49 Tracks
  • ---

    1. ਜੋਸ਼ ਵਿੱਚ ਕੌਮਾਂ ਹੋਈਆਂ ਕਿਉਂ ਬੇਹਾਲ,
    ਲੋਕੀ ਕਿਉਂ ਕਰਦੇ ਰਹਿੰਦੇ ਝੂਠੇ ਖਿਆਲ?

    2. ਬਾਦਸ਼ਾਹ ਜੰਗ ਕਰਦੇ ਹੋ ਤਿਆਰ,
    ਆਪੋ ਵਿੱਚ ਮਿਲਕੇ ਬਹਿੰਦੇ ਸਭ ਸਰਦਾਰ।

    3. ਹਾਂ ਖ਼ੁਦਾਵੰਦ ਤੇ ਮਸੀਹ ਉੱਤੇ,
    ਜੋੜਦੇ ਰਹਿੰਦੇ ਝੂਠੇ ਮਨਸੂਬੇ।

    4. ਉਹਨਾਂ ਦੇ ਬੰਦ ਤੋੜ ਦੇਈਏ ਅਸੀਂ,
    ਰੱਸੀ ਆਪਣੇ ਤੋਂ ਖੋਲ੍ਹ ਦੇਈਏ ਅਸੀਂ।

    5. ਰੱਬ ਜੋ ਅਸਮਾਨਾਂ ਉੱਤੇ ਬੈਠਾ ਏ,
    ਇਹਨਾਂ ਮਨਸੂਬਿਆਂ ’ਤੇ ਹੱਸਦਾ ਏ।

    6. ਠੱਠੇ ਵਿੱਚ ਉਹਨਾਂ ਨੂੰ ਉਡਾਵੇਗਾ,
    ਆਪਣਾ ਗੁੱਸਾ ਫਿਰ ਉਹ ਵਿਖਾਵੇਗਾ।

    7. ਉਹਨਾਂ ਦੇ ਨਾਲ ਹੋ ਕੇ ਬਹੁਤ ਖਫ਼ਾ,
    ਵਿੱਚ ਪਰੇਸ਼ਾਨੀ ਦੇ ਉਹ ਸੁੱਟੇਗਾ।

    8. ਬਾਦਸ਼ਾਹ ਆਪਣਾ ਮੈਂ ਬਿਠਾਇਆ ਏ,
    ਤਖ਼ਤ ਸਿਓਨ ਵਿੱਚ ਵਿਛਾਇਆ ਏ।

  • ---

    1. ਜਦੋਂ ਤੈਨੂੰ ਪੁਕਾਰਾਂ ਮੈਂ ਤੂੰ ਸੁਣ, ਸੱਚਿਆਈ ਦੇ ਰੱਬਾ,
    ਮੇਰਾ ਦੁੱਖ ਦੂਰ ਕੀਤਾ ਤੂੰ, ਦੁਆ ਸੁਣ, ਰਹਿਮ ਵੀ ਫਰਮਾ।

    2. ਤੁਸੀਂ ਲੋਕੋ ਮੇਰੀ ਇੱਜ਼ਤ ਕਰੋਗੇ ਖ਼ੁਆਰ ਕਦ ਤੀਕਰ?
    ਰੱਖੋਗੇ ਝੂਠ ਨੂੰ ਪਿਆਰਾ, ਚੱਲੋਗੇ ਝੂਠ ਦੇ ਰਾਹ ਪਰ?

    3. ਯਕੀਨ ਜਾਣੋ ਕਿ ਚੁਣਿਆਂ ਏ, ਖ਼ੁਦਾ ਨੇ ਦੀਨਦਾਰਾਂ ਨੂੰ,
    ਜਦ ਉਸ ਨੂੰ ਮੈਂ ਪੁਕਾਰਾਂਗਾ, ਸੁਣੇਗਾ ਉਹ ਪੁਕਾਰਾਂ ਨੂੰ।

    4. ਨਾ ਜਾਣਾ ਪਾਪ ਦੇ ਨੇੜੇ ਪਰ ਉਸ ਤੋਂ ਕੰਬਦੇ ਰਹਿਣਾ,
    ਤੇ ਆਪਣੇ ਬਿਸਤਰੇ ਉੱਤੇ ਦਿਲਾਂ ਵਿੱਚ ਸੋਚ ਚੁੱਪ ਰਹਿਣਾ।

    5. ਚੜ੍ਹਾਓ ਸੱਚ ਦੀ ਕੁਰਬਾਨੀ, ਤੇ ਰੱਖੋ ਆਸਰਾ ਰੱਬ ਦਾ,
    ਬਥੇਰੇ ਕਹਿੰਦੇ, ਸਾਨੂੰ ਕੋਣ ਚੰਗੀ ਸ਼ੈ ਵਿਖਾਵੇਗਾ।

    6. ਖ਼ੁਦਾਇਆ, ਆਪਣੇ ਚਿਹਰੇ ਦਾ ਅਸਾਡੇ ਉੱਤੇ ਚਾਨਣ ਕਰ,
    ਮੈਂ ਖ਼ੁਸ਼ ਹਾਂ ਉਨ੍ਹਾਂ ਤੋਂ ਵਧਕੇ, ਜੋ ਖ਼ੁਸ਼ ਹਨ ਆਪਣੀ ਦੌਲਤ ਪਰ।

    7. ਮੈਂ ਸੌਂ ਜਾਵਾਂਗਾ ਨਿਸ਼ਚੇ ਨਾਲ ਜਦੋਂ ਮੈਂ ਲੇਟ ਜਾਵਾਂਗਾ,
    ਕਿ ਤੂੰ ਏਂ ਬਖ਼ਸ਼ਿਆ ਆਰਾਮ ਹੁਣ ਮੈਨੂੰ, ਐ ਖ਼ੁਦਾਵੰਦਾ।

  • ---

    ਜੋ ਮੇਰੇ ਮੂੰਹ ਦੀਆਂ ਗੱਲਾਂ ਤੂੰ ਸੁਣ ਲੈ, ਐ ਖ਼ੁਦਾਵੰਦਾ,
    ਜੋ ਮੇਰੇ ਦਿਲ ਦੀਆਂ ਸੋਚਾਂ ਧਿਆਨ ਉਹਨਾਂ ’ਤੇ ਆਪਣਾ ਲਾ।

    1. ਤੂੰ ਮੇਰਾ ਬਾਦਸ਼ਾਹ, ਰੱਬ, ਹੈਂ ਸੁਣੀਂ ਸਭ ਮੇਰੀਆਂ ਫਰਿਆਦਾਂ,
    ਦੁਆਵਾਂ ਆਪਣੀਆਂ ਤੇਥੋਂ ਮੈਂ ਮਿੰਨਤਾਂ ਨਾਲ ਮੰਗਦਾ ਹਾਂ।

    2. ਮੇਰੀ ਆਵਾਜ਼ ਫ਼ਜਰੇ ਨੂੰ ਸੁਣੇਂਗਾ ਤੂੰ, ਖ਼ੁਦਾਵੰਦਾ,
    ਤਿਆਰੀ ਕਰਕੇ ਫ਼ਜਰੇ ਨੂੰ ਮੈਂ ਤੇਰਾ ਰਾਹ ਉਡੀਕਾਂਗਾ।

    3. ਕਿ ਤੂੰ ਨਾ ਉਹ ਖ਼ੁਦਾਵੰਦ ਹੈਂ ਜੋ ਬੁਰਿਆਈ ਤੋਂ ਖ਼ੁਸ਼ ਹੋਵੇ,
    ਸ਼ਰਾਰਤ ਕਰਨ ਵਾਲੇ ਸਭ ਨਾ ਤੇਰੇ ਕੋਲ ਠਹਿਰਨਗੇ।

    4. ਕਦੀ ਵੀ ਸਾਹਮਣੇ ਤੇਰੇ ਨਾ ਸ਼ੇਖੀਬਾਜ਼ ਠਹਿਰੇਗਾ,
    ਤੂੰ ਘਿਣ ਤੇ ਦੁਸ਼ਮਣੀ ਰੱਖਦਾ ਅਜਿਹਾਂ ਤੋਂ ਖ਼ੁਦਾਵੰਦਾ।

    5. ਕਰੇਂਗਾ ਭਸਮ ਉਹਨਾਂ ਨੂੰ ਜਿਨ੍ਹਾਂ ਦੀ ਝੂਠ ਆਦਤ ਹੈ,
    ਦਗ਼ਾਬਾਜ਼ਾਂ ਤੇ ਖ਼ੂਨੀਆਂ ਤੋਂ, ਖ਼ੁਦਾਇਆ, ਤੈਨੂੰ ਨਫ਼ਰਤ ਹੈ।

  • ---

    19. ਜਿਹੀ ਮੇਰੀ ਹੈ ਸੱਚਿਆਈ,
    ਤਿਹਾ ਬਦਲਾ ਦੇਵੇਗਾ,
    ਜਿਹੀ ਹੱਥਾਂ ਦੀ ਸਫ਼ਾਈ,
    ਮੈਨੂੰ ਦੇਵੇਗਾ ਜਜ਼ਾ।

    20. ਕਿਉਂ ਜੋ ਮੈਂ ਖ਼ੁਦਾ ਦੇ ਰਾਹ ਨੂੰ
    ਹਰ ਦਮ ਯਾਦ ਹੀ ਰੱਖਦਾ ਹਾਂ,
    ਬਦੀ ਕਰਕੇ ਮੈਂ,
    ਨਾ ਛੱਡਿਆ ਪਾਸਾ ਆਪਣੇ ਖ਼ੁਦਾਵੰਦ ਦਾ।

    21. ਰੱਖਦਾ ਹਾਂ ਮੈਂ ਅੱਖੀਆਂ ਅੱਗੇ
    ਉਹਦੀ ਸਭ ਸ਼ਰੀਅਤ ਨੂੰ,
    ਆਪਣੇ ਤੋਂ ਫਰਮਾਨ ਉਹਦੇ ਨੂੰ
    ਮੈਂ ਨਹੀਂ ਕੀਤਾ ਮੂਲ ਜੁਦਾ।

    22. ਸਿੱਧਾ ਸਾਦਾ ਮੈਂ ਰਿਹਾ ਸਾਂ
    ਨਾਲ ਖ਼ੁਦਾਵੰਦ ਆਪਣੇ ਦੇ,
    ਆਪਣੇ ਆਪ ਨੂੰ ਮੈਂ ਤੇ ਰੱਖਿਆ,
    ਬੁਰਿਆਂ ਕੰਮਾ ਤੋਂ ਬਚਾ।

    23. ਬਦਲਾ ਦਿੱਤਾ ਰੱਬ ਨੇ
    ਮੈਨੂੰ ਮੇਰੀ ਜੋ ਸੱਚਿਆਈ ਸੀ,
    ਹੱਥਾਂ ਦੀ ਸਫ਼ਾਈ ਵੇਖਕੇ ਮੈਨੂੰ ਦਿੱਤੀ ਹੈ ਜਜ਼ਾ।

  • ---

    1. ਜ਼ਮੀਨ ਸਾਰੀ ਤੇ ਜੋ ਕੁਝ ਵਿੱਚ ਹੈ ਉਸ ਦੇ,
    ਜਹਾਨ ਸਾਰਾ ਤੇ ਉਸ ਦੇ ਰਹਿਣ ਵਾਲੇ।

    2. ਖ਼ੁਦਾ ਦੇ ਹਨ ਕਿ ਉਸ ਨੇ ਨੀਂਹ ਉਹਨਾਂ ਦੀ,
    ਸਮੁੰਦਰ ਪਾਰ ਤੇ ਨਹਿਰਾਂ ਪਾਰ ਹੈ ਰੱਖੀ।

    3. ਉਹ ਕਿਹੜਾ ਜੋ ਖ਼ੁਦਾ ਦੇ ਕੋਲ ਜਾਵੇ,
    ਤੇ ਉਸ ਦੇ ਪਾਕ ਘਰ ਵਿੱਚ ਦਖਲ ਪਾਵੇ?

    4. ਕਿ ਜੋ ਹੈ ਪਾਕ ਹੱਥ ਦਾ ਤੇ ਸਾਫ਼ ਦਿਲ ਦਾ,
    ਨਾ ਝੂਠੀ ਗੱਲ ਉੱਤੇ ਦਿਲ ਆਪਣਾ ਲਾਂਦਾ।

    5. ਤੇ ਮੱਕਾਰਾਂ ਨਾਲ ਉਹ ਨਾ ਸਹੁੰ ਵੀ ਖਾਵੇ,
    ਖ਼ੁਦਾ ਦੇ ਕੋਲੋਂ ਬਰਕਤ ਢੇਰ ਪਾਵੇ।

    6. ਖ਼ੁਦਾ ਜੋ ਬੰਦਿਆਂ ਨੂੰ ਮੁਕਤੀ ਦੇਵੇ,
    ਸੱਚਿਆਈ ਉਹਦੀ ਉਹਦੇ ਨਾਲ ਹੋਵੇ।

    7. ਏਹੋ ਪੀੜ੍ਹੀ ਹੈ ਜਿਸ ਦਾ ਰੱਬ ਹੈ ਮਤਲੂਬ,
    ਤੇਰੇ ਦਿਦਾਰ ਦਾ ਭੁੱਖਾ ਹੈ ਯਾਕੂਬ।

  • ---

    1. ਜ਼ੋਰ ਵਾਲਿਓ ਜ਼ਾਹਿਰ ਕਰੋ
    ਖ਼ੁਦਾਵੰਦ ਦਾ ਜਲਾਲ,
    ਖ਼ੁਦਾਵੰਦ ਦੀ ਹੀ ਜਾਣੋਂ,
    ਸਭ ਕੁਦਰਤ ਤੇ ਕਮਾਲ।

    2. ਜੋ ਉਹਦੇ ਨਾਂ ਦੀ ਇੱਜ਼ਤ,
    ਸੋ ਦਿਓ ਖ਼ੁਦਾਵੰਦ ਨੂੰ,
    ਤੇ ਝੁੱਕ ਕੇ ਸਿਜਦਾ ਕਰੋ,
    ਦਿਲ ਦੀ ਪਾਕੀਜ਼ਗੀ ਨਾਲ।

    3. ਸਭ ਪਾਣੀਆਂ ਉੱਤੇ ਰੱਬ ਦੀਆਂ
    ਆਵਾਜ਼ਾਂ ਦਾ ਹੈ ਸ਼ੋਰ,
    ਉਹ ਕੜਕਦਾ ਹੈ ਤੇ ਗੱਜਦਾ,
    ਖ਼ੁਦਾਵੰਦ ਪੁਰ ਜਲਾਲ।

    4. ਸਭ ਜਿੰਨੇ ਵੱਡੇ ਪਾਣੀ,
    ਰੱਬ ਉਹਨਾਂ ਉੱਤੇ ਹੈ,
    ਆਵਾਜ਼ ਜਲਾਲੀ ਰੱਬ ਦੀ
    ਜ਼ੋਰ ਵਾਲੀ ਹੈ ਕਮਾਲ।

    5. ਭੰਨ ਸੁੱਟਦੀ ਵੱਡੇ ਰੁੱਖ ਸਭ,
    ਜੋ ਰੱਬ ਦੀ ਹੈ ਆਵਾਜ਼,
    ਦਿਓਦਾਰ ਲਬਨੋਨ ਦੇ ਸਾਰੇ
    ਤੋੜ ਸੁੱਟੇ ਹੱਕ ਤਾਲ।

    6. ਉਹ ਵੱਛਿਆਂ ਵਾਂਗ ਟਪਾਂਦਾ
    ਜੰਗਲ ਦਿਆਂ ਰੁੱਖਾਂ ਨੂੰ,
    ਲਬਨੋਨ ਸਿਰਯੋਨ ਹੈ ਟੱਪਦੇ,
    ਫਿਰ ਸੰਢੇ ਦੀ ਮਿਸਾਲ।

    7. ਚੀਰ ਸੁੱਟਦੀ ਸਾਰੀਆਂ ਲਾਂਬਾਂ
    ਖ਼ੁਦਾਵੰਦ ਦੀ ਆਵਾਜ਼,
    ਸਭ ਜੰਗਲ ਵੀ ਕੰਬ ਉੱਠਦੇ,
    ਰੱਬ ਦੀ ਆਵਾਜ਼ ਦੇ ਨਾਲ।

    8. ਹਨ ਕਾਦੇਸ ਦਾ ਉਹ ਜੰਗਲ,
    ਜੋ ਭਾਰਾ ਜੰਗਲ ਹੈ,
    ਖ਼ੁਦਾ ਦੇ ਅੱਗੇ ਕੰਬਦਾ,
    ਜਿਉਂ ਆਉਂਦਾ ਹੈ ਭੁਚਾਲ।

    9. ਪੇਟ ਹਿਰਨੀਆਂ ਦਾ ਡਿਗਾਉਂਦੀ
    ਖ਼ੁਦਾਵੰਦ ਦੀ ਆਵਾਜ਼,
    ਸਭ ਜੰਗਲ ਸਾਫ਼ ਹੋ ਜਾਂਦੇ,
    ਉਹਦੀ ਆਵਾਜ਼ ਦੇ ਨਾਲ।

    10. ਖ਼ੁਦਾ ਦੇ ਘਰ ਵਿੱਚ ਸਾਰੇ
    ਇਹ ਰਲ ਕੇ ਕਹਿੰਦੇ ਹਨ,
    ਤਾਰੀਫ਼ ਖ਼ੁਦਾ ਦੀ ਹੋਵੇ,
    ਹੋ ਉਸੇ ਦਾ ਜਲਾਲ।

    11. ਤੂਫ਼ਾਨਾਂ ਉੱਤੇ ਬੈਠਾ ਹੈ
    ਖ਼ੁਦਾਵੰਦ ਆਪ ਖ਼ੁਦਾ,
    ਹਾਂ ਰਾਜ ਦੇ ਤਖ਼ਤ ਦੇ ਉੱਤੇ
    ਉਹ ਸਦਾ ਹੈ ਬਹਾਲ।

    12. ਜ਼ੋਰ ਬਖ਼ਸ਼ਦਾ ਹੈ ਖ਼ੁਦਾਵੰਦ
    ਆਪਣੇ ਸਭ ਲੋਕਾਂ ਨੂੰ,
    ਸਲਾਮਤੀ ਬਰਕਤ ਦੇ ਕੇ,
    ਉਹ ਕਰਦਾ ਹੈ ਖ਼ੁਸ਼ਹਾਲ।

  • ---

    1. ਜੋ ਝਗੜਾ ਕਰਦੇ ਮੇਰੇ ਨਾਲ,
    ਲੜ ਉਹਨਾਂ ਨਾਲ, ਖ਼ੁਦਾ,
    ਜੋ ਮੇਰੇ ਮਾਰਨ ਵਾਲੇ ਹਨ,
    ਕਰ ਉਹਨਾਂ ਨੂੰ ਫ਼ਨਾਹ।

    2. ਖ਼ੁਦਾਇਆ ਆਪਣੀ ਬਣਾਕੇ ਢਾਲ,
    ਤੇ ਖਿੱਚ ਕੇ ਤੇਜ਼ ਤਲਵਾਰ,
    ਕਰ ਮਦਦ ਆਜਿਜ਼ ਬੰਦੇ ਦੀ,
    ਤੇ ਉੱਠ ਹੋ ਤਿਆਰ।

    3. ਤੂੰ ਬਰਛਾ ਲੈ ਕੇ, ਉੱਠ ਖਲੋ,
    ਕਰ ਮੇਰੇ ਵੈਰੀ ਮਾਤ,
    ਤੇ ਮੇਰੀ ਜਾਨ ਨੂੰ ਆਪੀਂ ਦੱਸ,
    ਮੈਂ ਤੇਰੀ ਹਾਂ ਨਜਾਤ।

    4. ਜੋ ਮੇਰੀ ਜਾਨ ਦੇ ਵੈਰੀ ਹਨ,
    ਸ਼ਰਮਿੰਦਾ ਹੋਣ ਹੈਰਾਨ,
    ਉਹ ਭਾਜੜ ਖਾ ਕੇ ਖੱਜਲ ਹੋਣ,
    ਜੋ ਚਾਹੁੰਦੇ ਹਨ ਨੁਕਸਾਨ।

    5. ਜਿਉਂ ਤੂੜੀ ਉੱਡੀ ਵਾਅ ਦੇ ਨਾਲ,
    ਉਹ ਉੱਡ ਪੁੱਡ ਜਾਵੇਗਾ,
    ਤੇ ਧੱਕੇ ਦੇਕੇ ਕੱਢੇਗਾ,
    ਫਰਿਸ਼ਤਾ ਖ਼ੁਦਾਵੰਦ ਦਾ।

    6. ਰਾਹ ਉਹਨਾਂ ਦੇ ਵਿੱਚ ਤਿਲਕਣ ਹੋ,
    ਤੇ ਘੁੱਪ ਹਨੇਰਾ ਵੀ,
    ਫਰਿਸ਼ਤਾ ਰੱਬ ਦਾ ਉਹਨਾਂ ਨੂੰ,
    ਕਦ ਦੇਵੇ ਧੱਕੇ ਦੀ।

  • ---

    21. ਜ਼ਮੀਨ ਦੇ ਵਾਰਿਸ ਹੋਵਣਗੇ,
    ਮੁਬਾਰਿਕ ਖ਼ੁਦਾਵੰਦ ਦੇ,
    ਪਰ ਜਿਨ੍ਹਾਂ ਉੱਤੇ ਲਾਹਨਤ ਹੈ,
    ਉਹ ਕੱਟੇ ਜਾਵਣਗੇ।

    22. ਖ਼ੁਦਾਵੰਦ ਕਾਇਮ ਰੱਖਦਾ ਹੈ,
    ਨੇਕ ਮਰਦ ਦੇ ਕਦਮਾਂ ਨੂੰ,
    ਖ਼ੁਦਾਵੰਦ ਕਰਦਾ ਹੈ ਪਸੰਦ,
    ਨੇਕ ਮਰਦ ਦੇ ਰਾਹਾਂ ਨੂੰ।

    23. ਜੇ ਕਦੀ ਉਹ ਡਿੱਗ ਪਏ ਵੀ,
    ਨਾ ਡਿੱਗਿਆ ਰਹੇਗਾ,
    ਤੇ ਉਹਦਾ ਹੱਥ ਸੰਭਾਲਦਾ ਹੈ,
    ਖ਼ੁਦਾਵੰਦ ਪਾਕ ਖ਼ੁਦਾ।

    24. ਮੈਂ ਬੱਚਾ ਸਾਂ ਹੁਣ ਬੁੱਢਾ ਹਾਂ,
    ਪਰ ਨਸਲ ਸਾਦਿਕ ਦੀ,
    ਨਾ ਕਦੀ ਵੇਖੀ ਹੈ ਲਾਚਾਰ,
    ਤੇ ਟੁੱਕਰ ਮੰਗਦੀ ਵੀ।

    25. ਉਹ ਕਰਜ਼ ਦਿੰਦਾ ਰਹਿੰਦਾ ਹੈ,
    ਰਹਿਮ ਕਰਦਾ ਹੈ ਸਦਾ,
    ਤੇ ਉਹਦੀ ਆਲ ਔਲਾਦ ਵੀ ਸਭ,
    ਹੈ ਸਬੱਬ ਬਰਕਤ ਦਾ।

  • ---

    22. ਜੋ ਰੱਬ ਨੂੰ ਭੁੱਲੇ ਫਿਰਦੇ ਹੋ,
    ਕੁਝ ਸੋਚੋ, ਧਿਆਨ ਕਰੋ,
    ਮੈਂ ਪਾੜ੍ਹਾਂ ਤੇ ਨਾ ਕੋਈ ਵੀ,
    ਛੁਡਾਵਣ ਵਾਲਾ ਹੋ।

    23. ਕੁਰਬਾਨੀ ਜੋ ਗੁਜ਼ਾਰਦਾ ਹੈ,
    ਮੇਰੀ ਤਾਰੀਫ਼ਾਂ ਦੀ,
    ਉਹ ਇਸ ਤੋਂ ਜ਼ਾਹਿਰ ਕਰਦਾ ਹੈ,
    ਤੇਰੀ ਬਜ਼ੁਰਗੀ ਵੀ।

    24. ਤੇ ਜੋ ਇਨਸਾਨ ਦਰੁਸਤੀ ਨਾਲ,
    ਹੈ ਚੱਲਦਾ ਆਪਣੇ ਰਾਹ,
    ਅਜਿਹਾਂ ਨੂੰ ਖ਼ੁਦਾਵੰਦ ਦੀ,
    ਨਜਾਤ ਵਿਖਾਵਾਂਗਾ।

  • ---

    1. ਜਦ ਤੇਥੋਂ ਕਰਾਂ ਮੈਂ ਫਰਿਆਦ
    ਆਵਾਜ਼ ਸੁਣ, ਐ ਖ਼ੁਦਾ,
    ਤੇ ਦੁਸ਼ਮਣਾਂ ਦੀ ਦਹਿਸ਼ਤ ਤੋਂ
    ਤੂੰ ਮੇਰੀ ਜਾਨ ਬਚਾ।

    2. ਖ਼ੁਦਾਇਆ ਤੂੰ ਸ਼ਰੀਰਾਂ ਦੀ
    ਪੋਸ਼ੀਦਾ ਸਲਾਹ ਤੋਂ,
    ਬਦਕਾਰਾਂ ਦੇ ਹੰਗਾਮੇ ਤੋਂ,
    ਤੂੰ ਮੈਨੂੰ ਲੈ ਬਚਾ।

    3. ਉਹ ਆਪਣੀ ਕਰਦੇ ਤੇਜ਼ ਜ਼ੁਬਾਨ
    ਜਿਉਂ ਹੁੰਦੀ ਹੈ ਤਲਵਾਰ,
    ਤੇ ਮੂੰਹੋਂ ਸਾਰੀਆਂ ਗੱਲਾਂ ਦੇ
    ਉਹ ਦੇਂਦੇ ਤੀਰ ਚਲਾ।

    4. ਕਿ ਛੁੱਪ ਕੇ ਕਾਮਲ ਬੰਦੇ ਨੂੰ
    ਉਹ ਜਾਨੋਂ ਸੁੱਟਣ ਮਾਰ,
    ਅਚਾਨਕ ਤੀਰ ਚਲਾਂਦੇ ਹਨ
    ਨਾ ਰੱਖਦੇ ਖੌਫ਼ ਜ਼ਰਾ।

    5. ਇੱਕ ਭੈੜੇ ਕੰਮ ਵਿੱਚ ਆਪਣੇ ਨੂੰ
    ਵਧਾਂਦੇ ਜਾਂਦੇ ਹਨ,
    ਤੇ ਛੁੱਪ ਕੇ ਫਾਹੀ ਲਾਵਣ ਦੀ
    ਉਹ ਕਰਦੇ ਹਨ ਸਲਾਹ।

    6. ਉਹ ਕਹਿੰਦੇ ਹਨ ਕਿ ਕਿਹੜਾ
    ਹੈ ਜੋ ਵੇਖੇ ਸਾਨੂੰ ਵੀ,
    ਉਹ ਖੋਜ ਤਾਂ ਲਾਂਦੇ ਰਹਿੰਦੇ ਹਨ,
    ਸਭ ਭੈੜੇ ਕੰਮਾਂ ਦੀ।

    7. ਉਹ ਕਹਿੰਦੇ ਹਨ, ਕਿ ਕੀਤੀ ਹੈ,
    ਕਿਆ ਅਸਾਨ ਖੂਬ ਤਦਬੀਰ,
    ਸ਼ਰੀਰ ਦਾ ਭੈੜਾ ਬਾਤਿਨ ਹੈ
    ਦਿਲ ਡੂੰਘਾ ਬੁਰਿਆਂ ਦਾ।

    8. ਰੱਬ ਉਹਨਾਂ ’ਤੇ ਚਲਾਵੇਗਾ
    ਅਚਾਨਕ ਆਪਣੇ ਤੀਰ,
    ਤੇ ਹਰ ਇੱਕ ਉਹਨਾਂ ਵਿੱਚੋਂ
    ਤਦ ਜ਼ਖ਼ਮੀ ਹੋ ਜਾਵੇਗਾ।

    9. ਆਪਣੀ ਜ਼ੁਬਾਨ ਦੀ ਫ਼ਾਹੀ ਵਿੱਚ
    ਉਹ ਆਪ ਫਸ ਜਾਵਣਗੇ,
    ਹਾਲ ਉਹਨਾਂ ਦਾ ਜੋ ਵੇਖਣਗੇ,
    ਲੰਘਣਗੇ ਸਿਰ ਹਿਲਾ।

    10. ਸਭ ਆਦਮੀ ਡਰਕੇ ਕਰਨਗੇ
    ਖ਼ੁਦਾ ਦੇ ਕੰਮ ਬਿਆਨ,
    ਉਹ ਸਮਝਣਗੇ ਧਿਆਨ ਦੇ ਨਾਲ,
    ਸਭ ਕੰਮ ਖ਼ੁਦਾਵੰਦ ਦਾ।

    11. ਆਸ ਸਾਦਿਕ ਦੀ ਰੱਬ ਉੱਤੇ ਹੈ,
    ਉਹ ਉਸ ਵਿੱਚ ਹੈ ਅਨੰਦ,
    ਸਭ ਸਿੱਧੇ ਦਿਲ ਦੇ ਰੱਖਣ ਮਾਣ,
    ਖ਼ੁਦਾਵੰਦ ’ਤੇ ਸਦਾ

  • ---

    18. ਜੋ ਹੈ ਪਹਾੜ ਬਾਸ਼ਾਨ ਦਾ, ਸੋ ਹੈ ਖ਼ੁਦਾ ਦਾ ਪਹਾੜ,
    ਹਾਂ ਇਹ ਪਹਾੜ ਬਾਸ਼ਾਨ ਦਾ ਹੈ ਉੱਚਾ ਚੋਟੀਦਾਰ।

    19. ਪਹਾੜੋਂ ਉੱਚੀਓਂ, ਕਿਉਂ ਡਾਹ ਦੇ ਨਾਲ ਹੋ ਤੱਕਦੇ,
    ਇਹ ਉਹ ਪਹਾੜ ਹੈ ਰੱਬ ਵੱਸਣਾ ਚਾਹੁੰਦਾ ਹੈ ਜਿਸ ’ਤੇ।

    20. ਹਮੇਸ਼ਾ ਤੀਕ ਖ਼ੁਦਾ ਆਪੀਂ ਵੱਸੇਗਾ ਇਸ ਥਾਂ,
    ਹੈ ਵੀਹ ਹਜ਼ਾਰ ਤੇ ਬੇ-ਅੰਤ ਉਹਦੀਆਂ ਰਾਹਾਂ।

    21. ਖ਼ੁਦਾਵੰਦ ਆਪੀਂ ਉਹਨਾਂ ਦੇ ਵਿੱਚ ਕਰਦਾ ਵਾਸਾ,
    ਹਾਂ ਪਾਕ ਸਿਨਾਈ ਪਹਾੜ ਉੱਤੇ ਉਹ ਹੈ ਰਹਿੰਦਾ ਸਦਾ।

  • ---

    39. ਜ਼ਮੀਨ ਦੇ ਸਭ ਮੁਲਕੋ, ਜ਼ਮੀਨ ਦੇ ਸਭ ਸ਼ਾਹੋ,
    ਖ਼ੁਦਾਵੰਦ ਦੀ ਤਾਰੀਫ਼, ਦਿਲ ਦੇ ਨਾਲ ਗਾਓ।

    40. ਅਸਮਾਨ ਉੱਤੇ ਉਹ ਮੁੱਢੋਂ ਸਵਾਰ ਹੈ,
    ਹਾਂ ਉਸੇ ਦੀ ਤਾਰੀਫ਼ ਜ਼ੋਰ ਨਾਲ ਗਾਓ।

    41. ਆਪਣੀ ਆਵਾਜ਼ ਉਹ ਸੁਣਾਉਂਦਾ ਹੈ ਵੇਖੋ,
    ਜ਼ੋਰਵਾਲੀ ਆਵਾਜ਼ ਉਹਦੀ ’ਤੇ ਕੰਨ ਲਾਓ।

    42. ਕੁੱਵਤ ਹੈ ਰੱਬ ਦੀ ਸਾਰੀ ਬੱਦਲਾਂ ਵਿੱਚ ਜ਼ੋਰ ਹੈ,
    ਹਾਂ ਇਸਰਾਏਲ ਵਿੱਚ ਉਹਦੀ ਬਜ਼ੁਰਗੀ ਨੂੰ ਪਾਓ।

    43. ਤੂੰ ਪਾਕ ਅਸਥਾਨਾਂ ਵਿੱਚ ਡਾਢਾ ਡਰਾਉਣਾ ਏਂ,
    ਸਭ ਇਸਰਾਏਲ ਦੇ ਰੱਬ ਦੀਆਂ ਤਾਰੀਫ਼ਾਂ ਗਾਓ।

    44. ਜੋ ਆਪਣਿਆਂ ਲੋਕਾਂ ਨੂੰ ਦਿੰਦਾ ਹੈ ਜ਼ੋਰ,
    ਰੱਬ ਦੀ ਮੁਬਾਰਿਕਬਾਦੀ ਹਰ ਦਮ ਸੁਣਾਓ।

  • ---

    48. ਜ਼ਮੀਨ ਤੇ ਆਸਮਾਨ ਸਭ ਸਿਰ ਝੁਕਾਵਣ,
    ਖ਼ੁਦਾ ਦੀ ਮਿਲਕੇ ਸਭ ਤਾਰੀਫ਼ ਗਾਵਣ।

    49. ਸਮੁੰਦਰ ਵੀ ਤੇ ਸਭ ਜਾਨਦਾਰ ਉਸ ਦੇ,
    ਜੋ ਉਸ ਦੇ ਵਿੱਚ ਚੱਲਦੇ ਫਿਰਦੇ, ਰਹਿੰਦੇ ਸਹਿੰਦੇ।

    50. ਖ਼ੁਦਾ ਸਿਓਨ ਨੂੰ ਆਪ ਬਚਾਂਦਾ,
    ਯਹੂਦਾ ਉਹ ਸਭ ਬਸਤੀ ਬਣਾਉਂਦਾ।

    51. ਤਾਂ ਵੱਸਣ ਉਹਨਾਂ ਦੇ ਵਿੱਚ ਉਹਦੇ ਬੰਦੇ,
    ਤੇ ਮਾਲਿਕ ਹੋਣ ਸਭ ਉਸ ਜਗ੍ਹਾ ਦੇ।

    52. ਜੋ ਅੱਗੇ ਉਹਨਾਂ ਦੀ ਔਲਾਦ ਹੋਵੇ,
    ਉਹ ਮਾਲਿਕ ਹੋਵੇ ਤੇ ਆਬਾਦ ਹੋਵੇ।

    53. ਖ਼ੁਦਾ ਦੇ ਨਾਂ ਦਾ ਜੋ ਇਸ਼ਕ ਰੱਖਦੇ,
    ਸੋ ਉਹਦੇ ਵਿੱਚ ਖ਼ੁਸ਼ੀ ਦੇ ਨਾਲ ਵੱਸਦੇ।

  • ---

    1. ਜੋ ਇਸਰਾਏਲੀਆਂ ਦੇ ਵਿੱਚ ਸਾਫ਼ ਦਿਲ ਦੇ ਹਨ ਇਨਸਾਨ,
    ਹੈ ਸੱਚਮੁੱਚ ਉੱਤੇ ਉਹਨਾਂ ਦੇ, ਰੱਬ ਆਪੇ ਮਿਹਰਬਾਨ।

    2. ਪਰ ਮੈਂ ਜੋ ਹਾਂ, ਸੋ ਮੇਰੇ ਪੈਰ, ਸਨ ਫਿਸਲਣ ਨੂੰ ਤਿਆਰ,
    ਹਾਂ ਸੱਚੀਮੁੱਚੀ ਮੇਰੇ ਪੈਰ, ਤੇ ਹੈ ਸਨ ਤਿਲਕਣ ਹਾਰ।

    3. ਮੈਂ ਸੜਦਾ ਰਹਿੰਦਾ, ਵੇਖ ਕੇ ਹਾਲ, ਘੁਮੰਡੀ ਮੂਰਖ ਦਾ,
    ਸ਼ਰੀਰਾਂ ਦੇ ਮੈਂ ਵਾਧੇ ਨੂੰ, ਜਦ ਦੇਖਿਆ ਕਰਦਾ ਸਾਂ।

    4. ਨਾ ਬੰਧਨ ਮੌਤ ਵਿੱਚ ਉਹਨਾਂ ਦੇ, ਨਾ ਜਾਨ ਦੁੱਖ ਸਹਿੰਦੀ ਹੈ,
    ਨਾ ਕੁੱਵਤ ਘੱਟਦੀ ਉਹਨਾਂ ਦੀ, ਪਰ ਕਾਇਮ ਰਹਿੰਦੀ ਹੈ।

    5. ਨਾ ਹੋਰਨਾਂ ਵਾਂਗਰ ਉਹਨਾਂ ’ਤੇ ਮੁਸੀਬਤ ਆਉਂਦੀ ਹੈ,
    ਨਾ ਹੋਰਨਾ ਵਾਂਗਰ ਉਹਨਾਂ ਨੂੰ ਆਫ਼ਤ ਸਤਾਉਂਦੀ ਹੈ।

    6. ਸੋ ਹੋਇਆ ਹੈ ਘੁਮੰਡ ਗ਼ਰੂਰ, ਉਹਨਾਂ ਦੇ ਗਲ਼ ਦਾ ਹਾਰ,
    ਉਹ ਜ਼ੁਲਮ ਨੂੰ ਇਉਂ ਪਾਂਦੇ ਹਨ, ਜਿਉਂ ਕੱਪੜੇ ਬੂਟੇ ਦਾਰ।

    7. ਤੇ ਉਹਨਾਂ ਦੀ ਅੱਖ ਉੱਭਰੀ ਹੈ, ਹੁਣ ਮੋਟੀ ਚਰਬੀ ਨਾਲ,
    ਤੇ ਹੱਦੋਂ ਵੱਧ ਕੇ ਕਰਦੇ ਹਨ, ਦਿਲ ਆਪਣੇ ਵਿੱਚ ਖ਼ਿਆਲ।

    8. ਉਹ ਠੱਠੇ ਨਾਲ ਸ਼ਰਾਰਤ ਵਿੱਚ ਮੂੰਹ ਆਪਣਾ ਖੋਲ੍ਹਦੇ ਹਨ,
    ਹਨੇਰ ਉਹ ਮਾਰਦੇ ਰਹਿੰਦੇ ਹਨ, ਘੁਮੰਡ ਨਾਲ ਬੋਲਦੇ ਹਨ।

    9. ਮੂੰਹ ਆਪਣਾ ਉੱਚਾ ਕਰਦੇ ਹਨ, ਉਹ ਤਰਫ਼ ਅਸਮਾਨਾਂ ਦੀ,
    ਜ਼ਮੀਨ ਦੇ ਉੱਤੇ ਕਰਦੀ ਸੈਰ, ਜ਼ੁਬਾਨ ਵੀ ਉਹਨਾਂ ਦੀ।

    10. ਲੋਕ ਉਹਨਾਂ ’ਤੇ ਮੂੰਹ ਫੇਰਦੇ ਹਨ, ਤੇ ਪਾਣੀ ਕਸਰਤ ਨਾਲ,
    ਨਚੋੜਿਆ ਜਾਂਦਾ ਉਹਨਾਂ ਤੋਂ, ਕਰ ਸਖ਼ਤੀ ਦਾ ਖ਼ਿਆਲ।

    11. ਉਹ ਕਹਿੰਦੇ ਹਨ, ਕਿਸ ਤਰ੍ਹਾਂ ਨਾਲ ਖ਼ੁਦਾਵੰਦ ਜਾਣਦਾ ਹੈ,
    ਤੇ ਹੱਕ–ਤਾਅਲਾ ਕਿਉਂਕਰ ਇਹ ਸਭ ਹਾਲ ਪਛਾਣਦਾ ਹੈ?

  • ---

    73. ਜਿਉਂ ਨੀਂਦ ਤੋਂ ਕੋਈ ਜਾਗੇ,
    ਤਿਓਂ ਜਾਗਿਆ ਰੱਬ ਰਹਿਮਾਨ,
    ਯਾ ਪੀ ਕੇ ਮੈਅ ਲਲਕਾਰਦਾ,
    ਜਿਓਂ ਜ਼ਬਰਦਸਤ ਪਹਿਲਵਾਨ।

    74. ਸਭ ਆਪਣੇ ਵੈਰੀਆਂ ਨੂੰ,
    ਫਿਰ ਮਾਰ ਹਟਾਇਆ ਸੀ,
    ਫਿਰ ਘੱਲੀ ਉਹਨਾਂ ਉੱਤੇ,
    ਡਾਢੀ ਸ਼ਰਮਿੰਦਗੀ।

    75. ਫਿਰ ਰੱਦ ਕਰ ਦਿੱਤਾ ਉਸੇ,
    ਜੋ ਤੰਬੂ ਯੂਸਫ਼ ਦਾ,
    ਤੇ ਫਿਰਕਾ ਇਫ਼ਰਾਈਮ ਦਾ,
    ਨਾ ਉਸ ਨੇ ਚੁਣਿਆ ਸਾ।

    76. ਪਰ ਉਸਨੇ ਚੁਣੇ ਓਹੋ,
    ਸੀ ਜਿਨ੍ਹਾਂ ਨਾਲ ਪਿਆਰ,
    ਯਹੂਦਾ ਦੀ ਵੀ ਟੋਲੀ,
    ਨਾਲੇ ਸਿਓਨ ਪਹਾੜ।

    77. ਬਣਾਏ ਉਸ ਨੇ ਹੈਕਲ,
    ਜਿਉਂ ਉੱਚਾ ਹੈ ਅਸਮਾਨ,
    ਜ਼ਮੀਨ ਦੀ ਨੀਂਹ ਦੇ ਵਾਂਗਰ,
    ਸਭ ਉਹਦੀਆਂ ਨੀਹਾਂ ਸਨ।

    78. ਦਾਊਦ ਨੂੰ ਉਸਨੇ ਚੁਣਿਆ,
    ਤਾਂ ਟਹਿਲ ਕਰਾਵੇ ਵੀ,
    ਅਯਾਲੀਆਂ ਦੇ ਕੰਮ ਤੋਂ,
    ਉਸਨੇ ਛੁਡਾਇਆ ਵੀ।

    79. ਉਹ ਭੇਡਾਂ ਬੱਚੇ ਵਾਲੀਆਂ,
    ਚਰਾਂਦਾ ਫਿਰਦਾ ਸੀ,
    ਇਹ ਕੰਮ ਛੁਡਾ ਕੇ ਰੱਬ ਨੇ,
    ਉਸਨੂੰ ਚੁਣ ਲੀਤਾ ਸੀ।

    80. ਯਾਕੂਬ, ਹਾਂ, ਇਸਰਾਏਲ ਦਾ,
    ਤਾਂ ਹੋਵੇ ਉਹ ਬਾਦਸ਼ਾਹ,
    ਅਯਾਲੀ ਪੱਕਾ ਹੋਵੇ,
    ਖ਼ੁਦਾ ਦੀ ਉੱਮਤ ਦਾ।

    81. ਚਰਾਈ ਉਸਨੇ ਉੱਮਤ,
    ਦਿਲ ਦੀ ਸੱਚਿਆਈ ਨਾਲ,
    ਰਾਹ ਉਹਨਾਂ ਨੂੰ ਵਿਖਾਇਆ,
    ਹੱਥ ਦੀ ਸਫ਼ਾਈ ਨਾਲ।

  • ---

    1. ਜਮਾਤ ਵਿੱਚ ਖ਼ੁਦਾ ਦੀ,
    ਖਲੋਤਾ ਆਪ ਖ਼ੁਦਾ,
    ਉਹ ਕਰਦਾ ਹੈ ਅਦਾਲਤ,
    ਹੁਣ ਉਹਨਾਂ ਦੀ ਸਦਾ।

    2. ਕਦ ਤੀਕਰ, ਬੇ-ਨਿਆਈਂ,
    ਹੁਣ ਕੀਤਾ ਕਰੋਗੇ,
    ਬਦਕਾਰਾਂ ਦੀ ਕਦ ਤੀਕਰ,
    ਹਿਮਾਇਤ ਕਰੋਗੇ?

    3. ਮਸਕੀਨ, ਕੰਗਾਲ, ਯਤੀਮ ਦਾ,
    ਹੁਣ ਕਰੋ ਖੂਬ ਇਨਸਾਫ਼,
    ਮੁਹਤਾਜ, ਦਿਲਗੀਰ, ਗ਼ਮਗੀਨ ਦਾ,
    ਹੁਣ ਹੱਕ ਪੁਚਾਓ ਸਾਫ਼।

    4. ਮੁਹਤਾਜ ਨੂੰ ਬਚਾਓ, ਗ਼ਰੀਬ ਮਸਕੀਨਾਂ ਨੂੰ,
    ਸ਼ਰੀਰ ਬਦਕਾਰ ਦੇ ਹੱਥੋਂ,
    ਛੁਡਾਓ ਉਹਨਾਂ ਨੂੰ।

    5. ਰਾਹ ਉਹਨਾਂ ਦਾ ਹਨੇਰਾ,
    ਨਾ ਜਾਣਦੇ ਬੁਝਦੇ ਵੀ,
    ਹਿੱਲ ਗਈ ਤੇ ਕੰਬ ਉੱਠੀ,
    ਬੁਨਿਆਦ ਇਸ ਧਰਤੀ ਦੀ।

    6. ਮੈਂ ਕਿਹਾ ਸੀ ਤੁਹਾਨੂੰ,
    ਹੋ ਤੁਸੀਂ ਸਭ ਇਲਾਹ,
    ਫ਼ਰਜ਼ੰਦ ਹੋ ਸਭੋ ਉਹਦੇ,
    ਸ਼ਾਨਵਾਲਾ ਜੋ ਖ਼ੁਦਾ।

    7. ਪਰ ਤੁਸੀਂ ਵਾਂਗ ਮਨੁੱਖ ਦੇ,
    ਸੱਚਮੁੱਚ ਮਰ ਜਾਓਗੇ,
    ਸਰਦਾਰਾਂ ਵਿੱਚੋਂ ਇੱਕ ਦੀ,
    ਮਾਨਿਦ ਗਿਰ ਜਾਓਗੇ।

    8. ਜ਼ਮੀਨ ਦੀ ਕਰ ਅਦਾਲਤ,
    ਤੂੰ ਉੱਠ, ਐ ਪਾਕ ਖ਼ੁਦਾ,
    ਕਿ ਤੂੰ ਹੀ ਸਾਰੀਆਂ ਕੌਮਾਂ,
    ਮਿਰਾਸ ਵਿੱਚ ਲਵੇਂਗਾ।

  • ---

    8. ਜੇ ਅੱਜ ਦੇ ਦਿਨ ਸਭ ਸੁਣਦੇ ਹੋ ਆਵਾਜ਼ ਖ਼ੁਦਾਵੰਦ ਦੀ,
    ਨਾ ਪੱਥਰ ਵਾਂਗਰ ਆਪਣਾ ਦਿਲ ਬਣਾਓ ਤੁਸੀਂ ਵੀ।

    9. ਜਿਉਂ ਕੀਤਾ ਸੀ ਮਰੀਬਾਹ ਵਿੱਚ ਜੰਗਲ ਦੇ ਦਰਮਿਆਨ,
    ਕਿ ਜਿਸ ਦਿਨ ਦੇ ਵਿੱਚ ਕੀਤਾ ਸੀ, ਹਾਂ ਮੇਰਾ ਇਮਤਿਹਾਨ।

    10. ਤੁਹਾਡੇ ਅਗਲਿਆਂ ਨੇ ਜਦ, ਮੈਨੂੰ ਅਜ਼ਮਾਇਆ ਸੀ,
    ਹਾਂ, ਕੀਤਾ ਮੇਰਾ ਇਮਤਿਹਾਨ ਮੈਨੂੰ ਅਜ਼ਮਾਇਆ ਸੀ।

    11. ਹਾਂ, ਚਾਲ੍ਹੀ ਵਰ੍ਹੇ ਰਿਹਾ ਸਾਂ ਮੈਂ ਉਹਨਾਂ ਨਾਲ ਬੇਜ਼ਾਰ,
    ਤੇ ਬੋਲਿਆ ਮੈਂ ਕਿ ਇਹ ਤੇ ਹੈ ਇੱਕ ਉੱਮਤ ਖ਼ਤਾਕਾਰ।

    12. ਹਰ ਵੇਲੇ ਹੁੰਦੇ ਰਹਿੰਦੇ ਹਨ ਦਿਲ ਜਿਨ੍ਹਾਂ ਦੇ ਗੁਮਰਾਹ,
    ਨਾ ਰੱਖਦੇ ਮੇਰੀ ਰਾਹਾਂ ਦੀ ਕੁਝ ਜ਼ਰਾ ਵੀ ਪਰਵਾਹ।

    13. ਕਿ ਜਿਨ੍ਹਾਂ ਲਈ ਮੈਂ ਖਾਧੀ ਸਹੁੰ, ਵਿੱਚ ਆਪਣੇ ਗੁੱਸੇ ਦੇ,
    ਕਿ ਮੇਰੇ ਚੈਨ ਵਿੱਚ ਕਦੀ ਵੀ ਨਾ ਦਾਖ਼ਲ ਹੋਵਣਗੇ।

  • ---

    22. ਜੋ ਸੈਰ ਕਰਦੇ ਸਮੁੰਦਰ ਦੇ ਵਿੱਚ ਜਹਾਜ਼ਾਂ ਦੇ,
    ਤੇ ਵੱਡੇ ਪਾਣੀਆਂ ਵਿੱਚ ਕਾਰੋਬਾਰ ਹਨ ਕਰਦੇ।

    23. ਖ਼ੁਦਾ ਦੇ ਹੱਥਾਂ ਦੀ ਡਾਢੀ ਅਜੀਬ ਕਾਰੀਗਰੀ,
    ਉਹ ਸਾਫ਼ ਵੇਖਦੇ ਡੂੰਘਿਆਈ ਵਿੱਚ ਸਮੁੰਦਰ ਦੇ।

    24. ਹਵਾ ਤੂਫ਼ਾਨੀ ਉਹਦੇ ਹੁਕਮ ਨਾਲ ਚੱਲਦੀ ਹੈ,
    ਸਮੁੰਦਰਾਂ ਦੀਆਂ ਲਹਿਰਾਂ ਨੂੰ ਉੱਚਾ ਕਰਦੀ ਹੈ।

    25. ਆਕਾਸ਼ ਉੱਤੇ ਉਹ ਚੜ੍ਹਦੇ ਤੇ ਹੇਠਾਂ ਜਾਂਦੇ ਹਨ,
    ਤੇ ਆਪਣੀ ਜਾਨ ਨੂੰ ਦੁੱਖਾਂ ਦੇ ਵਿੱਚ ਗਲਾਂਦੇ ਹਨ।

    26. ਉਹ ਡਗਮਗਾਂਦੇ ਹਨ ਜਿਉਂ ਡਗਮਗਾਵੇ ਮਤਵਾਲਾ ,
    ਤੇ ਜਾਂਦਾ ਰਹਿੰਦਾ ਹੈ ਸਭ ਇਲਮ–ਓ–ਫਹਿਮ ਉਹਨਾਂ ਦਾ।

    27. ਜਦੋਂ ਉਹ ਕਰਦੇ ਖ਼ੁਦਾ ਅੱਗੇ ਤੰਗੀ ਵਿੱਚ ਫਰਿਆਦ,
    ਤਦੋਂ ਉਹ ਕਰਦਾ ਉਹਨਾਂ ਨੂੰ ਦੁੱਖਾਂ ਤੋਂ ਆਜ਼ਾਦ।

    28. ਹਨੇਰੇ ਨੂੰ ਉਹ ਥਮਾਂਦਾ ਤੇ ਮੌਜਾਂ ਕਰਦਾ ਬੰਦ,
    ਤਦ ਮਿਲਦਾ ਉਹਨਾਂ ਨੂੰ ਆਰਾਮ, ਹੁੰਦੇ ਓਹ ਖ਼ੁਰਸੰਦ।

    29. ਉਹ ਜਿੱਥੇ ਚਾਹੁੰਦੇ ਹਨ ਰੱਬ ਉਹਨਾਂ ਨੂੰ ਲਈ ਜਾਂਦਾ ਹੈ,
    ਤੇ ਠੀਕ ਥਾਂ ਉੱਤੇ ਉਹਨਾਂ ਨੂੰ ਉਹ ਪੁਚਾਂਦਾ ਹੈ।

    30. ਖ਼ੁਦਾ ਦੀ ਰਹਿਮਤਾਂ ’ਤੇ ਦਿਲ ਤੋਂ ਹੋਣ ਸ਼ੁਕਰਗੁਜ਼ਾਰ,
    ਜੋ ਕਰਦਾ ਹੈ ਬਨੀ–ਆਦਮ ਲਈ ਅਜਾਇਬ ਕਾਰ।

    31. ਉਹ ਲੋਕਾਂ ਸਾਹਮਣੇ ਗਾਵਣ ਖ਼ੁਦਾ ਦੀ ਵਡਿਆਈ,
    ਬਜ਼ੁਰਗਾਂ ਸਾਹਮਣੇ ਤਾਰੀਫ਼ ਉਹਦੇ ਕੰਮਾਂ ਦੀ।

  • ---

    ਜਦ ਇਸਰਾਏਲੀ ਮਿਸਰ ਤੋਂ, ਤੁਰ ਨਿਕਲੇ ਬਾ-ਅਮਾਨ।

    1. ਜਦ ਇਸਰਾਏਲੀ ਮਿਸਰ ਤੋਂ, ਯਾਕੂਬ ਦਾ ਸਭ ਖਾਨਦਾਨ,
    ਗੈਰ ਬੋਲੀ ਬੋਲਣ ਵਾਲਿਆਂ ਤੋਂ, ਤੁਰ ਨਿਕਲੇ ਬਾ-ਅਮਾਨ।

    2. ਯਹੂਦਾ ਤਦੋਂ ਹੋਇਆ ਸੀ, ਉਹਦੀ ਇਬਾਦਤ ਗਾਹ,
    ਤੇ ਇਸਰਾਏਲ ਵੀ ਹੋਇਆ ਸੀ, ਰਾਜ-ਪਾਤ ਸਭ ਉਸੇ ਦਾ।

    3. ਸਮੁੰਦਰ ਨੇ ਜਦ ਵੇਖਿਆ ਇਹ ਤਦ ਮੁੜਿਆ ਪਿੱਛੇ ਨੂੰ,
    ਤੇ ਯਰਦਨ ਨੇ ਵੀ ਵੇਖਿਆ ਇਹ, ਤਦ ਵਗੀ ਪਿੱਛੇ ਨੂੰ।

    4. ਤਦ ਟੱਪਦੇ, ਛਾਲਾਂ ਮਾਰਦੇ ਸਨ, ਸਭ ਭੇਡੂਆਂ ਵਾਂਗ ਪਹਾੜ,
    ਤੇ ਮੇਮਨਿਆਂ ਵਾਂਗ ਖ਼ੁਸ਼ ਹੁੰਦੇ ਸਨ, ਸਭ ਟਿੱਲੇ ਛਾਲਾਂ ਮਾਰ।

    5. ਸਮੁੰਦਰ, ਕਿਉਂ ਨੱਸਿਆ ਤੂੰ? ਕੀ ਤੈਨੂੰ ਹੋਇਆ ਸੀ?
    ਕਿਉਂ ਉਲਟੀ ਵਗੀ ਯਰਦਨ ਤੂੰ? ਕੀ ਤੈਨੂੰ ਹੋਇਆ ਸੀ?

    6. ਪਹਾੜੋ, ਛਾਲਾਂ ਮਾਰਦੇ ਹੋ, ਕਿਉ ਵਾਂਗਰ ਭੇਡੂਆਂ ਦੇ?
    ਤੇ ਮੇਮਨਿਆਂ ਵਾਂਗਰ ਕੁੱਦਦੇ ਹੋ, ਕਿਉਂ ਟਿੱਲਿਓ ਤੁਸੀਂ ਵੀ?

    7. ਖ਼ੁਦਾ ਦੇ ਸਾਹਮਣੇ, ਐ ਜ਼ਮੀਨ, ਤੂੰ ਕੰਬ ਤੇ ਥਰ-ਥਰਾ,
    ਯਾਕੂਬ ਦੇ ਮਾਲਕ ਦੇ ਹਜ਼ੂਰ, ਜੋ ਰੱਬ ਹੈ ਸਭਨਾਂ ਦਾ।

    8. ਜੋ ਪੱਥਰ ਵਿੱਚੋਂ ਪਾਣੀ ਦਾ, ਇੱਕ ਹੌਜ ਬਣਾਂਦਾ ਹੈ,
    ਤੇ ਚਕਮਾਕ ਵਿੱਚੋਂ ਪਾਣੀ ਦਾ, ਸੋਤਾ ਬਹਾਂਦਾ ਹੈ।

  • ---

    ਜਵਾਨ ਭਲਾ ਕਿਸ ਤਰਾਂ, ਸਾਫ ਰੱਖੇਗਾ ਆਪਣਾ ਰਾਹ?

    8. ਤੇਰੇ ਕਲਾਮ ਦੇ ਮੁਆਫ਼ਕ ਚੱਲੇ,
    ਰੱਖੇ ਉਹਦੇ ’ਤੇ ਨਿਗਾਹ।

    9. ਤੈਨੂੰ ਮੈਂ ਢੂੰਡਿਆ ਮੈਨੂੰ ਨਾ ਹੋਣ ਦੇ
    ਆਪਣੇ ਹੁਕਮਾਂ ਤੋਂ ਗੁਮਰਾਹ।

    10. ਤੇਰੇ ਕਲਾਮ ਨੂੰ ਮੈਂ ਦਿਲ ਵਿੱਚ ਰੱਖਿਆ,
    ਕਰਾਂ ਨਾ ਤੇਰਾ ਗ਼ੁਨਾਹ।

    11. ਤੂੰ ਏਂ ਖ਼ੁਦਾਇਆ, ਧੰਨ ਹੈਂ,
    ਸੋ ਮੈਨੂੰ ਆਪਣੀ ਸ਼ਰਾਅ ਸਿਖਲਾ।

    12. ਕੀਤਾ ਬਿਆਨ ਤੇਰੇ ਸਾਰੇ ਨਿਆਂ ਦਾ,
    ਮੇਰੇ ਹੋਠਾਂ ਨੇ ਖ਼ੁਦਾ।

    13. ਤੇਰੀ ਸ਼ਰਾਅ ਤੋਂ ਹੁਣ ਐਸਾ ਮੈਂ ਖ਼ੁਸ਼ ਹਾਂ,
    ਜੈਸੇ ਖ਼ਜ਼ਾਨਾ ਮਿਲਾ।

    14. ਧਿਆਨ ਕਰਾਂਗਾ ਤੇਰੀ ਸ਼ਰਾਅ ’ਤੇ,
    ਸਾਹਵੇਂ ਰੱਖਾਂ ਤੇਰਾ ਰਾਹ।

    15. ਤੇਰੇ ਮੈਂ ਹੁਕਮਾਂ ਵਿੱਚ ਮਗਨ ਰਹਾਂਗਾ,
    ਭੁੱਲਾਂ ਕਲਾਮ ਨਾ ਤੇਰਾ।

  • ---

    1. ਜੇਕਰ ਰੱਬ ਹੀ ਨਾ ਘਰ ਨੂੰ ਬਣਾਵੇ,
    ਸਾਡੀ ਮਿਹਨਤ ਅਕਾਰਥ ਹੀ ਜਾਵੇ।

    2. ਜੇ ਰੱਬ ਸ਼ਹਿਰ ਦਾ ਨਾ ਹੋਵੇ ਰਖਵਾਲਾ,
    ਤਦ ਕੀ ਚੌਂਕੀਦਾਰ ਜਾਗ ਕੇ ਬਣਾਵੇ।

    3. ਤੜਕੇ ਉੱਠਣਾ ਤੇ ਝਬਦੇ ਨਾ ਸੌਣਾ,
    ਰੋਟੀ ਦੁੱਖਾਂ ਦੇ ਨਾਲ ਜੋ ਖਾਵੇ।

    4. ਪਰ ਰੱਬ ਬਖ਼ਸ਼ਦਾ ਹੈ ਨੀਂਦ ਉਸਨੂੰ ਮਿੱਠੀ,
    ਜਿਹੜਾ ਉਸਨੂੰ ਮੁਹੱਬਤ ਵਿਖਾਵੇ।

    5. ਦੇਖੋ ਬੱਚੇ ਖ਼ੁਦਾ ਦੀ ਮਿਰਾਸ ਹਨ,
    ਸਾਰਾ ਢਿੱਡ ਦਾ ਫਲ਼ ਉਸੇ ਤੋਂ ਆਵੇ।

    6. ਹੋਵਣ ਬੱਚੇ ਜਵਾਨੀ ਦੇ ਐਸੇ,
    ਜਿਵੇਂ ਬਲੀ ਤੀਰ ਹੱਥ ਵਿੱਚ ਹਿਲਾਵੇ।

    7. ਸੋ ਮੁਬਾਰਿਕ ਹੈ ਹਾਲ ਉਸ ਮਨੁੱਖ ਦਾ,
    ਜਿਹੜਾ ਬੱਚਿਆਂ ਨਾਲ ਘਰ ਭਰਿਆ ਪਾਵੇ।

    8. ਉਹ ਨਾ ਹੋਵੇ ਕਦੀ ਸ਼ਰਮਿੰਦਾ,
    ਆਪਣੇ ਦੂਤੀਆਂ ਨੂੰ ਉਹ ਨਸਾਵੇ।

  • ---

    1. ਜ਼ਮੀਨ ਦੇ ਉੱਤੇ ਬਦ-ਜ਼ੁਬਾਨ ਮੌਜੂਦ ਨਾ ਰਹੇਗਾ,
    ਤੇ ਜ਼ਾਲਿਮ ਆਪਣੇ ਜ਼ੁਲਮ ਦੇ ਵਿੱਚ ਹੋ ਜਾਵਣਗੇ ਫ਼ਨਾਹ।

    2. ਹਾਂ, ਸੱਚਮੁੱਚ ਕਰੇਗਾ ਨਿਆਂ ਖ਼ੁਦਾਵੰਦ ਦੁਖੀਆਂ ਦਾ,
    ਹਾਂ ਆਜਿਜ਼ ਤੇ ਗਰੀਬਾਂ ਦਾ ਉਹ ਬਦਲਾ ਲਵੇਗਾ।

    3. ਤੇ ਸਾਦਿਕ ਲੈ ਕੇ ਤੇਰਾ ਨਾਂ ਅਤਿ ਹੋਣਗੇ ਸ਼ੁਕਰਗੁਜ਼ਾਰ,
    ਹਜ਼ੂਰ ਵਿੱਚ ਤੇਰੇ ਵੱਸਣਗੇ ਉਹ ਸਭ ਜੋ ਹਨ ਸੱਚਿਆਰ।

  • ---

    7. ਜਿਸ ਕਿਸੇ ਦੀ ਹੈ ਮਦਦ ਕਰਦਾ ਖ਼ੁਦਾ ਯਾਕੂਬ ਦਾ,
    ਜਿਸ ਦਾ ਰੱਬ ਉੱਤੇ ਭਰੋਸਾ ਉਹ ਮੁਬਾਰਿਕ ਸਦਾ।

    8. ਜਿਸ ਨੇ ਸਭ ਆਕਾਸ਼ ਤੇ ਧਰਤੀ ਬਣਾਈ ਆਪ ਹੀ,
    ਪਾਣੀਆਂ ਵਿੱਚ ਜਿਸਨੇ ਸਭ ਰਚਨਾ ਰਚਾਈ ਆਪ ਹੀ।

    9. ਜੋ ਹੈ ਖਾਲਿਕ ਸਭਨਾਂ ਦਾ ਤੇ ਜੋ ਹੈ ਮਾਲਿਕ ਸਭਨਾਂ ਦਾ,
    ਉਹ ਤੇ ਕਾਇਮ ਰੱਖਦਾ ਹੈ ਸੱਚਿਆਈ ਆਪਣੀ ਨੂੰ ਸਦਾ।

    10. ਭੁੱਖਿਆਂ ਨੂੰ ਹੈ ਉਹ ਖਿਲਾਂਦਾ, ਦੁਖੀਆਂ ਦਾ ਕਰਦਾ ਨਿਆਂ,
    ਤਰਸ ਖਾ ਕੇ ਕੈਦੀਆਂ ਨੂੰ ਉਹ ਛੁਡਾਂਦਾ ਬੇ-ਗੁਮਾਨ।

    11. ਰਹਿਮ ਕਰਕੇ ਅੱਖੀਆਂ ਅੰਨ੍ਹਿਆਂ ਨੂੰ ਦੇਂਦਾ ਹੈ ਖ਼ੁਦਾ,
    ਝੁਕਿਆਂ ਹੋਇਆਂ ਨੂੰ ਉਠਾਕੇ ਸਿੱਧਾ ਕਰਦਾ ਹੈ ਖੜ੍ਹਾ।

    12. ਰਾਖਾ ਪਰਦੇਸੀ ਦਾ ਹੈ ਰੱਬ, ਸਾਦਿਕਾਂ ਨੂੰ ਕਰਦਾ ਪਿਆਰ,
    ਤੇ ਯਤੀਮਾਂ ਰੰਡੀਆਂ ਦਾ ਹੈ ਹਮੇਸ਼ਾ ਮਦਦਗਾਰ।

    13. ਪਰ ਜੋ ਬਦਕਾਰਾਂ, ਖਬੀਸਾਂ ਤੇ ਸ਼ਰੀਰਾਂ ਦਾ ਹੈ ਰਾਹ,
    ਉਸਨੂੰ ਆਪੇ ਹੀ ਖ਼ੁਦਾਵੰਦ ਡਿੰਗਾ ਟੇਢਾ ਕਰੇਗਾ।

    14. ਰੱਬ ਸਦਾ ਤੀਕਰ ਕਰੇਗਾ ਬਾਦਸ਼ਾਹੀ ਹਰ ਜ਼ਮਾਨ,
    ਪੀੜ੍ਹੀਆਂ ਤੀਕਰ, ਐ ਸਿਓਨ, ਤੇਰਾ ਰੱਬ ਹੋ ਸਨਾਖ਼ਵਾਂ।

  • ---

    ਜਿਹੜਾ ਰੱਬ ਸੀ ਅੱਖਾਂ ਤੋਂ ਓਝਲ,
    ਯਿਸੂ ਨੇ ਆਣ ਮਿਲਾਇਆ ਏ,
    ਉਹਦਾ ਚਿਹਰਾ ਕੋਈ ਨਾ ਵੇਖ ਸਕੇ,
    ਯਿਸੂ ਨੇ ਆਣ ਵਿਖਾਇਆ ਏ।

    1. ਪਾਪਾਂ ਦਾ ਬੋਝ ਵੀ ਡਾਢਾ ਸੀ,
    ਚੁੱਕਿਆ ਨਾ ਕਿਸੇ ਤੋਂ ਜਾਂਦਾ ਸੀ,
    ਬਣ ਖ਼ਾਦਮ ਯਿਸੂ ਆ ਗਿਆ,
    ਉਸ ਨੇ ਭਾਰ ਉਠਾਇਆ ਏ।

    2. ਜਿਹੜਾ ਪਾਪਾਂ ਤੋਂ ਛੁਡਾਉਂਦਾ ਏ,
    ਓਹੀ ਉੱਜੜੇ ਘਰ ਨੂੰ ਵਸਾਂਦਾ ਏ,
    ਜਿੰਨ੍ਹੇ ਪਿਆਰ ਵਿਖਾਇਆ ਸੂਲੀ ’ਤੇ,
    ਉਸੇ ਨੇ ਖੂਨ ਵਹਾਇਆ ਏ।

    3. ਜੰਨਤਾਂ ਦੇ ਬੂਹੇ ਖੋਲ੍ਹ ਦਿੱਤੇ,
    ਦੁਸ਼ਮਣ ਵੀ ਸਾਰੇ ਰੋਲ ਦਿੱਤੇ,
    ਹੁਣ ਟੁੱਟੇ ਬੰਧਨ ਦੁੱਖਾਂ ਦੇ,
    ਇੱਕ ਰਿਸ਼ਤਾ ਨਵਾਂ ਬਣਾਇਆ ਏ।

  • ---

    ਜਦੋਂ ਇਸ ਰੋਟੀ ਵਿੱਚੋਂ ਖਾਂਦੇ ਹਾਂ,
    ਅਤੇ ਇਸ ਪਿਆਲੇ ਵਿੱਚੋਂ ਪੀਂਦੇ ਹਾਂ,
    ਐ ਪ੍ਰਭੂ ਅਸੀਂ ਤੇਰੀ ਮੌਤ ਦਾ ਐਲਾਨ ਕਰਦੇ ਹਾਂ,
    ਜਦ ਤਕ ਫਿਰ ਤੂੰ ਨਾ ਆਵੇਂਗਾ।

  • ---

    ਜਾਓ, ਐਲਾਨ ਕਰੋ,
    ਅੰਜੀਲ ਦਾ ਪਰਚਾਰ ਕਰੋ,
    ਪ੍ਰਭੂ ਨੂੰ ਪਿਆਰ ਕਰੋ,
    ਉਸਦੀ ਸੇਵਾ ਕਰੋ,
    ਸ਼ਾਂਤੀ ਵਿੱਚ ਜਾਓ, ਸਭ ਨੂੰ ਸੁਣਾਓ,
    ਮੁਕਤੀ ਦਾ ਸੰਦੇਸ਼ ਫੈਲਾਓ,
    ਜਾਓ, ਐਲਾਨ ਕਰੋ,
    ਅੰਜੀਲ ਦਾ ਪਰਚਾਰ ਕਰੋ।
    ਇਸ ਪਾਕ ਕੁਰਬਾਨੀ ਦੇ ਰਾਹੀਂ,
    ਫ਼ਜ਼ਲ ਸਾਨੂੰ ਮਿਲਿਆ ਏ,
    ਪਿਆਰ ਅਤੇ ਸੇਵਾ ਦੇ ਸਾਧਨ ਹੋਣ ਦਾ,
    ਆਦੇਸ਼ ਅਸੀਂ ਪਾਇਆ ਏ,
    ਨੇਕੀ ਅਤੇ ਸੱਚਾਈ ਦੀ,
    ਗਵਾਹੀ ਅਸੀਂ ਦੇਣੀ ਏ,
    ਉਹਦੀ ਦੂਜੀ ਆਮਦ ਦੇ ਲਈ,
    ਤਿਆਰੀ ਅਸੀਂ ਕਰਨੀ ਏੇ।

  • ---

    ਜਦ ਦਿਲ ਵਿੱਚ ਯਿਸੂ ਆਉਂਦਾ ਏ,
    ਭੱਜ ਦੂਰ ਹਨੇਰਾ ਜਾਂਦਾ ਏ।

    1. ਯਿਸੂ ਚਾਨਣ ਕਾਲੀਆਂ ਰਾਤਾਂ ਦਾ,
    ਮੀਂਹ ਰਹਿਮਤ ਦਾ ਬਰਸਾਤਾਂ ਦਾ।
    ਪਾਪਾਂ ਦੇ ਦਾਗ ਮਿਟਾਂਦਾ ਏ।

    2. ਕਦੇ ਔਖੇ ਵੇਲੇ ਆ ਜਾਂਦੇ,
    ਰਾਹਾਂ ਵਿੱਚ ਗੁੰਝਲ ਪਾ ਜਾਂਦੇ।
    ਫਿਰ ਆ ਕੇ ਆਪ ਬਚਾਉਂਦਾ ਏ।

    3. ਤੂੰ ਥੱਕੀ ਨਾ ਕਦੀ ਹਾਰੀ ਨਾ,
    ਕਦੀ ਫ਼ਿਕਰ ਤੇ ਰੰਜ ਵਿਚਾਰੀ ਨਾ।
    ਉਹ ਯਾਰੀ ਤੋੜ ਨਿਭਾਉਂਦਾ ਏ।

    4. ਉਹ ਦੋਸਤ ਬਣਾ ਕੇ ਸਾਨੂੰ ਹੁਣ,
    ਤੇ ਭੁੱਲ ਗਿਆ ਸਾਡੇ ਸਭ ਔਗੁਣ।
    ਉਹ ਅਮਨ ਤੇ ਪਿਆਰ ਸਿਖਾਂਦਾ ਏ।

  • ---

    ਜ਼ਿੰਦਗੀ ਦੀ ਰੋਟੀ ਮੇਰਾ
    ਸ਼ਾਫ਼ੀ ਸੂਲੀ ਵਾਲਾ ਹੈ,
    ਦੇ ਕੇ ਬਲੀਦਾਨ ਜਿੰਨ੍ਹੇ,
    ਪਾਪਾਂ ਤੋਂ ਬਚਾਇਆ ਹੈ।

    1. ਪਿਆਰ ਜੋ ਵਿਖਾਇਆ ਓਹਨੇ,
    ਜੱਗ ਤੋਂ ਇਲਾਹੀ ਏ,
    ਖੂਨ ਜੋ ਵਹਾਇਆ ਓਹਨੇ,
    ਦਿੰਦਾ ਇਹ ਗਵਾਹੀ ਏ,
    ਜਾਨ ਜਿੰਨ੍ਹੇ ਵਾਰੀ ਮੇਰਾ ਸੱਚਾ ਰਖਵਾਲਾ ਹੈ।

    2. ਵੱਸ ਜਾਂਦਾ ਦਿਲਾਂ ਵਿੱਚ,
    ਪਾਕ ਰੋਟੀ ਬਣਕੇ,
    ਦੇ ਦਿੰਦਾ ਨਵਾਂ ਜੀਵਨ,
    ਪਾਕ ਲਹੂ ਬਣਕੇ,
    ਮੁਕਤੀ ਮੇਰੀ ਲਈ ਜਾਨ ਵਾਰਨ ਵਾਲਾ ਹੈ।

    3. ਟੁੱਟੇ ਦਿਲਾਂ ਵਾਲਿਆਂ ਦਾ,
    ਯਿਸੂ ਹੀ ਸਹਾਰਾ ਏ,
    ਪਿਆਰ ਕਰੇ ਸਭ ਨੂੰ,
    ਉਹ ਸਭ ਦਾ ਪਿਆਰਾ ਏ,
    ਯਾਰੀ ਲਾ ਕੇ ਤੋੜ ਨਿਭਾਉਣ ਵਾਲਾ ਹੈ।

    4. ਖਾਵੇ ਜੋ ਬਦਨ ਉਹਦਾ,
    ਜ਼ਿੰਦਗੀ ਉਹ ਪਾਂਵਦਾ,
    ਪੀਵੇ ਜੋ ਪਿਆਲੇ ਵਿੱਚੋਂ,
    ਪਿਆਸ ਬੁਝਾਂਵਦਾ,
    ਦਿਲਾਂ ਦੀਆਂ ਰੂ-ਬਰੂ ਜਾਨਣ ਵਾਲਾ ਹੈ।

  • ---

    ਜਦ ਅੰਬਰਾਂ ਦੇ ਵੱਲ ਤੱਕਦਾ ਹਾਂ
    ਦਿਲ ਡਰਦਾ ਤੇ ਜਾਨ ਕੰਬਦੀ ਏ।

    1. ਮੇਰੀ ਸੂਲੀ ਵਾਲਿਆ ਬਾਂਹ ਫੜ੍ਹ ਲੈ,
    ਮੇਰੀ ਜਾਨ ਗ਼ਮਾਂ ਨੇ ਘੇਰੀ ਏ,
    ਕੋਈ ਹੋਰ ਨਾ ਦਿੱਸਦਾ ਤੇਰੇ ਬਿਨਾਂ,
    ਬੱਸ ਨਜ਼ਰ ਤੈਨੂੰ ਹੀ ਤੱਕਦੀ ਏ।

    2. ਨਾ ਰੰਗ ਹੈ, ਨਾ ਢੰਗ ਕੋਈ,
    ਕਰਾਂ ਗੱਲ ਕਿਹੜੇ ਪਿਆਰ ਦੀ ਮੈਂ,
    ਚੰਗੀ ਗੱਲ ਕਰਾਂ ਤਾਂ ਚੰਗੀ ਲੱਗੇ,
    ਗੱਲ ਮੂੰਹੋਂ ਮਸੀਹ ਦੀ ਫੱਬਦੀ ਏ।

    3. ਮੇਰੇ ਸਿਰ ’ਤੇ ਭਾਰ ਗੁਨਾਹਾਂ ਦਾ,
    ਕਿੱਥੇ ਲੈ ਜਾਵਾਂ ਕਿੱਥੇ ਤੁਰ ਜਾਵਾਂ,
    ਬੱਸ ਯਿਸੂ ਮੇਰਿਆ ਸੁਣ ਮੇਰੀ,
    ਗੱਲ ਤੇਰੇ ਲੁਕੋਇਆ ਲੁਕਦੀ ਏ।

  • ---

    ਜ਼ਾਰ–ਜ਼ਾਰ ਮਰੀਅਮ ਰੋਂਦੀ,
    ਅੱਥਰੂਆਂ ਦੇ ਹਾਰ ਪਿਰੋਂਦੀ,
    ਗ਼ਮ ਦੀ ਤਲਵਾਰ ਉਸਦੇ,
    ਦਿਲ ਵਿੱਚੋਂ ਪਾਰ ਹੋ ਗਈ।

    1. ਸਿਰ ’ਤੇ ਡਿੱਗਾ ਭਾਰ ਗ਼ਮਾਂ ਦਾ,
    ਦਾਗੋਂ ਜੁਦਾਈ ਦੇਂਦਾ ਜਾਂਦਾ,
    ਪੁੱਤਰ ਦਾ ਮਾਤਮ ਕਰ-ਕਰ,
    ਡਾਢੀ ਲਾਚਾਰ ਹੋ ਗਈ।

    2. ਨਾ ਕੋਈ ਪਿੱਛੇ ਦਰਦੀ ਮੇਰਾ,
    ਹੋਇਆ ਚਾਰੇ ਕੂਟ ਹਨੇਰਾ,
    ਮੇਰੀ ਵੀ ਜ਼ਿੰਦਗੀ ਨਾਲੇ,
    ਸੂਲੀ ਸਾਚਾਰ ਹੋ ਗਈ।

    3. ਬੇ–ਤਰਸਾਂ ਨੂੰ ਤਰਸ ਨਾ ਆਇਆ,
    ਵਿੱਚ ਪਸਲੀ ਦੇ ਨੇਜ਼ਾ ਲਾਇਆ,
    ਸੂਲੀ ਦੇ ਹੇਠ ਖਲੋਤੀ,
    ਮਰੀਅਮ ਬੇਜ਼ਾਰ ਹੋ ਗਈ।

    4. ਇੱਕੋ ਸੀ ਫ਼ਰਜ਼ੰਦ ਪਿਆਰਾ,
    ਬੇਕਸੂਰ ਮਾਸੂਮ ਵਿਚਾਰਾ,
    ਉਹਦੀ ਵੀ ਦੁਨੀਆ ਉੱਤੋਂ
    ਜ਼ਿੰਦਗੀ ਨਿਸਾਰ ਹੋ ਗਈ।

    5. ਨਾ ਮੈਂ ਜੀਵਾਂ ਨਾ ਮੈਂ ਮੋਈ ਆਂ,
    ਪੂਰੀਆਂ ਹੋਈਆਂ ਪੇਸ਼ਨ–ਗੋਈਆਂ,
    ਨਬੀਆਂ ਦੇ ਰਾਹੀਂ ਜਿਹੜੀ,
    ਹੈਸੀ ਪੁਕਾਰ ਹੋ ਗਈ।

  • ---

    ਜ਼ਾਲਿਮਾਂ ਨੇ ਕੀਤੀ ਨਾ ਪਛਾਣ ਯਿਸੂ ਦੀ,
    ਸੂਲੀ ਉੱਤੇ ਟੰਗ ਦਿੱਤੀ ਜਾਨ ਯਿਸੂ ਦੀ।

    1. ਫ਼ਰੀਸੀਆਂ ਦੇ ਦਲ ਦੇ ਉਹ ਨਾਲ ਰਲ ਕੇ,
    ਆ ਗਿਆ ਯਹੂਦਾਹ ਸੀ ਚੜ੍ਹਾਈ ਕਰ ਕੇ,
    ਕੌਡੀਆਂ ਦੇ ਮੁੱਲ ਪਾਈ ਜਾਨ ਯਿਸੂ ਦੀ।

    2. ਕੰਡਿਆਂ ਦਾ ਤਾਜ ਸਿਰ ਉੱਤੇ ਰੱਖ ਕੇ,
    ਕਰਦੇ ਮਖੌਲ ਠੱਠੇ ਹੱਸ–ਹੱਸ ਕੇ,
    ਖੁੱਲ੍ਹੀ ਸੀ ਨਾ ਫਿਰ ਵੀ ਜ਼ੁਬਾਨ ਯਿਸੂ ਦੀ।

    3. ਹੱਥੀਂ ਪੈਰੀਂ ਕਿੱਲ ਠੋਕ ਸੂਲੀ ਚਾੜ੍ਹਿਆ,
    ਵੱਖੀ ਵਿੱਚ ਨੇਜ਼ਾ ਇੱਕ ਡੂੰਘਾ ਮਾਰਿਆ,
    ਮੌਤ ਕਿੰਨੀ ਵੇਖੋ ਸੀ ਮਹਾਨ ਯਿਸੂ ਦੀ।

  • ---

    ਜਿੰਦ ਯਿਸੂ ਨੂੰ ਸਲੀਬ
    ਉੱਤੇ ਟੰਗਣੀ ਪਈ,
    ਖ਼ਾਤਿਰ ਪਿਆਰ ਦੀ,
    ਉਹਦੇ ਖੂਨ ਵਿੱਚ ਜਿੰਦ
    ਸਾਨੂੰ ਰੰਗਣੀ ਪਈ,
    ਖ਼ਾਤਿਰ ਪਿਆਰ ਦੀ।

    1. ਸਾਨੂੰ ਝੂਠਿਆਂ ਤੇ ਪੀਰਾਂ ਨੇ
    ਸੀ ਮਾਰ ਸੁੱਟਿਆ,
    ਨਾਲੇ ਡਾਕੂਆਂ ਤੇ ਚੋਰਾਂ ਨੇ
    ਸੀ ਆਣ ਲੁੱਟਿਆ।
    ਸਾਡੇ ਜ਼ਖ਼ਮਾਂ ਤੇ ਪੱਟੀ
    ਉਹਨੂੰ ਬੰਨ੍ਹਣੀ ਪਈ,
    ਖ਼ਾਤਿਰ ਪਿਆਰ ਦੀ,
    ਜਿੰਦ ਯਿਸੂ ਨੂੰ ਸਲੀਬ
    ਉੱਤੇ ਟੰਗਣੀ ਪਈ,
    ਖ਼ਾਤਿਰ ਪਿਆਰ ਦੀ।

    2. ਮੁੱਲ ਉਹਦਿਆਂ ਦੁੱਖਾਂ ਦਾ
    ਅਸੀਂ ਨਹੀਂ ਪਾਇਆ ਸੀ,
    ਜਿਹੜਾ ਸਾਡੇ ਲਈ
    ਆਦਮੀ ਬਣ ਆਇਆ ਸੀ।
    ਚੜ੍ਹ੍ਹਕੇ ਸੂਲੀ ਉੱਤੇ ਮਾਫ਼ੀ
    ਉਹਨੂੰ ਮੰਗਣੀ ਪਈ,
    ਖ਼ਾਤਿਰ ਪਿਆਰ ਦੀ,
    ਜਿੰਦ ਯਿਸੂ ਨੂੰ ਸਲੀਬ
    ਉੱਤੇ ਟੰਗਣੀ ਪਈ,
    ਖ਼ਾਤਿਰ ਪਿਆਰ ਦੀ।

  • ---

    ਜਿਵੇਂ ਤੁਹਾਨੂੰ ਪਿਆਰ ਮੈਂ ਕੀਤਾ,
    ਕਰੋ ਤੁਸੀਂ ਵੀ, ਇੱਕ ਦੂਜੇ ਨਾਲ,
    ਆਖਰੀ ਖਾਣੇ ਦੇ ਵੇਲੇ ਯਿਸੂ,
    ਆਪਣੇ ਰਸੂਲਾਂ ਨੂੰ ਦਿੱਤੀ ਆਗਿਆ।

    1. ਵੇਖੋ ਪ੍ਰਭੂ ਆਪਣੇ ਚੇਲਿਆਂ ਦੇ,
    ਪੈਰਾਂ ਨੂੰ ਧੋਂਦਾ, ਪਿਆਰ ਨਾਲ ਚੁੰਮਦਾ,
    ਰੱਬ ਇਨਸਾਨ ਦਾ ਸੇਵਕ ਬਣਦਾ,
    ਦਿੰਦਾ ਨਮੂਨਾ ਦੁਨੀਆ ਨੂੰ ਪਿਆਰ ਦਾ।

    2. ਗੁਰੂ ਤੇ ਪ੍ਰਭੂ ਹੈ ਯਿਸੂ ਤੇਰਾ,
    ਹੈ ਉਸ ਤੋਂ ਬਗ਼ੈਰ, ਨਾ ਕੋਈ ਤੇਰਾ,
    ਮਸੀਹ ਨੂੰ ਪ੍ਰਭੂ ਮੰਨਣ ਵਾਲੇ,
    ਇੱਕ ਦੂਜੇ ਦੇ ਪੈਰਾਂ ਨੂੰ ਧੋ ਲੈ।

    3. ਜੀਵਨ, ਰਾਹ ਤੇ ਸੱਚਾਈ ਯਿਸੂ,
    ਇਸ ਦੁਨੀਆ ਦਾ ਚਾਨਣ ਵੀ ਯਿਸੂ,
    ਜੋ ਕੋਈ ਉਹਦੇ ਰਾਹ ’ਤੇ ਚੱਲਦਾ,
    ਉਹ ਅਪਨਾਦਾ ਜੀਵਨ ਖ਼ੁਸ਼ੀ ਦਾ।

  • ---

    ਜ਼ਿੰਦਾ ਹੋ ਗਿਆ ਯਿਸੂ ਪਿਆਰਾ,
    ਗ਼ਮ ਮੁੱਕ ਗਿਆ ਜੀ ਅੱਜ ਸਾਰਾ,
    ਤੇ ਉੱਕਾ ਮੁੱਕਾ ਸਾਰਾ,
    ਗਿੱਧਾ ਪਾਓ ਰਲ–ਮਿਲ ਕੇ,
    ਗਿੱਧਾ ਪਾਓ, ਗਿੱਧਾ ਪਾਓ
    ਰਲ ਮਿਲ ਕੇ।

    1. ਸਾਰੇ ਪਾਸੇ ਚਰਚਾ ਹੋਈ
    ਕਬਰ ਪਈ ਜੇ ਖ਼ਾਲੀ,
    ਐਸੀ ਮਿਠੜੀ ਹਵਾ ਚੱਲੀ ਅੱਜ,
    ਨੱਚਦੀ ਏ ਡਾਲੀ–ਡਾਲੀ,
    ਹਾਲੇਲੂਯਾਹ ਦਾ ਮਾਰੋ ਨਾਅਰਾ,
    ਗ਼ਮ ਮੁੱਕ ਗਿਆ ਜੇ ਅੱਜ ਸਾਰਾ,
    ਤੇ ਉੱਕਾ ਮੁੱਕਾ ਸਾਰਾ,
    ਗਿੱਧਾ ਪਾਓ ਰਲ–ਮਿਲ ਕੇ,
    ਗਿੱਧਾ ਪਾਓ, ਗਿੱਧਾ ਪਾਓ
    ਰਲ ਮਿਲ ਕੇ ।

    2. ਪਹਿਰੀਆਂ ਨੇ ਸੀ ਪਹਿਰੇ ਲਾਏ,
    ਯਿਸੂ ਦੀ ਕਬਰ ’ਤੇ ਜਾ ਕੇ,
    ਲਾਸ਼ ਨੂੰ ਕੋਈ ਲੈ ਨਾ ਜਾਵੇ,
    ਚੁੱਪ ਚੁਪੀਤੇ ਲੁਕਾ ਕੇ,
    ਕੋਈ ਚੱਲਿਆ ਨਾ ਉਹਨਾਂ ਦਾ ਚਾਰਾ,
    ਗ਼ਮ ਮੁੱਕ ਗਿਆ ਜੇ ਅੱਜ ਸਾਰਾ,
    ਤੇ ਉੱਕਾ ਮੁੱਕਾ ਸਾਰਾ,
    ਗਿੱਧਾ ਪਾਓ ਰਲ-ਮਿਲ ਕੇ,
    ਗਿੱਧਾ ਪਾਓ, ਗਿੱਧਾ ਪਾਓ
    ਰਲ ਮਿਲ ਕੇ।

    3. ਖ਼ੁਸ਼ੀਆਂ ਦਾ ਅੱਜ ਵੇਲਾ ਆਇਆ,
    ਗੀਤ ਖ਼ੁਸ਼ੀ ਦੇ ਗਾਓ,
    ਮੌਤ ਨੂੰ ਯਿਸੂ ਜਿੱਤ ਗਿਆ ਜੇ,
    ਸਭ ਨੂੰ ਇਹ ਗੱਲ ਸੁਣਾਓ,
    ਉੱਠ ਦੁਖੀਏ ਤੂੰ ਵੇਖ ਨਜ਼ਾਰਾ,
    ਗ਼ਮ ਮੁੱਕ ਗਿਆ ਜੇ ਅੱਜ ਸਾਰਾ,
    ਤੇ ਉੱਕਾ ਮੁੱਕਾ ਸਾਰਾ, ਗਿੱਧਾ ਪਾਓ
    ਰਲ-ਮਿਲ ਕੇ,
    ਗਿੱਧਾ ਪਾਓ, ਗਿੱਧਾ ਪਾਓ
    ਰਲ ਮਿਲ ਕੇ।

  • ---

    1. ਜੇਕਰ ਦੀਵੇ ਨੂੰ ਬਾਲ਼ਦੇ ਤੇਲ ਪਾ ਕੇ,
    ਇਵੇਂ ਰੁੱਖਾਂ ਨੂੰ ਪਾਣੀ ਵੀ ਹਰਾ ਕਰਦੇ।

    2. ਨਦੀ ਰੱਬ ਦੇ ਫ਼ਜ਼ਲ ਦੀ ਪਈ ਵਗਦੀ,
    ਰੂਹਾਂ ਸਾਡੀਆਂ ਨੂੰ ਉਹ ਹਰਾ ਰੱਖੇ।

    3. ਵਾਹ ਲੱਗਦੀ ਸਾਡੀ ਨਾ ਕੁਝ ਇੱਥੇ,
    ਖ਼ੁਦਾ ਰੱਖਦਾ ਫ਼ਜ਼ਲ ਦਾ ਹੱਥ ਦੇ ਕੇ।

    4. ਤੇਰੇ ਫ਼ਜ਼ਲ ਦੇ ਉੱਤੇ ਹੈ ਆਸ ਸਾਡੀ,
    ਅਸੀਂ ਮੂਲ ਨਾ ਆਪ ’ਤੇ ਆਸ ਧਰਦੇ।

    5. ਸਾਨੂੰ ਕਿਤੇ ਨਾ ਚੈਨ ਆਰਾਮ ਮਿਲੇ ਸੀ,
    ਤੇਰੇ ਪੈਰਾਂ ਦੇ ਹੇਠ ਆਰਾਮ ਕਰਦੇ।

    6. ਤੇਰੇ ਕੌਲ ਦੇ ਉੱਤੇ ਯਕੀਨ ਸਾਡਾ,
    ਤੇਰੇ ਪਿਆਰ ’ਤੇ ਜਾਨ ਨਿਸਾਰ ਕਰਦੇ।

  • ---

    ਜਾਵਾਂ ਨਾਮ ਉਹਦੇ ਤੋਂ ਮੈਂ ਸਦਕੇ,
    ਜਿਸ ਸ਼ਾਨ ਬਣਾਈ, ਮਰੀਅਮ ਦੀ,
    ਨਾਲੇ ਇਸ ਜੱਗ ’ਤੇ ਨਾਲੇ ਉਸ ਜੱਗ ’ਤੇ,
    ਦੂਣੀ ਸ਼ਾਨ ਵਧਾਈ ਮਰੀਅਮ ਦੀ।

    1. ਯਿਸੂ ਮਰੀਅਮ ਦਾ ਮੰਨ ਹੁਕਮ ਲਿਆ,
    ਦਿੱਤਾ ਪਾਣੀ ਦਾ ਮੈਅ ਸੀ ਉਸ ਬਣਾ,
    ਭਾਵੇਂ ਵਕਤ ਨਹੀਂ ਅਜੇ ਆਇਆ ਸੀ,
    ਨਹੀਂ ਗੱਲ ਪਰਤਾਈ ਮਰੀਅਮ ਦੀ।

    2. ਹੱਵਾ ਕੋਲੋਂ ਜੱਗ ’ਤੇ ਮੌਤ ਆਈ,
    ਪਰ ਮਰੀਅਮ ਨਾਲ ਨਜਾਤ ਆਈ,
    ਹੱਵਾ ਹਾਰ ਗਈ, ਗਈ ਜਿੱਤ ਮਰੀਅਮ,
    ਡਿੱਠੀ ਅਜਬ ਲੜਾਈ, ਮਰੀਅਮ ਦੀ।

    3. ਉਹਦੇ ਵਾਂਗ ਕਿਸੇ ਦੀ ਸ਼ਾਨ ਨਹੀਂ,
    ਕੋਈ ਵਿੱਚ ਦੁਨੀਆ ਇਨਸਾਨ ਨਹੀਂ,
    ਜਬਰਾਏਲ ਕੋਲੋਂ ਖ਼ੁਦਾ ਖ਼ਾਲਿਕ ਨੇ,
    ਤਾਜ਼ੀਮ ਕਰਾਈ ਮਰੀਅਮ ਦੀ।

    4. ਸੇਵਾਦਾਰ ਮੁਬਾਰਿਕ ਮਰੀਅਮ ਦਾ,
    ਨਾ ਹਲਾਕ ਕਦੀ ਵੀ ਹੋਵੇਗਾ,
    ਪਰ ਅਸਲ ਸਿਫਾਰਿਸ਼ ਕਈ ਵਾਰ,
    ਅਸਾਂ ਹੀ ਅਜ਼ਮਾਈ ਮਰੀਅਮ ਦੀ।

    5. ਉਹਨੂੰ ਰੋਜ਼-ਏ-ਅਜ਼ਲ ਤੋਂ ਚੁਣਿਆ ਖ਼ੁਦਾ,
    ਨਾਲੇ ਘਰ ਮਰੀਅਮ ਦੇ ਜਨਮ ਲਿਆ,
    ਆਖੋ ਧੰਨ–ਧੰਨ ਸਾਰੇ ਮਰੀਅਮ ਨੂੰ,
    ਨਾਲੇ ਧੰਨ ਕਮਾਈ ਮਰੀਅਮ ਦੀ।

  • ---

    1. ਜਿੰਦ ਕਿਉਂ ਨਾ ਮਸੀਹ ਉੱਤੋਂ ਵਾਰਾਂ,
    ਮੈਂ ਜਿੰਦ ਕਿਉਂ ਨਾ ਮਸੀਹ ਤੋਂ ਵਾਰਾਂ।

    2. ਸਦਾ ਨਾ ਬਾਗ਼ੀਂ ਬੁਲਬੁਲ ਬੋਲੇ,
    ਸਦਾ ਨਾ ਐਸ਼ ਬਹਾਰਾਂ।

    3. ਸਦਾ ਨਾ ਰਹਿੰਦਾ ਹੁਸਨ ਜਵਾਨੀ,
    ਸਦਾ ਨਾ ਸੰਗਤ ਯਾਰਾਂ।

    4. ਮਿੱਟੀ ਓੜਨਾ ਮਿੱਟੀ ਵਿਛੌਣਾ,
    ਮਿੱਟੀ ਦਾ ਸਿਰਹਾਣਾ।

    5. ਜਿਨ੍ਹਾਂ ਲਈ ਤੂੰ ਪਾਪ ਕਮਾਵੇਂ,
    ਨਾਲ ਕਿਸੇ ਨਾ ਜਾਣਾ।

    6. ਇਹ ਦੁਨੀਆ ਦਿਨ ਚਾਰ ਦਿਹਾੜੇ,
    ਬੈਠ ਕਿਸੇ ਨਹੀਂ ਰਹਿਣਾ।

  • ---

    ਜਾਵੀਂ ਗਾਫ਼ਲਾ ਨਾ ਉੱਕ ਵੇ, ਉੱਕ ਵੇ, ਉੱਕ ਵੇ,
    ਯਿਸੂ ਪਾਕ ਤੋਂ ਨਾ ਲੁਕ ਵੇ, ਲੁਕ ਵੇ, ਲੁਕ ਵੇ।

    1. ਹੌਲੀ–ਹੌਲੀ ਪੈਣੇ ਈਂ ਅੰਤ ਵਿਛੋੜੇ,
    ਉਮਰ ਤੇਰੀ ਦੇ ਰੋਜ਼ ਨੇ ਥੋੜ੍ਹੇ,
    ਜਾਣੇ ਇਹ ਦਿਨ ਨੇ ਮੁੱਕ ਵੇ, ਮੁੱਕ ਵੇ, ਮੁੱਕ ਵੇ।

    2. ਇੱਕ ਪਲ ਦਾ ਜੱਗ ਰੈਣ ਬਸੇਰਾ,
    ਨਾ ਤੂੰ ਕਿਸੇ ਦਾ ਨਾ ਕੋਈ ਤੇਰਾ,
    ਇੱਕ ਖ਼ਾਕ ਦਾ ਹੈ ਬੁੱਕ ਵੇ, ਬੁੱਕ ਵੇ, ਬੁੱਕ ਵੇ।

    3. ਲੱਖ–ਲੱਖ ਵਾਰੀ ਯਿਸੂ ਹੁਕਮ ਸੁਣਾਇਆ,
    ਸਮਝ ਤੇਰੀ ਵਿੱਚ ਕੱਖ ਨਹੀਂ ਆਇਆ,
    ਆ ਸਲੀਬ ਨੂੰ ਚੁੱਕ ਵੇ, ਚੁੱਕ ਵੇ, ਚੁੱਕ ਵੇ।

    4. ਕੋਲ ਤੇਰੇ ਵਗਦਾ ਹੈ ਜ਼ਿੰਦਗੀ ਦਾ ਪਾਣੀ,
    ਗਫ਼ਲਤ ਵਿੱਚ ਲੰਘ ਗਈ ਜ਼ਿੰਦਗਾਨੀ,
    ਗਿਆ ਜ਼ਿੰਦਗਾਨੀ ਦਾ ਰੁੱਖ ਸੁੱਕ ਵੇ, ਸੁੱਕ ਵੇ, ਸੁੱਕ ਵੇ।

    5. ਕਰਦਿਆਂ ਕਰਦਿਆਂ ਰਾਹ ਵਿੱਚ ਰਹੀਆਂ,
    ਹੁਣ ਕਿਉਂ ਆਣ ਦਲੀਲਾਂ ਪਈਆਂ,
    ਗਿਉਂ ਨੇਕੀਉਂ ਕਿਉਂ ਰੁੱਕ ਵੇ, ਰੁੱਕ ਵੇ, ਰੁੱਕ ਵੇ।

  • ---

    ਜੀਵਨ ਮਿਲਿਆ-ਮਿਲਿਆ,
    ਆਸ਼ੀਸ਼ ਠਹਿਰੀ-ਠਹਿਰੀ,
    ਬਰਕਤ ਆਈ-ਆਈ, ਐ ਖ਼ੁਦਾ।
    ਬੰਧਨ ਟੁੱਟ ਗਏ-ਟੁੱਟ ਗਏ,
    ਗ਼ਮ ਵੀ ਮੁੱਕ ਗਏ-ਮੁੁੱਕ ਗਏ,
    ਅਥਰੂ ਸੁੱਕ ਗਏ-ਸੁੱਕ ਗਏ, ਐ ਖ਼ੁਦਾ।

    1. ਮੇਰੀ ਢਾਲ ਉਹ ਬਣ ਜਾਂਦਾ,
    ਖਿਆਲ ਰੱਖਦਾ ਹਰ ਪੱਲ ਦਾ,
    ਮੇਰੇ ਦੁੱਖ-ਸੁੱਖ ਦਾ ਸਾਂਝੀ,
    ਮੇਰੇ ਨਾਲ-ਨਾਲ ਚੱਲਦਾ,
    ਨਾ ਮੈਂ ਅੱਕਣਾ-ਅੱਕਣਾ,
    ਨਾ ਮੈਂ ਥੱਕਣਾ-ਥੱਕਣਾ,
    ਕਰਾਂਗਾ ਮਹਿਮਾ-ਮਹਿਮਾ, ਐ ਖ਼ੁਦਾ।

    2. ਇਮਾਨ ਜੋ ਮੈਂ ਕਰਿਆ,
    ਪੱਲਾ ਯਿਸੂ ਦਾ ਫੜ੍ਹਿਆ,
    ਓਹਨੇ ਤਰਸ ਮੇਰੇ ’ਤੇ ਖਾ,
    ਮੈਨੂੰ ਚੰਗਾ ਵੀ ਕਰਿਆ,
    ਸਾਹ ਮੇਰੇ ਚੜ੍ਹ ਗਏ-ਚੜ੍ਹ ਗਏ,
    ਡੁੱਬੇ ਵੀ ਤਰ ਗਏ-ਤਰ ਗਏ,
    ਦੁਸ਼ਮਣ ਹਰ ਗਏ-ਹਰ ਗਏ, ਐ ਖ਼ੁਦਾ।

    3. ਯਿਸੂ ਜੀਵਨ ਦਾ ਦਰਿਆ,
    ਵਿੱਚ ਚਾਹੁੰਦਾ ਹਾਂ ਤੈਰਨਾ,
    ਮੇਰੇ ਜਿਹੇ ਪਾਪੀ ਦਾ ਹੱਥ ਯਿਸੂ ਨੇ ਫੜ੍ਹਨਾ,
    ਨਾ ਕੋਈ ਲੱਭਿਆ-ਲੱਭਿਆ, ਨਾ ਕੋਈ ਹੋਣਾ-ਹੋਣਾ,
    ਤੇਰੇ ਜਿਹਾ ਸੋਹਣਾ-ਸੋਹਣਾ, ਐ ਖ਼ੁਦਾ।

  • ---

    ਜਾਗੋ-ਜਾਗੋ ਨੌਜਵਾਨੋ,
    ਸਾਡੇ ਵਿਚ ਪ੍ਰਭੂ ਰਹਿੰਦਾ ਹੈ।

    1. ਸਾਡਾ ਰੂਪ ਖ਼ੁਦਾ ਦਾ ਹੈ,
    ਸਾਡੀ ਸ਼ਕਲ ਖ਼ੁਦਾ ਦੀ ਹੈ,
    ਕਰੋ ਖ਼ੁਦਾ ਨੂੰ ਹਰ ਦਮ ਯਾਦ,
    ਕਰੋ ਖ਼ੁਦਾ ਦਾ ਨਿਤ ਧੰਨਵਾਦ।

    2. ਸਾਡਾ ਜੋ ਮਨ ਮੰਦਰ ਹੈ,
    ਰੱਬ ਰਹਿੰਦਾ ਇਸ ਅੰਦਰ ਹੈ,
    ਆਪਣੇ ਤਨ ਨੂੰ ਪਾਕ ਬਣਾਉ,
    ਪਾਪਾਂ ਵਿਚ ਨਾ ਡਿੱਗਦੇ ਜਾਉ।

    3. ਰੱਬ ਦਾ ਘਰ ਹੈ ਸਾਡਾ ਦਿਲ,
    ਰੱਬ ਦਾ ਸੋਹਣਾ ਮੰਦਰ ਹੈ,
    ਇਹਨੂੰ ਪਾਕ ਬਣਾਕੇ ਰੱਖੋ,
    ਫ਼ਜ਼ਲਾਂ ਨਾਲ ਭਰਪੂਰ ਕਰੋ।

    4. ਰੱਬ ਦਾ ਘਰ ਹੈ ਸਾਡਾ ਦਿਲ,
    ਰੱਬ ਦਾ ਸੋਹਣਾ ਮੰਦਰ ਹੈ,
    ਇਹਨੂੰ ਪਾਕ ਬਣਾ ਕੇ ਰੱਖੋ,
    ਫ਼ਜ਼ਲਾਂ ਨਾਲ ਭਰਪੂਰ ਕਰੋ।

  • ---

    ਜੰਗਲ ਵਿੱਚ ਮੰਗਲ ਲਾਇਆ, ਸਾਡੇ ਈਸਾ ਨੇ।

    1. ਇੱਕ ਦਿਨ ਮਰੀਅਮ ਕੋਲ ਫਰਸ਼ਿਤੇ,
    ਆਣ ਸਲਾਮ ਬੁਲਾਇਆ।

    2. ਵੇਖ ਫਰਿਸ਼ਤਾ ਮਰੀਅਮ ਡਰ ਗਈ,
    ਇਹ ਕੀ ਖ਼ਬਰ ਲਿਆਇਆ।

    3. ਕਿਹਾ ਫਰਿਸ਼ਤੇ ਨਾ ਡਰ ਮਰੀਅਮ,
    ਰੱਬ ਨੇ ਕਰਮ ਕਮਾਇਆ।

    4. ਘਰ ਮਰੀਅਮ ਦੇ ਪੈਦਾ ਹੋਇਆ,
    ਈਸਾ ਨਾਮ ਰਖਾਇਆ।

    5. ਬੈਤਲਹਮ ਵਿੱਚ ਅੱਧੀ ਰਾਤੀਂ,
    ਖੁਰਲੀ ਡੇਰਾ ਲਾਇਆ।

    6. ਪੂਰਬ ਦੇਸ਼ੋਂ ਆਏ ਮਜੂਸੀ,
    ਤਾਰੇ ਰਾਹ ਦਿਖਲਾਇਆ।

    7. ਧੰਨ–ਧੰਨ ਕਰਦੇ ਫਿਰਨ ਅਯਾਲੀ,
    ਦਰਸ਼ਨ ਆ ਕੇ ਪਾਇਆ।

    8. ਆਇਆ ਯਿਸੂ ਸਾਡੀ ਖਾਤਿਰ,
    ਆਪਣਾ ਰੂਪ ਵਟਾਇਆ।

    9. ਧੰਨ–ਧੰਨ ਮਰੀਅਮ ਪਾਕ ਕੁਆਰੀ,
    ਧੰਨ–ਧੰਨ ਉਹਦਾ ਜਾਇਆ।

  • ---

    ਜਿਹੜਾ ਜਾਗਦਾ ਹੈ ਉਸੇ ਦੀ ਸਵੇਰ ਬੰਦਿਆ,
    ਵੇਲਾ ਹੱਥ ਨਹੀਂਓਂ ਆਉਣਾ ਤੇਰੇ ਫੇਰ ਬੰਦਿਆ।

    1. ਤੇਰੇ ਲਈ ਤਾਂ ਆਈਆਂ ਰੁੱਤਾਂ ਸੋਹਣੀਆਂ ਤੇ ਪਿਆਰੀਆਂ,
    ਪਾਪਾਂ ਤੋਂ ਆਜ਼ਾਦ ਹੋ ਕੇ ਮਾਰ ਲੈ ਉਡਾਰੀਆਂ,
    ਤੇਰੇ ਲਈ ਨਾ ਰਹੀ ਕੋਈ ਦੇਰ ਬੰਦਿਆ।

    2. ਤੌਬਾ ਦਾ ਜ਼ਮਾਨਾ ਆਇਆ ਇੱਥੋਂ ਉੱਕ ਜਾਵੀਂ ਨਾ,
    ਤੌਬਾ ਤੂੰ ਕਰਨ ਤੋਂ ਭੁੱਲ ਕੇ ਸ਼ਰਮਾਵੀਂ ਨਾ,
    ਤੇਰੇ ਲਈ ਨਾ ਰਹੀ ਕੋਈ ਦੇਰ ਬੰਦਿਆ।

    3. ਯਿਸੂ ਜੀ ਨੂੰ ਨੂਰ ਸਾਰੀ ਦੁਨੀਆ ਦਾ ਆਖਦੇ,
    ਪੜ੍ਹ ਕੇ ਕਲਾਮ ਉਹਦਾ ਬੰਦੇ ਨੇ ਵਿਚਾਰਦੇ,
    ਯਿਸੂ ਨਾਸਰੀ ਦੇ ਬਿਨਾਂ ਨਹੀਂ ਕੋਈ ਹੋਰ ਬੰਦਿਆ।

  • ---

    ਜਿਉਂ-ਜਿਉਂ ਦੁਖੀਆਂ ਦੇ ਦੁੱਖ ਦਾ
    ਪੈਮਾਨਾ ਭਰਦਾ ਜਾਏਗਾ,
    ਮੈਨੂੰ ਇਹ ਵਿਸ਼ਵਾਸ ਹੈ
    ਮੇਰਾ ਪਿਆਰਾ ਯਿਸੂ ਆਏਗਾ।

    1. ਐ ਦੁਨੀਆ ਦੇ ਲੋਕੋ,
    ਉਸ ਦੀਆਂ ਰਾਹਾਂ ਨੂੰ ਤਿਆਰ ਕਰੋ,
    ਉਸਦੇ ਸੁਆਗਤ ਵਾਲੀ
    ਬੁਸ਼ਾਰਤ ਦਾ ਮਿਲ ਕੇ ਸਤਿਕਾਰ ਕਰੋ,
    ਪ੍ਰੇਮ, ਮਿਲਾਪ ਤੇ ਭਾਈਚਾਰੇ ਦੀ ਖ਼ੁਸ਼ਬੂ ਫੈਲਾਏਗਾ।

    2. ਤੌਬਾ ਕਰੋ ਗ਼ੁਨਾਹਾਂ ਤੋਂ
    ਸੱਚੇ ਰਾਸਤਬਾਜ਼ ਬਣੋ,
    ਇਸ ਧਰਤੀ ਦੀ ਹਰਿਆਲੀ ਦੀ
    ਨਿਰਮਲ ਜਿਹੀ ਆਵਾਜ਼ ਬਣੋ,
    ਤਪੀਆਂ-ਖਪੀਆਂ ਰੂਹਾਂ ਲਈ
    ਉਹ ਆਪਣੀ ਠੰਡ ਵਰਤਾਏਗਾ।

  • ---

    ਜੱਗ ਉੱਤੇ ਹੋਈ ਅੱਜ ਨਜ਼ਰ ਕਰਮ ਦੀ,
    ਦੂਤਾਂ ਨੇ ਖ਼ਬਰ ਦਿੱਤੀ ਯਿਸੂ ਦੇ ਜਨਮ ਦੀ।

    1. ਅਰਸ਼ ਛੱਡ ਆ ਗਿਆ, ਜੋ ਤਖ਼ਤ ਅਸਮਾਨੋਂ,
    ਚਰਨੀ ’ਚ ਪੈਦਾ ਹੋਇਆ, ਹੋ ਕੇ ਬਾਦਸ਼ਾਹ ਉਹ,
    ਹੋਈ ਬਰਸਾਤ ਅੱਜ ਦੁਨੀਆ ’ਤੇ ਰਹਿਮ ਦੀ,
    ਦੂਤਾਂ ਨੇ ਖ਼ਬਰ ਦਿੱਤੀ ਯਿਸੂ ਦੇ ਜਨਮ ਦੀ।

    2. ਮੁਕਤੀਦਾਤਾ ਆਇਆ, ਸੁਣੋ ਗੁਨਾਹਗਾਰੋ,
    ਦੇਵੇਗਾ ਨਜਾਤ, ਨਾਅਰੇ ਖ਼ੁਸ਼ੀ ਦੇ ਮਾਰੋ,
    ਖ਼ੁਸ਼ੀਆਂ ਮਨਾਓ, ਗੱਲ ਨਹੀਂ ਕੋਈ ਗ਼ਮ ਦੀ,
    ਦੂਤਾਂ ਨੇ ਖ਼ਬਰ ਦਿੱਤੀ ਯਿਸੂ ਦੇ ਜਨਮ ਦੀ।

    3. ਜ਼ਮੀਨ, ਅਸਮਾਨ ਨਾਲ ਗਾਉਂਦੇ ਨੇ ਫਰਿਸ਼ਤੇ,
    ਆ ਗਿਆ ਮਿਲਾਣ, ਟੁੱਟੇ ਰੱਬ ਨਾਲ ਰਿਸ਼ਤੇ,
    ਮਹਿਕੀ ਫਜ਼ਾ ਅੱਜ ਬੈਤਲਹਮ ਦੀ,
    ਦੂਤਾਂ ਨੇ ਖ਼ਬਰ ਦਿੱਤੀ ਯਿਸੂ ਦੇ ਜਨਮ ਦੀ।

  • ---

    ਜਦੋਂ ਬਰਕਤ ਮਿਲਦੀ ਏ,
    ਦਿਵਾਨੇ ਉਦੋਂ ਨੱਚਦੇ ਨੇ,
    ਜਦੋਂ ਮੱਸਾਹ ਮਿਲ ਜਾਂਦਾ ਏ,
    ਦਿਵਾਨੇ ਉਦੋਂ ਨੱਚਦੇ ਨੇ।

    1. ਖ਼ੁਸ਼ੀਆਂ ਦੇ ਗੀਤ ਸਦਾ,
    ਯਿਸੂ ਲਈ ਗਾਵਾਂਗੇ,
    ਯਿਸੂ ਸਾਡੇ ਨਾਲ,
    ਉਹਦੀ ਜੈ ਜੈ ਗਾਵਾਂਗੇ,
    ਜਦੋਂ ਯਿਸੂ ਨਾਲ ਚੱਲਦਾ ਏ,
    ਦਿਵਾਨੇ ਉਦੋਂ ਨੱਚਦੇ ਨੇ।

    2. ਯਿਸੂ ਸੋਹਣਾ ਵੇਖੋ ਸਾਡੇ,
    ਕੰਮ ਜੇ ਸਵਾਰਦਾ,
    ਹੱਥ ਫੜ੍ਹ ਸਾਡਾ,
    ਸਾਨੂੰ ਡੁੱਬਿਆਂ ਨੂੰ ਤਾਰਦਾ,
    ਜਦੋਂ ਸੋਹਣਾ ਹੱਥ ਫੜ੍ਹਦਾ ਏ,
    ਦਿਵਾਨੇ ਉਦੋਂ ਨੱਚਦੇ ਨੇ।

    3. ਬਾਦਸ਼ਾਹ ਜਲਾਲੀ,
    ਉਹ ਦਿਲਾਂ ਦੀਆਂ ਜਾਣਦਾ,
    ਰੋਗਾਂ ਦੀ ਦਵਾ,
    ਸਭ ਮਰਜ਼ ਪਛਾਣਦਾ,
    ਜਦੋਂ ਸ਼ਾਫ਼ੀ ਮਿਲ ਜਾਂਦਾ ਏ,
    ਦਿਵਾਨੇ ਉਦੋਂ ਨੱਚਦੇ ਨੇ।

  • ---

    ਜਾਨ ਦੇ ਕੇ ਮੇਰੇ ਲਈ, ਦੁੱਖ ਆਪ ਚਾ ਲਿਆ,
    ਆ ਕੇ ਮੈਨੂੰ ਮਰਦੇ ਨੂੰ, ਸ਼ਾਫ਼ੀ ਨੇ ਬਚਾ ਲਿਆ।

    1. ਉਹਦੇ ਬਾਝੋਂ ਮੇਰਾ ਕੋਈ, ਬਣਿਆ ਹਬੀਬ ਨਾ,
    ਹੋਰ ਕੋਈ ਉਹਦੇ ਜਿਹਾ, ਦਿਸਿਆ ਤਬੀਬ ਨਾ,
    ਸਭ ਨੂੰ ਮੈਂ ਆਪਣਾ ਸੀ, ਮਰਜ਼ ਵਿਖਾ ਲਿਆ।

    2. ਯਿਸੂ ਪਿੱਛੇ ਚੱਲਣਾ ਮੈਂ ਰਾਹ ਭਾਵੇਂ ਔਖਾ ਏ,
    ਆਉਣਾ ਨਹੀਂ ਫ਼ਰੇਬ ਵਿੱਚ ਦੁਨੀਆ ਇਹ ਧੋਖਾ ਏ,
    ਬੜ੍ਹਾ ਚਿਰ ਜੱਸ ਦਾ ਮੈਂ, ਡੰਗ ਵੀ ਆ ਖਾ ਲਿਆ।

    3. ਆਵੇ ਉਹਦੇ ਕੋਲ ਜਿਹੜਾ ਹੋ ਜਾਂਦਾ ਸਾਫ਼ ਏ,
    ਪਾਪੀ ਬਦਕਾਰਾਂ ਨੂੰ ਉਹ ਕਰ ਦਿੰਦਾ ਮਾਫ਼ ਏ,
    ਉਹਦੇ ਅੱਗੇ ਆਪਣੇ ਮੈਂ, ਸਿਰ ਨੂੰ ਝੁਕਾ ਲਿਆ।

  • ---

    ਜਿੰਨੇ ਵਿੱਚ ਰੱਖਣਾ ਉਹ ਚਾਹੁੰਦਾ ਏ,
    ਓਨੇ ਵਿੱਚ ਰਾਜ਼ੀ ਹੋ ਕੇ ਰਹੀਏ।
    ਰੱਬ ਦਾ ਵਚਨ ਵੀ ਸਿਖਾਉਂਦਾ ਏ,
    ਓਨੇ ਵਿੱਚ ਰਾਜ਼ੀ ਹੋ ਕੇ ਰਹੀਏ।

    1. ਭੁੱਖ ਨੂੰ ਖਲਾਰੇਂਗਾ ਤੇ ਬਹੁਤਾ ਨਹੀਂਓਂ ਮਿਲਣਾ,
    ਇੰਝ ਨਹੀਂਓਂ ਖ਼ੁਸ਼ੀਆਂ ਦਾ ਵਿਹੜਾ ਤੇਰਾ ਖਿਲਣਾ,
    ਥੋੜ੍ਹੇ ਵਿੱਚ ਉਹ ਵਾਧਾ ਪਾਉਂਦਾ ਏ,
    ਓਨੇ ਵਿੱਚ ਰਾਜ਼ੀ ਹੋ ਕੇ ਰਹੀਏ।

    2. ਨੇਕ ਆਯੂਬ ਵਾਂਗੂੰ ਸਿਦਕ ਨਿਭਾਲਾ ਤੂੰ,
    ਦੁੱਖ ਚਾਹੇ ਜਿੰਨੇ ਆਉਣ ਸੀਨੇ ਨਾਲ ਲਾ ਲੈ ਤੂੰ,
    ਦੁੱਖ ਪਾ ਕੇ ਸੁੱਖ ਆਉਂਦਾ ਏ,
    ਓਨੇ ਵਿੱਚ ਰਾਜ਼ੀ ਹੋ ਕੇ ਰਹੀਏ।

    3. ਜ਼ਿੰਦਗੀ ਦੇ ਰਾਹਾਂ ਵਿਚ ਸਾਹਾਂ ਦਾ ਕੀ ਭੇਦ ਏ,
    ਚਾਰ ਦਿਨ ਦਾ ਪ੍ਰਾਹੁਣਾ ਕਿਹੜਾ ਤੇਰਾ ਦੇਸ਼ ਏ,
    ਜਦੋਂ ਜੀ ਚਾਹੇ ਉਹ ਬਲਾਉਂਦਾ ਏ,
    ਓਨੇ ਵਿੱਚ ਰਾਜ਼ੀ ਹੋ ਕੇ ਰਹੀਏ।

    4. ਕਦੇ ਵੀ ਤੂੰ ਦਿਲ ਬੰਦੇ ਕਿਸੇ ਦਾ ਦੁਖਾਵੀਂ ਨਾ,
    ਕੋਈ ਚਾਹੇ ਦੁੱਖ ਦੇਵੇ ਕਿਸੇ ਨੂੰ ਸਤਾਵੀਂ ਨਾ,
    ਕਰ ਤੂੂੰ ਪਿਆਰ ਜੋ ਸਤਾਉਂਦਾ ਏ,
    ਓਨੇ ਵਿੱਚ ਰਾਜ਼ੀ ਹੋ ਕੇ ਰਹੀਏ।

  • ---

    ਜਦੋਂ ਰੂਹ ਨਾਲ ਹੋਵੇ ਦੁਆ,
    ਤੇ ਮੋਜਜ਼ੇ ਹੁੰਦੇ ਨੇ,
    ਜਦੋਂ ਉੱਤਰੇ ਆਪ ਖ਼ੁਦਾ,
    ਤੇ ਮੋਜਜ਼ੇ ਹੁੰਦੇ ਨੇ।

    1. ਮੰਜੀ ਉੱਤੇ ਆਵਣ ਵਾਲੇ,
    ਪੈਰੀਂ ਤੁਰਕੇ ਜਾਂਦੇ ਨੇ,
    ਜਨਮ ਜਨਮ ਦੇ ਅੰਨ੍ਹੇ
    ਉਸ ਤੋਂ ਅੱਖਾਂ ਪਾਉਂਦੇ ਨੇ,
    ਯਿਸੂ ਨਾਂ ਵਿੱਚ ਬੜ੍ਹੀ ਸ਼ਿਫ਼ਾ
    ਤੇ ਮੋਜਜ਼ੇ ਹੁੰਦੇ ਨੇ।

    2. ਭਾਵੇਂ ਛੱਲਾਂ ਮਾਰਨ ਪਾਣੀ,
    ਭਾਵੇਂ ਉੱਠਦੇ ਰਹਿਣ ਤੂਫ਼ਾਨ,
    ਹੱਥ ਜਲਾਲੀ ਯਿਸੂ ਵਾਲਾ,
    ਕਰਦਾ ਅਮਨ ਅਮਾਨ,
    ਉਹਦੀ ਕੁਦਰਤ ਬੇਪਨਾਹ
    ਤੇ ਮੋਜਜ਼ੇ ਹੁੰਦੇ ਨੇ।

    3. ਦੁਨੀਆ ਦਾ ਪਾਲਣਹਾਰਾ,
    ਤੇਰੀਆਂ ਫਿਕਰਾਂ ਕਰਦਾ ਹੈ,
    ਉਹਦੇ ਕੋਲੋਂ ਮੰਗ ਕੇ ਵੇਖ ਲੈ,
    ਝੋਲੀਆਂ ਅੱਜ ਵੀ ਭਰਦਾ ਹੈ,
    ਉਹਦੇ ਨਾਮ ਨੂੰ ਜੱਪਦਾ ਜਾ
    ਤੇ ਮੋਜਜ਼ੇ ਹੁੰਦੇ ਨੇ।

  • ---

    ਜਿਹੜਾ ਦਿਨ ਤੇਰੇ ਚਰਨਾਂ ’ਚ ਲੰਘ ਜਾਵੇ,
    ਉਹ ਸੌ ਦਿਨਾਂ ਤੋਂ ਚੰਗਾ ਏ,
    ਮੇਰਾ ਮਨ ਤੇਰੀ ਬਾਣੀ ਵਿੱਚ ਰੰਗ ਜਾਵੇ,
    ਇਹ ਸੌ ਦਿਨਾਂ ਤੋਂ ਚੰਗਾ ਏ।

    1. ਮਨ ਸਾਫ਼ ਹੋਵੇ ਨਾਲੇ ਤਨ ਸਾਫ਼ ਹੋਵੇ,
    ਯਿਸੂ ਤੇਰਾ ਲਹੂ ਮੇਰੇ ਪਾਪਾਂ ਨੂੰ ਧੋਵੇ,
    ਪਾਪਾਂ ਨੂੰ ਧੋਵੇ, ਪਾਪਾਂ ਨੂੰ ਧੋਵੇ,
    ਪੂਰੀ ਹੋ ਮੇਰੇ ਦਿਲ ਦੀ ਉਮੰਗ ਜਾਵੇ।

    2. ਪਾ ਕੇ ਤੇਰਾ ਆਤਮਾ ਮੈਂ ਨਮਰ ਹੋ ਜਾਵਾਂ,
    ਮੈਂ ਵੀ ਤੇਰੇ ਮਾਰਗਾਂ ਦੇ ਮਗਰ ਹੋ ਜਾਵਾਂ,
    ਮਗਰ ਹੋ ਜਾਵਾਂ, ਮਗਰ ਹੋ ਜਾਵਾਂ,
    ਦੂਰ ਹੋ ਮੇਰੇ ਅੰਦਰੋਂ ਘੁਮੰਡ ਜਾਵੇ।

    3. ਚੁੱਕ ਲੈਂਦਾ ਪਿਆਰ ਨਾਲ ਮੇਰੇ ਸਾਰੇ ਬੋਝ ਤੂੰ,
    ਆਨੰਦ ਨਾਲ ਭਰੀ ਜਾਵੇਂ ਹਰ ਇੱਕ ਰੋਜ਼ ਤੂੰ,
    ਹਰ ਇੱਕ ਰੋਜ਼ ਤੂੰ, ਹਰ ਇੱਕ ਰੋਜ਼,
    ਲੱਥ ਮੇਰੇ ਉੱਤੋਂ ਬਦੀਆਂ ਦੀ ਪੰਡ ਜਾਵੇ।