ ਮੁਨਾਦੀ ਕਰਦੇ ਹਨ ਉਹਦੀ ਸੱਚਿਆਈ ਦੀ,
    ਤੇ ਉਹਦਾ ਵੇਖਦੀਆਂ ਜਲਾਲ ਇਹ ਸਾਰੀਆਂ ਕੌਮਾਂ ਵੀ ।

  • ---

    ਢੀਠ ਸਭ ਹੋਵਣ ਬੁੱਤਾਂ ਦੇ ਪੁਜਾਰੀ,
    ਜਿਨ੍ਹਾਂ ਭਰੋਸਾ ਬੁੱਤ ਹੀ ਦਾ।

    7. ਸਾਰੇ ਦੇਵੀ ਦੇਵਤੇ ਰੱਬ ਹੀ ਦੇ ਅੱਗੇ,
    ਦੇਣ ਆਪਣਾ ਸਿਰ ਝੁਕਾ।

    8. ਤੇਰੀ ਅਦਾਲਤਾਂ ਨਾਲ ਖ਼ੁਦਾਇਆ,
    ਸਿਓਨ ’ਤੇ ਖ਼ੁਸ਼ ਦਿਲ ਹੈ ਸਦਾ।

    9. ਬੇਟੀਆਂ ਸਭੋ ਯਹੂਦਾ ਦੀਆਂ,
    ਗੀਤ ਮਿਲਕੇ ਗਾਵਣ ਖ਼ੁਸ਼ੀ ਦਾ।

    10. ਸਾਰੀ ਧਰਤੀ ਉੱਤੇ ਉੱਚਾ ਹੈਂ ਤੂੰ ਹੀ,
    ਵੱਡਾ ਹੈਂ ਸਭ ਤੂੰ ਦੇਵਤਿਆਂ ਦਾ।

    11. ਵੈਰ ਬਦੀ ਨਾਲ ਰੱਖਣ ਉਹ ਸਭੋ,
    ਚਿਹਰਾ ਜੋ ਢੂੰਡਾਂ ਰੱਬ ਹੀ ਦਾ।

    12. ਆਪਣੇ ਹੀ ਲੋਕਾਂ ਦੀ ਜਾਨ ਦਾ ਆਪੇ,
    ਰੱਬ ਹੀ ਤੇ ਹੈ ਰਖਵਾਲਾ ਸਦਾ।

    13. ਬੁਰਿਆਂ ਦੇ ਪੰਜੇ ਤੋਂ ਆਪੇ ਖ਼ੁਦਾਵੰਦ,
    ਆਪਣੇ ਹੀ ਲੋਕਾਂ ਨੂੰ ਲੈਂਦਾ ਛੁਡਾ।

    14. ਸਾਦਿਕਾਂ ਦੇ ਵਾਸਤੇ ਨੂਰ ਬੋਇਆ ਗਿਆ,
    ਸਿੱਧਿਆਂ ਦੇ ਲਈ ਖ਼ੁਸ਼ੀ ਸਦਾ।

    15. ਖ਼ੁਸ਼ੀ ਨਾਲ ਸਾਦਿਕੋ, ਰੱਬ ਦਾ ਸ਼ੁਕਰ ਕਰੋ,
    ਯਾਦ ਕਰੋ ਤੁਸੀਂ ਪਾਕ ਹੈ ਖ਼ੁਦਾ।

  • ---

    ਗੀਤ ਨਵਾਂ ਗਾਓ, ਗਾਓ ਇੱਕ ਨਵਾਂ ਗੀਤ,
    ਗਾਓ ਇੱਕ ਨਵਾਂ ਗੀਤ,
    ਗੀਤ ਨਵਾਂ ਗਾਓ, ਗੀਤ ਇੱਕ ਨਵਾਂ ਗਾਓ,
    ਰੱਬ ਦਾ, ਰੱਬ ਦਾ ਗਾਓ ਨਵਾਂ ਗੀਤ।

    1. ਗੀਤ ਇੱਕ ਨਵਾਂ ਗਾਓ ਰੱਬ ਦਾ,
    ਉਹਦੇ ਹਨ ਅਜਾਇਬ ਕੰਮ,
    ਗੀਤ ਇੱਕ ਨਵਾਂ ਗਾਓ,
    ਉਹਦੇ ਸੱਜੇ ਹੱਥ ਨੇ ਉਸਨੂੰ
    ਫਤਹਿ ਬਖ਼ਸ਼ੀ ਹੈ ਤਮਾਮ।

    2. ਪਾਕ ਖ਼ੁਦਾ ਨੇ ਰਹਿਮਤ ਕਰਕੇ,
    ਆਪ ਨਜਾਤ ਵਿਖਾਈ ਹੈ,
    ਗੀਤ ਇੱਕ ਨਵਾਂ ਗਾਓ,
    ਕੌਮਾਂ ਉੱਤੇ ਜ਼ਾਹਿਰ ਕੀਤੀ,
    ਜੋ ਉਹਦੀ ਸੱਚਿਆਈ ਹੈ।

    3. ਇਸਰਾਏਲ ਲਈ ਯਾਦ ਫਰਮਾਈ
    ਰਹਿਮਤ ਤੇ ਅਮਾਨਤ ਵੀ,
    ਧਰਤੀ ਦੇ ਸਭ ਕੰਢਿਆਂ ਵੇਖੀ
    ਮੁਕਤੀ ਸਾਡੇ ਰੱਬ ਹੀ ਦੀ।

    4. ਐ ਸਭ ਧਰਤੀ ਰੱਬ ਦੇ ਵਾਸਤੇ,
    ਨਾਅਰਾ ਮਾਰ ਤੂੰ ਖ਼ੁਸ਼ੀ ਦਾ,
    ਖ਼ੁਸ਼ੀਆਂ ਦੇ ਨਾਲ ਉੱਚੀ ਦਿੱਤੀ,
    ਆਪਣੇ ਰੱਬ ਦੀ ਉਸਤਤ ਗਾ।

    5. ਗਾਓ ਸਭ ਵਜਾ ਕੇ ਬਰਬਤ
    ਹਮਦ ਖ਼ੁਦਾ ਦੀ ਖ਼ੁਸ਼ੀਆਂ ਨਾਲ,
    ਗਾਓ ਹਮਦ ਵਜਾ ਕੇ ਬਰਬਤ,
    ਠੀਕ ਸਭ ਹੋਵੇ ਸੁਰ ਤੇ ਤਾਲ।

    6. ਤੁਰ੍ਹੀਆਂ ਤੇ ਨਰਸਿੰਗੇ ਫੂਕੋ
    ਖ਼ੁਸ਼ੀਆਂ ਦੀ ਆਵਾਜ਼ ਸੁਣਾ,
    ਆਪਣੇ ਰੱਬ ਦੇ ਅੱਗੇ ਗਾਓ,
    ਜਿਹੜਾ ਸਾਡਾ ਹੈ ਖ਼ੁਦਾ।

    7. ਕੁੱਲ ਸਮੁੰਦਰ ਸ਼ੋਰ ਮਚਾਵੇ,
    ਉਹਦੀ ਸਭ ਭਰਪੂਰੀ ਵੀ,
    ਸਾਰਾ ਆਲਮ ਮਿਲ ਕੇ ਗਾਵੇ,
    ਕੁੱਲ ਅਬਾਦੀ ਦੁਨੀਆ ਦੀ।

    8. ਖ਼ੁਸ਼ ਪਹਾੜ ਹੋਣ ਰੱਬ ਦੇ ਅੱਗੇ,
    ਨਹਿਰਾਂ ਮਿਲਕੇ ਦੇਵਣ ਤਾਲ,
    ਧਰਤੀ ਦੀ ਅਦਾਲਤ ਕਰਨੇ,
    ਆਉਂਦਾ ਹੈ ਰੱਬ ਪੁਰ ਜਲਾਲ।

    9. ਦੁਨੀਆ ਦੀ ਅਦਾਲਤ ਆਪੇ
    ਰਾਸਤੀ ਨਾਲ, ਰੱਬ ਕਰੇਗਾ,
    ਕੌਮਾਂ ਦਾ ਇਨਸਾਫ਼ ਕਰੇਗਾ,
    ਨਾਲ ਸੱਚਿਆਈ ਦੇ ਖ਼ੁਦਾ।

  • ---

    1. ਖ਼ੁਦਾਵੰਦ ਦੇ ਵਾਸਤੇ ਇੱਕ ਨਵਾਂ ਗੀਤ ਗਾਓ,
    ਕਿ ਉਸਨੇ ਹਨ ਕੀਤੇ ਅਜਾਇਬ ਸਭ ਕੰਮ।

    2. ਹਾਂ ਉਹਦੇ ਹੱਥ ਸੱਜੇ, ਪਾਕ ਬਾਜੂ ਨੇ ਉਹਦੇ ,
    ਹੈ ਬਖ਼ਸ਼ੀ ਖੁਦ ਉਸੇ ਨੂੰ ਫਤਹਿ ਤਮਾਮ।

    3. ਖ਼ੁਦਾਵੰਦ ਨੇ ਆਪਣੀ ਨਜਾਤ ਹੈ ਵਿਖਾਈ,
    ਸੱਚਿਆਈ ਆਪਣੀ ਕੌਮਾਂ ਵਿੱਚ ਕੀਤੀ ਮਸ਼ਹੂਰ।

    4. ਯਾਕੂਬ ਦੇ ਘਰਾਣੇ ਦੀ ਬਾਬਤ ਫਰਮਾਈ,
    ਯਾਦ ਆਪਣੀ ਇਮਾਨਤ ਤੇ ਰਹਿਮਤ ਜ਼ਰੂਰ।

    5. ਜ਼ਮੀਨ ਦੀਆਂ ਹੱਦਾਂ ਨੇ ਵੇਖੀ ਅਜਾਇਬ,
    ਖ਼ੁਦਾਵੰਦ ਅਸਾਡੇ ਖ਼ੁਦਾ ਦੀ ਨਜਾਤ।

    6. ਲਲਕਾਰ ਹੁਣ ਖ਼ੁਦਾਵੰਦ ਦੇ ਵਾਸਤੇ ਜ਼ਮੀਨ ਸਭ,
    ਨਾਲ ਖ਼ੁਸ਼ੀ ਦੇ ਗਾ ਉਹਦੀ ਸਿਫ਼ਤਾਂ ਦਿਨ ਰਾਤ।

  • ---

    7. ਖ਼ੁਦਾਵੰਦ ਦੇ ਵਾਸਤੇ ਨਾਲ ਬਰਬਤ ਦੇ ਗਾਓ,
    ਹਾਂ, ਸੁਰ ਬੰਨ੍ਹਕੇ ਬਰਬਤ ਵਜਾਓ ਸਦਾ।

    8. ਖ਼ੁਦਾਵੰਦ ਬਾਦਸ਼ਾਹ ਦੀ ਹਜ਼ੂਰੀ ਵਿੱਚ ਆਓ,
    ਤੇ ਫੂਕੋ ਨਰਸਿੰਗਾ ਤੇ ਨਾਲੇ ਕਰਨਾ।

    9. ਸਮੁੰਦਰ ’ਤੇ ਉਹਦੀ ਭਰਪੂਰੀ ਸ਼ੋਰ ਕਰੇ,
    ਸਭ ਦੁਨੀਆ ’ਤੇ ਜੋ ਕੁਝ ਹੈ ਉਸ ਵਿੱਚ ਮੌਜੂਦ।

    10. ਸਭ ਨਹਿਰਾਂ ਤਾਲ ਦੇਵਣ, ਪਹਾੜ ਤੇ ਸਭ ਟਿੱਲੇ,
    ਹਨ ਆਪੋ ਵਿੱਚ ਮਿਲਕੇ ਸਭ ਹੋਵਣ ਖ਼ੁਸ਼ਨੂਦ।

    11. ਖ਼ੁਦਾਵੰਦ ਦੇ ਵਾਸਤੇ ਕਿ ਉਹ ਤੇ ਹੈ ਆਉਂਦਾ,
    ਤਾਂ ਕਰੇ ਜ਼ਮੀਨ ਦੀ ਅਦਾਲਤ ਤਮਾਮ।

    12. ਸੱਚਿਆਈ ਨਾਲ ਦੁਨੀਆ ਦਾ ਮੁਨਸਿਫ਼ ਉਹ ਹੋਇਆ,
    ਤੇ ਰਾਸਤੀ ਨਾਲ ਆਪਣੀ ਉਹ ਕੌਮ ਦਾ ਮੁਦਾਮ।

  • ---

    1. ਖ਼ੁਦਾਵੰਦ ਰਾਜ ਕਰਦਾ ਹੈ,
    ਕੁੱਲ ਲੋਕ ਮਨਾਵਣ ਡਰ,
    ਉਹ ਕੈਰੂਬੀਮ ’ਤੇ ਬੈਠਾ ਹੈ,
    ਕੰਬੇ ਜ਼ਮੀਨ ਥਰ-ਥਰ।

    2. ਸਿਓਨ ਵਿੱਚ ਹੈ ਬਜ਼ੁਰਗ ਖ਼ੁਦਾ,
    ਬੁਲੰਦ ਸਭ ਕੌਮਾਂ ’ਤੇ,
    ਉਹ ਪਾਕ ਨਾਂ ਵੱਡੇ ਤੇਰੇ ਦੀ,
    ਸਿਤਾਇਸ਼ ਕਰਨਗੇ।

    3. ਬਾਦਸ਼ਾਹ ਦਾ ਜ਼ੋਰ ਤੇ ਇਖ਼ਤਿਆਰ,
    ਹੈ ਦੋਸਤ ਅਦਾਲਤ ਦਾ,
    ਸੱਚਿਆਈ ਕਾਇਮ ਕੀਤੀ
    ਹੈ ਤੂੰ ਹੀ ਖ਼ੁਦਾਵੰਦਾ।

    4. ਯਾਕੂਬ ਵਿੱਚ ਪੂਰਾ ਕੀਤਾ
    ਤੂੰ ਸੱਚਿਆਈ ਤੇ ਨਿਆਂ,
    ਖ਼ੁਦਾਵੰਦ ਰੱਬ ਅਸਾਡੇ ਨੂੰ
    ਹੁਣ ਜਾਣੋ ਆਲੀਸ਼ਾਨ।

    5. ਤੇ ਉਹਦੇ ਪੈਰ ਦੀ ਚੌਂਕੀ ਕੋਲ,
    ਆ ਮੱਥਾ ਟੇਕੋ ਸਭ,
    ਕਿ ਓਹੋ ਪਾਕ ਖ਼ੁਦਾਵੰਦ ਹੈ
    ਇਕੱਲਾ ਸਾਡਾ ਰੱਬ।

  • ---

    6. ਖ਼ੁਦਾ ਦੇ ਕਾਹਿਨਾਂ ਦੇ ਨਾਲ, ਮੂਸਾ, ਹਾਰੂਨ, ਤਮਾਮ,
    ਤੇ ਸੈਮੂਏਲ ਵੀ ਉਹਨਾਂ ਨਾਲ ਜੋ ਲੈਂਦੇ ਉਹਦਾ ਨਾਮ।

    7. ਪੁਕਾਰਦੇ ਸਨ ਖ਼ੁਦਾ ਨੂੰ ਜਦ, ਉਹ ਸੁਣਦਾ ਉਹਨਾਂ ਦੀ,
    ਤੇ ਬੱਦਲੀ ਦੇ ਵਿੱਚ ਉਹਨਾਂ ਨਾਲ ਉਹ ਗੱਲਾਂ ਕਰਦਾ ਸੀ।

    8. ਸਭ ਸਾਖੀਆਂ ਤੇ ਹੁਕਮ ਵੀ ਜੋ ਰੱਬ ਨੇ ਦਿੱਤੇ ਸਨ ,
    ਯਾਦ ਰੱਖੇ ਉਹਨਾਂ ਦਿਲ ਦੇ ਨਾਲ, ਤੇ ਮੰਨੇ ਸਭ ਫਰਮਾਨ।

    9. ਅਸਾਡੇ ਰੱਬ ਖ਼ੁਦਾਵੰਦਾ ਤੂੰ ਸੁਣਦਾ ਉਹਨਾਂ ਦੀ ,
    ਤੂੰ ਬਖ਼ਸ਼ਣ ਵਾਲਾ ਉਹਨਾਂ ਦਾ ਤੇ ਪਨਾਹ ਉਹਨਾਂ ਦੀ।

    10. ਪਰ ਬਦਲਾ ਲੈਂਦਾ ਉਹਨਾਂ ਤੋਂ ਜਦ ਬਦੀ ਕਰਦੇ ਸਨ,
    ਅਸਾਡੇ ਰੱਬ ਖ਼ੁਦਾਵੰਦ ਦੀ ਸਭ ਜਾਨਣ ਵੱਡੀ ਸ਼ਾਨ।

    11. ਤੇ ਉਹਦੇ ਪਾਕ ਪਹਾੜ ਦੇ ਵੱਲ, ਸਭ ਸਿਰ ਝੁਕਾਓ,
    ਖ਼ੁਦਾਵੰਦ ਸਾਡਾ ਪਾਕ ਖ਼ੁਦਾ, ਉਹਨੂੰ ਸਰ੍ਹਾਓ।

  • ---

    1. ਐ ਸਭ ਜ਼ਮੀਨ ਦੇ ਲੋਕੋ, ਤਾਰੀਫ਼ ਕਰੋ ਰੱਬ ਦੀ,
    ਖ਼ੁਸ਼ੀ ਨਾਲ ਤੁਸੀਂ ਕਰੋ, ਖ਼ੁਦਾ ਦੀ ਬੰਦਗੀ।

    2. ਖ਼ੁਦਾਵੰਦ ਦੀ ਬਜ਼ੁਰਗੀ ਸਭ ਕਰੋ ਖ਼ੁਸ਼ੀ ਨਾਲ,
    ਹਜ਼ੂਰ ਵਿੱਚ ਉਹਦੇ ਹਾਜਰ ਹੋ ਗੀਤ ਗਾਉਂਦੇ ਹੋਏ ਵੀ।

    3. ਖ਼ੁਦਾਵੰਦ ਜਾਣੋ ਤੁਸੀਂ, ਜੋ ਉਹੋ ਹੈ ਖ਼ੁਦਾ,
    ਬਣਾਇਆ ਉਸ ਨੇ ਸਾਨੂੰ, ਹਾਂ, ਉਹਦੇ ਅਸੀਂ ਵੀ।

    4. ਅਸੀਂ ਉਹਦੀ ਜੂਹ ਦੀਆਂ ਭੇਡਾਂ ਤੇ ਉਹਦੇ ਲੋਕ,
    ਉਹਦੇ ਹਜ਼ੂਰ ਵਿੱਚ ਆਣ ਕੇ ਸ਼ੁਕਰ ਕਰੋ ਤੁਸੀਂ।

    5. ਹਾਂ ਤੁਸੀਂ ਸਾਰੇ ਆਖੋ, ਮੁਬਾਰਿਕ ਉਹਦਾ ਨਾਂ,
    ਖ਼ੁਦਾ ਦੇ ਘਰ ਵਿੱਚ ਆਓ ਤੇ ਕਰੋ ਬੰਦਗੀ।

    6. ਕਿਉਂ ਜੋ ਖ਼ੁਦਾ ਭਲਾ ਹੈ, ਮਿਹਰ ਉਸ ਦੀ ਹੈ ਸਦਾ,
    ਤੇ ਉਹਦੀ ਵਫ਼ਾਦਾਰੀ ਸਦਾ ਤੀਕਰ ਰਹਿੰਦੀ ਵੀ।

  • ---

    1. ਗੀਤ ਤੇਰੇ ਨਿਆਂ ਦੇ ਮੈਂ ਗਾਵਾਂ, ਰੱਬਾ,
    ਸਨਾ ਰਹਿਮ ਤੇਰੇ ਦੀ ਮੈਂ ਸੁਣਾਵਾਂ, ਰੱਬਾ।

    2. ਮੈਂ ਤੇ ਕਾਮਿਲ ਰਾਹ ਵਿੱਚ ਚੱਲਾਂਗਾ,
    ਮੈਂ ਤੇ ਰਾਹ ਦਾਨਿਸ਼ ਦਾ ਮੱਲਾਂਗਾ,
    ਮੇਰੇ ਕੋਲ ਤੂੰ ਕਦ ਤੀਕ ਆਵੇਂ, ਰੱਬਾ।

    3. ਮੈਂ ਤੇ ਕਾਮਿਲ ਦਿਲ ਨਾਲ ਆਪਣੇ ਘਰ,
    ਪਿਆ ਟਹਿਲਾਂਗਾ ਬੇ–ਖ਼ੌਫ-ਓ–ਖ਼ਤਰ ,
    ਕਦੀ ਨੇੜੇ ਬਦੀ ਦੇ ਨਾ ਜਾਵਾਂ ਰੱਬਾ।

    4. ਦਿਲ ਮੇਰਾ ਨਾ ਉਸ ਨਾਲ ਰਲਦਾ ਹੈ,
    ਜਿਹੜਾ ਚਾਲ ਸਿੱਧੀ ਨਹੀਂ ਚੱਲਦਾ ਹੈ,
    ਉਹਨਾਂ ਨਾਲ ਨਾ ਯਾਰੀ ਪਾਵਾਂ, ਰੱਬਾ।

    5. ਮੈਥੋਂ ਦੂਰ ਰਹੇ ਜੋ ਹੈ ਖੋਟ ਦਿਲਾ,
    ਨਾ ਮੈਂ ਮੇਲ ਬੁਰੇ ਨਾਲ ਰੱਖਾਂਗਾ,
    ਕਦੀ ਨਾਲ ਉਹਨਾਂ ਦੇ ਨਾ ਜਾਵਾਂ, ਰੱਬਾ।

  • ---

    ਗੀਤ ਤੇਰੇ ਨਿਆਂ ਦੇ ਮੈਂ ਗਾਵਾਂ, ਰੱਬਾ,
    ਸਨਾ ਰਹਿਮ ਤੇਰੇ ਦੀ ਮੈਂ ਸੁਣਾਵਾਂ, ਰੱਬਾ।

    6. ਜਿਹੜਾ ਲੁੱਕ ਕੇ ਹਾਲ ਸੁਣਾਉਂਦਾ ਹੈ,
    ਹਮਸਾਏ ਤੇ ਐਬ ਜੋ ਲਾਉਂਦਾ ਹੈ,
    ਮੈਂ ਤੇ ਐਸੇ ਨੂੰ ਮਾਰ ਮੁਕਾਵਾਂ, ਰੱਬਾ।

    7. ਜਿਹੜਾ ਆਕੜ ਦੇ ਵਿੱਚ ਆਇਆ ਹੈ,
    ਜਿਹਦੇ ਵਿੱਚ ਘੁਮੰਡ ਸਮਾਇਆ ਹੈ,
    ਮੈਂ ਤੇ ਉਹਦੀ ਕਦੀ ਨਾ ਸਹਾਰਾਂ, ਰੱਬਾ।

    8. ਮੇਰੀ ਨਜ਼ਰ ਉਹਨਾਂ ਉੱਤੇ ਦਾਇਮ ਹੈ,
    ਜਿਹੜਾ ਵਿੱਚ ਇਮਾਨ ਦੇ ਕਾਇਮ ਹੈ,
    ਮੈਂ ਤੇ ਐਸੇ ਨੂੰ ਸਾਥੀ ਬਣਾਵਾਂ, ਰੱਬਾ।

    9. ਜਿਹੜਾ ਚਾਲ ਸਿੱਧੀ ਪਿਆ ਤੁਰਦਾ ਹੈ,
    ਸਿੱਧੇ ਰਾਹ ਤੋਂ ਕਦੀ ਨਾ ਮੁੜਦਾ ਹੈ,
    ਐਸੇ ਕੋਲੋਂ ਮੈਂ ਟਹਿਲ ਕਰਾਵਾਂ, ਰੱਬਾ।

    10. ਜਿਹੜਾ ਦਗ਼ਾ ਤੇ ਝੂਠ ਕਮਾਂਦਾ ਹੈ,
    ਮੇਰੇ ਘਰ ਵਿੱਚ ਰਹਿਣ ਨਾ ਪਾਉਂਦਾ ਹੈ,
    ਆਪਣੇ ਸਾਹਮਣੇ ਮੈਂ ਨਾ ਠਹਿਰਾਵਾਂ, ਰੱਬਾ।

    11. ਮੈਂ ਨਾਸ਼ ਕਰਾਂ ਬਦਕਾਰਾਂ ਦਾ,
    ਵੱਡੇ ਵੇਲੇ ਉਹਨਾਂ ਨੂੰ ਮਾਰਾਂਗਾ,
    ਤੇਰੇ ਸ਼ਹਿਰੋਂ ਬਦੀ ਨੂੰ ਮਿਟਾਵਾਂ, ਰੱਬਾ।

  • ---

    ਵਿੱਚ ਤੇਰੇ ਹਜ਼ੂਰ ਮੇਰੀ ਦੁਆ ਹੁਣ ਪਹੁੰਚੇ ।

    1. ਮੂੰਹ ਮੈਥੋਂ ਨਾ ਛੁਪਾਈਂ,
    ਤੰਗੀ ਵਿੱਚ ਕੰਨ ਲਗਾਈਂ,
    ਦੇਈਂ ਉੱਤਰ ਜ਼ਰੂਰ, ਮੇਰੀ ਦੁਆ ਹੁਣ ਪਹੁੰਚੇ।

    2. ਧੂੰ ਵਾਂਗ ਉਮਰ ਗਈ ਮੇਰੀ,
    ਹੱਡੀਆਂ ਬਾਲ਼ਣ ਦੀ ਢੇਰੀ,
    ਜਿਵੇਂ ਬਲ਼ਦਾ ਤੰਦੂਰ, ਮੇਰੀ ਦੁਆ ਹੁਣ ਪਹੁੰਚੇ।

    3. ਦਿਲ ਪੈਲ਼ੀ ਵਾਂਗਰ ਮੇਰਾ,
    ਸੁੱਕ ਸੜ ਗਿਆ ਸਾਰਾ ਜਿਹੜਾ,
    ਭੁੱਖ ਵੀ ਹੋਈ ਦੂਰ, ਮੇਰੀ ਦੁਆ ਹੁਣ ਪਹੁੰਚੇ।

    4. ਹਾਏ–ਹਾਏ, ਮੈਂ ਕਰਦਾ ਰਹਿੰਦਾ,
    ਮਾਸ ਮੇਰਾ ਸੁੱਕਦਾ ਜਾਂਦਾ,
    ਬਣਿਆ ਉੱਲੂ ਗਡੂਰ, ਮੇਰੀ ਦੁਆ ਹੁਣ ਪਹੁੰਚੇ।

    5. ਨਾ ਮੈਂ ਸੁੱਤਾ ਨਾ ਉਂਗ੍ਹਲਾਇਆ,
    ਕੱਲੇ ਛੱਤ ਵਿੱਚ ਡੇਰਾ ਪਾਇਆ,
    ਵਾਂਗ ਚਿੜੀ ਰੰਜੂਰ, ਮੇਰੀ ਦੁਆ ਹੁਣ ਪਹੁੰਚੇ।

    6. ਮੈਨੂੰ ਕਰਨ ਮਲਾਮਤ ਵੈਰੀ,
    ਜ਼ਿੱਦ ਵਿੱਚ ਹੋਏ ਪਾਗਲ ਜ਼ਹਿਰੀ,
    ਫ਼ਿਟਕਾਂ ਦੇਣ ਜ਼ਰੂਰ, ਮੇਰੀ ਦੁਆ ਹੁਣ ਪਹੁੰਚੇ।

    7. ਖ਼ਾਕ ਰੋਟੀ ਦੇ ਥਾਂ ਖਾਵਾਂ,
    ਪਾਣੀ ਵਿੱਚ ਅੱਥਰੂ ਮਿਲਾਵਾਂ,
    ਹੋਇਆ ਬਹੁਤ ਰੰਜੂਰ, ਮੇਰੀ ਦੁਆ ਹੁਣ ਪਹੁੰਚੇ।

    8. ਤੇਰੇ ਗੁੱਸੇ ਨੇ ਖ਼ੁਦਾਇਆ,
    ਮੈਨੂੰ ਚੁੱਕ ਕੇ ਫੇਰ ਡਿਗਾਇਆ,
    ਹੋਇਆ ਤੇਥੋਂ ਮੈਂ ਦੂਰ, ਮੇਰੀ ਦੁਆ ਹੁਣ ਪਹੁੰਚੇ।

    9. ਮੇਰੀ ਉਮਰ ਦੇ ਦਿਨ ਨੇ ਸਾਇਆ,
    ਮੈਂ ਘਾਹ ਵਾਂਗਰ ਕੁਮਲਾਇਆ,
    ਸੁੱਕ ਕੇ ਹੋਇਆ ਚੂਰ, ਮੇਰੀ ਦੁਆ ਹੁਣ ਪਹੁੰਚੇ।

  • ---

    10. ਤੂੰ, ਯਾ ਰੱਬ, ਸਦਾ ਤੀਕ ਬਾਕੀ ਰਹੇਂਗਾ,
    ਹਰ ਇੱਕ ਪੁਸ਼ਤ ਵਿੱਚ ਜ਼ਿਕਰ ਹੋਵੇਗਾ ਤੇਰਾ।

    11. ਤੂੰ ਉੱਠੇਂਗਾ ਤਾਂ ਰਹਿਮ ਆਪਣਾ ਵਿਖਾਵੇਂ,
    ਤੂੰ ਸਿਓਨ ਤੇ ਮਿਹਰਬਾਨੀ ਕਰੇਂਗਾ।

    12. ਜੋ ਕੀਤਾ ਸੀ ਤੂੰ ਆਪੇ ਵੇਲਾ ਮੁਕੱਰਰ,
    ਸੋ ਆ ਪਹੁੰਚਿਆ ਹੈ ਰਹਿਮ ਕਰਨ ਦਾ ਵੇਲਾ।

    13. ਤੇਰੇ ਲੋਕ ਚਾਹੁੰਦੇ ਉਹਦੇ ਪੱਥਰਾਂ ਨੂੰ,
    ਤੇ ਖ਼ਾਕ ਉਹਦੀ ’ਤੇ ਤਰਸ ਖਾਂਦੇ ਉਹ ਸਭੋ।

    14. ਤੇਰੇ ਨਾਂ ਦਾ ਰੱਖਣਗੇ ਡਰ ਸਭੋ ਲੋਕੀ,
    ਤੇ ਸਭ ਸ਼ਾਹ ਬਜ਼ੁਰਗੀ ਤੇਰੇ ਤੋਂ, ਖ਼ੁਦਾਇਆ।

    15. ਕਿ ਮੁੜਕੇ ਬਣਾਂਦਾ ਹੈ ਸਿਓਨ ਨੂੰ ਰੱਬ,
    ਉਹ ਆਪਣੀ ਬਜ਼ੁਰਗੀ ਨੂੰ ਜ਼ਾਹਿਰ ਕਰੇਗਾ।

    16. ਗ਼ਰੀਬਾਂ ਤੇ ਮਸਕੀਨਾਂ ਦੀ ਸਭ ਦੁਆਵਾਂ,
    ਉਹ ਸੁਣਦਾ ਹੈ ਆਪੇ, ਕਦੀ ਰੱਦ ਨਾ ਕਰਦਾ।

  • ---

    17. ਹਾਂ, ਵਾਸਤੇ ਅਗਲੀ ਪੀੜ੍ਹੀ ਦੇ, ਇਹ ਲਿਖਿਆ ਜਾਵੇਗਾ,
    ਕਿ ਅਗਲੀ ਪੀੜ੍ਹੀ ਕਰੇਗੀ, ਖ਼ੁਦਾਵੰਦ ਦੀ ਸਨਾ।

    18. ਖ਼ੁਦਾਵੰਦ ਨੇ ਅਸਮਾਨਾਂ ਤੋਂ, ਜ਼ਮੀਨ ਵੱਲ ਤੱਕਿਆ ਸੀ,
    ਬੁਲੰਦ ਤੇ ਪਾਕ ਮਕਾਨਾਂ ਤੋਂ, ਉਸ ਨਜ਼ਰ ਕੀਤੀ ਵੀ।

    19. ਤਾਂ ਆਪੇ ਸੁਣੇ ਕੈਦੀ ਦਾ, ਕਰਾਹਣਾ ਤੇ ਫਰਿਆਦ,
    ਹੋ ਜਿਸ ਨੂੰ ਹੁਕਮ ਕਤਲ ਦਾ, ਉਹ ਕਰੇ ਸਭ ਆਜ਼ਾਦ।

    20. ਕਿ ਤਦ ਸਿਓਨ ਵਿੱਚ ਹੋਵੇਗਾ, ਖ਼ੁਦਾ ਦਾ ਨਾਂ ਬਿਆਨ,
    ਯਰੂਸ਼ਲਮ ਵਿੱਚ ਸਾਰੇ ਲੋਕ, ਹੋਣ ਉਹਦੇ ਸਨਾਖ਼ਵਾਂ।

    21. ਜਦ ਉੱਮਤਾਂ ਸਭ ਜਮ੍ਹਾਂ ਹੋਣ, ਤਦ ਸਭੋ ਕੌਮਾਂ ਵੀ,
    ਤਦ ਮਿਲਕੇ ਸਭੋ ਕਰਨਗੇ, ਖ਼ੁਦਾ ਦੀ ਬੰਦਗੀ।

  • ---

    22. ਸਭ ਮੇਰਾ ਜ਼ੋਰ ਘਟਾਇਆ ਹੈ, ਰਾਹ ਵਿੱਚ ਖ਼ੁਦਾਵੰਦ ਨੇ,
    ਤੇ ਉਸਨੇ ਛੋਟੇ ਕੀਤੇ ਹਨ ਦਿਨ ਮੇਰੀ ਉਮਰ ਦੇ।

    23. ਮੈਂ ਬੋਲਿਆ ਇਹ ਕੀ ਤੇਰੇ ਸਾਲ ਹਨ ਪੀੜ੍ਹੀਆਂ ਤੀਕ ਖ਼ੁਦਾ,
    ਸੋ ਮੇਰੀ ਅੱਖੀ ਉਮਰ ਵਿੱਚ ਨਾ ਮੈਨੂੰ ਤੂੰ ਉਠਾ।

    24. ਤੂੰ ਮੁੱਢ–ਕਦੀਮੋ ਰੱਖੀ ਸੀ ਬੁਨਿਆਦ ਇਸ ਧਰਤੀ ਦੀ,
    ਤੇ ਤੇਰੀ ਕਾਰੀਗਰੀ ਨਾਲ ਅਸਮਾਨ ਬਣ ਗਏ ਵੀ।

    25. ਉਹ ਸਭ ਫ਼ਨਾਹ ਹੋ ਜਾਵਣਗੇ ਤੂੰ ਬਾਕੀ ਰਹੇਂਗਾ,
    ਪੁਸ਼ਾਕ ਦੇ ਵਾਂਗਰ ਸਾਰਾ ਠਾਠ ਹੈ ਸੜ–ਗਲ ਜਾਵੇਗਾ।

    26. ਪੁਸ਼ਾਕ ਦੀ ਮਾਨਿੰਦ ਉਹਨਾਂ ਨੂੰ ਯਾ ਰੱਬ, ਤੂੰ ਬਦਲੇਂਗਾ,
    ਉਹ ਬਦਲਣਗੇ ਪਰ ਤੇਰਾ ਨਾਮ ਹਮੇਸ਼ਾ ਰਹੇਗਾ।

    27. ਪਰ ਤੂੰ ਤੇ ਉਹ ਹੈਂ ਖ਼ੁਦਾ ਹਮੇਸ਼ਾ ਤੀਕਰ ਵੀ,
    ਨਾ ਕਦੀ ਓੜਕ ਹੋਵੇਗੀ ਹਾਂ ਤੇਰੇ ਵਰ੍ਹਿਆਂ ਦੀ।

    28. ਜੋ ਤੇਰੇ ਲੋਕਾਂ ਦੀ ਔਲਾਦ ਉਹ ਹੋਵੇਗੀ ਆਬਾਦ,
    ਹਜ਼ੂਰ ਵਿੱਚ ਤੇਰੇ ਰਹੇਗੀ ਜੋ ਉਹਨਾਂ ਦੀ ਔਲਾਦ।

  • ---

    1. ਤੂੰ ਆਖ, ਐ ਮੇਰੀ ਜਾਨ, ਮੁਬਾਰਿਕ ਖ਼ੁਦਾ ਹੈ,
    ਤੇ ਉਸੇ ਦਾ ਹੀ ਨਾਮ ਪਵਿੱਤਰ ਸਦਾ ਹੈ।

    2. ਕਦੀ ਵੀ ਨਾ ਭੁੱਲ ਬਖ਼ਸ਼ਿਸ਼ਾਂ ਉਹਦੀਆਂ ਨੂੰ,
    ਤੂੰ ਕਹਿ, ਐ ਮੇਰੀ ਜਾਨ, ਮੁਬਾਰਿਕ ਖ਼ੁਦਾ ਹੈ।

    3. ਤੇਰੇ ਸਾਰੇ ਪਾਪਾਂ ਨੂੰ ਉਹ ਹੈ ਮਿਟਾਂਦਾ,
    ਤੈਨੂੰ ਸਾਰੇ ਰੋਗਾਂ ਤੋਂ ਦੇਂਦਾ ਸ਼ਿਫ਼ਾ ਹੈ।

    4. ਤੇਰੀ ਜਾਨ ਨੂੰ ਮੌਤ ਤੋਂ ਉਹ ਬਚਾਂਦਾ,
    ਤੈਨੂੰ ਤਾਜ ਰਹਿਮਤ ਦਾ ਕਰਦਾ ਅਦਾ ਹੈ।

    5. ਤੈਨੂੰ ਚੰਗੀਆਂ ਚੀਜ਼ਾਂ ਨਾਲ ਉਹ ਹੈ ਰਜਾਂਦਾ,
    ਤੇਰੀ ਉਮਰ ਨੂੰ ਉਹ ਖ਼ੁਸ਼ੀ ਬਖ਼ਸ਼ਦਾ ਹੈ।

    6. ਓਕਾਬਾਂ ਦੇ ਵਾਂਗਰ ਤੈਨੂੰ ਜ਼ੋਰ ਦੇ ਕੇ,
    ਉਹ ਤੇਰੀ ਜਵਾਨੀ ਨੂੰ ਕਰਦਾ ਨਯਾ ਹੈ।

    7. ਉਹ ਸਭ ਦੁਖੀਆਂ ਕੰਗਾਲਾਂ ਦੇ ਲਈ ਆਪੇ,
    ਨਿਆਂ ਨਾਲ ਸੱਚਿਆਈ ਕਰਦਾ ਖ਼ੁਦਾ ਹੈ।

    8. ਵਿਖਾਇਆ ਹੈ ਰਾਹ ਆਪਣਾ ਮੂਸਾ ਨੂੰ ਉਸ ਨੇ ,
    ਬਨੀ ਇਸਰਾਏਲੀਆਂ ਦਾ ਉਹ ਰਹਿਨੁਮਾ ਹੈ।

  • ---

    ਰਹਿਮਤ ਨਾਲ ਹੈ ਭਰਿਆ ਹੋਇਆ, ਪਾਕ ਖ਼ੁਦਾ ਰੱਬ ਸਾਡਾ।

    1. ਰਹਿਮਤ ਨਾਲ ਹੈ ਭਰਿਆ ਹੋਇਆ ਪਾਕ ਖ਼ੁਦਾ ਰੱਬ ਸਾਡਾ,
    ਗੁੱਸਾ ਤੇ ਕਰਨ ਦੇ ਵਿੱਚ ਹੈ ਉਹ ਧੀਰਾ, ਪਿਆਰ ਅਤਿ ਉਸਦਾ ਹੈ ਡਾਢਾ।

    2. ਸਾਡੇ ’ਤੇ ਵੀ ਰੱਬ ਅਸਾਡਾ ਸਦਾ ਨਹੀਂ ਝੁੰਜਲਾਵੇ,
    ਓੜਕ ਤੀਕਰ ਨਹੀਂ ਸਾਡੇ ਉੱਤੇ ਆਪਣਾ ਕ੍ਰੋਧ ਵਿਖਾਵੇ।

    3. ਜਿਹੀ ਸਾਡੀ ਹੈ ਬੁਰਿਆਈ, ਤਿਹਾ ਸਲੂਕ ਨਾ ਉਹ ਕਰਦਾ,
    ਸਾਡੇ ਪਾਪਾਂ ਵਾਂਗਰ ਸਾਨੂੰ ਬਦਲਾ ਨਹੀਂ ਉਹ ਦੇਂਦਾ।

    4. ਜਿੰਨਾ ਉੱਚਾ ਇਸ ਧਰਤੀ ਤੋਂ ਇਹ ਅਸਮਾਨ ਹੈ ਸਾਰਾ,
    ਰੱਬ ਦੇ ਡਰਨ ਵਾਲਿਆਂ ਉੱਤੇ ਰਹਿਮ ਹੈ ਉਹਦਾ ਭਾਰਾ।

    5. ਜਿੰਨਾ ਚੜ੍ਹਦੇ ਤੋਂ ਹੈ ਲਹਿੰਦਾ, ਓਨੀ ਦੂਰ ਅਸਾਡੇ,
    ਪਾਪ ਖ਼ੁਦਾ ਨੇ ਚੁੱਕ ਕੇ ਸਾਰੇ ਸੁੱਟੇ ਦੂਰ ਦੁਰਾਡੇ।

    6. ਆਪਣੇ ਪੁੱਤਰਾਂ ਉੱਤੇ ਜਿਹਾ ਤਰਸ ਪਿਤਾ ਹੈ ਖਾਂਦਾ,
    ਆਪਣੇ ਡਰਨ ਵਾਲਿਆਂ ਉੱਤੇ ਤਿਹਾ ਰਹਿਮ ਵਿਖਾਂਦਾ।

    7. ਕਿਉਂਕਿ ਜਾਣਦਾ ਹੈ ਅਸਾਡੀ ਆਪ ਬਨਾਵਟ ਸਾਰੀ,
    ਬਣੇ ਹਾਂ ਮਿੱਟੀ ਦੇ ਅਸੀਂ, ਇਹ ਗੱਲ ਨਾ ਵਿਸਾਰੀ।

    8. ਉਮਰ ਮਨੁੱਖ ਦੀ ਘਾਹ ਦੇ ਵਾਂਗਰ ਜੰਗਲੀ ਫੁੱਲ ਵਾਂਗ ਫਲਦਾ,
    ਵਾ ਜਦ ਵਗੇ ਨਾਸ਼ ਹੋ ਜਾਂਦਾ ਥਾਂ ਉਹਦੀ ਨਾ ਲੱਭਦਾ।

    9. ਰਹਿਮਤ ਰੱਬ ਦੀ ਉਹਨਾਂ ਉੱਤੇ ਜਿਹੜੇ ਖੌਫ਼ ਮਨਾਵਣ,
    ਨਾਲ ਉਹਨਾਂ ਸੱਚ ਸਦਾ ਹੈ ਨਸਲਾਂ ਜਿਹੜੀਆਂ ਆਵਣ ।

    10. ਉਹਨਾਂ ਉੱਤੇ ਵੀ ਜੋ ਉਹਦੇ ਅਹਿਦ ਨੂੰ ਹਨ ਯਾਦ ਕਰਦੇ,
    ਹਾਂ, ਜੋ ਉਹਦੇ ਹੁਕਮਾਂ ਉੱਤੇ ਆਪਣਾ ਦਿਲ ਹਨ ਧਰਦੇ।

  • ---

    ਤਖ਼ਤ ਅਸਮਾਨਾਂ ਉੱਤੇ ਰੱਬ ਨੇ ਵਿਛਾਇਆ।

    11. ਤਖ਼ਤ ਵਿਛਾਇਆ ਅਸਮਾਨ ਉੱਤੇ ਰੱਬ ਨੇ,
    ਸ਼ਾਹੀ ਉਹਦੀ ਹੈ, ਸਭ ਉੱਤੇ ਸਾਇਆ।

    12. ਕਹੋ ਮੁਬਾਰਿਕ ਖ਼ੁਦਾਵੰਦ ਨੂੰ ਦੂਤੋ,
    ਤੁਸੀਂ ਸਭੋ, ਜਿਨ੍ਹਾਂ ਜ਼ੋਰ ਹੈ ਵਧਾਇਆ।

    13. ਉਹਦੇ ਸਭ ਹੁਕਮਾਂ ਨੂੰ, ਤੁਸੀਂ ਮੰਨਦੇ,
    ਉਹਦੇ ਕਲਾਮ ਉੱਤੇ ਹੈ ਕੰਨ ਤੁਸਾਂ ਲਾਇਆ।

    14. ਕਹੋ ਮੁਬਾਰਿਕ ਖ਼ੁਦਾਵੰਦ ਖ਼ੁਦਾ ਨੂੰ,
    ਸਾਰੀਓ ਫੌਜੋ, ਜਿਨ੍ਹਾਂ ਉੱਤੇ ਉਹਦਾ ਸਾਇਆ।

    15. ਖ਼ਿਦਮਤ ਉਹਦੀ ਸਾਰੇ ਕਰਨ ਵਾਲਿਓ,
    ਜਿਨ੍ਹਾਂ ਨੇ ਉਹਦੀ ਮਰਜ਼ੀ ਨੂੰ ਬਜਾਇਆ।

    16. ਕਹੋ ਮੁਬਾਰਿਕ ਖ਼ੁਦਾਵੰਦ ਖ਼ੁਦਾ ਨੂੰ,
    ਸਭ ਲੋਕੋ, ਜਿਨ੍ਹਾਂ ਨੂੰ ਹੈ ਉਸਨੇ ਬਣਾਇਆ।

    17. ਉਹਦੇ ਸਾਰੇ ਰਾਜ ਵਿੱਚ ਐ ਜਾਨ ਮੇਰੀ,
    ਧੰਨ ਧੰਨ ਪੁਕਾਰੀਂ ਤੂੰ ਏਂ ਧੰਨ ਐ ਖ਼ੁਦਾਇਆ।

  • ---

    1. ਧੰਨ ਆਖ, ਐ ਮੇਰੀ ਜਾਨ, ਤੂੰ ਏ ਖ਼ੁਦਾ ਨੂੰ,
    ਆਪਣੇ ਸਾਰੇ ਜ਼ੋਰ ਨਾਲ ਰੱਬ ਦੇ ਪਾਕ ਨਾਮ ਨੂੰ।

    2. ਧੰਨ ਆਖ ਖ਼ੁਦਾ ਨੂੰ ਐ ਜਾਨ ਮੇਰੀ,
    ਉਹਦੀਆਂ ਬਖ਼ਸ਼ਿਸ਼ਾਂ ਨਾ ਭੁੱਲ ਜਾ ਤੂੰ।

    3. ਤੇਰੀ ਸਭ ਬਦੀ ਨੂੰ ਉਹ ਬਖ਼ਸ਼ ਦਿੰਦਾ,
    ਰੋਗਾਂ ਤੋਂ ਸ਼ਿਫ਼ਾ ਦਿੰਦਾ ਉਹ ਤੈਨੂੰ।

    4. ਨਾਸ਼ ਹੋਣ ਤੋਂ ਤੇਰੀ ਜਾਨ ਨੂੰ ਬਚਾਉਂਦਾ,
    ਮਿਹਰ ਦਾ ਤਾਜ ਉਹ ਦਿੰਦਾ ਹੈ ਤੈਨੂੰ।

    5. ਤੇਰੀ ਉਮਰ ਚੰਗੀਆਂ ਚੀਜ਼ਾਂ ਨਾਲ ਰਜਾਂਦਾ,
    ਨਵੀਂ ਤਾਕਤ ਉਹ ਦਿੰਦਾ ਹੈ ਤੈਨੂੰ।

    6. ਦੁਖੀਆਂ ਹੋਇਆਂ ਲਈ ਖ਼ੁਦਾ ਨਿਆਂ ਕਰਦਾ,
    ਮੂਸਾ ’ਤੇ ਜ਼ਾਹਿਰ ਕੀਤਾ ਓਸ ਰਾਹ ਨੂੰ।

  • ---

    ਧੰਨ ਕਹੋ ਖ਼ੁਦਾ ਨੂੰ, ਤੂੰ ਏ ਹੀ ਜਾਨ ਮੇਰੀ।

    1. ਹਸ਼ਮਤ ਜਲਾਲਵਾਲਾ ਓਹਦਾ ਲਿਬਾਸ ਹੈ,
    ਸ਼ਾਨ ਉਹਦੀ ਵੱਡੀ ਸਾਰੀ।

    2. ਪਰਦੇ ਦੇ ਵਾਂਗਰ ਅਸਮਾਨਾਂ ਨੂੰ ਤਾਣਦਾ,
    ਨੂਰ ਦੀ ਪੌਸ਼ਾਕ ਉਹਦੀ ਸਾਰੀ।

    3. ਪਾਣੀ ਵਿੱਚ ਚੁਬਾਰੇ, ਰੱਥ ਬੱਦਲਾਂ ਨੂੰ ਬਣਾਂਦਾ,
    ਸੈਰ ਉਹ ਚੜ੍ਹਕੇ ਕਰੇ ਪੌਣ ਦੀ ਅਸਵਾਰੀ।

    4. ਆਪਣੇ ਫਰਿਸ਼ਤਿਆਂ ਨੂੰ ਉੁਹ ਰੂਹਾਂ ਬਣਾਉਂਦਾ,
    ਖ਼ਿਦਮਤ ਗੁਜ਼ਾਰਨ ਨੂੰ ਅੰਗਿਆਰੀ।

    5. ਧਰਤੀ ਬਣਾਈ ਉਹਨੇ ਨੀਹਾਂ ’ਤੇ ਧਰਕੇ,
    ਉਹ ਨਾ ਕਦੀ ਟਾਲਣਹਾਰੀ।

  • ---

    ਧੰਨ ਕਹੋ ਖ਼ੁਦਾ ਨੂੰ, ਤੂੰ ਏ ਹੀ ਜਾਨ ਮੇਰੀ।

    6. ਕੱਪੜੇ ਦੇ ਵਾਂਗਰ ਨਾਲ ਡੂੰਘਿਆਈ,
    ਢੱਕੀ ਗਈ ਧਰਤੀ ਸਾਰੀ।

    7. ਉੱਚੇ ਉੱਚੇ ਪਰਬਤਾਂ ਉੱਤੇ ਵੀ ਖ਼ੁਦਾ ਨੇ,
    ਜਲ ਦਿੱਤੀ ਖੁੱਲਿਆਰੀ।

    8. ਘੁਰਕੀ ਤੋਂ ਨੱਸਦੇ ਗੱਜਣ ਤੋਂ ਡਰਕੇ,
    ਭੱਜਦੇ ਨੇ ਮਾਰੋ ਮਾਰੀ।

    9. ਚੜ੍ਹਕੇ ਪਹਾੜਾਂ ਉੱਤੇ ਵਗਦੇ ਨੇ ਹੇਠਾਂ,
    ਹੁੰਦੇ ਨੇ ਬਨ ਵਿੱਚ ਜਾਰੀ।

    10. ਹੱਦ ਹੈ ਬਣਾਈ ਉਹਨਾਂ ਦੀ ਤੂੰ ਏ,
    ਬਾਹਰ ਨਾ ਹੁੰਦੇ ਜਾਰੀ।

    11. ਧਰਤੀ ਨੂੰ ਉਹ ਛਿਪਾਵਣ ਲਈ,
    ਕਰਦੇ ਨੇ ਫੇਰ ਤਿਆਰੀ।

    12. ਚਸ਼ਮਿਆਂ ਤੋਂ ਉਹ ਨਦੀਆਂ ਵਗਾਂਦੇ,
    ਪਹਾੜਾਂ ਵਿੱਚ ਹੁੰਦੀਆਂ ਜਾਰੀ।

    13. ਬਨ ਦੇ ਪਸ਼ੂ ਤੇ ਸਭ ਜੰਗਲੀ ਗਧੇ ਵੀ,
    ਤ੍ਰੇਹ ਬੁਝਾਉਂਦੇ ਸਾਰੀ।

    14. ਉਹਨਾਂ ਦੇ ਆਲੇ ਦੁਆਲੇ ਰਹਿੰਦੇ,
    ਪੰਛੀ ਸਭ ਮਾਰ ਉਡਾਰੀ।

    15. ਡਾਲੀਆਂ ਉੱਤੇ ਉਹ ਚਹਿਚਹਾਉਂਦੇ,
    ਕਰਦੇ ਖ਼ੁਸ਼ੀ ਬਹੁਤ ਸਾਰੀ।

    16. ਆਪਣੇ ਚੁਬਾਰਿਆਂ ਤੋਂ ਹੈ ਉਹ ਸਿੰਝਦਾ,
    ਸਾਰੇ ਪਹਾੜ ਪਹਾੜੀ।

    17. ਤੇਰੀ ਹੀ ਕਾਰੀਗਰੀ ਦੇ ਫਲ਼ ਤੋਂ,
    ਰੱਜੀ ਇਹ ਧਰਤੀ ਸਾਰੀ।

  • ---

    18. ਬਖ਼ਸ਼ਦਾ ਚਾਰਾ ਤੂੰ ਏਂ ਜਾਨਵਰਾਂ ਨੂੰ, ਰੱਬਾ,
    ਘਾਹ ਜ਼ਮੀਨ ਵਿੱਚੋਂ ਤੂੰ ਏਂ ਉਹਨਾਂ ਲਈ ਪੈਦਾ ਕਰਦਾ।

    19. ਦਾਖਰਸ ਪੀ ਕੇ ਖ਼ੁਸ਼ੀ ਹੁੰਦੀ ਹੈ, ਦਿਲ ਦੇ ਅੰਦਰ,
    ਤੇਲ ਜਦ ਮਲੀਏ ਤੇ ਉਹ ਚਿਹਰੇ ਨੂੰ ਹੈ ਚਮਕਾਉਂਦਾ।

    20. ਤਰ–ਬ–ਦਰ ਰਹਿੰਦੇ ਖ਼ੁਦਾਵੰਦ ਦੇ ਰੁੱਖ ਹਨ ਸਾਰੇ,
    ਸਾਰਾ ਦਿਓਦਾਰ ਜੋ ਲਿਬਨਾਨ ਦੇ ਹੈ ਜੰਗਲ ਦਾ।

    21. ਆਲ੍ਹਣੇ ਉੱਥੇ ਬਣਾਉਂਦੇ ਹਨ, ਪਖੇਰੂ ਤੇ ਪੰਛੀ,
    ਬਗਲਾ ਵੀ ਆਲ੍ਹਣਾ ਹੈ ਸਰ੍ਹੋਂਆਂ ਦੇ ਉੱਤੇ ਪਾਉਂਦਾ।

    22. ਬੱਕਰੀਆਂ ਰਹਿੰਦੀਆਂ ਹਨ ਉੱਚੇ ਪਹਾੜਾਂ ਉੱਤੇ,
    ਤੇ ਚਟਾਨ ਵਾਸਤੇ ਖਰਗੋਸ਼ਾਂ ਦੇ ਹੈ ਭਾਰੀ ਪਨਾਹ।

  • ---

    23. ਚਾਂਦ ਖ਼ੁਦਾਵੰਦ ਨੇ ਜੋ ਪੈਦਾ ਕੀਤਾ ਸੀ,
    ਵਕਤ ਤੇ ਵੇਲਾ ਪਛਾਨਣ ਦੇ ਲਈ।

    24. ਜਾਂਦਾ ਸੂਰਜ ਵੀ ਆਪਣੀ ਜਗ੍ਹਾ,
    ਆਪਣੀ ਥਾਂ ਡੁੱਬਣ ਦੀ ਹੈ ਪਛਾਣਦਾ।

    25. ਰਾਤ ਹੁੰਦੀ ਤੂੰ ਹਨੇਰਾ ਘੱਲਦਾ ਜਦ,
    ਚੱਲਦੇ ਫਿਰਦੇ ਜਾਨਵਰ ਜੰਗਲ ਦੇ ਤਦ।

    26. ਸ਼ੇਰ ਬੱਚੇ ਜੰਗਲਾਂ ਵਿੱਚ ਗੱਜਦੇ ਹਨ,
    ਰੱਬ ਦੇ ਕੋਲੋਂ ਆਪਣਾ ਖਾਣਾ ਮੰਗਦੇ ਹਨ।

    27. ਚੜ੍ਹਦਾ ਸੂਰਜ ਜਦ ਇਕੱਠੇ ਆਉਂਦੇ,
    ਆਪਣੀ–ਆਪਣੀ ਗਾਰ ਵਿੱਚ ਸੌਂ ਜਾਂਦੇ।

    28. ਕੰਮ ਦੀ ਖ਼ਾਤਿਰ ਜਾਂਦਾ ਬਾਹਰ ਆਦਮੀ,
    ਮੁੜ ਕੇ ਘਰ ਨੂੰ ਆਉਂਦਾ ਸ਼ਾਮਾਂ ਪਈ।

  • ---

    ਰੱਬਾ, ਗਿਣੀ ਨਾ ਜਾਂਦੀ ਤੇਰੀ ਕਾਰੀਗਰੀ।

    29. ਤੇਰੇ ਹੀ ਹੱਥਾਂ ਦੀ ਕਾਰੀਗਰੀ ਵਿੱਚ,
    ਡਾਢੀ ਦਾਨਾਈ ਤੇ ਹਿਕਮਤ ਵਿੱਚ ਬੜ੍ਹੀ।

    30. ਤੇਰੀ ਹੀ ਦੌਲਤ, ਤੇਰੇ ਹੀ ਮਾਲ ਨਾਲ,
    ਸਾਰਾ ਜਹਾਨ ਤੇ ਇਹ ਧਰਤੀ ਭਰੀ।

    31. ਇਹ ਜੋ ਸਮੁੰਦਰ ਹੈ ਲੰਮਾ ਤੇ ਚੌੜਾ,
    ਇਹਦੇ ਵਿੱਚ ਵੀ ਤੇਰੀ ਰਚਨਾ ਬੜ੍ਹੀ।

    32. ਛੋਟੇ ਵੱਡੇ ਜਾਨਵਰ ਰਹਿੰਦੇ ਵਿੱਚ ਚੱਲਦੇ,
    ਉਹਨਾਂ ਦੀ ਗਿਣਤੀ ਕਿਸੇ ਨਾ ਕਰੀ।

    33. ਉਸੇ ਦੇ ਵਿੱਚ ਜਹਾਜ਼ ਵੀ ਹਨ ਚੱਲਦੇ,
    ਲੇਵੀਆਥਨ ਖੇਡਦੇ ਤੇ ਕਰਦੇ ਖ਼ੁਸ਼ੀ।

    34. ਤੇਰੇ ਹੀ ਵੱਲ ਉਹ ਸਭ ਤੱਕਦੇ ਰਹਿੰਦੇ,
    ਬਖ਼ਸ਼ੀ ਖ਼ੁਰਾਕ ਤੂੰ ਏ ਉਹਨਾਂ ਨੂੰ ਵੀ।

    35. ਤੂੰ ਦੇਂਦਾ ਉਹਨਾਂ ਨੂੰ, ਉਹ ਤੇਥੋਂ ਲੈਂਦੇ,
    ਤੂੰ ਖੋਲ੍ਹਦਾ ਹੈਂ ਮੁੱਠ ਤੇ ਰਜਾਂਦਾ ਸਭੀ।

    36. ਉਹਨਾਂ ਤੋਂ ਮੂੰਹ ਜਦ ਤੂੰ ਆਪਣਾ ਲੁਕਾਂਦਾ,
    ਬਿਪਤਾ ਤਦ ਉਹਨਾਂ ’ਤੇ ਪੈਂਦੀ ਬੜ੍ਹੀ।

    37. ਤੂੰ ਖਿੱਚਦਾ ਦਮ ਉਹਨਾਂ ਦਾ ਤਦ ਉਹ ਮਰਦੇ,
    ਮਿੱਟੀ ਦੇ ਵਿੱਚ ਫੇਰ ਮਿੱਟੀ ਰਲੀ।

    38. ਤੂੰ ਘੱਲਦਾ ਦਮ ਤਦੋਂ ਉਹ ਪੈਦਾ ਹੁੰਦੇ,
    ਧਰਤੀ ਨੂੰ ਦਿੰਦਾ ਤੂੰ ਮੁੜ ਜ਼ਿੰਦਗੀ।

  • ---

    39. ਹਮੇਸ਼ਾ ਖ਼ੁਦਾਵੰਦ ਹੀ ਦਾ ਹੈ ਜਲਾਲ,
    ਉਹ ਹੈ ਆਪਣੀ ਕਾਰੀਗਰੀ ਵਿੱਚ ਕਮਾਲ।

    40. ਉਹ ਕੰਬ ਉੱਠਦੀ ਜਦ ਵੇਖੇ ਰੱਬ ਧਰਤੀ ਨੂੰ,
    ਪਹਾੜਾਂ ਨੂੰ ਛੂੰਹਦਾ ਤੇ ਉੱਠਦਾ ਹੈ ਧੂੰ।

    41. ਮੈਂ ਜੀਵਾਂਗਾ ਜਦ ਤੀਕ ਗਾਵਾਂ ਸਨਾ,
    ਖ਼ੁਦਾਵੰਦ ਦੀ ਤਾਰੀਫ਼ ਮੈਂ ਗਾਵਾਂਗਾ।

    42. ਮੇਰੀ ਸੋਚ ਹੋਵੇਗੀ ਹੁਣ ਰੱਬ ਨੂੰ ਪਸੰਦ,
    ਹਾਂ ਉਸ ਵਿੱਚ ਰਹੇਗਾ ਮੇਰਾ ਮਨ ਆਨੰਦ।

    43. ਹਾਂ ਬੁਰਿਆਂ ਦਾ ਨਾਂ ਇਸ ਜ਼ਮੀਨ ਤੋਂ ਮਿਟੇ,
    ਸ਼ਰੀਰਾਂ ਦਾ ਕੁਝ ਵੀ ਨਾ ਬਾਕੀ ਰਹੇ।

    44. ਖ਼ੁਦਾ ਨੂੰ ਮੁਬਾਰਿਕ ਤੂੰ ਕਹਿ ਮੇਰੀ ਜਾਨ,
    ਖ਼ੁਦਾਵੰਦ ਦੀ ਤਾਰੀਫ਼ ਗਾਓ ਹਰ ਆਨ।

  • ---

    ਸ਼ੁਕਰ ਕਰੋ ਰੱਬ ਦਾ ਤੇ ਮਹਿਮਾ ਉਹਦੀ ਗਾਇਓ।

    1. ਸ਼ੁਕਰ ਕਰੋ ਰੱਬ ਦਾ ਤੇ ਲਓ ਉਹਦਾ ਨਾਂ ਵੀ,
    ਕੰਮ ਉਹਦੇ ਵੱਡੇ ਤੁਸੀਂ ਲੋਕਾਂ ਨੂੰ ਸੁਣਾਇਓ।

    2. ਉਹਦੇ ਪਾਕ ਨਾਂ ਉੱਤੇ ਫ਼ਖ਼ਰ ਕਰੋ ਸਾਰੇ,
    ਜੋ ਉਹਨੂੰ ਢੂੰਡਦੇ ਹੋ, ਖ਼ੁਸ਼ੀਆਂ ਮਨਾਇਓ।

    3. ਢੂੰਡੋ ਰੱਬ ਨੂੰ ਤੇ ਨਾਲੇ ਉਹਦੇ ਜ਼ੋਰ ਨੂੰ,
    ਚਿਹਰੇ ਨੂੰ ਉਹਦੇ ਤੁਸੀਂ ਵੇਖਣਾ ਚਾਹਿਓ।

    4. ਕੰਮ ਅਚਰਜ ਉਹਦੇ ਸਭ ਯਾਦ ਕਰੋ,
    ਸਭ ਫਰਮਾਨ ਉਹਦੇ ਚੇਤੇ ਵਿੱਚ ਲਿਆਇਓ।

    5. ਬਨੀ ਯਾਕੂਬ ਦੇ ਸਾਰੇ ਚੁਣੇ ਹੋਏ,
    ਅਬਰਾਹਾਮ ਨਾਲੇ ਉਹਦੇ ਜਾਇਓ।

    6. ਉਹੋ ਖ਼ੁਦਾਵੰਦ ਸਾਡਾ ਖ਼ੁਦਾ ਹੈ,
    ਉਹਦੇ ਨਿਆਂ ਵਿੱਚ ਧਰਤੀ ਮਨਾਇਓ।

  • ---

    7. ਖ਼ੁਦਾ ਉਸ ਅਹਿਦ ਨੂੰ, ਜਦ ਆਪਣੀ ਯਾਦ ਵਿੱਚ ਲੈ ਆਇਆ,
    ਹਜ਼ਾਰਾਂ ਪੀੜ੍ਹੀਆਂ ਦੇ ਵਾਸਤੇ ਜੋ ਫਰਮਾਇਆ।

    8. ਜੋ ਅਬਰਾਹਾਮ ਦੇ ਨਾਲ ਉਸਨੇ ਅਹਿਦ ਕੀਤਾ ਸੀ,
    ਕਿ ਜਿਸਦੇ ਵਾਸਤੇ ਇਸਹਾਕ ਨਾਲ ਸਹੁੰ ਖਾਧੀ।

    9. ਇੱਕ ਅਹਿਦ ਵਾਸਤੇ ਯਾਕੂਬ ਦੇ ਸੀ ਠਹਿਰਾਇਆ,
    ਹਾਂ ਇਸਰਾਏਲ ਲਈ ਅਹਿਦ ਸੀ ਹਮੇਸ਼ਾ ਦਾ।

    10. ਕਿ ਤੈਨੂੰ ਦਿੰਦਾ ਹਾਂ ਕਨਾਨ ਦੀ ਜ਼ਮੀਨ ਸਾਰੀ,
    ਇਹ ਧਰਤੀ ਤੇਰਾ ਹੀ ਮੌਰੂਸੀ ਹਿੱਸਾ ਹੋਵੇਗੀ।

    11. ਜਦੋਂ ਸ਼ੁਮਾਰ ਦੇ ਵਿੱਚ ਘੱਟ ਉਹ ਸਨ ਤੇ ਥੋੜ੍ਹੇ ਜਿਹੇ,
    ਤੇ ਉਸ ਧਰਤੀ ਦੇ ਵਿੱਚ ਓਪਰੇ ਮੁਸਾਫ਼ਿਰ ਸੀ।

    12. ਉਹ ਕੌਮ ਕੌਮ ਰਹੇ ਫਿਰਦੇ ਮੁਲਕੀਂ–ਮੁਲਕੀਂ ਵੀ,
    ਖ਼ੁਦਾ ਨੇ ਆਪੇ ਰਖਵਾਲੀ ਉਹਨਾਂ ਦੀ ਕੀਤੀ।

    13. ਤੇ ਉਹਨਾਂ ਵਾਸਤੇ ਧਮਕਾਇਆ ਉਸਨੇ ਸ਼ਾਹਾਂ ਨੂੰ,
    ਨਾ ਲੋਕ ਮੇਰੇ ਛੂਹੋ, ਨਾ ਸਤਾਓ ਨਬੀਆਂ ਨੂੰ।

    14. ਤੇ ਉਸਨੇ ਸੱਦਿਆ ਉਸ ਧਰਤੀ ਉੱਤੇ ਕਾਲ ਨੂੰ ਵੀ,
    ਕੀ ਜਿਸਨੇ ਰੋਟੀ ਦੀ ਸਭ ਆਸ ਤੋੜ ਸੁੱਟੀ ਸੀ।

  • ---

    15. ਫਿਰ ਓਸਨੇ ਘੱਲਿਆ ਯੂਸਫ਼ ਨੂੰ ਅੱਗੇ ਉਹਨਾਂ ਦੇ,
    ਕਿ ਜਾ ਕੇ ਮਿਸਰ ਦੇ ਵਿੱਚ ਪਹਿਲਾਂ ਉਹ ਗ਼ੁਲਾਮ ਬਣੇ।

    16. ਤੇ ਉਹਦੇ ਪੈਰਾਂ ਦੇ ਵਿੱਚ ਪਾਈਆਂ ਬੇੜੀਆਂ ਉਹਨਾਂ,
    ਸਤਾਈ ਲੋਹੇ ਦੇ ਵਿੱਚ ਕੈਦ ਕਰਕੇ ਓਹਦੀ ਜਾਨ।

    17. ਕਲਾਮ ਰੱਬ ਦਾ ਜਦੋਂ ਤੀਕ ਹੋਇਆ ਨਾ ਪੂਰਾ,
    ਕਲਾਮ ਨਾਲ ਤਦੋਂ ਤੀਕ ਸੀ ਉਹ ਤਾਇਆ ਗਿਆ।

    18. ਤੇ ਘੱਲੇ ਸ਼ਾਹ ਨੇ ਲੋਕੀਂ ਛੁਡਾਇਆ ਯੂਸਫ਼ ਨੂੰ,
    ਹਾਂ ਸ਼ਾਹ–ਏ–ਮਿਸਰ ਨੇ ਕੈਦੋਂ ਬਚਾਇਆ ਯੂਸਫ਼ ਨੂੰ।

    19. ਤੇ ਓਸ ਨੂੰ ਆਪਣੇ ਹੀ ਘਰ ਦਾ ਬਣਾਇਆ ਕੁੱਲ ਮੁਖ਼ਤਿਆਰ,
    ਤੇ ਸਾਰੇ ਮੁਲਕ ਦੇ ਵਿੱਚ ਕੀਤਾ ਵੱਡਾ ਮਨੱਸਬਦਾਰ।

    20. ਤਾਂ ਕੈਦ ਕਰ ਸਕੇ ਉਹ ਜਿਸ ਰਈਸ ਨੂੰ ਚਾਹੇ,
    ਮੁਸਾਹੀਬਾਂ ਨੂੰ ਵੀ ਦਾਨਾਈ ਸਿਖਲਾਈ।

  • ---

    21. ਤਦ ਇਸਰਾਏਲ ਵੀ ਆਇਆ,
    ਧਰਤੀ ਵਿੱਚ ਮਿਸਰ ਦੀ,
    ਯਾਕੂਬ ਜ਼ਮੀਨ ਵਿੱਚ ਹਾਮ ਦੀ,
    ਮੁਸਾਫ਼ਿਰ ਹੋਇਆ ਸੀ।

    22. ਖ਼ੁਦਾ ਨੇ ਆਪਣੀ ਕੌਮ ਨੂੰ
    ਵਧਾਇਆ ਕਸਰਤ ਨਾਲ,
    ਵੈਰੀਆਂ ਨਾਲੋਂ ਵੱਧਕੇ
    ਜ਼ੋਰ ਦਿੱਤਾ ਸੀ ਕਮਾਲ।

    23. ਫਿਰਾਊਨੀਆਂ ਦੇ ਦਿਲ ਨੂੰ ਤਦ
    ਰੱਬ ਨੇ ਫਿਰਾਇਆ ਸੀ,
    ਕਿ ਉਹਦੀ ਕੌਮ ਨਾਲ ਰੱਖਣ,
    ਉਹ ਵੈਰ ਅਤੇ ਦੁਸ਼ਮਣੀ।

    24. ਤਦ ਉਸਨੇ ਮੂਸਾ ਘੱਲਿਆ
    ਜੋ ਉਹਦਾ ਬੰਦਾ ਸੀ,
    ਹਾਰੂਨ ਨੂੰ ਵੀ ਨਾਲ ਉਹਦੇ
    ਜੋ ਚੁਣਿਆ ਹੋਇਆ ਸੀ।

    25. ਨਿਸ਼ਾਨੀਆਂ ਵਿਖਾਈਆਂ,
    ਉਹਨਾਂ ਵਿੱਚ ਉਹਨਾਂ ਨੇ,
    ਹਾਮ ਦੀ ਜ਼ਮੀਨ ਵਿੱਚ
    ਉਹਨਾਂ ਵਿਖਾਏ ਮੁਆਜਜ਼ੇ।

    26. ਹਨੇਰਾ ਉਸਨੇ ਘੱਲਿਆ ਤੇ ਘੁੱਪ ਹਨੇਰਾ ਵੀ,
    ਨਾ ਕੀਤੀ ਨਾ–ਫਰਮਾਨੀ,
    ਫਿਰ ਉਹਦੇ ਹੁਕਮਾਂ ਦੀ।

    27. ਫਿਰ ਉਹਨਾਂ ਦਾ ਸਭ ਪਾਣੀ,
    ਲਹੂ ਬਣਾਇਆ ਸੀ,
    ਫ਼ਨਾਹ ਕਰ ਸੁੱਟੀ ਸਾਰੀ,
    ਫਿਰ ਮੱਛੀਆਂ ਉਹਨਾਂ ਦੀ।

    28. ਫਿਰ ਡੱਡੂਆਂ ਦੇ ’ਤੇ
    ਉਹ ਕਸਰਤ ਹੋਈ ਸੀ,
    ਤੇ ਉਹਨਾਂ ਨਾਲ ਸਭ ਭਰੇ,
    ਅਮੀਰਾਂ ਦੇ ਘਰ ਵੀ।

    29. ਫਰਮਾਇਆ ਸੀ ਜਦ ਉਸਨੇ,
    ਤਦ ਮੱਛਰ ਆਏ ਸਨ,
    ਤੇ ਮੱਖੀਆਂ ਅਤਿ ਹੋਈਆਂ,
    ਖੂਨ ਪੀਣ ਵਾਲੀਆਂ।

    30. ਫਿਰ ਮੀਂਹ ਦੇ ਬਦਲੇ ਰੱਬ ਨੇ,
    ਗੜਾ ਵਰ੍ਹਾਇਆ ਸੀ,
    ਉਸ ਧਰਤੀ ਉੱਤੇ ਘੱਲੀ,
    ਫਿਰ ਬਿਜਲੀ ਸ਼ਿੱਦਤ ਦੀ।

    31. ਅੰਜੀਰਾਂ ਉੱਜੜ ਗਈਆਂ,
    ਤੇ ਬਾਗ਼ ਅੰਗੂਰਾਂ ਦੇ,
    ਪੁੱਟ ਸੁੱਟੇ ਮੁੱਢੋਂ ਮੂਲੋਂ,
    ਦਰਖ਼ਤ ਸਭ ਉਹਨਾਂ ਦੇ।

    32. ਫਰਮਾਇਆ ਸੀ ਜਦ ਉਸਨੇ,
    ਤਦ ਆਈਆਂ ਟਿੱਡੀਆਂ,
    ਤੇ ਮੱਕੜੀਆਂ ਦੀਆਂ ਫ਼ੌਜਾਂ,
    ਅੰਨ ਉੱਤੇ ਉੱਤਰੀਆਂ।

    33. ਚੱਟ ਕੀਤੀ ਉਹਨਾਂ ਸਾਰੀ,
    ਹਰਿਆਵਲ ਧਰਤੀ ਦੀ,
    ਜੋ ਖੇਤਾਂ ਦੇ ਵਿੱਚ ਉੱਗਿਆ,
    ਉਹ ਵੀ ਚੱਟ ਕੀਤਾ ਸੀ।

    34. ਪਲੇਠੀ ਦੇ ਸਭ ਬੱਚੇ,
    ਮਾਰੇ ਖ਼ੁਦਾਵੰਦ ਨੇ,
    ਫਲ਼ ਉਹਨਾਂ ਦੇ ਸਨ ਪਹਿਲੇ,
    ਜੋ ਸਾਰੀ ਕੁੱਵਤ ਦੇ।

  • ---

    35. ਲੈ ਆਇਆ ਇਸਰਾਏਲੀ ਸਭ
    ਉਹ ਜ਼ਰ ਦੇ ਨਾਲ ਮਾਲਾਮਾਲ,
    ਨਾ ਉਹਨਾਂ ਵਿੱਚ ਸੀ ਕੋਈ ਵੀ
    ਜੋ ਹੋ ਕਮਜ਼ੋਰ ਤੇ ਕੰਗਾਲ।

    36. ਜਦ ਇਸਰਾਏਲੀ ਨਿਕਲੇ ਸਨ
    ਤਦੋਂ ਖ਼ੁਸ਼ ਹੋਏ ਸਭ ਮਿਸਰੀ,
    ਕਿ ਉਹਨਾਂ ਉੱਤੇ ਹੈਬਤ
    ਪੈ ਗਈ ਸੀ ਡਾਢੀ ਉਹਨਾਂ ਦੀ।

    37. ਕਿ ਬੱਦਲ ਰੱਬ ਨੇ ਰੱਖਿਆ
    ਉਹਨਾਂ ਉੱਤੇ, ਵਾਸਤੇ ਛਾਂ ਦੇ,
    ਤੇ ਅੱਗ ਦਾ ਥੰਮ੍ਹ ਕਿ ਹੋਵੇ
    ਰਾਤੀਂ ਚਾਨਣ ਉਹਨਾਂ ਦੇ ਅੱਗੇ।

    38. ਜਦ ਉਹਨਾਂ ਮੰਗਿਆ ਘੱਲੇ
    ਤਦੋਂ ਰੱਬ ਨੇ ਬਟੇਰੇ ਵੀ,
    ਤੇ ਰੋਟੀ ਅਸਮਾਨੀ ਨਾਲ
    ਉਹਨਾਂ ਨੂੰ ਰਜਾਇਆ ਸੀ।

    39. ਚਟਾਨ ਨੂੰ ਜਦ ਚੀਰਿਆ
    ਤਦ ਨਿਕਲਿਆ ਸੀ ਪਾਣੀ,
    ਉੱਛਲ ਕੇ ਨਿਕਲਿਆ, ਤੇ ਸੁੱਕੀ ਧਰਤੀ ਉੱਤੇ
    ਵਗ ਪਏ ਸਨ ਪਾਣੀ ਦੇ ਨਾਲੇ।

    40. ਕਲਾਮ–ਏ–ਪਾਕ ਆਪਣਾ
    ਤਦ ਖ਼ੁਦਾ ਨੇ ਯਾਦ ਫਰਮਾਇਆ,
    ਤੇ ਅਬਰਾਹਾਮ ਆਪਣਾ
    ਪਿਆਰਾ ਬੰਦਾ ਯਾਦ ਵੀ ਕੀਤਾ।

    41. ਖ਼ੁਸ਼ੀ ਦੇ ਨਾਲ ਆਪਣੀ ਸਾਰੀ
    ਉੱਮਤ ਕੱਢ ਲੈ ਆਇਆ ਸੀ,
    ਖ਼ੁਸ਼ੀ ਦੇ ਨਾਲ ਰੱਬ ਨੇ
    ਆਪਣੇ ਲੋਕਾਂ ਨੂੰ ਬਚਾਇਆ ਸੀ।

    42. ਖ਼ੁਦਾ ਨੇ ਗ਼ੈਰ ਕੌਮਾਂ ਦੀ
    ਜ਼ਮੀਨ ਤਦ ਉਹਨਾਂ ਨੂੰ ਦਿੱਤੀ,
    ਤੇ ਕੌਮਾਂ ਦੀ ਕਮਾਈ ਹੋ ਗਈ
    ਮਿਰਾਸ ਉਹਨਾਂ ਦੀ।

    43. ਖ਼ੁਦਾਵੰਦ ਦੀ ਸ਼ਰੀਅਤ ਯਾਦ ਰੱਖਣ
    ਦਿਲ ਤੋਂ ਉਹ ਸਾਰੇ,
    ਪਛਾਨਣ ਹੱਕ ਖ਼ੁਦਾਵੰਦ ਦਾ,
    ਖ਼ੁਦਾਵੰਦ ਦੀ ਸਨਾ ਹੋਵੇ।

  • ---

    1. ਕਰੋ ਸ਼ੁਕਰ–ਓ–ਸਨਾ ਤੁਸੀਂ ਰੱਬ ਦੀ,
    ਉਹ ਹੈ ਭਲਾ ਤੇ ਰਹਿਮ ਉਹਦਾ ਅਬਦੀ।

    2. ਕਿਹੜਾ ਕੁਦਰਤ ਉਹਦੀ ਨੂੰ ਸੁਣਾਵੇ,
    ਕਿਹੜਾ ਉਹਦੀਆਂ ਸਿਫ਼ਤਾਂ ਬਤਾਵੇ?

    3. ਧੰਨ ਰੱਖਣ ਨਿਆਂ ਯਾਦ ਜਿਹੜੇ,
    ਸਦਾ ਕਰਦੇ ਰਹੇ ਕੰਮ ਚੰਗੇਰੇ।

    4. ਯਾਦ ਕਰਕੇ ਕਰੀਂ ਮਿਹਰ,
    ਰੱਬਾ ਜੋ ਤੂੰ ਆਪਣੇ ਲੋਕਾਂ ਉੱਤੇ ਕਰਦਾ।

    5. ਆਪਣੀ ਮੁਕਤੀ ਤੂੰ ਦੇ, ਯਾ ਇਲਾਹੀ,
    ਤੇਰੇ ਲੋਕਾਂ ਦੀ ਵੇਖਾਂ ਭਲਾਈ।

    6. ਤੇਰੀ ਕੌਮ ਦੀ ਖ਼ੁਸ਼ੀ, ਖ਼ੁਸ਼ੀ ਮੇਰੀ,
    ਮਾਣ ਕਰਾਂ ਮਿਰਾਸ ਉੱਤੇ ਤੇਰੀ।

  • ---

    7. ਅਸਾਂ ਆਪਣੇ ਪਿਓ ਦਾਦਿਆਂ ਨਾਲ ਮਿਲਕੇ,
    ਗ਼ੁਨਾਹ ਹੱਦੋਂ ਬਾਹਰ ਅਤੇ ਬੇਅੰਤ ਕੀਤੇ।

    8. ਨਾ ਸਮਝ ਉਹਨਾਂ ਨੂੰ ਤੇਰੀ ਕੁਦਰਤ ਦੀ ਆਈ,
    ਤੇ ਕਸਰਤ ਤੇਰੀ ਰਹਿਮਤਾਂ ਦੀ ਭੁਲਾਈ।

    9. ਉਹ ਸਭ ਹੋਏ ਦਰਿਆ–ਏ–ਕੁਲਜ਼ਮ, ਤੇ ਬਾਗ਼ੀ,
    ਤੂੰ ਏਂ ਮੁੜਕੇ ਉਹਨਾਂ ਨੂੰ ਦਿੱਤੀ ਰਿਹਾਈ।

    10. ਕਿ ਤਾਂ ਆਪਣੀ ਕੁਦਰਤ ਵਿਖਾਵੇਂ ਖ਼ੁਦਾਇਆ,
    ਤੂੰ ਧਮਕਾ ਕੇ ਕੁਲਜ਼ਮ ਦਾ ਦਰਿਆ ਸੁਖਾਇਆ।

    11. ਤੂੰ ਡੂੰਘਿਆਈਆਂ ਤੋਂ ਪਾਰ ਐਸੇ ਲੰਘਾਏ,
    ਕਿ ਜਿਓਂ ਜੰਗਲਾਂ ਤੋਂ ਕੋਈ ਲੰਘਦਾ ਜਾਏ।

    12. ਤੂੰ ਏ ਉਹਨਾਂ ਨੂੰ ਦੂਤੀਆਂ ਤੋਂ ਬਚਾਇਆ,
    ਤੇ ਦੁਸ਼ਮਣ ਦੇ ਕਾਬੂ ਤੋਂ ਤੂੰ ਏ ਛੁਡਾਇਆ।

    13. ਛੁਪਾ ਲਏ ਪਾਣੀ ਨੇ ਉਹਨਾਂ ਦੇ ਵੈਰੀ,
    ਨਾ ਬਚਿਆ ਸੀ ਉਹਨਾਂ ਦੇ ਵਿੱਚੋਂ ਕੋਈ ਵੀ।

    14. ਤਦ ਉਹ ਉਸਦੀਆਂ ਗੱਲਾਂ ’ਤੇ ਇਮਾਨ ਲੈ ਆਏ,
    ਖ਼ੁਦਾਵੰਦ ਦੀ ਤਾਰੀਫ਼ ਦੇ ਗੀਤ ਗਾਏ।

  • ---

    15. ਇਸਰਾਏਲੀ ਰੱਬ ਦੇ ਕੰਮ ਸਭ ਭੁੱਲ ਗਏ,
    ਨਾ ਸਲਾਹਾਂ ਉਹਦੀਆਂ ਤੱਕਦੇ ਰਹੇ।

    16. ਹਿਰਸ ਦੇ ਨਾਲ ਉਹਨਾਂ ਖਵਾਹਿਸ਼ ਕੀਤੀ ਸੀ,
    ਜੰਗਲਾਂ ਵਿੱਚ ਅਜ਼ਮਾਇਆ ਰੱਬ ਨੂੰ ਵੀ।

    17. ਕੀਤਾ ਮਤਲਬ ਪੂਰਾ ਰੱਬ ਨੇ ਉਹਨਾਂ ਦਾ,
    ਜ਼ੋਰ ਪਰ ਉਹਨਾਂ ਦੀ ਜਾਨ ਦਾ ਘੱਟ ਗਿਆ।

    18. ਮੂਸਾ ਤੇ ਹਾਰੂਨ ਦੇ ਨਾਲ, ਉਹਨਾਂ ਵੀ,
    ਖੈਮਾਗਾਹ ਵਿੱਚ ਕੀਤੀ ਡਾਢੀ ਦੁਸ਼ਮਣੀ।

    19. ਤਦ ਜ਼ਮੀਨ ਪਾਟੀ ਤੇ ਦਾਥਾਨ ਨਿਗਲਿਆ,
    ਟੋਲੀ ਨੂੰ ਅਬੀਰਾਮ ਦੀ ਵੀ ਢੱਕ ਲਿਆ।

    20. ਉਹਨਾਂ ਦੀ ਸਭ ਮੰਡਲੀ ਨੂੰ ਅੱਗ ਖਾ ਗਈ,
    ਭਸਮ ਕੀਤੇ ਲੰਬਾਂ ਨੇ ਬਦਕਾਰ ਵੀ।

    21. ਉਹਨਾਂ ਨੇ ਵੱਛੇ ਦੀ ਮੂਰਤ ਢਾਲ ਕੇ,
    ਸਿਜਦਾ ਕੀਤਾ ਉਹਨਾਂ ਵਿੱਚ ਹੋਰੇਬ ਦੇ।

    22. ਬਦਲਿਆ ਰੱਬ ਆਪਣੇ ਦਾ ਉਹਨਾਂ ਜਲਾਲ,
    ਘਾਹ ਦੇ ਖਾਣ ਵਾਲੇ ਡੰਗਰ ਬੈਲ ਨਾਲ।

    23. ਉਹ ਸਭ ਆਪਣੇ ਰੱਬ ਨੂੰ ਛੇਤੀ ਭੁੱਲ ਗਏ,
    ਮਿਸਰ ਦੇ ਵਿੱਚ ਜਿਸਨੇ ਉਹਨਾਂ ਵਾਸਤੇ।

    24. ਵੱਡੇ ਵੱਡੇ ਸਾਫ਼ ਵਿਖਲਾ ਕੇ ਨਿਸ਼ਾਨ,
    ਉਹਨਾਂ ਨੂੰ ਲੈ ਆਇਆ ਬਾ ਅਮਨ–ਓ–ਅਮਾਨ।

    25. ਹਾਮ ਦੀ ਧਰਤੀ ਦੇ ਵਿੱਚ ਕੁਲਜ਼ਮ ’ਤੇ ਵੀ
    ਕੰਮ ਅਜਾਇਬ ਰੱਬ ਨੇ ਸਭ ਵਿਖਲਾਏ ਸੀ।

    26. ਰੱਬ ਨੇ ਫਰਮਾਇਆ, ਕਰਾਂਗਾ ਮੈਂ ਫ਼ਨਾਹ,
    ਜਿਨ੍ਹਾਂ ਨੇ ਕੰਮ ਮੇਰੇ ਸਭ ਦਿੱਤੇ ਭੁਲਾ।

    27. ਮੂਸਾ ਚੁਣਿਆ ਹੋਇਆ ਬੰਦਾ ਰੱਬ ਦਾ,
    ਵਿੱਚ ਦਰਾਂ ਹੋ ਗਿਆ ਆਪੀ ਖੜ੍ਹਾ।

    28. ਤਾਂ ਕਿ ਰੋਕੇ ਉਹ ਖ਼ੁਦਾਵੰਦ ਦਾ ਗ਼ਜ਼ਬ
    ਨਾਸ਼ ਹੋ ਜਾਵੇ ਨਾ ਇਸਰਾਏਲ ਸਭ।

    29. ਧਰਤੀ ਤੁੱਛ ਜਾਤੀ ਜੋ ਸੀ ਮਨਭਾਉਣੀ,
    ਉਹਨਾਂ ਨੇ ਗੱਲ ਰੱਬ ਦੀ ਨਹੀਂ ਸੁਣੀ ਸੀ।

    30. ਕੁੜਕੁੜਾਏ ਆਪਣੇ ਤੰਬੂਆਂ ਵਿੱਚ ਤਮਾਮ,
    ਸੁਣਿਆ ਦਿਲ ਲਾ ਕੇ ਨਾ ਰੱਬ ਹੀ ਦਾ ਕਲਾਮ।

    31. ਤਦ ਖ਼ੁਦਾ ਨੇ ਹੱਥ ਲਿਆ ਆਪਣਾ ਉਠਾ,
    ਉਹਨਾਂ ਨੂੰ ਜੰਗਲ ਦੇ ਵਿੱਚ ਤਾਂ ਦੇ ਡਿਗਾ।

    32. ਨਸਲ ਕੌਮਾਂ ਵਿੱਚ ਡਿਗਾਵੇ ਉਹਨਾਂ ਦੀ,
    ਮੁਲਕਾਂ ਵਿੱਚ ਫਿਰਦੇ ਰਹੇ ਆਵਾਰਾ ਵੀ।

    33. ਬਾਲ ਨੂੰ ਉੱਥੇ ਸੀ ਉਹਨਾਂ ਪੂਜਿਆ,
    ਮੁਰਦੇ ਦੀ ਕੁਰਬਾਨੀਆਂ ਨੂੰ ਖਾ ਲਿਆ।

    34. ਉਹਨਾਂ ਨੇ ਜਦ ਰੱਬ ਨੂੰ ਗੁੱਸੇ ਕੀਤਾ ਸੀ,
    ਉਹਨਾਂ ਵਿੱਚ ਫੁੱਟ ਨਿਕਲੀ ਤਦ ਡਾਢੀ ਮਰੀ।

    35. ਉੱਠ ਕੇ ਤਦ ਫਿਨੀਹਾਸ ਨੇ ਕੀਤਾ ਨਿਆਂ,
    ਓਸ ਵਬਾਅ ਦਾ ਨਾ ਰਿਹਾ, ਕੁਝ ਵੀ ਨਿਸ਼ਾਨ।

    36. ਇਹ ਸੱਚਿਆਈ ਉਹਦੇ ਨਾਂ ਲਾਈ ਗਈ,
    ਪੀੜ੍ਹੀ ਦਰ ਪੀੜ੍ਹੀ ਹਮੇਸ਼ਾ ਤੀਕ ਵੀ।

    37. ਫਿਰ ਮਰੀਬਾਹ ਉੱਥੇ ਕੀਤਾ ਗੁੱਸੇਵਾਰ,
    ਉਹਨੂੰ ਇਸਰਾਏਲੀਆਂ ਨੇ ਹੋ ਨਿਡਰ।

    38. ਇਸ ਸਬੱਬ ਤੋਂ ਮੂਸਾ ਦਾ ਹੋਇਆ ਜ਼ਿਆਨ,
    ਕਿਉਂ ਜੋ ਉਹਨਾਂ ਨੇ ਸਤਾਈ ਉਹਦੀ ਜਾਨ।

    39. ਨਾਮੁਨਾਸਿਬ ਬਾਤ ਮੂਸਾ ਨੇ ਕਹੀ,
    ਉਹਦੀ ਰੂਹ ਨਰਾਜ਼ ਉਹਨਾਂ ਕੀਤੀ ਸੀ।

  • ---

    40. ਨਾ ਇਸਰਾਏਲ ਨੇ ਉਹ ਕੌਮਾਂ ਕੀਤੀਆਂ ਬਰਬਾਦ,
    ਜਿਨ੍ਹਾਂ ਦੇ ਲਈ ਖ਼ੁਦਾਵੰਦ ਵੀ ਹੋਇਆ ਸੀ ਇਰਸ਼ਾਦ।

    41. ਸਗੋਂ ਤੇ ਰੱਖਿਆ ਸੀ ਮੇਲ ਉਹਨਾਂ ਗ਼ੈਰ–ਕੌਮਾਂ ਨਾਲ,
    ਤੇ ਸਿੱਖੇ ਉਹਨਾਂ ਦੇ ਕੰਮ ਨਾਲੇ ਪੂਜੇ ਬੁੱਤ ਤੇ ਬਾਲ।

    42. ਇਹ ਬੁੱਤਪ੍ਰਸਤੀ ਤੇ ਉਹਨਾਂ ਦੇ ਲਈ ਫੰਦਾ ਹੋਈ,
    ਤੇ ਬੇਟੇ–ਬੇਟੀਆਂ ਉਹਨਾਂ ਚੜ੍ਹਾਏ ਕੁਰਬਾਨੀ।

    43. ਕਿ ਖੂਨ ਕੀਤਾ ਸੀ ਉਹਨਾਂ ਨੇ ਬੇ–ਗ਼ੁਨਾਹਾਂ ਦਾ,
    ਬੁੱਤਾਂ ਦੇ ਅੱਗੇ ਜਦੋਂ ਬੱਚਿਆਂ ਨੂੰ ਜ਼ਬਾਹ ਕੀਤਾ।

    44. ਚੜ੍ਹਾਏ ਬੱਚੇ ਜੋ ਕਨਾਨ ਦੇ ਬੁੱਤਾਂ ਅੱਗੇ,
    ਜ਼ਮੀਨ ਹੋ ਗਈ ਨਾਪਾਕ ਨਾਲ ਲਹੂ ਦੇ।

    45. ਅਜਿਹਾ ਕੰਮਾਂ ਤੋਂ ਨਾਪਾਕ ਠਹਿਰੇ ਅਤਿ ਲਾਚਾਰ,
    ਕਿ ਆਪਣੀਆਂ ਭੈੜੀਆਂ ਕਰਤੂਤਾਂ ਤੋਂ ਹੋਏ ਬਦਕਾਰ।

    46. ਖ਼ੁਦਾ ਦਾ ਗੁੱਸਾ ਤਦੋਂ ਉਹਨਾਂ ਉੱਤੇ ਭੜਕਿਆ ਸੀ,
    ਕਿ ਨਫ਼ਰਤ ਓਸ ਨੇ ਮਿਰਾਸ ਆਪਣੀ ਤੋਂ ਕੀਤੀ।

    47. ਸੋ ਕੀਤਾ ਉਹਨਾਂ ਨੂੰ ਗ਼ੈਰਾਂ ਦੇ ਕਬਜ਼ੇ ਵਿੱਚ ਰੱਬ ਨੇ,
    ਤੇ ਮਾਲਿਕ ਉਹਨਾਂ ’ਤੇ ਵੀ ਹੋਏ ਵੈਰੀ ਉਹਨਾਂ ਦੇ।

    48. ਸੋ ਦੁਸ਼ਮਣਾਂ ਨੇ ਬਹੁਤ ਉਹਨਾਂ ਨੂੰ ਸਤਾਇਆ ਸੀ,
    ਸੋ ਆਜਿਜ਼ ਹੋ ਕੇ ਉਹਨਾਂ ਮੰਨੀ ਉਹਨਾਂ ਦੀ ਮਰਜ਼ੀ।

    49. ਛੁਡਾਏ ਸਨ ਖ਼ੁਦਾਵੰਦ ਨੇ ਉਹ ਕਈ ਵਾਰੀ,
    ਪਰ ਉਹਨਾਂ ਦਿੱਤੀ ਖ਼ੁਦਾਵੰਦ ਨੂੰ ਅਤਿ ਅਵਾਜਾਰੀ।

    50. ਸਲਾਹਾਂ ਉਹਨਾਂ ਦੀਆਂ ਤੋਂ ਨਾਰਾਜ਼ ਹੋਇਆ ਰੱਬ,
    ਸੋ ਨੀਚ ਕੀਤੇ ਗਏ ਆਪਣੀ ਹੀ ਬਦੀ ਦੇ ਸਬੱਬ।

    51. ਜਦੋਂ ਉਹ ਮੁੜਕੇ ਖ਼ੁਦਾਵੰਦ ਦੇ ਅੱਗੇ ਚਿੱਲਾਏ,
    ਤੇ ਨਜ਼ਰ ਮਿਹਰ ਦੀ ਤਦ ਓਸ ਨੇ ਕੀਤੀ ਉਹਨਾਂ ’ਤੇ।

    52. ਤੇ ਅਹਿਦ ਆਪਣਾ ਤਦੋਂ ਉਸ ਨੇ ਯਾਦ ਫਰਮਾਇਆ,
    ਤੇ ਆਪਣੀ ਰਹਿਮਤਾਂ ਦੇ ਨਾਲ ਸੀ ਉਹ ਪਛਤਾਇਆ।

    53. ਹਾਂ ਗ਼ੈਰ–ਕੌਮਾਂ ਨੂੰ ਉਹਨਾਂ ’ਤੇ ਕੀਤਾ ਮਿਹਰਬਾਨ,
    ਕਿ ਜਿਹੜੇ ਉਹਨਾਂ ਨੂੰ ਕੈਦੀ ਬਣਾਕੇ ਲੈ ਗਏ ਸਨ।

  • ---

    54. ਅਸਾਡੇ ਪਾਕ ਖ਼ੁਦਾਵੰਦ ਖ਼ੁਦਾ ਅਸਾਨੂੰ ਛੁਡਾ,
    ਤੇ ਗ਼ੈਰ-ਕੌਮਾਂ ਦੇ ਵਿੱਚੋਂ ਅਸਾਨੂੰ ਕੱਢ ਕੇ ਲੈ ਆ।

    55. ਤਾਂ ਸ਼ੁਕਰ ਕਰੀਏ ਤੇਰੇ ਪਾਕ ਨਾਂ ਦਾ ਮਿਲਕੇ,
    ਤੇ ਮਾਣ ਕਰੀਏ ਤੇਰੀ ਉਸਤਤਾਂ ਵੀ ਗਾ-ਗਾ ਕੇ।

    56. ਖ਼ੁਦਾ-ਏ-ਪਾਕ ਜੋ ਹੈ ਇਸਰਾਏਲੀਆਂ ਦਾ ਖ਼ੁਦਾ,
    ਸ਼ੁਰੂ ਤੋਂ ਲੈ ਕੇ ਮੁਬਾਰਿਕ ਹੋ ਉਹਦਾ ਨਾਂ ਸਦਾ।

    57. ਤੇ ਸਾਰੇ ਲੋਕੀ ਆਖਣ ਇਹ ਮਿਲਕੇ ਨਾਲ ਯਕੀਨ,
    ਖ਼ੁਦਾ ਦੇ ਨਾਂ ਦੀ ਤਾਰੀਫ਼ ਹੋਵੇ, ਹਾਂ, ਆਮੀਨ।

  • ---

    1. ਤੁਸੀਂ ਖ਼ੁਦਾ ਦੀ ਕਰੋ ਸ਼ੁਕਰਗੁਜ਼ਾਰੀ, ਹਾਂ,
    ਉਹ ਭਲਾ, ਰਹਿਮ ਉਹਦਾ ਹੈ ਓੜਕ ਤੋੜੀ, ਹਾਂ।

    2. ਰੱਬ ਦੇ ਜੋ ਹਨ ਛੁਡਾਏ, ਰਹਿਮ ਉਹਦਾ ਜਾਣਦੇ ਉਹ,
    ਉਹ ਦੁਸ਼ਮਣ ਤੋਂ ਬਚਾਏ, ਉਹਨੂੰ ਪਛਾਣਦੇ ਉਹ।

    3. ਸਭ ਕਰਦਾ ਹੈ ਇਕੱਠੇ, ਸਾਰੀਆਂ ਜ਼ਮੀਨਾਂ ਵਿੱਚੋਂ,
    ਲਹਿੰਦੇ ਤੇ ਚੜ੍ਹਦੇ ਦੱਖਣੋਂ, ਪਹਾੜੋਂ ਵੀ ਹੋਣ ਜਿੱਥੋਂ।

    4. ਜੰਗਲ ਤੇ ਵਿੱਚ ਵਿਰਾਨੇ, ਉਹਨਾਂ ਨੂੰ ਰਾਹ ਨਾ ਲੱਭੇ,
    ਨਾ ਸ਼ਹਿਰ ਕੋਈ ਲੱਭਦਾ, ਮਿਲ ਜਿੱਥੇ ਰਹਿਣ ਸਭੇ।

    5. ਭੁੱਖੇ–ਤਿਹਾਏ ਹੋਏ, ਗਸ਼ ਜਾਨ ਹੈ ਖਾਂਦੀ ਜਾਵੇ,
    ਤੰਗੀ ਵਿਚ ਰੱਬ ਨੂੰ ਸੱਦਦੇ, ਦੁੱਖਾਂ ਤੋਂ ਉਹ ਛੁਡਾਵੇ।

    6. ਰੱਬ ਸਿੱਧੇ ਰਾਹ ਚਲਾਵੇ, ਸ਼ਹਿਰੀਂ ਉਹ ਲਾਂਦੇ ਡੇਰਾ,
    ਉਹਦੇ ਅਚਰਜ ਕੰਮਾਂ ਰਹਿਮਤ ਦਾ ਕਰਨ ਜਿਹੜਾ।

    7. ਜਾਨ ਤਰਸਦੀ ਹੋਈ ਨੂੰ, ਉਸੇ ਨੇ ਹੈ ਰਜਾਇਆ,
    ਭੁੱਖੇ ਨੂੰ ਨਾਲ ਖੂਬੀ ਹੈ ਉਸ ਨੇ ਖ਼ੁਸ਼ ਕਰਾਇਆ।

  • ---

    8. ਨਾ ਮੰਨਿਆ ਸੀ ਜਿਨ੍ਹਾਂ ਨੇ ਹੁਕਮ-ਏ-ਖ਼ੁਦਾ,
    ਨਾ ਕੀਤੀ ਕੁਝ ਉਹਦੀ ਸਲਾਹ ਦੀ ਪਰਵਾਹ।

    9. ਹਨੇਰੇ ਦੇ ਵਿਚ, ਸਾਏ ਵਿਚ ਮੌਤ ਦੇ,
    ਮੁਸੀਬਤ ਦੇ ਲੋਹੇ ਨਾਲ ਜਕੜੇ ਗਏ।

    10. ਉਹ ਤੰਗੀ ਵਿਚ ਹੋਏ ਅਤਿ ਆਜਿਜ਼ ਲਾਚਾਰ,
    ਉਹ ਡਿੱਗੇ, ਤੇ ਉੱਠਿਆ ਨਾ ਇੱਕ ਮਦਦਗਾਰ।

    11. ਜਦ ਰੱਬ ਅੱਗੇ ਕੀਤੀ ਸੀ ਦੁੱਖ ਵਿੱਚ ਫਰਿਆਦ,
    ਤਦ ਉਹਨਾਂ ਨੂੰ ਕੀਤਾ ਖ਼ੁਦਾ ਨੇ ਆਜ਼ਾਦ।

    12. ਹਨੇਰੇ ਤੇ ਮੌਤ ਦੀ ਪਰਛਾਈਂ ਤੋਂ ਵੀ,
    ਖਲਾਸੀ ਰੱਬ ਉਹਨਾਂ ਨੂੰ ਆਪ ਬਖ਼ਸ਼ੀ ਸੀ।

    13. ਹਾਂ ਤੋੜ ਸੁੱਟੇ ਉਹਨਾਂ ਦੇ ਬੰਧਨ ਤਮਾਮ,
    ਸੋ ਝੁੱਕ ਕੇ ਲੈਣ ਉਹ ਖ਼ੁਦਾਵੰਦ ਦਾ ਨਾਮ।

    14. ਖ਼ੁਦਾਵੰਦ ਦੀ ਰਹਿਮਤ ਦੀ ਗਾਵਾਂ ਸਨਾ,
    ਅਜਾਇਬ ਕੰਮ ਉਹਦੇ ਸੁਣਾਵਾਂ ਸਦਾ।

    15. ਕਿ ਰੱਬ ਤੋੜੇ ਪਿੱਤਲ ਦੇ ਬੂਹੇ ਤਮਾਮ,
    ਤੇ ਵੱਢ ਸੁੱਟੇ ਲੋਹੇ ਦੇ ਬਿੰਦੇ ਤਮਾਮ।

  • ---

    16. ਮੂਰਖ ਆਪਣੇ ਉੱਤੇ ਆਪ ਦੁੱਖ ਲੈ ਆਉਂਦਾ ਕਰਕੇ ਪਾਪ,
    ਭੈੜੀ ਚਾਲ ਉਹ ਚੱਲਦਾ ਹੈ, ਭੈੜੇ ਕੰਮ ਉਹ ਕਰਦਾ ਹੈ।

    17. ਹਰ ਇੱਕ ਭੋਜਨ ਖਾਣ ਤੋਂ ਵੀ ਉਹਨਾਂ ਦਾ ਘਿਣ ਕਰਦਾ ਜੀ,
    ਉਹ ਤੇ ਹੁਣ ਆ ਪਹੁੰਚੇ ਸੀ, ਨੇੜੇ ਮੌਤ ਦੇ ਬੂਹਿਆਂ ਦੇ।

    18. ਉਹ ਉਸ ਦੁੱਖ ਦੇ ਦਰਮਿਆਨ ਰੱਬ ਅੱਗੇ ਚਿੱਲਾਏ ਸਨ,
    ਦੁੱਖਾਂ ਤੋਂ ਜਾਨ ਉਹਨਾਂ ਦੀ ਰੱਬ ਨੇ ਆਪ ਛੁਡਾਈ ਸੀ।

    19. ਆਪਣਾ ਘੱਲਦਾ ਹੈ ਕਲਾਮ ਚੰਗਾ ਕਰਦਾ ਹੈ ਤਮਾਮ,
    ਦੁੱਖਾਂ ਤੋਂ ਛੁਡਾਂਦਾ ਹੈ ਨਾਸ਼ ਹੋਣ ਤੋਂ ਬਚਾਂਦਾ ਹੈ।

    20. ਰਹਿਮਤ ਕਰਦਾ ਹੈ ਖ਼ੁਦਾ ਉਹ ਸ਼ੁਕਰਾਨੇ ਕਰਨ ਅਦਾ,
    ਆਦਮ ਲਈ ਬੇਸ਼ੁਮਾਰ ਕਰਦਾ ਹੈ ਅਜਾਇਬ ਕਾਰ।

    21. ਸ਼ੁਕਰ ਦੇ ਜ਼ਬੀਹ ਗੁਜ਼ਰਾਨ ਉਹਦੇ ਹੋਵਣ ਸਨਾਖ਼ਵਾਂ,
    ਉਹਦੇ ਸਭ ਅਜਾਇਬ ਕਾਰ ਖ਼ੁਸ਼ੀ ਦੇ ਨਾਲ ਕਰਨ ਇਜ਼ਹਾਰ।

  • ---

    22. ਜੋ ਸੈਰ ਕਰਦੇ ਸਮੁੰਦਰ ਦੇ ਵਿੱਚ ਜਹਾਜ਼ਾਂ ਦੇ,
    ਤੇ ਵੱਡੇ ਪਾਣੀਆਂ ਵਿੱਚ ਕਾਰੋਬਾਰ ਹਨ ਕਰਦੇ।

    23. ਖ਼ੁਦਾ ਦੇ ਹੱਥਾਂ ਦੀ ਡਾਢੀ ਅਜੀਬ ਕਾਰੀਗਰੀ,
    ਉਹ ਸਾਫ਼ ਵੇਖਦੇ ਡੂੰਘਿਆਈ ਵਿੱਚ ਸਮੁੰਦਰ ਦੇ।

    24. ਹਵਾ ਤੂਫ਼ਾਨੀ ਉਹਦੇ ਹੁਕਮ ਨਾਲ ਚੱਲਦੀ ਹੈ,
    ਸਮੁੰਦਰਾਂ ਦੀਆਂ ਲਹਿਰਾਂ ਨੂੰ ਉੱਚਾ ਕਰਦੀ ਹੈ।

    25. ਆਕਾਸ਼ ਉੱਤੇ ਉਹ ਚੜ੍ਹਦੇ ਤੇ ਹੇਠਾਂ ਜਾਂਦੇ ਹਨ,
    ਤੇ ਆਪਣੀ ਜਾਨ ਨੂੰ ਦੁੱਖਾਂ ਦੇ ਵਿੱਚ ਗਲਾਂਦੇ ਹਨ।

    26. ਉਹ ਡਗਮਗਾਂਦੇ ਹਨ ਜਿਉਂ ਡਗਮਗਾਵੇ ਮਤਵਾਲਾ ,
    ਤੇ ਜਾਂਦਾ ਰਹਿੰਦਾ ਹੈ ਸਭ ਇਲਮ–ਓ–ਫਹਿਮ ਉਹਨਾਂ ਦਾ।

    27. ਜਦੋਂ ਉਹ ਕਰਦੇ ਖ਼ੁਦਾ ਅੱਗੇ ਤੰਗੀ ਵਿੱਚ ਫਰਿਆਦ,
    ਤਦੋਂ ਉਹ ਕਰਦਾ ਉਹਨਾਂ ਨੂੰ ਦੁੱਖਾਂ ਤੋਂ ਆਜ਼ਾਦ।

    28. ਹਨੇਰੇ ਨੂੰ ਉਹ ਥਮਾਂਦਾ ਤੇ ਮੌਜਾਂ ਕਰਦਾ ਬੰਦ,
    ਤਦ ਮਿਲਦਾ ਉਹਨਾਂ ਨੂੰ ਆਰਾਮ, ਹੁੰਦੇ ਓਹ ਖ਼ੁਰਸੰਦ।

    29. ਉਹ ਜਿੱਥੇ ਚਾਹੁੰਦੇ ਹਨ ਰੱਬ ਉਹਨਾਂ ਨੂੰ ਲਈ ਜਾਂਦਾ ਹੈ,
    ਤੇ ਠੀਕ ਥਾਂ ਉੱਤੇ ਉਹਨਾਂ ਨੂੰ ਉਹ ਪੁਚਾਂਦਾ ਹੈ।

    30. ਖ਼ੁਦਾ ਦੀ ਰਹਿਮਤਾਂ ’ਤੇ ਦਿਲ ਤੋਂ ਹੋਣ ਸ਼ੁਕਰਗੁਜ਼ਾਰ,
    ਜੋ ਕਰਦਾ ਹੈ ਬਨੀ–ਆਦਮ ਲਈ ਅਜਾਇਬ ਕਾਰ।

    31. ਉਹ ਲੋਕਾਂ ਸਾਹਮਣੇ ਗਾਵਣ ਖ਼ੁਦਾ ਦੀ ਵਡਿਆਈ,
    ਬਜ਼ੁਰਗਾਂ ਸਾਹਮਣੇ ਤਾਰੀਫ਼ ਉਹਦੇ ਕੰਮਾਂ ਦੀ।

  • ---

    32. ਵਗਦੀਆਂ ਨਹਿਰਾਂ ਨੂੰ ਰੱਬ ਪਲ ਵਿੱਚ
    ਜੰਗਲ ਸਾਫ਼ ਬਣਾਂਦਾ ਹੈ,
    ਪਾਣੀ ਦੇ ਉਹ ਸੋਤਿਆਂ ਨੂੰ ਵੀ
    ਇੱਕ ਦਮ ਵਿੱਚ ਸੁਕਾਂਦਾ ਹੈ।

    33. ਇੱਕ ਦਮ ਵਿੱਚ ਬਣਾਂਦਾ ਬੰਜਰ
    ਜੋ ਜ਼ਮੀਨ ਹੋ ਮੇਵੇਦਾਰ,
    ਕਿਉਂਕਿ ਉਸ ਵਿੱਚ ਪਾਪੀ ਰਹਿੰਦੇ
    ਬਦੀ ਕਰਦੇ ਹਨ ਬਦਕਾਰ।

    34. ਸੁੱਕੇ ਜੰਗਲ ਨੂੰ ਇੱਕ ਪਲ ਵਿੱਚ
    ਉਹ ਤੇ ਝੀਲ ਬਣਾਂਦਾ ਹੈ,
    ਸੁੱਕੀਆਂ ਥਾਵਾਂ ਵਿੱਚ ਉਹ ਸੋਤੇ
    ਪਾਣੀ ਦੇ ਵਗਾਂਦਾ ਹੈ।

    35. ਭੁੱਖਿਆਂ ਤੇ ਲਾਚਾਰਾਂ ਨੂੰ ਉਹ
    ਉੱਥੇ ਆਪ ਵਸਾਂਦਾ ਹੈ,
    ਉਹਨਾਂ ਕੋਲੋਂ ਰਹਿਣ ਦੇ ਲਈ
    ਸ਼ਹਿਰ ਤਿਆਰ ਕਰਾਂਦਾ ਹੈ।

    36. ਤਾਂ ਉਹ ਉੱਥੇ ਖੇਤੀ ਕਰਨ,
    ਵਾੜੀ ਲਾ ਅੰਗੂਰਾਂ ਦੀ,
    ਤਾਂ ਕਿ ਉੱਥੋਂ ਹਾਸਿਲ ਹੋਵੇ
    ਕਸਰਤ ਦੇ ਨਾਲ ਮੇਵੇ ਵੀ।

    37. ਉਹਨਾਂ ਨੂੰ ਜਦ ਦੇਂਦਾ ਬਰਕਤ ਤਦ
    ਉਹ ਬਹੁਤ ਹੋ ਜਾਂਦੇ ਹਨ,
    ਡੰਗਰ ਚੌਖਰ ਉਹਨਾਂ ਦੇ ਤਦ
    ਕੁਝ ਨਾ ਘੱਟ ਨਾ ਪਾਂਦਾ ਹੈ।

    38. ਫਿਰ ਉਹ ਮੁੜਕੇ ਹਨ ਘੱਟ ਜਾਂਦੇ,
    ਹੁੰਦੇ ਹਨ ਉਹ ਖੱਜਲ ਖਵਾਰ,
    ਦੁੱਖ, ਮੁਸੀਬਤ, ਜ਼ੁਲਮ ਦੇ ਮਾਰੇ,
    ਹੁੰਦੇ ਹਨ ਉਹ ਅਤਿ ਲਾਚਾਰ।

    39. ਕਰਦਾ ਹੈ ਅਮੀਰਾਂ ਨੂੰ ਉਹ
    ਖੱਜਲ ਖਵਾਰ ਤੇ ਬੇ–ਸਾਮਾਨ,
    ਭੁੱਲੇ ਭਟਕੇ ਫਿਰਦੇ ਰਹਿੰਦੇ,
    ਜੰਗਲ–ਜੰਗਲ ਬੀਆਬਾਨ।

    40. ਉਹ ਗ਼ਰੀਬਾਂ ਦੀ ਗ਼ਰੀਬੀ,
    ਰਹਿਮਤ ਨਾਲ ਹਟਾਉਂਦਾ ਹੈ,
    ਉਹਨਾਂ ਦੇ ਘਰਾਣੇ ਨੂੰ ਉਹ,
    ਗੱਲੇ ਵਾਂਗ ਵਧਾਉਂਦਾ ਹੈ।

    41. ਸਾਦਿਕ ਲੋਕ ਇਸ ਹਾਲ ਨੂੰ
    ਵੇਖ ਕੇ ਖ਼ੁਸ਼ੀਆਂ ਬਹੁਤ ਮਨਾਵਣਗੇ,
    ਪਰ ਬਦਕਾਰ ਸ਼ਰੀਰਾਂ ਦੇ
    ਮੂੰਹ ਤਦੋਂ ਬੰਦ ਹੋ ਜਾਵਣਗੇ।

    42. ਕਿਹੜਾ ਹੈ ਦਾਨਾ ਜੋ ਰੱਖੇ,
    ਇਹਨਾਂ ਗੱਲਾਂ ਉੱਤੇ ਧਿਆਨ,
    ਤਾਂ ਉਹ ਸਮਝਣ ਰੱਬ ਦੀ ਰਹਿਮਤ,
    ਜੋ ਬੇ–ਓੜਕ, ਬੇ–ਪਿਆਂ।

  • ---

    1. ਮਜ਼ਬੂਤ ਮੇਰਾ ਦਿਲ ਹੈ, ਸ਼ੌਕਤ ਦੇ ਨਾਲ ਗਾਵਾਂ,
    ਤਾਰੀਫ਼ ਆਪਣੇ ਰੱਬ ਦੀ, ਤੇ ਹਮਦ ਮੈਂ ਸੁਣਾਵਾਂ।

    2. ਬਰਬਤ ਤੇ ਬੀਨ ਜਾਗੇ, ਮੈਂ ਜਾਗਾਂਗਾ ਸਵੇਰੇ,
    ਕੌਮਾਂ ਤੇ ਉੱਮਤਾਂ ਦੇ ਵਿੱਚ, ਸ਼ੁਕਰਾਨੇ ਗਾਵਾਂ ਤੇਰੇ।

    3. ਵੱਡੀ ਤੇਰੀ ਹੈ ਰਹਿਮਤ ਅਸਮਾਨਾਂ ਤੋਂ ਵੀ ਉੱਚੀ,
    ਯਾ ਰੱਬ ਤੇਰੀ ਅਮਾਨਤ, ਹੈ ਬੱਦਲਾਂ ਤੀਕ ਪਹੁੰਚੀ।

    4. ਅਸਮਾਨਾਂ ਉੱਤੇ ਹੋ ਤੂੰ, ਉੱਚਾ ਮੇਰੇ ਖ਼ੁਦਾਇਆ,
    ਸਭ ਧਰਤੀ ਉੱਤੇ ਜ਼ਾਹਿਰ, ਹੋਵੇ ਜਲਾਲ ਤੇਰਾ।

  • ---

    5. ਯਾ ਰੱਬ ਆਪਣੇ ਪਿਆਰੇ ਲੋਕਾਂ ਨੂੰ ਤੂੰ ਦੁੱਖਾਂ ਤੋਂ ਛੁਡਾ,
    ਆਪਣਾ ਸੱਜਾ ਹੱਥ ਵਧਾ ਕੇ, ਦੇ ਖਲਾਸੀ, ਸੁਣ ਦੁਆ।

    6. ਆਖਿਆ ਪਾਕੀਜ਼ਗੀ ਵਿੱਚ ਰੱਬ ਨੇ, ਸੋ ਮੈਂ ਹਾਂ ਆਨੰਦ,
    ਮਿਣਾਂਗਾ ਘਾਟੀ ਸੁਕੋਤ ਦੀ ਸ਼ੇਕੇਮ ਨੂੰ ਵੰਡਾਂਗਾ।

    7. ਹੈ ਮੁਨਾਸੇ ਵੀ ਮੇਰਾ, ਤੇ ਮੇਰਾ ਹੈ ਗਿਲਿਆਦ ਵੀ,
    ਹੈ ਜੋ ਇਫ਼ਰਾਇਮ ਸੋ ਹੈ ਜ਼ੋਰ ਮੇਰੇ ਸਿਰ ਹੀ ਦਾ।

    8. ਇਹ ਯਹੂਦਾ ਮੇਰੀ ਖਾਤਿਰ ਸ਼ਰ੍ਹਾ ਦੇਣੇ ਵਾਲਾ ਹੈ,
    ਹੈ ਮਗਰ ਮੋਆਬ ਭਾਂਡਾ ਮੇਰੇ ਧੋਣੇ–ਧਾਣੇ ਦਾ।

    9. ਮੈਂ ਅਦੋਮ ਉੱਤੇ ਵਗ੍ਹਾ ਕੇ ਸੁੱਟਾਂ ਜੁੱਤੀ ਪੈਰਾਂ ਦੀ,
    ਮੈਂ ਫ਼ਲਿਸਤ ਉੱਤੇ ਖ਼ੁਸ਼ੀ ਨਾਲ ਨਾਅਰੇ ਮਾਰਾਂਗਾ।

  • ---

    ਮੈਨੂੰ ਕਿਹੜਾ ਰਾਹ ਵਿਖਾਵੇ ਪੱਕੇ ਸ਼ਹਿਰ ਅਦੋਮ ਪਹੁੰਚਾਵੇ?

    10. ਕਿਆ ਉਹ ਨਹੀਂ ਤੂੰੰ ਏਂ, ਜਿਸ ਨੇ ਸਾਨੂੰ ਦੂਰ ਹੈ ਕੀਤਾ?
    ਸਾਡੀ ਫੌਜਾਂ ਨਾਲ ਨਾ ਚੱਲਿਆ ਤੂੰ ਹੀ ਹੁਣ ਛੁਡਾ।

    11. ਤੰਗੀ ਵਿੱਚ ਕਰ ਮਦਦ ਅਸਾਡੀ, ਝੂਠੀ ਮਦਦ ਹੈ ਆਦਮੀਆਂ ਦੀ,
    ਤੂੰ ਏਂ ਸਾਡੀ ਹੈਂ ਦਲੇਰੀ ਲਿਤਾੜੇਂਗਾ ਤੂੰ ਵੈਰੀ।

  • ---

    1. ਚੁੱਪ ਨਾ ਰਹਿ ਤੂੰ, ਐ ਖ਼ੁਦਾ,
    ਤੂੰ ਹੈ ਉਸਤਤ ਯੋਗ ਸਦਾ,
    ਵੈਰੀ ਜ਼ੁਲਮ ਤੋਲਦੇ ਹਨ,
    ਦਗ਼ਾ ਦਾ ਮੂੰਹ ਖੋਲ੍ਹਦੇ ਹਨ।

    2. ਝੂਠ ਉਹ ਬੋਲਦੇ ਮੇਰੇ ਨਾਲ,
    ਮੈਨੂੰ ਘੇਰਦੇ ਦਾਅ ਦੇ ਨਾਲ,
    ਮੇਰੇ ਨਾਲ ਉਹ, ਮੇਰੇ ਰੱਬ,
    ਲੜਦੇ ਰਹਿੰਦੇ ਬੇਸਬੱਬ।

    3. ਉਹਨਾਂ ਨਾਲ ਮੈਂ ਕਰਦਾ ਖੈਰ,
    ਮੇਰੇ ਨਾਲ ਉਹ ਰੱਖਦੇ ਵੈਰ,
    ਮੈਂ ਤੇ ਤੇਥੋਂ ਐ ਖ਼ੁਦਾ,
    ਮੰਗਦਾ ਰਹਿੰਦਾ ਹਾਂ ਦੁਆ।

    4. ਉਹਨਾਂ ਨਾਲ ਮੈਂ ਕਰਦਾ ਖੈਰ,
    ਮੇਰੇ ਨਾਲ ਉਹ ਰੱਖਦੇ ਵੈਰ,
    ਉਹਨਾਂ ਨਾਲ ਮੈਂ ਕਰਦਾ ਪਿਆਰ,
    ਉਹ ਲੜਾਈ ਨੂੰ ਤਿਆਰ।

    5. ਉਹਦੇ ਉੱਤੇ, ਐ ਖ਼ੁਦਾ, ਪਹਿਰਾ ਰੱਖ ਸ਼ਰੀਰਾਂ ਦਾ,
    ਖੜ੍ਹਾ ਰਹੇ ਹਰ ਜ਼ਮਾਨ,
    ਉਹਦੇ ਸੱਜੇ ਹੱਥ ਸ਼ੈਤਾਨ।

    6. ਤਾਂ ਅਦਾਲਤ ਵਿੱਚ ਬਦਕਾਰ,
    ਠਹਿਰੇ ਮੁਜਰਿਮ ਖ਼ਤਾਕਾਰ,
    ਉਹ ਜੇ ਮੰਗੇ ਵੀ ਦੁਆ,
    ਗਿਣੀ ਜਾਵੇ ਵਿੱਚ ਗ਼ੁਨਾਹ।

    7. ਉਹਦੇ ਦਿਨ ਵੀ ਘੱਟ ਹੋ ਜਾਣ,
    ਦੂਜਾ ਲਏ ਉਹਦੀ ਥਾਂ,
    ਬੱਚਿਆਂ ਉੱਤੇ ਰਹੇ ਨਾ ਕੋ,
    ਘਰ ਦੀ ਉਹਦੀ ਰੰਡੀ ਹੋ।

    8. ਬੱਚੇ ਉਹਦੇ ਖੱਜਲ ਖਵਾਰ,
    ਹੱਥ ਵਿੱਚ ਠੂਠਾ ਬੇ–ਰੁਜ਼ਗਾਰ,
    ਉੱਜੜੀ ਥਾਈਂ ਜਾਵਣ ਉਹ,
    ਲੱਭੇ ਕੁਝ ਤਾਂ ਖਾਵਣ ਉਹ।

    9. ਲਹਿਨੇਵਾਲਾ ਲਏ ਸੰਭਾਲ,
    ਘਰ ਦੇ ਬਰਤਨ, ਸਾਰਾ ਮਾਲ,
    ਸਭ ਕਮਾਈ ਓਸ ਹੀ ਦੀ,
    ਓਪਰੇ ਆ ਕੇ ਲੁੱਟਣ ਵੀ।

    10. ਉਹਦੇ ਵੱਲ ਨਾ ਕੋਈ ਵੀ, ਨਿਗ਼ਾਹ ਕਰੇ ਰਹਿਮਤ ਦੀ,
    ਉਹਦੇ ਰਹਿਣ ਯਤੀਮ ਲਾਚਾਰ,
    ਕੋਈ ਵੀ ਨਾ ਦੇਵੇ ਪਿਆਰ।

    11. ਉਹਦੀ ਸਭੋ ਅਲ–ਔਲਾਦ,
    ਉੱਡ–ਪੁੱਡ ਜਾਵੇ ਹੋ ਬਰਬਾਦ,
    ਦੂਜੀ ਪੀੜ੍ਹੀ ਵਿੱਚ ਤਮਾਮ,
    ਮਲੀਆਮੇਟ ਹੋ ਉਹਦਾ ਨਾਮ।

    12. ਉਹਦੇ ਵੱਡਿਆਂ ਦੀ ਖ਼ਤਾ,
    ਰੱਬ ਦੇ ਸਾਹਮਣੇ ਹੈ ਸਦਾ,
    ਬਦੀ ਉਹਦੀ ਮਾਤਾ ਦੀ,
    ਨਾ ਮਿਟਾਈ ਜਾਵੇਗੀ।

    13. ਰੱਬ ਦੇ ਅੱਗੇ ਰਹੇ ਸਦਾ,
    ਉਹਨਾਂ ਦਾ ਤਮਾਮ ਗ਼ੁਨਾਹ,
    ਜ਼ਿਕਰ–ਅਜ਼ਕਾਰ ਵੀ ਉਹਨਾਂ ਦਾ,
    ਧਰਤੀ ਉੱਤੋਂ ਦੇ ਮਿਟਾ।

    14. ਉਹ ਗ਼ਰੀਬ ਕੰਗਾਲ ’ਤੇ ਵੀ,
    ਮਿਹਰਬਾਨ ਨਾ ਹੋਇਆ ਸੀ,
    ਟੁੱਟੇ ਦਿਲ ਨੂੰ ਜੋ ਲਾਚਾਰ,
    ਹੁੰਦਾ ਵੱਢਣ ਨੂੰ ਤਿਆਰ।

    15. ਲਾਹਨਤ ਨੂੰ ਉਹ ਕਰਦਾ ਪਿਆਰ,
    ਲਾਹਨਤ ਹੋਵੇ ਉਹਦੀ ਯਾਰ,
    ਬਰਕਤ ਨੂੰ ਨਾ ਚਾਹੁੰਦਾ ਸੀ,
    ਹੋਵੇ ਨਾ ਕੁਝ ਬਰਕਤ ਵੀ।

    16. ਕੱਪੜੇ ਵਾਂਗਰ ਉਹ ਨਾਪਾਕ,
    ਪਹਿਨਦਾ ਲਾਹਨਤ ਦੀ ਪੌਸ਼ਾਕ,
    ਲਾਹਨਤ ਮਾਨਿਦ ਪਾਣੀ ਦੀ,
    ਉਹਦੇ ਢਿੱਡ ਵਿੱਚ ਪਹੁੰਚੇਗੀ।

    17. ਲਾਹਨਤ ਰੋਗਾਂ ਦੀ ਮਿਸਾਲ,
    ਰਲੇ ਉਹਦੀਆਂ ਹੱਡੀਆਂ ਨਾਲ,
    ਲਾਹਨਤ ਰਹੇ ਉਹਦੇ ਪਾਸ,
    ਪਹਿਨੇ ਉਸ ਨੂੰ ਵਾਂਗ ਲਿਬਾਸ।

    18. ਲਾਹਨਤ ਮਾਨਿਦ ਪਟਕੇ ਦੀ,
    ਬੰਨ੍ਹੇ ਆਪਣੇ ਲੱਕ ਦੇ ਨਾਲ,
    ਸਦਾ ਤੀਕਰ ਉਹ ਬਦਹਾਲ,
    ਬੰਨ੍ਹੀ ਰੱਖੇ ਲੱਕ ਦੇ ਨਾਲ।

    19. ਭੈੜਾ ਹਾਲ, ਖ਼ੁਦਾਵੰਦਾ,
    ਕਰ ਤੂੰ ਮੇਰੇ ਵੈਰੀਆਂ ਦਾ,
    ਮੈਨੂੰ ਜੋ ਸਤਾਉਂਦੇ ਹਨ,
    ਇਹੋ ਬਦਲਾ ਪਾਂਦੇ ਹਨ।

  • ---

    ਆਪਣੇ ਨਾਂ ਦੀ, ਐ ਖ਼ੁਦਾਵੰਦ, ਰਹਿਮਤ ਸਦਾ,
    ਤੇਰੀ ਰਹਿਮਤ ਹੈ ਅਤਿ ਭਾਰੀ ਮੈਨੂੰ ਤੂੰ ਛੁਡਾ।

    20. ਮੈਨੂੰ ਤਾਂ ਦੁੱਖਾਂ ਨੇ ਮਾਰਿਆ ਅਤਿ ਗ਼ਰੀਬੀ ਨੇ ਲਤਾੜਿਆ,
    ਤੰਗੀ ਮੇਰੇ ਦਿਲ ਨੂੰ ਪਾੜਿਆ ਐ ਰਹੀਮ ਖ਼ੁਦਾ।

    21. ਢੱਲਿਆ ਹੋਇਆ ਜਿਉਂ ਪਰਛਾਵਾਂ ਮੈਂ ਹਾਂ ਮੁੱਕਣ ’ਤੇ ਹੁਣ ਆਇਆ,
    ਮੈਨੂੰ ਟਿੱਡੀ ਵਾਂਗ ਉਡਾਇਆ, ਹੁਣ ਤੇ ਰਹਿਮ ਫਰਮਾ।

    22. ਭੁੱਖਾਂ ਮੇਰੀ ਜਾਨ ਸਤਾਈ, ਗੋਡਿਆਂ ਵਿੱਚ ਰਿਹਾ ਜ਼ੋਰ ਨਾ ਕਾਈ,
    ਮਾਸ ਦੇ ਵਿੱਚ ਨਾ ਕੁਝ ਚਿਕਨਾਈ, ਮੰਦਾ ਹਾਲ ਹੋਇਆ।

    23. ਮੈਨੂੰ ਡਾਢਾ ਖਵਾਰ ਹੋ ਜਾਣਦਾ, ਮੇਰਾ ਮੰਦਾ ਹਾਲ ਪਛਾਣਦਾ,
    ਮੇਰੇ ਉੱਤੇ ਖ਼ੁਸ਼ੀਆਂ ਮਨਾਂਦੇ, ਘੂਰਦੇ ਸਿਰ ਹਿਲਾ।

  • ---

    24. ਕਰ ਮਦਦ ਆਪਣੇ ਬੰਦੇ ਦੀ ਐ ਮੇਰੇ ਰੱਬ, ਖ਼ੁਦਾ,
    ਮੁਆਫਿਕ ਆਪਣੀ ਰਹਿਮਤ ਦੇ ਤੂੰ ਬੰਦੇ ਨੂੰ ਛੁਡਾ।

    25. ਤਾਂ ਜਾਣਾਂ ਉਹ ਕਿ ਤੇਰਾ ਹੱਥ ਛੁਡਾਉਣ ਵਾਲਾ ਹੈਂ,
    ਹਾਂ ਤੂੰਏਂ ਆਪਣੇ ਲੋਕਾਂ ਦਾ ਬਚਾਉਣ ਵਾਲਾ ਹੈਂ।

    26. ਉਹ ਕੋਸਣ ਮੈਨੂੰ, ਪਰ ਤੂੰ ਦੇ ਬਰਕਤ ਖ਼ੁਦਾਵੰਦਾ,
    ਉਹ ਉੱਠ ਕੇ ਡਿੱਗਣ, ਹੋਵਣ ਖਵਾਰ, ਤਦ ਮੈਂ ਖ਼ੁਸ਼ ਹੋਵਾਂਗਾ।

    27. ਖ਼ੁਦਾਇਆ, ਮੇਰੇ ਦੁਸ਼ਮਣ ਹੋਣ ਸ਼ਰਮਿੰਦਾ, ਪਰੇਸ਼ਾਨ,
    ਸ਼ਰਮਿੰਦਗੀ ਦੀ ਚਾਦਰ ਵਿੱਚ ਉਹ ਆਪਣਾ ਆਪ ਲੁਕਾਣ।

    28. ਤਾਰੀਫ਼-ਤਾਰੀਫ਼ ਖ਼ੁਦਾਵੰਦ ਦੀ ਮੂੰਹ ਮੇਰਾ ਗਾਵੇਗਾ,
    ਹਾਂ ਉੱਮਤਾਂ ਗਿਰੋਹਾਂ ਵਿੱਚ ਤਾਰੀਫ਼ ਸੁਣਾਵੇਗਾ।

    29. ਕਿ ਸੱਜੇ ਹੱਥ ਗ਼ਰੀਬਾਂ ਦੇ ਰੱਬ ਆਪ ਖਲੋਤਾ ਹੈ,
    ਉਹ ਖੂਨੀਆਂ ਦੇ ਹੱਥਾਂ ਤੋਂ ਆਪ ਛੁਡਾਂਦਾ ਹੈ।

  • ---

    1. ਖ਼ੁਦਾਵੰਦ ਨੇ ਫਰਮਾਇਆ ਹੈ, ਖ਼ੁਦਾਵੰਦ ਮੇਰੇ ਨੂੰ,
    ਕਿ ਮੇਰੇ ਸੱਜੇ ਹੱਥ ਹੀ ਬੈਠ ਹੁਣ ਤਖ਼ਤ ਦੇ ਉੱਤੇ ਤੂੰ।

    2. ਜਦ ਤੀਕਰ ਉਹਨਾਂ ਸਭਨਾਂ ਨੂੰ, ਜੋ ਰੱਖਦੇ ਦੁਸ਼ਮਣੀ,
    ਬਣਾ ਲਵਾਂ ਨਾ ਚੌਂਕੀ ਮੈਂ, ਹਾਂ ਤੇਰੇ ਪੈਰਾਂ ਦੀ।

    3. ਸਿਓਨ ਤੋਂ ਸੋਤਾ ਘੱਲੇਂਗਾ, ਰੱਬ ਤੇਰੀ ਕੁੱਵਤ ਦਾ,
    ਤੂੰ ਆਪੇ ਵੈਰੀਆਂ ’ਤੇ ਤਦ, ਹਕੂਮਤ ਕਰੇਂਗਾ।

    4. ਤਦ ਤੇਰੇ ਜ਼ੋਰ ਦੇ ਵੇਲੇ ਰੱਬ, ਦਿਲ ਦੀ ਸਫ਼ਾਈ ਨਾਲ,
    ਲੋਕ ਤੇਰੇ ਆਪਣੇ ਆਪ ਨੂੰ ਹੀ, ਗੁਜ਼ਾਰਨ ਹੋ ਖ਼ੁਸ਼ਹਾਲ।

    5. ਤ੍ਰੇਲ ਜਵਾਨੀ ਤੇਰੀ ਦੀ ਬਥੇਰੀ ਹੋਵੇਗੀ,
    ਜੋ ਫਜਰ ਵੇਲੇ ਪੈਂਦੀ ਹੈ, ਹਾਂ ਉਸ ਤੋਂ ਵੱਧ ਕੇ ਵੀ।

  • ---

    6. ਕਸਮ ਖਾਧੀ ਹੈ ਖ਼ੁਦਾ ਨੇ ਕਦੀ ਨਾ ਪਛਤਾਵੇਗਾ,
    ਤੂੰ ਤੇ ਮਲਕੀਸਦਕ ਵਾਂਗਰ ਕਾਹਿਨ ਰਹੇਂਗਾ ਸਦਾ।

    7. ਤੇਰੇ ਸੱਜੇ ਹੱਥ ਦੇ ਉੱਤੇ ਆਪ ਖ਼ੁਦਾਵੰਦ ਹੋਵੇਗਾ,
    ਆਪਣੇ ਕਹਿਰ ਦੇ ਗੁੱਸੇ ਦੇ ਵਿੱਚ ਸ਼ਾਹਾਂ ਨੂੰ ਮਾਰ ਸੁੱਟੇਗਾ।

    8. ਕੌਮਾਂ ਦੀ ਅਦਾਲਤ ਸਾਰੀ ਆਪ ਖ਼ੁਦਾਵੰਦ ਕਰੇਗਾ,
    ਉਹਨਾਂ ਦੀ ਫਿਰ ਧਰਤੀ ਸਾਰੀ ਲੋਥਾਂ ਦੇ ਨਾਲ ਭਰੇਗਾ।

    9. ਮੁਲਕਾਂ ਦੇ ਵਿੱਚ ਲੋਕਾਂ ਦੇ ਸਿਰ ਆਪ ਖ਼ੁਦਾਵੰਦ ਫਿਹਵੇਗਾ
    ਉੱਚਾ ਕਰੇਗਾ ਸਿਰ ਆਪਣਾ ਪਾਣੀ ਪੀ ਕੇ ਨਾਲੇ ਦਾ।

  • ---

    ਗਾਓ ਸਨਾ ਤੁਸੀਂ ਰੱਬ ਦੀ, ਤੁਸੀਂ ਗਾਓ ਸਨਾ।

    1. ਸੱਚਿਆਂ ਦੀ ਟੋਲੀ ਵਿੱਚ ਦਿਲ ਨਾਲ ਗਾਵਾਂ,
    ਸਨਾ ਸੁਣਾਵਾਂ ਮੈਂ ਰੱਬ ਦੀ।

    2. ਕੰਮ ਖ਼ੁਦਾ ਦੇ ਅਤਿ ਹਨ ਵਡੇਰੇ,
    ਕੁਦਰਤ ਉਹਦੀ ਸਾਫ਼ ਲੱਭਦੀ।

    3. ਕੰਮ ਉਹਦਿਆਂ ਹੱਥਾਂ ਦੇ ਸਭੋ ਜਲਾਲੀ,
    ਉਹਦੀ ਸੱਚਿਆਈ ਹੈ ਅਬਦੀ।

    4. ਰੱਬ ਨੇ ਅਜਾਇਬ ਕੰਮ ਜੋ ਕੀਤੇ,
    ਯਾਦਗਾਰੀ ਰੱਖੀ ਸਭ ਦੀ।

    5. ਪਾਕ ਖ਼ੁਦਾਵੰਦ ਅਤਿ ਮਿਹਰਬਾਨ ਹੈ,
    ਰਹਿਮਤ ਬੇਹੱਦ ਰੱਬ ਦੀ।

    6. ਰੋਜ਼ੀ ਪਾਂਦੇ, ਭੁੱਖੇ ਨਾ ਰਹਿੰਦੇ,
    ਆਸ ਜਿਨ੍ਹਾਂ ਨੂੰ ਹੈ ਰੱਬ ਦੀ।

    7. ਜੋ ਕੁਝ ਰੱਬ ਨੇ ਅਹਿਦ ਹੈ ਕੀਤਾ,
    ਯਾਦ ਉਹ ਰੱਖਦਾ ਅਬਦੀ।

  • ---

    8. ਵਿਖਾਇਆ ਆਪਣਿਆਂ ਲੋਕਾਂ ਨੂੰ
    ਜ਼ੋਰ ਆਪਣੇ ਹੱਥ ਦਿਆਂ ਕੰਮਾਂ ਦਾ,
    ਤਾਂ ਬਖ਼ਸ਼ੇ ਆਪੇ ਉਹਨਾਂ ਨੂੰ
    ਮਿਰਾਸ ਸਭ ਕੌਮਾਂ ਦੀ ਖ਼ੁਦਾ,
    ਖ਼ੁਦਾਵੰਦ ਦੇ ਸਭ ਹੱਥ ਦੇ ਕਾਰ
    ਬਰਹੱਕ ਤੇ ਠੀਕ ਹਨ ਬਰਕਰਾਰ।

    9. ਹਮੇਸ਼ਾ ਤੀਕਰ ਕਾਇਮ ਹਨ
    ਯਕੀਨੀ ਰੱਬ ਦੇ ਸਭ ਫਰਮਾਨ,
    ਉਹ ਬਰਹੱਕ, ਸੱਚੇ, ਦਾਇਮ ਹਨ,
    ਹੈ ਸਿੱਧਾ ਉਹਨਾਂ ਦਾ ਬਿਆਨ,
    ਤੇ ਵਾਸਤੇ ਆਪਣੇ ਲੋਕਾਂ ਦੇ
    ਖਲਾਸੀ ਭੇਜੀ ਰੱਬ ਹੀ ਨੇ।

    10. ਅਹਿਦ ਆਪਣੇ ਨੂੰ ਹਮੇਸ਼ਾ ਤੀਕ
    ਖ਼ੁਦਾ ਨੇ ਕੀਤਾ ਪਾਇਦਾਰ,
    ਖੌਫ਼ਵਾਲਾ ਨਾਮ ਖ਼ੁਦਾ ਦਾ ਠੀਕ ਹੈ
    ਪਾਕ, ਬੇਅੰਤ, ਉਹ ਪਾਲਣਹਾਰ,
    ਖੌਫ਼ ਰੱਖਣਾ ਪਾਕ ਖ਼ੁਦਾਵੰਦ ਦਾ
    ਇਹ ਸ਼ੁਰੂ ਹੈ ਦਾਨਾਈ ਦਾ।

    11. ਉਹ ਸਭੋ, ਦਿਲ ਵਿੱਚ ਜਿਨ੍ਹਾਂ ਦੇ
    ਖੌਫ਼ ਰਹਿੰਦਾ ਹੈ ਖ਼ੁਦਾਵੰਦ ਦਾ,
    ਉਹ ਚੱਲਦੇ ਉਹਦੇ ਹੁਕਮਾਂ ’ਤੇ
    ਕਿ ਰੱਖਦੇ ਚੰਗੀ ਸਮਝ ਸਦਾ,
    ਹਮੇਸ਼ਾ ਤੀਕਰ ਹੋਵੇਗੀ
    ਸਿਤਾਇਸ਼ ਪਾਕ ਖ਼ੁਦਾਵੰਦ ਦੀ।

  • ---

    1. ਸਰਾਹੋ ਰੱਬ ਨੂੰ ਦਿਲ ਦੇ ਨਾਲ,
    ਹੈ ਉਹੋ ਮਰਦ ਮੁਬਾਰਿਕ ਹਾਲ,
    ਜੋ ਰੱਖਦਾ ਹੈ ਖ਼ੁਦਾ ਦਾ ਡਰ,
    ਤੇ ਖ਼ੁਸ਼ ਹੈ ਉਹਦੇ ਹੁਕਮਾਂ ਪਰ।

    2. ਜ਼ੋਰ ਵਾਲੀ ਨਸਲ ਹੋਵੇਗੀ,
    ਜ਼ਮੀਨ ਦੇ ਉੱਤੇ ਉਸੇ ਦੀ,
    ਤੇ ਸੱਚਿਆਂ ਲੋਕਾਂ ਦੀ ਔਲਾਦ,
    ਮੁਬਾਰਿਕ ਹੋਵੇਗੀ, ਦਿਲ ਸ਼ਾਦ।

    3. ਧੰਨ, ਦੌਲਤ, ਮਾਲ, ਅਸਬਾਬ ਸਦਾ,
    ਸੱਚਿਆਰ ਦੇ ਘਰ ਵਿੱਚ ਹੋਵੇਗਾ,
    ਸੱਚਿਆਰ ਦੀ ਸੱਚਿਆਈ ਵੀ,
    ਹਮੇਸ਼ਾ ਕਾਇਮ ਰਹੇਗੀ।

    4. ਸੱਚਿਆਰ ਦੇ ਵਾਸਤੇ ਆਪ ਖ਼ੁਦਾ,
    ਹਨੇਰੇ ਵਿੱਚ ਚਾਨਣ ਕਰੇਗਾ,
    ਰਹਿਮ ਕਰਦਾ, ਤਰਸ ਖਾਂਦਾ ਹੈ,
    ਸੱਚਿਆਈ ਨੂੰ ਉਹ ਚਾਹੁੰਦਾ ਹੈ।

    5. ਉਹ ਕਰਦਾ ਰਹਿੰਦਾ ਚੰਗੇ ਕਾਰ,
    ਤਰਸ ਖਾਂਦਾ, ਦੇਂਦਾ ਹੈ ਉਧਾਰ,
    ਜਿਸ ਕੰਮ ਨੂੰ ਕਰਨਾ ਚਾਹੁੰਦਾ ਹੈ,
    ਸੱਚਿਆਈ ਨਾਲ ਮੁਕਾਂਦਾ ਹੈ।

    6. ਹਾਂ, ਸੱਚਮੁੱਚ ਉਸ ਨੂੰ ਜ਼ਰਾ ਵੀ,
    ਨਾ ਕਦੀ ਥਿੜਕਨ ਹੋਵੇਗੀ,
    ਤੇ ਸੱਚਿਆਂ ਲੋਕਾਂ ਦੀ ਯਾਦਗਾਰ,
    ਹਮੇਸ਼ਾ ਰਹਿੰਦੀ ਬਰਕਰਾਰ।

    7. ਤੇ ਸੁਣ ਕੇ ਭੈੜੀ ਖ਼ਬਰ ਵੀ,
    ਨਾ ਉਹਦੀ ਜਾਨ ਘਬਰਾਵੇਗੀ,
    ਦਿਲ ਉਸ ਦਾ ਕਾਇਮ ਰਹੇਗਾ,
    ਕਿ ਉਹਦੀ ਆਸ ਹੈ ਪਾਕ ਖ਼ੁਦਾ।

    8. ਦਿਲ ਉਸ ਦਾ ਕਾਇਮ ਰਹਿੰਦਾ ਹੈ,
    ਨਾ ਖੌਫ਼ ਕਿਸੇ ਤੋਂ ਖਾਂਦਾ ਹੈ,
    ਉਹ ਆਪਣੀ ਅੱਖੀਂ ਵੇਖੇਗਾ,
    ਹਾਲ ਭੈੜਾ ਆਪਣੇ ਵੈਰੀ ਦਾ।

    9. ਸਖ਼ਾਵਤ ਵਿੱਚ ਲੁਟਾਂਦਾ ਹੈ
    ਮਸਕੀਨਾਂ ’ਤੇ ਤਰਸ ਖਾਂਦਾ ਹੈ,
    ਅਜਿਹਿਆਂ ਦੀ ਸੱਚਿਆਈ ਵੀ
    ਹਮੇਸ਼ਾ ਕਾਇਮ ਰਹੇਗੀ।

    10. ਜਲਾਲ ਦੇ ਨਾਲ ਸਿੰਗ ਸਾਦਿਕ ਦਾ,
    ਖੂਬ ਉੱਚਾ ਕੀਤਾ ਜਾਵੇਗਾ,
    ਇਹ ਵੇਖੇਗਾ ਸ਼ਰੀਰ ਇਨਸਾਨ,
    ਤੇ ਕੁੜ ਕੇ ਹੋਵੇਗਾ ਹੈਰਾਨ।

    11. ਦੰਦ ਆਪਣੇ ਕਿੱਚ-ਕਚਾਵੇਗਾ,
    ਤੇ ਫਿਰ ਉਹ ਪੱਘਰ ਜਾਵੇਗਾ,
    ਬਦ ਖੁਵਾਇਸ਼ ਸਭ ਸ਼ਰੀਰਾਂ ਦੀ,
    ਬਰਬਾਦ ਤੇ ਨਾਸ਼ ਹੋ ਜਾਵੇਗੀ।

  • ---

    1. ਖ਼ੁਦਾਵੰਦ ਦੀਆਂ ਤਾਰੀਫ਼ਾਂ ਹਰ ਦਮ ਸੁਣਾਓ,
    ਤੁਸੀਂ ਬੰਦਿਓ, ਰੱਬ ਦੀਆਂ ਤਾਰੀਫ਼ਾਂ ਗਾਓ।

    2. ਖ਼ੁਦਾਵੰਦ ਦਾ ਨਾਂ ਹੁਣ ਮੁਬਾਰਿਕ ਸਦਾ ਹੋ,
    ਹਾਂ ਚੜ੍ਹਦੇ ਤੋਂ ਲਹਿੰਦੇ ਤਕ ਉਹਦੀ ਸਨਾ ਹੋ।

    3. ਹੈ ਸਭ ਉੱਮਤਾਂ ਉੱਤੇ ਉੱਚਿਆਈ ਰੱਬ ਦੀ,
    ਹੈ ਸਭ ਅਸਮਾਨਾਂ ਉੱਤੇ ਖ਼ੁਦਾ ਦੀ ਬਜ਼ੁਰਗੀ।

    4. ਅਸਾਡੇ ਖ਼ੁਦਾ ਦੇ ਬਰਾਬਰ ਹੈ ਕਿਹੜਾ,
    ਜ਼ਮੀਨ ਅਸਮਾਨ ਉੱਤੇ ਜੋ ਹੈ ਵਡੇਰਾ?

    5. ਉਹ ਮਸਕੀਨ ਨੂੰ ਖ਼ਾਕ ਤੋਂ ਹੈ ਉਠਾਂਦਾ,
    ਤੇ ਆਜਿਜ਼ ਨੂੰ ਰੂੜੀ ਤੋਂ ਉੱਚਾ ਬਿਠਾਂਦਾ।

    6. ਕਿ ਤਾਂ ਵੱਡਿਆਂ ਨਾਲ ਉਹਨੂੰ ਬਿਠਾਵੇ,
    ਤੇ ਕੌਮ ਆਪਣੀ ਦੇ ਵੱਡਿਆਂ ਨਾਲ ਰਲਾਵੇ।

    7. ਉਹ ਅਫਲ਼ ਨੂੰ ਖ਼ੁਸ਼ੀ ਦਿੰਦਾ ਬੱਚਿਆਂ ਦੀ,
    ਤੁਸੀਂ ਸਭ ਕਰੋ ਮਿਲਕੇ ਰੱਬ ਦੀ ਬਜ਼ੁਰਗੀ।

  • ---

    ਜਦ ਇਸਰਾਏਲੀ ਮਿਸਰ ਤੋਂ, ਤੁਰ ਨਿਕਲੇ ਬਾ-ਅਮਾਨ।

    1. ਜਦ ਇਸਰਾਏਲੀ ਮਿਸਰ ਤੋਂ, ਯਾਕੂਬ ਦਾ ਸਭ ਖਾਨਦਾਨ,
    ਗੈਰ ਬੋਲੀ ਬੋਲਣ ਵਾਲਿਆਂ ਤੋਂ, ਤੁਰ ਨਿਕਲੇ ਬਾ-ਅਮਾਨ।

    2. ਯਹੂਦਾ ਤਦੋਂ ਹੋਇਆ ਸੀ, ਉਹਦੀ ਇਬਾਦਤ ਗਾਹ,
    ਤੇ ਇਸਰਾਏਲ ਵੀ ਹੋਇਆ ਸੀ, ਰਾਜ-ਪਾਤ ਸਭ ਉਸੇ ਦਾ।

    3. ਸਮੁੰਦਰ ਨੇ ਜਦ ਵੇਖਿਆ ਇਹ ਤਦ ਮੁੜਿਆ ਪਿੱਛੇ ਨੂੰ,
    ਤੇ ਯਰਦਨ ਨੇ ਵੀ ਵੇਖਿਆ ਇਹ, ਤਦ ਵਗੀ ਪਿੱਛੇ ਨੂੰ।

    4. ਤਦ ਟੱਪਦੇ, ਛਾਲਾਂ ਮਾਰਦੇ ਸਨ, ਸਭ ਭੇਡੂਆਂ ਵਾਂਗ ਪਹਾੜ,
    ਤੇ ਮੇਮਨਿਆਂ ਵਾਂਗ ਖ਼ੁਸ਼ ਹੁੰਦੇ ਸਨ, ਸਭ ਟਿੱਲੇ ਛਾਲਾਂ ਮਾਰ।

    5. ਸਮੁੰਦਰ, ਕਿਉਂ ਨੱਸਿਆ ਤੂੰ? ਕੀ ਤੈਨੂੰ ਹੋਇਆ ਸੀ?
    ਕਿਉਂ ਉਲਟੀ ਵਗੀ ਯਰਦਨ ਤੂੰ? ਕੀ ਤੈਨੂੰ ਹੋਇਆ ਸੀ?

    6. ਪਹਾੜੋ, ਛਾਲਾਂ ਮਾਰਦੇ ਹੋ, ਕਿਉ ਵਾਂਗਰ ਭੇਡੂਆਂ ਦੇ?
    ਤੇ ਮੇਮਨਿਆਂ ਵਾਂਗਰ ਕੁੱਦਦੇ ਹੋ, ਕਿਉਂ ਟਿੱਲਿਓ ਤੁਸੀਂ ਵੀ?

    7. ਖ਼ੁਦਾ ਦੇ ਸਾਹਮਣੇ, ਐ ਜ਼ਮੀਨ, ਤੂੰ ਕੰਬ ਤੇ ਥਰ-ਥਰਾ,
    ਯਾਕੂਬ ਦੇ ਮਾਲਕ ਦੇ ਹਜ਼ੂਰ, ਜੋ ਰੱਬ ਹੈ ਸਭਨਾਂ ਦਾ।

    8. ਜੋ ਪੱਥਰ ਵਿੱਚੋਂ ਪਾਣੀ ਦਾ, ਇੱਕ ਹੌਜ ਬਣਾਂਦਾ ਹੈ,
    ਤੇ ਚਕਮਾਕ ਵਿੱਚੋਂ ਪਾਣੀ ਦਾ, ਸੋਤਾ ਬਹਾਂਦਾ ਹੈ।

  • ---

    1. ਨਾ ਸਾਨੂੰ ਰੱਬ, ਨਾ ਸਾਨੂੰ ਰੱਬ, ਦੇ ਆਪ ਨੂੰ ਹੁਣ ਜਲਾਲ,
    ਵਫ਼ਾ ਤੇ ਰਹਿਮਤ ਦੇ ਸਬੱਬ, ਜੋ ਤੇਰਾ ਹੈ ਕਮਾਲ।

    2. ਕਿਸ ਲਈ ਕੌਮਾਂ ਆਖਣ ਇਹ, ਰੱਬ ਕਿੱਥੇ ਉਹਨਾਂ ਦਾ?
    ਅਸਾਡਾ ਰੱਬ ਅਸਮਾਨ ’ਤੇ ਹੈ, ਜੋ ਚਾਹਿਆ ਕੀਤਾ ਸਾ।

    3. ਬਣਾਏ ਬੁੱਤ ਮਨੁੱਖਾਂ ਨੇ, ਹਾਂ ਚਾਂਦੀ ਸੋਨਾ ਢਾਲ,
    ਮੂੰਹ ਰੱਖਦੇ ਪਰ ਨਾ ਬੋਲਦੇ ਹਨ, ਨਾ ਵੇਖਣ ਅੱਖੀਆਂ ਨਾਲ।

    4. ਉਹ ਕੰਨ ਤੇ ਨੱਕ ਤੇ ਹੱਥ ਤੇ ਪੈਰ, ਹਾਂ ਸਭ ਕੁਝ ਰੱਖਦੇ ਹਨ,
    ਨਾ ਸੁਣਨਾ, ਸੁੰਘਣਾ, ਛੂਹਣਾ, ਸੈਰ, ਨਾ ਕੁਝ ਕਰ ਸਕਦੇ ਹਨ।

    5. ਉਹ ਆਪਣੇ ਗਲ਼ੇ ਤੋਂ ਆਵਾਜ਼, ਨਾ ਕੱਢਦੇ ਜ਼ਰਾ ਵੀ,
    ਜੋ ਮੰਨਦੇ ਤੇ ਬਣਾਂਦੇ ਨੇ, ਹਨ ਵਾਂਗਰ ਉਹਨਾਂ ਦੀ।

    6. ਅੱਲ ਇਸਰਾਏਲ, ਖ਼ੁਦਾਵੰਦ ’ਤੇ, ਸਭ ਸੁੱਟ ਦੇ ਆਪਣਾ ਭਾਰ,
    ਕਿ ਉਹੋ ਢਾਲ ਹੈ ਉਹਨਾਂ ਦੀ, ਹੈ ਉਹੋ ਮਦਦਗਾਰ।

    7. ਹਾਰੂਨ ਦੇ ਐ ਘਰਾਣੇ ਤੂੰ, ਸੁੱਟ ਰੱਬ ’ਤੇ ਆਪਣਾ ਭਾਰ,
    ਕਿ ਉਹੋ ਢਾਲ ਹੈ ਉਹਨਾਂ ਦੀ, ਹੈ ਉਹੋ ਮਦਦਗਾਰ ।

    8. ਰੱਬ ਉੱਤੇ ਰੱਖੋ ਆਪਣੀ ਆਸ, ਜੋ ਉਸ ਤੋਂ ਡਰਦੇ ਹੋ,
    ਕਿ ਉਹੋ ਉਹਨਾਂ ਦੀ ਹੈ ਢਾਲ, ਤੇ ਮਦਦਗਾਰ ਹੈ ਜੋ।

  • ---

    9. ਖ਼ੁਦਾਵੰਦ ਨੇ ਯਾਦ ਕੀਤਾ ਉਹ ਬਰਕਤ ਬਖ਼ਸ਼ੇਗਾ,
    ਹਾਰੂਨ ਤੇ ਇਸਰਾਏਲ ਨੂੰ ਵੀ ਉਹ ਬਰਕਤ ਬਖ਼ਸ਼ੇਗਾ।

    10. ਉਹ ਸਭੋ ਜੋ ਹਨ ਰੱਖਦੇ ਡਰ ਪਾਕ ਖ਼ੁਦਾਵੰਦ ਦਾ,
    ਸਭ ਨਿੱਕਿਆਂ ਨੂੰ, ਨਾਲ ਵੱਡਿਆਂ, ਆਪ ਬਰਕਤ ਬਖ਼ਸ਼ੇਗਾ।

    11. ਵਧਾਵੇ ਰੱਬ ਤੁਹਾਨੂੰ ਔਲਾਦ ਤੁਹਾਡੀ ਵੀ,
    ਖ਼ੁਦਾਵੰਦ ਦੇ ਹਜ਼ੂਰ ਵਿੱਚ ਮੁਬਾਰਿਕ ਹੋਵੇ ਵੀ।

    12. ਖ਼ੁਦਾਵੰਦ ਦੇ ਅਸਮਾਨ ਹਨ ਹਾਂ ਸਭੋ ਨਾਲ ਯਕੀਨ,
    ਪਰ ਬਨੀ–ਆਦਮ ਨੂੰ ਵੀ ਇਹ ਬਖ਼ਸ਼ੀ ਹੈ ਜ਼ਮੀਨ।

    13. ਜੋ ਮਰਦੇ ਤੇ ਜਾਂ ਰਹਿੰਦੇ ਵਿੱਚ ਸ਼ਹਿਰ ਖਾਮੋਸ਼ਾਂ ਦੇ,
    ਖ਼ੁਦਾਵੰਦ ਦੀ ਤਾਰੀਫ਼ ਵਿੱਚ ਉਹ ਮੂੰਹ ਕੀ ਖੋਲ੍ਹਣਗੇ।

    14. ਪਰ ਅਸੀਂ ਮਿਲਕੇ ਗਾਈਏ ਉਸ ਲਈ ਹੁਣ ਤੋਂ ਤਾ ਸਦਾ,
    ਮੁਬਾਰਿਕਬਾਦੀ ਰੱਬ ਦੀ, ਹੋ ਉਸੇ ਦੀ ਸਨਾ।

  • ---

    1. ਖ਼ੁਦਾ ਦੇ ਨਾਲ ਮੁਹੱਬਤ ਮੈਂ ਦਿਲ ਤੋਂ ਰੱਖਦਾ ਹਾਂ,
    ਦੁਆਵਾਂ, ਮਿੰਨਤਾਂ ਸਭ ਉਸਨੇ ਮੇਰੀਆਂ ਸੁਣੀਆਂ।

    2. ਜੋ ਉਸਨੇ ਕੰਨ ਰੱਖੇ ਆਪਣੇ ਮੇਰੀ ਅਰਜ਼ਾਂ ’ਤੇ,
    ਮੈਂ ਉਹਦਾ ਨਾਂ ਲਵਾਂ, ਜਦ ਤੀਕਰ ਜੀਉਂਦਾ ਹਾਂ।

    3. ਚਵਲ਼ੀ ਮੌਤ ਦੇ ਦੁੱਖਾਂ ਨੇ ਮੈਨੂੰ ਘੇਰ ਲਿਆ,
    ਹਾਂ, ਗ਼ਮ ਤੇ ਰੰਜ ਵਿੱਚ ਲੱਗੀਆਂ ਪੀੜਾਂ ਕਬਰ ਦੀਆਂ।

    4. ਮੈਂ ਨਾਮ ਰੱਬ ਦਾ ਲਿਆ ਤਦ, ਕਿ ਰੱਬਾ ਮੈਨੂੰ ਬਚਾ,
    ਰਹੀਮ, ਸੱਚਾ, ਅਸਾਡਾ ਖ਼ੁਦਾ ਹੈ ਮਿਹਰਬਾਨ।

    5. ਖ਼ੁਦਾ ਹੈ ਸਿੱਧਿਆਂ ਲੋਕਾਂ ਦਾ ਆਪ ਰਖਵਾਲਾ,
    ਮੈਂ ਅਤਿ ਲਾਚਾਰ ਸਾਂ, ਉਸਨੇ ਬਚਾਈ ਮੇਰੀ ਜਾਨ।

    6. ਐ ਮੇਰੀ ਜਾਨ ਤੂੰ ਬੇ-ਫਿਕਰ ਹੋ, ਤਸੱਲੀ ਰੱਖ,
    ਕਿ ਤੇਰੇ ਉੱਤੇ ਖ਼ੁਦਾਵੰਦ ਨੇ ਕੀਤੇ ਹਨ ਅਹਿਸਾਨ।

    7. ਬਚਾਇਆ ਮੌਤ ਤੋਂ, ਡਿੱਗਣ ਤੋਂ ਮੇਰੇ ਪੈਰਾਂ ਨੂੰ,
    ਬਚਾਈਆਂ ਹੰਝੂਆਂ ਤੋਂ ਤੂੰ ਏ ਮੇਰੀਆਂ ਅੱਖੀਆਂ ਨੂੰ।

    8. ਮੈਂ ਜ਼ਿੰਦਗੀ ਦੀ ਜ਼ਮੀਨ ਉੱਤੇ ਆਪਣੇ ਰੱਬ ਦੇ ਹਜ਼ੂਰ,
    ਚੱਲਾਂ ਫਿਰਾਂਗਾ ਤੇ ਗਾਵਾਂਗਾ ਉਹਦੀਆਂ ਸਿਫ਼ਤਾਂ।

    9. ਯਕੀਨ ਕੀਤਾ ਤੇ ਕਿਹਾ ਕਿ ਮੈਂ ਸਾਂ ਬਿਪਤਾ ਵਿੱਚ,
    ਮੈਂ ਇਹ ਵੀ ਕਿਹਾ ਸੀ ਘਾਬਰ ਕੇ ‘ਝੂਠੇ ਹਨ ਇਨਸਾਨ’।

  • ---

    1. ਖ਼ੁਦਾ ਨੇ ਬਖ਼ਸ਼ੀਆਂ ਹਨ ਮੈਨੂੰ ਨਿਆਮਤਾਂ ਸਭੋ,
    ਸੋ ਬਦਲੇ ਉਹਨਾਂ ਦੇ ਉਹਨੂੰ ਮੈਂ ਕੀ ਹਾਂ ਦੇ ਸਕਦਾ?

    2. ਪਿਆਲਾ ਆਪਣੀ ਨਜਾਤ ਹੀ ਦਾ ਮੈਂ ਤੇ ਚੁੱਕ-ਚੁੱਕ ਕੇ,
    ਖ਼ੁਦਾਵੰਦ ਆਪਣੇ ਖ਼ੁਦਾ ਦਾ ਮੈਂ ਨਾਂ ਪੁਕਾਰਾਂਗਾ।

    3. ਖ਼ੁਦਾ ਦੇ ਸਾਰਿਆਂ ਲੋਕਾਂ ਦੇ ਰੂ-ਬਰੂ ਮੈਂ ਹੂੰ,
    ਖ਼ੁਦਾ ਦੇ ਵਾਸਤੇ ਸਭੋ ਕਰਾਂਗਾ ਨਜ਼ਰਾਂ ਅਤਾ।

    4. ਖ਼ੁਦਾ ਦੀਆਂ ਨਜ਼ਰਾਂ ਦੇ ਵਿੱਚ ਪਾਕ ਲੋਕਾਂ ਦਾ ਮਰਨਾ,
    ਹੈ ਭਾਰਾ ਕਦਰ, ਤੇ ਇੱਜ਼ਤ ਦੇ ਨਾਲ ਦਿੱਸਦਾ ਸਦਾ।

    5. ਮੈਂ ਬੰਦਾ ਹਾਂ ਤੇਰਾ, ਬੰਦਾ ਤੇ ਕਰਦਾ ਹਾਂ ਮਿੰਨਤ,
    ਮੈਂ ਤੇਰੀ ਕਾਮੀ ਦਾ ਪੁੱਤ ਹਾਂ, ਤੂੰ ਮੈਨੂੰ ਕੀਤਾ ਰਿਹਾਅ।

    6. ਚੜ੍ਹਾਵਾਂ ਸ਼ੁਕਰ ਦੀਆਂ ਕੁਰਬਾਨੀਆਂ ਮੈਂ ਤੇਰੇ ਹਜ਼ੂਰ,
    ਤੇ ਆਪਣੇ ਪਾਕ ਖ਼ੁਦਾਵੰਦ ਦਾ ਨਾਮ ਪੁਕਾਰਾਂਗਾ।

    7. ਖ਼ੁਦਾ ਦੇ ਘਰ ਦੀਆਂ ਦਰਗਾਹਾਂ ਵਿੱਚ, ਐ ਯਰੂਸ਼ਲਮ,
    ਹਾਂ ਤੇਰੇ ਵਿੱਚ ਉਹ ਕਰਨ ਮਿਲ ਕੇ ਸਭੋ ਰੱਬ ਦੀ ਸਨਾ।

  • ---

    ਰੱਬ ਦੀ ਬਜ਼ੁਰਗੀ ਕਰੋ ਕੌਂਮ ਸਾਰੀ,
    ਸਭ ਕਰੋ ਰੱਬ ਦੀ ਵਡਿਆਈ।

    1. ਸਾਰੀਓ ਕੌਮੋ ਸੋ ਧੰਨ ਆਖੋ ਰੱਬ ਨੂੰ,
    ਉਹਦੀ ਕਰੋ ਵਡਿਆਈ।

    2. ਉਹਦੀ ਹੈ ਰਹਿਮਤ ਅਸਾਡੇ ’ਤੇ ਗ਼ਾਲਿਬ,
    ਕਾਇਮ ਹੈ ਰੱਬ ਦੀ ਸੱਚਿਆਈ।

    3. ਕਾਇਮ ਸਦਾ ਰਹਿੰਦੀ ਰੱਬ ਦੀ ਸੱਚਿਆਈ,
    ਉੁਹਦੀ ਕਰੋ ਵਡਿਆਈ।

  • ---

    ਸਦਾ ਤੀਕਰ ਹੈ ਰਹਿਮਤ ਸਾਡੇ ਰੱਬ ਦੀ।

    1. ਕਰੋ ਰੱਬ ਦੀ ਹੀ ਸ਼ੁਕਰਗੁਜ਼ਾਰੀ,
    ਨੇਕੀ ਨਿਕਲੀ ਹੈ ਉਸੇ ਤੋਂ ਸਾਰੀ।

    2. ਕਾਸ਼ ਇਸਰਾਏਲ ਇਹ ਬੋਲੇ,
    ਉਹਦੀ ਉਸਤਤ ਵਿੱਚ ਮੂੰਹ ਖੋਲ੍ਹੇ।

    3. ਹਾਰੂਨ ਦੇ ਘਰ ਦੇ ਸਾਰੇ,
    ਕਾਸ਼ ਆਖਣ ਮਾਰ ਕੇ ਨਾਅਰੇ।

    4. ਕਾਸ਼ ਆਖਣ, ਉਹ ਵੀ ਹਮੇਸ਼ਾ,
    ਜਿਹੜੇ ਰੱਖਦੇ ਖੌਫ਼ ਖ਼ੁਦਾ ਦਾ।

  • ---

    1. ਖ਼ੁਦਾਵੰਦ ਦੇ ਸਾਹਮਣੇ ਮੈਂ ਚਿੱਲਾਇਆ,
    ਜਦੋਂ ਮੇਰੀ ਜਿੰਦੜੀ ’ਤੇ ਦੁੱਖ ਆਇਆ।

    2. ਦੁਆ ਉਸਨੇ ਮੇਰੀ ਕੰਨ ਧਰ ਕੇ ਸੁਣੀ,
    ਮੇਰੀ ਜਾਨ ਨੂੰ ਆਜ਼ਾਦ ਫਰਮਾਇਆ।

    3. ਮਨੁੱਖ ਦੀ ਕੀ ਤਾਕਤ ਜੋ ਉਸ ਤੋਂ ਡਰਾਂ?
    ਹੈ ਰੱਬ ਮੇਰੇ ਦਾ, ਮੇਰੇ ’ਤੇ ਸਾਇਆ।

    4. ਹੈ ਰੱਬ ਮੇਰੀ ਮਦਦ, ਸੰਭਲਾਂਗਾ ਮੈਂ,
    ਜਿਨ੍ਹਾਂ ਮੇਰੇ ਨਾਲ ਵੈਰ ਹੈ ਚਾਹਿਆ।

    5. ਹੈ ਰੱਬ ਉੱਤੇ ਆਸ ਆਪਣੀ ਰੱਖਣੀ ਭਲੀ,
    ਤੇ ਢੂੰਡਣਾਂ ਮਨੁੱਖਾਂ ਦਾ ਕੀ ਸਾਇਆ।

    6. ਹੈ ਰੱਬ ਉੱਤੇ ਆਸ ਆਪਣੀ ਰੱਖਣੀ ਭਲੀ,
    ਕੀ ਢੂੰਡਣਾਂ ਅਮੀਰ ਲੋਕਾਂ ਦਾ ਸਾਇਆ।

    7. ਨਾਮ ਰੱਬ ਦੇ ਨਾਲ ਕਰਾਂਗਾ ਇਹਨਾਂ ਦਾ ਨਾਸ਼,
    ਕਿ ਸਭ ਕੌਮਾਂ ਨੇ ਮੈਨੂੰ ਘੇਰਾ ਪਾਇਆ।

    8. ਜੋ ਘੇਰਦੇ ਨੇ ਮੈਨੂੰ ਸਭ ਹੋਣਗੇ ਫ਼ਨਾਹ,
    ਜਦੋਂ ਆਪਣੇ ਰੱਬ ਦਾ ਮੈਂ ਨਾਮ ਤਿਹਾਇਆ।

    9. ਉਹ ਬੁੱਝ ਗਏ ਕੰਡਿਆਂ ਦੀ ਅੱਗ ਵਾਂਗ ਸਭ,
    ਜਿਨ੍ਹਾਂ ਮੱਖੀਆਂ ਵਾਂਗ ਘੇਰਾ ਪਾਇਆ।

    10. ਮੈਂ ਉਹਨਾਂ ਦਾ ਸੱਚਮੁੱਚ ਹੁਣ ਕਰਾਂਗਾ ਨਾਸ਼,
    ਜਦੋਂ ਆਪਣੇ ਰੱਬ ਦਾ ਮੈਂ ਨਾਮ ਤਿਹਾਇਆ।

    11. ਤੂੰ ਜ਼ੋਰ ਨਾਲ ਧੱਕਿਆ ਤਾਂ ਦੇਵਣ ਡਿੱਗਾ,
    ਪਰ ਰੱਬ ਮੇਰੀ ਮਦਦ ਨੂੰ ਆਪ ਆਇਆ।

    12. ਜ਼ੋਰ ਮੇਰਾ ਹੈ ਰੱਬ ਓਹੋ ਮੇਰਾ ਹੈ ਮਾਣ,
    ਓਹੋ ਮੇਰੇ ਛੁਡਾਵਣ ਨੂੰ ਆਪ ਆਇਆ।

  • ---

    1. ਤੰਬੂਆਂ ਵਿੱਚ ਸੱਚਿਆਂ ਦੀਆਂ ਹਨ ਖ਼ੁਸ਼ੀਆਂ ਦੇ ਗੀਤਾਂ ਦੀ ਸਦਾ,
    ਸੱਜਾ ਹੱਥ ਕਿਆ ਹੀ ਬਹਾਦਰ ਹੈ ਤੇਰਾ, ਮੇਰੇ ਖ਼ੁਦਾ।

    2. ਸੱਜਾ ਹੱਥ ਕਿਆ ਹੀ ਬਹਾਦਰ ਹੈ, ਖ਼ੁਦਾਇਆ ਤੇਰਾ,
    ਸੱਜਾ ਹੱਥ ਮੇਰੇ ਖ਼ੁਦਾਵੰਦ ਦਾ ਉੱਚਾ ਹੋਇਆ।

    3. ਮੈਂ ਤੇ ਜੀਵਾਂਗਾ, ਮਰਾਂਗਾ ਨਹੀਂ ਪਰ ਦੱਸਾਂਗਾ,
    ਸਾਰੇ ਕੰਮ ਤੇਰੇ ਅਜਾਇਬ, ਐ ਮੇਰੇ ਖ਼ੁਦਾ।

    4. ਦਿੱਤੀ ਹੈ ਚੰਗੀ ਤਰ੍ਹਾਂ ਮੈਨੂੰ ਖ਼ੁਦਾ ਨੇ ਤੰਬੀਹ,
    ਪਰ ਨਹੀਂ ਮੌਤ ਦੇ ਹੈ ਮੈਨੂੰ ਹਵਾਲੇ ਕੀਤਾ।

    5. ਬੂਹੇ ਸੱਚਿਆਈ ਦੇ ਮੇਰੇ ਲਈ ਖੋਲ੍ਹੋ ਛੇਤੀ,
    ਜਾ ਕੇ ਅੰਦਰ ਮੈਂ ਕਰਾਂ ਆਪਣੇ ਖ਼ੁਦਾਵੰਦ ਦੀ ਸਨਾ।

    6. ਇਹ ਹੈ ਦਰਵਾਜ਼ਾ ਖ਼ੁਦਾਵੰਦ ਦਾ ਕਿ ਜਿਸ ਦੇ ਅੰਦਰ,
    ਖ਼ੁਸ਼ੀਆਂ ਦੇ ਨਾਲ ਚਲੇ ਜਾਂਦੇ ਹਨ, ਸੱਚਿਆਰ ਸਦਾ।

    7. ਤੂੰ ਸੁਣੀ ਮੇਰੀ ਦੁਆ, ਤੂੰ ਏ ਛੁਡਾਇਆ ਮੈਨੂੰ,
    ਜ਼ੋਰ ਦੇ ਨਾਲ ਮੈਂ ਗਾਵਾਂਗਾ ਤੇਰੀ ਹਮਦ–ਓ–ਸਨਾ।

    8. ਜਿਹੜੇ ਪੱਥਰ ਨੂੰ ਹੈ ਸੀ ਰੱਦ ਰਾਜਾਂ ਹੀ ਨੇ ਕੀਤਾ,
    ਉਹੋ ਪੱਥਰ ਹੋਇਆ ਓੜਕ ਹੀ ਨੂੰ ਕੋਨੇ ਦਾ ਸਿਰਾ।

    9. ਸਾਡੀਆਂ ਨਜ਼ਰਾਂ ਦੇ ਅੰਦਰ ਇਹ ਅਜਾਇਬ ਕੰਮ ਹੈ,
    ਪਰ ਖ਼ੁਦਾਵੰਦ ਖ਼ੁਦਾ ਨੇ ਹੈ ਇਹ ਆਪੇ ਕੀਤਾ।

    10. ਕੀਤਾ ਹੈ ਇਸ ਦਿਹਾੜੇ ਨੂੰ ਮੁਬਾਰਿਕ ਰੱਬ ਨੇ,
    ਖ਼ੁਸ਼ੀਆਂ ਦੇ ਗੀਤ ਅਸੀਂ ਗਾਵਾਂਗੇ ਦਿਲ ਨਾਲ ਸਦਾ।

    11. ਤੇਰੀ ਦਰਗਾਹ ਦੇ ਵਿੱਚ ਅਰਜ਼ ਤੇ ਮਿੰਨਤ ਹੈ ਮੇਰੀ,
    ਬਖ਼ਸ਼ ਦੇ ਮੈਨੂੰ ਖਲਾਸੀ ਤੂੰ ਮੇਰੇ ਪਾਕ ਖ਼ੁਦਾ।

    12. ਪੂਰਾ ਕਰ, ਮੇਰੇ ਖ਼ੁਦਾਇਆ, ਤੂੰ ਮੇਰੇ ਮਤਲਬ ਨੂੰ,
    ਮੇਰੀ ਹੱਥ ਜੋੜ ਕੇ, ਇਹੋ ਤੇਰੇ ਅੱਗੇ ਹੈ ਦੁਆ।

    13. ਰੱਬ ਦਾ ਨਾਂ ਲੈ ਕੇ ਜੋ ਆਵੇ ਹੈ ਮੁਬਾਰਿਕ ਉਹੋ,
    ਰੱਬ ਦੇ ਘਰ ਤੋਂ ਅਸੀਂ ਕਹਿੰਦੇ ਤੈਨੂੰ ਧੰਨਵਾਦ ਸਦਾ।

    14. ਲਿਆਓ ਕੁਰਬਾਨੀ ਨੂੰ ਬੰਨ੍ਹਕੇ ਮਜ਼ਬੇ ਦੇ ਸਿੰਗਾਂ ਤੀਕਰ,
    ਨੂਰ ਚਮਕਾਂਦਾ ਹੈ ਉਹੋ ਜੋ ਅਸਾਡਾ ਹੈ ਖ਼ੁਦਾ।

    15. ਤੂੰ ਮੇਰਾ ਰੱਬ ਹੈਂ ਬਜ਼ੁਰਗੀ ਮੈਂ ਕਰਾਂਗਾ ਤੇਰੀ,
    ਤੂੰ ਮੇਰਾ ਰੱਬ ਹੈਂ ਮੈਂ ਗਾਵਾਂਗਾ ਤੇਰੀ ਹਮਦ–ਓ–ਸਨਾ।

    16. ਤੁਸੀਂ ਦਿਲ ਨਾਲ ਖ਼ੁਦਾ ਪਾਕ ਦੇ ਹੋ ਸ਼ੁਕਰਗੁਜ਼ਾਰ,
    ਉਹੋ ਹੈ ਨੇਕ ਤੇ ਉਸੇ ਹੀ ਦੀ ਰਹਿਮਤ ਹੈ ਸਦਾ।

  • ---

    1. ਧੰਨ ਹਾਲ ਉਹਨਾਂ ਦਾ ਹੈ,
    ਜੋ ਠੀਕ ਚਾਲ ਚੱਲਦੇ,
    ਸ਼ਰਾਅ ਖ਼ੁਦਾਵੰਦ ਵਾਲੀ,
    ਦਿਲ ਤੋਂ ਜੋ ਹਨ ਮੱਲਦੇ।

    2. ਧੰਨ ਉਹ ਜੋ ਯਾਦ ਕਰਦੇ,
    ਰੱਬ ਦੀ ਸ਼ਹਾਦਤਾਂ ਨੂੰ,
    ਉਹ ਆਪਣੇ ਸਾਰੇ ਦਿਲ ਤੋਂ,
    ਹਨ ਢੂੰਡਦੇ ਖ਼ੁਦਾ ਨੂੰ।

    3. ਉਹ ਕਰਦੇ ਨਾ ਬੁਰਿਆਈ,
    ਪਰ ਰੱਬ ਦੇ ਰਾਹ ਨੂੰ ਫੜ੍ਹਦੇ,
    ਤੇਰੀ ਸ਼ਰਾਅ ਨੂੰ ਦਿਲ ਤੋਂ,
    ਹੁਣ ਯਾਦ ਅਸੀਂ ਹਾਂ ਕਰਦੇ।

    4. ਮੈਂ ਚਾਹਿਆ ਮੇਰੀਆਂ ਸਭ,
    ਹੋਵਣ ਦਰੁਸਤ ਰਾਹਾਂ,
    ਤੇਰੀ ਸ਼ਰਾਅ ਦੇ ਉੱਤੇ,
    ਮੈਂ ਆਪਣਾ ਦਿਲ ਲਗਾਵਾਂ।

    5. ਜਦ ਤੇਰੇ ਹੁਕਮਾਂ ਉੱਤੇ,
    ਮੈਂ ਆਪਣੀ ਅੱਖੀਆਂ ਲਾਵਾਂ,
    ਸ਼ਰਮਿੰਦਾ ਮੈਂ ਨਾ ਹੋਵਾਂ,
    ਨਾ ਸ਼ਰਮ ਕੁਝ ਉਠਾਵਾਂ।

    6. ਤੇਰੇ ਨਿਆਂ ਜੋ ਸੱਚੇ,
    ਯਾ ਰੱਬਾ ਮੈਂ ਉਹ ਸਿੱਖ ਕੇ,
    ਉਸਤਤ ਤੇਰੀ ਕਰਾਂਗਾ,
    ਹਾਂ ਨਾਲ ਸੱਚੇ ਦਿਲ ਦੇ।

    7. ਮੈਂ ਦਿਲ ਤੋਂ ਯਾਦ ਰੱਖਾਂ,
    ਫਰਮਾਨ ਤੇਰੇ ਸਾਰੇ,
    ਮੈਨੂੰ ਕਦੀ ਨਾ ਛੱਡੀਂ,
    ਓੜਕ ਦੇ ਤੂੰ ਦਿਹਾੜੇ।

  • ---

    ਜਵਾਨ ਭਲਾ ਕਿਸ ਤਰਾਂ, ਸਾਫ ਰੱਖੇਗਾ ਆਪਣਾ ਰਾਹ?

    8. ਤੇਰੇ ਕਲਾਮ ਦੇ ਮੁਆਫ਼ਕ ਚੱਲੇ,
    ਰੱਖੇ ਉਹਦੇ ’ਤੇ ਨਿਗਾਹ।

    9. ਤੈਨੂੰ ਮੈਂ ਢੂੰਡਿਆ ਮੈਨੂੰ ਨਾ ਹੋਣ ਦੇ
    ਆਪਣੇ ਹੁਕਮਾਂ ਤੋਂ ਗੁਮਰਾਹ।

    10. ਤੇਰੇ ਕਲਾਮ ਨੂੰ ਮੈਂ ਦਿਲ ਵਿੱਚ ਰੱਖਿਆ,
    ਕਰਾਂ ਨਾ ਤੇਰਾ ਗ਼ੁਨਾਹ।

    11. ਤੂੰ ਏਂ ਖ਼ੁਦਾਇਆ, ਧੰਨ ਹੈਂ,
    ਸੋ ਮੈਨੂੰ ਆਪਣੀ ਸ਼ਰਾਅ ਸਿਖਲਾ।

    12. ਕੀਤਾ ਬਿਆਨ ਤੇਰੇ ਸਾਰੇ ਨਿਆਂ ਦਾ,
    ਮੇਰੇ ਹੋਠਾਂ ਨੇ ਖ਼ੁਦਾ।

    13. ਤੇਰੀ ਸ਼ਰਾਅ ਤੋਂ ਹੁਣ ਐਸਾ ਮੈਂ ਖ਼ੁਸ਼ ਹਾਂ,
    ਜੈਸੇ ਖ਼ਜ਼ਾਨਾ ਮਿਲਾ।

    14. ਧਿਆਨ ਕਰਾਂਗਾ ਤੇਰੀ ਸ਼ਰਾਅ ’ਤੇ,
    ਸਾਹਵੇਂ ਰੱਖਾਂ ਤੇਰਾ ਰਾਹ।

    15. ਤੇਰੇ ਮੈਂ ਹੁਕਮਾਂ ਵਿੱਚ ਮਗਨ ਰਹਾਂਗਾ,
    ਭੁੱਲਾਂ ਕਲਾਮ ਨਾ ਤੇਰਾ।

  • ---

    16. ਆਪਣੇ ਬੰਦੇ ਦੇ ਉੱਤੇ ਕਰ ਅਹਿਸਾਨ,
    ਤਾਂ ਕਿ ਜਿਉਂਦੀ ਰਹੇ ਇਹ ਮੇਰੀ ਜਾਨ।

    17. ਯਾਦ ਰੱਖਾਂ ਕਲਾਮ ਨੂੰ ਤੇਰੇ,
    ਖੋਲ੍ਹਦੇ ਹੁਣ ਤੂੰ ਮੇਰੀਆਂ ਅੱਖੀਆਂ।

    18. ਚੰਗੇ–ਚੰਗੇ ਅਜਬ–ਅਜਬ ਮਜ਼ਮੂਨ,
    ਤਾਂ ਸ਼ਰੀਅਤ ਤੇਰੀ ਦੇ ਵਿੱਚ ਵੇਖਾਂ।

    19. ਮੈਂ ਮੁਸਾਫ਼ਿਰ ਹਾਂ ਇਸ ਜ਼ਮੀਨ ਉੱਤੇ,
    ਮੈਥੋਂ ਆਪਣੇ ਛੁਪਾ ਨਾ ਤੂੰ ਫਰਮਾਨ।

    20. ਤੇਰੇ ਇਨਸਾਫ਼ਾਂ ਦੇ ਲਈ ਹਰ ਦਮ,
    ਤੜਪਦੀ ਰਹਿੰਦੀ ਹੈ ਇਹ ਮੇਰੀ ਜਾਨ।

    21. ਉਹਨਾਂ ਮੱਲੂਨਾਂ ਨੂੰ ਤੂੰ ਡਾਂਟਿਆ ਹੈ,
    ਜਿਹੜੇ ਮਗ਼ਰੂਰ ਹਨ ਤੇ ਨਾਫਰਮਾਨ।

    22. ਤੂੰ ਮਲਾਮਤ ਨੂੰ ਤੇ ਹਿਕਾਰਤ ਨੂੰ,
    ਦੂਰ ਕਰ ਮੇਰੇ ਉੱਤੋਂ, ਐ ਰਹਿਮਾਨ।

    23. ਤੇਰੀਆਂ ਸਾਖੀਆਂ ਨੂੰ, ਯਾ ਰੱਬਾ,
    ਆਪਣੇ ਦਿਲ ਨਾਲ ਯਾਦ ਰੱਖਨਾ ਹਾਂ।

    24. ਕਰਕੇ ਜਲਸਾ ਅਮੀਰ ਲੋਕਾਂ ਨੇ,
    ਮੇਰੀ ਜ਼ਿੱਦ ਵਿੱਚ ਨੇ ਕੀਤੀਆਂ ਗੱਲਾਂ।

    25. ਪਰ ਤੇਰੇ ਹੱਕ ਦੇ ਉੱਤੇ, ਯਾ ਰੱਬਾ,
    ਤੇਰੇ ਬੰਦੇ ਦਾ ਹਰ ਦਮ ਰਹਿੰਦਾ ਧਿਆਨ।

    26. ਮੈਨੂੰ ਉਹਨਾਂ ਤੋਂ ਹੈ ਸਲਾਹ ਮਿਲਦੀ,
    ਸਾਖੀਆਂ ਤੇਰੀਆਂ ਤੋਂ ਮੈਂ ਖ਼ੁਸ਼ ਹਾਂ।

  • ---

    27. ਮੈਨੂੰ ਜਿਵਾਲੀਂ ਰੱਬਾ, ਮੈਨੂੰ ਜਿਵਾਲੀਂ ਹੋ,
    ਜਿਹੜੇ ਤੂੰ ਕੌਲ ਕੀਤੇ, ਉਹਨਾਂ ਨੂੰ ਪਾਲੀਂ ਹੋ।

    28. ਰੁਲਦੀ ਹੈ ਮਿੱਟੀ ਵਿੱਚ, ਮੇਰੀ ਇਹ ਜਾਨ ਹੋ,
    ਤੇਰੇ ਤੇ ਕੌਲਾਂ ਉੱਤੇ ਮੇਰਾ ਇਮਾਨ ਹੋ।

    29. ਦੱਸੀਆਂ ਤੈਨੂੰ, ਰੱਬਾ ਆਪਣੀਆਂ ਰਾਹਾਂ,
    ਤਦੋਂ ਤੂੰ ਰਹਿਮ ਕਰਕੇ ਸੁਣੀਆਂ ਦੁਆਵਾਂ।

    30. ਆਪਣੇ ਤੂੰ ਹੱਕ ਸਭੋ ਮੈਨੂੰ ਸਿਖਾਈਂ,
    ਆਪਣੀ ਸ਼ਰੀਅਤ ਦੀਆਂ ਰਾਹਾਂ ਵਿਖਾਈਂ।

    31. ਤੇਰੇ ਅਜਾਇਬ ਕੰਮਾਂ ਉੱਤੇ ਖ਼ੁਦਾਇਆ,
    ਧਿਆਨ ਮੈਂ ਆਪਣਾ ਚੰਗੀ ਤਰ੍ਹਾਂ ਹੈ ਲਾਇਆ।

    32. ਵਗਦੇ ਨੇ ਹੰਝੂ ਮੇਰੇ, ਦੁੱਖਾਂ ਦੇ ਨਾਲ ਹੋ,
    ਮੈਨੂੰ ਸੰਭਾਲੀਂ ਆਪਣੇ ਕੌਲਾਂ ਨੂੰ ਪਾਲ ਹੋ।

    33. ਝੂਠ ਦਾ ਰਾਹ ਮੈਥੋਂ ਰੱਖੀਂ ਤੂੰ ਦੂਰ ਹੋ,
    ਬਖ਼ਸ਼ੀਂ ਤੂੰ ਮਿਹਰ ਕਰਕੇ ਸ਼ਰਾਅ ਦਾ ਨੂਰ ਹੋ।

    34. ਚੁਣਿਆ ਮੈਂ ਆਪਣੇ ਲਈ ਰਸਤਾ ਸੱਚਿਆਈ ਦਾ,
    ਤੇਰਿਆਂ ਤੇ ਕੌਲਾਂ ਨੂੰ ਮੈਂ ਸਾਹਮਣੇ ਹੈ ਰੱਖਿਆ।

    35. ਤੇਰੀਆਂ ਗਵਾਹੀਆਂ ਉੱਤੇ ਜੀ ਮੇਰਾ ਲੱਗਦਾ,
    ਮੈਨੂੰ ਨਾ ਹੋਣ ਦੇ ਕਦੀ ਸ਼ਰਮਿੰਦਾ।

    36. ਦੌੜ੍ਹਾਗਾਂ ਮੈਂ ਤੇਰੇ ਹੁਕਮਾਂ ਦੇ ਰਾਹ ’ਤੇ,
    ਕੀਤਾ ਤੂੰ ਖ਼ੁਸ਼ ਹੈ ਮੇਰੇ ਦਿਲ ਨੂੰ ਵਧਾ ਕੇ।

  • ---

    37. ਰਾਹ ਮੈਨੂੰ ਦੱਸੀਂ, ਰੱਬਾ, ਆਪਣੀ ਸ਼ਰਾਅ ਦਾ,
    ਆਖਰ ਤੋੜੀ ਉਹਨੂੰ ਯਾਦ ਮੈਂ ਰੱਖਾਂਗਾ।

    38. ਮੈਨੂੰ ਬਖ਼ਸ਼ ਦੇ ਸਮਝ, ਤੇਰੀ ਸ਼ਰਾਅ ਨੂੰ,
    ਆਪਣੇ ਸਾਰੇ ਦਿਲ ਤੋਂ ਯਾਦ ਮੈਂ ਕਰਾਂਗਾ।

    39. ਮੈਨੂੰ ਚਲਾ ਆਪਣਿਆਂ ਹੁਕਮਾਂ ਦੀ ਰਾਹ ’ਤੇ,
    ਮੇਰੀ ਖ਼ੁਸ਼ੀ ਉਹਨਾਂ ਵਿੱਚ ਹੈ ਹਮੇਸ਼ਾ।

    40. ਆਪਣੀ ਗਵਾਹੀ ਵੱਲ ਦਿਲ ਮੇਰਾ ਲਾ ਤੂੰ,
    ਲਾਲਚ ਉੱਤੇ ਲੱਗੇ ਦਿਲ ਵੀ ਨਾ ਮੇਰਾ।

    41. ਝੂਠ ਨਾ ਵੇਖਾਂ, ਫੇਰੀਂ ਮੇਰੀ ਅੱਖੀਆਂ ਨੂੰ,
    ਰਾਹ ਵਿੱਚ ਆਪਣੇ, ਤੂੰ ਜਿਊਣ ਦੇਈਂ, ਰੱਬਾ।

    42. ਰੱਖੀਂ ਤੂੰ ਕਾਇਮ ਆਪਣਾ ਕੌਲ ਮੇਰੇ ਵਾਸਤੇ,
    ਕਿਉਂ ਜੋ ਮੈਂ ਡਰ, ਖੌਫ਼ ਰੱਖਦਾ ਹਾਂ ਤੇਰਾ।

    43. ਜਿਸ ਤੋਂ ਮੈਂ ਡਰਨਾਂ, ਕਰੀਂ ਦੂਰ ਮਲਾਮਤ,
    ਤੇਰਾ ਨਿਆਂ, ਰੱਬਾ, ਅਤਿ ਹੈ ਚੰਗੇਰਾ।

    44. ਤੇਰੇ ਕਵਾਇਦ ਮੇਰੇ ਦਿਲ ਨੂੰ ਹਨ ਪਿਆਰੇ,
    ਆਪਣੀ ਸੱਚਿਆਈ ਵਿੱਚ ਰੱਖੀਂ ਮੈਨੂੰ ਜ਼ਿੰਦਾ।

  • ---

    45. ਮੈਨੂੰ ਰਹਿਮਤ ਤੇ ਨਜਾਤ ਵਿਖਾਈਂ,
    ਅਰਜ਼ ਕਰਾਂ ਤੇਰੀ ਮਿੰਨਤ ਕਰਾਂ ਮੈਂ,
    ਆਪਣਾ ਕੌਲ ਤੂੰ ਯਾਦ ਫਰਮਾਈਂ।

    46. ਮੈਥੋਂ ਤਾਂ ਜਵਾਬ ਉਹ ਪਾਵਣ,
    ਜਿਹੜੇ ਤਾਹਨੇ ਮਾਰ ਸਤਾਵਣ,
    ਤੇਰੇ ਬਿਨਾਂ ਕਿਸੇ ਦੀ ਆਸ ਵੀ ਨਹੀਂ।

    47. ਮੈਂ ਤੇ ਹਰ ਦਮ ਸੱਚਿਆਈ ਬੋਲਾਂ,
    ਝੂਠੀ ਗੱਲ ਮੂੰਹ ਵਿੱਚ ਨਾ ਖੋਲ੍ਹਾਂ,
    ਮੈਂ ਮੰਨਦਾ ਹਾਂ ਤੇਰੇ ਹੁਕਮਾਂ ਤਾਈਂ।

    48. ਤੇਰੀ ਸ਼ਰਾਅ ਨੂੰ, ਪਾਕ ਖ਼ੁਦਾਇਆ,
    ਹਰ ਵੇਲੇ ਮੈਂ ਯਾਦ ਰੱਖਾਂਗਾ,
    ਭੁੱਲਾਂਗਾ ਨਾ ਕਦੀ ਓੜਕ ਤਾਈਂ।

    49. ਤੰਗੀ ਤੋਂ ਛੁਟਕਾਰਾ ਪਾਵਾਂ,
    ਫਿਰਾਂ ਤੁਰਾਂਗਾ ਖੁੱਲ੍ਹੀਆਂ ਥਾਂਵਾਂ,
    ਢੂੰਡਿਆ ਮੈਂ ਤੇਰੇ ਹੁਕਮਾਂ ਤਾਈਂ।

    50. ਮੈਂ ਬਾਦਸ਼ਾਹਾਂ ਦੇ ਦਰਬਾਰੇ,
    ਹੁਕਮ ਸੁਣਾਵਾਂ ਤੇਰੇ ਸਾਰੇ,
    ਸ਼ਰਮਿੰਦਾ ਨਾ ਮੈਂ ਹੋਵਾਂ ਕਦਾਈਂ।

    51. ਤੇਰੇ ਹੁਕਮਾਂ ਵਿੱਚ, ਖ਼ੁਦਾਇਆ,
    ਜਿਨ੍ਹਾਂ ਨੂੰ ਮੈਂ ਪਿਆਰ ਹਾਂ ਕਰਦਾ,
    ਖ਼ੁਸ਼ ਰੱਖਾਂਗਾ ਮੈਂ ਆਪਣੇ ਤਾਈਂ।

    52. ਤੇਰੀ ਸ਼ਰਾਅ ਵੱਲ ਹੱਥ ਉਠਾਂਦਾ,
    ਜਿਸ ਨੂੰ ਮੈਂ ਹਾਂ ਦਿਲ ਤੋਂ ਚਾਹੁੰਦਾ,
    ਸੋਚਾਂਗਾ ਮੈਂ ਤੇਰੇ ਹੁਕਮਾਂ ਤਾਈਂ।

  • ---

    ਆਪਣੇ ਬੰਦੇ ਲਈ ਆਪਣੇ ਕੌਲ ਨੂੰ, ਯਾ ਰੱਬ, ਯਾਦ ਫਰਮਾ।

    53. ਤੇਰੇ ਕੌਲ ਦੀ ਮੈਨੂੰ ਆਸ ਹੈ ਮੇਰੇ ਪਾਕ ਖ਼ੁਦਾ,
    ਤੇਰੇ ਕਲਾਮ ਨਾਲ ਜੀਉਂਦਾ ਹਾਂ ਪੈਂਦਾ ਜਦ ਘਬਰਾ।

    54. ਮਗ਼ਰੂਰ ਠੱਠਾ ਕਰਦੇ, ਪਰ ਮੈਂ ਨਾ ਛੱਡਿਆ ਤੇਰਾ ਰਾਹ,
    ਤੇਰੇ ਸਭ ਕਦੀਮ ਨਿਆਂ ਮੈਂ ਰੱਖੇ ਯਾਦ, ਖ਼ੁਦਾ।

    55. ਉਹਨਾਂ ਤੋਂ ਤਸੱਲੀ ਪਾਈ ਜਦ ਮੈਂ ਦੁੱਖ ਵਿੱਚ ਸਾਂ,
    ਉਹਨਾਂ ਬੁਰਿਆਂ ਦੇ ਸਬੱਬ ਤੋਂ ਮੈਂ ਜਾਂਦਾ ਘਬਰਾ।

    56. ਜਿਨ੍ਹਾਂ ਨੇ ਐ ਪਾਕ ਖ਼ੁਦਾਵੰਦ ਛੱਡਿਆ ਤੇਰਾ ਰਾਹ,
    ਇਸ ਮੁਸਾਫ਼ਿਰ-ਖਾਨੇ ਦੇ ਵਿੱਚ, ਮੇਰੇ ਪਾਕ ਖ਼ੁਦਾ।

    57. ਤੇਰੇ ਸਭ ਫਰਮਾਨ ਇੱਕ ਗੀਤ ਹਨ ਸਬੱਬ ਖ਼ੁਸ਼ੀ ਦਾ,
    ਰਾਤ ਦੇ ਵੇਲੇ ਯਾਦ ਮੈਂ ਕੀਤਾ ਤੇਰਾ ਨਾਂ ਖ਼ੁਦਾ।

    58. ਤੇਰੀ ਸ਼ਰਾਅ ਦੀ ਹਿਫਾਜ਼ਤ ਕੀਤੀ ਮੈਂ ਸਦਾ,
    ਕਿਉਂਕਿ ਤੇਰੇ ਹੁਕਮਾਂ ਨੂੰ ਮੈਂ ਹਿਫਜ਼ ਕੀਤਾ ਸਾ।

  • ---

    59. ਤੂੰ ਏ ਹਿੱਸਾ ਮੇਰਾ ਹੈਂ, ਤੂੰਏਂ ਵੱਖਰਾ ਹੈਂ, ਖ਼ੁਦਾਵੰਦਾ,
    ਮੈਂ ਕਿਹਾ ਏ, ਕਿ ਗੱਲਾਂ ਤੇਰੀਆਂ ਨੂੰ ਯਾਦ ਰੱਖਾਂਗਾ।

    60. ਮੈਂ ਆਪਣੇ ਸਾਰੇ ਦਿਲ ਤੋਂ ਮਿਹਰਬਾਨੀ ਤੇਰੀ ਚਾਹੁੰਦਾ ਹਾਂ,
    ਤੂੰ ਮੇਰੇ ਉੱਤੇ ਆਪਣੇ ਕੌਲ ਮੂਜਬ ਰਹਿਮ ਵੀ ਫਰਮਾ।

    61. ਮੈਂ ਆਪਣਿਆਂ ਸਾਰੇ ਰਾਹਾਂ ਦੇ ਉੱਤੇ ਧਿਆਨ ਕੀਤਾ ਹੈ,
    ਮੈਂ ਮੁੜਿਆ ਹਾਂ ਸ਼ਰੀਅਤ ਤੇਰੀ ਦੇ ਵੱਲ ਹੁਣ ਖ਼ੁਦਾਵੰਦਾ।

    62. ਮੈਂ ਛੇਤੀ ਕਰਕੇ ਕੀਤਾ ਯਾਦ, ਯਾ ਰੱਬ, ਤੇਰਿਆਂ ਹੁਕਮਾਂ ਨੂੰ,
    ਸ਼ਰੀਰਾਂ ਘੇਰਿਆ ਪਰ ਮੈਂ ਨਾ ਤੇਰੀ ਸ਼ਰਾਅ ਨੂੰ ਭੁੱਲਿਆ।

    63. ਖ਼ੁਦਾਵੰਦਾ, ਤੇਰੇ ਸਭ ਫੈਸਲੇ ਹਨ ਠੀਕ ਤੇ ਸੱਚੇ,
    ਮੈਂ ਅੱਧੀ ਰਾਤਾਂ ਨੂੰ, ਹਾਂ ਸ਼ੁਕਰ ਤੇਰਾ ਕਰਨ ਉੱਠਾਂਗਾ।

    64. ਮੇਰੀ ਬੈਠਕ ਹੈ ਉਹਨਾਂ ਨਾਲ ਜਿਹੜੇ ਰੱਖਦੇ ਡਰ ਤੇਰਾ,
    ਜੋ ਮੰਨਦੇ ਤੇਰਿਆਂ ਫਰਜ਼ਾਂ ਤੇ ਹੁਕਮਾਂ ਨੂੰ ਖ਼ੁਦਾਵੰਦਾ।

    65. ਖ਼ੁਦਾਇਆ, ਹੈ ਜ਼ਮੀਨ ਉੱਤੇ ਤੇਰੀ ਰਹਿਮਤ ਦੀ ਭਰਪੂਰੀ,
    ਮੇਰੇ ਉੱਤੇ ਵੀ ਰਹਿਮਤ ਕਰ, ਤੇ ਮੈਨੂੰ ਆਪਣੇ ਹੱਕ ਸਿਖਲਾ।

  • ---

    66. ਆਪਣੇ ਕਲਾਮ ਦੇ ਮੁਆਫ਼ਕ ਨਾਲ ਮੇਰੇ
    ਚੰਗਾ ਸਲੂਕ ਤੂੰ ਵਿਖਾਇਆ
    ਮੈਂ ਤੇ ਇਮਾਨ ਤੇਰੇ ਹੁਕਮਾਂ ’ਤੇ ਲਿਆਂਦਾ
    ਮੈਨੂੰ ਦਾਨਾਈ ਤੇ ਅਕਲ ਸਿਖਾ।

    67. ਦੁੱਖਾਂ ਦੇ ਵਿੱਚ ਜਦੋਂ ਤੀਕ ਨਹੀਂ ਸਾਂ ਫਸਿਆ
    ਹੁੰਦਾ ਸਾਂ ਮੈਂ ਹਰ ਵੇਲੇ ਗੁਮਰਾਹ
    ਹੁਣ ਤੇ ਮੈਂ ਕੀਤਾ ਯਾਦ ਤੇਰੇ ਕਲਾਮ ਨੂੰ
    ਮੈਂ ਇਸੇ ਤੋਂ ਪਾਂਦਾ ਤਸੱਲੀਆਂ।

    68. ਰੱਬਾ ਤੂੰ ਨੇਕ ਹੈਂ, ਤੂੰ ਨੇਕੀ ਸਦਾ ਕਰਦਾ
    ਹੁਣ ਮੈਨੂੰ ਤੂੰ ਆਪਣੇ ਹਕੂਕ ਸਿਖਲਾ
    ਮਗ਼ਰੂਰਾਂ ਨੇ ਮੇਰੇ ਉੱਤੇ ਝੂਠ ਹੈ ਬੰਨ੍ਹਿਆ
    ਪਰ ਮੈਂ ਤੇਰੇ ਫਰਾਇਜ਼ ਨਹੀਂ ਭੁੱਲਾਂਗਾ।

    69. ਉਹਨਾਂ ਦਾ ਦਿਲ ਚਰਬੀ ਵਾਂਗ ਮੋਟਾ ਹੋਇਆ
    ਪਰ ਮੈਂ ਸ਼ਰਾਅ ਦੇ ਵਿੱਚ ਖ਼ੁਸ਼ ਹਾਂ ਸਦਾ
    ਚੰਗਾ ਇਹ ਹੋਇਆ, ਕਿ ਮੈਂ ਦੁੱਖ ਪਾਇਆ, ਯਾ ਰੱਬ
    ਸਿੱਖਾਂਗਾ ਮੈਂ ਤੇਰੇ ਕਾਇਦੇ ਸਦਾ।

  • ---

    70. ਫਹਿਮ ਅਤਾ ਕਰ ਮੈਨੂੰ ਖ਼ੁਦਾਇਆ,
    ਤਾਂ ਸ਼ਰੀਅਤ ਨੂੰ ਤੇਰੀ ਮੈਂ ਜਾਣੂੰ।

    71. ਤੂੰ ਹੀ ਨੇ ਇਲਾਹੀ ਮੇਰੀ ਸੂਰਤ ਬਣਾਈ,
    ਹੱਥਾਂ ਨੇ ਕਾਰੀਗਰੀ ਇਹ ਦਿਖਾਈ,
    ਤੂੰ ਹੀ ਮਿੱਟੀ ਤੋਂ ਮੈਨੂੰ ਬਣਾਇਆ।

    72. ਦਿਲ ਤੋਂ ਜੋ ਆਪਣੇ ਤੇਥੋਂ ਨੇ ਡਰਦੇ,
    ਮੈਨੂੰ ਉਹ ਦੇਖ ਕੇ ਖ਼ੁਸ਼ੀਆਂ ਨੇ ਕਰਦੇ,
    ਤੇਰੇ ਕਲਾਮ ’ਤੇ ਹੈ ਮੇਰਾ ਭਰੋਸਾ।

    73. ਤੇਰੇ ਨਿਆਂ ਸਭੈ ਸੱਚੇ, ਇਲਾਹੀ,
    ਭੇਜੀ ਮੁਹੱਬਤ ਨਾਲ ਮੇਰੇ ’ਤੇ ਤਬਾਹੀ,
    ਜਾਣਦਾ ਹਾਂ ਮੈਂ ਸਭ ਇਹ ਮੇਰੇ ਖ਼ੁਦਾਇਆ।

    74. ਵਾਅਦਾ ਕੀਤਾ ਤੂੰ ਬੰਦੇ ਨਾਲ ਜੈਸਾ,
    ਸ਼ਫ਼ਕਤ ਨਾਲ ਤੇਰੀ ਤਸੱਲੀ ਹੋਵੇਗਾ,
    ਮੇਰੇ ’ਤੇ ਹੋ ਤੇਰੀ ਰਹਿਮਤ ਦਾ ਸਾਇਆ।

    75. ਕਿਉਂਕਿ ਏਸੇ ਤੋਂ ਮੇਰੀ ਜ਼ਿੰਦਗੀ ਹੈ,
    ਤੇਰੀ ਸ਼ਰੀਅਤ ਵਿੱਚ ਮੇਰੀ ਖ਼ੁਸ਼ੀ ਹੈ,
    ਸ਼ਰਮਿੰਦਾ ਹੋ ਸਭ ਘੁਮੰਡੀ, ਖ਼ੁਦਾਇਆ।

    76. ਮੇਰੇ ਖਿਲਾਫ ਬੰਨ੍ਹ ਕੇ ਝੂਠੇ ਮਨਸੂਬੇ,
    ਮੈਨੂੰ ਪਹੁੰਚਾਇਆ ਨੁਕਸਾਨ ਹੈ ਓਨਾਂ ਨੇ,
    ਪਰ ਸਭ ਤੇਰੇ ਫਰਜ਼ਾਂ ਨੂੰ ਯਾਦ ਮੈਂ ਰੱਖਾਂਗਾ।

    77. ਐਸਾ ਹੋ ਯਾ ਰੱਬ, ਕਿ ਜੋ ਤੇਥੋਂ ਡਰਦੇ,
    ਤੇਰੀ ਸ਼ਹਾਦਤ ਨੂੰ ਯਾਦ ਕਰਦੇ,
    ਦਿਲ ਮੇਰਾ ਵਾਂਗ ਹੈ ਮਾਇਲ ਉਹਨਾਂ ਸਭ ਦਾ।

    78. ਐਸਾ ਤੂੰ ਕਰ ਐ ਖ਼ੁਦਾਵੰਦ ਮੇਰਾ ਦਿਲ,
    ਤੇਰੇ ਕਵਾਇਦ ਦੇ ਵਾਂਗ ਹੋ ਮਾਇਲ,
    ਤਾਂ ਕਿ ਨਾ ਹੋਵਾਂ ਮੈਂ ਕਦੀ ਸ਼ਰਮਿੰਦਾ।

  • ---

    79. ਤੇਰੀ ਨਜਾਤ ਦੇ ਸ਼ੌਕ ਵਿੱਚ,
    ਹੁੰਦੀ ਬੇਹੋਸ਼ ਮੇਰੀ ਜਾਨ,
    ਤੇਰੇ ਹੀ ਕੌਲ ’ਤੇ, ਐ ਖ਼ੁਦਾ,
    ਦਿਲ ਤੋਂ ਮੈਂ ਰੱਖਦਾ ਹਾਂ ਇਮਾਨ।

    80. ਤੇਰੀ ਉਡੀਕ ਵਿੱਚ ਐ ਖ਼ੁਦਾ,
    ਅੱਖੀਆਂ ਤੇ ਹੋਈਆਂ ਹਨ ਫ਼ਨਾਹ,
    ਕਦੋਂ ਜਵਾਬ ਤੂੰ ਘੱਲੇਂਗਾ,
    ਦੇਵੇਂਗਾ ਤੂੰ ਤਸੱਲੀਆਂ।

    81. ਚਮੜੇ ਦੀ ਮਸ਼ਕ ਦੀ ਮਿਸਾਲ,
    ਹੋਇਆ ਹੈ ਰੱਬਾ, ਮੇਰਾ ਹਾਲ,
    ਸੁੱਕੀ ਹੋ ਜਿਹੜੀ ਧੂੰ ਦੇ ਨਾਲ,
    ਪਰ ਮੈਂ ਨਾ ਭੁੱਲਿਆ ਤੇਰਾ ਰਾਹ।

    82. ਮੈਨੂੰ ਤੂੰ ਦੱਸੀਂ, ਐ ਖ਼ੁਦਾ,
    ਕਿੰਨੇ ਦਿਹਾੜੇ ਜੀਵਾਂਗਾ?
    ਮੇਰਿਆਂ ਦੁਸ਼ਮਣਾਂ ਹੀ ਦਾ,
    ਕਦੋਂ ਤੂੰ ਕਰੇਂਗਾ ਨਿਆਂ?

    83. ਵਾਸਤੇ ਮੇਰੇ, ਐ ਖ਼ੁਦਾ,
    ਇਹ ਜੋ ਘੁਮੰਡੀ ਬੇ-ਸ਼ਰਾਅ,
    ਪੁੱਟਦੇ ਨੇ ਟੋਏ ਡੂੰਘੇ ਚਾ,
    ਉਹਨਾਂ ਦੇ ਵਿੱਚ ਤਾਂ ਡਿੱਗ ਪਵਾਂ।

    84. ਮੈਨੂੰ ਸਤਾਂਦੇ ਬੇਸਬੱਬ,
    ਤੇਰੇ ਨੇ ਸੱਚੇ ਹੁਕਮ ਸਭ,
    ਮੇਰੀ ਮਦਦ ਤੂੰ ਕਰ, ਐ ਰੱਬ,
    ਤੂੰ ਏਂ ਤੇ ਮੇਰੀ ਹੈਂ ਚਟਾਨ।

    85. ਵੇਲਾ ਸੀ ਨੇੜੇ ਆ ਗਿਆ,
    ਕਰਦੇ ਉਹ ਮੈਨੂੰ ਮਿਲ ਫ਼ਨਾਹ,
    ਪਰ ਮੈਂ ਹਮੇਸ਼ਾ ਰੱਖਦਾ ਹਾਂ,
    ਤੇਰੇ ਹੀ ਫਰਜ਼ਾਂ ਦਾ ਧਿਆਨ।

    86. ਰੱਖੀਂ ਤੂੰ ਨਜ਼ਰ ਮਿਹਰ ਦੀ,
    ਬਖ਼ਸ਼ੀਂ ਤੂੰ ਮੈਨੂੰ ਜ਼ਿੰਦਗੀ,
    ਰੱਖਾਂਗਾ ਯਾਦ ਦਿਲ ਸੇਤੀ,
    ਤੇਰੀਆਂ ਸਭ ਸ਼ਹਾਦਤਾਂ।

  • ---

    87. ਰੱਬਾ ਕਾਇਮ ਹੈਂ ਸਦਾ ਅਸਮਾਨਾਂ ’ਤੇ ਤੇਰਾ ਕਲਾਮ,
    ਤੇਰੀ ਸੱਚਿਆਈ ਰਹੇਗੀ ਪੀੜ੍ਹੀ ਦਰ ਪੀੜ੍ਹੀ ਮੁਦਾਮ।

    88. ਤੂੰ ਏਂ ਕਾਇਮ ਕੀਤੀ ਧਰਤੀ, ਹੋਈ ਕਾਇਮ ਐ ਖ਼ੁਦਾ,
    ਤੇਰੀ ਖ਼ਿਦਮਤ ਦੇ ਲਈ ਹਾਜ਼ਿਰ ਇਹ ਖ਼ਾਦਿਮ ਤਮਾਮ।

    89. ਜੇ ਨਾ ਹੁੰਦੀ ਤੇਰੇ ਹੁਕਮਾਂ ਵਿੱਚ ਮੇਰੇ ਦਿਲ ਨੂੰ ਖ਼ੁਸ਼ੀ,
    ਆਪਣੇ ਦੁੱਖ ਵਿੱਚ ਮਰ ਗਿਆ ਹੁੰਦਾ, ਤਦ ਇਹ ਤੇਰਾ ਗੁਲਾਮ।

    90. ਤੇਰੇ ਫਰਜ਼ਾਂ ਨੂੰ ਐ ਖ਼ੁਦਾਇਆ, ਨਾ ਮੈਂ ਭੁੱਲਾਂਗਾ ਕਦੀ,
    ਕਿਉਂ ਜੋ ਉਹਨਾਂ ਦੇ ਸਬੱਬ ਬਖ਼ਸ਼ੀ ਤੂੰ ਮੈਨੂੰ ਜ਼ਿੰਦਗੀ।

    91. ਮੈਂ ਤੇ ਹਾਂ ਤੇਰਾ ਸੋ ਤੂੰ ਮੈਨੂੰ ਬਚਾ ਲਈਂ ਐ ਖ਼ੁਦਾ,
    ਮੈਨੂੰ ਰਹਿੰਦੀ ਹੈ ਹਮੇਸ਼ਾ ਢੂੰਡ ਤੇਰੇ ਫਰਜ਼ਾਂ ਦੀ।

    92. ਬੈਠੇ ਹਨ ਬਦਕਾਰ ਦਾ ਦਾਅ ਲਾ ਕੇ ਮੇਰੇ ਮਾਰਨ ਦੇ ਲਈ,
    ਪਰ ਤੇਰੇ ਹੁਕਮਾਂ ਦੇ ਉੱਤੇ ਰਹਿੰਦਾ ਮੇਰਾ ਧਿਆਨ ਵੀ।

    93. ਮੈਂ ਤੇ ਹੱਦ ਹਰ ਇੱਕ ਕਾਮਲੀਅਤ ਦੀ ਵੇਖੀ ਹੈ, ਰੱਬਾ,
    ਪਰ ਤੇਰੇ ਹੁਕਮਾਂ ਦੀ ਹੱਦ ਤੀਕਰ ਨਾ ਪਹੁੰਚਾ ਕੋਈ ਵੀ।

  • ---

    94. ਤੇਰੀ ਸ਼ਰਾਅ ਨਾਲ ਮੁਹੱਬਤ ਮੇਰੀ,
    ਸੋਚਦਾ ਰਹਿੰਦਾ ਹਾਂ ਸ਼ਰੀਅਤ ਤੇਰੀ।

    95. ਤੇਰੇ ਹੀ ਹੁਕਮਾਂ ਦੇ ਵਸੀਲੇ, ਐ ਖ਼ੁਦਾ,
    ਦੁਸ਼ਮਣਾਂ ਤੋਂ ਵਧਕੇ ਮੈਂ ਹੁੰਦਾ ਦਾਨਾ।

    96. ਕਿਉਂਕਿ ਤੇਰੇ ਹੁਕਮ ਤਮਾਮ ਓ ਕਾਮਾਲ,
    ਰਹਿੰਦੇ ਸਦਾ ਤੀਕ ਰੱਬਾ ਮੇਰੇ ਨਾਲ।

    97. ਹਿਕਮਤਾਂ ਸਿਖਾਂਦੇ ਨੇ ਜੋ ਦੁਨਿਆਵੀ,
    ਉਹਨਾਂ ਤੋਂ ਵਧਕੇ ਹੈ ਮੇਰਾ ਇਲਮ ਵੀ।

    98. ਕਿਉਂਕਿ ਤੇਰੀ ਸ਼ਰਾਅ ਦੇ ਉੱਤੇ ਖ਼ੁਦਾ,
    ਧਿਆਨ ਮੈਂ ਦਿਲ ਨਾਲ ਹਾਂ ਰੱਖਦਾ ਸਦਾ।

    99. ਬੁੱਢਿਆਂ ਤੋਂ ਵੀ ਮੇਰੀ ਸਮਝ ਹੈ ਵਧੀਕ,
    ਫਰਜ਼ ਤੇਰੇ ਯਾਦ ਨੇ ਸਭ ਠੀਕ-ਠੀਕ।

    100. ਛੱਡ ਦਿੱਤੇ ਮੈਂ ਤੇ ਬੁਰੇ ਰਾਹ ਤਮਾਮ,
    ਯਾਦ ਰੱਖਾਂ ਜੋ ਕਿ ਹੈ ਤੇਰਾ ਕਲਾਮ।

    101. ਮੈਂ ਤੇਰੇ ਹੁਕਮਾਂ ਤੋਂ ਨਾ ਟਲਿਆ ਕਦੀ,
    ਮੇਰੀ ਇਹ ਤਾਲੀਮ ਤੇਰੇ ਵੱਲੋਂ ਸੀ।

    102. ਸ਼ਹਿਦ ਤੋਂ ਵੀ ਵਧਕੇ ਹੈ ਮਿੱਠਾ ਤਮਾਮ,
    ਯਾ ਰੱਬਾ ਮੇਰੇ ਲਈ ਤੇਰਾ ਕਲਾਮ।

    103. ਤੇਰੇ ਹੀ ਫਰਜ਼ਾਂ ਦੇ ਵਸੀਲੇ ਖ਼ੁਦਾ,
    ਸਮਝ ਮੇਰੀ ਵਧਦੀ ਹੈ ਰਹਿੰਦੀ ਸਦਾ।

  • ---

    104. ਚਿਰਾਗ ਹੈ ਮੇਰੇ ਪੈਰਾਂ ਲਈ ਕਲਾਮ ਤੇਰਾ,
    ਕਸਮ ਜੋ ਖਾਧੀ ਹੈ ਉਸਨੂੰ ਕਰਾਂਗਾ ਮੈਂ ਪੂਰਾ।

    105. ਕਿ ਯਾਦ ਰੱਖਾਂਗਾ ਮੈਂ ਤੇਰੇ ਫੈਸਲੇ ਸਾਰੇ,
    ਜੋ ਤੂੰਏ ਕੀਤੇ ਹਨ ਸੱਚਿਆਈ ਨਾਲ, ਮੇਰੇ ਖ਼ੁਦਾ।

    106. ਹੈ ਮੇਰੇ ਉੱਤੇ ਮੁਸੀਬਤ, ਖ਼ੁਦਾਇਆ, ਅਤਿ ਭਾਰੀ,
    ਸੋ ਆਪਣੇ ਕੌਲਾਂ ਨੂੰ ਤੂੰ ਯਾਦ ਕਰਕੇ ਮੈਨੂੰ ਜਿਲ਼ਾ।

    107. ਕਬੂਲ ਕਰ ਮੇਰੇ ਸਭ ਮੂੰਹ ਦੇ ਹਦੀਏ ਮਿਹਰ ਦੇ ਨਾਲ,
    ਖ਼ੁਦਾਇਆ ਆਪਣੀਆਂ ਹੁਣ ਤੂੰ ਅਦਾਲਤਾਂ ਸਿਖਲਾ।

    108. ਹਮੇਸ਼ਾ ਮੇਰੀ ਹਥੇਲੀ ਉੱਤੇ ਹੈ ਮੇਰੀ ਜਾਨ,
    ਮੈਂ ਤਦ ਵੀ ਤੇਰੀ ਸ਼ਰੀਅਤ ਨਹੀਂ ਭੁਲਾਈ ਜ਼ਰਾ।

    109. ਵਿਛਾਇਆ ਜਾਲ ਮੇਰੇ ਵਾਸਤੇ ਸ਼ਰੀਰਾਂ ਨੇ,
    ਮੈਂ ਤਦ ਵੀ ਫਰਜ਼ਾਂ ਤੋਂ ਤੇਰੇ ਜ਼ਰਾ ਨਹੀਂ ਹਟਿਆ।

    110. ਤੇਰਾ ਕਲਾਮ ਹੈ ਮੇਰੀ ਹਮੇਸ਼ਾ ਦੀ ਮਿਰਾਸ,
    ਤੇਰੀ ਸ਼ਹਾਦਤਾਂ ਤੋਂ ਮੇਰਾ ਦਿਲ ਹੈ ਖ਼ੁਸ਼ ਰਹਿੰਦਾ।

    111. ਮੈਂ ਕੀਤਾ ਆਪਣੇ ਦਿਲ ਨੂੰ ਹੈ ਇਸ ਤਰਫ਼ ਮਾਇਲ,
    ਕਿ ਤੇਰੇ ਕਾਇਦੇ ਦਸਤੂਰਾਂ ਉੱਤੇ ਚੱਲਾਂ ਸਦਾ।

  • ---

    112. ਮੈਨੂੰ ਦਿਕ ਕਰਦੇ ਭੈੜੇ-ਭੈੜੇ ਖਿਆਲ,
    ਪਿਆਰ ਹੈ ਮੇਰਾ ਤੇਰੀ ਸ਼ਰਾਅ ਦੇ ਨਾਲ।

    113. ਤੂੰ ਮੇਰੀ ਢਾਲ ਤੇ ਪਨਾਹ ਦੀ ਜਾ,
    ਤੇਰੇ ਕੌਲਾਂ ’ਤੇ ਆਸਰਾ ਮੇਰਾ।

    114. ਸਾਰੇ ਬਦਕਾਰ ਹੋਣ ਮੈਥੋਂ ਦੂਰ,
    ਮੈਂ ਤੇ ਮੰਨਾਂਗਾ ਰੱਬ ਦੇ ਹੁਕਮ ਜ਼ਰੂਰ।

    115. ਕੌਲ ਤੂੰ ਕੀਤਾ ਆਪਣੇ ਬੰਦੇ ਨਾਲ,
    ਸੋ, ਖ਼ੁਦਾਵੰਦਾ, ਆਪ ਮੈਨੂੰ ਸੰਭਾਲ।

    116. ਮੈਂ ਤੇ ਜੀਵਾਂ, ਨਾ ਹੋਵਾਂ ਸ਼ਰਮਿੰਦਾ,
    ਤੇਰੇ ਉੱਤੇ ਹੈ ਆਸਰਾ ਮੇਰਾ।

    117. ਮੈਨੂੰ ਥੰਮ ਲਈਂ ਕਿ ਤਾਂ ਮੈਂ ਬਚਿਆ ਰਹਾਂ,
    ਤੇਰੇ ਹੱਕ ਉੱਤੇ ਅੱਖੀਆਂ ਲਾਵਾਂ।

    118. ਐਸਿਆਂ ਲੋਕਾਂ ਨੂੰ ਤੂੰ ਰੱਦ ਕਰਦਾ,
    ਤੇਰੇ ਹੱਕ ਤੋਂ ਜੋ ਹੁੰਦੇ ਹਨ ਗੁੰਮਰਾਹ।

    119. ਝੂਠ ਦਾ ਉਹਨਾਂ ਵਿੱਚ ਹੈ ਬੋਇਆ ਖਮੀਰ,
    ਮੈਲ ਵਾਂਗਰ ਤੂੰ ਦਫ਼ਾ ਕੀਤੇ ਸ਼ਰੀਰ।

    120. ਪਰ ਖ਼ੁਦਾਇਆ ਤੇਰੀ ਸ਼ਹਾਦਤਾਂ ਨਾਲ,
    ਮੈਂ ਤੇ ਰੱਖਦਾ ਪਿਆਰ ਦਿਲ ਤੋਂ ਕਮਾਲ।

    121. ਤੇਰੇ ਦਰ ਤੋਂ ਮੈਂ ਕੰਬਦਾ ਹਾਂ ਥਰ-ਥਰ,
    ਡਾਢਾ ਤੇਰੀ ਅਦਾਲਤਾਂ ਦਾ ਡਰ।

  • ---

    122. ਯਾ ਰੱਬਾ, ਕੀਤੇ ਮੈਂ ਨਿਆਂ ਸੱਚੇ,
    ਨਾ ਹਵਾਲੇ ਕਰੀਂ ਤੂੰ ਜ਼ਾਲਿਮਾਂ ਦੇ।

    123. ਖ਼ੈਰ ਦੇ ਵਾਸਤੇ, ਖ਼ੁਦਾਵੰਦਾ,
    ਹੋਵੀਂ ਜ਼ਾਮਿਨ ਤੂੰ ਆਪਣੇ ਬੰਦੇ ਦਾ।

    124. ਤਾਂ ਕਿ ਮਗ਼ਰੂਰ ਲੋਕ, ਬਦ ਇਨਸਾਨ,
    ਜ਼ੁਲਮ ਕਰਕੇ ਨਾ ਮੇਰਾ ਕਰਨ ਜ਼ਿਆਂ।

    125. ਕੌਲ ਸੱਚਿਆਈ ਦਾ ਤੂੰ ਕੀਤਾ ਸੀ,
    ਨਾਲੇ ਵਾਅਦਾ ਮੇਰੀ ਨਜਾਤ ਦਾ ਵੀ।

    126. ਇੰਤਜ਼ਾਰੀ ਦੇ ਵਿੱਚ ਹੀ ਮੇਰੇ ਖ਼ੁਦਾ,
    ਅੱਖੀਆਂ ਮੇਰੀਆਂ ਤਾਂ ਹੋਈਆਂ ਫ਼ਨਾਹ।

    127. ਮਿਹਰ ਬੇ-ਹੱਦ ਹੈ ਤੇਰੀ ਰਹਿਮ ਕਮਾਲ,
    ਵੈਸਾ ਕਰ ਤੂੰ ਸਲੂਕ ਬੰਦੇ ਨਾਲ।

    128. ਆਪਣੇ ਹੱਕ, ਆਪਣੇ ਫਰਜ਼, ਮੇਰੇ ਖ਼ੁਦਾ,
    ਆਪਣੇ ਇਸ ਬੰਦੇ ਨੂੰ ਤਮਾਮ ਸਿਖਾ।

    129. ਮੈਂ ਤੇ ਆਜਿਜ਼ ਹਾਂ, ਬੰਦਾ ਤੇਰਾ ਹੀ,
    ਆਪਣੇ ਬੰਦੇ ਨੂੰ ਬਖ਼ਸ਼ ਦਾਨਾਈ।

    130. ਐ ਖ਼ੁਦਾ ਤੇਰੀਆਂ ਸ਼ਹਾਦਤਾਂ ਦੀ,
    ਤਦੋਂ ਪਛਾਣ ਮੈਨੂੰ ਹੋਵੇਗੀ।

    131. ਕਾਰ ਕਰਨੇ ਦਾ ਇਹ ਤੇ ਵੇਲਾ ਸੀ,
    ਪਰ ਸ਼ਰਾਅ ਤੇਰੀ ਉਹਨਾਂ ਨੇ ਤੋੜੀ।

    132. ਮੈਂ ਤੇਰੇ ਹੁਕਮਾਂ ਨੂੰ ਖ਼ੁਦਾਵੰਦਾ,
    ਚੋਖੇ ਸੋਨੇ ਤੋਂ ਵਧਕੇ ਹਾਂ ਚਾਂਹਦਾ।

    133. ਬਾਤ ਸੱਚੀ ਹੈ ਤੇਰੇ ਫਰਜ਼ਾਂ ਦੀ,
    ਝੂਠਿਆਂ ਰਾਹਾਂ ਦਾ ਮੈਂ ਹਾਂ ਵੈਰੀ।

  • ---

    134. ਸ਼ਹਾਦਤਾਂ ਤੇਰੀਆਂ ਸਭ ਸੱਚੀਆਂ ਹਨ, ਖ਼ੁਦਾਵੰਦਾ,
    ਸੋ ਉਹਨਾਂ ਸਭਨਾਂ ਨੂੰ ਜਾਨ ਮੇਰੀ ਯਾਦ ਕਰਦੀ ਸਦਾ।

    135. ਤੇਰੇ ਕਲਾਮ ਦਾ ਖੁੱਲ੍ਹਣਾ ਹੈ ਦਿਲ ਨੂੰ ਬਖ਼ਸ਼ਦਾ ਨੂਰ,
    ਦਾਨਾਈ ਨਾਲ ਹੈ ਕਰਦਾ ਉਹ ਸਿੱਧੇ ਦਿਲ ਭਰਪੂਰ।

    136. ਮੈਂ ਹੌਂਕਦਾ ਹਾਂ, ਤੇ ਮੂੰਹ ਆਪਣਾ ਖੋਲ੍ਹਦਾ ਹਾਂ, ਖ਼ੁਦਾ,
    ਕਿ ਮੇਰੇ ਦਿਲ ਨੂੰ ਤਾਂ ਹੈ ਸ਼ੌਕ ਤੇਰੇ ਹੁਕਮਾਂ ਦਾ।

    137. ਤੂੰ ਕਰਦਾ ਪਿਆਰ ਹੈਂ, ਜਿਸ ਤਰ੍ਹਾਂ ਆਪਣੇ ਆਸ਼ਕਾਂ ਨੂੰ,
    ਹਾਂ, ਇਸੇ ਤਰ੍ਹਾਂ ਮੇਰੇ ਵੱਲ ਵੀ ਕਰ ਤਵੱਜੋ ਤੂੰ।

    138. ਮੁਤਾਬਿਕ ਆਪਣੇ ਵਾਅਦੇ ਦੇ ਮੇਰੇ ਪੈਰਾਂ ਨੂੰ,
    ਚਲਾਈਂ ਸਿੱਧਾ, ਬਚਾਈਂ ਬਦੀ ਤੋਂ ਮੈਨੂੰ ਤੂੰ।

    139. ਛੁਡਾਈਂ ਜ਼ਾਲਿਮਾਂ ਦੇ ਹੱਥੋਂ ਮੈਨੂੰ ਮੇਰੇ ਖ਼ੁਦਾ,
    ਮੈਂ ਤੇਰੇ ਸਾਰਿਆਂ ਫਰਜ਼ਾਂ ਨੂੰ ਯਾਦ ਰੱਖਾਂਗਾ।

    140. ਤੂੰ ਆਪਣੇ ਬੰਦੇ ’ਤੇ ਕਰ ਆਪਣਾ ਚਿਹਰਾ ਜਲਵਾਗਾਰ,
    ਹਕੂਕ ਆਪਣੇ ਦਾ ਸਭ ਇਲਮ ਤੂੰ ਇਨਾਯਤ ਕਰ।

    141. ਹਨ ਵੱਗਦੀਆਂ ਮੇਰੀਆਂ ਅੱਖੀਆਂ ਤੋਂ ਨਹਿਰਾਂ ਪਾਣੀ ਦੀਆਂ,
    ਤੇ ਲੋਕ ਤੇਰੀ ਸ਼ਰੀਅਤ ਦਾ ਕੁਝ ਨਾ ਰੱਖਦੇ ਧਿਆਨ।

  • ---

    142. ਤੂੰ ਸੱਚਾ ਤੇ ਬਰ-ਹੱਕ ਹੈਂ, ਯਾ ਰੱਬ ਮੇਰੇ,
    ਬਹੁਤ ਠੀਕ ਹਨ ਸੱਚਿਆਈ ਸਭ ਤੇਰੇ ਫੈਸਲੇ।

    143. ਅਮਾਨਤ ਤੇ ਸੱਚਿਆਈ ਨਾਲ ਐ ਖ਼ੁਦਾ,
    ਤੂੰ ਸਭ ਸਾਖੀਆਂ ਆਪਣੀਆਂ ਦਿੱਤੀਆਂ ਜਤਾ।

    144. ਕਿ ਗ਼ੈਰਤ ਮੇਰੀ ਮੈਨੂੰ ਹੈ ਖਾ ਗਈ,
    ਸ਼ਰਾਅ ਦੁਸ਼ਮਣਾਂ ਨੇ ਭੁਲਾਈ ਤੇਰੀ।

    145. ਨਿਹਾਇਤ ਹੈ ਖਾਲਿਸ ਕਲਾਮ-ਏ-ਖ਼ੁਦਾ,
    ਕਿ ਇਸ ਨਾਲ ਹੈ ਇਸ਼ਕ ਮੇਰਾ ਸਦਾ।

    146. ਮੈਂ ਹਾਂ ਖਵਾਰ ਖੱਜਲ ਤੇ ਲਾਚਾਰ ਵੀ,
    ਨਾ ਭੁੱਲਾਂਗਾ ਫਰਜ਼ਾਂ ਨੂੰ ਤੇਰੇ ਕਦੀ।

    147. ਸੱਚਿਆਈ ਤੇਰੀ ਹੈ ਸੱਚਿਆਈ ਸਦਾ,
    ਹੈ ਬਰ–ਹੱਕ ਸ਼ਰੀਅਤ ਤੇਰੀ, ਐ ਖ਼ੁਦਾ।

    148. ਮੁਸੀਬਤ ਤੇ ਦੁੱਖ ਵਿੱਚ ਮੇਰੀ ਜਾਨ ਫਸੀ,
    ਤੇਰੇ ਹੁਕਮਾਂ ਵਿੱਚ ਪਰ ਹੈ ਮੇਰੀ ਖ਼ੁਸ਼ੀ।

    149. ਤੇਰੀ ਸਾਖੀਆਂ ਸੱਚੀਆਂ ਹਨ ਸਦਾ,
    ਮੈਂ ਜੀ ਜਾਵਾਂ, ਕਰ ਸਮਝ ਮੈਨੂੰ ਅਤਾ।

  • ---

    150. ਤੈਨੂੰ ਦਿਲ ਤੋਂ ਮੈਂ ਪੁਕਾਰਾਂ,
    ਸੁਣ ਲੈ ਦੁਆਵਾਂ ਤੂੰ ਮੇਰੀਆਂ।

    151. ਤੈਨੂੰ ਪੁਕਾਰਾਂ, ਸੁਣ ਤੂੰ ਖ਼ੁਦਾਇਆ,
    ਯਾਦ ਕਰਾਂ ਗੱਲਾਂ ਤੇਰੀਆਂ।

    152. ਤੈਨੂੰ ਪੁਕਾਰਾਂ ਮੈਨੂੰ ਬਚਾ ਲੈ,
    ਯਾਦ ਰੱਖਾਂ ਸ਼ਰਾਅ ਤੇਰੀਆਂ।

    153. ਫਜਰੀਂ ਮੈਂ ਉਠ ਕੇ ਰੋਨਾ ਚਿੱਲਾਨਾ,
    ਤੂੰ ਏਂ ਤੇ ਦੇਂਦਾ ਦਲੇਰੀਆਂ।

    154. ਰਾਤ ਦੇ ਪਹਿਰਾਂ ਵਿੱਚ ਜਾਗਦਾ ਰਹਿੰਦਾ,
    ਯਾਦ ਰੱਖਾਂ ਗੱਲਾਂ ਤੇਰੀਆਂ।

    155. ਆਪਣੀ ਰਹਿਮਤ ਨਾਲ ਖ਼ੁਦਾਇਆ,
    ਸੁਣ ਲਈਂ ਆਵਾਜ਼ਾਂ ਤੂੰ ਮੇਰੀਆਂ।

    156. ਮੈਨੂੰ ਜੀਵਾਲ ਆਪਣੀਆਂ ਨਾਲ ਅਦਾਲਤਾਂ,
    ਤੇਰੀਆਂ ਨੇ ਰੱਬਾ ਜਿਹੜੀਆਂ।

    157. ਨੇੜੇ ਆਏ ਓਹ ਜੋ ਕਰਦੇ ਸ਼ਰਾਰਤ,
    ਮੰਨਦੇ ਜੋ ਨਾ ਗੱਲਾਂ ਤੇਰੀਆਂ।

    158. ਐ ਖ਼ੁਦਾਵੰਦ, ਤੂੰਈਂ ਹੈਂ ਨੇੜੇ ਮੇਰੇ,
    ਤੇਰੀਆਂ ਗੱਲਾਂ ਨੇ ਸੱਚੇਰੀਆਂ।

    159. ਤੇਰੀ ਸ਼ਹਾਦਤ ਮੁੱਢੋਂ ਮੈਂ ਜਾਣਦਾ,
    ਨੀਹਾਂ ਨੇ ਉਹਦੀਆਂ ਪਕੇਰੀਆਂ।

  • ---

    ਮੈਨੂੰ ਤੂੰ ਰਿਹਾਈ ਦੇ, ਵੇਖ ਮੁਸੀਬਤ ਮੇਰੀ ।

    160. ਦੇ ਤੂੰ ਰਿਹਾਈ ਮੈਨੂੰ ਖ਼ੁਦਾਇਆ,
    ਦੇ ਤੂੰ ਰਿਹਾਈ,
    ਦੇ ਤੂੰ ਰਿਹਾਈ ਮੈਨੂੰ ਖ਼ੁਦਾਇਆ,
    ਭੁੱਲਿਆ ਨਾ ਸ਼ਰਾਅ ਮੈਂ ਤੇਰੀ।

    161. ਮੇਰਾ ਮੁਕੱਦਮਾ ਆਪੇ ਤੂੰ ਲੈ ਲੈ,
    ਮੇਰਾ ਮੁਕੱਦਮਾ,
    ਮੇਰਾ ਮੁਕੱਦਮਾ ਆਪੇ ਤੂੰ ਲੈ ਲੈ ,
    ਹੋਵੇ ਖਲਾਸੀ ਤਾਂ ਮੇਰੀ।

    162. ਮੈਨੂੰ ਜਵਾ ਉਸ ਗੱਲ ਦੀ ਖਾਤਿਰ,
    ਆਪੀਂ ਤੂੰ ਕੀਤੀ ਸੀ ਜਿਹੜੀ।

    163. ਤੇਰਿਆਂ ਹੁਕਮਾਂ ਨੂੰ ਬਦ ਨਹੀਂ ਢੂੰਡਦੇ,
    ਦੂਰ ਮੁਕਤੀ ਤੋਂ ਉਹ ਤੇਰੀ।

    164. ਕਰੀਂ ਅਦਾਲਤ ਮੈਨੂੰ ਜਵਾ ਲਈਂ,
    ਰਹਿਮਤ ਤੇਰੀ ਹੈ ਬਥੇਰੀ।

    165. ਦੂਤੀ ਦੁਸ਼ਮਣ ਮੇਰੇ ਹਨ ਬਥੇਰੇ,
    ਸ਼ਰਾਅ ਨਾ ਛੱਡੀ ਮੈਂ ਤੇਰੀ।

    166. ਡਿੱਗਿਆਂ ਨੂੰ ਵੇਖ ਕੇ ਕਰਦਾ ਮੈਂ ਨਫ਼ਰਤ,
    ਮੰਨਣ ਕਲਾਮ ਜੋ ਨਾ ਤੇਰੀ।

    167. ਹੁੱਕਮ ਤੇਰੇ ਮੈਨੂੰ ਲੱਗਦੇ ਪਿਆਰੇ,
    ਖ਼ੁਸ਼ੀ ਹੈ ਉਹਨਾਂ ਵਿੱਚ ਮੇਰੀ।

    168. ਮੈਨੂੰ ਜਿਵਾਲੀਂ ਮੇਰੇ ਖ਼ੁਦਾਇਆ,
    ਤੇਰੀ ਹੈ ਮਿਹਰ ਬਥੇਰੀ।

    169. ਤੇਰਾ ਕਲਾਮ ਮੁੱਢੋਂ ਯਾ ਰੱਬ ਸੱਚ ਹੈ,
    ਤੇਰਾ ਕਲਾਮ,
    ਤੇਰਾ ਕਲਾਮ ਮੁੱਢੋਂ ਯਾ ਰੱਬ ਸੱਚ ਹੈ,
    ਸੱਚੀ ਹੈ ਅਦਾਲਤ ਤੇਰੀ।

  • ---

    170. ਬੇਸਬੱਬ ਸਰਦਾਰ ਮੇਰਾ ਪਿੱਛਾ ਕਰਦੇ ਹਨ ਸਦਾ,
    ਪਰ ਮੈਂ ਦਿਲ ਵਿੱਚ ਖੌਫ਼ ਰੱਖਦਾ ਹਾਂ ਸ਼ਰੀਅਤ ਤੇਰੀ ਦਾ।

    171. ਮੇਰਾ ਦਿਲ ਤੇਰੀ ਸ਼ਰੀਅਤ ਤੋਂ ਅਜਿਹਾ ਹੈ ਨਿਹਾਲ,
    ਜਿਸ ਤਰ੍ਹਾਂ ਕਾਬੂ ਕਿਸੇ ਦੇ ਜਾਏ ਚੜ੍ਹ ਕੁਝ ਲੁੱਟਦਾ ਮਾਲ।

    172. ਮੈਂ ਤੇ ਅਤਿ ਬੇਜ਼ਾਰ ਹਾਂ, ਤੇ ਝੂਠ ਤੋਂ ਘਿਣ ਕਰਦਾ ਹਾਂ,
    ਪਰ ਸ਼ਰੀਅਤ ਨਾਲ ਤੇਰੀ ਮੈਂ ਮਹੁੱਬਤ ਰੱਖਦਾ ਹਾਂ।

    173. ਯਾਦ ਕਰਕੇ ਮੈਂ, ਖ਼ੁਦਾਇਆ ਤੇਰੇ ਸੱਚੇ ਫੈਸਲੇ,
    ਗੀਤ ਸੱਤ ਵਾਰੀ ਮੈਂ ਦਿਨ ਵਿਚ ਗਾਂਦਾ ਹਾਂ ਤਾਰੀਫ਼ ਦੇ।

    174. ਜੋ ਸ਼ਰੀਅਤ ਤੇਰੀ ਨੂੰ ਦਿਲ ਨਾਲ, ਯਾ ਰੱਬਾ ਚਾਹੁੰਦੇ ਹਨ,
    ਚੈਨ ਵਿਚ ਰਹਿੰਦੇ ਤੇ ਠੋਕਰ ਵੀ ਕਦੀ ਨਾ ਖਾਂਦੇ ਹਨ।

    175. ਮੈਂ ਰਿਹਾਈ ਦਾ ਖ਼ੁਦਾਇਆ, ਤੇਥੋਂ ਹਾਂ ਉਮੀਦਵਾਰ,
    ਤੇਰੇ ਹੁਕਮਾਂ ਉੱਤੇ ਚੱਲਿਆ ਉਹਨਾਂ ਨੂੰ ਕੀਤਾ ਪਿਆਰ।

    176. ਯਾਦ ਰੱਖੀਆਂ ਮੇਰੀ ਰੂਹ ਨੇ ਸਭ ਗਵਾਹੀਆਂ ਤੇਰੀਆਂ,
    ਉਹ ਤੇ ਮੇਰੇ ਦਿਲ ਨੂੰ, ਯਾ ਰੱਬ, ਪਿਆਰੀਆਂ ਅਤਿ ਲੱਗਦੀਆਂ।

    177. ਸਭ ਗਵਾਹੀਆਂ ਤੇਰੀਆਂ ਤੇ ਫਰਜ਼ ਤੇਰੇ ਐ ਖ਼ੁਦਾ,
    ਯਾਦ ਕੀਤੇ ਮੈਂ, ਹਨ ਤੇਰੇ ਸਾਹਮਣੇ ਸਭ ਮੇਰਾ ਰਾਹ।

  • ---

    178. ਮੇਰੀ ਫਰਿਆਦ ਆਵਣ ਦੇ, ਖ਼ੁਦਾਇਆ, ਸਾਹਮਣੇ ਆਪਣੇ,
    ਸਮਝ ਮੈਨੂੰ ਇਨਾਇਤ ਕਰ ਮੁਤਾਬਿਕ ਕੌਲ ਆਪਣੇ ਦੇ।

    179. ਹਜ਼ੂਰੀ ਵਿੱਚ ਤੇਰੀ ਪਹੁੰਚੇ ਮੇਰੀ ਮਿੰਨਤ, ਖ਼ੁਦਾਵੰਦਾ,
    ਮੁਤਾਬਿਕ ਆਪਣੇ ਵਾਅਦੇ ਦੇ ਮੈਨੂੰ ਬਖ਼ਸ਼ੀਂ ਛੁਟਕਾਰਾ।

    180. ਸਿਤਾਇਸ਼ ਤੇਰੀ, ਯਾ ਰੱਬ, ਮੇਰੇ ਹੋਠਾਂ ਵਿੱਚੋਂ ਨਿਕਲੇਗੀ,
    ਜਦੋਂ ਤਾਲੀਮ ਤੂੰ ਦੇਵੇਂਗਾ ਮੈਨੂੰ ਆਪਣੇ ਫਰਜ਼ਾਂ ਦੀ।

    181. ਕਰੇਗੀ ਚਰਚਾ ਇਹ ਮੇਰੀ ਜ਼ੁਬਾਨ ਤੇਰੀ ਸ਼ਰੀਅਤ ਦਾ,
    ਕਿ ਸਭ ਫਰਮਾਨ ਤੇਰੇ ਠੀਕ, ਸੱਚੇ ਹਨ, ਖ਼ੁਦਾਵੰਦਾ।

    182. ਭਲਾ ਹੁੰਦਾ ਜੇ ਹੱਥ ਤੇਰਾ ਮਦਦ ਇਸ ਬੰਦੇ ਦੀ ਕਰਦਾ,
    ਕਿ ਮੈਂ ਸਭ ਤੇਰੇ ਫਰਜ਼ਾਂ ਉੱਤੇ ਦਿਲ ਦੇ ਨਾਲ ਹਾਂ ਚੱਲਦਾ।

    183. ਮੇਰੇ ਦਿਲ ਵਿੱਚ, ਖ਼ੁਦਾਇਆ, ਹੈ ਮੁਹੱਬਤ ਤੇਰੀ ਮੁਕਤੀ ਦੀ,
    ਕਿ ਹੈ ਤੇਰੀ ਸ਼ਰੀਅਤ ਤੋਂ ਮੇਰੀ ਰੂਹ ਨੂੰ ਖ਼ੁਸ਼ੀ ਡਾਢੀ।

    184. ਮੇਰੀ ਜਿੰਦੜੀ ਰਹੇ ਜ਼ਿੰਦਾ ਕਿ ਤਾਂ ਉਸਤਤ ਤੇਰੀ ਗਾਵਾਂ,
    ਨਿਆਵਾਂ ਤੇਰਿਆਂ ਤੋਂ ਵੀ, ਖ਼ੁਦਾਵੰਦਾ ਮਦਦ ਪਾਵਾਂ।

    185. ਗੁਆਚੀ ਭੇਡ ਵਾਂਗੂੰ ਹਾਂ ਭੁੱਲਾ ਭਟਕਿਆ ਗੁੰਮਰਾਹ,
    ਤੂੰ ਮੈਨੂੰ ਢੂੰਡ ਮੈਂ ਤੇ ਤੇਰਿਆਂ ਹੁਕਮਾਂ ਨੂੰ ਹਾਂ ਤੱਕਦਾ।

  • ---

    ਸੁਣ ਲੈ, ਰੱਬਾ, ਮੇਰੀ ਤੰਗੀ ਵਿੱਚ ਪੁਕਾਰ।

    1. ਝੂਠਿਆਂ ਹੋਠਾਂ ਤੋਂ ਮੈਨੂੰ ਬਚਾਈਂ,
    ਦਗ਼ਾਬਾਜ਼ਾਂ ਤੋਂ ਮੈਨੂੰ ਛੁਡਾਈਂ,
    ਰੱਬਾ, ਤੂੰ ਏਂ ਮੇਰਾ ਬਚਾਵਣਹਾਰ।

    2. ਝੂਠੀ ਜੀਭ ਨੂੰ ਨਹੀਂ ਕੁਝ ਫਲਦਾ,
    ਤੀਰ ਮਰਦ ਜੰਗੀ ਦਾ ਬਲ਼ਦਾ,
    ਜਿਵੇਂ ਬਲ਼ਦੇ ਨੇ ਰਤਮੇ ਦੇ ਅੰਗਿਆਰ।

    3. ਮੈਨੂੰ ਹੈ ਅਫ਼ਸੋਸ ਇਸ ਗੱਲੇ,
    ਡੇਰੇ ਮਸਕ ਅੰਦਰ ਮੈਂ ਮੱਲੇ,
    ਕੋਲ ਹੀ ਵੱਸਦੀ ਹੈ ਮੇਰੇ ਕੌਮ-ਏ-ਕਿਦਾਰ।

    4. ਮੇਰਾ ਵਾਸ ਉਹਨਾਂ ਦੇ ਨੇੜੇ,
    ਰੱਖਣ ਵੈਰ ਸੁਲਾਹ ਨਾਲ ਜਿਹੜੇ,
    ਮੈਂ ਤੇ ਚਿਰ ਤੀਕਰ ਜਾਤਾ ਉਹਨਾਂ ਨੂੰ ਯਾਰ।

    5. ਮੈਂ ਤੇ ਬੰਦਾ ਹਾਂ ਮਿਲਾਪੀ,
    ਜਦੋਂ ਗੱਲ ਕਰਾਂ ਮੈਂ ਆਪੀਂ,
    ਤਦ ਉਹ ਮੇਰੇ ਨਾਲ ਜੰਗ ਨੂੰ ਹੋਣ ਤਿਆਰ।

  • ---

    1. ਅੱਖੀਆਂ ਚੁੱਕਦਾ ਹਾਂ ਮੈਂ ਵੱਲ ਪਹਾੜਾਂ,
    ਮਦਦ ਲਈ ਮੈਂ ਕਿਸ ਨੂੰ ਪੁਕਾਰਾਂ?

    2. ਮੇਰੀ ਮਦਦ ਨੂੰ ਰੱਬ ਆਪ ਆਇਆ,
    ਜਿਸ ਨੇ ਧਰਤੀ ਆਕਾਸ਼ ਬਣਾਇਆ,
    ਤੇਰੇ ਪੈਰਾਂ ਨੂੰ ਦੇਵੇ ਖੁਲਾਰਾਂ।

    3. ਤੇਰਾ ਰਾਖਾ ਨਾ ਕਦੀ ਉਂਗ੍ਹਲਾਵੇ,
    ਤੇਰੇ ਰੱਬ ਨੂੰ ਨੀਂਦਰ ਵੀ ਨਾ ਆਵੇ,
    ਇਸਰਾਏਲ ਦੀਆਂ ਰੱਖਦਾ ਉਹ ਤਾੜਾਂ।

    4. ਆਪ ਤੇਰਾ ਖ਼ੁਦਾਵੰਦ ਰਖਵਾਲਾ,
    ਤੇਰੇ ਉੱਤੇ ਉਹ ਛਾਂ ਕਰਨ ਵਾਲਾ,
    ਸ਼ੁਕਰ ਉਸੇ ਦਾ ਹਰਦਮ ਗੁਜ਼ਾਰਾਂ।

    5. ਦਿਨੇ ਸੂਰਜ ਨਾ ਤੈਨੂੰ ਸਤਾਵੇ,
    ਰਾਤੀਂ ਚੰਨ ਵੀ ਨਾ ਕੁਝ ਦੁੱਖ ਪਹੁੰਚਾਵੇ,
    ਖੌਫ਼ ਖਾਵੇਂਗਾ ਨਾ ਵਿੱਚ ਉਜਾੜਾਂ।

    6. ਤੇਰਾ ਰੱਬ ਤੈਨੂੰ ਆਪ ਬਚਾਂਦਾ,
    ਸਾਰੀ ਬਦੀਆਂ ਤੋਂ ਤੈਨੂੰ ਛੁਡਾਂਦਾ,
    ਤੇਰੀ ਜ਼ਿੰਦਗੀ ਦੀਆਂ ਰੱਖਦਾ ਉਹ ਤਾੜਾਂ।

    7. ਤੇਰੇ ਰਾਹ ਵਿੱਚ ਖ਼ੁਦਾਵੰਦ ਤਾਅਲਾ,
    ਸਦਾ ਹੋਵੇਗਾ ਤੇਰਾ ਰਖਵਾਲਾ,
    ਮੈਂ ਤਾਂ ਰੱਬ ਹੀ ਨੂੰ ਹਰਦਮ ਪੁਕਾਰਾਂ।

  • ---

    1. ਮੈਂ ਖ਼ੁਸ਼ ਹੋਇਆ ਜਦ ਮੈਨੂੰ ਆਖਣ ਲੱਗੇ,
    ਕਿ ਆਓ ਖ਼ੁਦਾਵੰਦ ਦੇ ਘਰ ਚੱਲੀਏ।

    2. ਐ ਯਰੂਸ਼ਲਮ, ਤੂੰ ਖ਼ੁਦਾਵੰਦ ਦਾ ਸ਼ਹਿਰ,
    ਤੇਰੇ ਬੂਹਿਆਂ ਵਿੱਚ ਹੁਣ ਖੜ੍ਹੇ ਸਾਡੇ ਪੈਰ।

    3. ਐ ਯਰੂਸ਼ਲਮ, ਤੂੰ ਅਜਾਇਬ ਬਨੀ,
    ਤੇਰੀ ਸਾਰੀ ਵੱਸੋਂ ਹੈ ਡਾਢੀ ਘਣੀ।

    4. ਤੇ ਜਿਸ ਵਿੱਚ ਖ਼ੁਦਾਵੰਦ ਦੀਆਂ ਸਭ ਟੋਲੀਆਂ,
    ਗਵਾਹੀ ਦੀ ਖ਼ਾਤਿਰ ਹਨ ਚੜ੍ਹ ਜਾਂਦੀਆਂ।

    5. ਕਿ ਤਾਂ ਇਸਰਾਏਲ ਦੇ ਉਹ ਸ਼ਾਹਿਦ ਬਣਨ,
    ਖ਼ੁਦਾਵੰਦ ਦੇ ਨਾਂ ਦੀ ਸਿਤਾਇਸ਼ ਕਰਨ।

    6. ਕਿ ਉਸ ਵਿੱਚ ਧਰੇ ਹਨ ਅਦਾਲਤ ਦੇ ਤਖ਼ਤ,
    ਕਿ ਦਾਊਦ ਦੇ ਸਭ ਘਰਾਣੇ ਦੇ ਤਖ਼ਤ।

  • ---

    7. ਦੁਆ ਮੰਗੋ ਇਹ ਮਿਲਕੇ ਸਭ ਦਮ-ਬ-ਦਮ,
    ਸਲਾਮਤ ਰਹੇ ਸ਼ਹਿਰ–ਏ–ਯਰੂਸ਼ਲਮ।

    8. ਤੇਰੇ ਦੋਸਤ ਹਨ ਸਭ ਤੇਰੇ ਖ਼ੈਰ ਖਵਾਹ,
    ਸਲਾਮਤ ਰਹਿਣ, ਹਾਂ ਸਲਾਮਤ ਸਦਾ।

    9. ਤੇਰੇ ਸਾਰੇ ਵਲਗਾਨ, ਤੇਰੇ ਸਭ ਚੌਗਾਨ,
    ਤੇਰੇ ਮਹਿਲਾਂ ਵਿੱਚ ਹੋਵੇ ਅਮਨ–ਓ–ਅਮਾਨ।

    10. ਮੈਂ ਆਪਣੇ ਭਰਾਵਾਂ ਅਜ਼ੀਜ਼ਾਂ ਲਈ,
    ਦੁਆ ਮੰਗਦਾ ਰਹਿੰਦਾ ਤੇਰੀ ਖ਼ੈਰ ਦੀ।

    11. ਖ਼ੁਦਾਵੰਦ ਦੇ ਘਰ ਲਈ, ਜੋ ਸਾਡਾ ਖ਼ੁਦਾ,
    ਤੇਰੀ ਖੈਰ ਸਲਾਹ ਮੈਂ ਮੰਗਦਾ ਸਦਾ।

  • ---

    1. ਤੂੰ ਬੈਠਾ ਤਖ਼ਤ ਉੱਤੇ ਅਸਮਾਨਾਂ ਪਰ, ਖ਼ੁਦਾਵੰਦਾ,
    ਮੈਂ ਤੇਰੀ ਤਰਫ਼ ਆਪਣੀਆਂ ਅੱਖੀਆਂ ਹਰ ਦਮ ਉਠਾਵਾਂਗਾ।

    2. ਜਿਉਂ ਕਾਮੇ-ਕਾਮੀਆਂ ਹੱਥ ਵੇਖਦੇ ਹਨ ਆਪਣੇ ਮਾਲਿਕ ਦੇ,
    ਅਸੀਂ ਰਹਿੰਦੇ ਹਾਂ ਇਸੇ ਤਰ੍ਹਾਂ ਤੱਕਦੇ ਵੱਲ ਖ਼ੁਦਾਵੰਦ ਦੇ।

    3. ਤੂੰ ਕਦ ਤੀਕਰ ਅਸਾਡੇ ਉੱਤੇ ਆਪਣਾ ਰਹਿਮ ਨਾ ਦੱਸੇਂਗਾ,
    ਤੂੰ ਆਪਣੇ ਬੰਦਿਆਂ ਉੱਤੇ ਵਿਖਾ ਰਹਿਮ ਆਪਣਾ, ਯਾ ਰੱਬਾ।

    4. ਅਸਾਡੇ ਉੱਤੇ ਰਹਿਮਤ ਕਰ, ਅਸੀਂ ਹਾਂ ਖਵਾਰ ਤੇ ਹੈਰਾਨ,
    ਘੁਮੰਡੀ ਰੱਜੇ ਹੋਏ ਸਭ, ਸਤਾਂਦੇ ਹਨ ਅਸਾਡੀ ਜਾਨ।

  • ---

    1. ਤੂੰ ਜੇ ਨਾ ਹੁੰਦਾ ਮਦਦ ਉੱਤੇ ਅਸਾਡੀ, ਐ ਖ਼ੁਦਾ,
    ਆਖੇ ਇਸਰਾਏਲ, ਜੇ ਹੁੰਦਾ ਨਾ ਤੂੰ ਤਦ, ਯਾ ਰੱਬਾ।

    2. ਸਾਡੀ ਜਿੰਦ ਉੱਤੇ ਜਦ ਉੱਠੇ ਸਾਡੇ ਦੁਸ਼ਮਣ ਗੁੱਸੇ ਨਾਲ,
    ਮਾਰ ਸੁੱਟਦੇ ਸਾਨੂੰ ਤੇ ਉਹ ਜਿਉਂਦਿਆਂ ਨੂੰ ਜਾਂਦੇ ਖਾ।

    3. ਭੜਕਦੇ ਸਨ ਸਾਡੇ ਉੱਤੇ ਗੁੱਸੇ ਵਿੱਚ ਜਿਸ ਵੇਲੇ ਉਹ,
    ਤਦ ਅਸੀਂ ਪਾਣੀ ਦੇ ਵਿੱਚ ਉਸ ਵੇਲੇ ਹੋ ਜਾਂਦੇ ਫ਼ਨਾਹ।

    4. ਪਾਣੀ ਦੇ ਤੂਫ਼ਾਨ ਲੰਘ ਜਾਂਦੇ ਅਸਾਡੀ ਜਾਨ ’ਤੇ,
    ਡੁਬਕੂੰ-ਡੁਬਕੂੰ ਪਾਣੀ ਦੇ ਹੜ੍ਹ ਵਿੱਚ ਅਸੀਂ ਕਰਦੇ, ਖ਼ੁਦਾ।

    5. ਉਹਨਾਂ ਦੇ ਦੰਦਾਂ ਦਾ ਸਾਨੂੰ ਨਹੀਂ ਕੀਤਾ ਤੂੰ ਸ਼ਿਕਾਰ,
    ਨਾਮ ਤੇਰਾ ਹੀ, ਖ਼ੁਦਾਵੰਦਾ, ਮੁਬਾਰਿਕ ਹੈ ਸਦਾ।

    6. ਦੁਸ਼ਮਣ ਦੇ ਜਾਲ ਵਿੱਚੋਂ ਚਿੜੀਆਂ ਵਾਂਗਰ ਸਾਡੀ ਜਾਨ,
    ਛੁੱਟ ਗਈ ਤੇ ਉੱਠ ਨੱਸੇ ਜਦ ਜਾਲ ਟੁੱਟਾ ਉਹਨਾਂ ਦਾ।

    7. ਜਿਸ ਖ਼ੁਦਾ ਨੇ ਪੈਦਾ ਕੀਤਾ ਹੈ, ਜ਼ਮੀਨ ਤੇ ਅਸਮਾਨ,
    ਉਸ ਦੇ ਹੀ ਨਾਮ ਤੋਂ ਸਾਡੀ ਮਦਦ ਹੁੰਦੀ ਸਦਾ।

  • ---

    1. ਆਸ ਜਿਨ੍ਹਾਂ ਦੀ ਤੂੰ ਹੈਂ ਉਹ ਤੇ,
    ਵਾਂਗ ਸਿਓਨ ਪਹਾੜ, ਯਾ ਰੱਬਾ,
    ਆਪਣੀ ਜਾਹ ਤੋਂ ਕਦੀ ਨਾ ਜੋ ਟਲਦਾ,
    ਰਹਿੰਦਾ ਹੈ ਪਾਏਦਾਰ, ਯਾ ਰੱਬਾ।

    2. ਯਰੂਸ਼ਲਮ ਦੇ ਆਲੇ-ਦੁਆਲੇ,
    ਜਿਉਂ ਹਨ ਖੂਬ ਪਹਾੜ, ਯਾ ਰੱਬਾ,
    ਇਸੇ ਤਰ੍ਹਾਂ ਤੂੰ ਆਪਣੇ ਲੋਕਾਂ ਦਾ
    ਰਹਿੰਦਾ ਹੈ ਮਦਦਗਾਰ, ਯਾ ਰੱਬਾ।

    3. ਸੋਟਾ ਬਦਾਂ ਦਾ ਦੇਵੇਂਗਾ ਨਹੀਂ,
    ਸੱਚਿਆਂ ਨੂੰ ਆਜ਼ਾਰ, ਯਾ ਰੱਬਾ,
    ਵਿੱਚ ਬੁਰਿਆਈ ਦੇ ਫਸ ਜਾਣ ਤੋਂ,
    ਬਚਣਗੇ ਸੱਚਿਆਰ, ਯਾ ਰੱਬਾ।

    4. ਭਲਿਆਂ ਲੋਕਾਂ ਨਾਲ ਆਪ ਖ਼ੁਦਾਇਆ,
    ਭਲਾ ਤੂੰ ਕਰ ਹਰ ਵਾਰ, ਯਾ ਰੱਬਾ,
    ਸਿੱਧਿਆਂ ਦਿਲਾਂ ਦੇ ਉੱਤੇ ਕਰ ਤੂੰ,
    ਰਹਿਮਤ ਦਾ ਇਜ਼ਹਾਰ, ਯਾ ਰੱਬਾ।

    5. ਡਿੰਗਿਆਂ ਨੂੰ ਤੂੰ ਘੱਲੇਂਗਾ ਉੱਥੇ,
    ਜਿੱਥੇ ਜਾਵਣਗੇ ਬਦਕਾਰ, ਯਾ ਰੱਬਾ,
    ਇਸਰਾਏਲ ਦਾ ਆਪ ਤੂੰ ਹੀ
    ਹੋਵੇਂਗਾ ਮਦਦਗਾਰ, ਯਾ ਰੱਬਾ।

  • ---

    1. ਕੈਦੀ ਸਿਓਨੀ ਜਦੋਂ ਰੱਬ ਨੇ ਲਿਆਂਦੇ ਸਨ ਛੁਡਾ,
    ਤਦ ਅਸਾਡਾ ਹਾਲ ਸੀ ਜਿਉਂ ਸੁਫ਼ਨਾ ਕੋਈ ਵੇਖਦਾ।

    2. ਮੂੰਹ ਅਸਾਡੇ ਭਰ ਗਏ, ਹਾਸੇ ਤੇ ਰਾਗਾਂ ਨਾਲ ਤਦ,
    ਗ਼ੈਰ ਕੌਮਾਂ ਵਿੱਚ ਇਹ ਚਰਚਾ ਸੀ, ਕਿ ਇਹਨਾਂ ਦਾ ਖ਼ੁਦਾ।

    3. ਕਰਦਾ ਹੈ ਇਹਨਾਂ ਦੇ ਉੱਤੇ ਬੜੀਆਂ ਮਿਹਰਬਾਨੀਆਂ,
    ਸਾਡਾ ਰੱਬ ਹੈ ਮਿਹਰਬਾਨ, ਖ਼ੁਸ਼ ਹਾਂ ਅਸੀਂ ਇਸ ਤੋਂ ਸਦਾ।

    4. ਤੂੰ ਅਸਾਡੇ ਕੈਦੀ ਸਾਰੇ ਦੱਖਣੀ ਨਹਿਰਾਂ ਦੇ ਵਾਂਗ,
    ਆਪਣੀ ਰਹਿਮਤ ਨਾਲ, ਯਾ ਰੱਬਾ ਛੁਡਾ ਕੇ ਘਰ ਲਿਆ।

    5. ਹੰਝੂਆਂ ਦੇ ਨਾਲ ਰੋ-ਰੋ ਕੇ ਜੋ ਬੀ ਹਨ ਬੀਜਦੇ,
    ਫ਼ਸਲ ਵੱਢਣਗੇ ਖ਼ੁਸ਼ੀ ਦੇ ਨਾਲ ਗਾ-ਗਾ ਕੇ ਸਦਾ।

    6. ਬੀਜਦਾ ਚੁੱਕ ਕੇ ਜ਼ਖੀਰਾ ਰੋਂਦਾ ਹੋਇਆ ਜਾਂਦਾ ਹੈ,
    ਪਰ ਖ਼ੁਸ਼ੀ ਦੇ ਨਾਲ ਬੇਸ਼ੱਕ ਭਰੀਆਂ ਚੁੱਕ ਕੇ ਆਵੇਗਾ।

  • ---

    1. ਜੇਕਰ ਰੱਬ ਹੀ ਨਾ ਘਰ ਨੂੰ ਬਣਾਵੇ,
    ਸਾਡੀ ਮਿਹਨਤ ਅਕਾਰਥ ਹੀ ਜਾਵੇ।

    2. ਜੇ ਰੱਬ ਸ਼ਹਿਰ ਦਾ ਨਾ ਹੋਵੇ ਰਖਵਾਲਾ,
    ਤਦ ਕੀ ਚੌਂਕੀਦਾਰ ਜਾਗ ਕੇ ਬਣਾਵੇ।

    3. ਤੜਕੇ ਉੱਠਣਾ ਤੇ ਝਬਦੇ ਨਾ ਸੌਣਾ,
    ਰੋਟੀ ਦੁੱਖਾਂ ਦੇ ਨਾਲ ਜੋ ਖਾਵੇ।

    4. ਪਰ ਰੱਬ ਬਖ਼ਸ਼ਦਾ ਹੈ ਨੀਂਦ ਉਸਨੂੰ ਮਿੱਠੀ,
    ਜਿਹੜਾ ਉਸਨੂੰ ਮੁਹੱਬਤ ਵਿਖਾਵੇ।

    5. ਦੇਖੋ ਬੱਚੇ ਖ਼ੁਦਾ ਦੀ ਮਿਰਾਸ ਹਨ,
    ਸਾਰਾ ਢਿੱਡ ਦਾ ਫਲ਼ ਉਸੇ ਤੋਂ ਆਵੇ।

    6. ਹੋਵਣ ਬੱਚੇ ਜਵਾਨੀ ਦੇ ਐਸੇ,
    ਜਿਵੇਂ ਬਲੀ ਤੀਰ ਹੱਥ ਵਿੱਚ ਹਿਲਾਵੇ।

    7. ਸੋ ਮੁਬਾਰਿਕ ਹੈ ਹਾਲ ਉਸ ਮਨੁੱਖ ਦਾ,
    ਜਿਹੜਾ ਬੱਚਿਆਂ ਨਾਲ ਘਰ ਭਰਿਆ ਪਾਵੇ।

    8. ਉਹ ਨਾ ਹੋਵੇ ਕਦੀ ਸ਼ਰਮਿੰਦਾ,
    ਆਪਣੇ ਦੂਤੀਆਂ ਨੂੰ ਉਹ ਨਸਾਵੇ।

  • ---

    1. ਹਾਲ ਮੁਬਾਰਿਕ ਉਸ ਮਨੁੱਖ ਦਾ,
    ਜਿਹੜਾ ਰੱਬ ਤੋਂ ਡਰਦਾ ਹੈ,
    ਉਹਦਿਆਂ ਰਾਹਾਂ ਉੱਤੇ ਸਦਾ,
    ਖ਼ੁਸ਼ ਹੋ ਕੇ ਉਹ ਚੱਲਦਾ ਹੈ।

    2. ਆਪਣੇ ਹੱਥਾਂ ਦੀ ਕਮਾਈ,
    ਤੂੰ ਤੇ ਆਪ ਖਾਵੇਂਗਾ,
    ਤੇਰੇ ਨਾਲ ਰਹੇਗੀ ਖ਼ੁਸ਼ੀ,
    ਤੂੰ ਖ਼ੁਸ਼ ਰਹੇਂਗਾ ਸਦਾ।

    3. ਓਸ ਅੰਗੂਰ ਦੇ ਵਾਂਗਰ ਤੇਰੀ,
    ਵਹੁਟੀ ਹੋਵੇਗੀ ਖ਼ੁਸ਼ਹਾਲ,
    ਘਰ ਦੇ ਆਲੇ ਦੁਆਲੇ ਲੱਗਾ,
    ਲੱਦਿਆ ਹੋਇਆ ਮੇਵੇ ਨਾਲ।

    4. ਹਰੇ ਭਰੇ ਤੇ ਸੋਹਣੇ ਲੱਗਦੇ,
    ਵਾਂਗ ਜੈਤੂਨ ਦੇ ਬੂਟੇ ਦੇ,
    ਤੇਰੀ ਮੇਜ਼ ਦੇ ਆਲੇ ਦੁਆਲੇ,
    ਤੇਰੇ ਬੱਚੇ ਹੋਵਣਗੇ।

    5. ਇਸ ਤਰ੍ਹਾਂ ਉਹ ਮਨੁੱਖ ਵੀ,
    ਜਿਸ ਵਿੱਚ ਖੌਫ਼ ਖ਼ੁਦਾਵੰਦ ਦਾ,
    ਹੋਵੇਗਾ ਉਹ ਬਰਕਤ ਵਾਲਾ,
    ਸਦਾ ਮੁਬਾਰਿਕ ਰਹੇਗਾ।

    6. ਰੱਬ ਸਿਓਨ ਕਰਦਾ ਤੈਨੂੰ,
    ਬਰਕਤ ਦੇ ਨਾਲ ਮਾਲਾ–ਮਾਲ,
    ਸਾਰੀ ਉਮਰ ਵੇਖੇਂਗਾ ਤੂੰ,
    ਯਰੂਸ਼ਲਮ ਨੂੰ ਖ਼ੁਸ਼ਹਾਲ।

    7. ਆਪਣੇ ਬੱਚਿਆਂ ਦੇ ਬੱਚੇ,
    ਤੂੰ ਫਿਰ ਆਪ ਵੇਖੇਂਗਾ,
    ਇਸਰਾਇਲ ਪਰ ਰੱਬ ਦੀ ਰਹਿਮਤ,
    ਸਦਾ ਮੁਬਾਰਿਕ ਰਹੇਗਾ।

  • ---

    1. ਮੈਨੂੰ ਮੇਰੀ ਜਵਾਨੀ ਤੋਂ ਲੈ ਕੇ,
    ਕਿੰਨੀ ਵਾਰੀ ਹੈ ਉਹਨਾਂ ਸਤਾਇਆ।

    2. ਇਸਰਾਏਲ ਨੂੰ ਇਹ ਚਾਹੀਦਾ ਹੈ ਕਹਿਣਾ,
    ਮੈਨੂੰ ਵਿੱਚ ਜਵਾਨੀ, ਖ਼ੁਦਾਇਆ।

    3. ਇਹਨਾਂ ਦੁੱਖ ਦਿੱਤਾ ਸੀ ਕਿੰਨੀ ਵਾਰੀ,
    ਤਾਂ ਵੀ ਮੇਰੇ ’ਤੇ ਨਾ ਗ਼ਲਬਾ ਪਾਇਆ।

    4. ਲੰਮੇ ਲੰਮੇ ਸਿਆੜ ਬਣਾਏ,
    ਮੇਰੀ ਪਿੱਠ ਉੱਤੇ ਹੱਲ ਉਹਨਾਂ ਵਾਹਿਆ।

    5. ਸਾਰੇ ਬੰਧਨ ਸ਼ਰੀਰਾਂ ਦੇ ਵੱਢਕੇ,
    ਸੱਚੇ ਰੱਬ ਹੀ ਨੇ ਮੈਨੂੰ ਛੁਡਾਇਆ।

    6. ਸ਼ਰਮ ਖਾ ਕੇ ਉਹ ਮੁੜ ਜਾਣ ਪਿੱਛੇ,
    ਜਿਨ੍ਹਾਂ ਨਾਲ ਵੈਰ ਸਿਓਨ ਚਾਹਿਆ।

    7. ਛੱਟ ਦੇ ਘਾਹ ਵਾਂਗ ਜੜ੍ਹ ਉਹ ਨਾ ਰੱਖਣ,
    ਜਿਹੜਾ ਪੁੱਟਣ ਤੋਂ ਪਹਿਲਾਂ ਹੀ ਸੁੱਕਦਾ।

    8. ਵੱਢਣ ਵਾਲਾ ਨਾ ਰੁਗ ਆਪਣਾ ਭਰਦਾ,
    ਝੋਲੀ ਸਥਰੀ ਨਾ ਭਰਕੇ ਲਿਆਇਆ।

    9. ਨਹੀਂ ਚਾਹੁੰਦੇ ਹਨ ਰਾਹੀ ਕਿ ਹੋਵੇ,
    ਤੁਹਾਡੇ ’ਤੇ ਖ਼ੁਦਾਵੰਦ ਦਾ ਸਾਇਆ।

    10. ਜਾਂ ਉਹ ਮੰਗਣ ਦੁਆ ਉਹਨਾਂ ਲਈ,
    ਨਾਮ ਲੈ ਕੇ ਖ਼ੁਦਾਵੰਦ ਖ਼ੁਦਾ ਦਾ।

  • ---

    1. ਐ ਖ਼ੁਦਾਵੰਦ ਦੇ ਲੋਕੋ ਉਸ ’ਤੇ ਰੱਖੋ ਇਮਾਨ,
    ਕਿਉਂ ਜੋ ਭਰੀ ਨਜਾਤ ਹੈ ਵਿੱਚ ਉਹਦੇ ਫਰਮਾਨ।

    2. ਤੇਰੇ ਅੱਗੇ ਮੈਂ ਤੰਗੀ ਵਿੱਚ ਕੀਤੀ ਦੁਆ,
    ਮੇਰੀ ਮਿੰਨਤ ਤੂੰ ਸੁਣ ਲੈ, ਐ ਸਾਡੇ ਖ਼ੁਦਾ।

    3. ਜੇ ਤੂੰ ਸਾਡੇ ਗ਼ੁਨਾਹਾਂ ਦਾ ਕਰੇਂ ਹਿਸਾਬ,
    ਕੌਣ ਜੋ ਤੈਨੂੰ ਖਲ੍ਹੋਕੇ ਦੇ ਸਕਦਾ ਜਵਾਬ।

    4. ਤੇਰੇ ਕੋਲ ਹੈ ਮਾਫ਼ੀ ਤੂੰ ਬਖ਼ਸ਼ਦਾ ਗ਼ੁਨਾਹ,
    ਤਾਂ ਜੋ ਲੋਕਾਂ ਨੂੰ ਡਰ ਹੋਵੇ ਤੇਰਾ ਸਦਾ।

    5. ਖ਼ੁਦਾ ਨੂੰ ਉਡੀਕਦੀ ਹੈ ਪਈ ਮੇਰੀ ਜਾਨ,
    ਹਾਂ ਹੁਣ ਉਸਦੇ ਕਲਾਮ ’ਤੇ ਮੈਂ ਰੱਖਦਾ ਇਮਾਨ।

    6. ਜਿਉਂ ਪਹਿਰੇ ਵਾਲਾ ਵੇਖਦਾ ਹੈ ਫਜਰ ਦੀ ਰਾਹ,
    ਮੈਂ ਵੀ ਉਸ ਤੋਂ ਵਧੀਕ ਤੱਕਦਾ ਤੈਨੂੰ ਖ਼ੁਦਾ।

    7. ਐ ਖ਼ੁਦਾ ਦੇ ਲੋਕੋ, ਰੱਖੋ ਸਭ ਇਤਕਾਦ,
    ਇਸਰਾਏਲ ਨੂੰ ਗ਼ੁਨਾਹ ਤੋਂ ਉਹ ਕਰਦਾ ਆਜ਼ਾਦ।

  • ---

    1. ਦਿਲ ਮੇਰਾ ਨਹੀਂ ਹੈ ਮਗ਼ਰੂਰ, ਨਾ ਉੱਚਾ ਤੱਕਦਾ ਹੈ,
    ਅਚਰਜ ਤੇ ਵੱਡੀਆਂ ਗੱਲਾਂ ਵਿੱਚ ਨਾ ਰੁੱਝਾ ਰਹਿੰਦਾ ਹੈ।

    2. ਹਾਂ ਸੱਚਮੁੱਚ ਆਪਣੀ ਜਾਨ ਨੂੰ ਮੈਂ ਚੁੱਪ ਕੀਤੀ ਰੱਖਿਆ ਹੈ,
    ਜਿਉਂ ਮਾਂ ਦੇ ਕੋਲ ਉਹ ਬੱਚਾ ਹੋ ਕਿ ਜਿਸ ਦੁੱਧ ਛੱਡਿਆ ਹੈ।

    3. ਜਿਉਂ ਦੁੱਧ ਛਡਾਇਆ ਬੱਚਾ ਹੋ, ਹੈ ਐਸੀ ਮੇਰੀ ਜਾਨ,
    ਐ ਇਸਰਾਏਲ ਭਰੋਸਾ ਰੱਖ ਰੱਬ ਉੱਤੇ ਤੂੰ ਹਰ ਆਨ।

  • ---

    ਦਾਊਦ ਦੇ ਖ਼ੁਦਾਇਆ ਤੂੰ ਕਰ ਯਾਦ ਮਿੰਨਤਾਂ।

    1. ਉਸ ਖਾਧੀ ਸਹੁੰ ਖ਼ੁਦਾਵੰਦ ਦੀ, ਤੇ ਮੰਨਤ ਮੰਨੀ ਇਹ,
    ਡੇਰੇ ਵਿੱਚ ਨਾ ਰਹਾਂਗਾ, ਬਿਸਤਰ ’ਤੇ ਨਾ ਚੜ੍ਹਾਂ।

    2. ਨਾ ਨੀਂਦਰ ਅੱਖੀਆਂ ਵਿੱਚ ਹੈ, ਨਾ ਪਲਕਾਂ ਮਿਲਦੀਆਂ,
    ਮੈਂ ਆਪਣੇ ਰੱਬ ਦੇ ਘਰ ਨੂੰ, ਜਦ ਤੋੜੀ ਨਾ ਬਣਾਂ।

    3. ਖ਼ਬਰ ਓਹਦੀ ਸੀ ਇਫ਼ਰਾਤੇ, ਜੰਗਲਾਂ ਵਿੱਚ ਲੱਭਾ ਜਾ,
    ਜਾਵਾਂਗੇ ਉਹਦੇ ਘਰ ਨੂੰ, ਮੱਥਾ ਟੇਕਾਂਗੇ ਪੈਰਾਂ ਦੀ ਥਾਂ।

    4. ਉੱਠ ਐ ਖ਼ੁਦਾ, ਹੋ ਦਾਖ਼ਲ ਤੂੰ, ਵਿੱਚ ਆਪਣੀ ਆਰਾਮਗਾਹ,
    ਤੂੰ ਵੀ ਤੇ ਨਾਲੇ ਸੰਦੂਕ ਵੀ, ਜਿਸ ਵਿੱਚ ਤੇਰਾ ਨਾਂ।

    5. ਸਭ ਪਹਿਨਣ ਤੇਰੇ ਕਾਹਿਨ, ਸੱਚਿਆਈ ਦਾ ਲਿਬਾਸ,
    ਨਾਲੇ ਜੋ ਲੋਕੀ ਪਾਕ ਹਨ, ਹੋਣ ਦਿਲ ਤੋਂ ਸ਼ਾਦਮਾਨ।

  • ---

    6. ਤੂੰ ਦਾਊਦ ਦੇ ਵਾਸਤੇ ਹੁਣ ਖ਼ੁਦਾਇਆ,
    ਨਾ ਮੋੜੀਂ ਕਦੀ ਆਪਣੇ ਮਮਸੂਹ ਤੋਂ ਚਿਹਰਾ।

    7. ਕਸਮ ਸੱਚੀ ਦਾਊਦ ਦੇ ਲਈ ਖਾਧੀ,
    ਫਿਰੇਗਾ ਨਾ ਰੱਬ ਆਪਣੀ ਸਹੁੰ ਤੋਂ ਕਦੀ ਵੀ।

    8. ਕਿਸੇ ਨੂੰ ਮੈਂ ਫਲ਼ ਤੋਂ ਤੇਰੇ ਪੇਟ ਹੀ ਦੇ,
    ਬਿਠਾਵਾਂਗਾ ਸੱਚਮੁੱਚ ਤੇਰੇ ਤਖ਼ਤ ਉੱਤੇ।

    9. ਜੇ ਲੜਕੇ ਤੇਰੇ ਮੇਰਾ ਮੰਨਣਗੇ ਫਰਮਾਨ,
    ਮੇਰਾ ਅਹਿਦ ਮੇਰੀ ਸ਼ਹਾਦਤ ਦੀ ਬਾਤਾਂ।

    10. ਤਦੋਂ ਮੈਂ ਸਦਾ ਤੀਕ ਉਹਨਾਂ ਦੇ ਲੜਕੇ,
    ਬਿਠਾਵਾਂਗਾ ਦਾਊਦ ਦੇ ਤਖ਼ਤ ਉੱਤੇ।

    11. ਕਿ ਸਿਓਨ ਨੂੰ ਆਪ ਰੱਬ ਨੇ ਚੁਣਿਆ,
    ਬਣਾਵੇ ਉਹ ਤਾਂ ਆਪਣੇ ਰਹਿਣੇ ਦੀ ਜਗ੍ਹਾ।

    12. ਇਹ ਥਾਂ ਤਾਂ ਮੇਰੇ ਚੈਨ ਦੀ ਹੋਵੇਗੀ ਜਾ,
    ਤੇ ਇਸ ਜਗ੍ਹਾ ਨੂੰ ਮੇਰਾ ਜੀ ਅਤਿ ਹੈ ਚਾਹੁੰਦਾ।

    13. ਮੈਂ ਉਹਦੀ ਕਮਾਈ ਨੂੰ ਆਪ ਵਧਾਵਾਂ,
    ਗ਼ਰੀਬਾਂ ਨੂੰ ਵੀ ਨਾਲ ਰੋਟੀ ਰਜਾਵਾਂ।

    14. ਤੇ ਪਹਿਨਣਗੇ ਮੁਕਤੀ ਨੂੰ ਸਭ ਉਹਦੇ ਕਾਹਿਨ,
    ਖ਼ੁਸ਼ੀ ਨਾਲ ਲੋਕ ਉਹਦੇ ਸਭ ਨਾਅਰੇ ਮਾਰਨ।

    15. ਮੈਂ ਇਸ ਥਾਂ ਦੇ ਅੰਦਰ ਅਜਿਹਾ ਕਰਾਂਗਾ,
    ਕਿ ਦਾਊਦ ਦੇ ਲਈ ਸਿੰਗ ਇੱਕ ਕੱਢਾਂਗਾ।

    16. ਹਾਂ ਮੈਂ ਆਪਣੇ ਦਾਊਦ ਮਮਸੂਹ ਦੀ ਖ਼ਾਤਿਰ,
    ਹੈ ਇੱਕ ਬਾਲ਼ਿਆ ਦੀਵਾ ਉਸ ਥਾਂ ਦੇ ਅੰਦਰ।

    17. ਮੈਂ ਸ਼ਰਮਿੰਦਾ ਸਭ ਉਹਦੇ ਵੈਰੀ ਕਰਾਂਗਾ,
    ਮਗਰ ਤਾਜ ਉਹਦਾ ਚਮਕਦਾ ਰਹੇਗਾ।

  • ---

    1. ਵੇਖ ਕਯਾ ਹੀ ਚੰਗੀ ਗੱਲ ਹੈ,
    ਇਹ ਤੇ ਖੂਬ ਸੁਹਾਵਣੀ ਵੀ,
    ਜਦ ਦਿਲ ਦੇ ਨਾਲ ਹੋ ਇੱਕ ਸਲਾਹ,
    ਸਭਨਾਂ ਭਰਾਵਾਂ ਦੀ।

    2. ਹਾਂ ਇਹ ਓਸ ਇੱਤਰ ਵਾਂਗਰ ਹੈ,
    ਜੋ ਸਿਰ ’ਤੇ ਡੁੱਲ੍ਹਾ ਹੈ,
    ਵਗ ਕੇ ਹਾਰੂਨ ਦੀ ਦਾੜ੍ਹੀ ਤੋਂ
    ਆ ਭਿਓਂਦਾ ਪੱਲਾ ਹੈ।

    3. ਹਰਮੂਨ ਦੀ ਹੋਵੇ ਜਿਉਂ ਤ੍ਰੇਲ,
    ਪੈਂਦੀ ਪਹਾੜਾਂ ’ਤੇ,
    ਅਜਿਹਾ ਭਾਈਆਂ ਦਾ ਹੈ ਮੇਲ,
    ਹਰ ਤਰਫ਼ ਸਿਓਨ ਹੀ ਦੇ।

    4. ਸੋ ਰੱਬ ਉਸ ਥਾਂ ਨੂੰ ਕਰਦਾ ਹੈ,
    ਖੂਬ ਬਰਕਤ ਨਾਲ ਨਿਹਾਲ,
    ਹਮੇਸ਼ਾ ਦੀ ਜ਼ਿੰਦਗੀ ਦਾ,
    ਹੁਕਮ ਦਿੱਤਾ ਰਹਿਮਤ ਨਾਲ।

  • ---

    1. ਖ਼ੁਦਾਵੰਦ ਦੇ ਐ ਬੰਦਿਓ,
    ਜੋ ਰਾਤੀਂ ਖੜ੍ਹੇ ਰਹਿੰਦੇ ਹੋ,
    ਖ਼ੁਦਾਵੰਦ ਦੇ ਘਰ ਵਿੱਚ ਸਦਾ,
    ਕਹੋ ਮੁਬਾਰਿਕ ਹੈ ਖ਼ੁਦਾ।

    2. ਹੱਥ ਹੈਕਲ ਵੱਲ ਉਠਾਓ ਵੀ,
    ਮੁਬਾਰਿਕਬਾਦੀ ਗਾਓ ਵੀ,
    ਸਭ ਬਰਕਤ ਤੈਨੂੰ ਬਖ਼ਸ਼ੇਗਾ,
    ਸਿਓਨ ਦੇ ਵਿੱਚੋਂ ਪਾਕ ਖ਼ੁਦਾ।

  • ---

    1. ਖ਼ੁਦਾ ਦੀ ਕਰੋ ਹੁਣ ਸਨਾ,
    ਸਲਾਹੋ ਨਾਮ ਖ਼ੁਦਾਵੰਦ ਦਾ,
    ਹਾਂ ਉਹਦੇ ਸਾਰੇ ਨੌਕਰ ਵੀ,
    ਗਾਵਣ ਤਾਰੀਫ਼ ਖ਼ੁਦਾਵੰਦ ਦੀ।

    2. ਖ਼ੁਦਾ ਦੇ ਘਰ ਵਿੱਚ ਰਹਿੰਦੇ ਜੋ,
    ਬਾਰਗਾਹ ਦੇ ਵਿੱਚ ਖਲੋਤੇ ਹੋ,
    ਹਮਦ ਗਾਓ, ਰੱਬ ਹੈ ਮਿਹਰਬਾਨ,
    ਸਲਾਹੋ ਉਹਦਾ ਪਿਆਰਾ ਨਾਮ।

    3. ਯਾਕੂਬ ਨੂੰ ਆਪਣੇ ਵਾਸਤੇ ਹੀ,
    ਖ਼ੁਦਾਵੰਦ ਨੇ ਚੁਣ ਲਿਆ ਸੀ,
    ਹਾਂ ਚੁਣਿਆ ਇਸਰਾਏਲ ਹੈ ਜੋ,
    ਤਾਂ ਰੱਬ ਦਾ ਖ਼ਾਸ ਖ਼ਜ਼ਾਨਾ ਹੋ।

  • ---

    4. ਮੈਂ ਜਾਣਦਾ ਹਾਂ ਕਿ ਪਾਕ ਖ਼ੁਦਾ,
    ਬਜ਼ੁਰਗ ਤੇ ਵੱਡਾ ਹੈ ਸਦਾ,
    ਹਾਂ, ਸਭ ਦੇਵਤਿਆਂ ਦੇ ਦਰਮਿਆਨ ਹੈ,
    ਸਾਡੇ ਰੱਬ ਦੀ ਡਾਢੀ ਸ਼ਾਨ।

    5. ਅਸਮਾਨ, ਜ਼ਮੀਨ, ਦਰਿਆਵਾਂ ਵਿੱਚ,
    ਸਭ ਨੀਵੀਂ ਡੂੰਘੀਆਂ ਥਾਵਾਂ ਵਿੱਚ,
    ਜੋ ਕੁਝ ਖ਼ੁਦਾਵੰਦ ਚਾਹੁੰਦਾ ਹੈ,
    ਆਪ ਉਹਨਾਂ ਵਿੱਚ ਬਣਾਂਦਾ ਹੈ।

    6. ਜਦ ਹੁਕਮ ਕਰਦਾ ਹੈ ਕਰਤਾਰ,
    ਜ਼ਮੀਨ ਤੋਂ ਉੱਠਦੇ ਹਨ ਬੁਖ਼ਾਰ,
    ਬਿਜਲੀ ਮੀਂਹ ਨਾਲ ਬਣਾਂਦਾ ਹੈ,
    ਅਕਾਸ਼ੋਂ ਹਵਾ ਵਗਾਂਦਾ ਹੈ।

  • ---

    7. ਪਲੌਠੇ ਮਿਸਰ ਦੇ ਸਭ ਰੱਬ ਨੇ ਮਾਰੇ,
    ਮਨੁੱਖਾਂ ਦੇ ਤੇ ਪਸ਼ੂਆਂ ਦੇ ਵੀ ਸਾਰੇ।

    8. ਫਿਰਾਊਨ ਤੇ ਉਹਦੇ ਲੋਕਾਂ ਨੂੰ ਵਿਖਾਵੇ,
    ਮਿਸਰ ਦੇ ਵਿੱਚ ਅਜਾਇਬ ਤੇ ਅਚੰਬੇ।

    9. ਫ਼ਨਾਹ ਕਰ ਦਿੱਤੀਆਂ ਵੱਡੀਆਂ-ਵੱਡੀਆਂ ਕੌਮਾਂ,
    ਮਿਟਾਏ ਉਹਨਾਂ ਦੇ ਸਭ ਸ਼ਾਹਾਂ ਦੇ ਨਾਂ।

    10. ਅਮੂਰੀ ਬਾਦਸ਼ਾਹ ਸਿਹੋਨ ਵੱਡਾ,
    ਤੇ ਸ਼ਾਹ-ਏ-ਓਗ ਵੀ ਮੁਲਕ-ਏ-ਬਾਸ਼ਾਨ ਦਾ।

    11. ਜੋ ਇਸਰਾਏਲ ਉਹਦੀ ਕੌਮ ਪਿਆਰੀ,
    ਜ਼ਮੀਨ ਉਹਨਾਂ ਦੀ ਖੋਹ ਕੇ ਉਸ ਨੂੰ ਦਿੱਤੀ।

  • ---

    12. ਖ਼ੁਦਾਵੰਦਾ ਕਾਦਿਰ, ਮੇਰੇ ਰੱਬ ਖ਼ੁਦਾਇਆ,
    ਕਾਇਮ ਸਦਾ ਤੀਕ ਹੈ ਬੱਸ ਨਾਮ ਤੇਰਾ।

    13. ਕਰੇਗਾ ਨਿਆਂ ਆਪਣੇ ਲੋਕਾਂ ਦਾ, ਕਾਦਿਰ,
    ਪਛਤਾਏਗਾ ਨਿਆਂ ਆਪਣੇ ਲੋਕਾਂ ਦੀ ਖ਼ਾਤਿਰ।

  • ---

    14. ਕੌਮਾਂ ਦੇ ਬੁੱਤ ਨੇ ਸੋਨਾ ਤੇ ਚਾਂਦੀ,
    ਮੂੰਹ ’ਤੇ ਹੈ, ਪਰ ਨਾ ਬੋਲਦੇ ਕੁਝ ਵੀ।

    15. ਕੁਝ ਨਹੀਂ ਵੇਖਦੇ ਉਹ ਅੱਖੀਆਂ ਨਾਲ,
    ਕੁਝ ਨਹੀਂ ਸੁਣਦੇ ਹਨ ਉਹ ਕੰਨਾਂ ਨਾਲ।

    16. ਮੂੰਹ ’ਤੇ ਹੈ, ਪਰ ਨਾ ਕੁਝ ਵੀ ਲੈਂਦੇ ਸਾਹ,
    ਹਾਲ ਇਹੋ ਬਨਾਉਣ ਵਾਲਿਆਂ ਦਾ।

    17. ਬੁੱਤ ਦੇ ਉੱਤੇ ਹੈ ਆਸ ਜਿਨ੍ਹਾਂ ਦੀ,
    ਅੰਨ੍ਹੇ, ਗੂੰਗੇ ਤੇ ਬੋਲ਼ੇ ਹਨ ਉਹ ਵੀ।

    18. ਇਸਰਾਏਲੀ ਘਰਾਣਾ ਗਾਵੇ ਸਨਾ,
    ਹੈ ਮੁਬਾਰਿਕ ਹਮੇਸ਼ਾ ਤੀਕ ਖ਼ੁਦਾ।

    19. ਗਾਵੇ ਹਾਰੂਨ ਦਾ ਘਰਾਣਾ ਸਭ,
    ਹੈ ਮੁਬਾਰਿਕ ਹਮੇਸ਼ਾ ਤੀਕਰ ਰੱਬ।

    20. ਲੇਵੀਓ ਮਿਲ ਕੇ ਸਭ ਤੁਸੀਂ ਆਖੋ,
    ਕਿ ਖ਼ੁਦਾਵੰਦ ਸਾਡਾ ਮੁਬਾਰਿਕ ਹੋ।

    21. ਆਖਣ ਉਹ ਰੱਖਦੇ ਜੋ ਖ਼ੁਦਾ ਦਾ ਡਰ,
    ਹੈ ਮੁਬਾਰਿਕ ਖ਼ੁਦਾ ਸਦਾ ਤੀਕਰ।

    22. ਉਹੋ ਸਿਓਨ ਦਾ ਹੈ ਪਾਕ ਖ਼ੁਦਾ,
    ਜਿਹੜਾ ਯਰੂਸ਼ਲਮ ਦੇ ਵਿੱਚ ਰਹਿੰਦਾ।

    23. ਉਹ ਮੁਬਾਰਿਕ ਹੈ, ਮਿਲ ਕੇ ਸਭ ਆਖੋ,
    ਹਾਂ, ਖ਼ੁਦਾ ਪਾਕ ਦੀ ਸਿਤਾਇਸ਼ ਹੋ।

  • ---

    ਸ਼ੁਕਰ ਤੁਸੀਂ ਰੱਬ ਦਾ ਹੀ ਕਰੋ,
    ਕਰੋ ਸ਼ੁਕਰ ਖ਼ੁਦਾਵੰਦ ਦਾ।

    1. ਸ਼ੁਕਰ ਕਰੋ ਤੁਸੀਂ ਉਹਦਾ ਜਿਹੜਾ,
    ਹੈ ਖ਼ੁਦਾਵਾਂ ਦਾ ਖ਼ੁਦਾ,
    ਕਿਉਂ ਜੋ ਉਹੋ ਭਲਾ ਹੈਗਾ,
    ਰਹਿਮਤ ਉਹਦੀ ਹੈ ਸਦਾ।

    2. ਵੱਡੇ-ਵੱਡੇ ਕੰਮ ਜੋ ਕਰਦਾ,
    ਸ਼ੁਕਰ ਕਰੋ ਤੁਸੀਂ ਉਸੇ ਦਾ,
    ਜਿਸ ਨੇ ਹਨ ਅਸਮਾਨ ਬਣਾਏ,
    ਰਹਿਮਤ ਉਹਦੀ ਹੈ ਸਦਾ।

    3. ਜਿਸ ਪਾਣੀ ’ਤੇ ਧਰਤੀ ਰੱਖੀ,
    ਸ਼ੁਕਰ ਕਰੋ ਤੁਸੀਂ ਉਸੇ ਦਾ,
    ਨਾਲੇ ਜਿਸ ਨੇ ਨੂਰ ਬਣਾਏ,
    ਰਹਿਮਤ ਉਹਦੀ ਹੈ ਸਦਾ।

    4. ਦਿਨ ਦਾ ਪਹਿਰਾ ਸੂਰਜ ਕਰਦਾ,
    ਰਾਤੀਂ ਕਰਦਾ ਚੰਨ ਅਤਾ,
    ਤਾਰੇ ਚੰਨ ਨੂੰ ਸਾਥੀ ਦਿੱਤੇ,
    ਰਹਿਮਤ ਉਹਦੀ ਹੈ ਸਦਾ।

    5. ਜਿਸ ਪਲੇਠੇ ਮਿਸਰ ਦੇ ਮਾਰੇ,
    ਚੁੱਕ ਆਪਣਾ ਹੱਥ ਗ਼ਜ਼ਬ ਦਾ,
    ਕੱਢੇ ਮਿਸਰੋਂ ਇਸਰਾਏਲੀ,
    ਰਹਿਮਤ ਉਹਦੀ ਹੈ ਸਦਾ।

    6. ਜਿਸ ਕੁਲਜ਼ਮ ਦੋ ਹਿੱਸੇ ਕਰਕੇ,
    ਲਏ ਇਸਰਾਏਲੀ ਪਾਰ ਲੰਘਾ,
    ਫੌਜ ਸਣੇ ਫ਼ਿਰਾਊਨ ਨੂੰ ਰੋੜ੍ਹੇ,
    ਰਹਿਮਤ ਉਹਦੀ ਹੈ ਸਦਾ।

  • ---

    7. ਸ਼ੁਕਰ ਕਰੋ ਜਿਹੜਾ ਬਨ ਵਿੱਚ ਹੋਇਆ,
    ਰਹਿਬਰ ਆਪਣੇ ਲੋਕਾਂ ਦਾ,
    ਵੱਡੇ-ਵੱਡੇ ਉਹਨੇ ਬਦਮਾਸ਼ ਮਾਰੇ,
    ਰਹਿਮਤ ਉਹਦੀ ਹੈ ਸਦਾ।

    8. ਸ਼ਾਹ ਸਿਹੋਨ ਆਮੋਰੀਆਂ ਦਾ
    ਨਾਲੇ ਓਗ ਬਾਸ਼ਾਨ ਦਾ ਸ਼ਾਹ,
    ਮਾਰੇ ਰੱਬ ਨੇ ਇਹ ਬਲਕਾਰੀ,
    ਰਹਿਮਤ ਉਹਦੀ ਹੈ ਸਦਾ।

    9. ਖੋਹ ਵਿਰਸਾ ਉਹਨਾਂ ਦੀ ਰੱਬ ਨੇ,
    ਕੌਮ ਆਪਣੀ ਨੂੰ ਕੀਤੀ ਅਤਾ,
    ਇਸਾਰਾਈਲ ਨੂੰ ਕੀਤਾ ਮਾਲਿਕ,
    ਰਹਿਮਤ ਉਹਦੀ ਹੈ ਸਦਾ।

    10. ਸਾਨੂੰ ਸਾਡੀ ਪਸਤੀ ਵਿੱਚੋਂ,
    ਉੱਚਾ ਕੀਤਾ ਆਪ ਖ਼ੁਦਾ,
    ਵੈਰੀਆਂ ਕੋਲੋਂ ਸਾਨੂੰ ਛੁਡਾਇਆ,
    ਰਹਿਮਤ ਉਹਦੀ ਹੈ ਸਦਾ।

    11. ਜਾਨਦਾਰਾਂ ਨੂੰ ਰੋਜ਼ੀ ਬਖ਼ਸ਼ੇ,
    ਪਾਲਣਹਾਰ ਉਹ ਸਭਨਾਂ ਦਾ,
    ਸ਼ੁਕਰ ਕਰੋ ਤੁਸੀਂ, ਸ਼ੁਕਰ ਕਰੋ ਤੁਸੀਂ,
    ਰਹਿਮਤ ਉਹਦੀ ਹੈ ਸਦਾ।

  • ---

    1. ਬਾਬੂਲ ਦੀਆਂ ਨਹਿਰਾਂ ’ਤੇ,
    ਜਦੋਂ ਬੈਠੇ ਅਸੀਂ ਜਾ,
    ਸਿਓਨ ਨੂੰ ਕਰ ਯਾਦ ਤਦੋਂ,
    ਰੋਏ ਮਾਰ ਢਾਹੀਂ–ਢਾਹ।

    2. ਟੰਗ ਦਿੱਤੀਆਂ ਅਸਾਂ
    ਬਰਬਤਾਂ-ਬੈਂਤਾਂ ਦੇ ਰੁੱਖਾਂ ਨਾਲ,
    ਸਾਡੇ ਕੈਦ ਕਰਨ ਵਾਲੇ ਕਹਿੰਦੇ,
    ਦਿਓ ਕੁਝ ਸੁਣਾ।

    3. ਆਪਣੇ ਖ਼ੁਦਾ ਦੇ ਗੀਤ
    ਅਸੀਂ ਗਾਉਂਦੇ ਕਿਸ ਤਰ੍ਹਾਂ?
    ਉਹ ਸੀ ਬੇਗ਼ਾਨਾ ਦੇਸ਼,
    ਨਾਲੇ ਗ਼ੈਰ ਉਹ ਜਗ੍ਹਾ।

    4. ਯਰੂਸ਼ਲਮ, ਯਰੂਸ਼ਲਮ,
    ਭੁੱਲ ਜਾਵਾਂ ਜੇ ਕਦੀ,
    ਉਸਤਾਦੀ ਆਪਣੀ ਦੇਵੇ
    ਮੇਰਾ ਸੱਜਾ ਹੱਥ ਭੁਲਾ।

    5. ਆਪਣੀ ਖ਼ੁਸ਼ੀ ਤੋਂ ਵੱਧਕੇ,
    ਜੇ ਮੈਂ ਯਾਦ ਨਾ ਰੱਖਾਂ,
    ਤਦ ਜੀਭ ਮੇਰੀ ਤਾਲੂ ਨਾਲ ਲੱਗੇ ਜਾ।

    6. ਦਿਨ ਯਾਦ ਕਰ, ਖ਼ੁਦਾਇਆ,
    ਅਦੂਮੀ ਇਹ ਕਹਿੰਦੇ ਸਨ,
    ਯਰੂਸ਼ਲਮ ਨੂੰ ਮੁੱਢੋਂ ਮੂਲੋਂ,
    ਦਿਓ ਮਿਲ ਕੇ ਢਾਹ ਢਾਹ।

    7. ਬਾਬੂਲ ਦੀ ਧੀ, ਲੁਟੇਰੀਏ,
    ਸਾਨੂੰ ਉਜਾੜਿਆ,
    ਉਹ ਧੰਨ ਜੋ ਤੇਥੋਂ ਬਦਲਾ
    ਲਵੇ ਤੇਰੇ ਜ਼ੁਲਮਾਂ ਦਾ।

    8. ਧੰਨ ਉਹ ਜਿਹੜਾ
    ਬੱਚਿਆਂ ਨੂੰ ਤੇਰੇ ਪਕੜ ਕੇ,
    ਪੱਥਰਾਂ ਦੇ ਉੱਤੇ ਮਾਰ ਕੇ ਸਭੋ ਕਰੇ ਫ਼ਨਾਹ।

  • ---

    1. ਮੈਂ ਦਿਲ ਦੇ ਨਾਲ ਖ਼ੁਦਾਵੰਦਾ,
    ਤੇਰੀ ਸਿਤਾਇਸ਼ ਕਰਾਂਗਾ,
    ਮੈਂ ਰੂ-ਬਰੂ ਅਲਹਾਵਾਂ ਦੇ,
    ਗੀਤ ਗਾਵਾਂਗਾ ਸਨਾਵਾਂ ਦੇ।

    2. ਪਾਕ ਹੈਕਲ ਤੇਰੀ ਵੱਲ ਸਦਾ,
    ਮੈਂ ਝੁਕ ਕੇ ਸਿਜਦਾ ਕਰਾਂਗਾ,
    ਜੀਭ ਮੇਰੀ ਉਸਤਤ ਗਾਵੇਗੀ,
    ਖ਼ੁਦਾਵੰਦਾ, ਨਾਂ ਤੇਰੇ ਦੀ।

    3. ਸੱਚਿਆਈ ਰਹਿਮਤ ਦੇ ਸਬੱਬ,
    ਜੋ ਜ਼ਾਹਿਰ ਕੀਤੀ ਤੂੰ ਏ, ਰੱਬ,
    ਤੂੰ ਰੱਖੀਂ ਆਪਣੇ ਕੌਲ ਦੀਆਂ,
    ਵਧਾਈਂ ਆਪਣੇ ਨਾਂ ਦੀ ਸ਼ਾਨ।

    4. ਜਦ ਤੇਥੋਂ ਮੰਗੀ ਮੈਂ ਦੁਆ,
    ਤੂੰ ਝਬਦੇ ਸੁਣੀਂ, ਐ ਖ਼ੁਦਾ,
    ਦਲੇਰੀ ਦੇ ਕੇ, ਐ ਰਹਿਮਾਨ,
    ਤੂੰ ਤਾਜ਼ਾ ਕੀਤੀ ਮੇਰੀ ਜਾਨ।

  • ---

    5. ਤੇਰੇ ਮੂੰਹ ਦੀਆਂ ਗੱਲਾਂ ਸੁਣਕੇ, ਖ਼ੁਦਾਇਆ,
    ਤੇਰੀ ਹਮਦ ਗਾਵਣਗੇ, ਦੁਨੀਆ ਦੇ ਸਭ ਸ਼ਾਹ।

    6. ਉਹ ਗਾਵਣਗੇ ਇਹ ਗੀਤ ਯਾਦ ਵਿੱਚ ਖ਼ੁਦਾ ਦੀ,
    ਕਿ ਉਸੇ ਦੀ ਹੈ ਸਭ ਤੋਂ, ਵੱਡੀ ਬਜ਼ੁਰਗੀ।

    7. ਕਿ ਭਾਵੇਂ, ਖ਼ੁਦਾ ਸਾਡਾ ਹੈ ਸਭ ਤੋਂ ਵੱਡਾ,
    ਗ਼ਰੀਬਾਂ ’ਤੇ ਹੈ ਮਿਹਰ ਦੀ ਨਜ਼ਰ ਕਰਦਾ।

    8. ਕਿ ਮਗ਼ਰੂਰਾਂ ਦਾ ਹਾਲ ਸਭ ਜਾਣਦਾ ਹੈ,
    ਘੁਮੰਡੀ ਨੂੰ ਉਹ ਦੂਰੋਂ ਪਛਾਣਦਾ ਹੈ।

    9. ਕਿ ਭਾਵੇਂ ਮੈਂ ਦੁੱਖਾਂ ਦੇ ਵਿੱਚ ਚੱਲਦਾ ਫਿਰਦਾ,
    ਖ਼ੁਦਾ ਮੇਰਾ ਪਰ ਮੈਨੂੰ ਜ਼ਿੰਦਾ ਰੱਖੇਗਾ।

    10. ਵਧਾਏਂਗਾ ਹੱਥ ਆਪਣਾ ਤੂੰ ਏ ਖ਼ੁਦਾਵੰਦ,
    ਕਰੇਂਗਾ ਮੇਰੇ ਵੈਰੀਆਂ ਦਾ ਗ਼ਜ਼ਬ ਬੰਦ।

    11. ਵਧਾਵੇਂਗਾ ਤੂੰ ਸੱਜਾ ਹੱਥ ਆਪਣਾ ਛੇਤੀ,
    ਤੇ ਬਖ਼ਸ਼ੇਂਗਾ ਮੈਨੂੰ, ਖ਼ੁਦਾਇਆ, ਖਲਾਸੀ।

    12. ਨਾ ਛੱਡੇਗਾ ਰੱਬ ਆਪਣੇ ਕੰਮ ਨੂੰ ਅਧੂਰਾ,
    ਮੇਰੇ ਵਾਸਤੇ ਕੰਮ ਕਰੇਗਾ ਉਹ ਪੂਰਾ।

    13. ਸਦਾ ਤੀਕ ਰਹਿਮਤ ਤੇਰੀ ਹੈ ਖ਼ੁਦਾਇਆ,
    ਨਾ ਛੱਡੀਂ ਕਦੀ ਕੰਮ ਤੂੰ ਆਪਣੇ ਹੱਥਾਂ ਦਾ।

  • ---

    1. ਐ ਖ਼ੁਦਾ ਤੂੰ ਮੈਨੂੰ ਜਾਂਚਦਾ ਮੇਰਾ ਹਾਲ ਪਛਾਣਦਾ ਹੈ,
    ਮੇਰਾ ਬੈਠਣਾ, ਮੇਰਾ ਉੱਠਣਾ ਸਭ ਕੁਝ ਤੂੰ ਏਂ ਜਾਣਦਾ ਹੈਂ।

    2. ਮੇਰੀ ਸੋਚਾਂ ਤੇ ਅਨਦੇਸ਼ੇ ਵਾਕਿਫ਼ ਹੈਂ ਤੂੰ ਸਭਨਾਂ ਤੋਂ,
    ਮੇਰਾ ਤੁਰਨਾ, ਮੇਰਾ ਸੌਣਾ, ਵਾਕਿਫ਼ ਹੈ ਸਭ ਰਾਹਾਂ ਤੋਂ।

    3. ਮੇਰੀ ਜੀਭ ਦੇ ਉੱਤੇ ਨਹੀਂ ਕੋਈ ਬਾਤ ਅਜਿਹੀ ਵੀ,
    ਜਿਸ ਤੋਂ ਤੈਨੂੰ, ਐ ਖ਼ੁਦਾਵੰਦ ਹੋਵੇ ਨਾ ਕੁਝ ਵਾਕਫ਼ੀ।

    4. ਮੇਰੇ ਅੱਗੇ ਪਿੱਛੇ ਤੂੰਏਂ ਘੇਰਨ ਵਾਲਾ ਹੈ ਸਦਾ,
    ਤੂੰ ਏਂ ਰੱਖਿਆ ਮੇਰੇ ਉੱਤੇ ਆਪਣਾ ਹੱਥ ਖ਼ੁਦਾਵੰਦਾ।

    5. ਇਹ ਗਿਆਨ ਤੇ ਮੇਰੇ ਲਈ ਇੱਕ ਅਚਰਜ ਅਚੰਬਾ ਹੈ,
    ਜਿਸ ਤੀਕਰ ਮੈਂ ਪਹੁੰਚ ਨਾ ਸਕਦਾ ਉਹ ਨਿਹਾਇਤ ਉੱਚਾ ਹੈ।

  • ---

    6. ਖ਼ੁਦਾਇਆ, ਤੇਰੀ ਰੂਹ ਤੋਂ ਮੈਂ,
    ਭਲਾ ਨੱਸ ਕੇ ਕਿੱਧਰ ਜਾਵਾਂ,
    ਹਜ਼ੂਰੀ ਤੇਰੀ ਤੋਂ ਛੁੱਪ ਕੇ,
    ਮੈਂ ਕਿਹੜੀ ਤਰਫ਼ ਨੂੰ ਨੱਸਾਂ?

    7. ਮੈਂ ਚੜ੍ਹ ਜਾਵਾਂ ਜੇ ਅਸਮਾਨਾਂ ਦੇ ਉੱਤੇ,
    ਉੱਥੇ ਹੈਂ ਤੂੰ ਹੀ,
    ਵਿਛਾਵਾਂ ਬਿਸਤਰਾ ਪਾਤਾਲ਼ ਦੇ ਵਿੱਚ
    ਉੱਥੇ ਹੈਂ ਤੂੰ ਹੀ।

    8. ਸਮੁੰਦਰੋਂ ਪਾਰ ਜਾ ਉੱਤਰਾਂ,
    ਸੁਬਾਹ ਦੇ ਪੰਖਾਂ ਨੂੰ ਫੈਲਾਅ,
    ਤੇ ਉੱਥੇ ਵੀ ਤੇਰਾ ਹੱਥ ਮੈਨੂੰ,
    ਯਾ ਰੱਬ ਰਾਹ ਵਿਖਾਵੇਗਾ।

    9. ਖ਼ੁਦਾਇਆ, ਤੂੰ ਕਰੇਂਗਾ ਦਸਤਗੀਰੀ
    ਮੇਰੇ ਉੱਤੇ ਵੀ,
    ਤੇਰਾ ਹੱਥ ਸੱਜਾ ਉਸ ਪਾਤਾਲ਼ ਵਿੱਚ
    ਹੋਵੇ ਮਦਦ ਮੇਰੀ।

    10. ਜੇ ਮੈਂ ਆਖਾਂ ਕਿ ਮੈਨੂੰ ਘੁੱਪ
    ਹਨੇਰਾ ਹੁਣ ਛੁਪਾਵੇਗਾ,
    ਮੇਰੇ ਗਿਰਦੇ ਹਨੇਰਾ ਵੀ
    ਤਦੋਂ ਚਾਨਣ ਹੋ ਜਾਵੇਗਾ।

    11. ਨਹੀਂ ਹੈ ਸਾਹਮਣੇ ਤੇਰੇ ਹਨੇਰਾ,
    ਘੁੱਪ ਹਨੇਰਾ ਵੀ,
    ਹਨੇਰੀ ਰਾਤ ਤੇਰੇ ਸਾਹਮਣੇ ਹੈ
    ਵਾਂਗ ਚਾਨਣ ਵੀ।

  • ---

    12. ਕਿ ਮੇਰੇ ਗੁਰਦਿਆਂ ਦਾ
    ਤੂੰਏਂ ਮਾਲਿਕ ਹੈਂ, ਖ਼ੁਦਾਵੰਦਾ,
    ਛੁਪਾਇਆ ਮੈਨੂੰ ਤੂੰ ਏ
    ਜਦ ਮੈਂ ਆਪਣੀ ਮਾਂ ਦੀ ਕੁੱਖ ਵਿੱਚ ਸਾਂ।

    13. ਖ਼ੁਦਾਵੰਦਾ, ਮੈਂ ਗਾਵਾਂਗਾ
    ਹਮੇਸ਼ਾ ਤੇਰੀਆਂ ਸਿਫ਼ਤਾਂ,
    ਭਿਆਨਕ ਤੇ ਅਚੰਬੇ ਤੌਰ ਵਿੱਚ
    ਪੈਦਾ ਮੈਂ ਹੋਇਆ ਹਾਂ।

    14. ਤੇਰੇ ਕਾਰਜ ਮੇਰੀ ਹੈਰਤ
    ਵਧਾਂਦੇ ਹਨ ਕੰਮਾਂ ਦਾ,
    ਕਿ ਮੇਰੀ ਜਾਨ ਨੂੰ ਡਾਢਾ ਯਕੀਨ
    ਹੈ ਤੇਰੇ ਕੰਮਾਂ ਦਾ।

    15. ਬਣਾਇਆ ਜਾਂਦਾ ਸੀ ਜਦ
    ਗੁਪਤ ਦੇ ਅੰਦਰ ਇਹ ਬੁੱਤ ਮੇਰਾ,
    ਹਨੇਰੀ ਕੁੱਖ ਦੇ ਵਿੱਚ ਜਦ
    ਨਕਸ਼ ਬਣਦਾ ਸੀ ਮੇਰੇ ਬੁੱਤ ਦਾ।

    16. ਨਾ ਤੇਥੋਂ ਕੁਝ ਛਿਪੀ ਸੀ,
    ਰੱਬਾ ਸੂਰਤ ਮੇਰੇ ਜੁੱਸੇ ਦੀ,
    ਇਹ ਬੇ-ਤਰਤੀਬ ਮਾਦਾ
    ਤੇਰੇ ਅੱਗੇ ਸਾਫ਼ ਜ਼ਾਹਿਰ ਸੀ।

    17. ਤੇਰੇ ਦਫ਼ਤਰ ਦੇ ਵਿਚ ਇਹ
    ਸਭੋ ਕੁਝ ਪਹਿਲਾਂ ਤੋਂ ਲਿਖਿਆ ਸੀ,
    ਜਦੋਂ ਇਹਨਾਂ ਦੇ ਵਿੱਚੋਂ ਕੋਈ ਵੀ
    ਨਾ ਅੰਗ ਬਣਿਆ ਸੀ।

    18. ਬਹੁਤ ਅਨਮੋਲ ਹਨ ਮੇਰੇ ਲਈ
    ਸਭ ਤੇਰੀਆਂ ਸੋਚਾਂ,
    ਖ਼ੁਦਾਵੰਦਾ, ਮੈਂ ਉਹਨਾਂ ਨੂੰ
    ਕਦੀ ਵੀ ਗਿਣ ਨਾ ਸਕਦਾ ਹਾਂ।

    19. ਉਹ ਸਭ ਹਨ ਰੇਤ ਤੋਂ ਵੱਧਕੇ
    ਗਿਣਾਂ ਕੀਕਰ ਖ਼ੁਦਾਵੰਦਾ,
    ਮੈਂ ਤੇਰੇ ਨਾਲ ਹਾਂ ਤਦ ਵੀ
    ਜਦੋਂ ਮੈਂ ਜਾਗਦਾ ਰਹਿੰਦਾ।

  • ---

    20. ਫ਼ਨਾਹ ਕਰੇਂਗਾ, ਖ਼ੁਦਾਇਆ, ਸ਼ਰੀਰਾਂ ਨੂੰ ਤੂੰ ਜ਼ਰੂਰ,
    ਸੋ ਖੂਨੀ ਜਿਤਨੇ ਹਨ ਸਭ ਮੇਰੇ ਕੋਲੋਂ ਹੋਵਣ ਦੂਰ।

    21. ਉਹ ਜ਼ਿਕਰ ਤੇਰਾ, ਸ਼ਰਾਰਤ ਦੇ ਨਾਲ ਕਰਦੇ ਹਨ,
    ਤੇ ਵੈਰੀ ਤੇਰੇ ਤੇਰਾ ਨਾਂ ਐਵੇਂ ਲੈਂਦੇ ਹਨ।

    22. ਭਲਾ, ਮੈਂ ਵੈਰ ਨਹੀਂ ਰੱਖਦਾ ਉਹਨਾਂ ਨਾਲ ਸਦਾ,
    ਜੋ ਵੈਰ ਰੱਖਦੇ ਤੇਰੇ ਨਾਂ ਦਾ, ਖ਼ੁਦਾਵੰਦਾ?

    23. ਅਜਿਹੇ ਲੋਕਾਂ ਤੋਂ, ਯਾ ਰੱਬਾ, ਮੈਂ ਹਾਂ ਅਤਿ ਬੇ-ਜ਼ਾਰ,
    ਜੋ ਤੇਰੇ ਨਾਂ ਦੀ ਜ਼ਿੱਦ ਉੱਤੇ ਉੱਠਦੇ ਹਨ ਬਦਕਾਰ।

    24. ਤੂੰ ਮੈਨੂੰ ਜਾਂਚ, ਮੇਰੇ ਦਿਲ ਨੂੰ ਵੀ ਖ਼ੁਦਾਇਆ ਜਾਣ,
    ਤੂੰ ਅਜ਼ਮਾਅ ਵੀ ਤੇ ਸਭ ਸੋਚਾਂ ਮੇਰੀਆਂ ਪਛਾਣ।

    25. ਤੂੰ ਵੇਖ ਜੇ ਮੇਰੇ ਵਿੱਚ ਕੋਈ ਭੈੜੀ ਖੂਹ ਹੈ ਭੁਲਾ,
    ਹਮੇਸ਼ਗੀ ਦੇ ਤੂੰ ਰਾਹ ਉੱਤੇ ਮੈਨੂੰ ਆਪ ਚਲਾ।

  • ---

    1. ਖ਼ੁਦਾਇਆ, ਸ਼ਰੀਰਾਂ ਤੋਂ ਮੈਨੂੰ ਛੁਡਾ,
    ਤੇ ਜ਼ੋਰਾਵਰਾਂ ਕੋਲੋਂ ਮੈਨੂੰ ਬਚਾ।

    2. ਉਹ ਦਿਲ ਵਿੱਚ ਬਦੀ ਸੋਚਦੇ ਰਹਿੰਦੇ ਹਨ,
    ਲੜਾਈ ਦੀ ਖ਼ਾਤਿਰ ਜਮ੍ਹਾ ਹੁੰਦੇ ਹਨ।

    3. ਹੈ ਸੱਪ ਵਾਂਗ ਤਿੱਖੀ ਜ਼ੁਬਾਨ ਉਹਨਾਂ ਦੀ,
    ਤੇ ਹੋਠਾਂ ਦੇ ਵਿੱਚ ਨਾਗ ਦਾ ਜ਼ਹਿਰ ਵੀ।

    4. ਖ਼ੁਦਾਇਆ, ਸ਼ਰੀਰਾਂ ਤੋਂ ਮੈਨੂੰ ਛੁਡਾ,
    ਤੇ ਜ਼ੋਰਾਵਰਾਂ ਕੋਲੋਂ ਮੈਨੂੰ ਬਚਾ।

    5. ਹੈ ਸੋਚ ਉਹਨਾਂ ਦੀ ਰਾਤ ਦਿਨ, ਐ ਖ਼ੁਦਾ,
    ਕਿ ਮੈਨੂੰ ਕਿਸੇ ਤਰ੍ਹਾਂ ਦੇਵਣ ਡਿਗਾ।

    6. ਕੀ ਉਹਨਾਂ ਨੇ ਤਿਆਰ ਹੈ ਕੀਤੀਆਂ,
    ਮੇਰੇ ਵਾਸਤੇ ਫ਼ਾਹੀਆਂ ਤੇ ਰੱਸੀਆਂ।

    7. ਕੀ ਲਾਉਂਦੇ ਨੇ ਛੁੱਪ-ਛੁੱਪ ਕੇ ਹੰਕਾਰੀਏ,
    ਮੇਰੇ ਰਾਹ ਦੇ ਵਿੱਚ ਜਾਲ, ਤਾਂ ਮਾਰੀਏ।

  • ---

    1. ਮੈਂ ਸੀ ਰੱਬ ਅੱਗੇ ਅਰਜ਼ ਗੁਜ਼ਾਰੀ,
    ਸੁਣ ਮੇਰੀ ਦੁਆ ਰੱਬ ਭਾਰੀ।

    2. ਐ ਨਜਾਤ ਦੇ ਜ਼ੋਰ ਖ਼ੁਦਾਇਆ,
    ਕੀਤਾ ਜੰਗ ਵਿੱਚ ਮੇਰੇ ’ਤੇ ਸਾਇਆ।

    3. ਹੋਵੇ ਬੁਰੇ ਦਾ ਨਾ ਮਤਲਬ ਪੂਰਾ,
    ਉਹਦਾ ਮਨਸੂਬਾ ਰਹੇ ਅਧੂਰਾ।

    4. ਜਿਹੜੇ ਮੇਰੇ ਨੇ ਘੇਰਨ ਵਾਲੇ,
    ਬਦੀ ਉਹਨਾਂ ਦੀ ਉਹਨਾਂ ਨੂੰ ਗਾਲੇ।

    5. ਅੰਗਿਆਰ ਉਹਨਾਂ ਉਤੇ ਮਾਰੀਂ,
    ਅੱਗ ਨਾਲ ਉਹਨਾਂ ਨੂੰ ਸਾੜੀਂ।

    6. ਟੋਏ ਵਿੱਚ ਉਹਨਾਂ ਨੂੰ ਪਾਈਂ,
    ਉੱਠ ਸਕਣ ਨਾ ਫਿਰ ਕਦਾਈਂ।

  • ---

    1. ਜ਼ਮੀਨ ਦੇ ਉੱਤੇ ਬਦ-ਜ਼ੁਬਾਨ ਮੌਜੂਦ ਨਾ ਰਹੇਗਾ,
    ਤੇ ਜ਼ਾਲਿਮ ਆਪਣੇ ਜ਼ੁਲਮ ਦੇ ਵਿੱਚ ਹੋ ਜਾਵਣਗੇ ਫ਼ਨਾਹ।

    2. ਹਾਂ, ਸੱਚਮੁੱਚ ਕਰੇਗਾ ਨਿਆਂ ਖ਼ੁਦਾਵੰਦ ਦੁਖੀਆਂ ਦਾ,
    ਹਾਂ ਆਜਿਜ਼ ਤੇ ਗਰੀਬਾਂ ਦਾ ਉਹ ਬਦਲਾ ਲਵੇਗਾ।

    3. ਤੇ ਸਾਦਿਕ ਲੈ ਕੇ ਤੇਰਾ ਨਾਂ ਅਤਿ ਹੋਣਗੇ ਸ਼ੁਕਰਗੁਜ਼ਾਰ,
    ਹਜ਼ੂਰ ਵਿੱਚ ਤੇਰੇ ਵੱਸਣਗੇ ਉਹ ਸਭ ਜੋ ਹਨ ਸੱਚਿਆਰ।

  • ---

    ਤੈਨੂੰ ਮੈਂ ਪੁਕਾਰਦਾ ਹਾਂ, ਮੇਰੇ ਵੱਲ ਤੂੰ ਛੇਤੀ ਆ।

    1. ਜਦੋਂ ਪੁਕਾਰਾਂ ਮੈਂ ਤੈਨੂੰ ਖ਼ੁਦਾਇਆ,
    ਸੁਣ ਲੈ ਮੇਰੀ ਗੱਲ ਕੰਨ ਲਾ।

    2. ਮੇਰੀ ਦੁਆ ਹੁਣ ਤੇਰੇ ਹਜ਼ੂਰ ਵਿੱਚ,
    ਪਹੁੰਚੇ ਵਾਂਗ ਬਖੂਰ ਦੇ ਜਾ।

    3. ਜਿਵੇਂ ਕੁਰਬਾਨੀ ਸ਼ਾਮਾਂ ਦੀ ਹੋਵੇ,
    ਹੱਥ ਚੁੱਕ ਤੇਥੋਂ ਮੰਗਾਂ ਦੁਆ।

    4. ਮੇਰੇ ਹੋਠਾਂ ਦੀ ਕਰ ਰਖਵਾਲੀ,
    ਮੂੰਹ ਉੱਤੇ ਨਿਗਾਹਬਾਨ ਬਿਠਾ।

    5. ਦਿਲ ਨਾ ਹੋਵੇ ਮੇਰਾ ਬਦੀ ’ਤੇ ਮਾਇਲ,
    ਬਦਾਂ ਨਾਲ ਰਲੇ ਨਾ ਜਾ।

    6. ਖਾਵਾਂ ਨਾ ਉਨ੍ਹਾਂ ਦੇ ਸੁਵਾਦਲੇ ਖਾਣੇ
    ਉਨ੍ਹਾਂ ਵਿੱਚੋਂ ਨਾ ਇੱਕ ਗਰਾਹ।

  • ---

    7. ਇਹ ਹੈ ਮਿਹਰਬਾਨੀ ਸਾਦਿਕ ਦੀ,
    ਉਹ ਭਾਵੇਂ ਮੈਨੂੰ ਮਾਰੇ ਵੀ,
    ਉਹ ਤੇਲ ਹੈ ਮੇਰੇ ਸਿਰ ਹੀ ਦਾ,
    ਜੋ ਮੈਨੂੰ ਦੇਵੇ ਵੀ ਸਜ਼ਾ।

    8. ਜੇ ਮੈਨੂੰ ਮਾਰੇ ਦੂਜੀ ਵਾਰ,
    ਨਾ ਕਦੀ ਕਰਾਂਗਾ ਇਨਕਾਰ,
    ਪਰ ਮੈਂ ਇਹ ਮੰਗਾਂਗਾ ਦੁਆ,
    ਕਿ ਹੋਵੇ ਨਾਸ਼ ਸ਼ਰੀਰਾਂ ਦਾ।

    9. ਤੇ ਸਾਰੇ ਹਾਕਿਮ ਉਹਨਾਂ ਦੇ,
    ਡਿਗਾਏ ਗਏ ਪੱਥਰ ’ਤੇ,
    ਤਦ ਕੀਤੀ ਉਨ੍ਹਾਂ ਇਹ ਪਛਾਣ,
    ਕਿ ਮੇਰੀਆਂ ਬਾਤਾਂ ਮਿੱਠੀਆਂ ਸਨ।

    10. ਜਿਉਂ ਹਲ ਜ਼ਮੀਨ ਨੂੰ ਫਾੜ੍ਹਦੀ ਹੈ,
    ਹਾਂ ਚੀਰਦੀ ਤੇ ਸਵਾਰਦੀ ਹੈ,
    ਅਜਿਹੀ ਸਾਡੀਆਂ ਹੱਡੀਆਂ, ਹਾਂ,
    ਗੋਰ ਦੇ ਮੂੰਹ ਵਿੱਚ ਪਰੇਸ਼ਾਨ।

    11. ਪਰ ਐ ਖ਼ੁਦਾਵੰਦ ਪਾਕ ਖ਼ੁਦਾ,
    ਮੈਂ ਤੇਰੇ ਹੀ ਵੱਲ ਤੱਕਾਂਗਾ,
    ਤੇਰੇ ਉੱਤੇ ਮੇਰਾ ਹੈ ਇਮਾਨ,
    ਡਿਗਾ ਨਾ ਦੇ ਤੂੰ ਮੇਰੀ ਜਾਨ।

    12. ਸ਼ਰੀਰ ਜੋ ਬਹਿੰਦੇ ਫਾਹੀ ਲਾ,
    ਤਾਂ ਉਸ ਵਿੱਚ ਮੈਨੂੰ ਲੈਣ ਫਸਾ,
    ਬਦਕਾਰ ਵਿਛਾਉਂਦੇ ਲੁੱਕ ਕੇ ਜਾਲ,
    ਸੋ ਯਾ ਰੱਬ ਮੈਨੂੰ ਤੂੰ ਸੰਭਾਲ।

    13. ਸ਼ਰੀਰ ਤੇ ਸਭ ਗੁਮਰਾਹੀ ਵਿੱਚ,
    ਫਸ ਜਾਵਣ ਆਪਣੀ ਫਾਹੀ ਵਿੱਚ,
    ਇੱਧਰ ਮੈਂ ਬਚ ਨਿਕਲਾਂਗਾ,
    ਖ਼ੁਦਾਵੰਦ ਮੇਰੀ ਸੁਣ ਦੁਆ।

  • ---

    1. ਪੁਕਾਰਦਾ ਹਾਂ ਖ਼ੁਦਾਵੰਦ ਨੂੰ
    ਬੁਲੰਦ ਆਵਾਜ਼ ਦੇ ਨਾਲ,
    ਉਹਦੇ ਅੱਗੇ ਮਿੰਨਤਾਂ ਮੈਂ,
    ਕਰਨਾ ਜ਼ੋਰ ਦੇ ਨਾਲ।

    2. ਮੈਂ ਖੋਲ੍ਹ ਕੇ ਕਰਨਾ ਹਾਂ ਫਰਿਆਦ
    ਖ਼ੁਦਾਵੰਦ ਦੀ ਦਰਗਾਹ,
    ਤੇ ਉਹਦੇ ਅੱਗੇ ਕਰਦਾ ਹਾਂ
    ਬਿਆਨ ਸਭ ਦੁੱਖਾਂ ਦਾ।

    3. ਤੂੰ ਰਾਹਾਂ ਮੇਰੀਆਂ ਜਾਣਦਾ ਹੈਂ,
    ਉਦਾਸੀ ਦਾ ਸਭ ਹਾਲ,
    ਵਿਛਾਇਆ ਛੁੱਪ ਕੇ ਉਨ੍ਹਾਂ ਨੇ,
    ਇੱਕ ਮੇਰੇ ਵਾਸਤੇ ਜਾਲ।

    4. ਨਾ ਮੇਰਾ ਕੋਈ ਜਾਣ–ਪਹਿਚਾਨ,
    ਹੈ ਸੱਜੇ ਹੱਥ ਖ਼ੁਦਾ,
    ਨਾ ਮੇਰਾ ਕੋਈ ਪੁੱਛੇ ਹਾਲ,
    ਨਾ ਮੇਰੀ ਹੈ ਪਨਾਹ।

    5. ਮੈਂ ਉੱਚੀ ਦਿੱਤੀ ਕਿਹਾ ਇਹ,
    ਕਿ ਤੂੰਏਂ ਰੱਬ ਰਹਿਮਾਨ,
    ਹੈ ਹਿੱਸਾ ਮੇਰੀ ਜ਼ਿੰਦਗੀ ਦਾ,
    ਤੂੰ ਮੇਰੀ ਹੈਂ ਚਟਾਨ।

    6. ਤੂੰ ਮੇਰੀ ਸੁਣ, ਮੈਂ ਹਾਂ ਕਮਜ਼ੋਰ,
    ਤੇ ਦੁਸ਼ਮਣ ਜ਼ੋਰਾਵਰ,
    ਉਹ ਮੇਰੇ ਪਿੱਛੇ ਪਏ ਹਨ,
    ਛੁਡਾ ਤੇ ਰਹਿਮਤ ਕਰ।

    7. ਖ਼ੁਦਾਇਆ ਮੇਰੀ ਜਾਨ ਨੂੰ ਤੂੰ,
    ਹੁਣ ਕੈਦੋਂ ਲੈ ਛੁਡਾ,
    ਤਾਂ ਸਦਾ ਤੀਕਰ ਗਾਵਾਂ ਮੈਂ,
    ਨਾਂ ਤੇਰੇ ਦੀ ਸਨਾ।

    8. ਇਕੱਠੇ ਹੋਣਗੇ ਮੇਰੇ ਕੋਲ,
    ਫਿਰ ਸਭ ਸੱਚੇ ਇਨਸਾਨ,
    ਜਦ ਜਾਨਣਗੇ ਕਿ ਕਰੇਂਗਾ
    ਤੂੰ ਮੇਰੇ ’ਤੇ ਅਹਿਸਾਨ।

  • ---

    1. ਸੁਣੀ, ਐ ਖ਼ੁਦਾਵੰਦਾ, ਮੇਰੀ ਤੂੰ ਦੁਆ ਨੂੰ,
    ਕੰਨ ਆਪਣਾ ਮੇਰੀਆਂ ਗੱਲਾਂ ਉੱਤੇ ਲਾ ਤੂੰ।

    2. ਉੱਤਰ ਦੇਈਂ ਮੈਨੂੰ ਤੂੰ ਹੀ ਵਫ਼ਾ ਤੇ ਸੱਚਿਆਈ ਨਾਲ,
    ਤੇਰੇ ਕੋਲੋਂ ਮੰਗਦਾ ਹਾਂ ਦਿਲ ਦੀ ਸਫ਼ਾਈ ਨਾਲ।

    3. ਆਪਣੇ ਬੰਦੇ ਨੂੰ ਤੂੰ ਅਦਾਲਤ ਤੋਂ ਬਚਾ ਲੈ,
    ਤੇਰੇ ਅੱਗੇ ਸੱਚਾ ਠਹਿਰੇ ਉਹਦੀ ਕੀ ਮਜਾਲ ਹੈ।

    4. ਦੁਸ਼ਮਣ ਮੇਰੇ ਪਿੱਛੇ ਪਿਆ ਲੈਣ ਮੇਰੀ ਜਾਨ ਦੇ,
    ਮੇਰੀ ਜ਼ਿੰਦਗਾਨੀ ਨੂੰ ਹੁਣ ਮਿੱਟੀ ਵਿੱਚ ਰਲਾਣ ਦੇ।

    5. ਓਹਨੇ ਮੈਨੂੰ ਉਹਨਾਂ ਵਾਂਗਰ ਕੀਤਾ ਜਿਹੜੇ ਮਰ ਗਏ,
    ਮੁੱਦਤ ਤੋਂ ਹਨੇਰੇ ਵਿੱਚ ਜਿਹੜੇ ਵਾਸਾ ਕਰ ਗਏ।

    6. ਇਸ ਲਈ ਜੀਅ ਮੇਰਾ ਮੇਰੇ ਵਿੱਚ ਹੈਰਾਨ ਹੋ ਗਿਆ,
    ਨਾਲੇ ਮੇਰਾ ਦਿਲ ਵੀ ਉੱਜੜ ਕੇ ਵਿਰਾਨ ਹੋ ਗਿਆ।

    7. ਯਾਦ ਅਗਲੇ ਦਿਨਾਂ ਨੂੰ ਮੈਂ ਸਦਾ ਕਰਦਾ ਰਹਿੰਦਾ ਹਾਂ,
    ਸੋਚ ਤੇਰਿਆਂ ਕੰਮਾਂ ਦੇ ਵਿੱਚ ਦਿਲ ਨੂੰ ਧਰਦਾ ਰਹਿੰਦਾ ਹਾਂ।

    8. ਵੇਖਨਾਂ ਤੇਰੇ ਹੱਥਾਂ ਦੇ ਕੰਮ ਆਪਣਾ ਜੀ ਲਾ ਕੇ,
    ਤੇਰੇ ਵੱਲ ਮੈਂ ਆਉਂਦਾ ਆਪਣੇ ਦੋਵੇਂ ਹੱਥ ਵਧਾ ਕੇ।

    9. ਮੇਰੀ ਰੂਹ ਤਿਹਾਈ ਹੈ ਹੁਣ ਵਾਂਗਰ ਖੁਸ਼ਕ ਜ਼ਮੀਨ ਦੇ,
    ਹੈ ਤਿਹਾਈ ਬਾਝੋਂ ਆਪਣੇ ਰੱਬ–ਉਲ-ਅਲਾਮੀਨ ਦੇ।

  • ---

    10. ਖ਼ੁਦਾਇਆ, ਤੂੰ ਸੁਣ ਮੇਰੀ ਛੇਤੀ ਦੁਆ,
    ਕਿ ਹੈ ਖਾਤਿਮਾ ਨੇੜੇ ਮੇਰੀ ਰੂਹ ਦਾ।

    11. ਤੂੰ ਮੂੰਹ ਆਪਣਾ ਬੰਦੇ ਤੋਂ ਨਾ ਫੇਰ ਲੈ,
    ਕਿ ਤਾਂ ਡਿੱਗ ਪਵਾਂ ਮੈਂ ਨਾ ਵਿੱਚ ਗੋਰ ਦੇ।

    12. ਮੁਹੱਬਤ ਦੀ ਆਵਾਜ਼ ਫਜਰੇ ਸੁਣਾ,
    ਕਿ ਹੈ ਤੇਰੇ ਉੱਤੇ ਮੇਰਾ ਆਸਰਾ।

    13. ਤੂੰ ਹੁਣ ਆਪਣੀ ਰਾਹ ਉੱਤੇ ਮੈਨੂੰ ਚਲਾ,
    ਤੇਰੇ ਵੱਲ ਮੇਰੀ ਜਾਨ ਤੱਕਦੀ ਸਦਾ।

    14. ਮੇਰੇ ਵੈਰੀਆਂ ਕੋਲੋਂ ਮੈਨੂੰ ਛੁਡਾ,
    ਤੇਰੇ ਕੋਲ ਆ ਕੇ ਮੈਂ ਲੈਂਦਾ ਪਨਾਹ।

    15. ਤੂੰ ਆਪਣੀ ਹੀ ਮਰਜ਼ੀ ’ਤੇ ਚੱਲਣਾ ਸਿਖਾ,
    ਕਿ ਤੂੰ ਹੀ ਹੈਂ ਮੇਰਾ ਖ਼ੁਦਾਵੰਦ ਖ਼ੁਦਾ।

    16. ਵਿਖਾਵੇ ਤੇਰੀ ਨੇਕ ਰੂਹ ਮੈਨੂੰ ਰਾਹ,
    ਤਾਂ ਸੱਚਿਆਈ ਦੇ ਮੁਲਕ ਜਾ ਪਹੁੰਚਾਂਗਾ।

    17. ਤੂੰ ਨਾਮ ਆਪਣੇ ਦੇ ਵਾਸਤੇ ਐ ਖ਼ੁਦਾ,
    ਮੇਰੀ ਜਾਨ ਨੂੰ ਜ਼ਿੰਦਗੀ ਕਰ ਅਤਾ।

    18. ਤੂੰ ਆਪਣੀ ਸਦਾਕਤ ਦੀ ਖਾਤਿਰ ਖ਼ੁਦਾ,
    ਮੇਰੀ ਜਾਨ ਡਾਢੇ ਦੁੱਖਾਂ ਤੋਂ ਛੁਡਾ।

    19. ਮੇਰੇ ਉੱਤੇ ਕਰ ਰਹਿਮ ਮੇਰੇ ਖ਼ੁਦਾ,
    ਮੇਰੇ ਵੈਰੀਆਂ ਨੂੰ ਤੂੰ ਛੇਤੀ ਮੁਕਾ।

    20. ਤੂੰ ਕਰ ਨਾਸ਼ ਹੁਣ ਮੁਜ਼ੀ ਤਮਾਮ ਖ਼ੁਦਾਵੰਦਾ,
    ਤੇਰਾ ਹੀ ਮੈਂ ਹਾਂ ਗੁਲਾਮ।

  • ---

    ਮੁਬਾਰਿਕ ਖ਼ੁਦਾਵੰਦ ਜੋ ਮੇਰੀ ਚਟਾਨ ਹੈ।

    1. ਮੇਰੇ ਹੱਥਾਂ ਨੂੰ ਜੰਗ ਕਰਨਾ ਸਿਖਾਂਦਾ,
    ਮੇਰੀਆਂ ਉਂਗਲੀਆਂ ਨੂੰ ਉਹ ਲੜਨਾ ਸਿਖਾਂਦਾ।

    2. ਮੇਰੇ ਉੱਤੇ ਕਰਦਾ ਹੈ ਰਹਿਮਤ ਹਮੇਸ਼ਾ,
    ਮੇਰਾ ਬੁਰਜ ਹੈ ਉਹ ਮੇਰੀ ਉੱਚੀ ਜਗ੍ਹਾ।

    3. ਮੇਰਾ ਮੁਕਤੀਦਾਤਾ ਹੈਂ ਤੂੰ ਢਾਲ ਮੇਰੀ,
    ਮੇਰੀ ਜਾਨ ਨੂੰ ਹੈ ਫਕਤ ਆਸ ਤੇਰੀ।

    4. ਖ਼ੁਦਾਵੰਦ ਮੇਰੇ ਵਾਸਤੇ ਆਪੇ ਲੜਦਾ,
    ਮੇਰੇ ਵੈਰੀਆਂ ਨੂੰ ਮੇਰੇ ਹੇਠਾਂ ਕਰਦਾ।

    5. ਹੈ ਕੀ ਚੀਜ਼ ਇਨਸਾਨ ਜਾਂ ਆਦਮਜਾਤ,
    ਕਿ ਜਿਸ ਨੂੰ ਖ਼ੁਦਾਵੰਦਾ ਫਰਮਾਏਂ ਤੂੰ ਯਾਦ?

    6. ਝੁਕਾ ਆਪਣੇ ਅਸਮਾਨਾਂ ਨੂੰ ਉੱਤਰੀਂ ਹੇਠਾਂ,
    ਪਹਾੜਾਂ ਨੂੰ ਛੂਹ, ਉੱਥੋਂ ਨਿਕਲੇਗਾ ਧੂੰਆਂ।

    7. ਖਿੰਡਾ ਦੁਸ਼ਮਣਾਂ ਨੂੰ ਤੂੰ ਬਿਜਲੀ ਡਿੱਗਾ ਕੇ,
    ਹਕਾਅ ਉਹਨਾਂ ਨੂੰ ਤੀਰ ਆਪਣੇ ਚਲਾ ਕੇ।

    8. ਵਧਾ ਕੇ ਤੂੰ ਹੱਥ ਆਪਣਾ ਮੈਨੂੰ ਛੁਡਾਈਂ,
    ਤੇ ਡੁੱਬਣ ਤੇ ਡਿੱਗਣ ਤੋਂ ਮੈਨੂੰ ਬਚਾਈਂ।

    9. ਨਿਕਲਦਾ ਹੈ ਉਹਨਾਂ ਦੇ ਮੂੰਹ ਵਿੱਚੋਂ ਫੱਟ-ਫੱਟ,
    ਤੇ ਹੈ ਝੂਠ ਦਾ ਸੱਜਾ ਹੱਥ ਉਹਨਾਂ ਦਾ ਹੱਥ।

  • ---

    10. ਮੈਂ ਤੇਰੇ ਵਾਸਤੇ ਐ ਖ਼ੁਦਾ,
    ਇੱਕ ਨਵਾਂ ਗੀਤ ਹੀ ਗਾਵਾਂਗਾ,
    ਵਜਾ ਕੇ ਬੀਨ ਦਸ ਤਾਰਾਂ ਦੀ,
    ਮੈਂ ਗਾਵਾਂ ਉਸਤਤ ਤੇਰੀ ਹੀ।

    11. ਖ਼ੁਦਾਵੰਦਾ ਬਾਦਸ਼ਾਹਾਂ ਨੂੰ,
    ਨਜਾਤ ਇਕੱਲਾ ਦਿੰਦਾ ਤੂੰ,
    ਦਾਊਦ ’ਤੇ ਤਰਸ ਤੂੰ ਹੀ ਖਾਂਦਾ ਹੈਂ,
    ਬਦ ਤੇਗ ਤੋਂ ਬਚਾਂਦਾ ਹੈਂ।

    12. ਯਾ ਰੱਬ, ਜੋ ਗੈਰਾਂ ਦੀ ਔਲਾਦ,
    ਤੂੰ ਉਸ ਤੋਂ ਮੈਨੂੰ ਕਰ ਆਜ਼ਾਦ,
    ਹੱਥ ਭਰੇ ਜ਼ੁਲਮ ਨਾਲ ਉਹਨਾਂ ਦੇ,
    ਸੋ ਬੰਦੇ ਨੂੰ ਛੁਟਕਾਰਾ ਦੇ।

    13. ਕਿ ਉਹਨਾਂ ਦਾ ਮੂੰਹ ਦਿਨੇ ਰਾਤ,
    ਹੈ ਬੱਕਦਾ ਰਹਿੰਦਾ ਵਾਹੀਯਾਤ,
    ਜੋ ਹੱਥ ਹੈ ਸੱਜਾ ਉਹਨਾਂ ਦਾ,
    ਹੈ ਡਾਢਾ ਝੂਠ ਫ਼ਰੇਬਾਂ ਦਾ।

    14. ਕਿ ਤਾਂ ਅਸਾਡੇ ਬੇਟੇ ਸਭ,
    ਆਪਣੀ ਜੁਆਨੀ ਵਿੱਚ, ਐ ਰੱਬ,
    ਵੱਧ ਜਾਵਣ ਮਾਨਿੰਦ ਬੂਟਿਆਂ ਦੀ,
    ਤੇ ਸਭ ਅਸਾਡੀਆਂ ਧੀਆਂ ਵੀ।

    15. ਤਿਨੁੱਕਰੇ ਪੱਥਰ ਵਾਂਗ ਐ ਰੱਬ,
    ਖੂਬਸੂਰਤ ਸੋਹਣੀਆਂ ਹੋਵਣ ਸਭ,
    ਵਿੱਚ ਹੈਕਲ ਦੇ ਲੱਗ ਜਾਵੇ ਜੋ,
    ਖੂਬ ਸਾਫ਼ ਤੇ ਛਿੱਲਿਆ-ਛਿੱਲਿਆ ਹੋ।

    16. ਖ਼ਜ਼ਾਨੇ ਸਾਡੇ ਹੋਣ ਭਰਪੂਰ,
    ਹੋ ਜਿਨ੍ਹਾਂ ਵਿੱਚ ਹਰ ਚੀਜ਼ ਜ਼ਰੂਰ,
    ਅਸਾਡੇ ਗੱਲੇ ਤੂੰ ਵਧਾ,
    ਹਜ਼ਾਰਾਂ, ਲੱਖਾਂ ਤੀਕ ਪੁਚਾ।

    17. ਬੈਲ ਮੋਟੇ ਹੋਵਣ ਖੂਬ ਜਵਾਨ,
    ਨਾ ਹੋਵੇ ਉਹਨਾਂ ਦਾ ਨੁਕਸਾਨ,
    ਸਾਫ਼ ਹੋਵਣ ਸਾਡੇ ਸਭ ਬਾਜ਼ਾਰ,
    ਨਾ ਹੋਵੇ ਉਹਨਾਂ ਵਿੱਚ ਤਕਰਾਰ।

    18. ਉਹ ਕੌਮ ਮੁਬਾਰਿਕ ਹੈ ਨਿਹਾਲ,
    ਅਜਿਹਾ ਜਿਹਦਾ ਹੋਵੇ ਹਾਲ,
    ਮੁਬਾਰਿਕ ਹੈ ਉਹ ਕੌਮ ਸਦਾ,
    ਖ਼ੁਦਾਵੰਦ ਜਿਸ ਦਾ ਹੈ ਖ਼ੁਦਾ।

  • ---

    1. ਐ ਮੇਰੇ ਸ਼ਾਹ ਖ਼ੁਦਾਵੰਦਾ,
    ਵਡਿਆਈ ਤੇਰੀ ਕਰਾਂਗਾ,
    ਮੈਂ ਸਦਾ ਤੀਕ ਬਿਆਨ ਕਰਾਂ,
    ਕਿ ਤੇਰਾ ਹੈ ਮੁਬਾਰਿਕ ਨਾਂ।

    2. ਮੈਂ ਤੈਨੂੰ ਹੀ ਖ਼ੁਦਾਵੰਦਾ,
    ਹਰ ਰੋਜ਼ ਮੁਬਾਰਿਕ ਆਖਾਂਗਾ,
    ਹਮੇਸ਼ਾ ਤੇਰੇ ਨਾਂ ਹੀ ਦੀ,
    ਜਾਨ ਮੇਰੀ ਉਸਤਤ ਗਾਵੇਗੀ।

    3. ਖ਼ੁਦਾ ਬਜ਼ੁਰਗ ਤੇ ਫ਼ਾਇਕ ਹੈ,
    ਬੇਹੱਦ ਤਾਰੀਫ਼ ਦੇ ਲਾਇਕ ਹੈ,
    ਬਜ਼ੁਰਗੀ ਉਹਦੀ ਜ਼ਾਹਿਰ ਹੈ,
    ਉਹ ਅਕਲੋਂ ਸਮਝੋਂ ਬਾਹਿਰ ਹੈ।

    4. ਸਿਤਾਇਸ਼ ਤੇਰੇ ਕੰਮਾਂ ਦੀ,
    ਪੁਸ਼ਤ ਦੂਜੀ ਪੁਸ਼ਤ ਨਾਲ ਕਰੇਗੀ,
    ਉਹ ਤੇਰੀ ਬੇਹੱਦ ਕੁਦਰਤ ਦਾ,
    ਬਿਆਨ ਸੁਣਾਵੇਗੀ ਸਦਾ।

    5. ਤੇਰੀ ਜਨਾਬ ਦੀ ਇੱਜ਼ਤ ਸਭ
    ਜੋ ਡਾਢੀ ਹੈ, ਸ਼ਾਨਵਾਲੀ ਰੱਬ,
    ਤੇਰੇ ਅਜਾਇਬ ਕੰਮਾਂ ਦਾ,
    ਮੈਂ ਖੋਲ੍ਹ ਕੇ ਹਾਲ ਸੁਣਾਵਾਂਗਾ।

    6. ਕੰਮ ਡਾਢੇ ਤੇਰੀ ਕੁਦਰਤ ਦੇ,
    ਲੋਕ ਇੱਕ ਦੂਜੇ ਨੂੰ ਦੱਸਣਗੇ,
    ਪਰ ਮੈਂ ਹਮੇਸ਼ਾ ਤੀਕ ਖ਼ੁਦਾ,
    ਬਜ਼ੁਰਗੀ ਤੇਰੀ ਕਰਾਂਗਾ।

    7. ਜੋ ਤੇਰੇ ਵੱਡੇ ਹਨ ਇਨਸਾਨ,
    ਉਹ ਸਭੋ ਕਰਨਗੇ ਬਿਆਨ,
    ਉਹ ਤੇਰੀ ਹੀ ਸੱਚਿਆਈ ਦੇ,
    ਗੀਤ ਖ਼ੁਸ਼ੀਆਂ ਦੇ ਨਾਲ ਗਾਵਣਗੇ।

  • ---

    8. ਨਿਹਾਇਤ ਹੈ ਰਹੀਮ ਖ਼ੁਦਾ,
    ਮਿਹਰਬਾਨ, ਮਿਹਰਬਾਨ, ਮਿਹਰਬਾਨ,
    ਉਹ ਧੀਮਾ ਗੁੱਸੇ ਵਿੱਚ ਸਦਾ,
    ਮਿਹਰਬਾਨ, ਮਿਹਰਬਾਨ, ਮਿਹਰਬਾਨ,
    ਰਹਿਮ ਉਹਦਾ ਵਧ ਕੇ ਹੈ ਕਮਾਲ,
    ਭਲਾਈ ਕਰਦਾ ਸਭਨਾਂ ਨਾਲ,
    ਸਭ ਖ਼ਲਕਤ ਉਸ ਤੋਂ ਹੈ ਨਿਹਾਲ,
    ਮਿਹਰਬਾਨ, ਮਿਹਰਬਾਨ, ਮਿਹਰਬਾਨ।

    9. ਸਭ ਕਾਰੀਗਰੀਆਂ, ਐ ਖ਼ੁਦਾ,
    ਮਿਹਰਬਾਨ, ਮਿਹਰਬਾਨ, ਮਿਹਰਬਾਨ,
    ਗੀਤ ਗਾਵਾਂ ਤੇਰੀਆਂ ਸਿਫ਼ਤਾਂ ਦਾ,
    ਮਿਹਰਬਾਨ, ਮਿਹਰਬਾਨ, ਮਿਹਰਬਾਨ,
    ਪਾਕ ਲੋਕ ਜੋ ਤੇਰੇ ਹਨ ਤਮਾਮ,
    ਉਹ ਕਹਿੰਦੇ ਲੈ ਕੇ ਤੇਰਾ ਨਾਮ,
    ਕਿ ਤੂੰ ਮੁਬਾਰਿਕ ਹੈਂ ਮੁਦਾਮ,
    ਮਿਹਰਬਾਨ, ਮਿਹਰਬਾਨ, ਮਿਹਰਬਾਨ।

    10. ਉਹ ਸਭ ਤੇਰੀ ਬਾਦਸ਼ਾਹੀ ਦੀ,
    ਮਿਹਰਬਾਨ, ਮਿਹਰਬਾਨ, ਮਿਹਰਬਾਨ,
    ਬਜ਼ੁਰਗੀ ਦੱਸਦੇ ਰਹਿੰਦੇ ਵੀ,
    ਮਿਹਰਬਾਨ, ਮਿਹਰਬਾਨ, ਮਿਹਰਬਾਨ,
    ਉਹ ਕਰਦੇ ਰਹਿੰਦੇ ਹਨ ਬਿਆਨ,
    ਤਾਂ ਸਾਰੇ ਲੋਕੀ ਲੈਣ ਪਛਾਣ,
    ਕਿ ਤੇਰੀ ਕੁਦਰਤ ਬੇ-ਪਾਯਾਨ
    ਮਿਹਰਬਾਨ, ਮਿਹਰਬਾਨ, ਮਿਹਰਬਾਨ।

    11. ਯਾ ਰੱਬ ਬਾਦਸ਼ਾਹੀ ਤੇਰੀ ਹੀ,
    ਮਿਹਰਬਾਨ, ਮਿਹਰਬਾਨ, ਮਿਹਰਬਾਨ,
    ਹਮੇਸ਼ਾ ਤੀਕਰ ਰਹੇਗੀ,
    ਮਿਹਰਬਾਨ, ਮਿਹਰਬਾਨ, ਮਿਹਰਬਾਨ,
    ਸਭ ਲੋਕਾਂ ਨੂੰ ਇਹ ਦੱਸਦੇ ਜਾ,
    ਰਾਜ ਪੀੜ੍ਹੀਆਂ ਤੀਕਰ ਰਹੇਗਾ,
    ਸਭ ਖ਼ਲਕਤ ਉੱਤੇ ਰੱਬ ਹੀ ਦਾ,
    ਮਿਹਰਬਾਨ, ਮਿਹਰਬਾਨ, ਮਿਹਰਬਾਨ।

  • ---

    12. ਖ਼ੁਦਾਵੰਦ ਡਿੱਗਿਆਂ ਹੋਇਆਂ ਨੂੰ ਬਚਾਂਦਾ,
    ਤੇ ਝੁੱਕਿਆਂ ਹੋਇਆਂ ਨੂੰ ਆਪ ਉਠਾਂਦਾ।

    13. ਲੱਗੀ ਹੈ ਤੇਰੇ ਹੀ ਵੱਲ ਆਸ ਸਭਨਾਂ ਦੀ,
    ਤੂੰ ਦੇਂਦਾ ਉਹਨਾਂ ਨੂੰ ਵੇਲੇ ’ਤੇ ਰੋਜ਼ੀ।

    14. ਖ਼ੁਦਾ ਜਦ ਖੋਲ੍ਹਦਾ ਹੈ ਆਪਣੀ ਮੁੱਠੀ,
    ਤਦੋਂ ਪੇਟ ਆਪਣਾ ਭਰਦਾ ਹੈ ਹਰ ਇੱਕ ਜੀ।

    15. ਖ਼ੁਦਾਵੰਦ ਆਪਣੇ ਰਾਹਾਂ ਵਿੱਚ ਹੈ ਸੱਚਾ,
    ਤੇ ਆਪਣੇ ਕੰਮਾਂ ਵਿੱਚ ਹੈ ਰਹਿਮ ਕਰਦਾ।

    16. ਖ਼ੁਦਾਵੰਦ ਹੈ ਸਦਾ ਉਨ੍ਹਾਂ ਦੇ ਨੇੜੇ,
    ਜੋ ਸੱਚੇ ਦਿਲ ਤੋਂ ਉਹਦੇ ਕੋਲੋਂ ਮੰਗਦੇ।

    17. ਖ਼ੁਦਾਵੰਦ ਆਪਣੇ ਡਰਨ ਵਾਲਿਆਂ ਦੇ,
    ਮਤਲਬ ਸਭ ਕਰੇਗਾ ਆਪ ਪੂਰੇ।

    18. ਸੁਣੇਗਾ ਉਨ੍ਹਾਂ ਦੀ ਕੰਨ ਲਾ ਕੇ ਫਰਿਆਦ,
    ਕਰੇਗਾ ਉਨ੍ਹਾਂ ਨੂੰ ਦੁੱਖਾਂ ਤੋਂ ਆਜ਼ਾਦ।

    19. ਖ਼ੁਦਾਵੰਦ ਰਹਿੰਦਾ ਆਪਣੇ ਲੋਕਾਂ ਦੇ ਪਾਸ,
    ਖਬੀਸਾਂ ਦਾ ਕਰੇਗਾ ਸੱਤਿਆਨਾਸ।

    20. ਖ਼ੁਦਾ ਦੀ ਹਮਦ ਗਾਵੇਗਾ ਮੇਰਾ ਮੂੰਹ,
    ਸਦਾ ਧੰਨ ਆਖੋ ਰੱਬ ਦੇ ਪਾਕ ਨਾਂ ਨੂੰ।

  • ---

    1. ਐ ਜਾਨ ਮੇਰੀ ਕਰ ਰੱਬ ਦੀ ਵਡਿਆਈ,
    ਹਾਂ ਰੱਬ ਦੀ ਵਡਿਆਈ ਕਰੇ ਲੋਕਾਈ।

    2. ਮੈਂ ਜਦ ਤੀਕਰ ਧਰਤੀ ਤੇ ਜੀਉਂਦਾ ਰਹਾਂਗਾ,
    ਕਰਦਾ ਰਹਾਂਗਾ ਰੱਬ ਦੀ ਵਡਿਆਈ।

    3. ਅਮੀਰ ਲੋਕਾਂ ’ਤੇ ਨਹੀਂ ਆਸ ਆਪਣੀ ਰੱਖੋ,
    ਉਹਨਾਂ ਵਿੱਚ ਮੁਕਤੀ ਦੀ ਤਾਕਤ ਨਾ ਕਾਈ।

    4. ਜਦ ਨਿਕਲਦੀ ਜਾਨ ਉਹਨਾਂ ਦੀ ਉਹਨਾਂ ਵਿੱਚੋਂ,
    ਤਦ ਮਿੱਟੀ ਵਿੱਚ ਮਿਲਦੀ ਸਾਰੀ ਲੋਕਾਈ।

    5. ਟੁੱਟ ਜਾਂਦੇ ਬਦ-ਮਨਸੂਬੇ ਉਹਨਾਂ ਦੇ ਸਾਰੇ,
    ਜਿਸ ਵੇਲੇ ਉਹਨਾਂ ਦੀ ਜਾਨ ’ਤੇ ਬਣ ਆਈ।

    6. ਧੰਨ ਹਾਲ ਹੈ ਉਸ ਮਨੁੱਖ ਦਾ, ਐ ਭਾਈ,
    ਯਾਕੂਬ ਦਾ ਰੱਬ ਹੁੰਦਾ ਹੈ ਜਿਸਦਾ ਪਨਾਹੀ।

  • ---

    7. ਜਿਸ ਕਿਸੇ ਦੀ ਹੈ ਮਦਦ ਕਰਦਾ ਖ਼ੁਦਾ ਯਾਕੂਬ ਦਾ,
    ਜਿਸ ਦਾ ਰੱਬ ਉੱਤੇ ਭਰੋਸਾ ਉਹ ਮੁਬਾਰਿਕ ਸਦਾ।

    8. ਜਿਸ ਨੇ ਸਭ ਆਕਾਸ਼ ਤੇ ਧਰਤੀ ਬਣਾਈ ਆਪ ਹੀ,
    ਪਾਣੀਆਂ ਵਿੱਚ ਜਿਸਨੇ ਸਭ ਰਚਨਾ ਰਚਾਈ ਆਪ ਹੀ।

    9. ਜੋ ਹੈ ਖਾਲਿਕ ਸਭਨਾਂ ਦਾ ਤੇ ਜੋ ਹੈ ਮਾਲਿਕ ਸਭਨਾਂ ਦਾ,
    ਉਹ ਤੇ ਕਾਇਮ ਰੱਖਦਾ ਹੈ ਸੱਚਿਆਈ ਆਪਣੀ ਨੂੰ ਸਦਾ।

    10. ਭੁੱਖਿਆਂ ਨੂੰ ਹੈ ਉਹ ਖਿਲਾਂਦਾ, ਦੁਖੀਆਂ ਦਾ ਕਰਦਾ ਨਿਆਂ,
    ਤਰਸ ਖਾ ਕੇ ਕੈਦੀਆਂ ਨੂੰ ਉਹ ਛੁਡਾਂਦਾ ਬੇ-ਗੁਮਾਨ।

    11. ਰਹਿਮ ਕਰਕੇ ਅੱਖੀਆਂ ਅੰਨ੍ਹਿਆਂ ਨੂੰ ਦੇਂਦਾ ਹੈ ਖ਼ੁਦਾ,
    ਝੁਕਿਆਂ ਹੋਇਆਂ ਨੂੰ ਉਠਾਕੇ ਸਿੱਧਾ ਕਰਦਾ ਹੈ ਖੜ੍ਹਾ।

    12. ਰਾਖਾ ਪਰਦੇਸੀ ਦਾ ਹੈ ਰੱਬ, ਸਾਦਿਕਾਂ ਨੂੰ ਕਰਦਾ ਪਿਆਰ,
    ਤੇ ਯਤੀਮਾਂ ਰੰਡੀਆਂ ਦਾ ਹੈ ਹਮੇਸ਼ਾ ਮਦਦਗਾਰ।

    13. ਪਰ ਜੋ ਬਦਕਾਰਾਂ, ਖਬੀਸਾਂ ਤੇ ਸ਼ਰੀਰਾਂ ਦਾ ਹੈ ਰਾਹ,
    ਉਸਨੂੰ ਆਪੇ ਹੀ ਖ਼ੁਦਾਵੰਦ ਡਿੰਗਾ ਟੇਢਾ ਕਰੇਗਾ।

    14. ਰੱਬ ਸਦਾ ਤੀਕਰ ਕਰੇਗਾ ਬਾਦਸ਼ਾਹੀ ਹਰ ਜ਼ਮਾਨ,
    ਪੀੜ੍ਹੀਆਂ ਤੀਕਰ, ਐ ਸਿਓਨ, ਤੇਰਾ ਰੱਬ ਹੋ ਸਨਾਖ਼ਵਾਂ।

  • ---

    1. ਅਸਾਡੇ ਖ਼ੁਦਾਵੰਦ ਦੀ ਤਾਰੀਫ਼ ਗਾਓ,
    ਭਲਾ ਹੈ ਕਿ ਸਭ ਉਹਦੀ ਉਸਤਤ ਸੁਣਾਓ।

    2. ਤੇ ਹੈ ਸਾਡਾ ਰੱਬ ਸਾਡੇ ਦਿਲ ਨੂੰ ਪਿਆਰਾ,
    ਤੇ ਉਸ ਦੀ ਤਾਰੀਫ਼ ਕਰਨੀ ਹੈ ਜ਼ੇਬਾ।

    3. ਉਹ ਕਰਦਾ ਹੈ ਤਾਮੀਰ ਯਰੂਸ਼ਲਮ ਦੀ,
    ਮਿਲਾਂਦਾ ਹੈ ਵਿਛੜੇ ਹੋਏ ਇਸਰਾਏਲੀ।

    4. ਇਲਾਜ ਆਪੇ ਕਰਦਾ ਟੁੱਟੇ ਦਿਲਾਂ ਦਾ,
    ਤੇ ਉਹਨਾਂ ਦੇ ਜ਼ਖ਼ਮਾਂ ਨੂੰ ਆਪ ਹੀ ਬੰਨ੍ਹਦਾ।

    5. ਖ਼ੁਦਾ ਆਪ ਸਭ ਤਾਰਿਆਂ ਨੂੰ ਹੈ ਗਿਣਦਾ,
    ਤੇ ਸਭਨਾਂ ਦਾ ਨਾਂ ਵੱਖੋ ਵੱਖ ਆਪ ਹੀ ਰੱਖਦਾ।

    6. ਅਸਾਡੇ ਖ਼ੁਦਾਵੰਦ ਦੀ ਡਾਢੀ ਬਜ਼ੁਰਗੀ,
    ਹੈ ਬੇਅੰਤ ਕੁਦਰਤ ਤੇ ਦਾਨਾਈ ਉਸ ਦੀ।

    7. ਖ਼ੁਦਾਵੰਦ ਹਲੀਮਾਂ ਨੂੰ ਆਪ ਬਚਾਉਂਦਾ,
    ਸ਼ਰੀਰਾਂ ਨੂੰ ਚੁੱਕ ਕੇ ਉਹ ਹੇਠਾਂ ਡਿਗਾਉਂਦਾ।

    8. ਸਨਾ ਓਹਦੀ ਗਾਓ ਤੇ ਬਰਬਤ ਬਜਾਓ,
    ਖ਼ੁਦਾਵੰਦ ਦੇ ਸ਼ੁਕਰਾਨੇ ਦਾ ਗੀਤ ਗਾਓ।

    9. ਉਹ ਅਸਮਾਨਾਂ ਨੂੰ ਘੱਲਕੇ ਬੱਦਲ ਛਿਪਾਂਦਾ,
    ਵਰ੍ਹਾਂਦਾ ਹੈ ਮੀਂਹ, ਘਾਹ ਤੇ ਸਬਜ਼ੀ ਉਗਾਂਦਾ।

    10. ਖ਼ੁਦਾਵੰਦ ਰਜਾਂਦਾ ਹੈ ਸਭ ਚਾਰਪਾਏ,
    ਜੋ ਚਿੱਲਾਂਦੇ ਮੂੰਹ ਖੋਲ੍ਹ ਕਾਂਵਾ ਦੇ ਬੱਚੇ।

    11. ਖ਼ੁਦਾ ਘੋੜੇ ਦੇ ਜ਼ੋਰ ਤੋਂ ਨਾ ਹੈ ਰਾਜ਼ੀ,
    ਨਾ ਕੁਝ ਮਰਦ ਦੀ ਪਿੰਡਲੀਆਂ ਤੋਂ ਖ਼ੁਸ਼ੀ ਵੀ।

    12. ਖ਼ੁਦਾ ਖ਼ੁਸ਼ ਹੈ ਉਹਨਾਂ ਤੋਂ ਜੋ ਉਸ ਤੋਂ ਡਰਦੇ,
    ਤੇ ਜੋ ਉਸਦੀ ਰਹਿਮਤ ’ਤੇ ਆਸ ਆਪਣੀ ਧਰਦੇ।

  • ---

    13. ਖ਼ੁਦਾਵੰਦ ਦੀ ਯਰੂਸ਼ਲਮ
    ਦਿਲ ਨਾਲ ਸਿਤਾਇਸ਼ ਕਰ,
    ਹਾਂ ਆਪਣੇ ਰੱਬ ਦੀ ਐ ਸਿਓਨ,
    ਦਿਲ ਤੋਂ ਸਿਤਾਇਸ਼ ਕਰ।

    14. ਕਿ ਉਸਨੇ ਤੇਰੇ ਬੂਹਿਆਂ ਨੂੰ
    ਮਜ਼ਬੂਤੀ ਬਖ਼ਸ਼ੀ ਹੈ,
    ਤੇ ਤੇਰੇ ਸਾਰਿਆਂ ਬੱਚਿਆਂ ਨੂੰ,
    ਉਸ ਬਰਕਤ ਦਿੱਤੀ ਹੇ।

    15. ਕਿ ਉਹ ਤੇ ਤੇਰੀਆਂ ਹੱਦਾਂ ਨੂੰ
    ਸਲਾਮਤ ਰੱਖਦਾ ਹੈ,
    ਹਾਂ ਤੈਨੂੰ ਤੰਗੀ ਕਣਕ ਨਾਲ,
    ਅਸੂਦਾ ਕਰਦਾ ਹੈ।

    16. ਉਹ ਆਪਣੇ ਸੱਚੇ ਹੁਕਮਾਂ ਨੂੰ,
    ਜ਼ਮੀਨ ’ਤੇ ਘੱਲਦਾ ਹੈ,
    ਜੋ ਉਹਦੇ ਮੂੰਹ ਦਾ ਹੈ ਕਲਾਮ,
    ਉਹ ਛੇਤੀ ਚੱਲਦਾ ਹੈ।

    17. ਬਰਫ਼ ਉੱਨ ਦੇ ਵਾਂਗਰ ਪਾਉਂਦਾ ਹੈ,
    ਤੇ ਪਾਲ਼ਾ ਵਾਂਗ ਸੁਆਹ,
    ਉਹ ਸੁੱਟਦਾ ਟੁਕੜੇ ਕੱਕਰ ਦੇ,
    ਠੰਡ ਕੌਣ ਸਹਿ ਸਕੇਗਾ?

    18. ਉਹ ਆਪਣਾ ਹੁਕਮ ਘੱਲਦਾ ਹੈ,
    ਸਭ ਕੁਝ ਗਲ਼ ਜਾਂਦਾ ਹੈ,
    ਤੇ ਪਾਣੀ ਸਭ ਵਗ ਜਾਂਦਾ ਹੈ,
    ਜਦ ਵਾਅ ਚਲਾਉਂਦਾ ਹੈ।

    19. ਯਾਕੂਬ ਉੱਤੇ ਜ਼ਾਹਿਰ ਕਰਦਾ ਹੈ,
    ਉਹ ਆਪਣਾ ਪਾਕ ਕਲਾਮ,
    ਹੱਕ ਸਭੋ ਉਹ ਇਸਰਾਏਲ ਉੱਤੇ,
    ਅਦਾਲਤਾਂ ਤਮਾਮ।

    20. ਨਾ ਕਿਸੇ ਕੌਮ ’ਤੇ ਕੀਤਾ ਹੈ,
    ਖ਼ੁਦਾ ਨੇ ਇਹ ਅਹਿਸਾਨ,
    ਨਾ ਸਮਝਣ ਉਹਦਾ ਉਹ ਇਨਸਾਫ਼,
    ਹਮਦ ਉਹਦੀ ਹੋ ਹਰਾਨ।

  • ---

    1. ਕਰੋ ਰੱਬ ਦੀ ਹੁਣ ਵਡਿਆਈ,
    ਸਭ ਅਸਮਾਨਾਂ ਦੀ ਉੱਚਿਆਈ,
    ਤਾਰੀਫ਼, ਤਾਰੀਫ਼ ਕਰੋ ਬੁਲੰਦੀ ਪਰ।

    2. ਤਾਰੀਫ਼ ਕਰਨ ਫ਼ਰਿਸ਼ਤੇ ਸਾਰੇ,
    ਉਹਦੀਆਂ ਫੌਜਾਂ ਮਾਰਨ ਨਾਅਰੇ,
    ਤਾਰੀਫ਼, ਤਾਰੀਫ਼ ਕਰੋ ਬੁਲੰਦੀ ਪਰ।

    3. ਚੰਨ, ਸੂਰਜ, ਚਮਕੀਲੇ ਤਾਰੇ,
    ਸਭ ਅਸਮਾਨ ’ਤੇ ਪਾਣੀ ਸਾਰੇ,
    ਤਾਰੀਫ਼, ਤਾਰੀਫ਼ ਕਰੋ ਬੁਲੰਦੀ ਪਰ।

    4. ਉਸ ਨੇ ਹੁਕਮ ਕੀਤਾ ਜਾਰੀ,
    ਖ਼ਲਕਤ ਪੈਦਾ ਹੋਈ ਸਾਰੀ,
    ਤਾਰੀਫ਼, ਤਾਰੀਫ਼ ਕਰੋ ਬੁਲੰਦੀ ਪਰ।

    5. ਉਸ ਅਜਿਹੇ ਮਜ਼ਬੂਤ ਬਣਾਏ,
    ਤਾਂ ਜੋ ਕੁਝ ਵੀ ਟਲ ਨਾ ਜਾਏ,
    ਤਾਰੀਫ਼, ਤਾਰੀਫ਼ ਕਰੋ ਬੁਲੰਦੀ ਪਰ।

  • ---

    ਕਰੋ ਰੱਬ ਦੀ ਹੁਣ ਵਡਿਆਈ,
    ਕਰੋ ਜ਼ਮੀਨ ਦੀ ਸਾਰੀ ਲੋਕਾਈ,
    ਤਾਰੀਫ਼, ਤਾਰੀਫ਼ ਕਰੋ ਜ਼ਮੀਨ ਸਾਰੀ।

    6. ਸਭ ਡੂੰਘਿਆਈਆਂ, ਸਭ ਗਹਿਰਾਓ,
    ਓਲ਼ੇ, ਬਰਫ਼, ਤਾਰੀਫ਼ਾਂ ਗਾਓ,
    ਤਾਰੀਫ਼, ਤਾਰੀਫ਼ ਕਰੋ ਜ਼ਮੀਨ ਸਾਰੀ।

    7. ਅੱਗ ਤੇ ਧੁੰਦ, ਹਨੇਰੀ ਸਾਰੀ,
    ਹੁਕਮ ਰੱਬ ਦਾ ਮੰਨਣ ਹਾਰੀ,
    ਤਾਰੀਫ਼, ਤਾਰੀਫ਼ ਕਰੋ ਜ਼ਮੀਨ ਸਾਰੀ।

    8. ਉੱਚੇ ਟਿੱਲਿਓ ਸਭ ਪਹਾੜੋ,
    ਫਲ਼ਦਾਰ ਰੁੱਖੋ, ਸਭ ਦਿਓਦਾਰੋ,
    ਤਾਰੀਫ਼, ਤਾਰੀਫ਼ ਕਰੋ ਜ਼ਮੀਨ ਸਾਰੀ।

    9. ਜੰਗਲੀ ਜਾਨਵਰ, ਚੌਖੁਰ ਸਾਰੇ,
    ਸਭ ਪਰਿੰਦੇ, ਕੀੜੇ ਕਾੜੇ,
    ਤਾਰੀਫ਼, ਤਾਰੀਫ਼ ਕਰੋ ਜ਼ਮੀਨ ਸਾਰੀ।

    10. ਸਭ ਪਰਜਾ, ਸਭ ਰਾਜੇ ਸਾਈਂ,
    ਸਭ ਅਮੀਰ ਤੇ ਸਭ ਨਿਆਈਂ,
    ਤਾਰੀਫ਼, ਤਾਰੀਫ਼ ਕਰੋ ਜ਼ਮੀਨ ਸਾਰੀ।

    11. ਸਭ ਜਵਾਨ ਤੇ ਸਭ ਕੁਆਰੀ,
    ਬੁੱਢੇ, ਬੱਚੇ, ਖ਼ਲਕਤ ਸਾਰੀ,
    ਤਾਰੀਫ਼, ਤਾਰੀਫ਼ ਕਰੋ ਜ਼ਮੀਨ ਸਾਰੀ।

    12. ਹੈ ਸ਼ਾਨ ਵਾਲਾ ਨਾਮ ਖ਼ੁਦਾ ਦਾ,
    ਸਭ ਥਾਂ ਹੈ ਜਲਾਲ ਉਸੇ ਦਾ,
    ਤਾਰੀਫ਼, ਤਾਰੀਫ਼ ਕਰੋ ਜ਼ਮੀਨ ਸਾਰੀ।

    13. ਆਪਣੀ ਕੌਮ ਨੂੰ ਦੇ ਉੱਚਿਆਈ,
    ਇੱਜ਼ਤ ਉਹਨਾਂ ਦੀ ਵਧਾਈ,
    ਤਾਰੀਫ਼, ਤਾਰੀਫ਼ ਕਰੋ ਜ਼ਮੀਨ ਸਾਰੀ।

    14. ਇਸਰਾਏਲ ਦੀ ਉੱਮਤ ਸਾਰੀ,
    ਉਹਦੀ ਹੈ ਇਹ ਇੱਜ਼ਤ ਹਾਰੀ,
    ਤਾਰੀਫ਼, ਤਾਰੀਫ਼ ਕਰੋ ਜ਼ਮੀਨ ਸਾਰੀ।

  • ---

    1. ਕਰੋ ਸਿਤਾਇਸ਼ ਖ਼ੁਦਾਵੰਦ ਦੀ,
    ਕਰੋ ਸਿਤਾਇਸ਼, ਕਰੋ ਸਿਤਾਇਸ਼,
    ਬੁਲੰਦੀਆਂ ਤੋਂ ਤੇ ਅਸਮਾਨਾਂ ਤੋਂ,
    ਤੁਸੀਂ ਖ਼ੁਦਾ ਦੀ ਕਰੋ ਸਿਤਾਇਸ਼।

    2. ਐ ਸਾਰੀ ਫੌਜੋ, ਫਰਿਸ਼ਤਿਓ ਸਾਰੇ,
    ਐ ਚੰਨ , ਸੂਰਜ, ਤੇ ਸਭ ਸਿਤਾਰੇ,
    ਹਾਂ ਰਲਕੇ ਸਾਰੇ ਖ਼ੁਸ਼ੀ ਦੇ ਮਾਰੇ
    ਕਰੋ ਸਿਤਾਇਸ਼, ਕਰੋ ਸਿਤਾਇਸ਼।

    3. ਐ ਅਸਮਾਨਾਂ ਦੇ ਅਸਮਾਨੋਂ,
    ਤੇ ਅਰਸ਼ ਦੇ ਪਾਣੀਓ ਇਹ ਜਾਣੋ,
    ਤੇ ਇਸ ਗੱਲ ਨੂੰ ਜ਼ਰਾ ਪਹਿਚਾਣੋ,
    ਕਰੋ ਸਿਤਾਇਸ਼, ਕਰੋ ਸਿਤਾਇਸ਼।

    4. ਬਣੇ ਇਹ ਸਭ ਨਾਲ ਹੁਕਮ ਰੱਬ ਦੇ,
    ਤੇ ਡਾਢੇ ਮਜ਼ਬੂਤ, ਜੋ ਨਾ ਹਿੱਲਦੇ,
    ਇਰਾਦੇ ਉਹਦੇ ਕਦੀ ਨਾ ਟਲਦੇ,
    ਕਰੋ ਸਿਤਾਇਸ਼, ਕਰੋ ਸਿਤਾਇਸ਼।

  • ---

    1. ਹਾਲੇਲੂਯਾਹ ਪਾਕ ਖ਼ੁਦਾ ਦਾ,
    ਨਵਾਂ ਗੀਤ ਇੱਕ ਗਾਓ ਵੀ,
    ਉਹਦੀ ਹੁਣ ਤਾਰੀਫ਼ ਸੁਣਾਓ,
    ਮਜਲਿਸ ਵਿੱਚ ਪਾਕ ਲੋਕਾਂ ਦੀ।

    2. ਇਸਰਾਏਲ ਮਨਾਵੇ ਖ਼ੁਸ਼ੀ,
    ਆਪਣੇ ਖਾਲਿਕ ਦੇ ਸਬੱਬ,
    ਆਪਣੇ ਸ਼ਾਹ ਦੀ ਖ਼ੁਸ਼ੀ ਮਨਾਵਣ,
    ਹਾਂ, ਸਿਓਨ ਦੇ ਬੇਟੇ ਸਭ।

    3. ਉਹਦੇ ਨਾਮ ਦੀ ਸਿਫ਼ਤਾਂ ਗਾਵਣ,
    ਨੱਚਣ-ਟੱਪਣ ਖ਼ੁਸ਼ੀ ਨਾਲ,
    ਤਬਲਾ, ਬਰਬਤ, ਸਾਜ ਵਜਾ ਕੇ,
    ਗਾਵਣ ਸਿਫ਼ਤਾਂ ਹੋਣ ਨਿਹਾਲ।

    4. ਕਿਉਂ ਜੋ ਆਪਣੇ ਲੋਕਾਂ ਦੇ ਨਾਲ,
    ਪਾਕ ਖ਼ੁਦਾ ਖ਼ੁਸ਼ ਰਹਿੰਦਾ ਹੈ,
    ਉਹ ਹਲੀਮਾਂ ਨੂੰ ਨਜਾਤ ਦਾ,
    ਗਹਿਣਾ ਆਪੇ ਦੇਂਦਾ ਹੈ।

    5. ਸਭ ਮੁਕੱਦਸ ਫਖ਼ਰ ਕਰਨ,
    ਆਪਣੀ ਸ਼ਾਨ ਤੇ ਇੱਜ਼ਤ ਦਾ,
    ਬਿਸਤਰ ਉੱਤੇ ਉੱਚੀ ਦਿੱਤੀ,
    ਗਾਵਣ ਉਸੇ ਦੀ ਸਨਾ।

  • ---

    6. ਪਾਕ ਲੋਕਾਂ ਦੇ ਮੂੰਹ ਵਿੱਚ ਹੋਵੇ
    ਸਿਰਫ਼ ਤਾਰੀਫ਼ ਖ਼ੁਦਾਵੰਦ ਦੀ,
    ਉਹਨਾਂ ਦੇ ਹੱਥ ਫੜ੍ਹੀ ਹੋਵੇ
    ਇੱਕ ਤਲਵਾਰ ਦੋ-ਧਾਰੀ ਵੀ।

    7. ਬਦਲਾ ਲੈਣ ਉਹ ਗ਼ੈਰ-ਕੌਮਾਂ ਤੋਂ
    ਉਹਨਾਂ ਦੀ ਬੁਰਿਆਈ ਦਾ,
    ਲੋਕਾਂ ਨੂੰ ਤੰਬੀਹਾਂ ਦੇਵਣ ਨਾਲੇ ਦੇਵਣ ਖੂਬ ਸਜ਼ਾ।

    8. ਤਦ ਪਹਿਨਾਵਣ ਉਹਨਾਂ ਦੇ ਸਭ
    ਸ਼ਾਹਾਂ ਨੂੰ ਮਜ਼ਬੂਤ ਜ਼ੰਜੀਰ,
    ਬੇੜੀਆਂ ਦੇ ਨਾਲ ਜਕੜੇ ਜਾਵਣ
    ਉਹਨਾਂ ਦੇ ਸਰਦਾਰ ਅਮੀਰ।

    9. ਤਦੋਂ ਲਿਖਿਆ ਹੋਇਆ ਫਤਵਾ
    ਜਾਰੀ ਹੋਵੇ ਉਹਨਾਂ ’ਤੇ,
    ਇਹ ਪਾਕ ਲੋਕਾਂ ਦੀ ਹੈ ਇੱਜ਼ਤ,
    ਗਾਓ ਗੀਤ ਖ਼ੁਦਾਵੰਦ ਦੇ।

  • ---

    1. ਹਾਲੇਲੂਯਾਹ, ਸਨਾ ਗਾਓ,
    ਉਸਦੀ ਹੈਕਲ ਵਿੱਚ ਸਦਾ,
    ਉਹਦੀ ਕੁਦਰਤ ਦੀ ਫਜ਼ਾ ਵਿੱਚ
    ਗਾਓ ਉਸੇ ਦੀ ਸਨਾ।

    2. ਉਹਦੀ ਕੁਦਰਤ ਦੇ ਮੁਆਫ਼ਿਕ
    ਗਾਓ ਸਿਫ਼ਤਾਂ ਖ਼ੁਸ਼ੀ ਨਾਲ,
    ਜੈਸੀ ਉਹਦੀ ਹੈ ਵਡਿਆਈ
    ਸਿਫ਼ਤਾਂ ਗਾਓ, ਹੋ ਨਿਹਾਲ।

    3. ਤੁਸੀਂ ਫੂਕੋ ਹੁਣ ਕਰਨਾਈ,
    ਉਹਦੀਆਂ ਸਿਫ਼ਤਾਂ ਗਾਓ ਵੀ,
    ਛੇੜ ਕੇ ਬਰਬਤ, ਵਾਜੇ ਆਪਣੇ,
    ਰੱਬ ਦੀ ਹਮਦ ਸੁਣਾਓ ਵੀ।

    4. ਤਬਲੇ ਦੇ ਨਾਲ ਨੱਚਦੇ ਹੋਏ,
    ਰੱਬ ਦੀ ਗਾਓ ਸਭ ਤਾਰੀਫ਼,
    ਤਾਰ ਦੇ ਸਾਜ਼ ਤੇ ਬਾਂਸੁਰੀ ਲੈ ਕੇ,
    ਰੱਬ ਦੀ ਗਾਓ ਸਭ ਤਾਰੀਫ਼।

    5. ਛੈਣਿਆਂ ਦੇ ਨਾਲ ਸਨਾ ਗਾਓ,
    ਜਿਹਦੀ ਹੋ ਆਵਾਜ਼ ਬੁਲੰਦ,
    ਮਿੱਠੀ ਸੁਰ ਨਾਲ ਸਾਜ਼ ਵਜਾਓ,
    ਉਸਤਤ ਗਾਓ ਹੋ ਆਨੰਦ।

    6. ਹਰ ਇੱਕ ਸ਼ੈ ਜੋ ਸਾਹ ਹੈ ਲੈਂਦੀ,
    ਗਾਵੇ ਹਮਦ ਖ਼ੁਦਾਵੰਦ ਦੀ,
    ਹਮਦ ਖ਼ੁਦਾਵੰਦ ਦੀ ਉਹ ਗਾਵੇ,
    ਗਾਵੇ ਹਮਦ ਖ਼ੁਦਾਵੰਦ ਦੀ।