16 Tracks
  • ---

    20. ਇਹ ਸਭ ਕੁਝ ਹੈ ਬੀਤੀ ਪਰ ਤੈਨੂੰ, ਖ਼ੁਦਾ,
    ਨਾ ਭੁੱਲੇ ਅਸੀਂ ਨਾ ਹੋਏ ਬੇ–ਵਫ਼ਾ।

    21. ਹਾਂ ਸਾਡੇ ਦਿਲ ਤੇਥੋਂ ਨਾ ਬਾਗ਼ੀ ਹੋਏ,
    ਨਾ ਰਾਹ ਤੇਰੇ ਤੋਂ ਪੈਰ ਸਾਡੇ ਹਟੇ।

    22. ਤੂੰ ਜੰਗਲਾਂ ਦੇ ਵਿੱਚ ਸਾਨੂੰ ਹੈ ਕੁਚਲਿਆ,
    ਤੇ ਮੌਤ ਦੇ ਸਾਏ ਵਿੱਚ ਦਿੱਤਾ ਲੁਕਾ।

    23. ਜੇ ਭੁੱਲੇ ਅਸੀਂ ਆਪਣੇ ਖ਼ੁਦਾ ਦਾ ਨਾਮ,
    ਜਾਂ ਕੀਤੇ ਨੇ ਝੂਠੇ ਬੁੱਤਾਂ ਨੂੰ ਸਲਾਮ।

    24. ਨਾ ਕਰੇਗਾ ਕਿਆ ਉਹਦੀ ਰੱਬ ਤਹਿਕੀਕਾਤ?
    ਤੇ ਜਾਣਦਾ ਹੈ ਉਹ ਦਿਲ ਦੀ ਪੋਸ਼ੀਦਾ ਬਾਤ।

    25. ਤੇਰੇ ਲਈ ਦਿਨ ਭਰ ਮਾਰੇ ਜਾਂਦੇ ਹਨ,
    ਕੁਰਬਾਨੀ ਦੀ ਭੇਡਾਂ ਗਿਣੇ ਜਾਂਦੇ ਹਨ।

    26. ਜਾਗ, ਜਾਗ, ਹੁਣ ਰਹਿੰਦਾ ਹੈਂ ਸੌਂ ਕਿਉਂ, ਖ਼ੁਦਾ?
    ਜਾਗ, ਜਾਗ, ਤੇ ਨਾ ਛੱਡ ਦੇ ਤੂੰ ਸਾਨੂੰ ਸਦਾ।

    27. ਤੂੰ ਮੂੰਹ ਆਪਣਾ ਸਾਥੋਂ ਲੁਕਾਂਦਾ ਹੈ ਕਿਉਂ,
    ਮੁਸੀਬਤ ਅਸਾਡੀ ਭੁੱਲ ਜਾਂਦਾ ਹੈ ਕਿਉਂ?

    28. ਤੇ ਜਾਨ ਸਾਡੀ ਮਿੱਟੀ ਦੇ ਵਿੱਚ ਮਿਲ ਗਈ,
    ਤੇ ਢਿੱਡ ਸਾਡਾ ਲੱਗਿਆ ਜ਼ਮੀਨ ਨਾਲ ਵੀ।

    29. ਤੂੰ ਕਰ ਸਾਡੀ ਮਦਦ ਤੇ ਉੱਠ, ਐ ਖ਼ੁਦਾ,
    ਤੇ ਰਹਿਮਤ ਦੇ ਨਾਲ ਹੁਣ ਤੂੰ ਸਾਨੂੰ ਛੁਡਾ।

  • ---

    1. ਇਹ ਜੀ ਵਿੱਚ ਕਿਹਾ ਅਹਿਮਕ ਨੇ,
    ਕਿ ਕੋਈ ਨਹੀਂ ਹੈ ਖ਼ੁਦਾ,
    ਬੁਰਿਆਈ ਕੀਤੀ ਬੁਰਿਆਂ ਨੇ
    ਨਾ ਕੋਈ ਨੇਕੋਕਾਰ ਰਿਹਾ।

    2. ਅਸਮਾਨੋਂ ਆਪੀਂ ਤੱਕਦਾ ਸੀ,
    ਤਾਂ ਵੇਖੇ ਬਨੀ ਆਦਮ ਨੂੰ,
    ਹੈ ਅਕਲ ਵਾਲਾ ਕੋਈ ਵੀ
    ਜੋ ਢੂੰਡਦਾ ਹੈ ਰੱਬ ਆਪਣੇ ਨੂੰ।

    3. ਸਭ ਹੋਏ ਨੇ ਗੁਮਰਾਹ, ਨਾਦਾਨ,
    ਨਾ ਰਿਹਾ ਭਲਾ ਕੋਈ ਵੀ,
    ਹਾਂ ਵਿਗੜ ਗਏ ਸਭ ਇਨਸਾਨ
    ਨਾ ਕੋਈ ਚੰਗਾ ਰਿਹਾ ਸੀ।

    4. ਕਿਆ ਫਹਮ ਨਹੀਂ ਬਦਕਾਰਾਂ ਨੂੰ,
    ਕਿ ਰੱਬ ਦਾ ਨਾਂ ਨਾ ਲੈਂਦੇ ਹਨ,
    ਉਹ ਖਾਂਦੇ ਮੇਰੇ ਬੰਦਿਆਂ ਨੂੰ,
    ਜਿਉਂ ਰੋਟੀ ਨੂੰ ਖਾਣ ਬਹਿੰਦੇ ਹਨ।

    5. ਖੌਫ਼ ਖਾਧਾ ਡਾਢਾ ਉਹਨਾਂ ਸੀ,
    ਨਾ ਜਿੱਥੇ ਕੁਝ ਸੀ ਖੌਫ਼ ਦਾ ਥਾਂ,
    ਕਿ ਤੇਰੇ ਘੇਰਨ ਵਾਲਿਆਂ ਦੀ,
    ਰੱਬ ਨੇ ਖਿਲਾਰੀ ਹੱਡੀਆਂ।

    6. ਸ਼ਰਮਿੰਦਾ ਕੀਤਾ ਉਹਨਾਂ ਨੂੰ
    ਉਹ ਡਾਢਾ ਹੋਏ ਖੱਜਲ ਖ਼ੁਆਰ,
    ਰੱਦ ਕੀਤਾ ਰੱਬ ਨੇ ਉਹਨਾਂ ਨੂੰ,
    ਜੋ ਤੇਰੇ ਦੁਸ਼ਮਣ ਬਦਕਿਰਦਾਰ।

    7. ਉਹ ਇਸਰਾਏਲ ਨੂੰ ਸਾਫ਼ ਅਜ਼ਾਦ,
    ਸਿਓਨ ਤੋਂ ਕਰੇ ਪਾਕ ਖ਼ੁਦਾ,
    ਯਾਕੂਬ ਖ਼ੁਸ਼, ਇਸਰਾਏਲ ਹੋ
    ਸ਼ਾਦ ਜਦ ਕੌਮ ਨੂੰ ਕੈਦੋਂ ਮੋੜੇਗਾ।

  • ---

    15. ਇਸਰਾਏਲੀ ਰੱਬ ਦੇ ਕੰਮ ਸਭ ਭੁੱਲ ਗਏ,
    ਨਾ ਸਲਾਹਾਂ ਉਹਦੀਆਂ ਤੱਕਦੇ ਰਹੇ।

    16. ਹਿਰਸ ਦੇ ਨਾਲ ਉਹਨਾਂ ਖਵਾਹਿਸ਼ ਕੀਤੀ ਸੀ,
    ਜੰਗਲਾਂ ਵਿੱਚ ਅਜ਼ਮਾਇਆ ਰੱਬ ਨੂੰ ਵੀ।

    17. ਕੀਤਾ ਮਤਲਬ ਪੂਰਾ ਰੱਬ ਨੇ ਉਹਨਾਂ ਦਾ,
    ਜ਼ੋਰ ਪਰ ਉਹਨਾਂ ਦੀ ਜਾਨ ਦਾ ਘੱਟ ਗਿਆ।

    18. ਮੂਸਾ ਤੇ ਹਾਰੂਨ ਦੇ ਨਾਲ, ਉਹਨਾਂ ਵੀ,
    ਖੈਮਾਗਾਹ ਵਿੱਚ ਕੀਤੀ ਡਾਢੀ ਦੁਸ਼ਮਣੀ।

    19. ਤਦ ਜ਼ਮੀਨ ਪਾਟੀ ਤੇ ਦਾਥਾਨ ਨਿਗਲਿਆ,
    ਟੋਲੀ ਨੂੰ ਅਬੀਰਾਮ ਦੀ ਵੀ ਢੱਕ ਲਿਆ।

    20. ਉਹਨਾਂ ਦੀ ਸਭ ਮੰਡਲੀ ਨੂੰ ਅੱਗ ਖਾ ਗਈ,
    ਭਸਮ ਕੀਤੇ ਲੰਬਾਂ ਨੇ ਬਦਕਾਰ ਵੀ।

    21. ਉਹਨਾਂ ਨੇ ਵੱਛੇ ਦੀ ਮੂਰਤ ਢਾਲ ਕੇ,
    ਸਿਜਦਾ ਕੀਤਾ ਉਹਨਾਂ ਵਿੱਚ ਹੋਰੇਬ ਦੇ।

    22. ਬਦਲਿਆ ਰੱਬ ਆਪਣੇ ਦਾ ਉਹਨਾਂ ਜਲਾਲ,
    ਘਾਹ ਦੇ ਖਾਣ ਵਾਲੇ ਡੰਗਰ ਬੈਲ ਨਾਲ।

    23. ਉਹ ਸਭ ਆਪਣੇ ਰੱਬ ਨੂੰ ਛੇਤੀ ਭੁੱਲ ਗਏ,
    ਮਿਸਰ ਦੇ ਵਿੱਚ ਜਿਸਨੇ ਉਹਨਾਂ ਵਾਸਤੇ।

    24. ਵੱਡੇ ਵੱਡੇ ਸਾਫ਼ ਵਿਖਲਾ ਕੇ ਨਿਸ਼ਾਨ,
    ਉਹਨਾਂ ਨੂੰ ਲੈ ਆਇਆ ਬਾ ਅਮਨ–ਓ–ਅਮਾਨ।

    25. ਹਾਮ ਦੀ ਧਰਤੀ ਦੇ ਵਿੱਚ ਕੁਲਜ਼ਮ ’ਤੇ ਵੀ
    ਕੰਮ ਅਜਾਇਬ ਰੱਬ ਨੇ ਸਭ ਵਿਖਲਾਏ ਸੀ।

    26. ਰੱਬ ਨੇ ਫਰਮਾਇਆ, ਕਰਾਂਗਾ ਮੈਂ ਫ਼ਨਾਹ,
    ਜਿਨ੍ਹਾਂ ਨੇ ਕੰਮ ਮੇਰੇ ਸਭ ਦਿੱਤੇ ਭੁਲਾ।

    27. ਮੂਸਾ ਚੁਣਿਆ ਹੋਇਆ ਬੰਦਾ ਰੱਬ ਦਾ,
    ਵਿੱਚ ਦਰਾਂ ਹੋ ਗਿਆ ਆਪੀ ਖੜ੍ਹਾ।

    28. ਤਾਂ ਕਿ ਰੋਕੇ ਉਹ ਖ਼ੁਦਾਵੰਦ ਦਾ ਗ਼ਜ਼ਬ
    ਨਾਸ਼ ਹੋ ਜਾਵੇ ਨਾ ਇਸਰਾਏਲ ਸਭ।

    29. ਧਰਤੀ ਤੁੱਛ ਜਾਤੀ ਜੋ ਸੀ ਮਨਭਾਉਣੀ,
    ਉਹਨਾਂ ਨੇ ਗੱਲ ਰੱਬ ਦੀ ਨਹੀਂ ਸੁਣੀ ਸੀ।

    30. ਕੁੜਕੁੜਾਏ ਆਪਣੇ ਤੰਬੂਆਂ ਵਿੱਚ ਤਮਾਮ,
    ਸੁਣਿਆ ਦਿਲ ਲਾ ਕੇ ਨਾ ਰੱਬ ਹੀ ਦਾ ਕਲਾਮ।

    31. ਤਦ ਖ਼ੁਦਾ ਨੇ ਹੱਥ ਲਿਆ ਆਪਣਾ ਉਠਾ,
    ਉਹਨਾਂ ਨੂੰ ਜੰਗਲ ਦੇ ਵਿੱਚ ਤਾਂ ਦੇ ਡਿਗਾ।

    32. ਨਸਲ ਕੌਮਾਂ ਵਿੱਚ ਡਿਗਾਵੇ ਉਹਨਾਂ ਦੀ,
    ਮੁਲਕਾਂ ਵਿੱਚ ਫਿਰਦੇ ਰਹੇ ਆਵਾਰਾ ਵੀ।

    33. ਬਾਲ ਨੂੰ ਉੱਥੇ ਸੀ ਉਹਨਾਂ ਪੂਜਿਆ,
    ਮੁਰਦੇ ਦੀ ਕੁਰਬਾਨੀਆਂ ਨੂੰ ਖਾ ਲਿਆ।

    34. ਉਹਨਾਂ ਨੇ ਜਦ ਰੱਬ ਨੂੰ ਗੁੱਸੇ ਕੀਤਾ ਸੀ,
    ਉਹਨਾਂ ਵਿੱਚ ਫੁੱਟ ਨਿਕਲੀ ਤਦ ਡਾਢੀ ਮਰੀ।

    35. ਉੱਠ ਕੇ ਤਦ ਫਿਨੀਹਾਸ ਨੇ ਕੀਤਾ ਨਿਆਂ,
    ਓਸ ਵਬਾਅ ਦਾ ਨਾ ਰਿਹਾ, ਕੁਝ ਵੀ ਨਿਸ਼ਾਨ।

    36. ਇਹ ਸੱਚਿਆਈ ਉਹਦੇ ਨਾਂ ਲਾਈ ਗਈ,
    ਪੀੜ੍ਹੀ ਦਰ ਪੀੜ੍ਹੀ ਹਮੇਸ਼ਾ ਤੀਕ ਵੀ।

    37. ਫਿਰ ਮਰੀਬਾਹ ਉੱਥੇ ਕੀਤਾ ਗੁੱਸੇਵਾਰ,
    ਉਹਨੂੰ ਇਸਰਾਏਲੀਆਂ ਨੇ ਹੋ ਨਿਡਰ।

    38. ਇਸ ਸਬੱਬ ਤੋਂ ਮੂਸਾ ਦਾ ਹੋਇਆ ਜ਼ਿਆਨ,
    ਕਿਉਂ ਜੋ ਉਹਨਾਂ ਨੇ ਸਤਾਈ ਉਹਦੀ ਜਾਨ।

    39. ਨਾਮੁਨਾਸਿਬ ਬਾਤ ਮੂਸਾ ਨੇ ਕਹੀ,
    ਉਹਦੀ ਰੂਹ ਨਰਾਜ਼ ਉਹਨਾਂ ਕੀਤੀ ਸੀ।

  • ---

    7. ਇਹ ਹੈ ਮਿਹਰਬਾਨੀ ਸਾਦਿਕ ਦੀ,
    ਉਹ ਭਾਵੇਂ ਮੈਨੂੰ ਮਾਰੇ ਵੀ,
    ਉਹ ਤੇਲ ਹੈ ਮੇਰੇ ਸਿਰ ਹੀ ਦਾ,
    ਜੋ ਮੈਨੂੰ ਦੇਵੇ ਵੀ ਸਜ਼ਾ।

    8. ਜੇ ਮੈਨੂੰ ਮਾਰੇ ਦੂਜੀ ਵਾਰ,
    ਨਾ ਕਦੀ ਕਰਾਂਗਾ ਇਨਕਾਰ,
    ਪਰ ਮੈਂ ਇਹ ਮੰਗਾਂਗਾ ਦੁਆ,
    ਕਿ ਹੋਵੇ ਨਾਸ਼ ਸ਼ਰੀਰਾਂ ਦਾ।

    9. ਤੇ ਸਾਰੇ ਹਾਕਿਮ ਉਹਨਾਂ ਦੇ,
    ਡਿਗਾਏ ਗਏ ਪੱਥਰ ’ਤੇ,
    ਤਦ ਕੀਤੀ ਉਨ੍ਹਾਂ ਇਹ ਪਛਾਣ,
    ਕਿ ਮੇਰੀਆਂ ਬਾਤਾਂ ਮਿੱਠੀਆਂ ਸਨ।

    10. ਜਿਉਂ ਹਲ ਜ਼ਮੀਨ ਨੂੰ ਫਾੜ੍ਹਦੀ ਹੈ,
    ਹਾਂ ਚੀਰਦੀ ਤੇ ਸਵਾਰਦੀ ਹੈ,
    ਅਜਿਹੀ ਸਾਡੀਆਂ ਹੱਡੀਆਂ, ਹਾਂ,
    ਗੋਰ ਦੇ ਮੂੰਹ ਵਿੱਚ ਪਰੇਸ਼ਾਨ।

    11. ਪਰ ਐ ਖ਼ੁਦਾਵੰਦ ਪਾਕ ਖ਼ੁਦਾ,
    ਮੈਂ ਤੇਰੇ ਹੀ ਵੱਲ ਤੱਕਾਂਗਾ,
    ਤੇਰੇ ਉੱਤੇ ਮੇਰਾ ਹੈ ਇਮਾਨ,
    ਡਿਗਾ ਨਾ ਦੇ ਤੂੰ ਮੇਰੀ ਜਾਨ।

    12. ਸ਼ਰੀਰ ਜੋ ਬਹਿੰਦੇ ਫਾਹੀ ਲਾ,
    ਤਾਂ ਉਸ ਵਿੱਚ ਮੈਨੂੰ ਲੈਣ ਫਸਾ,
    ਬਦਕਾਰ ਵਿਛਾਉਂਦੇ ਲੁੱਕ ਕੇ ਜਾਲ,
    ਸੋ ਯਾ ਰੱਬ ਮੈਨੂੰ ਤੂੰ ਸੰਭਾਲ।

    13. ਸ਼ਰੀਰ ਤੇ ਸਭ ਗੁਮਰਾਹੀ ਵਿੱਚ,
    ਫਸ ਜਾਵਣ ਆਪਣੀ ਫਾਹੀ ਵਿੱਚ,
    ਇੱਧਰ ਮੈਂ ਬਚ ਨਿਕਲਾਂਗਾ,
    ਖ਼ੁਦਾਵੰਦ ਮੇਰੀ ਸੁਣ ਦੁਆ।

  • ---

    ਇਮਾਨ ਸਾਡਾ ਖ਼ੁਦਾ ਦੇ ਉੱਤੇ,
    ਬਾਪ ਬੇਟੇ ਰੂਹਪਾਕ।

    1. ਇਮਾਨ ਸਾਡਾ ਖ਼ੁਦਾ ਦੇ ਉੱਤੇ,
    ਪੂਰੀ ਕੁਦਰਤ ਵਾਲਾ ਬਾਪ,
    ਅਸਮਾਨ ਅਤੇ ਜ਼ਮੀਨ ਦੇ ਸਭ
    ਪੈਦਾ ਕਰਨ ਵਾਲਾ।

    2. ਇਮਾਨ ਸਾਡਾ ਯਿਸੂ ਮਸੀਹ ’ਤੇ,
    ਉਸਦਾ ਇਕਲੌਤਾ ਬੇਟਾ,
    ਇਮਾਨ ਸਾਡਾ ਯਿਸੂ ਮਸੀਹ ’ਤੇ,
    ਜੋ ਹੈ ਸਾਡਾ ਖ਼ੁਦਾਵੰਦਾ।

    3. ਉਹ ਰੂਹਪਾਕ ਦੀ ਕੁਦਰਤ ਨਾਲ,
    ਜੰਮਿਆ ਕੁਆਰੀ ਮਰੀਅਮ ਤੋਂ,
    ਪਿਲਾਤੂਸ ਦੇ ਅਹਿਦ ਵਿੱਚ,
    ਉਸਨੇ ਦੁੱਖ ਉਠਾਇਆ।

    4. ਚੜ੍ਹਾਇਆ ਗਿਆ ਉਹ ਸਲੀਬ ਉੱਤੇ,
    ਮਰ ਉਹ ਗਿਆ ਦਫ਼ਨਾਇਆ ਗਿਆ,
    ਬਰਜ਼ਖ਼ ਵਿੱਚ ਉਹ ਉੱਤਰ ਗਿਆ ਤੇ,
    ਤੀਜੇ ਦਿਨ ਉਹ ਜੀ ਉੱਠਿਆ।

    5. ਚੜ੍ਹ ਗਿਆ ਉਹ ਫਿਰ ਅਸਮਾਨ ਉੱਤੇ,
    ਬੈਠਾ ਬਾਪ ਦੇ ਸੱਜੇ,
    ਇਨਸਾਫ਼ ਸਭ ਦਾ ਕਰਨ ਦੇ ਲਈ,
    ਅਸਮਾਨੋਂ ਫਿਰ ਆਵੇਗਾ।

    6. ਇਮਾਨ ਸਾਡਾ ਰੂਹਪਾਕ ਉੱਤੇ,
    ਨਾਲੇ ਕਲੀਸੀਆ ’ਤੇ,
    ਜੋ ਇੱਕ ਸਦਾ ਤੇ ਪਾਕ ਸਦਾ,
    ਅਤੇ ਕੈਥੋਲਿਕ ਸਦਾ।

    7. ਇਮਾਨ ਸਾਡਾ ਪਾਕ ਲੋਕਾਂ ਦੀ,
    ਨੇਕ ਸ਼ਰਾਕਤ ਉੱਤੇ,
    ਗੁਨਾਹ ਦੀ ਮਾਫ਼ੀ, ਜਿਸਮ ਦੇ ਜੀਉੱਠਣ,
    ਹਮੇਸ਼ਾ ਦੀ ਜ਼ਿੰਦਗੀ ਉੱਤੇ।
    ਆਮੀਨ।

  • ---

    ਇਹ ਮੇਰਾ ਬਦਨ, ਇਹ ਮੇਰਾ ਲਹੂ,
    ਖਾਓ–ਪੀਓ ਜੀਵਨ ਪਾਓ,
    ਥੱਕੇ ਮਾਂਦੇ ਭਾਰ ਦੱਬੇ ਲੋਕੋ,
    ਆਓ ਮੈਥੋਂ ਆਰਾਮ ਪਾਓ।

    1. ਜੀਵਨ ਦੀ ਰੋਟੀ ਮੈਂ ਹੀ ਹਾਂ,
    ਸਵਰਗ ਤੋਂ ਉੱਤਰ ਆਇਆ ਹਾਂ,
    ਮੇਰਾ ਬਦਨ, ਸੱਚਾ ਭੋਜਨ,
    ਭੁੱਖੇ ਕਦੀ ਨਾ ਰਹੋ,
    ਮੇਰਾ ਲਹੂ, ਜੀਵਨ ਦੀ ਰੂਹ,
    ਤਿਹਾਏ ਕਦੀ ਨਾ ਰਹੋ।

    2. ਰੋਟੀ ਇਹ ਜੋ ਖਾਵੇਗਾ,
    ਜੀਵਨ ਅਬਦੀ ਉਹ ਪਾਵੇਗਾ,
    ਆਮ ਨਾਸ਼ਵਾਨ ਭੋਜਨ ਲਈ,
    ਨਾ ਕਦੀ ਭੱਜੇ ਫਿਰੋ,
    ਜੀਵਨ ਦੀ ਰੋਟੀ ਲਈ,
    ਨਿੱਤ ਮਿਹਨਤ ਕਰੋ।

  • ---

    ਇਸ ਜੱਗ ਵਿੱਚ ਨੇ ਬਥੇਰੀਆਂ ਮਾਂਵਾਂ,
    ਮੰਦੜੇ ਜਿੰਨ੍ਹਾਂ ਦੇ ਹਾਲ,
    ਮਾਂ ਮਰੀਅਮ ਦੀ ਤੇ ਅਜ਼ਬ ਕਹਾਣੀ,
    ਤੁਰ ਗਿਆ ਜਿਸਦਾ ਲਾਲ।

    1. ਪੁੱਤਰ ਉਹਦਾ ਫੜ੍ਹ ਕੇ ਲੈ ਗਏ ਵੈਰੀ,
    ਮੂੰਹੋਂ ਕੁਝ ਨਾ ਬੋਲੀ,
    ਉੱਚੀਆਂ ਸ਼ਾਨਾਂ ਵਾਲੀ ਮਾਂ,
    ਅੱਜ ਬਣ ਗਈ ਜਿਵੇਂ ਗੋਲੀ,
    ਬੁਕ–ਬੁਕ ਰੋਂਦੀ, ਪੇਸ਼ ਨਾ ਜਾਂਦੀ,
    ਹੋ ਗਈ ਹਾਲੋਂ ਬੇਹਾਲ।
    ਮਾਂ ਮਰੀਅਮ…

    2. ਭਿੱਜ ਗਿਆ ਪੱਲੜਾ ਹੰਝੂਆਂ ਦੇ ਨਾਲ,
    ਕੌਣ ਸੁਣੇ ਉਹਦੇ ਵੈਣ,
    ਚਾੜ੍ਹੋ ਸਲੀਬ ਉੱਤੇ ਯਿਸੂ ਨੂੰ,
    ਵੈਰੀ ਇਹੋ ਹੀ ਗੱਲ ਕਹਿਣ,
    ਵਾਂਗ ਨਿਮਾਣਿਆਂ ਰੋਂਦੀ ਰਹੀ,
    ਹੋਇਆ ਜ਼ੁਲਮ ਇਸ ਮਾਂ ਦੇ ਨਾਲ।
    ਮਾਂ ਮਰੀਅਮ…

    3. ਨਿਕਲ ਗਈਆਂ ਲੋਕੋ ਚੀਕਾਂ ਮਾਂ ਦੀਆਂ,
    ਪੁੱਤ ਜਦੋਂ ਸੂਲੀ ਚੜ੍ਹਿਆ,
    ਕੰਡਿਆਂ ਦਾ ਇੱਕ ਤਾਜ ਬਣਾ ਕੇ,
    ਸਿਰ ’ਤੇ ਜ਼ਾਲਿਮਾਂ ਧਾਰਿਆ,
    ਇਸ ਮਾਂ ਦੇ ਬਚੜੇ ਦੇ ਸਾਰੇ,
    ਲਹੂ ਨਾਲ ਭਿੱਜ ਗਏ ਵਾਲ।
    ਮਾਂ ਮਰੀਅਮ…

  • ---

    1. ਇਹ ਸਾਨੂੰ ਹੁਕਮ ਹੈ ਖ਼ੁਦਾ ਦਾ ਕਲਾਮ,
    ਮੰਨੋ ਪਾਕ ਕਲਾਮ ਨੂੰ ਸਾਰੇ ਖ਼ਾਸ ਤੇ ਆਮ।

    2. ਖ਼ੁਦਾ ਦੇਵੇ ਕਿਸੇ ਨੂੰ ਜਦ ਖ਼ੁਸ਼ੀਆਂ ਮੌਜ ਬਹਾਰ,
    ਰਲ–ਮਿਲ ਉਹਦੇ ਨਾਲ ਫੇਰ, ਹੋਵਣ ਸਭ ਸਰਸ਼ਾਰ।

    3. ਹੈ ਯਿਸੂ ਨੇ ਆਪ ਹੀ ਖ਼ੁਸ਼ੀ ਮਨਾਈ ਜਾਨ,
    ਕਾਨਾ ਵਿੱਚ ਵਿਆਹ ’ਤੇ ਹੋਇਆ ਉਹ ਮਹਿਮਾਨ।

    4. ਰਲ ਕੇ ਸਾਰੇ ਦੋਸਤੋ ਕਰੀਏ ਖੂਬ ਖ਼ੁਸ਼ੀ,
    ਸੱਚਮੁੱਚ ਖ਼ੁਦਾ ਪਾਕ ਨੇ ਕੀਤੀ ਮਿਹਰ ਬੜ੍ਹੀ।

    5. ਲਾੜਾ–ਲਾੜੀ ਆਏ ਜੇ, ਇੱਥੇ ਬਰਕਤ ਪਾਣ,
    ਰੱਬ ਦੀ ਆਸ਼ਿਸ਼ ਨਾਲ, ਪਤੀ-ਪਤਨੀ ਬਣ ਜਾਣ।

    6. ਕਰੋ ਦੁਆ ਹੁਣ ਭਾਈਓ ਅੱਗੇ ਰੱਬ ਹਜ਼ੂਰ,
    ਖ਼ੁਦਾ ਆਪਣੇ ਫ਼ਜ਼ਲ ਨਾਲ ਕਰੇ ਨਿਕਾਹ ਮਨਜ਼ੂਰ।

    7. ਸੱਚੀ ਖ਼ੁਸ਼ੀਆਂ ਰੂਹ ਦੀਆਂ ਬਖ਼ਸ਼ੇ ਆਪ ਜਨਾਬ,
    ਆਪਣੀ ਪਾਕ ਜਨਾਬ ਦੀ, ਖ਼ੁਸ਼ੀਆਂ ਦੇ ਅਸਬਾਬ।

    8. ਇਨ੍ਹਾਂ ਨੂੰ ਅਬਾਦ ਕਰ ਹੁਣ ਖ਼ੁਦਾ ਮਿਹਰਬਾਨ,
    ਹੋਏ ਸਾਰੇ ਠੀਕ ਨੇ ਕਾਰਜ ਨਿਸ਼ਾਨ।

    9. ਬਰਸਾ ਤੂੰ ਆਪਣੇ ਫ਼ਜ਼ਲ ਦੀ ਇਨ੍ਹਾਂ ’ਤੇ ਫ਼ਵਾਰ,
    ਹਰਿਆ ਭਰਿਆ ਰੁੱਖ ਤੂੰ ਸਦਾ ਮਸੀਹ ਗੁਫ਼ਾਰ।

    10. ਜੀਵਨ ਦੇ ਵਿੱਚ ਇਹ ਸਦਾ ਨੇਕੀ ਦੇ ਵਿੱਚ ਰਹਿਣ,
    ਵਿੱਚ ਅਸਮਾਨਾਂ ਦੇ, ਤੇਰੇ ਚਰਨੀਂ ਪੈਣ।

  • ---

    1. ਇੱਕ ਦਿਨ ਯਿਸੂ ਸ਼ਾਦੀ ਦੇ ਵਿੱਚ,
    ਸ਼ਹਿਰ ਗਲੀਲੇ ਆਇਆ,
    ਨਾਲ ਮੁਬਾਰਿਕ ਮਰੀਅਮ ਆਈ,
    ਉਹਨੂੰ ਸੀ ਜਿਸ ਜਾਇਆ।

    2. ਉਸ ਮੁਲਕ ਨੇ ਮੁੱਢੋਂ ਜਿਹੜਾ,
    ਸੀ ਦਸਤੂਰ ਬਣਾਇਆ,
    ਲੱਗੇ ਪੀਣ ਉਹ ਮੈਅ ਤਮਾਮੀ
    ਹਰ ਇੱਕ ਸੀ ਜੋ ਆਇਆ।

    3. ਇਹ ਪਰ ਖ਼ਲਕਤ ਬਹੁਤੀ ਆਈ,
    ਹਰ ਸਰ ਨਾ ਕੁਝ ਆਇਆ,
    ਮੱਟ ਮੈਅ ਤੋਂ ਖਾਲੀ ਹੋਏ, ਮਾਲਿਕ ਖੂਬ ਘਬਰਾਇਆ।

    4. ਦਿਲ ਵਿੱਚ ਸੋਚ ਦੀਆਂ ਤਦਬੀਰਾਂ,
    ਵੇਲਾ ਬਹੁਤ ਵਿਹਾਇਆ,
    ਪੇਸ਼ ਗਈ ਤਦਬੀਰ ਨਾ ਕੋਈ,
    ਚਾਰਾ ਖੂਬ ਚਲਾਇਆ।

    5. ਸ਼ੀਰੀਂ ਨਾਲ ਜ਼ੁਬਾਨ ਮੁਬਾਰਿਕ,
    ਮਰੀਅਮ ਨੇ ਫਰਮਾਇਆ,
    ਇਹਨਾਂ ਕੋਲੋਂ ਮੈਅ ਹੈ ਮੁੱਕ ਗਈ,
    ਲਾਜ ਦਾ ਵੇਲਾ ਆਇਆ।

    6. ਕਹਿੰਦੀ ਬਰਕਤ ਆਖ ਜ਼ੁਬਾਨੋ,
    ਰਹਿਮ ਮੇਰੇ ਦਿਲ ਆਇਆ,
    ਜ਼ਾਇਕੇ ਵਾਲੀ ਮੈਅ ਬਣਾ ਦੇ, ਪੀਵੇ ਜੋ ਤ੍ਰਿਹਾਇਆ।

    7. ਵੇਲਾ ਮੇਰਾ ਨਹੀਂ ਹੈ ਆਇਆ,
    ਯਿਸੂ ਆਖ ਸੁਣਾਇਆ,
    ਇਹ ਪਰ ਤੇਰਾ ਹੁਕਮ ਮੈਂ ਆਪਣੇ,
    ਸਿਰ ਅੱਖਾਂ ’ਤੇ ਚਾਇਆ।

    8. ਕਹਿੰਦਾ ਜੋ ਉਹ, ਤੁਸੀਂ ਸੋ ਕਰੋ,
    ਮਰੀਅਮ ਨੇ ਦਰਸਾਇਆ,
    ਇਹ ਹੈ ਮੇਰਾ ਬੇਟਾ ਯਿਸੂ, ਮੁਕਤੀਦਾਤਾ ਆਇਆ।

    9. ਮੱਟਾਂ ਦੇ ਵਿੱਚ ਪਾਣੀ ਪਾਓ,
    ਕਿਉਂ ਇੰਨਾ ਚਿਰ ਲਾਇਆ,
    ਕੱਢ ਫਿਰ ਉਹਨਾਂ ਏਸ ਵਿੱਚੋਂ
    ਸਰਦਾਰ ਕੋਲ ਪਹੁੰਚਾਇਆ।

    10. ਨਾਲ ਹੁਕਮ ਦੇ ਸਾਦਾ ਪਾਣੀ,
    ਮੈਅ ਦੀ ਸ਼ਕਲ ਲੈ ਆਇਆ,
    ਅਗਲੇ ਨਾਲੋਂ ਸੱਚਮੁੱਚ ਉਹਦਾ,
    ਕਹਿਣ ਸੁਆਦ ਹੈ ਆਇਆ।

    11. ਮਜਲਸ ਦਾ ਸਰਦਾਰ ਪੁਕਾਰੇ,
    ਇਹ ਕੀ ਕਸਬ ਕਮਾਇਆ?
    ਪਹਿਲੋਂ ਚੰਗੀ ਕਿੱਥੇ ਹੈ ਸੀ,
    ਕਿਉਂ ਨਹੀਂ ਬਾਹਰ ਲੈ ਆਇਆ?

    12. ਮਾਂ ਆਪਣੀ ਦੀ ਇੱਜ਼ਤ ਕਰਕੇ,
    ਸਾਨੂੰ ਉਸ ਵਿਖਾਇਆ,
    ਅਰਸ਼–ਫਰਸ਼ ’ਤੇ ਮਾਂ ਆਪਣੀ ਦਾ,
    ਵਾਹ–ਵਾਹ ਸ਼ਾਨ ਵਧਾਇਆ।

  • ---

    ਇਸ ਇਲਾਹੀ ਭੇਦ ਨੂੰ, ਸਿਜਦਾ ਕਰੀਏ ਬਾਰੰਬਾਰ।

    1. ਅਹਿਦ ਪੁਰਾਣਾ ਮਾਤ ਹੋਵੇ,
    ਨਵਾਂ ਅਹਿਦ ਵੱਧਦਾ ਜਾਵੇ,
    ਵੇਖ ਨਾ ਸਕਦੀ ਅੱਖ ਜਿਸਨੂੰ,
    ਸ਼ਰੀਂਹ ਦੱਸਦਾ ਇਮਾਨ ਉਸਨੂੰ।

    2. ਬਾਪ ਖ਼ੁਦਾ ਤੇ ਬੇਟੇ ਦੇ,
    ਸਦਾ ਗਾਈਏ ਮਹਿਮਾ ਗੀਤ,
    ਉਹਨਾਂ ਤੋਂ ਨਿਕਲੇ ਪਾਕ ਰੂਹ ਦੀ,
    ਇੱਜ਼ਤ ਉਸਤਤ ਪੂਰੀ ਹੋਵੇ।

    ਪ੍ਰਾਰਥਨਾ

    ਫਾਦਰ : ਤੂੰ ਉਹਨਾਂ ਨੂੰ ਅਸਮਾਨੀ ਰੋਟੀ ਦਿੱਤੀ।
    ਸੰਗਤ : ਜਿਸ ਵਿੱਚ ਹਰ ਤਰ੍ਹਾਂ ਦਾ ਅਨੰਦ ਰਸ ਮਿਲਦਾ ਹੈ।
    ਫਾਦਰ : ਅਸੀਂ ਪ੍ਰਾਰਥਨਾ ਕਰੀਏ:
    ਐ ਖ਼ੁਦਾ, ਤੂੰ ਇਸ ਉੱਤਮ ਸਾਕਰਾਮੈਂਟ ਰਾਹੀਂ ਆਪਣੇ ਦੁੱਖ ਭੋਗ ਦੀ ਇੱਕ ਯਾਦਗਾਰ ਦਿੱਤੀ ਹੈ। ਸਾਨੂੰ ਆਪਣੇ ਸਰੀਰ ਅਤੇ ਲਹੂ ਦੇ ਪਵਿੱਤਰ ਭੇਦ ਦਾ ਇਸ ਪ੍ਰਕਾਰ ਆਦਰ ਕਰਨ ਦਾ ਫ਼ਜ਼ਲ ਬਖ਼ਸ਼ ਕਿ ਅਸੀਂ ਸਦਾ ਮੁਕਤੀ ਦੇ ਫਲ਼ ਨੂੰ ਅਨੁਭਵ ਕਰੀਏ। ਤੂੰ ਜੋ ਜਿਉਂਦਾ ਅਤੇ ਰਾਜ ਕਰਦਾ ਹੈਂ, ਸਦਾ ਤੋਂ ਸਦਾ ਤੀਕਰ।
    ਸੰਗਤ : ਆਮੀਨ।

    ਪਵਿੱਤਰ ਸਿਫ਼ਤਾਂ

    ਮੁਬਾਰਿਕ ਹੈ ਖ਼ੁਦਾ।
    ਮੁਬਾਰਿਕ ਹੈ ਉਸਦਾ ਪਵਿੱਤਰ ਨਾਮ।
    ਮੁਬਾਰਿਕ ਹੈ ਯਿਸੂ ਮਸੀਹ,
    ਸੱਚਾ ਖ਼ੁਦਾ ਤੇ ਸੱਚਾ ਇਨਸਾਨ।
    ਮੁਬਾਰਿਕ ਹੈ ਯਿਸੂ ਦਾ ਨਾਮ।
    ਮੁਬਾਰਿਕ ਹੈ ਉਸਦਾ ਅਤਿ ਪਵਿੱਤਰ ਦਿਲ।
    ਮੁਬਾਰਿਕ ਹੈ ਉਸਦਾ ਬੇਸ਼ਕੀਮਤ ਖੂਨ।
    ਮੁਬਾਰਿਕ ਹੈ ਯਿਸੂ ਅਲਤਾਰ ਦੇ
    ਨਿਹਾਇਤ ਪਵਿੱਤਰ ਸਾਕਰਾਮੈਂਟ ਵਿੱਚ।
    ਮੁਬਾਰਿਕ ਹੈ ਰੂਹਪਾਕ ਸਾਡਾ ਮਦਦਗਾਰ।
    ਮੁਬਾਰਿਕ ਹੈ ਨਿਹਾਇਤ ਪਵਿੱਤਰ ਮਰੀਅਮ,
    ਖ਼ੁਦਾ ਦੀ ਮਾਂ।
    ਮੁਬਾਰਿਕ ਹੈ ਉਸਦਾ ਬੇਦਾਗ਼ ਗਰਭ ਵਿਚ ਪੈਣਾ।
    ਮੁਬਾਰਿਕ ਹੈ ਉਸਦਾ ਜਲਾਲੀ ਅਸਮਾਨ ’ਤੇ
    ਉਠਾਇਆ ਜਾਣਾ।
    ਮੁਬਾਰਿਕ ਹੈ ਕੁਆਰੀ ਅਤੇ ਮਾਂ ਮਰੀਅਮ ਦਾ ਨਾਮ।
    ਮੁਬਾਰਿਕ ਹੈ ਉਸਦਾ ਨਿਹਾਇਤ ਪਵਿੱਤਰ ਵਰ
    ਸੰਤ ਯੂਸਫ਼।
    ਮੁਬਾਰਿਕ ਹੈ ਖ਼ੁਦਾ ਆਪਣੇ ਫਰਿਸ਼ਤਿਆਂ
    ਅਤੇ ਸੰਤਾਂ ਦੇ ਵਿੱਚ।

  • ---

    ਈਸਾ ਤੇਰੀ ਕੁਦਰਤ ਦਾ, ਭੇਦ ਕਿਸੇ ਨਾ ਪਾਇਆ।

    1. ਅੱਵਲ ਆਖਰ ਦਾ ਤੂੰ ਮਾਲਕ,
    ਸਭ ਦੁਨੀਆ ਦਾ ਖ਼ਾਲਿਕ ਰਾਜਿਕ,
    ਤੂੰ ਹਰ ਸ਼ੈ ਵਿੱਚ ਸਮਾਇਆ।

    2. ਕਲਮਾ ਪਾਕ ਖ਼ੁਦਾ ਦਾ ਤੂੰ ਪਿਆਰਾ,
    ਸਭ ਦੁਨੀਆ ਦਾ ਤੂੰ ਪਾਲਣਹਾਰਾ,
    ਤੂੰ ਰੱਬ ਦਾ ਪੁੱਤਰ ਕਹਾਇਆ।

    3. ਦੋ ਜਹਾਨਾਂ ਦਾ ਤੂੰ ਵਾਲੀ,
    ਦਰ ਤੇਰੇ ਦੇ ਸਭ ਸਵਾਲੀ,
    ਤੂੰ ਏ ਖੈਰ ਨਜਾਤ ਦਾ ਪਾਇਆ।

    4. ਦੁਨੀਆ ਦਾ ਹੈ ਤੂੰਏਂ ਮਾਲਿਕ,
    ਨਾਲੇ ਸਭਨਾ ਦਾ ਹੈਂ ਪਾਲਿਕ,
    ਤੂੰ ਪਾਪਾਂ ਨੂੰ ਦੂਰ ਹਟਾਇਆ।

    5. ਅੰਨ੍ਹੇ, ਲੂਲ੍ਹੇ, ਕੋੜ੍ਹੀ ਸਾਰੇ,
    ਦਰ ’ਤੇ ਆਏ ਔਗੁਣ ਹਾਰੇ,
    ਤੂੰ ਸਭ ਦਾ ਰੋਗ ਹਟਾਇਆ।

    6. ਹਵਾ ਪਾਣੀ ਨੂੰ ਡਾਂਟ ਥਮਾਇਆ,
    ਪਾਣੀ ਉੱਤੇ ਚਲ ਦਿਖਲਾਇਆ,
    ਤੂੰ ਡੁੱਬਦਿਆਂ ਨੂੰ ਹੈ ਬਚਾਇਆ।

    7. ਜੋ ਪਾਪੀ ਦਰ ਤੇਰੇ ਆਏ,
    ਤੌਬਾ ਕਰ ਇਮਾਨ ਲਿਆਏ,
    ਤੂੰ ਏ ਉਹਨਾਂ ਨੂੰ ਸਵਰਗ ਪਹੁੰਚਾਇਆ।

  • ---

    1. ਇੱਕ ਦਿਨ ਮਰੀਅਮ ਕੋਲ ਫਰਿਸ਼ਤੇ,
    ਆਣ ਸਲਾਮ ਬੁਲਾਇਆ।

    2. ਦੇਖ ਫਰਿਸ਼ਤਾ ਮਰੀਅਮ ਡਰ ਗਈ,
    ਇਹ ਕੀ ਖ਼ਬਰ ਲਿਆਇਆ।

    3. ਕਿਹਾ ਫਰਿਸ਼ਤੇ ਨਾ ਡਰ ਮਰੀਅਮ,
    ਰੱਬ ਨੇ ਕਰਮ ਕਮਾਇਆ।

    4. ਘਰ ਮਰੀਅਮ ਦੇ ਪੈਦਾ ਹੋਇਆ,
    ਯਿਸੂ ਨਾਮ ਰਖਾਇਆ।

    5. ਬੈਤਲਹਮ ਵਿੱਚ ਅੱਧੀ ਰਾਤੀਂ,
    ਖੁਰਲੀ ਡੇਰਾ ਲਾਇਆ।

    6. ਪੂਰਬ ਦੇਸ਼ੋਂ ਆਏ ਮਜੂਸੀ,
    ਤਾਰੇ ਰਾਹ ਦਿਖਲਾਇਆ।

    7. ਧੰਨ–ਧੰਨ ਕਰਦੇ ਫਿਰਨ ਅਯਾਲੀ,
    ਦਰਸ਼ਨ ਆ ਕੇ ਪਾਇਆ।

    8. ਆਇਆ ਯਿਸੂ ਸਾਡੀ ਖ਼ਾਤਿਰ,
    ਆਪਣਾ ਰੂਪ ਵਟਾਇਆ।

    9. ਧੰਨ–ਧੰਨ ਮਰੀਅਮ ਪਾਕ ਕੁਵਾਰੀ,
    ਧੰਨ–ਧੰਨ ਉਹਦਾ ਜਾਇਆ।

  • ---

    ਇਸ ਜੱਗ ਨੂੰ ਤਾਰਨਹਾਰੇ ਦੇ,
    ਉਪਕਾਰ ਬੜ੍ਹੇ ਨੇ ਦੁਨੀਆ ’ਤੇ,
    ਮਰੀਅਮ ਦੇ ਰਾਜ ਦੁਲਾਰੇ ਦੇ,
    ਉਪਕਾਰ ਬੜ੍ਹੇ ਨੇ ਦੁਨੀਆ ’ਤੇ।

    1. ਅੱਜ ਉਸਦੀ ਰਹਿਮਤ ਦੇ ਸਦਕੇ,
    ਦਿਲ ਰੌਸ਼ਨ ਰੌਸ਼ਨ ਹੋ ਰਹੇ ਨੇ,
    ਚਾਨਣ ਦੇ ਇਸ ਮੁਨਾਰੇ ਦੇ,
    ਉਪਕਾਰ ਬੜ੍ਹੇ ਨੇ ਦੁਨੀਆ ’ਤੇ।

    2. ਜਿਸ ਦੀ ਇੱਕ ਨਜ਼ਰ ਸਵੱਲੀ ਨੇ,
    ਸਭ ਦੇ ਹੀ ਰੋਗ ਮਿਟਾ ਦਿੱਤੇ,
    ਕਿਰਪਾ ਦੇ ਭਰੇ ਭੰਡਾਰ ਦੇ,
    ਉਪਕਾਰ ਬੜੇ ਨੇ ਦੁਨੀਆ ’ਤੇ।

    3. ਉਹ ਭਾਗਾਂ ਵਾਲੀ ਧਰਤੀ ਸੀ,
    ਜਿਸ ਥਾਂ ਉਸਦੇ ਪੈਰ ਪਏ,
    ਯੂਸਫ਼ ਦੀ ਅੱਖ ਦੇ ਤਾਰੇ ਦੇ,
    ਉਪਕਾਰ ਬੜ੍ਹੇ ਨੇ ਦੁਨੀਆ ’ਤੇ।

    4. ਜਿਸ ਤੋਂ ਸ਼ੈਤਾਨ ਵੀ ਹਾਰ ਗਿਆ,
    ਕੋਈ ਲਾਲਚ ਨਾ ਭਰਮਾ ਸਕਿਆ,
    ਉਸ ਮਿਹਰਾਂ ਦੇ ਖ਼ਜ਼ਾਨੇ ਦੇ,
    ਉਪਕਾਰ ਬੜ੍ਹੇ ਨੇ ਦੁਨੀਆ ’ਤੇ।

  • ---

    ਇਹ ਗੱਲਾਂ ਖ਼ੁਦਾ ਦੀਆਂ ਸੱਚੀਆਂ,
    ਜੋ ਵਿੱਚ ਬਾਈਬਲ ਦੇ ਦੱਸੀਆਂ,
    ਸਾਨੂੰ ਇੱਕ ਪਲ ਆਪਣੇ
    ਕਦਮਾਂ ਤੋਂ ਨਾ ਦੂਰ ਕਰੀਂ,
    ਤੇਰੇ ਚਰਨਾਂ ਵਿੱਚ ਦੁਆਵਾਂ
    ਖ਼ੁਦਾ ਮੰਜ਼ੂਰ ਕਰੀਂ।

    1. ਮੈਂ ਭੁੱਲ ਗਿਆ ਯਿਸੂ ਸਾਡੀ ਖਾਤਿਰ ਆਇਆ ਸੀ,
    ਆਪ ਸੂਲੀ ਉੱਤੇ ਚੜ੍ਹਕੇ ਬਚਾਇਆ ਸੀ,
    ਸਾਨੂੰ ਇੱਕ ਪਲ ਆਪਣੇ ਕਦਮਾਂ ਤੋਂ ਨਾ ਦੂਰ ਕਰੀਂ।

    2. ਮੈਂ ਸਮਝਿਆ ਇੱਥੇ ਸਭ ਕੁਝ ਮਾਇਆ ਹੈ,
    ਮੈਨੂੰ ਯਿਸੂ ਦੇ ਦੁੱਖਾਂ ਦਾ ਚੇਤਾ ਆਇਆ ਹੈ,
    ਹੁਣ ਤੇਰੇ ਦਰ ’ਤੇ ਆਇਆ ਨਾ ਮੈਨੂੰ ਦੂਰ ਕਰੀਂ।

    3. ਮੈਂ ਵਾਅਦਾ ਕਰਦਾ ਦਰ ਤੇਰੇ ’ਤੇ ਆਵਾਂਗਾ,
    ਕਰ ਕੇ ਤੌਬਾ ਮੈਂ ਪਾਪ ਤੇਥੋਂ ਬਖ਼ਸ਼ਾਵਾਂਗਾ,
    ਹੁਣ ਇੱਕ ਪਲ ਆਪਣੇ ਕਦਮਾਂ ਤੋਂ ਨਾ ਦੂਰ ਕਰੀਂ।

  • ---

    ਇਹ ਮੇਰਾ ਯਿਸੂ ਹੈ ਪਿਆਰਾ,
    ਪਿਆਰ ਯਿਸੂ ਨਾਲ ਕਰਦੇ ਰਹੋ,
    ਪਿਆਰ ਦੇ ਬਦਲੇ ਰੱਬ ਮਿਲਦਾ ਹੈ,
    ਪਿਆਰ ਖ਼ੁਦਾ ਨਾਲ ਕਰਦੇ ਰਹੋ।

    1. ਸੂਰਜ ਚਾਂਦ ਸਿਤਾਰੇ ਪ੍ਰਭੂ ਨੇ
    ਧਰਤੀ ਅਕਾਸ਼ ਬਣਾਇਆ ਏ,
    ਝਰਨੇ ਨਦੀਆਂ ਪਹਾੜ ਖ਼ੁਦਾ ਨੇ
    ਜੰਗਲ ਬਾਗ਼ ਬਣਾਇਆ ਏ,
    ਉਸ ਮਾਲਿਕ ਨੇ ਜਗਤ ਰਚਾਇਆ,
    ਸ਼ੁਕਰੀਆ ਉਹਦਾ ਕਰਦੇ ਰਹੋ,
    ਪਿਆਰ ਦੇ ਬਦਲੇ ਰੱਬ ਮਿਲਦਾ ਹੈ,
    ਪਿਆਰ ਖ਼ੁਦਾ ਨਾਲ ਕਰਦੇ ਰਹੋ।

    2. ਧਰਤੀ ਦੀ ਮਿੱਟੀ ’ਚੋਂ ਪ੍ਰਭੂ ਨੇ
    ਆਦਮੀ ਨੂੰ ਬਣਾਇਆ ਏ,
    ਆਦਮੀ ਦੀ ਪਸਲੀ ’ਚੋਂ ਪ੍ਰਭੂ ਨੇ
    ਔਰਤ ਨੂੰ ਬਣਾਇਆ ਏ,
    ਰੋਜ਼ ਸਵੇਰੇ ਤੜਕੇ ਉੱਠ ਕੇ,
    ਤਾਰੀਫ਼ ਉਹਦੀ ਕਰਦੇ ਰਹੋ,
    ਪਿਆਰ ਦੇ ਬਦਲੇ ਰੱਬ ਮਿਲਦਾ ਹੈ,
    ਪਿਆਰ ਖ਼ੁਦਾ ਨਾਲ ਕਰਦੇ ਰਹੋ।

    3. ਦੁਨੀਆ ਨੂੰ ਖ਼ੁਸ਼ੀਆ ਦੇਣ ਲਈ
    ਰੱਬ ਨੇ ਰੂਪ ਵਟਾਇਆ ਏ,
    ਸੱਚੀ ਭਗਤੀ ਕਰਨ ਦਾ ਸਾਨੂੰ
    ਯਿਸੂ ਨੇ ਰਾਹ ਦਿਖਾਇਆ ਏ,
    ਯਿਸੂ ਦਇਆ ਦਾ ਸਾਗਰ ਬਣਿਆ,
    ਮਹਿਮਾ ਉਹਦੀ ਗਾਉਂਦੇ ਰਹੋ,
    ਪਿਆਰ ਦੇ ਬਦਲੇ ਰੱਬ ਮਿਲਦਾ ਹੈ,
    ਪਿਆਰ ਖ਼ੁਦਾ ਨਾਲ ਕਰਦੇ ਰਹੋ।

  • ---

    ਇਹ ਨਾ ਤੇਰਾ ਦੇਸ਼,
    ਮੰਨ ਪਰਦੇਸੀਆ, ਪਰਦੇਸੀਆ।

    1. ਨਾ ਕਰ ਬੰਦਿਆ ਮੇਰੀ ਮੇਰੀ,
    ਆਖ਼ਿਰ ਨੂੰ ਕੋਈ ਸ਼ੈਅ ਨਾ ਤੇਰੀ,
    ਮਨ ਵਿੱਚ ਸੋਚ ਵਿਚਾਰ,
    ਮੰਨ ਪਰਦੇਸੀਆ, ਪਰਦੇਸੀਆ।

    2. ਸੁੱਖ ਦੇ ਵੇਲੇ ਯਾਰ ਬਥੇਰੇ,
    ਦੁੱਖ ਦੇ ਵੇਲੇ ਕੋਈ ਨਾ ਨੇੜੇ,
    ਮਤਲਬ ਦੇ ਸਭ ਯਾਰ,
    ਮੰਨ ਪਰਦੇਸੀਆ, ਪਰਦੇਸੀਆ।

    3. ਮਹਿਲ ਬਣਾਏ ਕਿਸ ਕੰਮ ਆਏ,
    ਵਿੱਚ ਵਸਦੇ ਨੇ ਲੋਕ ਪਰਾਏ,
    ਦੁਨੀਆ ਕੂੜ ਵਿਸਾਰ,
    ਮੰਨ ਪਰਦੇਸੀਆ, ਪਰਦੇਸੀਆ।

    4. ਯਿਸੂ ਮਸੀਹ ਦੇ ਦਰ ’ਤੇ ਆ ਜਾ,
    ਆਪਣੇ ਪਾਪਾਂ ਤੋਂ ਮੁਕਤੀ ਪਾ ਜਾ,
    ਯਿਸੂ ਬਖ਼ਸ਼ਣਹਾਰ, ਮੰਨ ਪਰਦੇਸੀਆ, ਪਰਦੇਸੀਆ।

    5. ਰੋਗੀ ਬਣਕੇ ਦਰ ਤੇਰੇ ਆਇਆ,
    ਚੰਗਾ ਕਰ ਮੈਨੂੰ ਐ ਖ਼ੁਦਾਇਆ,
    ਸਾਰੇ ਔਗੁਣਹਾਰ, ਮੰਨ ਪਰਦੇਸੀਆ, ਪਰਦੇਸੀਆ।