10 Tracks
  • ---

    1. ਫ਼ਜ਼ਲ ਨਾਲ ਐ ਰੱਬ,
    ਬਖ਼ਸ਼ ਗ਼ੁਨਾਹ ਸਭ ਮੇਰੇ,
    ਵਾਂਗੂੰ ਫ਼ਜ਼ਲ ਰਹਿਮ ਕਰ,
    ਤੂੰ ਹੀ ਉੱਤੇ ਮੇਰੇ।

    2. ਚੰਗੀ ਤਰ੍ਹਾਂ ਧੋ ਦੇ ਮੇਰੀ ਕਰ ਸਫ਼ਾਈ,
    ਮੈਨੂੰ ਕਰ ਤੂੰ ਪਾਕ ਸਾਫ਼,
    ਬਖ਼ਸ਼ ਦੇ ਸਭ ਬੁਰਿਆਈ।

    3. ਕਿਉਂ ਜੋ ਸਭ ਬੁਰਿਆਈ
    ਆਪਣੀ ਮੈਂ ਮੰਨ ਲੈਂਦਾ,
    ਮੇਰਾ ਜੋ ਗ਼ੁਨਾਹ ਹੈ ਮੇਰੇ ਅੱਗੇ ਰਹਿੰਦਾ।

    4. ਐ ਖ਼ੁਦਾ, ਮੈਂ ਤੇਰਾ,
    ਗ਼ੁਨਾਹ ਕੀਤਾ ਭਾਰੀ,
    ਤੇਰੇ ਹੀ ਹਜ਼ੂਰ ਵਿੱਚ ਬਦੀ ਕੀਤੀ ਸਾਰੀ।

    5. ਤਾਂ ਤੂੰ ਆਪਣੀ ਗੱਲ ਵਿੱਚ
    ਸੱਚਾ ਹੋ ਹਰ ਹਾਲਤ,
    ਰਾਸਤੀ ਜ਼ਾਹਿਰ ਹੋਵੇ ਕਰੇਂ ਜਦ ਅਦਾਲਤ।

    6. ਮੈਂ ਵੀ ਪੈਦਾ ਹੋਇਆ,
    ਵੇਖੋ ਵਿੱਚ ਬੁਰਿਆਈ,
    ਮੈਨੂੰ ਵਿੱਚ ਗ਼ੁਨਾਹ ਦੇ ਜੰਮਿਆ ਮੇਰੀ ਮਾਈ।

    7. ਜ਼ੂਫੇ ਨਾਲ ਤੂੰ ਸਾਫ਼ ਕਰ
    ਤਦੋਂ ਪਾਕ ਮੈ ਹੋਂਦਾ,
    ਬਰਫ਼ ਵਾਂਗਰ ਹੋਵਾਂ ਜਦ ਤੂੰ ਮੈਨੂੰ ਧੋਂਦਾ।

  • ---

    36. ਫਾਹੀ ਉਹਨਾਂ ਵਾਸਤੇ ਹੋਵੇ,
    ਦਸਤਰਖਾਣ ਸਭ ਉਹਨਾਂ ਦਾ,
    ਜਿਸ ਤੋਂ ਉਹਨਾਂ ਦੀ ਭਲਿਆਈ,
    ਉਸੇ ਵਿੱਚ ਉਹ ਫਸਣ ਜਾ।

    37. ਅੰਨ੍ਹੇ ਹੋਵਣ ਦੁਸ਼ਮਣ ਸਭੋ,
    ਵੇਖ ਨਾ ਸਕਣ ਅੱਖ ਉਠਾ,
    ਸਦਾ ਤੀਕਰ ਲੱਕ ਉਹਨਾਂ ਦੇ,
    ਕੰਬਦੇ ਰਹਿਣ, ਖ਼ੁਦਾਵੰਦਾ।

    38. ਤੂੰ ਇਹਨਾਂ ਬਦਕਾਰਾਂ ਉੱਤੇ,
    ਆਪਣਾ ਗ਼ਜ਼ਬ ਡੋਲ੍ਹੀ ਜਾ,
    ਕਾਬੂ ਕਰੇ ਸਾਰੇ ਦੁਸ਼ਮਣ,
    ਤੇਰਾ ਕਹਿਰ ਜੋ ਗ਼ਜ਼ਬ ਦਾ।

    39. ਉੱਜੜ-ਪੁੱਜੜ ਜਾਵੇ, ਯਾ ਰੱਬ,
    ਥਾਂ–ਮਕਾਨ ਸਭ ਉਹਨਾਂ ਦਾ,
    ਬਾਕੀ ਵੀ ਨਾ ਕੋਈ ਬਚੇ,
    ਤੰਬੂਆਂ ਵਿੱਚ ਜੋ ਰਹੇ ਜਾ।

    40. ਤੇਰੇ ਮਾਰੇ ਹੋਏ ਨੂੰ ਉਹ,
    ਕਰਦੇ ਤੰਗ, ਦਿੰਦੇ ਸਤਾਅ,
    ਤੇਰੇ ਜ਼ਖ਼ਮੀਆਂ ਦੇ ਦੁੱਖ ਨੂੰ,
    ਗੱਲਾਂ ਨਾਲ ਵਧਾਉਂਦੇ ਜਾ।

    41. ਉਹਨਾਂ ਦੇ ਗ਼ੁਨਾਹਾਂ ਉੱਤੇ,
    ਹਰ ਗ਼ੁਨਾਹ ਵਧਾਉਂਦਾ ਜਾ,
    ਉਹਨਾਂ ਤੋਂ ਸੱਚਿਆਈ ਆਪਣੀ,
    ਰੱਖੀਂ ਬਾਜ਼, ਖ਼ੁਦਾਵੰਦਾ।

    42. ਤੂੰ ਹਯਾਤ ਦੇ ਦਫ਼ਤਰ ਵਿੱਚੋਂ,
    ਉਹਨਾਂ ਸਭਨਾਂ ਨੂੰ ਮਿਟਾ,
    ਸੱਚਿਆਂ ਵਿੱਚ ਨਾ ਲਿਖਿਆ ਜਾਵੇ,
    ਨਾਂ ਕਦੀ ਵੀ ਉਹਨਾਂ ਦਾ।

  • ---

    8. ਫੌਜਾਂ ਦਾ ਰੱਬ ਤੂੰ ਹੀ ਹੈਂ, ਪਾਕ ਖ਼ੁਦਾਇਆ,
    ਹੈ ਕਿਹੜਾ ਬਰਾਬਰ ਤੇਰੇ ਕੁਦਰਤ ਵਾਲਾ?

    9. ਸੱਚਿਆਈ ਤੇਰੇ ਆਲੇ ਦੁਆਲੇ ਰਹਿੰਦੀ,
    ਯਾ ਰੱਬ, ਹੈ ਸਮੁੰਦਰ ’ਤੇ ਹਕੂਮਤ ਤੇਰੀ।

    10. ਤੂਫ਼ਾਨ ਜਦ ਉੱਠੇ ਤੂੰ ਏਂ ਧੀਮਾ ਕਰਦਾ,
    ਰਾਹਬ ਨੂੰ ਤੂੰ ਜ਼ਖ਼ਮੀ ਦੇ ਵਾਂਗਰ ਫੇਹਾ।

    11. ਬਾਜੂ ਹੈ ਤੇਰਾ, ਯਾ ਰੱਬ ਅਤਿ ਜ਼ੋਰਾਵਰ,
    ਦੁਸ਼ਮਣ ਤੇਰੇ ਸਭ ਹੋ ਗਏ ਤਿੱਤਰ–ਬਿੱਤਰ।

    12. ਅਸਮਾਨ ਵੀ ਤੇਰਾ ਹੈ, ਜ਼ਮੀਨ ਵੀ ਤੇਰੀ,
    ਆਬਾਦ ਦੁਨੀਆ ’ਤੇ ਜੋ ਕੁਝ ਹੈ ਪੈਦਾਇਸ਼ ਉਸਦੀ।

    13. ਉੱਤਰ ਵੀ ਤੇ ਦੱਖਣ ਵੀ ਬਨਾਵਟ ਤੇਰੀ,
    ਹਰਮੂਨ ਤੇ ਤਾਬੂਰ ਹਨ ਤੇਥੋਂ ਰਾਜ਼ੀ।

    14. ਯਾ ਰੱਬ, ਹੈ ਬਾਜੂ ਤੇਰਾ ਕੁੱਵਤ ਵਾਲਾ,
    ਹੈ ਜ਼ੋਰ ਤੇਰੇ ਹੱਥ ਦੇ ਬਰਾਬਰ ਕਿਸਦਾ?

    15. ਇਨਸਾਫ਼ ਤੇ ਸੱਚਿਆਈ ਹੈ ਨੀਂਹ ਤਖ਼ਤ ਤੇਰੇ ਦੇ,
    ਸੱਚਿਆਈ ਤੇ ਰਹਿਮਤ ਤੇਰੇ ਅੱਗੇ ਚੱਲਦੀ।

  • ---

    15. ਫਿਰ ਓਸਨੇ ਘੱਲਿਆ ਯੂਸਫ਼ ਨੂੰ ਅੱਗੇ ਉਹਨਾਂ ਦੇ,
    ਕਿ ਜਾ ਕੇ ਮਿਸਰ ਦੇ ਵਿੱਚ ਪਹਿਲਾਂ ਉਹ ਗ਼ੁਲਾਮ ਬਣੇ।

    16. ਤੇ ਉਹਦੇ ਪੈਰਾਂ ਦੇ ਵਿੱਚ ਪਾਈਆਂ ਬੇੜੀਆਂ ਉਹਨਾਂ,
    ਸਤਾਈ ਲੋਹੇ ਦੇ ਵਿੱਚ ਕੈਦ ਕਰਕੇ ਓਹਦੀ ਜਾਨ।

    17. ਕਲਾਮ ਰੱਬ ਦਾ ਜਦੋਂ ਤੀਕ ਹੋਇਆ ਨਾ ਪੂਰਾ,
    ਕਲਾਮ ਨਾਲ ਤਦੋਂ ਤੀਕ ਸੀ ਉਹ ਤਾਇਆ ਗਿਆ।

    18. ਤੇ ਘੱਲੇ ਸ਼ਾਹ ਨੇ ਲੋਕੀਂ ਛੁਡਾਇਆ ਯੂਸਫ਼ ਨੂੰ,
    ਹਾਂ ਸ਼ਾਹ–ਏ–ਮਿਸਰ ਨੇ ਕੈਦੋਂ ਬਚਾਇਆ ਯੂਸਫ਼ ਨੂੰ।

    19. ਤੇ ਓਸ ਨੂੰ ਆਪਣੇ ਹੀ ਘਰ ਦਾ ਬਣਾਇਆ ਕੁੱਲ ਮੁਖ਼ਤਿਆਰ,
    ਤੇ ਸਾਰੇ ਮੁਲਕ ਦੇ ਵਿੱਚ ਕੀਤਾ ਵੱਡਾ ਮਨੱਸਬਦਾਰ।

    20. ਤਾਂ ਕੈਦ ਕਰ ਸਕੇ ਉਹ ਜਿਸ ਰਈਸ ਨੂੰ ਚਾਹੇ,
    ਮੁਸਾਹੀਬਾਂ ਨੂੰ ਵੀ ਦਾਨਾਈ ਸਿਖਲਾਈ।

  • ---

    70. ਫਹਿਮ ਅਤਾ ਕਰ ਮੈਨੂੰ ਖ਼ੁਦਾਇਆ,
    ਤਾਂ ਸ਼ਰੀਅਤ ਨੂੰ ਤੇਰੀ ਮੈਂ ਜਾਣੂੰ।

    71. ਤੂੰ ਹੀ ਨੇ ਇਲਾਹੀ ਮੇਰੀ ਸੂਰਤ ਬਣਾਈ,
    ਹੱਥਾਂ ਨੇ ਕਾਰੀਗਰੀ ਇਹ ਦਿਖਾਈ,
    ਤੂੰ ਹੀ ਮਿੱਟੀ ਤੋਂ ਮੈਨੂੰ ਬਣਾਇਆ।

    72. ਦਿਲ ਤੋਂ ਜੋ ਆਪਣੇ ਤੇਥੋਂ ਨੇ ਡਰਦੇ,
    ਮੈਨੂੰ ਉਹ ਦੇਖ ਕੇ ਖ਼ੁਸ਼ੀਆਂ ਨੇ ਕਰਦੇ,
    ਤੇਰੇ ਕਲਾਮ ’ਤੇ ਹੈ ਮੇਰਾ ਭਰੋਸਾ।

    73. ਤੇਰੇ ਨਿਆਂ ਸਭੈ ਸੱਚੇ, ਇਲਾਹੀ,
    ਭੇਜੀ ਮੁਹੱਬਤ ਨਾਲ ਮੇਰੇ ’ਤੇ ਤਬਾਹੀ,
    ਜਾਣਦਾ ਹਾਂ ਮੈਂ ਸਭ ਇਹ ਮੇਰੇ ਖ਼ੁਦਾਇਆ।

    74. ਵਾਅਦਾ ਕੀਤਾ ਤੂੰ ਬੰਦੇ ਨਾਲ ਜੈਸਾ,
    ਸ਼ਫ਼ਕਤ ਨਾਲ ਤੇਰੀ ਤਸੱਲੀ ਹੋਵੇਗਾ,
    ਮੇਰੇ ’ਤੇ ਹੋ ਤੇਰੀ ਰਹਿਮਤ ਦਾ ਸਾਇਆ।

    75. ਕਿਉਂਕਿ ਏਸੇ ਤੋਂ ਮੇਰੀ ਜ਼ਿੰਦਗੀ ਹੈ,
    ਤੇਰੀ ਸ਼ਰੀਅਤ ਵਿੱਚ ਮੇਰੀ ਖ਼ੁਸ਼ੀ ਹੈ,
    ਸ਼ਰਮਿੰਦਾ ਹੋ ਸਭ ਘੁਮੰਡੀ, ਖ਼ੁਦਾਇਆ।

    76. ਮੇਰੇ ਖਿਲਾਫ ਬੰਨ੍ਹ ਕੇ ਝੂਠੇ ਮਨਸੂਬੇ,
    ਮੈਨੂੰ ਪਹੁੰਚਾਇਆ ਨੁਕਸਾਨ ਹੈ ਓਨਾਂ ਨੇ,
    ਪਰ ਸਭ ਤੇਰੇ ਫਰਜ਼ਾਂ ਨੂੰ ਯਾਦ ਮੈਂ ਰੱਖਾਂਗਾ।

    77. ਐਸਾ ਹੋ ਯਾ ਰੱਬ, ਕਿ ਜੋ ਤੇਥੋਂ ਡਰਦੇ,
    ਤੇਰੀ ਸ਼ਹਾਦਤ ਨੂੰ ਯਾਦ ਕਰਦੇ,
    ਦਿਲ ਮੇਰਾ ਵਾਂਗ ਹੈ ਮਾਇਲ ਉਹਨਾਂ ਸਭ ਦਾ।

    78. ਐਸਾ ਤੂੰ ਕਰ ਐ ਖ਼ੁਦਾਵੰਦ ਮੇਰਾ ਦਿਲ,
    ਤੇਰੇ ਕਵਾਇਦ ਦੇ ਵਾਂਗ ਹੋ ਮਾਇਲ,
    ਤਾਂ ਕਿ ਨਾ ਹੋਵਾਂ ਮੈਂ ਕਦੀ ਸ਼ਰਮਿੰਦਾ।

  • ---

    20. ਫ਼ਨਾਹ ਕਰੇਂਗਾ, ਖ਼ੁਦਾਇਆ, ਸ਼ਰੀਰਾਂ ਨੂੰ ਤੂੰ ਜ਼ਰੂਰ,
    ਸੋ ਖੂਨੀ ਜਿਤਨੇ ਹਨ ਸਭ ਮੇਰੇ ਕੋਲੋਂ ਹੋਵਣ ਦੂਰ।

    21. ਉਹ ਜ਼ਿਕਰ ਤੇਰਾ, ਸ਼ਰਾਰਤ ਦੇ ਨਾਲ ਕਰਦੇ ਹਨ,
    ਤੇ ਵੈਰੀ ਤੇਰੇ ਤੇਰਾ ਨਾਂ ਐਵੇਂ ਲੈਂਦੇ ਹਨ।

    22. ਭਲਾ, ਮੈਂ ਵੈਰ ਨਹੀਂ ਰੱਖਦਾ ਉਹਨਾਂ ਨਾਲ ਸਦਾ,
    ਜੋ ਵੈਰ ਰੱਖਦੇ ਤੇਰੇ ਨਾਂ ਦਾ, ਖ਼ੁਦਾਵੰਦਾ?

    23. ਅਜਿਹੇ ਲੋਕਾਂ ਤੋਂ, ਯਾ ਰੱਬਾ, ਮੈਂ ਹਾਂ ਅਤਿ ਬੇ-ਜ਼ਾਰ,
    ਜੋ ਤੇਰੇ ਨਾਂ ਦੀ ਜ਼ਿੱਦ ਉੱਤੇ ਉੱਠਦੇ ਹਨ ਬਦਕਾਰ।

    24. ਤੂੰ ਮੈਨੂੰ ਜਾਂਚ, ਮੇਰੇ ਦਿਲ ਨੂੰ ਵੀ ਖ਼ੁਦਾਇਆ ਜਾਣ,
    ਤੂੰ ਅਜ਼ਮਾਅ ਵੀ ਤੇ ਸਭ ਸੋਚਾਂ ਮੇਰੀਆਂ ਪਛਾਣ।

    25. ਤੂੰ ਵੇਖ ਜੇ ਮੇਰੇ ਵਿੱਚ ਕੋਈ ਭੈੜੀ ਖੂਹ ਹੈ ਭੁਲਾ,
    ਹਮੇਸ਼ਗੀ ਦੇ ਤੂੰ ਰਾਹ ਉੱਤੇ ਮੈਨੂੰ ਆਪ ਚਲਾ।

  • ---

    ਫੜ੍ਹ ਪੱਲਾ ਪਾਕ ਮਸੀਹ ਦਾ,
    ਗ਼ੈਰਾਂ ਦਾ ਸਹਾਰਾ ਕੀ ਕਰਨਾ,
    ਜਿਹਨੂੰ ਉਸਦਾ ਦੁਆਰਾ ਮਿਲ ਜਾਵੇ,
    ਉਹਨੇ ਹੋਰ ਦੁਆਰਾ ਕੀ ਕਰਨਾ।

    1. ਰੱਬ ਸੂਰਤ ਦਿਲ ਦੇ ਸ਼ੀਸ਼ੇ ਵਿੱਚ,
    ਹਰ ਵੇਲੇ ਉਸਨੂੰ ਤੱਕਦਾ ਰਹਿ,
    ਜਿਹਨੂੰ ਦਰਸ਼ਨ ਉਸਦਾ ਹੋ ਜਾਵੇ,
    ਉਹਨੇ ਹੋਰ ਨਜ਼ਾਰਾ ਕੀ ਕਰਨਾ।

    2. ਕੁੱਲੀ ਆਪਣੀ ਨੂੰ ਸ਼ੀਸ਼ ਮਹਿਲ ਸਮਝੀਂ,
    ਜਿੱਥੇ ਨਾਮ ਹੈ ਮੇਰੇ ਯਿਸੂ ਦਾ,
    ਜਿੱਥੇ ਨਾਂ ਨਹੀਂ ਮੇਰੇ ਯਿਸੂ ਦਾ,
    ਉਹ ਮਹਿਲ ਮੁਨਾਰਾ ਕੀ ਕਰਨਾ।

    3. ਧਨ ਦੌਲਤ ਮਾਲ ਖ਼ਜ਼ਾਨੇ,
    ਸਭ ਇੱਥੇ ਹੀ ਰਹਿ ਜਾਣਗੇ,
    ਜਿਹਦੇ ਕੋਲ ਖ਼ੁਦਾ ਦਾ ਸ਼ਬਦ ਨਹੀਂ,
    ਓਹਨੇ ਆਲਮ ਸਾਰਾ ਕੀ ਕਰਨਾ।

  • ---

    1. ਫਰਿਸ਼ਤੇ ਗਾਉਂਦੇ ਇਹ ਗੀਤ ਸਦਾ,
    ਉੱਚੀਆਈਆਂ ਵਿੱਚ ਹੋਸਾਨਾ,
    ਪਾਕ, ਪਾਕ, ਪਾਕ ਖ਼ੁਦਾ,
    ਖ਼ੁਦਾਵੰਦ ਸਦਾ, ਲਸ਼ਕਰਾਂ ਦਾ ਖ਼ੁਦਾ।

    2. ਜ਼ਮੀਨ ਅਸਮਾਨ ਭਰਪੂਰ ਹਨ,
    ਤੇਰੀ ਵਡਿਆਈਆਂ ਨਾਲ ਭਰੇ ਹਨ,
    ਪਾਕ, ਪਾਕ, ਪਾਕ ਖ਼ੁਦਾ,
    ਖ਼ੁਦਾਵੰਦ ਸਦਾ ਲਸ਼ਕਰਾਂ ਦਾ ਖ਼ੁਦਾ।

    3. ਧੰਨ ਹੈ ਜਿਹੜਾ, ਆਉਂਦਾ ਹੈ,
    ਰੱਬ ਦੇ ਪਾਕ ਨਾਂ ਉੱਤੇ,
    ਪਾਕ, ਪਾਕ, ਪਾਕ ਖ਼ੁਦਾ,
    ਖ਼ੁਦਾਵੰਦ ਸਦਾ ਲਸ਼ਕਰਾਂ ਦਾ ਖ਼ੁਦਾ।

  • ---

    ਫ਼ਜ਼ਲਾਂ ਦੀ ਮਾਂ, ਫ਼ਜ਼ਲਾਂ ਦੀ ਮਾਂ,
    ਨਾਰੀਆਂ ’ਚੋਂ ਧੰਨ ਹੈਂ ਤੂੰ, ਧੰਨ ਤੇਰਾ ਨਾਂ।

    1. ਆਪਣੀ ਕਲੀਸੀਆ ਲਈ ਮਾਂ ਤੈਨੂੰ ਚੁਣਿਆ,
    ਖ਼ੁਸ਼ੀ ਦਾ ਸੁਨੇਹਾ ਜਦੋਂ ਮਾਂ ਤੂੰ ਸੁਣਿਆ,
    ਖ਼ੁਸ਼ ਰੱਬ ਹੋਇਆ, ਕੀਤੀ ਜਦ ਤੂੰ ਹਾਂ।

    2. ਦੂਤ ਦੇ ਸੁਨੇਹੇ ਉੱਤੇ ਕੀਤਾ ਇਤਬਾਰ ਤੂੰ,
    ਉਹਦੀ ਗੱਲ ਮੰਨ ਹੋਈ ਯਿਸੂ ਲਈ ਤਿਆਰ ਤੂੰ,
    ਹਰ ਦੁੱਖ ਸਹਿ ਲਏ ਮਾਂ ਤੂੰ, ਖ਼ੁਸ਼ੀਆਂ ਦੀ ਥਾਂ।

    3. ਤੇਰੇ ਬੱਚੇ ਤੇਰੇ ਦਰ ਆਏ, ਨਾਲ ਬੜ੍ਹੇ ਚਾਅਵਾਂ ਮਾਂ,
    ਯਿਸੂ ਅੱਗੇ ਪੇਸ਼ ਕਰਦੇ ਸਾਡੀਆਂ ਦੁਆਵਾਂ ਮਾਂ,
    ਪੂਰੀ ਹਰ ਆਸ ਹੋਵੇ, ਤੇਰੇ ਦਰ ਮਾਂ।

  • ---

    ਫਾਤਿਮਾ ਦੀ ਮਾਂ ਦੀ, ਬੜੀ ਉੱਚੀ ਸ਼ਾਨ ਏ
    ਉਲਝੇ ਸਵਾਲਾਂ ਦਾ, ਜਵਾਬ ਕੋਲ ਮਾਂ ਏ।

    1. ਤਿੰਨ ਛੋਟੇ ਬੱਚੇ ਸਨ, ਭੇਡਾਂ ਪਏ ਚਾਰਦੇ,
    ਮਾਂ-ਮਾਂ ਉੱਚੀ-ਉੱਚੀ, ਕਹਿ ਕੇ ਵਾਜਾਂ ਮਾਰਦੇ,
    ਦਰਸ਼ਨ ਮਾਂ ਦੇ ਪਾ ਕੇ, ਕਰਦੇ ਉਹ ਮਾਣ ਏ,
    ਉਲਝੇ ਸਵਾਲਾਂ ਦਾ, ਜਵਾਬ ਕੋਲ ਮਾਂ ਏ।

    2. ਮਿਲਾਂਗੇ ਦੁਬਾਰਾ ਫਿਰ, ਏਸੇ ਹੀ ਥਾਂ ਆਣ ਕੇ,
    ਕਰਿਓ ਉਡੀਕ ਮੇਰੀ, ਨਜ਼ਰਾਂ ਨੂੰ ਤਾਣ ਕੇ,
    ਵੇਖ ਇਹ ਨਜ਼ਾਰਾ ਪੱਕਾ, ਹੋ ਗਿਆ ਇਮਾਨ ਏ,
    ਉਲਝੇ ਸਵਾਲਾਂ ਦਾ, ਜਵਾਬ ਕੋਲ ਮਾਂ ਏ।

    3. ਸੂਰਜ ਦੇ ਵਾਂਗੂੰ, ਜਲਾਲੀ ਚਿਹਰਾ ਚਮਕੇ,
    ਕਹਿੰਦੀ ਏ ਮਾਂ ਜਪ, ਰੋਜ਼ਰੀ ਦੇ ਮਣਕੇ
    ਮੰਗੋ ਮਾਫ਼ੀ ਪਾਪਾਂ ਦੀ, ਇਹੋ ਫਰਮਾਨ ਏ,
    ਉਲਝੇ ਸਵਾਲਾਂ ਦਾ, ਜਵਾਬ ਕੋਲ ਮਾਂ ਏ।

    4. ਕਰੋ ਪਛਤਾਵਾ, ਮਾਂ ਦਿੰਦੀ ਏ ਦੁਹਾਈਆਂ,
    ਆ ਜਾਓ ਮੇਰੇ ਬੇਟੇ ਕੋਲੋਂ, ਪਾ ਲਓ ਰਿਹਾਈਆਂ,
    ਸਾਡੀ ਵੀ ਜ਼ੁਬਾਨ ਦਾ, ਇਹੋ ਪੈਗ਼ਾਮ ਏ
    ਉਲਝੇ ਸਵਾਲਾਂ ਦਾ, ਜਵਾਬ ਕੋਲ ਮਾਂ ਏ।