‘ਭਜਨ ਮਾਲਾ’ ਦੀ ਸੰਗੀਤਕ ਗਾਥਾ ‘ਭਜਨ ਮਾਲਾ’ ਨੇ 46 ਸਾਲਾਂ ਦਾ ਸੰਗੀਤਕ ਸਫ਼ਰ ਤੈਅ ਕਰ ਲਿਆ ਹੈ। ਸੱਤ ਪ੍ਰਕਾਸ਼ਨਾਂ ਨਾਲ ‘ਭਜਨ ਮਾਲਾ’ ਪੰਜਾਬ ਦੇ ਸਾਹਿੱਤਕ ਅਸਮਾਨ ਵਿੱਚ ਭਜਨਾਂ ਅਤੇ ਸੁਰਾਂ ਦੀ ਸਤਰੰਗੀ ਪੀਂਘ ਵਾਂਗ ਚਮਕਾਂ ਮਾਰ ਰਹੀ ਹੈ। ਇਸ ਦੇ ‘ਅਠਵੇਂ ਪ੍ਰਕਾਸ਼ਨ’ ਦਾ ਸਮਾਂ ਬਹੁਤ ਹੀ ਮਹੱਤਵਪੂਰਨ ਹੈ। ਇਹ ਢੁਕਵਾਂ ਮੌਕਾ ਹੈ ਕਿ ਅਸੀਂ ਇਸਦੇ ਇਤਿਹਾਸਿਕ ਸਫ਼ਰ ਦੇ ਸਫ਼ਰਨਾਮੇ ਵੱਲ ਝਾਤ ਮਾਰੀਏ, ਜਿਸ ਸਦਕਾ ਅੱਜ ‘ਭਜਨ ਮਾਲਾ’ ਪੰਜਾਬੀ ਪੂਜਾਵਿਧੀ ਦੇ ਭਜਨਾਂ ਦੀ ਬਹੁਮੁੱਲੀ ਕਿਤਾਬ ਬਣੀ ਹੈ। ਇਸਦੀ ਸ਼ੁਰੂਆਤ ਪਿੰਡ ਦੇ ਗਿਰਜਾਘਰ ਦੀ ਭਜਨਾਂ ਦੀ ਛੋਟੀ ਪੁਸਤਕ ਤੋਂ ਹੋਈ ਅਤੇ ਅੱਜ ਇਹ ਖੇਤਰੀ ਪੰਜਾਬੀ ਮਸੀਹੀ ਭਜਨਾਂ ਦੀ ਪੋਥੀ ਬਣ ਗਈ ਹੈ। ਇਸਦਾ ਇਹ ਸਫ਼ਰਨਾਮਾ ਅਣਥੱਕ ਮਿਹਨਤ, ਸੰਘਰਸ਼, ਦ੍ਰਿੜ੍ਹ ਸੰਕਲਪ ਅਤੇ ਸਹਿਯੋਗ ਦੇ ਅਨਮੋਲ ਮੋਤੀਆਂ ਨਾਲ ਪਿਰੋਇਆ ਹੋਇਆ ਹੈ। ਇਹਨਾਂ ਸਾਲਾਂ ਵਿੱਚ ਇਹ ਕਈ ਮਹਾਨ ਕਵੀਆਂ ਅਤੇ ਪੂਜਾਵਿਧੀ ਦੇ ਉੱਭਰਦੇ ਸੰਗੀਤਕਾਰਾਂ ਲਈ ਉਤਸ਼ਾਹ ਅਤੇ ਪ੍ਰੋਤਸਾਹਨ ਦੇਣ ਵਾਲਾ ਮੰਚ ਰਿਹਾ। ਇਸ ਵਿੱਚ ਅਸਲ ਰਚਨਾਵਾਂ ਦੇ ਨਾਲ-ਨਾਲ ਪੂਰੇ ਪੰਜਾਬ ਵਿੱਚ ਵੱਖ-ਵੱਖ ਪੈਰਿਸ਼ਾਂ ਵਿੱਚ ਗਾਏ ਜਾਣ ਵਾਲੇ ਰੋਜ਼ਾਨਾ ਅਤੇ ਮਸ਼ਹੂਰ ਮਸੀਹੀ ਭਜਨ ਵੀ ਸ਼ਾਮਿਲ ਹਨ।ਇਹ ਮੇਰਾ ਸੁਭਾਗ ਹੈ ਕਿ ਮੈਂ ‘ਭਜਨ ਮਾਲਾ’ ਦੇ ਪਿਛਲੇ ਚਾਰ ਪ੍ਰਕਾਸ਼ਨਾਂ ਦਾ ਹਿੱਸਾ ਰਿਹਾ ਹਾਂ। ਪਹਿਲੇ ਦੋ ਪ੍ਰਕਾਸ਼ਨਾਂ ਵਿੱਚ ਮੈਂ ਇੱਕ ਸਹਿਭਾਗੀ ਵਾਂਗ ਯੋਗਦਾਨ ਪਾਇਆ ਅਤੇ ਪਿਛਲੇ ਦੋ ਪ੍ਰਕਾਸ਼ਨਾਂ ਵਿੱਚ ਮੈਂ ਸੰਪਾਦਕ ਵਜੋਂ ਸੇਵਾ ਕੀਤੀ। ਮੈਂ ‘ਭਜਨ ਮਾਲਾ’ ਦੇ ਅਣਕਹੇ ਇਤਿਹਾਸ ਦਾ ਬਿਆਨ ਕਰਨਾ ਚਾਹੁੰਦਾ ਹਾਂ। ਇਸ ਇਤਿਹਾਸ ਦਾ ਜ਼ਿਕਰ ਕਰਨਾ ਦੋ ਕਾਰਨਾਂ ਕਰਕੇ ਲਾਜ਼ਮੀ ਹੈ। ਪਹਿਲਾ, ਕਿ ਇਸਦੇ ਜ਼ਿਕਰ ਨਾਲ ਇਹ ਇਸ ਮੌਜੂਦਾ ਪੀੜ੍ਹੀ ਦੇ ਜ਼ਹਿਨ ਵਿੱਚ ਰਹੇਗਾ ਅਤੇ ਦੂਸਰਾ ਇਹ ਕਿ ਇਤਿਹਾਸ ਦੇ ਰੂ-ਬਰੂ ਹੋਣ ਨਾਲ ਹਰ ਕੋਈ ਉਹਨਾਂ ਸ਼ਖ਼ਸੀਅਤਾਂ ਦੀ ਸ਼ਲਾਘਾ ਕਰ ਪਾਏਗਾ ਜਿਨ੍ਹਾਂ ਨੇ ਆਪਣੀ ਮਿਹਨਤ ਅਤੇ ਲਗਨ ਨਾਲ ਪਿਛਲੇ ਸਾਰੇ ਪ੍ਰਕਾਸ਼ਨਾਂ ਨੂੰ ਸੰਭਵ ਬਣਾਇਆ। ਪਿਛਲੇ ਚਾਰ ਦਹਾਕਿਆਂ ਤੋਂ ‘ਭਜਨ ਮਾਲਾ’ ਮੇਰੇ ਲਈ ਸਾਥੀ ਰਹੀ ਹੈ, ਕਿਉਂਕਿ ਇੱਕ ਸੰਗੀਤਕਾਰ ਵਜੋਂ ਮੈਨੂੰ ਇਸ ਵਿੱਚ ਦਿਲਚਸਪੀ ਵੀ ਸੀ ਅਤੇ ਮੇਰੀ ਕਲੀਸੀਆਈ ਸੇਵਾ ਲਈ ਇਹ ਅਨਿੱਖੜਵਾਂ ਅੰਗ ਵੀ ਸੀ।ਪਹਿਲੀ ‘ਭਜਨ ਮਾਲਾ’ ਮਸੀਹੀ ਭਜਨਾਂ ਦੀਆਂ ਪੁਰਾਤਨ ਦੋ ਕਿਤਾਬਾਂ ਤੋਂ ਹੋਂਦ ਵਿੱਚ ਆਈ। ਪਹਿਲੀ ਕਿਤਾਬ ਸੀ ‘ਪੰਜਾਬੀ ਜ਼ਬੂਰ ਦੇਸੀ ਰਾਗਾਂ ਵਿੱਚ’, ਜੋ 150 ਜ਼ਬੂਰਾਂ ਦਾ ਕੈਥੋਲਿਕ ਪੰਜਾਬੀ ਸਾਹਿੱਤਕ ਤਰਜਮਾ ਸੀ। ਇਮਾਮ ਦੀਨ ਸਾਹਬਾਜ਼ ਨੇ ਇਸਨੂੰ ਕਲਮਬੱਧ ਕੀਤਾ ਸੀ, ਜੋ ਕਿ ਸਿਆਲਕੋਟ, ਲਾਹੌਰ ਦੇ ਰਹਿਣਵਾਲੇ ਸਨ। ਦੂਸਰੀ ਪੁਸਤਕ ਸੀ ‘ਗੀਤਾਂ ਦੀ ਨਵੀਂ ਕਿਤਾਬ’। ਇਹ ਲਾਹੌਰ ਡਾਇਓਸੀਸ ਦੇ ਮੁਨਾਦ ਮੁਨਸ਼ੀ ਪੀ. ਡੀ. ਰਫ਼ਾਏਲ ਦੇ ਸੰਗੀਤਮਈ ਰਚਨਾਵਾਂ ਦੀ ਪੁਨਰ-ਛਪਾਈ ਸੀ। ਉਹਨਾਂ ਦੀਆਂ ਰਚਨਾਵਾਂ ਸਦਾ-ਬਹਾਰ ਹਨ। ਉਹ ਪ੍ਰਚੱਲਿਤ ਧੁਨਾਂ ਅਤੇ ਗੀਤਾਂ ਦੀ ਰਚਨਾ ਕਰਨ ਵਿੱਚ ਬਹੁਤ ਮਾਹਿਰ ਸਨ। ਇਹਨਾਂ ਉਪਰੋਕਤ ਦੋ ਕਿਤਾਬਾਂ ਦੇ ਇਲਾਵਾ ਹੋਰ ਵੀ ਕਈ ਮਸੀਹੀ ਭਜਨਾਂ ਦੀਆਂ ਕਿਤਾਬਾਂ ‘ਭਜਨ ਮਾਲਾ’ ਲਈ ਸਰੋਤ ਬਣੀਆਂ, ਜਿਵੇਂ ਕਿ ‘ਕਲੀਸੀਆਈ ਗੀਤ ਕੀ ਕਿਤਾਬ’ ਅਤੇ ‘ਮਸੀਹੀ ਗੀਤ ਕੀ ਕਿਤਾਬ’। ‘ਭਜਨ ਮਾਲਾ’ ਵਿੱਚ ਲਹਿੰਦੇ ਪੰਜਾਬ ਦੇ ਮਸੀਹੀ ਭਜਨਾਂ ਦੀ ਸ਼ਮੂਲੀਅਤ ਸਾਨੂੰ ਜਲੰਧਰ ਡਾਇਓਸੀਸ ਅਤੇ ਲਾਹੌਰ ਡਾਇਓਸੀਸ ਦੇ ਅਨਿੱਖੜਵੇਂ ਰਿਸ਼ਤੇ ਦੀ ਯਾਦ ਦਿਲਾਉਂਦੀ ਹੈ।‘ਭਜਨ ਮਾਲਾ’ ਨਾਮ ਸਵਰਗੀ ਫਾਦਰ ਥੋਮਸ ਕਾਲਾਪੁਰਾ ਨੇ ਦਿੱਤਾ ਸੀ, ਜੋ ਕਿ ਜਲੰਧਰ ਡਾਇਓਸੀਸ ਦੇ ਪਹਿਲੇ ਪੁਰੋਹਿਤ ਅਤੇ ਉਸ ਸਮੇਂ ਪੂਜਾਵਿਧੀ ਦੇ ਜ਼ਿੰਮੇਵਾਰ ਸਨ। ਉਹ ਜਲੰਧਰ ਡਾਇਓਸੀਸ ਲਈ ਮਸੀਹੀ ਭਜਨਾਂ ਦੀ ਵੱਖਰੀ ਪੁਸਤਕ ਬਣਾਉਣਾ ਚਾਹੁੰਦੇ ਸਨ। ਉਹਨਾਂ ਦੇ ਇਸ ਉਪਰਾਲੇ ਨੂੰ ਕਾਫ਼ੀ ਅੜਚਣਾਂ ਦਾ ਸਾਹਮਣਾ ਕਰਨਾ ਪਿਆ, ਖ਼ਾਸ ਕਰਕੇ ਆਰਥਿਕ ਤੰਗੀ ਦਾ। ਪਰ ਇਹਨਾਂ ਸਭ ਮੁਸ਼ਕਿਲਾਂ ਨੇ ਨਾ ਤਾਂ ਉਹਨਾਂ ਦੇ ਸੰਕਲਪ ਨੂੰ ਕਮਜ਼ੋਰ ਕੀਤਾ ਅਤੇ ਨਾ ਹੀ ਉਹਨਾਂ ਦੀ ਉਮੀਦ ਨੂੰ ਤੋੜਿਆ। ਆਪਣੇ ਅਟੁੱਟ ਜਜ਼ਬੇ ਸਦਕਾ ਉਹਨਾਂ 13 ਜੂਨ 1974 ਨੂੰ ਜਲੰਧਰ ਛਾਉਣੀ ਦੀ ਹੱਦ ਵਿੱਚ ਪੈਂਦੀ ਸੰਸਾਰਪੁਰ ਪੈਰਿਸ਼ ਦੇ ਸਰਪ੍ਰਸਤ ਸੰਤ ਐਨਥਨੀ ਦੀ ਈਦ ਵਾਲੇ ਦਿਨ ਪਹਿਲੀ ‘ਭਜਨ ਮਾਲਾ’ ਪ੍ਰਕਾਸ਼ਿਤ ਕੀਤੀ। ‘ਭਜਨ ਮਾਲਾ’ ਦੀ ਇਹ ਸ਼ੁਰੂਆਤ ਸੰਘਰਸ਼ ਅਤੇ ਦ੍ਰਿੜ੍ਹਤਾ ਦੀ ਕਹਾਣੀ ਹੈ। ਪਹਿਲਾ ਪ੍ਰਕਾਸ਼ਨ ਪੰਜਾਬੀ ਅਤੇ ਹਿੰਦੀ ਮਸੀਹੀ ਭਜਨਾਂ ਦੀ ‘ਮਾਲਾ’ ਦੇ ਰੂਪ ਵਿੱਚ ਸੀ।ਪਹਿਲੇ ਪੰਜ ਸਾਲਾਂ ਵਿੱਚ ਹੀ ‘ਭਜਨ ਮਾਲਾ’ ਨੇ ਆਪਣੀ ਸਾਦਗੀ ਅਤੇ ਉਪਯੋਗਤਾ ਨਾਲ ਵਿਸ਼ਵਾਸੀਆਂ ਦੇ ਮਨ ਵਿੱਚ ਡੂੰਘੀ ਛਾਪ ਛੱਡ ਦਿੱਤੀ। ਇਸਦੀ ਉਪਯੋਗਤਾ ਕਰਕੇ ਡਾਇਓਸੀਸ ਦੀਆਂ ਹੋਰ ਪੈਰਿਸ਼ਾਂ ਵਿੱਚ ਵੀ ਇਸਨੂੰ ਇਸਤੇਮਾਲ ਕਰਨਾ ਸ਼ੁਰੂ ਹੋਇਆ। ਜਲੰਧਰ ਡਾਇਓਸੀਸ ਨੇ ‘ਭਜਨ ਮਾਲਾ’ ਨੂੰ ਡਾਇਓਸੀਸ ਦੀ ‘ਭਜਨਕੋਸ਼’ ਵਜੋਂ ਅਪਨਾਉਣ ਦਾ ਫੈਸਲਾ ਕੀਤਾ ਅਤੇ ਇਸਦੇ ਦੂਜੇ ਪ੍ਰਕਾਸ਼ਨ ਲਈ ਤਿਆਰੀਆਂ ਸ਼ੁਰੂ ਹੋਈਆਂ। ਮਾਣਯੋਗ ਫਾਦਰ ਜੋਸਫ਼ ਕੱਲਾਤਿਲ (ਜੋ ਹੁਣ ਜੈਸੂਇਟ ਸਮਾਜ ਦੇ ਮੈਂਬਰ ਹਨ) ਨੇ ਡਾਇਓਸੀਸਨ ਮਿਸ਼ਨ ਪ੍ਰੈੱਸ, ਸ਼ਾਂਤੀਪੁਰਾ, ਜਲੰਧਰ ਸ਼ਹਿਰ, ਦੇ ਸਹਿਯੋਗ ਨਾਲ ‘ਭਜਨ ਮਾਲਾ’ ਦਾ ਦੂਸਰਾ ਪ੍ਰਕਾਸ਼ਨ ਕੀਤਾ। ਇਸ ਪ੍ਰਕਾਸ਼ਨ ਵਿੱਚ ਬਹੁਤ ਘੱਟ ਬਦਲਾਵ ਸਨ। ਇਸ ਤਰ੍ਹਾਂ ‘ਭਜਨ ਮਾਲਾ’ ਦੀ ਉੱਤਪਤਿ ਦਾ ਮੁਢਲਾ ਟੀਚਾ ਹਾਸਲ ਹੋਇਆ।ਪੰਜ ਸਾਲਾਂ ਬਾਅਦ, ‘ਭਜਨ ਮਾਲਾ’ ਦੇ ਪੁਨਰ ਪ੍ਰਕਾਸ਼ਿਤ ਕੀਤੇ ਜਾਣ ਦੀ ਜ਼ਰੂਰਤ ਨੂੰ ਮਹਿਸੂਸ ਕੀਤਾ ਗਿਆ ਅਤੇ ਇਸਦੇ ਤੀਜੇ ਪ੍ਰਕਾਸ਼ਨ ਦੀ ਤਿਆਰੀ ਸ਼ੁਰੂ ਹੋਈ। ਸਵਰਗੀ ਫਾਦਰ ਕੁਰੀਆਕੋਸ ਕੱਟੂਥਾਰਾ, ਜੋ ਕਿ ਉਸ ਸਮੇਂ ਦੀ ਪੂਜਾਵਿਧੀ ਦੇ ਜ਼ਿੰਮੇਵਾਰ ਸਨ, ਨੇ ਇਸ ਪ੍ਰਕਾਸ਼ਨ ਵਿੱਚ ਜ਼ਬੂਰਾਂ ਵਿੱਚ ਵਾਧਾ ਕੀਤਾ ਅਤੇ ਹੋਰ ਵੀ ਪੰਜਾਬੀ ਅਤੇ ਹਿੰਦੀ ਮਸੀਹੀ ਭਜਨਾਂ ਨੂੰ ਸ਼ਾਮਿਲ ਕੀਤਾ।ਇਸਦਾ ਚੌਥਾ ਪ੍ਰਕਾਸ਼ਨ ਛੇ ਸਾਲ ਬਾਅਦ ਹੋਇਆ। ਇਹ ਪ੍ਰਕਾਸ਼ਨ ਪਹਿਲਾਂ ਨਾਲੋਂ ਵੱਖਰਾ ਸੀ। ਪੰਜਾਬੀ ਮਸੀਹੀ ਭਜਨਾਂ ਨੂੰ ਅਹਿਮੀਅਤ ਦਿੰਦੇ ਹੋਏ ਹਿੰਦੀ ਮਸੀਹੀ ਭਜਨਾਂ ਨੂੰ ‘ਭਜਨ ਮਾਲਾ’ ਵਿੱਚੋਂ ਕੱਢ ਦਿੱਤਾ ਗਿਆ। ਇਸ ਤਰ੍ਹਾਂ ‘ਭਜਨ ਮਾਲਾ’ ‘ਦੇਸੀ’ ਬਣ ਗਈ, ਯਾਨੀ ਇਸ ਵਿੱਚ ਕੇਵਲ ਪੰਜਾਬੀ ਮਸੀਹੀ ਭਜਨ ਹੀ ਸਨ। ਇਸ ਪ੍ਰਕਾਸ਼ਨ ਨੂੰ ਵੱਡੇ ਪੱਧਰ ਵਿੱਚ ਛਾਪਿਆ ਗਿਆ।ਪੰਜਵੇਂ ਪ੍ਰਕਾਸ਼ਨ ਵਿੱਚ ਮਸੀਹੀ ਭਜਨਾਂ ਦਾ ਵਰਗੀਕਰਨ ਕੀਤਾ ਗਿਆ, ਤਾਂ ਜੋ ਭਜਨਾਂ ਦੀ ਚੋਣ ਚੰਗੀ ਤਰ੍ਹਾਂ ਨਾਲ ਹੋ ਸਕੇ। ਪੰਜਵੇਂ ਅਤੇ ਛੇਵੇਂ ਪ੍ਰਕਾਸ਼ਨ ਵਿੱਚ ਬਹੁਤ ਥੋੜ੍ਹੇ ਭਜਨ ਸ਼ਾਮਿਲ ਕੀਤੇ ਗਏ। ਫਾਦਰ ਕੁਰੀਆਕੋਸ ਨੇ ਆਪਣੇ ਤਕਨੀਕੀ ਗਿਆਨ ਨਾਲ ‘ਭਜਨ ਮਾਲਾ’ ਨੂੰ ਇੱਕ ਸੁਚੱਜੀ ਬਣਤਰ ਅਤੇ ਵਰਗੀਕਰਨ ਪ੍ਰਦਾਨ ਕੀਤਾ।ਨੌ ਸਾਲਾਂ ਦੇ ਲੰਬੇ ਵਕਫੇ ਤੋਂ ਬਾਅਦ ਇਸਦਾ ਸਤਵਾਂ ਪ੍ਰਕਾਸ਼ਨ ਹੋਇਆ। ਇਸ ਪ੍ਰਕਾਸ਼ਨ ਦਾ ਜ਼ਿੰਮੇਵਾਰ ਹੋਣ ਦੇ ਨਾਤੇ ਮੈਂ ਇਸ ਪ੍ਰਕਾਸ਼ਨ ਦੀ ਪੂਰੀ ਦੇਖ-ਰੇਖ ਕੀਤੀ। ਇਸ ਸਮੇਂ ਦੌਰਾਨ ਮੈਨੂੰ ਲਾਹੌਰ ਆਰਚ-ਡਾਇਓਸੀਸ ਦੇ ਕਮਿਯੂਨੀਕੇਸ਼ਨ ਕੇਂਦਰ ‘ਰਬਿਤਾ ਮੰਜ਼ਿਲ’ ਅਤੇ ‘ਵੇਵ ਸਟੂਡੀਓ’ ਦਾ ਦੌਰਾ ਕਰਨ ਦਾ ਮੌਕਾ ਮਿਲਿਆ ਅਤੇ ‘ਰਬਿਤਾ ਮੰਜ਼ਿਲ’ ਦੇ ਉਸ ਸਮੇਂ ਦੇ ਡਾਇਰੈਕਟਰ ਅਤੇ ਮੇਰੇ ਮੀਜ਼ਬਾਨ ਫੈਸਲਾਬਾਦ ਦੇ ਮਾਣਯੋਗ ਫਾਦਰ ਨਦੀਮ ਜੌਨ ਸ਼ਾਕਿਰ ਨਾਲ ਸੱਭਿਆਚਾਰਕ ਅਦਾਨ ਪ੍ਰਦਾਨ ਦਾ ਨਾਯਾਬ ਮੌਕਾ ਮਿਲਿਆ। ਇਹਨਾਂ ਮੌਕਿਆਂ ਤੋਂ ਮਿਲੇ ਅਨੁਭਵ ਅਤੇ ਗਿਆਨ ਨੇ ਮੈਨੂੰ ‘ਭਜਨ ਮਾਲਾ’ ਨੂੰ ਸੋਧ ਕੇ ਇਸਨੂੰ ਆਲ੍ਹਾ ਪ੍ਰਕਾਸ਼ਨ ਬਣਾਉਣ ਵਿੱਚ ਬਹੁਤ ਸਹਾਇਤਾ ਕੀਤੀ। ਇਸ ਪ੍ਰਕਾਸ਼ਨ ਦੀ ਵਿਲੱਖਣਤਾ ਇਹ ਸੀ ਕਿ ਇਸ ਵਿੱਚ ਇਮਾਮ ਦੀਨ ਸ਼ਾਹਬਾਜ਼ ਜੀ ਵੱਲੋਂ ਸੁਰਮਈ ਤਰਜਮਾ ਕੀਤੇ ਸੰਪੂਰਨ 150 ਜ਼ਬੂਰ ਸ਼ਾਮਿਲ ਸਨ। ਇਸ ਮਹਾਨ ਪੰਜਾਬੀ ਕਵੀ ਦੀ ਫੋਟੋ ‘ਭਜਨ ਮਾਲਾ’ ਵਿੱਚ ਪੂਰੀ ਇੱਜ਼ਤ ਅਤੇ ਉਹਨਾਂ ਦੀ ਕਾਰਗੁਜ਼ਾਰੀ ਦੀ ਮਹਾਨਤਾ ਨੂੰ ਦਰਸਾਉਣ ਲਈ ਛਾਪੀ ਗਈ। ਇਸ ਮਹਾਨ ਸ਼ਖਸੀਅਤ ਬਾਰੇ ਦਿਲਚਸਪ ਗੱਲ ਇਹ ਹੈ ਕਿ ਉਹਨਾਂ ਨੇ ਜ਼ਬੂਰਾਂ ਉੱਤੇ ਇਹ ਕੰਮ ਆਪਣੇ ਜੀਵਨ ਦੇ ਆਖਰੀ ਸਾਲਾਂ ਵਿੱਚ ਕੀਤਾ। ਉਸ ਵੇਲੇ ਤਕ ਉਹਨਾਂ ਦੀ ਨਜ਼ਰ ਵੀ ਚਲੀ ਗਈ ਸੀ। ਉਹਨਾਂ ਦਾ ਇੱਕ ਜਵਾਨ ਸਹਿਯੋਗੀ ਸੀ, ਜਿਸ ਦਾ ਨਾਮ ਬਾਬੂੂ ਸਾਦਿਕ ਸੀ। ਉਹ ਇਮਾਮ ਦੀਨ ਸ਼ਾਹਬਾਜ਼ ਨੂੰ ਵਾਰ-ਵਾਰ ਜ਼ਬੂਰ ਪੜ੍ਹ ਕੇ ਸੁਣਾਉਂਦਾ ਸੀ, ਅਤੇ ਉਹ ਇਹਨਾਂ ਜ਼ਬੂਰਾਂ ਨੂੰ ਸੁਣ ਕੇ ਇਹਨਾਂ ਦਾ ਤਰਜਮਾ ਕਰਦਾ ਅਤੇ ਗੀਤਾਂ ਦਾ ਰੂਪ ਦਿੰਦਾ ਸੀ। ਇਹਨਾਂ ਜ਼ਬੂਰਾਂ ਨੂੰ ਸੰਗੀਤ ਨਾਲ ਸ਼ਿੰਗਾਰਨ ਲਈ ਉਹਨਾਂ ਨੇ ਸਥਾਨਿਕ ਸੰਗੀਤਕਾਰਾਂ ਦਾ ਸਹਿਯੋਗ ਲਿਆ। ਇਸ ਰਚਨਾ ਨੂੰ ਉਰਦੂ ਤੋਂ ਅੰਗਰੇਜ਼ੀ ਲਿੱਪੀ ਵਿੱਚ ਦਰਜ ਕੀਤਾ ਗਿਆ। ਇਸ ਅੰਗਰੇਜ਼ੀ ਲਿੱਪੀ ਤੋਂ ਪੰਜਾਬੀ ਲਿੱਪੀ ਵਿੱਚ ਤਰਜਮਾ ਕਰਨਾ ਔਖਾ ਕੰਮ ਸੀ। ਇਸ ਮਹਾਨ ਕੰਮ ਵਿੱਚ ਬਹੁਤ ਸਾਰੇ ਲੋਕਾਂ ਨੇ ਨੇਕ ਦਿਲੀ ਨਾਲ ਸਹਿਯੋਗ ਦਿੱਤਾ। ਵਿਸ਼ੇ ਮੁਤਾਬਿਕ ਭਜਨਾਂ ਦਾ ਵਰਗੀਕਰਨ ਮਾਣਯੋਗ ਫਾਦਰ ਡਾ. ਮੈਥਿਓ ਪਾਲਾਚੁਟਿਲ ਜੀ ਨੇ ਕੀਤਾ। ਮੈਂ ਸਵਰਗੀ ਬਿਸ਼ਪ ਸਿੰਮਫੋਰੀਅਨ ਕੀਪਰਥ ਜੀ ਦਾ ਤਹਿ ਦਿਲੋਂ ਆਭਾਰੀ ਹਾਂ, ਜਿਨ੍ਹਾਂ ਨੇ ਬੜੇ ਹੀ ਧਿਆਨ ਨਾਲ ‘ਭਜਨ ਮਾਲਾ’ ਦੀ ਅਸਲ ਕਾਪੀ (ਕੈਥੋਲਿਕ) ਨੂੰ ਸੰਭਾਲ ਕੇ ਰੱਖਿਆ ਸੀ, ਜੋ ਕਿ ਅੱਜ ਡਾਇਓਸੀਸਨ ਪੁਰਾਲੇਖ (Archive) ਦਾ ਬਹੁਮੁੱਲਾ ਸਾਹਿੱਤਕ ਖ਼ਜ਼ਾਨਾ ਹੈ। ਇਸ ਸਭ ਦੇ ਨਾਲ ‘ਭਜਨ ਮਾਲਾ’ ਨੂੰ ਮਸੀਹੀ ਭਜਨਾਂ ਦੀ ਅਜਿਹੀ ਪਹਿਲੀ ਕਿਤਾਬ ਹੋਣ ਦਾ ਰੁਤਬਾ ਹਾਸਿਲ ਹੈ ਜਿਸ ਵਿੱਚ ਸਾਰੇ 150 ਜ਼ਬੂਰ ਕਾਵਿ ਰੂਪ ਵਿੱਚ ਪ੍ਰਕਾਸ਼ਿਤ ਹਨ। ਇਹ ਸੱਚਮੁੱਚ ਹੀ ਪੰਜਾਬੀ ਪੂਜਾਵਿਧੀ ਲਈ ਇੱਕ ਇਤਿਹਾਸਕ ਉਪਲਭਦੀ ਹੈ। ਬਹੁਰੰਗੇ ਕਵਰਪੇਜ ਨਾਲ ਇਹ ਪਹਿਲੇ ਪ੍ਰਕਾਸ਼ਨਾਂ ਨਾਲੋਂ ਵੱਖਰੀ ਨਜ਼ਰ ਆਉਂਦੀ ਹੈ। ਇਸ ਨੂੰ ਵਿਸ਼ਾਬੰਧ ਕਰਨ ਲਈ ਕਈ ਵਰਗ ਵੀ ਜੋੜੇ ਗਏ। ਇਸ ਪ੍ਰਕਾਸ਼ਨ ਦੇ ਨਾਲ ‘ਭਜਨ ਮਾਲਾ’ ਡਿਜਿਟਲ ਰੂਪ ਵੀ ਹਾਸਿਲ ਕਰ ਚੁੱਕੀ ਹੈ। ਜਲੰਧਰ ਡਾਇਓਸੀਸ ਦੀ ਮੀਡੀਆ ਕਮਿਸ਼ਨ ‘ਸਤ ਸੇਵਾ ਸੰਚਾਰ’ ਵੱਲੋਂ ਇਸਦੀ ਮੋਬਾਇਲ ਐਪ Android OS ਵਰਤਣ ਵਾਲਿਆਂ ਲਈ ਪ੍ਰਕਾਸ਼ਿਤ ਕੀਤੀ ਗਈ।ਅਠਵਾਂ ਪ੍ਰਕਾਸ਼ਨ ਹੁਣ ਸਭ ਦੇ ਰੂ-ਬਰੂ ਹੋਇਆ ਹੈ। ਇਹ ਪ੍ਰਕਾਸ਼ਨ ਜਲੰਧਰ ਡਾਇਓਸੀਸ ਦੀ ਪੂਜਾਵਿਧੀ ਕਮਿਸ਼ਨ ਵੱਲੋਂ ਪ੍ਰਕਾਸ਼ਿਤ ਕੀਤਾ ਗਿਆ ਹੈ। ਪਿਛਲੇ ਕੁਝ ਸਾਲਾਂ ਵਿੱਚ ਮੈਨੂੰ ਕਾਫ਼ੀ ਲੋਕਾਂ ਨੇ ਕਿਹਾ ਕਿ ‘ਭਜਨ ਮਾਲਾ’ ਉਪਲਭਦ ਨਹੀਂ ਹੈ; ਇਸਦਾ ਮੁੜ-ਪ੍ਰਕਾਸ਼ਨ ਕੀਤਾ ਜਾਵੇ। ਇਹ ਸਭ ਇਸ ਗੱਲ ਦਾ ਸਬੂਤ ਹੈ ਕਿ ‘ਭਜਨ ਮਾਲਾ’ ਲੋਕਾਂ ਲਈ ਮਸੀਹੀ ਭਜਨਾਂ ਦੀ ਕਿੰਨੀ ਲਾਜ਼ਮੀ ਕਿਤਾਬ ਹੈ। ਇਸ ਅਣਚਾਹੀ ਦੇਰੀ ਲਈ ਮੈਨੂੰ ਅਫ਼ਸੋਸ ਹੈ। ਦਸਾਂ ਸਾਲਾਂ ਦੇ ਵਕਫੇ ਨਾਲ ‘ਭਜਨ ਮਾਲਾ’ ਰੁਹਾਨੀ ਅਤੇ ਸਾਹਿੱਤਕ ਪੱਧਰ ’ਤੇ ਉੱਪਰ ਪਹੁੰਚ ਗਈ ਹੈ ਅਤੇ ਇਸਨੂੰ ਪੰਜਾਬੀ ਪਾਕਮਾਸ ਦੀ ਕਿਤਾਬ ਅਤੇ ਪੰਜਾਬੀ ਬਾਈਬਲ ਦੇ ਨਵੇਂ ਤਰਜਮੇਂ ਦੇ ਅਨੁਕੂਲ ਵੀ ਬਣਾਇਆ ਗਿਆ ਹੈ। ਇਸ ਵਾਸਤੇ ਫਾਦਰ ਡਾ. ਐਨਥਨੀ ਖੋਖਰ ਜੀ ਨੇ ਬੜੇ ਉੱਦਮ ਅਤੇ ਪੱਕੀ ਲਗਨ ਨਾਲ ਕੰਮ ਕੀਤਾ। ਉਹਨਾਂ ਇਸ ਕਿਤਾਬ ਲਈ ਲੋੜੀਦੀਆਂ ਮਸੀਹੀ ਸਿੱਖਿਆ ਅਤੇ ਨਾਲੇ ਹੀ ਸ਼ਾਇਰਾਨਾ ਸੋਧਾਂ ਲਈ ਅਣਥੱਕ ਮਿਹਨਤ ਕੀਤੀ। ਭਾਵੇਂ ‘ਭਜਨ ਮਾਲਾ’ ਵਿੱਚ ਸਾਰੇ ਜ਼ਬੂਰ ਸ਼ਾਮਿਲ ਹਨ, ਪਰ ਇਹਨਾਂ ਨੂੰ ਐਤਵਾਰ ਦੀ ਪਾਕਮਾਸ ਅਤੇ ਹੋਰ ਮਹੱਤਵਪੂਰਨ ਈਦਾਂ ਅਨੁਸਾਰ ਚੁਣਨ ਵਿੱਚ ਕਈਆਂ ਨੂੰ ਮੁਸ਼ਕਿਲ ਅਤੇ ਉਲਝਣ ਆਉਂਦੀ ਸੀ। ਇਸ ਕਰਕੇ ਜ਼ਬੂਰਾਂ ਦੇ ‘ਸੈਕਸ਼ਨ ਏ’ ਤੋਂ ਪਹਿਲਾਂ ਹੀ ਇੱਕ ਤਰਤੀਬ ਸੂਚੀ ਜੋੜੀ ਗਈ ਹੈ, ਜਿਸ ਵਿੱਚ ਹਰੇਕ ਮੌਕੇ ਲਈ ਉਪਯੁਕਤ ਜ਼ਬੂਰ ਬਾਰੇ ਦੱਸਿਆ ਗਿਆ ਹੈ।ਇਸ ਪ੍ਰਕਾਸ਼ਨ ਦੇ ਅਖੀਰਲੇ ਪੜਾਅ ਵਿੱਚ ਕੋਵਿਡ-19 ਦੀ ਵਜ੍ਹਾ ਨਾਲ ਹੋਈ ਤਾਲਾ-ਬੰਦੀ ਕਰਕੇ ਅੜਚਣਾਂ ਆਈਆਂ ਅਤੇ ਦੇਰੀ ਵੀ ਹੋਈ। ਪਰ ਸਭ ਕੁਝ ਭਲੇ ਲਈ ਹੁੰਦਾ ਹੈ ਅਤੇ ਇਸ ਰਾਹੀਂ ਭਲਾਈ ਹੀ ਪੈਦਾ ਹੁੰਦੀ ਹੈ। ‘ਭਜਨ ਮਾਲਾ’ ਨੂੰ ਡਾਇਓਸੀਸ ਦੇ ਹਰੇਕ ਬਿਸ਼ਪ ਸਾਹਿਬ ਤੋਂ ਪਿਤਾ ਵਾਲੀ ਸਰਪ੍ਰਸਤੀ ਮਿਲੀ ਹੈ। ‘ਭਜਨ ਮਾਲਾ’ ਦੇ ਇਸ ਸਫ਼ਰਨਾਮੇ ਦੇ ਕਈ ਪੜਾਵਾਂ ਵਿੱਚ ਕਈ ਮਹਾਨ ਸ਼ਖਸੀਅਤਾਂ ਦੀ ਸਮੇਂ ਸਿਰ ਸੇਧ ਅਤੇ ਸੋਧ ਮਿਲਦੀ ਰਹੀ। ਸਵਰਗੀ ਸ਼੍ਰੀ ਐੱਫ.ਐੱਮ.ਜ਼ੈੱਡ. ਚੌਧਰੀ (ਫ੍ਰੈਡਰਿਕ ਮੱਥਿਆਸ ਜ਼ੀਆ-ਉਲ-ਹੱਕ ਚੌਧਰੀ), ਸ਼੍ਰੀ ਸ਼ਮਾਊਨ ਯੂਸਫ਼ ਸੰਧੂ, ਸ਼੍ਰੀ ਕਲਿਆਣ ਅੰਮ੍ਰਿਤਸਰੀ, ਮਿਸ ਰੀਟਾ ਬਰਾੜ ਨੇ ਇਸ ਵਿੱਚ ਮਹੱਤਵਪੂਰਨ ਯੋਗਦਾਨ ਦਿੱਤਾ। ਕਈ ਮੁਨਾਦ ਭਰਾਵਾਂ ਨੇ ਮਸੀਹੀ ਭਜਨਾਂ ਨੂੰ ਇਕੱਠਾ ਕਰਨ ਨਾਲ, ਸੋਧ ਕਰਨ ਨਾਲ, ਭਜਨਾਂ ਦੀ ਰਚਨਾ ਕਰਨ ਨਾਲ ਅਤੇ ਉਪਯੋਗੀ ਸੁਝਾਵਾਂ ਨਾਲ ‘ਭਜਨ ਮਾਲਾ’ ਵਿੱਚ ਆਪਣਾ ਯੋਗਦਾਨ ਪਾਇਆ ਹੈ। ਸਪੱਸ਼ਟ ਰੂਪ ਵਿੱਚ ‘ਭਜਨ ਮਾਲਾ’ ਵੱਖ-ਵੱਖ ਹੱਥਾਂ ਨਾਲ ਇੱਕੋ ਧਾਗੇ ਵਿੱਚ ਪਰੋਈ ਮਸੀਹੀ ਭਜਨਾਂ ਦੀ ਖ਼ੁਸ਼ਬੂਦਾਰ ਮਾਲਾ ਹੈ। ਮੈਂ ਤਹਿ-ਦਿਲ ਤੋਂ ਸਾਰੇ ਸਹਿਯੋਗੀਆਂ ਦਾ ਧੰਨਵਾਦ ਕਰਦਾ ਹਾਂ।ਹਰੇਕ ਨਵੇਂ ਪ੍ਰਕਾਸ਼ਨ ਦੇ ਨਾਲ ‘ਭਜਨ ਮਾਲਾ’ ਹੋਰ ਵੀ ਆਕਰਸ਼ਕ, ਉਮਦਾ ਅਤੇ ਵਿਲੱਖਣ ਬਣਦੀ ਰਹੀ ਹੈ। ਇਹ ਪੰਜਾਬੀ ਭਾਸ਼ਾ ਵਿੱਚ ਪੂਜਾਵਿਧੀ ਦਾ ਅਨਿੱਖੜਵਾਂ ਅੰਗ ਹੈ। ਵਿਸ਼ੇਸ਼ ਖੂਬੀਆਂ ਨਾਲ ਇਹ ਮਸੀਹੀ ਭਜਨਾਂ ਦੀ ਇੱਕ ਬਹੁਮੁੱਲੀ ਕਿਤਾਬ ਹੈ। ਪਹਿਲੀ ‘ਭਜਨ ਮਾਲਾ’ ਦੇ ਕਵਰ ਡਿਜ਼ਾਇਨ ਉੱਤੇ ‘ਇੱਕ ਜਗਦਾ ਦੀਪਕ’ ਸੀ। ਇਹ ਦੀਪਕ ਅੱਜ ਵੀ ਰੌਸ਼ਨ ਹੈ। ਇਸਦਾ ਸਫ਼ਰ ਅੱਜ ਵੀ ਜਾਰੀ ਹੈ। ਆਉਣ ਵਾਲੇ ਸਮੇਂ ਵਿੱਚ ਇਹ ਹੋਰ ਆਕਰਸ਼ਿਤ ਡਿਜਿਟਲ ਰੂਪ ਧਾਰੇਗੀ। ਸ਼ਬਦੀ ਰੂਪ ਦੇ ਨਾਲ-ਨਾਲ AV mode (ਅਵਾਜ਼ੀ/ ਵੀਡੀਓ ਰੂਪ) ਵੀ ਜਲਦ ਪੇਸ਼ ਕੀਤਾ ਜਾਵੇਗਾ। ਆਸਾਨੀ ਨਾਲ ਪਹਿਚਾਣ ਕਰਨ ਲਈ ਇਸ ਮੁਦਰਾਚਿੱਤਰ (Icon) ਨੂੰ ਥੋੜ੍ਹਾ ਤਬਦੀਲ ਕੀਤਾ ਗਿਆ ਹੈ। ਸੰਤ ਅਗਸਟੀਨ ਨੇ ਕਿਹਾ ਸੀ, ‘ਭਜਨ ਗਾਉਣ ਵਾਲਾ ਦੋਹਰੀ ਪ੍ਰਾਰਥਨਾ ਕਰਦਾ ਹੈ।’ ਇਹ ਕਥਨ ਸਾਨੂੰ ਉਤਸ਼ਾਹਿਤ ਕਰਦਾ ਹੈ ਕਿ ‘ਭਜਨ ਮਾਲਾ’ ਸਾਡੀ ਪੂਜਾਵਿਧੀ ਦਾ ਅਟੁੱਟ ਹਿੱਸਾ ਬਣੀ ਰਹੇ। ਸਾਡੀ ਜਲੰਧਰ ਡਾਇਓਸੀਸ ਆਪਣੇ 50 ਸਾਲਾ ਜੁਬਲੀ ਜਸ਼ਨਾਂ ਦੀ ਤਿਆਰੀ ਕਰ ਰਹੀ ਹੈ। ਇਸ ਮੌਕੇ ’ਤੇ ਮੇਰੀ ਪ੍ਰਾਰਥਨਾ ਅਤੇ ਦਿਲੀ ਖਾਹਿਸ਼ ਇਹੀ ਹੈ ਕਿ ਸੰਗੀਤ ਦਾ ਇਹ ਦੀਪਕ ਰੁਹਾਨੀ ਰੌਸ਼ਨੀ ਨਾਲ ਰੌਸ਼ਨਾਏ ਅਤੇ ਇਸ ਦੀਆਂ ਸਤਰਾਂ ਅਤੇ ਮਿੱਠੇ ਸੁਰ ਸੰਗੀਤ ਦੇ ਪ੍ਰਭੂ ਖ਼ੁਦਾ ਦੀ ਹਮਦੋ ਸਨਾ ਦੀ ਗੂੰਜ ਨੂੰ ਫੈਲਾਵੇ।ਫਾਦਰ ਜੌਰਜ ਜੀ.ਪੀ.